Patjhar Di Raat : Lu Xun

ਪੱਤਝੜ ਦੀ ਰਾਤ : ਲੂ ਸ਼ੁਨ

ਮੇਰੇ ਪਿਛਲੇ ਵਿਹੜੇ ਦੀ ਕੰਧ ਕੋਲ਼ ਤੁਸੀਂ ਦੋ ਰੁੱਖ ਦੇਖ ਸਕਦੇ ਹੋ ਇੱਕ ਖਜੂਰ ਦਾ ਰੁੱਖ ਹੈ ਤੇ ਦੂਜਾ ਵੀ ਖਜੂਰ ਦਾ ਰੁੱਖ ਹੈ।
ਉਹਨਾਂ ਉੱਪਰ ਰਾਤ ਦਾ ਅਸਮਾਨ ਬਹੁਤ ਅਨੋਖਾ ਅਤੇ ਉੱਚਾ ਹੈ। ਮੈਂ ਕਦੇ ਏਨਾ ਅਨੋਖਾ ਤੇ ਉੱਚਾ ਅਸਮਾਨ ਨਹੀਂ ਵੇਖਿਆ। ਲਗਦਾ ਹੈ ਉਹ ਮਨੁੱਖਾਂ ਦੇ ਇਸ ਸੰਸਾਰ ਨੂੰ ਛੱਡਣਾ ਚਾਹੁੰਦਾ ਹੈ ਤਾਂ ਕਿ ਜਦੋਂ ਲੋਕ ਉੱਪਰ ਵੇਖਣ ਤਾਂ ਉਸਨੂੰ ਵੇਖ ਨਾ ਸਕਣ। ਫਿਲਹਾਲ ਇਹ ਬਿਲਕੁਲ ਨੀਲਾ ਹੈ, ਪਰ ਉਸਦੀਆਂ ਅਨੇਕਾਂ ਘੂਰਦੀਆਂ ਅੱਖਾਂ ਠੰਢੀਆਂ ਝਪਕੀਆਂ ਲੈ ਰਹੀ ਹਨ। ਉਸਦੇ ਬੁੱਲ੍ਹਾਂ ਉੱਤੇ ਉੱਡਦੀ ਜਿਹੀ ਮੁਸਕਰਾਹਟ ਖੇਡ ਰਹੀ ਹੈ, ਮੁਸਕਰਾਹਟ ਜਿਸਨੂੰ ਉਹ ਬਹੁਤ ਅਹਿਮ ਸਮਝਦਾ ਹੈ ਤੇ ਉਹ ਰੋਜ਼ ਮੇਰੇ ਵਿਹੜੇ ਦੇ ਜੰਗਲ਼ੀ ਬੂਟਿਆਂ ਨੂੰ ਸੰਘਣੇ ਕੋਹਰੇ ਨਾਲ਼ ਢਕ ਦਿੰਦਾ ਹੈ।
ਮੈਨੂੰ ਨਹੀਂ ਪਤਾ ਇਹਨਾਂ ਬੂਟਿਆਂ ਨੂੰ ਕੀ ਕਹਿੰਦੇ ਨੇ, ਉਹਨਾਂ ਨੂੰ ਆਮ ਤੌਰ ‘ਤੇ ਕਿਹੜੇ ਨਾਮਾਂ ਨਾਲ਼ ਜਾਣਿਆ ਜਾਂਦਾ ਹੈ। ਮੈਨੂੰ ਯਾਦ ਹੈ ਕਿ ਉਹਨਾਂ ਵਿੱਚੋਂ ਇੱਕ ਉੱਤੇ ਛੋਟੇ ਗੁਲਾਬੀ ਫੁੱਲ ਲੱਗੇ ਹੋਏ ਸਨ ਅਤੇ ਉਸਦੇ ਫੁੱਲ ਹਾਲੇ ਤੱਕ ਖਿੜੇ ਹੋਏ ਹਨ, ਭਾਵੇਂ ਪਹਿਲਾਂ ਨਾਲ਼ੋਂ ਵੱਧ ਛੋਟੇ ਹਨ। ਠੰਡੀ ਰਾਤ ਦੀ ਹਵਾ ਵਿੱਚ ਠਰਦੇ ਹੋਏ ਉਹ ਆਉਣ ਵਾਲ਼ੀ ਬਹਾਰ ਦਾ, ਪੱਤਝੜ ਜਾਣ ਦਾ ਸੁਪਨੇ ਵੇਖਦੇ ਹਨ। ਉਹ ਸੁਪਨੇ ਵੇਖਦੇ ਹਨ ਕਿ ਉਹਨਾਂ ਦੇ ਆਖਰੀ ਪੱਤਿਆਂ ਉੱਤੇ ਇੱਕ ਕੁਸ਼ਕਾਇ ਕਵੀ ਵੱਲੋਂ ਹੰਝੂ ਪੂੰਝਣ ਦਾ, ਜੋ ਉਹਨਾਂ ਨੂੰ ਦੱਸਦਾ ਹੈ ਕਿ ਪੱਤਝੜ ਆਵੇਗਾ ਤੇ ਸਿਆਲ਼ ਆਉਣਗੇ, ਪਰ ਫੇਰ ਬਹਾਰ ਆਵੇਗੀ, ਜਦੋਂ ਤਿਤਲੀਆਂ ਇੱਧਰੋਂ-ਉੱਧਰ ਨੱਚਣਗੀਆਂ ਅਤੇ ਸਭ ਮਧੂ-ਮੱਖੀਆਂ ਬਹਾਰ ਦਾ ਗੀਤ ਗੁਣਗੁਣਾਉਣਗੀਆਂ। ਉਦੋਂ ਛੋਟੇ ਗੁਲਾਬੀ ਫੁੱਲ ਹੱਸਣਗੇ, ਭਾਵੇਂ ਉਹ ਪਾਲ਼ੇ ਨਾਲ਼ ਕੁੱਝ ਉਦਾਸ ਕਿਰਮਚੀ ਰੰਗੇ ਹੋ ਗਏ ਹਨ ਅਤੇ ਹਾਲੇ ਵੀ ਕੰਬ ਰਹੇ ਹਨ।
ਜਿੱਥੇ ਤੱਕ ਖਜੂਰ ਦੇ ਰੁੱਖਾਂ ਦਾ ਸੁਆਲ ਹੈ, ਉਹਨਾਂ ਦੇ ਸਾਰੇ ਪੱਤੇ ਝੜ ਚੁੱਕੇ ਹਨ। ਪਹਿਲਾਂ ਇੱਕ ਜਾਂ ਦੋ ਮੁੰਡੇ ਖਜੂਰ ਤੋੜਨ ਆਉਂਦੇ ਰਹੇ ਜੋ ਦੂਜੇ ਲੋਕਾਂ ਤੋਂ ਬਚ ਗਈਆਂ ਸਨ। ਪਰ ਹੁਣ ਇੱਕ ਵੀ ਨਹੀਂ ਬਚੀ ਅਤੇ ਰੁੱਖਾਂ ਦੇ ਸਭ ਪੱਤੇ ਵੀ ਝੜ ਗਏ। ਉਹ ਛੋਟੇ ਗੁਲਾਬੀ ਫੁੱਲਾਂ ਦੇ ਪੱਤਝੜ ਮਗਰੋਂ ਬਹਾਰ ਵਿੱਚ ਝੜੇ ਪੱਤਿਆਂ ਦੇ ਸੁਪਨੇ ਬਾਰੇ ਵੀ ਜਾਣਦੇ ਹਨ। ਬੇਸ਼ੱਕ ਉਹਨਾਂ ਦੇ ਸਭ ਪੱਤੇ ਝੜ ਗਏ ਹਨ ਅਤੇ ਸਿਰਫ ਤਣੇ ਹੀ ਬਾਕੀ ਬਚੇ ਹਨ, ਪਰ ਫਲ਼ਾਂ ਅਤੇ ਪੱਤਿਆਂ ਦੇ ਭਾਰ ਤੋਂ ਸੱਖਣੇ ਉਹ ਸ਼ਾਨ ਨਾਲ਼ ਤਣੇ ਹੋਏ ਹਨ। ਕੁੱਝ ਟਾਹਣੀਆਂ ਹਾਲੇ ਵੀ ਝੁਕੀਆਂ ਹੋਈਆਂ ਹਨ, ਖਜੂਰ ਤੋੜਨ ਵਾਲ਼ੀਆਂ ਸੋਟੀਆਂ ਨਾਲ਼ ਤਣਿਆਂ ਉੱਤੇ ਹੋਏ ਜਖਮ ਨੂੰ ਪਲੋਸ ਰਹੀਆਂ ਹਨ, ਜਦਕਿ ਸਲਾਖ ਵਾਂਗ ਸਖਤ ਤੇ ਸਭ ਤੋਂ ਉੱਚੀਆਂ ਤੇ ਸਿੱਧੀਆਂ ਟਾਹਣੀਆਂ ਹੈਰਾਨੀ ਵਿੱਚ ਪਲਕਾਂ ਝਪਕਦੀਆਂ ਹੋਈਆਂ ਚੁੱਪਚਾਪ ਅਨੋਖੇ ਤੇ ਉੱਚੇ ਅਸਮਾਨ ਨੂੰ ਚੀਰ ਰਹੀਆਂ ਹਨ। ਉਹ ਅਸਮਾਨ ਵਿਚਲੇ ਪੂਰੇ ਚੰਨ ਨੂੰ ਵੀ ਪੀਲ਼ਾ ਅਤੇ ਪ੍ਰੇਸ਼ਾਨ ਬਣਾਉਂਦੀਆਂ ਹੋਈਆਂ ਚੀਰ ਰਹੀਆਂ ਹਨ।
ਹੈਰਾਨੀ ਵਿੱਚ ਪਲਕਾਂ ਝਪਕਦਾ ਅਸਮਾਨ ਹੋਰ ਵਧੇਰੇ ਨੀਲਾ ਹੁੰਦਾ ਜਾ ਰਿਹਾ ਹੈ, ਹੋਰ ਵਧੇਰੇ ਪ੍ਰੇਸ਼ਾਨ ਹੁੰਦਾ ਜਾ ਰਿਹਾ ਹੈ, ਜਿਵੇਂ ਚੰਨ ਨੂੰ ਪਿੱਛੇ ਛੱਡਕੇ ਅਤੇ ਖਜੂਰ ਦੇ ਰੁੱਖਾਂ ਤੋਂ ਬਚਦਾ ਹੋਇਆ ਇਨਸਾਨਾਂ ਦੀ ਦੁਨੀਆਂ ਤੋਂ ਭੱਜਣ ਨੂੰ ਕਾਹਲ਼ਾ ਹੋਵੇ। ਪਰ ਚੰਨ ਵੀ ਆਪਣੇ ਆਪ ਨੂੰ ਪੂਰਬ ਦਿਸ਼ਾ ਵੱਲ ਲੁਕਾ ਰਿਹਾ ਹੈ, ਜਦਕਿ ਹਾਲੇ ਵੀ ਚੁੱਪ ਅਤੇ ਸਲਾਖਾਂ ਵਰਗੀਆਂ ਸਖਤ ਨੰਗੀਆਂ ਟਾਹਣੀਆਂ ਅਨੋਖੇ ਤੇ ਉੱਚੇ ਅਸਮਾਨ ਉੱਤੇ ਘਾਤਕ ਜਖ਼ਮ ਦਾਗਣ ਲਈ, ਚਾਹੇ ਉਹ ਕਿੰਨੇ ਹੀ ਰੂਪਾਂ ਵਿੱਚ ਆਪਣੀਆਂ ਸਭ ਜਾਦੂਈ ਅੱਖਾਂ ਨੂੰ ਝਪਕੇ, ਚੀਰ ਰਹੇ ਹਨ।
