Patjhar De Phull (Punjabi Story) : Sukhbir

ਪਤਝੜ ਦੇ ਫੁੱਲ (ਕਹਾਣੀ) : ਸੁਖਬੀਰ

ਆਪਣੀ ਉਮਰ ਦੇ ਚੌਦ੍ਹਵੇਂ ਵਰ੍ਹੇ ਵਿਚ ਉਸ ਨੇ ਅਜੇ ਜਵਾਨੀ ਦੀ ਦਲ੍ਹੀਜ਼ ’ਤੇ ਪੈਰ ਰਖਿਆ ਹੀ ਸੀ ਕਿ ਬੰਦੂਕ ਦੀ ਇਕ ਅੰਨ੍ਹੀ ਗੋਲੀ ਉਸ ਦੇ ਦਿਲ ਨੂੰ ਵਿੰਨ੍ਹ ਗਈ ਤੇ ਬਜ਼ਾਰ ਦੇ ਉਸ ਚੌਂਕ ਵਿਚ, ਜਿਥੇ ਇਕ ਬੜਾ ਵੱਡਾ ਜਲੂਸ ਪੁਲੀਸ ਦੀ ਦਹਿਸ਼ਤ ਵਿਚ ਇਧਰ-ਉਧਰ ਖਿੰਡਰ ਰਿਹਾ ਸੀ, ਉਹ ਉਸ ਸੜਕ ’ਤੇ ਢਹਿ ਪਿਆ, ਜਿਥੇ ਕੁਝ ਹੋਰ ਫੱਟੜ ਆਦਮੀਆਂ ਤੇ ਤੀਵੀਆਂ ਦੀਆਂ ਲਾਸ਼ਾਂ ਪਈਆਂ ਸਨ। ਤਾਂ ਅੱਖੀਂ ਜਲੂਸ ਦੇ ਖਿੰਡਰ ਰਹੇ ਆਦਮੀਆਂ ਵਿਚੋਂ ਕਿਸੇ-ਕਿਸੇ ਦਾ ਨਾਅਰਾ ਕਿਸੇ ਆਤਸ਼ਬਾਜ਼ੀ ਵਾਂਗ ਅਸਮਾਨ ਵੱਲ ਉਠ ਜਾਂਦਾ ਤੇ ਚੁਫੇਰੇ ਦੇ ਵਾਯੂ-ਮੰਡਲ ਦੀ ਭਿਆਨਕਤਾ ਕੰਬ ਉਠਦੀ।
ਕੁਝ ਚਿਰ ਪਿਛੋਂ ਉਥੇ ਸਿਰਫ ਪੁਲੀਸ ਸੀ, ਗੋਲੀਆਂ ਨਾਲ ਜ਼ਖਮੀ ਹੋਈਆਂ ਦਸ ਲਾਸ਼ਾਂ ਸਨ, ਦਹਿਸ਼ਤ-ਭਰੀਆਂ ਨਜ਼ਰਾਂ ਸਨ ਤੇ ਲਹੂ ਸੀ। ਤੇ ਉਸ ਦੀ ਲਾਸ਼ ਸੀ- ਆਪਣੀ ਉਮਰ ਦੇ ਚੌਦ੍ਹਵੇਂ ਵਰ੍ਹੇ ਵਿਚ ਉਸ ਨੇ ਅਜੇ ਜਵਾਨੀ ਦੀ ਦਲ੍ਹੀਜ਼ ’ਤੇ ਪੈਰ ਰੱਖਿਆ ਹੀ ਸੀ।
ਅਜੇ ਕੁਝ ਚਿਰ ਪਹਿਲਾਂ ਉਹ ਇਸ ਚੌਕ ਵਿਚ ਖੜ੍ਹੋਤਾ ਕੰਘੀਆਂ ਵੇਚ ਰਿਹਾ ਸੀ, ਆਪਣੀ ਤਿੱਖੀ-ਟੁਣਕਵੀਂ ਆਵਾਜ਼ ਵਿਚ ਹੋਕਾ ਦੇ ਰਿਹਾ ਸੀ। ਉਹ ਬਹੁਤ ਖੁਸ਼ ਸੀ ਕਿ ਅੱਜ ਉਸ ਦਾ ਢਾਈਆਂ ਰੁਪਿਆਂ ਦਾ ਮਾਲ ਵਿਕ ਗਿਆ ਸੀ, ਤੇ ਉਸ ਨੇ ਉਸ ਰਾਤ ਆਪਣੀ ਨਿੱਕੀ ਭੈਣ ਨਾਲ ‘ਅਲਬੇਲਾ’ ਫਿਲਮ ਵੇਖਣ ਜਾਣਾ ਸੀ। ਤਦੇ ਕਿਸੇ ਰੌਲਾ ਪਾਉਂਦੀ, ਬਿੱਫਰੀ ਹੋਈ ਨਦੀ ਵਾਂਗ ਸਾਹਮਣਿਉਂ ਇਕ ਜਲੂਸ ਆਇਆ, ਉਸ ’ਚੋਂ ਉਠ ਰਹੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਗਾ, ਤੇ ਵੇਖਦਿਆਂ-ਵੇਖਦਿਆਂ ਸਾਰਾ ਚੌਕ ਜਲੂਸ ਦੇ ਆਦਮੀਆਂ ਨਾਲ ਭਰ ਗਿਆ। ਇਕ ਹੜ੍ਹ ਸੀ, ਜੋ ਚੁਫੇਰੇ ਸਮਾ ਨਹੀਂ ਸੀ ਰਿਹਾ, ਤੇ ਹੱਦਾਂ ਟੁੱਟਣ ’ਤੇ ਆ ਗਈਆਂ ਸਨ। ਤਦੇ ਸਾਹਮਣਿਉਂ ਦੌੜਦੀਆਂ ਹੋਈਆਂ ਪੁਲੀਸ ਦੀਆਂ ਜੀਪਾਂ ਆਈਆਂ, ਉਨ੍ਹਾਂ ’ਚੋਂ ਧੜਾ-ਧੜ ਕਰਦੇ ਸਿਪਾਹੀ ਉਤਰੇ, ਤੇ ਫੇਰ, ਜਿਵੇਂ ਬੰਬ ਪਾਟਦੇ ਹਨ, ਜਲੂਸ ’ਚੋਂ ਉਠੇ ਸੈਆਂ ਨਾਅਰੇ ਅਸਮਾਨ ਨੂੰ ਵਿੰਨ੍ਹ ਗਏ, ਇਕ ਦਹਿਸ਼ਤ ਫੈਲੀ, ਜੋਸ਼ ਉਠਿਆ, ਲਾਠੀਆਂ ਉਭਰੀਆਂ, ਹਲਚਲ ਹੋਈ, ਸਿਰ ਪਾਟੇ, ਹੱਥਾਪਾਈ ਹੋਈ, ਲਹੂ ਡੁੱਲ੍ਹਿਆ…ਤੇ ਫੇਰ, ਜਦ ਗੋਲੀ ਚਲੀ ਤਾਂ ਉਸ ਵੇਲੇ ਉਹ ਆਪਣੀਆਂ ਕੰਘੀਆਂ ਸੰਭਾਲੀ ਇਕ ਦੁਕਾਨ ਦੇ ਪਾਏਦਾਨ ’ਤੇ ਖੜ੍ਹੋਤਾ ਇਹ ਸਭ ਕੁਝ ਵੇਖ ਹੀ ਰਿਹਾ ਸੀ ਕਿ ਉਸ ਦੀ ਚੀਕ ਨਿਕਲੀ, ਤੇ ਉਹ ਉਥੇ ਹੀ ਢਹਿ ਪਿਆ¸ ਬੰਦੂਕ ਦੀ ਗੋਲੀ ਉਸ ਦੇ ਕਾਲਜੇ ਨੂੰ ਵਿੰਨ੍ਹ ਗਈ ਸੀ।
ਤੇ ਅੱਜ ਜਦ ਮੈਂ ਉਸ ਦੀ ਮੌਤ ਬਾਰੇ ਸੋਚਦਾ ਹਾਂ, ਤਾਂ ਮੈਨੂੰ ਰਹਿ-ਰਹਿ ਕੇ ਸਪੈਂਡਰ ਦੀ ਉਹ ਕਵਿਤਾ ਯਾਦ ਆਉਂਦੀ ਹੈ, ਜਿਸ ਵਿਚ ਇਕ ਇਹੋ ਜਿਹੇ ਮੁੰਡੇ ਦੀ ਮੌਤ ਦਾ ਜ਼ਿਕਰ ਹੈ, ਤੇ ਸਪੈਂਡਰ ਕਹਿੰਦਾ ਹੈ ਕਿ ਉਹ ਅਜੇ ਏਨਾ ਛੋਟਾ ਤੇ ਏਨਾ ਅਨਜਾਣ ਸੀ ਕਿ ਬੰਦੂਕ ਦੀਆਂ ਅੱਖਾਂ ਵਿਚ ਰੜਕ ਤਕ ਨਹੀਂ ਸੀ ਸਕਦਾ। ਉਹ ਤਾਂ ਸਿਰਫ ਚੁੰਮਣ ਦੇ ਯੋਗ ਇਕ ਬੱਚਾ ਸੀ।
ਭਾਵੇਂ ਮੈਂ ਉਸ ਦਾ ਨਾਂ ਨਹੀਂ ਜਾਣਦਾ, ਪਰ ਮੈਂ ਉਸ ਨੂੰ ਕਿੰਨੇ ਚਿਰ ਤੋਂ ਜਾਣਦਾ ਹਾਂ, ਉਸ ਦੀ ਤਿੱਖੀ-ਟੁਣਕਵੀਂ ਆਵਾਜ਼ ਨੂੰ ਪਛਾਣਦਾ ਹਾਂ। ਉਸ ਨੂੰ ਮੈਂ ਰੋਜ਼ ਇਸ ਚੌਕ ਵਿਚ ਕੰਘੀਆਂ ਵੇਚਦੇ ਵੇਖਿਆ ਹੈ। ਉਸ ਦੇ ਰੁਖੇ ਵਾਲਾਂ ਹੇਠ ਉਸ ਦਾ ਚਿਹਰਾ ਮੈਂ ਕਦੇ ਨਹੀਂ ਭੁੱਲ ਸਕਦਾ, ਜਿਸ ’ਤੇ ਬਚਪਨ ਦੀ ਮੁਸਕਰਾਹਟ ਬੜੀ ਗੰਭੀਰ ਬਣੀ ਹੋਈ ਸੀ, ਤੇ ਦੋ ਅੱਖਾਂ ਵਿਚ ਉਸ ਦਰਦ ਦੀ ਛਾਂ ਸੀ, ਜੋ ਮੁਸਕਰਾਹਟਾਂ ਦੇ ਕਤਲ ਹੋਣ ’ਤੇ ਪੈਦਾ ਹੁੰਦੀ ਹੈ। ਹਾਂ, ਜਦ ਬਚਪਨ ਆਪਣੀਆਂ ਖੇਡਾਂ ਛੱਡ ਕੇ ਰੋਟੀ ਕਮਾਉਣ ਦੀ ਚਿੰਤਾ ਵਿਚ ਲੱਗ ਜਾਂਦਾ ਹੈ, ਤਾਂ ਉਸ ਦੀ ਮੁਸਕਰਾਹਟ ਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਇਸੇ ਤਰ੍ਹਾਂ ਆਪਣੇ ਸੁਪਨਿਆਂ ਦਾ ਸੰਸਾਰ ਗਵਾ ਬਹਿੰਦੀ ਹੈ। ਸਿਆਲਾਂ ਦੀਆਂ ਠਰੀਆਂ ਹੋਈਆਂ ਰਾਤਾਂ ਵਿਚ ਮੈਂ ਉਸ ਨੂੰ ਪਾਟੀ ਹੋਈ ਕਮੀਜ਼ ਤੇ ਨਿੱਕਰ ਵਿਚ ਸੁੰਗੜਿਆਂ ਇਥੇ ਕੰਘੀਆਂ ਵੇਚਦੇ ਵੇਖਿਆ ਹੈ। ਬਰਸਾਤਾਂ ਵਿਚ ਵੀ ਕਈ ਵਾਰ ਉਸ ਨੇ ਆਪਣੀ ਭਿੱਜੀ ਹੋਈ ਇਸੇ ਕਮੀਜ਼ ਤੇ ਨਿੱਕਰ ਵਿਚ ਇਥੇ ਕੰਘੀਆਂ ਵੇਚੀਆਂ ਹਨ। ਸਿਰਫ ਗਰਮੀਆਂ ਦੇ ਦਿਨ ਉਸ ਨੂੰ ਰਾਸ ਆਉਂਦੇ ਸਨ। ਕੀ ਹੋਇਆ ਜੇ ਸੜਕ ’ਤੇ ਧੁੱਪ ਵਿਚ ਖੜੋ੍ਹ ਕੇ ਕੰਘੀਆਂ ਵੇਚਦਿਆਂ ਉਸ ਦਾ ਸਰੀਰ ਤਪ ਉਠਦਾ ਸੀ ਤੇ ਉਹ ਚਾਹੁੰਦਾ ਸੀ ਕਿ ਉਥੋਂ ਭੱਜ ਜਾਏ ਤੇ ਕਿਸੇ ਡੂੰਘੇ ਖੂਹ ਦੇ ਪਾਣੀ ਵਿਚ ਚੁੱਭੀ ਲਾ ਕੇ ਦੇਰ ਤਕ ਬੈਠਾ ਰਹੇ।
ਪਰ ਅੱਜ ਇਸ ਚੌਕ ਵਿਚ ਇਕ ਸੋਗ ਦੀ ਛਾਂ ਹੈ, ਤੇ ਉਸ ਦੀ ਤਿੱਖੀ-ਟੁਣਕਵੀਂ ਆਵਾਜ਼ ਕਿਤੇ ਸੁਣਾਈ ਨਹੀਂ ਦਿੰਦੀ।
ਇਸ ਚੌਕ ਵਿਚ ਖੜੋ੍ਹ ਕੇ ਕੰਘੀਆਂ ਵੇਚਣਾ ਹੀ ਉਸ ਦਾ ਕੰਮ ਨਹੀਂ ਸੀ। ਮੈਂ ਉਸ ਨੂੰ ਹੋਰ ਵੀ ਕਈ ਥਾਂ ਅੱਖੀਂ ਵੇਖਿਆ ਹੈ- ਇਹੋ ਆਵਾਜ਼, ਇਹੋ ਚਿਹਰਾ, ਇਹੋ ਅੱਖਾਂ, ਤੇ ਇਹੋ ਮੁਸਕਰਾਹਟ ਮੈਂ ਪਹਿਲਾਂ ਵੀ ਵੇਖ ਚੁੱਕਾ ਹਾਂ।
ਸ਼ਾਇਦ ਉਦੋਂ ਵੀ ਮੈਂ ਇਸ ਨੂੰ ਵੇਖਿਆ ਸੀ, ਜਦ ਮੈਂ ਇਨ੍ਹਾਂ ਸੜਕਾਂ ’ਤੇ ਆਪਣੀ ਬੇਕਾਰੀ ਦੀ ਗਰਦਿਸ਼ ਵਿਚੋਂ ਲੰਘ ਰਿਹਾ ਸਾਂ ਤੇ ਭੁੱਖ ਨੂੰ ਮਾਰਨ ਲਈ ਇਕ ਘਟੀਆ ਹੋਟਲ ਵਿਚ ਚਾਹ ਪੀਣ ਬੈਠਦਾ ਸਾਂ। ਤਦ ਉਸ ਹੋਟਲ ਵਿਚ ਆਪਣੀਆਂ ਉਂਘਲਾਈਆਂ ਹੋਈਆਂ ਅੱਖਾਂ ’ਚੋਂ ਝਾਕਦਾ ਇਹ ਮੇਰੇ ਕੋਲ ਆਉਂਦਾ ਸੀ ਤੇ ਚਾਹ ਦਾ ਆਰਡਰ ਲੈ ਕੇ ਆਪਣੇ ਮੈਲੇ ਹੱਥਾਂ ਵਿਚ ਚਾਹ ਦਾ ਕੱਪ ਚੁੱਕੀ ਮੇਜ਼ ’ਤੇ ਰੱਖ ਜਾਂਦਾ ਸੀ। ਉਦੋਂ ਵੀ ਇਹੋ ਕਮੀਜ਼ ਤੇ ਨਿੱਕਰ ਇਸ ਦਾ ਲਿਬਾਸ ਹੁੰਦਾ ਸੀ। ਤੇ ਮੋਢੇ ਉਤੇ ਇਕ ਮੈਲਾ ਕੱਪੜਾ ਹੁੰਦਾ ਸੀ, ਜਿਸ ਨਾਲ ਇਹ ਮੇਜ਼ ਸਾਫ ਕਰਿਆ ਕਰਦਾ ਸੀ। ਮੈਂ ਚਾਹ ਦੇ ਘੁੱਟ ਭਰਦਾ ਹੋਇਆ ਸੋਚਦਾ ਸਾਂ ਕਿ ਕੀ ਇਹ ਇਸੇ ਤਰ੍ਹਾਂ ਮੋਢੇ ’ਤੇ ਮੈਲਾ ਕੱਪੜਾ ਰਖੀ ਜ਼ਿੰਦਗੀ ਦੇ ਦਿਨ ਕੱਟਦਾ ਰਹੇਗਾ? ਆਪਣੀਆਂ ਉਂਘਲਾਂਦੀਆਂ, ਗਵਾਚੀਆਂ ਅੱਖਾਂ ਵਿਚੋਂ ਝਾਕਦਾ ਰਹੇਗਾ? ਤੇ ਇਸ ਹੋਟਲ ਵਿਚ ਸੋਲਾਂ-ਸੋਲਾਂ ਘੰਟੇ ਕੰਮ ਕਰਦਿਆਂ ਆਪਣੀ ਸਾਰੀ ਉਮਰ ਬਿਤਾ ਦਏਗਾ?… ਅਖੀਰ, ਮੈਂ ਚਾਹ ਪੀ ਕੇ ਮੁੜ ਨੌਕਰੀ ਦੀ ਭਾਲ ਵਿਚ ਸੜਕਾਂ ਨਾਪਣ ਲੱਗਦਾ ਸਾਂ।
ਸ਼ਾਇਦ ਉਨ੍ਹੀਂ ਦਿਨੀਂ ਵੀ ਮੈਂ ਇਸ ਨੂੰ ਵੇਖਿਆ ਸੀ, ਜਦ ਸਾਡੀ ਇਸ ‘ਚਾਲ’ ਦੇ ਸਾਹਮਣੇ ਇਕ ਸੱਤ-ਮੰਜ਼ਲੀ ਇਮਾਰਤ ਬਣ ਰਹੀ ਸੀ, ਤੇ ਇਥੇ ਕੰਮ ਕਰਨ ਵਾਲਿਆਂ ਦਾ ਰੌਲਾ ਪਿਆ ਰਹਿੰਦਾ ਸੀ। ਸਵੇਰੇ ਤੋਂ ਤ੍ਰਿਕਾਲਾਂ ਤੀਕ ਰਾਜ ਤੇ ਮਜ਼ਦੂਰ ਇਮਾਰਤ ਨੂੰ ਉਸਾਰਨ ਵਿਚ ਰੁਝੇ ਰਹਿੰਦੇ ਸਨ। ਮੈਂ ਆਪਣੀ ਵਿਹਲ ਦੀਆਂ ਘੜੀਆਂ ਵਿਚ ਕਦੇ ਕਮਰੇ ਵਿਚ ਬੈਠਾ ਇਮਾਰਤ ਵੱਲ ਵੇਖਣ ਲਗਦਾ ਸਾਂ¸ ਖਾਸਕਰ ਉਨ੍ਹਾਂ ਮਜ਼ਦੂਰਾਂ ਨੂੰ, ਜੋ ਸਿਰਾਂ ’ਤੇ ਕੜਾਹੀਆਂ ਚੁੱਕੀ ਇੱਟਾਂ, ਪੱਥਰ, ਰੇਤ ਆਦਿ ਢੋਅ ਰਹੇ ਹੁੰਦੇ। ਉਨ੍ਹਾਂ ਮਜ਼ਦੂਰਾਂ ਵਿਚ ਮਰਦਾਂ ਦੇ ਰੇਟ ਨਾਲੋਂ ਅੱਧਾ ਸੀ, ਤੇ ਮੁੰਡਿਆਂ ਦਾ ਤੀਵੀਆਂ ਦੇ ਰੇਟ ਨਾਲੋਂ ਅੱਧਾ। ਪਰ ਇਹ ਤੀਵੀਆਂ ਤੇ ਮੁੰਡੇ ਕੰਮ ਲਗਪਗ ਮਰਦਾਂ ਜਿੰਨਾ ਹੀ ਕਰਦੇ ਸਨ। ਸਿਰਫ ਕੁਝ ਇਕ ਹੀ ਮਜ਼ਦੂਰ ਮਰਦ ਸਨ, ਜੋ ਖਾਸ-ਖਾਸ ਕੰਮਾਂ ’ਤੇ ਲੱਗੇ ਹੋਏ ਸਨ। ਉਥੇ ਹੀ ਮੈਂ ਇਸ ਨੂੰ ਵੇਖਦਾ ਸਾਂ। ਇਹੋ ਕਮੀਜ਼ ਤੇ ਇਹੋ ਨਿੱਕਰ। ਤੇ ਸਿਰੋਂ-ਪੈਰੋਂ ਨੰਗਾ। ਇਹ ਸਵੇਰ ਤੋਂ ਤ੍ਰਿਕਾਲਾਂ ਤੀਕ ਸਿਰ ’ਤੇ ਕੜਾਹੀ ਚੁੱਕੀ ਇੱਟਾਂ ਢੋਂਦਾ ਰਹਿੰਦਾ। ਤਦ ਇਸ ਦਾ ਪਿਓ ਵੀ ਇਥੇ ਕੰਮ ਕਰਦਾ ਸੀ, ਇਸ ਦੀ ਮਾਂ ਵੀ ਏਥੇ ਕੰਮ ਕਰਦੀ ਸੀ। ਦੁਪਹਿਰ ਵੇਲੇ ਜਦ ਅੱਧੇ ਘੰਟੇ ਦੀ ਛੁੱਟੀ ਹੁੰਦੀ, ਤਾਂ ਇਹ ਦੂਜੇ ਮਜ਼ਦੂਰਾਂ ਵਿਚ ਆਪਣੇ ਮਾਂ-ਪਿਓ ਨਾਲ ਬੈਠਾ ਰੋਟੀ ਖਾ ਰਿਹਾ ਹੁੰਦਾ। ਤਦ ਮੈਨੂੰ ਆਪਣਾ ਬਚਪਨ ਯਾਦ ਆਉਂਦਾ, ਜਦ ਮੈਂ ਸਕੂਲ ਵਿਚ ਪੜ੍ਹਿਆ ਕਰਦਾ ਸਾਂ ਤੇ ਦੁਪਹਿਰ ਦੀ ਛੁੱਟੀ ਵੇਲੇ ਦੋਸਤਾਂ ਨਾਲ ਖੱਟੀਆਂ-ਮਿੱਠੀਆਂ ਚਾਟਾਂ ਖਾਂਦਾ ਸਾਂ, ਤੇ ਪੇਪਰਾਮਿੰਟਾਂ ਜਾਂ ਟਾਫੀਆਂ ਚੂਸਦਾ ਹੋਇਆ ਮੁੰਡਿਆਂ ਨਾਲ ਖੇਡਿਆ ਕਰਦਾ ਸਾਂ। ਪਰ ਹੁਣ ਉਹ ਬਚਪਨ ਨਹੀਂ ਸੀ ਰਿਹਾ। ਹੁਣ ਮੈਨੂੰ ਆਪਣਾ ਤੇ ਆਪਣੇ ਬੁੱਢੇ ਮਾਂ-ਪਿਓ ਦਾ ਢਿੱਡ ਭਰਨ ਲਈ ਰੁਜ਼ਗਾਰ ਦੀਆਂ ਕੁੜਿੱਤਣਾਂ ਚਖਣੀਆਂ ਪੈ ਰਹੀਆਂ ਸਨ। ...ਤੇ ਆਪਣੇ ਮਾਂ-ਪਿਓ ਦੇ ਨਾਲ ਬੈਠਾ ਇਹ ਵੀ ਰੋਟੀ ਦੀਆਂ ਗ੍ਰਾਹੀਆਂ ਚੱਬਦਾ ਆਪਣੀ ਬਚਪਨ ਦੀ ਉਮਰੇ ਰੁਜ਼ਗਾਰ ਦੀਆਂ ਕੁੜਿੱਤਣਾਂ ਚਖ ਰਿਹਾ ਸੀ। ਪਰ ਪੱਥਰ ਜਾਂ ਇੱਟਾਂ ਢੋਣ ਦਾ ਅਜਿਹਾ ਕੰਮ ਰੋਜ਼-ਰੋਜ਼ ਤਾਂ ਮਿਲਦਾ ਨਹੀਂ। ਇਹ ਤਾਂ ਇਸ ਵਾਰ ਉਨ੍ਹਾਂ ਦਾ ਸੁਭਾਗ ਸੀ ਕਿ ਪਿਓ ਦੇ ਨਾਲ ਪੁੱਤਰ ਨੂੰ ਵੀ ਕੰਮ ਮਿਲ ਗਿਆ ਸੀ, ਤੇ ਪਤਨੀ ਨੂੰ ਵੀ, ਤੇ ਤਿੰਨੋਂ ਇਕੋ ਥਾਂ ਕੰਮ ’ਤੇ ਲੱਗੇ ਹੋਏ ਸਨ।
ਪਰ ਇਸ ਤੋਂ ਪਹਿਲਾਂ ਮੈਂ ਇਸ ਨੂੰ ਤਦ ਵੇਖਿਆ ਸੀ, ਜਦ ਇਹ ਸਾਡੀ ਇਸ ‘ਚਾਲ’ ਵਿਚ ਦੁੱਧ ਦੇਣ ਆਇਆ ਕਰਦਾ ਸੀ। ਉਹਨੀਂ ਦਿਨੀਂ ਇਸ ਦੇ ਤੇੜ ਨਿੱਕਰ ਦੀ ਥਾਂ ਗੋਡਿਆਂ ਤੋਂ ਉਚੀ ਮਾਰਕੀਨ ਦੀ ਮੈਲੀ ਧੋਤੀ ਹੁੰਦੀ ਸੀ, ਜੋ ਕਈਆਂ ਥਾਵਾਂ ਤੋਂ ਮੋਟੇ-ਮੋਟੇ ਤੋਪਿਆਂ ਨਾਲ ਸੀਤੀ ਹੁੰਦੀ। ਇਸ ਦੇ ਕੱਪੜਿਆਂ ’ਚੋਂ, ਜਾਂ ਸੱਚ ਪੁੱਛੋ ਤਾਂ ਇਸ ਦੇ ਸਰੀਰ ’ਚੋਂ ਗੋਹੇ ਦੀ ਨਿੰਮ੍ਹੀ-ਨਿੰਮ੍ਹੀ ਬੋਅ ਆਉਂਦੀ ਰਹਿੰਦੀ। ਇਸ ਦੇ ਨਹੁੰਆਂ ਵਿਚ ਗੋਹਾ ਫਸਿਆ ਹੁੰਦਾ। ਤੇ ਇਸ ਦੀਆਂ ਅੱਡੀਆਂ ਦੀਆਂ ਬਿਆਈਆਂ ਤੇ ਪੈਰਾਂ ਦੀਆਂ ਉਂਗਲਾਂ ਵਿਚ ਤਾਂ ਸਦਾ ਗੋਹਾ ਫਸਿਆ ਹੁੰਦਾ। ਇਹ ਕਿਸੇ ਦੁੱਧ ਵਾਲੇ ਭਈਏ ਦੇ ਤਬੇਲੇ ਵਿਚ ਕੰਮ ਕਰਦਾ ਸੀ। ਉਥੇ ਇਹ ਮੱਝਾਂ ਨੂੰ ਨ੍ਹਲਾਉਂਦਾ, ਉਨ੍ਹਾਂ ਦਾ ਗੋਹਾ ਸਾਫ ਕਰਦਾ, ਬਾਹਰ ਚਰਾਉਣ ਲੈ ਜਾਂਦਾ, ਤੇ ਪੱਠਾ-ਦੱਥਾ ਕਰਦਾ। ਸਵੇਰੇ ਮੂੰਹ ਹਨੇਰੇ ਅਤੇ ਸ਼ਾਮ ਤੋਂ ਪਹਿਲਾਂ ਦਿਨ ਵਿਚ ਦੋ ਵਾਰ ਦੁੱਧ ਦੇ ਛੋਟੇ-ਵੱਡੇ ਦੋ-ਦੋ, ਤਿੰਨ-ਤਿੰਨ ਡੱਬੇ ਦੋਹਾਂ ਹੱਥਾਂ ਵਿਚ ਲਟਕਾਈ ਘਰ-ਘਰ ਦੁੱਧ ਦੇਣ ਜਾਂਦਾ। ਸਵੇਰੇ ਇਹ ਏਨਾ ਸਵੇਰੇ ਆਉਂਦਾ ਕਿ ਕਈ ਵਾਰ ਮੇਰਾ ਆਪਣੀ ਉਸ ‘ਗੁਲਾਬੀ ਨੀਂਦ’ ਵਿਚੋਂ ਉੱਠਣ ’ਤੇ ਜੀਅ ਨਾ ਕਰਦਾ। ਪਰ ਇਸ ਦੇ ਵਾਰ-ਵਾਰ ਬੁਲਾਉਣ ’ਤੇ ਮੈਨੂੰ ਉਠਣਾ ਪੈਂਦਾ। ਤੇ ਜਦ ਮੈਂ ਦੁੱਧ ਲੈ ਰਿਹਾ ਹੁੰਦਾ, ਤਾਂ ਕਈ ਵਾਰ ਲਗਦਾ, ਜਿਵੇਂ ਇਸ ਦੀਆਂ ਉਂਘਲਾਉਂਦੀਆਂ ਹੋਈਆਂ ਅੱਖਾਂ ਮੇਰੀਆਂ ਆਪਣੀਆਂ ਅੱਖਾਂ ਹਨ। ਮੈਂ ਬੱਤੀ ਬੁਝਾ ਕੇ ਬਿਸਤਰੇ ’ਤੇ ਪੈ ਜਾਂਦਾ ਤੇ ਆਪਣੀ ‘ਗੁਲਾਬੀ ਨੀਂਦ’ ਵਿਚ ਗਵਾਚ ਜਾਂਦਾ।
ਫੇਰ, ਜਦ ਮੈਂ ਮਿਊਂਸਪੈਲਿਟੀ ਦੇ ਇਕ ਨਿੱਕੇ ਜਿਹੇ ਸਕੂਲ ਵਿਚ ਪੜ੍ਹਾਉਣ ਲੱਗਾ, ਤਾਂ ਵੇਖਿਆ ਕਿ ਇਹ ਉਥੇ ਲੱਗਾ ਹੋਇਆ ਸੀ। ਬੜੀ ਆਰਾਮ ਦੀ ਨੌਕਰੀ ਸੀ ਉਹ। ਸਵੇਰੇ ਦਸ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੀਕ ਇਸ ਨੂੰ ਕੰਮ ਕਰਨਾ ਪੈਂਦਾ ਸੀ, ਤੇ ਉਹ ਵੀ ਕਿਸੇ-ਕਿਸੇ ਵੇਲੇ। ਉਹ ਕੰਮ ਕੀ ਸੀ? ਸਕੂਲ ਦੇ ਕੰਪਾਊਂਡ ਵਿਚ ਦੋ ਵਾਰ ਝਾੜੂ ਲਾਉਣਾ, ਛੁੱਟੀ ਹੋਣ ਪਿੱਛੋਂ ਸਕੂਲ ਦੇ ਕਮਰਿਆਂ ਨੂੰ ਸਾਫ ਕਰਨਾ, ਦਿਨ ਵੇਲੇ ਵਿਦਿਆਰਥੀਆਂ ਦੇ ਪੀਣ ਲਈ ਪਾਣੀ ਦੇ ਡਰੱਮ ਭਰਨੇ, ਤੇ ਅਜਿਹੇ ਹੋਰ ਛੋਟੇ-ਮੋਟੇ ਕੰਮ। ਸਕੂਲ ਦੇ ਪਿਛਵਾੜੇ ਹੀ ਇਹ ਆਪਣੀ ਮਾਂ ਨਾਲ ਟੀਨ ਦੀ ਬਣੀ ਛੋਟੀ ਜਿਹੀ ਕੋਠੜੀ ਵਿਚ ਰਹਿੰਦਾ ਸੀ, ਜੋ ਸਕੂਲ ਵੱਲੋਂ ਇਨ੍ਹਾਂ ਨੂੰ ਦਿੱਤੀ ਗਈ ਸੀ। ਕਦੇ ਕੋਈ ਕੰਮ ਨਾ ਹੁੰਦਾ, ਤਾਂ ਇਹ ਬੈਠਾ-ਬੈਠਾ ਅੱਕ ਜਾਂਦਾ। ਤਦ ਕਦੇ ਇਸ ਦੀ ਛੋਟੀ ਭੈਣ ਉਥੇ ਆ ਜਾਂਦੀ ਤੇ ਇਹ ਉਸ ਨਾਲ ਖੇਡਣ ਲਗਦਾ। ਜਾਂ ਕਦੇ ਇਹ ਆਪਣਾ ਖਜ਼ਾਨਾ ਖੋਲ੍ਹ ਬਹਿੰਦਾ¸ ਰੰਗ-ਬਿਰੰਗੇ ਕਾਗਜ਼ਾਂ ਦੇ ਟੁਕੜੇ, ਟੁੱਟੀਆਂ ਹੋਈਆਂ ਨਿੱਬਾਂ, ਗੋਲੀਆਂ, ਪੱਥਰ ਤੇ ਹੋਰ ਅਜਿਹੀਆਂ ਚੀਜ਼ਾਂ।
