Parbhat Da Supna (Punjabi Story) : Nanak Singh

ਪਰਭਾਤ ਦਾ ਸੁਪਨਾ (ਕਹਾਣੀ) : ਨਾਨਕ ਸਿੰਘ

ਮਾਸਟਰ ਕਿਰਪਾ ਰਾਮ ਦਾ ਆਸ਼ਾਵਾਦ ਕੁਝ ਸ਼ੇਖ ਚਿੱਲੀਆਨਾ ਕਿਸਮ ਦਾ ਸੀ। ਉਸ ਦੀ ਆਸ਼ਾ ਦਾ ਕੇਂਦਰ ਵੀ ਬੜਾ ਅਜੀਬ ਸੀ। ਕਦੀ ਕਿਸੇ ਸਮੇਂ ਉਸ ਨੇ ਜੰਗੀ ਕਰਜ਼ੇ ਦੇ ਤੀਹਾਂ ਚਾਲੀਆਂ ਰੁਪਈਆਂ ਦੇ ਬਾਂਡ ਖਰੀਦੇ ਸਨ। ਉਸ ਨੂੰ ਪੱਕਾ ਯਕੀਨ ਸੀ ਕਿ ਜ਼ਰੂਰ ਉਸ ਦਾ ਇਨਾਮ ਨਿਕਲੇਗਾ। ਏਸੇ ਇਨਾਮ ਦੀ ਉਮੇਦ ਉਤੇ ਉਹ ਆਪਣੇ ਭਵਿਸ਼ ਦੇ ਉਚੇ ਉਚੇ ਮਹੱਲ ਉਸਾਰਦਾ ਰਹਿੰਦਾ ਸੀ।
ਸ਼ੁਰੂ ਸ਼ੁਰੂ ਵਿਚ ਜਦ ਮੈਂ ਪਠਾਨਕੋਟ ਦੇ ਇਕ ਸਕੂਲ ਵਿਚ ਟੀਚਰ ਲੱਗਾ ਤਾਂ ਤਾਂ ਮਾਸਟਰ ਕਿਰਪਾ ਰਾਮ ਨਾਲ ਮੇਰੀ ਮੁਢਲੀ ਜਾਣ ਪਛਾਣ ਹੋਈ। ਪਹਿਲਾਂ ਪਹਿਲਾਂ ਤਾਂ ਉਹ ਕੁਝ ਸਨਕੀ ਜਿਹਾ ਜਾਪਿਆ, ਪਰ ਥੋੜੇ ਦਿਨਾਂ ਵਿਚ ਹੀ ਉਹ ਮੈਨੂੰ ਕੁਝ ਚੰਗਾ ਚੰਗਾ ਲੱਗਣ ਲਗ ਪਿਆ। ਉਸ ਵਿਚ ਹੋਰ ਵੀ ਅਨੇਕਾਂ ਗੁਣ ਸਨ। ਪਰ ਉਸ ਦੇ ਜਿਸ ਗੁਣ ਨੇ ਉਸ ਵੱਲ ਮੈਨੂੰ ਵਧੇਰੇ ਖਿੱਚਿਆ, ਉਹ ਸੀ ਉਸ ਦੀ ਜ਼ਿੰਦਾ ਦਿਲੀ। ਘਰ ਵਿਚ ਤੰਗੀ ਹੋਵੇ, ਜੇਬ ਵਿਚ ਭਾਵੇਂ ਕੱਚੀ ਕੌਡੀ ਨਾ ਹੋਵੇ, ਉਹ ਸਦਾ ਆਪਣੇ ਰੰਗ ਵਿਚ ਮਸਤ ਰਹਿੰਦਾ।
ਤਨਖ਼ਾਹ ਸਾਡੀ ਦੋਹਾਂ ਦੀ ਲਗਪਗ ਇਕੋ ਜਿੰਨੀ ਸੀ-ਚਾਲੀ ਪੰਤਾਲੀ ਰੁਪਏ। ਤੇ ਇੰਨੇ ਪੈਸਿਆਂ ਨਾਲ ਉਸ ਵਰਗੇ ਵੱਡ ਪਰਵਾਰੇ ਦਾ ਬਣਦਾ ਵੀ ਕੀ ਸੀ। ਅਸੀਂ ਤਾਂ ਭਲਾ ਦੋਵੇਂ ਮੀਆਂ ਬੀਵੀ ਸਾਂ। ਪਰ ਮਾਸਟਰ ਜਿਸ ਦੇ ਤਿੰਨ ਬੱਚੇ ਸਨ, ਏਨੀ ਥੋੜੀ ਰਕਮ ਨਾਲ ਕੀਕਣ ਗੁਜ਼ਾਰਾ ਕਰਦਾ ਹੋਵੇਗਾ, ਇਹ ਸੋਚ ਸੋਚ ਕੇ ਮੈਨੂੰ ਹੈਰਾਨੀ ਹੁÎੰਦੀ ਸੀ। ਪਰ ਅਸ਼ਕੇ ਆਖੋਂ ਮਾਸਟਰ ਦੇ ਕਿ ਮੈਂ ਉਸਦੇ ਮੱਥੇ 'ਤੇ ਕਦੇ ਸ਼ਿਕਨ ਨਹੀਂ ਸੀ ਦੇਖਿਆ। ਕਦੇ ਕਦੇ ਉਹ ਭਾਨੇ ਸ਼ਾਹ ਦੀ ਬਦਸਲੂਕੀ ਬਾਬਤ ਗਿਲਾ ਜ਼ਰੂਰ ਕਰਦਾ ਸੀ। ਜਿਸ ਪਾਸੋਂ ਕਦੀ ਉਸ ਨੇ ਸੌ ਰੁਪਏ ਦਾ ਕਰਜ਼ਾ ਚੁੱਕਿਆ ਸੀ, ਤੇ ਜਿਹੜਾ ਸੂੰਦਾ ਸੂੰਦਾ ਇਸ ਵੇਲੇ ਚਾਰ ਸੌ ਤੋਂ ਵੀ ਟੱਪ ਗਿਆ ਸੀ। ਪਰ ਨਾਲ ਹੀ ਮਾਸਟਰ ਬੜੀ ਐਂਠ ਨਾਲ ਕਹਿੰਦਾ-''ਬਾਂਡਾ ਦਾ ਇਨਾਮ ਆਉਣ ਦੀ ਢਿਲ ਹੈ ਕਿ ਮੱਥੇ ਮਾਰਾਂਗਾ ਸੂ, ਮੈਂ ਕਦੀ ਸਕੇ ਪਿਉ ਦੀ ਕਾਣ ਨਹੀਂ ਸਹੀ, ਉਸ ਨੂੰ ਕੀ ਜਾਣਨਾ ਵਾਂ ਤੜਪ ਘਸੀਏ ਜਿਹੇ ਨੂੰ ਮੈਂ।''
ਕਈ ਟੀਚਰਾਂ ਨੇ ਉਸ ਦਾ ਨਾਂ 'ਮਾਸਟਰ ਰੇਡੀਓ' ਪਾਇਆ ਹੋਇਆ ਸੀ, ਜਿਨ੍ਹਾਂ ਦੀ ਰੀਸੇ ਕਈ ਮੁੰਡੇ ਵੀ , ਉਸ ਨੂੰ ਪਿਛੋਂ ਕੰਡੀ ਏਸੇ ਨਾਂ ਨਾਲ ਪੁਕਾਰਦੇ ਸਨ।
