Phattia Vaid (Punjabi Story) : Gurdial Singh

ਫੱਟਿਆ ਵੈਦ (ਕਹਾਣੀ) : ਗੁਰਦਿਆਲ ਸਿੰਘ

ਜਿਹੜੇ ਇਹ ਕਹਿੰਦੇ ਐ ਕਿ ਤੀਵੀਂ ਦਾ ਕੀ ਐ, ਤੀਵੀਂ ਤਾ ਪੈਰ ਦੀ ਜੁੱਤੀ ਹੁੰਦੀ ਐ, ਗੁੱਤੋਂ ਫੜ ਕੇ ਦੋ ਘੇਸਲੇ ਮਾਰੋ ਤੇ ਗਰਦ ਝਾੜ ਦੇਓ, ਫੇਰ ਕੰਨ 'ਚ ਪਾਈ ਨ੍ਹੀਂ ਰੜਕਦੀ, ਅਸਲ 'ਚ ਏਹੋ ਜਿਹੇ ਲੋਕਾਂ ਦਾ ਕਿਸੇ ਜੋਰਾਵਰ, ਚੰਦਰੀ ਤੀਵੀਂ ਨਾਲ ਵਾਹ ਈ ਨਹੀਂ ਪਿਆ ਹੁੰਦਾ। ਸਕਤੀ ਤੀਵੀਂ ਦੇ ਰੋਗ ਦਾ ਤਾਂ ਮਾ'ਰਾਜ ਕਿਸੇ ਮੇਰੇ ਵਰਗੇ ਫੱਟੇ ਵੈਦ ਨੂੰ ਪਤਾ ਹੁੰਦੈ ਕਿ ਤੀਵੀਂ ਦਾ ਡੰਗਿਆ ਬੰਦਾ ਪਾਣੀ ਨ੍ਹੀਂ ਮੰਗਦਾ। ਜਿਨ੍ਹਾਂ ਨੂੰ ਮਾ'ਰਾਜ 'ਜੀ' 'ਜੀ' ਕਰਨ ਵਾਲੀਆਂ ਥਿਆ ਜਾਂਦੀਐਂ ਉਨ੍ਹਾਂ ਨੂੰ ਕੀ ਪਤੈ ਸੂਰਜ ਕਿਹੜੇ ਪਾਸਿਓਂ ਚੜ੍ਹਦੈ? ਜੇ ਕਿਤੇ ਮੇਰੀ ਤੀਵੀਂ ਵਰਗੀ ਪੱਲੇ ਪਈ ਹੁੰਦੀ ਤਾਂ ਉਹ ਤੀਵੀਂ ਨੂੰ ਪੈਰ ਦੀ ਜੁੱਤੀ ਤਾਂ ਕੀ ਸਮਝਦੇ ਜੇ ਰਾਤਾਂ ਨੂੰ ਬਰੜਾਟ ਕਰ ਕਰ ਨਾ ਉਠਦੇ, "ਹਾਏ ਨੀ ਅੰਮੜੀਏ, ਖਾ ਲਏ ਡੈਣ ਨੇ!" ਤੇ ਨਾਲੇ ਕੋਠੇ ਚੜ੍ਹ-ਚੜ੍ਹ ਕੂਕਦੇ, "ਵੇਖਿਓ ਉਇ ਲੋਕੋ ਕਿਤੇ ਤੀਵੀਂ ਦੇ ਨੇੜੇ ਜਾ ਵੜਦੇ, ਮਾਰੇ ਜਾਓਂਗੇ...!"
ਅਸਲ 'ਚ ਮਾ'ਰਾਜ ਹੱਥ ਰਲ ਕੇ ਈ ਧੋਤੇ ਜਾਂਦੇ ਐਂ। ਜੇ ਬੰਦਾ ਵੀ ਜੋਰਾਵਰ ਹੋਵੇ ਤਾਂ ਕੁਸ਼ ਟਿਕਾ ਰਹਿ ਜਾਂਦੈ, ਪਰ ਜੇ ਸਾਡੇ ਵਰਗਾ ਕੋਹੜੀ ਹੋਵੇ ਦੋਹਾਂ ਜਹਾਨਾਂ ਦਾ ਮਾਰਿਆ, ਫੇਰ ਤਾਂ ਓਹੋ ਗੱਲ ਬਣ ਜਾਂਦੀ ਐ ਅਖੇ, ਇੱਕ ਕਾਣੀ ਸੀ ਉਤੋਂ ਕਣ ਪੈ ਗਿਆ। ਕੁਸ਼ ਤਾਂ ਮਾ'ਰਾਜ ਪਹਿਲੇ ਦਿਨੋਂ ਘਰੇ ਤੰਗੀ ਹੋਣ ਕਰਕੇ ਖਾਣ-ਪੀਣ ਨੂੰ ਖੁੱਲ੍ਹਾ ਨਾ ਮਿਲਿਆ ਤੇ ਊਂ ਈ ਛਿਲਕਾਂ ਦੇ ਉਠ ਰਹਿ ਗਏ, ਉਤੋਂ ਤੀਵੀਂ ਸਕਤੀ ਥਿਆ ਗਈ, ਤੁਸੀਂ ਸਿਆਣੇ ਓਂ, ਫੇਰ ਘੜੇ ਦੇ ਵੱਟੇ ਵਾਲੀ ਗੱਲ ਈ ਹੋਣੀ ਸੀ ਨਾ! ਕੀ ਲੈਣੈ ਮਾ'ਰਾਜ ਰੋਣੇ ਰੋ ਕੇ, ਜਦੋਂ ਗੱਲਾਂ ਛੇੜ ਲਈ-ਦੀਐਂ ਤਾਂ ਫੇਰ ਗੰਢੇ ਦੇ ਫੋਲਕਾਂ ਵਾਂਗੂੰ ਸਾਰੇ ਮਾਮਲੇ ਉਧੇੜਣੇ ਪੈਂਦੇ ਐ। ਦੁਖੀਆਂ ਦੇ ਦੁੱਖ ਵੀ ਮਾ'ਰਾਜ ਕੋਈ ਦੁਖੀਆ ਈ ਸੁਣਦੈ, ਜੀਹਨੂੰ ਕਦੇ ਤੱਤੀ ਵਾ ਨ੍ਹੀਂ ਲੱਗੀ ਉਹ ਅੱਗ ਦਾ ਸੇਕ ਕੀ ਜਾਣੇ? ਪਰ ਦੁੱਖ ਵੀ ਭੁੱਬਲ ਵਾਂਗੂੰ ਫਰੋਲੇ ਤੋਂ ਈ ਠੰਡੇ ਹੁੰਦੇ ਐ ਮਾ'ਰਾਜ, ਏਸ ਕਰਕੇ ਦੁਖੀ ਬੰਦਾ, ਦਰਖਤਾਂ ਕੋਲੇ ਵੀ ਜਾ ਕੇ ਰੋ ਪੈਂਦੈ। ਵਿਆਹ!...
ਵਿਆਹ ਦੀਆਂ ਕੀ ਗੱਲਾਂ ਪੁੱਛਦੇ ਓਂ ਮਾ'ਰਾਜ, ਵਿਆਹ ਕਰਨ ਵੇਲੇ ਤਾਂ ਸਾਡੇ ਬਾਪੂ ਨੇ ਪਟੜੀ-ਫੇਰ ਧੁੰਮਾਂ ਪਾ ਦਿੱਤੀਆਂ ਸੀ। ਸੋਲਾਂ ਸੌ ਰੁਪਈਆ ਤਾਂ ਨਾਲ ਸਾਡੇ ਸਹੁਰਿਆਂ ਦੀ ਝੋਲੀ ਪਾਇਆ ਸੀ-ਰੋਕ, ਥੜ੍ਹੀ ਜਿਡੀ ਢੇਰੀ ਮਾ'ਰਾਜ ਚਾਂਦੀ ਦੇ ਰੁਪਈਆਂ ਦੀ!... ਬਾਕੀ ਜਿਹੜਾ ਉਤਲਾ ਖਰਚ, ਉਹ ਅਲਹਿਦਾ। ਓਦੋਂ ਦਾ ਕਰਜਾ ਲਿਆ ਮਾ'ਰਾਜ ਸਾਡੇ ਬਾਪੂ ਤੋਂ ਸਾਰੀ ਉਮਰ ਨਹੀਂ ਸੀ ਉਤਰਿਆ। ਅਖ਼ੀਰ ਅੱਧੀ ਜਮੀਨ ਬੈ ਕਰਕੇ ਖਹਿੜਾ ਛੁੱਟਿਆ। ਜੇ ਲੱਗਿਆ ਤਾਂ ਸਾਰਾ ਖੂਹ 'ਚ ਗਿਆ, ਏਸੇ ਕਰਕੇ ਤਾਂ ਹੁਣ ਗਿੱਲੇ ਗੋਹੇ ਵਾਂਗੂੰ ਧੁਖਦੇ ਰਹਿਨੇ ਐਂ!... ਵਿਆਹ ਮਾ'ਰਾਜ ਹੋ ਗਿਆ!
