Palkin Atkia Hanjhu (Punjabi Story) : B. S. Bir

ਪਲਕੀਂ ਅਟਕਿਆ ਹੰਝੂ (ਕਹਾਣੀ) : ਬੀ. ਐੱਸ. ਬੀਰ

ਆਸਿਫ਼ ਸੁਹੇਲ ਮੁਹਾਲੀ ਦੇ ਫੇਜ਼ ਗਿਆਰਾਂ ਦੀ ਇੱਕ ਕਨਾਲ ਵਾਲੀ ਸ਼ਾਨਦਾਰ ਕੋਠੀ ’ਚ ਬੈਠਾ ਹੈ। ਉਸ ਨੇ ਭਲਕੇ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਏਅਰ ਇੰਡੀਆ ਦੀ ਫਲਾਈਟ ਲੈਣੀ ਹੈ। ਉਹ ਪ੍ਰੋਫੈਸ਼ਨਲ ਕ੍ਰਿਕਟਰ ਰਿਹਾ ਹੈ ਤੇ ਆਪਣੇ ਮੁਲਕ ਦੀ ਟੀਮ ਦੀ ਪ੍ਰਤੀਨਿਧਤਾ ਆਪਣੇ ਛੋਟੇ ਭਰਾ ਸਲੀਮ ਸੁਹੇਲ ਵਾਂਗ ਅਨੇਕ ਵਾਰ ਕਰ ਚੁੱਕਾ ਹੈ। ਸਲੀਮ ਉਸ ਤੋਂ ਤਿੰਨ ਸਾਲ ਛੋਟਾ ਹੈ ਪਰ ਉਹ ਆਪਣੇ ਵੱਡੇ ਭਰਾ ਆਸਿਫ਼ ਸੁਹੇਲ ਤੋਂ ਕਈ ਗੁਣਾ ਵਧ ਮੱਲਾਂ ਕ੍ਰਿਕਟ ’ਚ ਮਾਰ ਚੁੱਕਾ ਹੈ। ਉਂਜ ਉਹ ਆਪਣੇ ਵੱਡੇ ਭਾਈ ਜਾਨ ਨੂੰ ਸ਼ੁਰੂ ਤੋਂ ਆਪਣਾ ਮੁਰਸ਼ਿਦ ਮੰਨਦਾ ਰਿਹਾ ਹੈ ਤੇ ਮੰਨਦਾ ਹੈ।
ਆਸਿਫ਼ ਦੇ ਵਾਲਦ ਤੇ ਵਾਲਿਦਾ ਮਗਰਬ ਦੀ ਨਮਾਜ਼ ਅਦਾ ਕਰਨ ਮਸਜਿਦ ਗਏ ਹੋਏ ਹਨ। ਆਸਿਫ਼ ਸੁਹੇਲ ਡਰਾਇੰਗ ਰੂਮ ’ਚ ਬੈਠਾ ਆਪਣੇ ਖ਼ਿਆਲਾਂ ਦੇ ਜੰਗਲ ’ਚੋਂ ਨਿਕਲਣ ਦਾ ਯਤਨ ਕਰ ਰਿਹਾ ਹੈ। ਕਦੇ ਉਸ ਦੇ ਚਿਹਰੇ ’ਤੇ ਮੁਸਕਰਾਹਟ ਖਿਲਰ ਜਾਂਦੀ ਹੈ ਤੇ ਕਦੇ ਉਸ ਦੇ ਚਿਹਰੇ ’ਤੇ ਗ਼ਮ ਦੀ ਚਾਦਰ ਵਿਛ ਜਾਂਦੀ ਹੈ। …ਸਲੀਮ ਦਿੱਲੀ ਗਿਆ ਹੋਇਆ ਹੈ ਜਿੱਥੇ ਕੌਮੀ ਚੋਣ ਕਮੇਟੀ ’ਚ ਉਸ ਦੀ ਹਾਜ਼ਰੀ ਲਾਜ਼ਮੀ ਹੈ ਕਿਉਂਕਿ ਉੱਥੇ ਆਸਟਰੇਲੀਆ ਦੇ ਦੌਰੇ ਲਈ ਕੌਮੀ ਟੀਮ ਦੀ ਚੋਣ ਹੋ ਰਹੀ ਹੈ। ਉਸ ਨੇ ਭਲਕੇ ਦਿੱਲੀ ਤੋਂ ਅੰਮ੍ਰਿਤਸਰ ਸ਼ਤਾਬਦੀ ਟਰੇਨ ਰਾਹੀਂ ਪਹੁੰਚ ਜਾਣਾ ਹੈ। ਆਸਿਫ਼ ਨੂੰ ਕੈਨੇਡਾ ਲਈ ਅਲਵਿਦਾ ਆਖਣ।
ਸ਼ਾਮ ਦੇ ਛੇ ਵੱਜੇ ਹਨ ਤੇ ਦਸਬੰਰ ਦਾ ਮਹੀਨਾ ਹੋਣ ਕਾਰਨ ਬਾਹਰ ਹਨੇਰਾ ਪਸਰਿਆ ਹੋਇਆ ਹੈ। ਆਸਿਫ਼ ਸੁਹੇਲ ਰਸੋਈ ’ਚ ਆਪਣੀ ਭਰਜਾਈ ਸ਼ਬਨਮ ਦੇ ਤੁਰਨ-ਫਿਰਨ ਤੇ ਕੰਮ ਕਰਨ ਦੀ ਆਵਾਜ਼ ਸੁਣ ਰਿਹਾ ਹੈ। ਸਾਢੇ ਤਿੰਨ ਸਾਲਾ ਭਤੀਜਾ, ਫਰਿਸ਼ਤਾ ਆਪਣੀ ਅੰਮੀ ਜਾਨ ਦੇ ਨਾਲ ਹੈ ਤੇ ਛੇ ਮਹੀਨਿਆਂ ਦੀ ਆਸਿਫ਼ ਦੀ ਭਤੀਜੀ ਆਬਿਦਾ ਪੰਘੂੜੇ ’ਚ ਲੇਟੀ ਹੋਈ ਹੈ।
ਆਪਣੇ ਫ਼ਰਜ਼ੰਦ ਫਰਿਸ਼ਤੇ ਨਾਲ ਸ਼ਬਨਮ ਡਰਾਇੰਗ ਰੂਮ ’ਚ ਆਉਂਦੀ ਹੈ ਤੇ ਉਸ ਦੇ ਹੱਥਾਂ ’ਚ ਟਰੇਅ ਹੈ। ਟਰੇਅ ’ਚ ਦੋ ਮਗ ਹਨ ਤੇ ਨਮਕੀਨ ਬਿਸਕੁਟਾਂ ਦੀ ਪਲੇਟ ਵੀ ਹੈ। ਸ਼ਬਨਮ ਟਰੇਅ ਸੈਂਟਰਲ ਟੇਬਲ ’ਤੇ ਰੱਖਦੀ ਹੈ ਤੇ ਫਰਿਸ਼ਤਾ ਚਾਕਲੇਟ ਲੈਣ ਦੀ ਜ਼ਿਦ ਫੜੀ ਬੈਠਾ ਹੈ। ਸ਼ਬਨਮ ਸਮਝਾਉਂਦੀ ਹੈ, ‘‘ਬੇਟੇ! ਜ਼ਿਆਦਾ ਚਾਕਲੇਟ ਨਾਲ ਤੇਰੇ ਦੰਦ ਖਰਾਬ ਹੋ ਜਾਣੇ ਨੇ…। ਸਵੇਰੇ ਜਦੋਂ ਤਾਊ ਜੀ ਨੂੰ ਏਅਰਪੋਰਟ ’ਤੇ ਛੱਡਣ ਜਾਵਾਂਗੇ… ਫਿਰ ਤਾਊ ਜੀ ਤੈਨੂੰ ਵਧੀਆ ਤੇ ਵੱਡਾ ਚਾਕਲੇਟ ਲੈ ਕੇ ਦੇਣਗੇ।’’
