Pablo Neruda Naal Mulakat : Devinder Satyarthi

ਪਾਬਲੋ ਨੇਰੂਦਾ ਨਾਲ ਮੁਲਾਕਾਤ : ਦੇਵਿੰਦਰ ਸਤਿਆਰਥੀ

ਅਚਾਨਕ ਪਤਾ ਲੱਗਿਆ ਕਿ ਪਾਬਲੋ ਨੇਰੂਦਾ ਦਿੱਲੀ ਆਏ ਹਨ, ਉਹ ਵੀ ਚੌਥੇ ਦਿਨ। ਦਿੱਲੀ ਵਿਚ ਉਹ ਉਨ੍ਹਾਂ ਦਾ ਆਖ਼ਰੀ ਦਿਨ ਸੀ। ਪਹਿਲਾਂ ਤਾਂ ਮੈਂ ਆਪਣੀ ਇਸ ਆਦਤ ‘ਤੇ ਲਾਹਨਤ ਭੇਜੀ ਕਿ ਅਖ਼ਬਾਰ ਪੜ੍ਹਨ ਲਈ ਵੀ ਵਕਤ ਨਾ ਕੱਢਿਆ ਜਾ ਸਕੇ। ਨਹੀਂ ਤਾਂ ਸਾਹਿਬ ਇਹ ਕਿਵੇਂ ਹੋ ਸਕਦਾ ਸੀ ਕਿ ਏਨਾ ਵੱਡਾ ਸਾਹਿਤਕਾਰ ਦਿੱਲੀ ਆਵੇ ਅਤੇ ਮੈਨੂੰ ਉਸ ਦਿਨ ਪਤਾ ਲੱਗੇ ਜਿਸ ਦਿਨ ਉਹ ਦਿੱਲੀ ਤੋਂ ਵਿਦਾ ਹੋ ਰਿਹਾ ਹੋਵੇ। ਫਿਰ ਮੈਂ ਆਪਣੀ ਖ਼ੁਸ਼ਕਿਸਮਤੀ ‘ਤੇ ਫ਼ਖ਼ਰ ਕਰਨ ਲੱਗਿਆ ਕਿ ਚਲੋ, ਇਹ ਵੀ ਗਨੀਮਤ ਹੈ। ਕਿਸੇ ਤਰ੍ਹਾਂ ਜੋਸ਼ ਮਲੀਹਾਬਾਦੀ ਨਾਲ ਫ਼ੋਨ ਮਿਲਾਉਣ ਵਿਚ ਸਫ਼ਲਤਾ ਮਿਲੀ। ਉਹ ਪਹਿਲਾਂ ਹੀ ਤਿਆਰ ਸਨ। ਮੈਂ ਦੌੜਿਆ-ਦੌੜਿਆ ਉਨ੍ਹਾਂ ਦੇ ਕਮਰੇ ਵਿਚ ਗਿਆ। ਉਥੇ ਆਮ ਵਾਂਗ ਮਜਲਿਸ ਲੱਗੀ ਸੀ। ਉਹ ਬੋਲੇ, “ਪਾਬਲੋ ਨੇਰੂਦਾ ਦੀ ਕੀ ਗੱਲ ਹੈ। ਸਾਹਿਬ ਅਸੀਂ ਉਨ੍ਹਾਂ ਨੂੰ ਦੇਖਿਆ ਹੈ ਅਤੇ ਉਨ੍ਹਾਂ ਦੇ ਸ਼ਿਅਰ ਸੁਣ ਕੇ ਮਹਿਸੂਸ ਕੀਤਾ ਕਿ ਇਸ ਆਦਮੀ ਵਿਚ ਬਲਾਅ ਦੀ ਤਾਕਤ ਹੈ। ਹਾਲਾਂਕਿ ਸਪੇਨੀ ਜ਼ਬਾਨ ਮੈਂ ਨਹੀਂ ਸਮਝ ਸਕਦਾ, ਫਿਰ ਵੀ ਖ਼ੂਬਸੂਰਤ ਅੰਦਾਜ਼ ਹੈ ਸਪੇਨੀ ਜ਼ਬਾਨ ਦੇ ਇਸ ਸ਼ਾਇਰ ਦਾ। ਅਨੁਵਾਦ ਵਿਚ ਅਸਲ ਦਾ ਰੰਗ ਤਾਂ ਮੁਸ਼ਕਿਲ ਨਾਲ ਪੈਦਾ ਹੁੰਦਾ ਹੈ, ਸਗੋਂ ਇਹ ਕਹੋ ਕਿ ਅਜਿਹਾ ਹੋ ਸਕਣਾ ਅਸੰਭਵ ਹੈ, ਪਰ ਅਨੁਵਾਦ ਦੀ ਮਦਦ ਨਾਲ ਥੋੜ੍ਹਾ-ਬਹੁਤ ਜ਼ਰੂਰ ਸਮਝ ਸਕਿਆ। ਬਸ ਸਾਹਿਬ, ਇਹ ਕਹਿਣ ਨੂੰ ਦਿਲ ਚਾਹੁੰਦਾ ਹੈ ਕਿ ਨੇਰੂਦਾ, ਨੇਰੂਦਾ ਹੈ।”
ਦਰਵਾਜ਼ੇ ‘ਤੇ ਕਾਰ ਤਿਆਰ ਸੀ। ਮੈਂ ਸੋਚਿਆ, ਇਹ ਮਹਿਫ਼ਲ ਤਾਂ ਚਾਰ ਕਾਰਾਂ ਵਿਚ ਨਹੀਂ ਸਮਾ ਸਕਦੀ। ਏਨਾ ਤਾਂ ਜੋਸ਼ ਸਾਹਿਬ ਵੀ ਸਮਝਦੇ ਸਨ। ਹਾਲਾਂਕਿ ਉਨ੍ਹਾਂ ਤੋਂ ਇਹ ਉਮੀਦ ਨਹੀਂ ਸੀ ਕਿ ਰਸਤਾ ਕੱਢ ਸਕਣਗੇ। ਉਹ ਆਪ ਹੀ ਬੋਲੇ, “ਤਸੱਲੀ ਰੱਖੋ, ਹੁਣੇ ਚੱਲਦੇ ਹਾਂ ਅਤੇ ਇਹ ਹਜ਼ਰਾਤ ਏਥੇ ਹੀ ਰਹਿ ਜਾਣਗੇ। ਮੈਂ ਅਤੇ ਆਪ, ਬਸ ਦੋ-ਇਕ ਬੰਦੇ ਹੋਰ ਚੱਲਣਗੇ।”
ਕਮਰੇ ਵਿਚ ਜ਼ੋਰ ਦਾ ਕਹਿਕਹਾ ਗੂੰਜਿਆ ਅਤੇ ਜੋਸ਼ ਆਪਣੇ ਦੋ ਸਾਥੀਆਂ ਨਾਲ ਕਾਰ ਵਲ ਵਧੇ। ਮੈਂ ਡਰਾਈਵਰ ਨੂੰ ਕਿਹਾ, “ਜਿੰਨੀ ਜਲਦੀ ਹੋ ਸਕੇ, ਕਾਰ ਨੂੰ ਡੇਵਿਕੋ ਦੇ ਸਾਹਮਣੇ ਪਹੁੰਚਾ। ਐਕਸੀਡੈਂਟ ਨਾ ਹੋ ਜਾਏ, ਕਿਉਂਕਿ ਮਰਨ ਤੋਂ ਪਹਿਲਾਂ ਪਾਬਲੋ ਨੇਰੂਦਾ ਨੂੰ ਦੇਖ ਲੈਣਾ ਚਾਹੁੰਦਾ ਹਾਂ।”
ਇਕ ਜ਼ੋਰ ਦਾ ਕਹਿਕਹਾ ਗੂੰਜਿਆ। ਕਾਰ ਉੱਡੀ ਜਾ ਰਹੀ ਸੀ।
ਮੈਂ ਪਾਬਲੋ ਨੇਰੂਦਾ ਬਾਰੇ ਬਹੁਤ ਸੁਣ ਰੱਖਿਆ ਸੀ। ‘ਰੈਜੀਡੈਂਸੀ ਆਨ ਅਰਥ’ (ਧਰਤੀ ‘ਤੇ ਨਿਵਾਸ-ਸਥਾਨ) ਉਨ੍ਹਾਂ ਦਾ ਕਵਿਤਾ ਸੰਗ੍ਰਹਿ, ਜਿਸ ਵਿਚ ਮੂਲ ਸਪੇਨੀ ਕਵਿਤਾਵਾਂ ਦੇ ਨਾਲ-ਨਾਲ ਅੰਗਰੇਜ਼ੀ ਅਨੁਵਾਦ ਵੀ ਉਪਲਬਧ ਹੈ, ਮੇਰੇ ਕੋਲ ਮੌਜੂਦ ਸੀ ਪਰ ਇਨ੍ਹਾਂ ਕਵਾਤਵਾਂ ਦਾ ਅਧਿਐਨ ਕਰਦਿਆਂ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਏਨੀ ਜਲਦੀ ਅਤੇ ਉਹ ਵੀ ਦਿੱਲੀ ਵਿਚ ਨੇਰੂਦਾ ਦੇ ਦਰਸ਼ਨ ਹੋ ਜਾਣਗੇ। ਨੇਰੂਦਾ ਦੇ ਸਬੰਧ ਵਿਚ ਫ਼ਰਾਂਸ ਦੇ ਪ੍ਰਸਿਧ ਕਵੀ ਲੂਈ ਅਰਾਗੋਂ ਨੇ ਕਿਹਾ ਸੀ:
ਉਸ ਨੂੰ ਸੁੰਘਦੇ ਫਿਰਦੇ ਹਨ
ਖੋਜਦੇ ਫਿਰਦੇ ਹਨ
ਪਹਾੜੀਆਂ ਵਿਚ
ਸਮੁੰਦਰ ਵਿਚ ਅਤੇ ਸਮੁੰਦਰ ਕੰਢੇ
ਨੇਰੂਦਾ ਕਿਥੇ ਹੈ? ਨੇਰੂਦਾ ਕਿਥੇ ਹੈ?
