Pita Ji Ne Kahani Sunayi (Punjabi Story) : S. Saki
ਪਿਤਾ ਜੀ ਨੇ ਕਹਾਣੀ ਸੁਣਾਈ (ਕਹਾਣੀ) : ਐਸ ਸਾਕੀ
ਬਹੁਤ ਪਹਿਲਾਂ ਦੀ ਗੱਲ ਹੈ । ਜਦ ਅਸੀਂ ਦੋਵੇਂ ਭਰਾ ਛੋਟੇ ਹੀ ਸੀ ਤੇ ਤੀਜੀ ਚੌਥੀ 'ਚ ਪੜ੍ਹਦੇ ਸੀ । ਉਨ੍ਹਾਂ ਦਿਨਾਂ ਵਿਚ ਅਸੀਂ ਪਿਤਾ ਜੀ ਨਾਲ ਦਿੱਲੀ ਰਹਿੰਦੇ ਸੀ । ਉਸ ਵੇਲੇ ਉਹ ਟੈਲੀਫੋਨ ਐਕਸਚੇਂਜ 'ਚ ਨੌਕਰੀ ਕਰਦੇ ਸਨ । ਐਕਸਚੇਂਜ ਨੇੜੇ ਹੀ ਸਾਨੂੰ ਕੁੁਆਰਟਰ ਮਿਲਿਆ ਹੋਇਆ ਸੀ । ਅਸੀਂ ਕਈ ਵਾਰੀ ਖੇਡਦੇ ਹੋਏ ਉਨ੍ਹਾਂ ਦੇ ਆਫਿਸ ਚਲੇ ਜਾਂਦੇ ਤੇ ਪਿਤਾ ਜੀ ਨੂੰ ਡਿਊਟੀ ਕਰਦੇ ਵੇਖਦੇ । ਉਹ ਹਰ ਵੇਲੇ ਕੰਨਾਂ 'ਤੇ ਟੈਲੀਫੋਨ ਲਗਾਈ ਕੁਰਸੀ 'ਤੇ ਬੈਠੇ ਕੁਝ ਸੁਣਦੇ ਜਾਂ ਬੋਲਦੇ ਦਿਖਾਈ ਦਿੰਦੇ । ਅਸੀਂ ਜਾਣਦੇ ਸੀ ਪਿਤਾ ਜੀ ਸਾਰਾ ਦਿਨ ਕੰਮ ਕਰਕੇ ਜਦੋਂ ਸ਼ਾਮੀਂ ਕੁਆਰਟਰ ਮੁੜਦੇ ਸਨ ਤਾਂ ਬਹੁਤ ਥੱਕੇ ਹੋਏ ਹੁੰਦੇ ਸਨ । ਪਰ ਛੋਟੇ ਹੋਣ ਕਰਕੇ ਉਸ ਵੇਲੇ ਸਾਨੂੰ ਇਹਦਾ ਅਹਿਸਾਸ ਨਹੀਂ ਸੀ ।
ਉਨ੍ਹ੍ਹਾਂ ਦਿਨਾਂ 'ਚ ਸਾਨੂੰ ਕਹਾਣੀਆਂ ਸੁਣਨ ਦਾ ਬਹੁਤ ਸ਼ੌਕ ਸੀ । ਸੱਚ ਜਦ ਟੈਲੀਵੀਜ਼ਨ ਦਾ ਰਿਵਾਜ ਨਹੀਂ ਸੀ । ਇਸ ਦੀ ਪੂਰਤੀ ਲਈ ਜਦੋਂ ਪਿਤਾ ਜੀ ਰਾਤੀਂ ਸੌਣ ਲਗਦੇ ਤਾਂ ਸਾਨੂੰ ਜ਼ਰੂਰ ਕੋਈ ਨਾ ਕੋਈ ਕਹਾਣੀ ਸੁਣਾਇਆ ਕਰਦੇ ਸਨ । ਉਹ ਸਾਨੂੰ ਬਹੁਤ ਪਿਆਰ ਕਰਦੇ ਸਨ । ਇਸ ਲਈ ਉਹ ਥੱਕੇ ਹੋਣ 'ਤੇ ਵੀ ਕਦੇ ਨਾਂਹ ਨਹੀਂ ਸਨ ਕਰਦੇ ।
