Pilipaka : Belarusian Fairytale

ਪਿਲੀਪਕਾ : ਬੇਲਾਰੂਸੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਆਦਮੀ ਤੇ ਉਹਦੀ ਘਰ ਵਾਲੀ ਹੁੰਦੇ ਸਨ। ਉਨਾਂ ਦਾ ਬਾਲ-ਬੱਚਾ ਕੋਈ ਨਹੀਂ ਸੀ, ਤੇ ਘਰ ਵਾਲੀ ਨੂੰ ਹਮੇਸ਼ਾ ਹੀ ਇਸ ਗਲ ਦਾ ਦੁਖ ਤੇ ਝੋਰਾ ਰਹਿੰਦਾ ਸੀ ਕਿ ਉਹਦੇ ਕੋਲ ਕੋਈ ਨਹੀਂ ਸੀ, ਜਿਹਨੂੰ ਉਹ ਪੰਘੂੜੇ ਵਿਚ ਪਾ ਝੂਟੇ ਦੇ ਸਕੇ, ਚੁੰਮ-ਚਟ ਤੇ ਲਾਡ-ਪਿਆਰ ਕਰ ਸਕੇ।

ਇਕ ਦਿਨ ਘਰ ਵਾਲਾ ਜੰਗਲ ਵਿਚ ਗਿਆ, ਉਹਨੇ ਏਲਦਰ ਦੇ ਦਰਖ਼ਤ ਤੋਂ ਇਕ ਮੋਛਾ ਲਾਹਿਆ ਤੇ ਉਹਨੂੰ ਘਰ ਆਪਣੀ ਵਹੁਟੀ ਕੋਲ ਲੈ ਆਇਆ।

"ਐਹ ਲੈ," ਘਰ ਵਾਲੇ ਨੇ ਆਖਿਆ, "ਇਹਨੂੰ ਝੂਟੇ ਦਿਆ ਕਰ।"

ਵਹੁਟੀ ਨੇ ਮੋਛੇ ਨੂੰ ਪੰਘੂੜੇ ਵਿਚ ਪਾ ਲਿਆ ਤੇ ਉਹਨੂੰ ਝੂਟੇ ਦੇਣ ਲਗ ਪਈ ਤੇ ਝੂਟੇ ਦੇਂਦਿਆਂ-ਦੇਦਿਆਂ ਗੌਣ ਲਗ ਪਈ :

"ਝੂਟ, ਝੂਟ ਨਿਕਿਆ, ਅੱਖਾਂ ਦੇ ਕਾਲਿਆ, ਪਿੰਡੇ ਦੇ ਚਿਟਿਆ ..."

ਉਹਨੇ ਮੋਛੇ ਨੂੰ ਇਕ ਦਿਨ ਝੂਟਾਇਆ ਤੇ ਉਹਨੇ ਉਹਨੂੰ ਅਗਲੇ ਦਿਨ ਝੂਟਾਇਆ, ਤੇ ਤੀਜੇ ਦਿਨ ਉਹਨੇ ਤਕਿਆ, ਪੰਘੂੜੇ ਵਿਚ ਇਕ ਨਿੱਕਾ ਜਿਹਾ ਬਾਲ ਲੇਟਿਆ ਹੋਇਆ ਸੀ!

ਵਹੁਟੀ ਤੇ ਘਰ ਵਾਲੇ ਦੀ ਖੁਸ਼ੀ ਦੀ ਹਦ ਨਾ ਰਹੀ। ਉਹਨੇ ਆਪਣੇ ਨਿੱਕੇ ਦਾ ਨਾਂ ਪਿਲੀਪਕਾ ਰਖਿਆ ਤੇ ਪਿਆਰ ਨਾਲ ਉਹਨੂੰ ਪਾਲਣ ਲਗ ਪਏ।

ਜਦੋਂ ਪਿਲੀਪਕਾ ਵਡਾ ਹੋਇਆ, ਉਹਨੇ ਆਪਣੇ ਪਿਓ ਨੂੰ ਆਖਿਆ:

"ਬਾਪੂ, ਮੈਨੂੰ ਸੋਨੇ ਦੀ ਬੇੜੀ ਬਣਾ ਦਿਓ, ਤੇ ਚਾਂਦੀ ਦਾ ਚੱਪੂ। ਮੈਂ ਮੱਛੀਆਂ ਫੜਨ ਜਾਣਾ ਏਂ।"

