Pani Dian Leekan (Punjabi Story) : Khalid Hussain
ਪਾਣੀ ਦੀਆਂ ਲੀਕਾਂ (ਕਹਾਣੀ) : ਖ਼ਾਲਿਦ ਹੁਸੈਨ
ਸਰਹੱਦੀ ਹਿਫਾਜ਼ਤੀ ਪੁਲਿਸ ਦੇ ਹਵਾਲਦਾਰ ਕਰਨੈਲ ਸਿੰਘ ਨੇ ਆਪਣੇ ਚੌਂਕੀ ਅਫਸਰ ਇੰਸਪੈਕਟਰ ਰੰਧਾਵੇ ਨੂੰ ਸਲੂਟ ਮਾਰਿਆ ਤੇ ਕਿਹਾ, ''ਸਾਹਿਬ! ਦੋ ਪਾਕਿਸਤਾਨੀ ਜਾਸੂਸ ਬੰਨਾਂ ਟੱਪਦਿਆਂ ਫੜੇ ਨੇ, ਵਾਪਸ ਪਾਕਿਸਤਾਨ ਜਾ ਰਹੇ ਸਨ ਕਿ ਸਾਡੇ ਜੁਆਨਾਂ ਨੇ ਫੜ ਲਿਆ। ''ਜਾਮਾਂ ਤਲਾਸ਼ੀ ਲਈ ਜੇ?'' ਇੰਸਪੈਕਟਰ ਰੰਧਾਵੇ ਨੇ ਵਰਦੀ ਪਾਉਂਦਿਆਂ ਪੁਛਿਆ। ''ਆਹੋ ਜੀ! ਪਰ ਨਿਕਲਿਆ ਕੁਝ ਨਹੀਂ, ਇਕ ਦੇ ਖੀਸੇ ਵਿਚੋਂ ਦੋ ਰੁਪਏ ਦਾ ਪਾਕਿਸਤਾਨੀ ਨੋਟ ਤੇ ਦੂਜੇ ਦੇ ਬੋਝਿਓਂ ਰੁਪਏ-ਰੁਪਏ ਵਾਲੇ ਸਾਡੀ ਕਰੰਸੀ ਦੇ ਚਾਰ ਨੋਟ ਮਿਲੇ ਨੇ, ਹੋਰ ਕੁਝ ਨਹੀਂ ਮਿਲਿਆ।'' ''ਹੋਰ ਕੁਝ ਨਹੀਂ ਮਿਲਿਆ?'', ਇੰਸਪੈਕਟਰ ਨੇ ਬੜੀ ਹੈਰਾਨੀ ਨਾਲ ਪੁੱਛਿਆ। ''ਨਹੀਂ ਸਾਹਿਬ! ਪਰ ਇਕ ਦੀ ਨਿੱਕਰ ਦੇ ਬੋਝਿਆਂ ਵਿਚੋਂ ਮੂੰਗਫਲੀ ਤੇ ਦੂਜੇ ਦੀ ਪੈਂਟ ਦੇ ਬੋਝਿਆਂ ਵਿੱਚ ਰਿਉੜੀਆਂ ਮਿਲੀਆਂ ਸਨ। ਦੋਵੇਂ ਮੂੰਗਫਲੀ 'ਤੇ ਰਿਉੜੀਆਂ ਖਾਂਦਿਆਂ 'ਤੇ ਫਿਲਮ ਬੌਬੀ ਦਾ ਗੀਤ, ਹਮ ਤੁਮ ਇਕ ਕਮਰੇ ਵਿਚ ਬੰਦ ਹੋ ਜਾਈਏ ਤੇ ਬੌਬੀ ਆ ਜਾਏ, ਗਾਂਦਿਆਂ-ਗਾਂਦਿਆਂ ਬੰਨਾਂ ਟੱਪ ਰਹੇ ਸਨ ਕਿ ਰਣਜੀਤ, ਕ੍ਰਿਸ਼ਨੇ ਤੇ ਡੇਵਿਡ ਨੇ ਦੋਹਾਂ ਨੂੰ ਗਲਮੇਓਂ ਫੜਿਆ, ਬੜਾ ਛੱੜਕੇ ਪਰ ਅਸਾਂ ਕੁਸਕਣ ਨਹੀਂ ਦਿੱਤਾ। ਕਹਿੰਦੀ ਸਨ ਕਿ ਵਿਸਾਖੀ ਦਾ ਮੇਲਾ ਵੇਖਣ ਆਏ ਸਾਂ। ਭਲਾ ਵਿਸਾਖੀ ਦੇ ਮੇਲੇ ਵਿਚ ਉਹਨਾ ਦੀ ਕਿਹੜੀ ਬੇਬੇ ਪਈ ਨੱਚਦੀ ਸੀ ਜਿਹਨੂੰ ਵੇਖਣ ਆਏ ਸਨ, ਮੁਸਲੇ ਕਿਸੇ ਪਾਸੇ ਦੇ।'' ''ਚੱਲ ਹਾਂ ਕਰਨੈਲ ਸਿੰਹਾਂ, ਦੱਸ ਹਾਂ ਜਿਹੜੇ ਜਸੂਸ ਫੜੇ ਜੇ,'' ਉਹਨੇ ਆਪਣੇ ਤੰਬੂ ਵਿਚੋਂ ਨਿਕਲਦਿਆਂ ਹੋਇਆਂ ਕਿਹਾ 'ਤੇ ਦੋਵੇਂ ਚੌਂਕੀ ਵੱਲ ਤੁਰ ਪਏ।