ਉਨ੍ਹਾਂ ਦੀਆਂ ਬਹੁਤੀਆਂ ਕਹਾਣੀਆਂ ਦੁੰਮ ਕੱਟੇ ਰਾਕਸ਼ਸ਼ ਜਾਂ ਅੰਨ੍ਹੇ ਜਿੰਨ ਬਾਰੇ ਹੁੰਦੀਆਂ ਸਨ, ਜਿਹੜਾ ਕਿਸੇ ਰਾਜਕੁਮਾਰੀ ਨੂੰ ਚੁੱਕ ਲੈ ਆਉਂਦਾ ਹੈ । ਉਹ ਰਾਜਕੁਮਾਰੀ ਦੇ ਪੈਰਾਂ ਅਤੇ ਸਿਰ ਵਾਲੇ ਪਾਸੇ ਦੋ ਡੰਡੇ ਰੱਖ ਕੇ ਉਸ ਨੂੰ ਸਜ਼ਾ ਦਿੰਦਾ ਤੇ ਘਰੋਂ ਬਾਹਰ ਚਲਿਆ ਜਾਂਦਾ । ਰਾਜਕੁਮਾਰੀ ਸਾਰਾ ਦਿਨ ਫੁੱਲਾਂ ਦੀ ਸੇਜ 'ਤੇ ਸੁੱਤੀ ਰਹਿੰਦੀ ਹੈ । ਜਦੋਂ ਜਿੰਨ ਸ਼ਾਮੀਂ ਘਰ ਮੁੜਦਾ ਤਾਂ ਡੰਡੇ ਬਦਲ ਰਾਜਕੁਮਾਰੀ ਨੂੰ ਜਗਾਉਂਦਾ । ਉਠ ਕੇ ਪਹਿਲਾਂ ਉਹ ਰੋਂਦੀ ਹੈ ਤੇ ਫਿਰ ਹੱਸਦੀ ਹੈ । ਜਦੋਂ ਰੋਂਦੀ ਹੈ ਤਾਂ ਉਸ ਦੀਆਂ ਅੱਖਾਂ ਵਿਚੋਂ ਸੁੱਚੇ ਮੋਤੀ ਡਿਗਦੇ ਨੇ ਤੇ ਜਦੋਂ ਹੱਸਦੀ ਹੈ ਤਾਂ ਉਸ ਦੇ ਮੂੰਹ 'ਚੋਂ ਫੁੱਲ ਕਿਰਦੇ ਨੇ । ਫੁੱਲ ਪਏ ਰਹਿੰਦੇ ਨੇ ਤੇ ਮੋਤੀ ਇਕੱਠੇ ਕਰਕੇ ਰਾਜਕੁਮਾਰੀ ਥੈਲੇ ਭਰ ਲੈਂਦੀ ਹੈ ।
ਕਹਾਣੀ ਸੁਣਦੇ ਹੋਏ ਅਸੀਂ ਸੋਚਣ ਲਗਦੇ ਹਾਂ ਕਿ ਜਿੰਨ ਸਾਰਾ ਦਿਨ ਕਿੱਥੇ ਰਹਿੰਦਾ ਹੋਵੇਗਾ? ਰਾਜਕੁਮਾਰੀ ਉਨ੍ਹਾਂ ਥੈਲਿਆਂ ਦਾ ਕੀ ਕਰਦੀ ਹੋਵੇਗੀ ।
ਹੁਣ ਅਸੀਂ ਵੱਡੇ ਹੋ ਗਏ ਹਾਂ । ਭਾਵੇਂ ਸਭ ਕੁਝ ਬਦਲ ਗਿਆ ਹੈ । ਪਰ ਉਸ ਵੇਲੇ ਦੀ ਇੱਕ ਗੱਲ ਮੈਂ ਅਜੇ ਤੱਕ ਨਹੀਂ ਭੁਲਿਆ ।