ਪਹਿਲਾਂ ਤਾਂ ਮੈਨੂੰ ਉਸਦੇ ਇਸ ਉਪਨਾਮ ਬਾਰੇ ਸਮਝ ਨਾ ਆਈ, ਪਰ ਮਗਰੋਂ ਛੇਤੀ ਹੀ ਪਤਾ ਲੱਗ ਗਿਆ ਕਿ ਉਸ ਨੂੰ ਰੇਡੀਓ ਕਿਉਂ ਕਿਹਾ ਜਾਂਦਾ ਹੈ। ਉਹ ਬੋਲਦਾ ਜ਼ਿਆਦਾ ਸੀ ਤੇ ਬਹਿਸ ਦਾ ਗੁਣ ਤਾਂ ਉਸ ਨੂੰ ਜਿਵੇਂ ਗੁੜ੍ਹਤੀ ਵਿਚ ਮਿਲਿਆ ਸੀ। ਤੁਸੀਂ ਕੋਈ ਨਿਗੂਣੀ ਤੋਂ ਨਿਗੂਣੀ ਗੱਲ ਕਰੋ, ਉਹ ਖਿਚ ਘਸੀਟ ਕੇ ਗਲ ਬਹਿਸ ਦੇ ਖਰਾਦ ਤੇ ਜਾ ਚਾੜ੍ਹੇਗਾ ਤੇ ਫਿਰ ਤਦ ਤੀਕ ਪਿੱਛਾ ਨਹੀਂ ਛੱਡੇਗਾ, ਜਦ ਤੀਕ ਉਸ ਗੱਲ ਦੇ ਪਰਛੇ ਨਾ ਉਡ ਜਾਣ।
ਇਸ ਤੋਂ ਛੁਟ ਉਸ ਦਾ ਕੱਦ ਬੁਤ ਵੀ ਕਿਸੇ ਹੱਦ ਤੱਕ ਰੇਡੀਓ ਨਾਲ ਮਿਲਦਾ ਜੁਲਦਾ ਸੀ-ਗੋਲ ਮਟੋਲ ਤੇ ਹੇਠੋਂ ਉਤੋਂ ਮੁਰੱਬਾ। ਜਿੰਨੀ ਉਸ ਦੀ ਜ਼ਬਾਨ ਤੇਜ਼ ਸੀ, ਲੱਤਾਂ ਓਦੂੰ ਵੀ ਜ਼ਿਆਦਾ ਤੇਜ਼ ਸਨ।
ਹੁੰਦਿਆਂ ਹੋਇਆ ਸਾਡੀ ਜਾਨ ਪਛਾਣ ਦੋਸਤੀ ਦੇ ਦਰਜ਼ੇ 'ਤੇ ਜਾ ਪਹੁੰਚੀ। ਇਸ ਦਾ ਸਬਬ ਹੋਰ ਵੀ ਸੀ। ਸਾਡੀ ਰੋਜ਼ ਦੀ ਸੈਰ ਤੇ ਹਫ਼ਤਾਵਾਰੀ ਪਿਕਨਿਕ। ਮਹੀਨੇ ਮਗਰੋਂ ਤਨਖਾਹ ਜਦੋਂ ਮਿਲੇ ਉਸ ਤੋਂ ਮਗਰੋਂ ਸਾਡਾ 'ਐਸ਼' ਦਾ ਪ੍ਰੋਗਰਾਮ ਹੁੰਦਾ ਸੀ।
'ਐਸ਼' ਤੋਂ ਕੋਈ ਰਈਸਾਂ ਨਵਾਬਾਂ ਵਾਲੀ ਆਯਾਸ਼ੀ ਨਾ ਸਮਝਿਆ ਜਾਵੇ। ਇਕ ਇਕ ਲੰਮੀ ਸੈਰ ਤੋਂ ਸ਼ੁਰੂ ਹੋ ਕੇ ਨੌਂ ਨੌਂ ਆਨਿਆਂ ਦੀ ਪਿਕਚਿਰ ਉਤੇ ਜਾ ਕੇ ਖ਼ਤਮ ਹੋ ਜਾਂਦੀ ਸੀ। ਤੇ ਇਸ ਵਿਚ ਸਾਨੂੰ ਜੋ ਸੁਆਦ ਆਉਂਦਾ ਉਹ ਕਿਸੇ ਰਾਜੇ ਮਹਾਰਾਜੇ ਨੂੰ ਵੀ ਨਹੀਂ ਆਇਆ ਹੋਵੇਗਾ।
ਉਸ ਦਿਨ ਅਸੀਂ ਦੋਹੇ ਜਾਣੇ ਆਪਣੀ ਤੀਹਾਂ ਦਿਨਾਂ ਦੀ ਮਜ਼ਦੂਰੀ ਜੇਬਾ ਵਿਚ ਪਾਈ ਜਦ ਛੁਟੀ ਤੋਂ ਬਾਅਦ ਘਰ ਵਲ ਆ ਰਹੇ ਸਾਂ ਤਾਂ ਮਾਸਟਰ ਮੈਨੂੰ ਕਹਿਣ ਲੱਗਾ''ਭਾਪਾ, (ਉਹ ਮੈਨੂੰ ਭਾਪਾ ਕਹਿ ਕੇ ਬੁਲਾਂਦਾ ਸੀ) ਸੁਪਨਿਆਂ ਦੇ ਸੰਬੰਧ ਵਿਚ ਤੇਰਾ ਕੀ ਖਿਆਲ ਹੈ?''
ਮੈਨੂੰ ਉਸਦੀਆਂ ਹੋਰ ਤਾਂ ਸਾਰੀਆਂ ਆਦਤਾਂ ਚੰਗੀਆਂ ਲੱਗਦੀਆਂ ਸਨ, ਪਰ ਉਸ ਦੀ ਆਦਤ ਜਿਹੜੀ ਨਿਰੀ ਕੰਨ ਖਾਊ, ਥਕਾਵੀਂ ਤੇ ਖ਼ੁਸ਼ਕ ਹੁੰਦੀ ਸੀ-ਤੋਂ ਮੈਂ ਬੜਾ ਕਤਰਾਂਦਾ ਸਾਂ। ਉਸ ਦਾ ਸਵਾਲ ਸੁਣਦਿਆਂ ਹੀ ਮੈਂ ਸੋਚਿਆ, ਬਸ ਹੁਣ ਕਿਸੇ ਨਵੀਂ ਬਹਿਸ ਦਾ ਮੁੱਢ ਬੱਝਾ ਸਮਝੋ। ਪਰ ਮੈਂ ਅਕਲਮੰਦੀ ਇਹ ਕੀਤੀ ਕਿ ਉਸ ਦੇ ਸਵਾਲ ਸਬੰਧੀ ਆਪਣੀ ਰਾਇ ਨਾ ਦੇ ਕੇ ਸਗੋਂ ਉਸੇ ਉਤੇ ਸਵਾਲ ਚੁਕ ਕੀਤਾ-''ਤੇਰਾ ਆਪਣਾ ਕੀ ਖਿਆਲ ਹੈ?''
