Pali Bhupinder Singh
ਪਾਲੀ ਭੁਪਿੰਦਰ ਸਿੰਘ

ਪਾਲੀ ਭੁਪਿੰਦਰ ਸਿੰਘ (6 ਸਤੰਬਰ ੧੯੬੫-) ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਹਨ । ਉਨ੍ਹਾਂ ਨੇ ਤਿੰਨ ਦਰਜਨ ਦੇ ਕਰੀਬ ਪੰਜਾਬੀ ਨਾਟਕ ਲਿਖੇ ਹਨ। ਉਨ੍ਹਾਂ ਦੇ ਕਈ ਨਾਟਕ ਹਿੰਦੀ, ਉਰਦੂ, ਮਰਾਠੀ ਅਤੇ ਸੰਸਕ੍ਰਿਤ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਦੇਸ਼-ਵਿਦੇਸਾਂ ਅੰਦਰ ਮੰਚਿਤ ਹੋ ਰਹੇ ਹਨ। ਉੱਤਰ ਭਾਰਤ ਦੀਆਂ ਅਨੇਕ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਇਹ ਨਾਟਕ ਪੜ੍ਹਾਏ ਜਾ ਰਹੇ ਹਨ ਅਤੇ ਕਈਆਂ ਵਿੱਚ ਇਨ੍ਹਾਂ ਉੱਤੇ ਅਕਾਦਮਿਕ ਖੋਜ ਹੋ ਰਹੀ ਹੈ। ਬਤੌਰ ਨਿਰਦੇਸ਼ਕ ਪਾਲੀ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਇਲਾਵਾ ਕਨੇਡਾ ਅਤੇ ਪਾਕਿਸਤਾਨ ਅੰਦਰ ਆਪਣੇ ਨਾਟਕਾਂ ਦੀਆਂ ਸਫ਼ਲ-ਪੇਸ਼ਕਾਰੀਆਂ ਕੀਤੀਆਂ ਹਨ. ਉਹ ਪੰਜਾਬੀ ਦੇ ਪਹਿਲੇ 'ਆਨਲਾਈਨ ਰੰਗਮੰਚ ਮੈਗਜ਼ੀਨ ਅਤੇ ਰੰਗਮੰਚ ਪੋਰਟਲ 'ਮੰਚਣ-ਪੰਜਾਬ' ਦੇ ਬਾਨੀ ਅਤੇ ਮੁੱਖ ਸੰਪਾਦਕ ਹਨ । ਉਹ ਪੰਜਾਬੀ ਨਾਟਕ ਦਾ 'ਨਾਟ-ਸ਼ਾਸਤਰ' ਰਚ ਚੁੱਕੇ ਹਨ ਅਤੇ ਅੱਜਕਲ੍ਹ 'ਪੰਜਾਬੀ ਨਾਟ-ਕੋਸ਼' ਉੱਤੇ ਕੰਮ ਕਰ ਰਹੇ ਹਨ । ਰੰਗਮੰਚ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਨਾਟਕ ਅਤੇ ਫਿਲਮਾਂ ਵੀ ਲਿਖੀਆਂ ਹਨ। ਉਹ ਫਰੀਦਕੋਟ ਜ਼ਿਲੇ ਦੇ ਸਾਹਿਤਕ ਕਸਬੇ ਜੈਤੋ ਦੇ ਜੰਮਪਲ ਹਨ ।ਉਨ੍ਹਾਂ ਦੀਆਂ ਰਚਨਾਵਾਂ ਹਨ : ਪੰਜਾਬੀ ਨਾਟਕ ਅਤੇ ਨਾਟ-ਚਿੰਤਨ (ਆਲੋਚਨਾ), ਪੰਜਾਬੀ ਨਾਟਕ ਦਾ 'ਨਾਟ-ਸ਼ਾਸਤਰ, ਰਾਤ ਚਾਨਣੀ, ਚੰਦਨ ਦੇ ਉਹਲੇ, ਮੈ ਫਿਰ ਆਵਾਗਾਂ, ਇੱਕ ਸੁਪਨੇ ਦਾ ਪੁਲਿਟੀਕਲ ਮਰਡਰ, ਉਸ ਨੂੰ ਕਹੀਂ, ਘਰ ਗੁੰਮ ਹੈ, ਇਕ ਕੁੜੀ ਜਿੰਦਗੀ ਉਡੀਕ ਦੀ ਹੈ, ਲੀਰਾਂ ਦੀ ਗੁੱਡੀ, ਇਸ ਚੋਂਕ ਤੋਂ ਸ਼ਹਿਰ ਦਿਸਦਾ ਹੈ, ਮੈ ਭਗਤ ਸਿੰਘ, ਰੌਂਗ ਨੰਬਰ, ਤਾਂ ਕੇ ਸਨਦ ਰਹੇ, ਘਰ ਘਰ, ਮਿੱਟੀ ਦਾ ਬਾਵਾ, ਤੁਹਾਨੂੰ ਕੇਹੜਾ ਰੰਗ ਪਸੰਦ ਹੈ, ਲੱਲੂ ਰਾਜ ਕੁਮਾਰ ਤੇ ਤਿੰਨ ਰੰਗੀ ਪਰੀ, ਸਿਰਜਨਾ; ਪਾਲੀ ਭੁਪਿੰਦਰ ਥੀਏਟਰ ਦੇ ਨਾਲ-ਨਾਲ ਫਿਲਮੀ ਦੁਨੀਆ ਵਿੱਚ ਵੀ ਸਰਗਰਮ ਰਹਿੰਦੇ ਹਨ । ਬਤੌਰ ਲੇਖਕ ਅਤੇ ਨਿਦੇਸ਼ਕ ਪਾਲੀ ਭੁਪਿੰਦਰ ਨੇ ਸਟੂਪੈਡ ਸੈਵਨ ਫਿਲਮ ਨਾਲ ਪਾਲੀਵੁੱਡ ਵਿੱਚ ਐਂਟਰੀ ਕੀਤੀ । ਸਨਮਾਨ : ਪੰਜਾਬੀ ਨਾਟਕ ਅਤੇ ਰੰਗਮੰਚ ਪ੍ਰਤੀ ਉਸਦੇ ਯੋਗਦਾਨ ਦੇ ਚਲਦਿਆਂ ਪਾਲੀ ਭੁਪਿੰਦਰ ਸਿੰਘ ਨੂੰ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋਂ ਸਾਲ 1990 ਲਈ 'ਆਈ. ਸੀ. ਨੰਦਾ ਅਵਾਰਡ', ਪੰਜਾਬੀ ਸਾਹਿਤ ਅਕਾਦਮੀ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਪੁਰਸਕਾਰ', ਸੰਸਥਾ ਪੀਪਲਜ਼ ਫੋਰਮ ਬਰਗਾੜੀ ਵਲੋਂ ਨੋਰਾ ਰਿਚਰਡਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।

ਪਾਲੀ ਭੁਪਿੰਦਰ ਸਿੰਘ : ਪੰਜਾਬੀ ਨਾਟਕ

Pali Bhupinder Singh : Punjabi Plays