ਤੇ ਪਿਓ ਨੇ ਉਹਨੂੰ ਸੋਨੇ ਦੀ ਬੇੜੀ ਬਣਾ ਦਿੱਤੀ ਤੇ ਚਾਂਦੀ ਦਾ ਚੱਪੂ ਤੇ ਮੱਛੀਆਂ ਫੜਨ ਲਈ ਉਹਨੂੰ ਝੀਲ 'ਤੇ ਘਲ ਦਿਤਾ। ਪਿਲੀਪਕਾ ਪੂਰੇ ਦਿਲ ਨਾਲ ਮੱਛੀਆਂ ਫੜਨ ਲਗ ਪਿਆ, ਤੇ ਉਹ ਪੂਰੇ-ਪੂਰੇ ਦਿਨ ਤੇ ਪੂਰੀਆਂ-ਪੂਰੀਆਂ ਰਾਤਾਂ ਮੱਛੀਆਂ ਫੜਦਾ ਰਹਿੰਦਾ। ਸਚੀ ਮੁਚੀ, ਮੱਛੀਆਂ ਕੁੰਡੀ ਨੂੰ ਇੰਜ ਮੂੰਹ ਮਾਰੀ ਜਾਂਦੀਆਂ, ਕਿ ਪਿਲੀਪਕਾ ਘਰ ਤਕ ਵੀ ਨਾ ਜਾਂਦਾ, ਤੇ ਉਹਦੀ ਮਾਂ ਉਹਦੀ ਰੋਟੀ ਲੈ ਕੇ ਆਉਂਦੀ। ਉਹ ਝੀਲ 'ਤੇ ਪਹੁੰਚਦੀ ਤੇ ਆਵਾਜ਼ ਦੇਦੀ:

"ਪਿਲੀਪਕੇ, ਮੇਰੇ ਬਚੜੇ, ਵੇ ਪਹਿਰ ਦੋ ਨੀ, ਹੋ ਗਏ, ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ!"

'ਤੇ ਪਿਲੀਪਕਾ ਕੰਢੇ ਵਲ ਆਉਂਦਾ, ਜਿਹੜੀਆਂ ਮੱਛੀਆਂ ਉਹਨੇ ਓਦੋਂ ਤਕ ਫੜੀਆਂ ਹੁੰਦੀਆਂ, ਕੰਢੇ 'ਤੇ ਸੁਟ ਦੇਂਦਾ, ਤੇ ਆਪਣੀ ਮਾਂ ਦੀ ਲਿਆਂਦੀ ਪੂੜੀ ਖਾ ਲੈਂਦਾ ਤੇ ਫੇਰ ਝੀਲ ਵਿਚ ਚਲਾ ਜਾਂਦਾ।

ਏਧਰ ਬਾਬਾ-ਯਗਾ, ਹੱਡੀਆਂ ਦਾ ਥੱਬਾ, ਨੇ, ਇਹ ਸੁਣ ਕਿ ਪਿਲੀਪਕੇ ਦੀ ਮਾਂ ਉਹਨੂੰ ਕਿਵੇਂ ਬੁਲਾਂਦੀ ਸੀ, ਉਹਨੂੰ ਮਾਰਨ ਦੀ ਧਾਰ ਲਈ।

ਉਹਨੇ ਇਕ ਬੋਰੀ ਤੇ ਇਕ ਖੂੰਡੀ ਫੜੀ, ਝੀਲ 'ਤੇ ਆਈ ਤੇ ਆਵਾਜ਼ ਦੇਣ ਲਗੀ :

"ਪਿਲੀਪਕੇ, ਮੇਰੇ ਬਚੜੇ, ਵੇ ਪਹਿਰ ਦੋ ਨੀ ਹੋ ਗਏ ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ।"

ਪਿਲੀਪਕੇ ਨੇ ਸੋਚਿਆ, ਉਹਨੂੰ ਮਾਂ ਆਵਾਜ਼ ਦੇ ਰਹੀ ਸੀ ਤੇ ਉਹ ਚੱਪੂ ਮਾਰਦਾ ਕੰਢੇ 'ਤੇ ਆ ਗਿਆ: ਤੇ ਬਾਬਾ-ਯਗਾ ਨੇ ਖੂੰਡੀ ਉਹਦੀ ਬੇੜੀ ਨਾਲ ਅੜਾ ਲਈ, ਉਹਨੂੰ ਕੰਢੇ ਤਕ ਧਰੀਕ ਲਿਆਂਦਾ, ਤੇ ਪਿਲੀਪਕੇ ਨੂੰ ਫੜ, ਉਹਨੂੰ ਬੋਰੀ ਵਿਚ ਪਾ ਲਿਆ।

"ਵਾਹ-ਵਾਹ!" ਉਹ ਕੂਕੀ। "ਹੁਣ ਮੱਛੀਆਂ ਨਹੀਂ ਫੜਦਾ ਫਿਰੇਂਗਾ!"

