Pehl (Punjabi Story) : Gurcharan Singh Sehnsra

ਪਹਿਲ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

1928 ਵਿੱਚ ਅੰਗਰੇਜ਼ੀ ਰਾਜ ਵਿਰੁੱਧ ਹਿੰਦੁਸਤਾਨ ਅੰਦਰ ਕੌਮੀ ਲਹਿਰ ਬਹੁਤ ਮੱਚ ਪਈ ਸੀ। ਇਸ ਲਹਿਰ ਅੰਦਰ ਇਨਕਲਾਬੀ ਪੱਖ ਭਾਰੂ ਸੀ। 'ਨੌਜੁਆਨ ਭਾਰਤ-ਸਭਾ' ਦਾ ਬੜਾ ਜ਼ੋਰ ਸੀ। 'ਕਿਰਤੀ ਕਿਸਾਨ ਪਾਰਟੀ' ਨੇ ਆਪਣਾ ਪਲੇਟ ਫ਼ਾਰਮ ਬਣਾ ਲਿਆ ਸੀ। 'ਕਮਿਊਨਿਸਟ ਪਾਰਟੀ' ਬੱਝਣ ਦੇ ਆਹਰਾਂ ਵਿੱਚ ਸੀ। ਬੰਗਾਲ ਦੇ ਵਿਦਰੋਹੀ ਜੁੱਟ ਮੁੜ ਸੁਰਜੀਤ ਹੋ ਚੁਕੇ ਸਨ। 'ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ' ਦੀਆਂ ਕਰਨੀਆਂ ਇਸ ਲਹਿਰ ਨੂੰ ਬਹੁਤ ਭਖਾ ਰਹੀਆਂ ਸਨ। ਲਹਿਰ ਦਾ ਆਮ ਮੁਹਾਣ ਸਵਰਾਜ ਮੰਗਣ ਦੀ ਥਾਂ ਇਨਕਲਾਬੀ ਪਲਟੇ ਵੱਲ ਜਾ ਰਿਹਾ ਸੀ। 'ਬੰਦੇਮਾਤਰਮ' ਦੀ ਜਗ੍ਹਾ 'ਇਨਕਲਾਬ ਜਿੰਦਾਬਾਦ' ਨੇ ਲੈ ਲਈ ਸੀ।

ਕਾਂਗਰਸ ਨੇ ਇਸ ਲਹਿਰ ਦੇ ਤਾਅ ਨੂੰ ਵੇਖ ਕੇ ਆਪਣੇ ਕਲਕੱਤਾ ਇਜਲਾਸ ਵਿੱਚ ਸਵਰਾਜ ਦੇ ਨਾਂ ਹੇਠ ਅੰਗਰੇਜ਼ੀ ਰਾਜ ਅੰਦਰ ਹੀ ਦੇਸੀ ਹਕੂਮਤ ਦੀ ਮੰਗ ਤੋਂ ਵੱਧ ਕੇ ਨਵੀਆਂ ਵਸਤੀਆਂ ਦੇ ਦਰਜੇ ਦਾ ਮੁਤਾਲਬਾ ਕੀਤਾ। ਜਦ ਕੌਮੀ ਲਹਿਰ ਇਸ ਉੱਤੇ ਸੰਤੁਸ਼ਟ ਨਾ ਹੁੰਦੀ ਜਾਪੀ ਤਾਂ ਇਸ ਨੇ 1929 ਦੇ ਲਾਹੌਰ ਇਜਲਾਸ ਉੱਤੇ ਪੂਰਨ ਅਜ਼ਾਦੀ ਨੂੰ ਆਪਣਾ ਮੁੱਖ ਮੰਤਵ ਬਣਾ ਲਿਆ। ਪਰ ਫੇਰ ਵੀ ਪਿਛਾਂਹ ਝਾਕਦਿਆਂ ਹੋਇਆਂ ਅੰਗਰੇਜ਼ੀ ਰਾਜ ਅੱਗੇ ਤਰਲਾ ਮਾਰਿਆ, ਕਿ ਉਹ ਇੱਕ ਸਾਲ ਅੰਦਰ-ਅੰਦਰ ਹਿੰਦੁਸਤਾਨ ਨੂੰ ਨਵੀਆਂ ਵਸਤੀਆਂ ਦਾ ਦਰਜਾ ਦੇ ਦੇਵੇ ਨਹੀਂ ਤਾਂ ਕਾਂਗਰਸ ਦੇਸ਼ ਦੀ ਪੂਰਨ ਅਜ਼ਾਦੀ ਲਈ ਘੋਲ ਵਿੱਢ ਦੇਣ ਉੱਤੇ ਮਜ਼ਬੂਰ ਹੋਵੇਗੀ।

