Pattan Di Beri (Punjabi One-Act Play) : Balwant Gargi

ਪੱਤਣ ਦੀ ਬੇੜੀ (ਇਕਾਂਗੀ ਨਾਟਕ) : ਬਲਵੰਤ ਗਾਰਗੀ

ਪਾਤਰ

ਸੁਰਜੀਤ - ਇੱਕ ਮੁਹਾਣਾ
ਦੀਪੋ - ਉਸਦੀ ਪਤਨੀ
ਲਾਜੋ - ਉਸ ਦੀ ਭੈਣ
ਸੁੰਦਰ - ਉਸਦਾ ਮਿੱਤਰ
ਭੂਆ

ਪੱਤਣ ਦੀ ਬੇੜੀ (ਇਕਾਂਗੀ ਨਾਟਕ)

ਪਰਦਾ ਉਠਦਾ ਹੈ । ਸਤਲੁਜ ਦੇ ਕੰਢੇ ਇੱਕ ਕੁੱਲੀ । ਭਾਂਡੇ ਟੀਂਡੇ, ਅੰਗੀਠੀ, ਜੁੱਤੀਆਂ, ਖੇਸ, ਚੱਪੂ, ਰੱਸੇ ਤੇ ਜਾਲ ਪਏ ਹਨ । ਸਟੇਜ ਦੇ ਪਿੱਛੇ ਕਰਕੇ ਇੱਕ ਬੂਹਾ ਹੈ ਜੋ ਇੱਕ ਹਨੇਰੀ ਤੇ ਨੀਵੀਂ ਕੋਠੜੀ ਵਿੱਚ ਖੁਲ੍ਹਦਾ ਹੈ । ਇਸ ਕੋਠੜੀ ਵਿੱਚ ਮੰਜੀ ਉਤੇ ਭੂਆ ਪਈ ਖੰਘ ਰਹੀ ਨਜ਼ਰ ਆਉਂਦੀ ਹੈ ।
ਦੀਪੋ ਤੇ ਲਾਜੋ ਸਟੇਜ ਦੇ ਅਗੇਰੇ ਪਾਸੇ ਅੰਗੀਠੀ ਕੋਲ ਬੈਠੀਆਂ ਗੱਲਾਂ ਕਰ ਰਹੀਆਂ ਹਨ। ਬਾਹਰੋਂ ਹਵਾ ਦੀਆਂ ਸ਼ੂਕਰਾਂ ਤੇ ਲਹਿਰਾਂ ਦਾ ਸ਼ੋਰ ਸੁਣਾਈ ਦੇਂਦਾ ਹੈ ।

ਲਾਜੋ - ਦੀਪੋ ।

ਦੀਪੋ - ਹਾਂ ।

ਲਾਜੋ - ਭੂਆ ਖੰਘ ਨਾਲ ਮਰੀ ਜਾਂਦੀ ਏ। ਸ਼ੈਤ ਉਹਦਾ ਦਮ ਉਖੜ ਰਿਹਾ ਏ। ਕਦੇ ਕਦੇ ਜਦ ਸਾਹ ਉਖੜ ਜਾਂਦਾ ਏ ਤਾਂ ਮਸਾਂ ਮੁੜ ਆਂਦਾ ਏ।

ਦੀਪੋ - ਕਾੜ੍ਹਾ ਪਈ ਉਬਾਲਨੀ ਆਂ, ਪਰ ਅਜ ਜਿਵੇਂ ਅੱਗ ਵਿੱਚ ਤਾਅ ਈ ਨਹੀਂ ਹੁੰਦਾ। ਬਥੇਰੀਆਂ ਫੂਕਾਂ ਮਾਰਨੀ ਆਂ ਪਰ ਹਾਲੇ ਤੀਕ ਉਬਲਿਆ ਨਹੀਂ।

ਲਾਜੋ - ਇਸ ਕਾੜ੍ਹੇ ਦਾ ਕੀ ਫੈਦਾ

ਦੀਪੋ - ਕਿਉਂ ?

ਲਾਜੋ - ਦੋ ਦਿਨ ਹੋ ਗਏ ਨੇ ਇਹ ਕਾੜ੍ਹਾ ਪਲਾਂਦੇ ਪਲਾਂਸੇ ਕੋਈ ਅਰਾਮ ਨਹੀਂ ਆਇਆ, ਸਗੋਂ ਦਮ ਉਖੜਦਾ ਈ ਜਾਂਦਾ ਏ।

ਦੀਪੋ - ਫੇਰ ?

ਲਾਜੋ - ਜਾ ਕੇ ਕਾਂਸੀ ਵੈਦ ਤੋਂ ਉਹੋ ਦਵਾ ਲੈ ਆ ਜਿਹੜੀ ਉਸ ਪਿਛਲੀ ਵਾਰ ਦਿੱਤੀ ਸੀ ।

ਦੀਪੋ - ਰਾਤ ਬਹੁਤ ਭਿਜ ਚੁਕੀ ਏ ਤੇ ਬਾਹਰ ਦਰਿਆ ਚੜ੍ਹਿਆ ਹੋਇਆ ਏ, ਕੀਕਰ ਜਾਵਾਂ ?

ਲਾਜੋ - ਹੋਰ ਕਿਸਨੂੰ ਭੇਜੀਏ, ਘਰ ਹੋਰ ਕੋਈ ਹੈ ਵੀ ਤੇ ਨਹੀਂ।

ਦੀਪੋ - ਪਰ ਮੈਥੋਂ ਵੀ ਤੇ ਨਹੀਂ ਜਾ ਹੁੰਦਾ ।

ਲਾਜੋ - ਇਹ ਕਾੜ੍ਹਾ ਪਲਾਕੇ ਉਹਦੀ ਹਿਕ ਨੂੰ ਮਲ ਦੇ । ਸ਼ੈਤ ਲੇਪ ਨਾਲ ਕੁਝ ਗਰਮਾਈ ਹੋਵੇ। ਮੈਂ ਫੇਰ ਕਿਸੇ ਨੂੰ ਵੇਖਨੀ ਆਂ। ਹਾਏ ! ਦਰਿਆ ਕਿੱਡਾ ਚੜ੍ਹ ਆਇਆ ਏ ! ਛੱਲਾਂ ਸਾਡੀ ਕੁੱਲੀ ਦੀ ਕੁਖ ਤੀਕ ਪੁਜਦੀਆਂ ਨੇ। ਤੂੰ ਬੇੜੀ ਘਸੀਟ ਕੇ ਰੁਖ ਨਾਲ ਬੰਨ੍ਹ ਦਿੱਤੀ ਏ ?

ਦੀਪੋ - ਉਹ ਜੰਜੀਰ ਨਾਲ ਬੰਨ੍ਹੀ ਹੋਈ ਏ । ਉਸ ਨੂੰ ਕੁਝ ਨਹੀਂ ਹੋਣਾ।

(ਇਹ ਗੀਤ ਦੂਰੋਂ ਪੋਲੇ ਸੁਣਾਈ ਦੇਂਦਾ ਹੈ :

ਮੇਰੀ ਲਾ ਦੇ ਪੱਤਣ ਤੇ ਬੇੜੀ
ਪੈਰ ਤਲਾਸ਼ ਦੇ ਥੱਕ ਗਏ ਨੇ ।
ਨੈਣ ਉਮੀਦ ਦੇ ਪਕ ਗਏ ਨੇ ।
ਅਜੇ ਪਤਾ ਨਹੀਂ ਮਨਜ਼ਲ ਕੇਹੜੀ ?
ਮੇਰੀ ਲਾ ਦੇ ਪੱਤਣ ਤੇ ਬੇੜੀ ।
ਏਸ ਵੇਲੇ ਕੌਣ ਗਾਉਂ ਰਿਹਾ ਏ ?

ਦੀਪੋ - ਪਤਾ ਨਹੀਂ ਕੌਣ ?

ਲਾਜੋ - ਚੱਪੂਆਂ ਦੀ ਛੱਪ ਛੱਪ ਸੁਣਦੀ ਏਂ ।

ਦੀਪੋ - ਹਾਂ।

ਲਾਜੋ - ਪਿੰਡ ਦੇ ਸਾਰੇ ਮੁਹਾਣੇ ਆਪਣੀਆਂ ਆਪਣੀਆਂ ਬੇੜੀਆਂ ਖਿਚਕੇ ਕੰਢੇ ਲੈ ਗਏ, ਇਹ ਕੌਣ ਹੋਵੇਗਾ ?

ਦੀਪੋ - ਪਤਾ ਨਹੀਂ। ਦਰਿਆ ਬਹੁਤ ਆਫਰਿਆ ਹੋਇਆ ਏ ।

ਲਾਜੋ - ਹਾਂ, ਇਹ ਹਵਾ ਦੀਆਂ ਸ਼ੂਕਾਂ ਕਿੰਨੀਆਂ ਤੇਜ਼ ਹਨ, ਜਿਵੇਂ ਸਭ ਕਾਸੇ ਨੂੰ ਉਡਾ ਕੇ ਲੈ ਜਾਣਗੀਆਂ ।

ਦੀਪੋ - ਲਾਜੋ ! ਮੈਨੂੰ ਤੁਫ਼ਾਨ ਤੋਂ ਹਮੇਸ਼ ਡਰ ਆਉਂਦਾ ਏ।

ਲਾਜੋ - ਤੁਫ਼ਾਨ ਦੇ ਨਾਲ ਈ ਮੈਨੂੰ ਉਹ ਦਿਨ ਵੀ ਯਾਦ ਆ ਜਾਂਦਾ ਏ, ਜਿੱਦਣ ਮੇਰਾ ਵੀਰ ਤੈਨੂੰ ਛਡ ਕੇ ਇਸ ਕੁੱਲੀ ਤੋਂ ਬਾਹਰ ਨਿਕਲ ਗਿਆ ਸੀ।

ਦੀਪੋ - ਮੈਨੂੰ ਉਹ ਦਿਨ ਯਾਦ ਨਾ ਕਰਾ, ਲਾਜੋ ।

ਲਾਜੋ - ਮੈਨੂੰ ਉਹ ਦਿਨ ਭੁਲਦਾ ਈ ਨਹੀਂ। ਮੈਂ ਤਾਂ ਕਈ ਵਾਰ ਆਖਿਆ ਏ ਜੁ ਇਹ ਕੁੱਲੀ ਮਨਹੂਸ ਏ, ਅਸੀਂ ਏਸ ਨੂੰ ਛੱਡ ਜਾਈਏ ਪਰ ਤੂੰ ਨਹੀਂ ਮੰਨਦੀ।

ਦੀਪੋ - ਮੈਨੂੰ ਏਸ ਮਨਹੂਸ ਕੁੱਲੀ ਨਾਲ ਪਿਆਰ ਏ । ਏਥੇ ਬਹੁਤ ਸਾਰੀਆਂ ਯਾਦਾਂ ਦਬੀਆਂ ਹਨ । ਮੈਂ ਏਸ ਕੁੱਲੀ ਵਿੱਚ ਪੂਰੇ ਛੀ ਵਰ੍ਹੇ ਬਿਤਾਏ ਨੇ ।

ਲਾਜੋ - ਏਸ ਮਨਹੂਸ ਕੁੱਲੀ ਵਿੱਚ ਤੇਰਾ ਪੁਤਰ ਮਰ ਗਿਆ ।

ਦੀਪੋ - ਹਾਂ ਮੇਰਾ ਨਿੱਕਾ ਲਾਲ ਏਥੇ ਮੋਇਆ ਸੀ, ਮੈਂ ਉਸਨੂੰ ਤ੍ਰਕਾਲੀਂ ਚੁਕਕੇ ਇੱਥੋਂ ਦਸ ਕਰਮਾਂ ਉਤੇ ਈ ਇੱਕ ਨਿੱਕੀ ਜਹੀ ਮੜ੍ਹੀ ਵਿੱਚ ਦਬਿਆ ਸੀ। ਮੈਂ ਏਸ ਕੁੱਲੀ ਨੂੰ ਕੀਕਰ ਛਡ ਸਕਣੀ ਆਂ ਲਾਜੋ ?

ਲਾਜੋ - ਮੇਰਾ ਤਾਂ ਜੀ ਡਰਦਾ ਏ, ਆਪਣਾ ਅੰਦਰ ਖਾਣ ਨੂੰ ਆਂਦਾ ਏ।

ਦੀਪੋ - ਹਨ੍ਹੇਰੇ ਸਵੇਰੇ ਮੈਂ ਉਸ ਨਿੱਕੀ ਜਹੀ ਮੜ੍ਹੀ ਨੂੰ ਵੇਖਣੀ ਆਂ। ਮੇਰੀ ਆਂਦਰ ਉਥੇ ਦਬੀ ਪਈ ਏ। ਮੇਰਾ ਮਨ ਵੀ ਇੱਕ ਵਡੀ ਮੜ੍ਹੀ ਏ, ਜਿੱਥੇ ਅਨਗਿਣਤ ਆਸਾਂ ਤੇ ਯਾਦਾਂ ਦਬੀਆਂ ਪਈਆਂ ਹਨ।

ਲਾਜੋ - ਛੱਡ ਇਨ੍ਹਾਂ ਗੱਲਾਂ ਨੂੰ । ਜਾ ਲਾਲਟੈਣ ਲੈ ਕੇ ਜਾ ਤੇ ਕਾਂਸੀ ਵੈਦ ਤੋਂ ਬੂਟੀ ਲੈ ਆ ।

ਦੀਪੋ - ਮੈਂ ਲਾਲਟੈਣ ਬਾਲ ਲਵਾਂ। ਇਹ ਦੀਵਾ ਤਾਂ ਬਾਹਰ ਹਵਾ ਵਿੱਚ ਬੁਝ ਜਾਵੇਗਾ।

ਲਾਜੋ - ਮੈਂ ਉਦੋਂ ਤੀਕ ਭੂਆ ਕੋਲ ਬੈਠਣੀਆਂ ।

ਦੀਪੋ - ਡੱਬੀ ਕਿੱਥੇ ਐ ?