ਤੇ ਬੋਰੀ ਨੂੰ ਮੋਢੇ ਉਤੇ ਸੁਟ, ਉਹ ਉਹਨੂੰ ਆਪਣੇ ਨਾਲ ਸੰਘਣੇ ਜੰਗਲ ਵਿਚ ਲੈ ਗਈ। ਪਰ ਉਹਦੇ ਘਰ ਦੀ ਵਾਟ ਲੰਮੀ ਸੀ, ਤੇ ਉਹ ਛੇਤੀ ਹੀ ਥਕ ਗਈ, ਸਾਹ ਲੈਣ ਲਈ ਬਹਿ ਗਈ ਤੇ ਸੌਂ ਗਈ। ਪਿਲੀਪਕਾ ਬੋਰੀ ਵਿਚੋਂ ਬਾਹਰ ਰੀਂਗ ਆਇਆ, ਉਹਨੂੰ ਭਾਰੇ ਪਥਰਾਂ ਨਾਲ ਨਕੋ-ਨਕ ਭਰ ਦਿਤਾ,ਤੇ ਵਾਪਿਸ ਝੀਲ ਵਲ ਨੂੰ ਹੋ ਪਿਆ।

ਜਦੋਂ ਬਾਬਾ-ਯਗਾ ਜਾਗੀ, ਉਹਨੇ ਬੋਰੀ ਚੁਕੀ ਤੇ ਹਾਇ-ਹਾਇ ਤੇ ਊਈ-ਊਈ ਕਰਦੀ ਘਰ ਲੈ ਗਈ । ਉਹਨੇ ਬੋਰੀ ਘਰ ਲੈ ਆਂਦੀ ਤੇ ਆਪਣੀ ਧੀ ਨੂੰ ਆਖਿਆ:

"ਇਸ ਮਛੇਰੇ ਨੂੰ ਮੇਰੀ ਰੋਟੀ ਲਈ ਭੁੰਨ ਦੇ!"

ਉਹਨੇ ਬੋਰੀ ਨੂੰ ਫ਼ਰਸ਼ ਉਤੇ ਲੁਦਿਆ ਤੇ ਕੀ ਵੇਖਿਆ! ਉਹਦੇ ਵਿਚੋਂ ਪਥਰਾਂ ਦੇ ਸਿਵਾ ਹੋਰ ਕੁਝ ਨਹੀਂ ਸੀ ਡਿਗਿਆ।

ਬਾਬਾ-ਯਗਾ ਨੂੰ ਗੁੱਸਾ ਚੜ੍ਹ ਗਿਆ।

ਤੈਨੂੰ ਸੁਆਦ ਚਖਾਵਾਂਗੀ, ਮੈਨੂੰ ਬੇਵਕੂਫ਼ ਬਣਾਣ ਦਾ!" ਉਹ ਪੂਰੇ ਜ਼ੋਰ ਨਾਲ ਚਿਲਕੀ, ਤੇ ਭਜ ਫੇਰ ਝੀਲ ਦੇ ਕੰਢੇ ਉਤੇ ਪਹੁੰਚ, ਪਿਲੀਪਕਾ ਨੂੰ ਆਵਾਜ਼ ਦੇਣ ਲਗੀ:

"ਪਿਲੀਪਕੇ, ਮੇਰੇ ਬਚੜੇ, ਵੇ ਪਹਿਰ ਦੋ ਨੀ ਹੋ ਗਏ, ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ।"

ਪਿਲੀਪਕੇ ਨੇ ਉਹਦੀ ਆਵਾਜ਼ ਸੁਣੀ ਤੇ ਪਰਤਵਾਂ ਜਵਾਬ ਦਿਤਾ:

"ਤੈਨੂੰ ਮੈਂ ਚੰਗੀ ਤਰ੍ਹਾਂ ਜਾਣਨਾਂ। ਤੂੰ ਮੇਰੀ ਮਾਂ ਨਹੀਂ, ਬਾਬਾ-ਯਗਾ ਏਂ। ਮੇਰੀ ਮਾਂ ਦੀ ਆਵਾਜ਼ ਤਾਂ ਬਹੁਤ ਪਤਲੀ ਏ।

