Pehla Din (Punjabi Story) : S. Saki

ਪਹਿਲਾ ਦਿਨ (ਕਹਾਣੀ) : ਐਸ ਸਾਕੀ

ਜਦੋਂ ਮੈਂ ਵੱਡੇ ਕੋਲੋਂ ਬੀਤੇ ਸਾਰੇ ਦਿਨ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਹ ਮੈਨੂੰ ਵੱਢ ਖਾਣ ਨੂੰ ਪਿਆ। ਉਮਰ ’ਚ ਤਾਂ ਉਹ ਮੇਰੇ ਨਾਲੋਂ ਕੁੱਲ ਇੱਕ ਵਰ੍ਹਾ ਹੀ ਵੱਡਾ ਸੀ, ਪਰ ਉਹ ਦਾ ਵਰਤਾਓ ਮੇਰੇ ਨਾਲ ਇਸੇ ਤਰ੍ਹਾਂ ਦਾ ਸੀ। ਮੇਰੀ ਪੁੱਛੀ ਗੱਲ ਦਾ ਜਵਾਬ ਦਿੱਤੇ ਬਿਨਾਂ ਉਹ ਮੂੰਹ ਦੂਜੇ ਪਾਸੇ ਭੁਆ ‘ਹੂੰ’ ਕਹਿ ਕੇ ਉੱਥੋਂ ਚਲਾ ਗਿਆ ਸੀ।
ਘਰ ਦੇ ਸਾਰੇ ਬੱਚਿਆਂ ਵਿੱਚ ਮੇਰਾ ਤੀਜਾ ਨੰਬਰ ਸੀ। ਸਭ ਤੋਂ ਵੱਡੀ ਇੱਕ ਭੈਣ, ਫਿਰ ਵੱਡਾ ਭਰਾ ਅਤੇ ਤੀਜਾ ਮੈਂ। ਮੇਰੀਆਂ ਦੋ ਛੋਟੀਆਂ ਭੈਣਾਂ ਵੀ ਸਨ। ਘਰ ਵਿੱਚ ਮੇਰੀ ਇੰਨੀ ਪੁੱਛ ਨਹੀਂ ਸੀ। ਮਾਂ ਨੂੰ ਛੱਡ ਕੇ ਹੋਰ ਕੋਈ ਮੈਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ। ਬਾਪੂ ਜੀ ਤਾਂ ਮੈਨੂੰ ਕਾਂਗਿਆਰੀ ਸੱਦਦੇ ਸਨ। ਇਹਦਾ ਵੀ ਇੱਕ ਕਾਰਨ ਸੀ। ਭਾਵੇਂ ਹੁਣ ਤਾਂ ਵੱਡੀ ਉਮਰ ਹੋ ਜਾਣ ਕਰਕੇ ਉਨ੍ਹਾਂ ਦੀ ਉਸ ਵੇਲੇ ਦੀ ਸੋਚੀ ਗੱਲ ਠੀਕ ਨਹੀਂ ਲੱਗਦੀ, ਪਰ ਤਦ ਬਾਪੂ ਜੀ ਦੇ ਕਹੇ ’ਤੇ ਭਰੋਸਾ ਕਰਨਾ ਹੀ ਪੈਂਦਾ ਸੀ।
ਬਾਪੂ ਜੀ ਵੱਡੇ ਨੂੰ ਬਹੁਤਾ ਪਿਆਰ ਕਰਦੇ ਸਨ ਕਿਉਂਕਿ ਉਸ ਤੋਂ ਬਾਅਦ ਮੈਂ ਪੈਦਾ ਹੋਇਆ ਸੀ, ਪਰ ਮੇਰੇ ਤੋਂ ਬਾਅਦ ਇੱਕ ਛੋਟੀ ਭੈਣ ਆਈ ਤੇ ਰੱਬ ਨੂੰ ਪਿਆਰੀ ਹੋ ਗਈ। ਉਸ ਤੋਂ ਬਾਅਦ ਫੇਰ ਇੱਕ ਭੈਣ ਪੈਦਾ ਹੋਈ ਅਤੇ ਉਸ ਤੋਂ ਬਾਅਦ ਇੱਕ ਹੋਰ। ਇਸ ਦਾ ਦੋਸ਼ੀ ਬਾਪੂ ਜੀ ਮੈਨੂੰ ਠਹਿਰਾਉਂਦੇ ਸਨ। ਉਹ ਕਿਸੇ ਵੀ ਛੋਟੀ ਜਿਹੀ ਗੱਲ ਨੂੰ ਲੈ ਕੇ ਅਕਸਰ ਮੈਨੂੰ ਕਹਿ ਦਿੰਦੇ ਸਨ, ‘‘ਵੱਡਾ ਕਿੰਨਾ ਕਰਮਾਂ ਵਾਲਾ ਹੈ, ਆਪ ਤਾਂ ਘਰ ’ਚ ਮੁੰਡਾ ਬਣ ਕੇ ਆਇਆ। ਪਿੱਛੇ ਵੀ ਮੁੰਡਾ ਲਿਆਇਆ, ਪਰ ਇਹ ਇੱਕ ਕਾਂਗਿਆਰੀ…।’’ ਉਸ ਵੇਲੇ ਬਾਪੂ ਜੀ ਦੀ ਕਹੀ ਗੱਲ ਸੁਣ ਕੇ ਮੈਂ ਆਪਣੇ ਆਪ ਨੂੰ ਸੱਚਮੁੱਚ ਹੀ ਦੋਸ਼ੀ ਸਮਝਣ ਲੱਗ ਪੈਂਦਾ ਸੀ।
ਸੱਚ ਗੱਲ ਕਿਸੇ ਹੋਰ ਪਾਸੇ ਨੂੰ ਟੁਰ ਪਈ। ਜਿਹੜੀ ਗੱਲ ਮੈਂ ਕਰਨਾ ਲੱਗਿਆ ਹਾਂ ਇਹਦਾ ਸਿਰਾ ਪਿੱਛੇ ਲੰਘ ਗਏ ਅੱਠ-ਨੌਂ ਦਿਨਾਂ ਨਾਲ ਜੁੜਿਆ ਹੋਇਆ ਹੈ। ਉਹ ਅੱਠ-ਨੌਂ ਦਿਨ ਜਿਹੜੇ ਮੈਂ ਮਸਾਂ ਹੀ ਕੱਟੇ ਸਨ। ਜਦੋਂ ਦੀ ਇਹ ਗੱਲ ਹੈ ਉਦੋਂ ਅਸੀਂ ਸਾਰੇ ਬਾਪੂ ਜੀ ਨਾਲ ਇੱਕ ਪਿੰਡ ਵਿੱਚ ਰਹਿੰਦੇ ਸੀ।
