Palam Vaadi (Punjabi Essay) : Mohinder Singh Randhawa

ਪਾਲਮ ਵਾਦੀ (ਲੇਖ) : ਮਹਿੰਦਰ ਸਿੰਘ ਰੰਧਾਵਾ

ਪਾਲਮਪੁਰ ਹਿਮਾਲੀਆ ਦੀ ਗੋਦ ਵਿਚ ਇਕ ਅਨਮੋਲ ਮੋਤੀ ਹੈ। ਇਸ ਦੇ ਸੁੰਦਰ ਚੀਲ੍ਹ ਦੇ ਦਰਖ਼ਤ ਤੇ ਦੇਵਦਾਰ ਦੀਆਂ ਕਤਾਰਾਂ ਧੌਲੀਧਾਰ ਦੇ ਪਰਛਾਵੇਂ ਹੇਠ ਸੰਤਰੀਆਂ ਵਾਂਗ ਖਲੋਤੀਆਂ ਹਨ। ਇਥੋਂ ਦੀਆਂ ਚੀਲ੍ਹਾਂ ਦੇ ਦਰਖ਼ਤਾਂ ਨਾਲ ਘਿਰੀਆਂ ਸ਼ਾਂਤ ਸੜਕਾਂ, ਇਥੋਂ ਦੇ ਚਾਹ ਦੇ ਬਾਗ਼ ਜਿਨ੍ਹਾਂ ਲਾਗੇ ਬਰਫ਼ਾਨੀ ਪਾਣੀ ਦੀਆਂ ਕੂਲ੍ਹਾਂ ਹਨ, ਤੇ ਬੰਗਲੇ ਜਿਨ੍ਹਾਂ ਦੇ ਚੁਪਾਸੀਂ ਉੱਚੇ ਉੱਚੇ ਦਰਖ਼ਤਾਂ ਦਾ ਘੇਰਾ ਹੈ, ਬੜੇ ਖੂਬਸੂਰਤ ਲਗਦੇ ਹਨ। ਪਾਲਮ ਪੁਰ, ਸ਼ਾਂਤੀ ਤੇ ਸੁੰਦਰਤਾ ਦੀ ਇਕ ਅਦੁੱਤੀ ਤਸਵੀਰ ਹੈ। ਇਥੋਂ ਦੇ ਸਭ ਘਰਾਂ ਤੇ ਬੰਗਲਿਆਂ ਤੋਂ ਜ਼ਿਆਦਾ ਖੂਬਸੂਰਤ ਸੈਸ਼ਨ ਹਾਊਸ ਨਾਂ ਦਾ ਬੰਗਲਾ ਹੈ। ਇਸ ਦਾ ਨਜ਼ਾਰਾ ਅਤਿ ਹਮਣੀਕ ਹੈ। ਇਸ ਇਮਾਰਤ ਦੀ ਥਾਂ ਕਿਸੇ ਪਹਾੜੀ ਦ੍ਰਿਸ਼ਾਂ ਦੇ ਚਾਹਵਾਨ ਨੇ ਚੁਣੀ ਜਾਪਦੀ ਹੈ। ਇਹਦੇ ਬਰਾਂਡੇ ਤੋਂ ਧੌਲੀਧਾਰ ਦੀ ਪੂਰੀ ਝਾਕੀ ਵਿਖਾਈ ਦਿੰਦੀ ਹੈ। ਧੌਲੀਧਾਰ ਦੀਆਂ ਤਿੰਨ ਚੋਟੀਆਂ ਇਥੋਂ ਇੰਜ ਲਗਦੀਆਂ ਹਨ ਜਿਵੇਂ ਹੋਇਰਿਕ ਦਾ ਕੋਈ ਚਿੱਤਰ ਹੋਵੇ ਤੇ ਚੀਲ੍ਹਾਂ ਦੇ ਦਰਖ਼ਤ ਉਸ ਦੀ ਚੁਗਾਠ । ਦੁਪਹਿਰ ਵੇਲੇ ਬੱਦਲ ਆ ਕੇ ਧੌਲੀਧਾਰ ਦੀਆਂ ਬਰਫ਼ਾਨੀ ਚੋਟੀਆਂ ਨੂੰ ਢੱਕ ਲੈਂਦੇ। ਬਾਰਸ਼ਾਂ ਦੇ ਦਿਨਾਂ ਵਿਚ ਬਿਜਲੀ ਚਮਕ ਚਮਕ ਪੈਂਦੀ ਤੇ ਬੱਦਲ ਗਰਜਦੇ ਨਹੀਂ ਥਕਦੇ। ਬਦਲਾਂ ਦੀ ਗੜਗੜਾਹਟ ਬੱਦਲਾਂ ਦੀ ਵਾਦੀ ਵਿਚ ਮੁੜ ਮੁੜ ਗੂੰਜਦੀ ਏ ਤੇ ਇੰਜ ਜਾਪਦਾ ਜਿਵੇਂ ਰੱਬੀ ਤਾਕਤ ਆਪਣੇ ਵੇਗ ਦਾ ਬਿਆਨ ਲੈ ਰਹੀ ਹੋਵੇ। ਬਾਰਸ਼ ਇਥੇ ਬਹੁਤ ਜ਼ੋਰ ਦੀ ਹੁੰਦੀ ਹੈ, ਬੱਦਲ ਵਸ ਵਸ ਕੇ ਜਿਵੇਂ ਥੱਕਦੇ ਨਹੀਂ। ਬੰਦਲੀ ਖੱਡ ਵਿਚ ਸਮਾਂ ਬੜਾ ਰਮਣੀਕ ਹੁੰਦਾ ਹੈ ਤੇ ਇਥੇ ਬੰਦਾ ਘੰਟਿਆਂ ਬੱਧੀ ਖਲੋਤਾ ਬਰਫ਼ਾਨੀ ਪਹਾੜੀਆਂ ਤੇ ਕਾਲੇ ਨੀਲੇ ਬੱਦਲਾਂ ਨੂੰ ਵੇਖਦਾ ਰੱਜਦਾ ਨਹੀਂ। ਸ਼ੈਸ਼ਨ ਹਾਊਸ ਦਾ ਬਗ਼ੀਚਾ ਰੰਗ ਬਰੰਗੇ ਫੁੱਲਾਂ ਨਾਲ ਭਰਪੂਰ ਹੈ ਤੇ ਇਨ੍ਹਾਂ ਫੁੱਲਾਂ ਦੇ ਬੂਟਿਆਂ ਦੇ ਪਿਛੇ ਚੀਲ੍ਹ ਦੇ ਦਰਖ਼ਤ ਅਤਿ ਮਨੋਰੰਜਕ ਨਜ਼ਾਰਾ ਪੇਸ਼ ਕਰਦੇ ਹਨ। ਵਸਾਖ ਦੇ ਮਹੀਨੇ ਵਿਚ ਤੱਗਰ ਤੇ ਫੁੱਲਾਂ ਦੀ ਸੁਗੰਧ ਨਾਲ ਇਹ ਇਲਾਕਾ ਮਹਿਕ ਉਠਦਾ ਹੈ।

