Phora (Punjabi Story) : Naurang Singh
ਫੋੜਾ (ਕਹਾਣੀ) : ਨੌਰੰਗ ਸਿੰਘ
ਸਾਵੀਆਂ ਤੋਂ ਖੱਟੀਆਂ ਮੁੜ ਘਸਮੈਲੇ ਰੰਗ ਵਿਚ ਵਟ ਕੇ ਕਣਕਾਂ ਪੱਕ ਗਈਆਂ, ਅਨਾਜ ਨਾਲ ਭਰੇ ਹੋਏ ਸਿਟਿਆਂ ਨੂੰ ਤਕ ਤਕ ਨਜ਼ਰਾਂ ਲਲਚਾਉਣ ਲਗੀਆਂ।
ਵਾਢੀਆਂ ਸ਼ੁਰੂ ਹੋ ਗਈਆਂ । ਲਾਵੇ ਮੁਨ੍ਹੇਰੇ ਉਠ, ਰਾਤ ਦੀ ਬਹੀ ਰੋਟੀ ਪਾਣੀ ਨਾਲ ਨਿਘਾਰ ਕੇ, ਆਉਣ ਵਾਲੇ ਵਰ੍ਹੇ ਲਈ ਰੋਟੀਆਂ ਦੀ ਧੁਨ ਵਿਚ ਪੈਲੀਆਂ ਨੂੰ ਉਠ ਤੁਰੇ । ਇਕ ਕਿਆਰੇ ਦੀ ਵਾਢੀ ਪਿਛੇ ਇਕ ਭਰੋਟੀ ਉਨ੍ਹਾਂ ਨੂੰ ਲਭਦੀ ਸੀ। ਸਵੇਰ ਤੋਂ ਲੈ ਕੇ ਆਥਣ ਤੀਕਰ ਪੱਬਾਂ ਪਰਨੇ ਸਰਕ ਸਰਕ ਕੇ ਦਾਤ੍ਰੀ ਵਾਹੁੰਦਿਆਂ ਰਹਿਣਾ। ਧੁੱਪਾਂ ਲੂਆਂ ਪਿੰਡੇ ਉਤੋਂ ਦੀ ਲੰਘ ਜਾਂਦੀਆਂ ਹਨ, ਤਾਂ ਕਿਧਰੇ ਆਥਣ ਨੂੰ ਜਾ ਕੇ ਇਕ ਭਾਰ ਦਾ ਹੱਕਦਾਰ ਲਾਵਾ ਸਮਝਿਆ ਜਾਂਦਾ ਹੈ ।
ਠੀਕ ਹੋਵੇਗਾ ਕਿ ਦੌਲਤ ਦੌਲਤ ਨੂੰ ਖਿਚਦੀ ਹੈ। ਪਰ ਕਰੜੀਆਂ ਜ਼ਿੰਦਗੀ ਦੀਆਂ ਘਾਲਣਾ ਟੁੱਟ ਟੁੱਟ ਅਜ ਤੀਕਰ ਖ਼ਰਚ ਹੁੰਦੀਆਂ ਚਲੀਆਂ ਆਈਆਂ ਹਨ, ਕਦੇ ਆਪਣੀ ਵਲ ਆਪਣੀ ਪੂਰੀ ਕੀਮਤ ਨਹੀਂ ਖਿਚ ਸਕੀਆਂ । ਸਰਮਾਏਦਾਰੀ ਦੇ ਵਿਰੁਧ ਮਜ਼ਦੂਰੀ ਦੀ ਅਵਾਜ਼ ਏਸੇ ਦਾ ਪਰਿਨਾਮ ਹੈ। ਇਨ੍ਹਾਂ ਲਾਵਿਆਂ ਦੇ ਅੰਦਰ ਵੀ ਖ਼ਬਰੇ ਇਹ ਬਗ਼ਾਵਤ ਲੁਕੀ ਪਈ ਹੋਵੇ ?
