Parla Pasa (Punjabi Story) : Naurang Singh
ਪਾਰਲਾ ਪਾਸਾ (ਕਹਾਣੀ) : ਨੌਰੰਗ ਸਿੰਘ
ਉਮਰਾ ਮੁਹਾਣਾ ਨਿਤ ਸੁਵਖਤੇ ਹੀ ਬੇੜੀ ਖੇਣ ਲਈ ਪੱਤਣ ਤੇ ਚਲਾ ਜਾਂਦਾ। ਉਹਦੀ ਚੰਚਲ ਨੈਣ, ਇਕਲਾਪੀ ਧੀ ਮਰੀਨਾਂ ਉਹਦੇ ਨਾਲ ਹੁੰਦੀ ਸੀ। ਉਹ ਮਸੂਮ ਜਿਹੀ ਵਰੇਸ ਦੀ ਕਲੀ ਕਿਸੇ ਵੀ ਅੱਖ ਦੀ ਸ਼ਿਸਤ ਬਣੇ ਬਿਨਾਂ ਨਹੀਂ ਸੀ ਰਹਿੰਦੀ।
ਜਦੋਂ ਸੂਰਜ ਚੜ੍ਹਦਾ ਨਦੀ ਦੇ ਪਾਣੀ ਨੂੰ ਕਿਰਮਚੀ ਬਣਾਉਂਦਾ, ਤਾਂ ਸੂਹੇ ਥਰਕਦੇ ਪਾਣੀ ਦਾ ਅਕਸ ਕੰਢੇ ਉਤੇ ਖਲੋਤੀ ਮਰੀਨਾਂ ਦੇ ਮੂੰਹ ਤੇ ਫੁਹਾਰਿਆ ਜਾਂਦਾ। ਕੋਲ ਖਲੋਤਾ ਉਮਰਾ ਬੱਚੀ ਦੇ ਮੂੰਹ ਉਤੋਂ ਆਪਣੀ ਬੀਤੀ ਜ਼ਿੰਦਗੀ ਦੇ ਦਿਹਾੜੇ ਇਕ ਪੁਸਤਕ ਵਾਂਗ ਪੜ੍ਹਦਾ।
ਮਰੀਨਾਂ ਨਿੱਕੀ ਹੁੰਦੀ ਦੀ ਮਾਂ ਮਰ ਗਈ ਸੀ। ਉਮਰੇ ਨੇ ਪਤਨੀ ਦੀ ਯਾਦ ਦੇ ਹੰਝੂ ਸਿੰਜ ਸਿੰਜ ਕੇ ਏਸ ਪੰਖੜੀ ਨੂੰ ਪਾਲਿਆ ਸੀ। ਮਰੀਨਾਂ ਆਪਣੇ ਪਿਓ ਕੋਲੋਂ ਕਈ ਵਾਰ ਪੁਛਦੀ ਹੁੰਦੀ ਸੀ।
"ਅੱਬਾ ਮਾਂ ਕਿੱਥੇ ਟੁਰ ਗਈ ਏ?"
"ਪਾਰ" ਉਮਰਾ ਉਚਾਰ ਖਲੋਤਾ ਪਾਰਲੇ ਕੰਢੇ ਵਲ ਉਂਗਲ ਕਰਦਾ।
ਮਰੀਨਾਂ ਦੀ ਤੀਬਰਤਾ ਹੋਰ ਵਧ ਜਾਂਦੀ, ਤੇ ਉਹ ਮੁੜ ਪੁਛਦੀ:–
"ਆਪਾਂ ਵੀ ਓਥੇ ਜਾਵਾਂਗੇ ਅੰਬਾ ਕਦੇ...... ਮਾਂ ਕੋਲ... ਹੈਂ ਅੱਬਾ!"
