The Devoted Friend (Story in Punjabi) : Oscar Wilde
ਪੱਕਾ ਦੋਸਤ (ਕਹਾਣੀ) : ਆਸਕਰ ਵਾਇਲਡ
ਇੱਕ ਦਿਨ ਸਵੇਰੇ ਤਾਲਾਬ ਦੇ ਕਿਨਾਰੇ ਰਹਿਣ ਵਾਲੀ ਛਛੂੰਦਰ ਨੇ ਖੁੱਡ ਵਿੱਚੋਂ ਆਪਣਾ ਸਿਰ ਕੱਢਿਆ । ਉਸਦੀਆਂ ਮੁੱਛਾਂ ਕੈੜੀਆਂ ਅਤੇ ਭੂਰੀਆਂ ਸਨ ਅਤੇ ਉਸਦੀ ਪੂੰਛ ਕਾਲੇ ਵਾਲਟਿਊਬ ਦੀ ਤਰ੍ਹਾਂ ਸੀ । ਇਸ ਸਮੇਂ ਬੱਤਖ ਦੇ ਛੋਟੇ-ਛੋਟੇ ਬੱਚੇ ਤਾਲਾਬ ਵਿੱਚ ਤੈਰ ਰਹੇ ਸਨ ਅਤੇ ਉਨ੍ਹਾਂ ਦੀ ਮਾਂ ਬੁੱਢੀ ਬੱਤਖ ਉਨ੍ਹਾਂ ਨੂੰ ਇਹ ਸਿਖਾ ਰਹੀ ਸੀ ਕਿ ਪਾਣੀ ਵਿੱਚ ਕਿਸ ਤਰ੍ਹਾਂ ਸਿਰ ਦੇ ਜੋਰ ਖੜੋਈਦਾ ਹੈ ।
'ਜਦੋਂ ਤੱਕ ਤੁਸੀਂ ਸਿਰ ਦੇ ਜੋਰ ਖੜਾ ਹੋਣਾ ਨਹੀਂ ਸਿਖੋਗੇ, ਤੱਦ ਤੱਕ ਤੁਸੀਂ ਉੱਚੀ ਸੋਸਾਇਟੀ ਦੇ ਲਾਇਕ ਨਹੀਂ ਬਣ ਸਕੋਗੇ ।' ਬੱਤਖ ਉਨ੍ਹਾਂ ਨੂੰ ਸਮਝਾ ਰਹੀ ਸੀ ਅਤੇ ਵਾਰ ਵਾਰ ਆਪ ਕਰਕੇ ਦਿਖਾ ਰਹੀ ਸੀ । ਪਰ ਬੱਚੇ ਉਸ ਵੱਲ ਜਰਾ ਧਿਆਨ ਨਹੀਂ ਦੇ ਰਹੇ ਸਨ । ਕਿਉਂਕਿ ਉਹ ਇੰਨੇ ਛੋਟੇ ਸਨ ਕਿ ਅਜੇ ਸੋਸਾਇਟੀ ਦਾ ਮਹੱਤਵ ਨਹੀਂ ਸਮਝਦੇ ਸਨ ।
'ਕਿੰਨੇ ਨਲਾਇਕ ਬੱਚੇ ਹਨ, 'ਛਛੂੰਦਰ ਚੀਕੀ, 'ਇਨ੍ਹਾਂ ਨੂੰ ਤਾਂ ਡੁਬੋ ਦੇਣਾ ਚਾਹੀਦਾ ਹੈ ।'
'ਨਹੀਂ ਜੀ । ਅਜੇ ਤਾਂ ਇਹ ਬੱਚੇ ਹਨ । ਹਰ ਕਿਸੇ ਨੇ ਜ਼ਿੰਦਗੀ ਤਾਂ ਸ਼ੁਰੂ ਕਰਨੀ ਹੀ ਹੁੰਦੀ ਹੈ। ਅਤੇ ਫਿਰ ਮਾਂ ਕਦੇ ਡੁਬੋਣ ਦੀ ਸੋਚ ਸਕਦੀ ਹੈ ਭਲਾ !'
'ਆਹ ! ਮਾਂ ਦੀਆਂ ਭਾਵਨਾਵਾਂ ਤੋਂ ਤਾਂ ਅਜੇ ਮੈਂ ਨਾਵਾਕਿਫ਼ ਹਾਂ । ਵਾਸਤਵ ਵਿੱਚ ਅਜੇ ਮੈਂ ਕੰਵਾਰੀ ਹਾਂ ਅਤੇ ਰਹੂੰਗੀ ਵੀ ।ਊਂ ਤਾਂ ਪ੍ਰੇਮ ਚੰਗੀ ਚੀਜ ਹੈ, ਪਰ ਦੋਸਤੀ ਉਸਤੋਂ ਵੀ ਵੱਡੀ ਚੀਜ ਹੁੰਦੀ ਹੈ ।'
'ਇਹ ਤਾਂ ਠੀਕ ਹੈ, ਪਰ ਕੀ ਤੂੰ ਦੋਸਤੀ ਦਾ ਫਰਜ਼ ਸਮਝਦੀ ਹੈਂ ?' ਇੱਕ ਜਲਪੰਛੀ ਨੇ ਉਸ ਤੋਂ ਪੁੱਛਿਆ ਜੋ ਕੋਲ ਹੀ ਇੱਕ ਰੁੱਖ ਦੀ ਟਾਹਣੀ ਤੇ ਬੈਠਾ ਇਹ ਗੱਲਬਾਤ ਸੁਣ ਰਿਹਾ ਸੀ ।
'ਹਾਂ, ਇਹੀ ਮੈਂ ਵੀ ਜਾਨਣਾ ਚਾਹੁੰਦੀ ਹਾਂ ।' ਬੱਤਖ ਨੇ ਕਿਹਾ ਅਤੇ ਆਪਣੇ ਬੱਚਿਆਂ ਨੂੰ ਵਿਖਾਉਣ ਲਈ ਸਿਰ ਦੇ ਜੋਰ ਖੜੀ ਹੋ ਗਈ ।
'ਕਿੰਨਾ ਮੂਰਖਾਂ ਵਾਲਾ ਸਵਾਲ ਹੈ ।' ਛਛੂੰਦਰ ਨੇ ਕਿਹਾ, 'ਮੈਂ ਇਹੀ ਚਾਹੁੰਦੀ ਹਾਂ ਕਿ ਮੇਰਾ ਪੱਕਾ ਮਿੱਤਰ ਮੇਰਾ ਵਫਾਦਾਰ ਰਹੇ, ਹੋਰ ਕੀ ।'
'ਅਤੇ ਤੂੰ ਉਸਦੇ ਬਦਲੇ ਵਿੱਚ ਕੀ ਕਰੇਂਗੀ ?' ਜਲਪੰਛੀ ਨੇ ਪੁੱਛਿਆ ।
'ਮੈਂ ਸਮਝੀ ਨਹੀਂ ।' ਛਛੂੰਦਰ ਬੋਲੀ ।
ਜਲਪੰਛੀ ਨੇ ਕਿਹਾ, 'ਚਲ, ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ । ਬਹੁਤ ਦਿਨ ਹੋਏ ਇੱਕ ਈਮਾਨਦਾਰ ਆਦਮੀ ਸੀ । ਉਸਦਾ ਨਾਮ ਹੈਂਸ ਸੀ ।'
'ਰੁਕੋ, ਕੀ ਉਹ ਕੋਈ ਵੱਡਾ ਆਦਮੀ ਸੀ ?'