ਆਵਦਾ ਜਹੂਰਾ ਤਾਂ ਮਾ'ਰਾਜ ਸਾਡੀ ਪਰਧਾਨੋ ਨੇ ਪਹਿਲੇ ਦਿਨ ਈ ਵਿਖਾ 'ਤਾ ਸੀ, ਵੈਂਗਣੀ ਦੋ ਦਿਨ ਮਗਰੋਂ ਉਘੜ ਪਿਆ। ਜਿਦੇਂ ਸਾਡੀ ਦਿਹਲੀ ਅੰਦਰ ਪੈਰ ਧਰਿਆ ਓਦੇਂ ਈ ਨਾਸਾਂ ਚੜ੍ਹਾਉਣ ਲੱਗ ਪਈ। ਕਦੇ ਆਖੇ ਹਮ ਕੋ ਗੰਦੇ ਘਰ ਸੇ ਮੁਸ਼ਕ ਆਉਂਦੈ, ਕਦੇ ਆਖੇ ਹਮ ਨੂੰ ਛੋਲਿਆਂ ਦੀ ਦਾਲ ਸੁਆਦ ਨਹੀਂ ਲਗਤੀ। ਖੂਹ ਤੋ ਪਾਣੀ ਭਰਦੀ ਕੋ ਹਮ ਨੂੰ ਸ਼ਰਮ ਆਉਂਦੀ ਐ, ਗੋਹਾ ਕੂੜਾ ਕਰਦੀ ਦੀ ਕੀਮਖਾਪ ਲਿਬੜਤੀ ਐ-ਬਸ ਮਾ'ਰਾਜ ਗੱਲਾਂ ਈ ਰਾਜੇ ਰਾਣਿਆਂ ਵਾਲੀਆਂ ਕਰਿਆ ਕਰੇ। ਅਸੀਂ ਮਾ'ਰਾਜ ਸਿੱਧੇ-ਪੱਧਰੇ ਬੰਦੇ, ਥੋਨੂੰ ਪਤੈ ਕਬੀਲਦਾਰੀ 'ਚ ਰੁੱਖਾ-ਮਿੱਸਾ ਵੀ ਖਾਣਾ ਪੈਂਦੈ, ਪਾਟਿਆ ਪੁਰਾਣਾ, ਪਹਿਨਣਾ ਵੀ ਪੈਂਦੈ ਤੇ ਫੇਰ ਇਹੋ ਜੇਹੀਆਂ ਫੈਲ-ਸੂਫੀਆਂ ਜਟ-ਬੂਟਾਂ ਦੇ ਘਰੀਂ ਕਦੋਂ ਪੁਗਦੀਐਂ? ਮੈਂ ਮਾ'ਰਾਜ ਗੱਲੀਂ-ਬਾਤੀਂ ਬਥੇਰਾ ਸਮਝਾਇਆ ਕਿ ਭਾਗਵਾਨੇ ਇਉਂ ਨੀ ਘਰ ਵਸਣਾ, ਪਰ ਉਹ ਮਾ'ਰਾਜ ਗੱਲ ਈ ਨਾ ਸੁਣੇਂ ਆਖੇ, ਸਹੇ ਦੇ ਚੌਥੀ ਲੱਤ ਈ ਹੈ ਨ੍ਹੀਂ! ਲੌ ਮਾ'ਰਾਜ ਮੈਂ ਬਾਪੂ ਕੋਲੇ ਗੱਲ ਕੀਤੀ।
ਉਹ ਪਹਿਲਾਂ ਪਹਿਲਾਂ ਤਾਂ ਨੂੰਹ ਦੇ ਚਾਅ 'ਚ ਭੁੰਜੇ ਪੈਰ ਨ੍ਹੀਂ ਸੀ ਲਾਉਂਦਾ, ਪਰ ਮੇਰੀਆਂ ਗੱਲਾਂ ਸੁਣ ਕੇ ਉਹਨੂੰ ਵੀ ਫ਼ਿਕਰ ਪੈ ਗਿਆ। ਸੋਚ-ਸਾਚ ਕੇ ਮੈਨੂੰ ਕਹਿੰਦਾ, "ਕੰਜਰਾ ਜਿਵੇਂ ਕਹਿੰਦੀ ਐ, ਚੁੱਪ ਕਰਕੇ ਓਵੇਂ ਮਗਰ ਲੱਗੀ ਜਾਹ ਨਹੀਂ ਤਾਂ ਸਾਰਾ ਬੇੜਾ ਈ ਰੁੜ੍ਹ ਜਾਊ।" ਜਿਹੜੀਆਂ ਚਾਰ ਪੀਸੜੀਆਂ ਸੀ। ਉਹ ਵੀ ਲਾ ਬੈਠੇ, ਰਹਿੰਦਾ ਕਰਜਾ ਨੀਂ ਸਾਰੀ ਉਮਰ ਲਹਿਣਾ, ਇਹਦਾ ਕੀ ਐ ਜੇ ਮੂੰਹ ਚੁੱਕ ਕੇ ਕਿਸੇ ਦੇ ਹੋਰ ਜਾ ਵੜੀ ਮਗਰੋਂ ਪਏ ਗਿੱਦੜਾਂ ਵਾਂਗੂੰ ਰੋਹੀਏਂ ਚੜ੍ਹ ਚੜ੍ਹ 'ਹਊ' 'ਹਊ' ਕਰਦੇ ਫਿਰਾਂਗੇ, ਕਿਸੇ ਨੇ ਬਾਤ ਨ੍ਹੀਂ ਪੁੱਛਣੀ।" ਗੱਲ ਮਾ'ਰਾਜ ਮੈਨੂੰ ਵੀ ਜਚ ਗਈ। ਸੋਚਿਆ, 'ਮਨਾ ਏਹੋ ਜਿਹੀ ਵਹਿਲ ਦਾ ਕੀ ਐ ਜੇ ਕੱਲ੍ਹ ਨੂੰ ਸਾਰਾ ਟੂਮ-ਛੱਲਾ ਹੂੰਝ ਕੇ ਕਿਸੇ ਨਾਲ ਟਿੱਭ ਗਈ ਤਾਂ ਫੇਰ ਕੀ ਉਹਦੀ ਪੂਛ ਫੜ ਲਾਂਗੇ?