‘‘…ਪੱਕਾ? …ਸ਼ਿਉਰ ਤਾਊ ਜੀ?’’ ਫਰਿਸ਼ਤਾ ਆਸਿਫ਼ ਤੋਂ ਪੁੱਛਦਾ ਹੈ।
‘‘ਹੰਡਰਡ ਪਰਸੈਂਟ… ਪੱਕਾ। ਹੁਣ ਤੁਸੀਂ ਉਹ ਗੇਮਜ਼ ਖੇਡ ਲਓ… ਜੋ ਤੇਰੇ ਪਾਪਾ ਤੇਰੇ ਲਈ ਪਿੱਛੇ ਜਿਹੇ ਇੰਗਲੈਂਡ ਤੋਂ ਲੈ ਕੇ ਆਏ ਹਨ। …ਅੰਮੀ ਜਾਨ ਨੂੰ ਤੰਗ ਨਾ ਕਰੋ।’’
‘‘…ਪਰ ਅੰਮੀ ਨੇ ਉਹ ਗੇਮ ਤਾਂ ਕਿਤੇ ਲੁਕੋ ਕੇ ਰੱਖੀ ਹੋਈ ਹੈ।’’ ਫਰਿਸ਼ਤਾ ਹੁਣ ਆਸਿਫ਼ ਸੁਹੇਲ ਕੋਲ ਆ ਕੇ ਸ਼ਿਕਾਇਤ ਕਰਦਾ ਹੈ।
‘‘ਸ਼ਬੂ ਦੇ ਦਿਓ ਫਰਿਸ਼ਤੇ ਨੂੰ… ਜੋ ਮੰਗਦੈ।’’
‘‘ਇਹ ਸਾਰੀਆਂ ਗੇਮਜ਼ ਛੇਤੀ ਖ਼ਰਾਬ ਕਰ ਦਿੰਦੈ…’’ ਸ਼ਬਨਮ ਦਾ ਧਿਆਨ ਬੇਟੀ ਆਬਿਦਾ ਵੱਲ ਜਾਂਦਾ ਹੈ ਜੋ ਪੰਘੂੜੇ ’ਚ ਪਹਿਲਾਂ ਸੁੱਤੀ ਹੋਈ ਸੀ ਤੇ ਹੁਣ ਰੋਣ ਲੱਗ ਪਈ ਹੈ।
‘‘…ਸ਼ਬੂ! ਮੈਂ ਵੇਖਦਾਂ ਆਬਿਦਾ ਨੂੰ… ਤੁਸੀਂ ਫਰਿਸ਼ਤੇ ਨੂੰ ਗੇਮਜ਼ ਦੇ ਦਿਓ।’’ ਆਸਿਫ਼ ਪੰਘੂੜੇ ’ਚੋਂ ਰੋਂਦੀ ਆਬਿਦਾ ਨੂੰ ਚੁੱਕਦਾ ਹੈ ਤੇ ਆਪਣੀ ਗੋਦ ’ਚ ਲੈ ਕੇ ਚੁੱਪ ਕਰਵਾਉਂਦਾ ਹੈ ਤੇ ਆਪਣੀਆਂ ਬਾਹਵਾਂ ਦੇ ਪੰਘੂੜੇ ’ਚ ਉਸ ਨੂੰ ਝੁਲਾਉਂਦਾ ਹੈ। ਨਿੱਕੀ ਆਬਿਦਾ ਆਪਣੇ ਤਾਊ ਦੇ ਹੱਥਾਂ ’ਚ ਆ ਕੇ ਚੁੱਪ ਕਰ ਜਾਂਦੀ ਹੈ। ਆਸਿਫ਼ ਉਸ ਨੂੰ ਗੋਦ ’ਚ ਲੈ ਆਪਣੇ ਸੋਫ਼ੇ ’ਤੇ ਆ ਬੈਠਦਾ ਹੈ। ਸ਼ਬਨਮ ਤੇ ਫਰਿਸ਼ਤਾ ਦੂਜੇ ਕਮਰੇ ’ਚ ਚਲੇ ਗਏ ਹਨ। ਆਬਿਦਾ ਨੂੰ ਗੋਦ ’ਚ ਲੈ, ਆਸਿਫ਼ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਾਢੇ ਤਿੰਨ ਕੁ ਸਾਲ ਦਾ ਹੈ ਤੇ ਸ਼ਬਨਮ ਉਰਫ਼ ਸ਼ਬੂ ਛੇ ਕੁ ਮਹੀਨਿਆਂ ਦੀ ਹੈ। ਉਸ ਨੂੰ ਯਾਦ ਆਉਂਦਾ ਹੈ ਕਿ ਉਸ ਦੀ ਛੋਟੀ ਅੰਮੀ-ਸ਼ਬਨਮ ਦੀ ਵਾਲਿਦਾ ਤੋਂ ਉਹ ਜ਼ਿੱਦ ਕਰ ਕੇ ਨਿੱਕੀ ਸ਼ਬੂ ਨੂੰ ਆਪਣੀ ਗੋਦ ’ਚ ਲੈ ਲੈਂਦਾ ਹੁੰਦਾ ਸੀ। …ਤੇ ਸ਼ਬੂ ਵੀ ਉਸ ਦੀ ਗੋਦ ’ਚ ਆ ਕੇ ਸਹਿਜ ਤੇ ਸ਼ਾਂਤ ਹੋ ਜਾਂਦੀ ਸੀ। …ਹੁਣ ਉਹੀਓ ਸ਼ਬੂ ਵੱਡੀ ਹੋ ਕੇ ਫਰਿਸ਼ਤੇ ਤੇ ਆਬਿਦਾ ਦੀ ਅੰਮੀ ਬਣ ਗਈ ਹੈ। ਸਲੀਮ ਦੀ ਬੇਗਮ ਹੈ…। ਉਸ ਦੇ ਛੋਟੇ ਭਰਾ ਸਲੀਮ ਦੀ ਸ਼ਰੀਕ-ਏ-ਹਯਾਤ ਤੇ ਉਸ ਦੀ ਭਾਵਜ/ਭਾਬੀ ਜਾਨ ਬਣ ਗਈ ਹੈ।
ਆਸਿਫ਼ ਵੇਖਦਾ ਹੈ ਕਿ ਸ਼ਬਨਮ, ਫਰਿਸ਼ਤੇ ਨੂੰ ਗੇਮ ਦੇ ਕੇ ਵਾਪਸ ਆ ਗਈ ਹੈ ਤੇ ਕਹਿੰਦੀ ਹੈ, ‘‘ਆਸਿਫ਼… ਭਾ…ਈ! ਲਿਆਓ ਆਬਿਦਾ ਨੂੰ ਮੈਨੂੰ ਦੇ ਦਿਓ ਤੇ ਤੁਸੀਂ ਆਰਾਮ ਨਾਲ ਕੌਫ਼ੀ ਪੀਓ।’’
