Pathar Dil : American Lok Kahani

ਪੱਥਰ ਦਿਲ : ਅਮਰੀਕਨ ਲੋਕ ਕਹਾਣੀ

‘ਪੱਥਰ ਦਿਲ’ ਇਕ ਬਹੁਤ ਪ੍ਰਸਿਧ ਯੋਧਾ ਸੀ । ਉਹ ਆਪਣੇ ਕਬੀਲੇ ਵਿਚ ਆਪਣੀ ਬਹਾਦਰੀ ਤੇ ਚੰਗਾ ਸ਼ਿਕਾਰੀ ਹੋਣ ਲਈ ਚੰਗੀ ਤਰਾਂ ਜਾਣਿਆਂ ਜਾਂਦਾ ਸੀ।

ਇਕ ਰਾਤ ਉਸਨੂੰ ਸੁਪਣਾ ਆਇਆ ਕਿ ਉਸਨੂੰ ਇਕ ਅਵਾਜ਼ ਨੇ ਇਓਂ ਕਿਹਾ। ‘ ਜੇ ਤੂੰ ਸਭ ਤੋਂ ਵਡਾ ਤੇ ਧਨੀ ਬਣਨਾ ਚਾਹੁੰਦਾ ਹੈਂ । ਰਾਤ ਨੂੰ ਝੀਲ ਤੇ ਜਾਹ, ਅਤੇ ਪਾਣੀ ਨੂੰ ਇਕ ਡੰਡੇ ਨਾਲ ਇਓਂ ਕੁਟ ਜਿਵੇਂ ਕਿ ਉਹ ਇਕ ਢੋਲ ਹੋਵੇ। ਫ਼ੇਰ ‘ਜਲਰਾਜ' ( ਪਾਣੀ ਦਾ ਬਾਦਸ਼ਾਹ ) ਬਾਹਰ ਆਵੇਗਾ ਤੇ ਤੇਰੀਆਂ ਇਛਾਂ ਪੂਰੀਆਂ ਕਰੇਗਾ ।'

ਜਾਗਣ ਪਿਛੋਂ ਪਥਰ ਦਿਲ ਨੇ ਸੁਪਣੇ ਬਾਰੇ ਕੁਝ ਹੋਰ ਨ ਸੋਚਿਆ। ਪਰ ਅਗਲੀ ਰਾਤ ਉਸ ਨੂੰ ਫੇਰ ਉਹੀ ਸੁਪਣਾ ਆਇਆ ਤੇ ਇਸ ਪਿਛੋਂ ਨਿਤ ਹੀ ਰਾਤ ਨੂੰ ਉਸ ਨੂੰ ਉਹੀ ਸੁਪਣਾ ਆਉਂਦਾ ਤੇ ਆਵਾਜ਼ ਸੁਣਦੀ, ਏਥੋਂ ਤਕ ਕਿ ਬਾਰਾ ਰਾਤਾਂ ਲੰਘ ਗਈਆਂ ।

ਬਾਹਰਵੀਂ ਰਾਤ ਉਸਨੇ ਆਪਣੀ ਪਤਨੀ ਨੂੰ ਜਗਾਇਆ ਅਤੇ ਕਿਹਾ “ਕੀ ਤੈਨੂੰ ਪਾਣੀ ਉਪਰ ਖੜਕਾਟ ਪੈਂਦਾ ( ਢੋਲ ਦੀ ਅਵਾਜ਼ ਨਹੀਂ ਸੁਣਦੀ ''?

"ਤੈਨੂੰ ਟਾਹਣੀਆਂ ਵਿਚ ਦੀ ਸ਼ੂਕਦੀ ਹਵਾ ਤੋਂ ਬਿਨਾ ਕੁਝ ਹੋਰ ਨਹੀਂ ਸੁਣਦਾ।' ਉਸ ਦੀ ਪਤਨੀ ਨੇ ਉਤਰ ਦਿਤਾ ਤੇ ਉਹ ਫੇਰ ਸੌਂ ਗਈ ।

ਪਰ ਪਥਰ ਦਿਲ ਨ ਸੌਂ ਸਕਿਆ । ਉਸ ਨੂੰ ਕੁਝ ਪਾਣੀ ਵਲ ਖਿਚਦਾ ਜਾਪਿਆ ਹੁਣ ਉਸਦੀ ਆਪਣੇ ਸੁਪਣੇ ਨੂੰ ਸੱਚਾ ਪ੍ਰਤਿਆਉਣ ਦੀ ਬੜੀ ਇਛਾ ਸੀ। ਆਖਰ ਉਹ ਹੋਰ ਚਿਰ ਨ ਪੈ ਸਕਿਆ। ਉਸ ਨੇ ਆਪਣਾ ਖੇਸ ਪਾਸੇ ਸੁਟਿਆ ਤੇ ਕੁਲੀ ਵਿਚੋਂ ਨਿਕਲਕੇ ਝੀਲ ਵਲ ਦੌੜਿਆ । ਉਹ ਕੰਢਿਆਂ ਤੇ ਜਾ ਕੇ ਰੁਕਿਆ ਨਾ, ਸਗੋਂ ਸਿਧਾ ਪਾਣੀ ਵਿਚ ਵੜ ਗਿਆ।