ਹੁੱਕਾ ਪੀ ਕੇ ਰਾਜੂ ਚਮਿਆਰ ਨੇ ਆਪਣੇ ਬੂਹੇ ਅਗਲੇ ਥੜੇ ਉਤੇ ਬੈਠਿਆਂ ਵਢਾਂ ਤੋਂ ਮੁੜੇ ਆਉਂਦੇ ਡੰਗਰਾਂ ਦੇ ਵੱਗ ਤੱਕੇ । ਵਾਗੀਆਂ ਦੀਆਂ ਹੇਕਾਂ ਉਹਦੇ ਕੰਨਾਂ ਨੂੰ ਛੂਹ ਰਹੀਆਂ ਸਨ। ਤੇ ਓਦੂੰ ਪਰੇਰੇ ਉਹਨੂੰ ਡੰਗਰਾਂ ਦੇ ਖੁਰਾਂ ਨਾਲ ਉਡਦੇ ਘਟੇ ਵਿਚ ਭਾਰ ਚੁਕੀ, ਆਉਂਦੇ ਲਾਵੇ ਦਿਸੇ । ਓਸ ਹੌਂਕੇ ਦੇ ਦੋ ਤਿੰਨ ਕਾਹਲੇ ਸੂਟੇ ਖਿਚੇ । ਹੁੱਕੇ ਦੀ ਗੁੜ ਗੁੜ ਉਹਦੇ ਮਨ ਵਿਚ ਬੇ-ਰੁੱਤੇ ਬੱਦਲਾਂ ਵਾਂਗ ਕੜਕ ਰਹੀ ਸੀ।
ਰਾਜੂ ਦੀ ਚਮਿਆਰੀ ਪੂਰੋ ਦਾ ਖ਼ਿਆਲ ਸੀ ਕਿ ਵਾਢੀਆਂ ਤੋਂ ਪਹਿਲਾਂ ਪਹਿਲਾਂ ਰਾਜੂ ਦੀ ਟੰਗ ਉਤਲਾ ਫੋੜਾ ਵੱਲ ਹੋ ਜਾਵੇਗਾ। ਪਰਾਰ ਦੀਆਂ ਬਿਆਈਆਂ ਵਿਚ ਜਦੋਂ ਰਾਜੂ ਜ਼ਿੰਮੀਦਾਰ ਨਾਲ ਕਾਮਾ ਰਲਿਆ ਸੀ, ਓਸ ਭੋਂ ਵਾਹੀ, ਸੁਹਾਗੀ ਤੇ ਚੰਗੀ ਤਰ੍ਹਾਂ ਪਾਣੀ ਲਾਏ, ਮੁੜ ਕਣਕ ਬਿਆਈ ਸੀ। ਓਦੋਂ ਇਹ ਫੋੜਾ ਕੀਕਰ ਫੁਲ ਕੇ ਉਹਦੀ ਟੰਗ ਉਤੇ ਨਿਕਲਿਆ ਸੀ ਤੇ ਹੋਰ ਸਭ ਕੁਝ ਉਹਦੀ ਯਾਦ ਵਿਚ ਫੁਟਦੇ ਅੰਕੁਰ ਵਾਂਗ ਉਗਮ ਪਿਆ ।
ਕੀਕਰ ਭੋਂ ਨੂੰ ਸੁਹਾਗਦਿਆਂ ਉਹਦਾ ਇਹ ਖ਼ਬਤ ਹੁੰਦਾ ਸੀ ਕਿ ਜ਼ਮੀਨ ਮਲਾਈ ਵਰਗੀ ਹੋ ਜਾਵੇ, ਜਿਹੋ ਜਿਹੀ ਮਿੱਠੀ ਉਹਦੀ ਪਤਨੀ ਪੂਰੋ ਹੈ - ਪ੍ਰੇਮ ਦੇ ਸੁਹਾਗਿਆਂ ਨਾਲ ਕਮਾਈ ਹੋਈ ਤੇ ਮਿੱਠੇ ਬੋਲਾਂ ਦੀ ਫ਼ਸਲ ਨਾਲ ਟਹਿ ਟਹਿ ਕਰਦੀ।