ਲੌ ਮਾ'ਰਾਜ, ਵਿਆਹ ਤੋਂ ਮਹੀਨੇ ਕੁ ਮਗਰੋਂ ਭਗਤ ਲੋਕ ਜਨ-ਮਰੀਦ ਬਣ ਗਏ। ਆਪੇ ਮਾ'ਰਾਜ ਪਾਣੀ ਭਰਿਆ ਕਰਾਂ, ਆਪੇ ਕੱਪੜਾ-ਲੀੜਾ ਧੋਇਆ ਕਰਾਂ, ਆਪੇ ਗੋਹਾ-ਕੂੜਾ ਕਰਿਆ ਕਰਾਂ ਤੇ ਉਹ ਰਕਾਨ ਸਾਰਾ ਦਿਨ ਪਲੰਘ ਤੋਂ ਪੈਰ ਨਾ ਲਾਹਿਆ ਕਰੇ। ਤੜਕੇ ਉਠ ਕੇ ਨ੍ਹਾ ਧੋ ਕੇ ਦੰਦਾਸਾ ਮਲ ਕੇ ਖੁੰਬ ਵਰਗੇ ਲੀੜੇ ਪਾ ਲਿਆ ਕਰੇ ਤੇ ਸਾਰਾ ਦਿਨ ਬੈਠੀ ਚਬਰ ਚਬਰ ਗੱਲਾਂ ਮਾਰੀ ਜਾਇਆ ਕਰੇ। ਲੋਕ ਮਾ'ਰਾਜ ਮੈਨੂੰ ਮਖ਼ੌਲ ਕਰਿਆ ਕਰਨ ਬਈ ਚੰਗੀ ਫੂਲਾਂ-ਜਾਦੀ ਲਿਆਂਦੀ ਐ, ਅੱਗੇ ਤਾਂ ਆਵਦਾ ਈ ਗੋਹਾ-ਕੂੜਾ ਕਰਨਾ ਪੈਂਦਾ ਸੀ ਹੁਣ ਨਾਲ ਉਹਦੀਆਂ ਕੁੜਤੀਆਂ ਵੀ ਧੋਣੀਆਂ ਪੈਂਦੀਐਂ। ਪਰ ਮਾ'ਰਾਜ ਲੋਕਾਂ ਨੂੰ ਸਾਡੇ ਵਿਚਲੇ ਰੋਗ ਦਾ ਕੀ ਪਤਾ-ਗੱਲ ਪੱਕੀ ਐ ਮਾ'ਰਾਜ ਕਿ ਜਿਸ ਤਨ ਲਾਗੀ ਸੋ ਤਨ ਜਾਣੇ, ਲੋਕ ਤਾਂ ਮਾ'ਰਾਜ ਅੱਗ ਲਾਈ ਡੱਬੂ ਕੰਧ 'ਤੇ ਵਾਲੀ ਗੱਲ ਕਰਦੇ ਹੁੰਦੇ ਐ। ਜਿਹੜੇ ਪਹਿਲਾਂ ਆਰਾਂ ਲਾਉਂਦੇ ਹੁੰਦੇ ਐ ਮਗਰੋਂ ਆ ਕੇ ਰੋਂਦਿਆਂ ਦੀਆਂ ਅੱਖਾਂ ਵੀ ਨ੍ਹੀਂ ਪੂੰਝਦੇ। ਕਈ ਵਾਰੀ ਤਾਂ ਮਾ'ਰਾਜ ਹਰਖ ਵੀ ਆ ਜਾਂਦਾ ਬਈ ਏਹੋ ਜੇਹੀ ਤੀਵੀਂ ਨਾਲੋਂ ਤਾਂ ਛੜੇ ਈ ਚੰਗੇ ਸੀ, ਪਰ ਜਦੋਂ ਸਾਡੇ ਬਾਪੂ ਵੰਨੀ ਵੇਖਿਆ ਕਰਾਂ ਤਾਂ ਫੇਰ ਦਬ ਜਿਆ ਕਰਾਂ। ਉਹ ਮਾ'ਰਾਜ ਐਡਾ ਕਮਜੋਰ ਬੰਦਾ ਸੀ ਕਿ ਜੇ ਕਿਧਰੇ ਮੈਂ ਤੀਵੀਂ ਨੂੰ ਕੁਸ਼ ਆਖ ਬਹਿੰਦਾ ਤੇ ਉਹ ਕਿਸੇ ਪਾਸੇ ਨਿਕਲ ਜਾਂਦੀ ਤਾਂ ਸਾਡੇ ਬਾਪੂ ਸਾਹਬ ਹੌਕੇ ਨਾਲ ਈ ਮਰ ਜਾਂਦੇ-ਨਾਲੇ ਮਾ'ਰਾਜ ਕੋਈ ਮਾੜੀ-ਧੀੜੀ ਸੱਟ ਵੀ ਨਹੀਂ ਸੀ, ਤਿੰਨ ਹਜ਼ਾਰ ਰੁਪਈਆ ਖੂਹ 'ਚ ਡਿੱਗਦਾ ਸੀ ਤੇ ਉਨ੍ਹੀਂ ਦਿਨੀਂ, ਜਦੋਂ ਤਿੰਨ ਰੁਪਈਆਂ ਦੀ ਬੋਰੀ ਕਣਕ ਦੀ ਆ ਜਾਂਦੀ ਹੁੰਦੀ ਸੀ ਤਿੰਨ ਹਜ਼ਾਰ ਦੀ ਸੱਟ ਝੱਲਣੀ ਮਾ'ਰਾਜ ਕਿਤੇ ਸੌਖੀ ਗੱਲ ਸੀ?
ਖ਼ੈਰ ਜੀ ਹੋਈ ਨਿਬੜੀ ਗੱਲ। ਅਸੀਂ ਅਲ੍ਹਕ ਵਹਿੜਕੇ ਵਾਂਗੂੰ ਜਦੋਂ ਧੁਰਲੀਆਂ ਮਾਰਦੇ ਮਾਰਦੇ ਓਸ ਮਾਂ ਦੀ ਧੀ ਨੇ ਹਾਲੀ ਕੱਢ ਲਏ ਤਾਂ ਮਾਮਲਾ ਸੂਤ ਹੋ ਗਿਆ। ਕੁਸ਼ ਮਾ'ਰਾਜ ਲੋਕਾਂ ਵੰਨੀ ਵੇਖ ਵੇਖ ਕੇ ਚਿੱਤ ਨੂੰ ਟਿਕਾਣੇ ਕਰ ਲਿਆ। ਸਾਡੇ ਪਿੰਡ ਓਦੋਂ ਈ ਘੋਟੂ ਹੌਲਦਾਰ ਫ਼ੌਜ 'ਚੋਂ ਨਾਂਵਾਂ ਕਟਾ ਕੇ ਆਇਆ ਸੀ ਤੇ ਉਹਨੇ ਕੋਈ ਪੂਰਬਣ ਜੇਹੀ, ਕਾਲੀ ਮਰਿਆੜ ਤੀਵੀਂ ਲਿਆਂਦੀ। ਉਹਨੂੰ ਮਾ'ਰਾਜ ਕੱਪੜੇ ਨ੍ਹੀਂ ਧੋਣੇ ਆਉਂਦੇ। ਜਦੋਂ ਘੋਟੂ ਉਹਨੂੰ ਆਖਿਆ ਕਰੇ, "ਐਸੇ ਮਾਫ਼ਕ ਕੱਪੜੇ ਧੋਤੇ ਹੈਂ?" ਉਹ ਮਾ'ਰਾਜ ਨਾਲੇ ਤਾਂ ਅੱਗੋਂ ਗਾਲ੍ਹ ਕੱਢਿਆ ਕਰੇ ਨਾਲੇ ਰ੍ਹਿਆਂ-ਢਾਂਡੀ ਵਾਂਗੂੰ ਅੜਾ ਕੇ ਪਿਆ ਕਰੇ, "ਮੇਰੇ ਬਾਪ ਕੇ ਸਾਲੇ ਹੋਰ ਕੈਸੇ ਕਰੂੰ? ਬਹੁਤੀ ਅਕੜਤਾ ਹੈ ਤਾਂ ਆਪੇ ਧੋ!" ਤੇ ਮਾ'ਰਾਜ ਉਹਨੂੰ ਥਾਪੀਆਂ ਨਾਲ ਕੁੱਟ-ਕੁੱਟ ਓਹਤੋਂ ਕੱਪੜੇ ਧੁਆਇਆ ਕਰੇ। ਊਂ ਤਾਂ ਮਾ'ਰਾਜ ਜਦੋਂ ਉਹਨੇ ਸੱਥ 'ਚ ਬਹਿ ਕੇ ਫ਼ੌਜ ਦੀਆਂ ਗੱਲਾਂ ਕਰਨੀਆਂ ਤਾਂ ਆਖਣਾ, "ਹਮ ਨੇ ਪਾਂਚ ਪਾਂਚ ਜੁਆਨਾਂ ਕੋ ਸੰਗੀਨਾਂ ਸੇ ਕਤਲ ਕੀਆ!" ਪਰ ਵਿਚੋਂ ਪੋਲ ਖੁਲ੍ਹਿਆ ਕਰੇ ਬਈ ਉਹਦੀ ਤੀਵੀਂ ਓਹਤੋਂ ਨਿਰੇ ਕੱਪੜੇ ਈ ਨਹੀਂ ਸੀ ਧੁਆਉਂਦੀ, ਸਗੋਂ ਤੜਕੇ ਉਠਾ ਕੇ ਚੱਕੀ ਵੀ ਪਿਹਾਉਂਦੀ ਸੀ। ਸੋ ਮਾ'ਰਾਜ ਓਹੋ ਜੇਹਿਆਂ ਵੰਨੀ ਵੇਖ-ਵੇਖ ਸਬਰ ਕਰ ਛੱਡਦੇ।