ਉਸ ਦੇ ਹਥ ਵਿਚ ਇਕ ਡੰਡਾ ਸੀ ਉਸ ਨੇ ਇਓਂ ਪਾਣੀ ਕੁਟਣਾ ਸ਼ੁਰੂ ਕਰ ਦਿਤਾ ਜਿਵੇਂ ਉਸ ਨੇ ਟੂਣੇ ਵਾਲਿਆਂ ਨੂੰ ਢੋਲ ਕੁਟਦੇ ਤਕਿਆ ਸੀ-ਏਸੇ ਸਮੇਂ ਉਹ ਆਪਣੇ ਕਬੀਲੇ ਦਾ ਗੀਤ ਵੀ ਗੁਣ ਗਵਾਉਣ ਲਗ ਪਿਆ । ਪਹਿਲਾਂ ਉਸ ਨੇ ਹੌਲੀ ੨ ਬਹੁਤ ਨੀਵੀਂ ਅਵਾਜ਼ ਵਿਚ ਗਾਇਆ, ਫਿਰ ਉਚੀ ਤੇ ਹੋਰ ਉਚੀ ਅਤੇ ਕਾਹਲਾ ਕਾਹਲਾ, ਇਥੋਂ ਤਕ ਕਿ ਚਾਰ ਚੁਫ਼ੇਰੇ ਦੇ ਬ੍ਰਿਛਾਂ ਚੋਂ ਇਸ ਦੀ ਗੂੰਜ ਆਉਣ ਲਗੀ।

ਉਹ ਰੁਕਿਆ ਨ ਅਤੇ ਪਾਣੀ ਨੂੰ ਜ਼ੋਰ ੨ ਦੀ ਕੁਟੀ ਗਿਆ ਇਥੋਂ ਤਕ ਕਿ ਪਾਣੀ ਵਿਚ ਇਕ ਛੋਟਾ ਜਿਹਾ ਗੋਲ ਚਕਰ (ਘੁੰਮਨ ਘੇਰਾ) ਬਣ ਗਿਆ । ਹਰ ਵਾਰੀ ਉਹ ਡੰਡੇ ਨੂੰ ਕਾਹਲਾ ਕਰਦਾ ਜਾਂਦਾ ਤੇ ਇਸ ਨਾਲ ਓਸਦਾ ਗੀਤ ਵੀ ਤਾਲ ਦਿੰਦਾ।

ਪਲੋ ਪਲੀ ਇਹ ਘੁੰਮਣ ਘੇਰ ਵਡਾ ਸਾਰਾ ਹੋ ਗਿਆ ਤੋਂ ਉਸ ਦੇ ਲਾਹਮੀਂ ੨ ਫਿਰਨ ਲਗਾ । ਛੋਟੀਆਂ ਮਛੀਆਂ ਇਸ ਵਿਚ ਆਉਣ ਲਗੀਆਂ ਤੇ ਇਹ ਵਡੇ ਗੋਲ ਦਾਇਰਿਆਂ ਵਿਚ ਘੁੰਮਣ ਘੇਰੀਆਂ ਖਾਣ ਲਗਾ ।

ਜਿਓਂ ਹੀ ਘੁੰਮਣ ਘੇਰ ਵੱਡਾ ਅਤੇ ਤੇਜ਼ ਹੋਇਆ ਪਾਣੀ ਉਤਾਂਹ ਉਠਿਆ- ਪਹਿਲਾਂ ਉਸ ਦੇ ਲਕ ਤੇ ਫੇਰ ਉਸ ਦੀ ਛਾਤੀ ਤਕ ਤੇ ਅਖੀਰ ਉਸ ਦੀ ਠੋਡੀ ਤਕ, ਪਰ ਫੇਰ ਵੀ ਪਥਰ ਦਿਲ ਨੇ ਆਪਣੇ ਹਥ ਨੂੰ ਨ ਰੋਕਿਆ । ਉਹ ਪਾਣੀ ਨੂੰ ਹੋਰ ਵੀ ਵਧ ਕੁਟਦਾ ਸੀ ਤੇ ‘ਜਲ ਰਾਜ’ ਨੂੰ ਸਾਹਮਣੇ ਆਉਣ ਲਈ ਪੁਕਾਰਦਾ ਸੀ।

ਆਖਰ ਓਸਦੀ ਇਛਾ ਪੂਰੀ ਹੋ ਗਈ । ਜਲ ਰਾਜ ਪਾਣੀ ਦੇ ਖੜਕਾਟ ਨਾਲ ਆਪਣੀ ਨੀਂਦ ਵਿਚੋਂ ਜਾਗਿਆ । ਓਹ ਵਡੇ ਸਾਰੇ ਸਪ ਦੇ ਰੂਪ ਵਿਚ ਪਾਣੀ ਦੀ ਤਹਿ ਤੋਂ ਉਤਾਂਹ ਇਹ ਦੇਖਣ ਲਈ ਆਇਆ ਕਿ ਓਸ ਤਾਂਈ ਕਿਸੇ ਨੂੰ ਕੀ ਵਡਾ ਕੰਮ ਹੈ।

ਓਸ ਨੇ ਆਪਣਾ ਸਿਰ ਓਹ ਚੁਕਿਆ ਅਤੇ ਇਕ ਵਡੀ ਸਾਰੀ ਲੰਮੀ ਫੁੰਕਾਰ ਮਾਰੀ । ਆਪਣੇ ਮਾਲਕ ਦੀ ਆਵਾਜ਼ ਨਾਲ ਪਾਣੀ ਸ਼ਾਂਤ ਹੋ ਗਿਆ। ਓਹ ਥਲੇ ਹੀ ਥਲੇ ਹੁੰਦਾ ਗਿਆ ਇਥੋਂ ਤਕ ਕਿ ਪਥਰ ਦਿਲ ਸੁਕੀ ਧਰਤੀ ਓਪਰ ਖੜਾ ਸੀ । ਫਿਰ ਜਲ ਰਾਜ ਨੇ ਪੁਛਿਆ – ‘ਤੈਨੂੰ ਮੇਰੇ ਤਾਂਈ ਕੀ ਕੰਮ ਹੈ ?'

“ਮੈਨੂੰ ਦਸੋ ਕਿ ਮੈਂ ਕਿਵੇਂ ਐਨਾਂ ਅਮੀਰ ਤੇ ਤਕੜਾ ਬਣ ਸਕਦਾ ਹਾਂ ਕਿ ਮੈਂ ਧਰਤੀ ਉਤੇ ਸਭ ਤੋਂ ਵੱਡਾ ਸ਼ਿਕਾਰੀ ਹੋਵਾਂ'। ਪਥਰ ਦਿਲ ਨੇ ਕਿਹਾ ।

ਸਪ ਨੇ-ਜਿਹੋ ਜਿਹਾ ਕਿ ਜਲ ਰਾਜ ਸੀ- ਕਿਹਾ ਤੂੰ ਦੇਖਦਾ ਹੈਂ ਕਿ ਮੇਰੇ ਸਿਰ ਉਪਰ ਕੀ ਪਹਿਨਿਆਂ ਹੋਇਆ ਹੈ? ਇਸ ਨੂੰ ਲੈ ਲੈ ਇਹ ਤੇਰੀਆਂ ਸਭ ਇਛਿਆਵਾਂ ਪੂਰੀਆਂ ਕਰ ਦੇਵੇਗਾ ਪਰ ਇਸ ਦੇ ਵਟੇ ਵਿਚ ਤੈਨੂੰ ਇਕ ਆਪਣਾ ਬੱਚਾ ਮੈਨੂੰ ਦੇਣਾ ਪਵੇਗਾ।

ਪ੍ਰਸਿਧ ਹੋਣ ਲਈ ਉਸਦੀ ਏਨੀ ਵਡੀ ਇਛਾ ਸੀ ਕਿ ਪਲ ਪਲ ਲਈ ਪਥਰ ਦਿਲ ਹੋਰ ਸਭ ਕੁਝ ਭੁਲ ਗਿਆ । ਇਹ ਮੈਨੂੰ ਦੇ ਦਿਓ ਤੇ ਜੇ ਤੁਸੀਂ ਚਾਹੁੰਦੇ ਹੋ ਮੇਰੇ ਕੋਲ ਕੁਝ ਵੀ ਹੈ ਸਭ ਤੁਹਾਡਾ ਹੋਵੇਗਾ । ਉਸ ਨੇ ਚੀਕ ਕੇ ਕਿਹਾ ।

ਜਲ ਰਾਜ ਥਲੇ ਨਿਉਂਦਿਆਂ ਅਤੇ ਪਥਰ ਦਿਲ ਨੇ ਸਪ ਦੇ ਸਿਰ ਵਿਚੋਂ ਇਕ ਲਾਲ ਫੁਲ ਚੱਕ ਲਿਆ, ਪਰ ਜਦੋਂ ਉਸ ਨੇ ਇਸ ਨੂੰ ਛੋਇਆ ਤਾਂ ਲਾਲ ਫੁਲ ਕਿਣਕਾ ੨ ਹੋ ਗਿਆ ਅਤੇ ਧਰਤੀ ਉਪਰ ਡਿਗ ਪਿਆ । ਪਿਛੇ ਕੇਵਲ ‘ਲਾਲ ਭਾਰਤੀਆਂ' ਦੇ ਮੂੰਹ ਰੰਗਣ ਵਾਲੀ ਲਾਲ ਧੂੜ ਜੇਹੀ ਦਾ ਇਕ ਢੇਰ ਰਹਿ ਗਿਆ ।

ਪਥਰ ਦਿਲ ਡਰਿਆ ਕਿ ਉਸ ਨੇ ਸਭ ਤੋਂ ਬਹਾਦਰ ਸ਼ਿਕਾਰੀ ਬਨਾਉਣ ਵਾਲੇ ਅਜੂਬੇ ਨੂੰ ਗੁਆ ਲਿਆ ਹੈ । ਉਸ ਨੇ ਇਕ ਬ੍ਰਿਛ ਦੀ ਛਿਲ ਦਾ ਪੜਦਾ ਲਿਆ ਅਤੇ ਉਸ ਵਿਚ ਉਹ ਧੂੜ ਪਾ ਲਈ, ਫਿਰ ਉਸ ਨੇ ਜਲ ਰਾਜ ਤੋਂ ਪੁਛਿਆ- ਮੈਂ ਇਸ ਨੂੰ ਕਿਵੇਂ ਕਰਾਂ ?

