Over Time (Punjabi Story) : Charanjit Singh Pannu

ਓਵਰ-ਟਾਈਮ (ਕਹਾਣੀ) : ਚਰਨਜੀਤ ਸਿੰਘ ਪੰਨੂ

ਕਈ ਬੱਸਾਂ ਨੂੰ ਹੱਥ ਦੇਣ ਤੇ ਲੰਬੇ ਰੂਟ ਵਾਲੀ ਕੋਈ ਬੱਸ ਲੌਢੂਵਾਲ ਅੱਡੇ ਤੇ ਨਹੀਂ ਰੁਕੀ। ਇਸ ਲਈ ਲੋਕਲ ਬੱਸ ਲੈਣ ਤੋਂ ਬਿਨਾ ਹੋਰ ਕੋਈ ਵਿਕਲਪ ਨਹੀਂ ਸੀ। ਮੇਰੇ ਬਾਸ ਨੇਗੀ ਦੀ ਟੀਰੀ ਮਕਰੀ ਜਿਹੀ ਵੇਖਣੀ ਮੇਰੇ ਸਾਹਮਣੇ ਆ ਕੇ ਮੂੰਹ ਚਿੜਾਉਣ ਲੱਗੀ। ਰੇਲ ਗੱਡੀ ਵਾਲੇ ਇੱਕ ਭਓ ਤੋਂ ਮਸੀਂ ਮੁਕਤੀ ਮਿਲੀ ਪਰ ਇਸ ਤੋਂ ਹੋਰ ਵਡੇਰਾ ਅੱਗੇ ਖੜ੍ਹਾ ਵਿਹੁ-ਵਿਖਾਲੀ ਦੇਣ ਲੱਗਾ। ਉਸ ਨੇ ਮੂੰਹੋਂ ਕੁੱਝ ਨਹੀਂ ਬਕਣਾ, ਉਸ ਦੀਆਂ ਅੱਖਾਂ ਹੀ ਬਹੁਤ ਕੁੱਝ ਕਹਿ ਜਾਂਦੀਆਂ ਹਨ।
ਲੋਕਲ ਬੱਸ ਲੈ ਕੇ ਬਾਈ ਪਾਸ, ਬਾਈ ਪਾਸ ਤੋਂ ਰੇਲਵੇ ਸਟੇਸ਼ਨ ਆਟੋ ਤੇ ਉੱਥੋਂ ਥ੍ਰੀਵੀਲਰ ਲੈ ਕੇ ਦਫ਼ਤਰ ਪਹੁੰਚੇ। ਮਨ ਅੰਦਰ ਲੇਟ ਹੋਣ ਦਾ ਅਹਿਸਾਸ ਚੂਹੇ ਵਾਂਗ ਕੁਤਰੂੰ ਕੁਤਰੂੰ ਕਰ ਰਿਹਾ ਸੀ। ਪਿਛਲੇ ਦਿਨ ਸਾਹਬ ਨੇ ਬਾਹਰਲੇ ਗੇਟ ਤੇ ਖੜੋ ਕੇ ਘੜੀ ਵੱਲ ਝਾਤੀ ਮਾਰਦੇ ਮੁਸਕਰਾਉਂਦੇ ਮੈਨੂੰ 'ਵੈੱਲਕਮ ਰੰਧਾਵਾ ਸਾਹਿਬ’ ਕਹਿ ਕੇ ਸ਼ਰਮਿੰਦਾ ਕਰ ਦਿੱਤਾ ਸੀ। ਮੇਰੀ ਹੈਸੀਅਤ ਦਫ਼ਤਰ ਵਿਚ ਦੂਸਰੇ ਨੰਬਰ ਤੇ ਸੀ ਤੇ ਉਸ ਦਾ ਏਨਾ ਕਹਿਣਾ ਮੇਰੇ ਲਈ ਭਾਰੀ ਨਮੋਸ਼ੀ ਵਾਲੀ ਗੱਲ ਸੀ।
'ਅਜੇ ਕੱਲ੍ਹ ਇਹਨੂੰ ਛਿੱਤਰਾਂ ਤੋਂ ਬਚਾਇਆ, ਹੁਣ ਫੇਰ ਘੁਰਕੀਆਂ ਦੇਣ ਲੱਗ ਪਿਆ... ਇਹ ਅਕ੍ਰਿਤਘਣ ਅਹਿਸਾਨ-ਫਰਮੋਸ਼। ਠੀਕ ਹੀ ਕਹਿੰਦੇ ਨੇ ਪਹਾੜੀ ਮਿੱਤ ਕਿਸ ਦੇ, ਖ਼ਾਇਆ ਭੱਤ ਔਰ ਖਿਸਕੇ।’ ਮੇਰੇ ਅੰਦਰ ਵਿਦਰੋਹ ਜਿਹਾ ਭੜਕ ਪਿਆ। ਅੱਜ ਫੇਰ ਉਹ ਗੇਟ ਅੱਗੇ ਖੜ੍ਹਾ ਮੈਨੂੰ ਉਹੀ ਮੁਹਾਰਨੀ ਬੋਲ ਰਿਹਾ ਨਜ਼ਰ ਆਇਆ... ਪਰ ਅੱਜ ਬਚਾਅ ਹੋ ਗਿਆ, ਉਹ ਬਾਹਰ ਗੇਟ ਤੇ ਨਹੀਂ ਸੀ।
ਮੈਂ ਧੱਕ ਧੱਕ ਕਰਦੇ ਦਿਲ ਨਾਲ ਆਪਣੀ ਸੀਟ ਤੇ ਪਹੁੰਚਾ ਤੇ ਬੈਠ ਕੇ ਚਾਰੇ ਸੈਕਸ਼ਨਾਂ ਦੇ ਹਾਜ਼ਰੀ ਰਜਿਸਟਰ ਫੜੇ ਜੋ ਪਹਿਲਾਂ ਹੀ ਮੇਰੀ ਇੰਤਜ਼ਾਰ ਕਰ ਰਹੇ ਸਨ। ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਾਲੇ ਅੱਜ ਦੀ ਤਰੀਕ ਦੇ ਭਰੇ ਹੋਏ ਖ਼ਾਨੇ ਸਰਸਰੀ ਨਜਰ ਮਾਰੀ। ਇੱਕ ਤੋਂ ਬਗੈਰ ਸਾਰੇ ਕਾਇਮ ਸਨ।
'ਜਾਨਕੀ ਰਾਜ ਦੀ ਹਾਜ਼ਰੀ ਤਾਂ ਹੈ ਪਰ ਉਹ ਹੈ ਕਿੱਥੇ?’ ਮੈਂ ਰਜਿਸਟਰ ਤੇ ਉਹਦੇ ਖਾਨੇ ਮੁਹਰੇ ਸਵਾਲੀਆ ਨਿਸ਼ਾਨ ਲਗਾਉਂਦੇ ਚਪੜਾਸੀ ਨੂੰ ਪੁੱਛਿਆ।
'ਸਾਹਿਬ ਨੇ ਉਸ ਨੂੰ 'ਝੱਗਾ-ਚੁੰਨੀ’ ਲੈਣ ਭੇਜਿਆ ਹੈ।’ ਉਸ ਦੇ ਹੁੰਗਾਰੇ ਤੇ ਮੈਂ ਅੱਖਾਂ ਚੁੱਕੀਆਂ ਤਾਂ ਉਹ ਮੁਸ਼ਕੜੀਆਂ ਵਿਚ ਹੱਸ ਪਿਆ।
'ਘਰ ਦਾ ਸੌਦਾ ਸੂਤ ਕੱਠਾ ਕਰਨ ਗਿਆ ਜਨਾਬ! ਤੁਹਾਨੂੰ ਪਤਾ ਹੀ ਹੈ। ਹੈਰਾਨ ਕਿਉਂ ਹੋ ਗਏ! ਉਨ੍ਹਾਂ ਅੱਜ ਸਿ਼ਮਲੇ ਜਾਣਾ ਹੈ ਆਪਣੀ ਟਬਰੀ ਕੋਲ।’ ਚਪੜਾਸੀ ਦੀਆਂ ਅੱਖਾਂ ਵਿਚ ਸ਼ਰਾਰਤ ਹੱਸ ਰਹੀ ਸੀ।
ਮੈਂ ਘੁੱਗੀ ਮਾਰੀ ਤੇ ਰਜਿਸਟਰ ਸਾਹਿਬ ਦੇ ਅੰਦਰ ਭੇਜ ਦਿੱਤੇ। ਲੇਟ ਆਉਣ ਕਾਰਨ ਆਪਣੀ ਵੀ ਅੱਧੇ ਦਿਨ ਦੀ ਇਤਫ਼ਾਕੀਆ ਛੁੱਟੀ ਵਾਸਤੇ ਅਰਜ਼ੀ ਭੇਜ ਦਿੱਤੀ।
ਮੇਰਾ ਧਿਆਨ ਮੇਜ਼ ਤੇ ਪਈਆਂ ਫਾਈਲਾਂ ਦੇ ਢੇਰ ਵੱਲ ਗਿਆ। ਹੈੱਡ ਕਲਰਕ ਨਮਸਕਾਰ ਕਰਦਾ ਆ ਕੇ ਸਾਹਮਣੇ ਬੈਠ ਗਿਆ। ਉਨ੍ਹੇ ਵਾਰੀ ਵਾਰੀ ਪ੍ਰਥਮਤਾ ਦੇ ਹਿਸਾਬ ਫਾਈਲਾਂ ਅੱਗੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਂ ਘੁੱਗੀ ਮਾਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕੀ ਲਿਖਿਆ ਹੈ, ਕਾਹਦੀ ਫਾਈਲ ਹੈ ਮੈਨੂੰ ਪੜ੍ਹਨ ਦਾ ਮੌਕਾ ਨਹੀਂ ਸੀ ਕਿਉਂਕਿ ਚਾਰ ਵਜੇ ਦੀ ਵਾਪਸੀ ਗੱਡੀ ਫੜਨ ਦਾ ਤੌਖਲਾ ਵੀ ਮੇਰੇ ਸਿਰ ਤੇ ਕਾਇਮ ਸੀ। ਫਾਈਲਾਂ ਦੇ ਢੇਰ ਤੇ ਮੈਂ ਉਨ੍ਹਾਂ ਪੰਨਿਆਂ ਤੇ ਲੱਗੀਆਂ ਚੇਪੀਆਂ ਅਨੁਸਾਰ ਦਸਖ਼ਤ ਕਰਦਾ ਰਿਹਾ। ਇਹ ਸਾਰੇ ਚੈੱਕ ਕਰਨ ਦੀ ਮੇਰੇ ਕੋਲ ਫੁਰਸ਼ਤ ਨਹੀਂ ਸੀ। ਇਨ੍ਹਾਂ ਫਾਈਲਾਂ ਵਿਚ ਸਟਾਫ਼ ਦੇ ਟੀ. ਏ. ਬਿੱਲ, ਮੈਡੀਕਲ ਬਿੱਲ, ਅਗਾਊਂ ਭੱਤੇ, ਤਨਖ਼ਾਹਾਂ ਦੇ ਬਿੱਲ ਤੇ ਹੋਰ ਫੁਟਕਲ ਖ਼ਰਚਿਆਂ ਦੇ ਇੰਦਰਾਜ ਹਨ। ਮੈਨੂੰ ਪਤਾ ਹੈ ਇਨ੍ਹਾਂ ਵਿਚੋਂ ਬਹੁਤੇ ਜਾਲ੍ਹੀ ਹਨ, ਪਰ ਮੈਂ ਕੁੱਝ ਉਜ਼ਰ ਇਤਰਾਜ਼ ਨਹੀਂ ਕਰ ਸਕਿਆ।
'ਮੀਆਂ ਬੀਬੀ ਰਾਜ਼ੀ ਤੇ ਕੀ ਕਰੂ ਕਾਂਜੀ।’
ਸਾਰਾ ਸਟਾਫ਼ ਵੱਡੇ ਬਾਬੂ ਨਾਲ ਬਹੁਤ ਖ਼ੁਸ਼ ਹੈ ਤੇ ਵੱਡੇ ਬਾਬੂ ਦੀਆਂ ਵੱਡੇ ਸਾਹਿਬ ਨਾਲ ਰਲੀਆਂ ਚੁਗਦੀਆਂ ਹਨ। ਸਈਆਂ ਭਏ ਕੁਤਵਾਲ ਤਾਂ ਡਰ ਕਾਹੇ ਕਾ। ਮੈਂ ਵਿਚ ਵਿਚਾਲੇ ਬੁਰਾ ਕਿਉਂ ਬਣਾਂ! ਅਸਲ ਵਿਚ ਲੇਟ ਆਉਣਾ ਤੇ ਪਹਿਲਾਂ ਜਾਣਾ ਮੇਰੀ ਕਮਜ਼ੋਰੀ ਸੀ ਤੇ ਮਜਬੂਰੀ ਸੀ, ਜਿਸ ਦਾ ਉਹ ਵੱਧ ਤੋਂ ਵੱਧ ਲਾਹਾ ਲੈਂਦੇ ਸਨ। ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ.. ਉਹ ਦੋਵੇਂ ਮੇਰੇ ਪਿੱਛੇ ਮੇਰੇ ਸਟਾਫ਼ ਨੂੰ ਪਤਿਆ ਕੇ ਉਨ੍ਹਾਂ ਕੋਲੋਂ ਚਾਹ ਪਾਣੀ ਦਾ ਪ੍ਰਬੰਧ ਵੀ ਕਰ ਲੈਂਦੇ ਤੇ ਮੇਰੇ ਸਿਰ ਅਹਿਸਾਨ ਵੀ ਚੜ੍ਹਾਈ ਰੱਖਦੇ। ਕਲਰਕ ਪਾਤਸ਼ਾਹ ਨੂੰ ਭਗਤਾ ਕੇ ਮੈਂ ਹੋਰ ਪ੍ਰਬੰਧਕੀ ਤੇ ਤਕਨੀਕੀ ਮਾਮਲਿਆਂ ਵਿਚ ਸਿਰ ਤੁੰਨ ਦਿੱਤਾ।
ਆਸੇ ਪਾਸੇ ਹਾਲ ਦੀਆਂ ਕੁਰਸੀਆਂ ਹੌਲੀ ਹੌਲੀ ਖ਼ਾਲੀ ਹੋਣ ਲੱਗੀਆਂ। ਮੈਂ ਚੁਫੇਰੇ ਵੇਖ ਕੇ ਘੰਟੀ ਮਾਰਦੇ ਸੇਵਾਦਾਰ ਨਾਲ ਨਜ਼ਰਾਂ ਮਿਲਾਈਆਂ। ਉਸ ਨੇ ਦੱਸਿਆ ਕਿ ਸੇਠੀ ਅਹਾਤੇ ਵਿਚ ਮਹਿਫ਼ਲ ਸਜ ਗਈ ਹੈ ਤੇ ਸਾਰੇ ਉੱਥੇ ਹਾਜਰੀ ਲਗਾ ਰਹੇ ਹਨ। ਮੈਨੂੰ ਇਸ ਦੀ ਪਹਿਲਾਂ ਹੀ ਖਬਰ ਸੀ। ਇਹ ਕੋਈ ਨਵੀਂ ਗੱਲ ਨਹੀਂ, ਸਾਹਿਬ ਦਾ ਰੋਜ਼ਾਨਾ ਧੰਦਾ ਸੀ ਤੇ ਮੈਂ ਉਨ੍ਹਾਂ ਦੇ ਸਵਾਦੀ ਰੰਗਾਂ ਵਿਚ ਬੇ-ਸਵਾਦੀ ਭੰਗ ਨਹੀਂ ਪਾਉਣੀ ਚਾਹੁੰਦਾ ਸੀ। ਮੈਂ ਆਪਣੇ ਅੰਦਰ ਹੀ ਅੰਦਰ ਕਿੰਨੀ ਦੇਰ ਕੁੜ੍ਹਦਾ ਝੂਰਦਾ ਰਿਹਾ।
'ਰਾਜ਼ੀ ਕਰੇ ਹੋਰਾਂ ਤਾਈਂ ਆਪੂੰ ਬਣੇ ਮਰੀਜ਼।’
ਮੇਰਾ ਦਿਲ ਕੀਤਾ ਉਸ ਦੋਗਲੇ ਸਾਹਿਬ ਦੀ ਜਾ ਕੇ ਗਿੱਚੀ ਫੜ ਲਵਾਂ ਤੇ ਪੁੱਛਾਂ, ਸਾਲਿ਼ਆ! ਮੇਰੇ ਸਟਾਫ਼ ਨੂੰ ਇਸ਼ਾਰੇ ਕਰ ਕੇ ਬਾਰ ਵਿਚ ਲੈ ਵੜਦੈਂ ਤੇ ਮੈਨੂੰ ਘੂਰਦੈਂ ਕਿ ਮੇਰਾ ਸਟਾਫ਼ ਵਿਗੜਿਆ ਹੋਇਆ ਹੈ।
ਥੋੜ੍ਹੀ ਦੇਰ ਵਿਚ ਸਾਹਿਬ ਝੂਠੀ ਜਿਹੀ ਮੁਸਕਾਨ ਬਣਾਉਂਦੇ ਮੇਰੇ ਸਾਹਮਣੇ ਆ ਕੇ ਮੇਰੀ ਅਰਜ਼ੀ ਵਾਪਸ ਕਰਦੇ ਬੈਠ ਗਏ। ਦਾਰੂ ਦੀ ਮਹਿਕ ਛੁਪਾਉਣ ਵਾਸਤੇ ਉਹ ਸੌਂਫ ਤੇ ਲਾਚੀਆ ਚੱਬ ਰਿਹਾ ਸੀ।
'ਟਾਈਮ ਬਹੁਤ ਮੁਸ਼ਕਲ ਆ ਰਹਾ ਹੈ ਰੰਧਾਵਾ ਸਾਹਿਬ!.. ਕਰਫ਼ਿਊ ਲੱਗਣੇ ਵਾਲਾ ਹੈ। ਮੈਂ ਆਪ ਕੀ ਹੀ ਇੰਤਜ਼ਾਰ ਕਰ ਰਹਾ ਥਾ, ਬੱਚੋਂ ਕੇ ਕਈ ਫ਼ੋਨ ਆ ਚੁੱਕੇ ਹੈਂ। ਮੈਂ ਆਜ ਸਿ਼ਮਲੇ ਜਾਣਾ ਚਾਹਤਾ ਹੂੰ।’
ਸ਼ਾਇਦ ਉਹ ਬਾਹਰੋਂ ਬਾਜ਼ਾਰ ਵਿਚੋਂ ਕੋਈ ਖਬ਼ਰ ਜਾਂ ਅਫਵਾਹ ਲੈ ਕੇ ਆਏ ਸਨ।
'ਜਾਓ ਜੀ ਸਦਕੇ...।’ ਅੰਨ੍ਹਾ ਕੀ ਭਾਲੇ?... ਦੋ ਅੱਖੀਆਂ। ਮੇਰਾ ਅੰਦਰ ਖਿੜ ਗਿਆ।
ਦਫ਼ਾ ਹੋਵੇ, ਇਹ ਵੀ ਐਵੇਂ ਟਟਿਆਉਲੀ ਵਾਂਗ ਸਿਰ ਪੈਰਾਂ ਤੇ ਅਸਮਾਨ ਚੁੱਕੀ ਰਖਣ ਦਾ ਭਰਮ ਪਾਲੀ ਬੈਠਾ ਹੈ... ਜਿਹੜਾ ਇਹਦੇ ਬਿਨਾਂ ਡਿਗ ਜਾਊ।
'ਓ. ਕੇ. ਸਰ! ਗੁੱਡ ਲੱਕ। ਓ ਕੇ ਬੌਨ ਵਾਏਜ਼।’ ਮੈਂ ਉੱਠ ਕੇ ਉਸ ਨਾਲ ਹੱਥ ਮਿਲਾਉਂਦੇ ਮੁਸਕਾਣ ਦਿੱਤੀ। ਉਹ ਦਾਰੂ ਦੇ ਸਰੂਰ ਵਿਚ ਝੂਮਦਾ ਜਾਨਕੀ ਨੂੰ ਨਾਲ ਲੈ ਕੇ ਚੱਲਦਾ ਬਣਿਆ ਤੇ ਮੈਂ ਵੀ ਪਿੱਛੇ ਮੁੜਨ ਦੀ ਤਿਆਰੀ ਆਰੰਭ ਦਿੱਤੀ। ਜੇ ਚਾਰ ਵਜੇ ਵਾਲੀ ਦਾਦਰ ਨਿਕਲ ਜਾਏ ਤਾਂ ਫਿਰ ਛੇ ਵਜੇ ਅਗਲੀ ਡੀਲਕਸ ਟਰੇਨ ਹੈ ਜਿਸ ਦਾ ਸਰਚਾਰਜ ਵੀ ਜਿਆਦਾ ਹੈ, ਕਿਰਾਇਆ ਵੀ ਜਿਆਦਾ ਹੈ ਤੇ ਅੱਜ-ਕੱਲ੍ਹ ਇਸ ਦੇ ਟਾਈਮ ਦਾ ਵੀ ਕੋਈ ਭਰੋਸਾ ਨਹੀਂ।