ਬਾਪੂ ਜੀ ਉਸ ਪਿੰਡ ਵਿੱਚ ਪਟਵਾਰੀ ਲੱਗੇ ਹੋਏ ਸਨ। ਅੰਗਰੇਜ਼ੀ ਰਾਜ ਸੀ। ਪਟਵਾਰੀ ਕਈ ਪਿੰਡਾਂ ਦਾ ਮਾਲਕ ਗਿਣਿਆ ਜਾਂਦਾ ਸੀ। ਉਸ ਦੀ ਪਿੰਡ ਵਿੱਚ ਬਹੁਤ ਪੁੱਛ ਹੁੰਦੀ ਸੀ। ਜਿਸ ਪਿੰਡ ਦੀ ਇਹ ਗੱਲ ਹੈ ਉਸ ਵਿੱਚ ਇੱਕ ਸਰਦਾਰ ਵੀ ਸੀ। ਬਹੁਤ ਰੋਹਬ ਵਾਲਾ। ਇੱਕ ਵਾਰੀ ਵੱਡੇ ਨਾਲ ਮੈਂ ਉਨ੍ਹਾਂ ਦੇ ਘਰ ਗਿਆ ਸੀ। ਉਹਦੀ ਬਾਹਰਲੀ ਬੈਠਕ ਬਹੁਤ ਵੱਡੀ ਸੀ। ਛੱਤਾਂ ਬਹੁਤ ਉੱਚੀਆਂ ਸਨ। ਦੀਵਾਰਾਂ ’ਤੇ ਕਈ ਜਾਨਵਰਾਂ ਦੇ ਮੁਖੌਟੇ ਟੰਗੇ ਹੋਏ ਸਨ ਜਿਹੜੇ ਸਰਦਾਰ ਨੇ ਸ਼ਿਕਾਰ ਕਰਦੇ ਵੇਲੇ ਮਾਰੇ ਸਨ। ਫਿਰ ਉਨ੍ਹਾਂ ’ਚ ਘਾਹ-ਫੂਸ ਭਰਵਾ ਕੇ ਦੀਵਾਰਾਂ ’ਤੇ ਟੰਗਵਾ ਦਿੱਤੇ ਸਨ। ਉਨ੍ਹਾਂ ਵਿੱਚ ਹਿਰਨ ਤੇ ਬਾਰਾਂਸਿੰਗੇ ਬਹੁਤ ਸਨ। ਇੱਕ ਮੁਖੌਟਾ ਜੰਗਲੀ ਸੂਰ ਦਾ ਵੀ ਸੀ ਜਿਹੜਾ ਬਹੁਤ ਭਿਆਨਕ ਸੀ। ਉਹ ਸਾਰੀ ਗੱਲ ਵੱਡੇ ਨੇ ਦੱਸੀ ਸੀ। ਜਾਨਵਰਾਂ ਦੇ ਮੁਖੌਟਿਆਂ ਬਾਰੇ ਦੱਸਦਿਆਂ ਵੱਡੇ ਦੀ ਸ਼ਕਲ ਬਹੁਤ ਰੋਹਬ ਵਾਲੀ ਬਣੀ ਹੋਈ ਸੀ। ਸ਼ਾਇਦ ਇਸ ਕਰਕੇ ਕਿਉਂਕਿ ਉਸ ਸਾਹਮਣੇ ਮੈਂ ਅਣਜਾਣ ਬਣਿਆ ਜੋ ਖਲੋਤਾ ਸੀ ਜਿਸ ਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਸੀ।
ਜਿਹੜੇ ਪਿੰਡ ਦੀ ਇਹ ਗੱਲ ਹੈ, ਉੱਥੇ ਕੋਈ ਸਕੂਲ ਨਹੀਂ ਸੀ। ਕੋਈ ਵੀ ਬੱਚਾ ਪੜ੍ਹਾਈ ਨਹੀਂ ਸੀ ਕਰਦਾ। ਸ਼ਾਇਦ ਪਿੰਡ ਦੇ ਵਸਨੀਕ ਇਹਦੀ ਲੋੜ ਮਹਿਸੂਸ ਨਹੀਂ ਸਨ ਕਰਦੇ। ਉਨ੍ਹਾਂ ਦੇ ਬੱਚੇ ਥੋੜ੍ਹੇ ਵੱਡੇ ਹੋ ਕੇ ਡੰਗਰਾਂ ਪਿੱਛੇ ਪਾਲੀ ਲੱਗ ਜਾਂਦੇ ਸਨ। ਹੋਰ ਵੱਡੇ ਹੋ ਕੇ ਜਾਂ ਤਾਂ ਤਕੜੇ ਜ਼ਿਮੀਂਦਾਰਾਂ ਦੇ ਸੀਰੀ ਬਣ ਜਾਂਦੇ ਸਨ ਜਾਂ ਥੋੜ੍ਹੀ ਜ਼ਮੀਨ ਵਾਲੇ ਆਪਣੀ ਖੇਤੀ ਕਰਦੇ ਸਨ। ਉਨ੍ਹਾਂ ਪੜ੍ਹ ਕੇ ਫਿਰ ਕੀ ਲੈਣਾ ਸੀ। ਅਸੀਂ ਵੀ ਵਕਤ ਲੰਘਾਉਣ ਲਈ ਪਿੰਡ ਦੇ ਬੱਚਿਆਂ ਨਾਲ ਖੇਡਦੇ ਸੀ। ਅਸੀਂ ਖੇਡਦੇ ਇਕੱਠੇ ਸੀ, ਪਰ ਪਿੰਡ ਦੇ ਬੱਚਿਆਂ ਵਿੱਚ ਸਾਡੀ ਪੁੱਛ ਬਹੁਤੀ ਸੀ। ਅਸੀਂ ਸਾਫ਼ ਕੱਪੜੇ ਪਹਿਨਦੇ। ਸਾਡੇ ਪੈਰ ਨੰਗੇ ਨਹੀਂ ਸਨ ਹੁੰਦੇ। ਪਿੰਡ ਦੇ ਦੂਜੇ ਬੱਚੇ ਵੀ ਸਾਨੂੰ ਆਪਣੇ ਨਾਲੋਂ ਵੱਡਾ ਸਮਝਦੇ ਸਨ।
ਉਸ ਵੇਲੇ ਵੱਡਾ ਪੰਜਾਂ ਸਾਲਾਂ ਦਾ ਅਤੇ ਮੈਂ ਚਾਰ ਦਾ ਸੀ। ਘਰ ਦਾ ਰੋਟੀ-ਟੁੱਕ ਮਾਂ ਕਰਦੀ ਸੀ। ਝਾੜੂ ਲਗਾਉਣ, ਭਾਂਡੇ ਮਾਂਜਣ ਅਤੇ ਕੱਪੜੇ ਧੋਣ ਲਈ ਪਿੰਡੋਂ ਝਿਊਰਾਂ ਦੀ ਕੁੜੀ ਆਉਂਦੀ ਸੀ। ਅਸੀਂ ਮਾਂ ਦੇ ਕੰਮ ਵੱਲ ਬਹੁਤਾ ਧਿਆਨ ਨਹੀਂ ਸੀ ਦਿੰਦੇ।
ਇੱਕ ਦਿਨ ਜਦੋਂ ਮੈਂ ਸਵੇਰੇ ਉੱਠਿਆ ਤਾਂ ਬਾਪੂ ਜੀ ਬਾਹਰ ਕੰਮ ਜਾਂਦੇ ਹੋਏ ਵੱਡੇ ਨੂੰ ਨਾਲ ਲੈ ਗਏ ਸਨ। ਉਹ ਸ਼ਾਮੀਂ ਹਨੇਰੇ ਹੋਏ ਮੁੜੇ ਤਾਂ ਵੱਡੇ ਨੇ ਗੱਤੇ ਦਾ ਡੱਬਾ ਫੜਿਆ ਹੋਇਆ ਸੀ ਜਿਸ ਵਿੱਚ ਉਹਦੇ ਪਹਿਨਣ ਲਈ ਚਮੜੇ ਦੇ ਕਾਲੇ ਬੂਟ ਸਨ। ਵੱਡੇ ਨੇ ਉਹ ਕਾਲੇ ਬੂਟ ਮੈਨੂੰ ਦਿਖਾਏ ਤਾਂ ਸਹੀ, ਪਰ ਦੱਸਿਆ ਕੁਝ ਨਹੀਂ ਕਿ ਉਸ ਲਈ ਕਾਲੇ ਬੂਟ ਕਿਉਂ ਖ਼ਰੀਦੇ ਗਏ ਸਨ, ਮੇਰੇ ਲਈ ਕਿਉਂ ਨਹੀਂ?
