Prakirti (Punjabi Story) : Manmohan Bawa

ਪ੍ਰਕਿਰਤੀ (ਕਹਾਣੀ) : ਮਨਮੋਹਨ ਬਾਵਾ

ਮਰਦਾ ਕੀ ਨਾ ਕਰਦਾ। ਪਰਮਾਤਮਾ ਨੇ ਜੀਵਨ ਦਿੱਤਾ ਤਾਂ ਸਮੇਂ ਤੋਂ ਪਹਿਲਾਂ ਮਰਿਆ ਵੀ ਨਹੀਂ ਜਾਂਦਾ। ਜਿਊਣ ਲਈ ਘੱਟ ਤੋਂ ਘੱਟ ਪੇਟ ਭਰ ਰੋਟੀਆਂ ਤੇ ਇੱਕ ਛੱਤ। ਇਹੀ ਤਾਂ ਹੈ ਸੰਸਾਰ। ਐੱਮ.ਏ. ਪਾਸ, ਉਹ ਵੀ ਪੰਜਾਬੀ ’ਚ, ਜਿਵੇਂ ਉਸ ਨੇ ਕੋਈ ਗੁਨਾਹ ਕਰ ਲਿਆ ਹੋਵੇ। ਦਿੱਲੀ ਸ਼ਹਿਰ ਜਿੱਥੇ ਪੰਜਾਬੀ ਵੀ ਪੰਜਾਬੀ ਬੋਲੀ ਤੋਂ ਦੂਰ ਨੱਸਦੇ। ਅੰਮ੍ਰਿਤਧਾਰੀ, ਗੁਰਮੁਖ ਸਿੱਖਾਂ ਦੇ ਬੱਚੇ ਵੀ ਅਸੀਂ ਤੁਸੀਂ ਦੀ ਬਜਾਏ ‘ਹੁਮ’, ‘ਤੁਮ’ ਬੋਲਦੇ। ਸਕੂਲਾਂ ਕਾਲਜਾਂ ’ਚ ਪੰਜਾਬੀ ਪੜ੍ਹਾਉਣ ਵਾਲੇ ਟੀਚਰ ਜ਼ਿਆਦਾ, ਵਿਦਿਆਰਥੀ ਘੱਟ। ਜੇਬ ਖਾਲੀ, ਪੇਟ ਖਾਲੀ, ਮਸਤਕ ਭਰਿਆ ਹੋਇਆ, ਸਵੈ ਅਭਿਮਾਨ ਨਾਲ, ਮਿਥਕ ਗਿਆਨ ਨਾਲ, ਆਦਰਸ਼ਾਂ ਦੇ ਭਰਮ ਨਾਲ, ਰਿਸ਼ਤੇਦਾਰਾਂ ਦੇ ਘਰ ਜਾਣ ਦੀ ਸ਼ਰਮ ਨਾਲ। ਉਹ ਕਿਸੇ ਦੇ ਘਰ ਚਲਿਆ ਜਾਂਦਾ ਤਾਂ ਡਿਨਰ ਦੇ ਟਾਈਮ ਤੋਂ ਪਹਿਲਾਂ ਹੀ ਖਿਸਕ ਜਾਂਦਾ ਤਾਂ ਕਿ ਉਸ ਨੂੰ ਬੇਕਾਰ ਸਮਝਦਿਆਂ ਉਸ ’ਤੇ ਤਰਸ ਖਾ ਕੇ ਰੋਟੀ ਹੀ ਸਾਹਮਣੇ ਨਾ ਰੱਖ ਦੇਣ ਪਰ ਮਾਂ-ਬਾਪ ਤੋਂ ਕੀ ਲੁਕਿਆ। ਸੌ-ਪੰਜਾਹ ਰੁਪਏ ਮਿਲ ਜਾਂਦੇ ਤਾਂ ਕੁਝ ਦਿਨ ਗੁਜ਼ਾਰਾ ਚਲਦਾ।

ਤੇ ਜਦ ਕਾਲਜ ਦੇ ਵੇਲੇ ਇੱਕ ਅਮੀਰ ਕਿਸਮ ਦੇ ਕਲਾਸ-ਫੈਲੋ ਨੇ ਆਪਣੇ ਪੁਰਖਿਆਂ ਦੇ ਸਿਉ ਦੇ ਬਾਗ਼ ਦੀ ਦੇਖ-ਭਾਲ ਲਈ ਆਖਿਆ ਤਾਂ ਉਸ ਤੋਂ ਹਾਂ ਕਹੇ ਬਿਨਾਂ ਨਹੀਂ ਰਿਹਾ ਗਿਆ। ਕੁਝ ਦਿਨ ਬਾਅਦ ਹੀ ਉਹ ਪਹਿਲਾਂ ਰੇਲ ਅਤੇ ਫੇਰ ਬੱਸ ਰਾਹੀਂ ਅਤੇ ਬੱਸ ਤੋਂ ਉਤਰਨ ਤੋਂ ਬਾਅਦ ਪੰਦਰਾਂ-ਵੀਹ ਕਿਲੋਮੀਟਰ ਉਤਰਾਈਆਂ-ਚੜ੍ਹਾਈਆਂ, ਨਿੱਕੇ-ਨਿੱਕੇ ਪਿੰਡਾਂ, ਜੰਗਲਾਂ ’ਚੋਂ ਲੰਘਦਾ ਹੋਇਆ ਸਿਉ ਦੇ ਉਸ ਬਾਗ਼ ’ਚ ਜਾ ਪੁੱਜਾ। ਸਿਉ ਦੇ ਰੁੱਖਾਂ ਵਿਚਕਾਰ ਘਿਰੇ ਹੋਏ ਦੋ ਮਕਾਨ, ਇੱਕ ਵੱਡਾ, ਇੱਕ ਛੋਟਾ। ਇੱਕ ਉਸ ਲਈ, ਦੂਜਾ ਚੌਕੀਦਾਰ ਲਈ। ਸਲੇਟਾਂ ਦੀ ਛੱਤ ਅਤੇ ਪੱਥਰ, ਲੱਕੜੀ ਦੀਆਂ ਕੰਧਾਂ।

ਉਸ ਦੇ ਪਹੁੰਚਣ ’ਤੇ ਅਧਖੜ੍ਹ ਉਮਰ ਦੇ ਮੋਤੀ ਰਾਮ ਚੌਕੀਦਾਰ ਦੇ ਚਿਹਰੇ ’ਤੇ ਕੁਝ ਪ੍ਰਸੰਨਤਾ, ਕੁਝ ਉਤਸੁਕਤਾ। ਪਹਿਲਾ ਨਿਗਰਾਨ (ਮੈਨੇਜਰ) ਦੋ ਸਾਲ ਪਹਿਲਾਂ ਕਾਫ਼ੀ ਦੇਰ ਬਿਮਾਰ ਰਹਿਣ ਤੋਂ ਬਾਅਦ ਇੱਥੋਂ ਚਲਾ ਗਿਆ ਅਤੇ ਕੁਝ ਦਿਨ ਬਾਅਦ ਇਸ ਦੁਨੀਆਂ ਤੋਂ ਹੀ ਕੂਚ ਕਰ ਗਿਆ ਸੀ।

ਉਸ ਨੂੰ ਭੁੱਖ ਲੱਗੀ ਹੋਈ ਸੀ। ਝੋਲੇ ’ਚੋਂ ਚੌਲ, ਦਾਲਾਂ ਆਦਿ ਦੇ ਭਰੇ ਪਾਲੀਥੀਨ ਦੇ ਲਿਫ਼ਾਫ਼ੇ ਕੱਢ ਕੇ ਉਸ ਨੇ ਚੌਕੀਦਾਰ ਨੂੰ ਖਿਚੜੀ ਬਣਾਉਣ ਲਈ ਕਿਹਾ। ਫੇਰ ਉਸ ਨੇ ਰਸੋਈ ’ਚ ਜਾ ਕੇ ਵੇਖਿਆ, ਕੰਧਾਂ ਧੰੂਏਂ ਨਾਲ ਧੁਆਂਖੀਆਂ, ਛੱਤ ’ਤੇ ਕਾਲਖ ਦੇ ਜਾਲੇ ਲਮਕਦੇ, ਇੱਕ ਪਾਸੇ ਮਿੱਟੀ ਦਾ ਚੁੱਲ੍ਹਾ, ਲੱਕੜੀਆਂ ਦਾ ਢੇਰ। ਇਸ ਦੇ ਇਲਾਵਾ ਚਿੱਬ-ਖੜੱਬੇ ਤਿੰਨ-ਚਾਰ ਡੱਬੇ, ਧੂੰਏਂ ਨਾਲ ਕਾਲਾ ਹੋਇਆ ਇੱਕ ਪਤੀਲਾ। ਮੋਤੀ ਰਾਮ ਚੌਕੀਦਾਰ ਨੇ ਦਾਲ-ਚੌਲ ਵੇਖੇ ਤਾਂ ਅੱਖਾਂ ’ਚ ਚਮਕ ਆ ਗਈ। ਸ਼ਾਇਦ ਬੜੇ ਦਿਨਾਂ ਬਾਅਦ ਵੇਖੇ ਸਨ।

ਰਾਤ ਸੌਣ ਲਈ ਦਿਆਰ ਦੇ ਫੱਟਿਆਂ ਦਾ ਬਣਿਆ ਤਖ਼ਤਪੋਸ਼, ਉਪਰ ਗੁਦੜੇ ਵਰਗੀ ਤਲਾਈ। ਚੱਦਰ ਨਦਾਰਦ; ਰਜਾਈ ਬੋਅ ਮਾਰਦੀ। ਸ਼ੁਕਰ ਇਹ ਕਿ ਉਹ ਆਪਣੇ ਨਾਲ ਇੱਕ ਲੋਈ ਲੈ ਆਇਆ ਸੀ। ਇੱਕ ਆਲੇ ’ਚ ਬਲਦੀ ਤੇਲ ਦੀ ਢਿਬਰੀ। ‘ਛੇਤੀ ਹੀ ਸ਼ਹਿਰ ਜਾ ਕੇ ਲਾਲਟੈਣ, ਚੰਗਾ ਜਿਹਾ ਬਿਸਤਰਾ ਅਤੇ ਹੋਰ ਚੀਜ਼ਾਂ ਲੈ ਕੇ ਆਵਾਂਗਾ।’ ਰਾਤ ਵੇਲੇ ਦੇਵਦਾਰ ਅਤੇ ਸਿਉ ਦੇ ਰੁੱਖਾਂ ’ਚੋਂ ਲੰਘਦੀ, ਸ਼ਾਂ-ਸ਼ਾਂ ਕਰਦੀ ਤੇਜ਼ ਹਵਾ। ਫੇਰ ਇਕਦਮ ਹਵਾ ਬੰਦ। ਉਸ ਤੋਂ ਬਾਅਦ ਐਸੀ ਖੌਫ਼ਨਾਕ ਚੁੱਪ ਕਿ ਜੇ ਰੁੱਖ ਦਾ ਪੱਤਾ ਵੀ ਡਿੱਗੇ ਤਾਂ ਸੁਣਾਈ ਦੇ ਜਾਵੇ। ਕਦੀ-ਕਦੀ ਚੁੱਪ ਨੂੰ ਚੀਰਦੀ ਕਿਸੇ ਜੰਗਲੀ ਜਾਨਵਰ ਦੀ ਆਵਾਜ਼।
ਸਵੇਰੇ ਉੱਠ ਕੇ ਵੇਖਿਆ ਤਾਂ ਮੋਤੀ ਰਾਮ ਦੇ ਚਿਹਰੇ ’ਤੇ ਸਾਫ਼ ਵਰਕੇ ਵਰਗੀ ਪ੍ਰਸੰਨਤਾ ਝਲਕ ਰਹੀ ਸੀ। ਉਸ ਨੇ ਦੱਸਿਆ ਕਿ ਐਨਾ ਸੁਆਦੀ ਖਾਣਾ ਉਸ ਨੇ ਬੜੇ ਦਿਨਾਂ ਬਾਅਦ ਖਾਧਾ ਸੀ।
‘‘ਰਾਤ ਆਵਾਜ਼ਾਂ ਕਿਸ ਦੀਆਂ ਆ ਰਹੀਆਂ ਸਨ?’’ ਉਸ ਨੇ ਪੁੱਛਿਆ।
‘‘ਭਾਲੂ, ਚੀਤੇ, ਭੇੜੀਏ, ਹੋਰ ਕਿਸ ਦੀਆਂ?’’
‘‘ਭਾਲੂ, ਚੀਤੇ?’’
‘‘ਜੀ ਸਾਹਿਬ! ਮੈਂ ਕਿਤੇ-ਕਿਤੇ ਮੱਕੀ ਬੀਜੀ ਹੋਈ ਹੈ। ਜਦ ਕੁਕੜੀਆਂ ਲੱਗਦੀਆਂ ਤਾਂ ਭਾਲੂ ਆ ਜਾਂਦਾ ਹੈ, ਖਾਣ ਲਈ। ਸਿਉ ਪੱਕਣ ’ਤੇ ਵੀ।’’