'ਜਾਓ ਸਰ! ਜਾਓ ਤੁਸੀਂ ਵੀ। ਇਹ ਸਰਕਾਰੀ ਕੰਮ ਤਾਂ ਹੁੰਦੇ ਹੀ ਰਹਿਣੇ ਨੇ... ਤੁਸੀਂ ਦਫਤਰ ਦੀ ਚਿੰਤਾ ਨਾ ਕਰਿਆ ਕਰੋ।’
ਵੱਡੇ ਮੁਨਸ਼ੀ ਨੇ ਮੇਰੇ ਵੱਲ ਹਮਦਰਦੀ ਭਰੀ ਚਾਸ਼ਨੀ ਖਿਲਾਰ ਦਿੱਤੀ। ਮੈੰ ਘੜੀ ਵੇਖੀ... ਚਾਰ ਵੱਜ ਰਹੇ ਸਨ।
ਬੜਾ ਕੰਮ ਦਾ ਬੰਦਾ ਹੈਂ ਇਹ ਬਾਬੂ! ਮੈਂ ਅੰਦਰ ਹੀ ਅੰਦਰ ਉਸ ਦੀ ਸਲਾਹ ਤੇ ਪ੍ਰਸੰਨ ਹੋ ਗਿਆ।
ਰੇਲਵੇ ਸਟੇਸ਼ਨ ਲੁਧਿਆਣੇ ਦਾ ਦੋ ਨੰਬਰ ਪਲੇਟਫ਼ਾਰਮ ਸਾਰਾ ਭਰਿਆ ਪਿਆ ਸੀ। ਮੌਸਮ ਵਿਚ ਘੁੱਟਣ ਸੀ, ਹਵਾ ਵਿਚ ਸਹਿਮ ਸੀ ਤੇ ਮੁਸਾਫ਼ਰਾਂ ਦੇ ਮਨ ਬੁੱਝੇ ਹੋਏ ਸਨ। ਗੱਡੀਆਂ ਦੀ ਆਵਾਜਾਈ ਯਕੀਨੀ ਨਹੀਂ ਸੀ ਤੇ ਕੰਟਰੋਲ ਰੂਮ ਵਾਲੇ ਵੀ ਕੋਈ ਹੱਥ ਪੱਲਾ ਨਹੀਂ ਫੜਾ ਰਹੇ ਸਨ। ਇੱਕ ਰੁਟੀਨ ਘੋਸ਼ਣਾ ਸੰਗੀਤ ਵੱਜਿਆ।
'ਕਿਰਪਾ ਯਾਤਰੀ ਧਿਆਨ ਦੇਂ।.. ਬੰਬੇ ਸੇ ਚਲ ਕਰ ਪਠਾਨਕੋਟ ਕੋ ਜਾਣੇ ਵਾਲੀ ਯਾਤਰੀ ਗਾੜੀ ਥੋੜ੍ਹੀ ਹੀ ਦੇਰ ਮੈਂ ਪਲੇਟਫ਼ਾਰਮ ਨੰਬਰ ਦੋ ਪਰ ਆ ਰਹੀ ਹੈ।’
ਅੰਮ੍ਰਿਤਸਰ ਨੂੰ ਜਾਣ ਵਾਲੀ ਡੀਲਕਸ ਗੱਡੀ ਦਾ ਟਾਈਮ ਵੀ ਉੱਪਰ ਹੋ ਚੁੱਕਾ ਸੀ ਪਰ ਇਸ ਬਾਰੇ ਘੋਸ਼ਣਾ ਵਿਚ ਅਜੇ ਕੋਈ ਜਿਕਰ ਨਹੀਂ ਹੋਇਆ।
ਜਲੰਧਰ, ਪਠਾਨਕੋਟ ਜਾਣ ਵਾਲੀਆਂ ਸਵਾਰੀਆਂ ਆਪਣਾ ਸਾਮਾਨ ਸਾਂਭ ਕੇ ਉੱਠ ਕੇ ਨੇੜੇ ਨੇੜੇ ਹੋ ਕੇ ਚੜ੍ਹਦੀ ਵੱਲ ਨਿਗਾਹ ਟਿਕਾ ਕੇ ਖੜ੍ਹ ਗਈਆਂ। ਦਸ ਮਿੰਟ, ਵੀਹ ਮਿੰਟ, ਪੰਝੀ ਮਿੰਟ, ਅੱਧਾ ਘੰਟਾ ਬੀਤ ਗਿਆ, ਕੋਈ ਗੱਡੀ ਨਹੀਂ, ਕਿਸੇ ਗੱਡੀ ਦਾ ਨਾਮੋ-ਨਿਸ਼ਾਨਾ ਨਹੀਂ ਆਇਆ। ਇੰਤਜ਼ਾਰ ਲੰਬੀ ਹੁੰਦੀ ਗਈ। ਗ਼ੁੱਸੇ ਨਾਲ ਖਪੀਆਂ ਤਪੀਆਂ ਕੁੱਝ ਸਵਾਰੀਆਂ ਜਾ ਕੇ ਕੰਟਰੋਲ ਰੂਮ ਦੇ ਸਾਹਮਣੇ ਮੁਜ਼ਾਹਰਾ ਕਰਨ ਲੱਗੀਆਂ। ਰੇਲਵੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। ਦੋਬਾਰਾ ਪੁਕਾਰ ਹੋਈ ਤੇ ਇਹ ਹੁਣ ਟਰੇਨ ਅੱਧਾ ਘੰਟਾ ਹੋਰ ਲੇਟ ਹੋ ਗਈ। ਨੇੜੇ ਦੇ ਸਟੇਸ਼ਨਾਂ ਤੱਕ ਜਾਣ ਵਾਲੇ ਮੁਸਾਫਿਰ ਆਟੋ ਲੈ ਕੇ ਬੱਸ ਰਾਹੀਂ ਜਾਣ ਵਾਸਤੇ ਘੰਟਾ ਘਰ ਵੱਲ ਬਾਹਰ ਨਿਕਲ ਤੁਰੇ।
ਪੱਛਮੀ ਅਸਮਾਨ ਵਿਚੋਂ ਇੱਕ ਗਹਿਰ ਜਿਹੀ ਉੱਠੀ। ਨੀਲਾ ਪੀਲਾ ਅਸਮਾਨ ਭੂਰੇ ਰੰਗ ਵਿਚ ਬਦਲ ਗਿਆ। ਵੇਖਦੇ ਵੇਖਦੇ ਗਹਿਰੇ ਰੰਗ ਦੀ ਇਹ ਜ਼ਹਿਰੀਲੀ ਪਰਤ ਸ਼ਹਿਰ ਦੇ ਪਹਿਲਾਂ ਹੀ ਪ੍ਰਦੂਸਿ਼ਤ ਵਾਤਾਵਰਨ ਵਿਚ ਆਸੇ ਪਾਸੇ ਫੈਲ ਗਈ। ਯਾਤਰੀਆਂ ਦੇ ਸਾਹ ਸੁੱਕਣ ਲੱਗੇ, ਸਾਹ ਉੱਖੜਨ ਲੱਗੇ, ਅੱਖਾਂ ਕੰਨ ਤੇ ਗਲੇ ਵਿਚ ਖ਼ਾਰਸ਼ ਤੇਜ਼ ਹੋਣ ਕਾਰਨ ਖਹੂੰ ਖਹੂੰ ਦੀਆ ਦਰਦਨਾਕ ਆਵਾਜਾਂ ਉੱਬਰਨ ਲੱਗੀਆਂ। ਇਸ ਨਵੀਂ ਘਬਰਾਹਟ ਨੇ ਥੋੜ੍ਹੀ ਦੇਰ ਪਹਿਲਾਂ ਘਟਿਆ ਭੋਪਾਲ ਪੈਸਟੀਸਾਈਡ ਪਲਾਂਟ ਦਾ ਗੈਸ ਰਿਸਣ ਕਾਂਡ ਯਾਦ ਕਰਵਾ ਦਿੱਤਾ। ਮੇਰੇ ਵਰਗੇ ਕਈ ਹੌਸਲਾ ਹਾਰ ਬੈਠੇ ਕਿ ਇਹ ਜਹਿਰੀਲੀ ਗੈਸ ਜ਼ਰੂਰ ਲੁਧਿਆਣੇ ਦੇ ਕਿਸੇ ਕੈਮੀਕਲ ਕਾਰਖ਼ਾਨੇ ’ਚੋਂ ਰਿਸੀ ਹੋਵੇਗੀ ਤੇ ਇਹ ਕੰਟਰੋਲ ਹੋਣ ਤੋਂ ਪਹਿਲਾਂ ਸੈਂਕੜੇ ਜਾਨਾਂ ਲੈ ਲਵੇਗੀ। ਘੁੱਗੂ ਦੀ ਲੰਬੀ ਵਿਸਲ ਵੱਜੀ ਜੋ ਹੰਗਾਮੀ ਹਾਲਤ ਵੇਲੇ ਜਾਂ ਦੁਸ਼ਮਣਾਂ ਦੇ ਹਮਲੇ ਸਮੇਂ ਵੱਜਦੀ ਹੈ। ਉਸ ਤੋਂ ਜਲਦੀ ਹੀ ਬਾਦ ਕੰਟਰੋਲ ਰੂਮ ਤੋਂ ਫੇਰ ਪੁਕਾਰ ਹੋਈ।
'ਯਾਤਰੀ ਮਿਹਰਬਾਨੀ ਕਰ ਕੇ ਧਿਆਨ ਦੇਣ...ਇਹ ਪ੍ਰਦੂਸ਼ਣ ਆਸੇ ਪਾਸੇ ਦੇ ਪਿੰਡਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਕਾਰਨ ਧੂੰਏਂ ਦੀ ਲਹਿਰ ਸ਼ਹਿਰ ਵੱਲ ਵਧ ਗਈ ਹੈ ਤੇ ਥੋੜ੍ਹੀ ਦੇਰ ਵਿਚ ਸ਼ਾਂਤ ਹੋ ਜਾਵੇਗੀ... ਯਾਤਰੀ ਤਹੱਮਲ ਨਾਲ ਬੈਠ ਕੇ ਇੱਕ ਦੂਸਰੇ ਦੀ ਮਦਦ ਕਰਨ ਤੇ ਪ੍ਰਸ਼ਾਸਣ ਨੂੰ ਸਹਿਯੋਗ ਦੇਣ।’
ਕੁੱਝ ਦੇਰ ਵਿਚ ਪਠਾਨਕੋਟ ਵਾਲੀ ਟਰੇਨ ਸਟੇਸ਼ਨ ਤੇ ਆ ਗਈ। ਗੱਡੀਆਂ ਦੀ ਘਾਟ ਕਾਰਨ ਇਹ ਪਹਿਲਾਂ ਪਿੱਛੋਂ ਹੀ ਨੱਕੋ ਨੱਕ ਭਰੀ ਹੋਈ ਸੀ ਤੇ ਯਾਤਰੀ ਬਾਹਰ ਡੰਡਿਆਂ ਨਾਲ ਲਟਕੇ ਹੋਏ ਸਨ। ਅਪਰ ਕਲਾਸ ਦੀਆਂ ਬੋਗੀਆਂ ਅੰਦਰੋਂ ਬੰਦ ਕੀਤੀਆਂ ਹੋਈਆਂ ਸਨ ਤੇ ਜ਼ਿਆਦਾ ਪੈਸੇ ਖ਼ਰਚਣ ਵਾਲੇ ਅਮੀਰ ਲੋਕ ਮਜ਼ੇ ਲੈ ਰਹੇ ਸਨ। ਗੱਡੀ ਆਈ ਤੇ ਭਗਦੜ ਮੱਚ ਗਈ। ਚੜ੍ਹਨ ਵਾਲੇ ਉੱਤਰਨ ਵਾਲਿਆਂ ਤੋਂ ਜਿਆਦਾ ਕਾਹਲੇ ਸਨ।
ਅੰਮ੍ਰਿਤਸਰ ਵਾਸਤੇ ਅਜੇ ਕੋਈ ਉਮੀਦ ਨਹੀਂ ਜਾਗੀ। ਫੇਰ ਅਸਪਸ਼ਟ ਜਿਹੀ ਅਨਾੳਂੂਸਮੈਂਟ ਹੋਈ ਕਿ ਤਕਨੀਕੀ ਖ਼ਰਾਬੀ ਕਾਰਨ ਦਿੱਲੀ ਤੋਂ ਆਉਣ ਵਾਲੀ ਡੀਲਕਸ ਤੇ ਹੋਰ ਯਾਤਰੀ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਤਸੁਕਤ ਮੁਸਾਫਰਾਂ ਵੱਲੋਂ ਜੋਰ ਪਾਉਣ ਤੇ ਉਨ੍ਹਾਂ ਦੱਸਿਆ ਕਿ ਅੰਬਾਲੇ ਲਾਗੇ ਰੇਲ ਪਟੜੀ ਦੀਆਂ ਫਿੱਸ-ਪਲੇਟਾਂ ਕਿਸੇ ਅੱਤਵਾਦੀ ਅਨਸਰ ਵੱਲੋਂ ਉਖਾੜ ਦਿੱਤੀਆਂ ਗਈਆਂ ਹਨ ਤੇ ਮੌਕੇ ਤੇ ਡਰਾਈਵਰ ਦੀ ਹੁਸ਼ਿਆਰੀ ਕਾਰਨ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ ਹੈ।
ਮੇਰੇ ਸਾਹਮਣੇ ਅੰਮ੍ਰਿਤਸਰ ਪਹੁੰਚਣ ਦੇ ਰਸਤੇ ਵਿਚ ਅਨਿਸਚਿੱਤ ਰੁਕਾਵਿਟ ਖੜ੍ਹੀ ਹੋ ਗਈ। ਹੋਰ ਕੋਈ ਸਾਧਨ ਨਹੀਂ ਸੀ, ਸੱਤ ਵੱਜ ਚੁੱਕੇ ਸਨ। ਅੰਮ੍ਰਿਤਸਰ ਘਰ ਪਹੁੰਚਦੇ ਗਿਆਰਾਂ ਬਾਰਾਂ ਵੱਜ ਜਾਣੇ ਸਨ ਤੇ ਸਵੇਰੇ ਫੇਰ ਦਫ਼ਤਰ ਦਾ ਬਾਸ ਬਣ ਕੇ ਆਉਣਾ ਪੈਣਾ ਹੈ। ਸੋ ਅੱਜ ਦਾ ਜਾਣਾ ਕੈਂਸਲ ਕਰ ਕੇ ਹੋਟਲ ਵਿਚ ਰਹਿਣ ਦਾ ਮਨ ਬਣਾ ਲਿਆ।
'ਕੀ ਗੱਲ ਇਵੇਂ ਖੜੇ ਓ?' ਉੱਪਰੋਂ ਮੇਰਾ ਦੋਸਤ ਇੰਦਰਜੀਤ ਸਿੰਘ ਤੇਜੀ ਨਾਲ ਪੌੜੀਆਂ ਉੱਤਰਦਾ ਆ ਰਿਹਾ ਸੀ।
'ਇਹ ਮੇਰੇ ਮਾਫ਼ਕ ਨਹੀਂ...ਇਹ ਅੰਮ੍ਰਿਤਸਰ ਨਹੀਂ ਜਾਣੀ।' ਮੈਂ ਹੱਸਦੇ ਉਸ ਦੀ ਮੁਸਕਰਾਹਟ ਦਾ ਜੁਆਬ ਦਿੱਤਾ।
'ਤੇ ਭਾਜੀ! ਅੰਮ੍ਰਿਤਸਰ ਤਾਂ ਅੱਜ ਕੋਈ ਵੀ ਨਹੀਂ ਜਾਣੀ। ਬਹਿਜੋ ਰੱਬ ਦਾ ਨਾਂ ਲੈ ਕੇ ਜਿੱਥੇ ਤੱਕ ਅੱਪੜ ਸਕਦੇ ਹੋ ਘਰ ਦੇ ਨਜ਼ਦੀਕ ਪਹੁੰਚ ਜਾਓ... ਇਸ ਬਾਬਲ ਦਾ ਕੋਈ ਭਰਵਾਸਾ ਨਹੀਂ ਡੋਲੀ ਪਾ ਕੇ ਕੱਢ ਲਏ।'
ਉਸ ਦੇ ਨੈਗੇਟਿਵ ਸਮਾਚਾਰ ਨੇ ਮੇਰੇ ਮਨ ਦੇ ਮੁਹਾਣ ਮੋੜ ਦਿੱਤੇ। ਉਹ ਇੱਥੇ ਹੀ ਇੱਕ ਨੰਬਰ ਪਲੇਟਫ਼ਾਰਮ ਤੇ ਬੁਕਿੰਗ ਸੁਪਰਿਟੈਂਡੈਂਟ ਹੈ ਤੇ ਹਰ ਰੋਜ਼ ਜਲੰਧਰ ਤੋਂ ਇੱਥੇ ਆਉਂਦਾ ਜਾਂਦਾ ਹੈ। ਦਾਈਆ ਕੋਲੋਂ ਪੇਟ ਗੁੱਝੇ ਨਹੀਂ ਰਹਿੰਦੇ। ਇਸ ਲਈ ਰੇਲਾਂ ਦੀਆਂ ਆਦਤਾਂ ਤੋਂ ਉਹ ਭਲੀ ਭਾਂਤ ਜਾਣੂੰ ਹੈ। ਉਸ ਨੇ ਹੱਥ ਵਧਾ ਕੇ ਮੈਨੂੰ ਆਪਣੇ ਨਾਲ ਖਿੱਚ ਲਿਆ ਤੇ ਪਹਿਲੇ ਦਰਜੇ ਦੀ ਬੋਗੀ ਵਿਚ ਘੁੱਸ ਗਿਆ। ਉਸ ਨੇ ਪੁਸ਼ਟੀ ਕੀਤੀ ਕਿ ਪਿੱਛੇ ਅੰਬਾਲੇ ਲਾਗੇ ਲਾਈਨਾਂ ਦੀ ਤੋੜ ਫੋੜ ਹੋ ਗਈ ਹੈ ਤੇ ਸਾਰੀਆਂ ਗੱਡੀਆਂ ਹਿਸਾਰ ਦੇ ਰਸਤੇ ਡਾਈਵਰਟ ਕੀਤੀਆਂ ਗਈਆਂ ਹਨ ਪਤਾ ਨਹੀਂ ਕਿਹੜੀ ਕਦੋਂ ਆਵੇ ਜਾਂ ਨਾ। ਏ. ਸੀ. ਕਲਾਸ ਵਿਚ ਬੈਠੇ ਘੰਟੇ ਦਾ ਸਮਾਂ ਗੁਜਰ ਗਿਆ ਪਰ ਗੱਡੀ ਚੱਲਣ ਦਾ ਨਾਂ ਨਹੀਂ ਸੀ ਲੈ ਰਹੀ। ਮੈਂ ਫੈਸਲਾ ਬਦਲ ਲਿਆ।
ਰਾਤ ਗਿਆਰਾਂ ਬਾਰਾਂ ਵਜੇ ਘਰ ਪਹੁੰਚ ਕੇ ਸਵੇਰੇ ਫੇਰ ਛੇ ਵਜੇ ਤੁਰਨਾ ਕੋਈ ਸਿਆਣਪ ਵਾਲਾ ਸੌਦਾ ਨਹੀਂ। ਇੰਦਰਜੀਤ ਨੇ ਵੀ ਮੇਰੀ ਗੱਲ ਦੀ ਪ੍ਰੋੜਤਾ ਕੀਤੀ। ਉਹ ਰੋਜਾਨਾ ਮੁਸਾਫਰਾਂ ਦੇ ਦੁੱਖਾਂ ਦਾ ਚੰਗੀ ਤਰ੍ਹਾਂ ਵਾਕਫ ਸੀ।
ਘਰ ਪਹੁੰਚਣ ਦੇ ਮਨ ਵਿਚ ਬਣਾਏ ਤੇ ਘੜੇ ਘੜਾਏ ਮਨਸੂਬੇ ਘਿਸਦੇ ਘਿਸਦੇ ਚਕਨਾਚੂਰ ਹੋ ਗਏ। ਇਸ ਵੇਲੇ ਹੋਟਲ ਢਾਬਿਆਂ ਦੇ ਸਭ ਦਰਵਾਜ਼ੇ ਬੰਦ ਹੋ ਚੁੱਕੇ ਸਨ। ਫਰਵਰੀ 87 ਦੇ ਸੱਤ ਕਰੋੜੀ ਬੈਂਕ ਡਾਕੇ ਤੋਂ ਬਾਦ ਤਾਂ ਪੁਲਸ ਦੇ ਡੰਗ ਹੋਰ ਤੇਜ਼ ਹੋ ਗਏ ਸਨ ਤੇ ਉਹ ਹਰ ਓਪਰੇ ਵਿਅਕਤੀ ਨੂੰ ਪੁੱਛ-ਗਿੱਛ ਦੇ ਬਹਾਨੇ ਚੰਗਾ ਮਾਂਜਣ ਲੱਗੇ ਸਨ।