ਤੇ ਭਾਵੇਂ ਬਾਬਾ-ਯਗਾ ਪਿਲੀਪਕੇ ਨੂੰ ਆਵਾਜ਼ਾਂ ਦੇਂਦੀ ਰਹੀ, ਉਹਨੇ ਉਹਦੇ ਵਲ ਧਿਆਨ ਨਾ ਦਿੱਤਾ। ਕੋਈ ਗਲ ਨਹੀਂ, ਬਾਬਾ-ਯਗਾ ਨੇ ਸੋਚਿਆ, “ਮੈਂ ਆਪਣੀ ਆਵਾਜ਼ ਪਤਲੀ ਕਰ ਲਾਂਗੀ।"

ਤੇ ਉਹ ਭੱਜੀ-ਭੱਜੀ ਲੁਹਾਰ ਕੋਲ ਗਈ।

ਲੁਹਾਰਾ, ਲੁਹਾਰਾ, ਮੇਰੀ ਜੀਭ ਤੇਜ਼ ਬਣਾ ਦੇ ਤੇ ਉਹਨੂੰ ਪਤਲੀ ਕਰ ਦੇ," ਉਹਨੇ ਆਖਿਆ।

“ਚੰਗਾ, ਲੁਹਾਰ ਨੇ ਆਖਿਆ। “ਬਸ ਮੇਰੇ ਵਧਾਣ ਉਤੇ ਰਖ ਦੇ ਸੁ।"

ਤੇ ਬਾਬਾ-ਯਗਾ ਨੇ ਆਪਣੀ ਲੰਮੀ ਜੀਭ ਬਾਹਰ ਕੱਢੀ ਤੇ ਉਹਨੂੰ ਵਧਾਣ ਉਤੇ ਰਖ ਦਿਤਾ, ਤੇ ਲੁਹਾਰ ਨੇ ਆਪਣਾ ਹਥੋੜਾ ਫੜਿਆ ਤੇ ਜੀਭ ਓਦੋਂ ਤਕ ਕੁਟਦਾ ਗਿਆ, ਜਦੋਂ ਤਕ ਉਹ ਚੰਗੀ ਪਤਲੀ ਨਾ ਹੋ ਗਈ।

ਤੇ ਫੇਰ ਬਾਬਾ-ਯਗਾ ਝੀਲ ਨੂੰ ਭੱਜੀ, ਤੇ ਉਹਨੇ ਪਤਲੀ ਬਰੀਕ ਆਵਾਜ਼ ਵਿਚ ਪਿਲੀਪਕੇ ਨੂੰ ਸਦਿਆ: “ਪਿਲੀਪਕੇ, ਮੇਰੇ ਬਚੜੇ, ਵੇ ਦੋ ਪਹਿਰ ਨੀ ਹੋ ਗਏ, ਪੂੜੀ ਮੈਂ ਲਿਆਈ ਆਂ, ਆ ਚਖ ਕੇ ਵੇਖ ਖਾਂ!"

ਪਿਲੀਪਕੇ ਨੇ ਉਹਦੀ ਆਵਾਜ਼ ਸੁਣੀ ਤੇ ਸੋਚਿਆ, ਉਹਨੂੰ ਉਹਦੀ ਮਾਂ ਬੁਲਾ ਰਹੀ ਸੀ। ਉਹ ਚੱਪੂ ਮਾਰਦਾ-ਮਾਰਦਾ ਕੰਢੇ ਵਲ ਆ ਗਿਆ ਤੇ ਬਾਬਾ-ਯਗਾ ਨੇ ਉਹਨੂੰ ਝੁਰਾਟ ਮਾਰ ਕੇ ਫੜ ਲਿਆ ਤੇ ਆਪਣੀ ਬੋਰੀ ਵਿਚ ਪਾ ਲਿਆ।

“ਹੁਣ ਮੈਨੂੰ ਬੇਵਕੂਫ਼ ਨਹੀਂ ਬਣਾ ਸਕਣ ਲਗਾ ਤੂੰ!" ਖੁਸ਼ੀ ਵਿਚ ਫੁੱਲੇ ਨਾ ਸਮਾਂਦਿਆਂ, ਬਾਬਾ-ਯਗਾ ਕੂਕੀ ਤੇ ਸਾਹ ਲੈਣ ਲਈ ਅਟਕੇ ਬਿਨਾਂ, ਉਹ ਉਹਨੂੰ ਸਿਧਿਆਂ ਘਰ ਲੈ ਗਈ। ਉਹਨੇ ਉਹਨੂੰ ਬੋਰੀ ਵਿਚੋਂ ਲੁਦਿਆ ਤੇ ਆਪਣੀ ਧੀ ਨੂੰ ਕਿਹਾ:

“ਇਹ ਈ ਉਹ, ਧੋਖੇਬਾਜ਼! ਭੱਠੀ ਬਾਲ ਤੇ ਰੋਟੀ ਲਈ ਭੁੰਨ ਲੈ ਸੂ। ਤੇ ਇਹ ਕਹਿ ਉਹ ਬਾਹਰ ਚਲੀ ਗਈ। ਤੇ ਉਹਦੀ ਧੀ ਨੇ ਭੱਠੀ ਬਾਲੀ, ਤੇ ਇਕ ਬੇਲਚਾ ਫੜਿਆ, ਤੇ ਪਿਲੀਪਕੇ ਨੂੰ ਕਹਿਣ ਲਗੀ:

“ਬੇਲਚੇ 'ਤੇ ਲੇਟ ਜਾ, ਮੈਂ ਤੈਨੂੰ ਭੱਠੀ 'ਚ ਪਾਣੈ। ਤੇ ਪਿਲੀਪਕਾ ਲੱਤਾਂ ਉਤੇ ਹਵਾ ਵਿਚ ਕਰ, ਬੇਲਚੇ ਉਤੇ ਲੇਟ ਗਿਆ।

“ਏਸ ਤਰ੍ਹਾਂ ਨਹੀਂ। ਬਾਬਾ-ਯਗਾ ਦੀ ਧੀ ਚਿਲਕੀ। “ਜੇ ਤੂੰ ਲੱਤਾਂ ਇੰਜ ਉਪਰ ਕੀਤੀ ਰੱਖੀਆਂ, ਮੈਂ ਤੈਨੂੰ ਭੱਠੀ 'ਚ ਨਹੀਂ ਪਾ ਸਕਾਂਗੀ।"

ਪਿਲੀਪਕੇ ਨੇ ਲੱਤਾਂ ਹੇਠਾਂ ਕਰ ਲਈਆਂ ਤੇ ਬੇਲਚੇ ਤੋਂ ਥੱਲੇ ਲਮਕਾ ਦਿਤੀਆਂ। “ਏਸ ਤਰ੍ਹਾਂ ਨਹੀਂ! ਬਾਬਾ-ਯੋਗਾ ਦੀ ਧੀ ਫੇਰ ਚਿਲਕੀ।

“ਤਾਂ ਫੇਰ ਕਿਸ ਤਰ੍ਹਾਂ?" ਪਿਲੀਪਕੇ ਨੇ ਪੁਛਿਆ। “ਮੈਨੂੰ ਕਰ ਕੇ ਵਿਖਾ।"

"ਕਿੱਡਾ ਬੇਵਕੂਫ਼ ਏਂ ਤੂੰ ਵੀ!" ਬਾਬਾ-ਯਗਾ ਦੀ ਧੀ ਕੂਕੀ। “ਇੰਜ ਲੇਟੀਦੈ, ਵੇਖ!"

ਤੇ ਉਹ ਬੇਲਚੇ ਉਤੇ ਲੇਟ ਗਈ। ਤੇ ਪਿਲੀਪਕੇ ਨੇ ਬੇਲਚੇ ਨੂੰ ਚੁੱਕਣ ਦੀ ਕੀਤੀ ਤੇ ਉਹਨੂੰ ਬਲਦੀ ਭੱਠੀ ਵਿਚ ਵਾਹ ਦਿੱਤਾ। ਫੇਰ ਉਹਨੇ ਭੱਠੀ ਬੰਦ ਕਰ ਦਿਤੀ ਤੇ ਉਹਦੇ ਨਾਲ ਬਾਬਾ-ਯਗਾ ਦੀ ਖੂੰਡੀ ਅੜਾ ਦਿਤੀ, ਇਸ ਲਈ ਕਿ ਉਹਦੀ ਧੀ ਬਾਹਰ ਨਾ ਕੁਦ ਸਕੇ।

ਉਹ ਝੁੱਗੀ ਵਿਚੋਂ ਬਾਹਰ ਨਸਿਆ ਤੇ ਕੀ ਵੇਖਦਾ ਏ! ਬਾਬਾ-ਯਗਾ ਉਹਦੇ ਵਲ ਟੁਰੀ ਆ ਰਹੀ ਸੀ। ਪਿਲੀਪਕਾ ਛਾਲ ਮਾਰ ਕੇ ਇਕ ਉਚੇ ਤੇ ਸੰਘਣੇ ਦਰਖ਼ਤ ਉਤੇ ਚੜ੍ਹ ਗਿਆ। ਤੇ ਉਹਨੇ ਆਪਣੇ ਆਪ ਨੂੰ ਟਾਹਣੀਆਂ ਵਿਚ ਲੁਕਾ ਲਿਆ।