ਇਹ ਕਰਨ ਤੋਂ ਮੇਰਾ ਮਤਲਬ ਇਹ ਸੀ ਕਿ ਜੋ ਕੁਝ ਉਹ ਕਹੇਗਾ ਬਿਲਕੁਲ ਠੀਕ ਹੈ ਕਹਿ ਕੇ ਪੁਆੜਾ ਮੁਕਾ ਛਡਾਂਗਾ।
ਉਹ ਬੋਲਿਆ-''ਮੇਰਾ ਤੇ ਸੌ ਫ਼ੀਸਦੀ ਛੱਡ ਕੇ ਸੱਤਰ ਸੌ ਫ਼ੀਸਦੀ ਖ਼ਿਆਲ ਹੈ ਕਿ ਪਰਭਾਤ ਦਾ ਸੁਪਨਾ ਕਦੀ ਝੂਠਾ ਨਹੀਂ ਹੁੰਦਾ। ਇਕ ਵਾਰੀ ਨਹੀਂ, ਬੜੀ ਵਾਰੀ ਮੈਂ ਖੁਦ ਅਜ਼ਮਾ ਕੇ ਵੇਖ ਚੁੱਕਾ ਹਾਂ।'' ਤੇ ਮਾਸਟਰ ਨੇ ਇਕ ਲੰਮੀ ਸਲੰਮੀ ਲੜੀ ਸ਼ੁਰੂ ਕਰ ਦਿੱਤੀ-ਫ਼ਲਾਣੇ ਵੇਲੇ ਮੈਨੂੰ ਫ਼ਲਾਣਾ ਸੁਪਨਾ ਆਇਆ ਸੀ, ਜਿਸ ਦਾ ਐਹ ਸਿੱਟਾ ਨਿਕਲਿਆ ਅਤੇ ਉਸ ਤੋਂ ਬਾਅਦ ਐਵੇਂ ਹੋਇਆ, ਆਦਿ।
ਇਕ ਦੋ ਨਹੀਂ ਕੁਝ ਸੱਤ ਅੱਠ ਵਾਕੇ ਸੁਣਾਏ ਉਸ ਨੇ ਪਰਭਾਤ ਦਾ ਸੁਪਨਾ ਸੱਚ ਹੋਣ ਦੇ ਹੱਕ ਵਿਚ। ਤੇ ਜਦ ਅਸੀਂ ਮੀਲ ਸਵਾ ਮੀਲ ਪੈਂਡਾ ਮੁਕਾ ਕੇ ਘਰ ਦੇ ਲਾਗੇ ਪਹੁੰਚੇ ਤਾਂ ਮਾਸਟਰ ਨੇ ਆਪਣੀ ਵਿਆਖਿਆ ਦਾ ਅੰਤਿਮ ਤੋੜਾ ਇਸ ਗੱਲ ਉਤੇ ਝਾੜਿਆ-''ਤੇ ਭਾਪਾ! ਅੱਜ ਜਿਸ ਸੁਪਨੇ ਦਾ ਜ਼ਿਕਰ ਤੈਨੂੰ ਮੈਂ ਸੁਣਾਨ ਲੱਗਾ ਹਾਂ, ਮੇਰੀ ਗੱਲ ਤੂੰ ਪੱਥਰ ਉਤੇ ਲਕੀਰ ਸਮਝ ਕੇ ਲੈ ਇਹ ਵੀ ਸੌ ਫ਼ੀਸਦੀ ਸੱਚਾ ਸਾਬਿਤ ਹੋਵੇਗਾ।''
''ਹਾਂ, ਦੱਸ'' ਮੈਂ ਕੁਝ ਛਿੱਥਾ ਪੈ ਕੇ ਪੁੱÎਛਿਆ। ਮੈਨੂੰ ਡਰ ਸੀ ਕਿ ਪਤਾ ਨਹੀਂ ਘਰ ਪਹੁੰਚਦਿਆਂ ਤੱਕ ਵੀ ਇਸ ਦਾ ਗੱਲਾਂ ਦਾ ਸਿਲਸਿਲਾ ਬੰਦ ਹੋਵੇ ਕਿ ਨਾ। ਜੇਠ ਮਹੀਨੇ ਦੀ ਗਰਮੀ ਤੇ ਫਿਰ ਦੁਪਹਿਰਾਂ ਦਾ ਵੇਲਾ ਹੋਣ ਕਰਕੇ ਮੇਰਾ ਮਨ ਮੁੜ੍ਹਕੇ ਨਾਲ ਕਾਹਲਾ ਪੈ ਰਿਹਾ ਸੀ। ਜੁ ਕਿਹੜੇ ਵੇਲੇ ਘਰ ਪਹੁੰਚ ਕਿ ਚੈਨ ਦਾ ਸਾਹ ਆਵੇ।
''ਪਰ ਮਾਖੌਲ ਨਾ ਉਡਾਈ ਮੇਰੀ ਗੱਲ ਦਾ'', ਕਹਿਣ ਤੋਂ ਬਾਅਦ ਮਾਸਟਰ ਬੋਲਿਆ-''ਅਜ ਪਰਭਾਤ ਵੇਲੇ ਮੈਨੂੰ ਸੁਪਨਾ ਆਇਆ ਹੈ ਕਿ ਮੇਰਾ ਬਾਂਡ ਦਾ ਇਨਾਮ ਨਿਕਲ ਆਇਆ ਏ । ਪਤਾ ਈ ਕਿੰਨਾ? ਪੰਜ ਹਜ਼ਾਰ ਦਾ। ਤੇ ਮੇਰਾ ਦਿਲ ਕਹਿ ਰਿਹਾ ਏ ਕਿ ਇਹ ਸੁਪਨਾ ਕਦੀ ਝੂਠਾ ਨਹੀਂ ਹੋ ਸਕਦਾ।''
ਮੈਂ ਬੜੀ ਮੁਸ਼ਕਲ ਨਾਲ ਹਾਸਾ ਰੋਕਿਆ। ਇਕ ਵਾਰੀ ਤਾਂ ਦਿਲ ਚਾਹਿਆ ਕਿ ਇਸ ਦਾ ਮੌਜੂ ਉਡਾਵਾ, ਪਰ ਕੁਝ ਤਾਂ ਗਰਮੀ ਨਾਲ ਘਬਰਾਇਆ ਹੋਇਆ ਸਾਂ ਦੂਜਾ ਸੋਚਿਆ, ਇਸ ਦੇ ਖਿਆਲੀ ਮਹੱਲ ਨੂੰ ਢਾਹ ਕੇ ਮੇਰੇ ਹੱਥ ਕੀ ਆਉਣਾ ਹੈ। ਸੋ ਮੈਂ ਦਬਵੀਂ ਜਿਹੀ ਆਵਾਜ਼ ਵਿਚ ਕਹਿ ਦਿੱਤਾ-''ਪਰਮਾਤਮਾ ਕਰੇ ਸੱਚਾ ਹੀ ਸਾਬਤ ਹੋਏ ਤੇਰਾ ਇਹ ਸੁਪਨਾ।''
ਘਰ ਪਹੁੰਚਣ ਤੋਂ ਪਹਿਲਾਂ ਮਸਾਂ ਸਵੇਰ ਦੀ ਮਹਾਂਵਾਰੀ ਐਸ਼ ਦਾ ਪ੍ਰੋਗਰਾਮ ਚੱਕੀ ਦੇ ਪੁਲ ਤੇ ਜਾਣ ਦਾ ਪੱਕਾ ਕਰ ਲਿਆ। ਐਤਕੀ ਖਾਣ ਪੀਣ ਦਾ ਸਮਾਨ ਲਿਜਾਣ ਦੀ ਵਾਰੀ ਮਾਸਟਰ ਦੀ ਸੀ।
..... .... ..... .... .... ... ....