ਲੋੜ ਕਾਢ ਦੀ ਮਾਂ ਹੈ। ਮਨ ਵਿਚ ਅਚਾਨਕ ਫੁਰਨਾ ਫੁਰਿਆ। ਕਿਉਂ ਨਾ ਅੱਜ ਦਫ਼ਤਰ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇ ਜਿਵੇਂ ਉੱਪਰਲੇ ਅਧਿਕਾਰੀਆਂ ਵੱਲੋਂ ਵੀ ਹੁਕਮ ਆਇਆ ਹੋਇਆ ਹੈ। ਉਨ੍ਹਾਂ ਦਾ ਮਤਲਬ ਤਾਂ ਭਾਵੇਂ ਦੂਸਰੇ ਜ਼ਿਲ੍ਹਿਆਂ ਦੀਆਂ ਬਾਹਰੀਆਂ ਥਾਵਾਂ ਦੀ ਚੈਕਿੰਗ ਤੋਂ ਸੀ ਪਰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲਿਆ ਜਾਵੇ। ਇਸ ਨਾਲ ਵੱਡੇ ਮੁਣਸ਼ੀ ਬਾਗੜੀ ਸਾਹਿਬ ਨੂੰ ਵੀ ਮਹਿਮਾਨ-ਨਿਵਾਜੀ ਦਾ ਮੌਕਾ ਮਿਲ ਜਾਵੇਗਾ... ਉਹ ਵਿਚਾਰਾ ਹਰ ਰੋਜ਼ ਦਾਅਵਤਾਂ ਦਿੰਦਾ ਰਹਿੰਦਾ ਹੈ।
'ਸਾਡੇ ਨਾਲ ਵੀ ਪ੍ਰੇਮ-ਪਿਆਲੇ ਦੀ ਸਾਂਝ ਪਾਓ। ਸਾਡੇ ਕੋਲੋਂ ਦੂਰ ਦੂਰ ਨਾ ਰਹੋ। ਅਸੀਂ ਬੜੇ ਕੰਮ ਦੇ ਬੰਦੇ ਹਾਂ। ਸਾਨੂੰ ਕਦੇ ਅਜ਼ਮਾ ਕੇ ਵੇਖੋ।' ਉਹ ਬੁੱਲ੍ਹਾਂ ਤੇ ਜ਼ੁਬਾਨ ਫੇਰਦਾ ਮੁਸਕਰਾ ਰਿਹਾ ਮੇਰੇ ਸਾਹਮਣੇ ਆ ਗਿਆ।
'ਹਾਂ ਜ਼ਰੂਰ! ਪਰ ਅੱਜ ਨਹੀਂ... ਫੇਰ ਕਦੇ ਢੁਕਵੇਂ ਮੌਕੇ ਤੁਹਾਡਾ ਉਲਾਂਭਾ ਜ਼ਰੂਰ ਲਾਹ ਦੇਵਾਂਗਾ।'
ਮੈਂ ਵੀ ਉਸ ਦਾ ਸਾਵਾਂ ਜੁਆਬ ਹਾਸੇ ਵਿਚ ਹੀ ਮੋੜਿਆ ਸੀ।
'ਤੁਹਾਡਾ ਉਹ ਦਿਨ ਕਦੇ ਨਹੀਂ ਆਉਣਾ।'
'ਤੇਰਾ ਮਤਲਬ 'ਉਹ ਦਿਨ ਡੁੱਬਾ ਘੋੜੀ ਚੜ੍ਹਿਆ ਕੁੱਬਾ’ ਤੋਂ ਹੈ?’ ਜਗਤਾਰ ਨੇ ਗੱਲ ਹਾਸੇ ਪਾ ਦਿੱਤੀ।
ਉਹ ਅਜੇ ਵੀ ਰਿਹਾੜ ਕਰੀ ਜਾ ਰਿਹਾ ਸੀ। ਉਸ ਦੇ ਉਲਾਂਭੇ ਦੇ ਅਹਿਸਾਸ ਦੀ ਕਸਕ ਨਾਲ ਮੇਰੇ ਅੰਦਰ ਲੂਹਰੀਆ ਉੱਠਣ ਲੱਗੀਆਂ।
ਮੇਰੇ ਬਾਸ ਨੇ ਉਸ ਬਾਰੇ ਕਈ ਵਿਸ਼ੇਸ਼ਣ ਮੈਨੂੰ ਸਮਝਾਏ ਸਨ।
'ਸਾਡਾ ਮੁੱਖ ਲੇਖਾਕਾਰ ਅੰਮ੍ਰਿਤ-ਧਾਰਾ ਹੈ ਜੋ ਸਾਰੀਆਂ ਬਿਮਾਰੀਆਂ ਦੇ ਕੰਮ ਆ ਜਾਂਦਾ ਹੈ, ਉਹ ਤ੍ਰਿਫਲਾ ਹੈ ਜੋ ਤੁਹਾਡੇ ਸਾਰੇ ਕਸ਼ਟ ਹਰਨ ਕਰਦਾ ਹੈ।’
ਇਸ ਦੇ ਉਲਟ ਮੈਂ ਉਸ ਨੂੰ ਭ੍ਰਿਸ਼ਟਾਚਾਰੀ ਦਾ ਮੁੱਖ ਮੁਨਸ਼ੀ ਕਹਿਣਾ ਚਾਹੁੰਦਾ ਸੀ ਪਰ 'ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ’ ਅਨੁਸਾਰ ਕੁੱਝ ਦੇਰ ਹੋਰ ਪਰਖਣਾ ਚਾਹੁੰਦਾ ਸੀ। ਮੇਰੇ ਮਨ ਵਿਚ ਉਸ ਬਾਰੇ ਬਣਾਏ ਪਹਿਲੇ ਨਜ਼ਰੀਏ ਤੇ ਇਕ ਨਿਵੇਕਲੀ ਛਾਪ ਉੱਕਰ ਗਈ ਸੀ। ਮੈਂ ਚਾਹੁੰਦਾ ਸੀ ਧਾਂਦਲੀ ਦੇ ਇਸ ਮਹਾਂ-ਦੋਖੀ ਨੂੰ ਪੱਕੇ ਪੈਰੀਂ ਕਾਬੂ ਕਰ ਕੇ ਵਿਲੱਖਣ ਤੇ ਵਰਨਣਯੋਗ ਸਜ਼ਾ ਦਿੱਤੀ ਜਾਂ ਦਿਵਾਈ ਜਾਵੇ।
ਮੈਂ ਮਹਿਸੂਸ ਕੀਤਾ, ਵੱਡਾ ਸਾਹਿਬ ਉੱਪਰੋਂ ਉੱਪਰੋਂ ਮੇਰੇ ਨਾਲ ਘੂਰੀ ਵਟਦਾ ਸੀ ਪਰ ਅੰਦਰੇ ਅੰਦਰ ਮੇਰਾ ਆਸਰਾ ਵੀ ਟੋਲਦਾ ਰਹਿੰਦਾ ਸੀ। ਮੇਰੇ ਦਫ਼ਤਰ ਹੁੰਦਿਆਂ ਉਹ ਨਿਸ਼ੰਗ ਨਿਰਭੈ ਸ਼ਾਂਤੀ ਨਾਲ ਕੰਮ ਕਰਦਾ ਸੀ ਪਰ ਮੇਰੀ ਗ਼ੈਰਹਾਜ਼ਰੀ ਵਿਚ ਲੁੱਕ ਛਿਪ ਕੇ ਸਮਾਂ ਲੰਘਾਉਂਦਾ ਉਸ ਬਾਬੂ ਕੋਲੋਂ ਵੀ ਡਰਦਾ ਸੀ। ਉਹ ਆਪਣੀ ਬਦਲੀ ਵਾਸਤੇ ਉੱਪਰ ਦਿੱਲੀ ਹੈੱਡ ਆਫ਼ਿਸ ਵੀ ਅਰਜ਼ੀ ਭੇਜ ਕੇ ਰਿਮਾਈਂਡਰ ਵੀ ਭੇਜ ਚੁੱਕਾ ਸੀ। ਕਈ ਸਿਫ਼ਾਰਿਸ਼ਾਂ ਵੀ ਪੁਆ ਚੁੱਕਾ ਸੀ ਕਿ ਉਸ ਨੂੰ ਉਸ ਦੇ ਘਰ ਸ਼ਿਮਲੇ ਦਾ ਤਬਾਦਲਾ ਕੀਤਾ ਜਾਵੇ, ਪਰ ਉੱਥੇ ਹਿਮਾਚਲ ਦਾ ਹੀ ਕੋਈ ਹੋਰ ਤਕੜੇ ਕਿੱਲੇ ਵਾਲਾ ਅਫ਼ਸਰ ਟਿਕਿਆ ਹੋਇਆ ਸੀ। ਨਿਯੁਕਤੀ ਵਾਲੀ ਜਗ੍ਹਾ ਖ਼ਾਲੀ ਨਾ ਹੋਣ ਕਰ ਕੇ ਉਸ ਨੂੰ ਜੁਆਬ ਮਿਲ ਗਿਆ ਸੀ। ਉਸ ਨੇ ਖਾੜਕੂ ਜਥੇਬੰਦੀ ਵੱਲੋਂ ਜਾਨੋਂ ਮਾਰਨ ਦੀ ਧਮਕੀ ਵਾਲਾ ਪ੍ਰਵਾਨਾ ਨਾਲ ਨੱਥੀ ਕਰ ਕੇ ਸਿ਼ਮਲੇ ਬਦਲੀ ਕਰਾਉਣ ਵਾਸਤੇ ਤਰਲੇ ਪਾਏ ਸਨ ਕਿ ਸ਼ਿਮਲੇ ਨਹੀਂ ਤਾਂ ਬਦਲਵੇਂ ਚੰਡੀਗੜ੍ਹ ਅਡਜਸਟ ਕੀਤਾ ਜਾਵੇ।
ਦਫ਼ਤਰ ਦੇ ਮਾਲਕ-ਮਕਾਨ ਨਾਲ ਪਿਛਲੇ ਸਾਲ ਤੋਂ ਦਫ਼ਤਰ ਖ਼ਾਲੀ ਕਰਨ ਵਾਸਤੇ ਝਗੜਾ ਚੱਲ ਰਿਹਾ ਹੈ। ਦਸ ਹਜ਼ਾਰ ਦੇ ਮੌਜੂਦਾ ਕਿਰਾਏ ਤੇ ਸਰਕਾਰ ਨੂੰ ਹੋਰ ਕਿਧਰੇ ਮਕਾਨ ਨਹੀਂ ਮਿਲਦਾ ਤੇ ਮਾਲਕ ਮਕਾਨ ਦੀ ਇਹ ਕਮਰਸ਼ਲ ਜਗ੍ਹਾ ਹੋਣ ਕਰ ਕੇ ਪੰਜਾਹ ਹਜ਼ਾਰ ਨੂੰ ਚੜ੍ਹ ਸਕਦੀ ਹੈ। ਉਸ ਨੇ ਅਦਾਲਤ ਵਿਚ ਵੀ ਕੇਸ ਕੀਤਾ ਹੋਇਆ ਹੈ, ਪਰ ਅਦਾਲਤਾਂ ਦੇ ਦੀਵਾਨੀ ਕੇਸ ਤਾਂ ਸਾਲਾਂ ਬੱਧੀ ਲਟਕ ਜਾਂਦੇ ਹਨ। ਉਸ ਨੇ ਸਾਹਿਬ ਨੂੰ ਲੋਭ ਲਾਲਚ ਨਾਲ ਪਤਿਆਉਣ ਦੀ ਵੀ ਕੋਸ਼ਿਸ਼ ਕੀਤੀ ਤੇ ਖਾੜਕੂਆਂ ਨਾਲ ਆਪਣੀ ਦੋਸਤੀ ਦੀਆਂ ਧਮਕੀਆਂ ਵੀ ਦਿੱਤੀਆਂ। ਮੁੱਖ ਕਲਰਕ ਨੂੰ ਵੀ ਉਸ ਨੇ ਹੱਥਾਂ ਤੇ ਲੈ ਰੱਖਿਆ ਹੈ ਜੋ ਕਈ ਵੇਰਾਂ ਫਾਈਲ ਤੇ ਸਿਫਾਰਸ਼ੀ ਟਿੱਪਣੀ ਲਿਖ ਚੁੱਕਾ ਹੈ ਕਿ ਜ਼ਿਆਦਾ ਸਟਾਫ਼ ਹੋਣ ਕਰ ਕੇ ਦਫ਼ਤਰ ਵਿਚ ਭੀੜ ਭੜੱਕਾ ਰਹਿੰਦਾ ਹੈ ਤੇ ਨਾਲੇ ਇਹ ਜਗ੍ਹਾ ਖਾੜਕੂਆਂ ਦੀ ਹਿੱਟ ਲਿਸਟ ਤੇ ਹੋਣ ਕਾਰਨ ਕਿਸੇ ਹੋਰ ਨਿਵੇਕਲੀ ਥਾਂ ਬਦਲਣਾ ਜ਼ਰੂਰੀ ਹੈ। ਮੈਨੂੰ ਵੀ ਕਈ ਵੇਰਾਂ ਮਾਲਕ ਮਕਾਨ ਰਮਜ਼ਾਂ ਮਾਰ ਚੁੱਕਾ ਹੈ। ਮੈਂ ਉਸ ਨੂੰ ਤਸੱਲੀ ਦਿੱਤੀ ਸੀ ਕਿ ਅਸੀਂ ਜਲਦੀ ਹੀ ਢੁਕਵੀਂ ਜਗ੍ਹਾ ਤਲਾਸ਼ ਕੇ ਚਲੇ ਜਾਵਾਂਗੇ।
ਖਾੜਕੂਆਂ ਵੱਲੋਂ ਦਫਤਰ ਨੂੰ ਧਮਕੀ ਭਰੀਆਂ ਚਿੱਠੀਆਂ ਆਉਣੀਆਂ ਜਾਰੀ ਰਹੀਆਂ। ਤਿੰਨ ਚੇਤਾਵਨੀਆਂ ਆ ਚੁੱਕੀਆਂ ਹਨ ਕਿ ਇਸ ਤਰੀਕ ਨੂੰ ਖ਼ਾਲੀ ਨਾ ਕੀਤਾ ਗਿਆ ਤਾਂ ਸਾਰੇ ਅਮਲੇ ਸਮੇਤ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇੱਕ ਦਿਨ ਮੈਂ ਜਦ ਦਫ਼ਤਰ ਪਹੁੰਚਾ ਤਾਂ ਦਸ ਵਜੇ ਦਫ਼ਤਰ ਦਾ ਤਾਲਾ ਬੰਦ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਕਿ ਅੱਜ ਕੀ ਵਾਅ ਵਗ ਗਈ ਹੈ। ਮੈਨੂੰ ਇਹ ਭੈਮਸਾ ਔੜ ਗਿਆ ਕਿ ਕੋਈ ਅੱਤਵਾਦੀ ਕਾਰਵਾਈ ਸਿਰ ਤੇ ਆਣ ਲਟਕੀ ਹੈ। ਮੈਂ ਆਸੇ ਪਾਸੇ ਵੇਖ ਹੀ ਰਿਹਾ ਸੀ ਕਿ ਮੈਨੂੰ ਦੂਰ ਖੜੇ ਸਟਾਫ਼ ਦੀ ਢਾਣੀ ਵਿਚੋਂ ਆਵਾਜ਼ ਆਈ। ਮੇਰਾ ਸ਼ੱਕ ਅਸਲੀਅਤ ਵਿਚ ਬਦਲ ਗਿਆ। ਸਹਿਮੇ ਹੋਏ ਉਹ ਸਾਰੇ ਚਾਹ ਦੇ ਖੋਖੇ ਵਿਚ ਦੜੇ ਪਏ ਸਨ। ਸਾਹਿਬ ਉੱਠ ਕੇ ਬੜੇ ਉਮਾਹ ਨਾਲ ਮੈਨੂੰ ਮਿਲਿਆ। ਉਸ ਨੇ ਦੱਸਿਆ ਕਿ ਕੱਲ੍ਹ ਸ਼ਾਮੀ ਮੇਰੇ ਜਾਣ ਤੋਂ ਬਾਦ ਕਿਸੇ 'ਏਰੀਆ ਕਮਾਂਡਰ’ ਦਾ ਟੈਲੀਫ਼ੋਨ ਆਇਆ ਸੀ ਤੇ ਇਹ ਪਰਚੀ ਵੀ ਗੇਟ ਤੇ ਪਈ ਮਿਲੀ ਸੀ।
'ਅਸੀਂ ਤੁਹਾਨੂੰ ਲੋੜ ਤੋਂ ਵੱਧ ਟਾਈਮ ਦੇ ਦਿੱਤਾ ਹੈ। ਅਸੀਂ ਕਿਸੇ ਨੂੰ ਹੋਰ ਏਨੀ ਮੁਹਲਤ ਨਹੀਂ ਦਿੰਦੇ। ਸਿੰਘਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਹੁਣ ਸਾਡਾ ਜਿ਼ੰਮਾ ਦੋਸ਼-ਪੋਸ਼। ਕੱਲ੍ਹ ਸਾਡੇ ਸਿੰਘ ਆਉਣਗੇ ਤੇ ਸੋਧਾ ਲਗਾ ਕੇ ਆਪਣਾ ਫ਼ਰਜ਼ ਨਿਭਾਉਣਗੇ।’
ਪਰਚੀ ਮੇਰੇ ਮੂਹਰੇ ਕਰਦੇ ਸਾਹਿਬ ਦਾ ਚੂਹੇ ਵਰਗਾ ਮੂੰਹ ਕੰਬ ਰਿਹਾ ਸੀ।
'ਮੈਂ ਨੇ ਹੈੱਡ ਆਫ਼ਿਸ ਕੋ ਸੂਚਿਤ ਕਰ ਦੀਆ ਹੈ ਕਿ ਜਿਤਨੀ ਦੇਰ ਨਯਾ ਦਫ਼ਤਰ ਨਹੀਂ ਮਿਲਤਾ ਹਮ ਇਸ ਦਫ਼ਤਰ ਮੇਂ ਨਹੀਂ ਘੁੱਸ ਸਕਤੇ। ਬਾਗੜੀ ਸਾਹਿਬ ਤੋ ਚਾਹਤੇ ਹੈਂ ਕਿ ਕੁੱਝ ਫਿਰੌਤੀ ਦੇ ਕੇ ਮਾਮਲਾ ਰਫਾ-ਦਫ਼ਾ ਕਰ ਦੀਆ ਜਾਏ। ਯਹ ਨਹੀਂ ਚਾਹਤੇ ਕਿ ਸ਼ੋਰ ਮਚਾ ਕੇ ਕਿਸੀ ਔਰ ਕੋ ਬਤਾਇਆ ਜਾਏ।' ਉਸ ਨੇ ਮੁੱਖ ਮੁਹੱਰਰ ਵੱਲ ਉਂਗਲ ਕੀਤੀ।
'ਦਿੱਲੀ ਸਰਕਾਰ ਦੀ ਛਤਰੀ ਜਾਂ ਪੁਲੀਸ ਦੀ ਹਿਫ਼ਾਜ਼ਤ ਚੌਵੀ ਘੰਟੇ ਨਹੀਂ ਚੱਲ ਸਕਦੀ। ਰੱਬ ਨੇੜੇ ਕਿ ਘਸੁੰਨ?’ ਬਾਬੂ ਝੂਠਾ ਜਿਹਾ ਹੱਸ ਰਿਹਾ ਸੀ।
ਚੰਗਾ ਕੀਤਾ ਤੁਸੀਂ.. ਉੱਪਰ ਦੱਸਣਾ ਤਾਂ ਸਾਡੀ ਜਿ਼ੰਮੇਵਾਰੀ ਬਣਦੀ ਹੀ ਹੈ.. ਪਰ ਜੇ 'ਉਹ’ ਚਾਹੁਣ ਤਾਂ ਤੁਹਾਨੂੰ ਇੱਥੇ ਆ ਕੇ ਵੀ ਸੋਧਾ ਲਾ ਸਕਦੇ ਹਨ। ਮੈਨੂੰ ਯਕੀਨ ਹੈ ਕਿ ਇਹ ਗਿੱਦੜ-ਰੁੱਕੇ ਤੇ ਫ਼ੋਨ ਜਾਅਲੀ ਹਨ ਤੇ ਇਸ ਪਿੱਛੇ ਮਾਲਕ-ਮਕਾਨ ਦਾ ਹੱਥ ਹੈ। ਮੈਨੂੰ ਉਸ ਦਾ ਮੂੰਹ ਸੁੰਘ ਲੈਣ ਦਿਓ।
ਮੈਂ ਸਪਸ਼ਟ ਹੋ ਕੇ ਸਾਹਿਬ ਦੇ ਡਿਗਦੇ ਮਨੋਬਲ ਨੂੰ ਢਾਸਣਾ ਦੇਣ ਦੀ ਕੋਸਿ਼ਸ਼ ਕੀਤੀ। ਮੇਰੇ ਹੁੰਗਾਰੇ ਨਾਲ ਮੁਨਸ਼ੀ ਸਾਹਿਬ ਨੇ ਮੂੰਹ ਨੀਂਵਾਂ ਕਰ ਲਿਆ। ਮਾਲਕ ਮਕਾਨ ਨੂੰ ਪੁੱਛਣ ਤੇ ਉਸ ਨੇ ਇਸ ਛੜਯੰਤਰ ਬਾਰੇ ਆਪਣੀ ਅਗਿਆਨਤਾ ਪ੍ਰਗਟ ਕੀਤੀ ਤੇ ਇਹੀ ਉਸ ਤੋਂ ਉਮੀਦ ਸੀ। ਖਾੜਕੂ ਸਫ਼ਾਂ ਵਿਚਲੇ ਆਪਣੇ ਇੱਕ ਮਿੱਤਰ ਵਾਕਫ਼ਕਾਰ ਨੂੰ ਮੈਂ ਅੰਮ੍ਰਿਤਸਰ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲ ਸਕਿਆ।