ਪਰ ਅੰਗਰੇਜ਼ੀ ਸਾਮਰਾਜ ਨੇ ਇਸ ਧਮਕੀ ਦੀ ਕੱਖ ਪ੍ਰਵਾਹ ਨਹੀਂ ਕੀਤੀ।

ਅੰਗਰੇਜ਼ੀ ਹਕੂਮਤ ਦੀ ਇਸ ਲਹਿਰ ਨੂੰ ਕੁਚਲ ਦੇਣ ਦੀ ਵਿਉਂਤ ਸੀ। ਉਸ ਨੇ 1929 ਦੇ ਅਖ਼ੀਰ 'ਤੇ ਇਸ ਲਹਿਰ ਉੱਤੇ ਭਰਪੂਰ ਵਾਰ ਕੀਤਾ। ਲਹਿਰ ਵਿੱਚ ਉੱਭਰ ਰਹੇ ਅੰਸ਼ਾਂ ਨੂੰ ਫੜ-ਫੜ ਜੇਲ੍ਹੀਂ ਸੁੱਟਣ ਲੱਗੀ। 'ਕਿਰਤੀ ਕਿਸਾਨ ਪਾਰਟੀ' ਤੇ ਉਸ ਦੀਆਂ ਸਰਗਰਮੀਆਂ ਨਾਲ਼ ਮਿਲਵਰਤਣ ਰੱਖਣ ਵਾਲ਼ੇ ਲੀਡਰਾਂ ਤੇ ਵਰਕਰਾਂ ਨੂੰ ਫੜ ਕੇ ਮੇਰਠ ਵਿੱਚ ਕਮਿਊਨਿਸਟ ਸਾਜ਼ਸ਼ ਦਾ ਮੁਕੱਦਮਾ ਚਲਾ ਦਿੱਤਾ। 'ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ' ਦੇ ਆਗੂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਸਾਜ਼ਸ਼ਾਂ ਦੇ ਮੁਕੱਦਮਿਆਂ ਵਿੱਚ ਧਰ ਲਿਆ ਗਿਆ। ਇਹਨਾਂ ਗ੍ਰਿਫਤਾਰੀਆਂ ਤੇ ਮੁਕੱਦਮਿਆਂ ਨੇ ਕੌਮੀ ਲਹਿਰ ਨੂੰ ਹੋਰ ਉਭਾਰਿਆ, ਵਿਸ਼ਾਲ ਕੀਤਾ ਤੇ ਜੋਸ਼ ਚਾੜ੍ਹਿਆ। ਇਸ ਤੋਂ ਖਿਝ ਕੇ ਅੰਗਰੇਜ਼ੀ ਹਾਕਮਾਂ ਨੇ ਆਪਣੇ ਜ਼ੁਲਮ ਦਾ ਰੋਅਬ ਹੋਰ ਵਡੇਰਾ ਕੀਤਾ ਤੇ ਆਮ ਖੁੱਲ੍ਹੀਆਂ ਸਰਗਰਮੀਆਂ ਉੱਤੇ ਵੀ ਹਮਲਾ ਕਰ ਦਿੱਤਾ। ਮਾੜੀਆਂ-ਮਾੜੀਆਂ ਤਕਰੀਰਾਂ ਉੱਤੇ ਵੀ ਸਿਆਸੀ ਵਰਕਰ ਫੜਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਸਾਡੇ ਇਲਾਕੇ ਵਿੱਚ ਸਾਧੂ ਸਿੰਘ ਖ਼ਤਰਾ, ਕਰਤਾਰ ਸਿੰਘ ਗੁਰੂ ਕਾ ਬਾਗ਼ ਤੇ ਮੇਰੇ ਛੋਟੇ ਭਰਾ ਕਿਰਪਾਲ ਸਿੰਘ ਨੂੰ ਬਗ਼ਾਵਤੀ ਤਕਰੀਰਾਂ ਕਰਨ ਦੇ ਦੋਸ਼ ਵਿੱਚ ਫੜ ਕੇ 31 ਮਾਰਚ 1930 ਨੂੰ ਇੱਕ ਸਾਲ ਦੀ ਕੈਦ ਠੋਕ ਦਿੱਤੀ।

ਕਾਂਗਰਸ ਦੀ ਅੰਗਰੇਜ਼ੀ ਹਕੂਮਤ ਨੂੰ ਵੰਗਾਰਨ ਦੀ ਮਿਆਦ ਵੀ ਲੰਘ ਗਈ ਤੇ ਉਸ ਨੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਸਰਕਾਰੀ ਹੁਕਮ ਅਦੂਲੀ ਕਰਨ ਦਾ ਬਿਗਲ ਵਜਾ ਦਿੱਤਾ। ਸਾਰੇ ਦੇਸ਼ ਵਿੱਚ ਸੱਤਿਆਗ੍ਰਹਿ ਸ਼ੁਰੂ ਹੋ ਗਿਆ।

ਅੰਗਰੇਜ਼ੀ ਹਕੂਮਤ ਨੇ 23 ਅਪ੍ਰੈਲ ਨੂੰ ਪਸ਼ਾਉਰ ਵਿੱਚ ਹੋ ਰਹੇ ਸੁਰਖਪੋਸ਼ਾਂ ਦੇ ਇੱਕ ਜਲਸੇ ਉੱਤੇ ਗੋਲੀ ਚਲਾ ਦਿੱਤੀ। 'ਪੰਜਾਬ ਸੂਬਾ ਕਾਂਗਰਸ' ਨੇ ਸਰਖਪੋਸ਼ਾਂ ਨਾਲ਼ ਹਮਦਰਦੀ ਜਤਾਉਣ ਤੇ ਅੰਗਰੇਜ਼ੀ ਜ਼ੁਲਮ ਵਿਰੁੱਧ ਰੋਸ ਦਾ ਵਾਯੂ-ਮੰਡਲ ਪੈਦਾ ਕਰਨ ਲਈ 30 ਮਈ 1930 ਨੂੰ ਜੱਲ੍ਹਿਆਂ ਵਾਲ਼ੇ ਬਾਗ਼ ਤੋਂ 100 ਵਲੰਟੀਅਰਾਂ ਦਾ ਇੱਕ ਜੱਥਾ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਤੋਰਿਆ। ਇਸ ਨੂੰ ਜੇਹਲਮੋਂ ਅੱਗੇ ਕਾਲੇ ਪਿੰਡ ਵਿਚ ਗ੍ਰਿਫਤਾਰ ਕਰ ਲਿਆ ਗਿਆ।

ਇਸ ਤੋਂ ਬਾਅਦ ਇੱਕ ਹੋਰ ਜੱਥਾ ਅੰਮ੍ਰਿਤਸਰ ਦੇ ਪ੍ਰੋਫੈਸਰ ਰਤਨ ਚੰਦ ਭਾਟੀਆ ਦੀ ਜਥੇਦਾਰੀ ਹੇਠ ਭੇਜਿਆ ਗਿਆ, ਜਿਸ ਦਾ ਪਹਿਲਾ ਪੜਾਅ ਮੇਰੇ ਹੀ ਪਿੰਡ ਸਹਿੰਸਰੇ ਵਿੱਚ ਸੀ।