ਪਰ ਜਦ ਦੁਪਹਿਰ ਦੀ ਛੁੱਟੀ ਹੁੰਦੀ, ਤੇ ਮੁੰਡੇ-ਕੁੜੀਆਂ ਰੌਲਾ ਪਾਉਂਦੇ ਹੋਏ ਜਮਾਤਾਂ ’ਚੋਂ ਨਿਕਲਦੇ ਤੇ ਖੇਡਣ ਵਿਚ ਰੁਝ ਜਾਂਦੇ, ਤਾਂ ਇਹ ਇਕ ਪਾਸੇ ਨਿੱਕੇ ਜਿਹੇ ਸਟੂਲ ’ਤੇ ਬੈਠਾ ਉਨ੍ਹਾਂ ਨੂੰ ਵੇਖਦਾ ਰਹਿੰਦਾ। ਇਸ ਤੋਂ ਪਹਿਲਾਂ ਉਸ ਸਕੂਲ ਵਿਚ ਇਕ ਹੋਰ ਨੌਕਰ ਸੀ, ਜੋ ਸੁਣਿਆਂ ਸੀ ਕਿ ਉਥੇ ਚਾਲੀ ਵਰ੍ਹੇ ਨੌਕਰੀ ’ਤੇ ਰਿਹਾ ਸੀ, ਤੇ ਜੇ ਇਕ ਦੁਰਘਟਨਾ ਵਿਚ ਮਾਰਿਆ ਨਾ ਜਾਂਦਾ, ਤਾਂ ਉਸ ਨੇ ਅਜੇ ਹੋਰ ਪੰਜ-ਛੇ ਵਰ੍ਹੇ ਨੌਕਰੀ ਕਰਕੇ ਰਿਟਾਇਰ ਹੋਣਾ ਸੀ। ਉਸ ਦੇ ਮਰਨ ਪਿੱਛੋਂ ਉਸ ਦੀ ਥਾਂ ਇਹ ਆਇਆ ਸੀ ਤੇ ਮੈਂ ਸੋਚਦਾ ਸਾਂ ਕਿ ਹੁਣ ਇਹ ਵੀ ਓਸੇ ਵਾਂਗ ਸਕੂਲ ਵਿਚ ਝਾੜੂ ਦਿੰਦਾ, ਪਾਣੀ ਭਰਦਾ ਤੇ ਮਾਸਟਰਾਂ ਲਈ ਬਜ਼ਾਰ ਤੋਂ ਪਾਨ ਤੇ ਸਿਗਰਟਾਂ ਲਿਆਉਂਦਾ ਇਥੇ ਚਾਲੀ ਵਰ੍ਹੇ ਕੱਟ ਦਏਗਾ। ਪਰ ਨਹੀਂ, ਇਹ ਉਥੇ ਵਧੇਰੇ ਚਿਰ ਨਹੀਂ ਸੀ ਰਿਹਾ। ਇਸ ਨੂੰ ਕੱਢ ਦਿੱਤਾ ਗਿਆ ਸੀ, ਕਿਉਂਕਿ ਹੈਡਮਾਸਟਰ ਕੋਲ ਇਸ ਦੀਆਂ ਕਈ ਵਾਰ ਸ਼ਿਕਾਇਤਾਂ ਪੁੱਜ ਚੁੱਕੀਆਂ ਹਨ ਕਿ ਇਹ ਕੰਮ ਕਰਨ ਦੀ ਥਾਂ ਸਕੂਲ ਦੇ ਵਿਦਿਆਰਥੀਆਂ ਨਾਲ ਖੇਡਦਾ ਰਹਿੰਦਾ ਹੈ।
ਤੇ ਫੇਰ, ਮੈਂ ਇਸ ਨੂੰ ਤਦ ਵੇਖਿਆ, ਜਦ ਇਹ ਸਟੇਸ਼ਨਾਂ ਦੇ ਪਲੇਟਫਾਰਮਾਂ ’ਤੇ ਹੱਥ ਵਿਚ ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਫੜੀ ਬੂਟ-ਪਾਲਿਸ਼ ਕਰਿਆ ਕਰਦਾ ਸੀ। ਤੇ ਫੇਰ, ਮੈਂ ਇਸ ਨੂੰ ਤਦ ਵੇਖਿਆ, ਜਦ ਇਹ ਲੋਕਲ ਗੱਡੀਆਂ ਵਿਚ ਪੇਪਰਮਿੰਟਾਂ ਤੇ ਟਾਫੀਆਂ ਵੇਚਿਆ ਕਰਦਾ ਸੀ। ਜਾਂ ਫੇਰ, ਮੈਂ ਇਸ ਨੂੰ ਤਦ ਵੇਖਿਆ ਸੀ;
ਬਚਪਨ ਦੇ ਇਹ ਕਿੰਨੇ ਵੱਖ-ਵੱਖ ਰੂਪ ਸਨ !
