Piar (Lekh) : Gurbakhsh Singh Preetlari
ਪਿਆਰ (ਲੇਖ) : ਗੁਰਬਖ਼ਸ਼ ਸਿੰਘ ਪ੍ਰੀਤਲੜੀ
ਮੈਂ ਉਸ ਮਹਾਨ ਮਨੁਖੀ ਤਜਰਬੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਜਿਦ੍ਹੇ ਬਾਅਦ ਨਾ ਦੁਨੀਆਂ ਤੇ ਨਾ ਦੁਨੀਆਂ ਦੇ ਮਨੁਖ ਪਹਿਲਾਂ ਵਰਗੇ ਦਿਸਦੇ ਹਨ; ਓਸ ਮਹਾਨ - ਮਨੁਖੀ ਨਿਹੁੰ ਦਾ, ਜਿਹੜਾ ਲਾਇਆਂ ਲਗਦਾ ਨਹੀਂ, ਹਟਾਇਆਂ ਹਟਦਾ ਨਹੀਂ।
ਅਨੇਕਾਂ ਵਿਆਹ ਮੁਨਾਸਬ ਸ਼ੁਭ ਇਛਾ ਤੇ ਹਮਦਰਦੀ ਨਾਲ ਕਾਮਯਾਬ ਰਖੇ ਜਾ ਸਕਦੇ ਹਨ, ਭਾਵੇਂ ਉਮਰ ਸਾਰੀ ਪਿਆਰ ਨੇ ਉਨ੍ਹਾਂ ਵਿਚ ਇਕ ਝਾਤ ਭੀ ਨਾ ਪਾਈ ਹੋਵੇ । ਪਰ ਜਿਸ ਪਿਆਰ ਦਾ ਪਾਰਾਵਾਰ ਨਾ ਮਿਲਣ ਕਰਕੇ ਉਹਨੂੰ ਪ੍ਰਭੂ ਆਖਿਆ ਗਿਆ, ਉਹ ਸੋਚਦਾ ਤਕ ਨਹੀਂ ਕਿ ਉਹਦਾ ਆਪਣੇ ਪਿਆਰੇ ਨਾਲ ਕੋਈ ਦੁਨਿਆਵੀ ਰਿਸ਼ਤਾ ਬਣ ਭੀ ਸਕਦਾ ਹੈ।
ਖ਼ੁਸ਼ੀ ਜ਼ਿੰਦਗੀ ਦੀ ਡੂੰਘੀ ਖਾਹਿਸ਼ ਹੈ, ਪਰ ਉਹ ਭੀ ਪਿਆਰ ਦਾ ਮਨੋਰਥ ਨਹੀਂ, ਭਾਵੇਂ ਕਈ ਲਾਸਾਨੀ ਖ਼ੁਸ਼ੀਆਂ ਪਿਆਰ ਦੇ ਰਾਹਾਂ ਉਤੇ ਪ੍ਰੇਮੀਆਂ ਦਾ ਇਸ਼ਾਰਾ ਉਡੀਕਦੀਆਂ ਰਹਿੰਦੀਆਂ ਹਨ। ਕਾਮ, ਕੁਦਰਤ ਦਾ ਬੁਨਿਆਦੀ ਜਜ਼ਬਾ, ਭੀ ਪਿਆਰ ਦਾ ਦਾਈਆ ਨਹੀਂ; ਭਾਵੇਂ ਪਿਆਰ ਦੀ ਛੁਹ ਨਾਲ ਵਿਗਸਿਆ ਕਾਮ ਪਿਆਰਿਆਂ ਦੀ ਨਜ਼ਰੇ ਕਰਮ ਲਈ ਸਹਿਕਦਾ ਰਹਿੰਦਾ ਹੈ। ਮਨੁਖਾ ਜ਼ਿੰਦਗੀ ਦਾ ਇਹ ਸ਼ਹਿਨਸ਼ਾਹ ਸਮੁਚੀ ਜ਼ਿੰਦਗੀ ਨੂੰ ਕਲਾਵੇ ਭਰਦਾ, ਹਰ ਜਜ਼ਬੇ, ਹਰ ਰੀਝ ਦਾ ਸਵਾਮੀ ਬਣਦਾ, ਆਪਣੇ ਘੇਰੇ ਤੋਂ ਬਾਹਰ ਕੁਝ ਭੀ ਰਖਣਾ ਪਰਵਾਨ ਨਹੀਂ ਕਰਦਾ ਪਰ ਕਾਮ, ਧਨ, ਤੇ ਰੁਤਬੇ ਵਰਗਾ ਕਿਨਾਂ ਕੁਝ ਤੋੜ ਵਾਟ ਤਕ ਕਈ ਵਾਰੀ ਅਨ-ਗੌਲਿਆ ਪਿਆ ਰਹਿੰਦਾ ਹੈ। ਤਿਆਗ ਕਾਸੇ ਦਾ ਨਹੀਂ, ਇਨਕਾਰ ਕਿਸੇ ਤੋਂ ਨਹੀਂ, ਪਰ ਜੋ ਕੁਝ ਇਹਦੀਆਂ ਉਡਾਰੀਆਂ ਨਾਲ ਨਹੀਂ ਉਡ ਸਕਿਆ ਉਹ ਅਨ ਛੁਹਿਆ ਧਰਤੀ ਤੇ ਪਿਆ ਰਿਹਾ।
ਮਨੁਖਾ ਮਨ ਦੀਆਂ ਅਨੇਕਾਂ ਹੀ ਕਲਾਂ ਹਨ, ਜਿਨਾਂ ਨੂੰ ਸਿਰਫ ਪਿਆਰ-ਛੁਹ ਹੀ ਜਗਾ ਸਕਦੀ ਹੈ। ਜਿਸ ਛੁਹ ਨਾਲ ਕਾਇਆਂ ਨਹੀਂ ਪਲਟੀ, ਉਹ ਛੁਹ ਪਿਆਰ ਦੀ ਨਹੀਂ। ਅਸੀਂ ਸਾਰੇ, ਸਾਧਾਰਨ, ਘਟ ਸੁਹਣੇ ਜਾਂ ਬੜੇ ਸੁਹਣੇ, ਵੰਨ ਸਵੰਨੇ ਰੰਗਾਂ ਦੇ ਫਲੂਸ ਹਾਂ। ਸਾਡੀ ਵੰਨ ਸਵੰਨਤਾ, ਸਾਡੀ ਵੇਤਰ ਕਾਟ, ਸਾਡੀ ਫਬਨੀ ਦਾ ਮੁਲ ਰੋਜ਼ਾਨਾ ਸਾਨੂੰ ਮਿਲਦਾ ਰਹਿੰਦਾ ਹੈ। ਕਿਸੇ ਨੂੰ ਚੰਗਾ ਕਿਸੇ ਨੂੰ ਬਹੁੰ ਚੰਗਾ, ਤੇ ਕਿਸੇ ਨੂੰ ਕੋਝਾ ਭੀ ਆਖਿਆ ਜਾਂਦਾ ਹੈ। ਪਰ ਸਾਡੇ ਹਰ ਕਿਸੇ ਦੇ ਅੰਦਰ ਬਿਜਲੀ ਦਾ ਇਕ ਨੁਕਤਾ ਹੈ। ਇਹ ਨੁਕਤਾ ਆਮ ਤੌਰ ਤੇ ਜਗਦਾ ਨਹੀਂ ਹੁੰਦਾ, ਕਿਉਂਕਿ ਇਹਨੂੰ ਕਿਸੇ ਬਿਜਲੀ-ਰੌਂ ਨਾਲ ਜੋੜ ਲੈਣਾ ਸਾਡੇ ਵਸ ਦੀ ਗਲ ਨਹੀਂ।
ਇਹ, ਪਰ, ਅਸੀਂ ਆਪਣੇ ਤੇ ਹੋਰਨਾਂ ਵਿਚ ਕਦੇ ਕਦੇ ਵੇਖਿਆ ਹੈ, ਕਿ ਚਾਨਚਕ ਬਿਜਲੀ-ਨੁਕਤੇ ਉਤੇ ਕੋਈ ਸ਼ਮਾਂ ਲਟ ਲਟ ਕਰਨ ਲਗ ਪਈ - ਸਾਥੋਂ ਅਨਭੋਲ ਸਾਡੇ ਦਿਲ ਦੀ ਕੋਈ ਤਾਰ ਥਾਂ ਸਿਰ ਜਾ ਜੁੜੀ, ਤੇ ਅਸੀਂ ਹੋਰ ਦੇ ਹੋਰ ਹੋ ਗਏ, ਜੀਕਰ ਫਲੂਸ ਦਾ ਅੰਦਰ ਭਖ਼ ਪਿਆ, ਤੇ ਬਾਹਰਲੇ ਰੰਗਾਂ ਵਿਚੋਂ ਕੋਈ ਜਿਉਂਦੀ ਭਾਹ ਲਿਸ਼ਕਨ ਲਗ ਪਈ। ਅੰਦਰੋਂ ਜਗੇ ਫਲੂਸ ਦੀ ਛਬ ਨਾਲ ਅਨਜਗੇ ਫਲੂਸ ਦਾ ਮੁਕਾਬਲਾ ਕੀਹ? ਕੋਈ ਤਾਰ ਅੰਦਰੋਂ ਅੰਦਰ ਕਿਸੇ ਦੂਜੇ ਦਿਲ ਨਾਲ ਜਾ ਜੁੜੀ, ਰੌ ਤੁਰ ਪਈ - ਦੇਹਾਂ ਫਲੂਸਾਂ ਵਿਚ ਸ਼ਮਾਂ ਮਚ ਪਈਆਂ। ਆਪਣੇ ਹੀ ਆਲੇ ਦੁਆਲੇ 'ਚ ਕਿਨਾਂ ਕੁਝ ਹੋਰ ਦਿੱਸਨ ਲਗ ਪਿਆ! ਸਮੇਂ ਦੇ ਇਕ ਟੋਟੇ ਲਈ ਦੋਵੇਂ ਦਿਲ ਜ਼ਿੰਦਗੀ ਦੀ ਗੋਦ ਵਿਚ ਘੁੱਟੇ ਗਏ - ਰੜਕਾਂ ਚੋਭਾਂ ਸਭ ਭੁਲ ਗਈਆਂ, ਇਕ ਮਿੱਠੀ ਮਹਾਨ ਗਲਵਕੜੀ ਦਾ ਕੋਮਲ ਜਿਹਾ ਨਿੱਘ ਤਨ ਮਨ ਵਿਚ ਰਚ ਗਿਆ।
ਇਹ ਪਿਆਰ ਇਕ-ਖਾਸਾ ਨਹੀਂ ਹੋ ਸਕਦਾ। ਦੂਜੇ ਪਾਸੇ ਪਿਆਰ ਤਾਰ ਜੁੜੇ ਬਿਨਾਂ ਦੋਹਾਂ ਚ ਕੋਈ ਸ਼ਮਾਂ ਨਹੀਂ ਜਗਦੀ। ਹੁੰਦੇ ਹੈਨ ਇਕ ਪਾਸੇ ਦੇ, ਪਿਆਰ ਭੀ, ਪਰ ਉਹਨਾਂ ਵਿਚੋਂ, ਝੂਠੇ ਗਰਭ ਵਾਗ, ਪੈਦਾਇਸ਼ ਕੋਈ ਨਹੀਂ ਹੁੰਦੀ। ਝੂਟਾ ਆਇਆ, ਖ਼ਤਮ ਹੋ ਗਿਆ, ਨਾ ਪੀਂਘ ਹੁਲਾਰੇ ਚੜ੍ਹੀ ਨਾ ਪੈਰ ਜ਼ਮੀਨੋਂ ਉਖੜੇ। ਕੁਝ ਉਸਰਿਆ ਨਾ, ਕੁਝ ਬਣਿਆ ਨਾ। ਪਰ ਪ੍ਰਭੂ ਨਾਲ ਤੁਲਦਾ ਪਿਆਰ ਪ੍ਰਭੂ ਵਾਂਗ ਬ੍ਰਹਮ ਹੈ, ਇਹ ਉਸਾਰਦਾ ਹੈ, ਇਹ ਘੜਦਾ ਹੈ - ਪਹਿਲੀ ਤਕਣੀ ਤੋਂ ਹੀ ਤਨ ਮਨ ਦੀਆਂ ਸਾਰੀਆਂ ਕਲਾਂ ਸਰਗਰਮ ਹੋ ਜਾਦੀਆਂ ਹਨ। ਜਿਸ ਪਿਆਰ ਵਿਚ ਉਸਾਰੀ ਨਹੀਂ, ਨਵਾਂ ਹੋਣਾ ਨਹੀਂ, ਭੰਨ ਕੇ ਘੜਿਆ ਜਾਣਾ ਨਹੀਂ, ਉਹ ਪਿਆਰ ਨਹੀਂ, ਅਕੇਵੇਂ ਦਾ ਪਰਚਾਵਾ ਹੈ।
ਇਹ ਠੀਕ ਹੈ ਕਿ ਪਿਆਰ ਖ਼ੁਸ਼ੀਆਂ ਦਾ ਜ਼ਾਮਨ ਨਹੀਂ, ਪਰ ਇਹ ਭੀ ਠੀਕ ਹੈ ਕਿ ਇਹ ਨਿਰਾ ਫ਼ਿਰਾਕ ਹੀ ਨਹੀਂ। ਇਹ ਠੀਕ ਹੈ ਕਿ ਇਹ ਕੋਈ ਸਦੀਵੀਂ ਸਵਰਗ ਨਹੀਂ, ਪਰ ਇਹ ਹਸਰਤਾਂ ਦਾ ਹਾਰ ਭੀ ਨਹੀਂ ਇਹਦੇ ਸਵਰਗ ਦੀਆਂ ਦੋ ਘੜੀਆਂ ਭੀ ਉਮਰਾਂ ਦੇ ਅਰਮਾਨਾਂ ਨਾਲੋਂ ਮਹਿੰਗੀਆਂ ਹਨ, ਇਹਦੀ ਹਲੂਣਿਆਂ ਭਰੀ ਇਕੋ ਪ੍ਰੇਰਨਾ ਜ਼ਿੰਦਗੀ ਭਰ ਦੀਆਂ ਮਾਯੂਸੀਆਂ ਦੂਰ ਕਰਦੀ ਜਾਪਦੀ ਹੈ। ਕੁਝ ਭੀ ਔਖਾ ਨਹੀਂ ਲਗਦਾ: ਪਹਾੜ ਵਡੇ ਨਹੀਂ ਜਾਪਦੇ, ਤਾਰੇ ਦੂਰ ਨਹੀਂ ਦਿਸਦੇ, ਜ਼ਿੰਦਗੀ, ਮੌਤ, ਧਰਤੀ, ਅਕਾਸ਼ ਦੇ ਚੌੜੇ ਦੁਮੇਲ ਦੂਰ ਦੂਰ ਤਕ ਚਾਨਣੇ ਹੋ ਜਾਂਦੇ ਹਨ। ਨਿਹਫ਼ਲਤਾ ਦੇ ਸ਼ਹਿਰਾਂ ਵਿਚ ਭੀ ਜਿਉਣਾ ਜ਼ਹਿਮਤ ਨਹੀਂ ਲਗਦਾ, ਜ਼ਖ਼ਮਾਂ ਵਿਚੋਂ ਚੀਸਾਂ ਦੀ ਥਾਂ ਸ਼ੁਕਰ ਉਠਦਾ ਹੈ ਕਿ ਜ਼ਿੰਦਗੀ ਨੇ ਦੋ ਦਿਲਾਂ ਨੂੰ ਰਗੜ ਪੂੰਝ ਕੇ ਉਹਨਾਂ ਦੇ ਸਿਰੇ ਆਪਣੀ ਬਿਜਲੀ-ਤਾਰ ਨਾਲ ਜੋੜ ਦਿਤੇ, ਤੇ ਇਕ ਖਿਨ ਲਈ ਹੀ ਸਹੀ, ਕੇਡੀ ਸੁਨਹਿਰੀ ਤਕਦੀਰ ਏਸ ਸੁੰਨੀ ਦੁਨੀਆਂ ਚੋਂ ਲਿਸ਼ਕਾ ਮਾਰੀ!
ਲਖ ਸੁਹਣੀ ਹੋਵੇ ਦੁਨੀਆਂ, ਲਖ ਮਹਿਕਾਂ ਹੋਣ ਇਹਦੇ ਫੁਲਾਂ ਵਿਚ, ਲਖ ਲੈਆਂ ਹੋਣ ਇਹਦੇ ਸੁਖ਼ਨਾਂ ਵਿਚ, ਪਰ ਜਿਨ੍ਹਾਂ ਚਿਰ ਦੋ ਦਿਲਾਂ ਵਿਚ ਪਿਆਰ-ਸ਼ਮਾਂ ਨਹੀਂ ਟਹਿਕੀ, ਦੁਨੀਆਂ ਦਾ ਸਾਰਾ ਹੁਸਨ ਅਧ-ਹਨੇਰੇ ਦੇ ਘੁਸ-ਮੁਸੇ ਵਿਚ ਬੇ-ਨਕਸ਼ ਪਿਆ ਰਹਿੰਦਾ ਹੈ, ਜੀਕਰ ਹਨੇਰੀ ਰਾਤ ਵਿਚ ਬਿਜਲੀ ਦਾ ਚਮਤਕਾਰਾ ਦੂਰ ਦੂਰ ਤਕ ਸਾਡੇ ਡਰਾਉਣੇ ਆਲੇ ਦੁਆਲੇ ਦੀ ਪਛਾਣ ਲਿਸ਼ਕਾ ਕੇ ਸਾਡੇ ਤੌਖਲੇ ਹਟਾ ਦੇਂਦਾ ਹੈ, ਉਕਰ ਪਿਆਰ ਦਾ ਇਕ ਲਿਸ਼ਕਾਰਾ ਭੀ ਸਾਨੂੰ ਸਾਰੀ ਜ਼ਿੰਦਗੀ ਦੀਆਂ ਗੁੰਝਲਾਂ ਦੇ ਅਰਥ ਸਮਝਾ ਦੇਂਦਾ ਹੈ, ਇਹਦੇ ਨਿਕੇ ਤੋਂ ਨਿਕੇ ਪ੍ਰਮਾਣੂ ਦੀ ਅਨਿਖੜਵੀਂ ਏਕਤਾ ਦਰਸਾ ਦੇਂਦਾ ਹੈ। ਇਸ ਚਮਤਕਾਰੇ ਹੇਠਾਂ ਕੌਮਾਂ ਤੇ ਮੁਲਕਾਂ ਦੀਆਂ ਲਕੀਰਾਂ ਮਿਸ ਜਾਂਦੀਆਂ ਹਨ, ਤੇ ਸਾਡੀ ਨਿਕੀ ਜਿਹੀ ਸ਼ਖ਼ਸੀਅਤ ਨਿਜੀ ਤਸਲੀ ਦੇ ਬੰਧਨਾਂ ਤੋਂ ਸੁਤੰਤਰ ਹੋ ਕੇ ਕੁਦਰਤ ਦੇ ਪੁੰਨ ਪਾਪ, ਦੋਸਤੀ ਦੁਸ਼ਮਨੀ ਤੋਂ ਬੇ ਲਾਗ ਸਾਗਰ ਦੀ ਇਕ ਖੀਵੀ ਲਹਿਰ ਬਣ ਜਾਂਦੀ ਹੈ।
ਇਹ ਖੀਵੀ ਲਹਿਰ ਜੀਵਨ ਸਾਗਰ ਦੀ ਹਿਕ ਉਤੇ ਵਿਛ ਵਿਛ ਕੰਢਿਆਂ ਤੋਂ ਟਪਦੀ, ਦੋਸਤ ਦੁਸ਼ਮਨ ਸਭ ਦੇ ਪੈਰ ਆਪਣੇ ਦਿਲ ਦੀ ਦੌਲਤ ਨਾਲ ਧੋਂਦੀ, ਬੇ-ਵਿਤਕਰਾ ਹਸਦੀ ਤੇ ਜੱਫੀਆਂ ਖਾਂਦੀ ਚੜ੍ਹੀ ਜਾਂਦੀ ਹੈ।
ਪਿਆਰ ਕੋਈ ਦਿਲ ਪਰਚਾਵਾ ਨਹੀਂ, ਹੁਸਨ ਉਤੇ ਮਾਲਕਾਨਾ ਦਾਅਵਾ ਨਹੀਂ। ਇਹ ਕੋਈ ਬੇ-ਅਟਕ ਐਸ਼ ਨਹੀਂ, ਸਵਰਗਾਂ ਦੀ ਸਦੀਵੀ ਰਿਹਾਇਸ਼ ਨਹੀਂ। ਖਿਨ ਭਰ ਲਈ ਮਨੁਖੀ ਦਿਲ ਵਿਚ ਉਸ ਤਾਕਤ ਦਾ ਚਮਤਕਾਰਾ ਹੈ, ਜਿਹੜੀ ਸਿਤਾਰਿਆਂ ਨੂੰ ਭੁਆਂਦੀ, ਧਰਤੀਆਂ ਉਤੇ ਜੀਵਨ ਧੜਕਾਂਦੀ ਹੈ, ਜਿਦ੍ਹਾ ਦਿਲ ਤ੍ਰੇਲ ਤੁਪਕਿਆਂ ਵਾਂਗ ਨੇਕੀ ਬਦੀ ਤੋਂ ਮਾਸੂਮ ਹੈ, ਕਿਰਨਾਂ ਵਾਂਗ ਖਿੜਦਾ ਤੇ ਨਦੀਆਂ ਵਾਗ ਨਚਦਾ ਹੈ।
ਪਿਆਰ ਮਨੁਖਾ ਜ਼ਿੰਦਗੀ ਦੀ ਅੰਤਰ-ਯਾਮਤਾ ਹੈ। ਜਿਹਨਾਂ ਡੂੰਘਾਈਆਂ ਤਕ ਅਕਲ ਤੇ ਦਲੀਲ ਪਹੁੰਚ ਨਹੀਂ ਸਕਦੀਆਂ, ਉਹਨਾਂ ਨੂੰ ਇਹ ਇਕੋ ਤਕਣੀ ਨਾਲ ਰੌਸ਼ਨ ਕਰ ਦੇਂਦਾ ਹੈ। ਕੁਝ ਭੀ ਇਹਦੀ ਤਕਣੀ ਸਾਹਮਣੇ ਗੁੱਝਾ ਤੇ ਗੂਹੜ ਨਹੀਂ ਰਹਿ ਜਾਂਦਾ: ਤ੍ਰੇਲ ਤੁਪਕਿਆਂ ਦਾ ਦਿਲ ਸਰਲ ਹੈ, ਬਿਜਲੀ ਦੇ ਗੜ੍ਹਕਦੇ ਦਿਲ ਵਿਚ ਦੋ ਸਿਰਿਆਂ ਦੀ ਮਿਲਨੀ ਦੇ ਖੇੜੇ ਤੋਂ ਛੁਟ ਹੋਰ ਕੁਝ ਭੀ ਨਹੀਂ।
ਪਰ ਝਾਲ ਏਸ ਖੇੜੇ ਦੀ ਬਹੁਤਾ ਚਿਰ ਕੌਣ ਝੱਲੇ! ਕੋਈ ਕੰਢਾ ਭੀ ਪਿਆਰ-ਹੜ੍ਹ ਸਾਹਮਣੇ ਪੱਕਾ ਨਹੀਂ-ਚਟਾਨਾਂ ਇਹਨੂੰ ਥੰਮ੍ਹ ਨਹੀਂ ਸਕਦੀਆਂ। ਏਸ ਲਈ ਸਮੁੰਦਰ ਦੇ ਜਵਾਰ ਭਾਟੇ ਵਾਂਗ ਇਹ ਉਤਰਦਾ ਤੇ ਚੜ੍ਹਦਾ ਹੈ। ਅਕਲਾਂ ਵਾਲੇ ਕਈ ਸਿਆਣੇ ਚੜ੍ਹੇ ਸਾਗਰ ਦੀ ਲਹਿਰ ਬਹਿਰ ਤੇ ਉਤਰੇ ਸਾਗਰ ਦੀ ਬੇ ਰੌਣਕੀ ਨਾਲੋਂ ਕਿਸੇ ਨਿਰਮਲ ਮਿਠੀ ਝੀਲ ਦੇ ਸਦਾ ਸਾਵੇ ਕੰਢਿਆਂ ਨੂੰ ਚੰਗਾ ਮੰਨਦੇ ਹਨ, ਕਿਉਕਿ ਇਹਦੇ ਮਿਠੇ ਪਾਣੀ ਨਾ ਕੰਢਿਆਂ ਤੋਂ ਟਪਦੇ ਤੇ ਨਾ ਹੇਠਾਂ ਲਹਿ ਕੇ ਕੰਢਿਆਂ ਦਾ ਤਿਲਕਵਾਂ ਚਿੱਕੜ ਕਦੇ ਨੰਗਾ ਕਰਦੇ ਹਨ।