‘‘…ਮੇਰੀ ਗੋਦ ’ਚ ਪਈ ਤੈਨੂੰ ਚੰਗੀ ਨਹੀਂ ਲੱਗਦੀ?’’ ਆਪਣਾ ਕੌਫ਼ੀ ਦਾ ਮਗ ਚੁੱਕਦਿਆਂ ਆਸਿਫ਼ ਪੁੱਛਦਾ ਹੈ।
‘‘…ਨਹੀਂ ਅਜਿਹੀ ਗੱਲ ਬਿਲਕੁਲ ਨਹੀਂ! ਮੈਂ ਤਾਂ ਉਂਜ ਹੀ ਆਖ ਦਿੱਤਾ ਸੀ ਮਤੇ ਉਹ ਤੁਹਾਡੇ ਕੱਪੜੇ ਖ਼ਰਾਬ ਨਾ ਕਰ ਦੇਵੇ।’’ ਸ਼ਬਨਮ ਨੇ ਕੌਫ਼ੀ ਦਾ ਦੂਜਾ ਮਗ ਚੁੱਕ ਲਿਆ ਹੈ ਤੇ ਉਸ ਵਿੱਚੋਂ ਇੱਕ ਘੁੱਟ ਭਰੀ ਹੈ।
‘‘…ਇਹ ਤਾਂ ਖ਼ੁਦਾ ਦਾ ਸਭ ਤੋਂ ਵੱਡਾ ਕਰਮ ਹੋਵੇਗਾ ਜੇ ਆਬਿਦਾ ਇੰਜ ਕਰੇ,’’ ਆਸਿਫ਼ ਕੌਫ਼ੀ ਪੀ ਰਿਹਾ ਹੈ ਤੇ ਨਾਲ ਹੀ ਆਬਿਦਾ ਨੂੰ ਨਿਹਾਰ ਵੀ ਰਿਹਾ ਹੈ ਤੇ ਹਿਲਾ-ਹਿਲਾ ਕੇ ਝੁਲਾ ਵੀ ਰਿਹਾ ਹੈ।
‘‘…ਆਸਿਫ਼ …ਹੁਣ ਤੁਹਾਡਾ ਕੈਨੇਡਾ ਦਾ ਕਿੰਨੇ ਸਾਲਾਂ ਦਾ ਕੰਟਰੈਕਟ ਹੈ?’’
‘‘ਅਜੇ ਤਾਂ ਪੰਜ ਸਾਲਾਂ ਦਾ ਹੈ!’’ ਆਸਿਫ਼ ਸਥਿਰ ਹੋ ਕੇ ਬੈਠ ਜਾਂਦਾ ਹੈ।
‘‘…ਤੇ ਤੁਸੀਂ ਉੱਥੇ ਜਾ ਕੇ, ਆਪਣੇ ਲਈ ਕੋਈ ਚੰਗੀ ਜਿਹੀ ਮੇਮ-ਬੇਗਮ ਲੱਭ ਲੈਣੀ! …ਤੁਹਾਡੀ ਸ਼ਾਦੀ ’ਤੇ ਅਸੀਂ ਸਾਰੇ ਉੱਥੇ ਆਵਾਂਗੇ ਤੇ ਖ਼ੂਬ ਮਸਤੀ ਕਰਾਂਗੇ ਤੇ ਸਾਰੇ ਸ਼ਗਨ ਕਰਾਂਗੇ…।’’ ਸ਼ਬਨਮ ਕੌਫ਼ੀ ਦਾ ਇੱਕ ਵੱਡਾ ਸਾਰਾ ਸਿਪ ਗਲੇ ’ਚੋੋਂ ਆਪਣੇ ਅੰਦਰ ਉਤਾਰਦੀ ਕਹਿੰਦੀ ਹੈ।
‘‘…ਕਾਸ਼ ਮੈਨੂੰ ਇੰਡੀਆ ’ਚ ਹੀ ਅਜਿਹੀ ਮਿਲ ਜਾਂਦੀ …ਪਰ ਸ਼ਬਨਮ ਤੂੰ ਵੀ ਮੇਰੇ ਲਈ ਕੋਈ ਲੱਭਣ ਦੀ ਟਰਾਈ ਨਹੀਂ ਕੀਤੀ।’’
‘‘…ਮੇਰੀ ਪਸੰਦ, ਤੁਹਾਨੂੰ ਕਿਹੜਾ ਭਾਉਣੀ ਏ! …ਤੁਹਾਡੇ ਸੁਪਨਿਆਂ ਦੀ ਪਰੀ ਤਾਂ ਤੁਸੀਂ ਆਪ ਹੀ ਲੱਭਣੀ ਏ।’’
‘‘…ਲੱਗਦੈ ਆਪਣੀ ਜ਼ਿੰਮੇਵਾਰੀ ਤੋਂ ਤੂੰ ਭੱਜ ਰਹੀ ਏਂ। …ਤੂੰ ਸ਼ਾਇਦ ਨਹੀਂ ਚਾਹੁੰਦੀ ਕਿ ਮੈਂ ਵੀ ਸਲੀਮ ਵਾਂਗ ਘਰ-ਪਰਿਵਾਰ ਵਾਲਾ ਬਣਾਂ…।’’
‘‘…ਆਸਿਫ਼ …ਇਹ ਤੀਰ ਤੁਸਾਂ ਬੜਾ ਕਸ ਕੇ ਮਾਰਿਐ! …ਮੈਂ ਅਜਿਹਾ ਕਦੇ ਨਹੀਂ ਸੋਚਿਆ। ਮੈਂ ਤਾਂ ਤੁਹਾਨੂੰ ਕਿੰਨੇ ਵਾਰੀ ਕਹਿ ਚੁੱਕੀ ਹਾਂ ਕਿ ਤੁਸੀਂ ਆਪਣੇ ਜੀਵਨ ਦੇ ਸਫ਼ਰ ਦਾ ਸਾਥੀ ਲੱਭ ਲਓ।’’
‘‘ਚਾਹੁੰਦਾ ਤਾਂ ਮੈਂ ਵੀ ਹਾਂ …ਤੇ ਚਾਹਿਆ ਵੀ ਹੈ। …ਪਰ ਮੈਨੂੰ ਸ਼ਬੂ ਵਰਗੀ ਲੱਭੀ ਹੀ ਨਹੀਂ…’’ ਆਸਿਫ਼ ਛੱਤ ਵੱਲ ਵੇਖਦਾ ਹੈ ਤੇ ਬਣਾਉਟੀ ਮੁਸਕਰਾਹਟ ਚਿਹਰੇ ’ਤੇ ਲਿਆਉਣ ਦਾ ਯਤਨ ਕਰਦਾ ਹੈ।
‘‘ਆਸਿਫ਼ …ਇਹ ਤੁਸੀਂ ਆਪਣੇ ਆਪ ਨਾਲ ਜ਼ਿਆਦਤੀ ਕਰ ਰਹੇ ਹੋ … ਸ਼ਬੂ ਨੂੰ ਤੁਸਾਂ ਕਦੋਂ ਚਾਹਿਆ ਸੀ…? …ਤੁਹਾਨੂੰ ਤਾਂ ਮੁਹੱਬਤ ਨਾਲੋਂ ਫ਼ਰਜ਼ ਦੀ ਵਧੇਰੇ ਫ਼ਿਕਰ ਸੀ। …ਤੁਸੀਂ ਇੱਕ ਵਾਰ ਵੀ ਵੱਡੇ ਅਬੂ ਜਾਂ ਵੱਡੀ ਅੰਮੀ ਨੂੰ ਆਪਣੀ ਪਸੰਦ ਦੱਸੀ?’’