ਪਰ ਨੇਰੂਦਾ ਅੱਜ ਵੀ ਗਾ ਰਿਹਾ ਹੈ
ਆਪਣੇ ਗੀਤ ਪਹਿਲਾਂ ਹੀ ਵਾਂਗ।
ਜੋਸ਼ ਨੇ ਜ਼ੋਰ ਦੇ ਕੇ ਕਿਹਾ, “ਸਾਹਿਬ ਅਜੀਬ ਆਦਮੀ ਹੈ ਨੇਰੂਦਾ। ਚਿੱਲੀ (ਦੱਖਣੀ ਅਮਰੀਕਾ) ਦੇ ਟੈਮਕੋ ਸ਼ਹਿਰ ਵਿਚ ਪੈਦਾ ਹੋਇਆ। ਉਮਰ ਛਿਆਲੀ ਸਾਲ। ਕੁਝ ਖ਼ਾਸ ਜ਼ਿਆਦਾ ਵੀ ਨਹੀਂ। ਖ਼ੈਰ, ਮੇਰੇ ਤੋਂ ਤਾਂ ਛੋਟੇ ਹੀ ਹੋਏ ਪਰ ਸਾਹਿਬ ਉਹ ਜੋ ਕਿਹਾ ਗਿਆ ਹੈ – ਬਜ਼ੁਰਗੀ ਬਾਅਕਲ ਅਸਤ... ਹਾਂ ਤਾਂ ਇਸ ਹਿਸਾਬ ਨਾਲ ਮੈਂ ਉਨ੍ਹਾਂ ਨੂੰ ਆਪਣੇ ਤੋਂ ਵੱਡਾ ਮੰਨਦਾ ਹਾਂ।”
ਮੈਂ ਹੱਸ ਕੇ ਕਿਹਾ, “ਜੋਸ਼ ਸਾਹਿਬ, ਮੇਰੇ ਤੋਂ ਤਾਂ ਨੇਰੂਦਾ ਉਮਰ ਵਿਚ ਚਾਰ ਸਾਲ ਵੱਡੇ ਹਨ।”
ਜ਼ੋਰ ਦਾ ਕਹਿਕਹਾ। ਕਾਰ ਉੱਡੀ ਜਾ ਰਹੀ ਹੈ। ਪਤਾ ਲੱਗਿਆ, ਨੇਰੂਦਾ ਵਿਸ਼ਵ ਅਮਨ ਕਮੇਟੀ ਦੇ ਉਪ ਪ੍ਰਧਾਨ ਹਨ ਅਤੇ ਇਸੇ ਸਬੰਧ ਵਿਚ ਦਿੱਲੀ ਆਏ ਹਨ। ਕਾਰ ਵਿਚ ਬੈਠੇ ਇਕ ਸਾਹਿਬ ਕਹਿ ਰਹੇ ਸਨ, “ਸੁਣਿਆ ਹੈ, ਨੇਰੂਦਾ ਨੂੰ ਹਿੰਦੁਸਤਾਨ ਵਿਚ ਦਸ ਦਿਨ ਠਹਿਰਨ ਦੀ ਇਜਾਜ਼ਤ ਮਿਲੀ ਹੈ ਅਤੇ ਉਹ ਵੀ ਦਿੱਲੀ ਅਤੇ ਬੰਬਈ ਵਿਚ ਹੀ। ਚਾਰ ਦਿਨ ਦਿੱਲੀ ਵਿਚ ਖ਼ਤਮ ਹੋਏ ਸਮਝੋ ਅਤੇ ਬਾਕੀ ਦੇ ਛੇ ਦਿਨ ਬੰਬਈ ਵਿਚ ਗੁਜ਼ਾਰ ਕੇ ਉਨ੍ਹਾਂ ਨੂੰ ਏਥੋਂ ਚੱਲ ਦੇਣਾ ਹੋਵੇਗਾ।”
ਮੈਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਕਿਧਰੇ ਅਜਿਹਾ ਨਾ ਹੋਵੇ ਕਿ ਨੇਰੂਦਾ ਕਿਸੇ ਜਗ੍ਹਾ ਅਟਕ ਜਾਣ। ਲੋਕ ਡੇਵਿਕੋ ਵਿਚ ਜਮ੍ਹਾਂ ਹੋਏ ਹੋਣਗੇ, ਕਿਧਰੇ ਉਨ੍ਹਾਂ ਨੂੰ ਆਪਣਾ ਜਿਹਾ ਮੂੰਹ ਲੈ ਕੇ ਵਾਪਸ ਨਾ ਜਾਣਾ ਪਵੇ। ਇਕ ਅਜਿਹੀ ਘਟਨਾ ਪਹਿਲਾਂ ਵੀ ਹੋ ਚੁੱਕੀ ਸੀ ਕਿ ਮਹਿਮਾਨ ਦਾ ਇੰਤਜ਼ਾਰ ਕਰਨ ਬਾਅਦ ਉਸ ਨੂੰ ਦਾਅਵਤ ਦੇਣ ਵਾਲੇ ਆਪ ਹੀ ਚਾਹ ਪੀ ਕੇ ਮੇਜ਼ਾਂ ਤੋਂ ਉਠ ਗਏ।
ਉਹੋ ਗੱਲ ਹੋਈ। ਹਾਲਾਂਕਿ ਅਸੀਂ ਚਾਰ ਵਜੇ ਸ਼ਾਮ ਦੇ ਥੋੜ੍ਹਾ ਬਾਅਦ ਹੀ ਡੇਵਿਕੋ ਵਿਚ ਪਹੁੰਚ ਗਏ ਸੀ, ਪਤਾ ਲੱਗਿਆ ਕਿ ਨੇਰੂਦਾ ਅਜੇ ਤਕ ਉਥੇ ਨਹੀਂ ਆਏ। ਸਾਹਮਣੇ ਵਾਲਾ ਹਾਲ ਖਚਾ-ਖਚ ਭਰਿਆ ਹੋਇਆ ਸੀ। ਗੱਪਾਂ ਮਾਰਨ ਵਾਲਿਆਂ ਦੀ ਕੁਝ ਨਾ ਪੁੱਛੋ ਪਰ ਜਦੋਂ ਤਕ ਲਾੜਾ ਨਾ ਨਜ਼ਰ ਆਏ, ਜੰਞ ਦੀ ਸਜ-ਧਜ ਕੀ ਮਾਅਨੇ ਰੱਖਦੀ ਹੈ।
ਇਨ੍ਹਾਂ ਵਿਚੋਂ ਕੁਝ ਲੋਕ ਤਾਂ ਨੇਰੂਦਾ ਨੂੰ ਮਿਲ ਚੁੱਕੇ ਸਨ। ਉਨ੍ਹਾਂ ਨੂੰ ਏਨੀ ਫ਼ਿਕਰ ਨਹੀਂ ਸੀ ਪਰ ਉਹ ਲੋਕ ਜੋ ਅਜੇ ਤਕ ਨੇਰੂਦਾ ਨੂੰ ਦੇਖ ਨਹੀਂ ਸੀ ਸਕੇ, ਬਾਰ-ਬਾਰ ਅੱਡੀਆਂ ਚੁੱਕ-ਚੁੱਕ ਕੇ ਦਰਵਾਜ਼ੇ ਵੱਲ ਦੇਖਣ ਲੱਗਦੇ। ਸੱਚ ਪੁੱਛੋ ਤਾਂ ਇਕ-ਇਕ ਪਲ ਭਾਰੀ ਹੋ ਰਿਹਾ ਸੀ।
ਸੱਚਮੁੱਚ ਮੈਨੂੰ ਇਹ ਡਰ ਸੀ ਕਿ ਪਾਬਲੋ ਨੇਰੂਦਾ ਨਾਲ ਮੁਲਾਕਾਤ ਦੀ ਗੱਲ ਖਟਾਈ ਵਿਚ ਨਾ ਪੈ ਜਾਵੇ। ਇਕ ਪਾਸੇ ਤਾਂ ਮੈਂ ਉਨ੍ਹਾਂ ਲੋਕਾਂ ਨੂੰ ਕੋਸਣ ਲੱਗਿਆ, ਜਿਨ੍ਹਾਂ ਦੇ ਜ਼ਿੰਮੇ ਇਹ ਕੰਮ ਲਾਇਆ ਗਿਆ ਸੀ ਕਿ ਉਹ ਦਿੱਲੀ ਦੇ ਇਸ ਸਨਮਾਨਤ ਮਹਿਮਾਨ ਨੂੰ ਪ੍ਰੋਗਰਾਮ ਦੇ ਅਨੁਸਾਰ ਠੀਕ ਸਮੇਂ ਅਤੇ ਠੀਕ ਜਗ੍ਹਾ ਪਹੁੰਚਾ ਦਿਆ ਕਰਨ ਅਤੇ ਦੂਜੇ ਪਾਸੇ ਆਪਣੀ ਮੂਰਖਤਾ ‘ਤੇ ਲਾਹਨਤ ਭੇਜ ਰਿਹਾ ਸਾਂ ਕਿ ਤਿੰਨ ਦਿਨ ਮੈਂ ਅਖ਼ਬਾਰ ਦੇਖੇ ਬਿਨਾ ਗੁਜ਼ਾਰ ਦਿੱਤੇ।
ਜੋਸ਼ ਸਾਹਿਬ ਕਹਿ ਰਹੇ ਸਨ, “ਨੇਰੂਦਾ ਆਵੇਗਾ, ਜ਼ਰੂਰ ਆਵੇਗਾ, ਤਸੱਲੀ ਰੱਖੋ।”
