Pariaan Baniaan Titliaan (Punjabi Fairy Tale) : Karamjit Singh Gathwala
ਪਰੀਆਂ ਬਣੀਆਂ ਤਿਤਲੀਆਂ (ਪਰੀ ਕਥਾ) : ਕਰਮਜੀਤ ਸਿੰਘ ਗਠਵਾਲਾ
ਇੱਕ ਵਾਰੀ ਦੀ ਗੱਲ ਹੈ, ਪਰਿਸਤਾਨ ਦੀਆਂ ਸੱਤ ਸੋਹਣੀਆਂ ਤੇ ਪਿਆਰੀਆਂ ਪਰੀਆਂ ਧਰਤੀ ਦੀ ਸੈਰ ਕਰਨ ਆਈਆਂ । ਪਰਿਸਤਾਨ ਉਹ ਜਗ੍ਹਾ ਹੈ ਜਿਥੇ ਸਿਰਫ਼ ਪਰੀਆਂ, ਜਾਦੂ ਤੇ ਖੁਸ਼ੀਆਂ ਹੀ ਰਹਿੰਦੀਆਂ ਹਨ। ਉੱਥੇ ਨਾ ਕੋਈ ਦੁੱਖ ਹੁੰਦਾ ਹੈ, ਨਾ ਰੋਣਾ-ਧੋਣਾ, ਨਾ ਹੀ ਕੋਈ ਫ਼ਜ਼ੂਲ ਦਾ ਰੌਲਾ-ਗੌਲਾ । ਧਰਤੀ ਦੇ ਸੁਹਪਣ ਬਾਰੇ ਪਰੀਆਂ ਅਕਸਰ ਗੱਲਾਂ ਸੁਣਦੀਆਂ ਰਹਿੰਦੀਆਂ ਸਨ। ਇਸ ਵਾਰੀ ਉਹਨਾਂ ਨੇ ਸੋਚਿਆ — “ਚਲੋ, ਧਰਤੀ ਨੂੰ ਅੱਖੀਂ ਵੇਖੀਏ !”
ਉਹ ਸੱਤੇ ਪਰੀਆਂ ਧਰਤੀ ਉੱਤੇ ਆ ਗਈਆਂ। ਧਰਤੀ ਨੂੰ ਵੇਖਦਿਆਂ ਹੀ, ਉਹ ਹੈਰਾਨ ਰਹਿ ਗਈਆਂ। ਚਹੁੰ ਪਾਸੇ ਹਰਿਆਲੀ ਸੀ। ਵੱਡੇ-ਵੱਡੇ ਰੁੱਖ, ਰੰਗ-ਬਰੰਗੇ ਫੁੱਲਾਂ ਨਾਲ ਸਜੇ ਬਾਗ਼-ਬਗ਼ੀਚੇ, ਨੀਲਾ ਆਕਾਸ਼, ਹਵਾ ਦੀ ਸ਼ਾਂ-ਸ਼ਾਂ, ਖੁਲ੍ਹੀ ਹਵਾ ਵਿੱਚ ਸ਼ਾਨ ਨਾਲ ਉੱਡਦੇ ਪੰਛੀ, ਪਹਾੜਾਂ ਦੀਆਂ ਬਰਫ਼ ਢਕੀਆਂ ਚੋਟੀਆਂ, ਨਦੀਆਂ ਦੀ ਰਵਾਨੀ, ਝਰਨਿਆਂ ਦੀ ਝਰਨ-ਝਰਨ ਅਤੇ ਖੁੱਲ੍ਹੇ ਖੇਤਾਂ ਵਿਚ ਲਹਿਰਾਂ ਮਾਰਦੀ ਸੋਨੇ ਰੰਗੀ ਕਣਕ — ਧਰਤੀ ਸੱਚਮੁੱਚ ਬਹੁਤ ਹੀ ਸੋਹਣੀ ਸੀ!
ਜਿਧਰ ਉਹਨਾਂ ਦੀ ਨਜ਼ਰ ਪੈਂਦੀ, ਉਧਰ ਹੀ ਕੁਝ ਨਵਾਂ ਤੇ ਅਜੀਬ ਹੀ ਦਿਸਦਾ। ਜਾਨਵਰ ਖੇਡਦੇ-ਛਾਲਾਂ ਮਾਰਦੇ ਫਿਰ ਰਹੇ ਸਨ, ਪੰਛੀਆਂ ਦੇ ਮਿੱਠੇ ਗੀਤ ਕੰਨਾਂ ਵਿੱਚ ਰਸ ਘੋਲ ਰਹੇ ਸਨ ਤੇ ਆਕਾਸ਼ ਵਿਚ ਬੱਦਲ ਹੌਲੀ-ਹੌਲੀ ਤੈਰ ਰਹੇ ਸਨ।
ਪਰੀਆਂ ਨੂੰ ਸਭ ਤੋਂ ਸੋਹਣਾ ਲੱਗਿਆ ਇਕ ਬਗ਼ੀਚਾ । ਉੱਥੇ ਦੇ ਫੁੱਲ ਇੰਨੇ ਵੰਨ-ਸੁਵੰਨੇ ਤੇ ਖੁਸ਼ਬੂਦਾਰ ਸਨ ਕਿ ਉਹਨਾਂ ਦੀਆਂ ਅੱਖਾਂ ਉੱਥੇ ਹੀ ਟਿਕ ਗਈਆਂ। ਫੁੱਲਾਂ ਦੇ ਆਲੇ-ਦੁਆਲੇ ਤਿਤਲੀਆਂ ਉੱਡਦੀਆਂ ਫਿਰਦੀਆਂ ਸਨ — ਨੀਲੀਆਂ, ਲਾਲ, ਪੀਲੀਆਂ ਤੇ ਹਰੀਆਂ ਤੇ ਹੋਰ ਪਤਾ ਨਹੀਂ ਕਿੰਨੇ ਰੰਗਾਂ ਦੀਆਂ।
ਉਹਨਾਂ ਤਿਤਲੀਆਂ ਨੂੰ ਵੇਖ ਕੇ ਪਰੀਆਂ ਦਾ ਵੀ ਮਨ ਹੋਇਆ ਕਿ ਉਹ ਵੀ ਖੇਡਣ। ਉਹ ਆਪਣੇ ਜਾਦੂ ਨਾਲ ਤਿਤਲੀਆਂ ਬਣ ਗਈਆਂ। ਹੁਣ ਉਹਨਾਂ ਦੇ ਵੀ ਰੰਗ-ਬਰੰਗੇ ਖੰਭ ਸਨ — ਕੋਈ ਨੀਲੀ, ਕੋਈ ਲਾਲ, ਕੋਈ ਪੀਲੀ, ਕੋਈ ਹਰੀ ! ਉਹ ਫੁੱਲਾਂ ਉੱਤੇ ਬੈਠਦੀਆਂ, ਉੱਡਦੀਆਂ, ਕਦੇ ਗੁਣਗੁਣਾਉਂਦੀਆਂ ਤੇ ਕਦੇ ਪੱਤਿਆਂ ਦੇ ਝੂਲਿਆਂ ਤੇ ਝੂਲਦੀਆਂ।
ਹਰ ਦਿਨ ਉਹ ਬਗ਼ੀਚੇ ਵਿਚ ਆਉਂਦੀਆਂ, ਤਿਤਲੀਆਂ ਬਣਦੀਆਂ ਤੇ ਖੇਡਦੀਆਂ ਰਹਿੰਦੀਆਂ। ਇਹ ਉਹਨਾਂ ਦਾ ਰੋਜ਼ਾਨਾ ਦਾ ਸ਼ੁਗਲ ਬਣ ਗਿਆ ਸੀ— ਧਰਤੀ ‘ਤੇ ਆਉਣਾ, ਤਿਤਲੀ ਬਣਨਾ, ਖੇਡਣਾ ਤੇ ਗਾਉਣਾ।
* * * * *