ਮੈਂ ਅਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਤਿੰਨ ਸਾਲ ਤੋਂ ਬਾਬੂਗਿਰੀ ਕਰ ਰਿਹਾ ਸਾਂ। ਪ੍ਰਚੱਲਤ ਰਾਜਸੀ ਵਾਯੂ-ਮੰਡਲ ਦਾ ਸਾਡੇ ਬਾਬੂਆਂ ਉੱਤੇ ਵੀ ਅਸਰ ਪੈ ਰਿਹਾ ਸੀ। ਮੈਨੂੰ ਕੁੱਝ ਪੁਰਾਣਾ ਰਾਜਸੀ ਚਸਕਾ ਵੀ ਸੀ। ਪੰਜਵੀਂ ਛੇਵੀਂ ਵਿੱਚ ਪੜ੍ਹਦਿਆਂ 1921-22 ਦੀ ਕਾਂਗਰਸ ਤੇ ਅਕਾਲੀ ਲਹਿਰ ਦੇ ਜਲਸੇ ਸੁਣਨ ਜਾਂਦਾ ਹੁੰਦਾ ਸਾਂ। ਇਸ ਲਈ ਜਥੇ ਦਾ ਪਿੰਡ ਵਿੱਚ ਆਉਣਾ ਸੁਣ ਕੇ ਮੈਨੂੰ ਚਾਅ ਚੜ੍ਹ ਗਿਆ ਤੇ ਮੈਂ ਛੁੱਟੀ ਲੈ ਕੇ ਇੱਕ ਸ਼ਾਮ ਪਹਿਲੋਂ ਹੀ ਪਿੰਡ ਚਲਿਆ ਗਿਆ।

ਸਾਡੇ ਪਿੰਡ ਵਿੱਚ ਇੱਕ ਮਦਰੱਸਾ ਸੀ, ਜਿਸ ਨੂੰ ਅੱਜ ਕਲ੍ਹ ਸਕੂਲ ਆਖੀਦਾ ਹੈ। ਉਸ ਦੇ ਵਿਹੜੇ ਵਿੱਚ ਦੋ ਵੱਡੇ ਵੱਡੇ ਬੋਹੜ ਸਨ, ਜੋ ਅੱਜ ਵੀ ਹਨ। ਮਦਰੱਸਿਓਂ ਬਾਹਰ ਬੂਹੇ ਲਾਗੇ ਇਨ੍ਹਾਂ ਦੀ ਛਾਵੇਂ ਇੱਕ ਵੱਡਾ ਸਾਰਾ ਉੱਚਾ ਤਖ਼ਤਪੋਸ਼ ਸੀ, ਜੋ ਅੱਜ ਵੀ ਓਥੇ ਹੈ। ਇਸ ਤਖ਼ਤਪੋਸ਼ ਉੱਤੇ ਇਲਾਕੇ ਦਾ ਜ਼ੈਲਦਾਰ ਤੇ ਮੇਰੇ ਸਫੈਦਪੋਸ਼ ਤਾਇਆ ਜੀ ਲੱਤਾ ਲਮਕਾਈ ਬਰਾਜਮਾਨ ਸਨ। ਉਹਨਾਂ ਦੇ ਪਿੱਛੇ ਪਿੰਡ ਦੇ ਪੰਜ ਸੱਤ ਤੁਰਦੇ ਬੰਦੇ ਤੇ ਹੇਠਾਂ ਭੋਏਂ ਉੱਤੇ ਪੰਦਰਾਂ ਵੀਹ ਜਣੇ ਹੋਰ ਬੈਠੇ ਸਨ। ਕੁਝ ਗੱਭਰੂ ਤੇ ਮਦਰੱਸੇ ਦੇ ਬਹੁਤ ਸਾਰੇ ਮੁੰਡੇ ਆਸੇ ਪਾਸੇ ਖੜੇ ਸਨ। ਲਾਗੇ ਇੱਕ ਹਵੇਲੀ ਦੀ ਚੁਗਾਠ ਦੇ ਕੁੰਡੇ ਨਾਲ਼ ਕਾਠੀ ਸਣੇ ਜ਼ੈਲਦਾਰ ਦੀ ਘੋੜੀ ਬੱਧੀ ਹੋਈ ਸੀ।

ਪਹਿਲਾਂ ਤਾਂ ਪਤਾ ਨਹੀਂ ਕਿ ਕੀ ਗੱਲਾਂ ਹੋਈਆਂ। ਮੇਰੇ ਪੁੱਜਿਆਂ ਤਾਇਆ ਜੀ ਪੁੱਛ ਰਹੇ ਸਨ :

'ਠੀਕ ਹੈ? ਫ਼ੈਸਲਾ ਹੋਇਆ ਕਿ ਜਥਾ ਪਿੰਡ ਨਾ ਵੜਨ ਦਿੱਤਾ ਜਾਏ?'

'ਇਹੋ ਦਰੁਸਤ ਹੈ।' ਜ਼ੈਲਦਾਰ ਨੇ ਸਰਕਾਰੀਆਂ ਵਾਲ਼ੀ ਜ਼ਬਾਨ ਵਿੱਚ ਤਜਵੀਜ਼ ਨੂੰ ਮਨਜ਼ੂਰ ਕਰਦਿਆਂ ਕਿਹਾ।

ਬਾਕੀ ਸਭ ਲਾਣਾ ਚੁੱਪ ਸੀ।

'ਇਹ ਸਭ ਜਗਦੇਆਂ ਵਾਲ਼ਿਆਂ ਦੀ ਸ਼ਰਾਰਤ ਹੈ। ਉਹਨਾਂ ਆਪਣੇ ਗਲੋਂ ਬਲਾ ਲਾਹ ਕੇ ਸਾਡੇ ਗਲ ਪਾ ਦਿੱਤੀ ਹੈ। ਤਾਂ ਜੋ ਸਰਕਾਰੇ ਦਰਬਾਰੇ ਸਹਿੰਸਰੇ ਦੀ ਬਦਨਾਮੀ ਹੋਵੇ।' ਤਾਇਆ ਜੀ ਨੇ ਲੋਕਾਂ ਦੀ ਗਵਾਂਢੀ ਪਿੰਡ ਨਾਲ਼ ਈਰਖਾ ਜਗਾਉਣ ਦਾ ਯਤਨ ਕੀਤਾ।

'ਚੰਗਾ, ਫੇਰ ਕੱਲ੍ਹ ਪਿੰਡੋਂ ਬਾਹਰ ਹੱਦ ਉੱਤੇ ਜਾ ਕੇ ਜਥੇ ਨੂੰ ਕਿਹਾ ਜਾਏ ਕਿ ਉਹ ਸਾਡੇ ਪਿੰਡ ਨਾ ਆਵੇ।' ਤਾਇਆ ਜੀ ਨੇ ਜਾਣੋ ਮਤਾ ਪੇਸ਼ ਕੀਤਾ ਤੇ ਇਸ ਦੀ ਪਰੋੜ੍ਹਤਾ ਲੱਭਣ ਵਾਸਤੇ ਬੈਠੇ ਲੋਕਾਂ ਵੱਲ ਬੜੀਆਂ ਜਿੱਤ ਭਰੀਆਂ ਆਸਵੰਦ ਨਜ਼ਰਾਂ ਨਾਲ਼ ਵੇਖਿਆ। ਪਰ ਉਹ ਸਾਰੇ ਦੜ ਵੱਟੀ ਬੈਠੇ ਸਨ। ਕੋਈ ਹਾਂ ਨਾਂਹ ਨਹੀਂ ਸੀ ਕਰ ਰਿਹਾ। ਕਈ ਤੀਲ੍ਹਿਆਂ ਨਾਲ਼ ਮਿੱਟੀ ਫਰੋਲ ਰਹੇ ਸਨ।