ਸਵੇਰੇ ਅਜੇ ਦਿਨ ਵੀ ਨਹੀਂ ਸੀ ਚੜ੍ਹਿਆ ਕਿ ਮਾਸਟਰ ਨੇ ਆ ਬੂਹਾ ਖੜ੍ਹਕਾਇਆ। ਤੇ ਅੰਦਰ ਆਉਂਦਿਆਂ ਹੀ ਉਸਨੇ ਇਕ ਲੈਕਚਰ ਝਾੜਨਾ ਸ਼ੁਰੂ ਕਰ ਦਿੱਤਾ-''ਬਈ ਕਮਾਲ ਏ। ਅਜੇ ਤੱਕ ਤੂੰ ਮੰਜੇ ਦੀ ਸਵਾਰੀ ਨਹੀਂ ਛੱਡੀ? ਛੁੱਟੀ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਆਦਮੀ ਅਪਾਹਜ ਬਣ ਜਾਵੇ ਬਿਲਕੁੱਲ? ਸਗੋਂ ਛੁੱਟੀ ਵਾਲੇ ਦਿਨ ਸਾਨੂੰ ਜ਼ਿਆਦਾ ਐਕਟਿਵ .............'' ਤੇ ਪਤਾ ਨਹੀਂ ਕਿਧਰ ਕਿਧਰ ਦੇ ਦ੍ਰਿਸ਼ਟਾਂਤ ਤੇ ਦਾ ਦ੍ਰਿਸ਼ਟਾਂਤ ਘੜਦਾ ਹੋਇਆ ਉਹ ਇਸ ਹੱਦ ਤੱਕ ਬੋਲੀ ਗਿਆ ਜਦ ਤੱਕ ਮੈਂ ਕੱਪੜਾ ਲੱਤਾ ਪਾ ਮੂੰਹ ਹੱਥ ਧੋ ਕੇ ਤਿਆਰ ਨਾ ਹੋ ਗਿਆ।
ਟਿਫ਼ਨ ਕੈਰੀਅਰ ਉਸ ਦੇ ਕੋਲ ਸੀ ਉਸ ਦੱਸਿਆ ਕਿ ਕਿਸ ਤਰ੍ਹਾਂ ਸਿਰੀ ਮਤੀ ਦੇ ਸੁਤਿਆ ਸੁਤਿਆਂ ਹੀ ਉਸਨੇ ਸ਼ਬਜ਼ੀ, ਚਟਨੀ ਭੜਥਾ ਆਦਿ ਤਿਆਰ ਕਰ ਕੇ ਪਿਕਨਿਕ ਲਈ ਪਰਾਉਂਠੇ ਵੀ ਪਕਾ ਲਏ ਸਨ।
ਅਖ਼ੀਰ ਅਸੀਂ ਸੈਰ ਨੂੰ, ਨਹੀਂ 'ਐਸ਼' ਨੂੰ ਨਿਕਲੇ। ਪ੍ਰੋਗਰਾਮ ਸੀ ਚੱਕੀ ਦੇ ਪੁਲ ਦਾ, ਜੋ ਕਾਫ਼ੀ ਲੰਮਾ ਪੈਂਡਾ ਸੀ। ਮੈਂ ਬਥੇਰਾ ਚਿਲਾਇਆ ਕਿ ਟਾਂਗਾ ਕਰ ਲਿਆ ਜਾਵੇ, ਰੁਪਏ ਸਵਾ ਰੁਪਏ ਦੀ ਕਿਹੜੀ ਗੱਲ ਹੈ, ਕਲ ਹੀ ਤਾਂ ਤਨਖਾਹ ਮਿਲੀ ਹੈ। ਪਰ ਮਾਸਟਰ ਨੇ ਜਿਉਂ ਕਫ਼ਾਇਤ ਸ਼ਆਰੀ ਉਤੇ ਲੈਕਚਰ ਕਰਨਾ ਸ਼ੁਰੂ ਕਰ ਦਿੱਤਾ ਕਿ ਮੀਲ ਸਵਾ ਮੀਲ ਦੀ ਦੂਰੀ 'ਤੇ ਜਾ ਕੇ ਉਸ ਦਾ ਲੈਕਚਰ ਖ਼ਤਮ ਹੋਇਆ। ਮੈਨੂੰ ਉਸ ਨੇ ਲਾ ਜਵਾਬ ਹੀ ਨਹੀਂ, ਕਾਇਲ ਵੀ ਕਰ ਲਿਆ ਕਿ ਸਚ ਮੁੱਚ ਸਾਨੂੰ ਪੈਸੇ ਦੀ ਪੂਰੀ ਪੂਰੀ ਕਦਰ ਕਰਨੀ ਚਾਹੀਦੀ ਹੈ। ਅਸੀਂ ਜੇ ਏਨੀ ਕੁ ਖੇਚਲ ਤੋਂ ਬਚਣ ਲਈ ਟਾਂਗਿਆ ਉਤੇ ਰੁਪਏ ਫ਼ੂਕਣ ਲੱਗ ਪਵਾਂਗੇ ਤਾਂ ਸਾਡੀ ਸੰਤਾਨ ਉਤੇ, ਸਾਡੀ ਸੰਸਕ੍ਰਿਤੀ ਉਤੇ, ਸਾਡੇ ਦੇਸ਼ ਅਤੇ ਕੈਮ ਉਤੇ, ਇਸ ਦਾ ਕਿੰਨਾ ਖ਼ਤਰਨਾਕ ਅਸਰ ਪਵੇਗਾ।
ਮੁਕਦੀ ਗੱਲ, ਘੋੜਿਆ ਖਚਰ ਤੇ ਲਸ਼ਕਰਾਂ ਵਿਚੋਂ ਰਾਹ ਬਣਾਂਦੇ ਮਿਲਟਰੀ ਦੇ ਟਰੱਕ ਅਤੇ ਲਾਰੀਆਂ ਤੋਂ ਬਚਦੇ ਬਚਾਂਦੇ ਤੇ ਰਜਵਾਂ ਘੱਟਾ ਫਕਦੇ ਹੋਏ ਅਖ਼ੀਰ ਅਸੀਂ ਚੱਕੀ ਦੇ ਪੁਲ ਤੇ ਜਾ ਹੀ ਅਪੜੇ।
ਸਾਰਾ ਦਿਨ ਖ਼ੂਬ ਐਸ਼ ਕੀਤੀ ਠੰਢੀਆਂ ਛਾਵਾਂ ਮਾਣੀਆਂ, ਦਰਿਆ ਵਿਚ ਤਾਰੀਆਂ ਲਾਈਆਂ, ਪਰਾਉਂਠੇ ਛਕੇ, ਘਰਾਟਾਂ ਦੀ ਮੌਜ ਵੇਖੀ, ਤੇ ਸਭ ਤੋਂ ਵੱਡੀ ਚੀਜ਼ ਮਾਸਟਰ ਕਿਰਪਾ ਰਾਮ ਦੀ ਜੀਵਨੀ ਦੇ ਅਨੇਕਾਂ ਸੁਆਦਲੇ ਕਿੱਸੇ ਸੁਣੇ। ਨਾਲ ਹੀ ਕਈਆਂ ਵਖੋ ਵਖ ਵਿਸ਼ਿਆਂ ਉਤੇ ਉਸ ਦੇ ਲੈਕਚਰ ਵੀ ਹੋਏ। ਗਰਮੀ ਭਾਵੇਂ ਕੜਾਕੇ ਦੀ ਪੈ ਰਹੀ ਸੀ, ਪਰ ਸੈਰ ਦਾ ਸੁਆਦ ਵਾਹਵਾ ਆਇਆ।