ਬਾਬਾ-ਯਗਾ ਝੁੱਗੀ ਵਿਚ ਵੜੀ , ਉਹਨੇ ਸੁੰਘਿਆ ਤੇ ਉਹਨੂੰ ਭੁੱਜ ਰਹੇ ਮਾਸ ਦੀ ਹਵਾੜ ਆਈ। ਉਹਨੇ ਭੁੱਜੇ ਮਾਸ ਨੂੰ ਭੱਠੀ ਵਿਚੋਂ ਕਢਿਆ , ਗੋਸ਼ਤ ਖਾ ਲਿਆ ਤੇ ਹੱਡੀਆਂ ਨੂੰ ਬਾਹਰ ਹਾਤੇ ਵਿਚ ਸੁਟ ਦਿਤਾ , ਤੇ ਇਹ ਬੋਲਦਿਆਂ , ਉਹਨਾਂ ਉਤੇ ਲੇਟਣੀਆਂ ਲੈਣ ਲਗੀ : "ਇਹਨਾਂ ਹੱਡੀਆਂ 'ਤੇ ਮੈਂ ਡਿਗ-ਡਿਗ ਪਾਂ , ਇਹਨਾਂ ਹੱਡੀਆਂ 'ਤੇ ਮੈਂ ਲੇਟਣੀਆਂ ਲਾਂ , ਮੈਂ ਮਾਸ ਪਿਲੀਪਕੇ ਦਾ ਖਾ ਜੁ ਲਿਐ , ਲਹੂ ਓਸ ਦਾ ਮੈਂ ਪੀ ਜੁ ਲਿਐ।"

ਤੇ ਪਿਲੀਪਕੇ ਨੇ ਉਹਨੂੰ ਓਥੋਂ , ਜਿਥੇ ਉਹ ਲੁਕਿਆ ਹੋਇਆ ਸੀ , ਆਵਾਜ਼ ਦਿਤੀ :

“ਇਹਨਾਂ ਹੱਡੀਆਂ 'ਤੇ ਪਈ ਡਿਗ-ਡਿਗ ਪੈ , ਇਹਨਾਂ ਹੱਡੀਆਂ 'ਤੇ ਪਈ ਲੇਟਣੀਆਂ ਲੈ , ਤੇ ਮਾਸ ਧੀ ਆਪਣੀ ਦਾ ਖਾ ਜੁ ਲਿਐ , ਤੂੰ ਲਹੂ ਧੀ ਆਪਣੀ ਦਾ ਪੀ ਜੁ ਲਿਐ ।"

ਬਾਬਾ-ਯਗਾ ਨੇ ਉਹਦੀ ਆਵਾਜ਼ ਸੁਣੀ ਤੇ ਗੁੱਸੇ ਨਾਲ ਉਹਦਾ ਰੰਗ ਕਾਲਾ ਪੈ ਗਿਆ। ਉਹ ਦਰਖ਼ਤ ਵਲ ਭੱਜੀ ਤੇ ਉਹਨੂੰ ਆਪਣੇ ਦੰਦਾਂ ਨਾਲ ਟੁੱਕਣ ਲਗ ਪਈ । ਉਹ ਟੁਕਦੀ ਗਈ , ਟੁਕਦੀ ਗਈ ਤੇ ਅਖੀਰ ਉਹਦੇ ਦੰਦ ਟੁਟ ਗਏ , ਪਰ ਦਰਖ਼ਤ ਓਥੇ ਦਾ ਓਥੇ ਖੜਾ ਰਿਹਾ , ਉਵੇਂ ਪੱਕੇ ਦਾ ਪੱਕਾ ਤੇ ਮਜ਼ਬੂਤ , ਜਿਵੇਂ ਉਹ ਪਹਿਲੋਂ ਸੀ।

ਬਾਬਾ-ਯਗਾ ਭੱਜੀ-ਭੱਜੀ ਲੁਹਾਰ ਕੋਲ ਗਈ ।

"ਲੁਹਾਰਾ , ਲੁਹਾਰਾ ," ਉਹ ਕੂਕੀ, “ਮੈਨੂੰ ਫ਼ੌਲਾਦ ਦਾ ਕੁਹਾੜਾ ਬਣਾ ਦੇ! ਜੇ ਤੂੰ ਨਾ ਬਣਾ ਕੇ ਦਿਤਾ , ਮੈਂ ਤੇਰੇ ਬੱਚੇ ਖਾ ਜਾਂਗੀ ।"

