Paneeri (Punjabi Story) : Mir Tanha Yousafi

ਪਨੀਰੀ (ਕਹਾਣੀ) : ਮੀਰ ਤਨਹਾ ਯੂਸਫ਼ੀ

ਵੇਲਾ ਹੱਥੋਂ ਨਿਕਲਦਾ ਜਾ ਰਿਹਾ ਸੀ। ਝੋਨਾ ਲਾਣ ਦੇ ਦਿਨ ਮੁੱਕਦੇ ਜਾ ਰਹੇ ਸਨ ਤੇ ਮੀਰ ਬਖਸ਼ ਦੇ ਰਕਬੇ ਦਾ ਪੂਰਾ ਇਕ ਕਿੱਲਾ ਅਜੇ ਵੀ ਉਂਜ ਹੀ ਸੱਖਣਾ ਪਿਆ ਹੋਇਆ ਸੀ। ਜ਼ਮੀਨ ਤਿਆਰ ਸੀ। ਖਾਦ ਘੁਲੇ ਗੋਡੇ-ਗੋਡੇ ਖਲੋਤੇ ਪਾਣੀ ਵਾਲਾ ਉਹ ਕਿੱਲਾ, ਪੈਲੀ ਘੱਟ ਤੇ ਛੱਪੜ ਬਹੁਤਾ ਲੱਗ ਰਿਹਾ ਸੀ। ਸਾਫ਼ ਨਜ਼ਰ ਆ ਰਿਹਾ ਸੀ ਪਈ ਆਉਂਦੇ ਦਿਨਾਂ ਦੀ ਸੌਣ ਭਾਦੋਂ ਦੀ ਵਾਛੜ ਨਾਲ ਇਸ ਥਾਂ ਨੇ ਛੱਪੜ ਦਾ ਛੱਪੜ ਈ ਰਹਿਣਾ ਏ ਤੇ ਓੜਕ ਕਣਕਾਂ ਦਾ ਬੀ ਸੁਟਣ ਤਾਈਂ, ਪਾਣੀ ਉਡਣ, ਸੁੱਕਣ ਪਿਛੋਂ ਭੋਂਏ ਨੇ ਉੱਕਾ ਪੱਥਰ ਹੋ ਜਾਣਾ ਏ। ਮੀਰ ਬਖਸ਼ ਨੂੰ ਕੱਖ ਸਮਝ ਨਹੀਂ ਸੀ ਆ ਰਹੀ ਪਈ ਕੀ ਕਰੇ? ਮੁੰਜੀ ਦਾ ਘਾਟਾ ਆਪਣੀ ਥਾਂ, ਕਣਕ ਲਈ ਜ਼ਮੀਨ ਦੀ ਤਿਆਰੀ ਲਈ ਜਿਹੜੀ ਦੂਹਰੀ ਮਿਹਨਤ ਤੇ ਮੁਸ਼ੱਕਤ ਕਰਨੀ ਪੈਣੀ ਸੀ, ਉਹ ਵੇਲੇ ਤੋਂ ਪਹਿਲਾਂ ਹੀ ਭੂਤ ਬਣ-ਬਣ ਉਨ੍ਹਾਂ ਨੂੰ ਡਰਾ ਰਹੀ ਸੀ।
ਆਪਣੇ ਪਿੰਡ ਵਾਲਿਆਂ ਨੇ ਹੁੱਸੜ ਤੇ ਚਮਾਸੇ ਦੀ ਪਰਵਾਹ ਕੀਤੇ ਬਿਨਾਂ ਪਨੀਰੀ ਦਾ ਇਕ ਇਕ ਤੀਲਾ ਗੱਡ ਲਿਆ ਹੋਇਆ ਸੀ ਤੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਤੋਂ ਕਿਧਰੋਂ ਵੀ ਕੋਈ ਵਾਤ ਨਹੀਂ ਸੀ ਪਈ ਪੈਂਦੀ, ਇਹੋ ਜਿਹੇ ਵੇਲੇ ਮੌਲਵੀ ਅਬਦੁਲ ਖਾਲਕ ਹੀ ਕੰਮ ਆਉਂਦਾ ਹੁੰਦਾ ਸੀ, ਪਰ ਉਹ ਪਿਛਲੇ ਕਈ ਦਿਨਾਂ ਤੋਂ ਖੌਰੇ ਕਿੱਧਰ ਗਿਆ ਹੋਇਆ ਸੀ।
ਸੋਚਾਂ ਦੇ ਵੇਲਣੇ ਵਿਚ ਦਲਿਆ, ਮੀਰ ਬਖਸ਼ ਰੋਟੀ ਖਾਣ ਲੱਗਦਾ ਤਾਂ ਬੁਰਕੀ ਸੰਘੋਂ ਥੱਲੇ ਨਾ ਲਹਿੰਦੀ। ਉਹਦੇ ਕੋਲ ਮਿਲ ਮਿਲਾ ਕੇ ਸਾਢੇ ਤਿੰਨ ਕਿੱਲੇ ਤਾਂ ਸੀ ਜਿਹਦੇ ਵਿਚੋਂ ਉਹਨੇ ਸਾਰੇ ਸਾਲ ਦੀ ਰੋਟੀ, ਕੱਪੜੇ ਤੇ ਦਵਾਈਆਂ ਜੋਗਾ ਖੱਟਣਾ ਹੁੰਦਾ ਸੀ। ਇਸੇ ਗੁਰਬਤ ਹੱਥੋਂ ਉਹਨੇ ਨਾ ਮੁੰਡੇ, ਨਾ ਕੁੜੀਆਂ ਕਿਸੇ ਨਿਆਣੇ ਨੂੰ ਸਕੂਲ ਦਾ ਮੂੰਹ ਨਹੀਂ ਸੀ ਵਿਖਾਇਆ। ਆਪਣੇ ਰਕਬੇ ਦੀ ਅੱਧੀ ਕਿੱਲਾ ਪੈਲੀ ਵਿਚ ਉਹਨੇ ਸਬਜ਼ੀਆਂ ਲਾਈਆਂ ਹੋਈਆਂ ਸਨ ਜਿਹਨਾਂ ਨੂੰ ਟੋਕਰਾ ਟੋਕਰਾ ਵੇਚ ਕੇ ਉਹ ਰੋਜ਼ ਦੇ ਰੋਜ਼ ਲੋੜੀਂਦੀਆਂ ਚੀਜ਼ਾਂ ਘਰ ਲਿਆਉਂਦਾ ਸੀ। ਢਾਈ ਕਿੱਲੇ ਉਹਨੇ ਕਣਕ ਤੇ ਚਾਵਲਾਂ ਲਈ ਛੱਡੇ ਹੋਏ ਸਨ। ਇਨ੍ਹਾਂ ਢਾਈ ਪੈਲੀਆਂ ਦੀ ਕਮਾਈ ਨਾਲ ਉਹ ਘਰ ਦੇ ਦੂਜੇ ਬਖੇੜੇ ਨਿਬੇੜਦਾ ਸੀ।