ਇੱਕ ਦਿਨ ਬਗ਼ੀਚੇ ਵਿਚ ਇਕ ਛੋਟਾ ਜਿਹਾ ਬੱਚਾ ਆਇਆ — ਉਸਦਾ ਨਾਂ ਹਰਜੋਧ ਸੀ। ਉਹ ਬਹੁਤ ਪਿਆਰਾ ਬੱਚਾ ਸੀ ਅਤੇ ਨਵਾਂ ਕੁਝ ਜਾਨਣ ਦੀ ਉਹਦੀ ਤਾਂਘ ਹਮੇਸ਼ਾ ਰਹਿੰਦੀ ਸੀ । ਜਦ ਉਹ ਉੱਥੇ ਖੇਡ ਰਿਹਾ ਸੀ, ਤਾਂ ਉਸਦੀ ਨਜ਼ਰ ਇਕ ਖਾਸ ਤਿਤਲੀ ‘ਤੇ ਪਈ। ਇਹ ਓਹੀ ਤਿਤਲੀ ਸੀ ਜੋ ਅਸਲ ਵਿਚ ਇਕ ਪਰੀ ਸੀ — ਸਭ ਤੋਂ ਸੋਹਣੀ, ਸਭ ਤੋਂ ਚਮਕਦਾਰ ਖੰਭਾਂ ਵਾਲੀ।
ਹਰਜੋਧ ਨੇ ਬਿਨਾ ਕੁਝ ਸੋਚਿਆਂ ਉਸਨੂੰ ਝੱਟ ਫੜ ਲਿਆ। ਤਿਤਲੀ-ਪਰੀ ਡਰ ਗਈ। ਉਹ ਸੋਚਣ ਲੱਗੀ, “ਜੇ ਹਰਜੋਧ ਨੇ ਮੈਨੂੰ ਨਾ ਛੱਡਿਆ ਤਾਂ ਮੈਂ ਪਰਿਸਤਾਨ ਕਿਵੇਂ ਵਾਪਸ ਜਾਵਾਂਗੀ ?” ਪਰ ਉਹ ਕੁਝ ਕਹਿ ਨਹੀਂ ਸਕਦੀ ਸੀ — ਕਿਉਂਕਿ ਉਹ ਇਸ ਵੇਲੇ ਤਿਤਲੀ ਦੇ ਰੂਪ ਵਿਚ ਸੀ।
ਤਿਤਲੀ ਨੂੰ ਫੜਨਸਾਰ ਹਰਜੋਧ ਨੂੰ ਲੱਗਿਆ ਜਿਵੇਂ ਉਹ ਕੁਝ ਕਹਿ ਰਹੀ ਹੋਵੇ, ਜਿਵੇਂ ਉਸ ਦੀਆਂ ਅੱਖਾਂ ਵਿਚ ਕੋਈ ਗੱਲ ਛੁਪੀ ਹੋਵੇ। ਉਸਨੇ ਤਿਤਲੀ ਨੂੰ ਧਿਆਨ ਨਾਲ ਵੇਖਿਆ ਤੇ ਪੁੱਛਿਆ, “ਕੀ ਤੂੰ ਆਜ਼ਾਦ ਹੋਣਾ ਚਾਹੁੰਦੀ ਹੈਂ?” ਤਿਤਲੀ ਨੇ ਹੌਲੀ ਜਿਹੇ ਆਪਣੇ ਖੰਭ ਫੜਫੜਾਏ — ਜਿਵੇਂ ਕਹਿ ਰਹੀ ਹੋਵੇ, "ਹਾਂ, ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ" ।
ਹਰਜੋਧ ਸਮਝ ਗਿਆ ਕਿ ਇਹ ਸੋਹਣੀ ਤਿਤਲੀ ਉੱਡਣਾ ਚਾਹੁੰਦੀ ਹੈ। ਉਹ ਮੁਸਕਰਾਇਆ ਤੇ ਬੋਲਿਆ, “ਲੈ ਪਿਆਰੀ ਤਿਤਲੀ, ਉੱਡ ਜਾ। ਤੈਨੂੰ ਆਜ਼ਾਦ ਹੀ ਰਹਿਣਾ ਚਾਹੀਦਾ ਹੈ।”
ਜਿਵੇਂ ਹੀ ਉਹਨੇ ਤਿਤਲੀ ਨੂੰ ਛੱਡਿਆ, ਤਿਤਲੀ ਤੁਰੰਤ ਉੱਡ ਗਈ, ਪਰ ਥੋੜ੍ਹੀ ਦੇਰ ਬਾਅਦ ਉਸਨੇ ਹਵਾ ਵਿਚ ਇਕ ਚਮਕਦਾਰ ਗੋਲਾ ਬਣਾਇਆ ਜੋ ਹੌਲੀ-ਹੌਲੀ ਆਕਾਸ਼ ਵਿਚ ਗਾਇਬ ਹੋ ਗਿਆ।
