Pita (Punjabi Story) : Bjornstjerne Bjornson
ਪਿਤਾ (ਕਹਾਣੀ) : ਬੀ. ਬਿਓਰਨਸਨ
ਜਿਸ ਇਨਸਾਨ ਦੀ ਕਹਾਣੀ ਅੱਜ ਅਸੀਂ ਸੁਣਾਉਣ ਜਾ ਰਹੇ ਹਾਂ ਉਹ ਕਸਬੇ ਦਾ ਸਭ ਨਾਲੋਂ ਅਮੀਰ ਅਤੇ ਰੋਅਬਦਾਰ ਆਦਮੀ ਸੀ। ਉਸ ਦਾ ਨਾਂ ਥੋਰਡ ਓਵਰਾਸ ਸੀ। ਉਹ ਲੰਮਾ, ਗੰਭੀਰ ਅਤੇ ਸ਼ਾਂਤ ਆਦਮੀ ਇੱਕ ਦਿਨ ਪਾਦਰੀ ਕੋਲ ਗਿਆ।
‘‘ਫਾਦਰ, ਮੇਰੇ ਘਰ ਲੜਕਾ ਹੋਇਆ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਸ ਦਾ ਬਪਤਿਸਮਾ ਹੋਵੇ।’’
‘‘ਉਸ ਦਾ ਨਾਂ…?’’ ਪਾਦਰੀ ਨੇ ਪੁੱਛਿਆ।
‘‘ਫਿਨ… ਮੇਰੇ ਪਿਤਾ ਦੇ ਨਾਂ ’ਤੇ…।’’
‘‘ਅਤੇ ਧਰਮ ਮਾਤਾ-ਪਿਤਾ…?’’
‘‘ਉਸ ਸਭ ਬਾਰੇ ਮੈਂ ਦੱਸਾਂਗਾ ਅਤੇ ਯਕੀਨ ਮੰਨੋ ਉਹ ਦੋਵੇਂ ਮੇਰੇ ਸਭ ਤੋਂ ਚੰਗੇ ਸਬੰਧੀ ਅਤੇ ਕਸਬੇ ਦੇ ਸਭ ਤੋਂ ਚੰਗੇ ਲੋਕ ਹਨ।’’
‘‘ਹੂੰ, ਹੋਰ ਕੁਝ?’’ ਥੋਰਡ ਵੱਲ ਦੇਖਦਿਆਂ ਪਾਦਰੀ ਨੇ ਸਵਾਲ ਕੀਤਾ।
ਥੋਰਡ ਇੱਕ ਪਲ ਲਈ ਝਿਜਕਿਆ।
‘‘ਮੈਂ ਖ਼ੁਦ ਉਸ ਦਾ ਨਾਮਕਰਨ ਕਰਨਾ ਚਾਹੁੰਦਾ ਹਾਂ, ਫਾਦਰ।’’
ਆਖਿਰ ਉਸ ਨੇ ਕਹਿ ਹੀ ਦਿੱਤਾ।
‘‘ਹੂੰ! ਦਿਨ, ਸਮਾਂ ਤੈਅ ਕਰ ਲਿਆ?’’
‘‘ਹਾਂ, ਅਗਲੇ ਸ਼ਨਿਚਰਵਾਰ ਨੂੰ ਦੁਪਹਿਰ ਬਾਰਾਂ ਵਜੇ।’’
‘‘ਹੋਰ ਕੁਝ?’’
‘‘ਨਹੀਂ… ਬਸ ਇੰਨਾ ਹੀ।’’ ਕਹਿੰਦਿਆਂ ਥੋਰਡ ਨੇ ਹੱਥ ਵਿੱਚ ਫੜੀ ਟੋਪੀ ਸਿਰ ’ਤੇ ਟਿਕਾਈ ਅਤੇ ਜਾਣ ਲਈ ਮੁੜਿਆ।
ਪਾਦਰੀ ਜਿਵੇਂ ਨੀਂਦ ਤੋਂ ਜਾਗਿਆ… ‘‘ਇੰਨਾ ਨਹੀਂ, ਅਜੇ ਕੁਝ ਹੋਰ ਵੀ ਹੈ।’’ ਅਤੇ ਥੋਰਡ ਨੂੰ ਦੋਵਾਂ ਹੱਥਾਂ ਨਾਲ ਫੜ ਕੇ ਸਿੱਧਾ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਦੁਆ ਪੜ੍ਹੀ: ‘‘ਈਸ਼ਵਰ ਕਰੇ, ਇਹ ਲੜਕਾ ਤੁਹਾਡੇ ਲਈ ਵਰਦਾਨ ਬਣੇ।’’
ਸੋਲਾਂ ਸਾਲ ਬਾਅਦ ਥੋਰਡ ਇੱਕ ਵਾਰ ਫਿਰ ਪਾਦਰੀ ਦੇ ਸਾਹਮਣੇ ਖੜ੍ਹਾ ਸੀ। ‘‘ਸੱਚਮੁੱਚ ਥੋਰਡ, ਤੁਸੀਂ ਤਾਂ ਆਪਣੀ ਉਮਰ ਨੂੰ ਬੜੀ ਸਮਝਦਾਰੀ ਨਾਲ ਖ਼ਰਚ ਕਰ ਰਹੇ ਹੋ।’’ ਥੋਰਡ ਵਿੱਚ ਇੰਨੇ ਸਾਲਾਂ ਬਾਅਦ ਵੀ ਕੋਈ ਫ਼ਰਕ ਨਾ ਦੇਖ ਕੇ ਪਾਦਰੀ ਬੋਲਿਆ।
‘‘ਸ਼ਾਇਦ ਇਸ ਲਈ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ।’’
ਇਸ ਜਵਾਬ ਦੇ ਜਵਾਬ ਵਿੱਚ ਪਾਦਰੀ ਨੇ ਕੁਝ ਨਹੀਂ ਕਿਹਾ। ਥੋੜ੍ਹੀ ਦੇਰ ਬਾਅਦ ਉਸ ਨੇ ਪੁੱਛਿਆ, ‘‘ਤਾਂ… ਅੱਜ ਕਿਸ ਖ਼ੁਸ਼ੀ ਵਿੱਚ…?’’
‘‘ਕੱਲ੍ਹ ਮੇਰੇ ਲੜਕੇ ਦੀ ਪੜ੍ਹਾਈ ਖ਼ਤਮ ਹੋ ਗਈ ਹੈ।’’
‘‘ ਹਾਂ, ਉਹ ਇੱਕ ਸਮਝਦਾਰ ਅਤੇ ਗੰਭੀਰ ਬੱਚਾ ਹੈ।’’ ਪਾਦਰੀ ਬੋਲਿਆ।
‘‘ਮੈਂ ਜਾਣਨਾ ਚਾਹੁੰਦਾ ਹਾਂ ਕਿ ਦੂਜੇ ਬੱਚਿਆਂ ਦੀ ਤੁਲਨਾ ਵਿੱਚ ਉਸ ਦੇ ਕਿੰਨੇ ਨੰਬਰ ਆਏ ਹਨ?’’
‘‘ਥੋਰਡ, ਉਹ ਤਾਂ ਹਮੇਸ਼ਾਂ ਤੋਂ ਅੱਵਲ ਨੰਬਰ ਰਿਹਾ ਹੈ…’’ ਪਾਦਰੀ ਨੇ ਜਵਾਬ ਦਿੱਤਾ।
‘‘ਇਹੀ ਤਾਂ ਮੈਂ ਸੁਣਨਾ ਚਾਹੁੰਦਾ ਸੀ। ਫਾਦਰ ਇਹ ਲਓ ਦਸ ਡਾਲਰ।’’