ਮੌਲਵੀ ਅਬਦੁਲ ਖਾਲਕ, ਮੀਰ ਬਖਸ਼ ਦਾ ਬਚਪਨ ਦਾ ਯਾਰ ਤੇ ਇਕ ਵੱਖਰੀ ਜਿਹੀ, ਅਨੋਖੀ, ਅਸਚਰਜ ਰੂਹ ਸੀ। ਲੋਕ ਮਖੌਲ ਵਿਚ ਉਹਨੂੰ ਜਹਾਨੀਆਂ ਜਹਾਂ ਗਸ਼ਤ ਦਾ ਮਰੀਦ ਆਖਦੇ ਸਨ।
ਮੌਲਵੀ ਦੇ ਪੈਰਾਂ ਵਿਚ ਜਿਵੇਂ ਬਿੱਲੀਆਂ ਬੱਧੀਆਂ ਹੋਈਆਂ ਸਨ। ਉਹ ਪਹਿਲਾਂ ਵੀ ਘੱਟ ਨਹੀਂ ਸੀ ਕਰਦਾ ਪਰ ਜਦੋਂ ਦੀ ਪਿੰਡ ਵਾਲੀ ਮਸਜਦ ਉਹਦੇ ਵੱਡੇ ਮੁੰਡੇ ਨੇ ਸਾਂਭ ਲਈ ਸੀ, ਮੌਲਵੀ ਅਬਦੁਲ ਖਾਲਕ ਪਿੰਡ ਵਿਚ ਟਿਕਦਾ ਹੀ ਨਹੀਂ ਸੀ। ਕੋਈ ਪੁੱਛਦਾ ਤਾਂ ਕਹਿੰਦਾ, ''ਫਿਰਨ ਟੁਰਣ ਨਾਲ ਅੱਲਾ ਸਥਾਨਾ ਤਾਲਾ ਦੀ ਮਖਲੂਕਾਤ ਬਾਰੇ ਜ਼ਿਆਦਾ ਤੋਂ ਜ਼ਿਆਦਾ ਇਲਮ ਹਾਸਲ ਹੁੰਦਾ ਏ। ਬੰਦਾ ਰੰਗ-ਰੰਗ ਦੇ ਇਨਸਾਨਾਂ ਨੂੰ ਮਿਲਦਾ ਏ, ਵੰਨ ਸੁਵੰਨੇ ਨਜ਼ਾਰੇ ਵੇਖਦਾ ਏ? ਪਰਿੰਦੇ ਚਰਿੰਦ ਤੇ ਦਰਿੰਦ ਬਾਰੇ ਜਾਣਕਾਰੀ ਹੁੰਦੀ ਏ, ਠੰਡ ਤੱਤ ਦਾ ਪਤਾ ਲੱਗਦਾ ਏ, ਇਹ ਸਭ ਰੱਬ ਸੋਹਣੇ ਦੀਆਂ ਨਿਸ਼ਾਨੀਆਂ ਨੇ ਤੇ ਇਨ੍ਹਾਂ ਨਿਸ਼ਾਨੀਆਂ ਤੋਂ ਬੰਦੇ ਨੂੰ ਉਹਦੀ ਜਾਤ ਬਾਬਰਕਾਤ ਦੇ ਅਸਰਾਰ ਸਮਝਣ ਵਿਚ ਸਹੂਲਤ ਹੁੰਦੀ ਏ।'' ਸੁਨਣ ਵਾਲਾ, ''ਜੀ ਮੌਲਵ ਜੀ! ਠੀਕ ਏ।'' ਆਖ ਕੇ ਇਹ ਤਕਰੀਰ ਰਾਹ ਵਿਚ ਈ ਟੁੱਕ ਦੇਂਦਾ, ਸਲਾਮ ਕਰਦਾ ਤੇ ਜਿਵੇਂ ਜਾਨ ਛੁਡਾ ਕੇ ਨੱਸ ਖਲੋਂਦਾ।
ਉਸ ਦਿਨ ਪਹੇ ਦੇ ਬੰਨੇ ਬੈਠੇ ਹੁੱਕਾ ਗੜ੍ਹਕਾਂਦੇ ਮੀਰ ਬਖਸ਼ ਦੀ ਮੌਲਵੀ ਨਾਲ ਖੌਰੇ ਮੁਲਾਕਾਤ ਨਾ ਹੀ ਹੁੰਦੀ ਪਰ ਇਕ ਤਾਂ ਡੂੰਘੀ ਡੀਗਰ ਹੋ ਜਾਣ ਪਿਛੋਂ ਵੀ ਉਹਦਾ ਘਰ ਵੱਲ ਜਾਣ ਨੂੰ ਦਿਲ ਨਹੀਂ ਸੀ ਪਿਆ ਕਰਦਾ ਕਿ ਉਥੇ ਘਰ ਵਾਲੀ ਨੇ ਫੇਰ ਉਹਨੂੰ ਪੁੱਛਣਾ ਸੀ, ''ਕੋਈ ਬੰਦੋਬਸਤ ਹੋਇਆ ਜੇ?'' ਤੇ ਉਹਦੇ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਦੂਜਾ ਬੜੇ ਦਿਨਾਂ ਪਿਛੋਂ ਹਵਾ ਵਿਚ ਜ਼ਰਾ ਕੁ ਠੰਡਾ ਬੁੱਲਾ ਚਲ ਰਿਹਾ ਸੀ, ਲੱਗਦਾ ਸੀ ਦੂਰ ਕਿਧਰੇ ਸੌਣ ਦੇ ਬੱਦਲਾਂ ਦੇ ਅਗੇਤਰੇ ਸਾਥੀਆਂ ਨੇ ਭੋਏਂ ਨੂੰ ਤਰੌਂਕਾ ਦਿੱਤਾ ਸੀ। ਮੀਰ ਬਖਸ਼ ਕਿੰਨੀ ਹੀ ਦੇਰ ਦਾ ਉਥੇ ਬੈਠਾ ਚੜ੍ਹਦੇ ਵੱਲ ਦੇ ਅਸਮਾਨ ਉਤੇ ਬੱਦਲ ਲੱਭਦਾ ਪਿਆ ਸੀ, ਜਿਹੜੇ ਨਜ਼ਰੀਂ ਤਾਂ ਨਹੀਂ ਸਨ ਪੈਂਦੇ ਪਰ ਪੁਰੇ ਵਿਚ ਆਪਣੀ ਹੋਂਦ ਦਾ ਪੂਰਾ ਪਤਾ ਦੇ ਰਹੇ ਸਨ।
ਮੌਲਵੀ ਅਬਦੁਲ ਖਾਲਕ ਨੂੰ ਫਿਰਨ ਤੁਰਨ ਦਾ ਝੱਲ ਸੀ। ਉਹ ਸੱਚੀ ਮੁੱਚੀ ਨਿਰਾ ਫਿਰਦਾ ਤੇ ਤੁਰਦਾ ਈ ਹੁੰਦਾ ਸੀ, ਟਾਂਗੇ, ਗੱਡੀਆਂ, ਸਾਈਕਲ, ਬੱਸਾਂ, ਟਰੱਕ, ਟਰਾਲੀਆਂ, ਕਾਰਾਂ, ਰਿਕਸ਼ੇ ਤੇ ਇੰਝ ਦੀਆਂ ਦੀ ਹੋਰ ਉਹ ਸ਼ੈਆਂ ਜਿਹਨਾਂ ਤੋਂ ਬਹੁਤ ਅੱਗੋਂ ਲੰਘ ਕੇ ਅਜੋਕੇ ਇਨਸਾਨ ਹੈਲੀਕਾਪਟਰਾਂ, ਹਵਾਈ ਜਹਾਜ਼ ਤੇ ਰਾਕਟਾਂ ਤਾਈਂ ਅੱਪੜ ਗਏ ਸਨ, ਤਾਂ ਉਹਦੇ ਲਈ ਉੱਕਾ ਬੇਕਾਰ ਫਜ਼ੂਲ ਚੀਜਾਂ ਸਨ। ਉਹ ਆਪਣੇ ਪੈਰਾਂ ਨਾਲ ਪੰਧ ਕੱਟਣ ਦਾ ਗਿੱਝਿਆ ਹੋਇਆ ਸੀ। ਉਹ ਕਹਿੰਦਾ ਸੀ, ''ਇਨਸਾਨ ਦੀ ਅੱਖ ਜੋ ਕੁਝ ਵੇਖਦੀ ਏ ਉਹਨੂੰ ਸਮਝਣ ਵਿਚ ਦਿਮਾਗ ਜ਼ਰਾ ਥੋੜ੍ਹੀ ਦੇਰ ਲਾਉਂਦਾ ਏ। ਚੁਨਾਚਿ ਪੈਦਲ ਬੰਦਾ ਆਪਣੇ ਇਰਦ-ਗਿਰਦ ਦੇ ਮਾਹੌਲ ਦਾ ਮਾਸ਼ਹਦਾ ਜਿੰਨੀ ਚੰਗੀ ਤਰ੍ਹਾਂ ਕਰ ਸਕਦਾ ਏ, ਉਹ ਸਵਾਰ ਦੇ ਨਸੀਬ ਵਿਚ ਨਹੀਂ। ਤੇਜ਼ ਰਫਤਾਰੀ ਨਾਲ ਅੱਖ ਅੱਗੇ ਨੂੰ ਨਿਕਲ ਜਾਂਦੀ ਏ ਤੇ ਦਿਮਾਗ ਵਿਚਾਰਾ ਪਿੱਛੇ ਭੰਬਲ ਭੂਸੇ ਖਾਂਦਾ ਰਹਿ ਜਾਂਦਾ ਏ। ਪੈਦਲ ਬੰਦਾ ਜੋ ਕੁੱਝ ਵੇਖਦਾ ਏ ਉਹ ਸੱਚੀ-ਮੁੱਚੀ ਵੇਖਦਾ ਏ, ਤੇ ਸਵਾਰੀ ਉਤੇ ਬੈਠੇ ਨੂੰ ਐਵੇਂ ਇਕ ਝਲਕ ਈ ਲੱਭਦੀ ਏ। ਜਿਵੇਂ ਕੋਈ ਸੁਫਨਾ ਆਇਆ ਤੇ ਲੰਘ ਗਿਆ। ਬਾਅਦ ਵਿਚ ਉਹ ਸੋਚਦਾ ਈ ਰਹਿੰਦਾ ਏ ਪਈ ਕੀ ਨਜ਼ਰੀ ਪਿਆ ਸੀ ਤੇ ਜੋ ਵੀ ਉਹ ਹੈ ਸੀ ਉਹਦਾ ਮਤਲਬ, ਉਹਦੀ ਹਕੀਕਤ ਕੀ ਸੀ?'
ਸੁਣਨ ਵਾਲਾ, ''ਜੀ ਮੌਲਵੀ ਜੀ! ਸੱਚ'' ਆਖ ਕੇ ਇਧਰ-ਉਧਰ ਹੋਣ ਲੱਗਦਾ ਏ ਤੇ ਮੌਲਵੀ ਅਬਦੁਲ ਖਾਲਕ ਕਹਿੰਦਾ ਹੈ, ''ਖਲੋ ਜਾ ਭਲਿਆ। ਵੇਖ ਨਾ, ਪਿਛਲੇ ਜਮਾਨਿਆਂ ਦੇ ਲੋਕ... ਮੇਰਾ ਮਤਲਬ ਏ ਆਪਣੇ ਵਾਰਿਸ ਸ਼ਾਹ, ਬੁੱਲ੍ਹਾ ਸ਼ਾਹ, ਮੀਆਂ ਮੁਹੰਮਦ ਬਖਸ਼.. ਅਖੇ ''ਕਿੱਕਰ ਤੇ ਅੰਗੂਰ ਚੜ੍ਹਾਇਆ, ਹਰ ਗੁੱਛਾ ਜਖ਼ਮਾਇਆ'' ਤੂੰ ਆਪ ਈ ਸੋਚ। ਜੇ ਮੀਆਂ ਹੁਰਾਂ ਨੀਝ ਲਾ ਕੇ ਨਾ ਵੇਖਿਆ ਹੁੰਦਾ ਤਾਂ ਕਿੰਝ ਜਾਣ ਸਕਦੇ ਸਨ ਪਈ ਕਿੱਕਰ ਤੇ ਅੰਗੂਰ ਦੀ ਯਾਰੀ ਕੀ ਹੁੰਦੀ ਏ ਤੇ ਉਹ ਕਾਹਤੋਂ ਨਹੀਂ ਨਿਭ ਸਕਦੀ। ਵਾਰਿਸ ਸ਼ਾਹ ਨੇ ਪਿੰਡ-ਪਿੰਡ ਨਾ ਫਿਰਿਆ ਹੁੰਦਾ ਤਾਂ 'ਹੀਰ' ਵਿਚ ਵਰਤੀ ਪੰਜਾਬੀ ਦੀ ਸੱਤਰੰਗੀ ਪੀਂਘ ਕਿਥੋਂ ਹੁਲਾਰੇ ਲੈਂਦੀ ਹੋਈ ਦਿਸਣੀ ਸੀ। ਬਾਬਾ ਬੁੱਲ੍ਹਾ ਉਥੇ ਕਸੂਰ ਵਿਚ ਈ ਰਿਹਾ ਹੁੰਦਾ ਤਾਂ ਉਹ ਕਾਫੀਆਂ ਜਿਹੜੀਆਂ ਕਲੇਜਾ ਚੀਰ ਜਾਂਦੀਆਂ ਨੇ, ਕਿਥੋਂ ਲਿਖਦਾ..। ਭਾਈਆ ਫਿਰਿਆ ਤੁਰਿਆ ਕਰ...।''
ਦਿਨ ਦਾ ਵੇਲਾ ਡੀਗਰ ਦੀ ਕੰਧ ਚੜ੍ਹ ਕੇ ਸ਼ਾਮ ਦੇ ਕਿੰਗਰੇ ਨੂੰ ਹੱਥ ਪਾਣ ਈ ਵਾਲਾ ਸੀ ਜਦੋਂ ਮੀਰ ਬਖਸ਼ ਨੇ ਦੂਰੋਂ ਮੌਲਵੀ ਅਬਦੁਲ ਖਾਲਕ ਨੂੰ ਵੇਖਿਆ, ਜਿਹੜਾ ਮਜ਼ੇ ਨਾਲ ਤੁਰਦਾ-ਤੁਰਦਾ ਵੱਡੀ ਸੜਕ ਵਲੋਂ ਪਿੰਡ ਨੂੰ ਪਿਆ ਆਂਵਦਾ ਸੀ।
ਮੀਰ ਬਖਸ਼ ਨੇ ਸਲਾਮ ਵਿਚ ਪਹਿਲ ਕੀਤੀ, ਖਲੋ ਗਿਆ। ਜਵਾਬ ਦੇ ਕੇ ਮੌਲਵੀ ਅਬਦੁਲ ਖਾਲਕ ਨੇ ਜੱਫਾ ਪਾ ਕੇ ਹਾਲ ਪੁੱਛਿਆ।
ਮੀਰ ਬਖਸ਼ ਰਵਾ-ਰਵੀ ਵਿਚ ਕਹਿ ਗਿਆ, ''ਅੱਲਾ ਦਾ ਸ਼ੁਕਰ ਏ। ਤੂੰ ਸੁਣਾ।''