ਸੁਹਾਗਾ ਦੇਣ ਮਗਰੋਂ ਜੇ ਕੋਈ ਢੀਮਾਂ ਪੱਧਰੇ ਖੇਤ ਵਿਚੋਂ ਸਿਰ ਚੁਕੀ ਉਹਨੂੰ ਦਿਖਾਈ ਦੇਂਦੀਆਂ ਤਾਂ ਕਹੀ ਦੇ ਪੀਨਾਂ ਨਾਲ ਉਹ ਤੇ ਉਹਦੀ ਵਹੁਟੀ ਰਲ ਕੇ ਉਨ੍ਹਾਂ ਨੂੰ ਤੋੜ ਦੇਂਦੇ । ਮੁੜ ਸੁਹਾਗੇ ਦੀ ਇਕ ਫਾਂਟ ਹੋਰ ਫੇਰ ਕੇ ਰਾਜੂ ਸਾਰੀ ਭੋਂ ਨੂੰ ਮਹੀਨ ਬਣਾ ਕੇ ਚਮਿਆਰੀ ਨੂੰ ਆਖਦਾ-
"ਤੇਰੇ ਵਰਗੀ ਬਣ ਗਈ ਏ, ਇਹ ਸਾਰੀ ਪੈਲੀ ਪੂਰੋ ਜੇਕਰ ਤੂੰ ਛਾਤੀਆਂ ਚੁੰਘਾ ਚੁੰਘਾ ਕੇ ਧੀਆਂ ਵਡੀਆਂ ਕੀਤੀਆਂ ਹਨ ਓਕਰ ਹੀ ਏਹ ਧਰਤੀ ਫ਼ਸਲਾਂ ਨੂੰ ਪਾਲੇਗੀ-" ਤੇ ਉਹ ਦੋਵੇਂ ਇਕ ਦੂਜੇ ਵਲ ਤਕ ਕੇ ਹਸ ਪੈਂਦੇ।
ਵਾਹੀ ਕਰਦਿਆਂ ਕੀਕਰ ਉਹ ਘਾਹ ਨਾਲ ਘੋਲ ਕਰਦਾ ਰਹਿੰਦਾ ਸੀ। ਪੈਲੀਆਂ ਦੀ ਹਿਕ ਉਤੇ ਡੂੰਘੇ ਲਕੀਰੇ ਹੋਏ ਇਕ ਇਕ ਸਿਆੜ ਵਿਚੋਂ ਉਹਦੀ ਪੂਰੋ ਉਹਦੇ ਨਾਲ ਘੰਟਿਆਂ ਬੱਧੀ ਘਾਹ ਚੁਗ ਚੁਗ ਢੇਰ ਲਾ ਦੇਂਦੀ ਹੁੰਦੀ ਸੀ।
ਐਸ਼ ਆਰਾਮ ਤੇ ਸੁਖੀ ਜੀਵਨ ਭਾਵੇਂ ਉਨਾਂ ਕਦੇ ਮਾਣਿਆ ਤੇ ਹੈ ਨਹੀਂ ਸੀ, ਪਰ ਉਹ ਇਸ ਤਰ੍ਹਾਂ ਦੇ ਜੀਵਨ ਨੂੰ ਤਕ ਕੇ ਪੂਰੋ ਨੂੰ ਆਖਿਆ ਕਰਦਾ ਸੀ-
“ਵਿਹਲਾ-ਪਨ, ਸੁਖਿਆਰਾ-ਪਨ ਮੈਨੂੰ ਇਉਂ ਜਾਪਦਾ ਹੈ, ਜੀਕਰ ਇਹ ਮਾਰੂ ਘਾਹ ਕਿਸੇ ਫ਼ਸਲ ਨੂੰ ਮਾਰ ਰਿਹਾ ਹੁੰਦਾ ਹੈ ਪੂਰੋ-" ਤਦੇ ਪਤਨੀ ਉਹਦੀ ਹਰਿਕ ਮੁਸ਼ੱਕਤ ਵਿਚ ਉਹਦਾ ਹੱਥ ਵਟਾਉਂਦੀ ਸੀ, ਤੇ ਪੈਲੀਆਂ ਵਿਚੋਂ ਘਾਹ ਕਢਾਉਂਦੀ ਹੁੰਦੀ ਸੀ।