ਹਲਕੇ ਦੇ ਐੱਸ. ਐੱਚ. ਓ. ਨੂੰ ਸਾਰੀਆਂ ਚਿੱਠੀਆਂ ਦੀ ਨਕਲ ਦੇ ਕੇ ਰਖਵਾਲੀ ਵਾਸਤੇ ਬੇਨਤੀ ਕੀਤੀ ਤਾਂ ਉਸ ਨੇ ਸਿਰ ਫੇਰ ਦਿੱਤਾ।
'ਅਸੀਂ ਤਾਂ ਆਪ ਸੁਰਖਿਅਤ ਨਹੀਂ ਤਾਂ ਤੁਹਾਡੀ ਸਹਾਇਤਾ ਕਿਵੇਂ ਕਰ ਸਕਦੇ ਹਾਂ। ਤੁਸੀਂ ਆਪਣਾ ਪੜ੍ਹਿਆ ਆਪ ਵਿਚਾਰੋ।'
ਸਾਹਿਬ ਦਾ ਬਲੂੰਗੜਾ ਜਿਹਾ ਚਿਹਰਾ ਵੇਖ ਕੇ ਮੈਨੂੰ ਤਰਸ ਆ ਗਿਆ। ਮੈਂ ਇਸ ਉਲਝਣ ਦੇ ਹੱਲ ਵਾਸਤੇ ਅੰਮ੍ਰਿਤਸਰ ਜਾ ਕੇ ਸਿੰਘਾਂ ਦੇ ਮੁੱਖ ਦਫਤਰ ਦੀ ਮਦਦ ਲੈਣ ਦੀ ਪੇਸ਼ਕਸ਼ ਕਰ ਦਿੱਤੀ। ਸਾਹਿਬ ਦੀਆਂ ਚੁਨ੍ਹੀਆਂ ਅੱਖਾਂ ਵਿਚ ਚਮਕ ਨਿੱਤਰ ਪਈ।
'ਆਪ ਗਾੜੀ ਕੀ ਇੰਤਜ਼ਾਰ ਮੱਤ ਕਰੋ.. ਅਭੀ ਜਾਓ... ਟੈਕਸੀ ਲੇ ਲੋ।’ ਉਸ ਨੇ ਚੁੱਟਕੀ ਮਾਰੀ।
ਭਾਵੇਂ ਸਰਕਾਰੀ ਖਰਚਿਆਂ ਤੇ ਕੱਟ ਲੱਗਣ ਕਾਰਨ ਪਹਿਲੇ ਦਰਜੇ ਦਾ ਸਫਰ ਤੇ ਟੈਕਸੀ ਦੀ ਮਨਾਹੀ ਸੀ ਪਰ ਸਾਹਿਬ ਨੇ ਇਕਦਮ ਟੈਕਸੀ ਦੀ ਮਨਜ਼ੂਰੀ ਦੇ ਦਿੱਤੀ। ਦੋ ਹਜਾਰ ਰੁਪਏ ਅਗਾਊਂ ਟੀ. ਏ. ਬਿੱਲ ਵੀ ਮਨਜੂਰ ਹੋ ਗਿਆ। ਮੇਰੇ ਨਾਲ ਇੱਕ ਹੋਰ ਸਹਾਇਕ ਵਾਸਤੇ ਵੀ ਹਾਂ ਕਰ ਦਿੱਤੀ। ਮੇਰਾ ਸਹਾਇਕ ਸਤਿਨਾਮ ਸਿੰਘ ਹਰ ਰੋਜ਼ ਜਲੰਧਰ ਤੋਂ ਆਉਂਦਾ ਜਾਂਦਾ ਸੀ ਤੇ ਇਸ ਬਹਾਨੇ ਉਹ ਵੀ ਸਰਕਾਰੀ ਖ਼ਰਚੇ ਤੇ ਆਪਣੇ ਘਰ ਤੱਕ ਜਲਦੀ ਪਹੁੰਚਣ ਵਾਸਤੇ ਤਿਆਰ ਹੋ ਗਿਆ।
ਸਿਰੋਂ ਮੋਨੇ ਟੈਕਸੀ ਡਰਾਈਵਰ ਨੂੰ ਜਦ ਅੰਮ੍ਰਿਤਸਰ ਦਾ ਨਾਂ ਦੱਸਿਆ ਤਾਂ ਉਸ ਦੇ ਹੋਸ਼ ਉੱਡ ਗਏ ਤੇ ਆਨਾਕਾਨੀ ਕਰਨ ਲੱਗਾ। ਉਸ ਨੂੰ ਬਹੁਤ ਲਾਲਚ, ਦਿਲਾਸੇ ਤੇ ਫਲੌਣੀਆਂ ਦੇ ਕੇ ਮਸੀਂ ਮਨਾਇਆ।
'ਅੰਮ੍ਰਿਤਸਰ ਜਿਹੜਾ ਮੋਨਾ ਜਾਂਦਾ, ਉਹ ਜ਼ਿੰਦਾ ਵਾਪਸ ਨਹੀਂ ਮੁੜਦਾ।' ਉਸ ਨੇ ਡਰ ਨਾਲ ਮੂੰਹ ਅੱਡਿਆ।
'ਚਿੰਤਾ ਨਾ ਕਰ ਬੱਲਿਆ। ਪਹਿਲਾਂ ਸਾਡੀ ਵਾਰੀ ਆਏਗੀ.. ਫੇਰ ਤੇਰੀ।.. ਤੇ ਜੇ ਆਉਣੀ ਹੈ ਤਾਂ ਇੱਥੇ ਵੀ ਤੈਨੂੰ ਕਿਸੇ ਨਹੀਂ ਬਚਾਉਣਾ। ਤੈਨੂੰ ਅਸੀਂ ਰਾਤ ਦਾ ਵਾਧੂ ਭੱਤਾ ਤੇ ਰੋਟੀ ਪਾਣੀ ਮੁਫਤ ਦਿਆਂਗੇ। ਤੇਰੀ ਇਹ ਸਰਕਾਰੀ ਆਪਾਤਕਾਲ ਡਿਊਟੀ ਸਮਝੀ ਜਾਵੇਗੀ। ਜੇ ਤੈਨੂੰ ਕੁੱਝ ਹੋ ਵੀ ਗਿਆ ਤਾਂ ਤੇਰੀ ਫੈਮਲੀ ਨੂੰ ਇਕ ਲੱਖ ਮਿਲੂ।’ ਗੰਭੀਰ ਵਾਰਤਾਲਾਪ ਨੂੰ ਮੈਂ ਮਜ਼ਾਕ ਵਿਚ ਲਿਆਉਣ ਦੀ ਕੋਸਿ਼ਸ਼ ਕੀਤੀ।
'ਬਹੁਤ ਅੱਛਾ ਮਾਲਕ! ਮੈਂ ਦਸ ਮਿੰਟ ਵਿਚ ਆਇਆ... ਮੈਂ ਘਰ ਦੱਸ ਆਵਾਂ।’
ਉਸ ਦੀ ਅੱਖਾਂ ਵਿਚ ਬਿਜਲੀ ਚਮਕ ਪਈ ਤੇ ਉਹ ਚਲਾ ਗਿਆ। ਅਸੀਂ ਸਮਝਿਆ ਇਹ ਬਹਾਨਾ ਲਗਾ ਕੇ ਗਿਆ ਹੈ ਤੇ ਮੁੜ ਕੇ ਨਹੀਂ ਆਏਗਾ ਪਰ ਉਹ ਝਬਦੇ ਹੀ ਆ ਗਿਆ। ਸਿਰ ਤੇ ਕੇਸਰੀ ਰੰਗ ਦੀ ਪਗੜੀ ਤੇ ਗਲ ਵਿਚ ਗਾਤਰਾ ਲਟਕਾਈ ਉਹ ਪੂਰਾ ਸਿੰਘ ਸਜਿਆ ਮੁਸਕਰਾਉਂਦਾ ਮੈਂ ਬੜੀ ਮੁਸ਼ਕਲ ਪਛਾਣਿਆ। ਉਸ ਦਾ ਹੁਲੀਆ ਬਦਲਿਆ ਹੋਇਆ ਸੀ।
'ਸਾਡੀ ਯੁਨੀਅਨ ਨੇ ਬੱਧੀਆਂ ਬੱਧਾਈਆਂ ਪੱਗਾਂ ਤੇ ਗਾਤਰੇ ਰੱਖੇ ਹੋਏ ਹਨ। ਅਜੇਹੇ ਖਤਰਨਾਕ ਖੇਤਰਾਂ ਵੱਲ ਫੇਰੀ ਸਮੇਂ ਇਹ ਪਹਿਨਣ ਦੀ ਹਦਾਇਤ ਕਰ ਦਿੰਦੇ ਹਨ।’
'ਪਗੜੀ ਤਾਂ ਤੂੰ ਸਿਰ ਤੇ ਰੱਖ ਲਈ, ਇਹ ਕੁੱਝ ਮੰਨਣ ਵਾਲੀ ਗੱਲ ਹੋ ਸਕਦੀ ਹੈ ਪਰ ਇਹ ਗਾਤਰਾ! ਸ਼ਰੇਆਮ ਸਿੱਖ ਸਿਧਾਂਤ ਤੇ ਮਰਯਾਦਾ ਦੀ ਅਵਹੇਲਣਾ ਤੇ ਬੇਪਤੀ ਹੈ... ਤੈਨੂੰ ਨਕਲੀ ਸਿੰਘ ਸਮਝ ਕੇ ਨਾਲੇ ਤੇਰਾ ਗਾਟਾ ਲਾਹੁਣਗੇ ਨਾਲੇ ਮੇਰਾ... ਇਹ ਤਾਂ ਮੈਂ ਤੈਨੂੰ ਹਰਗਿਜ਼ ਨਹੀਂ ਪਾਉਣ ਦੇਣਾ।’
'ਨਹੀਂ ਜਨਾਬ! ਤੁਸੀਂ ਭੋਰਾ ਫਿਕਰ ਨਾ ਕਰੋ। ਮੈਂ ਤੁਹਾਡੀ ਵੀ ਰਾਖੀ ਕਰੂੰ। ਹੰਗਾਮੀ ਹਾਲਤ ਵਿਚ ਮੈਂ ਮਰਨ ਤੋਂ ਪਹਿਲਾਂ ਕਈ ਮਾਰ ਕੇ ਮਰੂੰ।’ ਯੂਨੀਅਨ ਦਾ ਸਿਖਾਇਆ ਭੜਕਾਇਆ ਉਹ ਸ਼ੇਰ ਵਾਂਗ ਦਾਹੜ ਰਿਹਾ ਸੀ।
'ਨਹੀਂ ਇਸ ਨੂੰ ਲਾਹ ਕੇ ਪਿੱਛੇ ਡਿੱਗ੍ਹੀ ਵਿਚ ਰੱਖ ਦੇਹ।’
'ਬਿਹਤਰ ਜਨਾਬ, ਜਿਵੇਂ ਹੁਕਮ।’ ਉਹ ਮੰਨ ਗਿਆ ਤੇ ਗਾਤਰਾ ਉਤਾਰ ਕੇ ਮੈਨੂੰ ਫੜਾ ਦਿੱਤਾ।
ਉਹ ਅੱਖਾਂ ਮੀਟ ਕੇ ਅੰਬੇ ਮਾਤਾ ਨੂੰ ਧਿਆ ਕੇ ਚੱਲ ਪਿਆ। ਮੈਂ ਉਸ ਦੀ ਬਿਰਤੀ ਵਿਚ ਵਿਘਨ ਨਹੀਂ ਪਾਉਣਾ ਚਾਹੁੰਦਾ ਸੀ। ਮਨ ਹੀ ਮਨ ਵਿਚ ਉਹ ਬਹੁਤ ਇਕਾਗਰਚਿੱਤ ਹੋ ਰਿਹਾ ਸੀ। ਉਸ ਦੇ ਬੁੱਲ੍ਹ ਕੋਈ ਭਜਨ ਸ਼ਬਦ ਪੜ੍ਹ ਰਹੇ ਸਨ। ਜੀ. ਟੀ. ਰੋਡ ਦੇ ਅਮਲਤਾਸ ਮੋਟਲ ਨੇੜੇ ਪਹੁੰਚ ਕੇ ਉਸ ਨੇ ਸਿਜਦੇ ਵਜੋਂ ਬਰੇਕ ਲਗਾਈ। ਉਸ ਦੇ ਮੂੰਹ ਤੇ ਕੋਈ ਭਿਆਨਿਕ ਘਟਨਾਂ ਦਾ ਨਕਸ਼ਾ ਉੱਭਰ ਆਇਆ।
'ਐਥੇ ਮੈਂ ਘੇਰਿਆ ਗਿਆ ਸੀ ਸਰ! ਲਾਲੇ ਨੂੰ ਮਾਰਨ ਵਾਲੇ ਤਾਂ ਕਾਰਾ ਕਰ ਕੇ ਨਿਕਲ ਗਏ ਪਰ ਪੁਲਸ ਨੇ ਰਾਹ ਜਾਂਦਾ ਇਕ ਮੋਟਰਸਾਈਕਲ ਸਵਾਰ ਢਾਹ ਲਿਆ। ਤਾੜ ਤਾੜ! ਜਿਵੇਂ ਉਹ ਹਵਾ ਵਿਚ ਗੋਲੀਆਂ ਮਾਰ ਕੇ ਆਪਣੀ ਕਾਰਵਾਈ ਪਾ ਰਹੇ ਸਨ। ਗੜਿਆਂ ਵਾਂਗ ਗੋਲੀਆਂ ਵਰ੍ਹੀਆਂ। ਮੈਂ ਆਟੋ ਰਿਕਸ਼ੇ ਤੇ ਸਵਾਰੀਆਂ ਛੱਡ ਕੇ ਸੜਕ ਤੇ ਮੂਧਾ ਪੈ ਗਿਆ। ਹਫੜਾ-ਤਫੜੀ ਵਿਚ ਮੇਰੀ ਇਕ ਸਵਾਰੀ ਵੀ ਦੌੜਦੀ ਡਿੱਗ ਕੇ ਜ਼ਖਮੀ ਹੋ ਗਈ ਸੀ।’
ਇਹ ਲਾਲਾ ਜਗਤ ਨਾਰਾਇਣ ਦਾ ਮਰਨ ਸਥਾਨ ਸੀ, ਜਿੱਥੇ ਉਹ ਥੋੜ੍ਹਾ ਜਿਹਾ ਰੁਕਿਆ ਤੇ ਹੱਥ ਜੋੜਦੇ ਨਮਸਕਾਰ ਕਰਦੇ ਕੰਨਾਂ ਮੂੰਹ ਨੂੰ ਹੱਥ ਲਾਏ ਜਿਵੇਂ ਤੋਬਾ ਕਰ ਰਿਹਾ ਹੋਵੇ। ਲਾਲਾ ਜਗਤ ਨਾਰਾਇਣ ਹਿੰਦ ਸਮਾਚਾਰ ਸਮੂਹ ਦਾ ਸੰਪਾਦਕ ਤੇ ਮਾਲਕ ਸੀ ਜਿਸ ਨੂੰ ਉਗਰਪੰਥੀਆਂ ਨੇ ਇੱਥੇ ਘੇਰ ਕੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਇਸ ਨਾਲ ਪਹਿਲਾਂ ਹੀ ਅੱਗ ਵਿਚ ਭੁੱਜਦਾ ਪੰਜਾਬ ਹੋਰ ਮੁਤੱਸਬੀ ਲਪਟਾਂ ਵਿਚ ਘਿਰ ਗਿਆ ਸੀ। ਉਹ ਭਿਆਨਕ ਸੀਨ ਉਸ ਦੀਆਂ ਅੱਖਾਂ ਵਿਚ ਤਰਦਾ ਮੈਂ ਸਪਸ਼ਟ ਵੇਖ ਰਿਹਾ ਸਾਂ। ਮੈਂ ਉਸ ਦਾ ਹੁੰਗਾਰਾ ਭਰਨ ਤੋਂ ਬਿਨਾਂ ਹੀ ਅੱਖਾਂ ਮੀਟ ਕੇ ਆਰਾਮ ਕਰਨ ਦਾ ਢਕੌਂਜ ਬਣਾਇਆ ਕਿਉਂਕਿ ਮੇਰੇ ਵਾਸਤੇ ਹੁਣ ਹਰ ਰੋਜ਼ ਘਟਣ ਵਾਲੀਆਂ ਆਤੰਕੀ ਘਟਨਾਵਾਂ ਕੋਈ ਅਲੋਕਾਰ ਕਾਰੇ ਨਹੀਂ ਸਨ। ਇਨ੍ਹਾਂ ਵਿਚੋਂ ਬਹੁਤ ਸਾਰੇ ਸਾਕੇ ਮੈਂ ਆਪਣੇ ਹੱਡਾਂ ਤੇ ਹੰਢਾਏ ਤੇ ਅੱਖਾਂ ਵਿਚੋਂ ਲੰਘਾਏ ਸਨ।
'ਤੂੰ ਅੱਜ ਤੇ ਕੱਲ੍ਹ ਦੀ ਫਰਲੋ ਮਾਰ ਤੇ ਐਸ਼ ਕਰ... ਪਰਸੋਂ ਸਵੇਰੇ ਇੱਥੇ ਹੀ ਮਿਲ ਪਵੀਂ ਜਾਂ ਸਿੱਧਾ ਦਫਤਰ ਆ ਜਾਵੀਂ। ਅੰਮ੍ਰਿਤਸਰ ਵਾਲਾ ਸਾਰਾ ਝੰਜਟ ਮੈਂ ਆਪੇ ਨਬੇੜ ਲਵਾਂਗਾ।’ ਮੈਂ ਸਤਿਨਾਮ ਸਿੰਘ ਨੂੰ ਜਲੰਧਰ ਪੀ. ਏ. ਪੀ. ਚੌਂਕ ਵਿਚ ਉਤਾਰ ਦਿੱਤਾ।
'ਜਦੋਂ ਵੀ ਜਾਣਾ ਮੁੜਨਾ, ਮੈਨੂੰ ਨਾਲ ਲੈ ਕੇ ਜਾਇਓ ਸਰ।’ ਉਸ ਦਾ ਤਰਲਾ ਸੀ।
ਉੱਥੇ ਖੜ੍ਹੇ ਕਣੀਆਂ ਵਿਚ ਠਰ ਭਿੱਜ ਰਹੇ ਮੁਸਾਫਰ ਵੇਖ ਕੇ ਮੈਂ ਉਨ੍ਹਾਂ ਨੂੰ ਸੁਲ੍ਹਾ ਮਾਰਨ ਲਈ ਡਰਾਈਵਰ ਨੂੰ ਕਿਹਾ। ਉਸ ਨੇ ਓਪਰੀ ਸਵਾਰੀ ਚੁੱਕਣ ਤੋਂ ਸਾਫ ਇਨਕਾਰ ਕਰ ਦਿੱਤਾ ਕਿਉਂਕਿ ਅਜੇਹੇ ਹਾਲਾਤਾਂ ਵਿਚ ਕਿਸੇ ਹੋਰ ਦਾ ਭਲਾ ਕਰਨਾ ਜਾਂ ਜਿ਼ੰਮੇਵਾਰੀ ਲੈਣੀ ਅਤਿਅੰਤ ਖਤਰਨਾਕ ਸਮਝੀ ਜਾਂਦੀ ਸੀ।
ਢਿੱਲਵਾਂ ਦੇ ਝੱਲ ਵੇਖ ਕੇ ਮੈਨੂੰ ਕਾਂਬਾ ਛਿੜ ਗਿਆ। ਇੱਥੋਂ ਹੀ ਕਿਸੇ ਸ਼ਰਾਰਤੀ ਗਰੁੱਪ ਨੇ ਪਹਿਲੀ ਵਾਰ ਇੱਕ ਮੁਸਾਫਿਰ ਬੱਸ ਅਗਵਾ ਕਰ ਕੇ ਕੁਰਾਹੇ ਲਿਜਾ ਕੇ ਇਕ ਖਾਸ ਫਿਰਕੇ ਦੇ ਮੁਸਾਫਰਾਂ ਨੂੰ ਬਾਹਰ ਕੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜੋ ਪੰਜਾਬ ਦੀ ਸ਼ਾਂਤੀ ਵਿਚ ਪਲੀਤਾ ਬਣ ਕੇ ਬਹੁਤ ਦੇਰ ਭੜਾਕਾ ਬਣ ਭੜਕਦਾ ਰਿਹਾ ਸੀ।