''ਖੈਰ... ਸੁੱਖ! ਅਲਹਮਦ ਲਿਲਾ! ਹੋਰ ਕੀ ਹਾਲ ਏ।'' ਮੌਲਵੀ ਅਬਦੁਲ ਖਾਲਕ ਬੰਨੇ ਦੇ ਹਰੇ-ਹਰੇ ਘਾਹ ਉਤੇ ਬਹਿ ਗਿਆ।
''ਸਭ ਠੀਕ ਏ..।'' ਮੀਰ ਬਖਸ਼ ਵੀ ਬਹਿ ਗਿਆ ਤੇ ਹੁੱਕੇ ਦੀ ਨਲੀ ਫੜ ਲਈ।
''ਯਾਰ ਮੀਰ ਬਖਸ਼ਾ! .... ਤੈਨੂੰ ਉਂਝ ਸ਼ਰਮ ਤਾਂ ਨਹੀਂ ਆਉਂਦੀ। ਬਚਪਨ ਦਾ ਸਾਥੀ ਹੋ ਕੇ ਵੀ ਝੂਠ ਪਿਆ ਮਾਰਨਾ ਏ।'' ਮੌਲਵੀ ਅਬਦੁਲ ਖਾਲਕ ਵੱਖੀਓਂ ਬੋਲਿਆ।
''ਨਹੀਂ ਯਾਰ ਮੌਲਵੀ! ਆਖਿਆ ਏ ਨਾ ਸਭ ਖੈਰ ਏ।'' ਮੀਰ ਬਖਸ਼ ਨੇ ਮੌਲਵੀ ਅਬਦੁਲ ਖਾਲਕ ਨਾਲ ਅੱਖਾਂ ਮਿਲਾਏ ਬਿਨਾ ਜਵਾਬ ਦੇ ਕੇ ਚੰਗਾ ਭਰਵਾਂ ਸੂਟਾ ਲਾਇਆ।
''ਚੱਲ ਠੀਕ ਏ! ਤੂੰ ਕਹਿਨਾ ਏਂ ਸਭ ਠੀਕ ਏ ਤੇ ਮੈਂ ਵੀ ਮੰਨ ਲੈਂਦਾ ਵਾਂ। ਪਰ ਮੈਂ ਤੈਨੂੰ ਪੂਰੀਆਂ ਇਕ ਦਰਜਨ ਦਲੀਲਾਂ ਦੇ ਕੇ ਇਹ ਸਾਬਤ ਕਰ ਸਕਨਾ ਵਾਂ ਕਿ ਸਭ ਠੀਕ ਨਹੀਂ ਏ... ਹੁਣ ਇਹ ਬਕਵਾਸ ਇਕ ਪਾਸੇ ਕਰ ਤੇ ਅਸਲੀ ਗੱਲ ਦੱਸ... ਬਿਰਕ ਪਓ।'' ਮੌਲਵੀ ਬੜਾ ਪੋਲਾ-ਪੋਲਾ, ਪਿਆਰ ਤੇ ਝੂਠੇ-ਮੂਠੇ ਗੁੱਸੇ ਨਾਲ ਬੋਲੀ ਗਿਆ।
ਮੀਰ ਬਖਸ਼ ਜ਼ਰਾ ਕੁ ਹੱਸਿਆ ਤੇ ਬੋਲਿਆ, ''ਮੌਲਵੀ ਉਂਝ ਤੂੰ ਹੈ ਬੜਾ ਖਚਰਾ। ਤੇ ਨਾਲ ਈ ਉਹਨੇ ਆਪਣੇ ਖਾਲੀ ਕਿੱਲੇ ਵੱਲ ਉਂਗਲ ਚੁੱਕ ਦਿੱਤੀ।
ਮੌਲਵੀ ਅਬਦੁਲ ਖਾਲਕ ਨੇ ਨਜ਼ਰ ਭਰ ਕੇ ਪੈਲੀ ਵੱਲ ਵੇਖਿਆ, ਸੱਜੇ ਖੱਬੇ ਧਿਆਨ ਮਾਰਿਆ ਤੇ ਬੋਲਿਆ, ''ਤੈਨੂੰ ਤਾਂ ਮੈਂ ਪਹਿਲੋਂ ਈ ਆਖਿਆ ਸੀ, ਪਈ ਥੁੜ ਜਾਣੀ ਏ। ਪਰ ਤੂੰ ਕਦੇ ਕਿਸੇ ਦੀ ਸੁਣੀ ਏ, ਉਹੋ ਈ ਹੋਇਆ ਏ ਨਾ।''
''ਆਹੋ ਯਾਰ! ਪਰ ਹੁਣ...?'' ਮੀਰ ਬਖਸ਼ ਜ਼ਰਾ ਕੁ ਪਚੀ ਜਿਹਾ ਹੋ ਗਿਆ।
''ਚਲ ਖੈਰ ਏ...। ਲਿਆ ਹੁੱਕਾ ਏਧਰ ਕਰ...'' ਮੌਲਵੀ ਅਬਦੁਲ ਖਾਲਕ ਸੂਟਾ ਲਾਂਦਾ-ਲਾਂਦਾ ਰਹਿ ਗਿਆ, ਨੜੀ ਛੱਡੀ ਤੇ ਬੋਲਿਆ, ''ਨਹੀਂ ਯਾਰ! ਨਮਾਜ ਪੜ੍ਹਨੀ ਏ, ਮੂੰਹ ਵਿਚੋਂ ਐਵੇਂ ਈ ਬੋ ਪਈ ਆਵੇਗੀ... ਮਗਰਬ ਹੋਣ ਵਾਲੀ ਏ ਮੈਂ ਚਲਨਾਂ ਵਾਂ... ਅੱਜ ਦੀ ਮਗਰਬ ਖੁੰਝ ਗਈ ਤਾਂ ਕੱਲ ਨਹੀਂ ਲੱਭਣ ਲੱਗੀ। ਤੂੰ ਇੰਝ ਕਰ ਈਸਾ ਤੋਂ ਬਾਅਦ ਹੁੱਕੇ ਸਣੇ... ਇਹ ਜ਼ਰਾ ਤਾਜ਼ਾ ਕਰ ਕੇ.. ਆ ਜਾਵੀਂ। ਉਦੋਂ ਹੁੱਕਾ ਗੁੜਕਾਵਾਂਗੇ, ਗੱਲਾਂ ਕਰਾਂਗੇ ਨਾਲ ਤੇਰੇ ਮਸਲੇ ਦਾ ਹਲ... ਹਲ ਤੇ ਹੈ ਵੇ ਮੇਰੇ ਕੋਲ... ਚੰਗਾ ਹੁਣ ਮੈਂ ਚਲਨਾ ਵਾਂ।'' ਉਹ ਖਲੋ ਗਿਆ। ਟੁਰਨ ਲੱਗਾ ਤੇ ਮੁੜ ਕੇ ਬੋਲਿਆ, ''ਸਗੋਂ ਚੱਲ ਉਠ... ਕਦੀਂ ਤੂੰ ਵੀ ਮੱਥਾ ਟੇਕ ਲਿਆ ਕਰ ਜਾਂ ਮੁਆਫ ਕਰਾ ਕੇ ਆਇਆ ਹੋਇਆਂ ਏਂ।''