ਉਸ ਦੀ ਪਤਨੀ ਨੇ ਇਹ ਕਿਤੋਂ ਸੁਣਿਆ ਹੋਇਆ ਸੀ ਕਿ ਜੇ ਇਕ ਦਾਣਾ ਕਿਸੇ ਦੇ ਮੂੰਹ ਪਾਈਏ ਤਾਂ ਅੱਗੇ ਉਹਨੂੰ ਸੈਆਂ ਦਾਣੇ ਮਿਲਦੇ ਹਨ। ਏਸੇ ਲਈ ਜਦੋਂ ਪੂਰੋ ਰਾਜੂ ਦੇ ਹਲ ਮਗਰ ਸੁਨਹਿਰੇ ਦਾਣੇ ਸਿਆੜਾਂ ਦੇ ਮੂੰਹ ਵਿਚ ਕੇਰਦੀ ਤਾਂ ਉਹਦਾ ਮੂੰਹ ਆਸ ਨਾਲ ਭਖ਼ ਪੈਂਦਾ ਕਿ ਕਿਸੇ ਦਿਨ ਇਹੋ ਦਾਣੇ ਬਹੁਤੇ ਬਣ ਜਾਣਗੇ ਤੇ ਉਹਦੇ ਹਿੱਸੇ ਇੰਨੇ ਆਉਣਗੇ ਕਿ ਉਹਦਾ ਕੁਠਲਾ ਭਰ ਜਾਏਗਾ।
ਕੀਕਰ ਕੱਤੇ ਦੀ ਬਿਆਈ ਵਿਚ ਹੀ ਰਾਜੂ ਦੀ ਪਿੰਨੀ ਵਿਚ ਚੀਸਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਪਹਿਲਾਂ ਪਹਿਲਾਂ ਉਸ ਗੱਲ ਨਾ ਗੌਲੀ ਪਰ ਪਿੰਨੀ ਸੁਜਦੀ ਗਈ ਤੇ ਇਕ ਡਲੇ ਜੇਡਾ ਗੁੱਮਾ ਜਿਹਾ ਮਾਸ ਵਿਚੋਂ ਤਾਂਹ ਨੂੰ ਉਭਰਦਾ ਆਇਆ। ਪੂਰੋ ਨੇ ਬੜੇ ਉਪਾ ਕੀਤੇ – ਹਲਦੀ ਦਾ ਲੇਪ ਕੀਤਾ, ਪੁਲਸਟਾਂ ਬੰਨ੍ਹੀਆਂ, ਇੱਟੇ ਦਾ ਸੇਕ ਦੇਂਦੀ ਰਹੀ, ਪਰ ਜਦੋਂ ਆਰਾਮ ਨਾ ਆਇਆ ਤਾਂ ਪਿੰਡ ਦੇ ਜਰਾਹ ਕੋਲੋਂ ਚੀਰਾ ਦਿਵਾ ਦਿਤਾ।
ਚੀਰਾ ਕੱਵਲਾ ਦੇ ਹੋ ਗਿਆ, ਫੋੜਾ ਸਗੋਂ ਵਿਗੜ ਗਿਆ, ਜ਼ਿੰਮੀਦਾਰ ਤੋਂ ਨੌਕਰੀ ਛੁਟ ਗਈ ।