ਮੈਂ ਡਰਾਈਵਰ ਨੂੰ ਨਾਨ-ਸਟਾਪ ਚੱਲਣ ਵਾਸਤੇ ਕਹਿ ਦਿੱਤਾ ਤੇ ਇੱਕ ਥਾਂ ਰੁਕਣ ਦਾ ਆਪਣਾ ਪ੍ਰੋਗਰਾਮ ਦੱਸ ਦਿੱਤਾ। ਖਾੜਕੂ ਹੈੱਡਕੁਆਟਰ ਤੱਕ ਰਸਾਈ ਵਾਸਤੇ ਮੈਂ ਰਸਤੇ ਵਿਚ ਕਿਸੇ ਹੋਰ ਸਿਫਾਰਿਸ਼ ਨੂੰ ਅੱਗੇ ਲਾਉਣਾ ਚਾਹੁੰਦਾ ਸੀ ਕਿਉਂਕਿ ਮੇਰੀ ਅਧਕੱਟੀ ਦਾੜ੍ਹੀ ਤੋਂ ਮੈਨੂੰ ਆਪ ਡਰ ਆ ਰਿਹਾ ਸੀ। ਸੁੱਖਦੇਵ ਸਿੰਘ ਉਰਫ ਸੁੱਖਾ ਸਖੀਰਾ ਦਾੜ੍ਹੀ ਕੱਟਦੇ ਸਿੱਖਾਂ ਦੇ ਬਹੁਤ ਖਿਲਾਫ ਸੀ ਤੇ ਉਸ ਨੇ ਇਸ ਤਰ੍ਹਾਂ ਕਰਨ ਵਾਲੇ ਕਈ ਨਕਲੀ ਸਿੱਖ ਝਟਕਾਏ ਸਨ। ਉਸ ਦਾ ਮੱਤ ਸੀ ਕਿ ਜੇ ਤੁਸੀਂ ਸਿੱਖ ਹੋ ਤਾਂ ਪੂਰਨ ਸਿੱਖ ਬਣੋ। ਮੈਂ ਨਹੀਂ ਸੀ ਚਾਹੁੰਦਾ ਦਫਤਰ ਦੀ ਸਿਫਾਰਿਸ਼ ਕਰਦੇ ਕਰਦੇ ਆਪ ਮੌਤ ਦੇ ਮੂੰਹ ਜਾ ਪਵਾਂ। ਮੈਨੂੰ ਯਾਦ ਆਇਆ ਤਰਨਤਾਰਨ ਦਾ ਮੁਖਤਾਰ ਸਿੰਘ ਉਸ ਦੇ ਬਹੁਤ ਨੇੜੇ ਤੇ ਵਿਸ਼ਵਾਸ਼ਪਾਤਰ ਹੈ ਤੇ ਉਸ ਨਾਲ ਮੇਰਾ ਵੀ ਹੱਥ ਮਿਲਦਾ ਸੀ। ਮੈਂ ਤਰਾਈਵਰ ਨੂੰ ਤਰਨਤਾਰਨ ਦਾ ਰਸਤਾ ਲੈਣ ਲਈ ਕਿਹਾ। ਉਸ ਨੇ ਅੱਖਾਂ ਜਿਹੀਆਂ ਭੰਗਾਰੀਆਂ। ਮੈਂ ਉਸ ਦੇ ਜਾਇਜ਼ ਸਰੋਕਾਰ ਤੋਂ ਭਲੀਭਾਂਤ ਜਾਣੂੰ ਸਾਂ। ਇਹ ਇਲਾਕਾ ਸਾਰੇ ਖਾੜਕੂਵਾਦ ਦੀ ਪਨੀਰੀ ਸੀ ਜਿੱਥੇ ਹਰ ਕੋਈ ਜਾਣ ਤੋਂ ਕਤਰਾਉਂਦਾ ਸੀ। ਉਸ ਦੇ ਸ਼ੈਲਰ ਤੇ ਬਰੇਕ ਲਾਉਣ ਤੇ ਗੇਟ ਕੋਲ ਪਹੁੰਚ ਕੇ ਕੁੰਡਾ ਖੜਕਾਇਆ। ਝੀਤ ਵਿਚਦੀ ਚੌਕੀਦਾਰ ਨੂੰ ਆਪਣੇ ਨਾਂ ਦੀ ਪਰਚੀ ਦਿੱਤੀ। ਉਸ ਨੇ ਘੋਖ ਕੀਤੀ ਤੇ ਅੰਦਰ ਸੁਨੇਹਾ ਪਹੁੰਚਾਇਆ। ਅੰਦਰੋਂ ਬੁਲਾਵਾ ਆ ਗਿਆ। ਫੁੱਲਾਂ ਵਾਂਗ ਖਿੜੀ ਸ਼ਖਸ਼ੀਅਤ ਦਾ ਮਾਲਕ ਮੁਖਤਾਰ ਸਿੰਘ ਮੈਨੂੰ ਇਕ ਤਹਿਖਾਨੇ ਅੰਦਰ ਲੈ ਗਿਆ। ਮੈਂ ਡਰਨ ਲੱਗਾ ਕਿ ਕਿਤੇ ਨਮਾਜ਼ ਬਖਸ਼ਾਉਣ ਆਏ ਰੋਜ਼ੇ ਨਾ ਗਲ ਪੈ ਜਾਣ। ਲੱਖ ਵਾਰ ਨਾਂਹ ਨਾਂਹ ਕਰਨ ਤੇ ਉਹ ਨਹੀਂ ਮੰਨਿਆ ਤੇ ਸੇਵਾਦਾਰ ਨੂੰ ਦੁੱਧ ਪੱਤੀ ਦਾ ਹੁਕਮ ਦੇ ਦਿੱਤਾ। ਮੈਂ ਉਸ ਨੂੰ ਆਪਣੀ ਦੁੱਖਾਂ ਭਰੀ ਦਾਸਤਾਨ ਸੁਣਾਈ ਤਾਂ ਜੋ ਉਹ ਸਾਡੀ ਮਦਦ ਕਰ ਸਕੇ।
'ਅਸੀਂ ਤਾਂ ਆਪ ਖਾੜਕੂਆਂ ਦੀ ਹਿੱਟ ਲਿਸਟ ਵਿਚ ਹਾਂ ਤੇ ਪਤਾ ਨਹੀਂ ਕਦ ਕਿਹੜੀ ਘੜੀ ਇਹ ਬਿਪਤਾ ਸਿਰ ਤੇ ਆਣ ਪੈਣੀ ਹੈ।’ ਉਸ ਨੇ ਸਾਫ਼ ਸਿਰ ਫੇਰ ਦਿੱਤਾ। ਉਹ ਆਪ ਬੜਾ ਪਰੇਸ਼ਾਨ ਸੀ।
ਉਸ ਨੂੰ ਆਪਣੀ ਪਰਾਬਲਮ ਸੁਲਝਾਉਣ ਵਾਸਤੇ ਮੈਂ ਆਪਣੇ ਇੱਕੋ ਇੱਕ ਸੰਭਾਵੀ ਸਰੋਤ ਬਾਰੇ ਦੱਸਿਆ ਤਾਂ ਉਹ ਬਹੁਤ ਪ੍ਰਸੰਨ ਹੋਇਆ।
'ਹਾਂ ਹਾਂ ਮੈਨੂੰ ਪਤਾ ਸੁੱਖਾ ਸਖੀਰਾ! .. ਮੇਰੇ ਭਰਾ ਦਾ ਸਰਨਾਮੀਆ ਹੈ ਉਹ.. ਉਸ ਨੂੰ ਭਲਾ ਕੋਣ ਨਹੀਂ ਜਾਣਦਾ! ਉਹ ਬੜਾ ਕੰਮ ਦਾ ਦੂਲਾ ਬੰਦਾ ਹੈ ਤੇ ਤੁਹਾਡੀ ਪ੍ਰਾਬਲਮ ਵਾਸਤੇ ਬਿਲਕੁਲ ਢੁਕਵਾਂ ਦਰੁਸਤ ਸਰੋਤ ਹੈ। ਜੇ ਉਸ ਦੇ ਮਨ ਮਿਹਰ ਪੈ ਜਾਵੇ ਤਾਂ ਤੁਹਾਡਾ ਕੰਮ ਅਵੱਸ਼ ਸਿੱਧਾ ਹੋ ਜਾਵੇਗਾ।’ ਉਸ ਦੀ ਪ੍ਰੋੜਤਾਂ ਨੇ ਮੇਰਾ ਸੁੱਕ ਰਿਹਾ ਲਹੂ ਮੁੜ ਨੌਂਬਰਨੌਂ ਕਰ ਦਿੱਤਾ।
'ਤੁਹਾਡਾ ਗਰਾਈਂ ਹੈ, ਤੁਹਾਡੀ ਕਿਵੇਂ ਮੋੜੇਗਾ.. ਮਿਹਰਬਾਨੀ ਕਰ ਕੇ ਉਸ ਕੋਲ ਸਿਫ਼ਾਰਿਸ਼ ਕਰ ਕੇ ਸਾਡਾ ਵੀ ਛੁਟਕਾਰਾ ਕਰਵਾ ਦਿਓ।
ਸਾਡੀ ਵੀ ਕਹਿੰਦੇ ਘੜੇ ਵਿਚੋਂ ਪਰਚੀ ਕੱਢੀ ਫਿਰਦੇ ਨੇ।' ਤਰਨਤਾਰਨ ਸ਼ੈਲਰਾਂ ਦੀ ਯੂਨੀਅਨ ਦਾ ਪ੍ਰਧਾਨ ਉਹ ਬੱਬਰ ਸ਼ੇਰ ਅੱਜ ਗਰੀਬੜਾ ਜਿਹਾ ਬਣਿਆ ਬੈਠਾ ਸੀ।
ਇੱਥੇ ਰੁਕ ਕੇ ਸਮਾਂ ਤਾਂ ਅੱਧਾ ਘੰਟਾ ਲੱਗ ਗਿਆ ਪਰ ਇਹ ਵਿਅਰਥ ਨਹੀਂ ਸੀ। ਇਸ ਨੇ ਮੈਨੂੰ ਮਾਨਸਿਕ ਸਕੂਨ ਤੇ ਹੱਲਾਸ਼ੇਰੀ ਦਾ ਥਾਪੜਾ ਦੇ ਦਿੱਤਾ। ਮਨ ਵਿਚ ਉਮੀਦਾਂ ਨੂੰ ਫੁਲ ਪੈਂਦੇ ਲੈ ਕੇ ਇਹ ਮੁਸ਼ਕਲ ਪੈਂਡਾ ਤਹਿ ਕਰ ਕੇ ਅੰਮ੍ਰਿਤਸਰ ਪਹੁੰਚੇ।
ਮੈਂ ਆਪਣੇ ਜਰਨੈਲ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਅੱਗੋਂ ਉੱਤਰ ਮਿਲਿਆ ਕਿ ਉਹ ਕਿਸੇ ਜ਼ਰੂਰੀ ਮਿਸ਼ਨ ਤੇ ਬਾਹਰ ਗਏ ਹੋਏ ਹਨ ਤੇ ਸਵੇਰੇ ਗਿਆਰਾਂ ਵਜੇ ਮਿਲਣਗੇ। ਉਸ ਨੂੰ ਮਿਲ਼ਨਾ ਕਿਸੇ ਵਜ਼ੀਰ ਨਾਲ ਮੁਲਾਕਾਤ ਤੋਂ ਘੱਟ ਨਹੀਂ ਸੀ।
ਸੁਖਦੇਵ ਸਿੰਘ ਸਖੀਰਾ ਉਰਫ ਸੁੱਖਾ ਦੇ ਸਿਰ ਸਰਕਾਰ ਨੇ ਇੱਕ ਲੱਖ ਦਾ ਇਨਾਮ ਰੱਖਿਆ ਸੀ। ਮੈਂ ਸਮਝਦਾ ਸੀ ਕਿ ਉਹ ਲੁਕ ਛਿਪ ਕੇ ਰਹਿੰਦਾ ਹੋਵੇਗਾ ਪਰ ਉਹ ਨਿੱਡਰ ਜੋਧਾ ਲੰਗਰ ਹਾਲ ਦੀ ਛੱਤ ਤੇ ਬੜੇ ਆਰਾਮ ਨਾਲ ਟਹਿਲਦਾ ਮਿਲ ਗਿਆ। ਉਹ ਲੰਗਰ ਦੀ ਛੱਤ ਉੱਪਰ ਸਮਾਨੰਤਰ ਸਰਕਾਰ ਦੇ ਦਰਬਾਰ ਲਗਾ ਕੇ ਸੰਗਤ ਦਰਸ਼ਨ ਕਰ ਕੇ ਪੀੜਤ ਦੁਖੀਆਂ ਦੀਆਂ ਸ਼ਿਕਾਇਤਾਂ ਸੁਣ ਰਿਹਾ ਸੀ ਤੇ ਮੌਕੇ ਤੇ ਹੀ ਨਿਪਟਾਰਾ ਕਰੀ ਜਾ ਰਿਹਾ ਸੀ।
ਉਸ ਨੂੰ ਆਪਣੀ ਜਾਣ-ਪਛਾਣ ਕਰਵਾਈ ਕਿ ਮੈਂ ਤੁਹਾਡੇ ਪਿੰਡ ਤੋਂ ਹਾਂ ਤੇ ਤੇਰੇ ਬਾਪੂ ਨਾਲ ਛੋਟੇ ਹੁੰਦੇ ਕਬੱਡੀ ਘੋਲ ਖੇਡਿਆ ਕਰਦਾ ਸੀ।
'ਜੀ ਆਇਆਂ ਨੂੰ... ਸੇਵਾ ਦੱਸੋ।’ ਉਸ ਦੇ ਮੂੰਹੋਂ ਫੁਲ ਕਿਰੇ।
ਮੈਂ ਡਰਦੇ ਝਕਦੇ ਉਸ ਨੂੰ ਸਾਰੀ ਕਹਾਣੀ ਦੱਸੀ ਤੇ ਦਫਤਰ ਵਿਚ ਪਹੁੰਚੀਆਂ ਚਿੱਠੀਆਂ ਵੀ ਦਿਖਾ ਦਿੱਤੀਆਂ। ਉਸ ਨੇ ਬੜੀ ਹਮਦਰਦੀ ਨਾਲ ਗੱਲ ਸੁਣੀ, ਰੁੱਕੇ ਘੋਖੇ ਤੇ ਨਾਲ ਦੇ ਸਿੰਘਾਂ ਨੂੰ ਇਸ ਬਾਰੇ ਦਰਿਆਫ਼ਤ ਕਰਨ ਲਈ ਕਹਿ ਦਿੱਤਾ। ਸੇਵਾਦਾਰ ਨੇ ਦਸ ਵੀਹ ਮਿੰਟ ਟੈਲੀਫੋਨ ਘੁਮਾਏ ਜੋ ਸ਼ਾਇਦ ਵਾਇਰਲੈੱਸ ਹਾਟ-ਲਾਈਨ ਨਾਲ ਜੁੜੇ ਹੋਏ ਸਨ ਤੇ ਪੜਤਾਲ ਕਰ ਕੇ ਵਾਪਿਸ ਆ ਗਿਆ।
'ਅਜੇਹੀ ਕੋਈ ਚਿੱਠੀ ਸਾਡੀ ਕਿਸੇ ਜਥੇਬੰਦੀ ਵੱਲੋਂ ਨਹੀਂ ਲਿਖੀ ਗਈ। ਸਾਡੇ ਕੋਲ ਨਾ ਕੋਈ ਤੁਹਾਡੀ ਸ਼ਿਕਾਇਤ ਹੈ ਤੇ ਨਾਂ ਕਿਸੇ ਦੀ ਡਿਊਟੀ ਲੱਗੀ ਹੈ। ਇਹ ਸਭ ਬਕਵਾਸ ਹੈ ਤੇ ਇਹ ਕਿਸੇ ਲੁਟੇਰੇ, ਗਿਰੋਹ ਦਾ ਕੰਮ ਹੈ ਜੋ ਸਾਡੇ ਨਾਮ ਤੇ ਲੋਕਾਂ ਨੂੰ ਬਲੈਕਮੇਲ ਕਰ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਨੇ। ਇਸ ਦੀ ਪੜਚੋਲ ਕਰ ਕੇ ਜਾਅਲੀ ਚਿੱਠੀ ਲਿਖਣ ਵਾਲੇ ਦਾ ਪਤਾ ਲੱਗੇ ਤਾਂ ਸਾਨੂੰ ਵੀ ਦੱਸੋ, ਅਸੀਂ ਉਸ ਨਾਲ ਆਪੇ ਸਿੱਝ ਲਵਾਂਗੇ। ਸਾਨੂੰ ਹੋਰ ਵੀ ਸ਼ਿਕਾਇਤਾਂ ਮਿਲੀਆਂ ਹਨ। ਅਸੀਂ ਇਨ੍ਹਾਂ ਦੀ ਪੜਤਾਲ ਕਰਵਾ ਰਹੇ ਹਾਂ ਤੇ ਉਹ ਜਲਦੀ ਹੀ ਸਾਡੇ ਸ਼ਿਕੰਜੇ ਚੜ੍ਹ ਜਾਣਗੇ। ਤੁਸੀਂ ਜਾਓ ਨਿਸ਼ਚਿੰਤ ਹੋ ਕੇ.. ਇਹ ਸਾਡਾ ਕਾਰਡ ਲੈ ਜਾਓ। ਜੇ ਕੋਈ ਫੇਰ ਆਵੇ ਤਾਂ ਇਹ ਸਨਦ ਦਿਖਾ ਦਿਓ ਜਾਂ ਉਸ ਨੂੰ ਬਿਠਾ ਕੇ ਮੈਨੂੰ ਫ਼ੋਨ ਕਰ ਦਿਓ।’ ਮੈਨੂੰ ਉਸ ਨੇ ਪਹਿਲੀ ਮੁਲਾਕਾਤੇ ਮੈਨੂੰ ਫ਼ਾਰਗ ਕਰ ਦਿੱਤਾ।
'ਉੱਧਰ ਜਥੇਦਾਰ ਕਾਉਂਕੇ ਵੀ ਬੜਾ ਨੇਕ ਮਹਾਂਪੁਰਖ ਹੈ ਤੇ ਸਿੱਖ ਮਸਲਿਆਂ ਨੂੰ ਸੁਲਝਾਉਣ ਵਾਸਤੇ ਪੂਰਾ ਸਰਗਰਮ ਹੈ। ਤੁਸੀਂ ਉਸ ਨੂੰ ਮਿਲ ਲਿਓ। ਉਹ ਵੀ ਤੁਹਾਡੀ ਜਰੂਰ ਮਦਦ ਕਰੇਗਾ।’ ਉਨ੍ਹਾਂ ਪਿੱਛੋਂ ਆਵਾਜ਼ ਮਾਰ ਕੇ ਮੇਰੇ ਮਨ ਵਿਚ ਹੋਰ ਟਾਨਿਕ ਭਰ ਦਿੱਤੀ।
ਮੈਂ ਸਾਕਾਰਤਮਿਕ ਸੰਦੇਸ਼ ਲੈ ਕੇ ਵਾਪਿਸ ਮੁੜ ਪਿਆ ਤੇ ਬਾਹਰ ਆ ਕੇ ਆਪਣੇ ਬਾਸ ਨੂੰ ਫੋਨ ਕਰ ਦਿੱਤਾ ਕਿ ਕੰਮ ਠੀਕ ਨਿਪਟ ਗਿਆ ਹੈ ਤੇ ਅਸੀਂ ਕੱਲ੍ਹ ਨੂੰ ਆਵਾਂਗੇ।
ਅਗਲੇ ਦਿਨ ਜਾ ਕੇ ਤਿੰਨ ਦਿਨਾਂ ਦਾ ਬੰਦ ਪਿਆ ਦਫ਼ਤਰ ਖੁੱਲ੍ਹਵਾਇਆ। ਸਾਹਿਬ ਉਸ ਦਿਨ ਤੋਂ ਮੇਰੇ ਤੇ ਬਹੁਤ ਅਹਿਸਾਨਮੰਦ ਤੇ ਮਿਹਰਬਾਨ ਹੋ ਗਿਆ।
ਇੱਕ ਦਿਨ ਫੇਰ ਮੈਂ ਅਜੇ ਦਫ਼ਤਰ ਦਾਖਲ ਹੋਇਆ ਹੀ ਸੀ ਕਿ ਫ਼ੋਨ ਖੜਕ ਪਿਆ। ਫ਼ੋਨ ਦੀ ਉੱਚੀ ਧਮਕੀ ਭਰੀ ਆਵਾਜ਼ ਮੈਂ ਲਾਗੇ ਖੜ੍ਹੇ ਨੇ ਸੁਣ ਲਈ।
'ਤੇਰਾ ਨਾਮ ਕੀ ਆ ਓਏ? ਕੌਣ ਏਂ ਤੂੰ?....।' ਉਸ ਦੀ ਭਬਕਵੀਂ ਆਵਾਜ਼ ਨਾਲ ਸਾਹਬ ਦੇ ਪੈਰ ਹਿੱਲ ਗਏ।
'ਮੈਂ....ਮੈਂ... ਰੰਧਾਵਾ ਸਾਹ..।' ਸਾਹਿਬ ਦੇ ਹੱਥ ਕੰਬ ਰਹੇ ਸਨ।
ਟੈਲੀਫ਼ੋਨ ਦਾ ਚੋਗਾ ਉਸ ਦੇ ਹੱਥੋਂ ਥਿੜਕ ਪਿਆ। ਪਿੱਛੇ ਬੈਠ ਕੇ ਉਸ ਨੇ ਪਾਣੀ ਦਾ ਗਿਲਾਸ ਨੂੰ ਮੂੰਹ ਲਾ ਲਿਆ। ਸਾਹੋ ਸਾਹੀ ਹੋਇਆ ਉਸ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ। ਪਿਛਲੇ ਕਈ ਦਿਨਾਂ ਤੋਂ ਬੇਨਾਮੀ ਫ਼ੋਨ ਆ ਰਹੇ ਸਨ। ਉਹ ਕਿਸੇ ਅੱਤਵਾਦੀ ਗਰੁੱਪ ਦਾ ਨਾਮ ਲੈ ਕੇ ਧਮਕੀਆਂ ਦਿੰਦਾ ਕਦੇ ਕੋਈ ਹੋਰ ਨਾਮ ਨਾਲ ਆਪ ਦਫ਼ਤਰ ਆ ਕੇ ਮੁਖੀ ਨੂੰ ਟੱਕਰਨ ਤੇ ਸੋਧਣ ਦੀ ਚੇਤਾਵਨੀ ਦਿੰਦਾ। ਸਾਹਿਬ ਨੇ ਦਫਤਰ ਵਿਚ ਹਦਾਇਤ ਦੇ ਰੱਖੀ ਸੀ ਕਿ ਕਿਸੇ ਨੂੰ ਮੁਖੀ ਦਾ ਨਾਮ ਨਹੀਂ ਦੱਸਣਾ। ਅਜੀਬ ਜਿਹਾ ਮਾਮਲਾ ਸੀ। ਫ਼ੋਨ ਕਰਤਾ ਉਸ ਨੂੰ ਮਿਲ਼ਨ ਦਾ ਸਮਾਂ ਮੰਗ ਰਿਹਾ ਸੀ। ਕੋਈ ਬੰਦਾ ਭਰਤੀ ਕਰਾਉਣਾ ਹੋਊ! ਸਾਹਿਬ ਨੇ ਮੇਰਾ ਨਾਂ ਵਰਤ ਕੇ ਫ਼ੋਨ ਮੈਨੂੰ ਫੜਾ ਦਿੱਤਾ। ਉਹ ਉੱਚੀ ਉੱਚੀ ਗਾਲ੍ਹਾਂ ਕੱਢ ਰਿਹਾ ਸੀ ਤੇ ਦਫ਼ਤਰ ਖ਼ਾਲੀ ਨਾ ਕਰਨ ਦੇ ਭਾਰੀ ਨੁਕਸਾਨ ਦੇ ਅੰਜਾਮ ਦੀ ਧਮਕੀ ਦੇ ਰਿਹਾ ਸੀ।