ਚੀਕ ਦੀ ਅਵਾਜ਼ ਨਾਲ਼ ਇੱਕ ਤੇਜ ਰਾਤ ਦਾ ਪੰਛੀ ਗੁਜਰਦਾ ਹੈ।
ਅਚਾਨਕ ਮੈਂ ਅੱਧੀ ਰਾਤ ਦਾ ਹਾਸਾ ਸੁਣਦਾ ਹਾਂ। ਉਸਦੀ ਅਵਾਜ਼ ਮੱਧਮ ਜਿਹੀ ਹੈ, ਜਿਵੇਂ ਸੁੱਤਿਆਂ ਨੂੰ ਜਗਾਉਣਾ ਨਾ ਚਾਹੁੰਦੀ ਹੋਵੇ, ਪਰ ਚਾਰੇ ਪਾਸੇ ਹਵਾ ਇਸ ਹਾਸੇ ਨੂੰ ਗੂੰਜਣ ਲਾ ਦਿੰਦੀ ਹੈ। ਅੱਧੀ ਰਾਤ, ਤੇ ਹੋਰ ਕੋਈ ਨਹੀਂ। ਇੱਕਦਮ ਮੈਂ ਮਹਿਸੂਸ ਕਰਦਾ ਹਾਂ ਕਿ ਹੱਸਣ ਵਾਲ਼ਾ ਮੈਂ ਹਾਂ ਅਤੇ ਇੱਕਦਮ ਇਹ ਹਾਸਾ ਮੈਨੂੰ ਆਪਣੇ ਕਮਰੇ ਅੰਦਰ ਧੱਕਦਾ ਹੈ। ਮੈਂ ਇੱਕਦਮ ਲੈਂਪ ਦੀ ਬੱਤੀ ਬਾਲ਼ ਕੇ ਤੇਜ ਕਰਦਾ ਹਾਂ।
ਪਿਛਲੀ ਖਿੜਕੀ ਦੀ ਸੀਸ਼ੇ ਥਾਣੀਂ ਪਟ-ਪਟ ਦੀ ਅਵਾਜ਼ ਆ ਰਹੀ ਹੈ, ਜਿੱਥੇ ਮੱਛਰਾਂ ਦੇ ਝੁੰਡ ਸ਼ੀਸ਼ੇ ਨਾਲ਼ ਝੱਲਿਆਂ ਵਾਂਗ ਟਕਰਾ ਰਹੇ ਹਨ। ਕੁੱਝ ਖਿੜਕੀ ਦੇ ਸੁਰਾਖ਼ ਰਾਹੀਂ ਅੰਦਰ ਆ ਵੜੇ ਹਨ। ਅੰਦਰ ਆਉਂਦਿਆਂ ਹੀ ਉਹ ਲੈਂਪ ਦੇ ਸ਼ੀਸ਼ੇ ਨਾਲ਼ ਪਟ-ਪਟ ਟਕਰਾਉਂਦੇ ਹਨ। ਇੱਕ ਉੱਪਰੋਂ ਲੈਂਪ ਦੇ ਸ਼ੀਸ਼ੇ ਅੰਦਰ ਲੋਅ ਉੱਤੇ ਡਿੱਗਦਾ ਹੈ ਤੇ ਮੈਂ ਸਮਝਦਾਂ ਹਾਂ ਕਿ ਉਹ ਅਸਲੀ ਹੈ। ਕਾਗਜ਼ ਦੇ ਢੱਕਣ ਉੱਤੇ ਦੋ ਜਾਂ ਤਿੰਨ ਹਫੇ ਹੋਏ ਬੈਠੇ ਹਨ। ਪਿਛਲੀ ਰਾਤ ਤੋਂ ਮਗਰੋਂ ਇੱਥੇ ਨਵਾਂ ਕਾਗਜ਼ ਦਾ ਢੱਕਣ ਹੈ। ਉਸਦੇ ਬਰਫੀਲੇ ਸਫ਼ੈਦ ਕਾਗਜ਼ ਵਿੱਚ ਝਾਲਰਾਂ ਲੱਗੀਆਂ ਹੋਈਆਂ ਹਨ ਤੇ ਉਹ ਇੱਕ ਕਿਨਾਰੇ ਤੋਂ ਲਹੂ ਰੰਗੇ ਗਾਰਡੀਨੀਆ ਫੁੱਲਾਂ ਦੇ ਰੰਗ ਨਾਲ਼ ਰੰਗਿਆ ਹੋਇਆ ਹੈ।
ਲਹੂ ਰੰਗੇ ਗਾਰਡੀਨੀਆ ਦੇ ਫੁੱਲ ਜਦੋਂ ਖਿੜਨਗੇ, ਖਜੂਰ ਦੇ ਰੁੱਖ ਸੋਹਣੇ ਪੱਤਿਆਂ ਨਾਲ਼ ਝੁਕਣਗੇ, ਉਦੋਂ ਉਹ ਛੋਟੇ ਗੁਲਾਬ ਦੇ ਫੁੱਲਾਂ ਦੇ ਸੁਪਨੇ ਦਾ ਇੱਕ ਵਾਰ ਫੇਰ ਸੁਪਨਾ ਵੇਖਣਗੇ… ਅਤੇ ਮੈਂ ਇੱਕ ਵਾਰ ਫੇਰ ਅੱਧੀ ਰਾਤ ਦਾ ਹਾਸਾ ਸੁਣਾਂਗਾ। ਮੈਂ ਕਾਹਲ਼ੀ ਨਾਲ਼ ਵਿਚਾਰਾਂ ਦੀ ਇਸ ਲੜੀ ਨੂੰ ਤੋੜਕੇ ਹਾਲੇ ਤੱਕ ਕਾਗਜ ਉੱਤੇ ਬੈਠੇ ਛੋਟੇ ਹਰੇ ਪਤੰਗਿਆਂ ਨੂੰ ਵੇਖਦਾ ਹਾਂ। ਸੂਰਜਮੁਖੀ ਦੇ ਬੀਜਾਂ ਵਾਂਗ ਆਪਣੇ ਵੱਡੇ ਸਿਰਾਂ ਅਤੇ ਛੋਟੀਆਂ ਪੂੰਛਾਂ ਨਾਲ਼ ਕਣਕ ਦੇ ਦਾਣੇ ਨਾਲ਼ੋਂ ਅੱਧੇ ਅਕਾਰ ਵਾਲੇ ਉਹ ਸਭ ਖਿੱਚਵੇਂ ਤੇ ਦਿਲ-ਹਲੂਣਵੇਂ ਹਰੇ ਹਨ।
ਮੈਂ ਅੰਗੜਾਈ ਲੈਂਦਾ ਹਾਂ, ਸਿਗਰਟ ਬਾਲ਼ਦਾ ਹਾਂ ਅਤੇ ਧੂੰਆਂ ਛੱਡਦਾ ਹਾਂ, ਲੈਂਪ ਸਾਹਮਣੇ ਇਹਨਾਂ ਹਰੇ ਅਤੇ ਸੰਵੇਦਨਸ਼ੀਲ ਨਾਇਕਾਂ ਨੂੰ ਮੌਨ ਸ਼ਰਧਾਂਜਲੀ ਦਿੰਦਾ ਹੋਇਆ।

  • ਮੁੱਖ ਪੰਨਾ : ਲੂ ਸ਼ੁਨ ਚੀਨੀ ਕਹਾਣੀਆਂ ਅਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