ਪੂਰੋ ਬੜੇ ਉਪਰਾਲੇ ਕਰਦੀ ਸੀ ਕਿ ਹਾੜ੍ਹੀਆਂ ਤੀਕਰ ਇਹ ਫੋੜਾ ਕਿਵੇਂ ਜ਼ਰੂਰ ਹਟ ਜਾਵੇ, ਤਾਂ ਜੋ ਸਤਾਂ ਮਹੀਨਿਆਂ ਤੋਂ ਬੇ-ਰੁਜ਼ਗਾਰੇ ਘਰ ਵਿਚ ਚਾਰ ਦਾਣੇ ਆ ਜਾਣ, ਰਾਜੂ ਲਾਵੀਆਂ ਕਰੇ। ਪੰਦਰਾਂ ਕੁ ਦਿਨ ਵਾਢੀਆਂ ਆ ਰਹਿੰਦੀਆਂ ਹਨ । ਨਿਤ ਦੀ ਇਕ ਇਕ ਭਰੀ ਨਾਲ ਪੰਦਰਾਂ ਸੋਲਾਂ ਭਰੀਆਂ ਹੋ ਜਾਣਗੀਆਂ।
ਉਸ ਕਈ ਟੂਣੇ ਟਾਮਣ ਕਰਾਏ, ਮੰਤ੍ਰਿਆ ਹੋਇਆ ਕਾਲਾ ਧਾਗਾ ਟੰਗ ਨੂੰ ਬੰਨ੍ਹਿਆਂ, ਸਿਆਣਿਆਂ ਤੋਂ ਝਾੜ ਕਰਵਾਏ, ਰਾਤੀਂ ਛਪੜਾਂ ਦੇ ਕੰਢੇ ਦੀਵੇ ਬਾਲੇ, ਸੁਆਹ ਦੇ ਲਡੂ ਚੁਰਾਹਿਆਂ ਤੇ ਰੱਖੇ, ਪਰ ਫੋੜੇ ਦੀ ਹਾਲਤ ਨਾ ਸੁਧਰੀ। ਉਤੋਂ ਉਤੋਂ ਮਿਲ ਕੇ ਅੰਦਰ ਮੁਆਦ ਕੱਠਾ ਹੁੰਦਾ ਰਹਿੰਦਾ ਤੇ ਫੇਰ ਉਹ ਫਿੱਸ ਜਾਂਦਾ।
ਪਰ ਜਿਉਂ ਜਿਉਂ ਉਹ ਫੋੜੇ ਦੇ ਅਰਾਮ ਲਈ ਕਾਹਲੀ ਪੈਂਦੀ ਤਿਉਂ ਤਿਉਂ ਫੋੜੇ ਦਾ ਆਰਾਮ ਪਿੱਛੇ ਪੈਂਦਾ ਜਾਂਦਾ, ਜੀਕਰ ਮ੍ਰਿਗ ਤ੍ਰਿਸ਼ਨਾ ਦਾ ਜਲ ਦੂਰ ਦੂਰ ਹਟਦਾ ਜਾਂਦਾ ਹੁੰਦਾ ਹੈ। ਓੜਕ ਵਾਢੀਆਂ ਸ਼ੁਰੂ ਹੋ ਗਈਆਂ।
"ਫੇਰ ਐਤਕਾਂ ਦਾ ਵਰ੍ਹਾ ਕੀਕਰ ਲੰਘੇਗਾ?" ਪੂਰੋ ਨੇ ਨਿਮ ਦੇ ਪਾਣੀ ਦੀ ਟਕੋਰ ਫੋੜੇ ਉਤੇ ਕਰਦਿਆਂ ਪੁੱਛਿਆ ਸੀ।
ਰਾਜੂ ਚੀਸਾਂ ਪੈਂਦੀ ਲਤ ਨੂੰ ਨਪੀ ਬੈਠਾ ਸੀ। ਆਂਹਦਾ, “ਮੈਂ ਕੀ ਦੱਸਾਂ ਪੂਰੋ........"
“ਜੇ ਜ਼ਿੰਮੀਦਾਰ ਕੋਲੋਂ ਮੰਗ........."
"ਨਹੀਂ – ਹੱਥ ਅੱਡ ਕੇ ਮੰਗਣ ਤੇ ਮੇਰਾ ਜੀ ਨਹੀਂ ਕਰਦਾ......." ਚੀਸਾਂ ਵਾਲੀ ਵਾਜ ਵਿਚ ਰਾਜੂ ਵਿਚੋਂ ਬੋਲ ਪਿਆ ।
"ਫੇਰ?"