ਉਹ ਮਨ ਹੀ ਮਨ ਘਬਰਾ ਜਾਂਦਾ ਹੈ। ਤਿੰਨ-ਚਾਰ ਕਿਲੋਮੀਟਰ ਤਕ ਕੋਈ ਪਿੰਡ ਵੀ ਨਹੀਂ। ਆਲੇ-ਦੁਆਲੇ ਭਾਲੂ, ਚੀਤੇ ਤੇ ਭੇੜੀਏ। ਗੱਲਾਂ ਕਰਨ ਲਈ ਬਸ ਇਹ ਮੋਤੀ ਰਾਮ। ਕਿਵੇਂ ਕੱਟੀਆਂ ਜਾਣੀਆਂ, ਇਹ ਦਿਨ ਅਤੇ ਰਾਤਾਂ। ਅਸੀਮ ਚੁੱਪ। ਇਸ ਤੋਂ ਦਿੱਲੀ ਸ਼ਹਿਰ ’ਚ ਭੁੱਖੇ ਢਿੱਡ ਚੰਗਾ,‘‘ਬੱਸ ਛੇਤੀ ਤੋਂ ਛੇਤੀ ਇਸ ਬਾਗ਼-ਬਲਾ ਤੋਂ ਖਹਿੜਾ ਛੁਡਾ ਕੇ ਚਲਿਆ ਜਾਵਾਂਗਾ।’’ ਉਸ ਨੇ ਮਨ ਹੀ ਮਨ ਕਿਹਾ।

ਸਿਉ ਦੇ ਬੂਟਿਆਂ ਥੱਲਿਓਂ ਲੰਮਾ ਘਾਹ ਆਦਿ ਪੁੱਟਣਾ, ਬੂਟਿਆਂ ਨੂੰ ਛੰਗਾਉਣਾ, ਕੀੜੇਮਾਰ ਦਵਾਈ ਛਿੜਕਣਾ ਜਾਂ ਬਾਗ਼ ਦੇ ਆਲੇ-ਦੁਆਲੇ ਦੀ ਵਾੜ ਠੀਕ ਕਰਾਉਣੀ, ਇਸ ਦੇ ਇਲਾਵਾ ਮਾਲਕਾਂ ਵੱਲੋਂ ਉਸ ਨੂੰ ਹੋਰ ਕੰਮ ਨਹੀਂ ਸੀ। ਮੋਤੀ ਰਾਮ ਨੇ ਦੱਸਿਆ ਕਿ ਸਿਉ ਦੇ ਬੂਟਿਆਂ ’ਤੇ ਫੁੱਲ ਆਉਂਦਿਆਂ ਜਾਂ ਛੋਟੇ-ਛੋਟੇ ਸਿਉ ਲੱਗਦਿਆਂ ਕੋਈ ਨਾ ਕੋਈ ਠੇਕੇਦਾਰ ਵਪਾਰੀ ਆ ਕੇ ਬੋਲੀ ਦਿੰਦਾ ਅਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸੇ ਦੀ, ਆਪੇ ਰਾਖੀ, ਆਪਣੇ ਸਿਉ ਤੁੜਾਉਣਾ, ਪੇਟੀਆਂ ’ਚ ਭਰਨਾ ਅਤੇ ਖੱਚਰਾਂ ’ਤੇ ਲੱਦ ਕੇ ਸੜਕ ਤਕ ਪਹੁੰਚਾਉਣਾ ਆਦਿ। ਵਿਚਕਾਰ ਕਦੇ-ਕਦੇ ਮੋਤੀ ਰਾਮ ਦੀ ਕੁੜੀ ਮੰਗਲਾ ਵੀ ਆ ਜਾਂਦੀ। ਢਿੱਲੇ-ਢਾਲੇ ਕੱਪੜਿਆਂ ਕਾਰਨ ਪਤਾ ਨਾ ਲੱਗਦਾ ਕਿ ਉਹ ਪੰਦਰਾਂ-ਸੋਲ੍ਹਾਂ ਵਰ੍ਹਿਆਂ ਦੀ ਹੈ ਜਾਂ ਪੱਚੀ-ਛੱਬੀ ਦੀ। ਕਦੇ-ਕਦੇ ਉਸ ਦੇ ਮੰਜੇ (ਤਖ਼ਤਪੋਸ਼) ਕੋਲ ਜਾਂ ਬਾਹਰ ਕੁਰਸੀ ’ਤੇ ਬੈਠਿਆਂ ਮੰਗਲਾ ਵੀ ਉਸ ਕੋਲ ਗੋਡਿਆਂ ਪਰਨੇ ਆ ਬੈਠਦੀ ਅਤੇ ਬੱਚਿਆਂ ਵਾਂਗ ਭੋਲੀਆਂ-ਭੋਲੀਆਂ ਗੱਲਾਂ ਕਰਨ ਲੱਗਦੀ। ਉਸ ਨੂੰ ਵੀ ਮੰਗਲਾ ਦੇ ਆਉਣ ਨਾਲ ਘਰ-ਘਰ ਲੱਗਣ ਲੱਗਦਾ। ਕਦੇ ਕਹਿੰਦੀ, ‘‘ਐਤਕੀਂ ਜਦ ਤੁਸੀਂ ‘ਚੰਬੇ’ ਜਾਵੋ ਤਾਂ ਮੈਨੂੰ ਵੀ ਨਾਲ ਲੈ ਜਾਣਾ, ਮੈਂ ਚੰਬਾ ਨਹੀਂ ਵੇਖਿਆ।’’ ਉਹ ਸੋਚਦਾ ਇਹ ਇਨ੍ਹਾਂ ਪਰਬਤਾਂ ਦੀਆਂ ਘਾਟੀਆਂ ’ਚ ਹੀ ਸੁਰੱਖਿਅਤ ਹੈ। ਬਾਹਰਲੇ ਆਦਮੀ ਲਈ ਕਿੰਨਾ ਆਸਾਨ ਹੈ ਇਹੋ ਜਿਹੀ ਭੋਲੀ-ਭਾਲੀ ਕੁੜੀ ਨੂੰ ਫੁਸਲਾਉਣਾ। ਮੰਗਲਾ ਦੇ ਗੋਰੇ, ਖਿੜੇ ਹੋਏ ਚਿਹਰੇ ਅਤੇ ਹਾਵ-ਭਾਵ ਵੱਲ ਤੱਕਦਿਆਂ ਇੱਕ ਦੋ ਵਾਰੀ ਉਸ ਦੇ ਮਨ ’ਚ ਆਇਆ ਕਿ ਉਹ ਇਸ ਦਾ ਹੱਥ ਫੜ ਕੇ...। ਆਪ ਵੀ ਖੁਸ਼ ਅਤੇ ਇਸ ਨੂੰ ਵੀ ‘ਖੁਸ਼ੀ’ ਦੇਵੇ ਪਰ ਫੇਰ ਇਸ ਨਿਰਛਲ ਜਿਹੀ ਕੁੜੀ ਪ੍ਰਤੀ ਇਸ ਤਰ੍ਹਾਂ ਸੋਚਣ ’ਤੇ ਆਪਣੇ ਆਪ ’ਤੇ ਹੀ ਲਾਹਣਤਾਂ ਪਾਉਣ ਲੱਗਦਾ।

ਸਮਾਂ ਬਿਤਾਉਣ ਲਈ ਉਹ ਇੱਕ ਵਾਰੀ ਦਿੱਲੀ ਜਾ ਕੇ ਕਾਫ਼ੀ ਸਾਰੀਆਂ ਕਿਤਾਬਾਂ, ਟੇਪ ਰਿਕਾਰਡਰ, ਟੇਪ ਅਤੇ ਇੱਥੇ ਕੰਮ ਆਉਣ ਵਾਲੀਆਂ ਹੋਰ ਚੀਜ਼ਾਂ ਵੀ ਲੈ ਆਇਆ। ਸਵੇਰ-ਸ਼ਾਮ ਸੈਰ ਕਰਦਿਆਂ ਆਲੇ-ਦੁਆਲੇ ਦੇ ਪਰਬਤਾਂ ਜੰਗਲਾਂ ਵੱਲ ਨਿਕਲ ਜਾਂਦਾ। ਬਾਗ਼ ਤੋਂ ਜ਼ਰਾ ਕੁ ਦੂਰ, ਇੱਕ ਉਤਰਾਈ ਉਤਰ ਕੇ ਇੱਕ ਛੋਟੀ ਜਿਹੀ ਨਦੀ ਵੀ ਸੀ। ਕੱਪੜੇ ਉਤਾਰ ਕੇ ਕਿਸੇ ਚੱਟਾਨ ’ਤੇ ਲੰਮਾ ਪੈ ਕੇ ਧੁੱਪ ਸੇਕਦਾ ਅਤੇ ਪਿੰਡਾ ਗਰਮ ਹੋਣ ’ਤੇ ਠੰਡੇ ਪਾਣੀ ’ਚ ਜਾ ਵੜਦਾ। ਕਦੇ ਤ੍ਰੰਗਲੀ (ਲੱਕੜੀ ਦੇ ਬਾਲੇ ਸੁੱਟ ਕੇ ਬਣਾਇਆ ਕੰਮ ਚਲਾਊ ਪੁਲ) ਪਾਰ ਕਰਕੇ ਦੂਜੇ ਪਾਰ ਚਲਿਆ ਜਾਂਦਾ। ਉਸ ਪਾਰ ਕੁਝ ਪਿੰਡ ਢਲਾਣਾਂ, ਚਰਾਂਦਾਂ ਅਤੇ ਕਿਤੇ-ਕਿਤੇ ਗੁੱਜਰਾਂ ਦੇ ਵੱਡੇ-ਵੱਡੇ ਕੋਠੇ ਜਿੱਥੇ ਉਹ ਗਰਮੀਆਂ ’ਚ ਆ ਡੇਰਾ ਜਮਾਉਂਦੇ ਅਤੇ ਸਰਦੀਆਂ ’ਚ ਆਪਣੀਆਂ ਮੱਝਾ ਲੈ ਕੇ ਪੰਜਾਬ ਦੇ ਮੈਦਾਨਾਂ ’ਚ ਚਲੇ ਜਾਂਦੇ। ਇਨ੍ਹਾਂ ਦੇ ਉਲਟ ਗੱਦੀ ਚਰਵਾਹੇ ਆਪਣੀਆਂ ਭੇਡਾਂ ਦੇ ਇੱਜੜਾਂ ਨਾਲ ਖੁੱਲ੍ਹੇ ਮੈਦਾਨਾਂ ਜਾਂ ਕਿਸੇ ਚੱਟਾਨ ਦੀ ਓਟ ’ਚ ਆਪਣੇ ਡੇਰੇ ਜਮਾਈ ਦਿਸਦੇ। ਰਾਤ ਨੂੰ ਵੀ ਖੁੱਲ੍ਹੇ ’ਚ ਹੀ ਸੌਂਦੇ। ਪਿੰਡਾਂ ਦੁਆਲੇ ਪੌੜੀਆਂ ਵਰਗੇ ਖੇਤ, ਪਿੰਡ ਦੀਆਂ ਸੁਆਣੀਆਂ ਸਿਰ ’ਤੇ ਗਾਗਰਾਂ ਚੁੱਕੀ ਚਸ਼ਮਿਆਂ ਤੋਂ ਪਾਣੀ ਭਰ ਕੇ ਲਿਆਉਂਦੀਆਂ ਦਿਸਦੀਆਂ।
ਹੌਲੀ-ਹੌਲੀ ਉਸ ਨੂੰ ਇਹ ਸਭ ਕੁਝ ਚੰਗਾ ਲੱਗਣ ਲੱਗਾ। ਉਨ੍ਹਾਂ ਨਾਲ ਗੱਲਾਂ ਕਰਦਿਆਂ ਉਨ੍ਹਾਂ ਨੂੰ ਆਪਣੇ-ਆਪਣੇ ਕੰਮਾਂ ’ਚ ਰੁੱਝਿਆਂ ਜਾਂ ਸ਼ਾਂਤੀ ਨਾਲ ਹੁੱਕਾ ਪੀਂਦਿਆਂ ਵੇਖਦਿਆਂ। ਦਿਨ ਮਹੀਨੇ ਬੀਤਦੇ ਗਏ ਅਤੇ ਪ੍ਰਕਿਰਤੀ ਦੀ ਇਹ ਮਾਇਆ ਉਸ ਨੂੰ ਆਪਣੇ ਵਿੱਚ ਸਮਾਉਂਦੀ ਗਈ। ਦੇਵਦਾਰ ਦੇ ਜੰਗਲਾਂ, ਨੀਲੇ ਆਕਾਸ਼ ’ਚ ਉਡਦੇ ਪੰਛੀਆਂ, ਰਾਤ ਦੇ ਸੰਨਾਟੇ ’ਚ ਕਿਸੇ ਜੰਗਲੀ ਜਾਨਵਰ ਦੀ ਖਾਮੋਸ਼ੀ ਨੂੰ ਚੀਰਦੀ ਆਵਾਜ਼ ’ਚ ਐਸਾ ਕੀ ਜਾਦੂ ਸੀ? ਉਹ ਆਪ ਨਹੀਂ ਸੀ ਸਮਝ ਸਕਿਆ। ਹੁਣ ਇਹ ਸਭ ਕੁਝ ਛੱਡ ਕੇ ਦਿੱਲੀ ਵਰਗੇ ਮਹਾਨਗਰ ਦੀ ਭੀੜ-ਭਾੜ, ਇੱਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਨਾ ਮੁੱਕਣ ਵਾਲੀ ਦੌੜ, ਸ਼ੋਰ-ਸ਼ਰਾਬੇ ’ਚ ਮੁੜ ਚਲੇ ਜਾਣ ਦੇ ਵਿਚਾਰ ਤੋਂ ਹੀ ਉਸ ਦਾ ਜੀਅ ਘਬਰਾਉਣ ਲੱਗਦਾ।