ਕਿਸੇ ਨੂੰ ਬਿਰਕਦਾ ਨਾ ਵੇਖ ਕੇ ਮੇਰਾ ਦਿਲ ਬਹਿੰਦਾ ਜਾਂਦਾ ਸੀ। ਮੈਂ ਸਾਰੇ ਬੈਠਿਆਂ ਖਲੋਤਿਆਂ ਦੇ ਮੂੰਹਾਂ ਵੱਲ ਵੇਖਿਆ। ਕਿਸੇ ਉਤੋਂ ਵੀ ਪ੍ਰਸੰਸਾਂ ਦਾ ਭਾਵ ਨਹੀਂ ਸੀ ਪ੍ਰਗਟ ਹੋ ਰਿਹਾ। ਉਹ ਇਸ ਤਰ੍ਹਾਂ ਸੰਗ ਵਿਚ ਡੁੱਬੇ ਜਾਪਦੇ ਸਨ, ਜਿਸ ਤਰ੍ਹਾਂ ਜੁਲਾਹੇ ਕੁੜੀ ਦੱਬ ਕੇ ਆਏ ਹੋਣ।

ਮੈਨੂੰ ਪਿੰਡ ਆਉਣ ਤੇ ਸੇਵਾ ਕਮਾਉਣ ਦਾ ਆਪਣਾ ਸਾਰਾ ਚਾਅ ਮਰਦਾ ਜਾਪਿਆ। ਮੈਂ ਡੌਰ ਭੌਰਾ ਹੋ ਕੇ ਇਸ ਚੁੱਪ ਨੂੰ ਤੱਕ ਰਿਹਾ ਸਾਂ। ਹੈਰਾਨ ਸਾਂ ਕਿ ਗੁਰੂ ਕੇ ਬਾਗ਼ ਦੇ ਮੋਰਚੇ ਦੀ (ਜੋ ਸਾਡੇ ਹੀ ਪਿੰਡ ਵਿਚ ਸੀ) ਕੁੱਟ ਤੇ ਕੈਦਾਂ ਦੀ ਪਰਵਾਹ ਨਾ ਕਰਕੇ ਸਹਾਇਤਾ ਤੇ ਸੇਵਾ ਕਰਨ ਵਾਲ਼ੇ ਐਨੇ ਕਿਉਂ ਡਰੇ ਹੋਏ ਸਨ। ਜੋ ਉਦੋਂ ਅੰਗਰੇਜ਼ੀ ਜ਼ੁਲਮਾਂ ਤੋਂ ਨਹੀਂ ਝੰਵੇਂ, ਉਹ ਅੱਜ ਜ਼ੈਲਦਾਰ ਤੇ ਸਫ਼ੈਦਪੋਸ਼ ਦੇ ਛੱਪੇ ਹੇਠ ਕਿਉਂ ਆ ਗਏ ਸਨ?

'ਕਿਉਂ ਭਾਈ? ਹੋਇਆ ਫ਼ੈਸਲਾ? ਜ਼ੈਲਦਾਰ ਨੇ ਮਤੇ ਦਾ ਲੋਕ ਹੁੰਗਾਰਾ ਨਾ ਆਉਂਦਾ ਵੇਖ, ਆਪੇ ਪੁੱਛਿਆ।

ਪਰ ਲੋਕਾਂ ਦੇ ਮੂੰਹਾਂ ਉੱਤੇ ਉਸੇ ਤਰ੍ਹਾਂ ਜੰਦਰੇ ਵੱਜੇ ਰਹੇ।

ਮੈਨੂੰ ਲੋਕਾਂ ਦੀ ਚੁੱਪ ਉੱਤੇ ਗੁੱਸਾ ਤੇ ਜ਼ੈਲਦਾਰ ਦੀ ਹੋ ਰਹੀ ਜਿੱਤੇ ਉੱਤੇ ਖਿਝ ਆ ਰਹੀ ਸੀ ਪਰ ਕੀ ਕਰਾਂ? ਮੈਂ ਇੱਕ ਦੋ ਵਾਰ ਬੋਲਣ ਦੀ ਕੋਸ਼ਿਸ਼ ਵੀ ਕੀਤੀ, ਪਰ ਬੋਲਿਆ ਹੀ ਨਾ ਗਿਆ। ਤਾਇਆ ਜੀ ਦੇ ਆਖੇ ਨੂੰ ਆਪਣੀ ਉੁਮਰ ਵਿੱਚ ਅੱਜ ਪਹਿਲੀ ਵਾਰ ਮੋੜਨ ਦੀ ਮੇਰੇ ਅੰਦਰ ਪੈਦਾ ਹੋ ਰਹੀ ਜੁਰੱਅਤ ਨੂੰ ਮੇਰੀ ਜ਼ੁਬਾਨ ਪ੍ਰਗਟਾਉਣ ਤੋਂ ਅਸਮਰੱਥ ਹੋ ਰਹੀ ਸੀ। ਜਾਪਦਾ ਸੀ, ਜਿਵੇਂ ਦੰਦਲ ਪੈ ਗਈ ਹੋਵੇ।

'ਚੰਗਾ?' ਤਾਇਆ ਜੀ ਨੇ ਇੱਕ ਵਾਰੀ ਫੇਰ ਬੈਠਿਆਂ ਦੀ ਸੰਮਤੀ ਲੈਣ ਲਈ ਪੁੱਛਿਆ ਤੇ ਉਹ ਆਖੇ ਨੂੰ ਮੰਨ ਲਿਆ ਗਿਆ ਸਮਝ ਕੇ ਉਠਣ ਲੱਗੇ।