ਮੈਂ ਤੇ ਮੇਰਾ ਛੋਟਾ ਭਰਾ ਪਿਤਾ ਜੀ ਨੇੜੇ ਮੰਜਿਆਂ 'ਤੇ ਲੰਮੇ ਪਏ ਕਹਾਣੀ ਸੁਣ ਰਹੇ ਸਾਂ । ਰਾਤ ਦੇ ਦਸ ਵੱਜ ਗਏ ਸਨ । ਪਿਤਾ ਜੀ ਸਾਨੂੰ ਦੁੰਮ ਕੱਟੇ ਰਾਕਸ਼ਸ਼ ਦੀ ਥਾਂ ਰਾਮਾਇਣ ਦੀ ਕਹਾਣੀ ਸੁਣਾ ਰਹੇ ਸਨ । ਪਿਤਾ ਜੀ ਵੱਲ ਵੇਖ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਥੱਕੇ ਹੋਏ ਸਨ । ਉਨ੍ਹਾਂ ਦੀਆਂ ਅੱਖਾਂ ਨੀਂਦ ਕਾਰਨ ਬਦੋਬਦੀ ਬੰਦ ਹੁੰਦੀਆਂ ਜਾ ਰਹੀਆਂ ਸਨ । ਕਹਾਣੀ ਸੁਣਾਉਂਦੇ ਹੋਏ ਉਹ ਵਾਰ-ਵਾਰ ਉਬਾਸੀਆਂ ਵੀ ਲੈ ਰਹੇ ਸਨ । ਪਰ ਤਾਂ ਵੀ ਉਹ ਆਪਣੀ ਥਕਾਵਟ ਅਤੇ ਨੀਂਦ ਦੀ ਪ੍ਰਵਾਹ ਨਾ ਕਰਦੇ ਹੋਏ ਕਹਾਣੀ ਪੂਰੀ ਕਰਨ 'ਚ ਲੱਗੇ ਹੋਏ ਸਨ ।
ਹੌਲੇ-ਹੌਲੇ ਟੁਰਦੀ ਕਹਾਣੀ ਉਥੇ ਪਹੁੰਚ ਗਈ ਜਿਥੇ ਰਾਵਣ ਸੀਤਾ ਨੂੰ ਜੀ ਨੂੰ ਚੁੱਕਣ ਆਉਂਦਾ ਤੇ ਲਛਮਣ ਰੇਖਾ ਦੇ ਬਾਹਰ ਖੜ੍ਹਾ । ਪਿਤਾ ਜੀ ਬੋਲ ਰਹੇ ਸਨ: 'ਰਾਵਣ ਨੇ ਸਾਧੂ ਦਾ ਰੂਪ ਧਾਰਨ ਕੀਤਾ ਹੋਇਆ । ਉਹ ਭਿਕਸ਼ਾ ਲੈਣ ਲਈ ਸੀਤਾ ਜੀ ਵੱਲ ਵੇਖਣ ਲਗਦਾ ਪਰ ਲਛਮਣ ਰੇਖਾ ਨਹੀਂ ਉਲੰਘ ਸਕਦਾ । ਉਹ ਜਾਣਦਾ ਅਜਿਹਾ ਕੀਤਿਆਂ ਉਹ ਅੱਗ ਵਿਚ ਭਸਮ ਹੋ ਜਾਵੇਗਾ । ਪਰ ਜਦੋਂ ਰਾਵਣ ਦੇ ਆਖਿਆਂ ਸੀਤਾ ਜੀ ਨੇ ਲਛਮਣ ਰੇਖਾ ਪਾਰ ਕੀਤੀ ਤਾਂ ਰਾਵਣ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦਾ ਤੇ...?'
ਕਹਾਣੀ ਅਜੇ ਇਥੇ ਤੱਕ ਹੀ ਪਹੁੰਚੀ ਸੀ ਕਿ ਪਿਤਾ ਜੀ ਦੀ ਆਵਾਜ਼ ਸੁਣਾਈ ਦੇਣੀ ਬੰਦ ਹੋ ਗਈ । ਅਸੀਂ ਵੇਖਿਆ ਉਨ੍ਹਾਂ ਦੀ ਅੱਖ ਲੱਗ ਗਈ ਸੀ ਤੇ ਉਹ ਸਰਹਾਣੇ 'ਤੇ ਸਿਰ ਰੱਖੀ ਸੁੱਤੇ ਪਏ ਸਨ ।
ਅਸੀਂ ਮੰਜੇ 'ਤੇ ਲੰਮੇ ਪਿਆਂ ਸ਼ਰਾਰਤੀ ਅੱਖਾਂ ਨਾਲ ਉਨ੍ਹਾਂ ਵੱਲ ਵੇਖਿਆ । ਕੁਝ ਚਿਰ ਅਸੀਂ ਦੋਵੇਂ ਅੱਖਾਂ ਵਿਚ ਮੁਸਕਰਾਉਂਦੇ ਰਹੇ ਪਰ ਫਿਰ ਮੈਂ ਪਿਤਾ ਜੀ ਵੱਲ ਮੂੰਹ ਕਰਕੇ ਪੁੱਛਿਆ, 'ਪਿਤਾ ਜੀ ਫੇਰ ਅੱਗੇ ਕੀ ਹੋਇਆ?' ਮੇਰਾ ਸਵਾਲ ਸੁਣ ਕੇ ਉਹ ਉਸੇ ਤਰ੍ਹਾਂ ਸੁੱਤੇ ਪਏ ਮੂੰਹ ਵਿਚ ਬੁੜਬੁੜਾਏ, 'ਫਿਰ ਉਸੇ ਵੇਲੇ ਸੀਤਾ ਜੀ ਨੇ ਰਾਮ ਚੰਦਰ ਜੀ ਨੂੰ ਫੋਨ ਕਰ ਦਿੱਤਾ ।'
ਉਸ ਵੇਲੇ ਅਸੀਂ ਛੋਟੇ ਸੀ ਤੇ ਨਾ ਸਮਝ ਸੀ । ਤਦ ਸਾਡਾ ਪਿਤਾ ਜੀ ਦੀ ਬੇਵਸੀ ਵੱਲ ਧਿਆਨ ਹੀ ਨਹੀਂ ਗਿਆ । ਪਿਤਾ ਜੀ ਦੇ ਮੂੰਹੋਂ ਇਹ ਸੁਣ ਅਸੀਂ ਜ਼ੋਰ-ਜ਼ੋਰ ਦੀ ਹੱਸ ਪਏ ।
ਪਰ ਅੱਜ... ਕਿੰਨੇ ਵਰ੍ਹੇ ਲੰਘ ਗਏ । ਕਿੰਨਾ ਵਕਤ ਬੀਤ ਗਿਆ, ਪਰ ਲਗਦੈ ਜਿਵੇਂ ਇਹ ਤਾਂ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ ਜਿਹੜੀ ਏਨਾ ਲੰਮਾ ਵਕਤ ਲੰਘ ਜਾਣ 'ਤੇ ਵੀ ਮੁੜ ਚੇਤੇ ਆ ਗਈ ।
ਪਿਤਾ ਜੀ ਤਾਂ ਇਸ ਵੇਲੇ ਨਹੀਂ ਰਹੇ ਪਰ ਤਾਂ ਵੀ ਇਹ ਗੱਲ ਯਾਦ ਆਉਂਦਿਆਂ ਅੱਜ ਰੋਕਦੇ-ਰੋਕਦੇ ਵੀ ਮੇਰੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਨੇ ।
ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਿਤਾ ਜੀ ਤਾਂ ਅਜੇ ਵੀ ਥੱਕੇ ਹੋਏ ਹੁਣ ਤੱਕ ਐਕਸਚੇਂਜ 'ਚ ਕੁਰਸੀ 'ਤੇ ਬੈਠੇ ਕੰਨਾਂ 'ਤੇ ਟੈਲੀਫੋਨ ਲਗਾਈ ਮਜਬੂਰੀ ਵਿਚ ਕੁਝ ਸੁਣ ਰਹੇ ਹੋਣ ਜਾਂ ਕੁਝ ਬੋਲ ਰਹੇ ਹੋਣ ।