ਉਮਰਾ ਕਿਸੇ ਖ਼ਿਆਲ ਵਿਚ ਡੁਬਾ ਚੁਪ ਖਲੋਤਾ ਬੇੜੀ ਦੇ ਬਾਦਬਾਨਾਂ ਵਲ ਵਿੰਹਦਾ ਰਹਿੰਦਾ। ਨਦੀ ਵਿਚ ਛੱਲਾਂ ਉਹਦੇ ਦਿਲ ਦੀ ਧੜਕਣ ਵਾਂਗ ਉਭਰਦੀਆਂ ਤੇ ਕੰਢਿਆਂ ਵਲ ਵਿਛਦੀਆਂ ਗੁਆਚ ਜਾਂਦੀਆਂ। ਕੋਈ ਮੱਛੀ ਪਾਣੀ ਵਿਚੋਂ ਸਿਰ ਕੱਢ ਕੇ ਛੁਲਕ ਕਰਦੀ ਚੁਭੀ ਮਾਰ ਜਾਂਦੀ। ਪਤਨੀ ਨਾਲ ਬੀਤੀ ਜ਼ਿੰਦਗਾਨੀ ਉਹਦੀਆਂ ਅੱਖਾਂ ਅੱਗੇ ਤਣ ਜਾਂਦੀ। ਉਹ ਮਰੀਨਾਂ ਦੇ ਪ੍ਰਸ਼ਨ ਦਾ ਕੋਈ ਉੱਤਰ ਨਾ ਦੇਂਦਾ। ਮਰੀਨਾਂ ਪਿਓ ਦੀ ਉਂਗਲ ਖਿੱਚ ਕੇ ਮੁੜ ਪੁਛਦੀ:-
"ਬੋਲ ਅੱਥਾ... ਦੱਸ ਵੀ..... ਆਪਾਂ ਜਾਵਾਂਗੇ ਨਾ ਓਥੇ?"
"ਹਾਂ... ਜਾਵਾਂਗੇ ਪੁੱਤ੍ਰ...... ਪਾਰ... ਪਾਰ" ਏਦੂੰ ਵਧ ਉਮਰਾ ਕੁਝ ਆਖ ਨਾ ਸਕਦਾ।
ਪਾਰਲਾ ਪਾਰ ਕੀ ਹੈ? ਇਹ ਜਾਨਣ ਦੀ ਮਰੀਨਾਂ ਨੂੰ ਬੜੀ ਰੀਝ ਸੀ। ਉਹ ਪਤਣ ਤੇ ਆਉਂਦੀ ਹੀ ਪਿਓ ਤੋਂ ਕੋਈ ਨਾ ਕੋਈ ਗੱਲ ਪਾਰਲੇ ਪਾਸੇ ਬਾਰੇ ਪੁਛਦੀ, ਪਰ ਉਮਰਾ ਅਕਾਸ਼ ਵਲ ਤਕਦਾ ਜਾਂ ਪਾਣੀ ਦੀਆਂ ਡੂੰਘਾਈਆਂ ਅੰਦਰ ਝਾਕਦਾ ਹੂੰ— ਹਾਂ ਕਰ ਛੱਡਦਾ।
ਮਰੀਨਾਂ ਘੋਗੇ, ਸਿੱਪੀਆਂ ਨਾਲ ਕੱਲੀ ਹੀ ਕੰਢੇ ਦੀ ਰੇਤ ਉਤੇ ਖੇਡਦੀ। ਕਦੇ ਸਿੱਪੀਆਂ ਨੂੰ ਭੰਨ ਕੇ ਕੀਚਰਾਂ ਕਰ ਦੇਂਦੀ, ਕਦੇ ਨਦੀ ਵਿਚ ਸੁੱਟ ਪਾਂਦੀ। ਜਾਓ "ਸਿੱਪੀਓ ਪਾਰਲੇ-ਪਾਸੇ।"
ਬੁੱਢਾ ਉਮਰਾ ਮਰੀਨਾਂ ਦੀਆਂ ਖੇਡਾਂ ਨੂੰ ਤਕ ਕੇ ਅੱਖਾਂ ਵਿਚ ਹਸਦਾ।