ਲਾਜੋ - ਆਹ ਲੈ ।

ਦੀਪੋ - (ਤੀਲੀ ਬਾਲਕੇ) ਲਾਲਟੈਣ ਨਾਲ ਸਾਰੀ ਝੁੱਗੀ ਵਿੱਚ ਚਾਨਣਾ ਹੋ ਗਿਆ ਏ ।

ਲਾਜੋ - ਪਰ ਚਾਨਣਾ ਟਿਕਵਾਂ ਨਹੀਂ। ਕੁੱਲੀ ਦੀ ਖੱਬੀ ਕੰਧ ਦੀਆਂ ਝੀਤਾਂ 'ਚੋਂ ਹਵਾ ਅੰਦਰ ਆਉਂਦੀ ਏ।

ਦੀਪੋ - ਇਸ ਝੁੱਗੀ ਵਿੱਚ ਕਿੰਨੀਆਂ ਚੀਜ਼ਾਂ ਦੀ ਛਾਂ ਏ। ਹਰ ਵੇਲੇ ਮੈਂ ਯਾਦਾਂ ਦੀ ਛਾਂ ਹੇਠ ਦਬੀ ਰਹੀ ਆਂ-ਇਹ ਚੱਪੂ ਦੇ ਦੋ ਟੋਟੇ ਪਏ ਨੇ-ਸੁਰਜੀਤ ਇਸ ਚੱਪੂ ਦੇ ਸਹਾਰੇ ਕਈ ਵੇਰ ਪਾਰਲੇ ਕੰਢੇ ਗਿਆ ਸੀ !

ਲਾਜੋ - ਉਹ ਤੇਰੇ ਚਾਲਿਆਂ ਤੋਂ ਅੱਕ ਕੇ ਚਲਿਆ ਗਿਆ।

ਦੀਪੋ - ਮੇਰੇ ਚਾਲੇ ?

ਲਾਜੋ - ਹੋਰ ? ਨੀ ਤੂੰ ਸੁੰਦਰ ਦੇ ਪਿਆਰ ਵਿੱਚ ਕਿਵੇਂ ਗਰਕ ਗਈ, ਜਦ ਤੈਨੂੰ ਪਤਾ ਸੀ ਕਿ ਸੁਰਜੀਤ ਵੀਰ ਤੈਨੂੰ ਅੰਤਾਂ ਦਾ ਪਿਆਰ ਕਰਦਾ ਏ । ਸਾਰੇ ਪਿੰਡ ਦੇ ਸਾਰੇ ਮੁਹਾਣੇ ਇੱਕ ਪਾਸੇ ਤੇ ਸੁਰਜੀਤ ਵੀਰ ਇੱਕ ਪਾਸੇ। ਸਭਨਾ ਦੇ ਆਖਣ ਸੁਣਨ ਤੇ ਵੀ ਉਹ ਤੈਨੂੰ ਲੈ ਆਇਆ।

ਦੀਪੋ - ਮੈਂ ਵੀ ਸਭਨਾਂ ਨੂੰ ਛਡਕੇ, ਸਾਰੇ ਪਿੰਡ ਦੇ ਸੋਹਣੇ ਜਵਾਨ ਨੂੰ ਰੋੜ੍ਹ ਕੇ ਉਸ ਨਾਲ ਲੱਗੀ ਆਈ।

ਲਾਜੋ - ਏਸੇ ਕਰਕੇ ਤਾਂ ਉਹ ਤੇਰੇ ਲਈ ਜਾਨ ਦਿੰਦਾ ਸੀ। ਉਹ ਤੇਰੀ ਹਰ ਗੱਲ ਮਾਫ਼ ਕਰ ਦੇਂਦਾ, ਪਰ ਤੂੰ ਉਸ ਦੇ ਆਪਣੇ ਮਿਤਰ ਸੁੰਦਰ ਨਾਲ ਹੀ ਇਸ਼ਕ ਕਮਾਣ ਲੱਗੀ। ਡੈਣ ਵੀ ਇਕ ਘਰ ਛੱਡ ਦਿੰਦੀ ਐ।

ਦੀਪੋ - ਲਾਜੋ ! ਲਾਜੋ !! ਰੱਬ ਦੇ ਵਾਸਤੇ ਚੁਪ ਕਰ ! ਚੁਪ ਕਰ !

ਲਾਜੋ - ਤੇਰੇ ਏਸ ਕਾਰੇ ਨੇ ਮੇਰੇ ਵੀਰ ਨੂੰ ਸਦਾ ਲਈ ਮੇਰੇ ਕੋਲੋਂ ਨਖੇੜ ਦਿੱਤਾ !

ਦੀਪੋ - ਲਾਜੋ ! ਲਾਜੋ !! ਮੈਨੂੰ ਬੇੜੀ ਦੀ ਸਹੁੰ ! ਮੈਨੂੰ ਪੱਤਣ ਦੀ ਸਹੁੰ! ਸੁੰਦਰ ਨਾਲ ਮੇਰਾ ਕੋਈ ਅਜੇਹਾ ਪਿਆਰ ਨਹੀਂ ਸੀ।

ਲਾਜੋ - ਨੀ ਝੱਲੀਏ, ਪਿਆਰ ਦੀਆਂ ਵੀ ਕਿਤੇ ਕਿਸਮਾਂ ਹੁੰਦੀਆਂ ਨੇ। ਪਿਆਰ ਵੀ ਕੋਈ ਕਪੜਾ ਜਾਂ ਫੁਲ ਏ ਜੋ ਵਖਰੀ ਵਖਰੀ ਭਾਂਤ ਦਾ ਹੋਵੇ। ਝੱਲੀਏ, ਪਿਆਰ ਪਿਆਰ ਏ ਜਿਵੇਂ ਸਤਲੁਜ ਦਾ ਪਾਣੀ ਪਾਣੀ ਏ । ਤੈਨੂੰ ਸੁੰਦਰ ਨਾਲ ਪਿਆਰ ਸੀ।

ਦੀਪੋ - ਨਹੀਂ-ਨਹੀਂ !

ਲਾਜੋ - ਮੈਨੂੰ ਪਤਾ ਏ ।

ਦੀਪੋ - ਤੂੰ ਮੇਰੀ ਪੱਤ ਨਾ ਲਾਹ ਲਾਜੋ । ਤੂੰ ਆਪੂੰ ਪਿਆਰ ਦੀ ਮਾਰੀ ਏਂ, ਤੇਰਾ ਮਾਹੀ ਤਾਪ ਨਾਲ ਮਰ ਗਿਆ। ਉਸਦੇ ਪਿਆਰ ਮਾਰੇ ਤੂੰ ਵਿਆਹ ਨਾ ਕੀਤਾ । ਤੈਨੂੰ ਪਿਆਰ ਦੀ ਸਹੁੰ, ਤੂੰ ਇੰਜ ਨ ਆਖ ।

ਲਾਜੋ - ਹੁਣ ਵੀ ਜਦ ਸੁੰਦਰ ਕਦੀ ਨਜਰ ਆਉਂਦਾ ਏ, ਤਾਂ ਤੂੰ ਕੰਬ ਉਠਦੀ ਏਂ । ਤੀਵੀਂ ਨੂੰ ਚਾਹੀਦਾ ਏ ਕਿ ਉਹ ਕਿਸੇ ਇੱਕ ਦੀ ਹੋਕੇ ਰਹੇ।

ਦੀਪੋ - ਮੈਨੂੰ ਪਤਾ ਏ ਮੈਂ ਸੁਰਜੀਤ ਦੀ ਆਂ, ਉਸੇ ਦੀ ਹੋਕੇ ਰਹੀ ਹਾਂ ਪਰ ਲਾਜੋ, ਕਿਸੇ ਹੋਰ ਆਦਮੀ ਲਈ ਦਿਲ ਵਿੱਚ ਰਤਾ ਜਿੰਨਾ ਖ਼ਿਆਲ ਲਿਆਣਾ ਵੀ ਪਾਪ ਏ ਕੀ ? ਇੱਕ ਨਿੱਕੀ ਜਹੀ ਘੁੰਮਣ-ਘੇਰੀ, ਇੱਕ ਆਪ ਮੁਹਾਰੀ ਛੱਲ-

ਲਾਜੋ - ਹਾਂ !

ਦੀਪੋ - ਮੈਂ ਇਸ ਮਨ ਦਾ ਕੀ ਕਰਾਂ ? ਮੈਂ ਇਸਨੂੰ ਬੰਨ੍ਹ ਕੇ ਰਖਿਆ ਏ-ਨੂੜ ਕੇ, ਤੂਫਾਨਾ ਤੋਂ ਬਚਾਕੇ-ਛੱਲਾਂ ਤੋਂ ਹਟਾ ਕੇ, ਪੱਤਣ ਦੇ ਕੰਢੇ ਇੱਕ ਥਾਂ ਉਸ ਬੇੜੀ ਵਾਂਗ ਜਿਸ ਨੂੰ ਦਰਿਆ ਦੀਆਂ ਛੱਲਾਂ ਛੋਹਂਦੀਆਂ ਸਨ, ਪਰ ਠੇਲ੍ਹ ਨਹੀਂ ਸਕਦੀਆਂ। ਇਸ ਤੋਂ ਵੀ ਸੁਰਜੀਤ ਏਡਾ ਹਰਖੀ ਕਿਉਂ ਸੀ । ਉਸ ਨੂੰ ਤਾਂ ਪਤਾ ਸੀ ਕਿ ਮੈਂ ਉਸਦੀ ਹਾਂ। ਲਾਜ - ਪਿਆਰ ਵਿੱਚ ਕਿਸੇ ਮਰਦ ਦਾ ਮਨ ਧੋਖਾ ਨਹੀਂ ਖਾਂਦਾ। ਤੂੰ ਸੁੰਦਰ ਨੂੰ ਪਿਆਰ ਕਰਦੀ ਸੈਂ। ਤੇਰੀਆਂ ਅੱਖਾਂ ਵਿੱਚ ਉਹ ਪਿਆਰ ਉਛਾਲਾ ਏ। ਜੋ ਕਿਸੇ ਵੀ ਮਰਦ ਨੂੰ ਸਾਰੀ ਉਮਰ ਲਈ ਪਾਗਲ ਬਣਾਨ ਲਈ ਮੁਕਦਾ ਨਹੀਂ। ਤੂੰ ਸੁੰਦਰ ਨੂੰ ਪਿਆਰ ਕਰਦੀ ਸੈਂ।

ਦੀਪੋ - ਪਰ ਮੈਂ ਇਸ ਮਨ ਦਾ ਕੀ ਕਰਾਂ, ਏਸ ਵਿੱਚ ਮੇਰਾ ਕੀ ਕਸੂਰ ਜੋ ਮੇਰਾ ਮਨ ਇਹੋ ਜਿਹਾ ਹੈ । ਰੱਬ ਨੇ ਇਸ ਨੂੰ ਏਸੇ ਤਰ੍ਹਾਂ ਦਾ ਬਣਾਇਆ ਹੈ ? ਭਲਾ ਦੱਸ ਇਸ ਵਿੱਚ ਮੇਰਾ ਕੀ ਗੁਨਾਹ ਜੇ ਮੇਰੇ ਕੰਨ ਸਿਪੀਆਂ ਵਰਗੇ ਨੇ, ਜੋ ਮੇਰਾ ਨੱਕ ਛੋਟਾ ਏ, ਜੋ ਮੇਰੀ ਗਰਦਣ ਲੰਮੀ ਏ ? ਮੈਂ ਇਸ ਦਾ ਕੀ ਇਲਾਜ ਕਰਾਂ ? ਮੇਰਾ ਦਿਲ ਵੀ ਏਸੇ ਤਰ੍ਹਾਂ ਹੈ, ਰੱਬੋਂ ਹੀ ਏਕਰ ਬਣਿਆ ਹੋਇਆ ਏ, ਵੇਗ ਨਾਲ ਛਕਿਆ ਹੋਇਆ । ਹਾਏ! ਜੇ ਮੇਰਾ ਨੱਕ ਵੱਡਾ ਹੁੰਦਾ ਤੇ ਮੇਰੇ ਮੂੰਹ ਉਤੇ ਮਾਤਾ ਦੇ ਦਾਗ ਹੁੰਦੇ ਤੇ ਮੱਥੇ ਉਤੇ ਕੋਈ ਕਾਲਾ ਚਟਾਕ ਹੁੰਦਾ ਤਾਂ ਮੈਨੂੰ ਕੋਈ ਪਿਆਰ ਨਾ ਕਰਦਾ ਤੇ ਨਾ ਈ ਸੁੰਦਰ-

ਲਾਜੋ - ਐਵੇਂ ਕੁਬੋਲ ਨਾਂ ਪਈ ਬੋਲ ।

ਦੀਪੋ - ਸੁੰਦਰ ਦੇ ਪਿਆਰ ਵਿੱਚ ਮੈਂ ਉਕਾ ਨਹੀਂ ਜਾਣਦੀ, ਕੀ ਏ । ਪਰ ਉਹ ਸਬਨਾਂ ਨਾਲੋਂ ਵੱਖ ਏ। ਉਹ ਘਟ ਬੋਲਦਾ ਏ, ਬਸ ਖੜੋਤਾ ਰਹਿੰਦਾ ਏ-ਮੇਰੇ ਵਲ ਵਿੰਹਦਾ ਏ-ਅਭੋਲ-ਹਾਏ ਰੱਬਾ, ਮੈਨੂੰ ਬਖ਼ਸ਼ੀਂ ! ਮੈਂ ਕਿਹੋ ਜਹੀਆਂ ਗੱਲਾਂ ਕਰਨ ਲਗ ਪਈ ਆਂ।

ਲਾਜੋ - ਹੁਣ ਤੂੰ ਸੁੰਦਰ ਨੂੰ ਕਦੀ ਨਹੀਂ ਮਿਲੀ ?

ਦੀਪੋ - ਕਦੀ ਨਹੀਂ । ਉਹ ਕੋਲ ਦੀ ਲੰਘ ਜਾਂਦਾ ਏ, ਮੈਂ ਘਾਟ ਤੋਂ ਬੇੜੀ ਠੇਲ੍ਹ ਕੇ ਉਸ ਦੇ ਨੇੜੇ ਦੀ ਲੰਘ ਆਉਂਦੀ ਆਂ। ਬਸ ਉਸਨੂੰ ਵੇਖਕੇ ਸਾਰੇ ਸਰੀਰ ਵਿੱਚ ਝੁਣਝੁਣੀਆਂ ਜਹੀਆਂ ਦੌੜ ਜਾਂਦੀਆਂ ਹਨ, ਜੀਭ ਤਾਲੂ ਨਾਲ ਜਾ ਲਗਦੀ ਏ। ਹੁਣ ਮੈਂ ਉਸਨੂੰ ਕਦੀ ਵੀ ਨਹੀਂ ਬੁਲਾਵਾਂਗੀ।

ਲਾਜੋ - ਬੁਲਾਣ ਵਿੱਚ ਕੋਈ ਡਰ ਨਹੀਂ।

ਦੀਪੋ - ਮੈਨੂੰ ਉਂਜ ਈ ਡਰ ਆਉਂਦਾ ਏ ।

ਲਾਜੋ - ਉਸ ਤੋਂ ?

ਦੀਪੋ - ਨਹੀਂ ਆਪਣੇ ਆਪ ਤੋਂ, ਆਪਣੇ ਵੇਗ ਤੋਂ ਆਪਣੇ ਭਾਗਾਂ ਤੋਂ ਡਰਦੀ ਹਾਂ ਮੈਂ ।

ਲਾਜੋ - ਕਿਉਂ ?

ਦੀਪੋ - ਮੈਂ ਸੁੰਦਰ ਨੂੰ ਕਦੀ ਮੈਲੀ ਅੱਖ ਨਾਲ ਨਹੀਂ ਤਕਿਆ ।

ਲਾਜੋ - ਤੇ ਉਸ ਰਾਤ ਚੇਤੇ ਐ, ਕੀ ਹੋਇਆ ਸੀ ?

ਦੀਪੋ - ਕੁਝ ਵੀ ਨਹੀਂ । ਬਸ ਉਂਜ ਈ ਸੁੰਦਰ ਨਾਲ ਖੜੀ ਖੜੀ ਗੱਲਾਂ ਕਰ ਰਹੀ ਸਾਂ। ਸੁਰਜੀਤ, ਨਟ ਨਟਣੀ ਦਾ ਤਮਾਸ਼ਾ ਵੇਖਣ ਗਿਆ ਹੋਇਆ ਸੀ, ਅਖਾੜੇ ਵਿੱਚ ਜਿੱਥੇ ਮਸ਼ਾਲਚੀ ਵਡੀਆਂ ਵਡੀਆਂ ਮਸ਼ਾਲਾਂ ਲਈ ਖੜੇ ਤਮਾਸ਼ਾ ਵਿਖਾ ਰਹੇ ਸਨ । ਮੈਂ ਸੁੰਦਰ ਦੇ ਬਹੁਤ ਨੇੜੇ ਖੜੋ ਗਈ । ਸੁੰਦਰ ਉਸ ਦਿਨ ਦਰਿਆ ਦੇ ਉਪਰਲੇ ਪਾਸੇ ਬੇੜੀ ਲੈ ਕੇ ਗਿਆ ਸੀ ! ਉਸਨੂੰ ਸਾਹ ਚੜ੍ਹਿਆ ਹੋਇਆ ਸੀ ਤੇ ਉਸ ਦੇ ਡੌਲੇ, ਜਿਨ੍ਹਾਂ ਦੀਆਂ ਮੱਛੀਆਂ ਆਕੜੀਆਂ ਹੋਈਅ ਸਨ ਨਿਕੇ ਦੀਵੇ ਦੀ ਲਾਟ ਵਿੱਚ ਬੜੇ ਸੋਹਣੇ ਲਗਦੇ ਸਨ।

ਲਾਜੋ - ਇਹ ਮਰਦਾਂ ਦੇ ਡੌਲੇ ਈ ਤੀਵੀਂ ਨੂੰ ਮਾਰਦੇ ਹਨ ।

ਦੀਪੋ - ਮੈਂ ਉਸ ਦਿਆਂ ਡੌਲਿਆਂ ਨੂੰ ਟੋਹਿਆ, ਉਂਜੇ ਈ ਵੇਖਣ ਲਈ, ਪੱਥਰ ਵਰਗੇ ਕਰੜੇ ਸਨ, ਵਟਿਆਂ ਵਰਗੇ—ਜੀ ਕੀਤਾ ਉਨ੍ਹਾਂ ਨੂੰ ਚੱਬ ਸੁਟਾਂ ।

ਲਾਜੋ - ਝੱਲੀਏ, ਇਹ ਤਾਂ ਪਿਆਰ ਏ ।

ਦੀਪੋ - ਮੈਂ ਉਂਜੇ ਈ ਉਨ੍ਹਾਂ ਨੂੰ ਟੋਹਿਆ, ਉਸ ਮੇਰੀ ਗਲ੍ਹ ਹੇਠ ਏਥੇ ਗਰਦਣ ਨੂੰ ਜਿੱਥੇ ਮੇਰੇ ਵਾਲਾਂ ਦੀ ਇੱਕ ਲਟੂਰੀ ਖਿਲਰੀ ਪਈ ਸੀ-ਆਪਣੀਆਂ ਉਂਗਲਾਂ ਨਾਲ ਛੋਹਿਆ । ਉਸ ਰਾਤ ਹਵਾ ਦੇ ਝੱਖੜ ਏਸੇ ਤਰ੍ਹਾਂ ਸਨ, ਤੇ ਦਰਿਆਂ ਵਿੱਚ ਪਾਣੀ ਵੀ ਇਸੇ ਤਰ੍ਹਾਂ ਚੜ੍ਹ ਰਿਹਾ ਸੀ। ਉਸਦੀ ਛੋਹ ਨਾਲ ਮੈਂ ਵਾਲ ਵਾਲ ਕੰਬ ਗਈ, ਉਸਦੀ ਪਹਿਲੀ ਛੋਹ-ਤੇ ਮੈਂ ਅੱਖਾਂ ਮੀਟਕੇ ਉਸਦੀ ਹਿਕ ਤੇ ਸਿਰ ਰਖਿਆ-ਉਸ ਵੇਲੇ ਪਿੱਛੋਂ ਤੇਰਾ ਭਰਾ ਆ ਖੜੋਤਾ- ਉਸ ਦੀਆਂ ਅੱਖਾਂ ਭੱਖ ਉਠੀਆਂ-ਉਸ ਦੇ ਹੱਥ ਵਿੱਚ ਚੱਪੂ ਸੀ-ਉਹ ਬੇੜੀ ਠੇਲ੍ਹਕੇ ਸਿੱਧਾ ਈ ਨਟਾਂ ਦੇ ਅਖਾੜੇ ਜਾ ਵੜਿਆ ਸੀ-ਮੈਨੂੰ ਵੇਖਕੇ ਉਸ ਚੱਪੂ ਉਤਾਂਹ ਚੁਕਿਆ-ਉਸ ਦਾ ਸਾਰਾ ਸਰੀਰ ਆਕੜ ਗਿਆ- ਪਾਗਲਾਂ ਵਾਂਗ ਚੀਕਿਆ-ਤੇ ਉਸ ਚੱਪੂ ਨੂੰ ਕੰਧ ਨਾਲ ਮਾਰਿਆ, ਚੱਪੂ ਦੋ ਟੋਟੇ ਹੋਕੇ ਡਿਗ ਪਿਆ-

ਲਾਜੋ - ਫੇਰ ਉਹ ਚਲਿਆ ਗਿਆ ?

ਦੀਪੋ - ਮੈਂ ਉਸ ਦੇ ਮਗਰ ਦੌੜੀ- ਮੈਂ ਉਸਦਾ ਝੱਗਾ ਫੜਿਆ-ਮੈਂ ਉਸਦੀਆਂ ਮਿੰਨਤਾਂ ਕੀਤੀਆਂ, ਮੈਂ ਉਸ ਅੱਗੇ ਕੀਰਨੇ ਪਾਏ ਕਿ ਸੁੰਦਰ ਤੇ ਮੇਰੇ ਵਿੱਚ ਕੋਈ ਗੱਲ ਨਹੀਂ, ਪਰ ਉਹ ਨ ਮੰਨਿਆਂ।

ਲਾਜੋ - ਜਿੱਥੇ ਪਿਆਰ ਬਹੁਤਾ ਹੋਵੇ, ਉਥੇ ਸ਼ੱਕ ਵੀ ਵਧੇਰੇ ਹੁੰਦਾ ਏ ।

ਦੀਪੋ - ਉਸ ਬੇੜੀ ਖੋਲ੍ਹੀ ਤੇ ਆਪ-ਮੁਹਾਰੇ ਤੁਫ਼ਾਨ ਵਿੱਚ ਠੇਲ੍ਹ ਦਿੱਤੀ।

ਲਾਜੋ - ਮੈਨੂੰ ਵੀ ਚੰਗੀ ਤਰ੍ਹਾਂ ਯਾਦ ਏ । ਉਸ ਪਿੱਛੋਂ ਭੂਆ ਨੂੰ ਖੰਘ ਤੇ ਤਾਪ ਦੇ ਦੌਰੇ ਬਹੁਤ ਹੋ ਗਏ, ਤੇ ਮੇਰੀ ਵੱਖੀ ਵਿੱਚ ਚੀਸਾਂ ਵਧ ਗਈਆਂ।

ਦੀਪੋ - ਉਸ ਰਾਤ ਮੈਂ ਉਡੀਕਦੀ ਰਹੀ । ਪਾਣੀ ਪਥਰਾਂ ਨਾਲ ਟੱਕਰਾਂ ਮਾਰ ਮਾਰ ਕੁਰਲਾਂਦਾ ਰਿਹਾ ਤੇ ਝੱਗਾਂ ਸੁਟਦਾ ਰਿਹਾ, ਪਰ ਉਸ ਦਾ ਕੁਝ ਪਤਾ ਨਾ ਲੱਗਾ।

ਲਾਜੋ - ਫੇਰ ਦਰਿਆ ਲੱਥਾ ਤਾਂ ਵੀਰ ਦੀ ਜੁੱਤੀ, ਤਹਿਮਤ ਤੇ ਪੱਗ ਰੁੜ੍ਹਦੇ ਤਰਦੇ ਕੰਢੇ ਉੱਤੇ ਪਏ ਮਿਲੇ, ਚਿਕੱੜ ਨਾਲ ਲਿਬੜੇ ਹੋਏ।

ਦੀਪੋ - ਹਾਏ ! ਮੈਨੂੰ ਯਾਦ ਨਾ ਦਵਾ ਉਹ ਦਿਨ । ਮੈਂ ਉਸਦੀਆਂ ਉਹ ਤਿੰਨੇ ਚੀਜ਼ਾਂ ਚੁਕੀਆਂ ਤੇ ਸੁਕਾ ਕੇ ਇੱਕ ਨਿੱਕੀ ਜਿਹੀ ਟਰੰਕੀ ਵਿੱਚ ਬੰਦ ਕਰ ਦਿੱਤੀਆਂ । ਏਸੇ ਲਈ ਮੈਂ ਇਸ ਝੁੱਗੀ ਨੂੰ ਛਡਕੇ ਨਹੀਂ ਜਾਂਦੀ। ਮੈਂ ਸੁੰਦਰ ਨੂੰ ਕਦੇ ਝੁੱਗੀ ਦੇ ਅੰਦਰ ਨਹੀਂ ਆਉਣ ਦਿੱਤਾ ! ਮੈਂ ਦੁਆਵਾਂ ਮੰਗਦੀ ਰਹੀ ਕਿ ਜੇ ਕਦੀ ਸੁਰਜੀਤ ਮੁੜ ਆਵੇ ਤੇ ਵੇਖੇ ਕਿ ਮੈਂ ਉਹਦੀ ਯਾਦ ਵਿੱਚ ਕੇਡੀ ਖਰੀ ਆਂ !

ਲਾਜੋ - ਹੁਣ ਵੀਰੇ ਦੀ ਬਸ ਯਾਦ ਰਹਿ ਗਈ ਏ, ਉਸ ਕਦੇ ਨਹੀਂ ਆਉਣਾ।

ਦੀਪੋ - ਮੈਂ ਹੁਣ ਤੀਕ ਸੁਰਜੀਤ ਦਾ ਧਿਆਨ ਕਰਦੀ ਰਹੀ ਆਂ। ਮੇਰੀ ਗਲਤੀ ਕਰਕੇ ਹੀ ਉਹ ਚਲਾ ਗਿਆ, ਸਦਾ ਲਈ ਭੁਲੇਖੇ ਨਾਲ-ਸ਼ੈਤ ।

(ਭੂਆ ਜ਼ੋਰ ਦੀ ਖੰਘਦੀ ਹੈ।)

ਲਾਜੋ - ਜਾ ! ਤੇ ਜਾਕੇ ਕਾਂਸੀ ਵੈਦ ਤੋਂ ਦਵਾ ਲੈ ਆ। ਕਿਤੇ ਰਾਤ ਨੂੰ ਈ ਨਾ ਦਮ ਤੋੜ ਦੇਵੇ ! ਭੂਆ ਨੂੰ ਕਾਂਸੀ ਵੈਦ ਦੀ ਦਵਾਈ ਰਾਸ ਆਉਂਦੀ ਏ ।

ਦੀਪੋ - ਦਰਿਆ ਬਹੁਤ ਚੜ੍ਹ ਆਇਆ ਏ । ਪਾਣੀ ਦੀਆਂ ਘਰਾਲਾਂ ਵਗਦੀਆਂ ਹਨ-ਕਾਂਸੀ ਵੈਦ ਦਾ ਘਰ ਇਹ ਨਿਵਾਣ ਲੰਘ ਕੇ ਐ ਤੇ ਇਹ ਨਿਵਾਣ ਪਾਣੀ ਨਾਲ ਡੱਕੀ ਹੋਈ ਏ !

(ਪਾਣੀ ਦੀਆਂ ਛੱਲਾਂ ਦੀ ਆਵਾਜ਼ ਨਾਲ ਈ ਪੋਲੇ ਪੋਲੇ ਗਾਉਣ ਦੀ ਆਵਾਜ਼ ਨੇੜੇ ਆਉਂਦੀ ਹੈ—

‘ਮੇਰੀ ਲਾ ਦੇ ਪੱਤਣ ਤੇ ਬੇੜੀ.....