‘‘…ਸ…ਸੌਰੀ! …ਇਸ ਵਿੱਚ ਤੇਰਾ ਕੋਈ ਕਸੂਰ ਨਹੀਂ। ਮੈਂ ਤਾਂ ਉਂਜ ਹੀ ਆਖ ਬੈਠਾਂ…। ਸੋਚਦਾ ਹਾਂ ਛੋਟੀ ਅੰਮੀ ਨੇ ਦੋ ਸ਼ਬੂ ਜਣਨੀਆਂ ਸਨ… ਇੱਕ ਸਲੀਮ ਲਈ ਤੇ ਦੂਜੀ ਮੇਰੇ ਲਈ।’’ ਆਸਿਫ਼ ਨੇ ਗੱਲ ਨੂੰ ਆਈ-ਗਈ ਕਰਨ ਦਾ ਯਤਨ ਕੀਤਾ ਹੈ।
‘‘…ਆਸਿਫ਼! ਕੁਦਰਤ ਹਰ ਬਾਸ਼ਿੰਦੇ ਨੂੰ ਇੱਕ ਵੱਖਰੀ ਹਸਤੀ ਦੇ ਕੇ ਭੇਜਦੀ ਹੈ …ਕੋਈ ਕਿਸੇ ਦੂਜੇ ਵਰਗਾ ਨਹੀਂ ਹੁੰਦਾ। ਅੱਲ੍ਹਾ ਤਾਲਾ ਨੇ ਨਾ ਆਸਿਫ਼ ਵਰਗਾ ਕੋਈ ਹੋਰ ਬਣਾਇਆ ਹੈ ਤੇ ਨਾ ਹੀ ਸ਼ਬਨਮ ਵਰਗਾ। ਹਰ ਬਾਸ਼ਿੰਦਾ ਆਪਣੇ ਆਪ ’ਚ ਆਪਣੀ ਵੱਖਰੀ ਮਿਸਾਲ ਹੁੰਦਾ ਹੈ।’’ ਸ਼ਬਨਮ ਨੇ ਮਗ ’ਚੋਂ ਤੀਜਾ ਘੁੱਟ ਭਰਿਆ।
‘‘…ਤੂੰ ਤਾਂ ਸ਼ਬੂ! ਪੂਰੀ ਫਿਲਾਸਫਰ ਬਣ ਗਈ ਏਂ…। ਮੈਨੂੰ ਤਾਂ ਅੰਦਾਜ਼ਾ ਹੀ ਨਹੀਂ ਸੀ ਕਿ ਮੇ…ਰੀ… ਸ਼ਬੂ ਇੰਨੀ ਗੰਭੀਰ ਤੇ ਜ਼ਾਹਿਦ ਹੋ ਗਈ ਹੈ!’’
‘‘…ਕਈ ਵਾਰ ਮੁਹੱਬਤ ਇਨਸਾਨ ਨੂੰ ਅਜਿਹਾ ਬਣਾ ਦਿੰਦੀ ਹੈ।’’
‘‘…ਤੂੰ ਤਾਂ ਹੁਣ ਸਲੀਮ ਦੀ ਰਾਜ਼ਦਾਰ ਏਂ …ਸਲੀਮ ਦੀ ਹੀ ਮੁਹੱਬਤ।’’
‘‘…ਮੈਂ ਕਦੋਂ ਮੁੱਕਰਦੀ ਹਾਂ। …ਤੁਸਾਂ ਜੋ ਸਲੀਮ ਲਈ ਕੀਤਾ, ਕੋਈ ਹੋਰ ਕਰ ਵੀ ਨਹੀਂ ਸਕਦਾ। …ਆਪਣੇ ਖਿਡੌਣੇ, ਛੋਟਿਆਂ ਹੁੰਦਿਆਂ ਤੁਸੀਂ ਉਹਨੂੰ ਦੇ ਦਿੰਦੇ… ਆਪਣਾ ਬੈਟ ਵੀ ਆਪਣੀ ਬਾਲ ਵੀ… ਤੇ ਹੋਰ ਵੀ ਬਹੁਤ ਕੁਝ…।’’
‘‘ਨਹੀਂ… ਐਸੀ ਤਾਂ ਕੋਈ ਗੱਲ ਨਹੀਂ…’’ ਆਸਿਫ਼ ਨੇ ਭੱਜਣ ਦਾ ਯਤਨ ਕੀਤਾ।
‘‘…ਮੈਨੂੰ ਸਭ ਪਤੈ! … ਸਲੀਮ ਨੂੰ ਹੌਂਸਲਾ ਦੇਣ ਲਈ ਬਾਲਿੰਗ ਕਰਨ ਸਮੇਂ ਲਾਲੀਪੋਪ ਬਾਲ ਉਸ ਨੂੰ ਦਿੰਦੇ ਰਹੇ। ਹਰ ਇਨ-ਸਵਿੰਗ ਨੂੰ ਫੁਲ ਟਾਸ ਬਣਾ ਕੇ ਸੁੱਟਿਆ। ਪਹਿਲਾਂ-ਪਹਿਲ ਲਾਏ ਸਲੀਮ ਦੇ ਚੌਕੇ-ਛੱਕਿਆਂ ਪਿੱਛੇ ਤੁਹਾਡੀ ਹੀ ਪਲੈਨਿੰਗ ਹੁੰਦੀ…। ਹੋਰ ਖਿਡਾਰੀ ਤੁਹਾਡੀ ਆਫ ਸਵਿੰਗ, ਕਟਰ ਤੇ ਇਨ ਸਵਿੰਗ ਬਾਲ ਤੋਂ ਘਬਰਾਉਂਦੇ …ਪਰ ਤੁਸੀਂ ਸਲੀਮ ਤੋਂ ਕੁੱਟ ਖਾ ਕੇ, ਅੰਦਰੋਂ-ਅੰਦਰੋਂ ਰਿਝਦੇ ਰਹੇ। ਮੁਲਕ ’ਚ ਤਾਂ ਕੀ, ਸਾਰੀ ਦੁਨੀਆਂ ’ਚ ਤੁਹਾਡੇ ਵਰਗਾ ਨਿਹਾਤ ਆਲਰਾਊਂਡਰ ਨਹੀਂ ਸੀ… ਸਪਿਨ ਵੀ ਕਰ ਲੈਂਦੇ ਤੇ ਮੀਡੀਅਮ ਪੇਸਰ ਵੀ ਉਮਦਾ, ਬੈਟਸਮੈਨ ਹਿਟਰ…। ਇੱਕ ਓਵਰ ’ਚ ਛੇ ਛਿੱਕਿਆਂ ਦਾ ਰਿਕਾਰਡ ਅਜੇ ਵੀ ਤੁਹਾਡੇ ਨਾਂ ’ਤੇ ਬੋਲਦਾ ਹੈ! ਦੁਨੀਆਂ ਦੀ ਹਰ ਵਿਰੋਧੀ ਟੀਮ ਨੂੰ ਦਹਿਲਾਉਣ ਵਾਲਾ, ਆਪਣੇ ਭਰਾ ਸਾਹਮਣੇ ਦਬੂ ਜਿਹਾ ਬਣ ਜਾਂਦਾ।’’