ਬੰਦਲਾਂ ਪਿੰਡ ਤੇ ਨਿਊਗਲ ਖੱਡ ਦੀ ਸੈਰ ਬੜੀ ਸਵਾਦਲੀ ਹੈ। ਬੰਦਲਾ ਵਲ ਜਾ ਰਹੀ ਪਗਡੰਡੀ ਦੇ ਦੋਹੀਂ ਪਾਸੀਂ ਚੀਲ੍ਹਾਂ ਦੇ ਦਰਖ਼ਤਾਂ ਨੇ ਘੇਰੇ ਪਾਏ ਹੋਏ ਹਨ। ਅਸੀਂ ਬੰਦਲਾ ਖੱਡ ਤੇ ਸੱਜੇ ਪਾਸਿਓਂ ਹੋ ਕੇ ਗੁਜ਼ਰੇ। ਰਸਤੇ ਵਿਚ ਇਕ ਕਿਸਾਨ ਦਾ ਕੱਲ-ਮੁਕੱਲਾ ਘਰ ਆਇਆ, ਜਿਸ ਵਿਚ ਇਕ ਸਰੂ ਦਾ ਬੂਟਾ ਲਗਾ ਹੋਇਆ ਸੀ। ਖੱਡ ਦੇ ਦੋਹਾਂ ਪਾਸਿਆਂ 'ਤੇ ਮੱਖਣ ਦੇ ਬ੍ਰਿਛ ਲਗੇ ਹੋਏ ਹਨ, ਜਿਨ੍ਹਾਂ ਦੇ ਪੱਤੇ ਵਸਾਖ ਵਿਚ ਤਾਂ ਬੇ-ਰੰਗੇ ਹੋ ਜਾਂਦੇ ਹਨ। ਪੌੜੀਆਂ ਵਾਂਗ ਚੜ੍ਹ ਰਹੀਆਂ ਪੈਲੀਆਂ ਵਿਚ ਕਣਕ ਤੇ ਜੌਂ ਦੀਆਂ ਫ਼ਸਲਾਂ ਲਹਿਲਹਾ ਰਹੀਆਂ ਸਨ, ਜਿਨ੍ਹਾਂ ਨੂੰ ਜੇਠ ਵਿਚ ਕਟਿਆ ਜਾਂਦਾ ਹੈ। ਜੇਠ ਦੇ ਅੱਧ-ਵਿਚਕਾਰ ਪੈਲੀਆਂ ਵਿਚ ਫਿਰ ਹਲ ਵਾਹਿਆ ਜਾਂਦਾ ਹੈ। ਹਲ ਵਾਹੁਣ ਤੋਂ ਬਾਅਦ ਕਿਸਾਨ ਤੇ ਉਨ੍ਹਾਂ ਦੇ ਟੱਬਰਾਂ ਦੇ ਸਭ ਬੰਦੇ, ਸਮੇਤ ਤੀਵੀਆਂ ਅਤੇ ਬੱਚਿਆਂ ਦੇ ਰਲ ਕੇ ਖੇਤਾਂ ਵਿਚ ਮਿੱਟੀ ਦੀਆਂ ਢੀਮਾਂ ਨੂੰ ਤੋੜਨ ਦਾ ਕੰਮ ਕਰਦੇ ਹਨ। ਹਰ ਕਿਸੇ ਦੇ ਹੱਥ ਵਿਚ ਲਕੜੀ ਤੇ ਲੰਮੇ ਲੰਮੇ ਹਥੌੜੇ ਚੁਕੇ ਹੁੰਦੇ ਹਨ। ਜੇਠ-ਹਾੜ ਦੇ ਮਹੀਨੇ ਖੇਤਾਂ ਵਿਚ ਪਾਣੀ ਹੀ ਪਾਣੀ ਹੁੰਦਾ ਹੈ, ਜਿਸ ਨੂੰ ਨਾਲੀਆਂ ਰਾਹੀਂ ਬਾਹਰ ਕਢਿਆ ਜਾਂਦਾ ਹੈ। ਪਾਣੀ ਦੇ ਹਜ਼ਾਰਾਂ ਝਰਨੇ ਸਵੇਰ ਦੀ ਧੁੱਪ ਵਿਚ ਚਮਕਦੇ ਵਿਖਾਈ ਦੇਂਦੇ ਹਨ। ਪਾਣੀ ਨਾਲ ਭਰੇ ਖੇਤ ਸ਼ੀਸ਼ਿਆਂ ਵਾਂਗ ਦਮਕ ਪੈਂਦੇ ਹਨ, ਤੇ ਇੰਜ ਜਾਪਦਾ ਹੈ ਜਿਵੇਂ ਸਾਰੀ ਦੀ ਸਾਰੀ ਪਾਲਮਵਾਦੀ ਕੋਈ ਸੁਪਨ-ਦੇਸ ਬਣ ਗਈ ਹੋਵੇ। ਫਿਰ ਕਿਸਾਨ ਧਾਨ ਦੀ ਫ਼ਸਲ ਵਿਚ ਜੁਟ ਜਾਂਦੇ ਹਨ ਜਿਹੜੀ ਅੱਸੂ ਵਿਚ ਤਿਆਰ ਹੋਣੀ ਸ਼ੁਰੂ ਹੁੰਦੀ ਹੈ।