... ਸੱਤੋ ਵਾਲੀ ਦੀ ਇਸ ਚੌਂਕੀ ਦੇ ਇੰਸਪੈਕਟਰ ਰੰਧਾਵੇ ਨੂੰ ਆਏ ਬਹੁਤੇ ਦਿਨ ਨਹੀਂ ਸਨ ਹੋਏ, ਬੱਸ ਇਹੋ ਚਾਰ ਕੁ ਮਹੀਨੇ। ਦੇਸ਼ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਦੇ ਜਜ਼ਬੇ ਨੇ ਉਹਨੂੰ ਤਾਲੀਮ ਪੂਰੀ ਨਹੀਂ ਸੀ ਕਰਨ ਦਿੱਤੀ 'ਤੇ ਉਹਨੂੰ ਸੰਨ 71 ਦੀ ਹਿੰਦ-ਪਾਕ ਲੜਾਈ ਵਿਚ ਐਮਰਜੈਂਸੀ ਕਮਿਸ਼ਨ ਮਿਲ ਗਿਆ ਸੀ। ਫੇਰ ਉਹ ਜੰਗ ਦੇ ਕਿਸੇ ਅਗਲੇ ਮੋਰਚੇ 'ਤੇ ਧੱਕ ਦਿੱਤਾ ਗਿਆ ਸੀ। ਜਿੱਥੇ ਉਸਦੇ ਜਜ਼ਬੇ ਦੀ ਗਰਮੀ ਨੇ ਉਹਦੀ ਬੜੀ ਮਦਦ ਕੀਤੀ 'ਤੇ ਉਹਨੇ ਦਲੇਰੀ ਦੇ ਕਈ ਕਾਰਨਾਮੇ ਕੀਤੇ। ਜੰਗ ਖਤਮ ਹੋਣ ਮਗਰੋਂ ਰੰਧਾਵੇ ਨੂੰ ਵੀ ਬਾਕੀ ਆਰਜ਼ੀ ਭਰਤੀ ਕੀਤੇ ਗਏ ਫੌਜੀਆਂ ਵਾਂਗੂੰ ਫੌਜ ਵਿਚੋਂ ਕੱਢ ਦਿੱਤਾ ਗਿਆ ਪਰ ਉਹਦੇ ਵੀਰ-ਚੱਕਰ ਨੇ ਉਹਨੂੰ ਬਡੇ ਚੱਕਰ ਲੁਆਉਣ ਮਗਰੋਂ ਬਾਰਡਰ ਸਿੱਕਿਉਰਟੀ ਫੋਰਸ ਵਿਚ ਇੰਸਪੈਕਟ ਬਣਾ ਦਿੱਤਾ। ਪਰ ਉਨ੍ਹਾਂ ਚੱਕਰਾਂ ਨੇ ਰੰਧਾਵੇ ਦੇ ਸਾਰੇ ਜਜ਼ਬਾਤ ਠਾਂਢੇ ਕਰ ਦਿੱਤੇ ਸਨ। ਉਸ ਨੂੰ ਚੰਗੇ 'ਤੇ ਬੁਰੇ ਦੀ ਪਹਿਚਾਣ ਹੋ ਗਈ ਸੀ। ਉਹਨੇ ਭਾਰਤ ਮਾਤਾ ਦੇ ਸਹੀ ਦੁਸ਼ਮਣ ਆਪਣੀ ਅੱਖੋਂ ਵੇਖ ਲਏ ਸਨ।
.... ਉਹਨੇ ਦੋਹਾਂ ਜਾਸੂਸਾਂ ਦਾ ਸਿਰ ਤੋਂ ਲੈ ਕੇ ਪੈਰ ਤੋੜੀਂ ਜਾਇਜ਼ਾ ਲੀਤਾ, ਬਾਰਾਂ-ਬਾਰਾਂ, ਤੇਰਾਂ-ਤੇਰਾ ਸਾਲਾਂ ਦੇ ਬਾਲ... ਗੋਰੇ ਮੁੱਖੜੇ ਚੰਡਾਂ ਖਾਣ ਨਾਲ ਹੋਰ ਲਾਲ ਹੋਏ ਸਨ। ਅੱਖਾਂ ਸੁੱਜੀਆਂ.... ਮੁੱਖ 'ਤੇ ਉਂਗਲੀਆਂ ਦੇ ਨਿਸ਼ਾਨ। ਦੋਵੇਂ ਸਹਿਮੇ ਹੋਏ ਨਾਲ-ਨਾਲ ਬੈਠੇ ਸਨ।''
''ਓਇ ਮੁੰਡਿਓ! ਕਿੱਥੋਂ ਆਏ ਹੋ ਤੁਸੀਂ?'' ''ਇਹ ਨਾਲ ਦੇ ਪਿੰਡ ਕੱਜਲਿਆਲ ਤੋਂ।''
''ਕੱਜਲਿਆਲ ਤਾਂ ਪਾਕਿਸਤਾਨ ਵਿਚ ਹੈ। ਤੁਸੀਂ ਇੱਥੋਂ ਕੀ ਲੈਣ ਆ ਗਏ।'' ਭਾਜੀ! ਗੁੱਡੀ ਲੁੱਟਣ ਆਏ ਸਾਂ। '' ਗੁੱਡੀ ਲੁੱਟਣ?'' ''ਆਹੋ ਜੀ।'' ''ਲੁੱਟੀ ਫੇਰ ਤੁਸਾਂ ਗੁੱਡੀ'' ਇਨਸਪੈਕਟਰ ਨੇ ਜਿਰਹਾ ਕੀਤੀ ''ਨਹੀਂ ਜੀ।'' ''ਕਿਉਂ?'' ''ਗੁੱਡੀ ਸਾਡੇ ਹੱਥ ਨਹੀਂ ਆਈ। ਉਹ ਅੰਬ ਦੀ ਟਾਹਣੀ ਨਾਲ ਜਾ ਫਸੀ।'' ''ਫੇਰ ਤੁਸੀਂ ਵਾਪਸ ਕਿਉਂ ਨਹੀਂ ਮੁੜ ਗਏ। ਇੱਥੇ ਕੀ ਕਰਦੇ ਰਹੇ?''