ਮੈਥੋਂ ਨਾ ਰਿਹਾ ਗਿਆ। ਮੈਂ ਆਪਣਾ ਥਥਲਾਅ ਤੋੜਨ ਲਈ ਸੱਜੀ ਲੱਤ ਨੂੰ ਜ਼ਿਮੀਂ ਤੇ ਮਾਰਦਿਆਂ ਤੇ ਬਾਂਹ ਨੂੰ ਜ਼ੋਰ ਜ਼ੋਰ ਦੀ ਹਿਲਾਉਂਦਿਆਂ ਹੋਇਆਂ ਕੜਕ ਕੇ ਆਖਿਆ 'ਨਹੀਂ।'

ਇਹ ਕਹਿ ਕੇ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਭੁਬੀਂ ਭੁਬੀਂ ਰੋ ਪਿਆ। ਜਾਣੋ ਘਰ ਦੇ ਵਡੇਰੇ ਦੀ ਹੁਕਮ ਅਦੂਲੀ ਕਰਨ ਦਾ ਕਸੂਰ ਅੰਞਾਣਿਆਂ ਵਾਂਗ ਰੋ ਕੇ ਕਬੂਲ ਕਰ ਰਿਹਾ ਹੋਵਾਂ। ਪਰ ਇਸ ਰੋਣ ਨੇ ਮੇਰਾ ਜੀ ਅਮੋੜਤਾ ਦੇ ਭਾਰ ਤੋਂ ਹੌਲਾ ਕਰ ਦਿੱਤਾ। ਜਿਸ ਨਾਲ਼ ਮੇਰੀ ਜ਼ੁਬਾਨ ਤੁਰ ਪਈ ਤੇ ਬਿਨਾਂ ਅੱਥਰੂ ਪੂੰਝਿਆਂ ਹੀ ਮੈਂ ਰੋਣਹਾਕੀ ਜ਼ੁਬਾਨ ਵਿੱਚ ਕਹਿਣ ਲੱਗ ਪਿਆ।

"ਪਿੰਡ ਵਿੱਚੋਂ ਤਾਂ ਆਇਆ ਕੁੱਤਾ ਵੀ ਨਹੀਂ ਮੋੜੀਦਾ। ਇਹ ਤਾਂ ਕੌਮ ਦੇ ਸਿਪਾਹੀ ਨੇ, ਜੇ ਕੋਈ ਨਾ ਲਿਆਊ ਤਾਂ ਮੈਂ ਇਕੱਲਾ ਹੀ ਲਿਆਵਾਂਗਾ।"

"ਸ਼ਾਬਾਸ਼ ਪੁੱਤ : ਅਸੀਂ ਤੇਰੇ ਨਾਲ਼ ਹਾਂ" ਸਭ ਨਿਮੋਝੂਣੇ ਹੋਏ ਬੈਠੇ ਤਾਏ ਚਾਚੇ ਤੇ ਬਾਬੇ ਬੋਲ ਪਏ ਤੇ ਕੱਪੜੇ ਝਾੜਦੇ ਉੱਠ ਖਲੋਤੇ।

"ਭਾਊ! ਜਥਾ ਆਵੇਗਾ", ਆਸ ਪਾਸ ਖੜੇ ਹਾਣੀਆਂ ਵੱਲੋਂ ਵੀ ਹਾਮੀ ਦੀ ਅਵਾਜ਼ ਆਈ।

ਜ਼ੈਲਦਾਰ ਤੇ ਤਾਇਆ ਜੀ ਦੇ ਜਾਣੋਂ ਘਿਉ ਦੇ ਕੁੱਪੇ ਰੁੜ੍ਹ ਗਏ। ਘਰੋਂ ਹੀ ਢਾਹ ਲੱਗ ਜਾਣ ਕਰਕੇ ਤਾਇਆ ਜੀ ਦੀਆਂ ਅੱਖਾਂ ਗੋਲੀਆਂ ਭਰੀ ਦੁਨਾਲੀ ਵਾਂਗ ਮੇਰੇ ਵੱਲ ਸਿੱਧੀਆਂ ਹੋਈਆਂ। ਉਹਨਾਂ ਵਿੱਚ, ਗੋਲੀ ਨਾਲੋਂ ਵੀ ਜ਼ਿਆਦਾ ਮਾਰੂ ਕਹਿਰ ਤੇ ਗੁੱਸਾ ਸੀ। ਜ਼ੈਲਦਾਰ ਹਾਰੇ ਹੋਏ ਜਵਾਰੀਏ ਵਾਂਗ ਸਿਰ ਸੁੱਟ ਬੈਠਾ।

ਉਹਨਾਂ ਦੋਹਾਂ ਤੋਂ ਬਿਨਾਂ ਬਾਕੀ ਸਾਰਿਆਂ ਦੇ ਚਿਹਰੇ ਉੱਤੇ ਖੇੜਾ ਸੀ। ਉਹ ਸਾਰੇ ਲਾਡ ਭਰੀਆਂ ਵੇਖਣੀਆਂ ਨਾਲ਼ ਆਪਣੀ ਪ੍ਰਸੰਸਾ ਦਰਸਾਉਣ ਲਈ ਮੇਰੇ ਉਦਾਲੇ ਇਕੱਠੇ ਹੋਣ ਲੱਗ ਪਏ। ਮੁੰਡਿਆਂ ਦੇ ਚੀਂਗੜਬੋਟ ਨੇ ਜ਼ੈਲਦਾਰ ਤੇ ਤਾਇਆ ਜੀ ਦੀ "ਉਏ, ਓਏ" ਬੁਲਾ ਦਿੱਤੀ।

ਜ਼ੈਲਦਾਰ ਲੱਕ ਟੁੱਟਿਆਂ ਵਾਂਗ ਤਖ਼ਤਪੋਸ਼ ਤੋਂ ਉੱਠਿਆ ਤੇ ਆਪੇ ਹੀ ਘੋੜੀ ਖੋਲ੍ਹ ਕੇ, ਜੋ ਪਹਿਲਾਂ ਰਪਟੀਏ ਖੋਹਲਿਆ ਕਰਦੇ ਸਨ, ਉੱਤੇ ਚੜ੍ਹ ਗਿਆ। ਮੁੰਡੀਰਵਾਧੇ ਨੇ ਟਿਚਕਾਰੀਆਂ ਤੇ ਢੀਮਾਂ ਮਾਰ ਮਾਰ ਘੋੜੀ ਨੂੰ ਬਧੋਬਧੀ ਦੁੜਕੀ ਪਾ ਦਿੱਤਾ। ਤਾਇਆ ਜੀ ਪਟਾਂ ਉੱਤੇ ਪਿਆ ਹੋਇਆ ਪਰਨਾ ਮੋਢੇ ਉੱਤੇ ਰੱਖ ਕੇ ਨਮੋਸ਼ੀ ਭਰੀ ਵਿਸ ਘੋਲ਼ਦੇ ਹੋਏ ਨਾਹਰੀਆਂ ਅੱਖਾਂ ਨਾਲ਼ ਮੇਰੇ ਵੱਲ ਵੇਖਦੇ ਘਰ ਨੂੰ ਚਲੇ ਗਏ।