ਨੇਰੂਦਾ ਦੇ ਇਸ ਸਨਮਾਨ ਸਮਾਰੋਹ ਲਈ ਡੇਵਿਕੋ ਵਿਚ ਇਹ ਪ੍ਰਬੰਧ ਦੇਖ ਕੇ ਹਰ ਕਿਸੇ ਦਾ ਦਿਲ ਖ਼ੁਸ਼ੀ ਨਾਲ ਉਛਲ ਰਿਹਾ ਸੀ। ਉਰਦੂ, ਹਿੰਦੀ ਅਤੇ ਪੰਜਾਬੀ ਦੇ ਕਈ ਕਵੀ ਅਤੇ ਸਾਹਿਤਕਾਰ, ਅਨੇਕ ਚਿਤਰਕਾਰ, ਪੱਤਰਕਾਰ, ਅਨੇਕ ਅਧਿਆਪਕ ਅਤੇ ਰਾਜਨੇਤਾ- ਸਾਰੇ ਕੌਮਾਂਤਰੀ ਪ੍ਰਸਿਧੀ ਦੇ ਕਵੀ ਨੂੰ ਮਿਲਣ ਲਈ ਜਮ੍ਹਾਂ ਹੋਏ ਸਨ ਪਰ ਅਜੇ ਤਕ ਕਵੀ ਨੇਰੂਦਾ ਦਾ ਇੰਤਜ਼ਾਰ ਸੀ।
ਮੇਜ਼ਾਂ ‘ਤੇ ਚਾਹ ਆਉਣ ਲੱਗੀ ਅਤੇ ਜਿਵੇਂ ਅਜਿਹੇ ਮੌਕਿਆਂ ‘ਤੇ ਆਮ ਕਰ ਕੇ ਦੇਖਣ ਵਿਚ ਆਉਂਦਾ ਹੈ, ਉਚ ਵਰਗ ਦੇ ਸਭਿਆਚਾਰ ਵਿਚ ਢਲੇ ਹੋਏ ਲੋਕਾਂ ਦੇ ਮਹਿਮਾਨ ਦੀ ਗ਼ੈਰ-ਮੌਜੂਦਗੀ ਵਿਚ ਚਾਹ ਦੀਆਂ ਪਿਆਲੀਆਂ ਵੱਲ ਹੱਥ ਉੱਠਣ ਲੱਗੇ। ਔਰਤਾਂ ਚਾਹ ਸਰਵ ਕਰ ਰਹੀਆਂ ਸਨ। ਇਹ ਦੇਖ ਕੇ ਮੈਨੂੰ ਬੁਰਾ ਲੱਗਿਆ।
ਲੋਕ ਹੱਸ ਰਹੇ ਸਨ। ਕਿਸੇ ਨੂੰ ਹੱਸਣ ਤੋਂ ਰੋਕਣਾ ਤਾਂ ਮੇਰੇ ਵੱਸ ਦੀ ਗੱਲ ਨਹੀਂ ਸੀ, ਪਰ ਮੈਂ ਕਹਿਣਾ ਚਾਹੁੰਦਾ ਸਾਂ- ਅੱਜ ਤਾਂ ਅਸੀਂ ਖੋਖਲਾ ਹਾਸਾ ਹੱਸਣ ਦੀ ਥਾਂ ਮਹਾਨ ਸਾਹਿਤਕਾਰ ਨੂੰ ਮਿਲਣ ਆਏ ਹਾਂ ਅਤੇ ਸਾਡੇ ਉਸ ਸਾਹਿਤਕਾਰ ਮਹਿਮਾਨ ਨੂੰ ਡੇਵਿਕੋ ਦਾ ਰਸਤਾ ਕਿਉਂ ਨਹੀਂ ਮਿਲ ਸਕਿਆ।
ਅਚਾਨਕ ਕਿਸੇ ਨੇ ਕਿਹਾ, “ਨੇਰੂਦਾ ਆ ਗਏ।”
ਸਾਰਿਆਂ ਦੀਆਂ ਅੱਖਾਂ ਦਰਵਾਜ਼ੇ ਵੱਲ ਉਠ ਗਈਆਂ। ਚਾਹ ਦਾ ਖ਼ਿਆਲ ਛੱਡ ਕੇ ਲੋਕ ਅਸਲ ਮਜ਼ਮੂਨ ਵੱਲ ਆਕ੍ਰਸ਼ਿਤ ਹੋਏ। ਕਿਸੇ-ਕਿਸੇ ਦੀ ਅੱਖ ਵਿਚ ਇਹ ਭਾਵ ਉਭਰ ਰਿਹਾ ਸੀ- ਕਾਸ਼! ਅਸੀਂ ਹੋਰ ਥੋੜ੍ਹਾ ਇੰਤਜ਼ਾਰ ਕੀਤਾ ਹੁੰਦਾ।
ਨੇਰੂਦਾ ਦੇ ਨਾਲ ਸ੍ਰੀਮਤੀ ਨੇਰੂਦਾ ਵੀ ਸੀ। ਜੋਸ਼ ਨਾਲ ਨੇਰੂਦਾ ਨੇ ਖ਼ਾਸ ਤੌਰ ‘ਤੇ ਹੱਥ ਮਿਲਾਇਆ। ਮੈਂ ਵੀ ਬਗਲ ਵਿਚ ਖਲੋਤਾ ਸੀ। ਸੱਚਮੁੱਚ ਨੇਰੂਦਾ ਦੇ ਚਿਹਰੇ ‘ਤੇ ਮੈਨੂੰ ਮਨੁੱਖਤਾ ਦਾ ਨਵਾਂ ਦਿਸਹੱਦਾ ਉਭਰਦਾ ਦਿਖਾਈ ਦਿੱਤਾ। ਉਸ ਦੀਆਂ ਅੱਖਾਂ ਵਿਚ ਵਿਸ਼ਵਾਸ ਦੀ ਗਹਿਰਾਈ ਸੀ, ਭਾਵੇਂ ਉਂਜ ਦੇਖਣ ਵਿਚ ਉਨ੍ਹਾਂ ਦੀਆਂ ਅੱਖਾਂ ਕਿਸੇ ਹੱਦ ਤੱਕ ਖੁੱਲ੍ਹੀਆਂ ਨਜ਼ਰ ਆ ਰਹੀਆਂ ਸਨ। ਨੇਰੂਦਾ ਨੇ ਮੇਰੇ ਵੱਲ ਦੇਖਿਆ, ਜਿਵੇਂ ਉਹ ਕੁਝ ਪੁੱਛਣਾ ਚਾਹੁੰਦਾ ਹੋਵੇ। ਜੋਸ਼ ਨੇ ਮੇਰੀ ਜਾਣ-ਪਛਾਣ ਕਰਾਉਂਦਿਆਂ ਕਿਹਾ, “ਆਪ ਹਨ ਸਾਡੇ ਦੋਸਤ ਦੇਵਿੰਦਰ ਸਤਿਆਰਥੀ। ਹਿੰਦੁਸਤਾਨ ਦੇ ਲੋਕ ਗੀਤ ਸੰਗ੍ਰਹਿ ਕਰਨ ਦੀ ਧੁਨ ਵਿਚ ਪਿੰਡ-ਪਿੰਡ ਛਾਣ ਮਾਰਿਆ।”
ਨੇਰੂਦਾ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਕਿਹਾ, “ਆਪ ਨੂੰ ਮਿਲ ਕੇ ਖ਼ੁਸ਼ੀ ਹੋਈ।”
ਇਹ ਬੋਲ ਰਸਮੀ ਕਿਸਮ ਦਾ ਬੋਲ ਨਹੀਂ ਸੀ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਸਦੀਆਂ ਦੇ ਫ਼ਾਸਲੇ ਦੂਰ ਹੋ ਗਏ ਅਤੇ ਸਾਡੀ ਮੁਲਾਕਾਤ ਸਿਰਫ਼ ਦੋ ਵਿਅਕਤੀਆਂ ਦੀ ਮੁਲਾਕਾਤ ਨਹੀਂ, ਸਗੋਂ ਦੋ ਦੇਸ਼ਾਂ ਦੀ ਮੁਲਾਕਾਤ ਹੈ।
ਜੋਸ਼ ਅਤੇ ਨੇਰੂਦਾ ਦੇ ਵਿਚਕਾਰਲੀ ਕੁਰਸੀ ‘ਤੇ ਬੈਠਾ ਹੋਇਆ ਮੈਂ ਸੋਚ ਰਿਹਾ ਸੀ ਕਿ ਇਹ ਕਿੰਨਾ ਮਹਾਨ ਦਿਨ ਹੈ।
ਓਧਰ ਨੇਰੂਦਾ ਬਾਰੇ ਦੱਸਿਆ ਜਾ ਰਿਹਾ ਸੀ ਅਤੇ ਸਰੋਤੇ ਮੰਤਰ-ਮੁਗਧ ਹੋਏ ਬੈਠੇ ਸਨ। ਇਧਰ ਮੈਂ ਮਨ ਹੀ ਮਨ ਨੇਰੂਦਾ ਦੀ ‘ਸਪੇਨ’ ਸਿਰਲੇਖ ਵਾਲੀ ਕਵਿਤਾ ਗੁਣਗੁਣਾ ਰਿਹਾ ਸੀ ਜਿਸ ਦਾ ਹਿੰਦੀ ਅਨੁਵਾਦ ਮੈਂ ਬੜੀ ਲਗਨ ਅਤੇ ਆਤਮ-ਵਿਸ਼ਵਾਸ ਨਾਲ ਕੀਤਾ ਸੀ। ਇਸ ਕਵਿਤਾ ਦਾ ਕਵੀ ਮੇਰੀ ਬਗਲ ਵਿਚ ਬੈਠਾ ਸੀ ਅਤੇ ਮੈਂ ਉਸ ਦਾ ਮੋਢਾ ਫੜ ਕੇ ਕਹਿਣਾ ਚਾਹੁੰਦਾ ਸੀ: ‘ਸਪੇਨ’ ਦੇ ਕਵੀ ਨੂੰ ਮੇਰਾ ਸੌ-ਸੌ ਪ੍ਰਣਾਮ!