ਮਾਛੀ ਆ ਕੇ ਆਪਣੇ ਜਾਲ ਪਾਣੀ ਵਿਚ ਸੁੱਟ ਦੇਂਦੇ। ਮਰੀਨਾਂ ਤੜਫਦੀਆਂ ਮੱਛੀਆਂ ਕੋਲ ਜਾ ਖਲੋਂਦੀ ਤੇ ਉਨ੍ਹਾਂ ਨੂੰ ਪਿਆਰਦੀ। ਮੱਛੀਆਂ ਦੇ ਧੁਪ ਵਿਚ ਚਿਲਕਦੇ ਪਰ ਉਹਦੇ ਮਨ ਨੂੰ ਮੋਹ ਲੈਂਦੇ। ਕਦੇ ਕਿਸੇ ਮੱਛੀ ਨੂੰ ਉਹ ਮਾਛੀਆਂ ਦੀ ਅੱਖ ਬਚਾ ਕੇ ਪਾਣੀ ਵਿਚ ਵਗਾਹ ਮਾਰਦੀ ਤੇ ਕਹਿੰਦੀ:— "ਜਾਓ ਮੱਛੀਓ ਪਾਰਲੇ-ਪਾਸੇ, ਨੱਸ ਜਾਓ।"
ਮਾਹੀਗੀਰ ਉਹਦੀਆਂ ਗੁਸਤਾਖ਼ੀਆਂ ਤੋਂ ਛਿੱਥੇ ਕਦੇ ਨਹੀਂ ਸਨ ਪੈਂਦੇ, ਉਹ ਸਦਾ ਹੀ ਉਹਨੂੰ ਮਾਫ਼ ਕਰ ਛੱਡਦੇ ਸਨ।
ਪਾਰਲੇ ਪਾਸੇ ਦੀ ਦੁਨੀਆਂ ਕਿਹੋ ਜਿਹੀ ਹੈ, ਇਹ ਮਰੀਨਾਂ ਦੀ ਧੁਨ ਸੀ। ਉਹ ਕੰਢੇ ਨੇੜੇ ਦੀ ਕਿਸੇ ਉੱਚੀ ਚਟਾਨ ਉਤੇ ਚੜ੍ਹ ਜਾਂਦੀ, ਪੱਬਾਂ ਪਰਨੇ ਹੋ ਕੇ ਪਾਰਲੇ ਪਾਸੇ ਵਲ ਤਕਦੀ। ਅਥਾਹ ਪਾਣੀਆਂ ਤੋਂ ਪਰੇ ਉਹਨੂੰ ਕੰਢਾ ਬੇ-ਮਲੂਮਾ ਜਿਹਾ ਨਜ਼ਰੀਂ ਆਉਂਦਾ ਅਤੇ ਹੋਰ ਪਰੇ ਧਰਤੀ ਅਕਾਸ਼ ਦਾ ਦੁਮੇਲ— ਬਸ ਏਦੂੰ ਅਗਾਂਹ ਉਹਦੀ ਨਜ਼ਰ ਗੁਆਚ ਜਾਂਦੀ।
ਪਾਰਲੇ ਪਾਸਿਓਂ ਆਪਣੇ ਪਿਓ ਦੀ ਬੇੜੀ ਵਿਚੋਂ ਲਹਿੰਦੇ ਪੂਰ ਨੂੰ ਉਹ ਬੜੇ ਨਿੱਘ ਨਾਲ ਮਿਲਦੀ। ਮੁਸਾਫ਼ਰਾਂ ਕੋਲੋਂ ਪਾਰਲੇ ਦੇਸ ਦੇ ਹਾਲ ਪੁਛਦੀ— "ਕੀ ਉਥੇ ਚੰਨ ਹੈ, ਤਾਰੇ ਹੈਨ; ਮਨੁਖ ਤੇ ਜਨਾਨੀਆਂ— ਕਿਤੇ ਮੇਰੀ ਮਾਂ ਨੂੰ ਵੀ ਕਿਸੇ ਤੱਕਿਆ ਹੈ ਪਾਰਲੇ ਦੇਸ ਵਿਚ?"