ਦੀਪੋ - ਇਹ ਤਾਂ ਸੁੰਦਰ ਏ ! ਆਪਣੀ ਬੇੜੀ ਘੜੀਸ ਕੇ ਰੁੱਖ ਨਾਲ ਬੰਨ੍ਹ ਰਿਹਾ ਏ।

ਲਾਜੋ - ਏਸਨੂੰ ਆਖ, ਇਹ ਕਾਂਸੀ ਵੈਦ ਨੂੰ ਸਦ ਲਿਆਵੇਗਾ ।

ਦੀਪੋ - ਤੂੰ ਆਖ ਦੇ ।

ਲਾਜੋ - (ਹਾਕ ਮਾਰਕੇ) ਸੁੰਦਰਾ ! ਵੇ ਸੁੰਦਰਾ !

ਦੀਪੋ - ਮੇਰਾ ਜੀ ਘਿਰਦਾ ਏ-ਪੈਰਾਂ ਹੇਠ ਇੱਕ ਝਰਣਾਟ ਜਹੀ ਦੌੜ ਗਈ।

ਲਾਜੋ - ਤੂੰ ਜਾ ਦੀਪੀਏ ! ਜਾ ਕੇ ਭੂਆ ਨੂੰ ਪੱਟੀ ਬੰਨ੍ਹ । ਮੈਂ ਸੁੰਦਰ ਨੂੰ ਆਖਨੀ ਆਂ ਕਿ ਕਾਂਸੀ ਵੈਦ ਨੂੰ ਬੁਲਾ ਲਿਆਏ । ਉਸ ਮੇਰੀ ਗੱਲ ਨਹੀਂ ਮੋੜਨੀ । ਹੁਣੇ ਬਿਜਲੀ ਲਿਸ਼ਕੀ ਸੀ । ਪੱਤਣ ਤੇ ਤੁਰਿਆ ਆਉਂਦਾ ਇਹ ਸੁੰਦਰ ਈ ਏ ।

ਦੀਪੋ - ਭੂਆ ਕੋਲ ਮੈਂ ਜਾਨੀ ਆਂ

ਲਾਜੋ - ਤੂੰ ਜਾ

ਦੀਪੋ - ਜਾਨੀ ਆਂ । ਸ਼ੈਤ ਮੀਂਹ ਵਰ੍ਹ ਰਿਹਾ ਏ ।

ਲਾਜੋ - ਨਹੀਂ, ਐਵੇਂ ਨਿਕੀ ਨਿਕੀ ਭੂਰ ਏ, ਖੌਰੇ ਦਰਿਆ ਦੀਆਂ ਛੱਲਾਂ ਦੀ ਫੁਹਾਰ ਏ। ਲਿਆ ਲਾਲਟੈਣ ਮੈਨੂੰ ਫੜਾ, ਮੈਂ ਖਿੜਕ ਲਾਹਵਾਂ।

ਦੀਪੋ - ਬਹੁਤ ਭੱਕ ਭੱਕ ਕਰਨ ਨਾਲ ਇਸਦੀ ਚਿਮਨੀ ਦੀ ਉਪਰਲੀ ਕਿੰਗਰੀ ਕਾਲੀ ਸ਼ਾਹ ਹੋ ਗਈ ਏ। ਲਿਆ ਰਤਾ ਸਾਫ ਕਰ ਦੇਵਾਂ ।

ਲਾਜੋ - ਨਹੀਂ ਬਾਹਰ ਰਾਤ ਕਾਲੀ ਏ। ਇਸਦਾ ਚਾਨਣਾ ਮੁਕਦਾ ਨਹੀਂ।

ਦੀਪੋ - ਹਲਾ, ਮੈਂ ਜਾਨੀ ਆਂ ਫੇਰ ਭੂਆ ਨੂੰ ਵੇਖਣ ।

(ਲਾਜੋ ਖਿੜਕ ਖੋਲ੍ਹਦੀ ਹੈ । ਸੁੰਦਰ ਅੰਦਰ ਆਉਂਦਾ ਹੈ ।)

ਸੁੰਦਰ - ਹਫ਼..ਫ... ਫ ... ਦਰਿਆ ਵਿੱਚ ਝਖੜ ਏ ਤੇ ਘੁੰਮਣ-ਘੇਰੀਆਂ ! ਪਾਣੀ ਸਾਰੇ ਪਿੰਡ ਨੂੰ ਹਿੱਕ ਕੇ ਲੈ ਗਿਆ ਏ।

ਲਾਜੋ - ਅੱਛਾ ?

ਸੁੰਦਰ - ਹਾਂ ! ਪਿੰਡ ਦੇ ਲੋਕੀ ਡੰਗਰਾਂ ਨੂੰ ਹਿੱਕੀ ਅੱਗੇ ਨੱਸੀ ਜਾਂਦੇ ਨੇ । ਉਹ ਲਾਗਲੇ ਪਿੰਡ ਜਾ ਵੜਨਗੇ, ਉਹ ਰਤਾ ਉਚੇਰੀ ਥਾਂ ਉੱਤੇ ਹੈ ਨਾ ।

ਲਾਜੋ - ਬੂਟੇਵਾਲ ?

ਸੁੰਦਰ - ਹਾਂ, ਬੂਟੇਵਾਲ।

ਲਾਜੋ - ਉਥੇ ਦੀਪੋ ਦੇ ਪੇਕੇ ਹਨ ।

ਸੁੰਦਰ - ਮਗਰ-ਮੱਛ ਦਰਿਆ ਤੋਂ ਬਾਹਰ ਨਿਕਲ ਆਏ ਨੇ ਤੇ ਟਿੱਬਿਆਂ ਉੱਤੇ ਰਿੜ੍ਹਦੇ ਫ਼ਿਰਦੇ ਨੇ । ਬੜਾ ਹੜ੍ਹ ਏ !

ਲਾਜੋ - ਤੇਰੀ ਬੇੜੀ ?

ਸੁੰਦਰ - ਮੈਂ ਬਚਾ ਲਿਆਂਦੀ ਏ, ਦੇਵੀ ਵਾਲੇ ਜੰਡ ਨਾਲ ਬੰਨ੍ਹ ਆਇਆ ਹਾਂ ।

ਲਾਜੋ - ਭੂਆ ਡਾਢੀ ਬਮਾਰ ਏ, ਜਦ ਉਸਨੂੰ ਖੰਘ ਛਿੜ ਜਾਂਦੀ ਏ ਤਾਂ ਮਸਾਂ ਰੁਕਦੀ ਏ । ਤੂੰ ਜਾਕੇ ਕਾਂਸੀ ਤੋਂ ਦਵਾ ਤੇ ਲਿਆ ਦੇ ।

ਸੁੰਦਰ - ਅੱਛਾ ਜਾਨਾ ਆਂ ਕਾਂਸੀ-ਸ਼ੈਤ-ਸ਼ੈਤ ਕਾਂਸੀ ਵੀ ਨੱਸ ਗਿਆ ਹੋਵੇ।

ਲਾਜੋ - ਕਾਂਸੀ ਦਾ ਘਰ ਤਾਂ ਉੱਚੇ ਟਿੱਬੇ ਉੱਤੇ ਹੈ, ਇਹ ਖਾਈ ਟੱਪਕੇ ਰੜੇ ਟਿੱਬੇ ਉੱਤੇ-ਉਸ ਕਿੱਥੇ ਨਸਣਾਂ ਏ ? ਉਹ ਤੂਫ਼ਾਨ ਤੋਂ ਨਸ ਕੇ ਕਦੇ ਕਿਤੇ ਨਹੀਂ ਜਾਂਦਾ । ਬਾਰਾਂ ਵਰ੍ਹੇ ਪਹਿਲਾਂ ਜਿਹੜਾ ਹੜ੍ਹ ਆਇਆ ਸੀ, ਉਸ ਵਿੱਚ ਵੀ, ਜਦ ਸਾਰਾ ਪਿੰਡ ਉਜੜ ਗਿਆ ਸੀ, ਉਹ ਕਿਤੇ ਨਹੀਂ ਸੀ ਗਿਆ । ਮਸਤ- ਮੌਲਾ ਏ। ਬਸ ਭੰਗ ਘੋਟਣ ਦਾ ਸ਼ੁਕੀਨ ਏ । ਹੁਣ ਵੀ ਭੰਗ ਪੀ ਕੇ ਆਪਣੇ ਮੱਠ ਵਿੱਚ ਪਿਆ ਹੋਣਾ ਏਂ । ਤੂੰ ਜਾ ਕੇ ਉਸ ਤੋਂ ਦਵਾਈ ਲਿਆ ਦੇ ਉਸ ਦੀ ਦਾਰੂ ਬੂਟੀ ਵਿੱਚ ਬੜਾ ਬਲ ਏ। ਬਸ ਰੋਗ ਨੂੰ ਜੜੋਂ ਫੜਦਾ ਏ । ਭੂਆ ਨੂੰ ਤਾਂ ਉਸ ਤੋਂ ਛੁੱਟ ਹੋਰ ਕਿਸੇ ਦੀ ਦਵਾ ਨਹੀਂ ਸੁਖਾਂਦੀ ।

ਸੁੰਦਰ - ਹੱਛਾ ਬੇੜੀ ਖੋਲ੍ਹ ਲਿਆਵਾਂ। ਪਾਣੀ ਦੀਆਂ ਭਡਲੀਆਂ ਵਗ ਰਹੀਆਂ ਹਨ । ਮੈਂ ਜਾਨਾਂ ਆਂ, ਛੇਤੀ ਮੁੜ ਆਵਾਂਗਾ । ਬੇੜੀ ਖੋਲ੍ਹ ਕੇ ਲੈ ਜਾਂਦਾ ਹਾਂ, ਉਸਨੂੰ ਏਸੇ ਵਿੱਚ ਬਠਾ ਲਿਆਵਾਂਗਾ।

ਲਾਜੋ - ਜੇ ਉਹ ਆਪ ਨਾ ਆਵੇ ਤਾਂ ਦਵਾ ਲੈ ਆਵੀਂ। ਉਸ ਨੂੰ ਦਵਾ ਦਾ ਪਤਾ ਏ। ਉਹ ਪਿਛਲੇ ਵੀਹ ਸਾਲਾਂ ਤੋਂ ਇਸ ਟੱਬਰ ਨੂੰ ਜਾਣਦਾ ਏ।

ਸੁੰਦਰ - ਅੱਛਾ, ਮੈਂ ਜਾਂਦਾ ਹਾਂ।

ਲਾਜੋ - ਉਸ ਨੂੰ ਭੂਆ ਦੀ ਬੀਮਾਰੀ ਦਾ ਪਤਾ ਹੈ। ਉਸ ਪੁੜੀਆਂ ਬਣਾ ਰੱਖੀਆਂ ਸਨ ਪਰ ਤਿੰਨਾਂ ਦਿਨਾਂ ਤੋਂ ਦਰਿਆ ਚੜ੍ਹਿਆ ਹੋਇਆ ਏ। ਸਾਡੇ 'ਚੋਂ ਕੋਈ ਵੀ ਨਾ ਜਾ ਸਕਿਆ । ਪਹਿਲਾਂ ਜਦ ਕਦੀ ਭੂਆ ਨੇ ਇਹ ਪੁੜੀਆਂ ਖਾਧੀਆਂ, ਉਸਨੂੰ ਉਸੇ ਵੇਲੇ ਅਰਾਮ ਆ ਗਿਆ।

(ਸੁੰਦਰ ਚਲਾ ਜਾਂਦਾ ਹੈ । ਲਾਜੋ ਖਿੜਕ ਨੂੰ ਬੰਦ ਕਰਦੀ ਹੈ । ਮੰਜੀ ਉੱਤੇ ਪਈ ਭੂਆ ਉੱਚੀ ਉੱਚੀ ਖੰਘਦੀ ਹੈ ।)

ਲਾਜੋ - (ਹਾਕ ਮਾਰ ਕੇ) ਦੀਪੋ ! ਅੱਗ ਵਿੱਚੋਂ ਵੱਟਾ ਕੱਢ ਲਿਆ, ਭੂਆ ਨੂੰ ਸੇਕ ਦੇਣਾ ਏ । ਸੁਣ, ਭੂਆ ਨੂੰ ਇਹ ਨਾ ਦੱਸੀਂ ਜੁ ਅਸੀਂ ਸੁੰਦਰ ਨੂੰ ਦਾਰੂ ਲੈਣ ਭੇਜਿਆ ਹੈ। ਜੇ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਦਵਾ ਨਹੀਂ ਖਾਣੀ । ਸੁੰਦਰ ਤੋਂ ਉਹ ਬੜੀ ਚਿੜਦੀ ਏ।

(ਮੰਜੀ ਉੱਤੇ ਪਈ ਭੂਆ ਉੱਚੀ ਉੱਚੀ ਖੰਘਦੀ ਹੈ।)

ਭੂਆ - ਕੌਣ ਗਿਆ ਏ ਕਾਂਸੀ ਵੈਦ ਕੋਲ ਦਾਰੂ ਲੈਣ ?

ਲਾਜੋ - ਗੁਆਂਢ 'ਚੋਂ ਮੈਂ ਨੱਥੇ ਨੂੰ ਆਖਿਆ ਏ ਪਈ ਉਹ ਜਾ ਕੇ ਲੈ ਆਵੇ।

ਭੂਆ - ਤੂੰ ਕਿਸ ਨਾਲ ਗੱਲਾਂ ਕਰਦੀ ਸੈਂ ਹੁਣ ?

ਲਾਜੋ - ਨੱਥੇ ਨਾਲ ।

ਭੂਆ - ਨੱਥਾ ਤਾਂ ਰਾਹ ਵਿੱਚ ਹੀ ਪੁੜੀਆਂ ਸੁਟ ਆਵੇਗਾ । ਉਸ ਦਿਨ ਉਸ ਨੂੰ ਆਖਿਆ ਸੀ ਪਈ ਬੇੜੀ ਠੇਲ੍ਹ ਕੇ ਜੰਡ ਨਾਲ ਬੰਨ੍ਹ ਦੇ ਤਾਂ ਉਹ ਇੱਕ ਚੱਪੂ ਹੀ ਤੋੜ ਲਿਆਇਆ !