ਪਿੰਡ ਦੇ ਬਾਹਰ ਕਰ ਕੇ ਚਮਿਆਰਾਂ ਦੇ ਘਰ ਹਨ, ਵਿਚਕਾਰ ਸੂਦਾਂ ਦੇ। ਇਹੋ ਲੋਕ ਇਥੋਂ ਦੇ ਸਾਹੂਕਾਰ ਤੇ ਦੁਕਾਨਦਾਰ ਹਨ।ਪਿੰਡ ਦੇ ਸੱਜੇ ਹੱਥ ਇਕ ਮੰਦਰ ਹੈ, ਜਿਸ ਦੀਆਂ ਕੰਧਾ ਉਤੇ ਸ਼ਿਵ ਤੇ ਪਾਰਵਤੀ ਤੇ ਚਿੱਤਰ ਹਨ। ਇਹ ਚਿੱਤਰ ਕਾਂਗੜਾ ਕਲਾ ਦੇ ਚਿੱਤਰਕਾਰ ਗੁਲਾਬੂ ਰਾਮ ਦੇ ਬਣਾਏ ਹੋਏ ਹਨ। ਪਿੰਡ ਦੀ ਵੱਡੀ ਗਲੀ ਪੱਥਰਾਂ ਨਾਲ ਜੁੜੀ ਹੋਈ ਹੈ। ਜਿਸ ਦੇ ਇਕ ਪਾਸੇ ਪਾਣੀ ਦੀ ਕੂਲ੍ਹ ਵਗਦੀ ਹੈ। ਨਿਰਮਲ ਜਲ ਦੀ ਇਹ ਵਗਦੀ ਕੂਲ੍ਹ ਪਿੰਡ ਨੂੰ ਇਕ ਅਜੀਬ ਸੁੰਦਰਤਾ ਪ੍ਰਦਾਨ ਕਰਦੀ ਹੈ। ਪਿੰਡ ਦੇ ਉੱਤਰ ਵਲ ਘਰਾਟ ਲਗੇ ਹੋਏ ਹਨ, ਜਿਨ੍ਹਾਂ ਦੇ ਕੋਲ ਗੱਦੀ ਲੋਕਾਂ ਦੇ ਘਰ ਹਨ। ਖੇਤਾਂ ਦੇ ਕੰਢਿਆਂ 'ਤੇ ਲਗੇ ਦਰਖ਼ਤਾਂ ਨੂੰ ਡੰਗਰਾਂ ਦੇ ਚਾਰੇ ਲਈ ਬੜੀ ਬੇਰਹਿਮੀ ਨਾਲ ਛਾਂਗਿਆ ਜਾਂਦਾ ਹੈ। ਇਨ੍ਹਾਂ ਦਰੱਖ਼ਤਾਂ ਦੇ ਰੁੰਡ ਮੁੰਡ ਟਹਿਣੇ ਗੱਦੀ ਘਰਾਂ ਉਤੇ ਇਕ ਭਿਆਨਕ ਪਰਛਾਵੇਂ ਵਾਂਗ ਪੈ ਰਹੇ ਦਿਸਦੇ ਹਨ। ਗੱਦੀ ਕਿਸਾਨਾਂ ਦੇ ਘਰ ਬੜੇ ਸਾਫ਼ ਹਨ, ਉਨ੍ਹਾਂ ਦੀਆਂ ਕੰਧਾਂ ਹਲਕੇ ਨੀਲੇ, ਗੋਲੂ, ਹਲਕੀ ਪੀਲੀ ਗਾਚਨੀ ਨਾਲ ਬਾਹਰੋਂ ਰੰਗੀਆਂ ਹੋਈਆ ਹਨ। ਇਹ ਮਿੱਟੀ ਧੌਲੀਧਾਰ ਵਿਚੋਂ ਲਿਆਈ ਜਾਂਦੀ ਹੈ। ਹੋਰ ਉਤੇ ਜਾ ਕੇ ਨਿੱਗਲ ਨਾਂ ਦੀ ਖੱਡ ਆਉਂਦੀ ਹੈ। ਇਹ ਖੱਡ ਬਹੁਤ ਡੂੰਘੀ ਹੈ ਤੇ ਇਸ ਵਿਚ ਵਡੇ ਵਡੇ ਪਹਾੜ ਦੇ ਤੋਦੇ ਆ ਕੇ ਪਏ ਹੋਏ ਹਨ।ਖੱਡ ਦੇ ਵਿਚਕਾਰ ਸਾਫ਼ ਸੁਥਰੇ ਪਾਣੀ ਦੀ ਇਕ ਨਦੀ ਵਹਿੰਦੀ ਹੈ। ਇਹ ਨਦੀ ਧੌਲੀਧਾਰ 'ਚੋਂ ਆਉਂਦੀ ਹੈ।ਖੱਡ ਦੇ ਸੱਜੇ ਹੱਥ ਇਕ ਕੂਲ੍ਹ ਹੈ, ਜਿਸ ਨਾਲ ਬੰਦਲਾ ਦੇ ਚਾਹ ਦੇ ਬਾਗ਼ਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਦੂਰੋਂ ਵੇਖੀਏ ਤਾਂ ਇਉਂ ਜਾਪਦਾ ਹੈ ਜਿਵੇਂ ਇਹ ਕੂਲ੍ਹ ਨਿਵਾਣ ਵਲੋਂ ਉਚਾਣ ਵਲ ਵਹਿ ਰਹੀ ਹੈ। ਨਿੱਗਲ ਖੱਡ ਦੇ ਹੇਠ ਇਕ ਘਰਾਟ ਲਗਾ ਹੋਇਆ ਹੈ ਤੇ ਦਾਰੂ ਕੱਢਣ ਦੀ ਇਕ ਭੱਠੀ ਹੈ। ਇਥੇ ਗੱਦੀ ਲੋਕ ਲੁਗੜੀ ਪੀਣ ਲਈ ਇੱਕਠੇ ਹੁੰਦੇ ਹਨ। ਖੱਡ ਦੇ ਪਾਰਲੇ ਪਾਸੇ ਗੱਦੀਆਂ ਦਾ ਇਕ ਹੋਰ ਪਿੰਡ ਹੈ, ਜਿਸ ਦੇ ਡੱਬਿਆਂ ਵਰਗੇ ਪੀਲੇ ਘਰ ਬੜੇ ਸੁਹਣੇ ਲਗਦੇ ਹਨ।

ਪਾਲਮਪੁਰ ਤਹਿਸੀਲ ਦੇ ਪਿੰਡ ਦੋ ਹਿੱਸਿਆਂ ਵਿਚ ਵੰਡੇ ਜਾ ਸਕਦੇ ਹਨ : ਇਕ ਹਿੱਸਾ ਉਨ੍ਹਾਂ ਪਿੰਡਾਂ ਦਾ ਹੈ ਜਿਹੜੇ ਧੌਲੀਧਾਰ ਦੇ ਕਦਮਾਂ ਵਿਚ ਪਾਲਮਪੁਰ ਬੈਜਨਾਥ ਸੜਕ ਕੇ ਉੱਤਰ ਵਲ ਹਨ ਤੇ ਦੂਜੇ ਉਹ ਪਿੰਡ ਜਿਹੜੇ ਇਸ ਸੜਕ ਦੇ ਦੱਖਣ ਵਲ ਹਨ। ਧੌਲੀਧਾਰ ਦੇ ਕਦਮਾਂ ਵਿਚ ਦੇਉਲ, ਲੱਨਾਦ, ਕਦੰਬੜੀ, ਬੰਦਲਾ, ਪਕੰਦੀ ਤੇ ਚਚੀਆਂ ਨਾਂ ਦੇ ਪਿੰਡ ਹਨ। ਇਹ ਪਿੰਡ ਸਾਰੇ ਦੇ ਸਾਰੇ ਪਹਾੜੀ ਢੱਕੀਆਂ ਉਤੇ ਵੱਸੇ ਹੋਏ ਹਨ। ਦੇਉਲ ਦੇ ਕੋਲ ਆਵਾ ਤੇ ਬੰਦਲਾ ਕੋਲ ਨਿੱਗਲ ਨਾਂ ਦੇ ਖੱਡ ਹੈ। ਇਨ੍ਹਾਂ ਪਿੰਡਾਂ ਦੇ ਖੇਤਾਂ ਵਿਚ ਬਰਫ਼ ਦੇ ਠੰਡੇ ਪਾਣੀ ਤੋਂ ਸਿੰਜਾਈ ਦਾ ਕੰਮ ਲਿਆ ਜਾਂਦਾ ਹੈ। ਇਨ੍ਹਾਂ ਪਿੰਡਾਂ ਦੇ ਵਸਨੀਕ ਤੇ ਖੇਤੀਬਾੜੀ ਕਰਦੇ ਹਨ, ਤੇ ਜਾਂ ਇੱਜੜ ਪਾਲਦੇ ਹਨ ਤੇ ਸ਼ਿਕਾਰ ਕਰਦੇ ਹਨ। ਇਹ ਲੋਕ ਬਾਜ਼ ਤੇ ਸ਼ਿਕਰੇ ਫੜ ਕੇ ਪੱਛਮੀ ਪੰਜਾਬ ਵਿਚ ਵਿਕਣ ਲਈ ਭੇਜਿਆ ਕਰਦੇ ਸਨ।ਪੰਜਾਬ ਦੀ ਵੰਡ ਦਾ ਇਕ ਇਹ ਵੀ ਅਸਰ ਹੋਇਆ ਹੈ ਕਿ ਸ਼ਿਕਰਿਆਂ ਤੇ ਬਾਜ਼ਾਂ ਦੀ ਇਹ ਤਜਾਰਤ ਹੁਣ ਬੰਦ ਹੋ ਗਈ ਹੈ। ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਸ਼ਿਕਰਿਆ ਤੇ ਬਾਜ਼ਾਂ ਦੇ ਸ਼ੌਕੀਨ ਹੁੰਦੇ ਸਨ ਅੱਜਕਲ੍ਹ ਹੌਲੀ ਹੌਲੀ ਖ਼ਤਮ ਹੁੰਦੇ ਜਾ ਰਹੇ ਹਨ। ਇਸ ਲਈ ਇਨ੍ਹਾਂ ਸ਼ਿਕਾਰ ਖੇਡਣ ਵਾਲੇ ਪੰਛੀਆਂ ਨੂੰ ਹੁਣ ਫੜਿਆ ਨਹੀਂ ਜਾਂਦਾ। ਬਾਜ਼ਾਂ ਸ਼ਿਕਰਿਆਂ ਦੀ ਗਿਣਤੀ ਵਧਣ ਕਰਕੇ ਧੌਲੀਧਾਰ ਦੇ ਇਲਾਕੇ ਵਿਚ ਸ਼ਿਕਾਰ ਬਹੁਤ ਘਟ ਗਿਆ ਹੈ। ਮੁਨਾਲ ਆਦਿ ਪਹਾੜੀ ਮੁਰਗ ਤੇ ਬਰਫ਼ਾਨੀ ਕੁੱਕੜ ਬਹੁਤ ਘਟ ਗਏ ਹਨ, ਤੇ ਬਾਜ਼ ਦੇ ਸ਼ਿਕਰੇ ਉਨੇ ਹੀ ਵਧ ਗਏ ਹਨ।