ਮੰਚ ਤੋਂ ਜੋ ਭਾਸ਼ਣ ਦਿੱਤਾ ਜਾ ਰਿਹਾ ਸੀ, ਉਸ ਵਿਚ ਨੇਰੂਦਾ ਦੀ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ ਜਾ ਰਹੀ ਸੀ। ਇਸ ਦੌਰਾਨ ਨੇਰੂਦਾ ਨੇ ਇਕ ਪਲ ਲਈ ਮੇਰੇ ਵੱਲ ਦੇਖਿਆ ਅਤੇ ਮੈਂ ਪੁੱਛ ਲਿਆ, “ਆਪ ਦੀ ਇਕ ਕਵਿਤਾ ‘ਸਪੇਨ’ ਵੀ ਤਾਂ ਹੈ।”
“ਹਾਂ, ਤਾਂ!” ਨੇਰੂਦਾ ਨੇ ਸਿਰ ਹਿਲਾਇਆ ਅਤੇ ਅੱਖਾਂ ਝਪਕੀਆਂ, ਜਿਵੇਂ ਪੁੱਛ ਰਹੇ ਹੋਣ- ਇਸ ਸਮੇਂ ਤੁਹਾਨੂੰ ਉਸ ਕਵਿਤਾ ਦੀ ਯਾਦ ਕਿਵੇਂ ਆ ਗਈ?
ਮੈਂ ਥੋੜ੍ਹਾ ਹੌਸਲਾ ਕਰ ਕੇ ਕਿਹਾ, “ਮੈਨੂੰ ਉਹ ਕਵਿਤਾ ਬਹੁਤ ਪਸੰਦ ਹੈ।”
ਨੇਰੂਦਾ ਨੇ ਖ਼ਾਸ ਅੰਦਾਜ਼ ਵਿਚ ਸਿਰ ਹਿਲਾਇਆ, ਜਿਵੇਂ ਉਹ ਕਹਿ ਰਹੇ ਹੋਣ- ਪਸੰਦ ਆਪੋ-ਆਪਣੀ।
ਮੈਂ ਸੋਚਿਆ ਕਿ ਥੋੜ੍ਹਾ ਹੌਸਲਾ ਕਰ ਕੇ ਦੇਖਾਂ। ਹੌਲੀ ਜਿਹੀ ਉਨ੍ਹਾਂ ਦੇ ਕੰਨ ਕੋਲ ਮੂੰਹ ਲਿਜਾ ਕੇ ਮੈਂ ਕਿਹਾ, “ਉਸ ਕਵਿਤਾ ਦਾ ਮੈਂ ਹਿੰਦੀ ਅਨੁਵਾਦ ਆਪਣੇ ਕਵਿਤਾ ਸੰਗ੍ਰਹਿ ਦੇ ਇਕ ਭਾਗ ਵਿਚ ਸ਼ਾਮਲ ਕੀਤਾ ਹੈ, ਜਿਸ ਵਿਚ ਛੇ ਹੋਰ ਕੌਮਾਂਤਰੀ ਕਵਿਤਾਵਾਂ ਦੇ ਅਨੁਵਾਦ ਵੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ ਇਕ ਕਵਿਤਾ ਮਾਓ-ਜ਼ੇ-ਤੁੰਗ ਦੀ ‘ਹਿਮ’ ਵੀ ਹੈ।”
ਨੇਰੂਦਾ ਨੇ ਹੌਲੀ ਜਿਹੀ ਕਿਹਾ, “ਜਿਵੇਂ ਮੇਰੀ ਸਪੇਨੀ ਭਾਸ਼ਾ ਤੁਹਾਨੂੰ ਨਹੀਂ ਆਉਂਦੀ, ਉਸੇ ਤਰ੍ਹਾਂ ਮੈਨੂੰ ਤੁਹਾਡੀ ਹਿੰਦੀ ਨਹੀਂ ਆਉਂਦੀ।”
ਮੈਂ ਕੁਝ ਝਿਪ ਜਿਹਾ ਗਿਆ, ਕਿਉਂਕਿ ਸ਼ਾਇਦ ਮੈਂ ਨੇਰੂਦਾ ਦੇ ਮੂੰਹੋਂ ਕੋਈ ਪ੍ਰਸੰਸਾ ਭਰਿਆ ਬੋਲ ਸੁਣਨ ਦੀ ਉਮੀਦ ਰੱਖਦਾ ਸਾਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਅਨੁਵਾਦ ਵਿਚ ਅਸਲ ਕਵਿਤਾ ਦਬ ਜਾਂਦੀ ਹੈ। ਆਪਣੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਵਿਚ ਮੈਂ ਦੇਖਦਾ ਹਾਂ ਕਿ ਗੱਲ ਨਹੀਂ ਬਣੀ। ਮੇਰੀ ਆਵਾਜ਼ ਬਹੁਤ ਦਬ ਗਈ ਹੈ। ਸਪੇਨੀ ਭਾਸ਼ਾ ਵਿਚ ਹੀ ਮੇਰੀ ਆਵਾਜ਼ ਉਭਰਦੀ ਹੈ।”
“ਕੰਮ ਚਲਾਊ ਅਨੁਵਾਦ ਦੇ ਬਗ਼ੈਰ ਵੀ ਤਾਂ ਗੁਜ਼ਾਰਾ ਨਹੀਂ।” ਮੈਂ ਅਨੁਵਾਦ ਦਾ ਪੱਖ ਲੈਂਦਿਆਂ ਕਿਹਾ।
“ਹਾਂ, ਹਾਂ!” ਨੇਰੂਦਾ ਨੇ ਹੌਲੀ ਜਿਹੀ ਕਿਹਾ, “ਇਥੋਂ ਤਕ ਤਾਂ ਮੈਂ ਸਹਿਮਤ ਹਾਂ।”
ਬਹੁਤ ਜਲਦੀ ਮੈਂ ਮਹਿਸੂਸ ਕੀਤਾ ਕਿ ਅਜਿਹੇ ਮੌਕੇ ‘ਤੇ ਇਸ ਤਰ੍ਹਾਂ ਗੱਲਬਾਤ ਕਰਨਾ ਠੀਕ ਨਹੀਂ ਪਰ ਮਨ ਤਾਂ ਲਲਚਾ ਉਠਿਆ ਸੀ ਅਤੇ ਕੋਈ ਪਾਬੰਦੀ ਮੰਨਣ ਲਈ ਤਿਆਰ ਹੀ ਨਹੀਂ ਸੀ। ਇਕ-ਅੱਧ ਪਲ ਲਈ ਤਾਂ ਮੈਂ ਇਹ ਮਹਿਸੂਸ ਕੀਤਾ ਜਿਵੇਂ ਇਸ ਵੱਡੇ ਕਮਰੇ ਵਿਚ ਨੇਰੂਦਾ ਤੇ ਮੈਂ ਹੀ ਬੈਠੇ ਹੋਈਏ। ਫਿਰ ਚੌਂਕ ਕੇ ਮੈਂ ਜੋਸ਼ ਵੱਲ ਦੇਖਿਆ ਅਤੇ ਖਿਮਾ-ਯਾਚਨਾ ਕਰਦਿਆਂ ਕਹਿਣਾ ਚਾਹਿਆ- ਨਹੀਂ, ਨਹੀਂ ਆਪ ਵੀ ਤਾਂ ਹੋ ਸਾਡੇ ਨਾਲ; ਆਪ ਭਲਾ ਕਿਉਂ ਨਹੀਂ ਹੋਵੋਗੇ ਸਾਡੇ ਨਾਲ। ਉਸ ਸਮੇਂ ਮੈਂ ਜਿਵੇਂ ਦੋ ਮਹਾਂ-ਕਵੀਆਂ ਦੇ ਵਿਚਾਲੇ ਸੈਂਡਵਿਚ ਹੋਇਆ ਜਾ ਰਿਹਾ ਸੀ। ਜਿਵੇਂ ਮੇਰਾ ਅਹਿਮ ਇਕ ਪਲ ਲਈ ਸਿਰ ਉਠਾ ਕੇ ਕਹਿਣਾ ਚਾਹੁੰਦਾ ਸੀ- ਇਸ ਸਮਾਰੋਹ ਵਿਚ ਨੇਰੂਦਾ ਦਾ ਨਹੀਂ, ਮੇਰਾ ਸਨਮਾਨ ਕੀਤਾ ਜਾ ਰਿਹਾ ਹੈ। ਫਿਰ ਜਿਵੇਂ ਮੇਰੇ ਦਿਮਾਗ਼ ਦੇ ਇਕ ਕੋਨੇ ਵਿਚੋਂ ਕਿਸੇ ਅਗਾਂਹਵਧੂ ਸ਼ਕਤੀ ਨੇ ਮੈਨੂੰ ਝੰਜੋੜ ਕੇ ਕਿਹਾ- ਕਿਉਂ ਐਵੇਂ ਬਹਿਕ ਰਹੇ ਹੋ, ਨੇਰੂਦਾ ਵਰਗਾ ਕੰਮ ਕਰ ਦਿਖਾਓ ਤਾਂ ਇਕ ਦਿਨ ਤੁਹਾਡਾ ਵੀ ਇਸ ਤਰ੍ਹਾਂ ਸਨਮਾਨ ਕੀਤਾ ਜਾ ਸਕਦਾ ਹੈ; ਮਨੁੱਖਤਾ ਦੇ ਦਿਸਹੱਦੇ ਤੇ ਨਵੇਂ ਚਿੱਤਰ ਦੇਖਣ ਵਾਲੇ ਇਸ ਕਲਾਕਾਰ ਵਾਂਗ ਤੁਸੀਂ ਵੀ ਕਿਸੇ ਨਵੀਂ ਦਿਸ਼ਾ ਵੱਲ ਦੁਨੀਆਂ ਨੂੰ ਰਾਹ ਦਿਖਾਓ ਤਾਂ ਤੁਹਾਨੂੰ ਵੀ ਅਸੀਂ ਇਨ੍ਹਾਂ ਸ਼ਬਦਾਂ ਨਾਲ ਯਾਦ ਕਰ ਸਕਦੇ ਹਾਂ। ਮੈਂ ਸੋਚਿਆ ਕਿ ਨੇਰੂਦਾ ਬਹੁਤ ਵੱਡਾ ਕਲਾਕਾਰ ਹੈ ਅਤੇ ਸ਼ਾਇਦ ਸਭ ਤੋਂ ਵੱਡੀ ਗੱਲ ਜਿਸ ਵੱਲ ਸਾਡਾ ਧਿਆਨ ਖਿੱਚਦਾ ਹੈ, ਇਹੋ ਹੈ ਕਿ ਦੇਸ-ਦੇਸ ਦੀ ਮਨੁੱਖਤਾ ਇਕ ਹੈ ਅਤੇ ਉਸ ਨੂੰ ਤੀਜੇ ਵਿਸ਼ਵ ਯੁੱਧ ਤੋਂ ਹਰ ਕੀਮਤ ‘ਤੇ ਬਚਾਉਣਾ ਹੈ।