ਪਰ ਜਿਸ ਕਿਸੇ ਨੇ ਚਿਤ-ਚੋਰ ਦੇ ਨੈਣ-ਸਾਗਰ ਦੀ ਮਸਤੀ ਉਤੇ ਪਤਾਲੇ ਡੁਬਕਣ ਤੇ ਅਸਮਾਨੇ ਛੁਲ੍ਹਕਣ ਦਾ ਸਵਰਗ ਕਦੇ ਮਾਣਿਆ ਹੈ, ਉਹ ਮਿਠੀਆਂ ਨਿਰਮਲ ਝੀਲਾਂ ਵਿਚ ਉਮਰਾਂ ਅਡੋਲ ਤਰਦੇ ਰਹਿਣ ਨਾਲੋਂ ਕਿਸੇ ਸਾਗਰ ਦੀ ਬਰੇਤੀ ਉਤੇ ਉਮਰਾਂ ਉਡੀਕਣ ਤੇ ਸਿਰਫ਼ ਦੋ ਘੜੀਆਂ ਹਸਦੀਆਂ, ਖਿਲਦੀਆਂ, ਬੱਦਲਾਂ ਦੇ ਮੂੰਹ ਛੁਹਾਰਦੀਆਂ ਛਲ੍ਹਾਂ ਉਤੇ ਆਪਣਾ ਅੰਦਰ ਬਾਹਰ ਛੁਲ੍ਹਕਾ ਲੈਣ ਨੂੰ ਵਡੇਰੀ ਤਕਦੀਰ ਗਿਣਦਾ ਹੈ। ਉਹ ਇਹਨਾਂ ਦੂੰਹ ਜਾਦੂ ਭਰੀਆਂ ਘੜੀਆਂ ਨੂੰ ਉਮਰਾਂ ਬ੍ਰੇਤੀਆਂ ਉਤੇ ਬਹਿ ਕੇ ਉਡੀਕ ਸਕਦਾ ਹੈ।
ਛੋਟੀਆਂ ਖ਼ੁਸ਼ੀਆਂ ਇਕ-ਤਾਰ ਰਹਿ ਸਕਦੀਆਂ ਹਨ-ਵਡੇ ਸਵਰਗ ਤਨ ਮਨ ਨੂੰ ਕਦੇ ਕਦੇ ਜਗਮਗਾ ਜਾਂਦੇ ਹਨ। ਮੌਤ ਜਾਂ ਬੇਵਸੀ ਜੁਦਾਈ ਜਾਂ ਕਿਸੇ ਦੀ ਲਾਇਲਾਜ ਈਰਖਾ ਦਿਲਾਂ ਨਾਲੋਂ ਪਿਆਰ-ਤਾਰ ਉਖੇੜ ਦੇਂਦੀ ਤੇ ਜੀਵਨ ਫੇਰ ਬੇ-ਚੰਗਿਆੜਾ ਹੋ ਜਾਂਦਾ ਹੈ। ਪਿਆਰ-ਸ਼ਮਾਂ ਬੁੱਝ ਜਾਂਦੀ ਹੈ, ਪਰ ਕਿਨਾਂ ਕਿਨਾਂ ਚਿਰ ਉਹਦੀ ਸਵਰਗੀ ਲਟ-ਲਟ ਅਖਾਂ ਵਿਚ ਰਚੀ ਰਹਿੰਦੀ ਤੇ ਸ਼ਮਾਂ ਦੇ ਬਲਦੇ ਹੋਣ ਦਾ ਭੁਲੇਖਾ ਕਾਇਮ ਰਹਿੰਦਾ ਹੈ। ਪਰ ਕੁਝ ਸਮਾਂ ਹੋਰ ਤੇ ਇਹ ਭੁਲੇਖਾ ਭੀ ਉਡ ਜਾਂਦਾ ਹੈ-ਉਹ ਸਾਰੀਆਂ ਥਾਆਂ ਹਨੇਰੀਆਂ ਹੋ ਜਾਂਦੀਆਂ ਹਨ। ਜਿਹੜੀਆਂ ਦੋ ਦਿਲਾਂ ਦੇ ਬਿਜਲੀ-ਮੇਲ ਨੇ ਝੰਮ ਝਮਾਈਆਂ ਸਨ। ਤਾਂ ਭੀ ਇਹ ਗਲ ਬਿਲਕੁਲ ਗਲਤ ਹੈ, ਕਿ ਦਿਲ ਜ਼ਿੰਦਗੀ ਵਿਚ ਇਕੋ ਵਾਰੀ ਹੀ ਜੁੜਦੇ, ਇਕੋ ਵਾਰੀ ਹੀ ਪਿਆਰ-ਸ਼ਮਾਂ ਬਲਦੀ ਹੈ, ਤੇ ਜਿਥੇ ਇਕੋ ਵਾਰੀ ਸ਼ਮਾਂ ਬਲ ਕੇ ਬੁਝ ਗਈ, ਓਸ ਥਾਂ ਨੇ ਮੁੜ ਪਿਆਰ ਚਾਨਣ ਕਦੇ ਵੇਖਣਾ ਨਹੀਂ।