ਪਾਲਮਪੁਰ ਵਾਦੀ ਦੇ ਚਾਹ ਉਗਾਣ ਵਾਲੇ ਇਲਾਕੇ ਵਿਚ ਮਸ਼ਹੂਰ ਪਿੰਡ ਬਨੂਰੀ, ਸਲਿਆਨਾ, ਪੱਟੀ ਦਿਉਗਰਾਉਂ, ਮਨਿਆਰਾ, ਤਿੱਕੜ, ਡਰੋਹ ਆਦਿ ਹਨ। ਚਾਹ ਦੀਆਂ ਝਾੜੀਆਂ ਦੀ ਕਾਸ਼ਤ ਇਸ ਇਲਾਕੇ ਵਿਚ 1849 ਵਿਚ ਡਾਕਟਰ ਜੇਮਸਨ ਨੇ ਪਹਿਲੀ ਵਾਰ ਕੀਤੀ ਸੀ। ਉਹਨੇ ਅਲਮੋੜਾ ਦੇ ਡੇਹਰਾਦੂਨ ਦੇ ਜ਼ਖੀਰਿਆਂ ਤੋਂ ਚਾਹ ਦੇ ਬੂਟੇ ਇਥੇ ਲਿਆ ਕੇ ਲਾਏ ਸਨ। ਅੱਜਕਲ੍ਹ ਇਸ ਇਲਾਕੇ ਵਿਚ ਚਾਹ ਖੂਬ ਲਗਾਈ ਜਾਂਦੀ ਹੈ। ਜ਼ਿਮੀਂਦਾਰ ਵੀ ਆਪਣੇ ਖੇਤਾਂ ਵਿਚ ਚਾਹ ਉਗਾਂਦੇ ਹਨ। ਚਾਹ ਦੇ ਪੱਤਿਆਂ ਨੂੰ ਇਹ ਲੋਕ ਛੋਟੀਆਂ ਭੱਠੀਆਂ ਵਿਚ ਸੁਕਾਂਦੇ ਹਨ ਤੇ ਇਨ੍ਹਾਂ ਦੀ ਚਾਹ ਘਰੋਗੀ ਦਸਤਕਾਰੀ ਨੂੰ ਉਤਸਾਹ ਦੇਣ ਵਾਲੇ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਇਥੋਂ ਦੇ ਪਿੰਡਾਂ ਦੇ ਘਰ ਅਕਸਰ ਦੋ ਮੰਜ਼ਲੇ ਤੇ ਉਨ੍ਹਾਂ ਦੀਆਂ ਛੱਤਾਂ ਸਲੇਟ ਦੇ ਪੱਥਰ ਦੀਆਂ ਹਨ। ਕਈ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਉਕਰੀਆਂ ਹੋਈਆਂ ਹਨ। ਪਿਛਲੇ ਕੋਈ ਵੀਹ ਸਾਲਾਂ ਵਿਚ ਸਿਹਤ ਦੇ ਅਸੂਲਾਂ ਵੱਲ ਵੀ ਧਿਆਨ ਦਿੱਤਾ ਜਾਣ ਲੱਗ ਪਿਆ ਹੈ, ਤੇ ਅਕਸਰ ਘਰਾਂ ਵਿਚ ਖਿੜਕੀਆਂ ਤੇ ਰੋਸ਼ਨਦਾਨ ਲਗੇ ਹੋਏ ਵਿਖਾਈ ਦੇਣ ਲੱਗ ਪਏ ਹਨ। ਘਰਾਂ ਦੇ ਨਾਲ ਚਰਾਂਦਾਂ ਹਨ ਜਿੰਨ੍ਹਾਂ ਵਿਚ ਨਿੱਕੀਆਂ ਨਿੱਕੀਆਂ ਕਾਲੀਆਂ ਗਾਵਾਂ ਚਰਦੀਆਂ ਹਨ।

ਸਲਿਆਨਾ ਨਾਂ ਦਾ ਪਿੰਡ ਬੜਾ ਖ਼ੂਬਸੂਰਤ ਹੈ। ਇਸ ਵਿਚ ਡੋਗਰੇ ਬ੍ਰਾਹਮਣ ਵਸਦੇ ਹਨ। ਖੇਤਾਂ ਦੇ ਬੰਨਿਆਂ ਉਤੇ ਜੰਗਲੀ ਗੁਲਾਬ ਦੀਆਂ ਵਾੜਾਂ ਲੱਗੀਆਂ ਹੋਈਆਂ ਹਨ ਤੇ ਵਸਾਖ ਵਿਚ ਇਨ੍ਹਾਂ ਦੇ ਗੁਲਾਬੀ ਤੇ ਚਿੱਟੇ ਰੰਗ ਪਾਲਮ ਦੀ ਵਾਦੀ ਨੂੰ ਇੱਕ ਅਦੁੱਤੀ ਰੂਪ ਬਖ਼ਸ਼ਦੇ ਹਨ। ਜੰਗਲੀ ਨਾਖਾਂ ਦੇ ਬੂਟੇ ਜਿਹੜੇ ਥਾਂ ਥਾਂ ਲੱਗੇ ਹੋਏ ਹਨ, ਚੇਤ ਦੇ ਅੱਧ ਵਿਚ ਚਿੱਟੇ ਫੁੱਲਾਂ ਨਾਲ ਲੱਦੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਧੌਲੀਧਾਰ ਦੀਆਂ ਚੋਟੀਆਂ ਵੀ ਬਰਫ਼ ਨਾਲ ਢਕੀਆਂ ਹੁੰਦੀਆਂ ਹਨ, ਤੇ ਪਾਲਮ ਦੀ ਸਾਰੀ ਵਾਦੀ ਚਿੱਟੇ ਕਪੜਿਆਂ ਵਿਚ ਲਪੇਟੀ ਗੋਰੀ ਵਾਂਗ ਜਾਪਣ ਲੱਗ ਪੈਂਦੀ ਹੈ।