'ਵੀਰ ਜੀ! ਤਹੱਮਲ ਨਾਲ ਬੋਲੋ... ਸ਼ਾਂਤੀ ਕਰੋ। ਜਿਵੇਂ ਕਹੋ ਅਸੀਂ ਤੁਹਾਡੇ ਹੁਕਮ ਮੰਨਣ ਨੂੰ ਤਿਆਰ ਹਾਂ। ਆਪਣਾ ਫ਼ੋਨ ਨੰਬਰ, ਥਾਂ ਟਿਕਾਣਾ ਪਤਾ ਦੱਸ ਦਿਓ... ਤੁਸੀਂ ਕੌਮ ਦੀ ਸੇਵਾ ਕਰਦੇ ਹੋ ਅਸੀਂ ਤੁਹਾਡੀ ਸੇਵਾ ਕਰਾਂਗੇ, ਜੋ ਕਹੋ ਤੁਹਾਡਾ ਡੰਨ ਭਰਾਂਗੇ। ਅਸੀਂ ਤੁਹਾਨੂੰ ਮਿਲ ਕੇ ਆਪਸੀ ਵਿਚਾਰ ਵਟਾਂਦਰਾ ਕਰ ਲਵਾਂਗੇ। ਤੁਸੀਂ ਦੱਸੋ ਕਦੋਂ ਆਉਣਾ ਹੈ। ਸੁਖਦੇਵ ਸੁੱਖਾ ਖ਼ਾਲਸਾ ਆ ਕੇ ਤੁਹਾਡੀ ਤਸੱਲੀ ਕਰਵਾ ਦੇਵੇਗਾ।’
ਫੋਨ ਕੱਟਿਆ ਗਿਆ ਤੇ ਫਿਰ ਕਦੇ ਅਜੇਹਾ ਫ਼ੋਨ ਨਹੀਂ ਆਇਆ।
ਲੁਧਿਆਣੇ ਸਟੇਸ਼ਨ ਤੇ ਖੜ੍ਹੇ ਹੋਰ ਦੇਰ ਕਰਨ ਤੇ ਸਮਾਂ ਗਵਾਉਣ ਦੀ ਗੁੰਜਾਇਸ਼ ਨਹੀਂ ਸੀ। ਸੂਰਜ ਦੀ ਟੁਕੜੀ ਬਹੁਤ ਦੇਰ ਦੀ ਗਵਾਚ ਚੁੱਕੀ ਸੀ ਤੇ ਚੁਫੇਰੇ ਬੱਤੀਆਂ ਜਗ ਪਈਆਂ ਸਨ। ਸਾਰੇ ਦਿਨ ਦੀ ਪਰੇਸ਼ਾਨੀ ਤੇ ਗੱਡੀਆਂ ਦੀ ਬੇਵਫ਼ਾਈ ਕਾਰਨ ਮੇਰਾ ਮਨ ਬੁਝਿਆ ਬੁਝਿਆ ਢਹਿ ਹੋ ਰਿਹਾ ਸੀ ਤੇ ਇਸ ਨੂੰ ਠੁੰਮ੍ਹਣਾ ਦੇਣ ਲਈ ਕੁੱਝ ਖਾਣ ਪੀਣ ਲਈ ਖੋਹ ਪੈ ਰਹੀ ਸੀ। ਬੜੀ ਬਿਹਬਲਤਾ ਨਾਲ ਮੈਂ ਤਲਬਗਾਰ ਹੋ ਗਿਆ ਸੀ ਪਰ ਕਿਸੇ ਦੇ ਘਰ ਪਹਿਲੀ ਵੇਰਾਂ ਜਾਣਾ ਤੇ ਉਹ ਵੀ ਦਾਰੂ ਪੀ ਕੇ, ਆਪਣੇ ਆਪ ਦਾ ਜਲੂਸ ਕੱਢਣ ਵਾਲੀ ਗੱਲ ਸਮਝ ਕੇ ਮੈਂ ਆਪਣੇ ਮਨ ਨੂੰ ਥੋੜ੍ਹੀ ਦੇਰ ਹੋਰ ਸਬਰ ਕਰਨ ਲਈ ਮਨਾ ਲਿਆ। ਮੈਂ ਸਾਲਮ ਆਟੋ ਲੈ ਕੇ ਸਿੱਧਾ ਬਾਬੂ ਜੀ ਦੇ ਘਰ ਪਹੁੰਚਾ। ਅੱਠ ਵੱਜ ਚੁੱਕੇ ਸਨ। ਘੰਟੀ ਦਬਾਈ.. ਦਰਵਾਜ਼ਾ ਖੁੱਲ੍ਹਾ। ਉਸ ਦੀ ਪਤਨੀ ਸਵਾਲੀਆਂ ਨਜ਼ਰਾਂ ਨਾਲ ਮੂੰਹ ਅੱਡੀ ਖੜੀ ਸੀ।
'ਸਤਿ ਸ੍ਰੀ ਅਕਾਲ ਵੀਰ ਜੀ! ਆਓ... ਲੰਘ ਆਓ.. ਸੁੱਖ ਐ?'
ਮੈਂ ਉਸ ਨੂੰ ਪਹਿਲਾਂ ਨਹੀਂ ਸੀ ਮਿਲਿਆ ਪਰ ਸ਼ਾਇਦ ਉਹ ਮੈਨੂੰ ਜਾਣਦੀ ਸੀ।
'ਹਾਂ ਭੈਣ ਜੀ ਸੁੱਖ ਐ। ਬਾਗੜੀ ਸਾਹਿਬ...?'
'ਮੈਨੂੰ ਤਾਂ ਆਪ ਫ਼ਿਕਰ ਵੱਢ ਵੱਢ ਖਾਈ ਜਾ ਰਿਹਾ ਹੈ ਭਾ ਜੀ... ਉਹ ਅਜੇ ਤੱਕ ਘਰ ਨਹੀਂ ਪਹੁੰਚੇ। ਪਹਿਲਾਂ ਵੀ ਕਈ ਵੇਰਾਂ ਜਿਆਦਾ ਕੰਮ ਹੋਣ ਕਰ ਕੇ ਲੇਟ ਹੋ ਜਾਂਦੇ ਘਰ ਇਤਲਾਹ ਦੇ ਦਿੰਦੇ ਨੇ ਪਰ ਅੱਜ ਕੋਈ ਖ਼ਬਰ ਨਹੀਂ ਆਈ।... ਤੁਸੀਂ ਦਫ਼ਤਰੋਂ ਨਹੀਂ ਆਏ?' ਉਹ ਸੱਚੀ ਮੁਚੀ ਡੌਰ-ਭੌਰੀ ਹੱਕੀ-ਬੱਕੀ ਜਿਹੀ ਹੋ ਗਈ।
'ਕੋਈ ਨਾ, ਚਿੰਤਾ ਨਾ ਕਰੋ... ਮੈਂ ਹੁਣੇ ਵੇਖਦਾਂ ... ਪਤਾ ਕਰਦਾਂ।' ਕਹਿ ਕੇ ਪਿਛਲ ਪੈਰੀਂ ਮੈਂ ਮੁੜ ਕੇ ਉਹੀ ਆਟੋ ਲਿਆ ਜੋ ਮੈਨੂੰ ਉਡੀਕ ਰਿਹਾ ਸੀ। ਚੋਰਾਂ ਵਾਂਗ ਦਫ਼ਤਰ ਦੀ ਚਾਬੀ ਲਗਾਈ ਤੇ ਹੋਲੀ ਜਿਹੀ ਦਰਵਾਜ਼ਾ ਖੋਲ੍ਹਿਆ। ਅੰਦਰ ਚੜ੍ਹਗਿੱਲ੍ਹੀਆਂ ਮਚਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਦੱਬੇ ਪੈਰੀਂ ਪੌੜੀਆਂ ਚੜ੍ਹਿਆ। ਬਾਗੜੀ ਦੀ ਕਮਾਨ ਵਿਚ ਮਹਿਖ਼ਾਨੇ ਵਾਲੇ ਖ਼ੂਬ ਜਸ਼ਨ ਚੱਲ ਰਹੇ ਸਨ। ਦਾਰੂ ਦੀ ਮਹਿਫ਼ਲ ਪੂਰੇ ਜੋਬਨ ਤੇ ਸੀ। ਉਹ ਆਪਣੇ ਜਸ਼ਨ ਵਿਚ ਮਗਨ ਗੁਲਛਰੇ ਉਡਾ ਰਹੇ ਸਨ। ਮੇਰੀ ਬਿੜਕ ਨਾਲ ਉਨ੍ਹਾਂ ਹਨੇਰੇ ਵੱਲ ਨਜ਼ਰ ਉਠਾਈ ਤੇ ਬੋਤਲ ਥੱਲੇ ਰੱਖ ਲਈ।
'ਕੋਈ ਨਾ ਦੋਸਤੋ... ਜਾਰੀ ਰੱਖੋ। ਦਖ਼ਲ-ਅੰਦਾਜ਼ੀ ਲਈ ਮੁਆਫੀ! ਰੁਕਾਵਟ ਲਈ ਖੇਦ ਹੈ।' ਮੇਰੇ ਪੈਰ ਉੱਥੇ ਹੀ ਗੱਡੇ ਗਏ। ਗ਼ੁੱਸੇ ਨਾਲ ਮੇਰਾ ਸਰੀਰ ਕੰਬਣ ਲੱਗਾ, ਦਿਮਾਗ਼ ਪਾਟਣ ਲੱਗਾ ਤੇ ਮੱਥਾ ਤਰੇਲੀਓ ਤਰੇਲੀ ਹੋ ਗਿਆ।
'ਆ ਗਏ ਮੇਰੇ ਮਾਲਕ! ਬੜੀ ਉਮਰ ਐ ਤੁਹਾਡੀ ਰੰਧਾਵਾ ਸਾਹਿਬ! ਆਓ ਧੰਨਭਾਗ .. ਅਸੀਂ ਹੁਣੇ ਤੁਹਾਨੂੰ ਯਾਦ ਕੀਤਾ ਸੀ।’ ਸੁਖਦੇਵ ਚਪੜਾਸੀ ਨੇ ਹਥਲੀ ਗਲਾਸੀ ਥੱਲੇ ਰੱਖਦੇ ਉੱਠ ਕੇ ਬੜੀ ਅਧੀਨਗੀ ਨਾਲ ਸਿਰ ਨਿਵਾਇਆ। ਹਾਲ ਦੀ ਘੜੀ ਮੈਂ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ।
'ਮੈਂ ਤੁਹਾਨੂੰ ਕਿਹਾ ਸੀ ਨਾ.. ਐਸ਼ ਕਰੋ! ਕਰਦੇ ਜਾਓ... ਚਿੰਤਾ-ਰਹਿਤ ਜ਼ਿੰਦਗੀ ਜੀਓ... ਖਾਣਾ ਪੀਣਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।' ਵੱਡੇ ਬਾਬੂ ਦੀ ਜ਼ਬਾਨ ਲੜਖੜਾ ਰਹੀ ਸੀ। ਉਹ ਸਲੂਟ ਮਾਰਦਾ ਉੱਠ ਕੇ ਮੇਰੇ ਪੈਰੀਂ ਪੈ ਗਿਆ ਤੇ ਜੱਫੀ ਪਾ ਲਈ। ਵਿਤੋਂ ਵੱਧ ਪੀਤੀ ਉਸ ਦੀ ਦਾਰੂ ਅੰਦਰੋਂ ਫਰਾਟੇ ਛੱਡ ਰਹੀ ਸੀ। ਮੇਰੇ ਸੈਕਸ਼ਨ ਸਟਾਫ਼ ਦੇ ਤਿੰਨ ਕਰਮਚਾਰੀ ਵੀ ਨਾਲ ਬੈਠੇ ਸਨ। ਉਨ੍ਹਾਂ ਸ਼ਰਮਿੰਦੇ ਜਿਹੇ ਹੋ ਕੇ ਨਮਸਕਾਰ ਕੀਤੀ। ਇੱਕ ਅਲੂੰਏਂ ਜਿਹੇ ਅਜਨਬੀ ਦੇ ਹੱਥ ਦਾ ਗਿਲਾਸ ਥਿੜਕ ਕੇ ਅੱਧਾ ਡੁਲ੍ਹ ਗਿਆ।
'ਵੇਖ ਲਓ ਸਰ! ਤੁਹਾਡਾ ਇਹ ਸਟਾਫ਼ ਕਿੰਨਾ ਚੁਸਤ, ਚਲਾਕ ਤੇ ਮਿਹਨਤੀ ਹੈ... ਬਿਨ-ਇਵਜ਼ਾਨੇ ਰਾਤਾਂ ਲਾ ਕੇ ਸਰਕਾਰੀ ਕੰਮ ਕਰ ਰਿਹਾ ਹੈ।’ ਹੱਥ ਵਿਚ ਝਾੜੂ ਸੂਤਦੀ ਸਫ਼ਾਈ ਸੇਵਕਾ ਕੰਮੋ ਮੁਸਕਰਾ ਰਹੀ ਹੈ।
ਜਗਤਾਰ਼ ਦੇ ਨਾਲ ਢੁਕ ਕੇ ਬੈਠਾ ਅਜਨਬੀ ਮੈਨੂੰ ਵੇਖ ਕੇ ਸੁੰਗੜ ਰਿਹਾ ਹੈ। ਮੈਨੂੰ ਪਤਾ ਸੀ ਕਿ ਪਿੱਛੇ ਜਿਹੇ ਜਗਤਾਰ ਦਾ ਇਕ ਭਰਾ ਰੋਪੜ ਵਿਖੇ ਕਤਲ ਹੋ ਗਿਆ ਸੀ ਜਿਸ ਦਾ ਭਾਂਡਾ ਅੱਤਵਾਦੀਆਂ ਦੇ ਸਿਰ ਭੱਜਾ ਸੀ। ਉੱਥੇ ਦੋ ਡਰਾਈਵਰਾਂ ਦੀ ਕਿਸੇ ਲੈਣ ਦੇਣ ਦੇ ਮਾਮਲੇ ਤੋਂ ਭਿੜੰਤ ਵਿਚ ਇੱਕ ਦੀ ਮੌਤ ਹੋ ਗਈ ਸੀ। ਮਰਨ ਵਾਲੇ ਨੇ ਤਾਂ ਬੋਲਣਾ ਨਹੀਂ ਸੀ ਤੇ ਨਾ ਹੀ ਉਸ ਨੇ ਮੁੜ ਕੇ ਆਉਣਾ ਸੀ। ਮਰਨ ਵਾਲਾ ਐੱਮ. ਐੱਲ. ਏ. ਦਾ ਨਜਦੀਕੀ ਸੀ ਤੇ ਮਾਰਨ ਵਾਲਾ ਡਿਪਟੀ ਦਾ ਭਾਣਜਾ ਸੀ। ਉਨ੍ਹਾ ਨੇ ਰਲ ਕੇ ਮਸ਼ਵਰਾ ਕੀਤਾ ਕਿ ਇਸ ਨੂੰ ਅੱਤਵਾਦ ਦੀ ਵਾਰਦਾਤ ਬਣਾ ਕੇ ਇਸ ਲਾਸ਼ ਦਾ ਮੁੱਲ ਵੱਟਿਆ ਜਾਏ। ਐੱਫ. ਆਈ. ਆਰ. ਵਿਚ ਇਹ ਕਤਲ ਅੱਤਵਾਦੀਆਂ ਦੇ ਦੋ ਧੜਿਆਂ ਦੀ ਆਪਣੀ ਕਸ਼ਮਕਸ਼ ਦਾ ਕਾਰਨ ਦੱਸਿਆ ਗਿਆ। ਉਸ ਦੇ ਵਾਰਿਸਾਂ ਨੂੰ ਇਕ ਲੱਖ ਰੁਪੈ ਸਰਕਾਰ ਵੱਲੋਂ ਦਿੱਤੇ ਗਏ ਸਨ। ਹੋ ਸਕਦਾ ਇਹ ਜਗਤਾਰ ਦਾ ਹੀ ਕੋਈ ਸਕਾ-ਸੋਧਰਾ ਹੋਵੇ, ਮੈਂ ਸਮਝਿਆ।
'ਤੁਸੀਂ ਦਫ਼ਤਰ ਵਿਚ ਦਰਜਾ ਚਾਰ ਦੇ ਸੇਵਾਦਾਰ ਵਾਸਤੇ ਭਰਤੀ ਇੰਟਰਵਿਊ ਕਰ ਰਹੇ ਹੋ, ਸਾਡਾ ਬੰਦਾ ਰੱਖ ਲਿਓ.. ਤੁਹਾਡੇ ਸਰਕਾਰੀ ਕੰਮ ਵੀ ਕਰੇਗਾ ਤੇ ਹੋਰ ਵੀ ਤੁਹਾਡੇ ਕੰਮ ਆਏਗਾ।’
ਇਹ ਨੰਗੀ ਧੌਂਸ ਪ੍ਰਸ਼ਾਸਕੀ ਕਾਰਨਾਂ ਕਰ ਕੇ ਨਾਮਨਜ਼ੂਰ ਕਰ ਦਿੱਤੀ ਗਈ ਸੀ।
'ਇਹ ਵਿਚਾਰਾ ਗ਼ਰੀਬ ਮੁੰਡਾ ਹੈ... ਇਸ ਨੇ ਚਪੜਾਸੀ ਦੀ ਨੌਕਰੀ ਵਾਸਤੇ ਅਰਜ਼ੀ ਦਿੱਤੀ ਹੈ। ਇੰਟਰਵਿਊ ਵੇਲੇ ਇਸ ਦਾ ਖ਼ਿਆਲ ਰੱਖਿਓ... ਚੰਗਾ ਸੇਵਾਦਾਰ ਹੈ ਇਹ।’ ਕੰਮੋ ਨੇ ਸਿਫਾਰਿਸ਼ ਭੁਗਤਾ ਦਿੱਤੀ।
'ਕਿਤੇ ਇਹ ਓਹੀ ਸਿਫਾਰਸ਼ੀ ਅੱਤਵਾਦੀ ਤੇ ਨਹੀਂ!’ ਮੈਂ ਉਸ ਦਾ ਚਿਹਨ-ਚੱਕਰ ਹੁਲੀਆਂ ਖਾੜਕੂਆਂ ਨਾਲ ਮਿਲਾਉਣ ਦੀ ਕੋਸਿ਼ਸ਼ ਕੀਤੀ।
'ਨਹੀਂ ਜੀ ਏਨੀ ਜੋਗਾ ਕਿੱਥੇ ਇਹ!... ਇਹ ਵੀ ਵਿਚਾਰੇ ਭੁੱਖੇ ਮਰਦੇ ਬੇਰੁਜਗਾਰੀ ਤੋਂ ਤੰਗ ਆਏ ਹਥਿਆਰ ਚੁੱਕ ਲੈਂਦੇ ਨੇ ਜਨਾਬ! ਖੁਸ਼ੀ ਨਾਲ ਇਸ ਅੱਗ ਦੀ ਖੇਡ ਵਿਚ ਕੋਈ ਨਹੀਂ ਪੈਂਦਾ।’ ਬਾਗੜੀ ਬਾਬੂ ਦੇ ਵਡੇਰਿਆਂ ਵਰਗੇ ਪ੍ਰਵਚਨਾਂ ਕਾਰਨ ਮੈਂ ਕਿਨ੍ਹੀ ਦੇਰ ਉਸ ਦੀਆਂ ਅੱਖਾਂ ਵਿਚ ਝਾਕਦਾ ਰਿਹਾ।
'ਇਹ ਭਾੜੇ ਤੇ ਬਥੇਰੇ ਮਿਲ ਜਾਂਦੇ ਨੇ। ਇਹ ਮਾਫੀਆ ਜ਼ਮੀਨਾਂ ਜਾਏਦਾਦਾਂ ਤੇ ਕਬਜਾ ਕਰਨ ਕਰਾਉਣ ਦਾ ਕਾਰੋਬਾਰ ਕਰਦੇ ਨੇ। ਦੱਸੋ ਤੁਹਾਡੀਆਂ ਦੁਕਾਨਾਂ ਖਾਲੀ ਕਰਵਾ ਦਿਆਂ?’