ਪਰ ਮਾ'ਰਾਜ ਥੋੜ੍ਹੇ ਦਿਨਾਂ ਮਗਰੋਂ ਹੋਰ ਈ ਵੈਂਗਣੀ ਉਘੜਨ ਲੱਗ ਪਿਆ। ਸਾਡੇ ਛੋਟੇ ਮੁੰਡੇ, ਮੇਰੇ ਭਰਾ ਦੇ, ਤੌਰ ਈ ਬਦਲ ਗਏ। ਊਂ ਤਾਂ ਜਿਦੇਂ ਦਾ ਮੇਰਾ ਵਿਆਹ ਹੋਇਆ ਸੀ ਉਹ ਓਦੇਂ ਦਾ ਈ ਕੁਸ਼ ਹੋਰੂੰ-ਤੋਰੂੰ ਹੋਇਆ ਪਿਆ ਸੀ, ਪਰ ਮੈਂ ਗੱਲ ਗੌਲੀ ਨਹੀਂ ਸੀ। ਅਖ਼ੀਰ ਜਦੋਂ ਕੰਮ ਬਿਲਕੁਲ ਈ ਕਸੂਤਾ ਹੋ ਗਿਆ ਤਾਂ ਫੇਰ ਪਤਾ ਲੱਗਿਆ। ਜਦੋਂ ਮਾ'ਰਾਜ ਮੇਰੀ ਮਾਂ ਮਰੀ ਸੀ ਓਦੋਂ ਉਹ ਦੋ ਕੁ ਸਾਲਾਂ ਦਾ ਸੀ, ਮੈਂ ਤਕੜਾ ਸੀ, ਕੋਈ ਦਸਾਂ ਕੁ ਸਾਲਾਂ ਦਾ। ਏਸ ਕਰਕੇ ਅਸੀਂ, ਮੈਂ ਤੇ ਮੇਰੇ ਬਾਪੂ ਨੇ ਉਹਨੂੰ ਪਾਲਿਆ ਸੀ ਕਿ ਕਿਤੇ ਮਾਂ ਦੇ ਉਦਰੇਵੇਂ ਨਾਲ ਊਂ ਈ ਨਾ ਕੋਈ ਅਹੁਰ ਜਾਏ ਤੇ ਏਸ ਕਰਕੇ ਮਾ'ਰਾਜ ਉਹ ਪਹਿਲੇ ਦਿਨੋਂ ਈ ਅਸੀਂ ਬਹੁਤਾ ਕੰਮ-ਧੰਦੇ ਨਹੀਂ ਸੀ ਲਾਇਆ।
ਪਰ ਊਂ ਸਾਊ ਜਿਹਾ ਸੀ, ਜੀਅ ਕਰਦਾ ਮਾੜੀ ਮੋਟੀ ਚੱਕ-ਧਰ ਕਰ ਛੱਡਦਾ ਨਹੀਂ ਤਾਂ ਅਸੀਂ ਦੋਏ ਜਣੇ ਆਪੇ ਕਰ ਲੈਂਦੇ। ਮੇਰੇ ਵਿਆਹ ਤੋਂ ਕੁਸ਼ ਪਹਿਲਾਂ ਉਹ ਥੋੜਾ ਜੇਹਾ ਵਿੰਗਾ ਚੱਲਣ ਲੱਗ ਪਿਆ, ਪਰ ਅਸੀਂ ਝਿੜਕ-ਝੰਬ ਕੀਤੀ ਤੇ ਸੂਤ ਆ ਗਿਆ। ਪਰ ਮੇਰੇ ਵਿਆਹ ਤੋਂ ਮਗਰੋਂ ਹੌਲੀਹੌਲੀ ਉਹ ਮਾ'ਰਾਜ ਗੱਲਾਂ-ਬਾਤਾਂ ਈ ਹੋਰ ਕਰਨ ਲੱਗ ਪਿਆ। ਜੇ ਕੰਮ ਨੂੰ ਆਖਣਾ ਤਾਂ ਮੂਹਰਿਓਂ ਤੋੜਵਾਂ ਜਵਾਬ ਦੇਣਾ ਤੇ ਟੈਂਸ਼-ਫੈਂਸ਼ ਲਾ ਕੇ ਸਾਰਾ ਦਿਨ ਵਿਹਲੇ ਤੁਰੇ ਫਿਰਨਾ। ਮੇਰੇ ਬਾਪੂ ਨੇ ਆਖਿਆ ਚੱਲ ਨਿਆਣੈ, ਮੁੰਡੇ-ਖੁੰਡੇ ਇਉਂ ਕਰਦੇ ਈ ਹੁੰਦੇ ਐ। ਪਰ ਮਾ'ਰਾਜ ਸਾਨੂੰ ਕੀ ਪਤਾ ਵਿਚੋਂ ਗੱਲ ਕੀ ਬਣਦੀ ਜਾਂਦੀ ਐ। ਉਹਨੇ ਮਾ'ਰਾਜ ਮੇਰੀ ਤੀਵੀਂ ਨਾਲ ਟੌਣ ਰਲਾ ਲਈ-ਓਹੋ ਜੇਹੀ ਵਹਿਲ ਤੀਵੀਂ, ਏਹੋ ਜੇਹੇ ਲਵੇ ਮੁੰਡੇ ਨੂੰ ਮਾ'ਰਾਜ ਕਦਾ ਹੱਥੋਂ ਨਿਕਲਣ ਦਿੰਦੀ ਸੀ, ਪਾ ਲਈ ਬੇੜੀਆਂ...ਤਿਰੀਅ-ਚਲਿਤਰ ਦੀਆਂ, ਤੇ ਮੁੰਡਾ ਫਸਾ ਲਿਆ।
ਲੌ ਮਾ'ਰਾਜ ਜਿਦੇਂ ਮੈਨੂੰ ਏਸ ਗੱਲ ਦਾ ਪਤਾ ਲੱਗਿਆ ਮੇਰੇ ਸੱਤੀਂ ਕੱਪੜੀਂ ਅੱਗ ਲੱਗ ਗਈ। ਥੋਨੂੰ ਪਤੈ ਮਾ'ਰਾਜ ਬੰਦਾ ਭਾਵੇਂ ਮਿੱਟੀ ਦਾ ਹੋਵੇ ਕਿਸੇ ਵੇਲੇ ਤਾਂ ਹਰਖ ਆ ਈ ਜਾਂਦੈ। ਮੈਂ ਮੁੰਡੇ ਨੂੰ ਆਨੀਂ-ਬਹਾਨੀਂ ਸਮਝਾਇਆ, ਪਰ ਪਤਾ ਨ੍ਹੀਂ ਮਾ'ਰਾਜ ਓਸ ਫੱਫਾ-ਕੁੱਟਣੀ ਨੇ ਉਹਦੇ ਸਿਰ 'ਚ ਕੀ ਪਾਇਆ ਸੀ ਕਿ ਉਹ ਸਹੁਰਾ ਪੈਰਾ 'ਤੇ ਪਾਣੀ ਨਾ ਪੈਣ ਦੇਵੇ। ਫੇਰ ਜੀ ਮੈਂ ਓਸ ਵਹਿਲ ਨੂੰ ਆਖਿਆ ਬਈ, ਵੇਖ ਭਾਗਵਾਨੇ ਹੋਰ ਤਾਂ ਸਾਰਾ ਕੁਸ਼ ਮੈਂ ਜਰ ਲਿਆ, ਪਰ ਆਹ ਕਪੱਤ ਮੈਥੋਂ ਨ੍ਹੀਂ ਜਰਿਆ ਜਾਂਦਾ, ਤੂੰ ਸਿੱਧੀ ਹੋ ਜਾ। ਉਹ ਮਾ'ਰਾਜ ਪਤਾ ਨ੍ਹੀਂ ਪਹਿਲਾਂ ਈ ਏਹੋ ਗੱਲ ਅਖਵਾਉਣ ਨੂੰ ਫਿਰਦੀ ਸੀ, ਓਦੋਂ ਈ ਕੁੱਦ ਕੇ ਪੈ ਗਈ, ਕਹਿੰਦੀ 'ਜੇ ਬਹੁਤਾ ਤੱਤੈਂ ਤਾਂ ਕੋਈ ਹੋਰ ਲੈ ਆ ਮੈਂ ਤਾਂ ਜਿਵੇਂ ਮੇਰੀ ਮਰਜੀ ਹੋਊ ਕਰੂੰ।' ਮੈਨੂੰ ਮਾ'ਰਾਜ ਹਰਖ ਤਾਂ ਬਥੇਰਾ ਆਇਆ, ਜੀਅ ਕਰੇ ਬਈ ਮਾਰ ਕੇ ਗੰਡਾਸਾ ਸਿਰ ਲਾਹ ਦਿਆਂ, ਪਰ ਜੀ ਆਦਿ ਦੇ ਕੋਹੜੀ ਸੀ ਹਰਖ ਆ ਕੇ ਵੀ ਕੀ ਕਰਦਾ? ਅਖ਼ੀਰ ਜੀ ਗੱਲ ਅੰਦਰੇ ਦੱਬ ਲਈ।