+++
ਢਾਈ ਤਿੰਨ ਵਰ੍ਹੇ ਬੀਤ ਗਏ। ਇਸ ਵਿਚਕਾਰ ਉਹ ਇਸ ਵਾਦੀ ਦੀ ਹਰ ਨੁੱਕਰ, ਹਰ ਝਰਨੇ, ਹਰ ਪਰਬਤ ਨਾਲ ਵਾਕਫ਼ ਹੋ ਗਿਆ। ਉਸ ਨੂੰ ਲੱਗਣ ਲੱਗਾ ਜਿਵੇਂ ਉਸ ਨੂੰ ਆਪਣੀ ਮਨਪਸੰਦ ਦੀ ਚਾਲ ਅਤੇ ਮਾਹੌਲ ਵਾਲਾ ਜੀਵਨ ਪ੍ਰਾਪਤ ਹੋ ਗਿਆ ਹੋਵੇ। ਉਨ੍ਹਾਂ ਲੋਕਾਂ ਦੇ (ਜਿਸ ਵਿੱਚ ਪਹਿਲਾਂ ਉਹ ਆਪ ਵੀ ਸ਼ਾਮਲ ਸੀ) ਜੀਵਨ ਢੰਗ ਤੋਂ ਚੰਗੇਰਾ, ਜੋ ਆਪਣਾ ਸਮਾਂ ਬਿਤਾਉਣ ਲਈ ਟੀ.ਵੀ. ਸਿਨੇਮਾ ਅਤੇ ਫਜ਼ੂਲ ਦੀਆਂ ਗੱਪਾਂ-ਸ਼ੱਪਾਂ ਦੀਆਂ ਮਹਿਫ਼ਿਲਾਂ ਵੱਲ ਵੇਖਦੇ ਸਨ। ਹੁਣ ਇਹ ਪਰਬਤਾਂ ਦਾ ਥੀਏਟਰ ਹੀ ਉਸ ਦਾ ਮਨ ਪਰਚਾਵਾ ਸੀ। ਸਵੇਰੇ ਉਠਦਿਆਂ ਹੀ ਆਪਣੀ ਬਾਰੀ ’ਚੋਂ ਸ਼ਿਵ ਪਰਬਤ ਪਿੱਛਿਓਂ ਨਿਕਲਦਾ ਸੂਰਜ, ਦੇਵਦਾਰ ਦੀਆਂ ਢਲਾਨਾਂ, ਚਹਿਚਹਾਉਂਦੇ ਪੰਛੀਆਂ, ਕਲ-ਕਲ ਕਰਦੇ ਚਸ਼ਮਿਆਂ ਵੱਲ ਵੇਖ ਕੇ ਉਸ ਦੇ ਮਨ ’ਚ ਉੱਠਦਾ ਕਿ ਇਸ ਤੋਂ ਜ਼ਿਆਦਾ ਆਕਰਸ਼ਕ ਦ੍ਰਿਸ਼ ਹੋਰ ਕੀ ਹੋ ਸਕਦਾ ਹੈ? ਇੱਥੇ ਪੁਸਤਕਾਂ ਪੜ੍ਹਨ ਦਾ ਵੀ ਮਜ਼ਾ ਹੋਰ ਤਰ੍ਹਾਂ ਜਿਵੇਂ ਨਵੇਂ ਵਿਚਾਰਾਂ ਦਾ ਅੰਮ੍ਰਿਤ ਮਸਤਕ ’ਚ ਘੁਲ ਰਿਹਾ ਹੋਵੇ।
ਬਹੁਤ ਦਿਨਾਂ ਤੋਂ ਉਹ ਦੂਰ ਦਿਸਦੇ ‘ਸ਼ਿਵ ਪਰਬਤ’ ਦੇ ਪੈਰਾਂ ਤੱਕ ਜਾਣ ਦਾ ਵਿਚਾਰ ਬਣਾ ਰਿਹਾ ਸੀ। ਫੇਰ ਕਦੇ, ਅਗਲੇ ਹਫ਼ਤੇ ਕਰਦਿਆਂ-ਕਰਦਿਆਂ ਗਰਮੀਆਂ ਨਿਕਲ ਜਾਂਦੀਆਂ ਅਤੇ ਹਿਮਪਾਤ ਸ਼ੁਰੂ ਹੋ ਜਾਂਦਾ। ਸ਼ਿਵ ਪਰਬਤ ਦੇ ਇੱਕ ਪਾਸੇ ਇੱਕ ਘਾਟੀ (ਦੱਰਾ) ਵੀ ਸੀ, ਜਿਸ ਥਾਣੀ ਹੋ ਕੇ ਸਥਾਨਕ ਅਤੇ ਸਰਕਾਰੀ ਕਰਮਚਾਰੀ ਗਰਮੀਆਂ ’ਚ ਇਸ ਵਾਦੀ ਤੋਂ ਉਸ ਪਾਰ ਵਾਲੀ ਵਾਦੀ ’ਚ ਜਾਂਦੇ ਰਹਿੰਦੇ ਸਨ। ਥੋੜ੍ਹੀ ਬਹੁਤ ਆਵਾਜਾਈ ਵੀ ਸ਼ੁਰੂ ਹੋ ਜਾਂਦੀ।

ਬਰਫ਼ ਪਿਘਲਣ ਤੋਂ ਕੁਝ ਦਿਨ ਬਾਅਦ ਉਹ ਆਪਣੇ ਪਿੱਠੂ ’ਚ ਕੁਝ ਖਾਣ-ਪੀਣ ਦਾ ਸਾਮਾਨ ਅਤੇ ਕੰਬਲ ਆਦਿ ਰੱਖ ਕੇ ਸ਼ਿਵ ਪਰਬਤ ਵੱਲ ਤੁਰ ਪੈਂਦਾ ਹੈ। ਮੋਤੀ ਰਾਮ ਨੂੰ ਨਾਲ ਚੱਲਣ ਤੋਂ ਮਨ੍ਹਾਂ ਕਰ ਦਿੰਦਾ ਹੈ ਕਿਉਂਕਿ ਉਹ ਬਿਨਾਂ ਕਿਸੇ ਵਿਘਨ ਦੇ ਪੱਥ ਅਤੇ ਪ੍ਰਕਿਰਤੀ ਨਾਲ ਮੂਕ ਵਾਰਤਾਲਾਪ ਕਰਨਾ ਚਾਹੁੰਦਾ ਹੈ; ਇਸ ਭਾਵੀ ਤੋਂ ਬੇਖ਼ਬਰ ਕਿ ‘ਪ੍ਰਕਿਰਤੀ’ ਨਾਂ ਦੀ ਕੋਈ ਸੱਚਮੁੱਚ ਹੀ ਕਿਤੇ ਰਸਤੇ ’ਚ ਬੈਠੀ ਜਿਵੇਂ ਉਸੇ ਦੀ ਹੀ ਉਡੀਕ ਕਰ ਰਹੀ ਹੋਵੇ। ਕੁਝ ਰਸਤਾ ਉਸ ਨੇ ਪਹਿਲਾਂ ਹੀ ਵੇਖਿਆ ਹੋਇਆ। ਉਸ ਤੋਂ ਅੱਗੇ ਦੇ ਰਸਤੇ, ਗੁਫਾਫਾਂ, ਸਰੋਵਰਾਂ ਬਾਰੇ ਮੋਤੀ ਰਾਮ ਨੇ ਦੱਸ ਹੀ ਦਿੱਤਾ ਸੀ।

ਵਿਚਕਾਰ ਉਹ ਦਿੱਲੀ ਜਾ ਕੇ ਆਪਣੇ ਦੋਸਤ ਕੋਲੋਂ ਉਸ ਦਾ ਵਧੀਆ ਕੈਮਰਾ ਮੰਗ ਲਿਆਇਆ ਸੀ। ਇਸ ਨਾਲ ਟੈਲੀ-ਲੈਂਸ ਵੀ ਸੀ, ਜਿਸ ਦੁਆਰਾ ਦੂਰ ਬੈਠੇ ਪੰਛੀਆਂ, ਜਾਨਵਰਾਂ ਦੀ ਫੋਟੋ ਵੀ ਖਿੱਚੀ ਜਾ ਸਕਦੀ ਸੀ। ਹੁਣ ਸ਼ਿਵ ਪਰਬਤ ਵੱਲ ਜਾਣ ਦਾ ਇੱਕ ਫੌਰੀ ਕਾਰਨ ਇਹ ਵੀ ਸੀ ਕਿ ਇੱਕ ਬਰਫ਼ਾਨੀ ਚੀਤਾ ਨਾਲ ਲੱਗਦੇ ਲੇਹ-ਲੱਦਾਖ ਦੇ ਪਰਬਤਾਂ ਵੱਲੋਂ ਇਸ ਪਾਸੇ ਆ ਗਿਆ ਹੋਇਆ ਸੀ। ਜਦ ਕਦੇ ਖਾਣ ਲਈ ਉਪਰ ਕੁਝ ਨਾ ਮਿਲਦਾ ਤਾਂ ਕਦੇ-ਕਦੇ ਥੱਲੇ ਵੀ ਆ ਜਾਂਦਾ ਅਤੇ ਕੋਈ ਬੱਕਰੀ ਜਾਂ ਛੋਟਾ ਜਾਨਵਰ ਚੁੱਕ ਕੇ ਲੈ ਜਾਂਦਾ। ਸਰਦੀਆਂ ਦੀ ਰੁੱਤ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਇਸ ਚੀਤੇ ਨੂੰ ਆਪਣੇ ਬਾਗ਼ ਤੋਂ ਕਾਫ਼ੀ ਦੂਰ ਇੱਕ ਚੱਟਾਨ ’ਤੇ ਖੜ੍ਹੇ ਵੇਖਿਆ ਸੀ। ਚਿੱਟੀ ਚਮੜੀ ਉਪਰ ਗੂੜ੍ਹੇ ਲਾਖੇ ਰੰਗ ਦੇ ਧੱਬੇ, ਸਰੀਰ ਕੁਝ-ਕੁਝ ਸ਼ੇਰ ਵਰਗਾ। ਉਹ ਡਰ ਕੇ ਨੱਸ ਜਾਣ ਦੀ ਬਜਾਏ ਹੌਲੀ-ਹੌਲੀ, ਰੁੱਖਾਂ, ਚੱਟਾਨਾਂ ਪਿੱਛੇ ਲੁਕਦਿਆਂ ਉਸ ਵੱਲ ਵਧਦਾ ਰਿਹਾ। ਡਰਿਆ ਇਸ ਕਰਕੇ ਨਹੀਂ ਕਿ ਹਾਲੇ ਤਕ ਕਿਸੇ ਬਰਫ਼ਾਨੀ ਚੀਤੇ ਨੂੰ ਕਿਸੇ ਆਦਮੀ ’ਤੇ ਹਮਲਾ ਕਰਨ ਬਾਰੇ ਨਹੀਂ ਸੀ ਸੁਣਿਆ। ਆਦਮੀ ਤੋਂ ਖ਼ਤਰਨਾਕ ਜੀਵ ਇਸ ਧਰਤੀ ’ਤੇ ਭਲਾ ਹੋਰ ਕੌਣ? ਚੀਤੇ ਦੀ ਨਜ਼ਰ ਵੀ ਉਸ ’ਤੇ ਪਈ। ਉਹ ਕਿਸੇ ਰਹੱਸਮਈ ਜੀਵ ਵਾਂਗ ਲੋਪ ਹੋ ਗਿਆ। ਉਸ ਨੂੰ ਇਹੀ ਅਫ਼ਸੋਸ ਕਿ ਉਸ ਕੋਲ ਉਸ ਵੇਲੇ ਕੈਮਰਾ ਨਹੀਂ ਸੀ।