ਫਿਰ ਇੱਕ-ਦੋ ਦਿਨਾਂ ਬਾਅਦ ਉਸ ਲਈ ਨਵਾਂ ਚਿੱਟਾ ਕੁੜਤਾ-ਪਜਾਮਾ ਵੀ ਕਸਬੇ ਤੋਂ ਸਿਲ ਕੇ ਆ ਗਿਆ ਸੀ। ਮੈਂ ਇਸ ਵਾਰੀ ਵੀ ਚੁੱਪ ਰਿਹਾ। ਡਰਦੇ ਮਾਰਿਆਂ ਵੱਡੇ ਅਤੇ ਬਾਪੂ ਜੀ ਕੋਲੋਂ ਕੁਝ ਨਹੀਂ ਪੁੱਛਿਆ। ਬੇਬੇ ਨਾਲ ਵੀ ਕੋਈ ਗੱਲ ਨਹੀਂ ਕੀਤੀ। ਫਿਰ ਇੱਕ ਦਿਨ ਸ਼ਾਮੀਂ ਮੈਂ ਬਾਹਰੋਂ ਖੇਡ ਕੇ ਘਰ ਪਰਤਿਆ ਤਾਂ ਵੇਖਿਆ ਕਿ ਬੇਬੇ ਸੂਈ-ਧਾਗੇ ਨਾਲ ਇੱਕ ਨਵਾਂ ਹਰੇ ਰੰਗ ਦਾ ਕੱਪੜਾ ਸਿਉਂ ਰਹੀ ਸੀ। ਜੇ ਉਹ ਕੱਪੜਾ ਭੜਕੀਲੇ ਰੰਗ ਦਾ ਨਾ ਹੁੰਦਾ ਤਾਂ ਸ਼ਾਇਦ ਉੱਧਰ ਮੇਰਾ ਧਿਆਨ ਵੀ ਨਹੀਂ ਸੀ ਜਾਣਾ।
‘‘ਬੇਬੇ ਆਹ…’’ ਮੈਂ ਉਸ ਦੇ ਮੰਜੇ ਦੇ ਪੈਂਦ ਵਾਲੇ ਪਾਸੇ ਬੈਠ ਭੜਕੀਲੇ ਰੰਗ ਦੇ ਕੱਪੜੇ ਨੂੰ ਛੂੰਹਦਿਆਂ ਪੁੱਛਿਆ। ਸ਼ੁਰੂ ਤੋਂ ਹੀ ਇਹ ਮੇਰੀ ਆਦਤ ਰਹੀ ਸੀ ਕਿ ਮੈਨੂੰ ਕਿਸੇ ਵੀ ਨਵੀਂ ਚੀਜ਼ ਬਾਰੇ ਜਾਣਨ ਦੀ ਉਤਸੁਕਤਾ ਬਣੀ ਰਹੀ। ਇਸ ਉਤਸੁਕਤਾ ਵਿੱਚ ਵੱਡੇ ਦੇ ਚਮੜੇ ਦੇ ਕਾਲੇ ਬੂਟ ਅਤੇ ਚਿੱਟਾ ਕੁੜਤਾ-ਪਜਾਮਾ ਵੀ ਸ਼ਾਮਲ ਸਨ। ਹੁਣ ਇਹ ਭੜਕੀਲੇ ਰੰਗ ਦਾ ਕੱਪੜਾ…!
‘‘ਪੁੱਤ, ਇਹ ਮੈਂ ਝੋਲਾ ਸਿਉਂ ਰਹੀ ਹਾਂ।’’ ਉਸੇ ਤਰ੍ਹਾਂ ਸੂਈ ਨਾਲ ਤਰੋਪੇ ਭਰਦਿਆਂ ਮਾਂ ਨੇ ਮੇਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ।
‘‘ਬੇਬੇ, ਨਵੇਂ ਕੱਪੜੇ ਦਾ ਇਹ ਝੋਲਾ ਕਿਸ ਕੰਮ ਆਵੇਗਾ?’’ ਝੋਲੇ ਬਾਰੇ ਪੂਰੀ ਜਾਣਕਾਰੀ ਲੈਣ ਦੀ ਮੇਰੀ ਇੱਛਾ ਇੱਕ ਵਾਰੀ ਪ੍ਰਬਲ ਹੋ ਗਈ ਸੀ।
‘‘ਏਸ ਵਿੱਚ ਵੱਡਾ ਕਿਤਾਬਾਂ ਪਾ ਕੇ ਸਕੂਲ ਪੜ੍ਹਨ ਜਾਇਆ ਕਰੇਗਾ।’’
ਮਾਂ ਦੀ ਗੱਲ ਮੈਨੂੰ ਠੀਕ ਤਰ੍ਹਾਂ ਸਮਝ ਨਹੀਂ ਆਈ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਪਿੰਡ ਵਿੱਚ ਤਾਂ ਕੋਈ ਸਕੂਲ ਹੈ ਹੀ ਨਹੀਂ। ਫਿਰ ਵੱਡਾ ਨਵੇਂ ਹਰੇ ਰੰਗ ਦੇ ਝੋਲੇ ਵਿੱਚ ਕਿਤਾਬਾਂ ਪਾ ਕੇ ਪੜ੍ਹਨ ਕਿੱਥੇ ਜਾਇਆ ਕਰੇਗਾ?
‘‘ਬੇਬੇ ਵੱਡਾ… ਕਿਤਾਬਾਂ… ਝੋਲਾ… ਸਕੂਲ…।’’ ਮੈਂ ਮਾਂ ਨਾਲ ਸਿੱਧੀ ਗੱਲ ਨਹੀਂ ਕਰ ਸਕਿਆ ਸਗੋਂ ਮੇਰੇ ਬੋਲਦਿਆਂ ਲੰਬੀ ਗੱਲ ਦੇ ਜਿਵੇਂ ਟੁਕੜੇ ਹੋ ਗਏ ਸਨ। ਬੇਬੇ ਸ਼ਾਇਦ ਮੇਰੀ ਸਾਰੀ ਬਾਤ ਸਮਝ ਗਈ ਸੀ।
‘‘ਵੇ… ਆਹ ਨਾਲ ਦੇ ਕਸਬੇ ਸਕੂਲ ਹੈਗਾ। ਵੱਡਾ ਉਸੇ ਸਕੂਲ ’ਚ ਪੜ੍ਹਨ ਜਾਇਆ ਕਰੂ। ਉਸ ਲਈ ਤੇਰਾ ਬਾਪੂ ਤਾਹੀਓਂ ਤਾਂ ਚਮੜੇ ਦੇ ਕਾਲੇ ਬੂਟ ਅਤੇ ਕੁੜਤਾ-ਪਜਾਮਾ ਖ਼ਰੀਦ ਕੇ ਲਿਆਇਆ। ਤੂੰ ਵੇਖਿਆ ਨਹੀਂ…?’’