'ਨਹੀਂ ਉਹ ਵੱਡਾ ਆਦਮੀ ਨਹੀਂ ਸੀ । ਉਹ ਈਮਾਨਦਾਰ ਆਦਮੀ ਸੀ । ਹਾਂ, ਉਹ ਦਿਲ ਦਾ ਬਹੁਤ ਸਾਫ਼ ਅਤੇ ਸੁਭਾਅ ਦਾ ਬਹੁਤ ਮਿੱਠਾ ਸੀ । ਉਹ ਇੱਕ ਛੋਟੀ ਜਿਹੀ ਕੁਟੀਆ ਵਿੱਚ ਰਹਿੰਦਾ ਅਤੇ ਆਪਣੀ ਬਗੀਚੀ ਵਿੱਚ ਕੰਮ ਕਰਦਾ । ਸਾਰੇ ਇਲਾਕੇ ਵਿੱਚ ਕਿਸੇ ਦੀ ਇੰਨੀ ਚੰਗੀ ਬਗੀਚੀ ਨਹੀਂ ਸੀ । ਗੇਂਦਾ ਗੁਲਾਬ ਚੰਪਾ ਕੇਤਕੀ ਹੁਸਨੇ-ਹਿਨਾ, ਇਸ਼ਕ-ਪੇਚਾ ਸਾਰੇ ਉਸਦੇ ਬਾਗ ਵਿੱਚ ਮੌਸਮ ਅਨੁਸਾਰ ਖਿੜਦੇ ਸਨ । ਕਦੇ ਬੇਲਾ ਤੇ ਕਦੇ ਰਾਤ ਰਾਣੀ, ਕਦੇ ਹਰ-ਸ਼ਿੰਗਾਰ ਤੇ ਕਦੇ ਜੂਹੀ । ਇਸ ਤਰ੍ਹਾਂ ਹਮੇਸ਼ਾ ਉਸਦੀ ਬਗੀਚੀ ਵਿੱਚ ਰੂਪ ਅਤੇ ਸੁਗੰਧ ਦੀਆਂ ਲਹਿਰਾਂ ਉੱਡਦੀਆਂ ਰਹਿੰਦੀਆਂ ਸਨ ।
ਹੈਂਸ ਦੇ ਕਈ ਦੋਸਤ ਸਨ, ਪਰ ਉਸਦੀ ਖਾਸ ਨੇੜਤਾ ਹਿਊ ਮਿਲਰ ਨਾਲ ਸੀ । ਮਿਲਰ ਬਹੁਤ ਧਨੀ ਸੀ ਫਿਰ ਵੀ ਉਹ ਹੈਂਸ ਦਾ ਇੰਨਾ ਗੂੜ੍ਹਾ ਮਿੱਤਰ ਸੀ ਕਿ ਕਦੇ ਉਹ ਬਿਨਾਂ ਫਲ-ਫੁੱਲ ਲਏ ਉੱਥੋਂ ਵਾਪਸ ਨਹੀਂ ਜਾਂਦਾ ਸੀ । ਕਦੇ ਉਹ ਕੰਧ ਉਤੋਂ ਝੁਕ ਕੇ ਫੁੱਲਾਂ ਦਾ ਇੱਕ ਗੁੱਛਾ ਤੋੜ ਲੈਂਦਾ, ਤਾਂ ਕਦੇ ਬੇਰ ਰਸਭਰੀਆਂ ਤੇ ਆਲੂ ਬੁਖਾਰੇ ਵਗੈਰਾ ਫਲ ਤੋੜ ਕੇ ਜੇਬਾਂ ਭਰ ਲੈ ਜਾਂਦਾ ਸੀ ।
ਸੱਚੇ ਦੋਸਤਾਂ ਵਿੱਚ ਕਦੇ ਸਵਾਰਥ ਦਾ ਲੇਸ਼ ਵੀ ਨਹੀਂ ਹੋਣਾ ਚਾਹੀਦਾ - ਮਿਲਰ ਕਿਹਾ ਕਰਦਾ ਸੀ । ਅਤੇ ਹੈਂਸ ਨੂੰ ਮਾਣ ਸੀ ਕਿ ਉਸਦੇ ਦੋਸਤ ਦੇ ਵਿਚਾਰ ਇੰਨੇ ਉੱਚੇ ਹਨ । ਕਦੇ-ਕਦੇ ਗੁਆਂਢੀਆਂ ਨੂੰ ਇਸ ਗੱਲ ਤੇ ਹੈਰਤ ਹੁੰਦੀ ਸੀ ਕਿ ਧਨੀ ਮਿਲਰ ਕਦੇ ਆਪਣੇ ਨਿਰਧਨ ਦੋਸਤ ਨੂੰ ਕੁੱਝ ਵੀ ਨਹੀਂ ਦਿੰਦਾ ਸੀ ਜਦੋਂ ਕਿ ਉਸਦੇ ਗੁਦਾਮ ਵਿੱਚ ਅਣਗਿਣਤ ਬੋਰੇ ਆਟਾ ਭਰਿਆ ਰਹਿੰਦਾ ਸੀ ।ਉਸਦੀਆਂ ਕਈ ਮਿਲਾਂ ਸਨ ਅਤੇ ਉਸਦੀਆਂ ਬਹੁਤ ਸਾਰੀਆਂ ਗਾਵਾਂ ਸਨ । ਮਗਰ ਹੈਂਸ ਕਦੇ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ ਸੀ । ਜਦੋਂ ਮਿਲਰ ਉਸ ਕੋਲ ਨਿਰਸਵਾਰਥ ਦੋਸਤੀ ਦੇ ਗੁਣ ਬਖਾਨਦਾ ਤਾਂ ਹੈਂਸ ਇਕਾਗਰ ਹੋਕੇ ਸੁਣਦਾ ।
ਹੈਂਸ ਹਮੇਸ਼ਾ ਆਪਣੀ ਬਗੀਚੀ ਵਿੱਚ ਕੰਮ ਕਰਦਾ ਸੀ । ਬਸੰਤ, ਗਰਮੀਆਂ ਅਤੇ ਪਤਝੜ ਵਿੱਚ ਉਹ ਸੰਤੁਸ਼ਟ ਰਹਿੰਦਾ ਸੀ, ਪਰ ਜਦੋਂ ਸਿਆਲ ਆਉਂਦਾ ਸੀ, ਤਾਂ ਦਰਖਤ ਫਲ-ਫੁੱਲਾਂ ਤੋਂ ਵਾਂਝੇ ਹੋ ਜਾਂਦੇ । ਤੱਦ ਹੈਂਸ ਦੇ ਦਿਨ ਵੱਡੀ ਗਰੀਬੀ ਵਿੱਚ ਗੁਜ਼ਰਦੇ । ਕਦੇ-ਕਦੇ ਉਸਨੂੰ ਬਿਨਾਂ ਖਾਧੇ ਹੀ ਸੌਣਾ ਪੈਂਦਾ । ਇਸ ਸਮੇਂ ਉਸਨੂੰ ਬਹੁਤ ਸੁੰਨਾਪਣ ਵੀ ਲੱਗਦਾ ਸੀ ਕਿਉਂਕਿ ਠੰਡ ਵਿੱਚ ਮਿਲਰ ਕਦੇ ਉਸਨੂੰ ਮਿਲਣ ਨਹੀਂ ਆਉਂਦਾ ਸੀ ।
ਜਦੋਂ ਤੱਕ ਸਿਆਲ ਹੈ, ਤੱਦ ਤੱਕ ਹੈਂਸ ਨੂੰ ਮਿਲਣ ਜਾਣਾ ਵਿਅਰਥ ਹੈ - ਮਿਲਰ ਆਪਣੀ ਪਤਨੀ ਨੂੰ ਕਹਿੰਦਾ ਸੀ - ਜਦੋਂ ਲੋਕ ਨਿਰਧਨ ਹੋਣ ਤੱਦ ਉਨ੍ਹਾਂ ਨੂੰ ਇਕੱਲੇ ਹੀ ਛੱਡ ਦੇਣਾ ਚਾਹੀਦਾ ਹੈ । ਵਿਅਰਥ ਜਾ ਕੇ ਉਨ੍ਹਾਂ ਨੂੰ ਮਿਲਣਾ, ਉਨ੍ਹਾਂ ਨੂੰ ਸੰਕੋਚ ਵਿੱਚ ਪਾਉਣਾ ਹੈ । ਘੱਟ ਤੋਂ ਘੱਟ ਮੇਰੇ ਤਾਂ ਦੋਸਤੀ ਦੇ ਵਿਸ਼ੇ ਵਿੱਚ ਇਹੀ ਵਿਚਾਰ ਹਨ। ਜਦੋਂ ਬਸੰਤ ਆਵੇਗਾ, ਤੱਦ ਮੈਂ ਉਸਨੂੰ ਮਿਲਣ ਜਾਵਾਂਗਾ । ਤੱਦ ਉਹ ਮੈਨੂੰ ਫੁੱਲ ਉਪਹਾਰ ਵਿੱਚ ਦੇਵੇਗਾ ਅਤੇ ਇਸ ਨਾਲ ਉਸਦੇ ਦਿਲ ਨੂੰ ਕਿੰਨੀ ਖੁਸ਼ੀ ਹੋਵੇਗੀ । ਮਿੱਤਰ ਦੀ ਖੁਸ਼ੀ ਧਿਆਨ ਰੱਖਣਾ ਮੇਰਾ ਫਰਜ ਹੈ ।