ਹੁਣ ਕਵੀ ਨੇਰੂਦਾ ਨੂੰ ਕਿਹਾ ਗਿਆ ਕਿ ਉਹ ਹਾਜ਼ਰੀਨ ਦੇ ਸਾਹਮਣੇ ਆਪਣੇ ਵਿਚਾਰ ਰੱਖਣ। ਉਹ ਝੱਟ ਖੜ੍ਹੇ ਹੋ ਗਏ। ਬੋਲਣ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀਮਤੀ ਨੇਰੂਦਾ ਵੱਲ ਵੇਖਿਆ ਜੋ ਜੋਸ਼ ਦੇ ਸੱਜੇ ਪਾਸੇ ਬੈਠੇ ਸਨ। ਜਿਵੇਂ ਉਹ ਬੋਲਣ ਤੋਂ ਪਹਿਲਾਂ ਪੁੱਛਣਾ ਚਾਹੁੰਦੇ ਹੋਣ ਕਿ ਤੁਸੀਂ ਦੱਸੋ ਕਿ ਇਸ ਸਨੇਹ ਦਾ ਕੀ ਜਵਾਬ ਦਿਆਂ? ਆਖ਼ਰ ਨੇਰੂਦਾ ਨੇ ਆਪਣਾ ਭਾਸ਼ਣ ਇਸ ਤਰ੍ਹਾਂ ਸ਼ੁਰੂ ਕੀਤਾ, “ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਜਿਸ ਕਿਸੇ ਨੂੰ ਵੀ ਮੇਰੀ ਗੱਲ ਸਮਝ ਨਾ ਆਵੇ, ਉਹ ਉਠ ਕੇ ਮੈਨੂੰ ਟੋਕ ਦੇਵੇ। ਮੈਂ ਫਿਰ ਤੋਂ ਕੋਸ਼ਿਸ਼ ਕਰਾਂਗਾ ਕਿ ਦੁਬਾਰਾ ਆਪਣੀ ਗੱਲ ਦੱਸਾਂ ਤਾਂ ਕਿ ਹਰ ਕੋਈ ਉਸ ਨੂੰ ਸਮਝ ਸਕੇ।”
ਸੱਚ ਕਹਿੰਦਾ ਹਾਂ, ਇਨ੍ਹਾਂ ਸ਼ਬਦਾਂ ਨੇ ਨੇਰੂਦਾ ਦਾ ਸਿੱਕਾ ਜਮਾ ਦਿੱਤਾ। ਮੈਂ ਉਨ੍ਹਾਂ ਦੇ ਮੂੰਹੋਂ ਇਹ ਬੋਲ ਸੁਣ ਕੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਹੋਰ ਵੀ ਕਾਇਲ ਹੋ ਗਿਆ। ਮੈਂ ਜੋਸ਼ ਦੀਆਂ ਅੱਖਾਂ ਵਿਚ ਝਾਕਣ ਦੀ ਕੋਸ਼ਿਸ਼ ਕੀਤੀ। ਮੈਂ ਕਹਿਣਾ ਚਾਹੁੰਦਾ ਸੀ- ਜੋਸ਼ ਸਾਹਿਬ ਅਸੀਂ ਲੋਕ ਜਦੋਂ ਨੇਰੂਦਾ ਦੇ ਦੇਸ ਜਾਵਾਂਗੇ ਤਾਂ ਉਥੋਂ ਦੇ ਸਮਾਰੋਹ ਵਿਚ ਅਸੀਂ ਵੀ ਤਾਂ ਇਹੋ ਕਹਾਂਗੇ ਕਿ ਅੰਗਰੇਜ਼ੀ ਸਾਡੀ ਜ਼ਬਾਨ ਨਹੀਂ ਹੈ।
ਨੇਰੂਦਾ ਕਹਿ ਰਹੇ ਸਨ, “ਬਹੁਤ ਥੋੜ੍ਹੀ ਦੇਰ ਲਈ ਅਸੀਂ ਏਥੇ ਇਕੱਠੇ ਹੋਏ ਹਾਂ- ਬਹੁਤ ਥੋੜ੍ਹੀ ਦੇਰ ਲਈ। ਇਹ ਥੋੜ੍ਹਾ ਜਿਹਾ ਸਮਾਂ ਜਲਦੀ ਹੀ ਇਕ ਯਾਦ ਬਣ ਕੇ ਰਹਿ ਜਾਵੇਗਾ। ਹਿੰਦੁਸਤਾਨ ਇਕ ਮਹਾਨ ਦੇਸ ਹੈ। ਏਥੋਂ ਦੀ ਮਹਿਮਾਨ-ਨਵਾਜ਼ੀ ਮਹਾਨ ਹੈ। ਇਸ ਦੇਸ ਵਿਚ ਗੰਗਾ ਵਰਗੀਆਂ ਪਵਿਤਰ ਨਦੀਆਂ ਵਗਦੀਆਂ ਹਨ। ਸੰਨ 1927 ਵਿਚ ਮੈਨੂੰ ਇਕ ਵਾਰ ਗੰਗਾ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਹਿੰਦੁਸਤਾਨ ਦੀਆਂ ਇਨ੍ਹਾਂ ਪਵਿੱਤਰ ਨਦੀਆਂ ਬਾਰੇ ਪ੍ਰਸਿਧ ਹੈ ਕਿ ਜੋ ਵੀ ਇਕ ਵਾਰ ਇਨ੍ਹਾਂ ਵਿਚ ਇਸ਼ਨਾਨ ਕਰ ਲੈਂਦਾ ਹੈ, ਉਹ ਬਾਰ-ਬਾਰ ਆਉਂਦਾ ਹੈ।”
ਅੱਗੇ ਚਲ ਕੇ ਨੇਰੂਦਾ ਨੇ ਸਾਹਿਤਕਾਰ ਅਤੇ ਜਨਤਾ ਸਬੰਧੀ ਰੌਸ਼ਨੀ ਪਾਉਂਦਿਆਂ ਕਿਹਾ, “ਸਾਹਿਤਕਾਰ ਅਤੇ ਜਨਤਾ ਵਿਚ ਡੂੰਘਾ ਸਬੰਧ ਹੁੰਦਾ ਹੈ। ਏਥੇ ਮੈਂ ਆਪਣੀ ਗੱਲ ਦੱਸੇ ਬਗ਼ੈਰ ਨਹੀਂ ਰਹਿ ਸਕਦਾ। ਮੈਂ ਆਪਣੇ ਦੇਸ ਦੇ ਕਿਸਾਨਾਂ ਅਤੇ ਮਜ਼ਦੂਰਾਂ, ਤਾਂਬੇ ਦੀਆਂ ਖਦਾਨਾਂ ਵਿਚ ਕੰਮ ਕਰਨ ਵਾਲਿਆਂ ਅਤੇ ਸਮੁੰਦਰ ਵਿਚ ਕੰਮ ਕਰਨ ਵਾਲਿਆਂ- ਉਨ੍ਹਾਂ ਸਾਰਿਆਂ ਕੋਲ ਗਿਆ। ਇਹ ਸਾਰੇ ਅਨਪੜ੍ਹ ਸਨ। ਫਿਰ ਵੀ ਇਹ ਮੈਨੂੰ ਕਹਿੰਦੇ ਸਨ- ਸਾਨੂੰ ਆਪਣੀ ਕਵਿਤਾ ਸੁਣਾਓ। ਉਨ੍ਹਾਂ ਦੇ ਸੰਪਰਕ ਵਿਚ ਆ ਕੇ ਮੇਰੀ ਕਵਿਤਾ ਬਿਲਕੁਲ ਬਦਲ ਗਈ। ਮੈਂ ਦੇਖਿਆ ਕਿ ਮੇਰੀ ਕਵਿਤਾ ਸਾਦੀ ਅਤੇ ਸਿੱਧੀ ਹੋਣੀ ਚਾਹੀਦੀ ਹੈ। ਨਾਲ ਹੀ ਮੈਂ ਮਹਿਸੂਸ ਕੀਤਾ ਕਿ ਮੇਰੀ ਕਵਿਤਾ ਮੇਰੀ ਪੋਸ਼ਾਕ ਵਾਂਗ ਹੋਣੀ ਚਾਹੀਦੀ ਹੈ। ਇਕਦਮ ਮੇਰੀ, ਜਿਸ ਵਿਚ ਮੇਰੇ ਦੇਸ ਵਾਸੀ ਮੈਨੂੰ ਦੇਖ ਸਕਣ। ਮੈਂ ਇਹ ਵੀ ਮਹਿਸੂਸ ਕੀਤਾ ਕਿ ਮੇਰੀ ਕਵਿਤਾ ਵਿਚ ਮੇਰੀ ਆਤਮਾ ਦਾ ਕੁਝ ਹਿੱਸਾ ਵੀ ਜ਼ਰੂਰ ਹੋਣਾ ਚਾਹੀਦਾ ਹੈ। ਇਸ ਸਬੰਧੀ ਆਦਰਸ਼ ਦੇ ਰੂਪ ਵਿਚ ਅਸੀਂ ਟਾਲਸਟਾਇ ਅਤੇ ਮਹਾਤਮਾ ਗਾਂਧੀ ਦੇ ਨਾਮ ਲੈ ਸਕਦੇ ਹਾਂ, ਜਿਨ੍ਹਾਂ ਨੇ ਜਨਤਾ ਲਈ ਸਾਦੇ ਢੰਗ ਦੀ ਲੇਖਨ ਸ਼ੈਲੀ ਅਪਣਾ ਕੇ ਮਹਾਨਤਾ ਦਾ ਮਾਰਗ ਦਰਸਾਇਆ। ਏਥੇ ਮੇਰਾ ਆਪਣਾ ਅਨੁਭਵ ਇਹੋ ਹੈ ਕਿ ਆਪਣੀ ਜਨਤਾ ਨਾਲ ਰਹਿਣ ਬਾਅਦ ਮੈਂ ਅਲੰਕਾਰਾਂ ਵਾਲੀ ਕਾਵਿ-ਰਚਨਾ ਕਰ ਹੀ ਨਹੀਂ ਸਕਦਾ। ਮੇਰੀ ਜਨਤਾ ਮੇਰੇ ਕੋਲੋਂ ਅਭਿੰਨਤਾ ਚਾਹੁੰਦੀ ਸੀ। ਉਸ ਨੂੰ ਰਤਨ-ਮਣੀਆਂ ਜੜੇ ਗਹਿਣਿਆਂ ਪ੍ਰਤੀ ਕੋਈ ਮੋਹ ਨਹੀਂ ਸੀ। ਕਵਿਤਾ ਦੇ ਰੂਪ ਵਿਚ ਉਹ ਸਾਦਾ ਲਿਬਾਸ ਚਾਹੁੰਦੀ ਸੀ ਜਿਸ ਨਾਲ ਉਹ ਆਪਣੇ ਬਦਨ ਨੂੰ ਢਕ ਸਕੇ। ਤੇ ਜਿਸ ਵਿਚ ਉਸ ਨੂੰ ਮੇਰੀ ਆਤਮਾ ਦੀ ਆਵਾਜ਼ ਸੁਣਾਈ ਦੇ ਸਕੇ ਅਤੇ ਇਸ ਤਰ੍ਹਾਂ ਉਹ ਕਵੀ ਦੇ ਨਾਲ ਅਭਿੰਨਤਾ ਦਾ ਅਨੁਭਵ ਕਰ ਸਕੇ।”
ਨੇਰੂਦਾ ਦੀ ਆਵਾਜ਼ ਮੇਘ-ਗੰਭੀਰ ਸੀ ਅਤੇ ਵਿਚ-ਵਿਚਾਲੇ ਇਸ ਤਰ੍ਹਾਂ ਲੱਗਦਾ ਸੀ ਕਿ ਕੋਈ ਬਿਜਲੀ ਕੌਂਧ ਗਈ ਹੈ। ਹਾਲਾਂਕਿ ਡੇਵਿਕੋ ਦੇ ਉਸ ਹਾਲ ਵਿਚ ਰੌਸ਼ਨੀ ਦੀ ਘਾਟ ਨਹੀਂ ਸੀ। ਫਿਰ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਅਸੀਂ ਕਿਸੇ ਹਨੇਰੇ ਵਿਚ ਬੈਠੇ ਹੋਈਏ ਅਤੇ ਜੇ ਇਸ ਤਰ੍ਹਾਂ ਵਿਚ-ਵਿਚ ਬਿਜਲੀ ਨਾ ਕੌਂਧੇ ਤਾਂ ਸਾਡੇ ਲਈ ਇਹ ਵੀ ਸੰਭਵ ਨਾ ਹੋਵੇ ਕਿ ਇਕ ਦੂਜੇ ਦਾ ਮੂੰਹ ਵੀ ਦੇਖ ਸਕੀਏ। ਇਹ ਕਿਸੇ ਜਾਦੂਗਰ ਦਾ ਚਮਤਕਾਰ ਨਹੀਂ ਸੀ, ਇਹ ਇਕ ਅਜਿਹੇ ਆਦਮੀ ਦੀ ਆਵਾਜ਼ ਸੀ, ਜਿਸ ਨੂੰ ਲੋਕ ਸ਼ਕਤੀ ‘ਤੇ ਪੂਰਾ ਭਰੋਸਾ ਸੀ ਅਤੇ ਜੋ ਮਨੁੱਖਤਾ ਦੀ ਹਰ ਬਿਮਾਰੀ ਦਾ ਇਲਾਜ ਇਸੇ ਵਿਚ ਸਮਝਦਾ ਸੀ ਕਿ ਜਨਤਾ ਨੂੰ ਗੁੰਗੀ ਤੇ ਬਹਿਰੀ ਸਮਝਣ ਦੀ ਭੁੱਲ ਨਾ ਕੀਤੀ ਜਾਏ ਅਤੇ ਜਿਸ ਦੀ ਰਾਏ ਵਿਚ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਸਾਹਿਤਕਾਰ ‘ਤੇ ਹੀ ਆਉਂਦੀ ਸੀ। ਮੈਂ ਚਾਹੁੰਦਾ ਸੀ ਕਿ ਭਰੀ ਮਜਲਿਸ ਵਿਚ ਮੈਂ ਆਪਣੀ ਕੁਰਸੀ ਤੋਂ ਉਠ ਕੇ ਨੇਰੂਦਾ ਨੂੰ ਗਲਵੱਕੜੀ ਵਿਚ ਲੈ ਲਵਾਂ ਅਤੇ ਸਭ ਦੇ ਸਾਹਮਣੇ ਐਲਾਨ ਕਰ ਦਿਆਂ, “ਅੱਜ ਤੋਂ ਅਸੀਂ ਜੋ ਲਿਖਾਂਗੇ, ਜਨਤਾ ਲਈ ਹੀ ਹੋਵੇਗਾ ਅਤੇ ਜੇ ਸਾਡੀ ਆਵਾਜ਼ ਜਨਤਾ ਤਕ ਨਹੀਂ ਪਹੁੰਚਦੀ ਤਾਂ ਸਾਨੂੰ ਲਿਖਣਾ ਛੱਡ ਦੇਣਾ ਚਾਹੀਦਾ ਹੈ। ਜਨਤਾ ਕੀ ਚਾਹੁੰਦੀ ਹੈ, ਕੀ ਸੋਚਦੀ ਹੈ, ਉਸ ਦਾ ਭਵਿੱਖ ਕਿਸ ਦਿਸ਼ਾ ਵਿਚ ਅੰਗੜਾਈ ਲੈਣਾ ਚਾਹੁੰਦਾ ਹੈ- ਇਹ ਸਭ ਦੇਖਣ ਅਤੇ ਸਮਝਣ ਦੀ ਬਜਾਏ ਖੇਤਾਂ ਅਤੇ ਖਲਿਆਨਾਂ ਵਿਚ ਜਾਣਾ ਹੋਵੇਗਾ। ਮਜ਼ਦੂਰਾਂ ਦੀਆਂ ਝੌਂਪੜੀਆਂ ਵਿਚ ਨੰਗੀ ਜ਼ਮੀਨ ‘ਤੇ ਬੈਠਣਾ ਹੋਵੇਗਾ ਅਤੇ ਸਾਨੂੰ ਇਹ ਖ਼ਿਆਲ ਛੱਡ ਦੇਣਾ ਹੋਵੇਗਾ ਕਿ ਜਨਤਾ ਦੇ ਸੰਪਰਕ ਵਿਚ ਸਾਡੀ ਆਤਮਾ ਕਿੰਨੀ ਉਜਲੀ ਹੋ ਰਹੀ ਹੈ।” ਇਹ ਸੀ ਉਹ ਵਿਚਾਰਧਾਰਾ ਜੋ ਮੇਰੀ ਆਤਮਾ ਨੂੰ ਛੂੰਹਦੀ ਚਲੀ ਜਾ ਰਹੀ ਸੀ। ਅਚਾਨਕ ਮੈਂ ਮਨ ਦੀਆਂ ਉਚਾਈਆਂ ਤੋਂ ਉਚਕ ਕੇ ਨੇਰੂਦਾ ਵੱਲ ਦੇਖਿਆ ਜੋ ਲਗਾਤਾਰ ਆਪਣੀ ਗੱਲ ਕਹੀ ਜਾ ਰਹੇ ਸਨ।
ਇਸ ਸਮੇਂ ਨੇਰੂਦਾ ਦੀ ਚਰਚਾ ਦਾ ਵਿਸ਼ੈ ਸੀ- ਯੁੱਧ ਅਤੇ ਉਸ ਦਾ ਖ਼ਤਰਾ। ਉਹ ਕਹਿ ਰਹੇ ਸਨ, “ਮੈਂ ਸਪੇਨ ਦੇ ਸਭ ਤੋਂ ਜ਼ਿਆਦਾ ਲੋਕ-ਪ੍ਰਿਆ ਕਵੀ ਮਾਰਸ਼ੀਆ ਲੋਰਕਾ ਨੂੰ ਫਰੈਂਕੋ ਦੇ ਸੈਨਿਕਾਂ ਹੱਥੋਂ ਕਤਲ ਕੀਤੇ ਜਾਣ ਵੱਲ ਜ਼ਰੂਰ ਸੰਕੇਤ ਕਰਨਾ ਚਾਹੁੰਦਾ ਹਾਂ। ਲੋਰਕਾ ਕੋਈ ਰਾਜਨੇਤਾ ਨਹੀਂ ਸੀ, ਨਾ ਕੋਈ ਲੜਾਕਾ। ਉਹ ਮੌਤ ਤੋਂ ਡਰਦਾ ਸੀ ਅਤੇ ਜ਼ਿੰਦਗੀ ਨਾਲ ਪਿਆਰ ਕਰਦਾ ਸੀ। ਉਸ ਨੂੰ ਵੀ ਮਾਰ ਦਿੱਤਾ ਗਿਆ। ਲੋਰਕਾ ਸਿਰਫ਼ ਆਪਣੀ ਜਨਤਾ ਦੀ ਰੱਖਿਆ ਕਰਨਾ ਚਾਹੁੰਦਾ ਸੀ।”