ਉਸ ਨੇ ਲਗਦੇ ਹੱਥ ਕਈ ਮੁਲਾਹਜ਼ੇ ਤੇ ਸਿਫ਼ਾਰਿਸ਼ਾਂ ਮੇਰੀ ਝੋਲੀ ਭਰ ਕੇ ਮੇਰੇ ਤੇ ਅਹਿਸਾਨ ਚੜ੍ਹਾਉਣ ਦੀ ਚਾਲ ਚੱਲੀ।
'ਇਹ ਓਵਰ-ਟਾਈਮ ਕਿੰਨਾ ਕੁ ਚਿਰ ਚੱਲਦਾ ਹੈ?’ ਮੈਂ ਠੋਕ੍ਹਰ ਜਿਹੀ ਮਾਰੀ।
'ਚਿਰ-ਚੁਰ ਕੋਈ ਨਹੀਂ ਜੀ। ਇਹੋ ਘੰਟਾ ਦੋ ਘੰਟੇ..., ਤੁਹਾਡੇ ਇਹ ਬੰਦੇ ਦੋ ਬੋਤਲਾਂ ਲਿਆਏ ਨੇ, ਜਦੋਂ ਥੱਲੇ ਲੱਗਗੀਆਂ ਤੁਰ ਜਾਵਾਂਗੇ। ਲਓ ਚੁੱਕੋ ਤੁਸੀਂ.. ਏਨਾ ਚਿਰ ਲਾਤਾ!’
'ਤੁਹਾਨੂੰ ਪਤੈ! ਮੈਂ ਆਪਣਾ ਕੋਟਾ ਪੂਰਾ ਕਰ ਚੁੱਕਾ ਹਾਂ ਤੇ ਹੁਣ ਮੈਂ ਨਹੀਂ ਪੀਦਾ।’ ਮੈਂ ਖਹਿੜਾ ਛੁਡਾਉਣਾ ਚਾਹੁੰਦਾ ਸੀ... ਪਰ ਆਪੇ ਫਾਥੜੀਏ ਤੈਨੂੰ ਕੌਣ ਛੁਡਾਏ?
'ਤੁਸੀਂ ਅੱਜ ਸਾਡੇ ਵਿਸ਼ੇਸ਼ ਵੀ. ਆਈ. ਪੀ. ਮਹਿਮਾਨ ਹੋ। ਕਿਸੇ ਮਹਿਮਾਨ ਦੀ ਸੇਵਾ ਵਾਸਤੇ ਚਾਹ ਪਾਣੀ ਤਾਂ ਪੁੱਛਣਾ ਹੀ ਪੈਂਦਾ ਹੈ। ਜੋ ਚਾਹ ਪਾਣੀ ਨਹੀਂ ਪੀਂਦਾ, ਉਸ ਵਾਸਤੇ ਚੂਹ ਹਾਜਰ ਹੁੰਦੀ ਹੈ ਤੇ ਜੋ ਚੂਹ ਤੋਂ ਵੀ ਸਿਰ ਫੇਰ ਜਾਏ ਉਸ ਵਾਸਤੇ...{ਹੱਸਦਾ ਹੈ} ਫਿਰ ਚ੍ਹਾਟਾ ਸਿੰਘਾਂ ਵਾਲਾ! ਸਮਝੇ?’ ਉਸ ਦੀ ਹਾਜਰ-ਜੁਆਬੀ ਤੋਂ ਤਾਂ ਮੈਂ ਪਹਿਲਾਂ ਹੀ ਬਹੁਤ ਕਾਇਲ ਹੋ ਚੁੱਕਾ ਸੀ ਤੇ ਅੱਜ ਤਾਂ ਉਹ ਹੱਥੋ ਹੱਥ ਮਾਰੀ ਜਾ ਰਿਹਾ ਸੀ।
'ਜੇ ਫਿਰ ਵੀ ਨਾ ਮੰਨੇ ਤਾਂ ਆਹ ਬੰਬ ਚਲਾਦੂੰ.. ਇਹ ਵੱਡੀਆਂ ਵੱਡੀਆਂ ਤੋਪਾਂ ਦੇ ਗੋਡੇ ਨਿਵਾ ਕੇ ਨੂੰ ਫਿਊਜ਼ ਕਰ ਦਿੰਦਾ ਹੈ। ਇਹਨੂੰ ਵੀ ਪਰਖ ਲਓ ਅੱਜ।’ ਉਸ ਨੇ ਸਾਹਮਣੇ ਬੈਠੀ ਵਾਲਾਂ ਵਿਚ ਹੱਥ ਫੇਰਦੀ ਮੁਸਕਰਾ ਰਹੀ ਕੰਮੋ ਵੱਲ ਅੱਖਾਂ ਝਮਕਾਈਆਂ।
'ਜਿਹੜਾ ਹਥਿਆਰ ਇਸ ਕੋਲ ਹੈ, ਉਹ ਹੋਰ ਸਾਰੇ ਹਥਿਆਰਾਂ ਨੂੰ ਮਾਤ ਪਾ ਦਿੰਦਾ ਹੈ... ਸਾਹਿਬ ਨਹੀਂ ਕੁਸਕਦਾ ਹੁਣ ਇਹਦੇ ਅੱਗੇ.. ਉਸ ਨੂੰ ਤੇ ਜਾਦੂ ਪਾ ਛੱਡਿਆ ਇਸ ਨੇ...।’
'ਤੇ ਮੈਨੂੰ ਪਾਉਣਾ ਚਾਹੁੰਦੈਂ ਹੁਣ?’ ਮੈਂ ਮਨ ਹੀ ਮਨ ਵਿਚ ਡਰ ਰਿਹਾ ਸੀ।
'ਨਹੀਂ ਮੈਂ ਨਹੀਂ ਲੈਣਾ ਕੁਝ ਵੀ.. ਤੁਸੀਂ ਐਸ਼ ਕਰੋ।’
'ਦਿਖਾ ਓਏ ਸਰਦਾਰ ਨੂੰ ਯੰਤਰ.... ਵੇਖੋ ਸਾਡੇ ਕੋਲ ਚ੍ਹਾਟੇ ਵਾਲਾ ਪੁਰਜਾ ਵੀ ਹਾਜਰ ਹੈ।’
ਉਸ ਦੇ ਧਮਕੀ ਵਰਗੇ ਸ਼ਬਦ ਚ੍ਹਾਟੇ ਤੇ ਯੰਤਰ ਤੋਂ ਮੈਨੂੰ ਮੇਰਾ ਕਿਰਾਏਦਾਰ ਹਰਪਾਲ ਸਿੰਘ ਯਾਦ ਆ ਗਿਆ। ਥੋੜ੍ਹੀ ਦੇਰ ਪਹਿਲਾਂ ਕਿਰਾਇਆ ਮੰਗਣ ਤੇ ਉਸ ਨੇ ਵੀ ਚ੍ਹਾਟਾ ਛਕਾਉਣ ਵਾਲਾ ਯੰਤਰ ਦਿਖਾਉਣ ਦੀ ਧਮਕੀ ਦਿੱਤੀ ਸੀ।
ਖਾਲਸਾ ਕਲਿਜ ਬੀ. ਐੱਸ. ਸੀ. ਐਗਰੀਕਲਚਰ ਦੇ ਚਾਰ ਮੁੰਡੇ ਪਿਛਲੇ ਛੇ ਮਹੀਨੇ ਤੋਂ ਮੇਰੇ ਮਕਾਨ ਵਿਚ ਕਿਰਾਏ ਤੇ ਰਹਿੰਦੇ ਰਹੇ ਸਨ। ਹਰ ਵੇਰਾਂ ਜਦ ਮੈਂ ਕਿਰਾਇਆ ਪੁੱਛਣ ਜਾਂਦਾ ਨਵੇਂ ਤੋਂ ਨਵੇਂ ਮੁੰਡੇ ਉੱਥੇ ਮਾਲਿਸ਼ਾਂ ਕਰਦੇ ਮਿਲਦੇ। ਇੱਕ ਨੂੰ ਮੈਂ ਕਿਰਾਇਆ ਪੁੱਛਿਆ ਤਾਂ ਉਸ ਨੇ ਕਿਹਾ, 'ਹਰਪਾਲ ਨੂੰ ਪਤਾ ਹੈ, ਉਹੀ ਦੇਵੇਗਾ।’
'ਹਰਪਾਲ ਕਿੱਥੇ ਮਿਲੇਗਾ? ਉਸ ਦਿਨ ਤੋਂ ਬਾਦ ਉਸ ਨੇ ਸ਼ਕਲ ਹੀ ਨਹੀਂ ਦਿਖਾਈ ’ ਮੈਂ ਤਲਖੀ ਜਿਹੀ ਪ੍ਰਗਟ ਕੀਤੀ।
'ਕਮਰਾ ਨੰਬਰ 356...’ ਉਨ੍ਹਾ ਦਾ ਸਪਸ਼ਟ ਰੁੱਖਾ ਜਿਹਾ ਉੱਤਰ ਸੀ।’ ਸੁਣ ਕੇ ਮੇਰੇ ਹੱਥਾਂ ਦੇ ਤੋਤੇ ਉੱਡ ਗਏ। ਇਨ੍ਹਾਂ ਮੁੰਡਿਆਂ ਦੀ ਸਾਂਝ ਦਰਬਾਰ ਸਾਹਿਬ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਉੱਪਰ ਰਹਿਣ ਵਾਲੇ ਖਾੜਕੂਆਂ ਨਾਲ ਸਾਫ ਜਾਹਿਰ ਹੋ ਗਈ ਜਿਸ ਦਾ ਮੈਨੂੰ ਪਹਿਲਾਂ ਹੀ ਅੰਦੇਸਾ ਸੀ।
'ਉਸ ਨੂੰ ਕਿਹੋ ਪੈਸੇ ਪੁੱਜਦੇ ਕਰ ਦੇਵੇ.. ਛੇ ਮਹੀਨੇ ਦੇ ਜਮ੍ਹਾਂ ਹੋ ਚੁੱਕੇ ਹਨ।’
'ਤੁਸੀਂ ਉੱਥੇ ਹੀ ਚਲੇ ਜਾਓ.. ਨਾਲੇ ਚ੍ਹਾਟਾ ਛਕ ਕੇ ਆਇਓ ਉਸ ਕੋਲੋਂ।’ ਇੱਕ ਨੇ ਮੈਨੂੰ ਦਿਖਾਉਣ ਦੇ ਮੰਤਵ ਨਾਲ ਪਿਸਤੌਲ ਕੱਢ ਕੇ ਮੇਜ ਤੇ ਰੱਖ ਦਿੱਤਾ ਤੇ ਦੂਸਰੇ ਮੁਸ਼ਕੜੀਆਂ ਵਿਚ ਹੱਸਣ ਲੱਗੇ।
'ਹੁਣ ਤਾਂ ਤੁਹਾਡੇ ਹੱਥ ਲਗਾਮ ਹੈ ਸਰ ਜੀ! .. ਜਿੱਧਰ ਮਰਜ਼ੀ, ਜਿੰਨਾ ਚਿਰ ਮਰਜ਼ੀ ਮੋੜੀ ਜਾਓ.. ਚਾਹੇ ਸਾਰੀ ਰਾਤ ਜੋੜੀ ਰੱਖੋ।... ਅੱਜ ਤਾਂ ਤੁਹਾਨੂੰ ਮੈਂ ਪਿਆਉਣੀ ਹੈ ਚਾਹੇ ਤੁਹਾਡੇ ਪੈਰ ਨਾ ਫੜਨੇ ਪੈਣ।’
ਜਗਤਾਰ ਨੇ ਚਿੱਪਰ ਜਿਹੀ ਸੁੱਟ ਕੇ ਮੇਨੂੰ ਮੁੜ ਲੁਧਿਆਣੇ ਦਫਤਰ ਉਤਾਰ ਲਿਆ ਤੇ ਇਸ ਮਹਿਫਲ ਦੀ ਸਾਰੀ ਅੰਡ-ਪੰਡ ਮੇਰੇ ਸਿਰ ਰੱਖ ਦਿੱਤੀ। ਤਾਰੀ ਮੇਰੇ ਹੱਥਾਂ ਵਿਚ ਹੀ ਭਰਤੀ ਹੋਇਆ ਸੀ ਤੇ ਹੁਣ ਸੁੱਖ ਨਾਲ ਸਾਰੀਆਂ ਸਰਕਾਰੀ ਡਿਕੜਮਬਾਜੀਆ ਸਿੱਖ ਕੇ ਗੱਭਰੂ ਹੋਇਆ ਪਿਆ ਹੈ ਤੇ ਅਫ਼ਸਰਾਂ ਤੇ ਪੱਟੂ ਪਾਉਣ ਵਿਚ ਉਸ ਦੀ ਝੰਡੀ ਹੈ।
'ਕਲਾਸ ਵੰਨ ਵਾਲੀ ਕਲਗੀ ਲਾ ਕੇ ਆਪਣੇ ਆਪ ਨੂੰ ਬੜਾ ਖੱਬੀ-ਖਾਂ ਅਫਸਰ ਸਮਝੀ ਫਿਰਦਾ ਹੈ। ਉੰਜ ਬੜਾ ਡਰਾਕਲ ਤੇ ਬੁਜ਼ਦਿਲ ਹੈ ਇਹ ਪਹਾੜੀਆਂ। ਇਹ ਲੋਕ ਬੜੇ ਖੁਦਗਰਜ ਹੁੰਦੇ ਨੇ, ਲੋੜ ਵੇਲੇ ਗਧੇ ਨੂੰ ਬਾਪ ਬਣੌਂਦੇ ਨੇ ਤੇ ਫਿਰ ਕੰਮ ਨਿਕਲ ਗਿਆ ਤਾਂ ਤੂੰ ਕੌਣ ਤੇ ਮੈਂ ਕੌਣ। ਜਿਸ ਦਿਨ ਦਾ ਉਨ੍ਹਾਂ ਦਾ ਫੋਨ ਆਇਆ, ਉਸ ਦਿਨ ਤੋਂ ਹੀ ਮੋਕ ਮਾਰਦਾ ਫਿਰਦਾ।’ ਮੁਣਸ਼ੀ ਸਾਹਿਬ ਨੇ ਨੰਬਰ ਵਾਹ ਲਿਆ। ਉਹ ਫਾਈਲਾਂ ਵੀ ਝਰੀਟੀ ਜਾ ਰਿਹਾ ਹੈ, ਪੈੱਗ ਵੀ ਸੁੱਟੀ ਜਾ ਰਿਹਾ ਹੈ ਤੇ ਗੁਫਤਗੂ ਵਿਚ ਵੀ ਸਾਵਾਂ ਹਿੱਸਾ ਲੈ ਰਿਹਾ ਹੈ।
'ਜੇ ਇਹਨੂੰ ਅੱਤਵਾਦੀਆਂ ਦੀ ਏਨੀ ਕੁ ਜਰਕ ਨਾ ਲੱਗਦੀ ਤਾਂ ਇਹ ਤੁਹਾਡੇ ਖਿਲਾਫ ਮੋਰਚਾ ਵਿੱਢਣ ਨੂੰ ਤਿਆਰ ਹੋਈ ਬੈਠਾ ਸੀ। ਮੈਂ ਉਹਨੂੰ ਬੜਾ ਸਮਝਾਇਆ ਪਈ ਸਰਦਾਰ ਨਾਲ ਪੰਗਾ ਨਾ ਲੈ ਬੈਠੀਂ।’ ਮੈਨੂੰ ਸਾਹਿਬ ਦੇ ਖਿਲਾਫ ਉਤੇਜਤ ਕਰਨ ਵਾਸਤੇ ਉਸ ਨੇ ਸਾਹਿਬ ਤੇ ਤਵਾ ਲਾ ਦਿੱਤਾ।
ਪਹਿਲੀਆਂ ਗੁਪਤ ਰਿਪੋਰਟਾਂ ਮੇਰੇ ਤੱਕ ਪਹੁੰਚ ਚੁੱਕੀਆਂ ਸਨ ਕਿ ਮੇਰੇ ਜਾਣ ਤੋਂ ਬਾਦ ਸਾਹਿਬ ਦੀ ਸਰਪ੍ਰਸਤੀ ਹੇਠ ਦਫ਼ਤਰ ਵਿਚ ਅੰਗਰੇਜ਼ੀ ਬਾਰ ਚੱਲਦੀ ਹੈ। ਮੈਂ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਉਹ ਤਾਂ ਦਿਨੇ ਲੰਚ ਵੇਲੇ ਵੀ ਅਹਾਤੇ ਵਿਚ ਵੜੇ ਰਹਿੰਦੇ ਹਨ ਤੇ ਸ਼ਾਮ ਨੂੰ ਤਾਂ ਜ਼ਰੂਰ ਕਰਦੇ ਹੋਣਗੇ। ਅੱਜ ਚੋਰ ਸੰਨ੍ਹ ਤੋਂ ਫੜੇ ਗਏ ਹਨ। ਇਨ੍ਹਾਂ ਵਿਚੋਂ ਜਗਤਾਰ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਆਪਣਾ ਮੂੰਹ-ਮੁਲਾਹਜ਼ੇ ਦਾ ਦਾਅਵਾ ਕਰਦਾ ਸੀ ਤੇ ਇਸ ਬਹਾਨੇ ਹੋਰਾਂ ਤੇ ਰੁਹਬ ਛਾਂਟਦਾ ਰਹਿੰਦਾ ਸੀ।
ਅੱਜ ਸੱਪ ਦੇ ਮੂੰਹ ਕੋਹੜ-ਕਿਰਲੀ ਵਾਂਗ ਮੈਂ ਦੋਹਰੀ ਕੜਿੱਕੀ ਵਿਚ ਫਸਿਆ ਮਹਿਸੂਸ ਕੀਤਾ। ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲ ਹੁੰਦੀ ਪਰ ਉਨ੍ਹਾਂ ਨਾਂਹ ਨਾਂਹ ਕਰਦੇ ਮੈਨੂੰ ਵੀ ਸ਼ਾਮਲ ਹੋ ਕੇ ਮੱਖੀ ਨਿਗਲਣ ਲਈ ਮਜਬੂਰ ਕਰ ਦਿੱਤਾ। ਜਗਤਾਰ ਤੇ ਉਸ ਦੇ ਸਾਥੀ ਮੈਨੂੰ ਆਪਣੇ ਘਰ ਜਾਣ ਲਈ ਨਿਉਂਦਾ ਦਿੰਦੇ ਖਿੱਚਣ ਲੱਗੇ। ਮੇਰੇ ਨਾਂਹ ਕਰਨ ਤੇ ਉਹ 'ਗੁੱਡ-ਨਾਈਟ ਕਹਿੰਦੇ ਪੌੜੀਆਂ ਉੱਤਰ ਗਏ।