''ਸਾਹਿਬ! ਇਹ ਬਿਲਕੁਲ ਝੂਠ ਬੋਲ ਰਹੇ ਨੇ, ਬਕਵਾਸ ਕਰ ਰਹੇ ਨੇ। ਇਨ੍ਹਾਂ ਨੇ ਪਹਿਲਾਂ ਬਿਆਨ ਦਿੱਤਾ ਕਿ ਉਹ ਵਿਸਾਖੀ ਦਾ ਮੇਲਾ ਦੇਖਣ ਗਏ ਸਨ। ਇਹ ਪੱਕੇ ਜਸੂਸ ਨੇ ਇਸ ਤਰ੍ਹਾਂ ਦੇ ਕਈ ਮੁੰਡਿਆਂ ਨੂੰ ਦੁਸ਼ਮਣ ਨੇ ਜਸੂਸੀ ਟਰੇਨਿੰਗ ਦੇ ਕੇ ਸਾਡੇ ਦੇਸ਼ ਵਿਚ ਘੱਲਿਆ ਏ ਤਾਂ ਜੋ ਸਾਡੇ ਮੁਲਕ 'ਤੇ ਇਕ ਹੋਰ ਹਮਲੇ ਦੀ ਤਿਆਰੀ ਕੀਤੀ ਜਾ ਸਕੇ; ਇਹ ਦੁਸ਼ਮਣ ਦੀ ਨਵੀਂ ਚਾਲ ਏ।'' ਹਵਾਲਦਾਰ ਕਰਨੈਲ ਸਿੰਘ ਨੇ ਇੰਸਪੈਕਟਰ ਰੰਧਾਵੇ ਨੂੰ ਸਮਝਾਂਦਿਆਂ ਕਿਹਾ। ''ਤੁਹਾਡਾ ਨਾਂ ਕੀ ਏ ਪਈ?'' ਇੰਸਪੈਕਟਰ ਨੇ ਸਵਾਲ ਕੀਤਾ। ''ਮੇਰਾ ਨਾਂ ਮੁਹੰਮਦ ਤੁਫ਼ੈਲ ਚੀਮਾ ਏ।'' ਨਿੱਕਰ ਵਾਲੇ ਨੇ ਜੁਆਬ ਦਿੱਤਾ। ''ਮੇਰਾ ਨਾਂ ਅਬਦੁਲ ਅਜ਼ੀਜ਼ ਏ?'' ਪਰ ਮੈਨੂੰ ਸਾਰੇ ਜੀਜੀ ਕਹਿੰਦੇ ਨੇ।' ਪੈਂਟ ਵਾਲੇ ਨੇ ਕਿਹਾ।'' ''ਤੁਹਾਡੀ ਉਮਰ ਕੀ ਏ?'' ''ਮੇਰੀ ਉਮਰ ਤੇਰਾਂ ਸਾਲ ਏ'' ਤੁਫ਼ੈਲ ਬੋਲਿਆ। ''ਮਾਂ ਕਹਿੰਦੀ ਏ ਕਿ ਮੈਂ ਚੌਧਵੇਂ ਵਰ੍ਹੇ ਵਿਚ ਪੈਰ ਪਾਇਆ ਏ'' ਜੀਜੀ ਨੇ ਜਵਾਬ ਦਿੱਤਾ। ''ਤੁਸੀਂ ਆਪਸ ਵਿਚ ਕੀ ਲੱਗਦੇ ਓ?'' ਅਸੀਂ ਦੋਨੋਂ ਮਸਹਰੇ ਭਰਾ ਹਾਂ।'' ''ਰਹਿੰਦੇ ਕਿੱਥੇ ਹੋ ਹੋਰ ਕੰਮ ਕੀ ਕਰਦੇ ਹੋ?'' ਮੈਂ ਗੌਰਮਿੰਟ ਹਾਈ ਸਕੂਲ ਡਾਲੋਵਾਲ ਵਿਚ ਸੱਤਵੀਂ 'ਚ ਪੜ੍ਹਨਾ 'ਵਾਂ ਤੇ ਅਸੀਂ ਉਥੇ ਹੀ ਰਹਿੰਦੇ ਹਾਂ।'' ''ਮੈਂ ਇਹ ਨਾਲ 'ਦੇ ਪਿੰਡ ਕੱਜਲਿਆਲ ਦਾ ਰਹਿਣ ਵਾਲਾ ਹਾਂ। ਮੈਂ ਵੀ ਸੱਤਵੀਂ 'ਚ ਪੜ੍ਹਨਾ 'ਵਾਂ ਪਰ ਅੱਜ ਸਾਨੂੰ ਛੁੱਟੀਆਂ ਹੋਈਆਂ ਨੇ, ਇਸ ਕਰਕੇ ਤੀਫੋ ਸਾਨੂੰ ਮਿਲਣ ਆਇਆ ਸੀ।'' ''ਅੱਛਾ ਹੁਣ ਸੱਚੋ-ਸੱਚ ਦੱਸੋ ਮੁੰਡਿਓ ਕਿ ਤੁਸੀਂ ਇੱਥੇ ਕੀ ਲੈਣ ਆਏ ਸੋ। ਵੇਖੋ ਜੇ ਤੁਸਾਂ ਸੱਚ ਦੱਸਿਆ ਤਾਂ ਤੁਹਾਨੂੰ ਛੱਡ ਦੇਵਾਂਗੇ, ਨਹੀਂ ਤਾਂ ਤੁਹਾਡੀ ਚਮੜੀ ਉਧੇੜ ਕੇ ਉਸ ਵਿਚ ਭੌਂ ਭਰਵਾ ਦਿਆਂਗੇ ਤੇ ਤੁਹਾਡਾ ਮਾਸ ਇੱਲਾਂ ਤੇ ਕਾਵਾਂ ਨੂੰ ਖਿਲਾ ਛੱਡਾਂਗੇ। ਸੱਚ, ਦੱਸੋ, ਤੁਹਾਨੂੰ ਇੱਥੇ ਕਿਹਨੇ ਭੇਜਿਆ। ਤੁਹਾਡੇ ਸਪੁਰਦ ਕੀ ਕੰਮ ਲਾਇਆ ਗਿਆ ਸੀ। ਇਥੇ ਤੁਸੀਂ ਕਿੰਨ੍ਹਾਂ ਕੋਲ ਰਹੇ ਹੋ, ਤੁਹਾਡੇ ਕਿੰਨੇ ਆਦਮੀ ਇੱਥੇ ਕੰਮ ਕਰ ਰਹੇ ਹਨ।'' ਇੰਸਪੈਕਟਰ ਰੰਧਾਵੇ ਨੇ ਇਕੋ ਸਾਹ ਵਿਚ ਢੇਰ ਸਾਰੇ ਸਵਾਲ ਪੁੱਛ ਲਏ। ਉਸ ਦੀਆਂ ਅੱਖਾਂ ਦੋਹਾਂ ਜੁਆਕਾਂ ਦੇ ਚੇਹਰੇ ਪੜ੍ਹ ਰਹੀਆਂ ਸਨ। ਉਹ ਦੋਵੋਂ ਇਕ-ਦੂਜੇ ਵੱਲ ਵੇਖ ਰਹੇ ਸਨ ਤੇ ਕਦੇ ਇੰਸਪੈਕਟਰ ਵੱਲ। ''ਭਾ ਜੀ ਅਸੀਂ ਬਿਲਕੁਲ ਸੱਚ ਕਹਿਨੇ ਹਾਂ' ਜੀਜੀ ਰੋਂਦਿਆਂ-ਰੋਂਦਿਆਂ ਕਹਿਣ ਲੱਗਾ। ''ਅੱਲਾ ਪਾਕ ਦੀ ਕਸਮੇਂ, ਅਸੀਂ ਏਧਰ ਗੁੱਡੀ ਲੁੱਟਣ ਹੀ ਆਏ ਸਾਂ। ਗੱਲ ਇੰਝ ਹੋਈ ਕਿ ਅਸੀਂ ਦੋਵੇਂ ਆਪਣੇ ਕੋਠੇ 'ਤੇ ਗੁੱਡੀ ਚਾੜ੍ਹ ਰਹੇ ਸੀ। ਇਕ ਕਟ ਹੋਈ ਗੁੱਡੀ ਨੂੰ ਵੇਖਦਿਆਂ ਹੀ ਮੈਂ ਆਪਣੀ ਡੋਰ ਨਿੱਕੇ ਭਰਾ ਨਸੀਰੇ ਨੂੰ ਫੜਾਈ ਤੇ ਆਪ ਗੁੱਡੀ ਲੁੱਟਣ ਦੌੜ ਪਿਆ। ਮੇਰੇ ਪਿੱਛੇ-ਪਿੱਛੇ ਤੀਫੋ ਵੀ ਦੋੜਿਆ। ਤੇ ਅਸੀਂ ਬੋ-ਕਾਟੇ ਕਹਿਦੇ ਕਹਿੰਦੇ ਤੁਹਾਡੇ ਪਿੰਡ ਤੀਕਰ ਪਹੁੰਚ ਗਏ। ਦੂਰ ਹੀ ਕਿੰਨਾ ਏ। ਬਸ ਕਮਾਦਾਂ ਦੇ ਇਹ ਦੋ-ਚਾਰ ਖੇਤ ਹੀ ਤਾਂ ਲੰਘਣੇ ਪੈਂਦੇ ਨੇ।'' ਜੀਜੀ ਨੇ ਹੱਥ ਨਾਲ ਰਸਤਾ ਨਾਪ ਕੇ ਦੱਸਿਆ। ''ਜਦ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਤੁਹਾਡਾ ਪਿੰਡ ਨਹੀਂ ਤਾਂ ਤੁਸੀਂ ਵਾਪਸ ਕਿਉਂ ਨਹੀਂ ਮੁੜ ਗਏ। ਇੱਥੇ ਦੁੱਧ ਚੁੰਘ ਰਹੇ ਸੋ?'' ਹਵਾਲਦਾਰਾ ਕਰਨੈਲ ਸਿੰਘ ਮੁੱਛਾਂ ਨੂੰ ਵੱਟ ਦਿੰਦਿਆਂ ਹੋਇਆ ਖਹਿਬੜਿਆ। ਕਰਨੈਲ ਸਿੰਘ ਦੀ ਡਰਾਉਣੀ ਸ਼ਕਲ ਦੇਖ ਕੇ ਤੀਫੋ ਬੋਲ ਪਿਆ, ''ਨਹੀਂ ਜੀ, ਇਹ ਸਾਹਮਣੇ ਵਾਲੇ ਪਿੰਡ ਵਿਚ ਢੋਲ ਦੀ ਆਵਾਜ਼ ਸੁਣ ਕੇ ਸਾਡੇ ਕੋਲੋਂ ਰਹਿ ਨਹੀਂ ਹੋਇਆ ਤੇ ਅਸੀਂ ਵੀ ਉੱਥੇ ਤਮਾਸ਼ਾ ਵੇਖਣ ਚਲੇ ਗਏ। ਉਥੇ ਲੋਕੀਂ ਭੰਗੜਾ ਪਾ ਰਹੇ ਸਨ। ਬੜਾ ਸ਼ੋਰ-ਸ਼ਰਾਬਾ ਸੀ। ਕੁਝ ਬੰਦੇ ਸ਼ਰਾਬ ਪੀ ਕੇ ਭੱਬਕੀਆਂ ਮਾਰ ਰਹੇ ਸਨ। ਢੋਲ ਦੇ ਤਾਲ 'ਤੇ ਅਸੀਂ ਵੀ ਨੱਚਣ ਲੱਗੇ। ਇਕ ਬੁੱਢੜਾ ਫੁੰਮਣੀਆਂ ਪਾਉਂਦਾ-ਪਾਉਂਦਾ ਮੇਰੇ ਕੋਲ ਆਇਆ ਤੇ ਮੈਨੂੰ ਆਪਣੇ ਮੋਢਿੱਆਂ 'ਤੇ ਚੁੱਕ ਲਿਆ। ਬੱਸ ਫੇਰ ਸਾਰੇ ਲੋਕ ਭੰਗੜਾ ਮਾਰ ਮਾਰ ਕੇ ਨਵਾਂ ਸ਼ਹਿਰ ਪੁੱਜੇ। ਮੈਂ ਤੇ ਜੀਜੀ ਵੀ। ਉੱਥੇ ਉਹ ਸਾਰੇ ਬੱਸ ਵਿਚ ਬੈਠ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਜੰਮੂ ਜਾ ਰਹੇ ਨੇ, ਨਹਿਰ 'ਤੇ ਵਿਸਾਖੀ ਦਾ ਮੇਲਾ ਵੇਖਣ। ਜੀਜੀ ਵੀ ਮੈਨੂੰ ਮੇਲਾ ਵੇਖਣ ਲਈ ਕਹਿਣ ਲੱਗਾ...''। ''ਪਰ ਇਹ ਨਹੀਂ ਸੀ ਮੰਨਦਾ ਤੇ ਜਿਸ ਵੇਲੇ ਮੈਂ ਇਸ ਨੂੰ ਕਿਹਾ ਕਿ ਸ਼ਾਮ ਤੱਕ ਵਾਪਸ ਮੁੜ ਆਵਾਂਗੇ ਤਾਂ ਕਿਤੇ ਜਾ ਕੇ ਇਹਨੇ ਹਾਂ ਕੀਤੀ।'' ਜੀਜੀ ਨੇ ਤੀਫੋ ਦੀ ਗੱਲ ਕੱਟ ਛੱਡੀ ਸੀ। ਉਹ ਕਹਿ ਰਿਹਾ ਸੀ, ''ਕਿਉਂ ਜੋ ਮੇਰਾ ਅੱਬਾ ਗੱਲਾਂ ਕਰਦਾ ਹੁੰਦਾ ਏ ਕਿ ਜੰਮੂ.. ਨਹਿਰ 'ਤੇ ਵਿਸਾਖੀ ਦਾ ਇਕ ਵੱਡਾ ਮੇਲਾ ਲੱਗਦਾ ਹੁੰਦਾ ਸੀ ਤੇ ਉਹ ਚਵਾਨੀ ਕਿਰਾਇਆ ਖਰਚ ਕੇ ਅੱਧੇ ਘੰਟੇ ਵਿਚ ਨਹਿਰ ਪਹੁੰਚ ਜਾਂਦੇ ਹੁੰਦੇ ਸਨ। ਸਾਰਾ ਦਿਨ ਮੌਜ ਮੇਲਾ ਦੇਖਣ ਮਗਰੋਂ ਸ਼ਾਮੀਂ ਘਰ ਅੱਪੜੈ ਹੁੰਦੇ ਸੀ... ਅਸੀਂ ਵੀ ਇਕ ਬੱਸ ਵਿਚ ਬੈਠ ਗਏ ਤੇ ਖੂਬ ਮੇਲਾ ਵੇਖਿਆ, ਭੰਗੜਾ ਪਾਇਆ, ਗੰਨੇ ਚੂਪੇ, ਕੁਲਫੀ ਖਾਧੀ, ਮੇਲਾ ਵੇਖਣ ਮਗਰੋਂ ਅਸਾਂ ਇਕ ਫਿਲਮ ਵੀ ਵੇਖੀ।'' ''ਆਹੋ ਜੀ! ਝੂਠ ਬੋਲੇ ਕਊਆ ਕਾਟੇ ਕਾਲੇ ਕੋਏ ਸੇ ਡਰੀਓ।'' ਤੀਫੋ ਝੱਟ ਬੋਲ ਪਿਆ, ''ਓ ਚੁੱਪ ਕਰ ਓ'', ਇਹ ਮੁੱਛਾਂ ਵਾਲਾ 'ਜ਼ੋਏ' ਜ਼ਾਲਮ ਫੇਰ ਮਾਰੇਗਾ।'' ਜੀਜੀ ਨੇ ਤੀਫੋ ਨੂੰ ਚੂੰਢੀ ਪਟੋਦਿਆਂ ਹੋਇਆਂ ਹੌਲੀ ਜਿਹੀ ਕਿਹਾ, ''ਅਲਫ ਬੇ ਦੇ ਕੈਦੇ ਵਿਚ 'ਜ਼ੋਏ' ਜ਼ਾਲਮ ਦੇ ਖਾਨੇ ਵਿਚ ਹੈ ਨਾ ਬਿਲਕੁਲ ਇਸੇ ਸਰਦਾਰ ਵਰਗੀ ਤਸਵੀਰ।'' ਆਹੋ-ਆਹੋ, ਬਿਲਕੁਲ ਇਸੇ ਦੀ ਤਸਵੀਰ ਬਨਾਈ ਹੋਈ ਏ। ਤਾਹੀਓਂ ਇੰਨੇ ਸਾਨੂੰ ਮਾਰਿਆ।'' ਤੀਫੋ ਨੇ ਕਰਨੈਲ ਸਿੰਘ ਨੂੰ ਜਿਵੇਂ ਪਹਿਚਾਣਦਿਆਂ ਹੋਇਆਂ ਹਾਂ ਕੀਤੀ।