ਲਾਜੋ - ਤੂੰ ਘਾਬਰ ਨਾ, ਉਹ ਪੁੜੀਆਂ ਲੈ ਆਵੇਗਾ ।

ਭੂਆ - ਜੀਊਣੇ ਨੂੰ ਆਖ ਦੇਣਾ ਸੀ, ਉਹ ਲੈ ਆਉਂਦਾ !

ਲਾਜੋ - ਜੀਊਣਾ ਤਾਂ ਸਣੇ ਗੱਡੇ ਤੇ ਬਲਦਾਂ ਦੇ ਕਲ ਤਕਾਲੀ ਪਿੰਡ ਖ਼ਾਲੀ ਕਰ ਗਿਆ ਉਸ ਦੇ ਬਾਲ ਬੱਚੇ, ਉਸ ਦੀ ਤੀਵੀਂ, ਉਸ ਦਾ ਸਾਰਾ ਟੱਬਰ-ਟੀਰ ਦੂਜੇ ਪਿੰਡ ਚਲਾ ਗਿਆ। ਪਿੱਛੇ ਉਸ ਦੇ ਘਰ ਲੰਙਾ ਬਲਦ ਰਹਿ ਗਿਆ ਏ-ਉਹ ਤਵੇਲੇ ਵਿੱਚ ਖੜਾ ਅੜਾਂਦਾ ਏ, ਵਿਚਾਰਾ !

ਭੂਆ - ਪਤਾ ਨਹੀਂ ਰੱਬ ਨੇ ਇਸ ਪਿੰਡ ਤੋਂ ਕਿਹੜੇ ਬਦਲੇ ਲੈਣੇ ਨੇ। ਹਰ ਚੌਥੇ ਸਾਲ ਏਸੇ ਤਰ੍ਹਾਂ ਹੜ੍ਹ ਆਉਂਦਾ ਏ। ਪਾਣੀ ਅੱਗੇ ਕਿਸੇ ਦੀ ਕੀ ਪੇਸ਼ ਜਾਂਦੀ ਏ । ਓ ! ਓ ! ਬੌੜ੍ਹੀਂ ਵੇ ਰੱਬਾ !

ਲਾਜੋ - (ਦੀਪੋ ਨੂੰ) ਤੂੰ ਭੁੱਬਲ ਵਿੱਚ ਆਲੂ ਦੱਬ ਦਿੱਤੇ ?

ਦੀਪੋ - ਹਾਂ ।

ਲਾਜੋ - ਕਿੰਨੇ ?

ਦੀਪੋ - ਤਿੰਨ । ਮੈਨੂੰ ਭੁੱਖ ਨਹੀਂ।

ਲਾਜੋ - ਮੇਰਾ ਕਾਲਜਾ ਤਾਂ ਭੁੱਖ ਨਾਲ ਥੱਲੇ ਲਗਿਆ ਪਿਆ ਏ ।

ਦੀਪੋ - ਸ਼ੈਂਤ ਭੂਆ ਸੌਂ ਗਈ।

ਲਾਜੋ - ਸ਼ੁਕਰੇ, ਇਸ ਨੂੰ ਚੈਨ ਪਈ।

ਦੀਪੋ - ਸਾਹ ਤਾਂ ਹਾਲੇ ਵੀ ਘੰਡ ਚੋਂ ਘਿਸੜ ਕੇ ਆਉਂਦਾ ਏ ।

(ਬੂਹੇ ਉੱਤੇ ਠਕ ਠਕ)

ਲਾਜੋ - ਸ਼ੈਂਤ ਸੁੰਦਰ ਆ ਗਿਆ।

(ਲਾਜੋ ਖਿੜਕ ਖੋਲ੍ਹਦੀ ਹੈ । ਸੁੰਦਰ ਚਿੱਕੜ ਵਿੱਚ ਗੜੁਚ ਦਿਖਾਈ ਦੇਂਦਾ ਹੈ ।) ਦਵਾ ਲੈ ਆਂਦੀ ?

ਸੁੰਦਰ - ਹਾਂ, ਇਹ ਤਿੰਨ ਪੁੜੀਆਂ ਨੇ । ਤਿੰਨ ਤਿੰਨ ਘੰਟਿਆਂ ਪਿੱਛੋਂ ਦੇਣੀਆਂ ਨੇ।

ਲਾਜੋ - ਕਿਵੇਂ ?

ਸੁੰਦਰ - ਕੋਸੇ ਪਾਣੀ ਨਾਲ, ਜਾਂ ਦੁਸ਼ਾਂਦੇ ਨਾਲ।

ਲਾਜੋ - ਲਿਆ, ਰੱਬ ਤੇਰਾ ਭਲਾ ਕਰੇ।

(ਸੁੰਦਰ ਚਲਾ ਜਾਂਦਾ ਹੈ । ਲਾਜੋ ਪੁੜੀਆਂ ਲੈ ਕੇ ਸਟੇਜ ਦੇ ਪਿਛਾੜੀ ਜਿੱਥੇ ਭੂਆ ਪਈ ਹੈ, ਚਲੀ ਜਾਂਦੀ ਹੈ !)

ਲਾਜੋ - ਦੀਪੋ, ਕਾੜ੍ਹਾ ਉਬਲ ਗਿਆ ?

ਦੀਪੋ - ਹਾਂ ਬੜੇ ਚਿਰ ਦਾ ਰਿਝ ਰਿਹਾ ਏ

ਭੂਆ - (ਹੂੰਗਰ ਮਾਰ ਕੇ) ਬੌੜ੍ਹੀਂ ਵੇ ਰੱਬਾ !

ਦੀਪੋ - ਕਿਉਂ ਭੂਆ, ਚੀਸ ਤਿਖੇਰੀ ਏ ?

ਭੂਆ - (ਖੰਘਦੀ ਹੋਈ) ਮੈਂ ਨਮਾਣੀ ਕੋਠੜੀ ਵਿੱਚ ਪਈ ਆਂ, ਖੰਘ ਤੇ ਪੀੜ ਦੀ ਮਾਰੀ । ਰਾਤ ਦਿਨ ਮੁਕਦੇ ਈ ਨਹੀਂ, ਦਰਿਆ ਦੀਆਂ ਛੱਲਾਂ ਵਾਂਗ ਆਉਂਦੇ ਨੇ ਤੇ ਜਾਂਦੇ ਨੇ !

ਲਾਜੋ - ਕਾਂਸੀ ਵੈਦ ਦੀਆਂ ਪੁੜੀਆਂ ਨਾਲ ਤੇਰੀ ਪੀੜ ਹਟ ਜਾਏਗੀ ।

ਦੀਪੋ - ਭੂਆ ਪਾਸਾ ਪਰਤੀਂ, ਤੇਰੀ ਵੱਖੀ ਸੇਕ ਦੇਵਾਂ।

ਭੂਆ - ਨਹੀਂ, ਮੈਂ ਪਾਣੀ ਛਿੱਟਾ ਦੇ ਆਈ ਆਂ ਤੇ ਇਸਨੂੰ ਫ਼ਲਾਲਣ ਵਿੱਚ ਵਲ੍ਹੇਟ ਲਿਆਈ ਹਾਂ।

ਦੀਪੋ - ਕਿਉਂ ਭੂਆ, ਦਰਦਾਂ ਵਿੱਚ ਫਰਕ ਪਿਆ ਕੁਝ ?

ਭੂਆ - ਹਾਲ ਦੀ ਘੜੀ ਤਾਂ ਓਸੇ ਤਰ੍ਹਾਂ ਹਨ ।

ਲਾਜੋ - ਲੈ, ਕਾਂਸੀ ਵੈਦ ਨੇ ਪੁੜੀਆਂ ਭੇਜ ਦਿੱਤੀਆਂ ਨੇ

ਭੂਆ - ਸ਼ੈਂਤ ਇਸ ਦਵਾ ਨਾਲ ਕੁਝ ਫਰਕ ਪਵੇ ।

ਲਾਜੋ - ਇਹ ਤਿੰਨ ਪੁੜੀਆਂ ਹਨ, ਤਿੰਨ ਤਿੰਨ ਘੰਟਿਆਂ ਪਿੱਛੋਂ ਲੈਣੀਆਂ ਹਨ ।

ਦੀਪੋ - ਕਿਵੇਂ ?

ਲਾਜੋ - ਕੋਸੇ ਪਾਣੀ ਨਾਲ ।

ਦੀਪੋ - ਭੂਆ ਦੀ ਹਿੱਕ ਦਵਾਲੇ ਗਰਮ ਵੱਟਾ ਵੀ ਲਗਿਆ ਰਹਿਣ ਦੇ, ਨਿਘ ਪਹੁੰਚਾਏਗਾ । ਬਸ ਇਸਨੂੰ ਇੱਕ ਪੁੜੀ ਹੁਣ ਦੇ ਦਈਏ ਤੇ ਬਾਕੀ ਫੇਰ !

ਲਾਜੋ - ਮੈਂ ਦਵਾ ਦੇਨੀ ਆਂ ਭੂਆ ਨੂੰ ।

ਦੀਪੋ - ਤੂੰ ਸ਼ੈਤ ਖਿੜਕ ਨਹੀਂ ਭੇੜਿਆ। ਦਰਿਆ ਚੋਂ ਉਡਦੀ ਭੂਰ ਤੇ ਝੰਬ ਅਮਦਰ ਆਉਂਦੀ ਏ !

ਲਾਜੋ - ਜਾ ਖਿੜਕ ਭੇੜ ਦੇ ।

(ਲਾਜੋ ਪਿਛਲੇ ਕੋਠੇ ਵਿੱਚ ਦਵਾਈ ਤਿਆਰ ਕਰਨ ਲਈ ਚਲੀ ਜਾਂਦੀ ਹੈ । ਦੀਪੋ ਖਿੜਕ ਭੇੜਨ ਲਈ ਆਉਂਦੀ ਹੈ । ਉਹ ਬਾਹਰ ਤਕਦੀ ਹੈ । ਤਾਂ ਹੈਰਾਨੀ ਨਾਲ ਬਾਹਰ ਸੁੰਦਰ ਨੂੰ ਖੜੇ ਵੇਖਦੀ ਹੈ ।)

ਦੀਪੋ - (ਪੋਲੀ ਫੈਲਰੀ ਆਵਾਜ਼ ਵਿੱਚ) ਸੁੰਦਰਾ ! ਤੂੰ ਏਥੇ ਈ ਖੜਾ ਏਂ ਹਾਲੇ ?

ਸੁੰਦਰ - ਹਾਂ, ਬਸ ਮੈਂ ਚਲਿਆਂ ਸਾਂ ।

ਦੀਪੋ - ਤੇਰੀ ਬੇੜੀ ਕਿੱਥੇ ਐ ?

ਸੁੰਦਰ - ਬਾਹਰ । ਉਂਜੇ ਈ ਤੈਨੂੰ ਇੱਕ ਝਾਤ ਵੇਖਣ ਲਈ ਖੜੋ ਗਿਆ ਸਾਂ।

ਦੀਪੋ - ਅੱਛਾ ਜਾ ।

ਸੁੰਦਰ - ਜਾਨਾ ਵਾਂ।

ਦੀਪੋ - (ਇੱਕ ਦਮ) ਆਹ ! ਇਹ ਤੇਰੇ ਮੱਥੇ ਉੱਤੇ ਚਟਾਕ ਕਾਹਦਾ ਏ ?

ਸੁੰਦਰ - ਰਾਹ ਵਿੱਚ ਬੜਾ ਹਨੇਰਾ ਈ - ਇੱਕ ਥਾਂ ਤਿਲਕ ਕੇ ਡਿਗ ਪਿਆ ਇੱਕ ਖੁੰਡ ਜਿਹੜਾ ਐਵੇਂ ਰਾਹ ਵਿੱਚ ਪਿਆ ਸੀ, ਮੇਰੇ ਮੱਥੇ ਨਾਲ ਵਜਿਆ।

ਦੀਪੋ - ਤੇ ਇਹ ਤੇਰੇ ਪੈਰ ਤੇ ਅਰਕਾਂ ਕਿਵੇਂ ਗਾਰੇ ਨਾਲ ਲਿਬੜੀਆਂ ਹੋਈਆਂ ਨੇ ।

ਸੁੰਦਰ - ਮੈਂ ਬਹੁਤ ਵਾਟ ਚਿਕੱੜ ਵਿੱਚ ਤੁਰਿਆ ਤਦ ਜਾਕੇ ਕਾਂਸੀ ਵੈਦ ਦੇ ਘਰੋਂ ਭੂਆ ਲਈ ਦਵਾ ਲਿਆਂਦੀ।

ਦੀਪੋ - ਹਲਾ ਹੁਣ ਛੇਤੀ ਜਾ । ਮੈਨੂੰ ਤੈਥੋਂ ਡਰ ਆਉਂਦਾ ਏ ।

ਸੁੰਦਰ - ਉਸ ਰਾਤ ਮਗਰੋਂ ਮੈਂ ਕਦੀ ਤੇਰੇ ਘਰ ਨਹੀਂ ਆਇਆ । ਬਸ ਲੰਘਦੀ ਵੜਦੀ ਨੂੰ ਦੂਰੋਂ ਈ ਤਕ ਲੈਂਦਾ ਹਾਂ ।

ਦੀਪੋ - ਐਡੇ ਤੂਫ਼ਾਨ ਵਿੱਚ ਕਿਧਰ ਗਿਆ ਸੈਂ ?

ਸੁੰਦਰ - ਢੇਰੂ ਸੱਕੇ ਦਾ ਘੋੜਾ ਰੁੜ੍ਹ ਗਿਆ ਸੀ। ਪਤਾ ਨਹੀਂ ਕਿਧਰ ਗਿਆ, ਬਸ ਪਾਣੀ ਦੀ ਧਾਰ ਵਿੱਚ ਰੁੜ੍ਹ ਗਿਆ, ਪਤਾ ਈ ਨਹੀਂ ਲਗਿਆ । ਮੈਂ ਉਸਨੂੰ ਟੋਲਣ ਗਿਆ ਸਾਂ।

ਦੀਪੋ - ਫੇਰ ਲਭਿਆ ?