"ਸੱਚੀਂ ਤੁਸੀਂ ਆਪਣੇ ਦੋਸਤ ਦਾ ਕਿੰਨਾ ਧਿਆਨ ਰੱਖਦੇ ਹੋ ।" ਅੰਗੀਠੀ ਦੇ ਕੋਲ ਆਰਾਮਕੁਰਸੀ ਤੇ ਬੈਠੀ ਉਸਦੀ ਪਤਨੀ ਨੇ ਕਿਹਾ, 'ਮਿਤਰਤਾ ਦੇ ਵਿਸ਼ੇ ਤੇ ਰਾਜਪੁਰੋਹਿਤ ਦੇ ਵਿਚਾਰ ਵੀ ਇੰਨੇ ਉੱਚੇ ਨਹੀਂ ਹੋਣੇ, ਭਾਵੇਂ ਉਹ ਤਮੰਜਿਲੇ ਮਕਾਨ ਵਿੱਚ ਰਹਿੰਦਾ ਹੈ ਅਤੇ ਉਸਦੇ ਕੋਲ ਇੱਕ ਹੀਰੇ ਦੀ ਅੰਗੂਠੀ ਹੈ ।'
'ਕੀ ਆਪਾਂ ਹੈਂਸ ਨੂੰ ਇੱਥੇ ਨਹੀਂ ਸੱਦ ਸਕਦੇ ।' ਮਿਲਰ ਦੇ ਸਭ ਤੋਂ ਛੋਟੇ ਮੁੰਡੇ ਨੇ ਪੁੱਛਿਆ । 'ਜੇਕਰ ਉਹ ਕਸ਼ਟ ਵਿੱਚ ਹੈ ਤਾਂ ਮੈਂ ਉਸਨੂੰ ਆਪਣੇ ਨਾਲ ਖਿਲਾਵਾਂਗਾ ਅਤੇ ਆਪਣੇ ਸਫੇਦ ਖਰਗੋਸ਼ ਦਿਖਾਵਾਂਗਾ ।'
'ਤੂੰ ਕਿੰਨਾ ਮੂਰਖ ਮੁੰਡਾ ਹੈਂ ।' ਮਿਲਰ ਨੇ ਝਿੜਕਿਆ,' ਤੈਨੂੰ ਸਕੂਲ ਭੇਜਣ ਦਾ ਕੋਈ ਫਾਇਦਾ ਨਹੀਂ ਹੋਇਆ । ਤੈਨੂੰ ਅਜੇ ਜਰਾ ਵੀ ਅਕਲ ਨਹੀਂ ਆਈ । ਜੇਕਰ ਹੈਂਸ ਇੱਥੇ ਆਵੇਗਾ ਅਤੇ ਸਾਡੀ ਦੌਲਤ ਵੇਖੇਗਾ ਤਾਂ ਉਸਨੂੰ ਕਿੰਨੀ ਈਰਖਾ ਹੋਵੇਗੀ । ਅਤੇ ਤੂੰ ਜਾਣਦਾ ਹੈਂ ਈਰਖਾ ਕਿੰਨੀ ਭੈੜੀ ਬਿਮਾਰੀ ਹੈ । ਮੈਂ ਨਹੀਂ ਚਾਹੁੰਦਾ ਕਿ ਮੇਰੇ ਇੱਕ ਮਾਤਰ ਦੋਸਤ ਦਾ ਸੁਭਾਅ ਵਿਗੜ ਜਾਵੇ । ਮੈਂ ਉਸਦਾ ਦੋਸਤ ਹਾਂ ਅਤੇ ਉਸਦਾ ਧਿਆਨ ਰੱਖਣਾ ਮੇਰਾ ਫਰਜ ਹੈ । ਜੇਕਰ ਉਹ ਇੱਥੇ ਆਏ ਅਤੇ ਮੇਰੇ ਤੋਂ ਕੁੱਝ ਆਟਾ ਉਧਾਰ ਮੰਗੇ, ਤਾਂ ਵੀ ਮੈਂ ਨਹੀਂ ਦੇ ਸਕਦਾ । ਆਟਾ ਦੂਜੀ ਚੀਜ ਹੈ, ਦੋਸਤੀ ਦੂਜੀ । ਦੋਨੋਂ ਸ਼ਬਦ ਵੱਖ ਵੱਖ ਹਨ , ਦੋਨਾਂ ਦੇ ਮਤਲਬ ਵੱਖ ਵੱਖ ਹਨ । ਕੋਈ ਮੂਰਖ ਵੀ ਇਹ ਗੱਲ ਸਮਝ ਸਕਦਾ ਹੈ ।'
'ਤੁਸੀਂ ਕਿੰਨੀ ਚਲਾਕੀ ਨਾਲ ਗੱਲਾਂ ਕਰਦੇ ਹੋ । ਤੁਹਾਡੀਆਂ ਗੱਲਾਂ ਪਾਦਰੀ ਦੇ ਉਪਦੇਸ਼ ਨਾਲੋਂ ਵੀ ਜ਼ਿਆਦਾ ਅਸਰਦਾਰ ਹਨ ਕਿਉਂਕਿ ਇਨ੍ਹਾਂ ਨੂੰ ਸੁਣਦੇ-ਸੁਣਦੇ ਉਸ ਨਾਲੋਂ ਵੀ ਜਲਦੀ ਝਪਕੀ ਆਉਣ ਲੱਗਦੀ ਹੈ ।' ਉਸਦੀ ਪਤਨੀ ਨੇ ਕਿਹਾ ।
ਮਿਲਰ ਨੇ ਜਵਾਬ ਦਿੱਤਾ, 'ਬਹੁਤ ਸਾਰੇ ਲੋਕ ਕੰਮ ਚਲਾਕੀ ਨਾਲ ਕਰ ਲੈਂਦੇ ਹਨ, ਪਰ ਚਲਾਕੀ ਨਾਲ ਸਲਾਮ ਬਹੁਤ ਘੱਟ ਲੋਕ ਕਰ ਸਕਦੇ ਹਨ । ਸਾਫ਼ ਹੈ ਕਿ ਗੱਲਾਂ ਕਰਨਾ ਮੁਕਾਬਲਤਨ ਔਖੀ ਕਲਾ ਹੈ ।' ਉਸਨੇ ਮੇਜ ਦੇ ਉਸ ਵੱਲ ਬੈਠੇ ਆਪਣੇ ਛੋਟੇ ਬੇਟੇ ਦੇ ਵੱਲ ਇੰਨੀ ਗੁਸੈਲ ਨਜ਼ਰ ਨਾਲ ਵੇਖਿਆ ਕਿ ਉਹ ਰੋਣ ਲੱਗ ਪਿਆ ।
'ਕੀ ਇਹੀ ਕਹਾਣੀ ਦਾ ਅੰਤ ਹੈ ?' ਛਛੂੰਦਰ ਨੇ ਪੁੱਛਿਆ ।
'ਨਹੀਂ ਜੀ, ਇਹ ਤਾਂ ਅਜੇ ਸ਼ੁਰੂ ਹੈ ।' ਜਲਪੰਛੀ ਨੇ ਕਿਹਾ ।