‘‘ਮੈਂ ਕੋਈ ਹੋਰ ਮਦਦ ਵੀ ਕਰ ਸਕਦਾ ਹਾਂ?’’ ਪਾਦਰੀ ਨੇ ਪੁੱਛਿਆ।
‘‘ਨਹੀਂ ਫਾਦਰ… ਮੈਂ ਚੱਲਦਾ ਹਾਂ,’’ ਹੋਰ ਖ਼ੁਸ਼ੀ ਨਾਲ ਭਰਿਆ ਉਹ ਚਲਾ ਗਿਆ।
ਅੱਠ ਸਾਲ ਹੋਰ ਬੀਤ ਗਏ। ਇੱਕ ਦਿਨ ਪਾਦਰੀ ਨੇ ਦੇਖਿਆ ਕਿ ਸਟੱਡੀ ਰੂਮ ਦੇ ਬਾਹਰ ਬਹੁਤ ਸਾਰੇ ਲੋਕ ਜਮ੍ਹਾਂ ਹਨ। ਉਨ੍ਹਾਂ ਵਿੱਚ ਸਭ ਤੋਂ ਅੱਗੇ ਖੜ੍ਹਾ ਹੈ ਥੋਰਡ। ‘‘ਥੋਰਡ…?’’ ਪਾਦਰੀ ਨੇ ਅਧੂਰਾ ਵਾਕ ਪੂਰਾ ਕਰਨ ਦੀ ਜ਼ਿੰਮੇਵਾਰੀ ਥੋਰਡ ’ਤੇ ਪਾ ਦਿੱਤੀ।
‘‘ਫਾਦਰ, ਮੈਂ ਚਾਹੁੰਦਾ ਹਾਂ ਕਿ ਵੱਨਸ (ਚਰਚ ਦੇ ਵਿਆਹ ਵਾਲਾ ਦਸਤਾਵੇਜ਼) ਵਿੱਚ ਮੇਰੇ ਲੜਕੇ ਦਾ ਨਾਂ ਦਰਜ ਕੀਤਾ ਜਾਵੇ। ਉਹ ਕੋਰਨ ਸਟੋਰਲੀਡੇਨ ਨਾਲ ਸ਼ਾਦੀ ਕਰਵਾਉਣ ਜਾ ਰਿਹਾ ਹੈ।’’
‘‘ਕੋਰਨ ਸਟੋਰਲੀਡੇਨ… ਗੁਡਮੰਡ ਦੀ ਬੇਟੀ… ਇਲਾਕੇ ਦੀ ਸਭ ਤੋਂ ਪਿਆਰੀ ਅਤੇ ਅਮੀਰ ਲੜਕੀ।’’
‘‘ਸਹੀ ਹੈ ਫਾਦਰ। ਸਭ ਤੋਂ ਚੰਗੀ ਅਤੇ ਪਿਆਰੀ ਬੱਚੀ।’’ ਵਾਲਾਂ ਵਿੱਚ ਉਂਗਲੀ ਫੇਰਦਾ ਥੋਰਡ ਮੁਸਕਰਾਇਆ।
ਪਾਦਰੀ ਇੱਕ ਮਿੰਟ ਖ਼ਾਮੋਸ਼ ਰਿਹਾ ਅਤੇ ਫਿਰ ਕੁਝ ਸੋਚਦੇ ਹੋਏ ਰਜਿਸਟਰ ਵਿੱਚ ਫਿਨ ਅਤੇ ਕੋਰਿਨ ਦਾ ਨਾਂ ਦਰਜ ਕਰਨ ਲੱਗਾ। ਗਵਾਹਾਂ ਦੇ ਦਸਤਖ਼ਤ ਹੋ ਜਾਣ ਤੋਂ ਬਾਅਦ ਥੋਰਡ ਨੇ ਤਿੰਨ ਡਾਲਰ ਪਾਦਰੀ ਦੇ ਮੇਜ਼ ’ਤੇ ਧਰ ਦਿੱਤੇ।
‘‘ਇੱਕ ਹੀ ਬਹੁਤ ਹੈ, ਥੋਰਡ।’’ ਪਾਦਰੀ ਨੇ ਕਿਹਾ।
‘‘ਜਾਣਦਾ ਹਾਂ ਫਾਦਰ, ਪਰ ਫਿਨ ਮੇਰਾ ਇਕਲੌਤਾ ਬੇਟਾ ਹੈ ਅਤੇ ਮੈਂ ਇਸ ਖ਼ੁਸ਼ੀ ਮੌਕੇ ਕਿਸੇ ਗੱਲ ਦੀ ਕੰਜੂਸੀ ਨਹੀਂ ਕਰਨਾ ਚਾਹੁੰਦਾ।’’