ਬੇਬੇ ਦੀ ਗੱਲ ਦਾ ਮੈਂ ਇਸ ਵਾਰੀ ਵੀ ਕੋਈ ਜਵਾਬ ਨਹੀਂ ਦਿੱਤਾ ਜਦੋਂਕਿ ਮੈਂ ਦੋਵੇਂ ਚੀਜ਼ਾਂ ਵੇਖੀਆਂ ਸਨ। ਮੇਰੇ ਮਨ ’ਚ ਇੱਕ ਹੋਰ ਸਵਾਲ ਸੀ। ਮੈਂ ਮਾਂ ਕੋਲੋਂ ਪੁੱਛ ਹੀ ਲਿਆ, ‘‘ਪਰ ਬੇਬੇ ਮੈਂ…?’’ ਇਸ ਵਾਰੀ ਵੀ ਮੇਰੀ ਗੱਲ ਅਧੂਰੀ ਰਹਿ ਗਈ ਸੀ। ਮੇਰੇ ਚਾਅ ਨੂੰ ਵੇਖਦਿਆਂ ਬੇਬੇ ਨੇ ਇੰਨਾ ਹੀ ਕਿਹਾ, ‘‘ਤੂੰ ਅਜੇ ਛੋਟਾ ਹੈਂ। ਜਦੋਂ ਅਗਲੇ ਵਰ੍ਹੇ ਤੂੰ ਪੰਜਾਂ ਦਾ ਹੋ ਜਾਵੇਂਗਾ ਤਾਂ ਤੈਨੂੰ ਵੀ ਤੇਰੇ ਬਾਪੂ ਜੀ ਸਕੂਲ ’ਚ ਦਾਖਲ ਕਰਵਾ ਦੇਣਗੇ। ਮੈਂ ਤੇਰੇ ਲਈ ਵੀ ਵਧੀਆ ਨਵੇਂ ਕੱਪੜੇ ਦਾ ਝੋਲਾ ਬਣਾ ਕੇ ਦੇਵਾਂਗੀ। ਤੇਰੇ ਕੱਪੜੇ ਵੀ ਵੱਡੇ ਨਾਲੋਂ ਕਿਤੇ ਵਧੀਆ ਹੋਣਗੇ। ਤੇਰੇ ਲਈ ਵੀ ਨਵੇਂ ਚਮਚਮਾਉਂਦੇ ਕਾਲੇ ਬੂਟ ਮੰਗਵਾਵਾਂਗੀ।’’ ਭਾਵੇਂ ਛੋਟਾ ਹੋਣ ਕਰਕੇ ਉਸ ਵੇਲੇ ਤਾਂ ਮੈਂ ਮਾਂ ਦੀ ਗੱਲ ’ਤੇ ਪਰਚ ਗਿਆ ਸੀ, ਪਰ ਮੈਨੂੰ ਇੱਕ ਗੱਲ ਦਾ ਗੁੱਸਾ ਜ਼ਰੂਰ ਸੀ ਕਿ ਘਰ ਵਿੱਚ ਮੈਂ ਵੱਡੇ ਨਾਲੋਂ ਛੋਟਾ ਕਿਉਂ ਹਾਂ ਤੇ ਵੱਡੇ ਨਾਲੋਂ ਬਾਅਦ ਵਿੱਚ ਕਿਉਂ ਪੈਦਾ ਹੋਇਆ? ਖ਼ੈਰ! ਗੱਲ ਇੱਥੇ ਹੀ ਮੁੱਕ ਗਈ!
ਫਿਰ ਵੱਡੇ ਦੇ ਸਕੂਲ ਜਾਣ ਦੀ ਤਿਆਰੀ ਹੋਣ ਲੱਗੀ। ਰਾਤੀਂ ਸਾਨੂੰ ਸਾਰਿਆਂ ਨੂੰ ਛੇਤੀ ਸੌਂ ਜਾਣ ਦਾ ਹੁਕਮ ਹੋਇਆ ਕਿਉਂਕਿ ਅਸੀਂ ਸਵੇਰੇ ਛੇਤੀ ਉੱਠਣਾ ਸੀ। ਸਕੂਲ ਜਾਣ ’ਤੇ ਵੱਡਾ ਜਿੰਨਾ ਖ਼ੁਸ਼ ਸੀ, ਮੇਰਾ ਅੰਦਰ ਓਨਾ ਹੀ ਉਦਾਸ ਸੀ। ਅੱਗੇ ਭਾਵੇਂ ਅਸੀਂ ਦਿਨ ਚੜ੍ਹਿਆਂ ਉੱਠਦੇ ਸੀ, ਪਰ ਸੂਕਲ ਦੇ ਚਾਅ ਵਿੱਚ ਵੱਡਾ ਸਵੇਰੇ ਹੀ ਜਾਗ ਪਿਆ ਸੀ। ਮੇਰੀ ਅੱਖ ਵੀ ਹਨੇਰੇ-ਹਨੇਰੇ ਖੁੱਲ੍ਹ ਗਈ ਸੀ। ਅਸਲ ਵਿੱਚ ਤਾਂ ਉਸ ਰਾਤ ਮੈਂ ਚੰਗੀ ਤਰ੍ਹਾਂ ਸੌਂ ਵੀ ਨਹੀਂ ਸੀ ਸਕਿਆ। ਮਨ ਵਿੱਚ ਵੱਡੇ ਲਈ ਗਿਲਾ ਅਤੇ ਆਪਣੇ ਛੋਟੇ ਹੋਣ ਦਾ ਅਫ਼ਸੋਸ ਸੀ।
‘‘ਤੂੰ ਇੰਨੀ ਜਲਦੀ ਕਿਉਂ ਜਾਗ ਗਿਆ? ਮੈਂ ਤਾਂ ਅੱਜ ਭਲਾ ਸਕੂਲ ਜਾਵਾਂਗਾ। ਨਵੇਂ ਕੱਪੜੇ ਪਹਿਨਾਂਗਾ। ਇਹ ਸਭ ਕਰਦਿਆਂ ਦੇਰ ਵੀ ਤਾਂ ਹੋ ਸਕਦੀ ਹੈ। ਇਸ ਲਈ ਮੈਂ ਛੇਤੀ ਉੱਠ ਖਲੋਤਾ, ਪਰ ਤੂੰ ਤਾਂ ਘਰ ਹੀ ਰਹੇਂਗਾ। ਫਿਰ ਤੂੰ…?’’ ਵੱਡੇ ਨੇ ਗੁੱਸੇ ਨਾਲ ਘੂਰਦਿਆਂ ਆਖਿਆ।
‘‘ਨਹੀਂ ਵੀਰ, ਮੈਂ ਇਸ ਲਈ ਛੇਤੀ ਜਾਗ ਪਿਆ ਕਿ ਤੈਨੂੰ ਸਕੂਲ ਜਾਂਦੇ ਨੂੰ ਵੇਖ ਸਕਾਂ। ਤੂੰ ਨਵੇਂ ਕੱਪੜਿਆਂ ਅਤੇ ਨਵੇਂ ਬੂਟਾਂ ਵਿੱਚ ਕਿਹੋ ਜਿਹਾ ਲੱਗੇਂਗਾ। ਇਹ ਸਭ ਵੇਖਣ ਲਈ ਹੀ ਮੇਰੀ ਅੱਖ ਛੇਤੀ ਖੁੱਲ੍ਹ ਗਈ।’’ ਮੇਰੀ ਗੱਲ ’ਤੇ ਵੱਡਾ ਕੁਝ ਨਹੀਂ ਬੋਲਿਆ। ਉਸ ਨੇ ਇੱਕ ਵਾਰੀ ਟੇਢਾ ਜਿਹਾ ਮੂੰਹ ਬਣਾ ਕੇ ਮੇਰੇ ਵੱਲ ਵੇਖਿਆ ਤੇ ਫਿਰ ਗਰਦਨ ਦੂਜੇ ਪਾਸੇ ਭੁਆ ਲਈ। ਬੇਬੇ ਨੇ ਵੱਡੇ ਦਾ ਚੰਗੀ ਤਰ੍ਹਾਂ ਮੂੰਹ ਧੋਤਾ। ਵਾਲ ਕੰਘੀ ਕਰਕੇ ਸਿਰ ’ਤੇ ਜੂੜਾ ਬਣਾ ਕਾਲਾ ਧਾਗਾ ਬੰਨ੍ਹ ਦਿੱਤਾ। ਫਿਰ ਉਸ ਨੂੰ ਨਵਾਂ ਕੁੜਤਾ ਪਹਿਨਾਇਆ, ਨਵਾਂ ਪਜਾਮਾ ਪਹਿਨਾਇਆ, ਨਵੇਂ ਚਮਚਮਾਉਂਦੇ ਬੂਟ ਪਹਿਨਾਏ। ਥਾਲੀ ਵਿੱਚ ਰਾਤ ਦੀ ਜੰਮੀ ਦਹੀਂ ’ਚ ਖੰਡ ਪਾ ਕੇ ਮਿੱਠੇ ਚੌਲ ਉਹਦੇ ਮੂੰਹ ਨੂੰ ਲਾਏ। ਫਿਰ ਟੁਰਨ ਤੋਂ ਪਹਿਲਾਂ ਕੰਧ ’ਤੇ ਟੰਗੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਮੂਹਰੇ ਮੱਥਾ ਟਿਕਵਾਇਆ। ਮੈਂ ਚੁੱਪ-ਚਾਪ ਇਹ ਸਭ ਕੁਝ ਹੁੰਦਾ ਵੇਖੀ ਜਾ ਰਿਹਾ ਸੀ। ਉਸ ਵੇਲੇ ਮੇਰੇ ਅੰਦਰ ਇੱਕੋ ਗੱਲ ਸੀ, ‘ਇਹ ਇੱਕ ਸਾਲ ਤਾਂ ਐਵੇਂ ਲੰਘ ਜਾਵੇਗਾ। ਫਿਰ ਅਗਲੇ ਵਰ੍ਹੇ ਮੈਂ ਵੀ ਸਕੂਲ ਜਾਣ ਲੱਗਾਂਗਾ। ਮੇਰੇ ਨਾਲ ਵੀ ਬੇਬੇ ਇਸੇ ਤਰ੍ਹਾਂ ਕਰੇਗੀ।’
ਅਜੇ ਚੰਗੀ ਤਰ੍ਹਾਂ ਧੁੱਪ ਵੀ ਨਹੀਂ ਸੀ ਚੜ੍ਹੀ ਕਿ ਪਿੰਡ ਦੇ ਨੰਬਰਦਾਰ ਦਾ ਸੀਰੀ ਗੱਡਾ ਲੈ ਕੇ ਸਾਡੇ ਬੂਹੇ ’ਤੇ ਆ ਖੜੋਤਾ। ਵੱਡੇ ਨੇ ਉਸ ਨਾਲ ਹੀ ਸਕੂਲ ਪੜ੍ਹਨ ਜਾਣਾ ਸੀ। ਵੱਡਾ ਤਿੰਨ ਕੋਹ ਦਾ ਪੈਂਡਾ ਭਲਾ ਪੈਦਲ ਕਿਵੇਂ ਤੈਅ ਕਰ ਸਕਦਾ ਸੀ, ਦੂਜਾ ਉਹ ਪਟਵਾਰੀ ਦਾ ਪੁੱਤ ਵੀ ਤਾਂ ਸੀ।
ਗੱਡੇ ’ਚ ਬਹਿਣ ਤੋਂ ਪਹਿਲਾਂ ਬਾਪੂ ਜੀ ਨੇ ਸੰਦੂਕ ’ਚੋਂ ਨਵਾਂ ਖੇਸ ਕੱਢ ਕੇ ਗੱਡੇ ਵਿੱਚ ਵਿਛਾ ਦਿੱਤਾ ਤਾਂ ਕਿ ਬਹਿੰਦੇ ਵੇਲੇ ਵੱਡੇ ਦੇ ਕੱਪੜੇ ਮੈਲੇ ਨਾ ਹੋ ਜਾਣ। ਬਾਪੂ ਜੀ ਨੇ ਦੋ ਸੇਰ ਦੇਸੀ ਘਿਓ ਦੀ ਕਨਸਤਰੀ ਅਧਿਆਪਕ ਨੂੰ ਦੇਣ ਲਈ ਹੱਥ ਵਿੱਚ ਲੈ ਲਈ ਅਤੇ ਉਹ ਵੱਡੇ ਦੀ ਉਂਗਲੀ ਫੜ ਗੱਡੇ ਵੱਲ ਟੁਰ ਪਏ।
ਕੁਝ ਦੂਰੀ ’ਤੇ ਚੁੱਪ ਖਲੋਤਾ ਮੈਂ ਇਹ ਸਭ ਵੇਖੀ ਜਾ ਰਿਹਾ ਸੀ। ਮੇਰੇ ਮਨ ਵਿੱਚ ਕਿੰਨੇ ਹੀ ਸਵਾਲ ਸਨ। ਕਿੰਨਾ ਕੁਝ ਪੁੱਛਣਾ ਚਾਹੁੰਦਿਆਂ ਵੀ ਮੈਂ ਮਾਂ ਕੋਲੋਂ ਕੁਝ ਨਹੀਂ ਪੁੱਛ ਪਾ ਰਿਹਾ ਸੀ। ਉਸ ਵੇਲੇ ਵੱਡੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉਸ ਦੀ ਗਰਦਨ ਤਾਂ ਨਵੇਂ ਕੱਪੜਿਆਂ, ਨਵੇਂ ਬੂਟਾਂ ਅਤੇ ਕਿਤਾਬਾਂ ਦੇ ਨਵੇਂ ਝੋਲੇ ਕਰਕੇ ਜਿਵੇਂ ਆਕੜੀ ਹੋਈ ਸੀ।
ਦਹਿਲੀਜ਼ਾਂ ’ਚ ਖੜ੍ਹੀ ਮਾਂ ਨੇ ਇੱਕ ਵਾਰੀ ਆਪਣੇ ਪੁੱਤ ਵੱਲ ਵੇਖਿਆ ਜਿਸ ਨੂੰ ਲੈ ਕੇ ਗੱਡਾ ਤਿੰਨ ਕੋਹ ਦੀ ਦੂਰੀ ’ਤੇ ਬਣੇ ਸਕੂਲ ਵੱਲ ਟੁਰ ਪਿਆ ਸੀ। ਗੱਡਾ ਛੇਤੀ ਹੀ ਗਲੀ ਪਾਰ ਕਰ ਗਿਆ। ਮੈਂ ਅਜੇ ਵੀ ਮਾਂ ਦੇ ਕੁੜਤੇ ਦੀ ਕੋਰ ਫੜੀ ਆਪਣੀ ਥਾਂ ’ਤੇ ਚੁੱਪ ਖਲੋਤਾ ਸੀ। ਮੇਰੇ ਮਨ ’ਚ ਸੀ ਕਿ ਮਾਂ ਨੂੰ ਕਹਾਂ ਕਿ ਉਹ ਮੈਨੂੰ ਵੱਡੇ ਨਾਲ ਸਕੂਲ ’ਚ ਪੜ੍ਹਨ ਲਈ ਨਹੀਂ ਭੇਜ ਸਕਦੀ ਤਾਂ ਐਵੇਂ ਭੇਜ ਦੇਵੇ। ਮੈਂ ਵੀ ਕਸਬੇ ਤੀਕ ਘੁੰਮ ਆਵਾਂਗਾ, ਪਰ ਮੇਰੇ ਕੋਲੋਂ ਮਾਂ ਨੂੰ ਇਹ ਨਹੀਂ ਆਖਿਆ ਗਿਆ।
ਮੈਂ ਸਾਰਾ ਦਿਨ ਵੱਡੇ ਦਾ ਇੰਤਜ਼ਾਰ ਕਰਦਾ ਰਿਹਾ, ਇਹ ਸੋਚਦਾ ਹੋਇਆ ਕਿ ਉਹ ਜਦੋਂ ਸ਼ਾਮੀਂ ਸਕੂਲੋਂ ਆਵੇਗਾ ਤਾਂ ਮੈਂ ਉਸ ਕੋਲੋਂ ਬੀਤੇ ਸਾਰੇ ਦਿਨ ਦੀ ਜਾਣਕਾਰੀ ਲਵਾਂਗਾ। ਫਿਰ ਵੱਡਾ ਉਸੇ ਤਰ੍ਹਾਂ ਗੱਡੇ ’ਚ ਬਹਿ ਕੇ ਘਰ ਮੁੜ ਆਇਆ ਪਰ…। ਜਦੋਂ ਮੈਂ ਵੱਡੇ ਕੋਲੋਂ ਬੀਤ ਗਏ ਦਿਨ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਹ ਮੈਨੂੰ ਵੱਢ ਖਾਣ ਨੂੰ ਪਿਆ। ਉਸ ਨੇ ਤਾਂ ਮੈਨੂੰ ਕੁਝ ਵੀ ਨਹੀਂ ਦੱਸਿਆ।
