Panjvin Kuri (Punjabi Story) : S. Saki

ਪੰਜਵੀਂ ਕੁੜੀ (ਕਹਾਣੀ) : ਐਸ ਸਾਕੀ

ਫੋਨ ਦੀ ਘੰਟੀ ਵੱਜਦਿਆਂ ਹੀ ਮੇਰੀ ਅੱਖ ਖੁੱਲ੍ਹ ਗਈ। ਸਵੇਰ ਦੇ ਚਾਰ ਵੱਜੇ ਸਨ। ‘‘ਕੌਣ ਹੋ ਸਕਦਾ ਹੈ? ਸ਼ਾਇਦ ਗ਼ਲਤ ਨੰਬਰ ਹੋਵੇ।’’ ਇਹ ਸੋਚਦਿਆਂ ਮੈਂ ਰਿਸੀਵਰ ਚੁੱਕ ਕੰਨ ਨੂੰ ਲਾਇਆ। ਹੈਲੋ ਆਖਿਆ ਤਾਂ ਉਧਰੋਂ ਆਵਾਜ਼ ਆਈ, ‘‘ਬਈ ਮੈਂ ਹਰਪ੍ਰੀਤ ਬੋਲ ਰਿਹਾ ਹਾਂ ਕੈਨੇਡਾ ਵਾਲਾ।’’ ਤਦੇ ਜਾਣਿਆ-ਪਛਾਣਿਆ ਚਿਹਰਾ ਜ਼ਿਹਨ ’ਚ ਆ ਗਿਆ। ਉਸ ਦੀਆਂ ਗੱਲਾਂ ਮਨ ’ਚ ਟੁਰਨ ਲੱਗੀਆਂ। ਪਹਿਲਾਂ ਉਸ ਦੇ ਬਚਪਨ ਅਤੇ ਫਿਰ ਜਵਾਨੀ ਦੇ ਦਿਨ ਚੇਤੇ ਆਏ। ਛੋਟੇ ਹੁੰਦਿਆਂ ਤੋਂ ਹੀ ਉਹ ਮੇਰਾ ਮਿੱਤਰ ਵੀ ਸੀ।
ਹਰਮੀਤ ਸਾਡੇ ਬਲਾਕ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਦੇ ਘਰ ਵਿੱਚ ਵੱਡੀ ਉਮਰ ਦੇ ਮਾਪੇ ਸੋਹਣ ਸਿੰਘ ਤੇ ਰਤਨ ਕੌਰ, ਸਭ ਤੋਂ ਵੱਡਾ ਪੁੱਤਰ ਜਗਰੂਪ ਸਿੰਘ, ਵਿਚਕਾਰਲਾ ਸਤਿਨਾਮ ਸਿੰਘ, ਉਨ੍ਹਾਂ ਤੋਂ ਛੋਟੀ ਭੈਣ ਸ਼ਰਨਜੀਤ ਕੌਰ ਅਤੇ ਸਭ ਤੋਂ ਛੋਟਾ ਹਰਮੀਤ ਰਹਿੰਦੇ ਸਨ। ਸ਼ੁਰੂ ਵਿੱਚ ਉਹ ਚਾਰ ਕਮਰਿਆਂ ਵਿੱਚ ਰਹਿੰਦੇ ਸਨ। ਫਿਰ ਹਰਮੀਤ ਦੇ ਵੱਡਾ ਹੋਣ ’ਤੇ ਉਨ੍ਹਾਂ ਇੱਕ ਕਮਰਾ ਦੁਕਾਨ ਵਿੱਚ ਬਦਲ ਲਿਆ ਸੀ। ਉਹ ਚੌਥਾ ਕਮਰਾ ਜਗਰੂਪ ਸਿੰਘ ਕੋਲ ਸੀ। ਭਾਵੇਂ ਕਮਰੇ ਦੀ ਜਗਰੂਪ ਸਿੰਘ ਨੂੰ ਸਖ਼ਤ ਜ਼ਰੂਰਤ ਸੀ, ਪਰ ਉਸ ਨੂੰ ਦੁਕਾਨ ’ਚ ਬਦਲਣਾ ਉਨ੍ਹਾਂ ਦੀ ਮਜਬੂਰੀ ਸੀ।
ਦਰਅਸਲ, ਚਾਰ ਸਾਲ ਦੀ ਉਮਰ ਵਿੱਚ ਹਰਮੀਤ ਦੀਆਂ ਦੋਵੇਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮਾਪੇ ਉਸ ਨੂੰ ਕਈ ਡਾਕਟਰਾਂ ਕੋਲ ਲੈ ਕੇ ਗਏ, ਪਰ ਕੋਈ ਫ਼ਰਕ ਨਹੀਂ ਪਿਆ। ਫਿਰ ਉਸ ਦਾ ਤੁਰਨਾ-ਫਿਰਨਾ ਬਿਲਕੁਲ ਬੰਦ ਹੋ ਗਿਆ। ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਰਿੜ੍ਹਨਾ ਪੈਂਦਾ ਸੀ। ਡਾਕਟਰਾਂ ਕੋਲ ਜਾ ਜਾ ਕੇ ਥੱਕ ਗਏ ਤਾਂ ਉਨ੍ਹਾਂ ਨੇ ਸੰਤਾਂ, ਪੀਰਾਂ ਅਤੇ ਲੋਕਾਂ ਦੇ ਦੱਸੇ ਟੂਣਿਆਂ-ਟੋਟਕਿਆਂ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਾਰੇ ਪੀਰ ਫ਼ਕੀਰ ਧਿਆਏ, ਪਰ ਕਿਸੇ ਕੋਲੋਂ ਵੀ ਉਸ ਦੀਆਂ ਲੱਤਾਂ ਵਿੱਚ ਜਾਨ ਨਹੀਂ ਫੂਕੀ ਗਈ। …ਅਤੇ ਹਰਮੀਤ ਉਸੇ ਤਰ੍ਹਾਂ ਰੀਂਗ-ਰੀਂਗ ਕੇ ਚੱਲਦਾ ਰਿਹਾ।
ਅਖੀਰ ਥੱਕ ਕੇ ਮਾਪਿਆਂ ਨੇ ਹਰਮੀਤ ਨੂੰ ਰੱਬ ਆਸਰੇ ਛੱਡ ਦਿੱਤਾ। ਉਸ ਦੇ ਭੈਣ-ਭਰਾ ਰੋਜ਼ ਸਕੂਲ ਪੜ੍ਹਨ ਜਾਂਦੇ, ਪਰ ਹਰਮੀਤ ਕਿਤੇ ਵੀ ਜਾਣ ਜੋਗਾ ਨਹੀਂ ਸੀ ਰਿਹਾ। ਸਰੀਰੋਂ ਭਾਵੇਂ ਹਰਮੀਤ ਅਪਾਹਜ ਸੀ, ਪਰ ਦਿਮਾਗ਼ ਪੱਖੋਂ ਉਹ ਭੈਣ-ਭਰਾਵਾਂ ਨਾਲੋਂ ਕਿਤੇ ਤੇਜ਼ ਸੀ। ਘਰ ’ਚ ਰਹਿੰਦਿਆਂ ਹੌਲੀ ਹੌਲੀ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰਦਾ। ਇਸ ਵਿੱਚ ਉਸ ਦੀ ਭੈਣ ਸ਼ਰਨਜੀਤ ਕੌਰ ਨੇ ਬਹੁਤ ਮਦਦ ਕੀਤੀ। ਘਰ ਦੇ ਸਾਰੇ ਉਸ ਨੂੰ ਸ਼ਰਨੀ ਆਖਦੇ ਸਨ, ਪਰ ਉਨ੍ਹਾਂ ਵਿੱਚੋਂ ਇਕੱਲਾ ਹਰਮੀਤ ਹੀ ਉਸ ਨੂੰ ਸ਼ਰਨਜੀਤ ਆਖ ਕੇ ਬੁਲਾਉਂਦਾ ਸੀ। ਜਦੋਂ ਸ਼ਰਨੀ ਆਪ ਪੜ੍ਹਨ ਬੈਠਦੀ ਤਾਂ ਉਹ ਹਰਮੀਤ ਨੂੰ ਵੀ ਨਾਲ ਲੈ ਲੈਂਦੀ। ਪਹਿਲਾਂ ਉਸ ਨੇ ਹਰਮੀਤ ਨੂੰ ਅੱਖਰਾਂ ਦੀ ਪਛਾਣ ਕਰਵਾਈ। ਫਿਰ ਹੌਲੀ ਹੌਲੀ ਅੱਖਰਾਂ ਨੂੰ ਜੋੜ ਸ਼ਬਦ ਪੜ੍ਹਨ ਲਾ ਦਿੱਤਾ। ਅਖੀਰ ਉਹ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਵੀ ਪੜ੍ਹਨ ਲੱਗਿਆ। ਘਰ ਵਿੱਚ ਸ਼ਰਨੀ ਨੂੰ ਛੱਡ ਉਸ ਦਾ ਦੂਜੇ ਨੰਬਰ ਦਾ ਭਰਾ ਸਤਿਨਾਮ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਹ ਵੀ ਉਸ ਨਾਲ ਗੱਲਾਂ ਕਰਦਾ। ਉਸ ਦੀ ਰੁਚੀ ਅਨੁਸਾਰ ਉਸ ਦੀ ਹਰ ਮੰਗ ਪੂਰੀ ਕਰਦਾ।
ਪਤਾ ਨਹੀਂ ਕਿਉਂ ਪੜ੍ਹਾਈ ਨੂੰ ਛੱਡ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਵਿੱਚ ਹਰਮੀਤ ਦੀ ਰੁਚੀ ਵਧ ਗਈ ਸੀ। ਉਹ ਕਦੇ ਟੇਪ ਰਿਕਾਰਡਰ ਖੋਲ੍ਹ ਲੈਂਦਾ, ਕਦੇ ਕੋਈ ਛੋਟੀ ਮਸ਼ੀਨ ਠੀਕ ਕਰਨ ਦੀ ਕੋਸ਼ਿਸ਼ ਕਰਦਾ। ਸਤਿਨਾਮ ਨੇ ਉਸ ਨੂੰ ਬਿਜਲੀ ਦੇ ਸਾਰੇ ਔਜ਼ਾਰ ਲਿਆ ਕੇ ਦੇ ਦਿੱਤੇ ਸਨ। ਉਹ ਘਰ ਪਹਿਲਾਂ ਬਿਜਲੀ ਦੀ ਕੋਈ ਚੀਜ਼ ਖਰਾਬ ਕਰਦਾ, ਫਿਰ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ। ਅਜੇ ਉਹ ਮਸਾਂ ਤੇਰ੍ਹਾਂ-ਚੌਦਾਂ ਸਾਲਾਂ ਦਾ ਹੋਇਆ ਸੀ ਕਿ ਬਿਜਲੀ ਦੀਆਂ ਕਈ ਮਸ਼ੀਨਾਂ ਖੋਲ੍ਹ ਕੇ ਸੰਵਾਰਨ ਲੱਗ ਪਿਆ ਸੀ। ਉਸ ਨੇ ਸਕੂਲ ਜਾ ਕੇ ਕੋਈ ਪੜ੍ਹਾਈ ਨਹੀਂ ਕੀਤੀ, ਪਰ ਉਹ ਹਿਸਾਬ ਦੇ ਕਈ ਔਖੇ ਸਵਾਲ ਸ਼ਰਨੀ ਨੂੰ ਸਮਝਾ ਦਿੰਦਾ। ਅੰਗਰੇਜ਼ੀ ਦੀਆਂ ਕਈ ਕਿਤਾਬਾਂ ਪੜ੍ਹ ਉਨ੍ਹਾਂ ਦੇ ਅਰਥ ਦੱਸ ਦਿੰਦਾ।
ਭਰਾਵਾਂ ਵਿੱਚ ਸਭ ਤੋਂ ਵੱਡਾ ਜਗਰੂਪ ਅੱਡ ਬਿਰਤੀ ਦਾ ਬੰਦਾ ਸੀ। ਉਸ ਨੂੰ ਤਾਂ ਆਪਣੇ ਆਪ ਤੀਕ ਮਤਲਬ ਸੀ। ਉਸ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਜਾਣਾ ਠੀਕ ਨਹੀਂ ਸਮਝਿਆ। ਉਹ ਕਾਲੋਨੀ ਦੇ ਆਪਣੇ ਮਿੱਤਰ ਅਤੇ ਉਸ ਦੇ ਠੇਕੇਦਾਰ ਪਿਉ ਨਾਲ ਮਿਲ ਕੇ ਕਈ ਛੋਟੇ ਛੋਟੇ ਠੇਕੇ ਨਿੱਜੀ ਤੌਰ ’ਤੇ ਲੈਣ ਲੱਗਿਆ।
ਹਰਮੀਤ ਅਠਾਰਾਂ ਸਾਲ ਦਾ ਹੋ ਗਿਆ ਸੀ, ਪਰ ਉਸ ਦੀਆਂ ਲੱਤਾਂ ਅਜੇ ਵੀ ਉਸ ਦਾ ਸਾਥ ਨਹੀਂ ਸਨ ਦਿੰਦੀਆਂ। ਉਹ ਘਰ ਵਿੱਚ ਸਤਿਨਾਮ ਰਾਹੀਂ ਲਿਆਂਦੀਆਂ ਫਹੁੜੀਆਂ ਨਾਲ ਟੁਰਦਾ। ਹੁਣ ਉਸ ਨੂੰ ਜ਼ਮੀਨ ’ਤੇ ਰਿੜ੍ਹਨਾ ਨਹੀਂ ਸੀ ਪੈਂਦਾ।