ਸਿਰ ਹਿਲਾਉਂਦੇ ਹੋਏ ਪਾਦਰੀ ਨੇ ਪੈਸੇ ਚੁੱਕੇ ਅਤੇ ਕਿਹਾ, ‘‘ਇਹ ਤੀਜੀ ਵਾਰ ਹੈ ਜਦ ਤੁਸੀਂ ਆਪਣੇ ਬੇਟੇ ਲਈ ਚਰਚ ਆਏ ਹੋ।’’
‘‘ਪਰ ਇਹ ਆਖ਼ਰੀ ਵਾਰ ਹੈ ਫਾਦਰ। ਹੁਣ ਤੋਂ ਸਾਰੀਆਂ ਜ਼ਿੰਮੇਵਾਰੀਆਂ ਫਿਨ ਦੀਆਂ ਹਨ।’’ ਇੱਕ ਸੰਤੁਸ਼ਟ ਪਿਤਾ ਵਾਂਗ (ਪਰਸ ਮੋੜ ਕੇ ਜੇਬ ਵਿੱਚ ਰੱਖਦਿਆਂ) ਥੋਰਡ ਨੇ ਫਿਨ ਨੂੰ ਤੱਕਿਆ ਅਤੇ ਪਾਦਰੀ ਹਮੇਸ਼ਾਂ ਦੀ ਤਰ੍ਹਾਂ ਖ਼ਾਮੋਸ਼ ਹੋ ਕੇ ਕਿਸੇ ਅਣਦੇਖੀ ਜਿਹੀ ਗੱਲ ਨੂੰ ਦੇਖਣ ਲੱਗਾ।
ਪੰਦਰਾਂ ਦਿਨ ਬਾਅਦ ਪਿਤਾ ਅਤੇ ਪੁੱਤਰ। ਥੋਰਡ ਅਤੇ ਫਿਨ। ਬੋਟਿੰਗ ਕਰਦੇ ਹੋਏ ਵਿਆਹ ਦੀਆਂ ਤਿਆਰੀਆਂ ਬਾਰੇ ਗੱਲਾਂ ਕਰ ਰਹੇ ਸਨ। ਅਚਾਨਕ ਸ਼ਾਂਤ ਦਿਨ ਦੀ ਸਤਹਿ ’ਤੇ ਫਿਨ ਦੀ ਆਵਾਜ਼ ਉੱਭਰੀ, ‘‘ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਪਾਪਾ…’’ ਅਤੇ ਉਹ ਉੱਠ ਕੇ ਆਪਣੀ ਸੀਟ ਠੀਕ ਕਰਨ ਲੱਗਿਆ। ਉਸ ਸਮੇਂ ਜਿਸ ਬੋਟ ’ਤੇ ਉਹ ਸਵਾਰ ਸਨ, ਪਲਟ ਗਈ। ਜਦੋਂ ਤਕ ਫਿਨ ਜਾਂ ਥੋਰਡ ਕੁਝ ਸਮਝਦੇ ਤਦ ਤਕ ਫਿਨ ਪਾਣੀ ਦੇ ਅੰਦਰ ਜਾ ਚੁੱਕਾ ਸੀ। ‘‘ਕੰਢੇ ਨਾ ਛੱਡੀਂ ਫਿਨ…’’ ਥੋਰਡ ਚੀਕਿਆ ਅਤੇ ਉਛਲਦੇ ਹੋਏ ਪਾਣੀ ਵਿੱਚ ਡੁੱਬਦੇ ਹੋਏ ਪੁੱਤਰ ਦੇ ਹੱਥ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਾ। ਫਿਨ ਨੇ ਕੋਸ਼ਿਸ਼ ਕੀਤੀ ਕਿ ਲਹਿਰਾਂ ਨੂੰ ਪੈਰਾਂ ਥੱਲੇ ਦਬਾ ਕੇ ਉਪਰ ਉੱਠ ਪਵੇ, ਪਰ ਪਾਣੀ ਤੇਜ਼ੀ ਨਾਲ ਉਸ ਦੇ ਫੇਫੜਿਆਂ ਵਿੱਚ ਭਰਦਾ ਜਾ ਰਿਹਾ ਸੀ।