'ਓਹ, ਤਾਂ ਤੁਸੀਂ ਚੰਗੇ ਕਥਾਕਾਰ ਨਹੀਂ ਹੋ । ਅੱਜ ਕੱਲ ਤਾਂ ਪਹਿਲਾਂ ਹਰ ਕਹਾਣੀਕਾਰ ਅੰਤ ਦਾ ਵਰਣਨ ਕਰਦਾ ਹੈ । ਫਿਰ ਸ਼ੁਰੂ ਦਾ ਵਿਸਥਾਰ ਕਰਦਾ ਹੈ ਅਤੇ ਅੰਤ ਵਿੱਚ ਮੱਧ ਵਿੱਚ ਲਿਆਕੇ ਕਹਾਣੀ ਖ਼ਤਮ ਕਰ ਦਿੰਦਾ ਹੈ ।ਇਹ ਗੱਲ ਮੈਂ ਕੱਲ ਇੱਕ ਆਲੋਚਕ ਕੋਲੋਂ ਸੁਣੀ ਸੀ ਜਿਹੜਾ ਇੱਕ ਨੌਜਵਾਨ ਨਾਲ ਝੀਲ ਦੇ ਆਲੇ ਦੁਆਲੇ ਸੈਰ ਕਰ ਰਿਹਾ ਸੀ।ਉਹਨੇ ਬਹੁਤ ਵਿਸਥਾਰ ਨਾਲ ਇਸ ਵਿਸ਼ੇ ਬਾਰੇ ਗੱਲਾਂ ਕੀਤੀਆਂ ।ਉਹਦੀਆਂ ਗੱਲਾਂ ਸੱਚ ਹੀ ਹੋਣੀਆਂ ਨੇ ਕਿਉਂਜੋ ਉਸਨੇ ਨੀਲੀਆਂ ਐਨਕਾਂ ਪਹਿਨੀਆਂ ਹੋਈਆਂ ਸਨ ਉਹਦੇ ਸਿਰ ਤੇ ਗੰਜ ਪਿਆ ਹੋਇਆ ਸੀ।ਖੈਰ ਤੁਸੀਂ ਆਪਣੀ ਕਹਾਣੀ ਕਹੋ।ਮੈਨੂੰ ਮਿਲਰ ਦਾ ਕਿਰਦਾਰ ਬੜਾ ਗੰਭੀਰ ਲੱਗ ਰਿਹਾ ਹੈ । ਉਹ ਸੁਭਾਵਿਕ ਵੀ ਹੈ ।ਗੱਲ ਇਹ ਹੈ ਕਿ ਮੈਂ ਵੀ ਦੋਸਤੀ ਬਾਰੇ ਇੰਨੇ ਹੀ ਉੱਚੇ ਵਿਚਾਰ ਰੱਖਦੀ ਹਾਂ।' ਛਛੂੰਦਰ ਨੇ ਕਿਹਾ ।
'ਅੱਛਾ,ਤਾਂ ਜਿਵੇਂ ਹੀ ਸਿਆਲ ਖਤਮ ਹੋਇਆ ਅਤੇ ਬਸੰਤੀ ਫੁਲ ਆਪਣੀਆਂ ਪੰਖੜੀਆਂ ਫੈਲਾਉਣ ਲੱਗੇ, ਮਿਲਰ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਹੈਂਸ ਦੇ ਕੋਲ ਜਾਣ ਦੀ ਸੋਚ ਰਿਹਾ ਹੈ ।'
'ਓਹ, ਤੁਸੀਂ ਕਿੰਨਾ ਧਿਆਨ ਰੱਖਦੇ ਹੋ ਹੈਂਸ ਦਾ ।' ਉਸਦੀ ਪਤਨੀ ਬੋਲੀ ।'ਅਤੇ ਵੇਖੋ, ਉਹ ਫੁੱਲਾਂ ਲਈ ਟੋਕਰੀ ਲੈ ਜਾਣਾ ਨਾ ਭੁੱਲਣਾ ।'
ਮਿਲਰ ਉੱਥੇ ਚਲਿਆ 'ਨਮਸਕਾਰ ਹੈਂਸ ।' ਮਿਲਰ ਨੇ ਕਿਹਾ ।
'ਨਮਸਕਾਰ ।' ਆਪਣਾ ਫੌਹੜਾ ਰੋਕ ਕੇ ਹੈਂਸ ਨੇ ਕਿਹਾ । ਉਹ ਬਹੁਤ ਖੁਸ਼ ਹੋਇਆ ।
'ਕਹੋ ਸਿਆਲ ਕਿਵੇਂ ਗੁਜ਼ਰਿਆ ।' ਮਿਲਰ ਨੇ ਪੁੱਛਿਆ ।
'ਤੁਸੀਂ ਹਮੇਸ਼ਾ ਮੇਰੀ ਕੁਸ਼ਲਤਾ ਦਾ ਧਿਆਨ ਰੱਖਦੇ ਹੋ ।'ਹੈਂਸ ਨੇ ਗਦਗਦ ਆਵਾਜ਼ ਵਿੱਚ ਕਿਹਾ । 'ਕੁੱਝ ਕਸ਼ਟ ਜਰੂਰ ਸੀ, ਪਰ ਹੁਣ ਤਾਂ ਬਸੰਤ ਆ ਗਿਆ ਹੈ ਅਤੇ ਫੁੱਲ ਖਿੜ ਰਹੇ ਹਨ ।'
'ਅਸੀਂ ਲੋਕ ਕਦੇ ਕਦੇ ਸੋਚਦੇ ਸਾਂ ਕਿ ਤੇਰੀ ਗੁਜਰ ਕਿਵੇਂ ਹੋ ਰਹੀ ਹੋਵੋਗੀ ।' ਮਿਲਰ ਬੋਲਿਆ ।
'ਸਚਮੁੱਚ ਤੁਸੀਂ ਕਿੰਨੇ ਭਾਵੁਕ ਹੋ । ਮੈਂ ਤਾਂ ਸੋਚ ਰਿਹਾ ਸੀ ਕਿ ਤੁਸੀਂ ਮੈਨੂੰ ਭੁੱਲ ਗਏ ਹੋ ।'
'ਹੈਂਸ ਮੈਨੂੰ ਕਦੇ ਕਦੇ ਤੇਰੀਆਂ ਗੱਲਾਂ ਤੇ ਹੈਰਤ ਹੁੰਦੀ ਹੈ । ਦੋਸਤੀ ਕਦੇ ਭੁਲਾਈ ਵੀ ਜਾ ਸਕਦੀ ਹੈ । ਇਹੀ ਤਾਂ ਜੀਵਨ ਦਾ ਰਹੱਸ ਹੈ । ਵਾਹ ਤੁਹਾਡੇ ਫੁਲ ਕਿੰਨੇ ਪਿਆਰੇ ਹਨ ।'
'ਹਾਂ, ਬਹੁਤ ਚੰਗੇ ਹਨ ।' ਹੈਂਸ ਬੋਲਿਆ । 'ਅਤੇ ਕਿਸਮਤ ਨਾਲ ਕਿੰਨੇ ਜ਼ਿਆਦਾ ਹਨ । ਇਸ ਸਾਲ ਮੈਂ ਇਨ੍ਹਾਂ ਨੂੰ ਸੇਠ ਦੀ ਧੀ ਨੂੰ ਵੇਚ ਦੇਵਾਂਗਾ ਅਤੇ ਆਪਣੀ ਬੈਲਗੱਡੀ ਵਾਪਸ ਖਰੀਦ ਲਵਾਂਗਾ ।'
'ਵਾਪਸ ਖਰੀਦ ਲਵੇਂਗਾ ? ਕੀ ਤੂੰ ਉਸਨੂੰ ਵੇਚ ਦਿੱਤਾ ? ਕਿੰਨੀ ਨਦਾਨੀ ਕੀਤੀ ਤੂੰ ।'
'ਗੱਲ ਇਹ ਹੈ ਕਿ ਠੰਡ ਵਿੱਚ ਮੇਰੇ ਕੋਲ ਇੱਕ ਪਾਈ ਵੀ ਨਹੀਂ ਸੀ, ਇਸ ਲਈ ਪਹਿਲਾਂ ਮੈਂ ਆਪਣੇ ਚਾਂਦੀ ਦੇ ਬਟਨ ਵੇਚੇ । ਬਾਅਦ ਵਿੱਚ ਆਪਣਾ ਕੋਟ, ਫਿਰ ਚਾਂਦੀ ਦੀ ਚੇਨ ਅਤੇ ਅਖੀਰ ਵਿੱਚ ਆਪਣੀ ਗੱਡੀ ਵੇਚ ਦਿੱਤੀ । ਪਰ ਹੁਣ ਮੈਂ ਸਭ ਕੁਝ ਵਾਪਸ ਖਰੀਦ ਲਵਾਂਗਾ ।' ਹੈਂਸ ਬੋਲਿਆ ।