ਘਰ ਵਿੱਚ ਚਾਰ ਕਮਰੇ ਸਨ। ਇੱਕ ਨੂੰ ਉਨ੍ਹਾਂ ਡਰਾਇੰਗ ਰੂਮ ਬਣਾ ਰੱਖਿਆ ਸੀ। ਬਾਹਰ ਵਾਲਾ ਕਮਰਾ ਜਗਰੂਪ ਕੋਲ ਸੀ। ਇੱਕ ਵਿੱਚ ਉਨ੍ਹਾਂ ਦੇ ਮਾਪੇ ਤੇ ਭੈਣ ਰਹਿੰਦੀ ਸੀ। ਇੱਕ ਸਤਿਨਾਮ ਅਤੇ ਹਰਮੀਤ ਦੇ ਹਿੱਸੇ ਸੀ। ਸਤਿਨਾਮ ਦੇ ਮਨ ਵਿੱਚ ਆਇਆ ਕਿ ਉਹ ਆਪਣੇ ਛੋਟੇ ਭਰਾ ਹਰਮੀਤ ਲਈ ਬਾਹਰ ਵਾਲੇ ਭਾਵ ਜਗਰੂਪ ਦੇ ਕਮਰੇ ’ਚ ਬਿਜਲੀ ਦੀਆਂ ਘਰੇਲੂ ਚੀਜ਼ਾਂ ਠੀਕ ਕਰਨ ਲਈ ਦੁਕਾਨ ਖੋਲ੍ਹ ਦੇਵੇ। ਜਦੋਂ ਉਨ੍ਹਾਂ ਨੇ ਜਗਰੂਪ ਕੋਲੋਂ ਬਾਹਰਲਾ ਕਮਰਾ ਮੰਗਿਆ ਤਾਂ ਘਰ ਵਿੱਚ ਜਿਵੇਂ ਇੱਕ ਤੂਫ਼ਾਨ ਹੀ ਉੱਠ ਖਲੋਤਾ। ਉਹ ਕਿਸੇ ਵੀ ਸ਼ਰਤ ’ਤੇ ਹਰਮੀਤ ਨੂੰ ਕਮਰਾ ਦੇਣ ਨੂੰ ਤਿਆਰ ਨਹੀਂ ਸੀ। ਅਖੀਰ ਸਤਿਨਾਮ ਤੇ ਹਰਮੀਤ ਡਰਾਇੰਗ ਰੂਮ ਵਿੱਚ ਚਲੇ ਗਏ ਅਤੇ ਉਨ੍ਹਾਂ ਨੇ ਆਪਣਾ ਕਮਰਾ ਜਗਰੂਪ ਨੂੰ ਦੇ ਦਿੱਤਾ। ਜਗਰੂਪ ਵਾਲੇ ਕਮਰੇ ਵਿੱਚ ਸਤਿਨਾਮ ਨੇ ਹਰਮੀਤ ਲਈ ਬਿਜਲੀ ਦੀ ਦੁਕਾਨ ਖੋਲ੍ਹ ਦਿੱਤੀ।
ਪਹਿਲਾਂ ਹੌਲੀ ਹੌਲੀ ਬਲਾਕ ਅਤੇ ਫਿਰ ਕਾਲੋਨੀ ਦੀਆਂ ਬਿਜਲੀ ਦੀਆਂ ਕਈ ਚੀਜ਼ਾਂ ਠੀਕ ਹੋਣ ਲਈ ਉਸ ਦੀ ਦੁਕਾਨ ’ਤੇ ਆਉਣ ਲੱਗੀਆਂ। ਹਰਮੀਤ ਨੂੰ ਵਕਤ ਕੱਟਣ ਦੇ ਨਾਲ ਨਾਲ ਥੋੜ੍ਹੀ ਆਮਦਨ ਵੀ ਹੋਣ ਲੱਗੀ।
ਫਿਰ ਇੱਕ ਦਿਨ ਮਾਪਿਆਂ ਨੇ ਜਗਰੂਪ ਦਾ ਵਿਆਹ ਕਰ ਦਿੱਤਾ। ਕੁੜੀ ਦਲੀਪ ਕੌਰ ਵੀ ਆਪਣੇ ਪਤੀ ਦੇ ਸੁਭਾਅ ਵਾਲੀ ਆਈ। ਘਰ ਵਿੱਚ ਕਿਸੇ ਤਰ੍ਹਾਂ ਦੀ ਮਦਦ ਕਰਨ ਦੀ ਥਾਂ ਸਹੁਰੇ ਘਰ ਆਉਂਦਿਆਂ ਹੀ ਉਸ ਨੇ ਪਤੀ ਨੂੰ ਪਰਿਵਾਰ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ।
ਸੋਹਣ ਸਿੰਘ ਦਾ ਇੱਕ ਜਮਾਤੀ ਦਰਬਾਰਾ ਸਿੰਘ ਕਦੇ ਕੈਨੇਡਾ ਜਾ ਵੱਸਿਆ ਸੀ। ਉਸ ਦੀ ਇੱਕੋ-ਇੱਕ ਧੀ ਸੀ। ਦਰਬਾਰਾ ਸਿੰਘ ਇੱਕ ਵਾਰ ਕਿਸੇ ਕੰਮ ਲਈ ਇੰਡੀਆ ਆਇਆ ਅਤੇ ਸੋਹਣ ਸਿੰਘ ਦੇ ਘਰ ਠਹਿਰਿਆ। ਤਿੰਨ-ਚਾਰ ਦਿਨਾਂ ਵਿੱਚ ਹੀ ਉਸ ਨੂੰ ਆਪਣੇ ਮਿੱਤਰ ਦਾ ਵੱਡੇ ਤੋਂ ਛੋਟਾ ਪੁੱਤਰ ਸਤਿਨਾਮ ਬਹੁਤ ਜਚ ਗਿਆ। ਇੱਕ ਦਿਨ ਸਵੇਰੇ ਚਾਹ ਪੀਂਦਿਆਂ ਉਸ ਨੇ ਗੱਲ ਟੋਰੀ, ‘‘ਬਈ ਸੋਹਣ ਸਿੰਘ, ਇੱਕ ਗੱਲ ਕਰਨੀ ਸੀ ਤੇਰੇ ਨਾਲ।’’ ਚਾਹ ਪੀਂਦੇ ਸੋਹਣ ਸਿੰਘ ਨੇ ਆਪਣੇ ਦੋਸਤ ਵੱਲ ਵੇਖਿਆ ਜ਼ਰੂਰ, ਪਰ ਬੋਲਿਆ ਕੁਝ ਵੀ ਨਹੀਂ।
‘‘ਯਾਰ, ਤੂੰ ਆਪਣਾ ਪੁੱਤਰ ਸਤਿਨਾਮ ਮੈਨੂੰ ਦੇ ਦੇ।’’ ਸੋਹਣ ਸਿੰਘ ਦੀ ਸਮਝ ਕੁਝ ਨਹੀਂ ਆਇਆ, ਪਰ ਉਹ ਇਸ ਨੂੰ ਸਮਝਣ ਲਈ ਇਸ ਵਾਰੀ ਵੀ ਕੁਝ ਨਹੀਂ ਬੋਲਿਆ। ਬਸ ਉਸੇ ਤਰ੍ਹਾਂ ਚਾਹ ਦਾ ਕੱਪ ਹੱਥ ’ਚ ਫੜੀ ਉਸ ਵੱਲ ਵੇਖਦਾ ਰਿਹਾ।
‘‘ਯਾਰ, ਮੇਰੇ ਵੱਲ ਕੀ ਵੇਖ ਰਿਹਾ ਹੈਂ। ਤੈਨੂੰ ਪਤਾ ਮੇਰੀ ਇੱਕੋ-ਇੱਕ ਧੀ ਹੈ। ਮੇਰੇ ਕੋਲ ਗੱਡੀਆਂ ਹਨ। ਮੇਰਾ ਟਰਾਂਸਪੋਰਟ ਦਾ ਵੱਡਾ ਕੰਮ ਹੈ। ਵੱਡਾ ਘਰ ਹੈ। ਪੈਸਾ ਵੀ ਹੈ। ਜੇ ਕਮੀ ਹੈ ਤਾਂ ਸਤਿਨਾਮ ਜਿਹੇ ਮੁੰਡੇ ਦੀ ਜਿਹੜਾ ਮੇਰੀ ਧੀ ਨਾਲ ਮੇਰਾ ਕਾਰੋਬਾਰ ਸਾਂਭ ਲਵੇ।’’
‘‘ਪਰ ਤੂੰ ਕੈਨੇਡਾ ਰਹਿੰਦਾ ਹੈ ਅਤੇ ਅਸੀਂ…?’’