ਸਵੇਰੇ ਹੱਥੋਂ ਹੱਥੀਂ ਉਗਰਾਹੀ ਸ਼ੁਰੂ ਹੋ ਗਈ। ਸਭ ਤਾਈਆਂ ਚਾਚੀਆਂ, ਭੂਆ ਭੈਣਾਂ ਤੇ ਭਰਜਾਈਆਂ ਭਤੀਜੀਆਂ ਨੇ ਮੂੰਹੋਂ ਮੰਗੀ ਖ਼ੈਰ ਪਾਈ। ਮੇਰੀ ਤਾਈ ਨੇ ਵੀ ਆਪਣਾ ਹਿੱਸਾ ਦਿੱਤਾ। ਬੇਅੰਤ ਦਾਣਾ ਫੱਕਾ, ਦੁੱਧ ਤੇ ਪੈਸੇ ਇਕੱਠੇ ਹੋਏ। ਪੰਡ ਰੇਜੇ ਫੁਲਕਾਰੀਆਂ ਦੀ ਹੋ ਗਈ।

ਪਿੰਡ ਦੇ ਸਭ ਜਨਾਨੀਆਂ ਮਰਦ ਵਾਜਾ ਲੈ ਕੇ ਜਥੇ ਨੂੰ ਪਿੰਡ ਤੋਂ ਮੀਲ ਬਾਹਰ ਸਰਹੱਦ ਉੱਤੇ ਲੈਣ ਗਏ। ਜਥੇ ਨੂੰ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਲਿਆਂਦਾ ਗਿਆ। ਮਿਠਿਆਈ ਨਾਲ਼ ਲੱਸੀ ਪਾਣੀ ਦੀ ਸੇਵਾ ਕੀਤੀ ਤੇ ਰਾਤ ਨੂੰ ਖੀਰ ਕੜਾਹ ਨਾਲ਼ ਚੰਗੀ ਸਰਗਲੀ ਰੋਟੀ ਖਵਾਈ ਗਈ। ਸੌਣ ਲੱਗਿਆਂ ਰੱਜਵਾਂ ਦੁੱਧ ਪਿਆਇਆ ਤੇ ਸਵੇਰੇ ਫੇਰ ਰਿੜਕਵੀ ਲੱਸੀ ਨਾਲ਼ ਮਿਠਿਆਈ ਖਵਾਈ ਗਈ। 1 ਤੁਰਦੇ ਜਥੇ ਨੂੰ ਸੌ ਰੁਪਏ ਨਕਦ ਤੇ ਇੱਕ ਪੰਡ ਰੇਜੇ ਫੁਲਕਾਰੀਆਂ ਭੇਟ ਕੀਤੇ।

ਅਗਲੇ ਹੀ ਦਿਨ ਮੈਂ ਅੰਗਰੇਜ਼ੀ ਜ਼ੁਲਮੀ ਰਾਜ ਵਿਰੁੱਧ ਰੋਸ ਪੱਤਰ ਲਿਖ ਕੇ ਡਿਪਟੀ ਕਮਿਸ਼ਨਰ ਨੂੰ ਆਪਣਾ ਅਸਤੀਫਾ ਪਿੰਡੋਂ ਹੀ ਡਾਕੇ ਪਾ ਦਿੱਤਾ ਤੇ ਆਪ ਅੰਮ੍ਰਿਤਸਰ ਜਲ੍ਹਿਆਂ ਵਾਲ਼ੇ ਬਾਗ਼ ਦੇ ਕਾਂਗਰਸ ਕੈਂਪ ਵਿੱਚ ਜਾ ਵੜਿਆ।

ਜਥੇਦਾਰ ਊਧਮ ਸਿੰਘ ਨਾਗੋਕੇ ਤੇ ਦਰਸ਼ਨ ਸਿੰਘ ਫੇਰੂਮਾਨ ਦਾ ਜਥਾ ਪ੍ਰਚਾਰ ਵਾਸਤੇ ਪਿੰਡਾਂ ਦਾ ਇਸ਼ਤਿਹਾਰੀ ਦੌਰਾ ਕਰ ਰਿਹਾ ਸੀ। ਉਨ੍ਹਾਂ ਨੇ ਅਜੇ ਅੱਧੇ ਪੜਾਅ ਹੀ ਕੱਢੇ ਸਨ, ਕਿ ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਦੀ ਥਾਂ ਬਾਕੀ ਜਲਸੇ ਭੁਗਤਾਉਣ ਲਈ ਫ਼ਕੀਰ ਚੰਦ ਫ਼ਾਖਰ, ਮੋਹਣ ਸਿੰਘ ਬਾਠ ਤੇ ਮੇਰੀ ਡਿਊਟੀ ਲੱਗੀ। ਅਸੀਂ ਅਜੇ ਇਹ ਜਲਸੇ ਕੱਢ ਕੇ ਹਟੇ ਹੀ ਸਾਂ, ਕਿ ਫੜ ਕੇ ਅੰਮ੍ਰਿਤਸਰ ਜੇਲ੍ਹ ਵਿਚ ਤਾੜ ਦਿੱਤੇ ਗਏ।