ਪਰ ਮਾ'ਰਾਜ, ਜਦੋਂ ਬਘਿਆੜ ਵਾਂਗੂੰ ਅਕੇਰਾਂ ਤੀਵੀਂ ਦੇ ਮੂੰਹ ਲਹੂ ਲੱਗ ਜਾਏ, ਉਹ ਕਦੋਂ ਹਟਦੀ ਐ। ਮੈਂ ਬਥੇਰਾ ਸਬਰ ਕੀਤਾ, ਪਰ ਜਦੋਂ ਗੱਲ ਵੱਸੋਂ ਬਾਹਰੀ ਹੋ ਗਈ ਤਾਂ ਮੈਂ ਇੱਕ ਦਿਨ ਫਹੁੜਾ ਫੜ ਲਿਆ। ਸੋਚਿਆ ਬਈ ਏਹੋ ਜੇਹੀ ਨਮੋਸ਼ੀ ਨਾਲੋਂ ਤਾਂ ਬੰਦਾ ਮਰਿਆ ਚੰਗਾ। ਪਰ ਸਾਡੇ ਬਾਪੂ ਨੇ ਸੋਚਿਆ ਬਈ ਇਹ ਤਾਂ ਸਾਰੀ ਖੇਡ ਈ ਵਿਗੜਦੀ ਜਾਂਦੀ ਐ। ਉਹਨੇ ਮਾ'ਰਾਜ ਮੈਨੂੰ ਦਿਲ ਦੀਆਂ ਪੂਰੀਆਂ ਨਾ ਕਰਨ ਦਿੱਤੀਆਂ ਪਰ ਮੈਂ ਆਵਦੇ ਭਰਾ ਨੂੰ ਲਲਕਾਰ ਕੇ ਇਹ ਆਖ ਦਿੱਤਾ ਬਈ ਜੇ ਬੰਦੇ ਦਾ ਪੁੱਤ ਬਣ ਕੇ ਰਹਿਣੈ ਤਾਂ ਘਰ ਤੇਰਾ, ਨਹੀਂ ਚਾਰੇ ਰਾਹ ਖੁੱਲ੍ਹੇ ਐ ਜਿੱਧਰ ਜੀ ਕਰਦੈ ਜਾਹ। ਬਾਪੂ ਵੀ ਮਾ'ਰਾਜ ਮੇਰੇ ਪੱਖ 'ਚ ਸੀ, ਏਸ ਕਰਕੇ ਮੁੰਡਾ ਡਰ ਗਿਆ ਤੇ ਉਦੇਂ ਈ ਘਰੋਂ ਨਿਕਲ ਗਿਆ। ਅਸੀਂ ਸੋਚਿਆ ਚਲੋ ਚੰਗਾ ਹੋਇਆ, ਆਪੇ ਧੱਕੇ ਖਾ ਕੇ ਮੁੜ ਆਊ ਤੇ ਆਊ ਵੀ ਬੰਦਾ ਬਣ ਕੇ। ਫੇਰ ਮਾ'ਰਾਜ ਅਸੀਂ ਚਾਰ ਦਿਨ ਸੁਖ ਦੇ ਕੱਟੇ ਤੇ ਤਾਹੀਂ ਖ਼ਬਰ ਜਦੋਂ ਇੱਕ ਦਿਨ ਮੇਰੇ ਦੋ ਸਾਲੇ, ਡਾਂਗਾਂ ਫੜ ਕੇ ਆ ਖੜੋਤੇ। ਅਸੀਂ ਮਾ'ਰਾਜ ਹਰਾਨ-ਪਰੇਸ਼ਾਨ! ਉਹ ਚੜ੍ਹ ਘੋੜੇ ਸਵਾਰ ਆਏ ਤੇ ਆਉਂਦੇ ਈ ਮੇਰੇ ਬਾਪੂ ਦੇ ਗਲ ਪੈ ਗਏ।
ਕਹਿੰਦੇ, "ਬੁੜ੍ਹਿਆ ਅਸੀਂ ਕੁੜੀ ਥੋਨੂੰ ਮਾਰਨ ਨੂੰ ਦਿੱਤੀ ਐ? ਜੇ ਬਹੁਤੇ ਅਉਖੇ ਓਂ ਤਾਂ ਕੋਈ ਹੋਰ ਇੰਤਜਾਮ ਕਰ-ਲੋ, ਅਸੀਂ ਕੁੜੀ ਨੂੰ ਲੈ ਕੇ ਚੱਲੇ ਐਂ!" ਅਸੀਂ ਤਾਂ ਮਾ'ਰਾਜ ਲੱਕੜ ਹੋ ਗਏ। ਸਾਨੂੰ ਕੋਈ ਸਮਝ ਨਾ ਆਵੇ ਬਈ ਇਹ ਗੱਲ ਕੀ ਬਣ ਗਈ। ਅਖ਼ੀਰ ਮਾ'ਰਾਜ ਸਬਰ ਦਾ ਘੁੱਟ ਭਰ ਲਿਆ ਤੇ ਉਹ ਡਾਕੂਆਂ ਵਾਂਗੂੰ ਮੇਰੀ ਤੀਵੀਂ ਨੂੰ ਮੂਹਰੇ ਲਾ ਕੇ , ਸਾਡੀਆਂ ਅੱਖਾਂ ਸਾਹਮਣੇ ਲੈ ਗਏ। ਮੈਂ ਬਾਪੂ ਨੂੰ ਆਖਿਆ, "ਬਾਪੂ ਇਹਦੇ ਨਾਲੋਂ ਤਾਂ ਸਮਝ ਲਈਂ ਇੱਕੋ ਪੁੱਤ ਈ ਜੰਮਿਆ ਸੀ, ਮੈਨੂੰ ਦੋ ਹੱਥ ਕਰ ਲੈਣ ਦੇ ਇਨ੍ਹਾਂ ਨਾਲ।" ਪਰ ਉਹਨੇ ਮਾ'ਰਾਜ ਮੇਰੀ ਕੋਈ ਪੇਸ਼ ਨਾ ਜਾਣ ਦਿੱਤੀ। ਉਹ ਮਾ'ਰਾਜ ਪਤਾ ਨਹੀਂ ਕੇਹੋ ਜੇਹੇ ਸੁਭਾ ਦਾ ਬੰਦਾ ਸੀ, ਹਰ ਗੱਲ ਬਾਣੀਆਂ ਵਾਂਗੂੰ ਸੋਚਦਾ ਸੀ। ਉਹਨੇ ਸੋਚਿਆ ਬਈ ਨਾਲੇ ਤਾਂ ਘਰ ਲੁੱਟਿਆ ਜਾਊ, ਨਾਲੇ ਪੁੱਤ ਜਾਨੋਂ ਜਾਊ, ਏਸ ਕਰਕੇ ਚੁੱਪ ਈ ਭਲੀ ਐ ਨਾਲੇ ਮਾ'ਰਾਜ ਮੈਂ ਵੀ ਕਿਹੜਾ ਗਾਮਾ ਸੀ, ਹਰਖ 'ਚ ਆਇਆ ਜੇ ਉਨ੍ਹਾਂ ਦੇ ਗਲ ਪੈ ਵੀ ਜਾਂਦਾ ਤਾਂ ਉਹ ਦੋਵੇਂ ਮੇਰੀ ਧੌਣ ਕੁੱਕੜ ਵਾਂਗੂੰ ਮਰੋੜ ਕੇ ਪਾਸੇ ਕਰਦੇ-ਓਹੋ ਜੇਹੇ ਝੋਟਿਆਂ ਮੂਹਰੇ ਮੇਰੇ ਵਰਗੇ ਮੁਰਦੜੇ ਬੰਦੇ ਦਾ ਮਾ'ਰਾਜ ਕੀ ਵੱਟੀ-ਦਾ ਸੀ? ਚਲੋ ਜੀ ਸਾਰਾ ਕੁਸ਼ : ਰੰਨ-ਕੰਨ ਛਿੱਡ-ਪੁੱਤ, ਲੁਟਾ ਕੇ ਚੁੱਪ ਕਰਕੇ ਬਹਿ ਗਏ।
ਫੇਰਾ ਮਾ'ਰਾਜ ਸਾਡੇ ਬਾਪੂ ਦਾ ਘੋਰੜੂ ਬੋਲਣ ਲੱਗ ਪਿਆ। ਪਿਆ ਸਾਰਾ ਦਿਨ, ਘਾਟੇ ਦੇ ਮਾਰੇ ਬਪਾਰੀ ਵਾਂਗੂੰ ਕੌਲ੍ਹਿਆਂ ਨਾਲ ਵੱਜਦਾ ਤੁਰਿਆ ਫਿਰਿਆ ਕਰੇ। ਕੁਸ਼ ਤਾਂ ਪਹਿਲਾਂ ਦਮੇ ਨਾਲ ਪਿੰਜਰ ਬਣਿਆ ਪਿਆ ਸੀ, ਕੁਸ਼ ਏਸ ਦਰੇਗ ਨਾਲ ਰਹਿ ਖੜੋਤਾ। ਅਖ਼ੀਰ ਮੰਜੇ 'ਤੇ ਪੈ ਗਿਆ ਤੇ ਮੇਰੀ ਜਾਨ ਨੂੰ ਹੋਰ ਸਿਆਪਾ ਖੜ੍ਹਾ ਕਰ 'ਤਾ। ਮੇਰੀ ਇੱਕ ਲੱਤ ਖੇਤ ਤੇ ਇੱਕ ਘਰੇ-ਬਾਪੂ ਨੂੰ ਸਾਂਭਾਂ ਕਿ ਕੰਮ ਕਰਾਂ? ਉਤੋਂ ਇੱਕ ਹੋਰ ਸਿਆਪਾ। ਇੱਕ ਤਾਂ ਬੰਦਾ ਹੁੰਦੈ ਬਿਮਾਰ ਹੋਇਆ ਚੁੱਪ ਕਰਕੇ ਪਿਆ ਰਿਹਾ, ਪਰ ਉਹ ਸਾਰਾ ਦਿਨ ਘਿਣਾਂ ਈ ਪਾਈ ਜਾਇਆ ਕਰੇ। ਜਿਵੇਂ ਹਾੜ ਬੋਲਦਾ ਹੁੰਦੈ ਓਵੇਂ ਪਿਆ, "ਪੱਟੇ ਗਏ ਉਇ ਡਾਢਿਆ! ਪੱਟੇ ਗਏ ਉਇ ਡਾਢਿਆ!" ਕਰੀ ਜਾਇਆ ਕਰੇ। ਮੈਨੂੰ ਹਰ ਵੇਲੇ ਆਰਾਂ ਲਾਈ ਜਾਇਆ ਕਰੇ, 'ਜਾਹ ਕਿਵੇਂ ਕਰ, ਬਹੂ ਨੂੰ ਲੈ ਕੇ ਆ।' ਮੈਂ ਆਖਾਂ ਤੂੰ ਸ਼ੁਕਰ ਕਰ ਉਹ ਡੈਣ ਘਰੋਂ ਨਿਕਲੀ ਐ ਤਾਂ। ਪਰ ਮਾ'ਰਾਜ ਅਖ਼ੀਰ ਮੈਨੂੰ ਈ ਨਿਊਣਾ ਪਿਆ।
ਲੌ ਮਾ'ਰਾਜ ਪੰਜ ਚਾਰ ਰਿਸ਼ਤੇਦਾਰ 'ਕੱਠੇ ਕੀਤੇ ਤੇ ਅਸੀਂ ਮੇਲਾ ਬੰਨ੍ਹ ਕੇ ਗਏ। ਪਰ ਅੱਗੋਂ ਉਹ ਭਲੇਮਾਣਸਾਂ ਨੇ ਸਾਡੇ ਬਸ ਇੱਕ ਜੁੱਤੀਆਂ ਨ੍ਹੀਂ ਮਾਰੀਆਂ, ਹੋਰ ਕਸਰ ਕੋਈ ਛੱਡੀ ਨ੍ਹੀਂ। ਪਰ ਅਸੀਂ ਵੀ ਮਿੱਥ ਕੇ ਗਏ ਸੀ ਬਈ ਖ਼ਾਲੀ ਨ੍ਹੀਂ ਆਉਣਾ। ਅਖ਼ੀਰ ਜੀ ਗੱਲ ਏਥੇ ਨਿਬੜੀ ਕਿ ਮੇਰੇ ਸਹੁਰਿਆਂ ਨੇ ਸਾਰਾ ਟੂੰਮ-ਛੱਲਾ ਰੱਖ ਲਿਆ ਤੇ ਮੇਰੀ ਬਹੂ ਨੂੰ ਤੋਰ ਦਿੱਤਾ। ਸ਼ਰਤ ਇਹ ਹੋਈ ਕਿ ਜੇ ਉਹਨੂੰ ਅੱਗੋਂ ਤੋਂ ਮੈਂ ਕੋਈ ਮੰਦਾ-ਚੰਗਾ ਬੋਲਾਂ ਤਾਂ ਉਹ ਸਾਰਾ ਗਹਿਣਾ-ਗੱਟਾ ਜ਼ਬਤ ਤੇ ਨਾਲੇ ਉਹ ਆਵਦੀ ਕੁੜੀ ਲੈ ਜਾਣਗੇ। ਕੁੜੀ ਦੀ ਹੀਮਕੀਮ ਦੀ ਹਾਮੀ ਉਨ੍ਹਾਂ ਨੇ ਸਾਡੇ ਸਾਰੇ ਰਿਸ਼ਤੇਦਾਰਾਂ ਤੋਂ ਭਰਾਈ। ਮਾ'ਰਾਜ ਮਰਦਾ ਕੀ ਨਾ ਕਰਦਾ, ਸਬ ਕੁਸ਼ 'ਹਾਂ ਜੀ' 'ਹਾਂ ਜੀ' ਕਰਕੇ ਮੰਨੀ ਗਏ ਤੇ ਜਦੋਂ ਤਾਈਂ ਬਹੂ ਲੈ ਪਿੰਡ ਦੀ ਜੂਹ 'ਚ ਨਾ ਆ ਵੜੇ ਓਦੋਂ ਤਾਈਂ ਸਾਡੇ ਭਾ ਦੀ ਬਣੀ ਰਹੀ। ਚਲੋ ਜੀ ਅਕੇਰਾਂ ਗੱਲ ਫੇਰ ਨਿਬੜ ਗਈ।
ਪਰ ਤਾਹੀਂ ਖ਼ਬਰ ਤੀਜੇ ਦਿਨ ਸਾਡਾ ਮੁੰਡਾ ਘਰੇ ਆ ਵੜਿਆ। ਜਦੋਂ ਵਿਚਲੀ ਗੱਲ ਦਾ ਮਾ'ਰਾਜ ਪਤਾ ਲੱਗਿਆ ਤਾਂ ਭੇਤ ਖੁੱਲ੍ਹਿਆ ਕਿ ਅਸਲ 'ਚ ਜਦੋਂ ਉਹ ਘਰੋਂ ਨਿਕਲ ਕੇ ਗਿਆ ਸੀ ਤਾਂ ਮੇਰੇ ਸਹੁਰਿਆਂ ਦੇ ਨਾਲ ਦੇ ਪਿੰਡ ਕਿਸੇ ਆਵਦੇ ਲਫੰਡਰ ਬੇਲੀ ਨਾਲ ਕੰਮ ਕਰਨ ਜਾ ਲੱਗਿਆ ਸੀ ਤੇ ਓਸੇ ਨੇ ਮੇਰੇ ਸਹੁਰਿਆਂ ਦੇ ਕੰਨ ਭਰ ਦਿੱਤੇ ਸੀ-ਓਸ ਸਾਡੀ ਵਹਿਲ ਨੇ ਮਾ'ਰਾਜ ਸਭ ਕੁਸ਼ ਸਿਖਾ ਕੇ ਘਲਿਆ ਸੀ। ਓਸੇ ਦੀ ਕਰਤੂਤ ਨਾਲ ਮੇਰੇ ਸਾਲੇ ਉਹਨੂੰ ਲੈਣ ਆਏ ਸੀ ਤੇ ਫੇਰ ਜਿੰਨਾ ਚਿਰ ਉਹ ਪੇਕੀਂ ਰਹੀ ਸਾਡਾ ਮੁੰਡਾ ਉਹਦੇ ਕੋਲੇ ਓਥੇ ਆਉਂਦਾ-ਜਾਂਦਾ ਰਿਹਾ ਤੇ ਮਾ'ਰਾਜ ਜਦੋਂ ਉਨ੍ਹਾਂ ਨੇ ਸਾਡੇ ਤੋਰੀ ਤਾਂ ਮਗਰੇ ਉਹਨੂੰ ਵੀ ਸਿਖਾ ਕੇ ਤੋਰ ਦਿੱਤਾ-ਅਸਲ 'ਚ ਮਾ'ਰਾਜ ਇਹ ਸਾਰਾ ਚਲਿਤਰ ਮੇਰੀ ਵਹਿਲ ਤੀਵੀਂ ਦਾ ਸੀ, ਊਂ ਮੁੰਡਾ ਤਾਂ ਸਾਡਾ ਵਿਚਾਰਾ ਸਿਧਰਾ ਈ ਸੀ।