ਵਾਪਸੀ ਤੇ ਜਦ ਮਾਸਟਰ ਕਿਰਪਾ ਰਾਮ ਦਾ ਉਹੀ ਕਫ਼ਾਇਤ ਸ਼ਆਰੀ ਵਾਲਾ ਲੈਕਚਰ ਫੇਰ ਸ਼ੁਰੂ ਹੋਇਆ ਤਾਂ ਸੱਚੀ ਗਲ ਮੇਰੇ ਤਾਂ ਮਾਪੇ ਮਰ ਗਏ। ਇਕ ਸਾਰੇ ਦਿਨ ਦੀ ਥਕਾਵਟ, ਦੂਜਾ ਲੋਹੜੇ ਦੀ ਗਰਮੀ। ਕਦਮ ਪੁੱਟਣ ਨੂੰ ਵੱਢਿਆ ਰੂਹ ਨਾ ਕਰੇ। ਪਰ ਉਸ ਵਡੇ ਫ਼ਿਲਾਸਫਰ ਦੀ ਲੈਕਚਰ ਬਾਜ਼ੀ ਅੱਗੇ ਮੇਰੀ ਕੋਈ ਪੇਸ਼ ਨਾ ਗਈ। ਝੱਖ ਮਾਰ ਕੇ ਉਸ ਗਿੱਠੂ ਜਿਹੇ ਦੇ ਨਾਲ ਲੱਤਾਂ ਘਸੀਟਣੀਆਂ ਹੀ ਪਈਆਂ।
ਪੁਲ ਤੋਂ ਟੁਰ ਕੇ ਅਸੀਂ ਅਧ ਕੁ ਮੀਲ ਦੀ ਵਾਟ ਤੇ ਪੁਜੇ ਸਾਂ ਕਿ ਪਿਛੋਂ ਸਾਈਕਲ ਦੀ ਘੰਟੀ ਖੜਕਾਦਾਂ ਹੋਇਆ ਇਕ ਬੰਦਾ ਸਾਡੇ ਲਾਗੋਂ ਨਿਕਲ ਗਿਆ। ਤੇ ਜਾਂਦਾ ਜਾਂਦਾ ਉਚੀ ਆਵਾਜ਼ ਦੇ ਕੇ ਮੇਰੇ ਸਾਥੀ ਮਾਸਟਰ ਨੂੰ ਕਹਿ ਗਿਆ-''ਮਾਸਟਰ ਜੀ ਤੁਹਾਡਾ ਇਕ ਰਜਿਸਟਰੀ ਲਿਫ਼ਾਫਾ ਆਇਆ ਹੋÎਇਆ ਹੈ, ਭਲਕੇ ਘਰੇ ਰਹਿਣਾ, ਸਵੇਰੇ ਦਸ ਵਜੇ।'' ਇਹ ਡਾਕੀਆ ਸੀ ਸਾਡੇ ਇਲਾਕੇ ਦਾ।
''ਲਫ਼ਾਫਾ? ਮੇਰਾ ਲਫਾਫਾ? ਮਿਸਟਰ, ਕੀ ਨਾਂ ਏ ਤੇਰਾ, ਓ ਗਲ ਤੇ ਸੁਣ ਜਾ.....ਏ ਮੈਂ ਕਿਹਾ...!'' ਮਾਸਟਰ ਉੱਚੀ ਉੱਚੀ ਚਿਲਾਂਦਾ ਰਿਹਾ। ਪਰ ਸਾਈਕਲ ਸਵਾਰ ਰੁਕਿਆ ਨਹੀਂ। ਇਕ ਤਾਂ ਉਹ ਬੜਾ ਢਾਲੂ ਸੀ-ਬਾਈ ਸਿਕਲ ਨੂੰ ਰੋਕਣਾ ਉਂਜ ਹੀ ਮੁਸ਼ਕਿਲ ਸੀ। ਦੂਜਾ ਸਾਈਕਲ ਸਵਾਰ ਸ਼ਾਇਦ ਜਲਦੀ ਵਿਚ ਸੀ।
ਤੇ ਮੈਂ ਵੇਖਿਆ, ਲਫ਼ਾਫੇ ਦਾ ਨਾਂ ਸੁਣਦਿਆਂ ਹੀ ਮੇਰਾ ਸਾਥੀ ਖੁਸ਼ੀ ਨਾਲ ਪਾਗ਼ਲ ਜਿਹਾ ਹੋ ਉਠਿਆ, ਉਹ ਹਉਕਦਾ ਤੇ ਥਥਲਾਦਾਂ ਹੋਇਆ ਬੋਲਿਆ-''ਵੇਖਿਆ ਈ ਭਾਪਾ! ਕਲ ਮੈਂ ਤੈਨੂੰ ਕਿਹਾ ਸੀ ਨਾ, ਪਰਭਾਤ ਦਾ ਸੁਪਨਾ ਕਦੀ ਝੂਠਾ ਨਹੀਂ ਹੁੰਦਾ। ਮੇਰਾ ਦਿਲ ਘੜੀ ਮੁੜੀ ਕਹਿੰਦਾ ਸੀ। ਕਿ ਐਤਕੀ ਇਨਾਮ ਜ਼ਰੂਰ ਆਵੇਗਾ। ਭਾਵੇਂ ਸੂਰਜ ਐਂਧਰੋਂ ਦਾ ਐਂਧਰ ਚੜ੍ਹ ਪਵੇ। ਪਰਭਾਤ ਦਾ ਸੁਪਨਾ ਕਦੀ ਗ਼ਲਤ ਹੋ ਹੀ ਨਹੀਂ ਸਕਦਾ। ਸਾਡੇ ਅੰਦਰ ਕੁਦਰਤ ਨੇ ਇਕ ਭਵਿੱਸ਼ ਦਰਸੀ ਤਾਕਤ ਵੀ ਪਾਈ ਹੋਈ ਹੈ, ਜਿਹੜੀ ਕਿਸੇ ਹੋਣ ਵਾਲੀ ਘਟਨਾ ਬਾਰੇ ਸਾਨੂੰ ਅਗੇਤਰਾ ਹੀ ਖ਼ਬਰਦਾਰ ਕਰ ਦਿੰਦੀ ਹੈ। ਵਿਗਿਆਨਕਾਂ ਨੇ ਮਨ ਦੇ ਹਿਸੇ ਦਸੇ ਨੇ ਨੇ-ਇਕ ਅਚੇਤ ਤੇ ਇਕ ਸੁਚੇਤ। ਅਚੇਤ ਮਨ ਦੀ ਮਸ਼ੀਨਰੀ ਨਿਰੀ ਪੁਰੀ.....''