‘‘ਚਿੰਤਾ ਨਾ ਕਰ ਫਿਨ। ਬਸ ਇੱਕ ਮਿੰਟ। ਮੈਂ ਆ ਰਿਹਾ ਹਾਂ…।’’ ਥੋਰਡ ਪਾਗਲ ਜਿਹਾ ਹੋਇਆ ਲਹਿਰਾਂ ਨੂੰ ਚੀਰਨ ਲੱਗਾ। ਫਿਨ ਨੇ ਪਲਟਾ ਖਾਧਾ, ਗਹਿਰੀਆਂ ਨਜ਼ਰਾਂ ਨਾਲ ਥੋਰਡ ਨੂੰ ਦੇਖਿਆ ਅਤੇ ਫਿਰ… ਪਾਣੀ ਦੀ ਸਤਹਿ ’ਤੇ ਕੁਝ ਬੁਲਬੁਲੇ ਫੁੱਟੇ। ਫਿਰ ਕੁਝ ਹੋਰ… ਅਤੇ ਅੰਤ ਵਿੱਚ ਇੱਕ ਵੱਡਾ ਸਾਰਾ ਬੁਲਬੁਲਾ ਉਠਿਆ ਅਤੇ ਸਭ ਖ਼ਤਮ। ਇੱਕ ਵਾਰ ਫਿਰ ਪਾਣੀ ਸ਼ੀਸ਼ੇ ਵਾਂਗ ਸਾਫ਼ ਸੀ। ਥੋਰਡ ਦੀ ਸਮਝ ਵਿੱਚ ਕੁਝ ਨਹੀਂ ਆਇਆ। ਕੀ ਹੋਇਆ? ਕਿਉਂ ਅਤੇ ਕਿਵੇਂ ਹੋਇਆ…? ਹਰ ਗੱਲ ਬੁਲਬੁਲਿਆਂ ਵਾਂਗ ਬਣ ਕੇ ਵਿਗੜ ਚੁੱਕੀ ਸੀ। ਤਿੰਨ ਦਿਨ ਅਤੇ ਤਿੰਨ ਰਾਤਾਂ। ਲੋਕ ਇੱਕ ਪਿਤਾ ਨੂੰ ਪਾਗਲਾਂ ਜਿਹੀ ਹਾਲਤ ਵਿੱਚ ਉਨ੍ਹਾਂ ਲਹਿਰਾਂ ’ਤੇ ਤੈਰਦੇ ਦੇਖਦੇ ਰਹੇ। ਆਖ਼ਰ ਚੌਥੇ ਦਿਨ ਦੀ ਸਵੇਰ ਉਹ ਭੁੱਖਾ, ਥੱਕਿਆ-ਹਾਰਿਆ ਹੋਇਆ ਪਿਤਾ ਪਾਣੀ ’ਚੋਂ ਬਾਹਰ ਨਿਕਲਿਆ। ਆਪਣੀਆਂ ਬਾਹਾਂ ਵਿੱਚ ਆਪਣੀ ਇਕਲੌਤੀ ਔਲਾਦ ਦੀ ਲਾਸ਼ ਚੁੱਕੀ।
ਇਸ ਤੋਂ ਠੀਕ ਇੱਕ ਸਾਲ ਬਾਅਦ ਅੱਧੀ ਰਾਤ ਨੂੰ ਅਚਾਨਕ ਪਾਦਰੀ ਇੱਕ ਆਹਟ ਸੁਣ ਕੇ ਚੌਂਕਿਆ। ਬੇਸ਼ੱਕ ਦਰਵਾਜ਼ੇ ’ਤੇ ਕੋਈ ਸੀ, ਪਰ ਇਸ ਸਮੇਂ…? ਪਾਦਰੀ ਨੇ ਦਰਵਾਜ਼ਾ ਖੋਲ੍ਹਿਆ। ਲੰਬਾ, ਪਤਲਾ, ਚਿੱਟੇ ਵਾਲਾਂ ਅਤੇ ਕੁੱਬੇ ਲੱਕ ਵਾਲਾ ਸਰੀਰ ਸਾਹਮਣੇ ਖੜ੍ਹਾ ਕੰਬ ਰਿਹਾ ਸੀ। ਪਾਦਰੀ ਦੇਰ ਤਕ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਰਿਹਾ। ਪੁਰਾਣੀ ਪਛਾਣ ਫਰੋਲੀ ਤਾਂ ਜਾਣਿਆ ਇਹ ਥੋਰਡ ਸੀ। ਥੋਰਡ… ਇੱਕ ਵਾਰ ਫਿਰ…?