ਅਸਲੀਅਤ ਇਹ ਹੈ, ਕਿ ਉਮਰ ਜਾਂ ਸਮੇਂ ਦਾ ਪਿਆਰ ਨਾਲ ਕੋਈ ਸਿੱਧਾ ਸੰਬੰਧ ਨਹੀਂ। ਜਦ ਤਕ ਕੋਈ ਦਿਲ ਨਰੋਇਆ ਹੈ, ਜਦ ਤਕ ਉਹ ਪਿਆਰ ਦੇ ਜਜ਼ੀਏ ਤਾਰ ਸਕਦਾ ਹੈ, ਜਦ ਤਕ ਪਿਆਰ-ਪੀੜਾਂ ਸਹਿ ਕੇ ਨਵੀਆਂ ਤਕਦੀਰਾਂ ਆਪਣੀ ਕੁਖੋਂ ਜਮਾ ਸਕਦਾ ਹੈ, ਉਦੋਂ ਤਕ ਉਹ ਇਕ ਨਹੀਂ ਕਈ ਵਾਰੀ ਕਿਸੇ ਪਿਆਰੇ ਦਿਲ ਨਾਲ ਜੁੜਣ ਦੀ ਆਸ ਰਖ ਸਕਦਾ ਹੈ, ਆਪਣੀ ਹੀਰ ਜਾਂ ਰਾਂਝਣ ਦਾ ਰਾਹ ਤਕ ਸਕਦਾ ਹੈ। ਜਿਸ ਮਿਅਦੇ ਵਿਚ ਅਧੀ ਜਾਂ ਪੂਰੀ ਸਦੀ ਦੇ ਬਾਵਜੂਦ ਅਜੇ ਭੀ ਨਰੋਈ ਭੁੱਖ ਲਗਦੀ ਹੈ, ਉਹ ਖ਼ੁਰਾਕ ਦਾ ਹਕਦਾਰ ਹੈ - ਤੇ ਜਿਸ ਦਿਲ ਦੀ ਅਜੇ ਭੀ ਪਿਆਰ-ਭੁਖ ਮਿਟੀ ਨਹੀਂ, ਜਿਸ ਨੂੰ ਪਿਆਰ ਹੁਲਾਰੇ ਤੋਂ ਭੌਂ ਨਹੀਂ ਚੜ੍ਹਦੇ, ਜਿਹੜੇ ਅਜੇ ਭੀ ਪਿਆਰ-ਛੱਲਾਂ ਦੇ ਪੈਰਾਂ ਵਿਚ ਡਿਗ ਕੇ ਗੋਤੇ ਖਾਣ ਤੇ ਸਿਰ ਤੇ ਚੜ੍ਹ ਤਿੱਤਰ-ਖੰਭੀਆਂ ਬਦਲੀਆਂ ਨਾਲ ਛੂਹਣ ਛੁਹਾਈ ਖੇਡਣ ਦੀ ਰੀਝ ਰਖ ਸਕਦਾ ਹੈ, ਉਹਦੀ ਪਿਆਰ-ਸ਼ਮਾਂ ਜ਼ਰੂਰ ਬਲੇਗੀ, ਉਹਦੀ ਹੀਰ ਜ਼ਰੂਰ ਆਵੇਗੀ, ਉਹਦੇ ਰਾਂਝਣ ਦੀ ਮੁਰਲੀ ਜ਼ਰੂਰ ਵੱਜੇਗੀ। ਉਹਦੀ ਪਿਆਰ-ਪੀਂਘ ਜ਼ਰੂਰ ਚੜ੍ਹੇਗੀ ਤੇ ਅਗਲਾ ਹੁਲਾਰਾ ਉਹਨੂੰ ਉਚੇਰੀ ਸਿਖਰ ਛੁਹਾ ਜਾਏਗਾ।
ਪਿਆਰ-ਲਗਨ ਬਚਪਨ ਵਿਚ ਹੀ ਆਪਣੇ ਮਾਸ਼ੂਕ ਦੇ ਬੁਨਿਆਦੀ ਨਕਸ਼ ਦਿਲ ਦੀਆਂ ਅਚੇਤ ਤੈਂਹਾਂ ਵਿਚ ਲੁਕਾ ਕੇ ਰਖ ਦੇਦੀ ਹੈ। ਇਹਨਾਂ ਨਕਸ਼ਾਂ ਨਾਲ ਮਿਲਦੀ ਜੁਲਦੀ ਕੋਈ ਸ਼ਖ਼ਸੀਅਤ ਜਦੋਂ ਵੀ ਸਾਡੀ ਖਿਚ ਦੇ ਘੇਰੇ ਵਿਚ ਆਉਂਦੀ ਹੈ, ਓਦੋਂ ਹੀ ਸਾਡੇ ਅੰਦਰ ਅਨੋਖੀ ਜਿਹੀ ਹਿਲ ਜੁਲ ਛਿੜਦੀ ਤੇ ਸਾਡੀਆਂ ਸਾਰੀਆਂ ਸੁਰਤੀਆਂ ਚੌਕੰਨੀਆਂ ਹੋ ਜਾਂਦੀਆਂ ਹਨ। ਤੇ ਜੇ ਇਹ ਸ਼ਖ਼ਸੀਅਤ ਕਿਸੇ ਹੋਰ ਪਿਆਰ-ਸਿਰੇ ਨਾਲ ਜੁੜੀ ਨਾ ਹੋਵੇ, ਤਾਂ ਇਕਾ ਇਕ ਦੋਹਾਂ ਦਿਲਾਂ ਵਿਚੋਂ ਤਾਰੇ ਟੁਟਦੇ ਹਨ ਤੇ ਪਿਆਰ ਰੌ ਆਰ ਪਾਰ ਫਿਰ ਜਾਂਦੀ ਹੈ। ਦੋਹਾਂ ਚੋਂ ਕੋਈ ਭੀ ਇਹ ਨਹੀਂ ਕਹਿ ਸਕਦਾ, ਕਦੋਂ ਦੁਈ ਦਾ ਪਰਦਾ ਲਹਿ ਗਿਆ, ਤੇ ਕਦੋਂ ਦੋ ਵਖਰੇ ਦਿਲ ਇਕੋ ਪਿਆਰ-ਬੈਟਰੀ ਦੇ ਸਿਰੇ ਬਣ ਕੇ ਸਾਂਝੀ ਧੜਕਣ ਵਿਚ ਇਕ ਹੋ ਗਏ। ਇਕ ਖਿਨ ਪਹਿਲਾਂ ਚੰਗੇ ਭਾਵੇਂ ਇਕ ਦੂਜੇ ਨੂੰ ਲਗਦੇ ਸਨ, ਪਰ ਕੋਈ ਗਲਾਂ ਬੁਲ੍ਹਾਂ ਤੇ ਆ ਕੇ ਰੁਕ ਜਾਂਦੀਆਂ ਸਨ; ਚੁਕੀਆਂ ਅਖਾਂ ਨੀਵੀਆਂ ਪੈ ਜਾਂਦੀਆਂ ਸਨ, ਛੁਹ ਸ਼ਰਮਾ ਜਾਂਦੀ ਤੇ ਪੈਰ ਲੜਖੜਾ ਪੈਂਦੇ ਸਨ।