ਜੰਗਲੀ ਗੁਲਾਬ ਦੇ ਗੁਲਾਬੀ ਤੇ ਚਿੱਟੇ ਫੁੱਲਾਂ ਨੂੰ ਵੇਖ ਕੇ ਮੈਨੂੰ ਬੜੀ ਖ਼ੁਸ਼ੀ ਹੋਈ। ਏਥੇ ਬਹੁਤ ਸਾਰੇ ਖੇਤਾਂ ਦੀਆਂ ਵਾੜਾਂ ਇਨ੍ਹਾਂ ਫੁੱਲਾਂ ਨਾਲ ਸਜੀਆਂ ਹਨ। ਕੈਥਾਂ ਦੇ ਸਫ਼ੈਦ ਫੁੱਲਾਂ ਨੇ ਹੋਰ ਵੀ ਖ਼ੁਸ਼ੀ ਦਿਤੀ। ਚਿੱਟਾ ਰੰਗ ਪਵਿੱਤਰਤਾ ਦੀ ਨਿਸ਼ਾਨੀ ਹੈ, ਜਿਵੇਂ ਗੁਲਾਬੀ ਰੰਗ ਇਨਸਾਨ ਦੇ ਪਿਆਰ ਜਜ਼ਬਿਆਂ ਦਾ ਚਿੰਨ੍ਹ ਹੈ। ਸਿਰਫ਼ ਇਨਸਾਨਾਂ ਵਿਚ ਹੀ ਨਹੀਂ, ਬਨਾਸਪਤੀ, ਪਸ਼ੂ, ਪੰਛੀਆਂ ਤੇ ਮੱਛੀਆਂ ਤਕ ਦੇ ਵਿਚ ਖ਼ੁਸ਼ੀ ਦੀ ਰੂਹ ਵਸਦੀ ਹੈ। ਇਹ ਖ਼ੁਸ਼ੀ ਦੀ ਰੂਹ ਇਕ ਵਗਦੇ ਦਰਿਆ ਵਾਂਗ ਹੈ। ਜਿਵੇਂ ਜਿਸਮ ਨੂੰ ਖ਼ੁਰਾਕ ਦੀ ਲੋੜ ਹੈ, ਇਵੇਂ ਹੀ ਇਹ ਖ਼ੁਸ਼ੀ ਦੀ ਰੂਹ ਦਾ ਨਿਰਭਰ ਪ੍ਰਾਕਿਰਤੀ ਦੀ ਸੁੰਦਰਤਾ 'ਤੇ ਹੈ।

ਜਦ ਆਜੜੀ ਮੁੰਡਿਆਂ ਨੂੰ ਗੁਲਾਬ ਦੇ ਫੁੱਲ ਭਰੂੰਦੇ ਵੇਖਿਆ ਤਾਂ ਦਿਲ ਵਿਚ ਬੜਾ ਸ਼ੋਕ ਪੈਦਾ ਹੋਇਆ। ਸਾਡੇ ਮੁਕਾਬਲੇ 'ਤੇ ਜਾਪਾਨ ਦੇ ਲੋਕ ਕਿੰਨੇ ਸਿਆਣੇ ਹਨ ਤੇ ਆਪਣੇ ਦੇਸ਼ ਦੇ ਫੁੱਲਾਂ ਤੇ ਬਨਾਸਪਤੀ ਨਾਲ ਕਿੰਨਾ ਪਿਆਰ ਕਰਦੇ ਹਨ। ਕਹਿੰਦੇ ਹਨ ਕਿ ਜਾਪਾਨੀ ਲੜਕੀ ਤੜਕਸਾਰ ਆਪਣੇ ਘਰ ਦੀ ਖੂਹੀ ਉਤੇ ਪਾਣੀ ਭਰਨ ਗਈ। ਕੀ ਵੇਖਦੀ ਹੈ ਕਿ ਲਜ ਦੇ ਦੁਆਲੇ ‘ਇਸ਼ਕ ਪੇਚੇ’ ਦੇ ਵੇਲ ਲਿਪਟੀ ਹੋਈ ਹੈ, ਤੇ ਉਸ ਉਪਰ ਇਕ ਅਸਮਾਨੀ ਰੰਗ ਦਾ ਫੁੱਲ ਖਿੜਿਆ ਹੋਇਆ ਹੈ। ਉਸ ਨੂੰ ਫੁੱਲ ਤੇ ਵੇਲ ਦੀ ਸੁੰਦਰਤਾ ਏਨੀ ਪਸੰਦ ਆਈ ਕਿ ਪਾਣੀ ਕੱਢਣ ਦਾ ਹੀਆ ਨਾ ਪਿਆ, ਤੇ ਲੱਜ ਨੂੰ ਉਵੇਂ ਹੀ ਛੱਡ ਕੇ ਇਕ ਗੁਆਂਢੀ ਤੋਂ ਪਾਣੀ ਮੰਗ ਲਿਆਈ।

ਇਸੇ ਤਰ੍ਹਾਂ ਦੀ ਕਹਾਣੀ, ਜਾਪਾਨ ਦੀ ਰਾਣੀ ਕੋਮੀਓ ਬਾਰੇ ਵੀ ਮਸ਼ਹੂਰ ਹੈ। ਪੂਜਾ ਦਾ ਵੇਲਾ ਸੀ ਤੇ ਕੋਮੀਓ ਫੁੱਲਾਂ ਦੇ ਖੇਤ ਵੱਲ ਫੁੱਲ ਚੁਗਣ ਗਈ। ਫੁੱਲਾਂ ਦੀ ਸੁੰਦਰਤਾ ਵੇਖ ਤੋੜਨ ਦਾ ਹੌਂਸਲਾ ਨਾ ਪਿਆ ਤੇ ਬੋਲੀ, “ਜੇ ਮੈਂ ਇਨ੍ਹਾਂ ਫੁੱਲਾਂ ਨੂੰ ਤੋੜਦੀ ਹਾਂ, ਤਾਂ ਮੇਰੇ ਹੱਥਾਂ ਦੇ ਲੱਗਣ ਨਾਲ ਇਹ ਅਪਵਿੱਤਰ ਹੋ ਜਾਣਗੇ। ਜਿਵੇਂ ਇਹ ਖੇਤ ਖੜੇ ਹਨ, ਮੈਂ ਏਵੇਂ ਹੀ ਇਨ੍ਹਾਂ ਨੂੰ ਮਹਾਤਮਾ ਬੁਧ ਦੀ ਸੇਵਾ ਭੇਂਟ ਕਰਦੀ ਹਾਂ।"