* * * * *
ਉਸੇ ਰਾਤ ਹਰਜੋਧ ਨੂੰ ਬਹੁਤ ਸੋਹਣਾ ਸੁਪਨਾ ਆਇਆ। ਉਸਦੇ ਕੋਲ ਓਹੀ ਤਿਤਲੀ ਆਈ, ਪਰ ਹੁਣ ਉਹ ਤਿਤਲੀ ਨਹੀਂ ਸੀ — ਪਰੀ ਸੀ ਆਪਣੇ ਅਸਲੀ ਰੂਪ ਵਿੱਚ ! ਉਸਦੇ ਲੰਮੇ ਵਾਲ, ਚਮਕਦਾਰ ਖੰਭ ਤੇ ਹਸੂੰ-ਹਸੂੰ ਕਰਦਾ ਚਿਹਰਾ ਵੇਖ ਕੇ ਹਰਜੋਧ ਬਹੁਤ ਖੁਸ਼ ਹੋਇਆ।
ਪਰੀ ਨੇ ਮੁਸਕਰਾ ਕੇ ਕਿਹਾ, “ਹਰਜੋਧ, ਤੂੰ ਮੈਨੂੰ ਆਜ਼ਾਦ ਕੀਤਾ ਸੀ, ਇਸ ਲਈ ਮੈਂ ਤੈਨੂੰ ਆਪਣੇ ਨਾਲ ਲਿਜਾ ਕੇ ਪਰਿਸਤਾਨ ਦੀ ਸੈਰ ਕਰਾਉਣਾ ਚਾਹੁੰਦੀ ਹਾਂ।”
ਇੱਕ ਪਲ ਵੀ ਨਹੀਂ ਲੱਗਿਆ ਹੋਣਾ, ਪਰੀ ਨੇ ਆਪਣੇ ਜਾਦੂ ਨਾਲ ਹਰਜੋਧ ਨੂੰ ਹਵਾ ਵਿਚ ਉਡਾਇਆ ਤੇ ਦੋਵੇਂ ਇਕ ਚਮਕਦਾਰ ਰਾਹ ਤੇ ਉੱਡਦੇ ਹੋਏ ਪਰਿਸਤਾਨ ਪੁੱਜ ਗਏ।
ਹਰਜੋਧ ਕੀ ਵੇਖਦਾ ਹੈ ਕਿ ਉਥੇ ਸਭ ਕੁਝ ਚਮਕ ਰਿਹਾ ਸੀ — ਰੰਗ-ਬਰੰਗੇ ਫੁੱਲ, ਝੀਲਾਂ ਦਾ ਮਿੱਠਾ ਪਾਣੀ ਤੇ ਹਰ ਪਾਸੇ ਉੱਡਦੀਆਂ ਪਰੀਆਂ। ਪਰੀ ਨੇ ਹਰਜੋਧ ਨੂੰ ਉਥੇ ਦੇ ਫਲ ਖਾਣ ਨੂੰ ਦਿੱਤੇ — ਮਿੱਠੇ ਅੰਬ, ਸੁਆਦੀ ਅਮਰੂਦ, ਰਸ ਭਰੇ ਅਨਾਰ ਤੇ ਜਾਦੂਈ ਸੇਬ, ਜਿਨ੍ਹਾਂ ਦਾ ਸਵਾਦ ਉਹਨੇ ਪਹਿਲਾਂ ਕਦੇ ਨਹੀਂ ਚੱਖਿਆ ਸੀ।
ਫਿਰ ਪਰੀ ਨੇ ਇਕ ਪਿਆਲੇ ਵਿਚ ਦੁੱਧ ਦਿੱਤਾ — ਜੋ ਬਿਲਕੁਲ ਚਿੱਟਾ ਤੇ ਚਮਕਦਾ ਸੀ। ਜਦੋਂ ਹਰਜੋਧ ਨੇ ਦੁੱਧ ਦਾ ਇਕ ਘੁੱਟ ਪੀਤਾ, ਉਹਨੂੰ ਇੰਞ ਜਾਪਿਆ ਜਿਵੇਂ ਉਹ ਆਪ ਉੱਡ ਰਿਹਾ ਹੋਵੇ — ਉਹ ਦੁੱਧ ਸੱਚਮੁੱਚ ਅੰਮ੍ਰਿਤ ਵਰਗਾ ਸੀ।