ਬਾਜ਼ੇ ਮੁਸਾਫ਼ਰ ਉਹਦੀ ਮਸੂਮੀਅਤ ਤੇ ਹਸ ਛਡਦੇ, ਕਈ ਆਖਦੇ ਕੁੜੀ ਝੱਲੀ ਹੈ, ਕਈ ਬੁੱਢੇ ਮੱਥੇ ਘੁੱਟੀਆਂ ਪਾ ਕੇ ਕਹਿੰਦੇ— "ਉਠਦੀ ਵਰੇਸੇ ਕੁੜੀ ਦਾ ਕੀ ਮਤਲਬ ਹੈ ਮਰਦਾਂ ਨਾਲ ਖੁਲ੍ਹਣ ਦਾ" ਉਹ ਮਰੀਨਾਂ ਨੂੰ ਝਿੜਕ ਕੇ ਪਰੇ ਕਰ ਦੇਂਦੇ।
ਮਰੀਨਾਂ ਨਦੀ, ਉਤੋਂ ਉਡਦੇ ਜਨੌਰਾਂ ਤੇ ਕੁਰਲਾਂਦੀਆਂ ਕੂੰਜਾਂ ਨੂੰ ਵੇਖ ਕੇ ਅਕਾਸ਼ ਵਿਚ ਨਿਗਾਹਾਂ ਗੱਡ ਦੇਂਦੀ, "ਇਹ ਪਾਰਲੇ ਪਾਸੇ ਜਾਂਦੇ ਪੰਛੀ ਕੇਡੇ ਕਰਮਾਂ ਵਾਲੇ ਹਨ, ਇਹ ਉਸੇ ਦੇਸ਼ ਵਿਚ ਜਾਣਗੇ— ਰੱਬਾ ਕਦੇ ਮੇਰੇ ਵੀ ਖੰਭ ਹੁੰਦੇ।"
ਕੋਈ ਉਹਨੂੰ ਪਾਰਲੇ ਦੇਸ ਦੀ ਖ਼ਬਰ ਨਹੀਂ ਸੀ ਦੇਂਦਾ। ਜਦ ਉਹ ਬੇੜੀ ਦੇ ਬਾਦਬਾਨਾਂ ਨੂੰ ਪੌਣ ਨਾਲ ਭਰੇ ਹੋਏ ਤਕਦੀ ਤਾਂ ਉਹਦੇ ਡੌਲੇ ਫ਼ਰਕ ਉਠਦੇ। ਝਟ ਆਪਣੇ ਅੱਬਾ ਨੂੰ ਆਖਦੀ:—
"ਅੱਬਾ ਅਜ ਮੈਨੂੰ ਬੇੜੀ ਠਿਲ੍ਹਣ ਦੇਹ— ਮੈਂ ਪਾਰ ਜਾਣਾ ਹੈ—ਆਪਣੀ ਮਾਂ ਦਾ ਦੇਸ ਤਕਣ ਲਈ— ਹੈਂ ਅੱਬਾ!"
ਉਮਰਾ ਲੰਮਾ ਸਾਹ ਖਿਚਦਾ, ਉਹਦੇ ਨੈਣ ਸਿਮ ਆਉਂਦੇ, "ਪੁੱਤਰ ਰਿਹਾੜ ਨ ਕਰ। ਅਜੇ ਤੇਰੀ ਸਮ੍ਰਥਾ ਨਾਜ਼ਕ ਹੈ। ਤੈਥੋਂ ਚਪੂ ਨਹੀਂ ਲਗਣਗੇ, ਪਤਵਾਰ ਦਾ ਰੁਖ਼ ਕੀਕਰ ਮੋੜੇਂਗੀ ਮੇਰੀ ਮਰੀਨੀ? ਛੱਲਾਂ ਨਾਲ ਘੋਲ ਕਰਨੇ ਡਾਢੇ ਔਖੇ ਨੇ— ਵੇਖਦੀ ਨਹੀਂ ਤਿੱਖੀ ਪੌਣ ਅੱਗੇ ਮੇਰੀ ਵੀ ਕੋਈ ਵਾਹ ਨਹੀਂ ਜਾਂਦੀ।"
"ਪਰ ਮੈਂ ਪੌਣ ਨੂੰ ਚੀਰਦੀ ਲੰਘ ਜਾਵਾਂਗੀ ਅੱਬਾ! ਨਦੀ ਦੀ ਹਿੱਕ ਨੂੰ ਬੇੜੀ ਨਾਲ ਲਕੀਰਦੀ" ਮਰੀਨਾਂ ਹਠ ਕਰਦੀ।
"ਬੌਲੀ— ਚਲ ਘਰ ਨੂੰ— ਆਥਣ ਹੋ ਗਈ ਹੈ ਮਾਹੀਗੀਰ ਪਰਤ ਗਏ ਹਨ, ਵਾਗੀ ਡੰਗਰਾਂ ਨੂੰ ਚਾਰ ਕੇ, ਉਹ ਤਕ ਘਰਾਂ ਨੂੰ ਮੁੜੇ ਜਾਂਦੇ ਹਨ। ਛੰਨ ਸਾਡੀ ਵਿਚ ਹਨੇਰਾ ਹੋਵੇਗਾ— ਚਲ ਕੇ ਦੀਵਾ ਬਾਲਣਾ ਹੈ- ਮੇਰੀ ਜੋਤ ਮਰੀਨਾਂ!"