ਉਹ ਤ੍ਰੰਗਲੀ ਪਾਰ ਕਰਕੇ ਚੜ੍ਹਾਈਆਂ ਉਤਰਾਈਆਂ ਚੜ੍ਹਦਾ ਉਤਰਦਾ ਸ਼ਿਵ ਪਰਬਤ ਵੱਲ ਜਾਣ ਵਾਲੀ ਪਗਡੰਡੀ ’ਤੇ ਤੁਰਦਾ ਜਾ ਰਿਹਾ ਹੈ। ਰਸਤੇ ਵਿੱਚ ਪਹਿਲਾਂ ਹੀਰ ਵਰਗੀ ਇੱਕ ਸੋਹਣੀ ਜਿਹੀ ਗੁੱਜਰ ਕੁੜੀ ਮਿਲਦੀ ਹੈ; ਫੇਰ ਇੱਕ ਲੱਕੜਹਾਰਾ। ਦੁਪਹਿਰ ਦੇ ਨੇੜੇ-ਤੇੜੇ ਇੱਕ ਚੜ੍ਹਾਈ ਚੜ੍ਹਨ ਤੋਂ ਬਾਅਦ ਇੱਕ ਝਰਨੇ ਦੇ ਕੰਢੇ ਉਹ ਕੁਝ ਲੋਕਾਂ ਨੂੰ ਬੈਠਿਆਂ ਵੇਖਦਾ ਹੈ। ਤਿੰਨ ਪਹਾੜੀ ਕੁਲੀ, ਇੱਕ ਸ਼ਹਿਰੀ ਆਦਮੀ ਤੇ ਇੱਕ ਤੀਵੀਂ। ਆਦਮੀ ਦੀ ਆਯੂ ਬੱਤੀ-ਤੇਤੀ ਦੇ ਲਗਪਗ ਅਤੇ ਤੀਵੀਂ ਦੀ ਵੀਹ ਤੋਂ ਪੰਝੀ ਵਿਚਕਾਰ। ਆਦਮੀ ਆਪਣੀ ਉਮਰ ਤੋਂ ਜ਼ਿਆਦਾ ਦਾ ਦਿਸ ਰਿਹਾ ਹੈ ਅਤੇ ਤੀਵੀਂ ਉਮਰ ਤੋਂ ਘੱਟ ਜਿਸ ਨੂੰ ਤੀਵੀਂ ਦੀ ਬਜਾਏ ਕੁੜੀ ਕਹਿਣਾ ਬਿਹਤਰ ਹੋਵੇਗਾ।

ਕੁੜੀ ਇਨ੍ਹਾਂ ਤੋਂ ਕੁਝ ਦੂਰ ਇੱਕ ਚੱਟਾਨ ’ਤੇ ਖੜ੍ਹੀ ਹਿਮ-ਪਰਬਤਾਂ ਵੱਲ ਵੇਖ ਰਹੀ ਹੈ। ਜਦੋਂ ਉਸ ਨੇ ‘ਹੈਲੋ’ ਕਹਿ ਕੇ ਕੁੜੀ ਨੂੰ ਬੁਲਾਇਆ ਤਾਂ ਕੁੜੀ ਵੀ ਗਰਦਨ ਘੁਮਾ ਕੇ ਉਸ ਵੱਲ ਤੱਕਦੀ ਹੈ। ਫੇਰ ਚੱਟਾਨ ਤੋਂ ਬੜੀ ਫੁਰਤੀ ਨਾਲ ਛਾਲ ਮਾਰ ਕੇ ਪੱਥਰ ਰੱਖ ਕੇ ਬਣਾਏ ਚੁੱਲ੍ਹੇ ਕੋਲ ਆ ਖੜ੍ਹੀ ਹੁੰਦੀ ਹੈ। ਉਹ ਉਸ ਵੱਲ ਤੱਕ ਕੇ ਹੌਲੀ ਦੇਣੀ ਹੈਲੋ ਕਹਿੰਦੀ ਹੈ ਅਤੇ ਮੁੜ ਦੂਰ ਦਿਸਦੀ ਸ਼ਿਵ ਪਰਬਤ ਦੀ ਚੋਟੀ ਵੱਲ ਤੱਕਣ ਲੱਗਦੀ ਹੈ।

‘‘ਤੁਸੀਂ ਕਿੱਧਰ ਜਾ ਰਹੇ?’’ ਉਹ ਪੁੱਛਦਾ ਹੈ। ਉਹ ਜਾਣਦਾ ਹੈ ਕਿ ਕਿਸੇ ਸਰਕਾਰੀ ਕਰਮਚਾਰੀ ਦੀ ਬਦਲੀ ਉਸ ਪਾਸੇ ਹੋ ਜਾਣ ’ਤੇ ਉਸ ਨੂੰ ਇਸ ਪਾਸਿਓਂ ਹੋ ਕੇ ਹੀ ਜਾਣਾ ਪੈਂਦਾ ਹੈ।
‘‘ਪਤਾ ਨਹੀਂ ਕੀ ਪਾਪ ਕੀਤੇ ਸੀ ਪਿਛਲੇ ਜਨਮ ’ਚ ਕਿ ਉਸ ਪਾਸੇ ਦੀ ਬਦਲੀ ਹੋ ਗਈ।’’ ਉਹ ਬਾਊ ਵੇਦ ਪ੍ਰਕਾਸ਼ ਕੁਝ ਖਿਝਿਆ-ਖਿਝਿਆ ਬੋਲਦਾ ਹੈ, ‘‘ਬਸ ਸਜ਼ਾ ਭੁਗਤਣ ਜਾ ਰਹੇ ਹਾਂ।’’

ਪਰ ਇਸ ਦੇ ਉਲਟ ਉਸ ਦੀ ਪਤਨੀ ‘ਪ੍ਰਕਿਰਤੀ’ ਬਹੁਤ ਖੁਸ਼ ਅਤੇ ਚੜ੍ਹਦੀਆਂ ਕਲਾਂ ’ਚ ਨਜ਼ਰ ਆ ਰਹੀ ਹੈ। ‘‘ਕੀ ਉਹੀ ਹੈ ਸ਼ਿਵ ਪਰਬਤ?’’ ਪ੍ਰਕਿਰਤੀ ਉਸ ਵੱਲ ਤੱਕਦਿਆਂ ਪੁੱਛਦੀ ਹੈ। ਉਸ ਕੋਲ ਬਹੁਤ ਘੱਟ ਸਾਮਾਨ ਅਤੇ ਇਕੱਲਿਆਂ ਹੋਣ ਕਰਕੇ ਪ੍ਰਕਿਰਤੀ ਨੇ ਅਨੁਮਾਨ ਲਾਇਆ ਸੀ ਕਿ ਉਹ ਕਿਤੇ ਇੱਥੋਂ ਦਾ ਹੀ ਰਹਿਣ ਵਾਲਾ ਹੈ।
‘‘ਹਾਂ, ਉਹੀ ਹੈ ਸ਼ਿਵ ਪਰਬਤ।’’
‘‘ਅਤੇ ਸਾਡਾ ਰਸਤਾ ਉਸੇ ਪਾਸਿਓਂ ਹੋ ਕੇ ਨਿਕਲੇਗਾ?’’
‘‘ਹਾਂ, ਤਕਰੀਬਨ ਉਸ ਦੇ ਪੈਰਾਂ ’ਚੋਂ ਹੋ ਕੇ।’’
‘‘ਯਾਨੀ ਸ਼ਿਵ ਦੇ ਚਰਨਾਂ ਕੋਲੋਂ ਹੋ ਕੇ।’’ ਉਹ ਖੁਸ਼ ਹੁੰਦਿਆਂ ਕਹਿੰਦੀ ਹੈ।
‘‘ਓਥੇ ਬਰਫ਼ਾਂ ਵੀ ਹੋਣਗੀਆਂ?’’ ਬਾਊ ਡਰਿਆ ਜਿਹਾ ਹੈ।
‘‘ਇਹ ਦੋਵੇਂ ਇੱਕੋ ਸ਼ਹਿਰ, ਇੱਕੋ ਵਾਤਾਵਰਣ ਦੇ ਰਹਿਣ ਵਾਲੇ ਪਰ ਸੋਚ ਅਤੇ ਦ੍ਰਿਸ਼ਟੀਕੋਣ ਵੱਖਰਾ-ਵੱਖਰਾ।’’ ਉਹ ਸੋਚ ਰਿਹਾ ਸੀ। ਇੱਕ ਨੂੰ ਇੱਕ ਸਥਾਨ ਸਵਰਗ ਦਿਸਦਾ ਹੈ ਅਤੇ ਦੂਜੇ ਨੂੰ ਨਰਕ।
‘‘ਤੁਸੀਂ ਵੀ ਉਸੇ ਪਾਸੇ ਜਾ ਰਹੇ ਹੋ?’’ ਬਾਊ ਪੁੱਛਦਾ ਹੈ।
‘‘ਬਸ ਸ਼ਿਵ ਪਰਬਤ ਦੇ ਚਰਨਾਂ ਤਕ।’’
‘‘ਮੇਰੀ ’ਤੇ ਮਜਬੂਰੀ, ਪਰ ਤੁਸੀਂ?’’
‘‘ਬਸ ਐਵੇਂ ਹੀ। ਸਭ ਕੰਮ ਜੇ ਮਜਬੂਰੀ ਕਾਰਨ ਹੀ ਕਰਨੇ ਪੈਣ ਤਾਂ ਆਦਮੀ ਦੀ ਆਪਣੀ ਮਰਜ਼ੀ ਕੀ ਹੋਈ?’’
‘‘ਤੁਸੀਂ ਕਿਤੇ ਇੱਥੇ ਹੀ ਰਹਿੰਦੇ ਹੋ?’’ ਪ੍ਰਕਿਰਤੀ ਪੁੱਛਦੀ ਹੈ।
‘‘ਹਾਂ, ਨੇੜੇ ਹੀ ਸਿਉ ਦਾ ਬਾਗ਼ ਹੈ ਇੱਥੇ, ਉਸ ਵਿੱਚ।’’
‘‘ਵਾਹ! ਕਿੰਨੇ ਖੁਸ਼ਕਿਸਮਤ ਹੋ।’’ ਪ੍ਰਕਿਰਤੀ ਤਾੜੀ ਮਾਰਦਿਆਂ ਕਹਿੰਦੀ ਹੈ।
ਝਰਨੇ ਤੋਂ ਪਾਣੀ ਪੀ ਕੇ ਉਹ ਚੱਲਣ ਲੱਗਦਾ ਹੈ ਤਾਂ ਬਾਊ ਕਹਿੰਦਾ ਹੈ,‘‘ਐਨੀ ਛੇਤੀ ਵੀ ਕੀ। ਖਿਚੜੀ ਬਣਨ ਵਾਲੀ ਹੈ। ਖਾ ਕੇ ਇਕੱਠੇ ਚੱਲਦੇ ਹਾਂ।’’
ਪ੍ਰਕਿਰਤੀ ਹਾਂ ’ਚ ਹਾਂ ਮਿਲਾਉਂਦੀ ਹੈ।