ਹਰਜੋਧ ਉਥੇ ਕਾਫੀ ਦੇਰ ਤੱਕ ਖੇਡਦਾ, ਨੱਚਦਾ ਤੇ ਗਾਉਂਦਾ ਰਿਹਾ। ਉਸਦੀ ਸਭ ਪਰੀਆਂ ਨਾਲ ਦੋਸਤੀ ਹੋ ਗਈ। ਫਿਰ ਪਰੀ ਨੇ ਕਿਹਾ, “ਕਾਫ਼ੀ ਸਮਾਂ ਹੋ ਗਿਆ ਹੈ, ਹੁਣ ਤੈਨੂੰ ਵਾਪਸ ਜਾਣਾ ਪਵੇਗਾ, ਪਰ ਯਾਦ ਰੱਖ — ਜਦ ਵੀ ਤੂੰ ਕਦੇ ਕਿਸੇ ਨੂੰ ਆਜ਼ਾਦ ਹੋਣ ਵਿੱਚ ਉਸਦੀ ਮੱਦਦ ਕਰੇਂਗਾ, ਕਿਸੇ 'ਤੇ ਰਹਿਮ ਕਰੇਂਗਾ ਜਾਂ ਕਿਸੇ ਨਾਲ ਦਿਲੀ ਪਿਆਰ ਕਰੇਂਗਾ, ਅਸੀਂ ਪਰੀਆਂ ਤੇਰੇ ਨਾਲ ਹੋਵਾਂਗੀਆਂ।”
* * * * *
ਜਦ ਹਰਜੋਧ ਦੀ ਅੱਖ ਖੁਲ੍ਹੀ, ਉਹ ਆਪਣੇ ਬਿਸਤਰੇ ‘ਤੇ ਸੀ। ਉਹਨੂੰ ਲੱਗਿਆ ਜਿਵੇਂ ਉਹ ਸੁਪਨਾ ਸੀ, ਪਰ ਉਹਦੇ ਸਿਰ੍ਹਾਣੇ ਦੇ ਕੋਲ ਇਕ ਚਮਕਦਾ ਖੰਭ ਪਿਆ ਸੀ — ਓਹੀ ਜੋ ਤਿਤਲੀ-ਪਰੀ ਦਾ ਸੀ।
ਹਰਜੋਧ ਸਮਝ ਗਿਆ ਕਿ ਉਹ ਸੁਪਨਾ ਨਹੀਂ ਸੀ, ਸੱਚ ਸੀ; ਤੇ ਉਹਨੇ ਆਪਣੇ ਮਨ ਵਿਚ ਫ਼ੈਸਲਾ ਕਰ ਲਿਆ ਕਿ ਉਹ ਜਾਨਵਰਾਂ, ਪੰਛੀਆਂ ਤੇ ਤਿਤਲੀਆਂ ਦੀ ਹਮੇਸ਼ਾ ਰੱਖਿਆ ਕਰੇਗਾ।
ਉਸ ਦਿਨ ਤੋਂ ਹਰਜੋਧ ਬਗ਼ੀਚੇ ਵਿਚ ਹਰ ਰੋਜ਼ ਜਾਂਦਾ, ਪਰ ਤਿਤਲੀਆਂ ਨੂੰ ਫੜਦਾ ਨਹੀਂ ਸੀ — ਉਹਨਾਂ ਨੂੰ ਵੇਖਦਾ, ਉਹਨਾਂ ਨਾਲ ਗੁਣਗੁਣਾਉਂਦਾ ਤੇ ਮੁਸਕਰਾਉਂਦਾ - ਕਿਉਂਕਿ ਹੁਣ ਉਹ ਜਾਣ ਗਿਆ ਸੀ — 'ਹਰ ਤਿਤਲੀ ਹੀ ਪਰੀ ਹੋ ਸਕਦੀ ਹੈ।'
ਸਿੱਖਿਆ : ਹੋਰਾਂ ਨੂੰ ਆਜ਼ਾਦ ਰਹਿਣ ਵਿੱਚ ਮੱਦਦ ਕਰਨਾ ਸਭ ਤੋਂ ਵੱਡਾ ਤੋਹਫ਼ਾ ਹੈ। ਦਇਆ ਤੇ ਪ੍ਰੇਮ ਵਿਚ ਹੀ ਅਸਲੀ ਜਾਦੂ ਵੱਸਦਾ ਹੈ।
('ਪਰੀਆਂ ਬਣੀਆਂ ਤਿਤਲੀਆਂ' - 'ਕਹਾਣੀ ਸੰਗ੍ਰਹਿ' ਵਿੱਚੋਂ)