‘‘…ਸ਼ਬੂ! …ਤੂੰ ਮੇਰੇ ਸਲੀਮ ਨੂੰ ਅੰਡਰ-ਰੇਟ ਕਰ ਰਹੀ ਹੈਂ,’’ ਆਸਿਫ਼ ਨੇ ਕਿਹਾ।
‘‘…ਸਲੀਮ ਹੁਣ ਮੇਰੀ ਜਾਨ ਨੇ …ਉਨ੍ਹਾਂ ਦੇ ਸਾਹ ਵਿੱਚ ਹੀ ਸਾਹ ਲੈਂਦੀ ਹਾਂ ਤੇ ਲੈਂਦੀ ਰਹਾਂਗੀ! …ਕਿੰਨੇ ਸਾਰੇ ਕੌਮੀ ਤੇ ਕੌਮਾਂਤਰੀ ਐਵਾਰਡ ਉਨ੍ਹਾਂ ਜਿੱਤੇ ਨੇ …ਕ੍ਰਿਕਟ ਦੇ ਕਿੰਨੇ ਹੀ ਰਿਕਾਰਡ ਉਨ੍ਹਾਂ ਦੇ ਨਾਂ ’ਤੇ ਨੇ…। ਆਈ ਐੱਮ ਰੀਅਲੀ ਪਰਾਊਡ ਔਫ ਹਿਮ।’’ ਸ਼ਬਨਮ ਇੱਕੋ ਸਾਹ ਵਿੱਚ ਸਭ ਕੁਝ ਕਹਿ ਗਈ।
‘‘…ਤੂੰ ਤੇ ਅਸੀਂ ਸਭ ਸਲੀਮ ’ਤੇ ਜਿੰਨਾ ਮਾਣ ਕਰੀਏ ਥੋੜ੍ਹਾ ਹੈ। ਸਲੀਮ ਨੇ ਸਾਡੇ ਸਾਰੇ ਖਾਨਦਾਨ ਦਾ ਨਾਮ ਉੱਚਾ ਕੀਤਾ ਹੈ …ਬੁਲੰਦੀਆਂ ’ਤੇ ਆਪ ਵੀ ਗਿਆ ਹੈ ਤੇ ਸਾਨੂੰ ਸਭ ਨੂੰ ਪਹੁੰਚਾਇਆ ਉਸ!’’ ਆਸਿਫ਼ ਨੇ ਗੋਦ ’ਚ ਪਈ ਆਬਿਦਾ ਨੂੰ ਦੁਲਾਰਦਿਆਂ ਕਿਹਾ।
‘‘…ਪ …ਪਰ ਸ਼ਬੂ!’’ ਫਰਿਸ਼ਤੇ ਨੂੰ ਵੇਖਦਿਆਂ ਆਸਿਫ਼ ਨੇ ਪੁੱਛਿਆ, ‘‘ਸਾਰੇ ਕਹਿੰਦੇ ਨੇ ਕਿ ਫਰਿਸ਼ਤਾ…’’ ਆਸਿਫ਼ ਨੇ ਗੱਲ ਅਧੂਰੀ ਛੱਡ ਦਿੱਤੀ।
‘‘…ਇਹੋ ਨਾ ਕਿ ਫਰਿਸ਼ਤੇ ਦੀ ਸ਼ਕਲ ਤੁਹਾਡੇ ਨਾਲ ਵਧੇਰੇ ਮਿਲਦੀ ਹੈ ਤੇ ਸਲੀਮ ਨਾਲ ਉਨੀ ਨਹੀਂ। …ਇਹ ਮੈਨੂੰ ਵੀ ਮਹਿਸੂਸ ਹੁੰਦਾ ਹੈ ਤੇ ਕਈਆਂ ਤੋਂ ਮੈਂ ਵੀ ਸੁਣਿਆ ਹੈ,’’ ਸ਼ਬਨਮ ਨੇ ਆਪਣੀਆਂ ਅੱਖਾਂ ਨੂੰ ਪੂਰੀਆਂ ਚੌੜੀਆਂ ਕਰ ਖੋਲ੍ਹਦਿਆਂ ਕਿਹਾ, ‘‘ਇਹ ਸਭ ਕੁਝ ਸਲੀਮ ਦਾ ਏ… ਇਸ ਪਾਕੀਜ਼ਗੀ ਦੀ ਕਸਮ ਆਪਾਂ ਦੋਵੇਂ ਖਾ ਸਕਦੇ ਹਾਂ…’’
‘‘…ਪ…ਪਰ ਅਜਿਹਾ ਕਿਉਂ ਤੇ ਕਿਵੇਂ ਹੋ ਗਿਆ ਹੈ?’’ ਆਸਿਫ਼ ਨੇ ਜਾਣਨਾ ਚਾਹਿਆ।
‘‘ਇੱਕੋ ਹਵੇਲੀ ਤੇ ਇੱਕੋ ਘਰ ’ਚ ਰਹਿਣ ਨਾਲ ਹੋ ਜਾਂਦਾ ਹੈ। …ਤੇ ਕਈ ਵਾਰ …ਔਰਤ ਦਾ ਇਸ ’ਤੇ ਜ਼ੋਰ ਨਹੀਂ ਚੱਲਦਾ। ਜ਼ਿਹਨ ’ਚ ਵਸਿਆ ਕਈ ਵਾਰ ਬਾਇਲੋਜੀਕਲ ਬਣਤਰ ’ਤੇ ਵੀ ਭਾਰੂ ਪੈ ਜਾਂਦਾ ਹੈ।’’
‘‘…ਖ਼ੁਦਾ ਦੀਆਂ ਰਹਿਮਤਾਂ ’ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ,’’ ਆਸਿਫ਼ ਨੇ ਕੌਫ਼ੀ ਦਾ ਮਗ ਆਪਣੇ ਮੂੰਹ ਨੂੰ ਲਾਉਂਦਿਆਂ ਕਿਹਾ।
‘‘ਅੱਛਾ! ਆਸਿਫ਼, ਹੁਣ ਤੂੰ ਕੈਨੇਡਾ ਜਾ ਕੇ ਭੁੱਲੀਂ ਨਾ ਜੋ ਮੈਂ ਕਿਹਾ ਹੈ,’’ ਸ਼ਬਨਮ ਨੇ ਉਸ ਨੂੰ ਮੁੜ ਚੇਤੇ ਕਰਾਉਂਦਿਆਂ ਕਿਹਾ।
‘‘…ਕੁਝ ਕਟ ਗਈ ਤੇ ਬਾਕੀ ਵੀ ਕਟ ਜਾਏਗੀ …ਇੰਝੇ ਹੀ ਚਲੀ ਜਾਵੇ …ਤਾਂ ਕੀ ਮਾੜਾ ਏ?’’