ਮੀਰ ਬਖਸ਼ ਉਠ ਖਲੋਤਾ। ਉਹ ਦੋਵੇਂ ਏਧਰ-ਉਧਰ ਦੀਆਂ ਗੱਲਾਂ ਕਰਦੇ ਮਸਜਦ ਜਾ ਵੜ੍ਹੇ। ਨਮਾਜ਼ ਪੜ੍ਹ ਕੇ ਮੀਰ ਬਖਸ਼ ਘਰ ਆ ਗਿਆ, ਰੋਟੀ ਖਾਧੀ ਤੇ ਸੋਚਦਾ ਰਿਹਾ ਪਈ ਮੌਲਵੀ ਨੇ ਗੱਲ ਤੇ ਕੋਈ ਦੱਸੀ ਨਹੀਂ, ਨਿਰੀ ਤਸੱਲੀ ਈਂ ਦੇਂਦਾ ਰਿਹਾ ਏ।
ਈਸਾ ਤੋਂ ਮਗਰੋਂ ਮੌਲਵੀ ਨੇ ਗੱਲਾਂ ਦੀ ਨਵੀਂ ਪਟਾਰੀ ਖੋਲ੍ਹੀ। ਵਿਚ ਜਿਹੇ ਸਾਹ ਲੈਣ ਉਹ ਰੁਕਿਆ ਤਾਂ ਮੀਰ ਬਖਸ਼ ਨੇ ਆਪਣੀ ਗੱਲ ਅੱਗੇ ਰੇੜ੍ਹ ਦਿੱਤੀ। ਮੌਲਵੀ ਬੋਲਿਆ, ''ਏਥੋਂ ਕੋਈ ਪੰਦਰਾਂ ਜਾਂ ਸੋਲ੍ਹਾ ਮੀਲ ਦਾ ਪੈਂਡਾ ਏ, ਉਥੇ ਆਸ਼ਕ ਗੁੱਜਰ ਕੋਲ ਮੈਂ ਪਨੀਰੀ ਵੇਖੀ ਏ। ਮੈਨੂੰ ਯਕੀਨ ਏ ਪਈ ਉਹ ਦੇ ਦੇਵੇਗਾ।''
''ਇਹ ਤੂੰ ਕਿੰਝ ਕਹਿ ਸਕਦਾ ਏਂ।'' ਮੀਰ ਬਖਸ਼ ਐਵੇਂ ਈ ਬੋਲ ਪਿਆ।
''ਯਾਰ ਦੇ ਦੇਵੇਗਾ। ਮੈਂ ਆਖਿਆ ਏ ਨਾ। ਜੇ ਉਹਨੇ ਕੋਈ ਹੁਚਰ ਮੁਚਰ ਕੀਤੀ ਤਾਂ ਮੇਰਾ ਨਾਂ ਲਵੀਂ, ਉਹ ਮੈਨੂੰ ਥੋੜਾ ਬਹੁਤ ਜਾਣਦਾ ਏ। ਉਹਦਾ ਇਕ ਮਸਲਾ ਸੀ... ਖੈਰ ਬੰਦਾ ਈ ਬੰਦੇ ਦੇ ਕੰਮ ਆਉਂਦਾ ਏ।'' ਮੌਲਵੀ ਆਖਿਆ।
''ਤੇ ਫੇਰ ਮੈਂ ਸਵੇਰੇ ਈ ਨਿਕਲ ਜਾਵਾਂ?'' ਮੀਰ ਬਖਸ਼ ਨੇ ਪੁੱਛਿਆ।
''ਲੈ ਤੇ ਹੋਰ ਕੀ।'' ਮੌਲਵੀ ਹੁੱਕੇ ਦਾ ਘੁੱਟ ਭਰ ਕੇ ਬੋਲਿਆ। ''ਦੁਪਹਿਰਾਂ ਤਾਈਂ ਮੁੜ ਆਵੇਂਗਾ। ਅੱਲਾ ਕੀਤਾ ਤੇ ਪਰਸੋਂ ਤੇਰੀ ਪੈਲੀ... ਇਹ ਭਰੀ ਭਰੀ, ਹਰੀ-ਹਰੀ ਹੋ ਜਾਵੇਗੀ।'' ਮੌਲਵੀ ਨੇ ਇਕ ਹੋਰ ਸੂਟਾ ਲਾਇਆ।
ਥੋੜ੍ਹੀ ਦੇਰ ਹੋਰ ਬਹਿ ਕੇ ਮੀਰ ਬਖਸ਼ ਉਠ ਆਇਆ। ਹੁਣ ਉਹਨੂੰ ਸੌਣ ਦੀ ਕਾਹਲ ਸੀ ਪਈ ਸਵੇਰੇ, ਬਹੁਤ ਈ ਸਵੇਰੇ ਸਵੇਰੇ ਉਠਣਾ ਏ। ਪਰ ਮੰਜੀ ਉਤੇ ਪੈਕੇ ਵੀ ਉਹਨੂੰ ਨੀਂਦਰ ਨਾ ਆਈ। ਫਜ਼ਰ ਦੀ ਅਜਾਨ ਹੋਈ ਤਾਂ ਉਹ ਪੈਸੇ ਬੋਝੇ ਵਿਚ ਪਾ ਕੇ ਰਮਜ਼ਾਨ ਕੋਚਵਾਨ ਦੇ ਬੂਹੇ ਜਾ ਵੱਜਾ।
ਰਮਜ਼ਾਨ ਦੇ ਮਿੱਸੀ ਲੂਣੀ ਖਾਂਦਿਆਂ, ਟਾਂਗਾ ਤਿਆਰ ਕਰਦਿਆਂ, ਸੂਰਜ ਉਗਣ ਤੋਂ ਪਹਿਲਾਂ ਦਾ ਚਾਨਣ ਖਿਲਰ ਗਿਆ ਹੋਇਆ ਸੀ।
ਆਸ਼ਕ ਗੁੱਜਰ ਦਾ ਡੇਰਾ ਉਹਦੇ ਪਿੰਡ ਨੂੰ ਜਾਣ ਵਾਲੀ ਵੱਡੀ ਸੜਕ ਤੋਂ ਫਰਲਾਂਗ ਡੇਢ ਈ ਦੂਰ ਸੀ। ਚਾਰ-ਚੁਫੇਰੇ ਕਾਲੀਨ ਵਾਂਗੂੰ ਵਿਛੀ ਮੁੰਜੀ ਦੀ ਹਰਿਆਲੀ ਵਿਚ ਇਕ ਪੈਲੀ ਕੁਝ ਬਹੁਤੀ ਹੀ ਸੰਘਣੀ-ਸੰਘਣੀ, ਹਰੀ ਕਚੂਰ ਪਈ ਦੂਰੋਂ ਦਿਸਦੀ ਸੀ। ਮੀਰ ਬਖਸ਼ ਨੂੰ ਸੁੱਖ ਦਾ ਸਾਹ ਆਇਆ।
ਆਸ਼ਕ ਗੁੱਜਰ ਉਸ ਵੇਲੇ ਡੇਰੇ ਉਤੇ ਨਹੀਂ ਸੀ। ਮੀਰ ਬਖਸ਼ ਨੇ ਰਮਜ਼ਾਨ ਨੂੰ ਟੋਰ ਦਿੱਤਾ ਪਈ ਐਵੇਂ ਈ ਉਡੀਕਣ ਦਾ ਕਿਰਾਇਆ ਵੀ ਭਰਨਾ ਪਵੇਗਾ। ਨਾਲੇ ਕੀ ਪਤਾ ਕੰਮ ਬਣਦਾ ਏ ਕਿ ਨਹੀਂ ਬਣਦਾ...। ਆਸ਼ਕ ਦੀ ਮਰਜ਼ੀ ਦੇਵੇ ਨਾ ਦੇਵੇ। ਆਸ਼ਕ ਗੁੱਜਰ ਕਿਧਰੇ ਸਾਢੇ ਯਾਰ੍ਹਾਂ, ਬਾਰ੍ਹਾਂ ਵਜੇ ਨਾਲ ਆਇਆ।