ਜਲ ਰਾਜ ਬੋਲਿਆ- 'ਜੇ ਤੈਨੂੰ ਬੀਮਾਰੀ ਆਵੇ ਤਾਂ ਧਰਤੀ ਉਪਰ ਇਕ ਗੋਲ ਚਕਰ ਉਪਰ ਧੂੜ ਨੂੰ ਰਖ ਆਪ ਵੀ ਚਕਰ ਵਿਚ ਖੜੋ ਜਾ, ਤੂੰ ਠੀਕ ਹੋ ਜਾਵੇਗਾ । ਜੇ ਤੂੰ ਸ਼ਿਕਾਰ ਨੂੰ ਜਾਵੇਂ ਕੁਝ ਧੂੜ ਨੂੰ ਜਾਂਦਾ ਹੋਇਆ ਖਲੇਰ, ਤੇਰਾ ਸ਼ਿਕਾਰ ਦਾ ਪਿਛਾ ਬਹੁਤ ਲਾਹੇਵੰਦ ਹੋਵੇਗਾ। ਜਦੋਂ ਤੇਰੀ ਇਹ ਸਭ ਧੂੜ (ਪਾਊਡਰ) ਮੁਕ ਜਾਵੇ ਮੇਰੇ ਕੋਲ ਫੇਰ ਆ ਜਾਵੀਂ। ਮੈਂ ਤੈਨੂੰ ਦੇ ਦੇਵਾਂਗਾ । ਪਰ ਹਰ ਵਾਰ ਜਦ ਤੂੰ ਆਵੇਂਗਾ ਮੈਂ ਜਲ ਰਾਜ ਤੈਥੋਂ ਇਸ ਦੇ ਵਟੇ ਵਿਚ ਕੁਝ ਨ ਕੁਝ ਲਵਾਂਗਾ।

ਪਥਰ ਦਿਲ ਨੇ ਆਪਣੇ ਮਨ ਵਿਚ ਸੋਚਿਆ-'ਮੇਰੇ ਕੋਲ ਧੂੜ ਹੈ । ਜਲ ਰਾਜ ਪਾਣੀ ਨਹੀਂ ਛਡ ਸਕਦਾ ਸੋ ਉਹ ਮੇਰੇ ਬੱਚੇ ਨੂੰ ਲੈਣ ਵਿਚ ਸਫਲ ਨਹੀਂ ਹੋਵੇਗਾ । ਮੈਂ ਉਸ ਨੂੰ ਆਪਣਾ ਬੱਚਾ ਨਹੀ ਦੇਵਾਂਗਾ ਅਤੇ ਬਿਨਾਂ ਕੋਈ ਮੁਲ ਤਾਰਿਆਂ ਧਰਤੀ ਤੇ ਸਭ ਤੋਂ ਵਡਾ ਸ਼ਿਕਾਰੀ ਬਣ ਜਾਂਵਾਗਾ ।

ਪਰ ਉਸਨੂੰ ਜਲਰਾਜ ਦੇ ਬਲ ਬਾਰੇ ਕੁਝ ਨਹੀਂ ਪਤਾ ਸੀ ਜਦ ਉਹ ਪਰਤ ਕੇ ਕੁੱਲੀ ਵਿਚ ਪੂਜਾ ਤਾਂ ਉਸਨੇ ਆਪਣੀ ਪਤਨੀ ਨੂੰ ਰੋਂਦਿਆਂ ਅਤੇ ਹਥ ਮਲਦਿਆਂ ਦੇਖਿਆ, ਬੱਚਿਆਂ ਵਿਚੋਂ ਇਕ ਗੁੰਮ ਸੀ ਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿਥੇ ਗਿਆ ।

ਪੱਥਰ ਦਿਲ ਨੂੰ ਰੰਜ ਹੋਇਆ, ਪਰ ਉਸ ਦੇ ਵਿਚਾਰ ਨਵੀਂ ਧੂੜ ਨੇ ਐਨੇ ਮੱਲੇ ਹੋਏ ਸਨ ਜਿਸ ਨੇ ਉਸ ਨੂੰ ਮਹਾਨ ਸ਼ਕਾਰੀ ਬਨਾਉਣਾ ਸੀ - ਕਿ ਉਸ ਨੇ ਬੱਚੇ ਦੇ ਗੁੰਮ ਹੋ ਜਾਨ ਬਾਰੇ ਬਹੁਤਾ ਨਾ ਸੋਚਿਆ ।

‘ਜਾਦੂ-ਧੂੜ' ਦੀ ਸਹਾਇਤਾ ਨਾਲ ਉਹ ਛੇਤੀ ਹੀ ਐਨਾ ਅਮੀਰ ਹੋ ਗਿਆ ਕਿ ਉਸਦਾ ਨਾਂ ਧਰਤੀ ਦੇ ਸਭ ਤੋਂ ਵੱਡੇ ਸ਼ਕਾਰੀ ਵਜੋਂ ਹਰ ਇਕ ਦੇ ਮੂੰਹ ਤੇ ਸੀ । ਆਖਰ-ਇਕ ਦਿਨ ਆਇਆ ਜਦ ਸਾਰੀ ਧੂੜ ਵਰਤੀ ਗਈ ਪਰ ਹੁਣ ਇਸ ਸਮੇਂ ਇਓਂ ਜਾਪਦਾ ਸੀ ਜਿਵੇਂ ਸ਼ਕਾਰੀ ਦਾ ਦਿਲ ਠੀਕ ਪੱਥਰ ਵਾਂਗ ਬਣ ਗਿਆ ਹੋਵੇ। ਦੇਣ ਵਾਲੀ ਕੀਮਤ ਦੇ ਬਾਰੇ ਸੋਚਨ ਤੋਂ ਬਿਨਾ ਹੀ ਉਹ ਜਲਰਾਜ ਕੋਲ ਹੋਰ ਧੂੜ ਲੈਣ ਲਈ ਚਲਿਆ ਗਿਆ। ਜਦ ਉਹ ਘਰ ਪਰਤਿਆ, ੱਿਕ ਬੱਚਾ ਗੁੰਮ ਸੀ । ਪਰ ਪੱਥਰ ਦਿਲ ਆਪਣੀ ਪਤਨੀ ਦੇ ਹੰਝੂਆਂ ਤੇ ਕੇਵਲ ਹਸਿਆ ਅਤੇ ਰੁਖੀ ਜਿਹੀ ਆਵਾਜ਼ ਵਿਚ ਉਸਨੂੰ ਜਾਕੇ ਆਪਣੀ ਰੋਟੀ ਬਨਾਣ ਲਈ ਕਿਹਾ।