ਰਾਜੂ ਵਲ ਪੂਰੋ ਟਕੋਰੋਂ ਹਥ ਰੋਕ ਕੇ ਉਤਾਵਲੀਆਂ ਅੱਖਾਂ ਨਾਲ ਝਾਕ ਰਹੀ ਸੀ ।
"ਪੂਰੋ ਤੂੰ ਮੇਰੇ ਨਾਲ ਵਾਢੀ ਤੇ ਜਾਂਦੀ ਹੁੰਦੀ ਸੈਂ - ਐਤਕਾਂ ਇੱਕਲੀ ਹੀ ਕਰ ਵੇਖ"
"ਚੰਗਾ" ਕੁਝ ਚਿਰ ਮਗਰੋਂ ਉਹ ਬੋਲੀ।
ਪੂਰੋ ਦਿਨੋ ਦਿਨ ਲਾਵੀਆਂ ਕਰਦੀ ਰਹੀ। ਪਹਿਲੇ ਦਿਨ ਇਕ ਭਾਰ ਉਸ ਆਂਦਾ, ਦੂਜੇ ਦਿਨ ਵੀ, ਤੀਜੇ ਦਿਨ ਮਸਾਂ ਅਧੀ ਭਰੋਟੀ। ਉਹਦੀਆਂ ਬਾਹਵਾਂ ਅੰਬ ਗਈਆਂ - ਪਾਸੇ ਆਕੜ ਗਏ — ਵਾਢੀ ਕਰਦੀ ਦੇ। ਰਾਜੂ ਬੜੀ ਉਤਾਵਲਤਾ ਨਾਲ ਭਰੀ ਚੁਕੀ ਆਉਂਦੀ ਦਾ ਰਾਹ ਤਕਦਾ ਹੁੰਦਾ ਸੀ ।
ਇਕ ਦਿਨ ਵਾਢੀ ਕਰਦੀ ਕਰਦੀ ਨੂੰ ਜਦੋਂ ਤ੍ਰੇਹ ਲਗੀ ਤਾਂ ਪਾਣੀ ਵਧੇਰੇ ਪੀ ਗਈ। ਪਿੰਡਾ ਗਰਮ ਸਰਦ ਹੋ ਗਿਆ। ਕੈਆਂ ਤੇ ਜੁਲਾਬ ਸ਼ੁਰੂ ਹੋ ਗਏ, ਵਾਢੀ ਵਿਛੇ ਛੱਡ ਕੇ ਉਹ ਮਸਾਂ ਘਰ ਮੁੜੀ। ਮੰਜੇ ਤੇ ਜਾ ਢਈ। ਔਖਿਆਈ ਨਾਲ ਉਠ ਕੇ ਰਾਜੂ ਨੇ ਉਹਨੂੰ ਸਾਂਭਿਆ। ਪਰ ਦੂੰਹ ਘੰਟਿਆਂ ਦੇ ਅੰਦਰ ਅੰਦਰ ਉਹਦੇ ਸੁਆਸ ਮੁਕ ਗਏ।
ਘੁਸਮੁਸਾ ਪਤਲੇ ਨ੍ਹੇਰੇ ਵਿਚ ਬਦਲ ਗਿਆ। ਵਾਗੀਆਂ ਦੀਆਂ ਹੇਕਾਂ ਪਿੰਡ ਲਾਗੇ ਆ ਕੇ ਬੰਦ ਹੋ ਗਈਆਂ।ਥੜੇ ਉਤੇ ਰਾਜੂ ਇਕ ਵਰ੍ਹਾ ਪਹਿਲਾਂ ਦੀ ਦਰਦਨਾਕ ਘਟਨਾ ਵਿਚ ਘੁਮਿਆ ਬੈਠਾ ਸੀ। ਉਹਨੂੰ ਡੰਗਰਾਂ ਦੇ ਘੱਟੇ ਤੋਂ ਪਰੇ ਭਾਰ ਚੁਕੀ ਲਗੇ ਆਉਂਦੇ ਲਾਵੇ ਹੁਣ ਨਜ਼ਰ ਨਹੀਂ ਸਨ ਆਉਂਦੇ। ਉਹਦੇ ਹੁੱਕੇ ਦੀ ਚਿਲਮ ਬੁਝ ਚੁਕੀ ਸੀ। ਉਹ ਐਵੇਂ ਮੂੰਹ ਵਿਚ ਨੜੀ ਪਾਈ
ਕਿੰਨਾ ਚਿਰ ਓਥੇ ਬੈਠਾ ਰਿਹਾ।
('ਬੋਝਲ ਪੰਡ' ਵਿੱਚੋਂ)