ਬਾਸ਼ੋ ਜਾਪਾਨ ਦਾ ਸੰਤ ਕਵੀ ਪ੍ਰਕਿਰਤੀ ਦਾ ਪ੍ਰੇਮੀ ਸੀ। ਜਦ ਚੈਰੀ ਦੇ ਹਲਕੇ ਗੁਲਾਬੀ ਫੁਲ ਨਿਕਲਦੇ ਹਨ ਤਾਂ ਜਾਪਾਨ ਦੇ ਲੋਕ ਬੜੀ ਖ਼ੁਸ਼ੀਆਂ ਮਨਾਉਂਦੇ ਹਨ, ਤੇ ਫੁੱਲਾਂ ਨਾਲ ਲੱਦੇ ਦਰੱਖ਼ਤਾਂ ਹੇਠਾਂ ਬੈਠ ਕੇ ਇਨ੍ਹਾਂ ਦੀ ਸੁੰਦਰਤਾ ਨੂੰ ਮਾਣਦੇ ਹਨ। ਹਲਕੀ ਜਿਹੀ ਵੀ ਪੌਣ ਚਲੇ, ਕੋਈ ਉੱਚੀ ਆਵਾਜ਼ ਆਵੇ ਤਾਂ ਚੈਰੀ ਦੇ ਫੁੱਲ ਕਿਰਨ ਲੱਗ ਜਾਂਦੇ ਹਨ। ਭਿਕਸ਼ੂ ਬਾਸ਼ੋ ਟੱਲੀ ਵਜਾਉਂਦਾ ਲੰਘ ਰਿਹਾ ਸੀ। ਜਦ ਚੈਰੀ ਤੇ ਬਾਗ਼ ਕੋਲੋਂ ਦੀ ਲੰਘਿਆ ਤਾਂ ਟੱਲੀ ਵਜਾਉਣੀ ਬੰਦ ਕਰ ਦਿੱਤੀ ਮਤੇ ਸ਼ੋਰ ਨਾਲ ਚੈਰੀ ਦੇ ਫੁੱਲ ਨਾ ਡਿੱਗ ਜਾਣ।

ਫੱਗਣ ਦੇ ਮਹੀਨੇ ਘੁਗੀਆਂ ਦੇ ਜੋੜਿਆਂ ਦੀ ਘੂੰ ਘੂੰ ਕੈਂਥਾਂ ਦੇ ਬ੍ਰਿਛਾਂ ਵਿਚੋਂ ਆਉਂਦੀ ਸੁਣ ਕੇ ਮੈਂ ਸੋਚਿਆ ਕਿ ਇਹ ਜੋੜੇ ਜ਼ਰੂਰ ਫੁੱਲਾਂ ਦੀਆਂ ਹੀ ਗੱਲਾਂ ਕਰ ਰਹੇ ਹੋਣਗੇ। ਕੈਂਥਾਂ ਦੇ ਦੁੱਧ ਚਿੱਟੇ, ਫੁੱਲ, ਤ੍ਰੇਲ ਨਾਲ ਭਰੇ ਹੋਏ ਇੰਜ ਲੱਗਣ ਜਿਵੇਂ ਤਾਰਿਆਂ ਤੇ ਡਲ੍ਹਕਦੇ ਹੰਝੂ।

ਕਈ ਲੋਕ ਪੁੱਛਦੇ ਹਨ, ਫੁੱਲਾਂ ਦਾ ਕੀ ਫ਼ਾਇਦਾ ਹੈ ? ਫੁੱਲਾਂ ਤੋਂ ਨਾ ਸਿਰਫ਼ ਫਲ ਤੇ ਅੰਨ ਪੈਦਾ ਹੁੰਦਾ ਹੈ, ਇਹ ਫੁੱਲ ਹੀ ਹਨ ਜਿਨ੍ਹਾਂ ਨੇ ਸਾਨੂੰ ਬਨਮਾਹਣੂ ਤੋਂ ਇਨਸਾਨ ਬਣਾਇਆ ਹੈ।

ਕੋਈ ਪੰਜ-ਛੇ ਲੱਖ ਬਰਸ ਹੋਏ, ਜਦ ਬਨਮਾਹਣੂ ਦੀ ਸਾਥਣ ਨੇ ਉਤਾਂਹ ਨਜ਼ਰ ਚੁਕ ਕੇ ਚੰਬੇ ਦੇ ਫੁੱਲਾਂ ਲੱਦੇ ਦਰੱਖ਼ਤ ਵੱਲ ਵੇਖਿਆ ਤਾਂ ਉਸ ਸੋਚਿਆ ਕਿ ਉਹ ਵੀ ਦਰਖ਼ਤ ਦੀ ਸੁੰਦਰਤਾ ਦਾ ਹਿੱਸਾ ਲੈ ਸਕਦੀ ਹੈ, ਤੇ ਉਸ ਫੁੱਲਾਂ ਨਾਲੋਂ ਦੋ ਗੁੱਛੇ ਲਾਹ ਕੇ ਆਪਣੇ ਸਿਰ ਦੇ ਵਾਲਾਂ ਵਿਚ ਟੰਗ ਲਏ। ਉਹਦੇ ਸਾਥੀ ਨੇ ਆਪਣੀ ਫੁੱਲਾਂ ਲੱਦੀ ਹੋਈ ਸਾਥਣ ਦੀ ਤਾਰੀਫ਼ ਕੀਤੀ, ਤੇ ਉਸ ਦਿਨ ਤੋਂ ਹੀ ਉਹ ਇਨਸਾਨਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਗਏ। ਹੁਣ ਵੀ ਜਦ ਅਸੀਂ ਆਪਣੇ ਸੂਖਮ ਜਜ਼ਬੇ ਆਪਣੀ ਪ੍ਰੇਮਕਾ ਨੂੰ ਦਸਣੇ ਚਾਹੁੰਦੇ ਹਾਂ ਤਾਂ ਅਸੀਂ ਫੁੱਲਾਂ ਰਾਹੀਂ ਹੀ ਆਪਣੇ ਪ੍ਰੇਮ ਸੱਦੇ ਭੇਜਦੇ ਹਾਂ। ਜੇ ਰੱਬ ਵੱਲ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ ਤਾਂ ਫੁੱਲਾਂ ਦੇ ਚੜ੍ਹਾਵੇ ਨਾਲ ਹੀ ਆਪਣੇ ਦਿਲ ਦੀ ਆਵਾਜ਼ ਪਹੁੰਚਾਂਦੇ ਹਾਂ।