'ਹੈਂਸ, ਮੈਂ ਤੈਨੂੰ ਆਪਣੀ ਗੱਡੀ ਦੇਵਾਂਗਾ ।' ਮਿਲਰ ਝੱਟਪੱਟ ਬੋਲਿਆ ।
'ਉਸਦਾ ਸੱਜਾ ਹਿੱਸਾ ਗਾਇਬ ਹੈ ਅਤੇ ਖੱਬੇ ਪਹੀਏ ਦੇ ਆਰੇ ਟੁੱਟੇ ਹੋਏ ਹਨ, ਫਿਰ ਵੀ ਮੈਂ ਤੈਨੂੰ ਦੇ ਦੇਵਾਂਗਾ । ਮੈਂ ਜਾਣਦਾ ਹਾਂ ਕਿ ਇਹ ਬਹੁਤ ਵੱਡਾ ਤਿਆਗ ਹੈ ਬਹੁਤ ਸਾਰੇ ਲੋਕ ਮੈਨੂੰ ਮੂਰਖ ਕਹਿਣਗੇ, ਪਰ ਮੈਂ ਸੰਸਾਰਿਕ ਲੋਕਾਂ ਵਰਗਾ ਨਹੀਂ ਹਾਂ । ਮੈਂ ਸਮਝਦਾ ਹਾਂ ਕਿ ਸੱਚੇ ਦੋਸਤਾਂ ਦਾ ਫ਼ਰਜ਼ ਤਿਆਗ ਹੈ ਅਤੇ ਫਿਰ ਹੁਣ ਤਾਂ ਮੈਂ ਨਵੀਂ ਗੱਡੀ ਵੀ ਖਰੀਦ ਲਈ ਹੈ । ਅੱਛਾ ਹੈਂ, ਹੁਣ ਤੂੰ ਚਿੰਤਾ ਨਾ ਕਰ । ਮੈਂ ਆਪਣੀ ਗੱਡੀ ਤੈਨੂੰ ਦੇ ਦੇਵਾਂਗਾ ।' ਮਿਲਰ ਨੇ ਪੂਰੇ ਮਾਣ ਨਾਲ ਕਿਹਾ ।
'ਸੱਚੀਂ ਇਹ ਤੁਹਾਡਾ ਕਿੰਨਾ ਵੱਡਾ ਤਿਆਗ ਹੈ ।' ਹੈਂਸ ਨੇ ਭਾਰ ਸਵੀਕਾਰ ਕਰਦੇ ਹੋਏ ਕਿਹਾ, 'ਮੈਂ ਉਸਨੂੰ ਸੌਖ ਨਾਲ ਬਣਾ ਲਵਾਂਗਾ, ਮੇਰੇ ਕੋਲ ਇੱਕ ਵੱਡਾ ਸਾਰਾ ਫੱਟਾ ਹੈ ।'
'ਫੱਟਾ ? 'ਮਿਲਰ ਬੋਲਿਆ, ' ਓਹ, ਮੈਨੂੰ ਵੀ ਤਾਂ ਇੱਕ ਫੱਟੇ ਦੀ ਜ਼ਰੂਰਤ ਹੈ । ਮੇਰੇ ਗੁਦਾਮ ਦੀ ਛੱਤ ਵਿੱਚ ਇੱਕ ਮੋਰੀ ਹੋ ਗਈ ਹੈ । ਜੇਕਰ ਉਹ ਬੰਦ ਨਾ ਕੀਤਾ, ਤਾਂ ਸਾਰਾ ਅਨਾਜ ਭਿੱਜ ਜਾਵੇਗਾ । ਕਿਸਮਤ ਨਾਲ ਤੁਹਾਡੇ ਹੀ ਕੋਲ ਇੱਕ ਫੱਟਾ ਨਿਕਲ ਆਇਆ । ਹੈਰਾਨੀ ਹੈ ! ਭਲੇ ਕੰਮ ਦਾ ਨਤੀਜਾ ਹਮੇਸ਼ਾ ਭਲਾ ਹੁੰਦਾ ਹੈ । ਮੈਂ ਆਪਣੀ ਗੱਡੀ ਤੈਨੂੰ ਦੇ ਦਿੱਤੀ ਅਤੇ ਤੁਸੀਂ ਮੈਨੂੰ ਆਪਣਾ ਫੱਟਾ ਦੇ ਰਹੇ ਹੋ । ਇਹ ਠੀਕ ਹੈ ਕਿ ਗੱਡੀ ਫੱਟੇ ਨਾਲੋਂ ਜ਼ਿਆਦਾ ਮੁੱਲ ਦੀ ਹੈ, ਪਰ ਦੋਸਤੀ ਵਿੱਚ ਇਹਨਾਂ ਗੱਲਾਂ ਦਾ ਧਿਆਨ ਨਹੀਂ ਕੀਤਾ ਜਾਂਦਾ । ਹੁਣੇ ਕੱਢੋ ਫੱਟਾ , ਤਾਂ ਮੈਂ ਅੱਜ ਹੀ ਆਪਣਾ ਗੁਦਾਮ ਠੀਕ ਕਰ ਲਵਾਂਗਾ ।'
'ਜਰੂਰ ।' ਹੈਂਸ ਨੇ ਕਿਹਾ ਅਤੇ ਉਹ ਕੁਟੀਆ ਦੇ ਅੰਦਰੋਂ ਫੱਟਾ ਖਿੱਚ ਲਿਆਇਆ ਅਤੇ ਉਸਨੂੰ ਬਾਹਰ ਰੱਖ ਦਿੱਤਾ ।
'ਇਹ ਤਾਂ ਬਹੁਤ ਛੋਟਾ ਹੈ ।' ਮਿਲਰ ਬੋਲਿਆ ।' ਸ਼ਾਇਦ ਤੇਰੇ ਲਈ ਇਸ ਵਿੱਚੋਂ ਕੁਝ ਨਾ ਬਚੇ । ਪਰ ਇਸਦੇ ਲਈ ਮੈਂ ਕੀ ਕਰਾਂ । ਅਤੇ ਵੇਖੋ, ਮੈਂ ਤੈਨੂੰ ਗੱਡੀ ਦਿੱਤੀ ਹੈ, ਤਾਂ ਤੂੰ ਮੈਨੂੰ ਕੁੱਝ ਫੁੱਲ ਨਹੀਂ ਦੇਵੇਂਗਾ ? ਇਹ ਲਓ, ਟੋਕਰੀ ਖਾਲੀ ਨਾ ਰਹੇ ।'
'ਟੋਕਰੀ ਭਰ ਦੇਵਾਂ ? 'ਹੈਂਸ ਨੇ ਚਿੰਤਤ ਆਵਾਜ਼ ਵਿੱਚ ਪੁੱਛਿਆ ਕਿਉਂਕਿ ਟੋਕਰੀ ਬਹੁਤ ਵੱਡੀ ਸੀ ਅਤੇ ਉਹ ਜਾਣਦਾ ਸੀ ਕਿ ਉਸਨੂੰ ਭਰ ਦੇਣ ਦੇ ਬਾਅਦ ਫਿਰ ਵੇਚਣ ਲਈ ਇੱਕ ਵੀ ਫੁਲ ਨਹੀਂ ਬਚੇਗਾ । ਉਸਨੂੰ ਤਾਂ ਆਪਣੇ ਚਾਂਦੀ ਦੇ ਬਟਨ ਵਾਪਸ ਲੈਣੇ ਸਨ ।
'ਹਾਂ ਤੇ ਹੋਰ ਕੀ... ਮੈਂ ਤੈਨੂੰ ਆਪਣੀ ਗੱਡੀ ਦਿੱਤੀ ਹੈ । ਜੇਕਰ ਮੈਂ ਤੁਹਾਡੇ ਕੋਲੋਂ ਕੁੱਝ ਫੁਲ ਮੰਗ ਰਿਹਾ ਹਾਂ ਤਾਂ ਕੀ ਜਿਆਦਤੀ ਕਰ ਰਿਹਾ ਹਾਂ । ਹੋ ਸਕਦਾ ਹੈ, ਮੇਰਾ ਵਿਚਾਰ ਠੀਕ ਨਾ ਹੋਵੇ, ਪਰ ਮੇਰੀ ਸਮਝ ਵਿੱਚ ਦੋਸਤੀ ਵਿੱਚ ਸਵਾਰਥ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ।'