‘‘ਕੀ ਬਹੁਤ ਦੇਰ ਤੋਂ ਬਾਹਰ ਖੜ੍ਹੇ ਸੀ ਥੋਰਡ?’’ ਪਾਦਰੀ ਨੇ ਪੁੱਛਿਆ। ‘‘ਹਾਂ ਫਾਦਰ… ਬਹੁਤ ਦੇਰ ਤੋਂ…’’ ਅਤੇ ਥੋਰਡ ਉੱਥੇ ਹੀ ਫਰਸ਼ ’ਤੇ ਬੈਠ ਗਿਆ। ਪਾਦਰੀ ਵੀ ਉਸ ਦੇ ਕੋਲ ਬੈਠ ਕੇ ਇੰਤਜ਼ਾਰ ਕਰਨ ਲੱਗਾ ਕਿ ਉਹ ਆਪਣੇ ਆਉਣ ਦਾ ਮਕਸਦ ਦੱਸੇ…। ਉਮੀਦ ਨਾਲੋਂ ਵੱਧ ਲੰਮੇ ਇੰਤਜ਼ਾਰ ਤੋਂ ਬਾਅਦ ਆਖ਼ਰ ਥੋਰਡ ਨੇ ਬੋਲਣਾ ਸ਼ੁਰੂ ਕੀਤਾ, ‘‘ਮੇਰੇ ਕੋਲ ਕੁਝ ਹੈ ਜੋ ਮੈਂ ਜ਼ਰੂਰਤਮੰਦ ਲੋਕਾਂ ਨੂੰ ਦੇਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਮੇਰੇ ਬੇਟੇ ਦੇ ਨਾਂ ’ਤੇ ਲੋਕਾਂ ਨੂੰ ਵੰਡ ਦਿੱਤਾ ਜਾਵੇ।’’ ਅਤੇ ਉਸ ਨੇ ਪੈਸਿਆਂ ਦਾ ਚੰਗਾ-ਖਾਸਾ ਢੇਰ ਲਾ ਦਿੱਤਾ।
‘‘ਇਹ ਤਾਂ ਬਹੁਤ ਜ਼ਿਆਦਾ ਹਨ ਥੋਰਡ…’’ ਪਾਦਰੀ ਨੇ ਕਿਹਾ। ‘‘ਇਹ ਮੇਰੀ ਜ਼ਮੀਨ ਦਾ ਅੱਧਾ ਪੈਸਾ ਹੈ ਜਿਸ ਨੂੰ ਮੈਂ ਕੱਲ੍ਹ ਵੇਚ ਦਿੱਤਾ ਹੈ।’’
‘‘ਹੁਣ ਤੁਸੀਂ ਕੀ ਕਰੋਗੇ ਥੋਰਡ?’’ ਪਾਦਰੀ ਨੇ ਮੱਠੇ ਸ਼ਬਦਾਂ ਵਿੱਚ ਪ੍ਰਸ਼ਨ ਕੀਤਾ। ‘‘ਸ਼ਾਇਦ ਕੁਝ ਚੰਗਾ।’’ ਕਹਿ ਕੇ ਥੋਰਡ ਚੁੱਪ ਵਿੱਚ ਡੁੱਬ ਗਿਆ। ਉਸ ਤੋਂ ਬਾਅਦ ਉਹ ਦੋਵੇਂ ਥੋੜ੍ਹੀ ਦੇਰ ਇਉਂ ਹੀ ਬੈਠੇ ਰਹੇ। ਥੋਰਡ ਦੀਆਂ ਨਜ਼ਰਾਂ ਖਲਾਅ ਵਿੱਚ ਅਟਕੀਆਂ ਹੋਈਆਂ ਸਨ ਅਤੇ ਫਾਦਰ ਦੀਆਂ ਨਜ਼ਰਾਂ ਥੋਰਡ ਦੇ ਚਿਹਰੇ ’ਤੇ। ਬਹੁਤ ਦੇਰ ਬਾਅਦ ਪਾਦਰੀ ਨੇ ਥੋਰਡ ਨੂੰ ਹੌਲੀ ਜਿਹੇ ਸਹਿਲਾਇਆ।
‘‘ਥੋਰਡ, ਮੈਨੂੰ ਲੱਗਦਾ ਹੈ ਕਿ ਤੁਹਾਡਾ ਬੇਟਾ ਜਾਂਦਾ ਜਾਂਦਾ ਵੀ ਤੁਹਾਨੂੰ ਦੁਆ ਦੇ ਗਿਆ ਹੈ।’’
‘‘ਮੈਂ ਵੀ ਇਹੀ ਸੋਚਦਾ ਹਾਂ ਫਾਦਰ… ਜਦ ਵੀ ਉਨ੍ਹਾਂ ਡੁੱਬਦੀਆਂ ਅੱਖਾਂ ਨੂੰ ਯਾਦ ਕਰਦਾ ਹਾਂ।’’ ਕਹਿੰਦੇ ਹੋਏ ਥੋਰਡ ਦੀਆਂ ਅੱਖਾਂ ਵਿੱਚ ਇੱਕ ਲਹਿਰ ਆਈ ਅਤੇ ਗਲੇ ਨੂੰ ਭਿਉਂ ਗਈ।
(ਬਿਓਰਨਸਨ (1832-1910) ਨੋਬੇਲ ਇਨਾਮ ਜੇਤੂ ਨਾਰਵੇਜੀਅਨ ਲੇਖਕ ਹਨ ।
(ਪੰਜਾਬੀ ਰੂਪ: ਅਮਰਜੀਤ ਚੰਦਰ)