ਖਿਚੜੀ ਖਾ ਕੇ ਉਹ ਅੱਗੇ ਵੱਲ ਤੁਰ ਪੈਂਦੇ ਹਨ। ਚੜ੍ਹਾਈ ਆਉਣ ’ਤੇ ਬਾਊ ਦਾ ਸਾਹ ਚੜ੍ਹਨ ਲੱਗਦਾ ਹੈ ਅਤੇ ਉਸ ਦੀ ਚਾਲ ਬਹੁਤ ਹੌਲੀ ਹੋ ਜਾਂਦੀ ਹੈ ਪਰ ਪ੍ਰਕਿਰਤੀ ਉਸ ਦੇ ਕਦਮ ਨਾਲ ਕਦਮ ਮਿਲਾਉਂਦੀ ਚੱਲ ਰਹੀ ਹੈ। ਜਦੋਂ ਬਾਊ ਅਤੇ ਉਨ੍ਹਾਂ ਵਿਚਕਾਰ ਫਾਸਲਾ ਵਧ ਜਾਂਦਾ ਹੈ ਤਾਂ ਉਹ ਦੋਵੇਂ ਕਿਸੇ ਚੱਟਾਨ ’ਤੇ ਬੈਠ ਕੇ ਗੱਲਾਂ ਕਰਦੇ ਅਤੇ ਬਾਊ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਦੇ ਹਨ।
‘‘ਤੁਸੀਂ ਸ਼ਹਿਰ ਦੇ ਰਹਿਣ ਵਾਲੇ ਹੋ, ਪਰ ਲੱਗਦਾ ਹੈ ਕਿ ਚੜ੍ਹਾਈ ਚੜ੍ਹਦਿਆਂ ਤੁਹਾਨੂੰ ਕੋਈ ਖਾਸ ਥਕਾਵਟ ਮਹਿਸੂਸ ਨਹੀਂ ਹੋ ਰਹੀ।’’ ਉਹ ਪ੍ਰਕਿਰਤੀ ਨੂੰ ਪੁੱਛਦਾ ਹੈ।
‘‘ਸ਼ਾਇਦ ਇਸ ਕਾਰਨ ਕਿ ਕਾਲਜ ਦੇ ਦਿਨਾਂ ’ਚ ਮੈਂ ਐਥਲੀਟ ਸਾਂ ਅਤੇ ਇਸ ਕਾਰਨ ਵੀ ਕਿ ਮੈਨੂੰ ਇਹ ਸਭ ਕੁਝ ਚੰਗਾ ਲੱਗ ਰਿਹਾ ਹੈ।’’
‘‘ਐਥਲੀਟ?’’
‘‘ਹਾਂ, ਲਾਂਗ ਜੰਪ, ਦੌੜਾਂ ਅਤੇ ਬੈਡਮਿੰਟਨ।’’

ਰੌਂਅ ’ਚ ਆ ਕੇ ਪ੍ਰਕਿਰਤੀ ਆਪਣੇ ਮੁਤੱਅਲਕ ਗੱਲਾਂ ਕਰਨ ਲੱਗਦੀ ਹੈ। ਇਸ ਤਰ੍ਹਾਂ ਦੇ ਖੁੱਲ੍ਹੇ ਵਾਤਾਵਰਨ ’ਚ ਵਿਅਕਤੀ ਦੇ ਆਪਣੇ ਅੰਦਰ ਪਈਆਂ ਕਈ ਗੰਢਾਂ ਆਪਣੇ ਆਪ ਖੁੱਲ੍ਹਣ ਲੱਗਦੀਆਂ ਹਨ। ਉਸ ਨੂੰ ਲੱਗਿਆ ਜਿਵੇਂ ਪ੍ਰਕਿਰਤੀ ਅੰਦਰ ਕੋਈ ਹੋਰ ਤਰ੍ਹਾਂ ਦੀ ਆਤਮਾ ਕੈਦ ਹੈ, ਜਿਸ ਨੂੰ ਅੱਜ ਹਵਾ ਲੱਗਣ ਦਾ ਅਵਸਰ ਮਿਲਿਆ ਹੈ।
ਸੂਰਜ ਢਲਣ ਤੋਂ ਕੁਝ ਦੇਰ ਪਹਿਲਾਂ ਪ੍ਰਕਿਰਤੀ ਉਸ ਨੂੰ ਕਹਿੰਦੀ ਹੈ, ‘‘ਲੱਗਦਾ ਹੈ ਕਿ ਅਸੀਂ ਤੁਹਾਨੂੰ ਰੋਕ ਰਹੇ ਹਾਂ।’’

ਸ਼ਾਇਦ ਉਹ ਅਨੁਭਵ ਕਰਨ ਲੱਗ ਪਈ ਸੀ ਕਿ ਉਸ ਨੂੰ ਆਪਣੇ ਬਾਊ ਨਾਲ ਤੁਰਨਾ ਚਾਹੀਦਾ ਹੈ। ਜਾਂ ਕਿਤੇ ਇਸ ਅਜਨਬੀ ਨਾਲ ਤੁਰਦਿਆਂ, ਗੱਲਾਂ ਕਰਦਿਆਂ ਵੇਖ ਕੇ ਉਹ ਬੁਰਾ ਹੀ ਮਨਾਉਣ। ਉਹ ਆਪ ਹੀ ਕਹਿੰਦਾ ਹੈ,‘‘ਹਾਂ, ਤੁਹਾਨੂੰ ਉਨ੍ਹਾਂ ਦੇ ਨਾਲ-ਨਾਲ ਚੱਲਣਾ ਚਾਹੀਦਾ ਹੈ। ਲੱਗਦਾ ਹੈ ਕਿ ਉਹ ਬਹੁਤ ਥਕਾਵਟ ਮਹਿਸੂਸ ਕਰ ਰਹੇ ਹਨ। ਅਗਲਾ ਪੜਾਅ ਬਸ ਬਹੁਤ ਨੇੜੇ ਹੀ ਹੈ। ਮੈਂ ਵੀ ਓਥੇ ਕਿਤੇ ਨੇੜੇ ਹੀ ਹੋਵਾਂਗਾ।’’ ਇਹ ਕਹਿ ਕੇ ਉਹ ਆਪਣੇ ਚੱਲਣ ਦੀ ਰਫ਼ਤਾਰ ਵਧਾਉਂਦਿਆਂ ਅੱਗੇ ਨਿਕਲ ਜਾਂਦਾ ਹੈ।

ਸੂਰਜ ਢਲਣ ਤੋਂ ਕੁਝ ਦੇਰ ਪਹਿਲਾਂ ਉਹ ਇੱਕ ਛੋਟੇ ਜਿਹੇ ਸਰੋਵਰ ਕੋਲ ਪਹੁੰਚਦਾ ਹੈ। ਇਸ ਨੂੰ ਅਪਸਰਾ ਤਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਾਲ ’ਚ ਕੋਈ ਅਪਸਰਾ ਜਾਂ ਪਰੀ ਰਹਿੰਦੀ ਹੈ ਅਤੇ ਕਈਆਂ ਨੇ ਉਸ ਨੂੰ ਵੇਖਿਆ ਵੀ ਹੈ। ਇਸ ਤਾਲ ਦੇ ਖੱਬੇ ਪਾਸੇ ਕੁਝ ਉਪਰ ਕਰਕੇ ਆਜੜੀਆਂ ਦੇ ਕੁਝ ਡੇਰੇ ਹਨ, ਚੱਟਾਨਾਂ ਦੀ ਓਟ ਵਿੱਚ। ਪਰ ਉਨ੍ਹਾਂ ਡੇਰਿਆਂ ਵੱਲ ਨਹੀਂ ਜਾਂਦਾ। ਇਸ ਦੇ ਸੱਜੇ ਪਾਸੇ ਗੁਫ਼ਾ ਵਰਗਾ ਇੱਕ ਹੋਰ ਡੇਰਾ ਹੈ, ਜਿੱਥੇ ਇੱਕ ਵਾਰੀ ਪਹਿਲਾਂ ਵੀ ਉਹ ਰਾਤ ਗੁਜ਼ਾਰ ਚੁੱਕਿਆ ਸੀ। ਉੱਥੋਂ ਖੜ੍ਹਿਆਂ ਸਵੇਰ ਵੇਲੇ ਇਸ ਸਰੋਵਰ ’ਚ ਸ਼ਿਵ ਪਰਬਤ ਦਾ ਅਕਸ ਬਹੁਤ ਪਿਆਰਾ ਲੱਗਦਾ ਹੈ। ਉਹ ਉਸ ਡੇਰੇ ’ਚ ਜਾ ਕੇ ਪਹਿਲਾਂ ਤੋਂ ਹੀ ਪਈ ਸੁੱਕੀ ਘਾਹ ’ਤੇ ਕੰਬਲ ਵਿਛਾ ਕੇ ਇੱਕ ਪਾਸੇ ਬਣੇ ਚੁੱਲ੍ਹੇ ’ਤੇ ਅੱਗ ਬਾਲਦਾ ਅਤੇ ਆਪਣੇ ਨਾਲ ਲਿਆਂਦੇ ਪਰੌਂਠੇ ਗਰਮ ਕਰਕੇ ਖਾ ਲੈਂਦਾ ਹੈ। ਪਿਛਲੀ ਵਾਰ ਆਇਆ ਤਾਂ ਕੈਮਰਾ ਉਸ ਕੋਲ ਨਹੀਂ ਸੀ। ਹੁਣ ਅਗਲੀ ਸਵੇਰ ਉਹ ਕੈਮਰਾ ਚੁੱਕ ਕੇ ਇੱਕ ਐਸੇ ਸਥਾਨ ’ਤੇ ਜਾ ਖੜ੍ਹਾ ਹੁੰਦਾ ਹੈ ਜਿੱਥੋਂ ਇਸ ਸਰੋਵਰ ’ਚ ਸ਼ਿਵ ਪਰਬਤ ਦੇ ਅਕਸ ਦੀ ਫੋਟੋ ਖਿੱਚੀ ਜਾ ਸਕੇ। ਸੂਰਜ ਨਿਕਲਿਆ ਹੋਇਆ ਅਤੇ ਉਸ ਦੀ ਕੋਸੀ-ਕੋਸੀ ਧੁੱਪ ਸਰੋਵਰ ਦੁਆਲੇ ਹਰੀਆਂ ਢਲਾਨਾਂ ’ਤੇ ਪਸਰੀ ਹੋਈ ਹੈ। ਕੈਮਰੇ ਨੂੰ ਫੋਕਸ ਕਰਕੇ ਵਿਊ-ਫਾਇੰਡਰ ’ਚ ਸਰੋਵਰ ’ਚ ਪੈ ਰਹੇ ਸ਼ਿਵ ਪਰਬਤ ਦੇ ਅਕਸ ਨੂੰ ਵੇਖਦਾ ਹੈ। ਅਕਸ ਦੇ ਨਾਲ ਹੀ ਉਹ ਇੱਕ ਹੋਰ ਆਕ੍ਰਿਤੀ ਵੇਖਦਾ ਹੈ ਜਿਵੇਂ ਉਹ ਆਕ੍ਰਿਤੀ ਸੱਚਮੁੱਚ ਹੀ ਅਪਸਰਾ ਦੀ ਹੋਵੇ। ਉਹ ਮਨ ਹੀ ਮਨ ਹੈਰਾਨ ਹੁੰਦਿਆਂ ਕੈਮਰਾ ਅੱਖਾਂ ਤੋਂ ਪਰ੍ਹਾਂ ਕਰਕੇ ਸਰੋਵਰ ਵੱਲ ਵੇਖਦਾ ਹੈ। ਸੱਚਮੁੱਚ ਹੀ ਇੱਕ ਇਸਤਰੀ ਦਾ ਆਕਾਰ ਪਾਣੀ ਵਿੱਚੋਂ ਨਿਕਲ ਕੇ ਸਰੋਵਰ ਕੰਢੇ ਇੱਕ ਚੱਟਾਨ ’ਤੇ ਖੜ੍ਹਾ ਹੋ ਜਾਂਦਾ ਹੈ। ਇਸਤਰੀ ਤਕਰੀਬਨ ਨਿਰਵਸਤਰ ਅਤੇ ਸਵੇਰ ਦੇ ਸੂਰਜ ਦੀ ਧੁੱਪ ਉਸ ਦੇ ਸਰੀਰ ਨੂੰ ਸੁਨਹਿਰੀ ਭਾਅ ਬਖਸ਼ ਰਹੀ ਹੈ। ਪਰ ਇਹ ਕੋਈ ਅਪਸਰਾ ਜਾਂ ਪਰੀ ਨਹੀਂ ਪ੍ਰਕਿਰਤੀ ਹੈ; ਜੋ ਸ਼ਿਵ ਪਰਬਤ ਵੱਲ ਅਤੇ ਫੇਰ ਸੂਰਜ ਵੱਲ ਤੱਕਦਿਆਂ ਬਾਹਵਾਂ ਪਸਾਰੀ ਜਿਵੇਂ ਆਪਣੀ ਹੀ ਮਸਤੀ ’ਚ ਝੂਮ ਰਹੀ ਹੋਵੇ, ਜਿਵੇਂ ਉਹ ਵੀ ਕੁਦਰਤ ਦੀ ਇਸ ਵਿਸ਼ਾਲਤਾ ਦਾ ਅੰਗ ਬਣ ਗਈ ਹੋਵੇ। ਸਰੋਵਰ ਦੇ ਇੱਕ ਪਾਸਿਓਂ ਕਿਤੇ ਦੂਰੋਂ ਬਰਫ਼ਾਨੀ ਚੀਤੇ ਦੀ ਗਰਜਨਾ ਉਸ ਦੇ ਕੰਨੀ ਪੈਂਦੀ ਹੈ, ਪਰਬਤਾਂ ਦੀ ਕਿਸੇ ਖਾਈ ਵਾਂਗ ਡੂੰਘੀ। ਪ੍ਰਕਿਰਤੀ ਬਿਨਾਂ ਆਪਣਾ ਨੰਗੇਜ਼ ਕੱਜੇ, ਚੀਤੇ ਦੀ ਆਵਾਜ਼ ਦੀ ਦਿਸ਼ਾ ਵੱਲ ਤੱਕਦੀ ਹੈ। ਕੁੜੀ ਦੀ ਨਜ਼ਰ ਉਸ ਉੱਤੋਂ ਲੰਘ ਕੇ ਖਿਸਕ ਜਾਂਦੀ ਹੈ। ਪ੍ਰਕਿਰਤੀ ਨੇ ਉਸ ਨੂੰ ਵੇਖਿਆ ਜਾਂ ਨਹੀਂ? ਉਹ ਸਮਝ ਨਾ ਸਕਿਆ। ਕੁਝ ਦੇਰ ਬਾਅਦ ਕੱਪੜੇ ਪਾ ਕੇ ਉਹ ‘ਨਾਇਕ’ ਦੇ ਬੂਟ ਹੱਥ ’ਚ ਚੁੱਕੀ ਹਰੀ-ਹਰੀ ਘਾਹ ’ਤੇ ਪੈਰ ਧਰਦੀ ਆਪਣੇ ਰਾਤ ਦੇ ਟਿਕਾਣੇ ਵੱਲ ਤੁਰ ਪੈਂਦੀ ਹੈ।