ਲੌ ਮਾ'ਰਾਜ ਆਉਣ-ਸਾਰ ਮੁੰਡੇ ਨੇ ਝੱਜੂ ਪਾ ਲਿਆ, ਆਖੇ 'ਹਮ ਕੋ ਅਬੀ ਜਮੀਨ ਵੰਡ ਕੇ ਦੇਓ।' ਮੇਰੇ ਬਾਪੂ ਨੇ ਬਥੇਰਾ ਸਮਝਾਇਆ, ਪਰ ਮਾ'ਰਾਜ ਜਿਹੜੀ ਗੱਲ ਉਹਨੂੰ ਮੇਰੀ ਕੰਜਰੀ ਨੇ ਪੱਕੀ ਕਰਾਈ ਸੀ ਉਹਤੋਂ ਉਹ ਕਿਵੇਂ ਟਲਦਾ? ਅਖ਼ੀਰ ਜੀ ਅਸੀਂ ਤੀਜੇ ਹਿੱਸੇ ਦਾ ਘਰ ਵੰਡ 'ਤਾ ਤੇ ਨਾਲੇ ਉਹਦੇ ਹਿੱਸੇ ਦੀ ਜਮੀਨ ਦੇ 'ਤੀ। ਓਦੂੰ ਮਹੀਨਾ ਕੁ ਮਗਰੋਂ ਮਾ'ਰਾਜ ਸਾਡਾ ਬੁੜ੍ਹਾ ਏਸੇ ਹਉਕੇ ਦਾ ਮਾਰਿਆ ਮਰ ਗਿਆ। ਫੇਰਾ ਮਾ'ਰਾਜ ਬੁੜ੍ਹੇ ਦੇ ਹਿੱਸੇ ਦੀ ਜਮੀਨ ਵੀ ਉਹਨੇ ਅੱਧੀ ਵੰਡਾ ਲਈ, ਘਰ ਵੀ ਅੱਧਾ ਕਬਜੇ 'ਚ ਕਰ ਲਿਆ। ਮੈਂ ਫੇਰ ਸੋਚਿਆ ਬਈ ਚਲੋ, ਜਿਵੇਂ ਕੰਮ ਸੂਤ ਆਉਂਦੈ ਕਰੋ ਜੂਨ ਈ ਪੂਰੀ ਕਰਨੀ ਐਂ! ਪਰ ਮਾ'ਰਾਜ ਜਿਵੇਂ ਕਹਿੰਦੇ ਹੁੰਦੇ ਐ ਬਈ, ਰੰਡੀਆਂ ਤਾਂ ਰੰਡੇਪਾ ਕੱਟ ਲੈਣ ਪਰ ਜਾਕਟਾਂ ਵਾਲੇ ਨ੍ਹੀਂ ਕੱਟਣ ਦਿੰਦੇ, ਓਸੇ ਤਰ੍ਹਾਂ ਮੈਂ ਤਾਂ ਬਥੇਰਾ ਚੁੱਪ ਕਰਦਾ ਸੀ, ਪਰ ਉਹ ਰਹਿਣ ਕਿੱਥੇ ਦਿੰਦੇ ਸੀ?
ਦੋ ਕੁ ਮਹੀਨੇ ਮਗਰੋਂ ਮਾ'ਰਾਜ ਫੇਰ ਓਹੀ ਬਾਹਾਂ ਤੇ ਓਹੀ ਕੁਹਾੜੀ। ਮੁੰਡਾ ਸਾਡਾ ਹੁਣ ਐਨਾ ਨਿਡਰ ਹੋ ਗਿਆ ਸੀ ਕਿ ਮੇਰੇ ਬੈਠੇ ਤੋਂ ਸਾਡੇ ਘਰੇ ਆ ਵੜਿਆ ਕਰੇ। ਮੈਂ ਤਾਂ ਲੱਸੀ ਨੂੰ ਤਰਸਿਆ ਕਰਾਂ ਤੇ ਉਹਨੂੰ ਉਹ ਵਹਿਲ ਤੌੜੀ 'ਚੋਂ ਦੁੱਧ ਲਾਹਲਾਹ ਕੇ ਮੇਰੇ ਸਾਹਮਣੇ ਪਿਆਇਆ ਕਰੇ। ਅਖ਼ੀਰ ਨੂੰ ਮਾ'ਰਾਜ ਜਦੋਂ ਮੈਥੋਂ ਵੇਖਿਆ ਨਾ ਗਿਆ ਤਾਂ ਇੱਕ ਦਿਨ ਸਲਾਹ ਕੀਤੀ ਬਈ ਸੁੱਤੀ ਪਈ ਨੂੰ ਵੱਢ ਦਿਆਂ। ਪੱਕ ਤਾਂ ਮਾ'ਰਾਜ ਪਕਾ ਲਿਆ, ਪਰ ਆਖ਼ਰ ਪਿਉ ਕਿਹੜੇ ਦਾ ਪੁੱਤ ਸੀ? ਜਦੋਂ ਗੰਡਾਸਾ ਚੱਕਿਆਂ ਤਾਂ ਚਿੱਤ 'ਚ ਸੋਚ ਫੁਰੀ, "ਮਨਾ, ਇਹ ਵਹਿਲ ਤਾਂ ਮਰ ਜਾਊ, ਮੈਂ ਫਾਹੇ ਲੱਗ ਜਾਊਂ ਤੇ ਮੁੰਡਾ ਊਂ 'ਕੱਲਾ ਰਹਿ ਜਾਊ, ਇਉਂ ਤਾਂ ਸਾਰਾ ਘਰ ਈ ਔਤ ਜਾਊ!" ਕੁਸ਼ ਮਾ'ਰਾਜ ਥੋਨੂੰ ਪਤੈ ਮੈਂ ਊਂ ਦਿਲ ਦਾ ਕਮਜ਼ੋਰ ਐਂ। ਲੌ ਜੀ ਸਾਰੇ ਪੱਕ ਪਕਾਏ ਐਵੇਂ ਗਏ।
ਓਦੂੰ ਪਿੱਛੋਂ ਦੀਆਂ ਕੀ ਗੱਲਾਂ ਪੁੱਛਦੇ ਓਂ ਮਾ'ਰਾਜ, ਬੱਸ ਐਵੇਂ ਜੂਨ ਪੂਰੀ ਕਰਦੇ ਰਹੇ। ਦੋ ਨਿਆਣੇ ਵੀ ਹੋ ਗਏ ਪਰ ਘਰ-ਘਰ ਸਾਡੇ ਘਰ ਦੀਆਂ ਗੱਲਾਂ ਹੁੰਦੀਆਂ। ਸਾਡਾ ਮੁੰਡਾ, ਸ਼ਰ੍ਹੇ-ਆਮ ਮੇਰੇ ਘਰੇ ਰਹਿਣ ਲੱਗ ਪਿਆ-ਮੁੱਕਦੀ ਗੱਲ ਜੀ, ਹੁਣ ਸ਼ਰਮ ਕਾਹਦੀ ਐ ਮੇਰੀ ਤੀਵੀਂ ਉਹਨੇ ਸਾਂਭ ਲਈ ਤੇ ਮੈਂ ਰਹਿ ਗਿਆ ਢੋਰ ਕਮਾਊ-ਬਲਦ!
ਦੋ ਕੁ ਸਾਲ ਤਾਂ ਮਾ'ਰਾਜ ਇਉਂ ਹੋਰ ਨਿਭੀ, ਪਰ ਅਖ਼ੀਰ ਜਦੋਂ ਉਹ ਭਾਗਵਾਨ ਮੈਨੂੰ ਚੱਜ ਨਾਲ ਰੋਟੀ ਦੇਣੋਂ ਵੀ ਹਟ ਗਈ ਤਾਂ ਫੇਰ ਮਨ ਨੂੰ ਫਿਟਕਾਰ ਪਾਈ। ਤੁਸੀਂ ਸਿਆਣੇ ਓਂ ਮਾ'ਰਾਜ, ਏਹੋ ਜੇਹੀ ਨਮੋਸ਼ੀ ਵਾਲੀ ਜੂਨ ਤਾਂ ਕੁੱਤਿਆਂ-ਬਿੱਲਿਆਂ ਤੋਂ ਵੀ ਬਹੁਤਾ ਚਿਰ ਨਹੀਂ ਕੱਟੀ ਜਾਂਦੀ!