'ਜ਼ਨਾਨੀਆਂ ਦਾਰੂ ਪੀ ਕੇ ਘਰ ਨਹੀਂ ਵੜਨ ਦਿੰਦੀਆਂ, ਇਸ ਲਈ ਅਸੀਂ ਅੱਜ ਏਥੇ ਹੀ ਸਾਰੀ ਰਾਤ ਦੀਵਾ ਬਾਲਾਂਗੇ।’ ਬਾਗੜੀ ਨੇ ਆਪਣੀ ਬੇਸ਼ਰਮੀ ਦੀ ਅਨਿਸ਼ਚਿਤ ਹੱਦ ਖੁਲ੍ਹੀ ਛੱਡ ਦਿੱਤੀ।
'ਘਰ ਤਾਂ ਦੱਸ ਦੇਹ ਪਤੰਦਰਾ! ਉਹ ਵਿਚਾਰੀ ਚਿੰਤਾ ਫ਼ਿਕਰਾਂ ਵਿਚ ਡੁੱਬੀ ਪਈ ਹੈ।’
'ਤੁਸੀਂ ਤਣਾਓ-ਮੁਕਤ ਹੋਵੋ ਤੇ ਸਾਨੂੰ ਹੋਣ ਦਿਓ...। ਉਹ ਕਿਹੜੀਆਂ ਘੱਟ ਨੇ... ਘਰ ਅੰਦਰ ਉਨ੍ਹਾਂ ਦਾ ਰਾਜ ਹੈ ਤੇ ਨੱਕ ’ਚ ਦਮ ਕਰ ਦਿੰਦੀਆਂ ਨੇ ਸਾਡਾ। ਘਰੋਂ ਉਨ੍ਹਾਂ ਤੋਂ ਡਰਦੇ ਬਾਹਰ ਦੌੜ੍ਹੀਦਾ ਤੇ ਅੱਗੇ ਇਹ ਪਤੰਦਰ ਰਫਲਾਂ ਤਾਣੀ ਖੜ੍ਹੇ ਨੇ। ਇਨ੍ਹਾਂ ਹੁੱਲੜਬਾਜ਼ਾਂ ਨੇ ਵੀ ਸ਼ਾਂਤਮਈ ਨਾਗਰਿਕਾਂ ਦਾ ਜੀਣਾ ਕਿੱਦਾਂ ਦੁੱਭਰ ਕਰ ਛੱਡਿਆ ਹੈ। ਅਸੀਂ ਤਾਂ ਬੱਕਰੇ ਆਂ ਪਤਾ ਨਹੀਂ ਕਦ ਇਨ੍ਹਾਂ ਅੱਤਵਾਦੀਆਂ ਦੀ ਕਟਾਰ ਥੱਲੇ ਆ ਜਾਣਾ।’ ਆਪਣੇ ਸਪਸ਼ਟੀਕਰਨ ਵਿਚ ਉਸ ਨੇ ਕਈ ਨਿਹੋਰੇ, ਮਿਹਣੇ ਸ਼ਾਮਲ ਕਰ ਲਏ।
'ਆਹ ਮੁੰਡੇ ਦਾ ਕਲਿਆਣ ਕਰ ਦਿਓ ਵਿਚਾਰੇ ਦਾ। ਤੁਸੀਂ ਸਬੱਬ ਨਾਲ ਆ ਗਏ ਹੋ, ਇਸ ਨੂੰ ਕੱਲ੍ਹ ਤੁਹਾਡੇ ਪੇਸ਼ ਕਰਨਾ ਸੀ। ਵੱਡੇ ਸਾਹਿਬ ਮੰਨ ਗਏ ਹਨ। ਉਨ੍ਹਾਂ ਨੇ ਕਿਹਾ ਰੰਧਾਵਾ ਸਾਹਿਬ ਕੋਲੋਂ ਪਾਸ ਕਰਵਾ ਕੇ ਸਿਫਾਰਿਸ਼ ਕਰਵਾ ਲਓ, ਮੇਰੇ ਵੱਲੋਂ ਤਾਂ ਹਾਂ ਹੈ।’
ਉਹ ਕੁਰਸੀ ਮੇਜ਼ ਨੂੰ ਫੜਦਾ ਥਿੜਕਦਾ ਉੱਠ ਕੇ ਬਾਥਰੂਮ ਚਲਾ ਗਿਆ।
'ਕਿਹੜੀ ਜਥੇਬੰਦੀ ਦਾ ਬੰਦਾ ਹੈਂ ਤੂੰ?’ ਮੈਂ ਅਜਨਬੀ ਵੱਲ ਡੋਰੇ ਸੇਧ ਦਿੱਤੇ।
'ਮਿੰਨੂੰ ਨੀ ਪਤਾ ਜੀ!... ਮਿੰਨੂ ਤਾਂ ਮਾਮਾ ਜੀ ਨੇ ਕਿਹਾ ਸੀ ਤੂੰ ਆਹ ਵਾਲ ਜਿਹੇ ਵੱਡੇ ਕਰ ਲਾ, ਤਿਨੂੰ ਭਰਤੀ ਕਰਲਾਂਗੇ।’
'ਭਰਤੀ ਤੂੰ ਕਿਸ ਜਥੇਬੰਦੀ ’ਚ ਹੋਣਾ?’ ਮੈਂ ਉਸ ਦੀ ਗੈਰਹਾਜਰੀ ਦਾ ਲਾਹਾ ਲੈ ਲਿਆ।
'ਨੀਂ ਜੀ ਐਥੇ ਈ... ਐਸ ਦਫਤਰ ਵਿਚ ਜਿੱਥੇ ਮੇਰਾ ਮਾਸੜ ਫੋਰਮੈਨ ਆ।’ ਮੁੰਡੇ ਨੇ ਸਾਧਾਰਨ ਜਿਹੇ ਜੁਆਬ ਨੇ ਮੇਰੇ ਸੰਕੇ ਨਵਿਰਤ ਕਰ ਦਿੱਤੇ ਕਿ ਇਹ ਇਸ ਦੇ ਵਾਲ ਵਧਵਾ ਕੇ ਖਾੜਕੂ ਵਜੋਂ ਵਰਤਣਾ ਚਾਹੁੰਦਾ ਹੈ।
ਅਖੀਰਲੇ ਹਾੜੇ ਅੰਦਰ ਸੁੱਟ ਕੇ ਸਾਰੇ ਉੱਠ ਪਏ। ਬਾਗੜੀ ਸਾਹਿਬ ਨੇ ਮੇਰਾ ਵੀ ਹੱਥ ਫੜ ਲਿਆ।
'ਮੈਂ ਤਾਂ ਹੋਟਲ ਵਿਚ ਕਮਰਾ ਬੁੱਕ ਕਰਵਾ ਆਇਆ ਹਾਂ, ਮੈਂ ਉੱਧਰ ਜਾਣਾ ਹੈ।’ ਮੈਂ ਬਹਾਨਾ ਜਿਹਾ ਲਗਾਇਆ। ਮੈਂ ਨਹੀਂ ਸੀ ਚਾਹੁੰਦਾ ਉਹ ਬਾਅਦ ਵਿਚ ਮੈਨੂੰ ਬਲੈਕਮੇਲ ਕਰਦਾ ਫਿਰੇ।
'ਓ ਨਹੀਂ ਜਨਾਬ! ਅੱਜ ਸਾਡੇ ਘਰ ਵੀ ਚਰਨ ਪਾਉਂਦੇ ਜਾਓ। ਸਬੱਬ ਨਾਲ ਆਏ ਓ।’ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ।
'ਆਹ ਮਾੜੀ ਜਿੰਨੀ ਘੁੱਗੀ ਮਾਰ ਦਿਓ।’ ਉਹ ਫੇਰ ਫਾਈਲਾਂ ਵੱਲ ਹੋ ਗਿਆ ਤੇ ਬੜੀ ਅਪਣੱਤ ਤੇ ਸਵੈ-ਵਿਸ਼ਵਾਸ਼ ਨਾਲ ਇੱਕ ਫਾਈਲ ਮੇਰੇ ਮੂਹਰੇ ਕਰ ਦਿੱਤੀ।
'ਅੱਜ ਦਫ਼ਤਰ ਜਰੂਰੀ ਭੁਗਤਾਨ ਵਾਸਤੇ ਓਵਰ ਟਾਈਮ ਲਗਾਉਣਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਮੁੱਖ-ਮੁਨਸ਼ੀ ਨੂੰ ਇਸ ਦੀ ਅਗਾਊਂ ਮਨਜ਼ੂਰੀ ਦਿੱਤੀ ਜਾਂਦੀ ਹੈ।... ਸਹੀ ਡੀ. ਡੀ. ਓ.।’ ਮੇਰੀ ਨਜ਼ਰ ਇਸ ਦੇ ਪਿੱਠ-ਅੰਕਣ ਨੋਟ ਤੇ ਅਟਕ ਗਈ।
'ਬਾਬੂ ਪਿਲਾਈ ਲੱਸੀ ਤੇ ਗਲ ’ਚ ਪਾਈ ਰੱਸੀ’ ਅਖਾਣ ਵਾਂਗ ਏਨਾ ਫੁਰਤੀਲਾ ਤੇ ਚਾਤਰ ਦਿਮਾਗ ਕਿ ਉਸ ਨੇ ਸੋਚਿਆ ਕੁੜਿੱਕੀ ’ਚ ਆਇਆ ਹੈ ਸਾਹਿਬ, ਹੁਣੇ ਸਹੀ ਮਰਵਾ ਲਓ, ਕਿਤੇ ਸਵੇਰੇ ਮੁੱਕਰ ਨਾ ਜਾਏ।
ਇਹਨੂੰ ਕਹਿੰਦੇ ਨੇ ਖੂਹ ਵਿਚ ਡਿੱਗਾ ਵਹਿੜਕਾ, ਨਾਲ ਨੱਥ ਵੀ ਪਾ ਲਓ। ਬੋਤਲ ਤੋਂ ਵੱਧ ਪੀਤੀ ਦਾਰੂ ਦੇ ਉਲਟ ਇਹ ਵੱਡਾ ਬਾਬੂ ਆਪਣੇ ਮਕਸਦ ਵਿਚ ਵਿਚ ਪੂਰੀ ਤਰ੍ਹਾਂ ਕਿਰਿਆਸ਼ੀਲ ਸੀ।
ਮਰਦਾ ਕੀ ਨਹੀਂ ਕਰਦਾ। ਉਸ ਦਾ ਖੁਆਇਆ ਕੌੜਾ ਲੂਣਾ ਵੀ ਤਾਂ ਹਰਾਮ ਨਹੀਂ ਕੀਤਾ ਜਾ ਸਕਦਾ।
ਉਸ ਸ਼ੇਰ ਨੂੰ ਸਵਾ ਸ਼ੇਰ ਹੋ ਕੇ ਟੱਕਰਿਆ। ਮੈਂ ਉਨ੍ਹਾਂ ਨੂੰ ਆਪਣੀ ਗਿਲਾਨੀ ਜ਼ਾਹਿਰ ਨਹੀਂ ਹੋਣ ਦਿੱਤੀ।
ਮੈਨੂੰ ਮਜਬੂਰੀ ਵਿਚ ਹਾਸਾ ਵੀ ਆਇਆ ਕਿ ਮੈਂ ਅੱਖਾਂ ਮੀਟ ਕੇ ਘੁੱਗੀ ਮਾਰ ਦਿਆਂ!
'ਤੇਰਾ ਕਿੰਨਾ ਬਣੇਗਾ ਅੱਜ ਦਾ ਓਵਰ-ਟਾਈਮ?’ ਮੈਂ ਫਾਈਲ ਪਰੇ ਖਿਸਕਾ ਦਿੱਤੀ।
'ਲਾ ਲੋ ਹਿਸਾਬ!.. ਕੋਈ ਤੀਹ ਪੈਂਤੀ ਰੁਪਏ ਬਣਨਗੇ... ਬੋਤਲ ਇੱਕ ਆਜੂ ਵਾਧੂ...।’
'ਲੈ! ਪੈਂਤੀ ਲੈ ਲੈ ਤੇ ਕੱਟ ਦੇਹ ਇਹ ਟਿੱਪਣੀ। ਤੈਨੂੰ ਪਤੈ ਇਸ ਵਾਸਤੇ ਹੈੱਡ ਆਫਿਸ ਤੋਂ ਅਗਾਊਂ ਮਨਜੂਰੀ ਲੈਣੀ ਪੈਂਦੀ ਹੈ! ਜਿਸ ਵਾਸਤੇ ਮੈਨੂੰ ਕਈ ਝੂਠ ਸੱਚ ਪਾਪੜ ਵੇਲਣੇ ਪੈਣਗੇ।’ ਮੈਂ ਜੇਬ ਵਿਚੋਂ ਬਟੂਆ ਕੱਢ ਲਿਆ।
'ਚਲੋ ਰਹਿਣ ਦਿਓ ਜਨਾਬ! ਕੱਲ੍ਹ ਨੂੰ ਬੋਤਲ ਲੈ ਦਿਓ।’ ਉਸ ਨੇ ਬਟੂਆ ਵਾਪਿਸ ਮੋੜਦੇ ਮਿਸਲ ਤੇ ਲਿਖੇ ਸ਼ਬਦਾਂ ਵਾਲੀ ਨੋਟ-ਸ਼ੀਟ ਪਾੜ ਕੇ ਜੇਬ ਵਿਚ ਪਾ ਲਈ।
ਉਸ ਦੇ ਸਕੂਟਰ ਪਿੱਛੇ ਬੈਠ ਕੇ ਮੈਨੂੰ ਹਸਪਤਾਲ ਦੀਆਂ ਨਰਸਾਂ ਡਾਕਟਰ ਯਾਦ ਆ ਗਏ। ਦੂਰ ਨੇੜੇ ਤੱਕ ਕੋਈ ਵਾਹਨ ਜਾਂ ਬੰਦਾ ਪਰਿੰਦਾ ਸੜਕ ਤੇ ਨਜ਼ਰ ਨਹੀਂ ਆਇਆ। 'ਸੱਚ ਭੁੱਲ ਗਿਆ ਜਨਾਬ! ਉਸ ਮੁੰਡੇ ਦੀ ਸਹੀ ਮਾਰ ਦਿਓ ਸਵੇਰੇ... ਉਹ ਕੰਮੋ ਦਾ ਭਤੀਜਾ ਹੈ।’ ਉਸ ਦੀ ਰਿਹਾੜ ਅਜੇ ਰੁਕੀ ਨਹੀਂ।
ਇੱਕ ਚੌਂਕ ਵਿਚ ਪੁਲਸ ਵਾਲੇ ਦੇ ਹੱਥ ਦੇਣ ਤੇ ਮੇਰੀ ਤਾਂ ਪੀਤੀ ਰਫੂਚੱਕਰ ਹੋ ਗਈ ਪਰ ਉਹ ਸ਼ੇਰ ਬਣਿਆ ਰਿਹਾ।
'ਅਸੀਂ ਓਵਰਟੈਮ ਲਾ ਕੇ ਆਏਂ ਆਂ ਜਨਾਬ! ਇਹ ਮੇਰਾ ਸਾਹਬ ਹੈ।’ ਉਸ ਦੀ ਜ਼ਬਾਨ ਗੋਤੇ ਖਾ ਰਹੀ ਸੀ।
ਮੈਂ ਦਸ ਦਾ ਨੋਟ ਸਿਪਾਹੀ ਵੱਲ ਵਧਾਇਆ ਤੇ ਉਹ ਧੰਨਵਾਦ ਕਰਦਾ ਪਿੱਛੇ ਮੁੜ ਪਿਆ।
'ਏਨਾ ਸਸਤਾ ਇਨ੍ਹਾਂ ਦਾ ਰੇਟ?’ ਮੈਂ ਹੈਰਾਨ ਸਾਂ।
'ਨਹੀਂ ਜਨਾਬ! ਡੰਗ ਇਨ੍ਹਾਂ ਦਾ ਬੜਾ ਮਾਰੂ ਹੈ ਪਰ ਹੁਣ ਇਨ੍ਹੇ ਕਿਹਾ, ਜਾਂਦੇ ਚੋਰ ਦੀ ਲੰਗੋਟੀ ਹੀ ਸਹੀਂ।’
ਸਕੂਟਰ ਤੁਰਨ ਤੋਂ ਪਹਿਲਾਂ ਸਿਪਾਹੀ ਦਸ ਦਾ ਨੋਟ ਪੜ੍ਹਦਾ ਫੇਰ ਮੇਰੇ ਵੱਲ ਝਾਤੀ ਮਾਰਦਾ ਕੁਝ ਆਕੜਿਆ। ਦਾਰੂ ਉਸ ਦੀਆਂ ਨਾਸਾਂ ਵਿਚੋਂ ਵੀ ਫਰਾਟੇ ਮਾਰ ਰਹੀ ਸੀ।
'ਬੜੇ ਮਿਹਨਤੀ ਪਰ ਚਲਾਕ ਜਾਪਦੇ ਹੋ ਤੁਸੀਂ!... ਅਸੀਂ ਵੀ ਤਾਂ ਓਰਟੈਮ ਤੇ ਹੀ ਖੜ੍ਹੇ ਹਾਂ।’ ਉਸ ਨੇ ਮਾਣੋ ਵਾਂਗ ਵਰਾਸ਼ਾਂ ਫੈਲਾਈਆਂ।
'ਤੇ ਧਾਨੂੰ ਪਤਾ! ਓਵਰਟਾਈਮ ਦਾ ਰੇਟ ਦੁੱਗਣਾ ਹੁੰਦਾ ਹੈ!’
ਲੈ ਐਸ਼ ਕਰ! ਮੈਂ ਇੱਕ ਹੋਰ ਨੋਟ ਉਸ ਨੂੰ ਫੜਾਇਆ ਤੇ ਬਾਬੂ ਨੇ ਰੇਸ ਕਿੱਲੀ ਨੱਪ ਦਿੱਤੀ।

  • ਮੁੱਖ ਪੰਨਾ : ਕਹਾਣੀਆਂ, ਚਰਨਜੀਤ ਸਿੰਘ ਪੰਨੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