ਸੋ ਮੰਦਿਓਂ ਮੰਦੇਰੇ ਏਵੇਂ ਦਿਨ ਲੰਘਦੇ ਗਏ, ਏਥੋਂ ਤਕ ਕਿ ਪੱਥਰ ਦਿਲ ਨੇ ਆਪਣੇ ਸਾਰੇ ਬਚੇ ਹੀ ਨਹੀਂ ਸਗੋਂ ਪਤਨੀ ਵੀ ਜਲਰਾਜ ਨੂੰ ਪ੍ਰਸਿੱਧਤਾ ਅਤੇ ਧਨ ਲਈ ਦੇ ਦਿਤੀ । ਪਰ ਇਕ ਦਿਨ ਆਇਆ ਜਦ ਸਾਰੀ ਧੂੜ ਖਤਮ ਸੀ ਅਤੇ ਉਸ ਕੋਲ ਆਪਣੇ ਬਚੇ ਜਾਂ ਬੀਵੀ ਵੀ ਹੋਰ ਧੂੜ ਲੈਣ ਲਈ ਨਹੀਂ ਸਨ।

ਉਸਨੇ ਜਲਰਾਜ ਤੋਂ ਕੁਝ ਹੋਰ ਦੇਣ ਲਈ ਮੰਗ ਕੀਤੀ- ਬੇਸ਼ੱਕ ਉਸਦੇ ਕੋਲ ਇਸਦੇ ਵਟੇ ਦੇਣ ਲਈ ਕੁਝ ਹੋਰ ਨਹੀਂ ਸੀ ਪਰ ਸਪ ਕੇਵਲ ਹਸਿਆ – ਜਿਵੇਂ ਕਿ ਪੱਥਰ - ਦਿਲ ਆਪਣੀ ਪਤਨੀ ਤੇ ਹਸਿਆ ਸੀ, ਜਦ ਉਹ ਆਪਣੇ ਬਚਿਆਂ ਨੂੰ ਗੁੰਮ ਹੋਏ ਦੇਖਕੇ ਰੋਈ ਸੀ।

ਜਦ ਉਸਨੇ ਇਹ ਤਕਿਆ ਕਿ ਜਲਰਾਜ ਉਸਦੀ ਸਹਾਇਤਾ ਨਹੀਂ ਕਰਦਾ ਤਾਂ ਉਹ ਜਲਰਾਜ ਸ਼ਿਕਾਰ ਲਈ ਇਹ ਆਸ਼ਾ ਲੈਕ ਗਿਆ ਕਿ ਉਸਦੀ ਕਿਸਮਤ ਪਹਿਲਾਂ ਵਾਂਗ ਚੰਗੀ ਹੋਵੇਗੀ । ਪਰ ਓਸਨੂੰ ਛੇਤੀ ਹੀ ਪਤਾ ਲਗ ਗਿਆ ਕਿ ਓਸਦੇ ਭਾਗ ਖੁਸ ਚੁਕੇ ਹਨ । ਉਹ ਸ਼ਿਕਾਰ ਨਹੀਂ ਖੇਡ ਸਕਦਾ ਤੇ ਨਾ ਹੀ ਕੋਈ ਮੱਛੀ ਫੜ ਸਕਦਾ ਸੀ । ਉਹ ਬੀਮਾਰ ਅਤੇ ਹਫਿਆ ੨ ਅਨੁਭਵ ਕਰਨ ਲਗਾ ਅਤੇ ਓਸਦੇ ਕਬੀਲੇ ਦੇ ਲੋਕ ਓਸਦਾ ਮਖੌਲ ਉਡਾਉਂਦੇ ਸਨ ਕਿਉਂਕਿ ਹੁਣ ਉਹਨਾਂ ਵਿਚੋਂ ਇਕ ਵੀ ਨਹੀਂ ਸੀ ਜੋ ਉਸ ਨਾਲੋਂ ਚੰਗਾ ਸ਼ਿਕਾਰ ਨਾਂ ਖੇਡ ਸਕੇ ਜਾਂ ਮਛੀਆਂ ਨਾ ਫੜ ਸਕੇ ।

ਇਕ ਦਿਨ ਉਹ ਬਹੁਤ ਭੁਖ, ਅਫਸੋਸ ਤੇ ਰੰਜ ਵਿਚ ਸੀ ਕਿ ਉਹ ਇਕ ਚੂਹਾ ਛਪੜ ਕੋਲ ਆਇਆ ਜਿਥੇ ਕੁਝ ਬਾਲ-ਚੂਹੇ ਆਪਣੀ ਮਾਂ ਨਾਲ ਖੇਡ ਰਹੇ ਸਨ। ‘ਆਹ-ਏਥੇ ਕੁਝ ਕਿਸਮਤ ਦਿਸਦੀ ਹੈ। ਮੈਂ ਇਹਨਾ ਸਾਰਿਆਂ ਨੂੰ ਮਾਰਾਂਗਾ।'