‘‘ਬਈ ਸੋਹਣ ਸਿੰਘ, ਜੇ ਮੈਂ ਕੈਨੇਡਾ ’ਚ ਰਹਿੰਦਾ ਹਾਂ ਤਾਂ ਸਤਿਨਾਮ ਵੀ ਉੱਥੇ ਰਹਿ ਸਕਦਾ ਹੈ। ਉੱਥੇ ਜਾਵੇਗਾ ਤਾਂ ਮੌਜ ਕਰੇਗਾ। ਜੰਮਿਆ ਜਮਾਇਆ ਕੰਮ ਮਿਲ ਜਾਵੇਗਾ। ਬੱਸ ਉਸ ਨੂੰ ਸਾਂਭਣ ਵਾਲਾ ਚਾਹੀਦਾ ਹੈ। ਮੇਰੀ ਧੀ ਵੀ ਬਹੁਤ ਚੰਗੀ ਹੈ। ਸਿਆਣੀ ਕੁੜੀ ਹੈ। ਤੇਰੇ ਪੁੱਤ ਨਾਲ ਜ਼ਰੂਰ ਐਡਜਸਟ ਕਰ ਲਵੇਗੀ।’’
ਦੋਵਾਂ ਮਿੱਤਰਾਂ ਨੇ ਮਿੰਟਾਂ ਵਿੱਚ ਹੀ ਰਿਸ਼ਤਾ ਪੱਕਾ ਕਰ ਲਿਆ। ਮਹੀਨੇ ਵਿੱਚ ਹੀ ਸਤਿਨਾਮ ਦਾ ਵਿਆਹ ਹੋ ਗਿਆ ਅਤੇ ਛੇ ਮਹੀਨੇ ਬਾਅਦ ਉਹ ਕੈਨੇਡਾ ਚਲਾ ਗਿਆ। ਉਸ ਦੇ ਚਲੇ ਜਾਣ ਦਾ ਸਭ ਤੋਂ ਵੱਧ ਦੁੱਖ ਹਰਮੀਤ ਨੂੰ ਸੀ ਕਿਉਂਕਿ ਸਤਿਨਾਮ ਹੀ ਉਸ ਦੀ ਮਦਦ ਕਰਦਾ ਸੀ। ਇੱਕ ਸਾਲ ਹੋਰ ਲੰਘਿਆ, ਸੋਹਣ ਸਿੰਘ ਨੇ ਧੀ ਦਾ ਵਿਆਹ ਕਰ ਦਿੱਤਾ ਅਤੇ ਸਤਿਨਾਮ ਸਿੰਘ ਮਾਂ-ਪਿਓ ਤੇ ਹਰਮੀਤ ਨੂੰ ਵੀ ਕੈਨੇਡਾ ਲੈ ਗਿਆ। ਜਗਰੂਪ ਨੇ ਉਹ ਘਰ ਵੇਚ ਦਿੱਤਾ ਤੇ ਟੁਰਦੀ ਕਹਾਣੀ ਦਾ ਇੱਥੇ ਹੀ ਅੰਤ ਹੋ ਗਿਆ।
ਕਦੇ-ਕਦਾਈਂ ਕੈਨੇਡਾ ਤੋਂ ਮੈਨੂੰ ਹਰਮੀਤ ਦਾ ਫੋਨ ਆਉਂਦਾ ਰਹਿੰਦਾ। ਉੱਥੇ ਉਸ ਨੇ ਜਨਰਲ ਸਟੋਰ ਖੋਲ੍ਹ ਲਿਆ ਸੀ ਜਿਹੜਾ ਦਿਨਾਂ ਵਿੱਚ ਹੀ ਚੱਲ ਨਿਕਲਿਆ। ਬਿਜਲੀ ਦੀਆਂ ਛੋਟੀਆਂ ਛੋਟੀਆਂ ਮਸ਼ੀਨਾਂ ਠੀਕ ਕਰਨ ਵਾਲਾ ਹਰਮੀਤ ਕੈਨੇਡਾ ਜਾ ਕੇ ਇੱਕ ਚੰਗਾ ਕਾਰੋਬਾਰੀ ਬਣ ਗਿਆ।
ਫਿਰ ਟੁਰਦੀ ਜ਼ਿੰਦਗੀ ਵਿੱਚ ਇੱਕ ਅਜੀਬ ਘਟਨਾ ਵਾਪਰੀ। ਇੱਕ ਦਿਨ ਹਰਮੀਤ ਦਾ ਫੋਨ ਆਇਆ। ਕਿੰਨਾ ਚਿਰ ਉਹ ਮੇਰੇ ਨਾਲ ਗੱਲਾਂ ਕਰਦਾ ਰਿਹਾ। ਉਸ ਨੇ ਇੱਕ ਅਜਿਹੀ ਬਾਤ ਦੱਸੀ ਜਿਸ ’ਤੇ ਮੈਨੂੰ ਯਕੀਨ ਹੀ ਨਹੀਂ ਹੋਇਆ। ਉਹ ਕੈਨੇਡਾ ਜਾਣ ਤੋਂ ਕੁਝ ਸਮੇਂ ਬਾਅਦ ਚੁੱਪਚਾਪ ਆਪਣੇ ਮਾਪਿਆਂ ਨਾਲ ਪੰਜਾਬ ਆਇਆ ਅਤੇ ਇੱਕ ਬੀ.ਏ. ਪਾਸ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਮੁੜ ਗਿਆ ਸੀ। ਮੈਨੂੰ ਇਹ ਸਮਝ ਨਹੀਂ ਆਈ ਕਿ ਬੀ.ਏ. ਪੜ੍ਹੀ ਕੁੜੀ ਨੇ ਅਜਿਹੇ ਬੰਦੇ ਨਾਲ ਵਿਆਹ ਕਿਵੇਂ ਕਰਵਾ ਲਿਆ ਜਿਸ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਸਨ ਕਰਦੀਆਂ? ਜਿਹੜਾ ਕਿੰਨਾ ਲਾਚਾਰ, ਬੇਵੱਸ ਹੈ ਕਿ ਫਹੁੜੀਆਂ ਤੋਂ ਬਿਨਾਂ ਕਿਤੇ ਆ-ਜਾ ਨਹੀਂ ਸਕਦਾ। ਜਿਸ ਨੇ ਜੀਵਨ ਵਿੱਚ ਕਦੇ ਠੀਕ ਤਰ੍ਹਾਂ ਟੁਰ ਕੇ ਨਹੀਂ ਵੇਖਿਆ। ਉਹ ਸਾਬਤ ਕੁੜੀ ਕੈਨੇਡਾ ’ਚ ਲੋਕਾਂ ਸਾਹਮਣੇ ਉਸ ਅੱਧੇ ਆਦਮੀ ਨਾਲ ਕਿਵੇਂ ਟੁਰਦੀ ਹੋਵੇਗੀ? ਕੀ ਲੋਕ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਨਹੀਂ ਵੇਖਦੇ ਹੋਣਗੇ?
ਵਕਤ ਲੰਘਦਿਆਂ ਪੰਜ ਸਾਲ ਤਕ ਨਾ ਤਾਂ ਫਿਰ ਕਦੇ ਹਰਮੀਤ ਦਾ ਹੀ ਫੋਨ ਆਇਆ ਤੇ ਨਾ ਹੀ ਮੈਂ ਉਸ ਨੂੰ ਮੁੜ ਸੰਪਰਕ ਕਰ ਸਕਿਆ। ਹੌਲੀ ਹੌਲੀ ਉਸ ਦੀਆਂ ਸਾਰੀਆਂ ਯਾਦਾਂ ਮਨ ’ਚੋਂ ਬਾਹਰ ਨਿਕਲ ਗਈਆਂ।