'ਨਹੀਂ ਪਿਆਰੇ ਮਿੱਤਰ । ਤੁਹਾਡੀ ਖੁਸ਼ੀ ਮੇਰੇ ਲਈ ਵੱਡੀ ਚੀਜ ਹੈ । ਮੈਂ ਤੈਨੂੰ ਦੁਖੀ ਕਰਕੇ ਆਪਣੇ ਚਾਂਦੀ ਦੇ ਬਟਨ ਨਹੀਂ ਲੈਣਾ ਚਾਹੁੰਦਾ ।' ਅਤੇ ਉਸਨੇ ਚੁਣ – ਚੁਣ ਕੇ ਫੁੱਲਾਂ ਨਾਲ ਉਹ ਟੋਕਰੀ ਭਰ ਦਿੱਤੀ ।
ਅਗਲੇ ਦਿਨ ਜਦੋਂ ਉਹ ਕਿਆਰੀਆਂ ਠੀਕ ਕਰ ਰਿਹਾ ਸੀ, ਤੱਦ ਉਸਨੂੰ ਸੜਕ ਤੋਂ ਮਿਲਰ ਦੀ ਪੁਕਾਰ ਸੁਣਾਈ ਦਿੱਤੀ ਅਤੇ ਉਹ ਕੰਮ ਛੱਡਕੇ ਭੱਜਿਆ, ਬਾਗਲ ਉਪਰੋਂ ਝੁਕ ਕੇ ਝਾਕਣ ਲਗਾ । ਮਿਲਰ ਆਪਣੀ ਪਿੱਠ ਤੇ ਅਨਾਜ ਦਾ ਇੱਕ ਵੱਡਾ ਸਾਰਾ ਬੋਰਾ ਲੱਦੀ ਖੜਾ ਸੀ ।
'ਪਿਆਰੇ ਹੈਂਸ, ਜਰਾ ਇਸਨੂੰ ਬਾਜ਼ਾਰ ਤੱਕ ਪਹੁੰਚਾ ਦਓਗੇ ?' ਮਿਲਰ ਬੋਲਿਆ ।
'ਭਰਾ, ਅੱਜ ਤਾਂ ਮਾਫ ਕਰੋ,' ਹੈਂਸ ਨੇ ਕਿਹਾ, 'ਅੱਜ ਤਾਂ ਮੈਂ ਸਚਮੁੱਚ ਬਹੁਤ ਬਿਜੀ ਹਾਂ । ਮੈ ਆਪਣੀਆਂ ਸਭ ਲਤਰਾਂ ਚੜ੍ਹਾਉਣੀਆਂ ਹਨ । ਸਭ ਬੂਟੇ ਸਿੰਜਣੇ ਹਨ ਅਤੇ ਦੁੱਬ ਛਾਂਟਣੀ ਹੈ ।'
'ਅਫਸੋਸ ਹੈ' ਮਿਲਰ ਨੇ ਕਿਹਾ, 'ਇਹ ਵੇਖਦੇ ਹੋਏ ਕਿ ਮੈਂ ਤੈਨੂੰ ਆਪਣੀ ਗੱਡੀ ਦਿੱਤੀ ਹੈ, ਤੇਰਾ ਇਸ ਤਰ੍ਹਾਂ ਇਨਕਾਰ ਕਰਨਾ ਸ਼ੋਭਾ ਨਹੀਂ ਦਿੰਦਾ ।'
'ਨਹੀਂ ਭਾਈ, ਅਜਿਹਾ ਖਿਆਲ ਕਿਉਂ ਕਰਦੇ ਹੋ ।' ਹੈਂਸ ਬੋਲਿਆ । ਉਹ ਝੱਟਪੱਟ ਮੋਢਿਆਂ ਤੇ ਬੋਰਾ ਲੱਦ ਕੇ ਚੱਲ ਪਿਆ । ਧੁੱਪ ਬਹੁਤ ਕੈੜੀ ਸੀ । ਸੜਕ ਤਪ ਰਹੀ ਸੀ । ਛੇ ਮੀਲ ਚਲਣ ਤੋਂ ਬਾਅਦ ਹੈਂਸ ਬੇਹੱਦ ਥੱਕ ਗਿਆ, ਪਰ ਉਹ ਹਿੰਮਤ ਨਹੀਂ ਹਾਰਿਆ । ਬਾਜ਼ਾਰ ਪਹੁੰਚਕੇ ਖਰੇ ਦਾਮ ਤੇ ਵਿਕਰੀ ਕੀਤੀ ਅਤੇ ਜਲਦੀ ਪਰਤ ਆਇਆ । ਜਦੋਂ ਉਹ ਸੌਣ ਜਾ ਰਿਹਾ ਸੀ ਤਾਂ ਉਸਨੇ ਮਨ ਵਿੱਚ ਕਿਹਾ ਕਿ ਅੱਜ ਬਹੁਤ ਭੈੜਾ ਦਿਨ ਬੀਤਿਆ, ਪਰ ਮੈਨੂੰ ਖੁਸ਼ੀ ਹੈ ਕਿ ਮੈਂ ਮਿਲਰ ਦਾ ਦਿਲ ਨਹੀਂ ਦੁਖਾਇਆ । ਉਹ ਮੇਰਾ ਦੋਸਤ ਹੈ ਅਤੇ ਉਸਨੇ ਮੈਨੂੰ ਗੱਡੀ ਦਿੱਤੀ ਹੈ । ਅਗਲੇ ਦਿਨ ਮਿਲਰ ਪੈਸੇ ਲੈਣ ਆਇਆ । ਮਗਰ ਹੈਂਸ ਇੰਨਾ ਥੱਕਿਆ ਸੀ ਕਿ ਉਹ ਹੁਣ ਵੀ ਪਲੰਘ ਤੇ ਪਿਆ ਸੀ ।
'ਸੱਚ ਕਹਿੰਦਾ ਹਾਂ, ਤੂੰ ਬਹੁਤ ਆਲਸੀ ਲੱਗਦਾ ਹੈਂ । ਮੈਂ ਸੋਚਿਆ ਸੀ ਗੱਡੀ ਮਿਲ ਜਾਣ ਤੇ ਤੂੰ ਮਿਹਨਤ ਨਾਲ ਕੰਮ ਕਰੇਂਗਾ । ਮੈਂ ਨਹੀਂ ਚਾਹੁੰਦਾ ਕਿ ਮੇਰਾ ਕੋਈ ਵੀ ਦੋਸਤ ਆਲਸੀ ਹੋਵੇ । ਮਾਫ ਕਰਨਾ ਮੈਂ ਮੂੰਹ ਫੱਟ ਹਾਂ, ਪਰ ਤੁਹਾਡੀ ਚਿੰਤਾ ਕਰਨਾ ਮੇਰਾ ਫਰਜ ਹੈ । ਜੀਭ ਨਾਲ ਚਪੜ ਚਪੜ ਤਾਂ ਕੋਈ ਵੀ ਕਰ ਸਕਦਾ ਹੈ । ਸੱਚੇ ਦੋਸਤ ਦਾ ਕੰਮ ਮਿੱਤਰ ਨੂੰ ਔਗੁਣਾ ਤੋਂ ਬਚਾਉਣਾ ਹੈ ।' ਮਿਲਰ ਬੋਲਿਆ ।
'ਮੈਨੂੰ ਬਹੁਤ ਦੁੱਖ ਹੈ,' ਹੈਂਸ ਨੇ ਅੱਖਾਂ ਮਲਦੇ ਹੋਏ ਕਿਹਾ, 'ਮੈਂ ਬਹੁਤ ਥੱਕਿਆ ਹੋਇਆ ਸੀ ।'
'ਅੱਛਾ ਉੱਠ, 'ਮਿਲਰ ਨੇ ਉਸਦੀ ਪਿੱਠ ਥਪਥਪਾਉਂਦੇ ਹੋਏ ਕਿਹਾ, 'ਚੱਲ ਜਰਾ, ਮੈਨੂੰ ਗੁਦਾਮ ਦੀ ਛੱਤ ਬਣਾਉਣ ਵਿੱਚ ਮਦਦ ਕਰ ।'
ਹੈਂਸ ਚਿੰਤਤ ਸੀ, ਕਿਉਂਕਿ ਉਸਦੇ ਬੂਟਿਆਂ ਵਿੱਚ ਦੋ ਦਿਨ ਤੋਂ ਪਾਣੀ ਨਹੀਂ ਪਿਆ ਸੀ ।'ਜੇਕਰ ਮੈਂ ਕਹਾਂ ਕਿ ਮੈਂ ਬਿਜੀ ਹਾਂ, ਤਾਂ ਤੁਸੀਂ ਬੁਰਾ ਤਾਂ ਨਹੀਂ ਮੰਨੋਗੇ ?'