ਤੇ ਲੁਹਾਰ ਡਰ ਗਿਆ ਤੇ ਉਹਨੇ ਉਹਨੂੰ ਫ਼ੌਲਾਦ ਦਾ ਕੁਹਾੜਾ ਬਣਾ ਦਿਤਾ ।

ਬਾਬਾ-ਯਗਾ ਉਹਨੂੰ ਲੈ ਦਰਖ਼ਤ ਵਲ ਭੱਜੀ ਤੇ ਉਹਨੂੰ ਵੱਢਣ ਲਗੀ :

ਪਿਲੀਪਕੇ ਨੇ ਆਖਿਆ :

“ਦਰਖ਼ਤ ਨੂੰ ਨਾ ਲੱਗੇ , ਪੱਥਰ ਨੂੰ ਲੱਗੇ !"

ਬਾਬਾ-ਯਗਾ ਬੋਲੀ : “ਪੱਥਰ ਨੂੰ ਨਾ ਲੱਗੇ , ਦਰਖ਼ਤ ਨੂੰ ਲੱਗੇ !"

ਪਿਲੀਪਕੇ ਨੇ ਫੇਰ ਆਖਿਆ :

"ਦਰਖ਼ਤ ਨੂੰ ਨਾ ਲੱਗੇ , ਪੱਥਰ ਨੂੰ ਲੱਗੇ !"

ਤੇ ਕੁਹਾੜਾ ਚਾਣਚਕ ਹੀ ਪੱਥਰ ਨੂੰ ਵੱਜਾ ਤੇ ਉਹਦੀ ਸਾਰੀ ਧਾਰ ਨੂੰ ਦੰਦੇ ਪੈ ਗਏ ਤੇ ਉਹ ਖੁੰਡਾ ਹੋ ਗਿਆ ।

ਬਾਬਾ-ਯਗਾ ਗੁੱਸੇ ਨਾਲ ਚਾਂਗਰੀ, ਉਹਨੇ ਕੁਹਾੜਾ ਚੁੱਕਣ ਦੀ ਕੀਤੀ ਤੇ ਤੇਜ਼ ਕਰਾਣ ਲਈ ਫੇਰ ਲੁਹਾਰ ਕੋਲ ਜਾ ਪੁੱਜੀ।

ਪਿਲੀਪਕੇ ਨੇ ਵੇਖਿਆ , ਤੇ ਉਹਨੂੰ ਦਿਸਿਆ , ਦਰਖਤ ਇਕ ਪਾਸੇ ਨਿਵਣ ਲਗ ਪਿਆ ਸੀ। ਬਾਬਾ ਯਗਾ ਨੇ ਤਕਰੀਬਨ ਉਹਨੂੰ ਚੀਰ ਹੀ ਲਿਆ ਸੀ , ਤੇ ਇਸ ਤੋਂ ਪਹਿਲਾਂ ਕਿ ਵਕਤ ਨਾ ਰਹੇ , ਉਹਨੂੰ ਆਪਣੇ ਆਪ ਨੂੰ ਬਚਾਣ ਲਈ ਛੇਤੀ ਨਾਲ ਕੁਝ ਕਰਨਾ ਪੈਣਾ ਸੀ।

ਐਨ ਓਸੇ ਵੇਲੇ ਉਤੋਂ ਹੰਸਾਂ ਦੀ ਇਕ ਡਾਰ ਉਡਦੀ ਲੰਘੀ ।

“ਹੰਸੋ , ਹੰਸੋ , ਰੌਲੀ ਨਾ ਪਾਉ , ਇਕ-ਇਕ ਖੰਬ ਸੁਟਦੇ ਜਾਉ ," ਉਹਨੇ ਉਹਨਾਂ ਨੂੰ ਆਵਾਜ ਦਿਤੀ। "ਕੋਲ ਮਾਪਿਆਂ ਉਡ ਪਹੁੰਚਾਂ, ਮੈਂ ਨਾਲ ਤੁਹਾਡੇ, ਤੁਸਾਂ ਜੁ ਕੀਤਾ, ਉਹਦਾ ਚੁਕਾਵਾਂ ਸਿਲਾ ਮੈਂ ਓਥੇ।”

ਹੰਸਾਂ ਨੇ ਉਹਦੇ ਲਈ ਇਕ-ਇਕ ਖੰਬ ਸੁਟ ਦਿਤਾ, ਤੇ ਇਹਨਾਂ ਖੰਬਾਂ ਨਾਲ ਪਿਲੀਪਕੇ ਨੇ ਆਪਣੇ ਲਈ ਅੱਧਾ ਪਰ ਬਣਾ ਲਿਆ!