ਉਮਰੇ ਦੇ ਮਗਰ ਮਗਰ ਜਾ ਕੇ ਛੰਨ ਵਿਚ ਉਹ ਆਥਣ ਦੀ ਜੋਤ ਜਗਾ ਦੇਂਦੀ।
ਕਦੇ ਉਮਰੇ ਨੂੰ ਪੂਰ ਪਾਰ ਲਿਜਾਂਦਿਆਂ ਜਾਂ ਉਰਾਰ ਲਿਆਉਂਦਿਆਂ ਗਾੜ੍ਹਾ ਨ੍ਹੇਰਾ ਹੋ ਜਾਂਦਾ। ਉਦੋਂ ਉਦਯ ਹੁੰਦੇ ਚੰਨ ਦੀ ਸੁਰਖ਼ੀ ਨਾਲ ਪੂਰਬ ਲਾਲ ਚੁੰਨੀ ਨਿਆਈਂ ਦਿਸਦਾ। ਨਦੀ ਦੇ ਪਾਣੀ ਵਿਚੋਂ ਉਭਰਦੀ ਚੰਨ ਦੀ ਟਿੱਕੀ ਮਰੀਨਾਂ ਨੂੰ ਈਕਰ ਜਾਪਦੀ ਜਾਣੀਦੀ ਕੋਈ ਸੁਨਹਿਰੀ ਬੇੜੀ ਅਕਾਸ਼ ਵਲ ਉੱਠ ਰਹੀ ਹੈ, ਜਿਹਦੇ ਵਿਚ ਉਹਦੀ ਮਾਂ ਉਹਨੂੰ ਮਿਲਣ ਲਈ ਤਰ ਕੇ ਆਵੇਗੀ। ਉਹ ਬਹਿਬਲ ਹੋ ਕੇ ਉਡੀਕਦੀ ਕਿ ਕਦੋਂ ਉਹ ਨੀਲੇ ਅੰਬਰ ਵਿਚੋਂ ਲੰਘਦੀ ਹੋਈ ਉਹਦੇ ਕੋਲ ਪਹੁੰਚੇਗੀ। ਉਹਦੀਆਂ ਅੱਖਾਂ ਚਮਕ ਪੈਂਦੀਆਂ ਤੇ ਉਹਦੇ ਅਣਵਾਹੇ ਵਾਲ ਉੱਡ ਉੱਡ ਨਦੀ ਦੀਆਂ ਲਹਿਰਾਂ ਵਲ ਧਾਂਦੇ।
+ + + +
ਮਰੀਨਾਂ ਭਾਵੇਂ ਮੁਟਿਆਰ ਹੋ ਗਈ ਸੀ, ਪਰ ਬੱਚਪਨ ਦੀਆਂ ਗੱਲਾਂ ਦੇ ਅਕਸ ਉਹਦੇ ਦਿਲੋਂ ਬੁਝੇ ਨਹੀਂ ਸਨ। ਬਾਲ ਵਰੇਸ ਦੀਆਂ ਕਈ ਸਿਮ੍ਰਤੀਆਂ ਬੁਢੇਪੇ ਤੀਕ ਦਿਲ ਦੀਆਂ ਤਹਿਆਂ ਵਿਚ ਲੁਕੀਆਂ ਲੰਘ ਜਾਂਦੀਆਂ ਹਨ, ਅਤੇ ਕਈ ਸ਼ੰਕੇ ਉਮਰ ਭਰ ਅਨ-ਨਵਿਰਤੇ ਹੀ ਟਿਕੇ ਰਹਿੰਦੇ ਹਨ।
ਮਰੀਨਾਂ ਦਾ ਬਚਪਨ ਤੋਂ ਇਹ ਵਿਸ਼ਵਾਸ ਦ੍ਰਿੜ੍ਹ ਹੋ ਗਿਆ ਸੀ ਕਿ ਪਾਰਲੇ ਪਾਸੇ ਦੀ ਬਸਤੀ ਕੋਈ ਵਚਿਤ੍ਰ ਦੇਸ ਹੈ।
ਮਰੀਨਾਂ ਨੇ ਇਕ ਦਿਨ ਹਠ ਨਾਲ ਅੱਬਾ ਨੂੰ ਆਖਿਆ ਕਿ ਉਹ ਬੇੜੀ ਠਿਲ੍ਹ ਕੇ ਪਾਰ ਲੈ ਜਾਵੇਗੀ, ਕੱਲੀ ਹੀ— ਆਪਣੀ ਹਿੰਮਤ ਤੇ ਜ਼ੋਰ ਨਾਲ— ਕਿਉਂਕਿ ਹੁਣ ਉਹ ਪਹਿਲੋਂ ਨਾਲੋਂ ਕਿਤੇ ਤਕੜੀ ਸੀ।
ਰਾਤ ਨਿਖਰੀ ਹੋਈ ਸੀ। ਚਾਨਣੀ ਨਦੀ ਦੀ ਸ਼ਾਂਤ ਹਿਕ ਉਤੇ ਚੁੰਮਣਾਂ ਪਈ ਸੁਟਦੀ ਸੀ। ਬੇੜੀ ਦੇ ਬਾਦਬਾਨ ਸਖਣੇ ਸਨ, ਕਿਉਂਕਿ ਫ਼ਿਜ਼ਾ ਵਿਚ ਇਕ ਰੁਮਕਾ ਵੀ ਪੌਣ ਦਾ ਨਹੀਂ ਸੀ ਹਿਲਦਾ। ਗੁੱਮਾ ਜਿਹਾ ਹੋਇਆ ਹੋਇਆ ਸੀ।
ਮਰੀਨਾਂ ਨੇ ਬੇੜੀ ਠਿਲ੍ਹ ਦਿਤੀ- ਹੌਲੀ ਹੌਲੀ ਤੋਰਦੀ ਸੀ, ਮਤੇ ਬੇ-ਕਾਬੂ ਹੀ ਹੋ ਜਾਵੇ। ਅਲ੍ਹੜ ਕੋਲੋਂ ਪਤਵਾਰ ਦਾ ਰੁਖ਼ ਵੀ ਸੇਧ ਵਿਚ ਨਹੀਂ ਸੀ ਰਹਿੰਦਾ। ਉਮਰਾ ਕੰਢੇ ਤੇ ਖਲੋਤਾ ਨੀਝ ਲਾ ਕੇ ਤੱਕ ਰਿਹਾ ਸੀ। ਚਪੂਆਂ ਉਤੇ ਮਰੀਨਾਂ ਦੀਆਂ ਬਾਹਾਂ ਉਡਦੀ ਕਬੂਤਰੀ ਦੇ ਖੰਭਾਂ ਵਾਂਗ ਖੁਲ੍ਹਦੀਆਂ ਸਨ।
ਕਿਸ਼ਤੀ ਵਿਚਕਾਰਲੀਆਂ ਧਾਰਾਂ ਵਿਚ ਵਹਿ ਰਹੀ ਸੀ। ਮੁੜ੍ਹਕੇ ਦੀਆਂ ਤਤੀਰੀਆਂ ਮਰੀਨਾਂ ਦੇ ਮੱਥੇ ਉਤੇ ਚਾਨਣੀ ਵਿਚ ਇੰਜ ਚਮਕ ਰਹੀਆਂ ਸਨ ਜੀਕਰ ਪਹਾੜ ਦੀ ਹਿੱਕ ਵਿਚੋਂ ਮਹੀਨ ਕੂਲਾਂ ਫੁਟ ਵਹਿੰਦੀਆਂ ਹਨ।
ਜਿਉਂ ਜਿਉਂ ਥੋੜੀ ਦੂਰ ਹੁੰਦੀ ਜਾਂਦੀ, ਉਮਰੇ ਦਾ ਦਿਲ ਧਕ ਧਕ ਪਿਆ ਕਰਦਾ ਸੀ।
ਏਕਾ ਏਕੀ ਕਹਿਰ ਦਾ ਝੱਖੜ ਝੁਲਿਆ। ਨਦੀ ਵਿਚ ਸ਼ੂਕਰ ਪੈਦਾ ਹੋ ਗਈ, ਛੱਲਾਂ ਨੇ ਡੰਡ ਪਾ ਦਿੱਤੀ, ਬੇੜੀ ਦੇ ਬਾਦਬਾਨ ਪਾਟ ਗਏ, ਹਨੇਰਾ ਹੀ ਹਨੇਰਾ ਹੋ ਗਿਆ। ਬੇੜੀ ਕਿੱਥੇ ਹੈ, ਮਰੀਨਾਂ ਕਿਧਰ ਗਈ? ਉਮਰਾ ਸੁਦਾਈ ਜਿਹਾ ਹੋ ਗਿਆ। ਕੰਢੇ ਤੇ ਹੌਂਕਦਾ ਫਿਰਦਾ ਸੀ।