ਪਰ ਅੱਜ ਸਵੇਰੇ ਚਾਰ ਵਜੇ ਉਸ ਦੇ ਫੋਨ ਨੇ ਫਿਰ ਉਹ ਸਭ ਯਾਦ ਕਰਵਾ ਦਿੱਤਾ ਸੀ। ਉਸ ਨੇ ਫੋਨ ’ਤੇ ਦੱਸਿਆ ਕਿ ਪਹਿਲਾਂ ਉਹ ਕੈਨੇਡਾ ਤੋਂ ਦਿੱਲੀ ਆਵੇਗਾ ਅਤੇ ਉੱਥੋਂ ਫਿਰ ਪੰਜਾਬ ਚਲਿਆ ਜਾਵੇਗਾ। ਪੰਦਰਾਂ ਦਿਨ ਪੰਜਾਬ ਰਹਿ ਕੇ ਉਹ ਫਿਰ ਦਿੱਲੀ ਮੁੜੇਗਾ। ਮੈਂ ਕਾਲੋਨੀ ਵਿੱਚ ਹੀ ਉਸ ਲਈ ਗੈਸਟ ਹਾਊਸ ਦੇ ਦੋ ਕਮਰੇ ਬੁੱਕ ਕਰਵਾ ਦੇਵਾਂ ਤਾਂ ਕਿ ਉਸ ਨੂੰ ਕੋਈ ਤਕਲੀਫ਼ ਨਾ ਹੋਵੇ।
ਪੰਦਰਾਂ ਦਿਨਾਂ ਬਾਅਦ ਹਰਮੀਤ ਨਵੀਂ ਚਮਚਮਾਉਂਦੀ ਗੱਡੀ ਵਿੱਚ ਆਪਣੇ ਮਾਂ-ਪਿਉ ਨਾਲ ਸਾਡੇ ਘਰ ਆ ਗਿਆ। ਗੱਡੀ ਡਰਾਈਵਰ ਚਲਾ ਕੇ ਲੈ ਆਇਆ ਸੀ ਜਿਹੜੀ ਉਸ ਨੇ ਇੱਕ ਮਹੀਨੇ ਲਈ ਕਿਰਾਏ ’ਤੇ ਲਈ ਸੀ।
ਹਰਮੀਤ ਉਸੇ ਤਰ੍ਹਾਂ ਦਾ ਸੀ ਜਿਹੋ ਜਿਹਾ ਪੰਜ ਵਰ੍ਹੇ ਪਹਿਲਾਂ ਦਿੱਲੀ ਤੋਂ ਕੈਨੇਡਾ ਗਿਆ ਸੀ। ਬਸ ਉਸ ਦਾ ਚਿਹਰਾ ਪਹਿਲਾਂ ਨਾਲੋਂ ਭਰਿਆ ਲੱਗ ਰਿਹਾ ਸੀ। ਉਸ ਨੇ ਸਲੀਕੇ ਵਾਲੇ ਕੱਪੜੇ ਪਹਿਨ ਰੱਖੇ ਸਨ। ਉਸ ਵਿੱਚ ਇੱਕ ਬਦਲਾਅ ਹੋਰ ਆ ਗਿਆ ਸੀ। ਹੁਣ ਉਹ ਉਸ ਦੇ ਭਰਾ ਸਤਿਨਾਮ ਰਾਹੀਂ ਖਰੀਦੀਆਂ ਫਹੁੜੀਆਂ ਨਾਲ ਨਹੀਂ ਸੀ ਟੁਰ ਰਿਹਾ ਸਗੋਂ ਕੈਨੇਡਾ ਤੋਂ ਆਪਣੇ ਲਈ ਬੈਟਰੀ ਨਾਲ ਚੱਲਣ ਵਾਲੀ ਵੀਲ੍ਹਚੇਅਰ ਲੈ ਕੇ ਆਇਆ ਸੀ। ਅਜਿਹੀ ਵੀਲ੍ਹਚੇਅਰ ਜਿਹੜੀ ਛਤਰੀ ਵਾਂਗ ਬੰਦ ਹੋ ਜਾਂਦੀ ਸੀ।
ਉਨ੍ਹਾਂ ਨੇ ਸਾਡੇ ਘਰ ਚਾਹ ਪੀਤੀ। ਅਸੀਂ ਕੈਨੇਡਾ ਦੀਆਂ ਗੱਲਾਂ ਕਰਦੇ ਰਹੇ। ਉਸ ਮੁਲਕ ਵਿੱਚ ਸੁਖ ਭੋਗਦੇ ਬੰਦਿਆਂ ਦੀਆਂ ਗੱਲਾਂ। ਸਰਕਾਰ ਦੀਆਂ ਗੱਲਾਂ ਜਿਹੜੀ ਉੱਥੋਂ ਦੇ ਲੋਕਾਂ ਦਾ ਖਿਆਲ ਰੱਖਦੀ ਹੈ। ਜਿਹੜੀ ਉਨ੍ਹਾਂ ਨੂੰ ਕੋਈ ਔਖ ਨਹੀਂ ਆਉਣ ਦਿੰਦੀ। ਹਰਮੀਤ ਜਿਹੇ ਦੀ ਤਾਂ ਉਸ ਥਾਂ ਹੋਰ ਵੀ ਮਦਦ ਹੁੰਦੀ ਹੈ।
ਮੈਂ ਉਸ ਨੂੰ ਕਾਲੋਨੀ ’ਚ ਬਣੇ ਗੈਸਟ ਹਾਊਸ ਵਿੱਚ ਛੱਡ ਕੇ ਘਰ ਆ ਗਿਆ। ਉਹਦੇ ਮਾਂ-ਪਿਓ ਦੇ ਨਾਲ ਹੋਣ ਕਰਕੇ ਹਰਮੀਤ ਨਾਲ ਕੋਈ ਵੀ ਨਿੱਜੀ ਗੱਲ ਨਹੀਂ ਕਰ ਸਕਿਆ। ਘਰ ਆ ਕੇ ਮੈਂ ਕਿੰਨਾ ਹੀ ਚਿਰ ਉਸ ਬਾਰੇ ਸੋਚਦਾ ਰਿਹਾ। ਇਸ ਵਾਰੀ ਉਹ ਮੈਨੂੰ ਇੰਨਾ ਸਿੱਧਾ ਨਹੀਂ ਲੱਗਿਆ ਜਿਹੋ ਜਿਹਾ ਉਹ ਪੰਜ ਵਰ੍ਹੇ ਪਹਿਲਾਂ ਕੈਨੇਡਾ ਗਿਆ ਸੀ। ਉਸ ਦੀਆਂ ਗੱਲਾਂ ਇੱਕ ਵਪਾਰੀ ਵਾਲੀਆਂ ਸਨ ਜਿਨ੍ਹਾਂ ਵਿੱਚ ਲਾਭ ਅਤੇ ਹਾਨੀ ਛੁਪੀ ਹੋਈ ਸੀ। ਹੁਣ ਉਸ ਨੂੰ ਦੁਨੀਆਂਦਾਰੀ ਦਾ ਪਤਾ ਸੀ। ਉਸ ਦੇ ਮਾਪਿਆਂ ਦੇ ਹੁੰਦਿਆਂ ਮੈਂ ਉਹਦੇ ਵਿਆਹ ਬਾਰੇ ਨਹੀਂ ਪੁੱਛ ਸਕਿਆ ਕਿ ਉਸ ਦੀ ਗ੍ਰਹਿਸਥੀ ਕਿਵੇਂ ਟੁਰ ਰਹੀ ਹੈ? ਕੀ ਸਾਰਾ ਕੁਝ ਨਿਯਮ ਨਾਲ ਚੱਲ ਰਿਹਾ ਸੀ ਜਾਂ ਉਸ ਵਿੱਚ ਕੋਈ ਅੜਚਣ ਵੀ ਸੀ? ਉਹ ਕੁੜੀ ਜਿਸ ਨੂੰ ਪੰਜਾਬ ਤੋਂ ਪੰਜ ਵਰ੍ਹੇ ਪਹਿਲਾਂ ਵਿਆਹ ਕੇ ਲੈ ਗਿਆ ਸੀ ਉਸ ਨਾਲ ਕਿਵੇਂ ਕੱਟ ਰਹੀ ਸੀ? ਉਹ ਉਸ ਨਾਲ ਕਿਉਂ ਨਹੀਂ ਆਈ? ਅਜਿਹੇ ਕਈ ਸਵਾਲ ਮੇਰੇ ਮਨ ਵਿੱਚ ਸਨ।
ਅਗਲੇ ਦਿਨ ਸਵੇਰੇ ਜਦੋਂ ਦਸ ਵਜੇ ਮੈਂ ਗੈਸਟ ਹਾਊਸ ਪਹੁੰਚਿਆ ਤਾਂ ਉਹ ਤਿੰਨੋਂ ਕਿਤੇ ਜਾਣ ਵਾਲੇ ਸਨ। ਹਰਮੀਤ ਬਹੁਤ ਸੋਹਣੇ ਕੱਪੜੇ ਪਹਿਨੀ ਵੀਲ੍ਹਚੇਅਰ ’ਤੇ ਬੈਠਾ ਸੀ ਅਤੇ ਮਾਂ-ਪਿਓ ਨੇ ਵੀ ਨਵੇਂ ਕੱਪੜੇ ਪਹਿਨ ਰੱਖੇ ਸਨ।