ਸੁੰਦਰ - ਨਾ !

ਦੀਪੋ - ਤੂੰ ਕਿਉਂ ਗਿਆ ਸੈਂ ਘੋੜਾ ਟੋਲਣ ? ਜੇ ਕੋਈ ਅਨਹੋਣੀ ਹੋ ਜਾਂਦੀ ! ਪਿੰਡ ਦੇ ਬਹੁਤੇ ਲੋਕ ਚਲੇ ਗਏ ਨੇ, ਤੂੰ ਕਿਉਂ ਨਹੀਂ ਗਿਆ ? ਤੇਰੇ ਕਿਹੜਾ ਪਿੱਛੇ ਢੋਰ ਡੰਗਰ ਸਨ ਜਿਨ੍ਹਾਂ ਦੀ ਰਾਖੀ ਤੂੰ ਬੈਠਾ ਰਿਹਾ ?

ਸੁੰਦਰ - ਮੈਨੂੰ ਤੁਫ਼ਾਨ ਤੋਂ ਡਰ ਨਹੀਂ ਲਗਦਾ। ਮੈਂ ਸੋਚਿਆ ਉਂਜ ਆਮ ਦਿਨਾਂ ਦੀ ਲੰਙੀ ਤੋਰ ਵਿੱਚ ਤਾਂ ਸ਼ੈਤ ਤੈਨੂੰ ਨਾ ਮਿਲ ਸਕਾਂ, ਕੀ ਪਤਾ ਤੁਫ਼ਾਨ ਆਵੇ ਤੇ ਇਸ ਕੁੱਲੀ ਵਿੱਚੋਂ ਮੈਨੂੰ ਕੋਈ ਹਾਕ ਮਾਰ ਲਵੇ।

ਦੀਪੋ - (ਥਿੜਕ ਕੇ) ਪਿਛਲੀ ਵਾਰ-ਨਹੀਂ ! ਨਹੀਂ ! ਤੂੰ ਜਾ, ਆਪਣੀ ਬੇੜੀ ਠਿਲ੍ਹ ਕੇ ਲੈ ਜਾ ।

ਸੁੰਦਰ - ਪਿਛਲੀ ਵਾਰ-ਹਾਂ-ਉਹ ਰਾਤ—ਉਹ ਤੁਫਾਨ—ਤੇਰੀ ਉਹ ਛੋਹ ਮੇਰੇ ਸਾਰੇ ਮਨ ਤੇ ਠੰਢੀ ਸੀਤ ਝੁਣਝੁਣੀਆਂ ਵਾਹ ਗਈ ਏ । ਸਦਾ ਲਈ ਤੇਰੀ ਉਹ ਤਸਵੀਰ ਮਨ ਤੇ ਉਕਰ ਗਈ ਏ।

ਦੀਪੋ - ਮੈਂ ਸੁਰਜੀਤ ਤੋਂ ਡਰਨੀ ਆਂ । ਉਸ ਦਿਨ ਮਗਰੋਂ ਮੈਨੂੰ ਸਗੋਂ ਉਸਦਾ ਡਰ ਬਹੁਤਾ ਹੋ ਗਿਆ ।

ਸੁੰਦਰ - ਤੂੰ ਵਹਿਮਣ ਏਂ ।

ਦੀਪੋ - ਕਈ ਵਾਰ ਤੈਨੂੰ ਹਾਕ ਮਾਰਨ ਨੂੰ ਜੀ ਕੀਤਾ, ਪਰ ਹਾਕ ਮੇਰੀ ਸੰਘੀ ਵਿੱਚ ਈ ਨੱਪੀ ਗਈ-

ਦੀਪੋ - ਤੂੰ ਝੱਲੀ ਏਂ, ਨਿਰੀ ਝੱਲੀ ! ਕਿੰਨੇ ਵਰ੍ਹੇ ਹੋ ਗਏ ਨੇ ਉਸ ਰਾਤ ਨੂੰ ?

ਦੀਪੋ - ਚਾਰ ਵਰ੍ਹੇ

ਸੁੰਦਰ - ਇੰਜ ਲਗਦਾ ਏ ਜਿਵੇਂ ਕਲ ਦੀ ਗੱਲ ਹੋਵੇ, ਜਿਵੇਂ ਉਹ ਘੜੀ ਹੁਣੇ ਬੀਤੀ ਹੋਵੇ—ਉਸ ਰਾਤ ਤੇ ਇਸ ਵਿੱਚ ਕੋਈ ਵਿੱਥ ਨਾ ਹੋਵੇ ।

ਦੀਪੋ - ਤੂੰ ਅਜੇਹੀਆਂ ਗੱਲਾਂ ਨਾ ਕਰ ।

ਸੁੰਦਰ - ਮੈਂ ਕਈ ਵਾਰ ਰਾਤਾਂ ਨੂੰ ਇਸ ਝੁੱਗੀ ਦੇ ਦੁਆਲੇ ਓਂਜ ਈ ਤੈਨੂੰ ਵੇਖਣ ਲਈ ਘੁੰਮਦਾ ਰਿਹਾ । ਸਿਆਲ ਦੀਆਂ ਹਨੇਰੀਆਂ ਰਾਤਾਂ ਵਿੱਚ, ਮੈਂ ਦੂਰ ਚਿਕੜ ਵਿੱਚ ਘੰਟਿਆ ਬਧੀ ਖੜੋਤਾ ਰਿਹਾ-ਮੇਰੇ ਤਾਲੂ ਵਿੱਚ ਕੰਡੇ ਉਗ ਆਉਂਦੇ-ਮੇਰੇ ਸੁਫਨੇ ਇਸ ਚਿੱਕੜ ਵਿੱਚ ਫਸ ਕੇ ਰਹਿ ਜਾਂਦੇ ।

ਦੀਪੋ - ਸੁੰਦਰਾ ! ਤੈਨੂੰ ਰਾਤ ਦੇ ਹਨੇਰੇ ਤੋਂ ਡਰ ਨਹੀਂ ਆਓਂਦਾ-ਤੇ ਇਸ ਵਧਦੇ ਹੜ੍ਹ ਤੋਂ ਵੀ ।

ਸੁੰਦਰ - ਪਾਣੀ ਨੇ ਸਭਨਾਂ ਥਾਵਾਂ ਨੂੰ ਇੱਕ ਮਿਕ ਕਰ ਦਿੱਤਾ ਏ-ਸਭਨਾ ਨੂੰ।

ਦੀਪੋ - (ਕੰਬਕੇ) ਪਤਾ ਨਹੀਂ, ਪਾਣੀ ਹੇਠ ਕੀ ਲੁਕਿਆ ਹੋਵੇ-ਕੁਝ ਵੀ ਤੇ ਨਹੀਂ ਦਿਸਦਾ।

ਸੁੰਦਰ - ਮੈਨੂੰ ਹਨ੍ਹੇਰੇ ਵਿੱਚ ਤੇਰੀਆਂ ਅੱਖਾਂ ਲਿਸ਼ਕਦੀਆਂ ਦਿਸਦੀਆਂ ਨੇ, ਭਿਜੀਆਂ ਭਿੱਜੀਆਂ ਅੱਖਾਂ-

ਦੀਪੋ - ਮੈਨੂੰ ਛੋਹ ਨਾ—ਇੰਜ ਜਾਪਦਾ ਏ ਜੇ ਮੈਂ ਰਤਾ ਤੇਰੇ ਨੇੜੇ ਆ ਕੇ ਖੜੋਤੀ ਤਾਂ ਪਿੱਛੋਂ ਹਨੇਰੇ 'ਚੋ ਸੁਰਜੀਤ ਉਗਮ ਪਏਗਾ । ਇਹ ਆਖਣ ਲਈ ਕਿ ਓਹ ਸੱਚਾ ਸੀ ਤੇ ਮੈਂ ਝੂਠੀ ।

ਸੁੰਦਰ - ਸੁਰਜੀਤ ਨੇ ਹੁਣ ਮੁੜ ਨਹੀਂ ਆਓਣਾ । ਤੂੰ ਇੱਕ ਖਿਆਲ ਦੀ ਹਾਮੀ ਓਟੀ ਹੋਈ ਏ। ਅੇਵੇਂ ਰਾਤ ਦਿਨ ਓਸੇ ਸੰਸੇ ਵਿੱਚ ਦੱਬੀ ਹੋਈ, ਓਸ ਡਰ ਦੀ ਛਾਂ ਹੇਠ ਕੱਜੀ ਹੋਈ, ਤੂੰ ਆਪਣੀ ਦੇਹ ਨੂੰ ਗਾਲ ਰਹੀ ਏਂ । ਸੁਰਜੀਤ ਨੇ ਹੁਣ ਮੁੜ ਨਹੀਂ ਆਓਣਾ । ਓਸਨੂੰ ਗਿਆਂ ਚਾਰ ਵਰ੍ਹੇ ਹੋ ਗਏ ਨੇ-ਓਸ ਦੀ ਪੱਗ, ਤਹਿਮਤ ਤੇ ਓਸਦੀ ਜੁੱਤੀ ਲੱਭੇ ਸਨ-ਪਾਣੀ ਨਾਲ ਭਿਜੇ ਤੇ ਚਿੱਕੜ ਵਿੱਚ ਲਿਬੜੇ-ਜਰੂਰ ਕਿਸੇ ਮਗਰਮੱਛ ਨੇ ਓਸਨੂੰ ਖਾ ਲਿਆ ਹੋਣਾ ਏ !

ਦੀਪੋ - ਹਾਏ ਮਗਰਮੱਛ !

ਸੁੰਦਰ - ਤੇਰੇ ਹੱਥ ਕਿੱਦਾਂ ਕੰਬਦੇ ਨੇ ?

ਦੀਪੋ - ਡਰ ਨਾਲ ।

ਸੁੰਦਰ - ਤੈਨੂੰ ਕਿਸਦਾ ਡਰ ਆਂਦਾ ਏ, ਮਗਰਮੱਛ ਦਾ ?

ਦੀਪੋ - ਨਹੀਂ ਆਪਣੇ ਮਨ ਵਿੱਚ ਜੰਮੇ ਵਹਿਮ ਦਾ, ਹਾਹ ! ਇਹ ਕਾਹਦੀ ਅਵਾਜ ਸੀ ?

ਸੁੰਦਰ - (ਹਸਦਾ ਹੋਇਆ) ਇਹ ਤਾਂ ਪੱਤਣ ਨਾਲ ਬੱਧੀ ਬੇੜੀ ਦੀ ਜੰਜੀਰ ਖੜਕੀ ਸੀ, ਤੇ ਪਾਣੀ ਦੀ ਛੱਪ ਛੱਪ, ਜਿਹੜਾ ਓਸ ਨਾਲ ਖਹਿੰਦਾ ਲੰਘਦਾ ਏ।

ਦੀਪੋ - ਇੰਜ ਲਗਦਾ ਸੀ ਜਿਵੇਂ ਚਿੱਕੜ ਵਿੱਚ ਕੋਈ ਚੀਜ਼ ਫਸੀ ਹੋਵੇ ਤੇ ਓਹਨੂੰ ਕੋਈ ਖਿਚ ਰਿਹਾ ਹੋਵੇ। ਮਨ ਵਿੱਚ ਅਨੇਕਾਂ ਤੇ ਅਜੀਬ ਅਜੀਬ ਖਿਆਂਲਾਂ ਦੇ ਝੌਲੇ ਉਠਦੇ ਨੇ ।

ਸੁੰਦਰ - ਸਭ ਵਹਿਮ !

ਦੀਪੋ - ਕੌਣ ਸੀ ?

ਸੁੰਦਰ - ਕੋਈ ਵੀ ਨਹੀਂ । ਬਸ ਤੇਰਾ ਖਿਆਲ ਸੀ ਜੋ ਓਛਲ ਕੇ ਬਾਹਰ ਆ ਗਿਆ ਸੀ ।

ਦੀਪੋ - ਤੇਰੀ ਵੀਣੀ ਕੇਡਾ ਠਰ੍ਹੰਮਾ ਦਿੰਦੀ ਏ ਜਿਵੇਂ ਕਿਸੇ ਮੇਰੇ ਸਾਹ ਵਿੱਚ ਸਾਹ ਭਰ ਦਿੱਤਾ ਹੋਵੇ।

ਸੁੰਦਰ - ਤੇਰੇ ਹੱਥ ਕਿਡੇ ਠੰਢੇ ਨੇ। ਤੇਰੇ ਕਾਲਜੇ ਦੀ ਧੱਕ ਧੱਕ ਮੈਨੂੰ ਇਥੇ ਸੁਣਦੀ ਏ !

ਦੀਪੋ - ਕਈ ਵਾਰ ਮੈਨੂੰ ਇੰਜ ਲਗਦਾ ਏ, ਜਿਵੇਂ ਮੇਰਾ ਦਿਲ ਇੱਕੋ ਵਾਰ ਜੋਰ ਦੀ ਧੜਕੇਗਾ ਤੇ ਖੜੋ ਜਾਏਗਾ।

ਸੁੰਦਰ - ਤੇਰੀ ਸਤਿ-ਛੋਹ ਨੇ ਮੇਰੇ ਲੂੰ ਲੂੰ ਵਿੱਚ ਲੀਕਾਂ ਵਾਹ ਦਿੱਤੀਆਂ ਨੇ, ਤੇਜ ਉਛਲਦੀਆਂ ਨੱਚਦੀਆਂ ਲੀਕਾਂ, ਜਿਨ੍ਹਾਂ ਦਾ ਕੋਈ ਮੁਢ ਨਹੀਂ, ਕੋਈ ਅਮਤ ਨਹੀਂ ।

ਦੀਪੋ - (ਵਧਦੇ ਜਜ਼ਬੇ ਨਾਲ) ਸੁੰਦਰ !