ਮੀਰ ਬਖਸ਼ ਤਾਂ ਹੈਰਾਨ ਈ ਰਹਿ ਗਿਆ, ਆਉਂਦੇ ਸਾਰ ਧੰਨ ਭਾਗ ਮੇਰੇ, ਕਹਿ ਕੇ ਮਿਲਿਆ, ਮੀਰ ਬਖਸ਼ ਨੂੰ ਜੱਫਾ ਪਾਇਆ, ਮੁੰਡੇ ਘਰ ਵੱਲ ਨਸਾਏ। ਠੰਡਾ ਦੁੱਧ ਸੋਡਾ ਬਣਵਾ ਕੇ ਲਿਆਵਣ ਦਾ ਆਖ ਕੇ ਨਾਲ ਈ ਰੋਟੀ ਦਾ ਸੁਨੇਹਾ ਵੀ ਦੇ ਦਿੱਤਾ। ਆਪ ਮੀਰ ਬਖਸ਼ ਲਈ ਸੂਤਰੀ ਮੰਜੀ ਡਾਹੀ। ਮੀਰ ਬਖਸ਼ ਭਵੰਤਰਿਆਂ ਹੋਇਆਂ ਜਿਵੇਂ ਤਮਾਸ਼ਾ ਈ ਵੇਖਦਾ ਰਿਹਾ। ਜਿਵੇਂ ਇਹ ਸਭ ਕੁੱਝ ਆਪ ਉਹਦੇ ਨਾਲ ਨਹੀਂ ਕਿਸੇ ਹੋਰ ਨਾਲ ਪਿਆ ਹੁੰਦਾ ਏ। ਆਸ਼ਕ ਗੁੱਜਰ ਜੋ ਕੁਝ ਉਹਦੇ ਨਾਲ ਕਰ ਰਿਹਾ ਸੀ, ਇੰਝ ਹੁੰਦਾ ਹੋਇਆ, ਵੇਖਣਾ ਤਾਂ ਦੂਰ ਦੀ ਗੱਲ ਏ, ਸੋਚਣਾ ਵੀ ਜ਼ਰਾ ਔਖਾ ਈ ਸੀ। ਮੀਰ ਬਖਸ਼ ਸਵਾਲੀ ਸੀ, ਸਵਾਲੀ ਨਾ ਸਹੀ, ਗਾਹਕ ਤੇ ਹੈ ਈ ਸੀ। ਪਰ ਗਾਹਕਾਂ ਨੂੰ ਇੰਝ ਠੰਡੇ ਨਹੀਂ ਪਿਆਈਦੇ, ਉਹਨਾਂ ਦੀ ਇੰਜ ਟਹਿਲ ਸੇਵਾ ਨਹੀਂ ਕਰੀਦੀ। ਮੀਰ ਬਖਸ਼ ਐਵੇਂ ਸ਼ਰਮੋਂ-ਸ਼ਰਮੀਂ ਐਵੇਂ ਝੱਕਦਾ-ਝੱਕਦਾ, ਪੁੱਛਦਾ-ਪੁੱਛਦਾ ਰਹਿ ਗਿਆ ਵਈ, ''ਗੁੱਜਰਾ! ਕੀ ਤੂੰ ਆਪਣੇ ਡੇਰੇ ਆਏ ਹਰ ਬੰਦੇ ਨੂੰ ਇੰਝ ਈ ਸਿਰ ਮੱਥੇ ਉਤੇ ਬਹਾਉਂਦਾ ਏ।''
ਮੀਰ ਬਖਸ਼ ਕੁਝ ਆਖਣ ਲੱਗਾ ਤਾਂ ਆਸ਼ਕ ਆਖਿਆ, ''ਭਾਈਆ! ਗੱਲਾਂ ਵੀ ਕਰਨੇ ਆ ਪਹਿਲਾਂ ਜ਼ਰਾ ਖਾ ਪੀ ਲਈਏ, ਕੀ ਖਿਆਲ ਏ? ਤੂੰ ਜ਼ਰਾ ਖੁੱਲ੍ਹਾ ਕੋ ਬਹੋ ਯਾਰ.. ਆਹੋ... ਮੈਂ ਜ਼ਰਾ ਨਾਲ ਦੇ ਪਿੰਡ ਗਿਆ ਹੋਇਆ ਸਾਂ... ਉਥੇ ਬੰਦੇ ਭਿੜ ਪਏ ਸਨ...'' ਸਾਹ ਲੈ ਕੇ ਜਿਵੇਂ ਸੋਚਦਾ ਹੋਇਆ ਬੋਲਿਆ, ''ਮੈਨੂੰ ਕੀ ਪਤਾ ਸੀ ਪਈ ਏਥੋਂ ਕੋਈ ਮੈਨੂੰ ਉਡੀਕਦਾ ਏ, ਮੈਂ ਐਵੇਂ ਈ ਉਥੇ... ਬਸ ਖਾਹ-ਮਖਾਹ ਈ ਬੈਠਾ ਰਿਹਾ।''
ਰੋਟੀ ਖਵਾ ਕੇ ਵਿਹਲਾ ਹੋਇਆ ਤਾਂ ਆਸ਼ਕ ਗੁੱਜਰ ਨੇ ਬੰਦੇ ਲਵਾ ਕੇ ਚੰਗੀ ਸੁਥਰੀ, ਤਗੜੀ ਜਿਹੀ ਪਨੀਰੀ ਟਰਾਲੀ ਵਿਚ ਲਦਵਾਈ। ਉਹ ਸਾਰਾ ਕੰਮ ਇੰਝ ਪਿਆ ਕਰਦਾ ਸੀ, ਜਿਵੇਂ ਉਹਦਾ ਆਪਣਾ ਜਾਤੀ ਕੰਮ ਹੋਵੇ। ਪਨੀਰੀ ਵੇਖ ਕੇ ਮੀਰ ਬਖਸ਼ ਦਿਲੋਂ ਰਾਜ਼ੀ ਹੋਇਆ ਪਈ ਸੌਦਾ ਚੰਗਾ ਲੱਭ ਪਿਆ ਏ।
ਟਰਾਲੀ ਲੱਦੀ ਗਈ ਤਾਂ ਆਸ਼ਕ ਗੁੱਜਰ ਨੇ ਆਪਣੇ ਮੁੰਡੇ ਨੂੰ ਬੁਲਾਇਆ ਤੇ ਜਿਵੇਂ ਧਮਕੀ ਦਈਦੀ ਏ, ਉਂਝ ਬੋਲਿਆ, ''ਤੋੜ ਪੈਲੀ ਤਾਈਂ ਛੱਡ ਕੇ, ਲਾਹ ਕੇ ਆਪਣੇ ਚਾਚੇ ਮੀਰ ਬਖਸ਼ ਦੀ ਤਸੱਲੀ ਕਰਾ ਕੇ ਮੁੜਨਾ ਏ... ਨਹੀਂ ਤਾਂ ਮਾਰ-ਮਾਰ ਕੇ ਤੇਰਾ ਸਿਰ ਗੰਜਾ ਤੇ ਤਾਲੂ ਪੋਲਾ ਕਰ ਦੇਵਾਂਗਾ ਈ।''