ਮੈਂ ਦੇਖਿਆ ਕਿ ਨੇਰੂਦਾ ਦੀ ਆਵਾਜ਼ ਭਾਵੇਂ ਪਹਿਲਾਂ ਵਾਂਗ ਗਹਿਰੀ ਅਤੇ ਦ੍ਰਿੜ ਵੀ ਹੈ ਪਰ ਨਾਲ ਹੀ ਉਹ ਇਹ ਵੀ ਨਾ ਛੁਪਾ ਸਕਿਆ ਕਿ ਉਸ ਦੀ ਆਵਾਜ਼ ਵਿਚ ਇਕ ਖ਼ਾਸ ਕਿਸਮ ਦੀ ਕੰਬਣੀ ਆ ਗਈ ਹੈ। ਮੇਰੇ ਦਿਲ ‘ਤੇ ਵੀ ਇਸ ਕੰਬਣੀ ਦਾ ਪ੍ਰਭਾਵ ਪਿਆ ਕਿਉਂਕਿ ਲੋਰਕਾ ਦੀਆਂ ਕੁਝ ਕਵਿਤਾਵਾਂ ਮੈਂ ਵੀ ਪੜ੍ਹ ਰੱਖੀਆਂ ਸਨ (ਅਨੁਵਾਦ ਵਿਚ ਹੀ ਸਹੀ) ਅਤੇ ਉਨ੍ਹਾਂ ਦਾ ਮੇਰੇ ‘ਤੇ ਡੂੰਘਾ ਪ੍ਰਭਾਵ ਪਿਆ ਸੀ।
ਅੱਗੇ ਚੱਲ ਕੇ ਨੇਰੂਦਾ ਨੇ ਕਿਹਾ, “ਮੈਂ ਉਸ ਹਾਨੀ ਦਾ ਜ਼ਰੂਰ ਜ਼ਿਕਰ ਕਰਾਂਗਾ ਜੋ ਦੂਜੇ ਵਿਸ਼ਵ ਯੁੱਧ ਵਿਚ ਕਵੀਆਂ, ਲੇਖਕਾਂ ਤੇ ਕਲਾਕਾਰਾਂ ਨੂੰ ਉਠਾਉਣੀ ਪਈ ਅਤੇ ਨਾਲ ਹੀ ਮੈਂ ਹਿੰਦੁਸਤਾਨ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਸ਼ਵ ਅਮਨ ਦੀ ਹਮਾਇਤ ਕਰਦੀ ਰਹੇ। ਅੱਜ ਮੈਂ ਇਕ ਜਲਾਵਤਨ ਅਤੇ ਘਰ-ਘਾਟ ਤੋਂ ਵਾਂਝਾ ਵਿਅਕਤੀ ਹਾਂ। ਇਹ ਲੋਕ ਕਵੀ ਲਈ ਸਭ ਤੋਂ ਵੱਧ ਮਾਣ ਵਾਲੀ ਗੱਲ ਹੈ। ਕੋਈ ਵੀ ਆਦਮੀ ਉਦੋਂ ਤਕ ਅਮਨ ਨਹੀਂ ਪਾ ਸਕਦਾ, ਜਦੋਂ ਤਕ ਸਾਰੇ ਵਿਸ਼ਵ ਨੂੰ ਅਮਨ ਦੀ ਗਾਰੰਟੀ ਨਹੀਂ ਮਿਲ ਜਾਂਦੀ।”
ਭਾਸ਼ਣ ਤੋਂ ਬਾਅਦ ਨੇਰੂਦਾ ਨੇ ਕੁਝ ਦੋਸਤਾਂ ਦੇ ਕਹਿਣ ‘ਤੇ ਸਪੇਨੀ ਭਾਸ਼ਾ ਵਿਚ ਆਪਣੀ ਇਕ ਕਵਿਤਾ ਦੇ ਕੁਝ ਅੰਸ਼ ਪੜ੍ਹ ਕੇ ਸੁਣਾਏ। ਨੇਰੂਦਾ ਦੀ ਆਵਾਜ਼ ਵਿਚ ਅਸਲ ਸ਼ਕਤੀ ਤਾਂ ਹੁਣ ਆਈ ਲੱਗਦੀ ਸੀ, ਕਿ ਹੁਣ ਤਕ ਉਸ ਨੇ ਜੋ ਕਿਹਾ, ਉਸ ਨੂੰ ਹੁਣ ਰੂਪ ਮਿਲਿਆ।
ਪਹਿਲਾਂ ਵਾਲੀ ਕਵਿਤਾ ਦਾ ਓਨਾ ਪ੍ਰਭਾਵ ਨਹੀਂ ਪਿਆ, ਜਿੰਨਾ ਇਸ ਕਵਿਤਾ ਦਾ, ਕਿਉਂਕਿ ਸਪੇਨੀ ਭਾਸ਼ਾ ਤੋਂ ਅਸੀਂ ਸਾਰੇ ਅਨਜਾਣ ਸਾਂ। ਕਦੇ ਲੱਗਦਾ ਕਿ ਨੇਰੂਦਾ ਇਸ ਤਰ੍ਹਾਂ ਬੋਲ ਰਿਹਾ ਹੈ, ਜਿਵੇਂ ਲੱਕੜੀ ਵਿਚ ਵਰਮਾ ਸੁਰਾਖ਼ ਕਰਦਾ ਹੈ, ਕਦੇ ਲੱਗਦਾ ਕਿ ਲੱਕੜੀ ‘ਤੇ ਰੰਦਾ ਚਲਾਇਆ ਜਾ ਰਿਹਾ ਹੈ।
ਜਦੋਂ ਨੇਰੂਦਾ ਨੇ ਕਵਿਤਾ ਪਾਠ ਖ਼ਤਮ ਕੀਤਾ ਤਾਂ ਉਰਦੂ ਕਵੀ ਅਲੀ ਸਰਦਾਰ ਜਾਫ਼ਰੀ ਦੇ ਕਹਿਣ ‘ਤੇ ਸਭਾ ਵਿਚੋਂ ਇਕ ਵਿਅਕਤੀ ਨੇ ਉਠ ਕੇ ‘ਰੈਜ਼ੀਡੈਂਸੀ ਆਨ ਅਰਥ’ ਵਿਚੋਂ ਇਕ ਸਪੇਨੀ ਕਵਿਤਾ ਦਾ ਅੰਗਰੇਜ਼ੀ ਅਨੁਵਾਦ ਪੜ੍ਹ ਕੇ ਸੁਣਾਇਆ। ਉਸ ਕਵਿਤਾ ਦਾ ਕੁਝ ਅੰਸ਼ ਏਥੇ ਪੇਸ਼ ਕਰਨ ਦਾ ਮੋਹ ਨਹੀਂ ਛੱਡਿਆ ਜਾ ਸਕਦਾ:
ਤੁਸੀਂ ਪੁੱਛੋਗੇ ਬਕਾਇਨ ਕਿੱਥੇ ਹੈ?
ਖਸਖਸ ਨਾਲ ਗੁੰਨ੍ਹੀ ਆਤਮਾ ਵਿਧਾ ਕਿਥੇ ਹੈ?
ਟਪਟਪ ਵਰ੍ਹਨ ਵਾਲਾ ਮੀਂਹ ਕਿਥੇ ਹੈ?
ਜਿਸ ਤੋਂ ਰੁਕਾਵਟ ਭਰੇ ਸੁਰ ਨਿਕਲਦੇ ਹਨ
ਅਤੇ ਨਿਕਲਦੇ ਨੇ ਚਿੜੀਆਂ ਜਿਹੇ ਸੁਰ?
ਮੈਂ ਤੁਹਾਨੂੰ ਦੱਸਾਗਾਂ ਮੈਨੂੰ ਹੋ ਕੀ ਗਿਆ ਹੈ।...
ਹਥਿਆਰਾਂ ਤੇ ਹਵਾਈ ਜਹਾਜ਼ਾਂ ਵਾਲੇ ਕਾਤਿਲ
ਮਹੰਤਾਂ ਤੇ ਪੰਡਤਾਂ ਤੋਂ ਅਸੀਸ ਪ੍ਰਾਪਤ ਕਾਤਿਲ
ਉਹ ਬੱਚਿਆਂ ਨੂੰ ਕਤਲ ਕਰਨ ਲਈ ਹੇਠ ਉਤਰੇ
ਸੜਕਾਂ ਦੇ ਕੰਢੇ ਬੱਚਿਆਂ ਦਾ ਲਹੂ ਵਗਿਆ
ਜਿਵੇਂ ਬੱਚਿਆਂ ਦਾ ਲਹੂ ਵਗਦਾ ਹੈ!
ਨੇਰੂਦਾ ਦੇ ਬਾਅਦ ਜੋਸ਼ ਮਲੀਹਾਬਾਦੀ ਨੇ ਆਪਣੀਆਂ ਕੁਝ ਰੁਬਾਈਆਂ ਸੁਣਾਈਆਂ ਜਿਨ੍ਹਾਂ ਵਿਚੋਂ ਕੁਝ ਵਿਚੋਂ ਕਵੀ ਦੀ ਆਤਮ ਕਥਾ ਬੋਲ ਉਠੀ:
ਮਹਿਰੂਮੇਂ ਨਿਸ਼ਾਤ ਜ਼ਿੰਦਗੀ ਹੂੰ ਅਬ ਤਕ।
ਪਾਮਾਲੇ ਖ਼ਰਈ ਓ ਅਬਲਹੀ ਹੂੰ ਅਬ ਤਕ।
ਇਸ ਦਰਦ ਕਾ ਤੂ ਗਵਾਹ ਰਹਿਨਾ, ਐ ਵਕਤ!