ਆਸ਼ਕ ਦੀ ਰੂਹ ਵਿਚ ਸਮਾਏ ਮਾਸ਼ੂਕ ਦਾ ਉਹਨੂੰ ਜ਼ਿੰਦਗੀ ਦੇ ਬੇਸ਼ੁਮਾਰ ਰਸਤਿਆਂ ਤੇ ਝੌਲਾ ਪੈਂਦਾ ਹੈ, ਤੇ ਕਿਸੇ ਸੁਲਖਨੀ ਘੜੀ ਕੋਈ ਜਰਨ ਜੋਗਾ ਦਿਲ ਸਚੀ ਮੁਚੀ ਇਸ਼ਕ ਦੇ ਜਾਦੂਘੇਰੇ ਵਿਚ ਆ ਜਾਂਦਾ ਤੇ ਓਸੇ ਘੜੀ ਪਿਆਰ-ਖੰਡਰਾਂ ਵਿਚ ਨਵੇਂ ਸਿਰਿਓਂ ਉਸਾਰੀ ਸਰਕ ਪੈਂਦੀ ਹੈ, ਜਿਉਂ ਬਾਹਰ ਦੀ ਛੋਹ ਨਾਲ ਸੁਕੇ ਟੁੰਡਾਂ ਵਿਚੋਂ ਸ਼ਗੂਫੇ ਖਿੜ ਪੈਂਦੇ ਹਨ।
ਉਸਾਰੂ ਪ੍ਰੇਰਨਾ-ਸੁਕੇ ਟੁੰਡਾਂ ਵਿਚੋਂ ਸ਼ਗੂਫ਼ਿਆਂ ਦੀ ਸਰ ਸਰ - ਏਸ ਮਹਾਨ ਪਿਆਰ ਦੀ ਪਰਤਖ ਨਿਸ਼ਾਨੀ ਹੈ। ਇਹਦੀ ਛੁਹ ਲਗਦਿਆਂ ਹੀ ਪ੍ਰੇਮੀ ਤੇ ਪ੍ਰੇਮਕਾ ਦੇ ਅੰਦਰ ਕੋਈ ਇਨਕਲਾਬ ਹੜ੍ਹ ਪੈਂਦਾ ਹੈ: ਬੁਧ ਬ੍ਰੀਕ ਹੋ ਜਾਂਦੀ ਹੈ, ਨਕਸ਼ ਪਤਲੇ ਤੋਂ ਉਜਿਆਰੇ ਹੋ ਜਾਂਦੇ ਹਨ, ਜੀਅ ਸਦਕੇ ਹੋਣ ਨੂੰ ਕਰਦਾ ਹੈ, ਸਿਰਫ਼ ਪਿਆਰੇ ਉਤੋਂ ਹੀ ਨਹੀਂ, ਹਰ ਕਿਸੇ ਉਤੋਂ। ਸਾਰੀ ਕਾਇਨਾਤ ਚੁੰਮਣ-ਯੋਗ ਹੋ ਜਾਂਦੀ ਹੈ।
ਪਿਆਰ ਦੀ ਦੂਜੀ ਨਿਸ਼ਾਨੀ ਇਹ ਹੈ, ਕਿ ਇਹ ਕਿਸੇ ਨੂੰ ਦੁਖਾ ਨਹੀਂ ਸਕਦਾ; ਇਹ ਹਕ ਛਡ ਸਕਦਾ ਹੈ, ਹਕ ਜਮਾਂਦਾ ਨਹੀਂ। ਸਾਰੀ ਉਮਰ ਦੁਖਾਂ ਵਿਚ ਬਿਤਾ ਸਕਦਾ ਹੈ, ਮਜਨੂੰ ਹੋ ਸਕਦਾ ਹੈ, ਪਰ ਕਿਸੇ ਦੂਜੇ ਜਾਂ ਆਪਣੀ ਪ੍ਰੇਮਕਾ ਦੇ ਦੁਖ ਦਾ ਕਾਰਨ ਨਹੀਂ ਬਣਦਾ। ਇਹਦੇ ਵਿਚ ਈਰਖਾ ਨਹੀਂ ਹੁੰਦੀ - ਜਿਨਾਂ ਚਿਰ ਇਹਦਾ ਦਿਲ ਆਪਣੇ ਪਿਆਰੇ ਨਾਲ ਜੁੜਿਆ ਤੇ ਦੋਹਾਂ ਦਿਲਾਂ ਵਿਚ ਪਿਆਰ-ਸ਼ਮਾਂ ਬਲਦੀਆਂ ਹਨ, ਇਹਨੂੰ ਕੋਈ ਤੌਖਲਾ ਨਹੀਂ ਹੋ ਸਕਦਾ - ਤੇ ਜਦੋਂ ਸ਼ਮਾਂ ਬੁਝ ਗਈ, ਓਦੋ ਇਹ ਆਪਣਾ ਕੋਈ ਹਕ ਨਹੀਂ ਸਮਝਦਾ।