+++
ਅਗਲੇ ਦਿਨ ਉਹ ਪ੍ਰਕਿਰਤੀ ਅਤੇ ਉਸ ਦੇ ਪਤੀ ਦੇ ਚੱਲਣ ਤੋਂ ਪਹਿਲਾਂ ਹੀ ਤੁਰ ਪੈਂਦਾ ਅਤੇ ਦੁਪਹਿਰ ਤੋਂ ਬਾਅਦ ਸ਼ਿਵ ਪਰਬਤ ਦੇ ਪੈਰਾਂ ’ਚ ਪਹੁੰਚ ਕੇ ਵਿਸਮਤ ਅੱਖਾਂ ਨਾਲ ਸਾਹਮਣੇ ਦੇ ਦ੍ਰਿਸ਼ ਨੂੰ ਵੇਖਣ ਲੱਗਦਾ ਹੈ। ਤਿੰਨ ਪਾਸੇ ਹਰੀਆਂ-ਹਰੀਆਂ ਢਲਾਨਾਂ, ਢਲਾਨਾਂ ਤੋਂ ਉਪਰ ਬਰਫ਼ਾਨੀ ਪਰਬਤ, ਪਰਬਤਾਂ ’ਚੋਂ ਸਿਰ ਕੱਢਦਾ ਸ਼ਿਵ ਪਰਬਤ ਦਾ ਸਿਖਰ, ਬਰਫ਼ਾਂ ’ਚੋਂ ਨਿਕਲਦੇ ਦੋ ਝਰਨੇ ਜੋ ਮੈਦਾਨ ਦੇ ਦੋਹੀਂ ਪਾਸੀ ਵਗਦੇ ਦਿਸ ਰਹੇ ਹਨ।

‘‘ਵਾਹ! ਕੀ ਇਸ ਤੋਂ ਵੱਧ ਖੂਬਸੂਰਤ ਸਥਾਨ ਵੀ ਇਸ ਧਰਤੀ ’ਤੇ ਹੋ ਸਕਦਾ ਹੈ?’’ ਉਹ ਮਨ ਹੀ ਮਨ ਕਹਿੰਦਾ ਹੈ। ਮੈਦਾਨ ਦੇ ਇੱਕ ਪਾਸੇ ਤਿੰਨ-ਚਾਰ ਵੱਡੀਆਂ-ਵੱਡੀਆਂ ਚੱਟਾਨਾਂ, ਇੱਕ ਵਿਸ਼ਾਲ ਚੱਟਾਨ ਦੀ ਓਟ ’ਚ ਪੱਥਰ ਦੀਆਂ ਕੰਧਾਂ ਵਾਲਾ ਇੱਕ ਕਮਰਾ ਜਿਹਾ ਬਣਿਆ ਹੋਇਆ, ਜਿਸ ਨੂੰ ਬਹੁਤ ਵਰ੍ਹੇ ਪਹਿਲਾਂ ਸਰਕਾਰ ਨੇ ਸ਼ਿਵ ਸ਼ੰਕਰ ਘਾਟੀ ਨੂੰ ਪਾਰ ਕਰਨ ਵਾਲਿਆਂ ਲਈ ਬਣਵਾਇਆ ਹੈ। ਅੰਦਰ ਜਾ ਕੇ ਵੇਖਦਾ ਹੈ ਕਿ ਕਮਰੇ ਦੇ ਦੋਵੇਂ ਪਾਸੇ ਰੇਲਵੇ ਦੇ ਤਿੰਨ ਟੀਅਰ ਸਲੀਪਰਾਂ ਵਾਂਗ ਬੰਕਰ ਬਣੇ ਹੋਏ ਹਨ, ਲਕੜੀ ਦੇ ਫੱਟਿਆਂ ਦੇ। ਚਾਰ-ਪੰਜ ਪਹਾੜੀ ਯਾਤਰੀ ਆਪਣੇ ਮੈਲੇ-ਮੈਲੇ ਪਿੱਠੂਆਂ, ਗਠੜੀਆਂ ਸਮੇਤ ਪਹਿਲਾਂ ਹੀ ਲੱਕੜੀ ਦੇ ਫਰਸ਼ ’ਤੇ ਬੈਠੇ ਹੋਏ ਹਨ। ਕਾਲੀ ਲੰਮੀ ਜੱਤ ਵਾਲਾ ਇੱਕ ਗੱਦੀ ਕੁੱਤਾ ਵੀ ਇੱਕ ਗਠੜੀ ’ਤੇ ਆਪਣੀ ਬੂਥੀ ਟਿਕਾਈ ਲੰਮਾ ਪਿਆ ਹੈ। ਕੁੱਤਾ ਇੱਕ ਵਾਰੀ ਸਿਰ ਚੁੱਕ ਕੇ ਉਸ ਵੱਲ ਤੱਕਦਾ ਅਤੇ ਫੇਰ ਉਸੇ ਤਰ੍ਹਾਂ ਲੰਮਾ ਪੈ ਜਾਂਦਾ ਹੈ। ਉਸੇ ਵੇਲੇ ਪਰਬਤਾਂ ਪਿੱਛੋਂ ਕਾਲੇ-ਕਾਲੇ ਬੱਦਲ ਉੱਠਦੇ ਅਤੇ ਆਕਾਸ਼ ’ਚ ਪਸਰ ਜਾਂਦੇ ਹਨ। ਠੰਡ ਇਕਦਮ ਵਧ ਜਾਂਦੀ ਹੈ। ਉਂਜ ਵੀ ਇਹ ਸਥਾਨ ਗਿਆਰਾਂ-ਬਾਰਾਂ ਹਜ਼ਾਰ ਫੁੱਟ ਉੱਚਾ ਹੈ। ਆਪਣਾ ਪਿੱਠੂ ਇੱਕ ਬੰਕਰ ’ਤੇ ਰੱਖ ਕੇ ਉਹ ਬਦਲਦੇ ਮੌਸਮ ਵੱਲ ਤੱਕਣ ਲੱਗਦਾ ਹੈ। ਕੁਝ ਦੇਰ ਬਾਅਦ ਪ੍ਰਕਿਰਤੀ ਅਤੇ ਉਸ ਦਾ ਪਤੀ ਆਪਣੇ ਤਿੰਨ ਕੁਲੀਆਂ ਸਮੇਤ ਅੰਦਰ ਆ ਵੜਦੇ ਹਨ। ਬਾਹਰ ਥੋੜ੍ਹੀ-ਥੋੜ੍ਹੀ ਕਿਣਮਿਣ ਹੋਣ ਕਾਰਨ ਥੋੜ੍ਹੇ ਜਿਹੇ ਭਿੱਜੇ ਹੋਏ। ਬਾਊ ਵੇਦ ਪ੍ਰਕਾਸ਼ ਅੰਦਰ ਆਉਂਦਿਆਂ ਹੀ ਆਪਣੇ ਆਪ ਨੂੰ ਭੁੰਜੇ ਸੁੱਟਦਿਆਂ ਬੁੜ-ਬੁੜ ਕਰਦਾ ਹੈ,

‘‘ਓਏ ਦੇਬੂ, ਲੱਕੜੀਆਂ ਇੱਕਠੀਆਂ ਕਰਕੇ ਛੇਤੀ ਨਾਲ ਅੱਗ ਬਾਲ।’’
ਫੇਰ ਪ੍ਰਕਿਰਤੀ ਨੂੰ ਝੋਲੇ ’ਚੋਂ ਬੋਤਲ ਕੱਢਣ ਲਈ ਕਹਿੰਦਾ ਹੈ। ‘‘ਓਹ! ਠੰਡ ਨਾਲ ਜਾਨ ਨਿਕਲਦੀ ਜਾ ਰਹੀ ਹੈ।’’ ਲੱਕੜਾਂ ਇਕੱਠੀਆਂ ਕਰਨ ਦੀ ਲੋੜ ਨਹੀਂ ਪਈ। ਠੰਡ ਦਾ ਅੰਦਾਜ਼ਾ ਲਾਉਂਦਿਆਂ ਪਹਿਲਾਂ ਆਉਣ ਵਾਲੇ ਯਾਤਰੀਆਂ ਨੇ ਇਕੱਠੀਆਂ ਕਰ ਲਈਆਂ ਹੋਈਆਂ ਹਨ। ਕੁਝ ਦੇਰ ਬਾਅਦ ਹੀ ਕੰਧ ’ਚ ਬਣੀ ਫਾਇਰ ਪਲੇਸ (ਅੰਗੀਠੀ ਜਿਹੀ) ’ਚ ਅੱਗ ਬਲਣ ਲੱਗਦੀ ਹੈ।