ਹੁਣ ਮੀਰ ਬਖਸ਼ ਤੋਂ ਜਰਨਾ ਔਖਾ ਹੋ ਗਿਆ, ਬੋਲਿਆ ''ਯਾਰਾ ਜੀ! ਇਕ ਗੱਲ ਕਰਾਂ...।''
''ਰਹਿਣ ਦੇ ਮੀਰ ਬਖਸ਼ਾ, ਦਿਲ ਦੀਆਂ ਦਿਲ ਵਿਚ ਈ ਰਹਿਣ ਦੇ।'' ਆਸ਼ਕ ਗੁੱਜਰ ਹੱਥ ਚੁੱਕ ਕੇ ਬੋਲਿਆ।
''ਨਹੀਂ ਯਾਰ! ਨਹੀਂ! ਮੈਂ ਐਨਾ ਭਾਰ ਨਹੀਂ ਚੁੱਕ ਸਕਦਾ। ਮੇਰੇ ਕੋਲ ਤੇ ਟਰੈਕਟਰ ਦੇ ਤੇਲ ਦੇ ਪੈਸੇ ਵੀ ਖੌਰੇ ਹੈ ਕਿ ਨਹੀਂ, ਮੈਂ... ਮੀਰ ਬਖਸ਼ ਦੀ ਆਵਾਜ਼ ਕੰਬ ਗਈ, ਉਹ ਅੱਗੋਂ ਕੁੱਝ ਕਹਿਣ ਨੂੰ ਅੱਖਰ ਲੱਭਣ ਲੱਗ ਪਿਆ।
''ਤੇਰੇ ਕੋਲੋਂ ਪੈਸੇ ਮੰਗੇ ਕਿਹਨੇ ਨੇ?'' ਆਸ਼ਕ ਗੁੱਜਰ ਨੇ ਅਗਲੀ ਸੱਟ ਮਾਰੀ।
''ਨਾ ਯਾਰ ਨਾ'' ਤੂੰ ਪਨੀਰੀ ਲਾਹ ਲੈ। ਰੱਖ ਆਪਣੇ ਕੋਲ। ਮੈਨੂੰ ਨਹੀਂ ਚਾਹੀਦੀ।'' ਮੀਰ ਬਖਸ਼ ਅਲਾਉੜੀਆਂ ਮਾਰਨ ਲੱਗ ਪਿਆ, ਮੈਂ ਬੜਾ ਗਰੀਬ ਆਦਮੀ ਆਂ...।''
''ਹੌਂਸਲਾ ਕਰ ਮੀਰ ਬਖਸ਼ਾ! ਦੁਨੀਆਂ ਦੀ ਅਮੀਰੀ ਗਰੀਬੀ ਏਥੇ ਹੀ ਰਹਿ ਜਾਣੀ ਏ। ਇਹ ਚਾਂਦੀ, ਸੋਨਾ, ਰੁਪਿਆ, ਪੈਸਾ! ਕੀ ਔਕਾਤ ਏ ਇਹਦੀ। ਬੰਦੇ ਨੂੰ ਦਿਲ ਦਾ ਬਾਦਸ਼ਾਹ, ਅੱਖ ਦਾ ਸਖੀ ਹੋਣਾ ਚਾਹੀਦਾ ਏ ਤੇ ਉਹ... ਮੈਂ ਤੇਰੇ ਵਰਗਾ ਹੋਰ ਕੋਈ ਨਹੀਂ ਡਿੱਠਾ।'' ਆਸ਼ਕ ਗੁੱਜਰ ਕੁੱਝ-ਕੁੱਝ ਖੁੱਲ੍ਹਣ ਲੱਗ ਪਿਆ ਸੀ।
''ਕੁੱਝ ਮੇਰੇ ਪੱਲੇ ਵੀ ਪਾ...। ਮੇਰਾ ਦਿਮਾਗ ਬੜਾ ਕਮਜ਼ੋਰ ਏ। ਮੈਂ ਬੁਝਾਰਤਾਂ ਨਹੀਂ ਬੁੱਝ ਸਕਦਾ।'' ਮੀਰ ਬਖਸ਼ ਨੂੰ ਆਸ਼ਕ ਗੁੱਜਰ ਦੀ ਗੱਲ ਵਿਚ ਕੁੱਝ ਠੰਡਾ-ਠੰਡਾ, ਕੁਝ ਮਿੱਠਾ-ਮਿੱਠਾ ਦਿਸ ਰਿਹਾ ਸੀ।
''ਹਲਾ ਤੇ ਫੇਰ ਸੁਣ! ਤੂੰ ਸਮਝਨਾ ਏ, ਪਈ ਤੂੰ ਮੈਨੂੰ ਪਹਿਲੀ ਵਾਰ ਵੇਖਿਆ ਏ, ਹੈ ਨਾਂ? ਆਸ਼ਕ ਗੁੱਜਰ ਨੇ ਸਵਾਲ ਕੀਤਾ।
''ਆਹੋ! ਇੰਝ ਈ ਏ।'' ਮੀਰ ਬਖਸ਼ ਦੀ ਆਵਾਜ਼ ਦਾ ਕਾਂਬਾ ਅਜੇ ਪੂਰਾ ਨਹੀਂ ਸੀ ਮੁੱਕਿਆ।
''ਨਹੀਂ!... ਤੂੰ ਮੈਨੂੰ ਦੂਜੀ ਵਾਰ ਵੇਖਿਆ ਏ। ਪਰ ਮੈਂ ਆਖਿਆ ਏ ਨਾ ਬੰਦੇ ਨੂੰ ਅੱਖ ਦਾ ਸਖੀ ਹੋਣਾ ਚਾਹੀਦਾ ਹੈ। ਤੂੰ ਵੀ ਅੱਖ ਦਾ ਸਖੀ ਏਂ, ਤੈਨੂੰ ਮੇਰੀ ਸ਼ਕਲ ਭੁੱਲ ਗਈ ਏ ਪਰ ਮੈਨੂੰ... ਖ਼ੈਰ...ਮੈਂ ਮੌਲਵੀ ਅਬਦੁਲ ਖਾਲਕ ਨੂੰ ਆਖਿਆ ਹੋਇਆ ਸੀ, ਪਈ ਜਦੋਂ ਵੀ ਤੈਨੂੰ ਮੇਰੀ ਲੋੜ ਪਵੇ, ਤੈਨੂੰ ਮੇਰੇ ਵੱਲ ਟੋਰ ਦੇਵੇ ਜਾਂ ਮੈਨੂੰ ਵਾਜ ਮਾਰੇ ਮੈਂ ਆਪ ਆ ਜਾਵਾਂਗਾ। ਤੂੰ ਆ ਗਿਆ, ਧੰਨ ਭਾਗ ਮੇਰੇ।'' ਆਸ਼ਕ ਗੁੱਜਰ ਦੀਆਂ ਅੱਖਾਂ ਇੰਜ ਚਮਕ ਰਹੀਆਂ ਸਨ ਜਿਵੇਂ ਮਨਪਸੰਦ ਖਿਡਾਉਣੇ ਨੂੰ ਵੇਖਦੇ ਹੋਏ ਇੰਙਾਣੇ ਦੀਆਂ ਹੁੰਦੀਆਂ ਨੇ।
''ਮੈਨੂੰ ਤਾਂ ਕੱਖ ਯਾਦ ਨਹੀਂ ਓ ਭਾਈਆ'' ਬੇ-ਵਸਾ ਮੀਰ ਬਖਸ਼ ਯਾਦਾਂ ਦੇ ਵਾ-ਵਰੋਲਿਆਂ ਵਿਚ ਆਸ਼ਕ ਗੁੱਜਰ ਦਾ ਚਿਹਰਾ ਲੱਭਣ ਲੱਗ ਪਿਆ।