ਉਸ ਨੇ ਸਭ ਤੋਂ ਪਹਿਲਾਂ ਇਹਨਾਂ ਵਿਚੋਂ ਸਭ ਤੋਂ ਛੋਟੇ ਨੂੰ ਫੜ ਲਿਆ ਕਿਉਂਕਿ ਇਹ ਦੂਜਿਆਂ ਵਾਂਗ ਛੇਤੀ ਹੀ ਆਪਣਾ ਬਚਾ ਨਾ ਕਰ ਸਕਿਆ। ਉਹ ਇਸ ਨੂੰ ਮਾਰਨ ਹੀ ਵਾਲਾ ਸੀ ਕਿ ਉਸਨੂੰ ਹੈਰਾਨੀ ਹੋਈ ਜਦ ਉਹ ਚੀਕਿਆ, ‘ਮੇਰੇ ਪਿਤਾ ਮੈਨੂੰ ਨ ਮਾਰ’ ‘ਕੀ’ ? ਉਹ ਕੂਕਿਆ-‘ਕੀ ਤੂੰ ਮੇਰੇ ਬਚਿਆਂ ਵਿਚੋਂ ਇਕ ਹੈਂ”

'ਹਾਂ ਮੈਂ ਹਾਂ ’-- ਉਸ ਨੇ ਉਤਰ ਦਿਤਾ – ਜਲ ਰਾਜ ਨੇ ਸਾਨੂੰ ਚੂਹਿਆਂ ਵਿਚ ਬਦਲ ਦਿਤਾ ਹੈ। ਅਤੇ ਅਸੀਂ ਆਪਣੀ ਮਾਂ ਨਾਲ ਇਸ ਛਪੜ ਵਿਚ ਰਹਿੰਦੇ ਹਾਂ ।'

ਜਦ ਉਸ ਨੇ ਇਹ ਸੁਣਿਆ। ਤਾਂ ਪਥਰ ਦਿਲ ਨੇ ਅਨੁਭਵ ਕੀਤਾ ਕਿ ਉਹ ਕਿੰਨਾ ਮਾੜਾ ਹੈ । ਇਹ ਮੈਂ ਹੀ ਹਾਂ, ਜਿਸ ਨੇ ਇਹ ਸਭ ਕੁਝ ਕੀਤਾ ਹੈ । ਉਸ ਨੇ ਰੰਜ ਵਿਚ ਕਿਹਾ-‘ਆਹ ਮੈਂ ਕਿਵੇਂ ਚਾਹੁੰਦਾ ਹਾਂ ਕਿ ਮੈਂ ਉਸ ਜਲ ਰਾਜ ਕੋਲ ਨ ਗਿਆ ਹੁੰਦਾ। ਬੀਵੀ ਬਚਿਆਂ ਦੇ ਪਿਆਰ ਅਗੇ ਧਨ ਕੁਝ ਵੀ ਨਹੀਂ। ਮੈਂ ਜਲ ਰਾਜ ਕੋਲ ਜਾਵਾਂਗਾ ਅਤੇ ਮੈਂ ਉਸ ਨੂੰ ਤੁਹਾਨੂੰ ਪਹਿਲੀ ਸ਼ਕਲ ਵਿਚ ਬਦਲਨ ਲਈ ਕਹਾਂਗਾ ਅਤੇ ਮੇਰੇ ਨਾਲ ਰਹਿਣ ਦੇਣ ਲਈ ਕਹਾਂਗਾ ।

ਸਮਾਂ ਗੁਆਏ ਬਿਨਾ ਪੱਥਰ ਦਿਲ ਝੀਲ ਨੂੰ ਗਿਆ। ਉਸਨੇ ਡੰਡਾ ਲਿਆ ਅਤੇ ਪਾਣੀ ਨੂੰ ਏਨਾਂ ਕੁਟਿਆ ਕਿ ਜਲ-ਰਾਜ ਬੜਾ ਕਾਹਲੀ ਵਿਚ ਬਾਹਰ ਆਇਆ, ‘ਸ਼ਿਕਾਰੀ ਤੂੰ ਮੈਥੋਂ ਕੀ ਚਾਹੁੰਦਾ ਹੈਂ ?' ਓਸਨੇ ਬੜੀ ਸਖਤੀ ਨਾਲ ਕਿਹਾ।'ਮੈਂ ਤੁਹਾਥੋਂ ਆਪਣੇ ਬੱਚਿਆਂ ਅਤੇ ਪਤਨੀ ਦੀ ਭੀਖ ਮੰਗਣ ਆਇਆ ਹਾਂ ।' ਪੱਥਰ ਦਿਲ ਨੇ ਕਿਹਾ- 'ਹੁਣ ਮੈਨੂੰ ਪਤਾ ਹੈ ਕਿ ਬੀਵੀ ਬੱਚਿਆਂ ਦੇ ਪਿਆਰ ਅਗੇ ਧੰਨ ਅਤੇ ਪ੍ਰਸਿੱਧਤਾ ਹੇਚ ਹੈ।'