‘‘ਤੁਸੀਂ ਅੱਗੇ-ਅੱਗੇ ਚਲੇ ਆਏ?’’ ਪ੍ਰਕਿਰਤੀ ਦੇ ਬੋਲਾਂ ’ਚ ਥੋੜ੍ਹਾ ਜਿਹਾ ਗਿਲਾ ਹੈ।
‘‘ਮੈਨੂੰ ਲੱਗਿਆ ਕਿ ਤੁਹਾਨੂੰ ਤੁਰਦਿਆਂ ਦੇਰ ਹੋ ਜਾਵੇਗੀ। ਮੈਂ ਰਸਤੇ ’ਚ ਕੁਝ ਫੋਟੋ ਖਿੱਚਣੀਆਂ ਸਨ। ਸ਼ਿਵ ਪਰਬਤ ਦੀਆਂ ਅਤੇ ਜੇ ਕੋਈ ਜੰਗਲੀ ਜਾਨਵਰ ਜਾਂ ਬਰਫ਼ਾਨੀ ਚੀਤਾ ਮਿਲੇ ਤਾਂ ਉਸ ਦੀਆਂ।’’
‘‘ਤਾਂ ਫੇਰ ਖਿੱਚ ਲਈਆਂ ਫੋਟੋਆਂ?’’ ‘‘ਹਾਂ, ਚੰਗਾ ਹੀ ਹੋਇਆ ਨਹੀਂ ਤਾਂ ਸ਼ਿਵ ਪਰਬਤ ਨੂੰ ਬੱਦਲਾਂ ਨੇ ਢੱਕ ਲੈਣਾ ਸੀ। ਤੁਸੀਂ ਵੇਖ ਹੀ ਰਹੇ ਹੋ।’’ ਕੁਝ ਦੇਰ ਬਾਅਦ ਬਾਹਰ ਹਲਕੀ ਹਲਕੀ ਬਰਫ਼ ਪੈਣ ਲੱਗਦੀ ਹੈ; ਰੂੰ ਦੇ ਫੰਬਿਆਂ ਵਾਂਗ, ਉਹ ਅਤੇ ਪ੍ਰਕਿਰਤੀ ਵਿਸਮਤ ਅੱਖਾਂ ਨਾਲ ਬਾਹਰ ਵੱਲ ਤੱਕਦੇ ਹਨ। ਹੌਲੀ-ਹੌਲੀ ਡਿੱਗਦੀ ਬਰਫ਼ ਨਾਲ ਪਹਿਲਾਂ ਘਾਹ, ਫੇਰ ਪੱਥਰ ਅਤੇ ਫੇਰ ਸਭ ਕੁਝ ਢੱਕਿਆ ਜਾਂਦਾ ਹੈ। ਗੁਫ਼ਾਨੁਮਾ ਕਮਰੇ ਅੰਦਰ ਲੱਕੜੀਆਂ ’ਚੋਂ ਨਿਕਲਦੀਆਂ ਅੱਗ ਦੀਆਂ ਲਾਟਾਂ, ਲਾਟਾਂ ਦੀ ਮੱਧਮ-ਮੱਧਮ ਲੋਅ, ਪਹਾੜੀ ਯਾਤਰੀ, ਜੱਤ ਵਾਲਾ ਕੁੱਤਾ ਅਤੇ ਇਹ ਬਰਫ਼ਬਾਰੀ! ਉਸ ਨੂੰ ਇਹ ਸਾਰਾ ਕੁਝ ਅਲੌਕਿਕ, ਰਹੱਸਮਈ ਲੱਗ ਰਿਹਾ ਹੈ। ਪ੍ਰਕਿਰਤੀ ਵੀ ਪਹਿਲਾਂ ਬਾਹਰ ਵੇਖਦੀ ਅਤੇ ਉਸ ਦੇ ਬੁੱਲ੍ਹਾਂ ’ਤੇ ਵੀ ਆਨੰਦ ਭਰੀ ਮੁਸਕਰਾਹਟ ਖਿੰਡ ਜਾਂਦੀ ਹੈ। ਘੰਟੇ ਕੁ ਬਾਅਦ ਹੀ ਬਰਫ਼ਬਾਰੀ ਰੁਕਦੀ ਅਤੇ ਆਕਾਸ਼ ਮੁੜ ਸਾਫ਼ ਹੋ ਜਾਂਦਾ ਹੈ। ਇਸ ਤਰ੍ਹਾਂ ਜਿਵੇਂ ਬੱਦਲ ਉਨ੍ਹਾਂ ਨੂੰ ਇੱਕ ਅਲੌਕਿਕ ਨਜ਼ਾਰਾ ਵਿਖਾਉਣ ਹੀ ਆਏ ਹੋਣ। ਇਸ ਸੁਪਨਮਈ ਵਾਤਾਵਰਣ ਨੂੰ ਹੋਰ ਗੂੜ੍ਹਾ ਕਰਦਿਆਂ ਬਰਫ਼ਾਨੀ ਚੀਤੇ ਦੀ ਆਵਾਜ਼ ਵਾਯੂਮੰਡਲ ’ਚ ਗੂੰਜ ਉੱਠਦੀ ਹੈ। ਉਹ ਆਪਣੀ ਜੈਕਟ ਦੀ ਜ਼ਿੱਪ ਬੰਦ ਕਰਦਾ, ਕੈਮਰਾ ਮੋਢੇ ’ਤੇ ਲਮਕਾਉਂਦਾ ਅਤੇ ਬਾਹਰ ਨਿਕਲ ਜਾਂਦਾ ਹੈ। ਪ੍ਰਕਿਰਤੀ ਵੀ ਆਪਣਾ ਗਰਮ ਸ਼ਾਲ ਆਪਣੇ ਦੁਆਲੇ ਵਲਦੀ ਅਤੇ ਉਸ ਦੇ ਪਿੱਛੇ ਤੁਰ ਪੈਂਦੀ ਹੈ। ਉਸ ਦੇ ਪਿੱਛੇ ਵੇਖਣ ’ਤੇ ਪ੍ਰਕਿਰਤੀ ਕਹਿੰਦੀ ਹੈ,
‘‘ਮੇਰੇ ਨਾਲ ਚੱਲਣ ’ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?’’ ਉਹ ਦੋਵੇਂ ਨਾਲ-ਨਾਲ ਤੁਰਨ ਲੱਗਦੇ ਹਨ। ਬਰਫ਼ ਬਹੁਤੀ ਨਹੀਂ ਪਈ। ਉਨ੍ਹਾਂ ਦੇ ਬੂਟ ਇੱਕ ਡੇਢ ਇੰਚ ਮੋਟੀ ਬਰਫ਼ ਦੀ ਤਹਿ ’ਤੇ ਨਿਸ਼ਾਨ ਬਣਾਉਂਦੇ ਜਾ ਰਹੇ ਹਨ। ਚੀਤੇ ਦੀ ਆਵਾਜ਼ ਫੇਰ ਕੰਨੀਂ ਪੈਂਦੀ ਹੈ। ਹੁਣ ਕਿਤੋਂ ਬਹੁਤ ਨੇੜਿਓਂ। ਉਹ ਆਪਣੇ ਕੈਮਰੇ ਨੂੰ ਕੇਸ ’ਚੋਂ ਬਾਹਰ ਕੱਢ ਕੇ ਅਗਲੇ ਪਾਸੇ ਲਮਕਾ ਲੈਂਦਾ ਹੈ। ਟੈਲੀਲੈਂਜ਼ (ਦੂਰਬੀਨ ਵਾਲਾ) ਪਹਿਲਾਂ ਹੀ ਫਿੱਟ ਕਰ ਲਿਆ ਹੈ। ਉਸ ਅੰਦਰ ਉਤਸੁਕਤਾ ਅਤੇ ਝਰਨਾਹਟ ਜਿਹੀ ਛਿੜ ਉੱਠਦੀ ਹੈ। ਹਾਲੇ ਤਕ ਬਹੁਤ ਘੱਟ ਫੋਟੋਗ੍ਰਾਫ਼ਰ ਹੀ ਪ੍ਰਕਿਰਤਕ ਵਾਤਾਵਰਣ ’ਚ ਇਸ ਮਾਇਆਮਈ ਚੀਤੇ ਨੂੰ ਆਪਣੇ ਕੈਮਰੇ ’ਚ ਬੰਦ ਕਰ ਸਕੇ ਹਨ। ਬਸ ਇੱਕ ਫੋਟੋ ਲਈ- ਉਹ ਜਿਵੇਂ ਅਦਿੱਖ ਚੀਤੇ ਅੱਗੇ ਪ੍ਰਾਰਥਨਾ ਕਰ ਰਿਹਾ ਹੋਵੇ। ਬਰਫ਼ ਥੱਲੇ ਢਕੇ ਇੱਕ ਪੱਥਰ ’ਤੇ ਠੇਡਾ ਲੱਗਣ ਨਾਲ ਪ੍ਰਕਿਰਤੀ ਦੇ ਪੈਰ ਲੜਖੜਾਉਂਦੇ ਹਨ। ਉਹ ਝੱਟ ਆਪਣਾ ਹੱਥ ਵਧਾ ਕੇ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਸੰਭਾਲ ਲੈਂਦਾ ਹੈ। ਅਚਾਨਕ ਉਹ ਪ੍ਰਕਿਰਤੀ ਦੇ ਹੱਥ ਦੀ ਪਕੜ ਮਜ਼ਬੂਤ ਹੁੰਦਿਆਂ ਅਨੁਭਵ ਕਰਨ ਲੱਗਦਾ ਹੈ। ਨਾਲ ਹੀ ਉਹ ਇੱਕ ਪਾਸੇ ਉੱਪਰ ਵੱਲ ਇਸ਼ਾਰਾ ਕਰਦੀ ਹੈ। ਉਹ ਵੇਖਦਾ ਹੈ ਕਿ ਉਨ੍ਹਾਂ ਤੋਂ ਕੁਝ ਉਪਰ ਦੋ ਚੱਟਾਨਾਂ ਵਿਚਕਾਰ ਸਫ਼ੈਦ ਬਰਫ਼ਾਨੀ ਚੀਤਾ ਖੜ੍ਹਾ ਆਪਣੀਆਂ ਬਲੌਰੀ ਚਮਕਦੀਆਂ ਅੱਖਾਂ ਨਾਲ ਉਨ੍ਹਾਂ ਵੱਲ ਵੇਖ ਰਿਹਾ ਹੈ। ਉਹ ਦੋਵੇਂ ਮੰਤਰ-ਮੁਗਧ ਜਿਹੇ ਉਸ ਵੱਲ ਤੱਕਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਚੀਤੇ ਦੀਆਂ ਬਲੌਰੀ ਅੱਖਾਂ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹੋਣ। ਪਾਸ਼ਾਨ ਯੁੱਗ ਜਾਂ ਕਿਸੇ ਮਿਥਿਕ ਜੀਵ ਦੀ ਤਰ੍ਹਾਂ ਕੁਦਰਤ ਦੇ ਕਿਸੇ ਸ਼ਾਹਕਾਰ ਦੀ ਤਰ੍ਹਾਂ! ਕੁਝ ਦੇਰ ਲਈ ਉਹ ਭੁੱਲ ਹੀ ਜਾਂਦਾ ਹੈ ਕਿ ਉਸ ਨੇ ਚੀਤੇ ਦੀ ਫੋਟੋ ਖਿੱਚਣੀ ਹੈ। ਫਿਰ ਆਪਣੇ ਕੈਮਰੇ ਦੀ ਯਾਦ ਆਉਂਦਿਆਂ ਹੀ ਉਹ ਕੈਮਰਾ ਅੱਖ ਨਾਲ ਲਾ ਕੇ ਲੈਂਜ਼ ਦਾ ਫੋਕਸ ਠੀਕ ਕਰਦਿਆਂ ਲੈਂਜ਼ ਘੁਮਾਉਂਦਾ ਅਤੇ ਸ਼ਟਰ ਦੱਬ ਦਿੰਦਾ ਹੈ। ਸ਼ਰਟ ਦੀ ‘ਟਕ’ ਦੀ ਆਵਾਜ਼ ਜਾਂ ਉਸ ਤੋਂ ਇੱਕ ਅੱਧਾ ਪਲ ਪਹਿਲਾਂ ਚੀਤਾ ਇੰਜ ਲੋਪ ਹੋ ਜਾਂਦਾ ਹੈ, ਜਿਵੇਂ ਉੱਥੇ ਕੁਝ ਹੈ ਹੀ ਨਹੀਂ ਸੀ। ਉਹ ਕੈਮਰੇ ਨੂੰ ਪਰ੍ਹਾਂ ਕਰਕੇ ਪ੍ਰਕਿਰਤੀ ਵੱਲ ਤੱਕਦਿਆਂ ਪੁੱਛਦਾ ਹੈ:
‘‘ਉਹ ਸੱਚਮੁੱਚ ਚੀਤਾ ਹੀ ਸੀ?’’
‘‘ਹਾਂ, ਸੱਚਮੁੱਚ ਬਰਫ਼ਾਨੀ ਚੀਤਾ।’’
‘‘ਕੀ ਉਹ ਸ਼ਟਰ ਦਬਾਉਣ ਤੋਂ ਪਹਿਲਾਂ ਹੀ ਗਾਇਬ ਹੋ ਗਿਆ ਜਾਂ ਬਾਅਦ ਵਿੱਚ?’’
‘‘ਕਹਿ ਨਹੀਂ ਸਕਦੀ ਨਿਸ਼ਚਿਤ ਤੌਰ ’ਤੇ।’’
‘‘ਖ਼ੈਰ! ਇਸ ਬਰਫ਼ਾਨੀ ਚੀਤੇ ਦੇ ਦਰਸ਼ਨ ਹੀ ਕਿਸੇ ਭਾਗਾਂ ਵਾਲੇ ਨੂੰ ਹੁੰਦੇ ਹਨ।’’ ਉਹ ਆਪਣੇ ਆਪ ਨੂੰ ਢਾਰਸ ਦਿੰਦਿਆਂ ਕਹਿੰਦਾ ਹੈ।
ਕੁਝ ਦੇਰ ਖੜ੍ਹੇ ਰਹਿਣ ਤੋਂ ਬਾਅਦ ਉਹ ਪ੍ਰਕਿਰਤੀ ਤੋਂ ਪੁੱਛਦਾ ਹੈ,‘‘ਪਿੱਛੇ ਮੁੜੀਏ ਕਿ ਅੱਗੇ ਚੱਲਣਾ?’’ ਨਾਲ ਹੀ ਸੋਚਦਾ ਹੈ ਕਿ ਉਸ ਨੂੰ ਇਹ ਕਹਿਣ ਦਾ ਅਧਿਕਾਰ ਹੈ ਵੀ ਜਾਂ ਨਹੀਂ?
‘‘ਉਸ ਗੁਫ਼ਾ ’ਚ ਜਾ ਕੇ ਕੀ ਕਰਨਾ? ਮਸਾਂ-ਮਸਾਂ ਤਾਂ ਬਾਹਰ ਨਿਕਲਣਾ ਹੋਇਆ ਹੈ। ਇਸ ਤਰ੍ਹਾਂ ਦਾ ਸਭ ਕੁਝ ਜੀਵਨ ’ਚ ਵਾਰ-ਵਾਰ ਤਾਂ ਨਹੀਂ ਆਉਂਦਾ।’’ ਉਹ ਪ੍ਰਕਿਰਤੀ ਦੇ ਇਨ੍ਹਾਂ ਸ਼ਬਦਾਂ ਦੇ ਅਰਥ ਲੱਭਣ ਦਾ ਯਤਨ ਕਰਦਾ ਹੈ। ਪ੍ਰਕਿਰਤੀ ਕਦੀ ਆਪਣੇ ਵਿਆਹ ਤੋਂ ਪਹਿਲਾਂ ਦੀਆਂ ਅਤੇ ਕਦੀ ਇਨ੍ਹਾਂ ਪਰਬਤਾਂ ਦੀਆਂ ਗੱਲਾਂ ਕਰ ਰਹੀ ਹੈ। ਬਾਊ ਵੇਦ ਪ੍ਰਕਾਸ਼ ਨਾਲ ਵਿਆਹ ਤੋਂ ਬਾਅਦ ਦੇ ਦਿਨਾਂ ਬਾਰੇ ਬਿਲਕੁਲ ਚੁੱਪ ਜਿਵੇਂ ਵਿਆਹ ਤੋਂ ਬਾਅਦ ਉਸ ਦੀਆਂ ਸਾਰੀਆਂ ਇੱਛਾਵਾਂ, ਸੁਪਨਿਆਂ ਦਾ ਗਲਾ ਘੁੱਟਿਆ ਗਿਆ ਹੋਵੇ। ਕਿਤੇ-ਕਿਤੇ ਚੱਟਾਨਾਂ ਵਿਚਕਾਰ ਰੰਗ-ਬਰੰਗੇ ਫੁੱਲ ਖਿੜੇ ਦਿੱਸਦੇ ਹਨ। ਉਨ੍ਹਾਂ ’ਤੇ ਪੈਰ ਰੱਖਣ ਤੋਂ ਬਚਦਿਆਂ ਉਹ ਪ੍ਰਕਿਰਤੀ ਨੂੰ ਕਹਿੰਦਾ ਹੈ,
‘‘ਕੀ ਤੈਨੂੰ ਪਤਾ ਹੈ ਕਿ ਮੈਂ ਤੈਨੂੰ ਅਪਸਰਾ ਕੁੰਡ ਕੋਲ ਖੜ੍ਹੇ ਵੇਖਿਆ ਸੀ?’’ ਉਹ ਹਾਂ ’ਚ ਸਿਰ ਹਿਲਾਉਂਦਿਆਂ ਮੁਸਕਰਾਉਂਦੀ ਹੈ ਜਿਵੇਂ ਪ੍ਰਕਿਰਤੀ ਨੂੰ ਉਸ ਦਾ ਇੰਜ ਵੇਖ ਲੈਣਾ ਚੰਗਾ ਲੱਗਿਆ ਹੋਵੇ।
‘‘ਤੁਹਾਨੂੰ ਇੰਜ ਇਕੱਲਿਆਂ ਰਹਿੰਦਿਆਂ ਇਕੱਲਤਾ ਮਹਿਸੂਸ ਨਹੀਂ ਹੁੰਦੀ?’’ ਪ੍ਰਕਿਰਤੀ ਪੁੱਛਦੀ ਹੈ।
‘‘ਪਹਿਲਾਂ ਹੁੰਦੀ ਸੀ। ਪਰ ਹੁਣ ਲੱਗਦਾ ਹੈ ਜਿਵੇਂ ਸ਼ਹਿਰ ’ਚ ਰਹਿੰਦਿਆਂ ਐਵੇਂ ਵਕਤ ਜ਼ਾਇਆ ਕਰ ਰਿਹਾ ਸਾਂ, ਫਜ਼ੂਲ ਦੀ ਨੱਸ-ਭੱਜ ’ਚ। ਹੁਣ ਤਾਂ ਜੇ ਕੋਈ ਦੋ-ਚਾਰ ਦਿਨ ਤੋਂ ਵੱਧ ਆ ਜਾਵੇ ਤਾਂ ਅਖਰਨ ਲੱਗ ਪੈਂਦਾ ਹੈ।
‘‘ਜੇ ... ਜੇ ਕਦੀ ਮੈਂ ਆਵਾਂ ਤਾਂ...?’’ ਉੱਤਰ ’ਚ ਉਹ ਚੁੱਪ ਰਹਿੰਦਾ ਹੈ। ‘‘ਜਵਾਬ ਨਹੀਂ ਦਿੱਤਾ ਮੇਰੇ ਸਵਾਲ ਦਾ?’’ ਉਹ ਉਸ ਦਾ ਹੱਥ ਘੁੱਟਦਿਆਂ ਕਹਿੰਦੀ ਹੈ।
‘‘ਹਰ ਸਵਾਲ ਦਾ ਜਵਾਬ ਸ਼ਬਦਾਂ ’ਚ ਦੇਣਾ ਜ਼ਰੂਰੀ ਨਹੀਂ ਹੁੰਦਾ।’’ ਤੁਰਦਿਆਂ-ਤੁਰਦਿਆਂ ਉਨ੍ਹਾਂ ਦਾ ਸਰੀਰ ਕਦੇ-ਕਦੇ ਇੱਕ ਦੂਜੇ ਨਾਲ ਛੋਹ ਰਿਹਾ ਹੈ। ਕੁਝ ਦੇਰ ਪਹਿਲਾਂ ਬੱਦਲਾਂ ਦੇ ਟੁਕੜਿਆਂ ਪਿੱਛੇ ਲੁਕਿਆ ਸ਼ਿਵ ਪਰਬਤ ਦਾ ਸਿਖਰ ਕਿਸੇ ਚਮਤਕਾਰ ਵਾਂਗ ਪ੍ਰਗਟ ਹੋ ਜਾਂਦਾ ਹੈ। ਡੁੱਬਦੇ ਸੂਰਜ ਦੀ ਲਾਲੀ ਨਾਲ ਪਰਬਤਾਂ ਦੀ ਚੋਟੀ ਸੁਨਹਿਰੀ ਭਾਅ ਮਾਰ ਰਹੀ ਹੈ। ਪ੍ਰਕਿਰਤੀ ਉਸ ਦਾ ਹੱਥ ਛੱਡ ਕੇ ਰੁਕ ਜਾਂਦੀ ਹੈ। ਉਸ ਦੇ ਮੁਖ ’ਤੇ ਅਲੌਕਿਕ ਜਿਹੀ ਆਭਾ ਝਲਕ ਰਹੀ ਹੈ। ਉਹ ਕਹਿ ਰਹੀ ਹੈ,
‘‘ਆਹ! ਤੁਸੀਂ ਸੁਣ ਰਹੇ ਹੋ ਸ਼ਿਵ ਪਰਬਤ ਵੱਲੋਂ ਆ ਰਹੀ ਡਮਰੂ, ਮੰਜੀਰੇ ਅਤੇ ਬਾਂਸਰੀ ਦੀ ਮਧੁਰ ਆਵਾਜ਼।’’ ਇਸ ਤੋਂ ਪਹਿਲਾਂ ਉਸ ਨੇ ਲੋਕਾਂ ਦੇ ਮੂੰਹੋਂ ਸ਼ਿਵ ਪਰਬਤ ਵੱਲੋਂ ਆਉਂਦੀਆਂ, ਕਦੇ-ਕਦੇ ਆਉਂਦੀਆਂ ਆਵਾਜ਼ਾਂ ਬਾਰੇ ਸੁਣਿਆ ਸੀ। ਪਰ ਲੋਕਾਂ ਦਾ ਐਵੇਂ ‘ਭਰਮ’ ਸਮਝ ਕੇ ਪ੍ਰਵਾਹ ਨਹੀਂ ਸੀ ਕੀਤੀ। ਹੁਣ ਉਹ ਵੀ ਕੰਨ ਲਾ ਕੇ ਸੁਣਨ ਲੱਗਦਾ ਹੈ। ਸੱਚਮੁੱਚ ਹੀ ਇਸ ਤਰ੍ਹਾਂ ਦੀਆਂ ਧੁਨਾਂ, ਆਵਾਜ਼ਾਂ, ਸ਼ਾਂਤ ਰਹੱਸਮਈ ਜਾਂ ਇਸ ਅਲੌਕਿਕ ਵਾਤਾਵਰਨ ’ਚ ਆਪਣੇ ਹੀ ਅੰਦਰੋਂ ਉਠ ਰਿਹਾ ਕੋਈ ਅਨਹਦ ਨਾਦ! ਉਹ ਅਨਹਦ ਨਾਦ ਜਦੋਂ ਧਰਤੀ ’ਤੇ ਸਿਰਫ਼ ਇਹ ਜੰਗਲ, ਪਰਬਤ ਅਤੇ ਨਦੀ ਨਾਲੇ ਹੁੰਦੇ ਸਨ...! ਜਾਂ ਇਹ ਅਵਚੇਤਨ ’ਚ ਲੁਕੀਆਂ ਬੈਠੀਆਂ ਸਦੀਆਂ ਪੁਰਾਣੀਆਂ ਸੁਰ ਘੋਸ਼ਨਾਵਾਂ...।