ਸੁੰਦਰ - ਹਾਂ ।

ਦੀਪੋ - ਸੁੰਦਰਾ ! ਮੇਰਾ ਸਿਰ ਭਾਰਾ ਹੋ ਗਿਆ ਏ, ਅੱਖਾਂ ਅੱਗੇ ਚਿਣਗਾਂ ਪਈਆਂ ਨੇ, ਤੇਰੀ ਹਿੱਕ ਨਾਲ ਸਿਰ ਲਾਕੇ ਮੇਰਾ ਦਿਲ ਹੋਰ ਵੀ ਬਹੁਤਾ ਧੜਕਣ ਲਗ ਪਿਆ ਏ ।

ਸੁੰਦਰ - ਦੀਪੋ !

ਦੀਪੋ - (ਵੇਗ ਭਰੀ ਅਵਾਜ਼ ਵਿੱਚ) ਮੇਰੇ ਲਹੂ ਵਿੱਚ ਜਿਵੇਂ ਕੋਈ ਬੇੜੀ ਠੇਲ੍ਹ ਰਿਹਾ ਹੋਵੇ, ਮੇਰੀਆਂ ਨਸਾਂ ਵਿੱਚ ਜਿਵੇਂ ਕੋਈ ਘੁੰਮਣ-ਘੇਰੀਆਂ ਪਾ ਰਿਹਾ ਹੋਵੇ । ਕਾਂਸੀ ਵੈਦ ਦੀ ਪੁੜੀ ਨਾਲ ਭੂਆ ਦੀਆਂ ਦਰਦਾਂ ਹਟ ਗਈਆਂ ਨੇ-ਕੋਈ ਅਜੇਹੀ ਪੁੜੀ ਨਹੀਂ, ਜਿਸ ਨਾਲ ਦਰਿਆ ਦੇ ਉਬਾਲੇ ਸੁਕ ਜਾਣ ਤੇ ਤੁਫਾਨ ਦੇ ਝੱਖੜ ਠਲ੍ਹ ਜਾਣ—ਕੋਈ ਅਜੇਹੀ ਪੁੜੀ ਜਿਸ ਨਾਲ ਮੇਰੇ ਦਿਲ ਵਿਚਲਾ ਅੰਤਾਂ ਦਾ ਵੇਗ ਦਬਿਆ ਜਾਏ।

ਸੁੰਦਰ - ਮੈਂ ਇਸੇ ਤੁਫਾਨ ਦੀ ਉਡੀਕ ਵਿੱਚ ਸਿਆਲ ਹੁਨਾਲ ਦੇ ਘੁੱਟ ਭਰਦਾ ਰਿਹਾ ਹਾਂ ।

ਦੀਪੋ - ਇਸ ਤੁਫਾਨ ਨੇ ਮੇਰੀ ਚਾਰ ਸਾਲਾਂ ਦੀ ਜੀਵਨ-ਧਰਤੀ ਨੂੰ ਪਾਣੀ ਨਾਲ ਕੱਜ ਦਿੱਤਾ ਏ।

ਸੁੰਦਰ - ਉਸ ਰਾਤ ਇਸ ਰਾਤ ਵਿੱਚ ਕੋਈ ਵਿੱਥ ਨਹੀਂ । ਵਕਤ ਇੱਕ ਨਿਕੀ ਜਹੀ ਘੁੰਮਣ-ਘੇਰੀ ਵਾਂਗ ਸੁੰਗੜ ਗਿਆ ਏ ............ਜਿਵੇਂ ਉਹ ਰਾਤ ਲੰਮੀ ਹੋਕੇ ਇਸ ਰਾਤ ਦੀ ਕੰਨੀ ਉਤੇ ਆ ਖੜੋਤੀ ਹੋਵੇ.....ਤੇਰੇ ਥਿੜਕਦੇ ਬੋਲਾਂ ਵਿੱਚ ਮੇਰੇ ਸਾਰੇ ਸੁਫ਼ਨੇ ਪੰਘਰ ਗਏ ਨੇ । ਤੇਰੀ ਗਰਮ ਛੋਹ ਵਿੱਚ, ਤੇਰੀ ਧੱਕ ਧੱਕ ਕਰਦੀ ਹਿਕੜੀ ਵਿੱਚ—

(ਪਿੱਛੋਂ ਦਰਿਆ ਦੀਆਂ ਲਹਿਰਾਂ ਦੇ ਰੌਲੇ ਵਾਂਗ ਹਾਸਾ ਉਚਾ ਹੁੰਦਾ ਦੇ, ਫੇਰ ਬਿਲਕੁਲ ਸਾਫ਼ ਸਾਫ਼ । ਦੀਪੋ ਚੀਕ ਮਾਰਦੀ ਹੈ।)

ਸੁੰਦਰ - ਕੌਣ ਏ ? ਦੀਪੋ ਕੌਣ ਏ ? ਤੂੰ ਸਹਿਮ ਗਈ, ਕੌਣ ਏ ?

ਦੀਪੋ - ਸੁਰਜੀਤ ! ਹਨੇਰੇ ਵਿੱਚ ਜਦ ਬਿਜਲੀ ਲਿਸ਼ਕੀ ਤਾਂ ਮੈਂ ਵੇਖਿਆ ਓਹ ਪੱਤਣ ਤੇ ਤੁਰਦਾ ਸਾਡੇ ਵੱਲ ਵਧਿਆ ਆਉਂਦਾ ਏ ।

ਸੁੰਦਰ - ਉਹ ! ਐਵੇਂ ਤੈਨੂੰ ਭੁਲੇਖਾ ਲਗਾ ਹੋਣਾ ਏ।

(ਹਾਸਾ ਫੇਰ ਉੱਚਾ ਹੋਕੇ ਸਾਫ਼ ਸੁਣਾਈ ਦਿੰਦਾ ਹੈ ।)

ਦੀਪੋ - ਨਹੀਂ-ਸੁਰਜੀਤ ਏ। ਤੇਰੀ ਪਿਠ ਪਿੱਛੇ ਸੁਰਜੀਤ ਈ ਖੜਾ ਏ-ਸੁਰਜੀਤ !

(ਸੁਰਜੀਤ ਚਿਕੜ ਵਿੱਚ ਗੜੁਚ ਅੰਦਰ ਆਉਂਦਾ ਹੈ ।)

ਸੁਰਜੀਤ—ਹਾਂ, ਮੈਂ ਆਂ ਸੁਰਜੀਤ ! ਕਿਉਂ ? ਮੈਨੂੰ ਏਕਰ ਵੇਖਕੇ ਘਬਰਾ ਕਿਉਂ ਗਏ ਹੋ ? ਮੇਰਾ ਇੱਕ ਮਿਤ੍ਰ ਤੇ ਮੇਰੀ ਆਪਣੀ ਦੀਪੋ ਜੋ ਮੇਰੇ ਨਾਉਂ ਦੀ ਮਾਲਾ ਜਪਦੀ ਰਹੀ ਸੀ !

ਦੀਪੋ - ਸੁਰਜੀਤ !

ਸੁਰਜੀਤ—ਹਾ ਹਾ, ਹਾ ਹਾ ! ਮੈਂ ਐਵੇਂ ਆਇਆ ਐਵੇਂ-ਮੈਨੂੰ ਪਤਾ ਸੀ ਕਿ ਇਹ ਸੱਚ ਹੀ ਸੀ ਜੋ ਮੈਂ ਵੇਖ ਕੇ ਗਿਆ ਸਾਂ ।

ਦੀਪੋ - ਨਹੀਂ ਸੁਰਜੀਤ, ਨਹੀਂ (ਮਿੰਨਤ ਨਾਲ) ਨਹੀਂ ।

ਸੁਰਜੀਤ - ਤੂੰ ਸੁੰਦਰ ਦੀ ਹਿੱਕ ਤੋਂ ਆਪਣਾ ਸਿਰ ਚੁਕ ਕਿਉਂ ਲਿਆ ? - ਇਹ ਸੱਚ ਏ-ਉਕਾ ਸੱਚ ।

ਦੀਪੋ - (ਡਸਕੋਰੇ ਭਰਦੀ ਹੋਈ) ਨਹੀਂ-ਨਹੀਂ ! ਸੁਰਜੀਤ ਨਹੀਂ।

ਸੁਰਜੀਤ - ਮੈਂ ਇਥੋਂ ਚਲਾ ਗਿਆ। ਦਰਿਆ ਦੇ ਪਾਰਲੇ ਕੰਢੇ । ਮੇਰੀ ਪੱਗ ਤੇ ਜੁੱਤੀ ਤੇ ਤਹਮਤ ਤੇ ਸਭੇ ਕਪੜੇ ਦਰਿਆ ਨੇ ਸਾਂਭ ਲਏ-ਲਹਿਰਾਂ ਤੇ ਚਿੱਕੜ ਨੇ ਧੂਹ ਲਏ-ਮੈਨੂੰ ਜਾਣ ਨਹੀਂ ਸੀ ਦਿੰਦੇ ਉਹ-ਮੈਂ ਸਭਨਾਂ ਤੋਂ ਪੱਲਾ ਛਡਾਕੇ ਪਾਰਲੇ ਪਾਸੇ ਚਲਾ ਗਿਆ। ਸਭਨਾਂ ਖਿਆਲਾਂ ਤੇ ਉਮੰਗਾਂ ਨੂੰ ਝਾੜ ਕੇ, ਪਰ-ਪਰ-ਮੈਂ ਕੀ ਕਰਦਾ ? ਚਾਰ ਸਾਲ ਤੀਕ ਤੇਰੀ ਛੇਕੜਲੀ ਚੀਕ ਤੇਰਾ ਹੰਝੂਆਂ ਭਰਿਆ ਤਰਲਾ ਮੇਰੇ ਮਨ ਵਿੱਚ ਗੂੰਜਦਾ ਰਿਹਾ-

ਦੀਪੋ - (ਸਿਸਕੀਆਂ ਵਿੱਚ) ਮੈਂ-

ਸੁਰਜੀਤ - ਤੇਰੀਆਂ ਸਿਸਕੀਆਂ ਮੇਰੇ ਮਨ ਦੇ ਵੇਗ ਵਿੱਚ ਸਿਪੀਆਂ ਵਾਂਗ ਤਰਦੀਆਂ ਰਹੀਆਂ-ਮੈਂ ਸੋਚਿਆ ਤੂੰ ਸ਼ੈਤ ਠੀਕ ਸੈਂ ਤੇ ਮੈਂ ਗਲਤ, ਤੂੰ ਸੱਚ ਆਖਦੀ ਤੇ ਮੈਂ ਝੂਠ-(ਹਸਦਾ ਹੋਇਆ) ਝੂਠ ਹਾ ਹਾ ਹਾ ਹਾ । ਮੈਂ ਚਾਰ ਸਾਲ ਨਾ ਮੁੜਿਆ । ਮੈਂ ਆਪਣੀ ਕਿਸਮਤ ਦੇ ਫੈਸਲੇ ਤੋਂ ਡਰਦਾ ਸਾਂ । ਮੈਂ ਦਿਲ ਵਿੱਚ ਆਸ ਦੀ ਇੱਕ ਨਿੱਕੀ ਜਹੀ ਚੰਗਿਆੜੀ ਭਖਾਈ ਰਖਣਾ ਚਾਉਂਦਾ ਸਾਂ-ਜੇ ਮੈਂ ਪਹਿਲਾਂ ਆ ਜਾਂਦਾ ਤਾਂ ਇਹ ਆਸ ਮੁਕ ਜਾਂਦੀ। ਤੇਰੀ ਛੇਕੜਲੀ ਚੀਕ ਦੀ ਗੂੰਜ ਮੇਰੇ ਦਮਾਗ ’ਚੋਂ ਜਾਂਦੀ ਨਾ ਸੀ । ਜਿੰਨਾਂ ਮੈਂ ਦੂਰ ਜਾਂਦਾ ਉਂਨੀ ਈ ਇਹ ਫੈਲਰਦੀ ਜਾਂਦੀ, ਤੇਰੀ ਤਰਲਿਆਂ ਭਰੀ ਚੀਕ । ਮੈਂ ਚਾਰ ਸਾਲ ਜਿਹੜਾ ਕੰਮ ਕੀਤਾ, ਉਥੇ ਤੇਰੀ ਯਾਦ, ਤੇਰੀ ਅਵਾਜ, ਤੇਰਾ ਹਾਸਾ, ਤੇ ਤੇਰੀ ਛੋਹ ਮੇਰੇ ਕੰਮ ਵਿੱਚ ਆਕੇ ਅਟਕ ਜਾਂਦੀ । ਕਮਾਦ ਦੇ ਖੇਤਾਂ ਦੀ ਗੋਡੀ ਕਰਦੇ ਹੋਏ ਪਾਣੀ ਵਿੱਚ ਮੈਨੂੰ ਤੇਰਾ ਪਰਛਾਂਵਾਂ ਦਿਸਦਾ । ਬਲਦਾਂ ਨੂੰ ਹਕਦੇ ਹੋਏ ਉਨ੍ਹਾਂ ਦੇ ਗਲ ਦਵਾਲੇ ਟੱਲੀਆ ’ਚੋਂ ਮੈਨੂੰ ਤੇਰੇ ਹਾਸੇ ਦੀ ਟੁਣਕਾਰ ਸੁਣਦੀ .....ਤੇਰੀ ਹਾਕ ਸੁਣਦੀ-ਪਰ ਹਾਏ ਰੱਬਾ-ਮੈਂ ਕਿਉਂ ਆਇਆ- ਕਿਉਂ ?

ਦੀਪੋ - (ਉਸੇ ਤਰ੍ਹਾਂ ਸਿਸਕੀਆਂ ਵਿੱਚ) ਇਕੋ ਸਾਹ ਆਖ ਰਿਹਾ ਏਂ, ਮੇਰੀ ਗੱਲ ਤਾਂ ਸੁਣ-ਮੇਰੀ ਗੱਲ ਸੁਣ-ਇਹ ਤੇਰੀਆਂ ਅੱਖਾਂ ਵਿੱਚ ਨੀਲੀ ਠੰਢ ਕਿਉਂ ਉਤਰ ਆਈ ? ਜਿਵੇਂ ਤੇਰੀ ਤਕਣੀ ਜੰਮ ਗਈ ਹੋਵੇ !—ਮੇਰੀ ਗੱਲ ਸੁਣ—ਜੋ ਤੂੰ ਵੇਖਿਆ ਏ, ਝੂਠ ਏ-ਝੂਠ ਏ-ਤੂੰ ਮੇਰੇ ਤੇ ਅਕੀਨ ਕਰ-ਜੋ ਤੂੰ ਵੇਖਿਆ ਉਹ ਝੂਠ ਏ-ਤੂੰ ਅਕੀਨ ਕਰ !