''ਤੈਨੂੰ ਯਾਦ ਵੀ ਕਿੰਝ ਰਹਿ ਸਕਦਾ ਏ। ਅਸੀਂ ਮਿਲੇ ਵੀ ਹਨ੍ਹੇਰੀ ਰਾਤ ਵਿਚ ਸਾਂ। ਸਿਆਲ ਸੀ, ਮੈਂ ਸਾਂ ਤੇ ਮੇਰੇ ਨਾਲ ਦੋ ਮੱਝਾਂ ਸਨ, ਮੇਰੇ ਪਿੰਡ ਤਾਈਂ ਅਪੜਨ ਤੋਂ ਪਹਿਲਾਂ, ਰਾਹ ਵਿਚ ਮੈਨੂੰ ਬੰਦੇ ਪੈ ਗਏ। ਮੈਂ ਲੜ ਭਿੜ ਕੇ ਉਹਨਾਂ ਨੂੰ ਤਾਂ ਨਸਾ ਦਿੱਤਾ ਪਰ ਆਪ ਜਖ਼ਮੀ ਹੋ ਗਿਆ। ਅੱਗੋਂ ਤੇਰੇ ਪਿੰਡ ਦੀ ਜੂਹ ਵਿਚ ਪਹਿਲਾ ਡੇਰਾ ਤੇਰਾ ਈ ਸੀ। ਆਪਣੇ ਪਿੰਡ ਜਾਂਦਾ-ਜਾਂਦਾ ਮੈਂ ਤੇਰੇ ਕੋਲ ਅੱਪੜ ਗਿਆ।'' ਆਸ਼ਕ ਗੁੱਜਰ ਇੰਝ ਬੋਲ ਰਿਹਾ ਸੀ ਜਿਵੇਂ ਪੜ੍ਹਾਕੂ ਬੱਚੇ ਰੱਟਾ ਮਾਰ-ਮਾਰ ਕੇ ਯਾਦ ਕੀਤਾ ਹੋਇਆ ਸਬਕ ਸੁਣਾਉਂਦੇ ਨੇ।
ਆਸ਼ਕ ਗੁੱਜਰ ਦਾ ਮੁੰਡਾ ਤੇ ਦੂਜੇ ਡੇਰੇਦਾਰ ਮੀਰ ਬਖਸ਼ ਦੇ ਮੂੰਹ ਵੱਲ ਵੇਖ ਰਹੇ ਸਨ।
'ਪਰ... ਜੇ ਰੱਬ ਨਾ ਭੁਲਾਏ ਤਾਂ ਇਹ.... ਇਹ ਤਾਂ ਕੋਈ ਬਹੁਤ ਪੁਰਾਣੀ, ਪੰਝੀ ਤੀਹ ਵਰ੍ਹੇ ਪਹਿਲਾਂ ਦੀ ਗੱਲ ਏ। ਮੈਨੂੰ ਤਾਂ ਭੁੱਲ ਭੁਲਾ ਗਈ ਏ..'' ਮੀਰ ਬਖਸ਼ ਦਾ ਮੂੰਹ ਅੱਡਿਆ ਗਿਆ।
''ਭਾਵੇਂ ਪੰਝੀ ਤੀਹ ਵਰ੍ਹੇ ਦੀ ਏ ਤੇ ਹੈ ਵੀ ਬਹੁਤ ਪੁਰਾਣੀ ਪਰ ਏਸੇ ਜ਼ਿੰਦਗੀ, ਏਸੇ ਜੀਵਨ ਦੀ ਗੱਲ ਏ ਨਾ। ਤੂੰ ਮੌਲਵੀ ਅਬਦੁਲ ਖਾਲਕ ਨੂੰ ਨਾਲ ਲੈ ਕੇ ਆਇਆ, ਉਹਨੇ ਮੇਰੀ ਪੱਟੀ ਕੀਤੀ, ਤੂੰ ਉਸ ਨੂੰ ਅੱਧੀ ਰਾਤ ਨੂੰ ਘਰ ਦੀ ਕੁੱਕੜੀ ਕੁਹਾ ਕੇ, ਗਰਮ ਰੋਟੀਆਂ ਲਵਾ ਕੇ ਲਿਆਇਆ। ਮੇਰੀਆਂ ਭੁੱਖੀਆਂ ਤੇ ਤ੍ਰਿਹਾਈਆਂ ਮੱਝਾਂ ਨੂੰ ਪਾਣੀ ਵਿਖਾ ਕੇ ਪੱਠੇ ਪਾਏ। ਆਪਣੇ ਡੰਗਰ ਪਿੰਡ ਲੈ ਗਿਆ ਤੇ ਮੇਰੀਆਂ ਮੱਝਾਂ ਨੂੰ ਕਮਰੇ ਦੇ ਅੰਦਰ ਬੰਨ੍ਹਿਆ। ਆਪ ਖੌਰੇ ਉਸ ਰਾਤ ਤੂੰ ਸੁੱਤਾ ਵੀ ਸੈਂ ਕਿ ਨਹੀਂ। ਪਰ ਮੈਨੂੰ ਆਪਣੀ ਰਜ਼ਾਈ ਬਿਸਤਰਾ ਦੇ ਦਿੱਤਾ ਸੀ।'' ਅਚਾਨਕ ਗੁੱਜਰ ਬੋਲਦਾ-ਬੋਲਦਾ ਅੱਖਾਂ ਮਲ੍ਹਣ ਲੱਗ ਪਿਆ।
''ਬੜਾ ਹਾਫਜ਼ਾ ਏ ਤੇਰਾ...।'' ਮੀਰ ਬਖਸ਼ ਸੱਜੇ-ਖੱਬੇ ਬੰਦਿਆਂ ਵੱਲ ਵੇਖ ਕੇ ਇੰਝ ਹੱਸ ਪਿਆ ਜਿਵੇਂ ਉਹਦੀ ਕੋਈ ਚੋਰੀ ਫੜੀ ਗਈ ਹੋਵੇ।
''ਆਹੋ! ਮੀਰ ਬਖਸ਼ਾ!'' ਆਸ਼ਕ ਗੁੱਜਰ ਬੋਲਿਆ, ''ਉਹ ਸਿਆਣੇ ਕਹਿ ਗਏ ਨੇ ਅਖੇ ਜਿਹਨੇ ਲੈਣਾ ਹੋਵੇ ਉਹ ਭਾਵੇਂ ਭੁੱਲ ਜਾਵੇ, ਪਰ ਜਿਹਨੇ ਦੇਣਾ ਹੁੰਦਾ ਏ ਉਹਨੂੰ ਨਹੀਂ ਭੁੱਲਦਾ।''
ਮੀਰ ਬਖਸ਼ ਅਗਲੀ ਗੱਲ ਦੀ ਉਡੀਕ ਵਿਚ ਚੁੱਪ ਖਲੋਤਾ ਰਿਹਾ। ਆਸ਼ਕ ਗੁੱਜਰ ਨੇ ਗੱਲ ਪੂਰੀ ਕੀਤੀ। ''ਉਹ ਬੀਜ ਜਿਹੜਾ ਪੰਝੀ ਵਰ੍ਹੇ ਪਹਿਲਾਂ ਸੁੱਟਿਆ ਸਈ, ਅੱਜ ਪਨੀਰੀ ਬਣ ਗਿਆ ਏ ਮੀਰ ਬਖਸ਼ਾ।''

  • ਮੁੱਖ ਪੰਨਾ : ਪੰਜਾਬੀ ਕਹਾਣੀਆਂ