ਸੂਰਜ ਢਲਣ ਤੋਂ ਬਾਅਦ ਘੁਸਮੁਸੇ ’ਚ ਉਹ ਦੋਵੇਂ ਇੱਕ ਦੂਜੇ ਦਾ ਹੱਥ ਫੜੀ ਗੁਫ਼ਾਨੁਮਾ ਕਮਰੇ ਕੋਲ ਆ ਖੜ੍ਹੇ ਹੁੰਦੇ ਹਨ। ਪ੍ਰਕਿਰਤੀ ਅੰਦਰ ਜਾਣ ਤੋਂ ਪਹਿਲਾਂ ਕਿਸੇ ਅਦਿੱਖ ਪ੍ਰੇਰਨਾ ਅਧੀਨ ਅੱਗੇ ਵਧ ਕੇ ਉਸ ਨੂੰ ਆਪਣੀਆਂ ਬਾਹਵਾਂ ’ਚ ਘੁੱਟ ਲੈਂਦੀ ਹੈ। ਉਹ ਵੀ ਪ੍ਰਕਿਰਤੀ ਦੇ ਇਸ ਅਚਾਨਕ ਵਿਹਾਰ ਦਾ ਆਪਣੇ ਹੱਥਾਂ ਦੀ ਕੱਸ ਰਾਹੀਂ ਜਵਾਬ ਦਿੰਦਾ ਹੈ। ਇੰਜ ਲੱਗਦਾ ਹੈ ਜਿਵੇਂ ਉਹ ਇਸ ਸ਼ਾਮ, ਇਸ ਵਾਤਾਵਰਣ ਦੇ ਉਪਹਾਰ ਨੂੰ ਕੁਝ ਹੋਰ ਲੰਮਿਆਂ ਕਰਨਾ ਚਾਹੁੰਦੇ ਹੋਣ। ਫੇਰ ਅੰਦਰੋਂ ਕਿਸੇ ਖੜਾਕ ਦੀ ਆਵਾਜ਼ ਨਾਲ ਉਹ ਮੁੜ ਹੋਸ਼ ਵਿੱਚ ਆਉਂਦੇ ਹਨ। ਉਹ ਪ੍ਰਕਿਰਤੀ ਦੇ ਭਖਦੇ ਚਿਹਰੇ ਨੂੰ ਆਪਣੇ ਦੋਹਾਂ ਹੱਥਾਂ ਵਿਚਕਾਰ ਲੈਂਦਿਆਂ ਉਸ ਦੇ ਲਾਲ ਬੁੱਲ੍ਹਾਂ ’ਤੇ ਹਲਕਾ ਜਿਹਾ ਚੁੰਮਣ ਦੇਂਦਾ ਹੈ...। ‘ਸ਼ੁਕਰੀਆ’ ਕਹਿੰਦਿਆਂ ਪ੍ਰਕਿਰਤੀ ਉਸ ਤੋਂ ਵੱਖ ਹੁੰਦੀ ਅਤੇ ਅੰਦਰ ਜਾ ਵੜਦੀ ਹੈ। ਉਹ ਕੁਝ ਦੇਰ ਹੋਰ ਬਾਹਰ ਖੜ੍ਹਾ ਸ਼ਿਵ ਪਰਬਤ ਨੂੰ ਸ਼ਾਮ ਦੇ ਘੁਸਮੁਸੇ ’ਚ ਲੀਨ ਹੁੰਦਿਆਂ ਵੇਖਦਾ ਰਹਿੰਦਾ ਹੈ।

  • ਮੁੱਖ ਪੰਨਾ : ਕਹਾਣੀਆਂ, ਮਨਮੋਹਨ ਬਾਵਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