ਜਲ-ਰਾਜ ਨੇ ਉਤਰ ਦਿਤਾ- ' ਤਨੂੰ ਇਸਦਾ ਪਹਿਲਾਂ ਖਿਆਲ ਕਿਉਂ ਨਹੀਂ ਆਇਆ ਜੇ ਤੂੰ ਓਦੋਂ ਮੇਰੇ ਕੋਲ ਆਉਂਦਾ ਜਦੋਂ ਤੂੰ ਅਜੇ ਧਨੀ ਸੀ, ਮੈਂ ਸ਼ਾਇਦ ਤੇਰੇ ਲਈ ਇਹ ਕੁਝ ਕਰ ਸਕਦਾ ਪਰ ਹੁਣ ਹੀ ਬੀਵੀ ਬਚਿਆਂ ਬਾਰੇ ਸੋਚਨ ਲਗਾ ਹੈਂ ਜਦ ਗਰੀਬ ਦੁਖੀ ਅਤੇ ਰੰਜ ਵਿਚ ਹੈਂ।'

'ਮੈਂ ਜਾਣਦਾ ਹਾਂ, ਤੇ ਮੈਨੂੰ ਸ਼ਰਮ ਆਉਂਦੀ ਹੈ ' ਸ਼ਿਕਾਰੀ ਨੇ ਕਿਹਾ – ‘ਪਰ ਮੈਨੂੰ ਇਕ ਆਖਰੀ ਮੌਕਾ ਦਿਓ ਕਿ ਮੈਂ ਤੁਹਾਨੂੰ ਆਪਣਾ ਕਹਿਣ ਦਾ ਮਤਲਬ ਸਾਬਤ ਕਰ ਸਕਾਂ । ਮੈਂ ਤੁਹਾਨੂੰ ਦਸਦਾ ਹਾਂ ਕਿ ਜੋ ਸਾਰੇ ਸੰਸਾਰ ਦਾ ਧੰਨ ਵੀ ਮੈਨੂੰ ਮਿਲੇ ਮੈਂ ਇਸ ਨਾਲੋਂ ਚੰਗਾ ਆਪਣੇ ਬੀਵੀ ਬੱਚਿਆਂ ਨੂੰ ਲੈਕੇ ਸਮਝਾਂਗਾ ।'

ਜਲ-ਰਾਜ ਇਕ ਪਲ ਲਈ ਚੁਪ ਰਿਹਾ, ਫੇਰ ਓਸਨੇ ਕਿਹਾ "ਕੇਵਲ ਇਕੋ ਰਾਹ ਹੈ ਜਿਸ ਨਾਲ ਮੈਂ ਤੇਰੀ ਇੱਛਾ ਪੂਰੀ ਕਰ ਸਕਦਾ ਹਾਂ, ਅਤੇ ਉਹ ਬਹੁਤ ਕਠਨ ਹੈ। ਸਤ ਸਾਲ ਤਕ ਤੈਨੂੰ ਇਕ ਸੱਪ ਦੇ ਰੂਪ ਵਿਚ ਮੇਰੀ ਸੇਵਾ ਕਰਨੀ ਪਵੇਗੀ, ਜੇ ਤੂੰ ਮੇਰੀ ਭਲੀ ਭਾਂਤ ਸੇਵਾ ਕੀਤੀ ਤਾਂ ਮੈਂ ਤੈਨੂੰ ਤੇਰੀ ਪਤਨੀ ਅਤੇ ਬਚੇ ਪਰਤਾ ਦੇਵਾਂਗਾ।”

“ਮੈਂ ਸਭ ਕੁਝ ਕਰਾਂਗਾ ਜੋ ਕੁਝ ਵੀ ਤੁਸੀਂ ਕਹੋਗੇ' ਪੱਥਰ-ਦਿਲ' ਨੇ ਕਿਹਾ । ਹੁਣ ਉਸਨੂੰ ਜਾਪਦਾ ਸੀ ਕਿ ਕੁਝ ਵੀ ਐਨਾ ਔਖਾ ਨਹੀਂ, ਜੇ ਉਸਨੂੰ ਉਹ ਮਿਲ ਜਾਣ ਜਿੰਨਾਂ ਨੂੰ ਉਹ ਐਨਾ ਪਿਆਰ ਕਰਦਾ ਹੈ ।

ਸੋ ਉਹ ਸੱਤ ਲੰਮੇ ਸਾਲ ਸੱਪ ਦੇ ਰੂਪ ਵਿਚ ਧਰਤੀ ਉਪਰ ਰੀਂਘਦਾ ਰਿਹਾ । ਉਹ ਧਰਤੀ ਦੀ ਡੂੰਘਾਨਾ ਵਿਚ ਕੀਮਤੀ ਪੱਥਰਾਂ ਲਈ ਖੌਝਦਾ ਰਿਹਾ ਅਤੇ ਪਾਣੀ ਦੀਆਂ ਡੂੰਘਾਵਾਂ ਵਿਚ ਆਪਣੇ ਮਾਲਿਕ ਜਲਰਾਜ ਲਈ ਮੋਤੀ ਲਭਦਾ ਰਿਹਾ ।

ਓਸ ਲਈ ਸੁਖ ਦਾ ਸਾਹ ਓਦੋਂ ਹੁੰਦਾਂ ਸੀ ਜਦ ਉਹ ਥੋੜਾ ਜਿਹਾ ਸਮਾ ਚੁਰਾ ਕੇ ਤੇ ਨਿਗਾ ਬਚਾਕੇ ਛੱਪੜ ਕਿਨਾਰੇ ਜਾਂਦਾ ਜਿਥੇ ਚੂਹੇ ਰਹਿੰਦੇ ਸਨ। ਉਹ ਆਪਨੀ ਪਤਨੀ ਨੂੰ ਕਹਿੰਦਾ ‘ਇਕ ਦਿਨ ਹੋਰ ਲੰਘ ਗਿਆ ਹੈ। ਸੱਤਾਂ ਸਾਲਾਂ ਦਾ ਅਖੀਰ ਵੀ ਕਦੇ, ਆ ਹੀ ਜਾਵੇਗਾ।'

ਏਵੇਂ ਹੀ ਹੋਇਆ, ਬੇਸ਼ੱਕ ਇਹ ਦਿਸਦਾ ਸੀ ਕਿ ਉਹਨਾਂ ਉਡੀਕਣ ਵਾਲਿਆਂ ਲਈ ਸਮਾਂ ਬੜਾ ਲੰਮਾ ਹੋ ਗਿਆ ਹੈ। ਪਰ ਫੇਰ ਵੀ ਆਖਰ ਵੇਲਾ ਆ ਗਿਆ ਜਦ ਜਲਰਾਜ ਨੇ ਕਿਹਾ -‘ਤੇਰੀ ਸੇਵਾ ਦੇ ਸਤ ਸਾਲ ਹੁਣ ਖਤਮ ਹਨ, ਇਕ ਵਾਰੀ ਫ਼ੇਰ ਤੂੰ ਸ਼ਿਕਾਰੀ ਹੋਵੇਂਗਾ । ਪਰ ਹੁਣ ਤੈਨੂੰ ਪੱਥਰ-ਦਿਲ ਨਹੀਂ ਕਿਹਾ ਜਾਵੇਗਾ ਹੁਣ ਤੈਨੂੰ ‘ਵੀਰ-ਦਿਲ’, ਕਿਹਾ ਜਾਵੇਗਾ ਕਿਉਂਕਿ ਤੂੰ ਆਪਣੇ ਆਪ ਤੇ ਆਪਣੀ ਪ੍ਰਸਿੱਧਤਾ ਨਾਲੋਂ ਹੁਣ ਹੋਰਾਂ ਬਾਬਤ ਵਧ ਸੋਚਿਆ ਹੈ। ਹੁਣ ਤੂੰ ਅਮਨ ਨਾਲ ਆਪਣੇ ਘਰ ਜਾ, ਓਥੇ ਤੈਨੂੰ ਤੇਰੀ ਪਤਨੀ ਤੇ ਬੱਚੇ ਮਿਲਨਗੇ ।

ਵੀਰ-ਦਿਲ ਆਪਣੀ ਕੁੱਲੀ ਨੂੰ ਆਇਆ ਓਥੇ ਓਸਨੂੰ ਰੋਟੀ ਪੱਕੀ ਹੋਈ ਲਗੀ ਤੇ ਉਸਦੀ ਪਤਨੀ ਅੱਗ ਕੋਲ ਪੁਰਾਣੇ ਦਿਨਾਂ ਵਾਂਗ ਬੈਠੀ ਸੀ । ਉਸਦੇ ਪੰਜ ਬਚੇ ਕੁਲੀ ਕੋਲ ਖੇਡ ਰਹੇ ਸਨ। ਹੁਣ ਉਨਾਂ ਨੇ ਆਪਣੇ ਪਿਓ ਨੂੰ ਖੁਸ਼ੀ ਦੀਆਂ ਆਵਾਜ਼ਾਂ ਨਾਲ ਜੀ ਆਇਆਂ ਕਿਹਾ ।

ਓਸਨੇ ਪਵਿਤ੍ਰ ਪਾਣੀ ਪੀਤਾ ਅਤੇ ਕੁੱਲੀ ਅੰਦਰ ਚਲਿਆ ਗਿਆ। ਹੁਣ ਇਓਂ ਜਾਪਦਾ ਸੀ ਜਿਵੇਂ ਖੁਸ਼ੀਆਂ ਅਤੇ ਸਫਲਤਾ ਓਸਦੇ ਹਰ ਪਾਸੇ ਸਨ। ਉਹ ਇਕ ਵਾਰ ਫੇਰ ਪ੍ਰਸਿਧ ਸ਼ਿਕਾਰੀ ਬਣ ਗਿਆ। ਓਸਦੇ ਬੱਚੇ ਆਪਣੇ ਪਿਤਾ ਜੇਹੇ ਵੱਡੇ ਹੋਏ । ਓਸਦੀਆਂ ਲੜਕੀਆਂ ਮ੍ਰਿਗ-ਨੈਨੀਆਂ ਅਤੇ ਚੰਦ ਜਿਹੀਆਂ ਸੁਹਣੀਆਂ ਉਸ ਧਰਤੀ ਦੇ ਸਭ ਤੋਂ ਬਲੀਆਂ ਨਾਲ ਵਿਆਹੀਆਂ ਗਈਆਂ । ਸੋ ਵੀਰ- ਦਿਲ ਦੇ ਦਿਨ ਬੜੇ ਚੈਨ ਅਤੇ ਬਹੁਤਾਤ ਵਿਚ ਨਿਕਲੇ।

(ਅਨੁਵਾਦ : ਤ੍ਰਿਲੋਚਨ ਸਿੰਘ ਗਿੱਲ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