ਪਿੰਡ ਦੇ ਬਾਹਰ ਕਈ ਘਰ ਖਿੰਡੇ ਪੁੰਡੇ ਹੋਏ ਹਨ। ਅਕਸਰ ਕਿਸਾਨ ਆਪਣੀਆਂ ਪੈਲੀਆਂ ਵਿਚ ਹੀ ਰਹਿਣਾ ਪਸੰਦ ਕਰਦੇ ਹਨ ਤੇ ਕੋਈ ਇਹੋ ਜਿਹੀ ਥਾਂ ਚੁਣ ਕੇ ਝੁਗੀਆਂ ਪਾ ਲੈਂਦੇ ਹਨ, ਜਿਥੇ ਧੁੱਪ ਵੀ ਲੱਗੇ ਤੇ ਮੀਂਹ ਕਣੀ ਤੋਂ ਵੀ ਬਚਾਅ ਹੋਵੇ। ਰਾਜਪੂਤਾਂ ਦੇ ਘਰ ਬਾਕੀ ਲੋਕਾਂ ਦੇ ਘਰਾਂ ਤੋਂ ਸਾਫ਼ ਸਾਫ਼ ਨਿਖੇੜੇ ਜਾ ਸਕਦੇ ਹਨ। ਰਾਜਪੂਤ ਲੋਕ ਅਕਸਰ ਉਚੇਚੀ ਤੇ ਨਵੇਕਲੀ ਥਾਂ ਚੁਣਦੇ ਹਨ ਤਾਂ ਜੋ ਉਨ੍ਹਾਂ ਦੀਆਂ ਸੁਆਣੀਆਂ ਪਰਦੇ ਵਿਚ ਰਹਿ ਸਕਣ। ਪੁਰਾਣੇ ਸਮੇਂ ਵਿਚ ਰਾਜਪੂਤ ਲੋਕ ਆਪਣੇ ਇਨ੍ਹਾਂ ਘਰਾਂ ਵਿਚ ਆਪਣੇ ਆਪ ਨੂੰ ਵਧੇਰੇ ਸੁਰੱਖਿਅਤ ਵੀ ਸਮਝਦੇ ਸਨ, ਕਿਉਂਕਿ ਇਹ ਘਰ ਜ਼ਿਆਦਾ ਤਕ ਉੱਚੀਆਂ ਪਹਾੜੀਆਂ ਦੀਆਂ ਚੋਟੀਆਂ 'ਤੇ ਬਣਾਏ ਜਾਂਦੇ ਹਨ, ਜਿਨ੍ਹਾਂ ਤਕ ਅਪੜਨ ਲਈ ਭੀੜੀਆਂ ਲੰਮੀਆਂ ਪੱਥਰ ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ। ਇਨ੍ਹਾਂ ਪੌੜੀਆਂ ਵਿਚੋਂ ਕਈ ਥਾਵਾਂ ਤੋਂ ਘੋੜੇ ਵੀ ਨਹੀਂ ਸਨ ਨਿਕਲ ਸਕਦੇ।

ਪਿੰਡ ਦੇ ਵਿਚਕਾਰ ਬਾਉਲੀ ਹੈ ਜਿਸ ਨੂੰ ਪੱਥਰਾਂ ਨਾਲ ਚਿਣਿਆ ਗਿਆ ਹੈ। ਇਸ ਬਾਉਲੀ ਦੇ ਪੱਥਰਾਂ ਉਤੇ ਮਰਦਾਂ, ਔਰਤਾਂ ਤੇ ਬਲਦਾਂ ਦੇ ਚਿੱਤਰ ਉਕਰੇ ਹੋਏ ਹਨ। ਜਦੋਂ ਕੋਈ ਵਿਆਹਿਆ ਹੋਇਆ ਆਦਮੀ ਮਰਦਾ ਹੈ ਤਾਂ ਉਸ ਦੀ ਯਾਦਗਾਰ ਵਿਚ ਇਕ ਪੱਥਰ ਇਸ ਬਾਉਲੀ ਵਿਚ ਲਾ ਦਿੱਤਾ ਜਾਂਦਾ ਹੈ। ਇਸ ਪੱਥਰ ਉਤੇ ਉਸ ਆਦਮੀ ਦਾ ਚਿੱਤਰ ਹੁੰਦਾ ਹੈ। ਜਦ ਕੋਈ ਛੜਾ ਛਾਂਗ ਮਰ ਜਾਂਦਾ ਹੈ ਤਾਂ ਉਹਦੀ ਯਾਦ ਵਿਚ ਪੱਥਰ ਉਤੇ ਇਕ ਬਲਦ ਦਾ ਚਿੱਤਰ ਉਕਰਿਆ ਜਾਂਦਾ ਹੈ।

ਘਿਰਤਾਂ ਦੇ ਘਰ ਆਮ ਤੌਰ 'ਤੇ ਬਾਂਸ, ਕਚਨਾਰ ਤੇ ਤੂਨ ਤੇ ਝੁੰਡਾਂ ਵਿਚ ਲੁਕੇ ਹੁੰਦੇ ਹਨ। ਕਦੀ ਕਦੀ ਇਨ੍ਹਾਂ ਲੋਕਾਂ ਦੇ ਘਰਾਂ ਕੋਲ ਪਦਮ ਤੇ ਕੇਲਿਆਂ ਦੇ ਬੂਟੇ ਹੁੰਦੇ ਹਨ। ਇਹ ਘਰ ਸਾਰੀ ਵਾਦੀ ਵਿਚ ਖਿੰਡਰੇ ਹੋਏ ਹਨ। ਹੇਠ ਕਰਕੇ ਨਗਰੋਟਾ ਕੋਲ ਕੇਲਿਆਂ ਤੇ ਅੰਬਾਂ ਦੇ ਬੂਟੇ ਵੀ ਵਿਖਾਈ ਦਿੰਦੇ ਹਨ। ਉਸ ਤੋਂ ਪਰ੍ਹੇ ਵਡੇ ਵਡੇ ਸਿੰਬਲ ਦੇ ਦਰੱਖ਼ਤ ਆਪਣੇ ਬੁਕ ਬੁਕ ਲਾਲ ਬਿੰਬ ਫੁੱਲਾਂ ਨਾਲ ਸਿਰ ਚੁਕੀ ਖਲੋਤੇ ਵਿਖਾਈ ਦਿੰਦੇ ਹਨ। ਇਨ੍ਹਾਂ ਬ੍ਰਿੱਛਾਂ ਦੇ ਪੱਤੇ ਝੜ ਜਾਂਦੇ ਹਨ, ਤੇ ਟਾਹਣੀਆਂ 'ਤੇ ਕੇਵਲ ਫੁੱਲ ਹੀ ਫੁੱਲ ਵਿਖਾਈ ਦਿੰਦੇ ਹਨ।