ਫੇਰ ਹੰਸਾਂ ਦੀ ਦੂਜੀ ਡਾਰ ਉਡਦੀ ਆਈ। ਤੇ ਪਿਲੀਪਕੇ ਨੇ ਉਹਨਾਂ ਨੂੰ ਆਵਾਜ਼ ਦਿੱਤੀ ਤੇ ਕਿਹਾ:

“ਹੰਸੋ, ਹੰਸੋ, ਰੌਲੀ ਨਾ ਪਾਉ, ਇਕ-ਇਕ ਖੰਬ ਸੁਟਦੇ ਜਾਉ। ਕੋਲ ਮਾਪਿਆਂ ਉਡ ਪਹੁੰਚਾਂ, ਮੈਂ ਨਾਲ ਤੁਹਾਡੇ, ਤੁਸਾਂ ਜੁ ਕੀਤਾ, ਉਹਦਾ ਚੁਕਾਵਾਂ ਸਿਲਾ ਮੈਂ ਓਥੇ।"

ਤੇ ਦੂਜੀ ਡਾਰ ਨੇ ਵੀ ਉਹਦੇ ਲਈ ਇਕ-ਇਕ ਖੰਬ ਸੁਟ ਦਿਤਾ।

ਉਸ ਪਿਛੋਂ ਤੀਜੀ ਤੇ ਫੇਰ ਚੌਥੀ ਡਾਰ ਆਈ, ਤੇ ਸਾਰੇ ਹੀ ਹੰਸ ਪਿਲੀਪਕੇ ਲਈ ਇਕ-ਇਕ ਖੰਬ ਸੁਟਦੇ ਗਏ।

ਪਿਲੀਪਕੇ ਨੇ ਆਪਣੇ ਲਈ ਦੋ ਪਰ ਬਣਾ ਲਏ ਤੇ ਹੰਸਾਂ ਦੇ ਪਿਛੇ-ਪਿਛੇ ਉਡ ਪਿਆ।

ਐਨ ਉਸੇ ਵੇਲੇ ਬਾਬਾ-ਯਗਾ ਲੁਹਾਰ ਵਲੋਂ ਭੱਜੀ-ਭੱਜੀ ਆਈ, ਤੇ ਉਹ ਦਰਖ਼ਤ ਨੂੰ ਫੇਰ ਵੱਢਣ ਲਗ ਪਈ। ਉਹਨੇ ਏਨੇ ਜ਼ੋਰ ਨਾਲ ਟਕ ਮਾਰੇ ਕਿ ਛੌਡੇ ਉਡਣ ਲਗ ਪਏ।

ਉਹ ਵਢਦੀ ਗਈ, ਵਢਦੀ ਗਈ, ਤੇ ਦਰਖ਼ਤ ਕਾੜ-ਕਾੜ ਕਰਦਾ ਉਹਦੇ ਉਤੇ ਆ ਪਿਆ! ਤੇ ਉਹ ਮਰ ਗਈ।

ਤੇ ਪਿਲੀਪਕਾ ਹੰਸਾਂ ਨਾਲ ਉਡਦਾ-ਉਡਦਾ ਘਰ ਪਹੁੰਚ ਗਿਆ। ਜਦੋਂ ਉਹਦੇ ਮਾਂ ਪਿਓ ਨੇ ਉਹਨੂੰ ਵੇਖਿਆ, ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨਾਂ ਉਹਨੂੰ ਮੇਜ਼ ਦੁਆਲੇ ਬਿਠਾ ਲਿਆ ਤੇ ਉਹਨੂੰ ਤਰ੍ਹਾਂ-ਤਰਾਂ ਦੇ ਪਕਵਾਣ ਖਵਾਣ ਲਗ ਪਏ।

ਤੇ ਹੰਸਾਂ ਨੂੰ ਉਹਨਾਂ ਜਵੀ ਤੇ ਸ਼ਰਾਬ ਦਿਤੀ, ਤੇ ਇਸ ਤਰ੍ਹਾਂ ਮੁੱਕੀ ਇਹ ਕਹਾਣੀ ਲੰਮੀ-ਨਿੱਕੀ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