ਮੈਂ ਅਪਨੇ ਵਕਤ ਮੇਂ ਅਜਨਬੀ ਹੂੰ ਅਬ ਤਕ।
ਇਸ ਰੁਬਾਈ ਦੀ ਦੂਜੀ ਪੰਕਤੀ ਵਿਚ ਸ਼ਾਇਰ ਨੇ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਉਹ ਹੁਣ ਤਕ ਗਧੇਪਨ ਅਤੇ ਬੇਵਕੂਫ਼ੀ ਦੇ ਹੇਠਾਂ ਰੌਂਦਿਆ ਜਾ ਰਿਹਾ ਹੈ।
ਫਿਰ ਅਲੀ ਸਰਦਾਰ ਜਾਫ਼ਰੀ ਨੇ ‘ਏਸ਼ੀਆ ਜਾਗ ਉਠਾ’ ਦੇ ਕੁਝ ਬੰਦ ਸੁਣਾਏ:
ਯਹ ਸ਼ਾਇਰੀ ਨਹੀਂ ਹੈ
ਰਜਜ਼ ਕੀ ਆਵਾਜ਼, ਬਾਦਲੋਂ ਕੀ ਗਰਜ ਹੈ,
ਤੂਫ਼ਾਨ ਕੀ ਸਦਾ ਹੈ...
ਇਸ ਦੇ ਬਾਅਦ ਅਲੀ ਸਰਦਾਰ ਜਾਫ਼ਰੀ ਨੇ ਪਹਿਲਾਂ ਅੱਖਾਂ ਹੀ ਅੱਖਾਂ ਵਿਚ, ਫਿਰ ਜ਼ਬਾਨ ‘ਤੇ ਆਏ ਸ਼ਬਦਾਂ ਰਾਹੀਂ ਮੈਨੂੰ ਵੀ ਕਿਹਾ ਕਿ ਮੈਂ ਵੀ ਇਕ ਕਵਿਤਾ ਸੁਣਾਵਾਂ। ਪਤਾ ਨਹੀਂ, ਕਿਵੇਂ ਮੈਂ ਝਿਪ ਕੇ ਰਹਿ ਗਿਆ। ਨੇਰੂਦਾ ਦੀ ਕਵਿਤਾ ਸੁਨਣ ਦੇ ਬਾਅਦ ਮੈਂ ਮਹਿਸੂਸ ਕਰ ਰਿਹਾ ਸੀ ਕਿ ਹੁਣ ਕੁਝ ਸੁਨਾਉਣ ਲਈ ਨਹੀਂ ਰਹਿ ਗਿਆ।
ਹੁਣ ਪੰਜਾਬੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੇ ਪ੍ਰਸਿੱਧ ਕਵਿਤਾ ਸੁਣਾਈ ਜੋ ਇਸ ਤਰ੍ਹਾਂ ਸ਼ੁਰੂ ਹੁੰਦੀ ਸੀ :
ਅੱਜ ਆਖਾਂ ਵਾਰਿਸਸ਼ਾਹ ਨੂੰ
ਕਿਤੋਂ ਕਬਰਾਂ ਵਿਚੋਂ ਬੋਲ।
ਇਸ ਕਵਿਤਾ ਵਿਚ ਉਨ੍ਹਾਂ ਜ਼ੁਲਮਾਂ ਦਾ ਚਿੱਤਰ ਪੇਸ਼ ਕੀਤਾ ਗਿਆ ਸੀ ਜੋ ਦੇਸ ਵੰਡ ਦੇ ਮੌਕੇ ‘ਤੇ ਸਰਹੱਦ ਦੇ ਦੋਹੀਂ ਪਾਸੀਂ ਢਾਏ ਗਏ ਸਨ।
ਇਸ ਦੌਰਾਨ ਉਥੇ ਹੀ ਮੇਜ਼ ‘ਤੇ ਬੈਠੇ-ਬੈਠੇ ਮੈਨੂੰ ਨੇਰੂਦਾ ਤੋਂ ਅੱਛਾ-ਖ਼ਾਸਾ ਪੁਰਸਕਾਰ ਮਿਲਿਆ। ਮੇਰਾ ਇਸ਼ਾਰਾ ਉਸ ਚਿੱਤਰ ਵੱਲ ਹੈ ਜਿਸ ਵਿਚ ਅਮਨ ਦੇ ਦੂਤ ਕਬੂਤਰ ਨੂੰ ਦਿਖਾਇਆ ਗਿਆ ਹੈ। ਪਿੱਠ-ਭੂਮੀ ਵਿਚ ਦੇਸ-ਦੇਸ ਦੇ ਅਖ਼ਬਾਰਾਂ ਦੇ ਪੰਨੇ ਦਿਖਾਏ ਗਏ ਸਨ ਜਿਨ੍ਹਾਂ ਵਿਚ ਵਿਸ਼ਵ ਅਮਨ ਦੀ ਅਪੀਲ ਕੀਤੀ ਗਈ ਸੀ।
ਮੈਂ ਇਹ ਪੁਰਸਕਾਰ ਪਾ ਕੇ ਧੰਨ ਹੋ ਉਠਿਆ। ਇਸ ‘ਤੇ ਕਵੀ ਨੇਰੂਦਾ ਨੇ ਅੰਗਰੇਜ਼ੀ ਵਿਚ ਝੱਟ ਲਿਖ ਦਿੱਤਾ: ਟੂ ਦੇਵਿੰਦਰ ਸਤਿਆਰਥੀ- ਪਾਬਲੋ ਨੇਰੂਦਾ, ਡੇਹਲੀ, 1950।
ਇਸ ਦੇ ਇਲਾਵਾ ਉਸੇ ਸਮੇਂ ਕੋਲ ਬੈਠੇ ਫ਼ੋਟੋਗ੍ਰਾਫ਼ਰ ਮਿੱਤਰ ਤੋਂ ਨੇਰੂਦਾ ਦਾ ਪੋਰਟ੍ਰੇਟ ਖ਼ਰੀਦ ਕੇ ਮੈਂ ਉਸ ‘ਤੇ ਵੀ ਪਾਬਲੋ ਨੇਰੂਦਾ ਤੋਂ ਹਸਤਾਖ਼ਰ ਲੈ ਲਏ। ਇੰਜ ਲੱਗਿਆ ਜਿਵੇਂ ਇਹ ਵੀ ਪੁਰਸਕਾਰ ਹੋਵੇ।
ਮੈਨੂੰ ਚਾਹ ਦੀ ਓਨੀ ਫ਼ਿਕਰ ਨਹੀਂ ਸੀ ਜਿੰਨੀ ਇਸ ਗੱਲ ਦੀ ਕਿ ਨੇਰੂਦਾ ਦੇ ਦਿਲ ਵਿਚ ਆਪਣੀ ਯਾਦ ਗਹਿਰੀ ਕਰ ਲਵਾਂ। ਚਾਹ ਪੀਂਦਿਆਂ ਮੈਂ ਪਹਿਲਾਂ ਨੇਰੂਦਾ ਨੂੰ ਆਪਣੀ ਕਵਿਤਾ ‘ਗੁਲਮੋਹਰ ਦੇ ਫੁੱਲ’ ਦਾ ਭਾਵਾਰਥ ਸਮਝਾਇਆ ਅਤੇ ਫਿਰ ਹੌਲੀ-ਹੌਲੀ ਮੂਲ ਕਵਿਤਾ ਸੁਣਾ ਦਿੱਤੀ:
ਗੁਲਮੋਹਰ ਦੇ ਫੁੱਲ ਵੀ ਕੀ ਫੁੱਲ ਹਨ
ਚਾਰ ਦਿਨ ਦੇ ਮਹਿਮਾਨ...
ਨੇਰੂਦਾ ਨੇ ਹੱਸ ਕੇ ਮੇਰੇ ਵੱਲ ਦੇਖਿਆ, ਜਿਵੇਂ ਪੁੱਛ ਰਹੇ ਹੋਣ- ਭਲੇ ਆਦਮੀ ਭਰੀ ਮਹਿਫ਼ਲ ਵਿਚ ਇਹ ਕਵਿਤਾ ਕਿਉਂ ਨਾ ਸੁਣਾਈ। ਮੈਂ ਖ਼ੁਸ਼ ਸੀ। ਬੱਸ ਇਹੋ ਖ਼ੁਸ਼ੀ ਮੇਰੇ ਲਈ ਕਾਫੀ ਸੀ ਕਿ ਮੈਂ ਨੇਰੂਦਾ ਨਾਲ ਕਵੀ ਦੇ ਤੌਰ ‘ਤੇ ਮਿਲਿਆ। ਹਾਲਾਂਕਿ ਅਗਲੇ ਹੀ ਪਲ ਮੈਂ ਨੇਰੂਦਾ ਨੂੰ ਦੱਸ ਦਿੱਤਾ, “ਕਵਿਤਾ ਦੀ ਪ੍ਰੇਰਨਾ ਮੈਨੂੰ ਲੋਕ ਗੀਤ ਇਕੱਠੇ ਕਰਦਿਆਂ ਮਿਲੀ। ਮੈਂ ਛੰਦ-ਸ਼ਾਸਤਰ ਦੇ ਕਾਇਦੇ-ਕਾਨੂੰਨ ਨਹੀਂ ਮਿਥੇ। ਮੈਂ ਆਲੋਚਨਾ ਦੇ ਵੱਡੇ-ਵੱਡੇ ਕਾਵਿ-ਗ੍ਰੰਥ ਵੀ ਨਹੀਂ ਪੜ੍ਹੇ। ਮੇਰਾ ਪ੍ਰੇਰਨਾ-ਸ੍ਰੋਤ ਅਲੱਗ ਹੈ, ਉਥੇ ਜਿਥੇ ਜਨਤਾ ਰਹਿੰਦੀ ਹੈ।
ਸਮਾਂ ਘੱਟ ਸੀ। ਨੇਰੂਦਾ ਨੇ ਜਲਦੀ-ਜਲਦੀ ਸਾਰਿਆਂ ਤੋਂ ਵਿਦਾ ਲਈ ਪਰ ਮੈਂ ਹੁਣ ਤਕ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਜਿਵੇਂ ਨੇਰੂਦਾ ਮੇਰੇ ਦਿਲ ਵਿਚ ਮੌਜੂਦ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