ਪਰ ਇਸ ਚੌਕ ਵਿਚ ਖਲੋ ਕੇ ਇਸ ਨੂੰ ਕੰਘੀਆਂ ਵੇਚਦਿਆਂ ਮੈਂ ਕਾਫੀ ਚਿਰ ਤੋਂ ਵੇਖ ਰਿਹਾ ਸਾਂ, ਤੇ ਸੋਚਦਾ ਸਾਂ ਕਿ ਬਚਪਨ, ਜੋ ਜਵਾਨੀ ਦੀ ਦਲ੍ਹੀਜ਼ ’ਤੇ ਪੈਰ ਰੱਖ ਰਿਹਾ ਸੀ, ਅੱਜ ਕਿਨ੍ਹਾਂ ਰਾਹਾਂ ਤੋਂ ਲੰਘ ਰਿਹਾ ਹੈ! ਬਚਪਨ ਦਾ ਇਹ ਫੁੱਲ ਅੱਜ ਕਿਸ ਵਾਯੂ-ਮੰਡਲ ਵਿਚ ਖਿੜਿਆ ਹੈ? ਪਰ ਇਹ ਫੁੱਲ ਵਧੇਰੇ ਚਿਰ ਖਿੜਿਆ ਨਾ ਰਹਿ ਸਕਿਆ। ਜਵਾਨੀ ਦੀ ਦਲ੍ਹੀਜ਼ ’ਤੇ ਪੈਰ ਰੱਖਦਿਆਂ ਹੀ ਇਹ ਇਕ ਅੰਨ੍ਹੀ ਗੋਲੀ ਦਾ ਨਿਸ਼ਾਨਾ ਬਣ ਕੇ ਮੌਤ ਦੀ ਹਨੇਰੀ ਖੱਡ ਵਿਚ ਢਹਿ ਪਿਆ।… ਤੇ ਮੇਰੇ ਬੁੱਲ੍ਹਾਂ ’ਤੇ ਮੁੜ-ਮੁੜ ਕੇ ਸਪੈਂਡਰ ਦੀ ਕਵਿਤਾ ਆਉਂਦੀ ਹੈ ਕਿ ਬਹਾਰ ਦੀ ਇਕ ਰੁੱਤੇ, ਬੰਦੂਕਾਂ ਗੋਲੀਆਂ ਦੀ ਜ਼ਬਾਨ ਨਾਲ ਗੱਲਾਂ ਕਰ ਰਹੀਆਂ ਸਨ। ਪਰ ਉਹ ਮੁੰਡਾ, ਜੋ ਅੰਜੀਰ ਦੇ ਬਿਰਛ ਥੱਲੇ ਮੋਇਆ ਪਿਆ ਹੈ, ਅਜੇ ਏਨਾ ਛੋਟਾ ਤੇ ਏਨਾ ਅਨਜਾਣ ਸੀ ਕਿ ਬੰਦੂਕ ਦੀਆਂ ਅੱਖਾਂ ਵਿਚ ਰੜਕ ਤਕ ਨਹੀਂ ਸੀ ਸਕਦਾ। ਉਹ ਤਾਂ ਸਿਰਫ ਚੁੰਮਣ ਦੇ ਯੋਗ ਬੱਚਾ ਸੀ। ਜਦ ਉਹ ਜਿਊਂਦਾ ਸੀ, ਤਾਂ ਫੈਕਟਰੀਆਂ ਦੇ ਘੁੱਗੂਆਂ ਨੇ ਉਸ ਨੂੰ ਕਦੇ ਨਹੀਂ ਬੁਲਾਇਆ, ਨਾ ਹੀ ਹੋਟਲਾਂ ਦੇ ਬੂਹੇ ਉਸ ਲਈ ਖੁੱਲ੍ਹੇ। ਉਸ ਦਾ ਨਾਂ ਕਦੇ ਅਖਬਾਰਾਂ ਵਿਚ ਨਹੀਂ ਛਪਿਆ। ਦੁਨੀਆਂ ਦੀ ਕੰਧ ਓਸੇ ਤਰ੍ਹਾਂ ਖਲੋਤੀ ਰਹੀ, ਜਦ ਕਿ ਉਸ ਦੀ ਜ਼ਿੰਦਗੀ ਸੱਟਾ ਬਜ਼ਾਰ ਦੀ ਕਿਸੇ ਅਫਵਾਹ ਵਾਂਗ ਭਟਕਦੀ ਰਹੀ। ਤੇ ਵੇਖੋ, ਉਸ ਮੁੰਡੇ ਦੀ ਬੇਮੁੱਲੀ ਜ਼ਿੰਦਗੀ ਨੂੰ ਵੇਖੋ-ਹੋਟਲਾਂ ਦੇ ਹਿਸਾਬ ਤੇ ਫਾਈਲਾਂ ਦੇ ਨੁਕਤੇ ਤੋਂ ਬੇਮੁੱਲੀ ਜ਼ਿੰਦਗੀ। ਦਸ ਹਜ਼ਾਰ ਗੋਲੀਆਂ ’ਚੋਂ ਇਕ ਗੋਲੀ ਆਦਮੀ ਨੂੰ ਮਾਰਦੀ ਹੈ, ਪਰ ਮੈਂ ਪੁੱਛਦਾ ਹਾਂ ਕਿ ਅੰਜੀਰ ਦੇ ਬਿਰਛ ਥੱਲੇ ਮੋਏ ਪਏ ਇਕ ਏਨੇ ਛੋਟੇ ਤੇ ਇੰਨੇ ਅਨਜਾਣ ਬੱਚੇ ਦੀ ਮੌਤ ਲਈ ਕੀ ਏਨਾ ਸਾਰਾ ਖਰਚ ਜਾਇਜ਼ ਸੀ?

  • ਮੁੱਖ ਪੰਨਾ : ਕਹਾਣੀਆਂ, ਸੁਖਬੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