''ਪਰ ਜੰਮੂ ਜਾਣ ਜੋਗੇ ਤੁਹਾਡੇ ਕੋਲ ਪੈਸੇ ਕਿਥੋਂ ਆਏ?'' ਇੰਸਪੈਕਟਰ ਰੰਧਾਵੇ ਨੇ ਆਪਣੀ ਤਫਤੀਸ਼ ਜਾਰੀ ਰੱਖੀ। ''ਭਾਅ ਜੀ ਜੀਜੀ ਕੋਲ ਤਾਂ ਪੈਸਾ ਨਹੀਂ ਸੀ ਪਰ ਮੇਰੇ ਬੋਝੇ ਵਿਚ ਦੋ-ਦੋ ਰੁਪਹੇ ਵਾਲੇ ਆਪਣੇ ਤਿੰਨ ਨੋਟ ਸਨ। ਨਵਾਂ ਸ਼ਹਿਰ ਪਹੁੰਚ ਕੇ ਮੈਂ ਨੋਟ ਭਨਾਉਣ ਹੀ ਲੱਗਾ ਸਾਂ ਕਿ ਜੀਜੀ ਨੇ ਰੋਕ ਛੱਡਿਆ 'ਤੇ ਕਹਿਣ ਲੱਗਾ ਕਿ ਇਥੇ ਪਾਕਿਸਤਾਨੀ ਨੋਟ ਨਹੀਂ ਚਲਦਾ। ਮੇਰੇ ਅੱਬਾ ਨੇ ਹੱਜ ਤੋਂ ਮੇਰੇ ਲਈ ਇਕ ਘੜੀ ਲਿਆਂਦੀ ਸੀ ਅਸਾਂ ਉਹ ਘੜੀ ਇਕ ਘੜੀਸਾਜ਼ ਨੂੰ ਤੀਹਾਂ ਰੁਪਇਆਂ ਦੀ ਵੇਚੀ ਤਾਂ ਕਿਤੇ ਅਸੀਂ ਜੰਮੂ ਜਾ ਸਕੇ।ਮੇਲਾ 'ਤੇ ਫਿਲਮ ਵੇਖਣ ਮਗਰੋਂ ਅਸੀਂ ਬੱਸ ਵਿਚ ਫੇਰ ਨਵਾਂ ਸ਼ਹਿਰ ਵਾਪਸ ਪਹੁੰਚੇ 'ਤੇ ਇਸੇ ਰਸਤੇ ਪੈਦਲ ਜਾ ਰਹੇ ਸਾਂ ਜਿੱਥੋਂ ਅਸੀਂ ਏਧਰ ਲੰਘ ਆਏ ਸਾਂ ਕਿ ਇਨ੍ਹਾਂ ਜ਼ਾਲਮਾਂ ਸਾਨੂੰ ਫੜ ਲਿਆ 'ਤੇ ਬੜਾ ਮਾਰਿਆ।'' ਤੀਫੋ ਨੇ ਸਿਪਾਹੀਆਂ ਵੱਲ ਇਸ਼ਾਰਾ ਕੀਤਾ 'ਤੇ ਰੋਣ ਲੱਗ ਪਿਆ। ''ਇਨ੍ਹਾਂ ਸਾਨੂੰ ਨਿੱਕਿਆਂ ਵੇਖ ਕੇ ਮਾਰਿਆ ਏ। ਜੇ ਮੇਰੇ ਅੱਬਾ ਨੂੰ ਪਤਾ ਚੱਲੇ ਤਾਂ ਉਹ ਇਨ੍ਹਾਂ ਸਾਰਿਆਂ ਦੇ ਡੱਕਰੇ ਕਰ ਦੇ। ਵੱਡੇ ਬਲਵਾਨ ਬਣੀ ਫਿਰਦੇ ਨੇ'' ਜੀਜੀ ਅੱਥਰੂ ਪੂੰਜਦਿਆਂ ਹੋਇਆ ਬੋਲਿਆ। ''ਤੇਰੇ ਅੱਬਾ ਨੂੰ ਖਾਣ ਸੂਰ। ਅੱਬੇ ਦਾ ਰੋਅਬ ਪਿਆ ਦੱਸਨਾ ਏਂ। ਤੇਰੇ ਅੱਬੇ ਦੀ... ਸਾਹਿਬ, ਇਹ ਕੁੱਤੇ ਝੂਠ ਬੋਲਦੇ ਨੇ। ਇਨ੍ਹਾਂ ਦੀ ਗੱਲ ਦਾ ਯਕੀਨ ਨਹੀਂ ਕਰਨਾ, ਜਨਾਬ। ਗੁਰੂ ਮਹਾਰਾਜ ਨੇ ਫਰਮਾਇਆ ਕਿ ਕੋਈ ਮੁਸਲਾ ਤੇਲ ਵਾਲੀ ਬਾਂਹ ਤਿਲਾਂ ਦੀ ਬੋਰੀ ਵਿਚ ਵਾੜੇ 'ਤੇ ਉਨੀਆਂ ਹੀ ਕਸਮਾਂ ਖਾਏ ਜਿੰਨੇ ਤਿਲ ਬਾਂਹ ਨੂੰ ਲੱਗੇ ਹੋਣ ਤਾਂ ਵੀ ਉਸ ਦੀ ਗੱਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਏ। ਕਰਨੈਲ ਸਿੰਘ, ਰੰਧਾਵੇ ਨੂੰ ਮਸ਼ਵਰਾ ਦੇ ਰਿਹਾ ਸੀ। ਇੰਸਪੈਕਟਰ ਨੇ ਦੋਹਾਂ ਮੁੰਡਿਆਂ ਨੂੰ ਚੁੱਪ ਕਰਾਂਦਿਆਂ ਹੋਇਆ ਕਰਨੈਲ ਸਿੰਘ ਵੱਲ ਘੂਰ ਕੇ ਵੇਖਿਆ 'ਤੇ ਪੁਛਿਆ, ''ਕਿਹੜੇ ਗੁਰੂ ਸਾਹਿਬ ਨੇ ਇਹ ਤਿਲਾਂ ਵਾਲੀ ਗੱਲ ਕਹੀ ਏ'' ''ਜਨਾਬ! ਇਹ ਤਾਂ ਮੈਨੂੰ ਪਤਾ ਨਹੀਂ ਪਰ ਇਹ ਗੱਲ ਮੈਨੂੰ ਭਾਈ ਜੀ ਨੇ ਦੱਸੀ ਸੀ 'ਤੇ ਉਹ ਥੋੜ੍ਹੀ ਕੋਈ ਝੂਠ ਬੋਲਣਗੇ।'' ਐਵੇਂ ਗਲਤ ਗੱਲਾਂ ਨਹੀਂ ਫੈਲਾਣੀਆਂ ਚਾਹੀਦੀਆਂ।'' ਇੰਸਪੈਕਟਰ ਰੰਧਾਵੇ ਨੇ ਕਰਨੈਲ ਸਿੰਘ ਨੂੰ ਡਾਂਟਦਿਆਂ ਹੋਇਆਂ ਕਿਹਾ 'ਤੇ ਜੀਪ ਮੰਗਵਾਣ ਦਾ ਹੁਕਮ ਦਿੱਤਾ। ਉਹ ਇਹ ਕੇਸ ਅੱਗੇ ਭੇਜਣ ਤੋਂ ਪਹਿਲਾਂ ਆਪ ਸੰਤੁਸ਼ਟ ਹੋਣਾ ਚਾਹੁੰਦਾ ਸੀ।... ਜੀਪ ਨਵੇਂ ਸ਼ਹਿਰ ਵੱਲ ਦੌੜ ਰਹੀ ਸੀ 'ਤੇ ਅਜ਼ੀਜ਼ ਤੇ ਤੁਫ਼ੈਲ ਦੀਆਂ ਸਹਿਮੀਆਂ ਹੋਈਆਂ ਨਜ਼ਰਾਂ ਆਪਣੇ ਪਿੰਡ ਵੱਲ। ਪੱਧਰਾ ਰਸਤਾ.. ਪਰ ਕਿੰਨਾ ਗੁੰਝਲਦਾਰ... ਪਹਾੜਾਂ ਵਰਗਾ ਔਖਾ ਰਾਹ। ਨਜ਼ਰਾਂ ਵੇਖਦੀਆਂ ਰਹੀਆਂ... ਗੁੰਝਲ ਵਧਦੇ ਰਹੇ... 'ਤੇ ਜੀਪ ਲਕਸ਼ਮੀ ਵਾਚ ਹਾਊਸ ਅੱਗੇ ਜਾ ਖੋਲੋਤੀ। ਇਨ੍ਹਾਂ ਮੁੰਡਿਆਂ ਤੈਨੂੰ ਕੋਈ ਘੜੀ ਵੇਚੀ।'' ਇੰਸਪੈਕਟਰ ਨੇ ਪੁੱਛਿਆ, ''ਨਹੀਂ ਸਰਦਾਰ ਸਾਹਿਬ, ਮੇਂ ਇਨ੍ਹਾਂ ਮੁੰਡਿਆਂ ਨੂੰ ਜਾਣਦਾ ਹੀ ਨਹੀਂ।'' ''ਸੱਚੋ ਸੱਚ ਦੱਸ, ਨਹੀਂ ਤਾਂ ਮੁਸ਼ਕਾਂ ਕਸਾ ਦਿਆਂਗਾ।'' ਇੰਸਪੈਕਟਰ ਗਰਜ਼ਿਆ।... ਤੀਫੋ ਦੀ ਸ਼ਨਾਖਤ 'ਤੇ ਇੰਸਪੈਕਟਰ ਨੇ ਘੜੀ ਬਰਾਮਦ ਕਰਾ ਲਈ 'ਤੇ ਜੀਪ ਮੁੜ ਚੌਂਕੀ ਵੱਲ ਦੌੜ ਪਈ।... ''ਕਿਉਂ ਪਈ ਕਰਨੈਲ ਸਿਹਾਂ ਹੁਣ ਕੀ ਕਰਨਾ ਚਾਹੀਦਾ ਏ ਇਨ੍ਹ੍ਰਾਂ ਮੁੰਡਿਆਂ ਦਾ।'' ਇੰਸਪੈਕਟਰ ਰੰਧਾਵੇ ਨੇ ਤੀਫੋ 'ਤੇ ਜੀਜੀ ਨੂੰ ਆਪਣੇ ਤੰਬੂ ਵੱਲ ਖੜਦਿਆਂ ਪੁੱਛਿਆ। ''ਜੋ ਤੁਸੀਂ ਮੁਨਾਸਿਬ ਸਮਝੋ ਸਾਹਿਬ।'' ''ਮੁੰਡਿਓ! ਕੁਝ ਖਾਧਾ-ਪੀਤਾ ਵੀ ਹੈ ਜੇ?'' ਇੰਸਪੈਕਟਰ ਨੇ ਤੀਫੋ ਦੀ ਬਾਂਹ 'ਤੇ ਘੜੀ ਬੰਨ੍ਹਦਿਆਂ ਪੁੱਛਿਆ'' ਨਹੀਂ ਜੀ, ਪਰ ਸਾਨੂੰ ਡਾਢੀ ਭੁੱਖ ਲੱਗੀ ਹੋਈ ਏ।'' ''ਚੰਗਾ ਦੱਸੋ ਕੀ ਖਾਓਗੇ।'' ''ਕੁੱਝ ਨਹੀਂ ਜੀ।'' ਕਿਉਂ ਬਈ। ਤੁਹਾਨੂੰ ਤਾਂ ਸਖ਼ਤ ਭੁੱਖ ਲੱਗੀ ਹੋਈ ਏ ਫੇਰ ਇਨਕਾਰ ਕਿਉਂ?'' ਦੋਵੇਂ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ 'ਤੇ ਫੇਰ ਤੀਫੋ ਬੋਲਿਆ, ''ਅੱਬਾ ਕਹਿੰਦਾ ਏ ਜੇ ਕਾਫ਼ਰਾਂ ਦੇ ਹੱਥ ਦਾ ਖਾਓ ਤਾਂ ਸਖਤ ਗੁਨਾਹ ਚੜ੍ਹਦਾ ਏ।'' ''ਪਰ ਪੁੱਤਰ! ਮੈਂ ਕੋਈ ਤੁਹਾਨੂੰ ਕਾਫ਼ਰ ਦਿਸਣਾ' ਵਾਂ। ਮੇਰੇ ਵੀ ਤਾਂ ਤੁਹਾਡੇ ਵਾਂਗਰ ਹੀ ਹੱਥ ਪੈਰ, ਨੱਕ ਮੂੰਹ ਏ। ਫੇਰ ਮੈਂ ਵੀ ਤਾਂ ਉਸੇ ਰੱਬ ਅੱਗੇ ਸੀਸ ਝੁਕਾਂਦਾ ਹਾਂ ਜਿਸਦਾ ਤੁਸੀਂ ਵੀ ਇਤਬਾਰ ਕਰਦੇ ਹੋ। ਫੇਰ ਮੈਂ ਕਿੰਝ ਕਾਫ਼ਰ ਹੋ ਗਿਆ। ਅਸੀਂ ਸਾਰੇ ਇਨਸਾਨ ਹਾਂ। ਤੇਰੇ ਅੱਬੇ ਨੂੰ ਕਿਸੇ ਨੇ ਗਲਤ ਦੱਸਿਆ ਹੈ।'' ਇੰਸਪੈਕਟਰ ਨੇ ਤੀਫੋ ਨੂੰ ਆਪਣੇ ਕੁੱਛੜ ਵਿਚ ਬਿਠਾ ਕੇ ਸਮਝਾਇਆ। ''ਚੰਗਾ ਜੀ, ਫੇਰ ਤਾਂ ਤੁਸੀਂ ਜੋ ਵੀ ਖਿਲਾਓਗੇ ਅਸੀਂ ਖਾ ਲਵਾਂਗੇ।'' ... ਰੋਟੀ ਖਾਣ ਮਗਰੋਂ ਇਨਸਪੈਕਟਰ ਰੰਧਾਵਾ ਡਿਊਟੀ ਤੇ ਖਲੋਤੇ ਦੋ ਸਿਪਾਹੀਆਂ ਨੂੰ ਹਦਾਇਤ ਦੇਣ ਲੱਗਾ।'' ''ਦੇਖੋ! ਇਨ੍ਹਾਂ ਦੋਹਾਂ ਮੁੰਡਿਆਂ ਨੂੰ ਸਰਹੱਦ ਪਾਰ ਕਰਾ ਦਿਓ। ਪਰ ਖ਼ਿਆਲ ਰੱਖੀਓ ਕਿ ਉਨ੍ਹਾਂ ਦੇ ਸਿਪਾਹੀਆਂ ਦੀ ਗਸ਼ਤ ਨਾ ਹੁੰਦੀ ਹੋਵੇ। ਇਹ ਨਾਂ ਹੋਵੇ ਅਸੀਂ ਛੱਡੀਏ 'ਤੇ ਉਹ ਸਾਲੇ ਫੜ ਲੈਣ।'' ਸਿਪਾਹੀਆਂ ਸਲੂਟ ਮਾਰਿਆ 'ਤੇ ਮੁੰਡਿਆਂ ਨੂੰ ਲੈ ਗਏ। ਦੂਰ ਤੱਕ ਉਹਨਾਂ ਨੂੰ ਜਾਂਦਿਆਂ ਹੋਇਆਂ ਇੰਸਪੈਕਟਰ ਦੇਖ ਰਿਹਾ ਸੀ। ਉਹਦਾ ਚੇਹਰਾ ਖਿੜਿਆ ਹੋਇਆ ਸੀ। ਉਸ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ ਪਰ ਉਹਦੇ ਕੰਨ ਕੁੱਝ ਹਲਕੀਆਂ-ਹਲਕੀਆਂ ਅਵਾਜ਼ਾਂ ਸੁਣ ਰਹੇ ਸਨ।'' ਇੰਸਪੈਕਟਰ ਨੇ ਸੱਪ ਦੇ ਪੁੱਤਰਾਂ ਨੂੰ ਛੱਡ ਕੇ ਚੰਗਾ ਨਹੀਂ ਕੀਤਾ। ਹੁਣ ਇਸ ਦੀ ਖੈਰ ਨਹੀਂ ਆਪੇ ਕੱਲ੍ਹ ਤੱਕ ਇਸਨੂੰ ਪਤਾ ਲੱਗ ਜਾਵੇਗਾ... ਅਵਾਜ਼ਾਂ ਉਭਰਦੀਆਂ ਰਹੀਆਂ... 'ਤੇ ਇੰਸਪੈਕਟਰ ਆਪਣੇ ਤੰਬੂ ਵਿਚ ਚੁੱਪਚਾਪ ਚਲਾ ਗਿਆ।