ਸਵੇਰ ਸਾਰ ਜਦੋਂ ਸੂਰਜ ਨੇ ਪਹਿਲੀਆਂ ਕ੍ਰਿਣਾਂ ਕਾਇਨਾਤ ਤੇ ਸੁਟੀਆਂ ਤਾਂ ਇਕ ਬਰੇਤੀ ਦੇ ਚਮਕੀਲੇ ਕਿਣਕਿਆਂ ਉਤੋਂ ਮਰੀਨਾਂ ਉਮਰੇ ਨੂੰ ਲਭ ਪਈ। ਮਮਤਾ ਦਾ ਮਾਰਿਆ ਭੱਜ ਕੇ ਆਪਣੀ ਬੱਚੀ ਨੂੰ ਚੰਬੜ ਗਿਆ— ਜਿਗਰ ਦੀ ਟੁਕੜੀ ਨੂੰ। "ਮਰੀਨਾਂ— ਮਰੀਨਾਂ— ਬੋਲ- ਮੇਰੀ ਮਰੀਨੀ।"
ਉਸ ਮਰੀਨੀ ਚੁਕ ਕੇ ਕੰਧਾੜੇ ਲਾ ਲਈ। ਮਰੀਨਾਂ ਦੇ ਵਾਲਾਂ ਵਿਚ ਫਸੇ ਹੋਏ ਰੇਤ ਦੇ ਜ਼ੱਰੇ ਮੋਤੀਆਂ ਵਾਂਗ ਪਏ ਲਿਸ਼ਕਦੇ ਸਨ।
ਛੰਨ ਵਿਚ ਲਿਆ ਕੇ ਕਈ ਉਪਾਆਂ ਹੀਲਿਆਂ ਨਾਲ ਮਰੀਨਾਂ ਨੂੰ ਹੋਸ਼ ਵਿਚ ਆਂਦਾ- ਮਰੀਨਾਂ ਕੁਝ ਹਿੱਲੀ— ਉਮਰੇ ਨੇ ਸਾਹ ਡੱਕ ਲਏ, ਤੇ ਦਿਲ ਦੀ ਧੜਕਣ ਨੂੰ ਅੰਦਰ ਹੀ ਅੰਦਰ ਨਪਿਆ ਕਿ ਸਾਹ ਤੇ ਧੜਕਣ ਦਾ ਸ਼ੋਰ ਕਿਤੇ ਸੁਹਲ ਮਰੀਨੀ ਨੂੰ ਮੁੜ ਬੇ-ਹੋਸ਼ ਨਾ ਕਰ ਦੇਵੇ।
ਮਰੀਨਾਂ ਦੀਆਂ ਝਿੰਮਣੀਆਂ ਫਰਕੀਆਂ, ਪਲਕਾਂ ਉਘੜੀਆਂ ਤੇ ਆਸਤਾ ਆਸਤਾ ਬੁਲ੍ਹ ਖੁਲ੍ਹੇ।
"ਅੱਬਾ...... ਆ..... ਗਿਆ ਹੈ ਪਾਰਲਾ...... ਪਾਸਾ— ਮੇਰੀ ਮਾਂ ਦਾ...... ਦੇਸ— ਬਸ ਹੁਣ ਮੈਨੂੰ ਕੋਈ ਚਿੰਤਾ ਨਹੀਂ।"
ਪਹੁ ਫਟ ਚੁਕੀ ਸੀ, ਚਿੜੀਆਂ ਦੀ ਚੂੰ ਚੂੰ ਤੇ ਘੁਗੀਆਂ ਦੀ ਕੂ ਕੂ ਚੁਫੇਰੇ ਛਿੜੀ ਹੋਈ ਸੀ। ਉਮਰੇ ਦੀ ਜਾਗ ਖੁਲ੍ਹ ਗਈ। ਤਕਿਆ ਮਰੀਨਾਂ ਉਹਦੇ ਮੰਜੇ ਕੋਲ ਖੜੀ ਆਖ ਰਹੀ ਸੀ: "ਚਲ ਅੱਬਾ! ਪੱਤਣ ਨੂੰ- ਅਜ ਮੈਂ ਪਾਰਲੇ ਪਾਸੇ ਜ਼ਰੂਰ ਜਾਣਾ ਹੈ।”
('ਭੁੱਖੀਆਂ ਰੂਹਾਂ' ਵਿੱਚੋਂ)