ਅਖ਼ੀਰ ਮਾ'ਰਾਜ ਇੱਕ ਦਿਨ ਮੈਂ ਸਾਰਾ ਕੁਸ਼ ਛੱਡ-ਛਡਾ ਕੇ ਘਰੋਂ ਤੁਰ ਪਿਆ। ਪਰ ਚਿਤ 'ਚ ਐਨਾ ਹਰਖ ਆਇਆ ਕਿ ਜੀਅ ਕੀਤਾ ਇਹਨੂੰ ਜਾਂਦੀ ਵਾਰੀ ਦਾ ਜਹੂਰਾ ਤਾਂ ਦਿਖਾ ਕੇ ਜਾਵਾਂ। ਮੈਂ ਮਾ'ਰਾਜ ਫੜ ਕੇ ਜਾਤਰੂ ਜਦੋ ਉਹਦੇ ਵੰਨੀ ਪਿਆ ਤਾਂ ਉਹ ਤਾਂ ਖੂੰਜੇ ਜਾ ਲੱਗੀ, ਪਰ ਮਗਰੋਂ ਮੇਰੇ ਭਰਾ ਨੇ ਮੈਨੂੰ ਜੱਫਾ ਆ ਮਾਰਿਆ। ਉਹਨੂੰ ਮਾ'ਰਾਜ ਐਸਾ ਚੰਡਾਲ ਚੜ੍ਹਿਆ ਕਿ ਮੇਰੀ ਹਿੱਕ 'ਤੇ ਆ ਬੈਠੀ ਪਰ ਰੱਬ ਸਬੱਬੀਂ ਮਾ'ਰਾਜ ਮੇਰੇ ਦਾਅ ਸੂਤ ਆ ਗਿਆ। ਮੈਨੂੰ ਹੋਰ ਤਾਂ ਕੁਸ਼ ਨਾ ਅਉੜ੍ਹਿਆ, ਮੈਂ ਜੱਫੀ ਪਾ ਕੇ ਵਹਿਲ ਦੇ ਨੱਕ 'ਤੇ ਐਸੀ ਦੰਦੀ ਵੱਢੀ ਕਿ ਸਣੇ ਲੌਂਗ ਦੇ ਅੱਧਾ ਨੱਕ ਲਾਹ 'ਤਾ। ਓਦੂੰ ਪਿੱਛੋਂ ਸੁਣਿਐ, ਅੱਗੇ ਜਿੱਥੇ ਹਰੇਕ ਨਾਲ ਨੰਗੇ ਮੂੰਹ ਚਬਰ ਚਬਰ ਗੱਲਾਂ ਮਾਰਦੀ ਹੁੰਦੀ ਸੀ ਹੁਣ ਤੀਵੀਆਂ ਕੋਲੋਂ ਵੀ ਘੁੰਡ ਕੱਢ ਕੇ ਗੱਲ ਕਰਦੀ ਐ।
ਓਸ ਦਿਨ ਮਗਰੋਂ ਦਸ ਬਾਰਾਂ ਵਰ੍ਹੇ ਹੋ ਗਏ ਮਾ'ਰਾਜ ਏਥੇ ਸ਼ਹਿਰ ਮੰਡੀ 'ਚ ਪੱਲੇਦਾਰੀ ਦਾ ਕੰਮ ਕਰਦੈਂ। ਓਦੂੰ ਪਿੱਛੋਂ ਪਿੰਡ ਦਾ ਕਦੇ ਮੂੰਹ ਨ੍ਹੀਂ ਜਾ ਕੇ ਵੇਖਿਆ। ਦੋ ਲਾਹ ਛਡੀ-ਦੀਐਂ, ਖਾ ਲਈਦੀਐਂ। ਥੋਨੂੰ ਪਤੈ ਮਾ'ਰਾਜ ਕਿ ਜੱਟਾਂ ਦੇ ਪੁੱਤਾਂ ਨੂੰ ਮਜੂਰੀ ਕਰਨੀ ਕਿੱਡੀ ਅਉਖੀ ਐ, ਪਰ ਮੌਤ ਦੇ ਦਿਨ ਤਾਂ ਖਿੱਚ ਕੇ ਨੇੜੇ ਕਰਨੇ ਈ ਪੈਂਦੇ ਐ। ਕਦੇ ਕਦਾਈਂ ਕੋਈ ਪਿੰਡ ਦਾ ਬੰਦਾ ਚੱਕਰ ਮਾਰ ਜਾਂਦੈ, ਉਹਤੋਂ ਘਰ ਦੀ ਗੱਲ-ਬਾਤ ਦਾ ਪਤਾ ਲੱਗ ਜਾਂਦੈ। ਸੁਣਿਐਂ ਉਹ ਹੁਣ ਰੰਗੀਂ ਵਸਦੇ ਐ। ਮੇਰੇ ਵੱਡੇ ਪੁੱਤ ਦਾ ਵਿਆਹ ਵੀ ਹੋ ਗਿਐ ਪਰ ਮਾ'ਰਾਜ ਕੱਟੇ ਨੂੰ ਮਣ ਦੁੱਧ ਦਾ ਕੀ ਅਸਰ? ਸਾਡੇ ਵੰਨੀਓਂ ਤਾਂ ਜੇਹੇ ਹੋਏ ਜੇਹੇ ਨਾ ਹੋਏ।
ਜੂਨ-ਜਾਨ ਕਾਹਦੀ ਐ ਮਾ'ਰਾਜ, ਜੇ ਛੜੇ ਹੁੰਦੇ ਤਾਂ ਇੱਕੋ ਦੁੱਖ ਸੀ, ਹੁਣ ਤਾਂ ਵਣ ਦੀ ਲੱਕੜ ਵਾਂਗੂੰ ਨਾ ਬੁਝਦੇ ਨਾ ਮਚਦੇ ਐਂ। ਲੋਕਾਂ ਵੰਨੀ ਜਦੋਂ ਵੇਖੀਦੈ ਤਾਂ ਭਾਂਬੜ ਮਚਦੇ ਐ, ਏਥੇ ਅਸੀਂ ਪਾਂ ਵਾਲੇ ਕੁੱਤੇ ਵਾਂਗੂ ਕੋਠੜੀ 'ਚ ਆ ਵੜੀਦੈ ਤੇ ਟੁੱਟੀ ਮੰਜੀ 'ਤੇ ਪੈ ਕੇ ਰਾਤ ਕੱਟ ਲਈਦੀ ਐ। ਤੜਕੇ ਨੂੰ ਫੇਰ ਓਹੋ ਕੋਹਲੂ-ਗੇੜ। ਸਾਰਾ ਦਿਨ ਬੋਰੀਆਂ ਢੋਂਦਿਆਂ ਦੇ ਹੱਡ ਊਂ ਜਰਕਣ ਲੱਗ ਪੈਂਦੇ ਐ-ਨਾਲੇ ਮਾ'ਰਾਜ ਬੋਰੀਆਂ ਢੋਣਾ ਕੋਈ ਬੰਦਿਆਂ ਦਾ ਕੰਮ ਐਂ?
ਕਦੇ-ਕਦੇ ਮਾ'ਰਾਜ ਸਾਡੀ ਬੱਤੀ ਦੰਦਾਂ ਵਾਲੀ ਮਾਂ ਦੇ ਬੋਲ ਚੇਤੇ ਆ ਜਾਂਦੇ ਐ। ਜਦੋਂ ਉਹਨੇ ਹਰਖ ਜਾਣਾ ਤਾਂ ਆਖਣਾ, "ਸਾਧਿਆ ਬੰਦਿਆ, ਤੂੰ ਦੋਹਾਂ ਜਹਾਨਾਂ ਤੋਂ ਮਾਰਿਆ ਜਾਏਂ!" ਸੋ ਮਾ'ਰਾਜ ਉਹਦੇ ਬੋਲ ਪੂਰੇ ਹੋ ਗਏ।
ਅੱਛਾ ਮਾ'ਰਾਜ ਦੋਸ਼ ਕੀਹਨੂੰ ਦੇਣੈ, ਅਖ਼ੀਰ ਨਬੇੜਾ ਲਿਖੀਆਂ 'ਤੇ ਆ ਕੇ ਕਰ ਲਈਦੈ-ਹੋਰ ਮਾ'ਰਾਜ ਕੀ ਕਰੀਏ? ਜੇ ਕੋਈ ਜੋਰ ਚਲਦਾ ਦਿਸਦਾ ਤਾਂ ਘਰ ਛੱਡ ਕੇ ਈ ਕਾਹਨੂੰ ਤੁਰਦੇ। ਪਰ ਮਾ'ਰਾਜ ਆਪਣੀ ਤਾਂ ਏਹੋ ਅਰਦਾਸ ਐ, "ਹੇ ਦਾਤਿਆ, ਰਿਜਕ ਦੇਈਂ ਚਾਹੇ ਇਕ ਡੰਗ ਨਾ ਦੇਈਂ, ਪਰ ਸਕਤੀ ਤੇ ਚੰਦਰੀ ਤੀਵੀਂ ਕਿਸੇ ਦੁਸ਼ਮਣ ਨੂੰ ਵੀ ਨਾ ਦੇਈਂ।"
('ਰੁੱਖੇ-ਮਿੱਸੇ ਬੰਦੇ' ਵਿਚੋਂ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦਿਆਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