ਫਿਰ ਰੋਜ਼ ਇਸੇ ਤਰ੍ਹਾਂ ਹੁੰਦਾ ਰਿਹਾ। ਨੰਬਰਦਾਰ ਸੀਰੀ ਨੂੰ ਗੱਡਾ ਦੇ ਕੇ ਸਵੇਰੇ ਹੀ ਸਾਡੇ ਘਰ ਘੱਲ ਦਿੰਦਾ। ਵੱਡਾ ਸਕੂਲ ਜਾਣ ਲਈ ਰੋਜ਼ ਛੇਤੀ ਉੱਠ ਖੜੋਂਦਾ ਅਤੇ ਮੇਰੀ ਵੀ ਉਸ ਨੂੰ ਸਕੂਲ ਜਾਂਦੇ ਨੂੰ ਵੇਖਣ ਲਈ ਸਾਝਰੇ ਅੱਖ ਖੁੱਲ੍ਹ ਜਾਂਦੀ। ਰੋਜ਼ ਦੀ ਕਿਰਿਆ ਰੋਜ਼ ਚਲਦੀ ਉਹੀ ਵੱਡੇ ਦਾ ਮੂੰਹ ਧੋਣਾ। ਉਹੀ ਧੋਤਾ ਕੁੜਤਾ-ਪਜਾਮਾ ਪਹਿਨਣਾ। ਉਹੀ ਪਾਲਿਸ਼ ਕੀਤੇ ਚਮਚਮਾਉਂਦੇ ਬੂਟ। ਉਹੀ ਰੋਜ਼ ਬੇਬੇ ਦਾ ਗੱਡੇ ਵਿੱਚ ਖੇਸ ਵਿਛਾਣਾ। ਹੌਲੀ-ਹੌਲੀ ਟੁਰਦੇ ਬਲਦਾਂ ਨੇ ਗਲੀ ਪਾਰ ਕਰ ਜਾਣਾ ਅਤੇ ਮੈਂ ਮਾਂ ਦੇ ਕੁੜਤੇ ਦੀ ਕੋਰ ਨੂੰ ਪਕੜੀ ਖੜੋਤਿਆਂ ਅੱਖਾਂ ਤੋਂ ਦੂਰ ਹੁੰਦੇ ਜਾਂਦੇ ਗੱਡੇ ਨੂੰ ਵੇਖਣਾ ਅਤੇ ਰੋਜ਼ ਹੀ ਇੱਕ ਸਾਲ ਪੂਰਾ ਹੋ ਜਾਣ ਦਾ ਇੰਤਜ਼ਾਰ ਕਰਨਾ।
ਫਿਰ ਇੱਕ ਦਿਨ ਸਵੇਰੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਗੱਡੇ ਕੋਲ ਪਿੰਡ ਦੇ ਚਾਰ ਮੁੰਡੇ ਖੜੋਤੇ ਦਿਸੇ। ਮਸਾਂ ਵੱਡੇ ਦੀ ਉਮਰ ਦੇ ਜਾਂ ਉਸ ਤੋਂ ਸਾਲ ਦੋ ਸਾਲ ਵੱਡੇ ਜਿਨ੍ਹਾਂ ਦੀਆਂ ਸਰ੍ਹੋਂ ਦੇ ਤੇਲ ਨਾਲ ਚੋਪੜੀਆਂ ਨੰਗੀਆਂ ਲੱਤਾਂ ਸਨ, ਪੈਰ ਨੰਗੇ ਸਨ। ਜਿਨ੍ਹਾਂ ਦੇ ਸਿਰ ਨੰਗੇ ਸਨ। ਕੱਪੜੇ ਮੈਲੇ ਜਿਹੇ ਸਨ। ਜਿਨ੍ਹਾਂ ਦੇ ਹੱਥਾਂ ਵਿੱਚ ਕਿਤਾਬਾਂ ਲਈ ਕੱਪੜੇ ਦੇ ਝੋਲੇ ਅਤੇ ਦੂਜੇ ਹੱਥਾਂ ਵਿੱਚ ਗਾਚੀ ਨਾਲ ਪੋਚੀਆਂ ਹੋਈਆਂ ਫੱਟੀਆਂ ਸਨ।
ਭਾਵੇਂ ਪਹਿਲੇ ਦਿਨ ਤਾਂ ਮੇਰੀ ਸਮਝ ਵਿੱਚ ਕੁਝ ਨਹੀਂ ਆਇਆ, ਪਰ ਤਿੰਨ-ਚਾਰ ਦਿਨ ਲੰਘ ਜਾਣ ’ਤੇ ਸ਼ਾਮੀਂ ਉਨ੍ਹਾਂ ਮੁੰਡਿਆਂ ਨਾਲ ਖੇਡਦਿਆਂ ਪਤਾ ਲੱਗਿਆ ਕਿ ਉਹ ਜ਼ਿਮੀਂਦਾਰਾਂ ਦੇ ਮੁੰਡੇ ਵੀ ਵੱਡੇ ਨਾਲ ਕਸਬੇ ਵਿੱਚ ਸਕੂਲ ਪੈਦਲ ਜਾਂਦੇ ਹਨ ਅਤੇ ਆਉਂਦੇ ਵੀ ਪੈਦਲ ਹੀ ਹਨ ਕਿਉਂਕਿ ਵੱਡਾ ਉਨ੍ਹਾਂ ਨੂੰ ਗੱਡੇ ਵਿੱਚ ਬਹਿਣ ਨਹੀਂ ਦਿੰਦਾ। ਉਹਦਾ ਖ਼ਿਆਲ ਹੈ ਕਿ ਅਜਿਹਾ ਹੋਣ ’ਤੇ ਉਹ ਮੁੰਡੇ ਵੀ ਉਹਦੇ ਬਰਾਬਰ ਹੋ ਜਾਣਗੇ।
ਦਿਨ ਗਿਣਦਿਆਂ ਇੱਕ ਸਾਲ ਲੰਘ ਗਿਆ। ਵੱਡੇ ਦੇ ਸਾਲਾਨਾ ਇਮਤਿਹਾਨ ਹੋ ਗਏ ਸਨ। ਹੁਣ ਮੇਰੀ ਸਕੂਲ ਜਾਣ ਦੀ ਵਾਰੀ ਸੀ। ਪਿਛਲੇ ਕਈ ਦਿਨਾਂ ਦਾ ਰਾਤੀਂ ਮੰਜੇ ’ਤੇ ਲੰਮਾ ਪਿਆ ਮੈਂ ਵੀ ਆਪਣੇ ਸਕੂਲ ਜਾਣ ਬਾਰੇ ਸੋਚਦਾ ਰਹਿੰਦਾ ਸੀ। ਮਾਂ ਦੀਆਂ ਕਹੀਆਂ ਸਾਰੀਆਂ ਗੱਲਾਂ ਵਾਰ ਵਾਰ ਯਾਦ ਆਉਣ ਲੱਗਦੀਆਂ ਸਨ। ਓਹੀ ਸਭ ਕੁਝ ਜੋ ਵੱਡੇ ਨਾਲ ਵਾਪਰਿਆ ਸੀ। ਮਾਂ ਵੱਲੋਂ ਮੇਰੇ ਲਈ ਵੀ ਉਸ ਤੋਂ ਵਧ ਕੇ ਕਰਨ ਦਾ ਖ਼ਿਆਲ ਮਨ ਵਿੱਚ ਆ ਜਾਂਦਾ ਸੀ। ਨਵਾਂ ਕੁੜਤਾ-ਪਜਾਮਾ, ਨਵੇਂ ਚਮਚਮਾਉਂਦੇ ਕਾਲੇ ਬੂਟ, ਬਾਹਰ ਦਰਵਾਜ਼ੇ ’ਤੇ ਖੜੋਤਾ ਨੰਬੜਦਾਰ ਦਾ ਗੱਡਾ ਅਤੇ ਗੱਡੇ ਵਿੱਚ ਸੰਦੂਕ ’ਚੋਂ ਬਾਹਰ ਕੱਢ ਕੇ ਵਿਛਾਇਆ ਹੋਇਆ ਨਵਾਂ ਖੇਸ। ਥਾਲੀ ਵਿੱਚ ਰੱਖੇ ਦਹੀਂ, ਖੰਡ ਤੇ ਚੌਲ।
ਭਾਵੇਂ ਮੇਰੇ ਸਕੂਲ ਜਾਣ ਵਿੱਚ ਅਜੇ ਦੋ ਦਿਨ ਬਾਕੀ ਸਨ, ਪਰ ਮੇਰੇ ਲਈ ਬੇਬੇ ਨੇ ਨਾ ਤਾਂ ਨਵੇਂ ਕੱਪੜੇ ਦਾ ਝੋਲਾ ਤਿਆਰ ਕਰਨਾ ਸ਼ੁਰੂ ਕੀਤਾ ਸੀ ਅਤੇ ਨਾ ਹੀ ਬਾਪੂ ਜੀ ਕਸਬੇ ਤੋਂ ਮੇਰੇ ਲਈ ਕਾਲੇ ਬੂਟ ਅਤੇ ਨਵਾਂ ਕੁੜਤਾ-ਪਜਾਮਾ ਖ਼ਰੀਦ ਕੇ ਲਿਆਏ ਸਨ।
ਇਹ ਦੋ ਦਿਨ ਵੀ ਲੰਘ ਗਏ। ਮੈਂ ਹਨੇਰੇ-ਹਨੇਰੇ ਹੀ ਉੱਠ ਖੜੋਤਾ ਕਿਉਂਕਿ ਮਾਂ ਨੇ ਮੈਨੂੰ ਸਵੇਰੇ ਛੇਤੀ ਉੱਠਣ ਲਈ ਆਖਿਆ ਸੀ। ਮੈਂ ਕੱਲ੍ਹ ਸਕੂਲ ਜਾਣਾ ਸੀ ਅਤੇ ਬਾਪੂ ਜੀ ਨੇ ਮੈਨੂੰ ਸਕੂਲ ਦਾਖਲ ਕਰਵਾਉਣਾ ਸੀ। ਰਾਤੀਂ ਸੌਂਦੇ ਵੇਲੇ ਇਹ ਸਾਰਾ ਕੁਝ ਇੱਕ ਫ਼ਿਲਮ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ। ਜੇ ਉਸ ਵਿੱਚ ਸਾਰੀਆਂ ਚੀਜ਼ਾਂ ਨਾ ਹੋਣ ਬਾਰੇ ਇੱਕ-ਦੋ ਵਾਰੀ ਰੁਕਾਵਟ ਆਈ ਵੀ ਤਾਂ ਮਨ ਨੇ ਆਪੇ ਉਸ ਦਾ ਹੱਲ ਲੱਭ ਲਿਆ ਸੀ।
‘ਬੇਬੇ ਨੇ ਸਾਰੀਆਂ ਨਵੀਆਂ ਚੀਜ਼ਾਂ ਵੱਡੇ ਕੋਲੋਂ ਛਿਪਾ ਕੇ ਰੱਖ ਦਿੱਤੀਆਂ ਹੋਣਗੀਆਂ। ਉਹ ਸਵੇਰੇ ਹੀ ਮੈਨੂੰ ਸਭ ਕੁਝ ਕੱਢ ਕੇ ਦੇਵੇਗੀ।’ ਇਸ ਸੋਚ ਦੇ ਨਾਲ ਹੀ ਉਹ ਫ਼ਿਲਮ ਮੁੜ ਸ਼ੁਰੂ ਹੋ ਜਾਂਦੀ। ਉਹ ਸਭ ਕੁਝ ਜੋ ਪਿਛਲੇ ਵਰ੍ਹੇ ਵੱਡੇ ਨਾਲ ਵਾਪਰਿਆ ਸੀ। ਉਸ ਦੇ ਗੱਡੇ ’ਚ ਬੈਠਣ ਤੋਂ ਲੈ ਕੇ ਗੱਡੇ ਦਾ ਗਲੀ ਦਾ ਮੋੜ ਮੁੜ ਕੇ ਅੱਖਾਂ ਤੋਂ ਓਹਲੇ ਹੋ ਜਾਣ ਤੀਕ ਦਾ ਸਭ ਕੁਝ ਮੁੜ ਚਲਦੀ ਫ਼ਿਲਮ ਨਾਲ ਜੁੜ ਜਾਂਦਾ। ਮੈਂ ਤਾਂ ਭਾਵੇਂ ਸਵੇਰੇ ਚਾਅ ’ਚ ਭਰਿਆ ਸਕੂਲ ਜਾਣ ਲਈ ਉੱਠ ਖੜੋਤਾ, ਪਰ ਵੱਡਾ ਨਹੀਂ ਜਾਗਿਆ। ਉਹ ਤਾਂ ਮੌਜ ਨਾਲ ਮੰਜੇ ’ਤੇ ਸੁੱਤਾ ਪਿਆ ਸੀ। ਮਨ ’ਚ ਆਈ ਇਸ ਬਾਰੇ ਮਾਂ ਨੂੰ ਪੁੱਛਾਂ, ਪਰ ਨਹੀਂ ਪੁੱਛਿਆ। ਰਾਤੀਂ ਸੌਂਦਾ ਹੋਇਆ ਮੈਂ ਇੰਨੇ ਚੰਗੇ ਖ਼ਿਆਲਾਂ ਦੇ ਸੁਆਦ ਨਾਲ ਭਰਿਆ ਹੋਇਆ ਸੀ ਕਿ ਮਾਂ ਕੋਲੋਂ ਕੁਝ ਪੁੱਛ ਕੇ ਉਨ੍ਹਾਂ ਨੂੰ ਖ਼ਰਾਬ ਨਹੀਂ ਸੀ ਕਰਨਾ ਚਾਹੁੰਦਾ।
ਮੈਂ ਸਵੇਰੇ ਉਠਦਿਆਂ ਹੀ ਮੂੰਹ ਆਪੇ ਧੋ ਲਿਆ। ਸੋਚਿਆ ਸੀ ਕਿ ਇਸ ਤੋਂ ਬਾਅਦ ਮਾਂ ਵਾਲ ਕੰਘੀ ਕਰੇਗੀ, ਨਵਾਂ ਕੁੜਤਾ-ਪਜਾਮਾ ਪਹਿਨਾਏਗੀ। ਨਵੇਂ ਬੂਟ… ਬਾਪੂ ਜੀ ਅਧਿਆਪਕ ਲਈ ਦੋ ਸੇਰ ਘੀ… ਬਾਹਰ ਬੂਹੇ ’ਤੇ ਨੰਬੜਦਾਰ ਦਾ ਗੱਡਾ… ਅਤੇ ਬਾਪੂ ਜੀ ਦਾ ਸੰਦੂਕ ’ਚੋਂ… ਪਰ।
ਮਾਂ ਨੇ ਮੇਰੇ ਵਾਲ ਕੰਘੀ ਕੀਤੇ ਤੇ ਉਨ੍ਹਾਂ ਤੇ ਕਾਲਾ ਧਾਗਾ ਬੰਨ੍ਹ ਦਿੱਤਾ। ਫਿਰ ਉਸ ਨੇ ਮੇਰਾ ਪੁਰਾਣਾ ਹੱਥ ਨਾਲ ਧੋੜਾ ਕੁੜਤਾ-ਪਜਾਮਾ ਮੈਨੂੰ ਪਹਿਨਾ ਦਿੱਤਾ। ਵੱਡੇ ਦੇ ਪਿਛਲੇ ਵਰ੍ਹੇ ਦੇ ਛੋਟੇ ਹੋ ਗਏ ਬੂਟ ਮੈਨੂੰ ਫੜਾ ਦਿੱਤੇ ਜਿਹੜੇ ਮੈਂ ਚੁੱਪ-ਚਾਪ ਬਿਨਾਂ ਕੁਝ ਬੋਲਿਆਂ ਆਪ ਪਹਿਨ ਲਏ। ਫਿਰ ਉਸ ਨੇ ਵੱਡੇ ਦੇ ਪੁਰਾਣੇ ਅਤੇ ਰੰਗ ਫਿੱਟੇ ਝੋਲੇ ਵਿੱਚ ਮੇਰੀਆਂ ਕਿਤਾਬਾਂ ਪਾ ਦਿੱਤੀਆਂ।
‘‘ਚੱਲ ਛੋਟਿਆ ਸਕੂਲ ਨੂੰ…।’’
ਮਾਂ ਕੋਲ ਰਾਤ ਵਾਲੀ ਦਹੀਂ, ਖੰਡ ਅਤੇ ਚੌਲਾਂ ਵਾਲੀ ਥਾਲੀ ਵੀ ਨਹੀਂ ਸੀ। ਭਾਵੇਂ ਪੁਰਾਣੀਆਂ ਚੀਜ਼ਾਂ ਪਹਿਨ ਕੇ ਇੱਕ ਵਾਰੀ ਤਾਂ ਮੇਰੇ ਅੰਦਰ ਦਾ ਚਾਅ ਮੱਠਾ ਪੈ ਗਿਆ ਸੀ, ਪਰ ਸੂਕਲ ਜਾਣ ਦੇ ਚਾਅ ਨਾਲ ਅਜੇ ਵੀ ਮੇਰਾ ਅੰਦਰ ਭਰਿਆ ਹੋਇਆ ਸੀ।
ਭਾਵੇਂ ਇੱਕ ਵਾਰੀ ਤਾਂ ਅਚੇਤ ਮਨ ਦੇ ਕੋਨੇ ਵਿੱਚ ਦੱਬੀਆਂ ਬੇਬੇ ਦੀਆਂ ਪਿਛਲੇ ਵਰ੍ਹੇ ਆਖੀਆਂ ਹੋਈਆਂ ਸਾਰੀਆਂ ਗੱਲਾਂ ਚੇਤੇ ਆ ਗਈਆਂ ਸਨ, ਪਰ ਤਾਂ ਵੀ ਮੈਂ ‘ਹੂੰ’ ਕਹਿ ਕੇ ਗਰਦਨ ਨੂੰ ਝਟਕਾ ਜਿਹਾ ਮਾਰਿਆ ਅਤੇ ਸਕੂਲ ਜਾਣ ਲਈ ਆਪਣੀ ਥਾਵੋਂ ਉੱਠ ਖੜੋਤਾ।
‘ਚਲੋ ਵੱਡਾ ਵੀ ਤਾਂ ਆਪਣਾ ਹੀ ਹੈ। ਉਹਦੀਆਂ ਪੁਰਾਣੀਆਂ ਚੀਜ਼ਾਂ ਵੀ ਘਰ ਦੀਆਂ ਨੇ। ਫੇਰ ਕਾਹਦਾ ਗਿਲਾ…।’ ਇਹ ਸੋਚਦਾ ਹੋਇਆ ਮੈਂ ਗੱਡੇ ’ਚ ਬਹਿਣ ਲਈ ਬਾਹਰ ਦੇ ਬੂਹੇ ਵੱਲ ਟੁਰ ਪਿਆ। ਮੈਂ ਬੂਹਾ ਖੋਲ੍ਹਿਆ ਤੇ ਬਾਹਰ ਆਇਆ। ਪਰ ਆਹ ਕੀ…?
ਉੱਥੇ ਨਾ ਤਾਂ ਨੰਬਰਦਾਰ ਦਾ ਕੋਈ ਗੱਡਾ ਖੜੋਤਾ ਸੀ ਅਤੇ ਨਾ ਨਵਾਂ ਖੇਸ ਸਗੋਂ ਉੱਥੇ ਤਾਂ ਜ਼ਿਮੀਂਦਾਰਾਂ ਦੇ ਉਹੀ ਚਾਰ ਮੁੰਡੇ ਖੜੋਤੇ ਸਨ ਜਿਹੜੇ ਵੱਡੇ ਦੇ ਗੱਡੇ ਪਿੱਛੇ ਪਹੇ ਦੇ ਸੁੱਕੇ ਰੇਤ ’ਚ ਪੈਦਲ ਟੁਰਦੇ ਜਾਂਦੇ ਸਨ। ਸ਼ਾਇਦ ਇਨ੍ਹਾਂ ਮੁੰਡਿਆਂ ਦੇ ਘਰਵਾਲਿਆਂ ਨੂੰ ਬਾਪੂ ਜੀ ਨੇ ਸਾਡੇ ਬੂਹੇ ’ਤੇ ਆਉਣ ਲਈ ਆਖਿਆ ਹੋਵੇ।
‘‘ਜਾ ਛੋਟਿਆ, ਤੂੰ ਇਨ੍ਹਾਂ ਮੁੰਡਿਆਂ ਨਾਲ ਚਲਾ ਜਾ। ਤੇਰੇ ਬਾਪੂ ਜੀ ਬਾਅਦ ਵਿੱਚ ਸਾਈਕਲ ’ਤੇ ਆ ਕੇ ਤੈਨੂੰ ਦਾਖਲ ਕਰਵਾ ਦੇਣਗੇ..।’’
‘‘ਪਰ ਵੱਡਾ…?’’
‘‘ਉਹ ਹੁਣ ਏਸ ਸਕੂਲ ’ਚ ਪੜ੍ਹਨ ਨਹੀਂ ਜਾਇਆ ਕਰੇਗਾ ਸਗੋਂ ਤੇਰੇ ਬਾਪੂ ਜੀ ਨੇ ਉਸ ਦੇ ਸ਼ਹਿਰ ’ਚ ਪੜ੍ਹਨ-ਠਹਿਰਨ ਦਾ ਪ੍ਰਬੰਧ ਕਰਵਾ ਦਿੱਤਾ ਹੈ।’’
ਇਹ ਬੋਲ ਸੁਣ ਕੇ ਮੈਂ ਬੇਬੇ ਦੇ ਚਿਹਰੇ ਵੱਲ ਵੇਖਿਆ। ਮੈਨੂੰ ਲੱਗਿਆ ਜਿਵੇਂ ਉਹ ਇਹ ਆਖ ਕੇ ਮੇਰੇ ਕੋਲੋਂ ਨਜ਼ਰਾਂ ਚੁਰਾ ਰਹੀ ਸੀ ਜਿਨ੍ਹਾਂ ਅੰਦਰ ਉਸ ਵੇਲੇ ਜਿਵੇਂ ਨਮੀ ਭਰੀ ਹੋਈ ਸੀ। ਸ਼ਾਇਦ ਇਹ ਸਾਰਾ ਕੁਝ ਬਾਪੂ ਜੀ ਕਰਕੇ…। ਇਸ ਤੋਂ ਪਹਿਲਾਂ ਕਿ ਬੇਬੇ ਦੀਆਂ ਭਰੀਆਂ ਅੱਖਾਂ ਵਿੱਚੋਂ ਪਾਣੀ ਬਾਹਰ ਨਿਕਲਦਾ ਉਹ ਦਹਿਲੀਜ਼ ਛੱਡ ਕੇ ਅੰਦਰ ਵੱਲ ਚਲੀ ਗਈ ਸੀ।
ਅਤੇ… ਇੱਕ ਮੈਂ ਸੀ ਜਿਸ ਦੇ ਮਨ ਵਿੱਚ ਉਸ ਵੇਲੇ ਕਈ ਸਵਾਲ ਸਨ, ਜਿਹੜੇ ਮੈਂ ਪੁੱਛਣਾ ਚਾਹੁੰਦਾ ਹੋਇਆ ਵੀ ਬੇਬੇ ਕੋਲੋਂ ਨਹੀਂ ਪੁੱਛ ਸਕਿਆ। ਮੈਂ ਤਾਂ ਸਾਰਾ ਕੁਝ ਮਨ ’ਚ ਲਈ ਤਿੰਨ ਕੋਹ ਦਾ ਪੈਂਡਾ ਤੈਅ ਕਰਨ ਖ਼ਾਤਰ ਚੁੱਪ-ਚਾਪ ਉਨ੍ਹਾਂ ਚਾਰ ਮੁੰਡਿਆਂ ਨਾਲ ਸਕੂਲ ਨੂੰ ਟੁਰ ਪਿਆ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