ਪਤਾ ਨਹੀਂ ਉਸ ਦੀ ਇਹ ਲੈਕਚਰਬਾਜ਼ੀ ਕਿਥੇ ਕੁ ਜਾ ਕੇ ਖ਼ਤਮ ਹੁੰਦੀ ਜੇ ਸਾਹਮਿਓ ਇਕ ਖਾਲੀ ਟਾਂਗਾ ਨਾ ਆ ਜਾਂਦਾ। ਮੇਰੀਆਂ ਲੱਤਾਂ ਦਰਦ ਨਾਲ ਚਿੱਲੂ ਚਿੱਲੂ ਕਰ ਰਹੀਆਂ ਸਨ। ਸੋਚਿਆ, ਭਾਵੇਂ ਮਾਸਟਰ ਮੰਨੇ ਨਾ ਮੰਨੇ, ਮੈਂ ਤਾਂ ਜ਼ਰੂਰ ਟਾਂਗਾ ਕਰ ਲੈਣਾ ਏ। ਸੈਰ ਕਰਣ ਆਏ ਹਾਂ, ਮੁਕਾਣ ਦੇਣ ਥੋੜਾ ਨਾ ਆਏ ਹਾਂ।
ਟਾਂਗਾ ਨੇੜੇ ਪਹੁੰਚਿਆ। ਮੈਂ ਆਵਾਜ਼ ਦੇਣ ਦੇਣ ਹੀ ਪਿਆ ਕਰਦਾ ਸਾਂ ਕਿ ਮਾਸਟਰ ਨੇ ਪੂਰੇ ਠਾਠ ਨਾਲ ਵਿਚ ਪੁਕਾਰਿਆ-'-ਟਾਂਗੇ ਵਾਲੇ ਰੋਕੋ ਟਾਂਗਾ।'' ਉਸ ਦੀ ਇਹ ਅਨੋਖੀ ਅਦਾ ਵੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ। ਅਜੇ ਹੁਣੇ ਹੀ ਤਾਂ ਮੈਨੂੰ ਕਫ਼ਾਇਤ ਸ਼ਅਰੀ ਦੇ ਉਪਦੇਸ਼ ਦੇ ਰਿਹਾ ਸੀ।
ਅਸੀਂ ਦੋਵੇਂ ਜਾਣੇ ਜਦ ਬੈਠ ਗਏ ਤਾਂ ਟਾਂਗੇ ਵਾਲੇ ਨੇ ਪਿਛਲੇ ਪਾਸਿਓ ਆਉਂਦੇ ਕੁਝ ਪੇਂਡੂਆਂ ਨੂੰ ਵੇਖ ਕੇ ਪੁਕਾਰਿਆ-''ਚਲੋ ਇਕ ਦੋ ਸਵਾਰੀਆਂ ਸ਼ਹਿਰ ਨੂੰ।''
''ਚਲ ਓਏ'' ਮੇਰਾ ਦੋਸਤ ਦਬਕੇ ਨਾਲ ਉਸ ਨੂੰ ਕਹਿਣ ਲੱਗਾ-'-ਅਸਾਂ ਸਾਲਮ ਲੈਣਾ ਏ।''
'ਹਲਾ ਜੀ!'' ਕਹਿ ਕੇ ਕੋਚਵਾਨ ਨੇ ਘੋੜੇ ਨੂੰ ਛਾਂਟਾਂ ਲਾਂਦਿਆਂ। ਇਕ ਵਾਰੀ ਫੇਰ ਅਸਾਂ ਦੋਹਾਂ ਵੱਲ ਗਹੁੰ ਨਾਲ ਤੱਕਿਆ। ਸ਼ਾਇਦ ਦਿਲ ਵਿਚ ਉਹ ਕਹਿ ਰਿਹਾ ਸੀ ਤੁਹਾਡੀ ਸ਼ਕਲ ਤੇ ਨਹੀਂ ਦਿਸਦੀ 'ਸ਼ਾਲਮ' ਟਾਂਗਾ ਕਰਨ ਵਾਲੀ -ਕਿਤੇ ਨੌਸਰਬਾਜ਼ੀ ਤਾਂ ਨਹੀਂ ਕਰ ਰਹੇ।
ਟਾਂਗਾ ਟੁਰ ਪਿਆ। ਤੇ ਮੈਂ ਮਾਸਟਰ ਉਤੇ ਆਪਣੀ ਸ਼ੰਕਾ ਪਰਗਟ ਕਰ ਹੀ ਦਿਤੀ। ''ਮਾਸਟਰ! ਮਾਸਟਰ ਕਿਥੇ ਗਈ ਯਾਰ ਤੇਰੀ ਸੰਜਮ ਦੀ ਉਹ ਫਿਲਾਸਫੀ?'' ਉਹ ਉਸੇ ਸਿਧਾਤਿਕ ਲਹਿਜੇ ਵਿਚ ਕਹਿਣ ਲੱਗਾ-''ਵੇਖੋ ਨਾ ਭਾਪਾ, ਵਕਤ ਦੀ ਕਦਰ ਕਰਨੀ ਆਦਮੀ ਦਾ ਸਭ ਤੋਂ ਪਹਿਲਾਂ ਫ਼ਰਜ ਹੈ। ਸਾਡੇ ਲੋਕਾਂ ਦਾ ਵਕਤ ਸਸਤਾ ਨਹੀਂ ਕਿ ਰੁਪਏ ਦੋ ਰੁਪਿਆਂ ਬਦਲੇ ਜਾਇਆ ਕਰ ਦਈਏ.....''
ਤੇ ਇਸ ਵਕਤ ਦੇ ਸਿਰਲੇਖ ਹੇਠ ਮਾਸਟਰ ਨੇ ਜਿਉਂ ਦਲੀਲਬਾਜ਼ੀ ਦੀ ਮਸ਼ੀਨ ਗੰਨ ਛੱਡੀ ਕਿ ਤੋੜ ਸ਼ਹਿਰ ਪਹੁੰਚ ਜਾਣ ਤੇ ਵੀ ਉਸ ਦਾ ਗੋਲੀ ਗੱਠਾ ਖ਼ਤਮ ਹੋਣ ਵਿਚ ਨਾ ਆਇਆ। ਵਿਚ ਵਿਚਾਲੇ ਮੈਂ ਇਕ ਦੋ ਵਾਰੀ ਪੁੱਛਣਾ ਚਾਹਿਆ ਕਿ ਇਸ ਤੋਂ ਪਹਿਲਾਂ ਤੇਰੀ ਇਹ ਵਕਤ ਬਚਾਣ ਦੀ ਫ਼ਿਲਸਾਫ਼ੀ ਕਿਥੇ ਗਈ ਸੀ? ਪਰ ਇਸ ਡਰੋਂ ਕਿ ਮਤੇ ਇਸ ਰੇਡੀਓ ਦਾ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਹੋ ਜਾਵੇ, ਦੜ ਵੱਟੀ ਬੈਠਾ ਰਿਹਾ।
ਤੇ ਮੇਰੀ ਹੈਰਾਨੀ ਹੋਰ ਵੀ ਵੱਧ ਗਈ ਜਦ ਮੈਂ ਉਸ ਨੂੰ 'ਰਾਇਲ ਹੋਟਲ' ਦੇ ਗੇਟ ਅਗੇ ਟਾਂਗਾ ਰੁਕਵਾਂਦਿਆਂ ਤਕਿਆ। ਨਾਂਹ ਨੁਕਰ ਕਰਦਿਆਂ ਵੀ ਉਹ ਮੈਨੂੰ ਖਿੱਚ ਘਸੀਟ ਕੇ ਹੋਟਲ ਦੇ ਅੰਦਰ ਲੈ ਗਿਆ ਤੇ ਉਥੋਂ ਜਦ ਸਾਢੇ ਪੰਜ ਰੁਪਿਆਂ ਦਾ ਬਿਲ ਉਤਾਰ ਕੇ ਉਹ ਬਾਹਰ ਨਿਕਲਿਆ, ਤਾਂ ਅੱਗੇ ਉਹੀ ਟਾਂਗਾ ਖੜਾ ਸੀ। ਸ਼ਾਇਦ ਹੋਟਲ ਅੰਦਰ ਜਾਣ ਲੱਗਿਆ ਉਹ ਟਾਂਗੇ ਵਾਲੇ ਨੂੰ ਖੜਾ ਰਹਿਣ ਲਈ ਕਹਿ ਗਿਆ ਸੀ। ਟਾਂਗੇ ਉਤੇ ਛੜੱਪਾ ਮਾਰ ਕੇ ਜਾਹ ਚੜ੍ਹਿਆ ਤੇ ਮੈਨੂੰ ਬਿਠਾਲ ਕੇ ਕਹਿਣ ਲੱਗਾ-''ਭਾਪਾ! ਮੇਰੀ ਸਲਾਹ ਏ, ਸਬੱਬ ਨਾਲ ਆਏ ਹਾਂ, ਜ਼ਰਾ ਬਜ਼ਾਰੋਂ ਦੋ ਚਾਰ ਚੀਜ਼ਾਂ ਵੀ ਲੈਂਦੇ ਚੱਲੀਏ।''
ਤੇ ਜਦ ਮੇਰੇ ਕੋਲੋਂ ਨਾ ਰਿਹਾ ਗਿਆ, ਤਾਂ ਮੈਂ ਪੁਛ ਹੀ ਬੈਠਾ-''ਮਾਸਟਰ ਤੇਰੀ ਹੋਸ਼ ਟਿਕਾਣੇ ਹੈ ਕਿ ਨਹੀਂ?''