'ਖੈਰ, ਤੈਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੋਸਤੀ ਦੇ ਨਾਤੇ ਹੀ ਮੈਂ ਤੈਨੂੰ ਆਪਣੀ ਗੱਡੀ ਦਿੱਤੀ ਹੈ । ਪਰ ਜੇਕਰ ਤੂੰ ਮੇਰਾ ਇੰਨਾ ਕੰਮ ਵੀ ਨਹੀਂ ਕਰ ਸਕਦੇ, ਤਾਂ ਕੋਈ ਗੱਲ ਨਹੀਂ । ਮੈਂ ਆਪਣੇ ਆਪ ਕਰ ਲਵਾਂਗਾ ।' ਮਿਲਰ ਬੋਲਿਆ ।
'ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਹੈ ।' ਹੈਂਸ ਬੋਲਿਆ । ਉਹ ਝੱਟਪੱਟ ਮਿਲਰ ਦੇ ਨਾਲ ਚੱਲ ਪਿਆ । ਉੱਥੇ ਉਸਨੇ ਦਿਨ ਭਰ ਕੰਮ ਕੀਤਾ । ਸ਼ਾਮ ਦੇ ਵਕਤ ਮਿਲਰ ਆਇਆ ।
'ਹੈਂਸ ਤੂੰ ਮੋਰੀ ਬੰਦ ਕਰ ਦਿੱਤੀ ?'
'ਹਾਂ, ਖੁੱਡਕੁੱਲ ਬੰਦ ਹੋ ਗਿਆ ਹੈ ।' ਹੈਂਸ ਨੇ ਪੌੜੀ ਤੋਂ ਉਤਰਦੇ ਹੋਏ ਜਵਾਬ ਦਿੱਤਾ ।
'ਆਹਾ . . . ', ਮਿਲਰ ਬੋਲਿਆ, 'ਦੁਨੀਆ ਵਿੱਚ ਦੂਸਰਿਆਂ ਲਈ ਕਸ਼ਟ ਝੱਲਣ ਤੋਂ ਜਿਆਦਾ ਆਨੰਦ ਹੋਰ ਕਿਸੇ ਕੰਮ ਵਿੱਚ ਨਹੀਂ ਆਉਂਦਾ ।'
'ਮੈਨੂੰ ਤਾਂ ਸਚਮੁੱਚ ਤੁਹਾਡੇ ਵਿਚਾਰਾਂ ਤੋਂ ਬਹੁਤ ਸੁਕੂਨ ਮਿਲਦਾ ਹੈ ।' ਹੈਂਸ ਨੇ ਮੁੜ੍ਹਕਾ ਪੂੰਝਦੇ ਹੋਏ ਕਿਹਾ, 'ਪਰ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਕਦੇ ਇੰਨੇ ਉੱਚੇ ਵਿਚਾਰ ਨਹੀਂ ਆਉਂਦੇ ।'
'ਕੋਈ ਗੱਲ ਨਹੀਂ । ਕੋਸ਼ਿਸ਼ ਕਰਦੇ ਰਹੋ । ਹੁਣ ਤੈਨੂੰ ਦੋਸਤੀ ਦੀ ਵਰਕਿੰਗ ਪਤਾ ਹੈ, ਜਲਦੀ ਹੀ ਉਸਦੇ ਸਿੱਧਾਂਤ ਵੀ ਸਮਝ ਜਾਓਗੇ । ਅੱਛਾ ਹੁਣ ਤੂੰ ਆਰਾਮ ਕਰ , ਕਿਉਂਕਿ ਕੱਲ ਤੈਨੂੰ ਮੇਰੀਆਂ ਭੇਡਾਂ ਨੂੰ ਚਾਰਨ ਲਿਜਾਣਾ ਹੋਵੇਗਾ ।' ਮਿਲਰ ਬੋਲਿਆ ।
ਇਸ ਤਰ੍ਹਾਂ ਹੈਂਸ ਕਦੇ ਆਪਣੇ ਫੁੱਲਾਂ ਦੀ ਦੇਖਭਾਲ ਨਹੀਂ ਕਰ ਸਕਿਆ, ਕਿਉਂਕਿ ਮਿਲਰ ਕੋਈ ਨਾ ਕੋਈ ਕੰਮ ਦੱਸਦਾ ਰਹਿੰਦਾ ਸੀ । ਹੈਂਸ ਕਦੇ ਕਦੇ ਬਹੁਤ ਵਿਆਕੁਲ ਹੋ ਜਾਂਦਾ ਕਿਉਂਕਿ ਉਹ ਸੋਚਦਾ ਸੀ ਕਿ ਫੁਲ ਸਮਝਣਗੇ ਕਿ ਉਹ ਉਨ੍ਹਾਂ ਨੂੰ ਭੁੱਲ ਗਿਆ ਹੈ । ਮਗਰ ਉਹ ਹਮੇਸ਼ਾ ਸੋਚਦਾ ਕਿ ਮਿਲਰ ਉਸਦਾ ਪੱਕਾ ਮਿੱਤਰ ਹੈ ਅਤੇ ਫਿਰ ਉਹ ਉਸਨੂੰ ਆਪਣੀ ਗੱਡੀ ਦੇਣ ਵਾਲਾ ਸੀ ਅਤੇ ਇਹ ਕਿੰਨਾ ਵੱਡਾ ਤਿਆਗ ਸੀ । ਇਸ ਤਰ੍ਹਾਂ ਹੈਂਸ ਦਿਨ ਭਰ ਮਿਲਰ ਲਈ ਕੰਮ ਕਰਦਾ ਅਤੇ ਮਿਲਰ ਲੱਛੇਦਾਰ ਸ਼ਬਦਾਂ ਵਿੱਚ ਦੋਸਤੀ ਦੇ ਸਿੱਧਾਂਤ ਸਮਝਾਉਂਦਾ, ਜਿਨ੍ਹਾਂ ਨੂੰ ਹੈਂਸ ਇੱਕ ਡਾਇਰੀ ਵਿੱਚ ਲਿਖਦਾ ਅਤੇ ਰਾਤ ਨੂੰ ਉਨ੍ਹਾਂ ਤੇ ਵਿਚਾਰ ਕਰਦਾ ।
ਇੱਕ ਦਿਨ ਰਾਤ ਨੂੰ ਹੈਂਸ ਆਪਣੀ ਅੰਗੀਠੀ ਦੇ ਕੋਲ ਬੈਠਾ ਸੀ । ਕਿਸੇ ਨੇ ਜ਼ੋਰ ਨਾਲ ਦਰਵਾਜਾ ਠਕਠਕਾਇਆ । ਰਾਤ ਤੂਫਾਨੀ ਸੀ ਅਤੇ ਇੰਨੇ ਜ਼ੋਰ ਦੀ ਹਨੇਰੀ ਸੀ ਕਿ ਉਸਨੇ ਸਮਝਿਆ ਹਵਾ ਨਾਲ ਕਿਵਾੜ ਖੜਕਿਆ ਹੋਵੇਗਾ । ਮਗਰ ਵਾਰ ਵਾਰ ਕਿਵਾੜ ਖੜਕੇ । ਦਰਵਾਜੇ ਤੇ ਇੱਕ ਹੱਥ ਵਿੱਚ ਲਾਲਟੈਣ ਅਤੇ ਦੂਜੇ ਹੱਥ ਵਿੱਚ ਲਾਠੀ ਲਈ ਮਿਲਰ ਖੜਾ ਸੀ ।
'ਪਿਆਰੇ ਹੈਂਸ', ਮਿਲਰ ਚੀਖਿਆ, 'ਮੇਰਾ ਮੁੰਡਾ ਪੌੜੀਆਂ ਤੋਂ ਡਿੱਗ ਗਿਆ ਅਤੇ ਮੈਂ ਡਾਕਟਰ ਦੇ ਕੋਲ ਜਾ ਰਿਹਾ ਹਾਂ । ਮਗਰ ਉਹ ਇੰਨੀ ਦੂਰ ਰਹਿੰਦਾ ਹੈ ਅਤੇ ਰਾਤ ਇੰਨੀ ਹਨੇਰੀ ਹੈ ਕਿ ਜੇਕਰ ਤੂੰ ਚਲਿਆ ਜਾਵੇਂ ਤਾਂ ਜ਼ਿਆਦਾ ਅੱਛਾ ਹੋਵੇ । ਤੂੰ ਜਾਣਦਾ ਹੈਂ ਕਿ ਅਜਿਹੇ ਮੌਕੇ ਹੀ ਤੂੰ ਆਪਣੀ ਦੋਸਤੀ ਵਿਖਾ ਸਕਦਾ ਹੈਂ ।'
'ਜਰੂਰ, ਮੈਂ ਹੁਣੇ ਜਾਂਦਾ ਹਾਂ । ਤੁਸੀਂ ਆਪਣੀ ਲਾਲਟੈਣ ਮੈਨੂੰ ਦੇ ਦਿਉ। ਰਾਤ ਇੰਨੀ ਹਨੇਰੀ ਹੈ ਕਿ ਮੈਂ ਕਿਸੇ ਖੱਡੇ ਵਿੱਚ ਨਾ ਡਿੱਗ ਪਵਾਂ ।' ਹੈਂਸ ਬੋਲਿਆ ।
'ਮੈਨੂੰ ਬਹੁਤ ਦੁੱਖ ਹੈ,' ਮਿਲਰ ਬੋਲਿਆ, 'ਮਗਰ ਇਹ ਮੇਰੀ ਨਵੀਂ ਲਾਲਟੈਣ ਹੈ ਅਤੇ ਇਸਨੂੰ ਕੁੱਝ ਹੋ ਗਿਆ ਤਾਂ ਬਹੁਤ ਨੁਕਸਾਨ ਹੋ ਜਾਵੇਗਾ ।'
'ਅੱਛਾ ਮੈਂ ਇਵੇਂ ਹੀ ਚਲਾ ਜਾਵਾਂਗਾ ।' ਹੈਂਸ ਚੱਲ ਪਿਆ । ਬਹੁਤ ਭਿਆਨਕ ਤੂਫਾਨ ਸੀ । ਹੈਂਸ ਕਿਸੇ ਤਰ੍ਹਾਂ ਤਿੰਨ ਘੰਟੇ ਵਿੱਚ ਡਾਕਟਰ ਦੇ ਘਰ ਪਹੁੰਚਿਆ ਅਤੇ ਉਸ ਨੂੰ ਨਾਲ ਲੈ ਕੇ ਵਾਪਸ ਚੱਲ ਪਿਆ ।ਡਾਕਟਰ ਆਪਣੇ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ ਅਤੇ ਹੈਂਸ ਪਿੱਛੇ ਪਿੱਛੇ ਚੱਲ ਰਿਹਾ ਸੀ । ਤੂਫਾਨ ਬਹੁਤ ਤੇਜ ਹੋ ਗਿਆ ਅਤੇ ਹੈਂਸ ਰਸਤਾ ਭੁੱਲ ਗਿਆ । ਹੌਲੀ-ਹੌਲੀ ਉਹ ਉਤਰ ਦੇ ਵੱਲ ਚਲਾ ਗਿਆ, ਜੋ ਪਥਰੀਲਾ ਰਸਤਾ ਸੀ ਅਤੇ ਉੱਥੇ ਉਹ ਇੱਕ ਖੱਡ ਵਿੱਚ ਡਿਗ ਪਿਆ ।
ਦੂਜੇ ਦਿਨ ਗਡਰੀਆਂ ਨੂੰ ਉਸਦੀ ਲਾਸ਼ ਮਿਲੀ ਅਤੇ ਉਹ ਉਸਨੂੰ ਉਠਾ ਲਿਆਏ । ਹਰੇਕ ਆਦਮੀ ਹੈਂਸ ਦੀ ਲਾਸ਼ ਦੇ ਨਾਲ ਗਿਆ । ਮਿਲਰ ਵੀ ਆਇਆ ।
'ਮੈਂ ਉਸਦਾ ਸਭ ਤੋਂ ਪੱਕਾ ਮਿੱਤਰ ਸੀ ਇਸ ਲਈ ਮੈਨੂੰ ਸਭ ਤੋਂ ਅੱਗੇ ਜਗ੍ਹਾ ਮਿਲਣੀ ਚਾਹੀਦੀ ਹੈ ।' ਇਹ ਕਹਿਕੇ ਕਾਲ਼ਾ ਕੋਟ ਪਹਿਨੇ ਉਹ ਸਭ ਤੋਂ ਅੱਗੇ ਪਹੁੰਚ ਗਿਆ । ਉਸਨੇ ਜੇਬ ਵਿੱਚੋਂ ਇੱਕ ਰੁਮਾਲ ਕੱਢਕੇ ਅੱਖਾਂ ਤੇ ਲਗਾ ਲਿਆ।ਬਾਅਦ ਵਿੱਚ ਪਰਤ ਕੇ ਉਹ ਸਰਾਏ ਵਿੱਚ ਬੈਠ ਗਏ ਅਤੇ ਕੇਕ ਖਾਂਦੇ ਹੋਏ ਲੋਹਾਰ ਨੇ ਕਿਹਾ, 'ਹੈਂਸ ਦੀ ਮੌਤ ਬਹੁਤ ਹੀ ਦੁਖਦਾਈ ਰਹੀ ।'
'ਮੈਨੂੰ ਤਾਂ ਬਹੁਤ ਦੁੱਖ ਹੋਇਆ । ਮੈਂ ਉਸਨੂੰ ਆਪਣੀ ਗੱਡੀ ਦਿੱਤੀ ਸੀ । ਉਹ ਇੰਨੀ ਬੁਰੀ ਹਾਲਤ ਵਿੱਚ ਹੈ ਕਿ ਮੈਂ ਉਸਨੂੰ ਚਲਾ ਨਹੀਂ ਸਕਦਾ । ਕੋਈ ਉਸਨੂੰ ਖਰੀਦੇਗਾ ਵੀ ਨਹੀਂ । ਹੁਣ ਮੈਂ ਕੀ ਕਰਾਂ । ਦੁਨੀਆਂ ਕਿੰਨੀ ਸਵਾਰਥੀ ਹੈ ।' ਮਿਲਰ ਨੇ ਡੂੰਘਾ ਸਾਹ ਭਰਦੇ ਹੋਏ ਕਿਹਾ ।
ਥੋੜ੍ਹੀ ਦੇਰ ਖਾਮੋਸ਼ੀ ਰਹੀ । ਫਿਰ ਛਛੂੰਦਰ ਬੋਲਿਆ, 'ਤੱਦ ਫਿਰ . . ਅੱਗੇ ?'
'ਅੱਗੇ ਕੀ . . . ਕਹਾਣੀ ਖਤਮ ।' ਜਲਪੰਛੀ ਬੋਲਿਆ ।
'ਤਾਂ ਮਿਲਰ ਬੇਚਾਰੇ ਦਾ ਕੀ ਹੋਇਆ ?' ਛਛੂੰਦਰ ਬੋਲਿਆ ।
'ਮੈਂ ਕੀ ਜਾਣਾ . . . ' , ਜਲਪੰਛੀ ਬੋਲਿਆ ।
'ਛੀ . . . ਤੇਰੇ ਵਿੱਚ ਜਰਾ ਵੀ ਹਮਦਰਦੀ ਨਹੀਂ ਬੇਚਾਰੇ ਨਾਲ ?'
'ਮਿਲਰ ਨਾਲ ਹਮਦਰਦੀ . . . ਇਸਦਾ ਮਤਲਬ ਤੂੰ ਕਹਾਣੀ ਦਾ ਆਦਰਸ਼ ਹੀ ਨਹੀਂ ਸਮਝਿਆ ।'
'ਓਹ . . . ਮੈਨੂੰ ਕੀ ਪਤਾ ਆਦਰਸ਼ਵਾਦੀ ਕਹਾਣੀ ਹੈ । ਪਤਾ ਹੁੰਦਾ ਤਾਂ ਕਦੇ ਨਾ ਸੁਣਦੀ ।' ਛਛੂੰਦਰ ਬੋਲੀ ਅਤੇ ਆਪਣੇ ਖੁੱਡ ਵਿੱਚ ਵੜ ਗਈ ।
ਅਵਾਜ ਸੁਣਕੇ ਬੱਤਖ ਬੋਲੀ, 'ਕੀ ਹੋਇਆ'।
'ਕੁੱਝ ਨਹੀਂ । ਮੈਂ ਇੱਕ ਆਦਰਸ਼ਵਾਦੀ ਕਹਾਣੀ ਸੁਣਾਈ ਸੀ ਅਤੇ ਛਛੂੰਦਰ ਝੁੰਝਲਾ ਗਈ ।' ਜਲਪੰਛੀ ਬੋਲਿਆ ।
'ਓਹ . . . ' ਬੱਤਖ ਬੋਲੀ, 'ਭਰਾ ਆਪਣੇ ਨੂੰ ਖਤਰੇ ਵਿੱਚ ਪਾਉਂਦੇ ਹੀ ਕਿਉਂ ਹੋ . . . ਅੱਜ ਕੱਲ੍ਹ ਅਤੇ ਆਦਰਸ਼ਵਾਦੀ ਕਹਾਣੀ ?'