ਆਸਿਫ਼ ਨੇ ਆਪਣੇ ਅੰਦਰ ਦਾ ਇੱਕ ਹਉਕਾ ਦਬਾਉਣ ਦਾ ਅਸਫ਼ਲ ਯਤਨ ਕੀਤਾ।
‘‘ਆਸਿਫ਼… ਜੋ ਤੁਹਾਡਾ ਹੋ ਸਕਦਾ ਸੀ …ਤੁਹਾਡਾ ਬਣ ਸਕਦਾ ਸੀ …ਤੁਸੀਂ ਉਸ ਨੂੰ ਬਣਾਇਆ ਨਹੀਂ! ਹੁਣ ਠੰਢੇ ਹਉਕੇ ਕਿਉਂ ਭਰਦੇ ਹੋ?’’
‘‘…ਨਹੀਂ, ਮੈਨੂੰ ਕੋਈ ਪਛਤਾਵਾ ਵੀ ਨਹੀਂ ਹੈ। …ਪਰ ਮੈਂ ਸੋਚਿਆ ਕਿ ਤੂੰ ਪਹਿਲ ਕਰੇਂਗੀ ਤੇ …ਆਪਣੀ ਪਸੰਦ ਆਪਣੇ ਅੱਬੂ ਤੇ ਅੰਮੀ ਨੂੰ ਦੱਸ ਦੇਵੇਂਗੀ!’’
‘‘ਆਸਿਫ਼! ਤੁਸੀਂ ਕਿਤੇ ਆਪਣੀ ਬੁਜ਼ਦਿਲੀ ’ਤੇ ਪਰਦਾ ਪਾਉਣ ਦਾ ਯਤਨ ਤਾਂ ਨਹੀਂ ਕਰ ਰਹੇ? ਤੁਹਾਡੇ ਨਾਲੋਂ ਤਾਂ ਸਲੀਮ ਦਲੇਰ ਸੀ ਜਿਸ ਨੇ ਆਪਣੀ ਪਸੰਦ ਸਭਨਾਂ ਦੇ ਸਾਹਮਣੇ ਦਲੇਰੀ ਨਾਲ ਦੱਸੀ। …ਤੁਸੀਂ ਮੂਕ ਦਰਸ਼ਕ ਬਣਨਾ ਪਸੰਦ ਕੀਤਾ। ਮੁਹੱਬਤ ਘੁਟ-ਘੁਟ ਕੇ ਮਰਨ ਦਾ ਨਾਂ ਨਹੀਂ …ਇਹ ਇਜ਼ਹਾਰ ਵੀ ਮੰਗਦੀ ਏ! ਤੁਸੀਂ ਗਾਜ਼ੀ (ਸ਼ਹੀਦ) ਬਣ ਕੇ ਹੀਰੋ ਬਣਨ ਦਾ ਯਤਨ ਕੀਤਾ! …ਇੱਕ ਵਾਰ ਵੀ ਆਪਣੇ ਹੋਠਾਂ ਨੂੰ ਨਾ ਹਿਲਾਇਆ ਸਗੋਂ ਸੀਅ ਕੇ ਰੱਖ ਲਏ!’’
‘‘…ਮੈਂ ਸੋਚਦਾ ਰਿਹਾ ਕਿ ਮੈਂ ਵੱਡਾ ਹਾਂ ਤੇ ਸਲੀਮ ਛੋਟਾ। ਵੱਡੇ ਦਾ ਫ਼ਰਜ਼ ਹੁੰਦਾ ਹੈ ਛੋਟੇ ਦੀ ਕੇਅਰ ਕਰਨਾ… ਛੋਟੇ ਦਾ ਧਿਆਨ ਰੱਖਣਾ …ਉਸ ਦੇ ਜਜ਼ਬਾਤ ਦੀ ਕਦਰ ਕਰਨਾ।’’
‘‘…ਤੇ ਜੇ ਮੈਂ ਤੁਹਾਡੇ ਫ਼ਰਜ਼ ਦੇ ਖ਼ਿਲਾਫ਼ ਝੰਡਾ ਚੁੱਕਦੀ ਤੇ ਤੁਸੀਂ ਮੈਦਾਨ ’ਚੋਂ ਦੌੜ ਜਾਂਦੇ ਤਾਂ ਮੇਰਾ ਕੀ ਬਣਦਾ? ਮੈਂ ਕਿਸੇ ਨੂੰ ਆਪਣੀ ਮਨਹੂਸ ਸ਼ਕਲ ਦਿਖਾਉਣ ਜੋਗੀ ਵੀ ਨਾ ਰਹਿ ਜਾਂਦੀ? ਪਰਿਵਾਰ ’ਚ ਤਰੇੜ ਵੱਖਰੀ ਪੈਣੀ ਸੀ। …ਇਸ਼ਕ ਮਰਦ ਤੋਂ ਮਰਦਾਨਗੀ ਦੀ ਆਸ ਰੱਖਦਾ ਹੈ ਤੇ ਹੁਸਨ ਹਮੇਸ਼ਾਂ ਮਰਦਾਨਗੀ ਨਾਲ ਖੜਦਾ ਹੈ! …ਸਾਡੇ ਨਿਕਾਹ ਮਗਰੋਂ, ਤੁਸੀਂ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਏ। …ਨਿੱਜੀ ਜ਼ਿੰਦਗੀ ’ਚ ਪਹਿਲਾਂ ਹਾਰੇ ਤੇ ਫਿਰ ਖੇਡ ਦੇ ਮੈਦਾਨ ’ਚ ਵੀ ਡਾਊਨ ਹੁੰਦੇ ਚਲੇ ਗਏ। …ਇਸ਼ਕ ਦੀ ਨਾਕਾਮੀ ਮਰਦ ਨੂੰ ਦਲੇਰ ਬਣਾਉਂਦੀ ਹੈ ਤੇ ਉਹ ਕੁਝ ਅਲੋਕਾਰੀ ਕਰ ਵਿਖਾਉਂਦਾ ਹੈ। …ਪ …ਪਰ ਤੁਸੀਂ ਤਾਂ ਢੇਰੀ ਹੀ ਢਾਹ ਲਈ!’’ ਸ਼ਬਨਮ ਦੀਆਂ ਅੱਖਾਂ ’ਚ ਚਮਕ ਹੈ ਤੇ ਸਪੱਸ਼ਟਤਾ ਵੀ।
‘‘ਸ਼ਬਨਮ! ਮੈਨੂੰ ਆਪਣੀ ਨਾਕਾਮੀਆਂ ਦਾ ਅਹਿਸਾਸ ਹੈ। ਇੰਡੀਆ ’ਚ ਰਹਿ ਕੇ ਸ਼ਾਇਦ ਮੈਂ ਕੁਝ ਨਾ ਕਰ ਸਕਿਆ… ਇਸੇ ਲਈ ਮੈਂ ਕੈਨੇਡਾ ਚੁਣਿਆ ਹੈ… ਉੱਥੇ ਜਾ ਕੇ ਜ਼ੀਰੋ ਤੋਂ ਹੀਰੋ ਬਣਨ ਦਾ ਯਤਨ ਕਰਾਂਗਾ। ਕੋਚਿੰਗ ਦੇ ਖੇਤਰ ’ਚ ਨਵੀਆਂ ਬੁਲੰਦੀਆਂ ਛੋਹਣ ਦਾ ਯਤਨ ਕਰਾਂਗਾ। …ਉੱਥੋਂ ਦੀ ਕ੍ਰਿਕਟ ਐਸੋਸੀਏਸ਼ਨ ਨੇ ਮੇਰੇ ’ਤੇ ਜੋ ਵਿਸ਼ਵਾਸ ਜਤਾਇਆ, ਉਸ ’ਤੇ ਖਰਾ ਉਤਰਾਂ, ਹੁਣ ਇਹੋ ਮੇਰੀ ਤਮੰਨਾ ਹੈ।’’
‘‘…ਤੇ ਜੋ ਮੈਂ ਕਿਹਾ ਹੈ ਉਸ ਬਾਰੇ?’’ ਸ਼ਬਨਮ ਨੇ ਕੌਫ਼ੀ ਦਾ ਮਗ ਆਪਣੇ ਹੋਠਾਂ ਤੋਂ ਪਰ੍ਹਾਂ ਕਰਦਿਆਂ ਪੁੱਛਿਆ।
‘‘ਸ਼ਬੂ! …ਕੋਸ਼ਿਸ਼ ਕਰਾਂਗਾ …ਪਰ ਵਾਅਦਾ ਨਹੀਂ। ਮੈਨੂੰ ਡਰ ਏ ਕਿ ਮੈਂ ਜਿਸ ਵੀ ਮੁਟਿਆਰ ਜਾਂ ਔਰਤ ਨੂੰ ਚੁਣਿਆ, ਉਸ ਨਾਲ ਸ਼ਾਇਦ ਇਨਸਾਫ਼ ਨਾ ਕਰ ਸਕਾਂ…’’
‘‘ਕਿਉਂ?’’ ਸ਼ਬਨਮ ਦੀਆਂ ਪਲਕਾਂ ਝਪਕੀਆਂ।
‘‘…ਇਹ ਤੂੰ ਮੇਰੇ ਨਾਲੋਂ ਬਿਹਤਰ ਸਮਝਦੀ ਏਂ!’’ ਆਸਿਫ਼ ਨੇ ਮਿੰਨੀ ਸ਼ਬਨਮ ਭਾਵ ਆਬਿਦਾ ਨੂੰ ਮੱਥੇ ਤੋਂ ਚੁੰਮ ਲਿਆ ਹੈ।
‘‘ਸੁੱਤੇ ਬੱਚੇ ਨੂੰ ਨਹੀਂ ਚੁੰਮੀਦਾ!’’ ਸ਼ਬਨਮ ਨੇ ਮਹਿਸੂਸ ਕਰ ਲਿਆ ਹੈ ਕਿ ਆਬਿਦਾ, ਆਸਿਫ਼ ਦੀ ਗੋਦ ’ਚ ਸੌਂ ਗਈ ਹੈ।
‘‘ਸੌਰੀ…! ਇਹ ਸਾਰੀਆਂ ਗੱਲਾਂ ਮੈਨੂੰ ਕੌਣ ਦੱਸੇਗਾ?’’
‘‘… ਜੋ ਵੀ ਮਿਲੇਗੀ, ਉਹ ਸਭ ਸਮਝਾ ਦੇਵੇਗੀ।’’ ਸ਼ਬਨਮ ਨੇ ਆਬਿਦਾ ਨੂੰ ਆਸਿਫ਼ ਦੀ ਗੋਦ ਤੋਂ ਚੁੱਕ ਆਪਣੇ ਆਗੋਸ਼ ’ਚ ਲੈਂਦੇ ਹੋਏ ਕਿਹਾ।
‘‘… ਪਰ ਮੈਨੂੰ ਆਪਣੇ ਆਪ ਤੋਂ ਡਰ ਲੱਗਦਾ ਹੈ,’’ ਆਸਿਫ਼ ਨੇ ਆਬਿਦਾ ਨੂੰ ਸ਼ਬਨਮ ਨੂੰ ਸੌਂਪਦੇ ਹੋਏ ਕਿਹਾ।
‘‘…ਡਰ ਕਾਹਦਾ?’’ ਸ਼ਬਨਮ ਆਬਿਦਾ ਨੂੰ ਲੈ ਕੇ ਸਾਹਮਣੇ ਵਾਲੇ ਸੋਫ਼ੇ ’ਤੇ ਜਾ ਬੈਠੀ ਹੈ।
‘‘…ਇਹੋ ਕਿ ਮੈਂ…’’ ਆਸਿਫ਼ ਨੇ ਆਪਣੇ-ਆਪ ਨੂੰ ਢਕਣ ਦਾ ਯਤਨ ਕੀਤਾ।
‘‘…ਇਹੋ ਕਿ ਤੁਸੀਂ ਹਰ ਔਰਤ ’ਚੋਂ ਸ਼ਬਨਮ ਨੂੰ ਲੱਭਣ ਦਾ ਯਤਨ ਕਰੋਗੇ?’’ ਸ਼ਬਨਮ ਨੇ ਅੰਤਰਜਾਮੀ ਵਾਂਗ ਪੁੱਛਿਆ।
‘‘… ਸ਼ਬਨਮ! ਤੈਨੂੰ ਇਹ ਸਭ ਕਿਵੇਂ ਪਤੈ?’’
‘‘…ਤੇ ਜਦੋਂ ਤਕ ਤੁਸੀਂ ਸ਼ਬੂ ਨੂੰ ਦੂਜੀ ਔਰਤ ’ਚ ਲੱਭੋਗੇ, ਨਾ ਚੈਨ ਨਾਲ ਰਹੋਗੇ ਤੇ ਨਾ ਹੀ ਮੈਨੂੰ ਰਹਿਣ ਦਿਉਗੇ? …ਜੋ ਵੀ ਲੱਭੋ, ਜਿਸ ਦੇ ਵੀ ਲੜ ਲੱਗੋ, ਉਸ ਔਰਤ ਵਿੱਚ ਉਸ ਨੂੰ ਹੀ ਤਲਾਸ਼ਣਾ। …ਕੋਈ ਵੀ ਔਰਤ ਆਪਣੇ ’ਚ, ਦੂਜੀ ਔਰਤ ਨੂੰ ਖੰਗਾਲਣ ਨਹੀਂ ਦੇਣਾ ਚਾਹੁੰਦੀ।’’
ਦੋਵਾਂ ਨੇ ਵੇਖਿਆ ਕਿ ਫਰਿਸ਼ਤਾ ਗੇਮ ਛੱਡ ਕੇ ਉਨ੍ਹਾਂ ਵੱਲ ਆ ਰਿਹਾ ਹੈ।
‘‘…ਅੰਮੀ ਜਾਨ! ਨਵੀਂ ਗੇਮ ਮੈਨੂੰ ਸਮਝ ਹੀ ਨਹੀਂ ਆ ਰਹੀ!’’
‘‘ਮੇਰੇ ਕੋਲ ਲਿਆ, ਮੈਂ ਤੈਨੂੰ ਸਮਝਾ ਦਿੰਦਾ ਹਾਂ,’’ ਆਸਿਫ਼ ਨੇ ਫਰਿਸ਼ਤੇ ਨੂੰ ਕਿਹਾ।
‘‘ਆਸਿਫ਼! ਤੁਸੀਂ ਉਸ ਨੂੰ ਕੀ ਸਮਝਾਓਗੇ? …ਪਹਿਲਾਂ ਆਪਣੇ-ਆਪ ਨੂੰ ਤਾਂ ਸਮਝ ਲਓ!’’ ਸ਼ਬਨਮ ਨੇ ਰੁਮਾਲ ਨਾਲ ਆਪਣਾ ਚਿਹਰਾ ਸਾਫ਼ ਕਰਨ ਦਾ ਯਤਨ ਕੀਤਾ। ਰੁਮਾਲ ਅੱਖਾਂ ’ਤੇ ਨਾ ਗਿਆ।
ਆਸਿਫ਼ ਨੇ ਵੇਖਿਆ ਕਿ ਸ਼ਬਨਮ ਦੀਆਂ ਪਲਕਾਂ ’ਚ ਇੱਕ ਹੰਝੂ ਅਜੇ ਵੀ ਚਮਕ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਕਿਹਾ, ‘‘ਸ਼ਬਨਮ ਤੇਰੀਆਂ ਪਲਕਾਂ ’ਚ ਅਟਕਿਆ ਹੰਝੂ ਦਾ ਇਹ ਕਤਰਾ ਮੇਰੇ ਲਈ ਦੁਨੀਆਂ ਦੀ ਸਭ ਤੋਂ ਅਹਿਮ ਪ੍ਰਾਪਤੀ ਹੈ। …ਸਲੀਮ ਦੁਆਰਾ ਕਮਾਏ ਦਰਜਨਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨਾਂ ਤੋਂ ਵੀ ਉੱਚਾ ਤੇ ਸੁੱਚਾ ਮੇਰੇ ਲਈ। …ਮੈਂ ਕਿਹੜੇ ਲਫ਼ਜ਼ਾਂ ਨਾਲ ਤੇਰਾ ਸ਼ੁਕਰੀਆ ਅਦਾ ਕਰਾਂ?’’
‘‘… ਸ਼ਬੂ! …ਹੁਣ ਮੈਂ ਤੈਨੂੰ ਸ਼ਿਕਾਇਤ ਦਾ ਹੋਰ ਮੌਕਾ ਨਹੀਂ ਦੇਵਾਂਗਾ।’’ ਆਸਿਫ਼ ਨੇ ਮਰਦਾਨਗੀ ਭਰੇ ਲਹਿਜ਼ੇ ਨਾਲ ਸ਼ਬਨਮ ਨੂੰ ਭਰੋਸਾ ਦਿਵਾਇਆ। ਸ਼ਬਨਮ ਨੇ ਪਲਕਾਂ ’ਚ ਅਟਕੇ ਕਤਰੇ ਨੂੰ ਨਾ ਪੂੰਝਣਾ ਹੀ ਬਿਹਤਰ ਸਮਝਿਆ ਤੇ ਅੰਦਰੋਂ ਬਾਹਰੋਂ ਮੁਸਕਰਾਹਟ ਉਸ ਦੇ ਚਿਹਰੇ ’ਤੇ ਖਿਲਰੀ। ਆਸਿਫ਼ ਨੇ ਮਹਿਸੂਸ ਕੀਤਾ ਕਿ ਉਹ ਆਪ ਵੀ ਅੰਦਰੋਂ-ਬਾਹਰੋਂ ਲਰਜ਼ ਗਿਆ ਹੈ।
ਬਾਹਰੋਂ ਦਰਵਾਜ਼ੇ ’ਤੇ ਹੋਈ ਬੈੱਲ ਨੇ ਦੋਵਾਂ ਨੂੰ ਆਪਣੇ-ਆਪਣੇ ਵਰਤਮਾਨ ’ਚ ਲੈ ਆਂਦਾ ਹੈ। ਕੋਟਲੇ ਦੀ ਹਵੇਲੀ ਤੇ ਹਵੇਲੀ ਦੀਆਂ ਬਾਤਾਂ ਨੂੰ ਅਤੀਤ ਦੀ ਕਬਰ ’ਚ ਦੋਵਾਂ ਨੇ ਦਫ਼ਨਾਉਣ ਦਾ ਯਤਨ ਕੀਤਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬੀ. ਐੱਸ. ਬੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