ਉਹ ਜੇਬ ਚੋਂ ਬਟੂਆ ਕੱਢ ਕੇ ਉਸ ਵਿਚਲੇ ਨੋਟ ਗਿਣਦਾ ਹੋਇਆ ਬੋਲਿਆ-''ਹੋਸ਼ ਵੀ ਹੈ, ਤੇ ਬਟੂਏ ਵਿਚ ਰੁਪਏ ਵੀ ਤੀਹ ਪੈਂਤੀ ਮੌਜ਼ੂਦ ਨੇ।''
ਮੈਂ ਪੁੱਛਿਆ-''ਤੇ ਮਹੀਨਾ ਸਾਰਾ, ਬਾਬੇ ਸਾਹਿਬ ਬੈਠ ਕੇ ਗੁਜ਼ਾਰੇਂਗਾ?''
ਉਹ ਖੂਬ ਤਣ ਕੇ ਬੋਲਿਆ-''ਤੂੰ ਵੀ ਭਾਪਾ, ਨਿਰਾ ਪੁਰਾ ਸਾਧੂ ਏਂ। ਭਲਾ ਮੈਂ ਐਵੇਂ ਸ਼ਾਹ ਖ਼ਰਚੀ ਕਰਨ ਡਿਹਾ ਹੋਇਆ ਵਾ? ਮੇਰਾ ਇਨਾਮ ਆਇਆ ਏ ਇਨਾਮ। ਬਹੁਤਾ ਨਾ ਸਹੀ ਪੰਜ ਹਜ਼ਾਰ ਤਾਂ ਹੋਣਾ ਈ ਏ। ਇਤਨੀ ਵੱਡੀ ਰਕਮ ਪ੍ਰਾਪਤ ਹੋਣ ਦੀ ਖੁਸ਼ੀ ਵਿਚ ਜੇ ਦਸ ਵੀਹ ਰੁਪਏ ਖ਼ਰਚ ਹੋ ਵੀ ਗਏ ਤਾਂ ਕੀ ਇਹ ਸੌਦਾ ਮਹਿੰਗਾ ਏ? ਨਾਲੇ ਇਕ ਹੋਰ ਵੀ ਤੇ ਮੁਸ਼ਕਲ ਹੈ ਨਾ ਭਾਪਾ! ਬਈ ਤੂੰ ਵੇਖ ਲਈ! ਭਲਕੇ ਜਿਉਂ ਹੀ ਇਨਾਮ ਦੇ ਰੁਪਏ ਤੇਰੀ ਭਰਜਾਈ ਦੀ ਨਜ਼ਰੀ ਪੈਣਗੇ ਬਸ ਮੇਰੇ ਕੋਲ ਉਸ ਨੇ ਕੌਡੀ ਵੀ ਨਹੀਂ ਛੱਡਣੀ। ਉਹ ਫੋਲ ਬਹੇ ਗੀ ਆਪਣੀਆਂ ਵਹੀਆਂ ਐਨੇ ਮਹੀਨਿਆਂ ਦਾ ਕਿਰਾਇਆ ਦੇਣਾ ਏਂ, ਭਾਨੇ ਸ਼ਾਹ ਦਾ ਚਾਰ ਸੌ ਸਣੇ ਵਿਆਜ਼ ਚੁੱਕਣਾ ਏ, ਤੇ ਹੋਰ ਪਤਾ ਨਹੀਂ ਕੀ ਕੀ। ਮੈਂ ਕਹਿਨਾ, ਸਬਬ ਨਾਲ ਤਨਖ਼ਾਹ ਦੇ ਰੁਪਏ ਹੱਥ ਵਿਚ ਨੇ। ਹੋਰ ਨਹੀਂ ਤਾਂ ਛੋਟੇ ਕਾਕੇ ਵਾਸਤੇ ਦੋ ਚਾਰ ਚੀਜ਼ਾਂ ਹੀ ਲੈ ਚੱਲਾ ਰੱਬ ਦੀ ਸਹੁੰ ਭਾਪਾ! ਇਹ ਕੋਈ ਬੜਾ ਭਾਗਾਂ ਵਾਲਾ ਜੀਅ ਆਇਆ ਏ। ਸਾਡੇ ਘਰ। ਨਹੀਂ ਤੇ ਭਲਾ ਇਹ ਮੂੰਹ ਤੇ ਮਸਰਾਂ ਦੀ ਦਾਲ। ਮੇਰੇ ਵਰਗਿਆਂ ਨੇ ਕਦੇ ਸੌ ਰੁਪਏ ਦੀ ਸ਼ਕਲ ਨਹੀਂ ਸੀ ਵੇਖੀ। ਜਿਹੜਾ ਭਾਗਵਾਨ ਆਪਣੇ ਨਾਲ ਹਜ਼ਾਰਾਂ ਰੁਪਇਆ ਦੀ ਪੂੰਜੀ ਲੈ ਕੇ ਆਇਆ ਹੈ ਕੀ ਮੇਰਾ ਇਤਨਾ ਵੀ ਫ਼ਰਜ਼ ਨਹੀਂ ਕਿ ਉਸ ਦੇ ਆਰਾਮ ਲਈ ਦਸ ਵੀਹ ਰੁਪਏ ਕੁਰਬਾਨ ਕਰ ਦਿਆਂ?''
ਕੁਝ ਤੇ ਮੈਂ ਸੁਭਾਵਕ ਹੀ ਘੱਟ ਬੋਲਣ ਵਾਲਾ ਹਾਂ ਤੇ ਕੁਝ ਮਾਸਟਰ ਦੀਆਂ ਤਕਰੀਰਾਂ ਤੋਂ ਕਤਰਾਂਦਾ ਸਾਂ, ਸੋ ਚੁੱਪ ਕਰ ਹਾਂ ਵਿਚ ਹਾਂ ਮਿਲਾਈ ਗਿਆ ਤੇ ਦੜ ਵੱਟ ਕੇ ਟਾਂਗੇ ਵਿਚ ਬੈਠਾ ਰਿਹਾ।
ਟਾਂਗਾ ਸਾਨੂੰ ਕਾਫ਼ੀ ਚਿਰ ਬਾਜ਼ਾਰਾਂ ਵਿਚ ਫਿਰਾਦਾਂ ਫਿਰਿਆ। ਮਾਸਟਰ ਕਿਰਪਾ ਰਾਮ ਕਿੰਨਾਂ ਹੀ ਕੁਝ ਖਰੀਦ ਕੇ ਉਸ ਵਚ ਲਦਦਾ ਰਿਹਾ। ਬਚੇ ਲਈ ਫ਼ਰਾਕਾਂ, ਦੁਧ ਪੀਣ ਵਾਲੀ ਵਲੈਤੀ ਬੋਤਲ, ਗਲੈਸਕੋ ਦਾ ਡੱਬਾ, ਬਿੱਬ, ਜ਼ਰਾਬਾਂ, ਬਿਸਕੁਟਾਂ ਦੇ ਡੱਬੇ ਤੇ ਹੋਰ ਰੱਬ ਜਾਣੇ ਕੀ ਕੀ ਪੁੜ੍ਹੀਆਂ ਤੇ ਡੱਬਿਆਂ ਵਿਚ ਬੰਨ੍ਹਿਆਂ ਹੋਇਆ।
ਗਲੀ ਵਿਚ ਪਹੁੰਚ ਕੇ ਅਸੀਂ ਟਾਂਗੇ ਤੋਂ ਉਤਰੇ ਤੇ ਸਮਾਨ ਉਤਾਰਿਆ। ਮਾਸਟਰ ਨੇ ਕਰਾਇਆ ਦੇਣ ਲਈ ਜਦ ਬਟੂਆ ਖੋਲਿਆ ਤੇ ਉਸ ਵਿਚ ਤਿੰਨਾਂ ਰੁਪਿਆਂ ਤੋਂ ਵੱਧ ਰਕਮ ਬਾਕੀ ਨਹੀਂ ਸੀ। ਟਾਂਗੇ ਦਾ ਕਰਾਇਆ ਪੂਰਾ ਕਰਨ ਲਈ ਬਾਕੀ ਬਾਰਾਂ ਆਨੇ ਮੈਨੂੰ ਦੇਣੇ ਪਏ।
ਖੁਤਖੁਤੀ ਮੈਨੂੰ ਵੀ ਰਾਤੀ ਕਾਫ਼ੀ ਰਹੀ, ਸੋਚਦਾ ਰਿਹਾ ਸਾਂ ਵੇਖੀਏ ਕਿੰਨੀ ਕੁ ਰਕਮ ਮਿਲਦੀ ਸੂ।
ਦੂਜੇ ਦਿਨ ਡਾਕੀਏ ਦੇ ਆਉਣ ਦੀ ਉਡੀਕ ਵਿਚ ਮਾਸਟਰ ਡੇਢ ਦੋ ਘੰਟੇ ਲੇਟ ਸਕੂਲ ਪਹੁੰਚਿਆਂ। ਖ਼ਾਲੀ ਪੀਰੀਅਡ ਵੇਲੇ ਮੈਂ ਉਸ ਦੀ ਕਲਾਸ ਵਿਚ ਜਾ ਕੇ ਕਾਹਲੀ ਕਾਹਲੀ ਪੁੱÎਛਿਆ-''ਸੁਣਾ ਮਾਸਟਰ.....'' ਤੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਹੀ ਉਸ ਨੇ ਜੇਬ ਵਿਚੋਂ ਇਕ ਰਜਿਸਟਰੀ ਲਿਫ਼ਾਫਾ ਕੱਢ ਕੇ ਮੇਰੇ ਹੱਥ ਵਿਚ ਫੜਾ ਦਿੱਤਾ, ਜਿਸ ਵਿਚਲੀ ਚਿੱਠੀ ਪੜ੍ਹਨ ਦੀ ਮੈਨੂੰ ਲੋੜ ਹੀ ਨਾ ਰਹੀ, ਜਦ ਉਸ ਦੇ ਸਿਰਨਾਵੇਂ ਉਤੇ ਮੇਰੀ ਨਜ਼ਰ ਪਈ-
''ਨੋਟਸ ਬਨਾਮ-ਮਾਸਟਰ ਕਿਰਪਾ ਰਾਮ-
ਅਲਰਾਕਮ-ਲਾਲਾ ਭਾਨੇ ਸ਼ਾਹ.........''
ਮੇਰੇ ਦਿਲ ਨੂੰ ਬੜਾ ਸਦਮਾ ਪਹੁੰਚਿਆਂ ਤੇ ਉਸ ਦੀ ਮੂਰਖਤਾ ਉਤੇ ਗੁੱਸਾ ਵੀ ਬੜਾ ਆਇਆ। ਪਰ ਹੈਰਾਨੀ ਵਾਲੀ ਗੱਲ ਇਹ ਕਿ ਮਾਸਟਰ ਦੇ ਚਿਹਰੇ ਉਤੇ ਫਿਕਰ ਦਾ ਕੋਈ ਚਿੰਨ੍ਹ ਨਹੀਂ ਸੀ। ਮੇਰੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਉਹ ਸਦਾ ਵਰਗੇ ਸਿਧਾਂਤਿਕ ਲਹਿਜੇ ਵਿਚ ਬੋਲਿਆ-''ਅਸਲ ਵਿਚ ਭਾਪਾ,ਪਰਭਾਤ ਦਾ ਸੁਪਨਾ ਝੂਠਾ ਤੇ ਨਹੀਂ ਹੁੰਦਾ-ਕਦੀ ਗ਼ਲਤ ਹੋ ਹੀ ਨਹੀਂ ਸਕਦਾ-ਇਕ ਵਾਰੀ ਛੱਡ ਕੇ ਪੰਜਾਹ ਵਾਰੀ ਅਜਮਾਈ ਹੋਈ ਗੱਲ ਹੈ। ਪਰ ਫ਼ਰਕ ਇਹ ਲੱਗ ਗਿਆ ਕਿ ਸੁਪਨਾ ਸ਼ਾਇਦ ਪਰਭਾਤ ਤੋਂ ਅਗੇਤਰਾ ਜਾਂ ਪਛੇਤਰਾ ਆਇਆ ਹੋਵੇਗਾ.......''
ਤੇ ਜਿਉਂ ਹੀ ਉਹ 'ਸੁਪਨੇ' ਅਤੇ 'ਵਕਤ' ਦੇ ਸਬੰਧ ਵਿਚ ਇਕ ਨਵੀਂ ਬਹਿਸ ਦੀ ਲੜੀ ਸ਼ੁਰੂ ਕਰਨ ਲੱਗਾ ਕਿ ਮੈਂ ਬੁੱਲ੍ਹ ਟੁੱਕਦਿਆਂ ਕਿਹਾ-''ਮੜ੍ਹੀਆਂ ਵਿਚ ਜਾਏ ਤੇਰਾ ਸੁਪਨਾ ਤੇ ਨਾਲੇ ਵਕਤ। ਮੈਂ ਪੁਛਨਾਂ, ਕਲ ਜੋ ਸਾਰੀ ਤਨਖ਼ਾਹ ਫ਼ੂਕ ਆਇਆ ਸੈਂ, ਹੁਣ ਮਹੀਨਾ ਭਰ ਮਿੱਟੀ ਖਾ ਕੇ ਗੁਜ਼ਾਰਾ ਕਰੇਂਗਾ?
ਉਹ ਆਪਣੇ ਸੁਭਾਵਕ ਲਾ ਪਰਵਾਹ ਢੰਗ ਵਿਚ ਕਹਿਣ ਲੱਗਾ-''ਖਾਣ ਦਾ ਫ਼ਿਕਰ ਨਾ ਕਰ ਮੇਰੇ ਦੋਸਤ। ਮੈਂ ਖਾਵਾਂਗਾ ਵਹੁਟੀ ਦੀਆਂ ਗਾਲ੍ਹਾਂ, ਤੇ ਉਹ ਖਾਏ ਗੀ ਮੇਰਾ ਸਿਰ।''
ਉਸ ਦੀ ਹਾਲਤ ਦੇਖ ਕੇ ਨਾਲੇ ਹਾਸਾ ਆ ਰਿਹਾ ਸੀ, ਨਾਲੇ ਰੋਣ। ਪਰ ਉਹ ਲਾ ਪਰਵਾਹ ਢੋਲਾ ਉਸੇ ਤਰ੍ਹਾਂ ਹੀ ਹੀ ਕਰ ਕੇ ਹੱਸੀ ਜਾ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