* * * * *

16 ਜੁਲਾਈ 1930 ਨੂੰ ਸਾਡੇ ਮੁਕੱਦਮੇ ਦੀ ਆਖ਼ਰੀ ਪੇਸ਼ੀ ਸੀ। ਅਸਾਂ ਨਾਹਰਿਆਂ ਨਾਲ਼ ਅਦਾਲਤ ਦਾ ਕਮਰਾ ਚੁੱਕਿਆ ਹੋਇਆ ਸੀ। ਸਾਡੇ ਬਾਰਾਂ ਤੇਰਾਂ ਸਿਆਸੀ ਹਵਾਲਾਤੀਆਂ ਤੋਂ ਬਿਨਾਂ ਸ਼ਹਿਰ ਤੇ ਪਿੰਡਾਂ ਦੇ ਕਾਫ਼ੀ ਲੋਕ ਅਦਾਲਤ ਵਿੱਚ ਖੜੇ ਸਨ। ਮੇਰੇ ਪਿੰਡ ਦੇ ਬੰਦੇ ਵੀ ਆਏ ਹੋਏ ਸਨ।

ਸਾਨੂੰ ਸਾਰੇ ਹਵਾਲਾਤੀਆਂ ਨੂੰ ਕੈਦ ਹੋ ਗਈ। ਸੋਹਣ ਸਿੰਘ ਬਾਠ ਤੇ ਮੈਨੂੰ ਜ਼ਾਬਤਾ ਫ਼ੌਜਦਾਰੀ ਦੀ ਦਫ਼ਾ 108 ਵਿੱਚ ਇੱਕ ਇੱਕ ਸਾਲ ਵਾਸਤੇ ਸਧਾਰਨ ਕੈਦ ਵਿੱਚ ਬੰਨ ਦਿੱਤਾ ਗਿਆ। ਫ਼ਕੀਰ ਚੰਦ ਨੂੰ ਸਾਡੇ ਤੋਂ ਇੱਕ ਦਿਨ ਪਹਿਲਾਂ ਛੇ ਮਹੀਨੇ ਸਖ਼ਤ ਕੈਦ ਸੁਣਾ ਦਿੱਤੀ ਗਈ ਸੀ।

ਜਦੋਂ ਅਸੀਂ ਸਜ਼ਾਵਾਂ ਸੁਣ ਕੇ ਮੁਲਜ਼ਮਾਂ ਵਾਲ਼ੇ ਜੰਗਲੇ ਵਿੱਚੋਂ ਬਾਹਰ ਨਿੱਕਲ ਰਹੇ ਸਾਂ ਤਾਂ ਕਮਰੇ ਦੀ ਇੱਕ ਗੁੱਠੇ ਮੈਂ ਆਪਣੀ ਮਾਂ ਨੂੰ ਖੜੀ ਵੇਖਿਆ, ਜਿਸ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਅੱਥਰੂ ਚੋ ਰਹੇ ਸਨ।

ਮੈਨੂੰ ਕੁੱਝ ਪਿਛਲੇ ਦਿਨ ਯਾਦ ਆ ਗਏ। ਜਦੋਂ ਮੇਰਾ ਨਿੱਕਾ ਭਰਾ ਕਿਰਪਾਲ ਸਿੰਘ ਫੜਿਆ ਤੇ ਕੈਦ ਕੀਤਾ ਗਿਆ ਸੀ। ਮਾਂ ਓਦੋਂ ਵੀ ਏਸੇ ਤਰ੍ਹਾਂ ਰੋਈ ਸੀ ਤੇ ਬਾਅਦ ਵਿੱਚ ਬੈਠੀ ਖਲੋਤੀ ਦਿਨ ਵਿੱਚ ਦੋ ਤਿੰਨ ਵਾਰ ਰੋ ਲੈਂਦੀ ਸੀ। ਮੇਰੇ ਚੁੱਪ ਕਰਾਉਣ ਉੱਤੇ ਵੀ ਚੁੱਪ ਨਹੀਂ ਸੀ ਕਰਦੀ। ਉਹ ਜਥੇ ਵਾਲ਼ੇ ਦਿਨ ਵੀ ਉਗਰਾਹੀ ਦਿੰਦੀ ਹੋਈ ਜ਼ਾਰੋ ਜ਼ਾਰ ਰੋ ਰਹੀ ਸੀ।

ਰੋਂਦੀ ਵੀ ਕਿਉਂ ਨਾ? ਉਸ ਨੂੰ ਸਾਡਾ ਬੜਾ ਤਿਹ ਸੀ। ਪਿਉ ਦਾ ਹੱਥ ਨਿੱਕਿਆਂ ਹੁੰਦਿਆਂ ਹੀ ਸਾਡੇ ਸਿਰ ਤੋਂ ਉੱਠ ਗਿਆ ਸੀ। ਜੱਟਾਂ ਦੇ ਸ਼ਰੀਕੇ ਵਿੱਚ ਮਾਵਾਂ ਦਾ ਯਤੀਮ ਬੱਚਿਆਂ ਨੂੰ ਆਪਣੇ ਸਿਰ-ਬ-ਸਿਰ ਪਾਲਣਾ ਤਕੜੇ ਤਿਆਗ, ਜੁਰਕੇ, ਹਿਰਦੇ, ਦਰਿੜ੍ਹਤਾ ਤੇ ਅਡੋਲਤਾ ਦਾ ਕੰਮ ਹੁੰਦਾ ਹੈ ਤੇ ਵਿਰਲੀਆਂ ਜੱਟੀਆਂ ਹੀ ਇਸ ਬਿਪਤਾ ਵਿੱਚੋਂ ਸੁਰਖ਼ਰੂ ਨਿੱਕਲਦੀਆਂ ਹਨ। ਇਹਨਾਂ ਵਿੱਚੋਂ ਹੀ ਇਕ ਸਾਡੀ ਮਾਂ ਸੀ।

ਮਾਂ ਨੂੰ ਜਿੱਥੇ ਸਾਡੇ ਫੜੇ ਜਾਣ ਤੇ ਇਸ 'ਅਵਲੇ' (ਰਾਜਸੀ) ਰਾਹ ਪੈ ਜਾਣ ਦਾ ਦੁੱਖ ਸੀ, ਉੱਥੇ ਉਸ ਦੇ ਉਹ ਸੁੱਖ ਲੈਣ ਦੇ ਸੁਫ਼ਨੇ ਵੀ ਢਹਿ ਢੇਰੀ ਹੋਏ ਸਨ, ਜੋ ਉਹ ਸਾਡੀਆਂ ਕਮਾਈਆਂ ਦੀਆਂ ਆਸਾਂ ਉੱਤੇ ਲੈਂਦੀ ਰਹਿੰਦੀ ਸੀ। ਇਸ ਲਈ ਉਸ ਦਾ ਇਹ ਰੋਣਾ ਨਿਰਾਸ਼ਾ ਭਰੀ ਮਮਤਾ ਦਾ ਰੋਣਾ ਸੀ।