ਨਾ ਪਿਆਰ, ਜਿਸਤਰ੍ਹਾਂ ਲੋਕ ਆਖਦੇ ਹਨ, ਝੱਲਾ ਹੀ ਹੁੰਦਾ ਹੈ। ਇਹਦੇ ਕਾਬੂ ਨਾਲ ਕੋਈ ਕਾਬੂ ਮਿਲ ਨਹੀਂ ਸਕਦਾ। ਇਹ ਆਪਣੇ ਤਿਹਾਏ ਪਾਟਦੇ ਬੁਲ੍ਹਾਂ ਨੂੰ ਅੰਮ੍ਰਿਤ ਕਟੋਰੇ ਵਿਚ ਡੋਬ ਕੇ ਭੀ ਮੀਟੇ ਰਖ ਸਕਦਾ ਹੈ। ਇਹਦੀ ਮਰਿਆਦਾ ਦੀ ਕੋਈ ਹੱਦ ਨਹੀਂ, ਇਹਦੇ ਸਬਰ ਦਾ ਕੋਈ ਸਿਰਾ ਨਹੀਂ। ਇਹ ਆਪਣੇ ਦੁਖਾਂ ਵਿਚੋਂ ਸੁਖਾਵੀਂ ਕਵਿਤਾ ਕਢ ਸਕਦਾ ਹੈ, ਆਪਣੀਆਂ ਉਦਾਸੀਆਂ ਵਿਚੋਂ ਦੁਨੀਆਂ ਦੀ ਉਦਾਸੀ ਦੂਰ ਕਰਨ ਵਾਲੇ ਤ੍ਰਾਨੇ ਗੌਂ ਸਕਦਾ ਹੈ। ਦੁਨੀਆਂ ਦਾ ਬਹੁਤ ਸਾਰਾ ਕੋਮਲ ਹੁਨਰ ਇਹਦੀਆਂ ਹਸਰਤਾਂ, ਇਹਦੇ ਅਰਮਾਨਾਂ ਦੇ ਤਾਣੇ ਪੇਟੇ ਵਿਚ ਇਹਦੇ ਸਦੀਵੀ ਮਾਸ਼ੂਕ ਦੇ ਉਣੇ, ਗੁੰਦੇ ਨੈਣ-ਨਕਸ਼ ਹਨ।
ਧਰਤੀ, ਆਕਾਸ਼ ਤੇ ਪ੍ਰਮਾਣੂਆਂ ਦਾ ਗਿਆਨ ਕਈ ਸਿਆਣੇ ਹਾਸਲ ਕਰਦੇ ਹਨ, ਪਰ ਜ਼ਿੰਦਗੀ ਦਾ ਸਮੁਚਾ ਗਿਆਨ ਪਿਆਰ ਕੀਤੇ ਬਿਨਾਂ ਹਾਸਲ ਨਹੀਂ ਹੋ ਸਕਦਾ। ਸਿਰਫ਼ ਆਸ਼ਕ ਹੈ ਜ਼ਿੰਦਗੀ ਦੀਆਂ ਸਿਖਰਾਂ ਤੇ ਜ਼ਿੰਦਗੀ ਦੇ ਖੱਲੇ ਨਾਪ ਸਕਦੇ ਹਨ ਤੇ ਸਿਰਫ਼ ਉਹ ਹੀ ਉਹਨਾਂ ਨੂੰ ਬਿਆਨ ਕਰ ਸਕਦੇ ਹਨ।
ਮਸਨੂਈ ਕਦਰਾਂ ਦੀ ਦੁਨੀਆਂ ਵਿਚ ਕੋਈ ਵਿਰਲਾ ਆਸ਼ਕ ਤੇ ਕੋਈ ਵਿਰਲਾ ਸ਼ਾਇਰ! ਅਨਗਿਣਤ ਦਿਲਾਂ ਵਿਚ ਕਦੇ ਪਿਆਰ-ਚੰਗਿਆੜਾ ਤਿੜਕਿਆ ਨਹੀਂ, ਨਾ ਆਰੋਂ ਪਾਰ ਕੁਝ ਗਿਆ, ਨਾ ਪਾਰੋਂ ਆਰ ਕੁਝ ਆਇਆ ਹੈ। ਕੋਈ ਬਿਜਲੀ ਅੰਦਰੋਂ ਚਮਕੀ ਨਹੀਂ, ਚਾਰ ਦੀਵਾਰੀ ਤੋਂ ਬਾਹਰ ਧਰਤੀ ਨਾਲ ਅਸਮਾਨ ਜਫੀਆਂ ਪਾਂਦਾ ਦਿਸਿਆ ਨਹੀਂ।
ਪਰ ਸਚੇਰੀਆਂ ਕਦਰਾਂ ਦੀ ਲਾਲੀ ਨਾਲ ਸਾਹਮਣੇ ਅੰਬਰ ਸੂਹੇ ਹੋ ਰਹੇ ਹਨ, ਇਹਨਾਂ ਕਦਰਾਂ ਦੀ ਦੁਨੀਆਂ ਅਜ਼ਲ ਤੋਂ ਮਨੁਖ ਦੇ ਸੁਪਨਿਆਂ ਵਿਚੋਂ ਝਾਕਦੀ ਰਹੀ ਹੈ। ਅਜ ਪੂਰਬ ਦੇ ਦੁਮੇਲ ਵਿਚੋਂ ਪਲੋ ਪਲ ਇਹਦੀਆਂ ਲਕੀਰਾਂ ਉਘੜ ਰਹੀਆਂ ਹਨ। ਏਸ ਦੁਨੀਆਂ ਵਿਚ ਸੋਨਾ ਚਾਂਦੀ ਦਿਲਾਂ ਉਤੇ ਕਸ ਘੋਲ ਕੇ ਉਹਨਾਂ ਨੂੰ ਪਿਆਰ-ਬਿਜਲੀ ਦੀ ਰੌਂ ਨਾਲੋਂ ਅਡਰਾ ਨਹੀਂ ਰੱਖ ਸਕਣਗੇ ਤੇ ਉਹਦੇ ਸੰਖਾਂ ਰਾਹਾਂ ਰਸਤਿਆਂ ਉਤੇ ਦਿਲ ਦਿਲਾਂ ਨਾਲ ਮਿਲਦੇ ਤੇ ਨਿਤ ਨਵੀਆਂ ਹੋਣੀਆਂ ਨੂੰ ਜਨਮ ਦੇਂਦੇ ਹੋਣਗੇ ।
ਤ੍ਰੇਲ ਵਾਂਗ ਸੁਚੇ ਤੇ ਕਿਰਨਾਂ ਜੇਡ ਉਚੇ ਇਸ਼ਕ ਦੀ ਗੋਦ, ਵਿਚ ਦੋ ਆਸ਼ਕ ਦਿਲਾਂ ਦੀ ਮਿਲਣੀ ਸ਼ਖ਼ਸੀ ਜ਼ਿੰਦਗੀ ਦੀ ਤਾਰੀਖ ਦਾ ਅਤਿ ਵਡਾ ਵਾਕਿਆ ਹੈ।