ਸਲਿਆਨੇ ਦੇ ਪਿੰਡ ਵਿਚ ਮੇਰਾ ਦੋਸਤ ਪਰਮੇਸ਼ਰੀ ਦਾਸ ਬੜੇ ਸ਼ੌਕ ਨਾਲ ਸਾਨੂੰ ਉਡੀਕ ਰਿਹਾ ਸੀ। ਜਦ ਅਸੀਂ ਪਿੰਡ ਤੋਂ ਅਧ ਮੀਲ ਹੀ ਸਾਂ ਤਾਂ ਕੀ ਵੇਖਦੇ ਹਾਂ ਕਿ ਢੋਲ ਵਜਾਉਂਦੇ ਗੱਦੀਆਂ ਦੇ ਟੋਲੇ ਸਾਡੇ ਵਲ ਆ ਰਹੇ ਸਨ। ਬੱਚਿਆਂ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਇਸ ਤਰ੍ਹਾਂ ਵਿਖਾਈ ਦੇ ਰਿਹਾ ਸੀ ਕਿ ਸਾਰਾ ਪਿੰਡ ਹੀ ਉਲਟ ਪਿਆ ਹੋਵੇ। ਉਨ੍ਹਾਂ ਨੇ ਸਾਨੂੰ ਗੇਂਦੇ ਦੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿਤਾ। ਨਰਸਿੰਘੇ ਤੇ ਤੂਤਨੀਆਂ ਵਜਾਉਂਦੇ ਉਹ ਸਾਨੂੰ ਸਕੂਲ ਵਲ ਲੈ ਗਏ, ਜਿਥੇ ਪਾਲਮ ਦੇ ਸਭ ਸੁਘੜ ਸਿਆਣੇ ਮੌਜੂਦ ਸਨ। ਉਨ੍ਹਾਂ ਆਪਣੇ ਸੁਆਗਤੀ ਭਾਸ਼ਨ ਵਿਚ ਮੇਰੀ ਤੇ ਆਰਚਰ ਦੀ, ਕਾਂਗੜਾ ਕਲਾ ਦੀ ਖੋਜ ਤੇ ਲੇਖਣੀ ਦੀ ਪ੍ਰਸੰਸਾ ਕੀਤੀ। ਇਨ੍ਹਾਂ ਸਾਦ ਮੁਰਾਦੇ ਤੇ ਸੱਚੇ ਇਨਸਾਨਾਂ ਦੀ ਪ੍ਰਸੰਸਾ ਤੇ ਪ੍ਰੇਮ ਨੇ ਸਾਨੂੰ ਬੜੀ ਖੁਸ਼ੀ ਦਿੱਤੀ। ਸਾਨੂੰ ਇਹ ਅਨੁਭਵ ਕਰਕੇ ਹੋਰ ਵੀ ਖ਼ੁਸ਼ੀ ਹੋਈ ਕਿ ਮੇਰੇ ਕਾਂਗੜਾ-ਕਲਾ-ਪਿਆਰ ਦੀ ਜਾਣ-ਪਛਾਣ ਸਿਰਫ਼ ਪੜ੍ਹੇ ਲਿਖੇ ਲੋਕਾਂ ਨੂੰ ਹੀ ਨਹੀਂ, ਸਗੋਂ ਜੋ ਕੰਮ ਮੈਂ ਕਾਂਗੜਾ ਵਾਦੀ ਕੀ ਕਲਾ, ਲੋਕ ਗੀਤ ਤੇ ਸਭਿਆਚਾਰ ਦੀ ਖੋਜ ਵਿਚ ਕੀਤਾ ਹੈ ਉਸ ਤੋਂ ਆਮ ਜਨਤਾ ਵੀ ਜਾਣੂੰ ਹੈ। ਖੋਜੀ ਤੇ ਲੇਖਕ ਲਈ ਇਸ ਤੋਂ ਹੋਰ ਕਿਹੜੀ ਜ਼ਿਆਦਾ ਖੁਸ਼ੀ ਦੀ ਗੱਲ ਹੋ ਸਕਦੀ ਹੈ।

ਸਲਿਆਨਾ, ਅੰਦਰੇਟਾ, ਅਜੋਗਰ, ਪਰਿਹਾਲਾ, ਜੰਡਪੁਰੀ ਤੇ ਪਪਰੋਲਾ ਇਹ ਸੱਭੇ ਪਿੰਡ ਕੁਦਰਤੀ ਸੁੰਦਰਤਾ ਨਾਲ ਭਰਪੂਰ ਹਨ। ਸਲਿਆਨਾ ਤੋਂ ਚਲ ਕੇ ਅਗੇ ਇਕ ਬਗ਼ੀਚਾ ਜਿਹਾ ਆਉਂਦਾ ਹੈ, ਜਿਸ ਦੇ ਅਗੇ ਪਿਛੇ ਕਈ ਘਰ ਤੇ ਦੁਕਾਨਾਂ ਬਣੀਆਂ ਹੋਈਆਂ ਹਨ। ਇਸ ਥਾਂ ਵਿਸਾਖ ਵਿਚ ਹਰ ਸਾਲ ਮੇਲਾ ਲਗਦਾ ਹੈ। ਮੇਲੇ ਦੇ ਦਿਨਾਂ ਵਿਚ ਇਥੇ ਦੁਕਾਨਦਾਰ ਆ ਕੇ ਮਿਠਾਈ, ਵੰਗਾਂ, ਤਾਂਬੇ ਦੇ ਬਰਤਨ ਤੇ ਘੜੇ ਆਦਿ ਵੇਚਦੇ ਹਨ। ਪਾਲਮਵਾਦੀ ਦੇ ਬ੍ਰਾਹਮਣਾਂ, ਰਾਜਪੂਤਾਂ ਤੇ ਘਿਰਤਾਂ ਤੋਂ ਇਲਾਵਾ ਗੱਦੀ ਔਰਤਾਂ ਤੇ ਮਰਦ ਵੀ ਇਸ ਮੇਲੇ ਵਿਚ ਸ਼ਾਮਲ ਹੁੰਦੇ ਹਨ। ਇਹ ਲੋਕ ਗਧੇਰਨ ਇਲਾਕੇ ਤੋਂ ਜਿਹੜਾ ਧੌਲੀਧਾਰ ਦੇ ਦਾਮਨ ਵਿਚ ਹੈ, ਆਉਂਦੇ ਹਨ। ਇਨ੍ਹਾਂ ਦੇ ਆਉਣ ਨਾਲ ਮੇਲੇ ਵਿਚ ਬੜਾ ਰੰਗ ਤੇ ਬੜੀ ਰੌਣਕ ਹੋ ਜਾਂਦੀ ਹੈ। ਨਗਾਰੇ ਦੀ ਆਵਾਜ਼ ਨਾਲ ਗੱਦੀ ਲੋਕ ਰੱਜ ਰੱਜ ਕੇ ਨੱਚਦੇ ਤੇ ਗਾਉਂਦੇ ਹਨ। ਗੱਦਣਾਂ ਚਾਂਦੀ ਦੇ ਗਹਿਣਿਆਂ ਨਾਲ ਲੱਦੀਆਂ ਉਨ੍ਹਾਂ ਨੂੰ ਲੋਕ ਖਲੋ ਕੇ ਨੱਚਦਿਆਂ ਵੇਖਦੀਆਂ ਹਨ। ਮੇਲੇ ਦੇ ਮੁੱਕਣ ਤੇ ਇਹ ਥਾਂ ਵੀਰਾਨ ਹੋ ਜਾਂਦੀ ਹੈ ਤੇ ਇਥੇ ਕੁਛ ਕਾਲੀਆਂ ਗਾਂਵਾਂ ਹੀ ਚਰਦੀਆਂ ਨਜ਼ਰ ਆਉਂਦੀਆਂ ਹਨ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