‘‘ਪੁੱਤ, ਅਸੀਂ ਆਹ ਕਾਲੋਨੀ ਦੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਹਾਂ। ਅੱਧਾ ਘੰਟਾ ਤਾਂ ਸਾਨੂੰ ਲੱਗ ਹੀ ਜਾਵੇਗਾ। ਇੰਨਾ ਚਿਰ ਤੂੰ ਹਰਮੀਤ ਨਾਲ ਗੱਲਾਂ ਕਰ।’’ ਹਰਮੀਤ ਦੀ ਮਾਂ ਨੇ ਕਿਹਾ। ਮੇਰਾ ਕੋਈ ਜਵਾਬ ਸੁਣੇ ਬਿਨਾਂ ਉਹ ਦੋਵੇਂ ਗੁਰਦੁਆਰਾ ਸਾਹਿਬ ਚਲੇ ਗਏ। ਕਮਰੇ ਵਿੱਚ ਮੈਂ ਅਤੇ ਹਰਮੀਤ ਰਹਿ ਗਏ।
‘‘ਤੂੰ ਕੌਫ਼ੀ ਪੀਵੇਂਗਾ?’’ ਹਰਮੀਤ ਨੇ ਪੁੱਛਿਆ। ਮੈਂ ਅਜੇ ਹਾਂ ਜਾਂ ਨਾਂਹ ਨਾਲ ਜਵਾਬ ਦੇਣ ਦੀ ਸੋਚ ਹੀ ਰਿਹਾ ਸੀ ਕਿ ਉਸ ਨੇ ਵੀਲ੍ਹਚੇਅਰ ’ਤੇ ਲੱਗੀ ਘੰਟੀ ਵਜਾਈ ਅਤੇ ਗੈਸਟ ਹਾਊਸ ਦਾ ਇੱਕ ਕਾਮਾ ਪਲਾਂ ਵਿੱਚ ਹਾਜ਼ਰ ਹੋ ਗਿਆ।
‘‘ਬਈ ਦੋ ਕੱਪ ਕੌਫ਼ੀ…!’’ ਕਾਮਾ ਚਲਾ ਗਿਆ। ਹੁਣ ਮੇਰੇ ਮਨ ਵਿੱਚ ਕਿੰਨੇ ਹੀ ਸਵਾਲ ਸਨ ਜਿਨ੍ਹਾਂ ਦੀ ਉਲਝਣ ਵਿੱਚ ਮੈਂ ਰਾਤ ਭਰ ਉਲਝਿਆ ਰਿਹਾ ਸੀ, ਪਰ ਉਨ੍ਹਾਂ ਦਾ ਕੋਈ ਵੀ ਠੀਕ ਹੱਲ ਨਹੀਂ ਲੱਭ ਸਕਿਆ ਸੀ।
‘‘ਹੋਰ ਬਈ ਹਰਮੀਤ, ਕਿਵੇਂ ਚੱਲ ਰਹੀ ਹੈ ਕੈਨੇਡਾ ਵਿੱਚ?’’ ਗੱਲ ਸ਼ੁਰੂ ਕਰਨ ਵਿੱਚ ਪਹਿਲ ਮੈਂ ਹੀ ਕੀਤੀ।
‘‘ਬਹੁਤ ਵਧੀਆ… ਬਸ ਯਾਰ ਉਸ ਦੇਸ਼ ਵਿੱਚ ਜਾ ਕੇ ਹੀ ਪਤਾ ਲੱਗਿਆ ਕਿ ਜ਼ਿੰਦਗੀ ਕੀ ਹੁੰਦੀ ਹੈ। ਰੱਬ ਕੋਲੋਂ ਮਿਲਿਆ ਇਹ ਜੀਵਨ ਕਿੰਨਾ ਬਹੁਮੁੱਲਾ ਹੈ ਜਿਹੜਾ ਹਿੰਦੁਸਤਾਨ ਜਿਹੇ ਮੁਲਕ ਵਿੱਚ ਕਿਵੇਂ ਬੇਮਤਲਬ ਜਿਹਾ ਹੋ ਕੇ ਲੰਘ ਜਾਂਦਾ ਹੈ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ।’’
ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ, ਬਸ ਇਹੋ ਸੋਚ ਕਿ ਸਾਡੇ ਮੁਲਕ ਵਿੱਚ ਕੀ ਇਨਸਾਨ ਰਹਿੰਦੇ ਹੀ ਨਹੀਂ? ਜੋ ਹਰਮੀਤ ਕਹਿ ਰਿਹਾ, ਕੀ ਉਹ ਠੀਕ ਹੈ?
ਮੈਂ ਇਨ੍ਹਾਂ ਗੱਲਾਂ ਨੂੰ ਪਾਸੇ ਹਟਾ ਉਸ ਕੋਲੋਂ ਅਗਲਾ ਸਵਾਲ ਪੁੱਛਿਆ, ‘‘ਹੋਰ ਬਈ ਤੂੰ ਵਿਆਹ ਕਰਵਾਇਆ ਅਤੇ ਸਾਨੂੰ ਤੇਰੇ ਇੰਡੀਆ ਆਉਣ ਦਾ ਪਤਾ ਹੀ ਨਹੀਂ ਲੱਗਿਆ!’’
‘‘ਹਾਂ ਯਾਰ, ਉਸ ਵੇਲੇ ਮੇਰੇ ਕੋਲ ਦੋ ਹੀ ਦਿਨ ਸਨ। ਕੈਨੇਡਾ ’ਚ ਮੇਰਾ ਕੋਈ ਬਹੁਤ ਜ਼ਰੂਰੀ ਕੰਮ ਅਟਕਿਆ ਪਿਆ ਸੀ। ਮੈਂ, ਬੀਜੀ ਅਤੇ ਭਾਪਾ ਜੀ ਬਸ ਦੋ ਦਿਨਾਂ ਲਈ ਹੀ ਇੰਡੀਆ ਆਏ ਸੀ। ਵਿਆਹ ਕਰਵਾ ਕੇ ਮੈਂ ਕੈਨੇਡਾ ਮੁੜ ਗਿਆ ਸੀ।’’
ਇਸ ਤੋਂ ਬਾਅਦ ਮੇਰੇ ਮਨ ਵਿੱਚ ਫਿਰ ਉਹੀ ਸਵਾਲ ਕਿ ਬੀ.ਏ. ਪੜ੍ਹੀ ਕੁੜੀ ਨੇ ਉਸ ਨਾਲ ਵਿਆਹ ਕਿਵੇਂ ਕਰਵਾ ਲਿਆ? ਉਹ ਰਾਜ਼ੀ ਕਿਵੇਂ ਹੋ ਗਈ ਜਦੋਂਕਿ ਉਸ ਸਾਹਮਣੇ ਤਾਂ ਅੱਧਾ ਆਦਮੀ ਸੀ ਜਿਸ ਨਾਲ ਉਸ ਨੇ ਸਾਰੀ ਉਮਰ ਕੱਟਣੀ ਸੀ। ਮੈਂ ਕੋਸ਼ਿਸ਼ ਕਰਨ ’ਤੇ ਵੀ ਇਹ ਗੱਲ ਹਰਮੀਤ ਕੋਲੋਂ ਨਹੀਂ ਪੁੱਛ ਸਕਿਆ ਅਤੇ ਉਸ ਮੂਹਰੇ ਅਗਲਾ ਸਵਾਲ ਰੱਖ ਦਿੱਤਾ, ‘‘ਹੋਰ ਯਾਰ, ਤੇਰੀ ਗ੍ਰਹਿਸਥੀ ਕਿਹੋ ਜਿਹੀ ਟੁਰ ਰਹੀ ਹੈ? ਉਹ ਤੇਰੇ ਨਾਲ ਇੰਡੀਆ ਕਿਉਂ ਨਹੀਂ ਆਈ?’’ ਇਸ ਵਾਰੀ ਮੈਂ ਇਕੱਠੇ ਦੋ ਸਵਾਲ ਪੁੱਛੇ।
ਉਸ ਨੇ ਮੇਰੇ ਇਨ੍ਹਾਂ ਸਵਾਲਾਂ ਦਾ ਜਵਾਬ ਤੁਰੰਤ ਨਹੀਂ ਦਿੱਤਾ ਜਿਵੇਂ ਇੱਕ ਸੋਚ ਜਿਹੀ ਵਿੱਚ ਪੈ ਗਿਆ ਸੀ ਉਹ। ਕੁਝ ਚਿਰ ਦੀ ਚੁੱਪ ਮਗਰੋਂ ਉਸ ਨੇ ਬੋਲਣਾ ਸ਼ੁਰੂ ਕੀਤਾ, ‘‘ਬਈ ਉਹ ਕੁੜੀ ਤਾਂ ਇਸ ਮਹੀਨੇ ਮੈਨੂੰ ਛੱਡ ਕੇ ਕਿਸੇ ਹੋਰ ਮੁੰਡੇ ਨਾਲ…।’’ ਉਸ ਦਾ ਜਵਾਬ ਜਿਵੇਂ ਠਾਹ ਕਰਕੇ ਮੇਰੇ ’ਤੇ ਵੱਜਾ। ਜਿਵੇਂ ਕੁਰਾਹੇ ਪਏ ਮੇਰੇ ਸਵਾਲਾਂ ਨੂੰ ਪਲਾਂ ਵਿੱਚ ਸਾਰੇ ਜਵਾਬ ਮਿਲ ਗਏ ਸਨ।
‘‘ਕਿਵੇਂ…?’’ ਇਸ ਵਾਰ ਮੈਂ ਉਸ ਨੂੰ ਸਿਰਫ਼ ਇੱਕ ਸ਼ਬਦ ਵਾਲਾ ਸਵਾਲ ਹੀ ਪੁੱਛਿਆ।
‘‘ਉਹ ਪੰਜ ਸਾਲਾਂ ਤੀਕ ਮੇਰੇ ਨਾਲ ਰਹੀ,’’ ਹਰਮੀਤ ਨੇ ਗੱਲ ਸ਼ੁਰੂ ਕੀਤੀ, ‘‘ਪਰ ਜਦੋਂ ਕੈਨੇਡਾ ਸਰਕਾਰ ਨੇ ਉਸ ਨੂੰ ਗਰੀਨ ਕਾਰਡ ਦੇ ਦਿੱਤਾ ਅਤੇ ਉਹ ਉੱਥੇ ਪੱਕੀ ਹੋ ਗਈ ਤਾਂ ਮੈਨੂੰ ਛੱਡ ਕੇ ਕਿਸੇ ਹੋਰ ਦੇ ਘਰ ਜਾ ਵੱਸੀ।’’
‘‘ਬਹੁਤ ਅਫ਼ਸੋਸ ਦੀ ਗੱਲ ਹੈ ਭਾਈ ਸਾਹਿਬ।’’ ਭਾਵੇਂ ਇਹ ਗੱਲ ਮੈਂ ਉਪਰੋਂ ਉਪਰੋਂ ਹੀ ਆਖੀ ਸੀ ਜਦੋਂਕਿ ਅਜਿਹਾ ਤਾਂ ਹੋਣਾ ਹੀ ਸੀ, ਪਰ ਇੱਕ ਵਾਰੀ ਮੈਨੂੰ ਇਸ ਤਰ੍ਹਾਂ ਕਹਿਣਾ ਹੀ ਪਿਆ।
‘‘ਇਸ ਵਿੱਚ ਅਫ਼ਸੋਸ ਵਾਲੀ ਕਿਹੜੀ ਗੱਲ ਹੈ ਭਾਈ ਸਾਹਿਬ! ਸ਼ਾਇਦ ਤੈਨੂੰ ਪਤਾ ਨਹੀਂ ਇਸ ਵਾਰ ਵੀ ਮੈਂ ਇੰਡੀਆ ਵਿਆਹ ਕਰਵਾਉਣ ਲਈ ਹੀ ਤਾਂ ਆਇਆ ਹਾਂ।’’ ਉਸੇ ਤਰ੍ਹਾਂ ਬੈਠਿਆਂ ਉਸ ਨੇ ਕਿਹਾ। ‘‘ਭਾਈ ਸਾਹਿਬ, ਤੁਸੀਂ ਇਸ ਤਰ੍ਹਾਂ ਕਦੋਂ ਤੀਕ ਕਰੋਗੇ ਜੇ ਇਸ ਵਾਰ ਵੀ ਨਵੀਂ ਵਿਆਹੀ ਕੁੜੀ ਪੰਜ ਸਾਲਾਂ ਬਾਅਦ ਧੋਖਾ ਦੇ…?’’ ਮੇਰੀ ਗੱਲ ਅਜੇ ਅਧੂਰੀ ਹੀ ਸੀ ਕਿ ਹਰਮੀਤ ਨੇ ਜ਼ੋਰ ਦਾ ਠਾਹਕਾ ਮਾਰਿਆ ਅਤੇ ਖੀ-ਖੀ ਕਰਦਾ ਹੋਇਆ ਬੋਲਣ ਲੱਗਿਆ, ‘‘ਭਾਈ ਸਾਹਿਬ, ਕਿੰਨੇ ਭੋਲੇ ਹੋ ਤੁਸੀਂ! ਇਹ ਤਾਂ ਬਹੁਤ ਸਿੱਧੀ ਜਿਹੀ ਗੱਲ ਹੈ। ਪਹਿਲੀ ਕੁੜੀ ਨਾਲ ਮੇਰੀ ਉਮਰ ਦੇ ਪੰਜ ਵਰ੍ਹੇ ਤਾਂ ਬਹੁਤ ਮੌਜ ਨਾਲ ਨਿਕਲੇ। ਇਨ੍ਹਾਂ ਪੰਜ ਸਾਲਾਂ ਵਿੱਚ ਜਦੋਂ ਤੀਕ ਉਹ ਪੱਕੀ ਨਹੀਂ ਹੋਈ ਮੇਰੀ ਪੂਰੀ ਕੇਅਰ ਕਰਦੀ ਰਹੀ। ਉਸ ਨੇ ਤਾਂ ਮੇਰੀ ਖ਼ੂਬ ਸੇਵਾ ਵੀ ਕੀਤੀ। ਠੀਕ ਹੈ ਉਹ ਮੇਰੇ ਬੱਚੇ ਦੀ ਮਾਂ ਨਹੀਂ ਬਣੀ, ਪਰ ਪੰਜ ਸਾਲਾਂ ਤੀਕ ਉਸ ਨੇ ਮੈਨੂੰ ਉਹ ਸੁਖ ਵੀ ਦਿੱਤਾ। ਉਸ ਦੇ ਕੈਨੇਡਾ ਪਹੁੰਚਦਿਆਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਇਸ਼ਕ ਮੇਰੇ ਘਰ ਨੇੜੇ ਰਹਿੰਦੇ ਇੱਕ ਮੁੰਡੇ ਨਾਲ ਮਹੀਨੇ ਬਾਅਦ ਹੀ ਚੱਲ ਪਿਆ ਸੀ। ਉਹੀ ਜਿਸ ਦੇ ਘਰ ਹੁਣ ਉਹ ਜਾ ਵੱਸੀ ਹੈ। ਪਰ ਇਹ ਸਭ ਹੋਣ ’ਤੇ ਮੈਨੂੰ ਕੋਈ ਫ਼ਰਕ ਨਹੀਂ ਪਿਆ।’’ ‘‘ਕਿਉਂ ਫ਼ਰਕ ਨਹੀਂ ਪਿਆ?’’ ਮੈਂ ਉਸ ਦੀ ਟੁਰਦੀ ਗੱਲ ਨੂੰ ਕੱਟ ਕੇ ਪੁੱਛਿਆ, ‘‘ਫ਼ਰਕ ਇਸ ਲਈ ਨਹੀਂ ਪਿਆ ਮੈਂ ਕਿਹੜਾ ਇੰਡੀਆ ਤੋਂ ਉਸ ਨੂੰ ਅਸਲੀ ਪਤਨੀ ਬਣਾ ਲੈ ਕੇ ਆਇਆ ਸੀ।’’ ‘‘ਕਿਉਂ ਲੈ ਕਿਉਂ ਨਹੀਂ ਗਏ? ਕੀ ਤੁਸੀਂ ਉਸ ਨਾਲ ਵਿਆਹ ਨਹੀਂ ਕਰਵਾਇਆ ਸੀ? ਕੀ ਉਸ ਨਾਲ ਚਾਰ ਲਾਵਾਂ ਨਹੀਂ ਲਈਆਂ ਸਨ?’’ ਇਸ ਵਾਰੀ ਮੈਂ ਉਸ ਨੂੰ ਤਿੱਖੀ ਸੁਰ ਵਿੱਚ ਇਕੱਠੇ ਤਿੰਨ ਸਵਾਲ ਪੁੱਛੇ।
‘‘ਚਾਰ ਲਾਵਾਂ ਲੈਣ ਨਾਲ ਹਰ ਇੱਕ ਔਰਤ ਲੋਕਾਂ ਅਤੇ ਧਰਮ ਦੀਆਂ ਨਜ਼ਰਾਂ ਵਿੱਚ ਪਤਨੀ ਜ਼ਰੂਰ ਬਣ ਜਾਂਦੀ ਹੈ। ਉਹ ਪਤਨੀ ਦੇ ਸਾਰੇ ਹੱਕ ਵੀ ਸਾਂਭ ਲੈਂਦੀ ਹੈ, ਪਰ ਪਤਨੀ ਬਣਦੇ ਵੇਲੇ ਕੀ ਉਹਦੇ ਮਨ ਵਿੱਚ ਸਚਾਈ ਹੁੰਦੀ ਹੈ? ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਇਹ ਸਭ ਦਿਖਾਵੇ ਲਈ ਜਾਂ ਮਜਬੂਰੀ ਵਿੱਚ ਕਰ ਰਹੀ ਹੋਵੇ। ਤੁਸੀਂ ਪਹਿਲੀ ਕੁੜੀ ਦੇ ਨੱਸ ਜਾਣ ਵੱਲ ਇਸ਼ਾਰਾ ਕੀਤਾ। ਇਹ ਤਾਂ ਸਿੱਧੀ ਜਿਹੀ ਗੱਲ ਹੈ। ਇਸ ਵੇਲੇ ਮੈਂ ਚਾਲੀ ਦਾ ਹਾਂ। ਜੇ ਮੇਰੀ ਉਮਰ ਸੱਠ, ਪੈਂਹਠ ਜਾਂ ਸੱਤਰ ਦੀ ਹੋਈ ਤਾਂ ਮੈਨੂੰ ਪੰਜ ਵਰ੍ਹੇ ਦੇ ਹਿਸਾਬ ਨਾਲ ਪੰਜ-ਛੇ ਕੁੜੀਆਂ ਦੀ ਲੋੜ ਤਾਂ ਪਵੇਗੀ। ਫਿਰ ਇਹ ਕੀ ਮੁਸ਼ਕਿਲ ਹੈ… ਆਪੇ ਮਿਲ ਜਾਣਗੀਆਂ।’’
‘‘ਪਰ ਹਰਮੀਤ ਜੀ, ਤੁਹਾਨੂੰ ਸੱਠ, ਪੈਂਹਠ, ਸੱਤਰ ਸਾਲ ਦੀ ਉਮਰ ਵਿੱਚ ਕੁੜੀ ਕੌਣ ਦੇਵੇਗਾ? ਕੀ ਤੁਸੀਂ ਤਦ ਤੀਕ ਬੁੱਢੇ…?’’ ਮੈਂ ਗੱਲ ਅਧੂਰੀ ਛੱਡ ਦਿੱਤੀ।
ਇਸ ਵਾਰ ਉਸ ਨੇ ਠਹਾਕਾ ਤਾਂ ਨਹੀਂ ਮਾਰਿਆ, ਪਰ ਖੀ-ਖੀ ਜ਼ਰੂਰ ਕਰਨ ਲੱਗਿਆ। ਛੇਤੀ ਹੀ ਆਪਣੇ ਹਾਸੇ ’ਤੇ ਕਾਬੂ ਪਾ ਕੇ ਉਹ ਬੋਲਣ ਲੱਗਿਆ, ‘‘ਇਸ ਵੇਲੇ ਮੈਂ ਚਾਲੀ ਸਾਲਾਂ ਦਾ ਹਾਂ। ਇਨ੍ਹਾਂ ਦਿਨਾਂ ਵਿੱਚ ਮੈਂ ਪੰਜਾਬ ਵਿੱਚ ਚਾਰ ਕੁੜੀਆਂ ਵੇਖ ਚੁੱਕਿਆਂ ਹਾਂ ਜਿਹੜੀਆਂ ਅਠਾਰਾਂ-ਵੀਹ ਸਾਲਾਂ ਦੀਆਂ ਸਨ। ਉਹ ਸਾਰੀਆਂ ਵਿਆਹ ਕਰਵਾ ਕੇ ਮੇਰੇ ਨਾਲ ਕੈਨੇਡਾ ਜਾਣ ਲਈ ਤਿਆਰ ਹਨ। ਇੱਥੇ ਦਿੱਲੀ ਵਿੱਚ ਜਿਹੜੀ ਕੁੜੀ ਅੱਜ ਮੈਂ ਵੇਖਣ ਜਾ ਰਿਹਾ ਹਾਂ ਉਹ ਵੀ ਉੱਨ੍ਹੀ ਸਾਲਾਂ ਦੀ ਹੈ। ਲੱਗਦਾ ਹੈ ਉਹ ਮੇਰੇ ਨਾਲ ਵਿਆਹ ਕਰਵਾਉਣ ਨੂੰ ਰਾਜ਼ੀ ਹੋ ਜਾਵੇਗੀ ਕਿਉਂਕਿ ਉਸ ਲਈ ਤੇ ਉਹਦੇ ਮਾਪਿਆਂ ਲਈ ਇਹ ਵਿਆਹ ਕੋਈ ਮਾਅਨੇ ਰੱਖਦਾ ਹੀ ਨਹੀਂ। ਬੱਸ ਉਹ ਤਾਂ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਜਾ ਕੇ ਇੱਕ ਵਾਰੀ ਪੱਕੀ ਹੋ ਜਾਵੇ, ਫਿਰ ਉਸ ਦੇ ਸਹਾਰੇ ਉਨ੍ਹਾਂ ਦਾ ਸਾਰਾ ਟੱਬਰ ਹੀ ਕੈਨੇਡਾ ਪਹੁੰਚ ਡਾਲਰਾਂ ਵਿੱਚ ਖੇਡਣ ਲੱਗ ਜਾਵੇਗਾ। ਜਦੋਂ ਮੈਨੂੰ ਚਾਲੀ ਸਾਲ ਦੇ ਨੂੰ ਅਠਾਰਾਂ ਤੋਂ ਵੀਹ ਸਾਲਾਂ ਤੀਕ ਦੀਆਂ ਕੁੜੀਆਂ ਮਿਲਦੀਆਂ ਹਨ ਤਾਂ ਜਦੋਂ ਮੈਂ ਸੱਠ, ਪੈਂਹਠ ਜਾਂ ਸੱਤਰ ਦਾ ਹੋ ਜਾਵਾਂਗਾ ਕੀ ਮੈਨੂੰ ਚਾਲੀ ਸਾਲਾਂ…?’’
ਇੰਨਾ ਆਖ ਉਹ ਪਹਿਲਾਂ ਵਾਂਗ ਖੀ-ਖੀ ਕਰਨ ਲੱਗਿਆ। ਇਸ ਵਾਰੀ ਉਸ ਨੇ ਗੱਲ ਇੱਥੇ ਹੀ ਛੱਡ ਦਿੱਤੀ।
ਉਸ ਦੀ ਗੱਲ ਤਾਂ ਪੱਥਰ ’ਤੇ ਵੱਜੀ ਲਕੀਰ ਸੀ ਜਿਸ ਨੂੰ ਨਾ ਤਾਂ ਮਿਟਾਇਆ ਜਾ ਸਕਦਾ ਸੀ ਤੇ ਨਾ ਹੀ ਝੁਠਲਾਇਆ। ਇਸ ਤੋਂ ਅੱਗੇ ਤਾਂ ਕਹਿਣ ਲਈ ਕੁਝ ਬਚਿਆ ਹੀ ਨਹੀਂ ਸੀ। ਉਸ ਨੇ ਜੋ ਕਿਹਾ, ਸਭ ਸੱਚ ਹੀ ਸੀ।
ਮੇਰੀ ਤੇ ਹਰਮੀਤ ਦੀ ਗੱਲ ਮੁੱਕ ਗਈ ਸੀ। ਸ਼ੰਕਾਵਾਂ ਦਾ ਹੱਲ ਮੇਰੇ ਸਾਹਮਣੇ ਸੀ। ਵੀਲ੍ਹਚੇਅਰ ’ਤੇ ਬੈਠਿਆਂ ਹਰਮੀਤ ਨੇ ਇੱਕ ਵਾਰੀ ਜਿੱਤ ਦੀ ਸ਼ਕਲ ਬਣਾ ਮੇਰੇ ਵੱਲ ਵੇਖਿਆ ਅਤੇ ਫਿਰ ਉਹ ਵੀਲ੍ਹਚੇਅਰ ਨੂੰ ਚਲਾਉਂਦਾ ਹੋਇਆ ਪੰਜਵੀਂ ਕੁੜੀ ਵੇਖਣ ਲਈ ਬਾਹਰ ਖੜ੍ਹੀ ਕਾਰ ਵੱਲ ਟੁਰ ਪਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