ਪਰ ਉਦੋਂ ਮੈਨੂੰ ਉਸ ਦੇ ਰੋਣ ਉੱਤੇ ਤਰਸ ਆਉਣ ਦੀ ਥਾਂ ਖਿਝ ਆਉਂਦੀ ਸੀ। ਮੈਂ ਸਮਝਦਾ ਸਾਂ, ਕਿ ਦੇਸ਼ ਭਗਤੀ ਦੇ ਕੰਮ ਵਿੱਚ ਕੈਦ ਹੋਣ ਵਾਲ਼ੇ ਵੀਰਾਂ ਦੀ ਮਾਂ ਨੂੰ ਖੁਸ਼ੀ ਤੇ ਮਾਣ ਹੋਣਾ ਚਾਹੀਦਾ ਹੈ, ਕਿ ਉਸ ਦੀ ਕੁੱਖ਼ ਨੇ ਅਜਿਹਾ ਬਾਲ ਜਣਿਆ ਤੇ ਉਸ ਦੀ ਮਿਹਨਤ ਨੇ ਉਸ ਨੂੰ ਜਫ਼ਰ ਜਾਲ ਕੇ ਦੇਸ਼ ਉੱਤੇ ਕੁਰਬਾਨ ਹੋਣ ਜੋਗਾ ਬਣਾਇਆ। ਦੇਸ਼ ਭਗਤਾਂ ਦੀ ਮਾਂ ਦੇ ਰੋਣ ਨੂੰ ਮੈਂ ਵੱਡਾ ਔੌਗੁਣ ਸਮਝਦਾ ਸਾਂ। ਇਸ ਰੋਣ ਨਾਲ਼ ਦੇਸ਼ ਭਗਤਾਂ ਦੇ ਡੋਲ ਜਾਣ ਦਾ ਖ਼ਤਰਾ ਰਹਿੰਦਾ ਹੈ। ਏਸੇ ਨਾਲ਼ ਜਥੇ ਵਾਲ਼ੇ ਦਿਨ ਮਾਂ ਨੂੰ ਰੋਂਦੀ ਵੇਖ ਮੈਂ ਕਰੋਧ ਵਿਚ ਆ ਕੇ ਇਹ ਆਖ ਦਿੱਤਾ :

'ਚੰਗਾ ਹੁਣ ਦੋਹਾਂ ਨੂੰ ਰੋਵੀਂ, ਮੈਂ ਵੀ ਜਾਂਦਾ ਹਾਂ।'

ਉਸ ਦਿਨ ਮਾਂ ਕਚਹਿਰੀ ਵਿੱਚ ਖੜੀ ਅੱਗੇ ਨਾਲੋਂ ਜ਼ਿਆਦਾ ਹੰਝੂ ਕੇਰ ਰਹੀ ਸੀ। ਸ਼ਾਇਦ ਇਹ ਦੋਹਾਂ ਪੁੱਤਰਾਂ ਵਾਸਤੇ ਸਨ।

ਪੁਲਸ ਸਾਨੂੰ ਜੇਲ੍ਹ ਵੱਲ ਲੈ ਤੁਰੀ ਅਸੀਂ ਨਾਅਰੇ ਮਾਰਦੇ ਅੱਗੇ-ਅੱਗੇ ਤੇ ਲੋਕ ਜਲੂਸ ਦੀ ਸ਼ਕਲ ਵਿੱਚ ਸਾਡੇ ਮਗਰ-ਮਗਰ ਜੇਲ੍ਹ ਪਹੁੰਚ ਗਏ। ਜੇਲ੍ਹ ਦੇ ਬੂਹੇ ਅੱਗੇ ਆ ਕੇ ਅਸੀਂ ਭੀੜ ਦਾ ਧੰਨਵਾਦ ਕਰਨ ਲਈ ਖਲੋ ਗਏ। ਵੇਖਿਆ ਤਾਂ ਮੇਰੀ ਮਾਂ ਵੀ ਭੀੜ ਵਿੱਚ ਖਲੋਤੀ ਉਸੇ ਟਕ ਅੱਥਰੂ ਵਹਾ ਰਹੀ ਸੀ।

ਮੈਨੂੰ ਖਲੋਤੇ ਨੂੰ ਵੇਖ ਕੇ ਉਹ ਅਗਾਂਹ ਵਧੀ ਤੇ ਪੁਲਸ ਦੇ ਰੋਕਣ ਦੇ ਬਾਵਜੂਦ ਮੇਰੇ ਗਲ ਆਣ ਲੱਗੀ। ਉਸ ਨੇ ਰੋਂਦਿਆਂ ਹੀ ਮੈਨੂੰ ਦੋ ਤਿੰਨ ਵਾਰ ਘੁੱਟ-ਘੁੱਟ ਹਿੱਕ ਨਾਲ਼ ਲਾਇਆ। ਸਿਪਾਹੀ ਮੈਨੂੰ ਖਿੱਚਣ ਲੱਗੇ। ਪੁੱਤ ਨੂੰ ਹੱਥੋਂ ਜਾਂਦਾ ਵੇਖ ਉਸ ਨੇ ਮੇਰਾ ਮੱਥਾ ਚੁੱਮਿਆਂ ਤੇ ਡਡਿਆਉਂਦੀ ਹੋਈ ਦੇ ਮੂੰਹੋਂ ਨਿੱਕਲਿਆ :

'ਮਾਫੀ ਨਾ ਮੰਗੀਂ।'

ਮਾਂ ਪਿਛਾਂਹ ਹਟਾ ਦਿੱਤੀ ਗਈ। ਜੇਲ੍ਹ ਦੇ ਕਾਲੇ ਧੂਤ ਬੂਹੇ ਦੀ ਬਾਰੀ ਨੇ ਖੁੱਲ੍ਹ ਕੇ ਸਾਨੂੰ ਅੰਦਰ ਪਾ ਲਿਆ ਤੇ ਬਾਹਰਲੀ ਦੁਨੀਆਂ ਤੋਂ ਵੱਖ ਕਰ ਦਿੱਤਾ।

* * * * *

ਨੋਟ : 1. ਓਦੋਂ ਅਜੇ ਚਾਹ ਦਾ ਰਵਾਜ ਨਹੀਂ ਸੀ ਚਲਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •