Panchhi Van Di Ekta (Punjabi Story) : Omkar Sood Bahona
ਪੰਛੀ ਵਣ ਦੀ ਏਕਤਾ (ਕਹਾਣੀ) : ਓਮਕਾਰ ਸੂਦ ਬਹੋਨਾ
ਇੱਕ ਪੰਛੀ-ਵਣ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ । ਪੰਛੀ-ਵਣ ਦੇ ਸਭ ਪੰਖੇਰੂ ਆਪਸ ਵਿੱਚ ਰਲ-
ਮਿਲ ਕੇ ਬੜੇ ਪ੍ਰੇਮ ਨਾਲ ਰਹਿੰਦੇ ਸਨ । ਉਹ ਆਪਸ ਵਿੱਚ ਲੜਾਈ ਝਗੜਾ ਕਦੇ ਨਹੀਂ ਸੀ ਕਰਦੇ । ਜੇ ਕਦੇ ਮਾੜਾ-ਮੋਟਾ
ਕਿਸੇ ਦਾ ਦੂਜੇ ਨਾਲ ਝਗੜਾ ਹੋ ਜਾਂਦਾ ਤਾਂ ਮੋਰ-ਸਰਪੰਚ ਆਪਣੀ ਪੰਚਾਇਤ ਵਿੱਚ ਝਗੜੇ ਦਾ ਨਿਪਟਾਰਾ ਕਰਵਾ
ਦਿੰਦਾ ਸੀ । ਅਜੇ ਤੱਕ ਕਾਂ ਥਾਣੇਦਾਰ ਕੋਲ ਇੱਕ ਵੀ ਲੜਾਈ-ਝਗੜੇ ਦਾ ਕੇਸ ਨਹੀਂ ਸੀ ਗਿਆ । ਜੰਗਲ ਵਿੱਚ ਮੈਨਾ-ਮੈਡਮ
ਨੇ ਇੱਕ ਸਕੂਲ ਖੋਲ੍ਹ ਰੱਖਿਆ ਸੀ । ਉਸ ਵਿੱਚ ਨਿੱਕੇ-ਵੱਡੇ ਬਹੁਤ ਸਾਰੇ ਪੰਛੀ ਸਿੱਖਿਆ ਹਾਸਲ ਕਰਦੇ ਸਨ । ਮੈਨਾ
ਮੈਡਮ ਬੜੇ ਪਿਆਰ ਨਾਲ ਸਭ ਨੂੰ ਵਿੱਦਿਆ ਪੜ੍ਹਾਉਂਦੀ ਸੀ ।
ਪਰ ਇੱਕ ਦਿਨ ਇਸ ਪੰਛੀ-ਵਣ ਵਿੱਚ ਹਲਚਲ ਮੱਚ ਗਈ । ਪੰਛੀ-ਵਣ ਵਿੱਚ ਪਤਾ ਨਹੀਂ ਕਿੱਧਰੋਂ ਇੱਕ ਲਗੜ ਆ
ਧਮਕਿਆ ਸੀ । ਲਗੜਦੀਨ ਬੜਾ ਅਵੈੜਾ ਅਤੇ ਜ਼ਾਲਮ ਪੰਛੀ ਸੀ । ਉਹ ਅਨਪੜ੍ਹ ਗਵਾਰ ਤਾਂ ਸੀ ਹੀ ਪਰ ਜ਼ਾਲਮ ਅਤੇ ਕਮੀਨਾ
ਵੀ ਬਹੁਤ ਸੀ । ਇੱਕ ਦਿਨ ਮੁੱਲੋ-ਮੁਰਗ਼ਾਬੀ ਦੇ ਬੱਚੇ ਨੂੰ ਤਲਾਬ ਵਿੱਚੋਂ ਸਕੂਲ ਪੜ੍ਹਨ ਗਏ ਨੂੰ ਉਠਾ ਕੇ ਲੈ
ਗਿਆ ਸੀ । ਦੂਜੇ ਦਿਨ ਛੰਬੇ-ਤਿੱਤਰ ਦਾ ਬੱਚਾ ਚੁੱਕ ਕੇ ਪੱਤਰਾ ਵਾਚ ਗਿਆ ਸੀ॥ਥਾਣੇਦਾਰ ਕਾਂ ਕੋਲ ਰਪਟ ਲਿਖਾਉਣ ਦੀ
ਨੌਬਤ ਆ ਗਈ । ਕਾਂ ਆਪਣੇ ਸਿਪਾਹੀਆਂ ਸਮੇਤ ਕਈ ਦਿਨ ਲਗੜਦੀਨ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ
ਥਾਣੇਦਾਰ ਕਾਂ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਗਈਆਂ । ਲਗੜਦੀਨ ਬਹੁਤ ਚਲਾਕ ਸੀ । ਉਹ ਕਿਸੇ ਵੀ ਪੰਛੀ ਨੂੰ ਇਕੱਲਾ
ਵੇਖ ਕੇ ਆਪਣਾ ਕੰਮ ਕਰਦਾ ਤੇ ਛੂ-ਮੰਤਰ ਹੋ ਜਾਂਦਾ ਸੀ ।
ਕੋਈ ਵਾਹ ਨਾ ਚੱਲਦੀ ਵੇਖ ਮੋਰ-ਸਰਪੰਚ ਨੇ ਸਭ ਪੰਖੇਰੂਆਂ ਦੀ ਸਭਾ ਸੱਦ ਲਈ । ਸਭਾ ਵਿੱਚ ਸਭ ਨੇ
ਆਪਣੇ-ਆਪਣੇ ਵਿਚਾਰ ਰੱਖੇ । ਘੁੱਗੀ ਆਂਟੀ ਨੇ ਕਿਹਾ ਕਿ ਕੋਈ ਪੰਛੀ ਇਕੱਲਾ ਨਾ ਘੁੰਮੇ ਫਿਰੇ । ਗੁਟਾਰ ਚਾਚੀ ਨੇ
ਕਿਹਾ ਕਿ ਲਗੜਦੀਨ ਦਾ ਜੱਦੀ ਘਰ ਪਤਾ ਕੀਤਾ ਜਾਵੇ । ਆਪਣੇ ਘਰ ਵਿੱਚੋਂ ਹੀ ਉਹ ਫੜ੍ਹਿਆ ਜਾ ਸਕਦਾ ਹੈ । ਡਾਕਟਰ
ਹਰੀਆਲ ਤੋਤਾ ਘੁੱਗੀ ਅਤੇ ਗੁਟਾਰ ਦੇ ਵਿਚਾਰਾਂ ਨੂੰ ਕੱਟਦਿਆਂ ਬੋਲਿਆ, "ਇਸ ਤਰ੍ਹਾਂ ਕਰਨ ਦਾ ਕੋਈ ਫਾਇਦਾ
ਨਹੀਂ! ਲਗੜਦੀਨ ਬੜਾ ਚਲਾਕ ਹੈ । ਉਹ ਆਪਣੇ ਜੱਦੀ ਘਰ ਵਿੱਚ ਸਿੱਧਾ ਨਹੀਂ ਪਹੁੰਚਦਾ ਹੋਣਾ । ਉਹ ਇਕੱਲੇ ਇਕਹਿਰੇ
ਪੰਛੀ ਦਾ ਘਾਣ ਕਰਕੇ ਲੁਕ ਛਿਪ ਕੇ ਜਾਂ ਘਚਾਨੀ ਦੇ ਕੇ ਆਪਣੇ ਘਰ ਪਹੁੰਚਦਾ ਹੋਵੇਗਾ । ਹੋ ਸਕਦਾ ਹੈ ਕਿ ਉਸਦੇ
ਜੱਦੀ ਘਰ ਵਿੱਚ ਹੋਰ ਬਹੁਤ ਸਾਰੇ ਉਸਦੇ ਸਕੇ ਸਬੰਧੀ ਹੋਣ । ਉਹ ਵੀ ਉਸੇ ਦਾ ਹੀ ਸਾਥ ਦੇਣਗੇ! ਰਹੀ ਗੱਲ ਇਕੱਠੇ
ਝੁੰਡ ਬਣਾ ਕੇ ਰਹਿਣ ਦੀ, ਇਹ ਵੀ ਇਸ ਸਮੱਸਿਆ ਦਾ ਪੂਰਨ ਹੱਲ ਨਹੀਂ ਹੈ । ਕਦੇ ਨਾ ਕਦੇ, ਕੋਈ ਨਾ ਕੋਈ ਪੰਛੀ
ਇਕੱਲਾ ਫਿਰਦਾ ਉਸ ਦੇ ਅੜਿੱਕੇ ਆ ਹੀ ਜਾਵੇਗਾ!ਜਿਵੇਂ ਮੁੱਲੋ ਮੁਰਗ਼ਾਬੀ ਦਾ ਬੱਚਾ ਆਪਣੇ ਤਲਾਬ ਵਿੱਚੋਂ ਨਿਕਲ
ਕੇ ਇਕੱਲਾ ਸਕੂਲ ਆਉਂਦਿਆਂ ਉਸ ਉਠਾ ਲਿਆ ਸੀ । "
ਮੈਨਾ ਮੈਡਮ ਲਗੜਦੀਨ ਦੇ ਜ਼ੁਲਮਾਂ ਤੋਂ ਬੜੀ ਦੁਖੀ ਹੋਈ ਪਈ ਸੀ । ਉਸ ਦੇ ਸਕੂਲ ਵਿੱਚ ਲਗੜਦੀਨ ਦੇ
ਡਰ ਕਾਰਨ ਪੰਖੇਰੂਆਂ ਦੀ ਗਿਣਤੀ ਬਹੁਤ ਘੱਟ ਗਈ ਸੀ । ਉਹ ਚੁੱਪਚਾਪ ਬੈਠੀ ਸਭ ਦੇ ਵਿਚਾਰ ਸੁਣ ਰਹੀ ਸੀ । ਉਹ ਨੂੰ
ਕਿਸੇ ਦਾ ਵੀ ਵਿਚਾਰ ਵਜ਼ਨਦਾਰ ਨਹੀਂ ਸੀ ਲੱਗ ਰਿਹਾ । ਮੋਰ-ਸਰਪੰਚ ਵੀ ਅਜੇ ਤੱਕ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸੀ
ਹੋ ਸਕਿਆ । ਚੁੱਪਚਾਪ ਬੈਠੀ ਮੈਨਾ ਮੈਡਮ ਨੇ ਆਪਣਾ ਇੱਕ ਵਿਚਾਰ ਪੇਸ਼ ਕੀਤਾ, ਜੋ ਮੋਰ-ਸਰਪੰਚ ਸਮੇਤ ਮੈਨਾ
ਮੈਡਮ ਦਾ ਵਿਚਾਰ ਸਭ ਨੂੰ ਪਸੰਦ ਆ ਗਿਆ । ਸਭ ਨੇ ਮੈਨਾ ਮੈਡਮ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਤਾੜੀ
ਵਜਾ ਕੇ ਆਪਣੀ ਏਕਤਾ ਦਾ ਸਬੂਤ ਪੇਸ਼ ਕੀਤਾ ।
ਅਗਲੇ ਦਿਨ ਮੈਨਾ ਮੈਡਮ ਦੇ ਸਕੂਲ ਵਿੱਚ ਸਭ ਪੰਛੀ ਲੁਕ ਛਿਪਕੇ ਬੈਠ ਗਏ । ਮੈਨਾ ਮੈਡਮ
ਥੋੜ੍ਹੇ ਜਿਹੇ ਪੰਛੀ ਬੱਚਿਆਂ ਨੂੰ ਲੈ ਕੇ ਗਰਾਉਂਡ ਵਿੱਚ ਪੜ੍ਹਾਉਣ ਬੈਠ ਗਈ । ਮੁੱਲੋ ਮੁਰਗ਼ਾਬੀ ਦਾ ਬੱਚਾ
ਮੈਨਾ ਮੈਡਮ ਨੇ ਥੋੜ੍ਹੀ ਦੂਰੀ 'ਤੇ ਹੀ ਇੱਕ ਕੁਰਸੀ ਉੱਪਰ ਬਿਠਾ ਦਿੱਤਾ । ਉਸ ਦੀ ਲੱਤ ਰੱਸੀ ਪਾ ਕੇ ਕੁਰਸੀ ਨਾਲ
ਬੰਨ੍ਹੀ ਹੋਈ ਸੀ । ਲਗੜਦੀਨ ਇਕੱਲਾ ਪੰਛੀ ਵੇਖ ਕੇ ਹੀ ਹਮਲਾ ਕਰਦਾ ਸੀ । ਉਸ ਨੇ ਮੁੱਲੋ ਮੁਰਗਾਬੀ ਦੇ ਬੱਚੇ ਨੂੰ
ਇਕੱਲਾ ਕੁਰਸੀ 'ਤੇ ਬੈਠਾ ਵੇਖ ਕੇ ਹਮਲਾ ਬੋਲ ਦਿੱਤਾ । ਉਸ ਨੇ ਮੁਰਗ਼ਾਬੀ ਦੇ ਬੱਚੇ ਨੂੰ ਚੁੱਕਿਆ ਤੇ ਉੱਡ
ਪਿਆ । ਅਚਾਨਕ ਮੁਰਗ਼ਾਬੀ ਦੇ ਬੱਚੇ ਪੈਰਾਂ ਵਿੱਚ ਬੰਨ੍ਹੀ ਰੱਸੀ ਨੂੰ ਖਿੱਚ ਪੈ ਗਈ । ਉੱਪਰ ਉੱਡਦਾ ਲਗੜਦੀਨ ਬੱਚੇ
ਸਮੇਤ ਧਰਤੀ 'ਤੇ ਡਿੱਗ ਪਿਆ । ਬੱਸ ਫਿਰ ਕੀ ਸੀ ? ਸਭ ਲੁਕ ਕੇ ਬੈਠੇ ਪੰਛੀਆਂ ਨੇ ਲਗੜਦੀਨ 'ਤੇ ਹਮਲਾ ਕਰ
ਦਿੱਤਾ । ਅਚਾਨਕ ਹੋਏ ਹਮਲੇ ਨਾਲ ਲਗੜਦੀਨ ਡਾਢਾ ਹੀ ਘਬਰਾ ਗਿਆ । ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ । ਸਭ
ਪੰਛੀਆਂ ਨੇ ਮਿਲਕੇ ਉਸ ਨੂੰ ਆਣ ਦਬੋਚਿਆ । ਚੁੰਝਾਂ ਅਤੇ ਪੰਜਿਆਂ ਨਾਲ ਲਗੜਦੀਨ ਨੂੰ ਲਹੂ-ਲੁਹਾਨ ਕਰ
ਦਿੱਤਾ । ਉਸ ਨੇ ਉੱਡ ਤਾਂ ਕੀ ਸਕਣਾ ਸੀ ਉਹ ਤਾਂ ਤੁਰਨ ਦੇ ਵੀ ਕਾਬਲ ਨਹੀਂ ਸੀ ਰਿਹਾ । ਉਸ ਦੇ ਪੰਖ ਪੁੱਟੇ ਜਾ ਚੁੱਕੇ
ਸਨ । ਉਸ ਦੀ ਇੱਕ ਲੱਤ ਵੀ ਟੁੱਟ ਗਈ ਸੀ । ਚੰਗੀ ਤਰ੍ਹਾਂ ਮੁਰੰਮਤ ਕਰਨ ਦੇ ਬਾਅਦ ਉਸ ਨੂੰ ਥਾਣੇਦਾਰ ਕਾਂ ਦੇ
ਹਵਾਲੇ ਕਰ ਦਿੱਤਾ ਗਿਆ ਸੀ । ਥਾਣੇਦਾਰ ਨੇ ਉਸ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ । ਮੁੱਲੋ
ਮੁਰਗ਼ਾਬੀ ਦੇ ਬੱਚੇ ਨੂੰ ਵੀ ਮਾਮੂਲੀ ਚੋਟ ਆਈ ਸੀ । ਉਸ ਨੂੰ ਡਾਕਟਰ ਹਰੀਅਲ ਤੋਤੇ ਨੇ ਆਪਣੇ ਹਸਪਤਾਲ ਵਿੱਚੋਂ
ਇਲਾਜ਼ ਕਰਵਾ ਕੇ ਠੀਕ ਕਰ ਦਿੱਤਾ ਸੀ । ਸਭ ਪੰਛੀ ਮੁਰਗ਼ਾਈ ਦੇ ਬੱਚੇ ਨੂੰ ਡਾਢਾ ਪਿਆਰ ਕਰ ਰਹੇ ਸਨ ।