ਸੁਰਜੀਤ - ਤੇਰੇ ਤੇ ਯਕੀਨ ਕਰਾਂ ਤੇ ਆਪਣੀਆਂ ਅੱਖਾਂ ਤੇ ਨਾਂ ? ਆਪਣੇ ਦਮਾਗ਼ 'ਚ ਫੈਲਦੇ ਤੇ ਸੁੰਗੜਦੇ ਹੌਲਾਂ ਤੇ ਨਾਂ ? ਤੇ ਸੁੰਦਰ ਤੇ ਨਾਂ ?

ਦੀਪੋ - ਸੁੰਦਰ ਤਾਂ ਭੂਆ ਲਈ ਦਵਾਈ ਲੈਕੇ ਆਇਆ ਸੀ, ਬਸ ਦਵਾ ਦੀਆਂ ਪੁੜੀਆਂ ਦੇਣ। ਭੂਆ ਦਾ ਸਾਹ ਉਖੜ ਰਿਹਾ ਸੀ, ਦਵਾ ਦੇਕੇ ਹੁਣ ਜਾ ਰਿਹਾ ਸੀ - ਮੈਂ ਖਿੜਕ ਭੇੜਨ ਲਈ ਉਠੀ ਤੇ ਏਸ ਨਾਲ ਗੱਲੀਂ ਲੱਗ ਪਈ- ਚਾਰ ਸਾਲ ਪਿੱਛੋਂ ਪਹਿਲੀ ਵਾਰ-

ਸੁਰਜੀਤ - ਆਹ-ਹਾ-ਹਾ-ਚਾਰ ਸਾਲ ਪਿੱਛੋਂ।

ਦੀਪੋ - ਏਸ ਵਿੱਚ ਸੁੰਦਰ ਦਾ ਕੋਈ ਦੋਸ ਨਹੀਂ ਸੀ-ਏਸ ਦਾ ਕੋਈ ਦੋਸ ਨਹੀਂ- ਲਾਜੋ ਨੇ ਇਹਨੂੰ ਹਾਕ ਮਾਰੀ ਸੀ-ਇਹ ਬਸ ਪੁੜੀਆਂ ਲੈਣ ਗਿਆ ਸੀ ਤੇ-

ਸੁਰਜੀਤ - ਆਹਾ-ਹਾ-ਹਾ-ਸੁੰਦਰ ! ਜਿਹੜਾ ਮੇਰਾ ਨਿੱਕੇ ਹੁੰਦੇ ਦਾ ਹਾਣੀ ਸੀ-ਮੇਰੇ ਨਾਲ ਬੇੜੀ ਠਿਲ੍ਹਦਾ ਰਿਹਾ ਸੀ—ਜੋ ਮੇਰੀ ਬੇੜੀ ਦਾ ਰਾਖਾ ਸੀ-ਜਿਸ ਮੇਰੀ ਬੇੜੀ ਨੂੰ ਹਰ ਛੱਲ ਤੇ ਤੁਫਾਨ ਤੋਂ ਬਚਾਇਆ, ਜੋ ਮੇਰਾ ਦੋਸਤ ਸੀ, ਉਸ ਮੇਰੇ ਪਿੱਛੋਂ-

ਸੁੰਦਰ - ਸੁਰਜੀਤ ਮੈਂ ਤੇਰੇ ਪਿੱਛੋਂ ਕਦੇ ਵੀ ਏਥੇ ਨਹੀਂ ਆਇਆ ।

ਸੁਰਜੀਤ - (ਉਹਨੂੰ ਟੋਕ ਕੇ) ਤੂੰ ਕੁਝ ਨਾ ਬੋਲੀਂ ਸੁੰਦਰਾ, ਤੇਰੇ ਬੋਲਣ ਦੀ ਲੋੜ ਨਹੀਂ, ਤੂੰ ਓਕਰ ਈ ਗੂੰਗਾ ਖੜੋਤਾ ਰਹਿ- ਚੁਪ ! ਤੂੰ ਮੇਰੇ ਅੱਗੇ ਕਦੇ ਸਿਰ ਨਹੀਂ ਸੀ ਚੁਕਿਆ ਤੇ ਹੁਣ ਵੀ ਨਾ ਚੁਕ ।

ਦੀਪੋ - (ਗਲੇਡੂ ਭਰਕੇ) ਮੈਂ ਏਸ ਘੜੀ ਤੋਂ ਡਰਦੀ ਸਾਂ—ਏਸ ਅਨਹੋਣੀ ਤੋਂ—ਜਿਵੇਂ ਅਨਹੋਣੀ ਇਨ੍ਹਾਂ ਝਾੜਾਂ ਤੇ ਛੱਲਾਂ ਪਿੱਛੋਂ ਮੈਨੂੰ ਰੋੜ੍ਹਨ ਲਈ ਖੜੀ ਹੁੰਦੀ ਏ।

ਸੁਰਜੀਤ - ਮੈਂ ਚਾਰ ਸਾਲ ਤੇਰਾ ਸਿਰ ਸੁੰਦਰ ਦੀ ਹਿੱਕ ਨਾਲ ਲਗਿਆ ਵੇਖਦਾ ਰਿਹਾ ਹਾਂ । ਛੇਕੜਲੀ ਵਾਰ ਦੀ ਸਹਿਮੀ ਹੋਈ ਸ਼ਕਲ ਜਿਸ ਉੱਤੇ ਸੁੰਦਰ ਦੇ ਪਿਆਰ ਦੀ ਤਸਵੀਰ ਝਲਕ ਰਹੀ ਸੀ, ਮੇਰੇ ਮਨ ਤੇ ਸਦਾ ਲਈ ਉਕਰੀ ਗਈ ਸੀ। ਲਖ ਹਟਾਇਆਂ ਤੇ ਮਿਟਾਇਆਂ ਵੀ ਇਹ ਤਸਵੀਰ ਨਹੀਂ ਸੀ ਮਿਟਦੀ ਉਹ ਇੱਕ ਘੜੀ ਮੇਰੇ ਲਈ ਸਦੀਵੀ ਬੋਝ ਬਣ ਗਿਆ ਸੀ—ਉਸ ਨੂੰ ਮਿਟਾਉਣ ਮੈਂ ਮੁੜ ਆਇਆ ਸਾਂ—ਉਸ ਨੂੰ ਲਾਹੁਣ—ਸੰਘ ਵਿੱਚ ਏਸ ਫਸੇ ਹੋਏ ਕੰਡੇ ਨੂੰ ਕੱਢਣ।

ਦੀਪੋ - (ਮਿੰਨਤ ਨਾਲ) ਠਹਿਰ ! ਰਤਾ ਖੜੋ -

ਸੁਰਜੀਤ - ਮੈਂ ਜਾਨਾਂ ਆਂ--ਮੈਂ ਇਥੇ ਕਿਉਂ ਆਇਆ ? ਇਥੇ ਮੈਂ ਕਿਉਂ ਆਇਆ ? ਕਿਉਂ ?

ਦੀਪੋ - ਠਹਿਰ ! ਮੇਰੀ ਗੱਲ ਸੁਣ--ਤੈਨੂੰ ਮੇਰੀ ਗੱਲ ਸੁਣਨੀ ਪਵੇਗੀ ਤੂੰ ਜੋ ਆਖ ਰਿਹਾ ਏਂ ਉਹ ਝੂਠ ਏ-ਝੂਠ। ਮੈਨੂੰ ਤੇਰੀ ਉਡੀਕ ਦੀ ਸਹੁੰ ! ਤੇਰੀ ਯਾਦ ਦੀ ਸਹੁੰ-

(ਸੁਰਜੀਤ ਜਾਣ ਲਗਦਾ ਹੈ । ਦੀਪੋ ਉਸ ਦਾ ਲੜ ਫੜ ਲੈਂਦੀ ਹੈ)

ਦੀਪੋ - (ਬੇਵਸੀ ਵਿੱਚ) ਤੂੰ ਕਿੱਥੇ ਚਲਿਆ ਏਂ ਫੇਰ ? ਹਾਏ ਰੱਬਾ !

ਸੁਰਜੀਤ - ਤੂੰ ਮੇਰਾ ਝੱਗਾ ਛੱਡਦੇ-ਜਾ-ਮੁੜ ਜਾ !

(ਹਵਾ ਦੀਆਂ ਸ਼ੂਕਾਂ ਕਦੀ ਉਠਦੀਆਂ ਹਨ ਤੇ ਕਦੇ ਬੈਠ ਜਾਂਦੀਆਂ ਹਨ ।)

ਦੀਪੋ - (ਹੰਝੂਆਂ ਵਿੱਚ) ਜੀਵਨ ਦੀ ਸਾਰੀ ਹਨੇਰੀ ਰਾਤ ਵਿੱਚ ਮੈਂ ਤੈਨੂੰ ਉਡੀਕਿਆ। ਅੱਖਾਂ ਪਾੜ ਕੇ ਤੇਰਾ ਰਾਹ ਵੇਖਿਆ, ਇਹ ਸਾਰਾ ਪੱਤਣ ਮੈਂ ਆਪਣੇ ਪੱਬਾਂ ਨਾਲ ਕੱਛਿਆ- ਪਰ ਜਦ ਰਤਾ ਮੇਰੀ ਅੱਖ ਲੱਗੀ ਤਾਂ ਤੂੰ ਆ ਗਿਆ-ਤੂੰ-

ਸੁਰਜੀਤ - ਮੈਨੂੰ ਜਾਣ ਦੇ ।

ਦੀਪੋ - ਤੂੰ ਕਿੱਥੇ ਚਲਿਆਂ ਏਂ ? ਕਿੱਥੇ ?

ਸੁਰਜੀਤ - ਤਿਲਕਣ ਵਿੱਚ ਜਿੱਥੇ ਮੇਰੇ ਸੁਫ਼ਨੇ ਦਮ ਤੋੜ ਰਹੇ ਹਨ । ਸਾਰਾ ਪੱਤਣ ਦਰਿਆ ਦੀਆਂ ਝੱਗਾਂ ਨਾਲ ਲਿਬੜਿਆ ਏ। ਮੈਂ ਹੁਣ ਕਦੇ ਨਹੀਂ ਆਵਾਂਗਾ, ਜਾ!

ਦੀਪੋ - ਮੈਂ ਇਸ ਕੁੱਲੀ ਵਿੱਚ ਨਿੱਕੇ ਬਾਲ ਦੀ ਰਾਖੀ ਕਰਦੀ ਰਹੀ ਆਂ ਤੇ ਤੇਰੀ ਯਾਦ ਦੀ- ਤੂੰ ਨਾ ਜਾ— ਖੜੋ ਜਾ—ਨਾ ਜਾ— ਨਾ ਜਾ ।

ਸੁਰਜੀਤ - ਤੂੰ ਮੇਰੇ ਮਗਰ ਨਾ ਆ ! ਜਾ, ਜਾ ! ਮੁੜ ਜਾ ।

(ਸੁਰਜੀਤ ਪੱਲਾ ਛਡਾ ਕੇ ਚਲਾ ਜਾਂਦਾ ਹੈ । ਲਹਿਰਾਂ ਦਾ ਸ਼ੋਰ ਤੇ ਹਵਾ ਦੀਆਂ ਸ਼ੂਕਾਂ ਸੁਣਾਈ ਦਿੰਦੀਆਂ ਹਨ ।)

ਸੁੰਦਰ - (ਗੰਭੀਰ ਆਵਾਜ਼ ਵਿੱਚ) ਉਹ ਫੇਰ ਚਲਿਆ ਗਿਆ !

ਦੀਪੋ - (ਰੋਂਦੇ ਹੋਏ ਗ਼ੁੱਸੇ ਵਿੱਚ) ਹਾਂ—ਤੇ ਤੂੰ ਵੀ ਜਾ ! ਜਾ-ਜਾ ਵੀ ।

ਸੁੰਦਰ - ਦੀਪੋ ! ਦੀਪੋ ! ਮੇਰੀ ਗੱਲ ਸੁਣ, ਦੀਪੋ !

ਦੀਪੋ - ਜਾ ! ਇਥੋਂ ਚਲਿਆ ਜਾ- ਜਾ ਵੀ !

ਸੁੰਦਰ - ਦੀਪੋ ! ਤੂੰ ਮੂੰਹ ਕਿਉਂ ਭੁਆ ਲਿਆ ? ਦੀਪੋ !

ਦੀਪੋ - ਜਾ - ਚਲਿਆ ਜਾ-ਜਾ ਹੁਣੇ ਜਾ ! ਏਸੇ ਵੇਲੇ ਏਸੇ ਘੜੀ— ਮੈਂ ਖਿੜਕ ਬੰਦ ਕਰਨਾ ਏ - (ਉੱਚੀ ਚੀਕ ਵਿੱਚ) ਜਾ ! ਜਾ ਵੀ !

(ਸੁੰਦਰ ਜਾਂਦਾ ਹੈ । ਦੀਪੋ ਜ਼ੋਰ ਦੀ ਖਿੜਕ ਬੰਦ ਕਰਦੀ ਹੈ ਤੇ ਖਿੜਕ ਨਾਲ ਢੋ ਲਾ ਕੇ ਦਬੀਆਂ ਹੋਈਆਂ ਹਿਚਕੀਆਂ ਭਰਦੀ ਹੈ ।)

ਪਰਦਾ ਡਿਗਦਾ ਹੈ।

  • ਮੁੱਖ ਪੰਨਾ : ਕਹਾਣੀਆਂ, ਨਾਟਕ ਤੇ ਹੋਰ ਰਚਨਾਵਾਂ, ਬਲਵੰਤ ਗਾਰਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