Preetan De Pehredar (Punjabi Story) : Gurbakhsh Singh Preetlari

ਪ੍ਰੀਤਾਂ ਦੇ ਪਹਿਰੇਦਾਰ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ

ਇਕ ਪਹਾੜੀ ਰਾਜੇ ਦੇ ਮਹਿਲਾਂ ਤੋਂ ਅਧ ਕੁ ਮੀਲ ਦੂਰ ਚੌੜੇ ਮੈਦਾਨ, ਵਿੱਚ ਗਹਿਮਾ ਗਹਿਮ ਹੈ । ਚੌਂਹ ਦਿਨਾਂ ਤੋਂ ਦੂਰ ਨੇੜਿਓਂ ਡੰਗਰ ਵਛੇ ਆਉਂਦੇ ਰਹੇ ਹਨ । ਅਜ ਤੀਵੀਆਂ ਮਰਦਾਂ ਬਚਿਆਂ ਨਾਲ ਭਰ ਭਾਰਾ ਹੈ । ਰੰਗ ਬਰੰਗੀਆਂ ਪੱਗਾਂ, ਚੁੰਨੀਆਂ ਤੇ ਫਤੂਹੀਆਂ ਨੇ ਰੜਾ ਮੈਦਾਨ ਖਿੜਿਆ ਚਮਨ ਬਣਾ ਦਿੱਤਾ ਹੈ ।

ਵੱਛਿਆਂ ਗਲ ਟਲੀਆਂ ਦੀ ਟਨ ਟਨ, ਹਟੀਆਂ ਉਤੇ ਵਟਿਆਂ ਦੀ, ਠੰਨ, ਵਣਜਾਰਿਆਂ ਹੱਥੀਂ ਗੋਰੀਆਂ ਬਾਹਵਾਂ ਦੀ ਛਣ ਛਣ ਤੇ ਉਹਨਾਂ ਅੱਖਾਂ ਬਾਰੇ ਕੋਈ ਕੀ ਆਖੇ : ਸੁਰਮੀਲੀਆਂ, ਸ਼ਰਮੀਲੀਆਂ ਅੱਖਾਂ, ਸ਼ੋਖ ਮਸਕਾਂਦੀਆਂ ਅੱਖਾਂ, ਪੁਛਦੀਆਂ ਤੇ ਆਂਹਦੀਆਂ ਅੱਖਾਂ, ਮੰਗਦੀਆਂ ਤੇ ਦੇਂਦੀਆਂ ਅੱਖਾਂ, ਸਲਾਹੁੰਦੀਆ ਤੇ ਖੀਵੀਆਂ ਹੋ ਮਿਟ ਮਿਟ ਜਾਂਦੀਆਂ ਅੱਖਾਂ, ਅੱਖਾਂ ਹੀ ਅਖਾਂ । ਜਿਵੇਂ ਇਹ ਮੇਲਾ ਹੀ ਅੱਖਾਂ ਦਾ ਹੁੰਦਾ ਹੈ । ਜਵਾਨੀ ਛੁੱਟੀ ਪਈ ਮਨਾਂਦੀ ਤੇ ਉਹਦੀਆਂ ਨਸ਼ਿਆਈਆਂ ਅੱਖਾਂ ਨੇ ਬੁਢਾਪੇ ਥੱਲੇ ਜਾ ਬੈਠੀਆਂ ਰੀਝਾਂ ਵੀ ਉਤਾਂਹ ਲੈ ਆਂਦੀਆਂ ਨੇ।

ਪਰ ਐਡੇ ਖੇੜੇ ਉਤੇ ਵੀ ਕਿਧਰੇ ਹੰਝੂ ਦੀ ਤਰੇਲ ਹੈ । ਉਹ ਸਾਹਮਣੇ ਦੂਰ ਸਾਰੇ ਇਕ ਇਕੱਲੀ ਪਹਾੜੀ ਹੈ । ਇਹਦੀ ਚੋਟੀ ਦੇ ਸੱਜੇ ਖੱਬਿਓਂ ਰੇਤਲੇ ਪੱਥਰ ਖੁਰ ਗਏ, ਪਰ ਸਖਤੇਰੀ ਚੋਟੀ ਕਿਸੇ ਚਟਾਨੀ ਬੁਤ ਦਾ ਸਿਰ ਦਿਸਦੀ ਹੈ । ਤੇ ਉਹਦੀ ਦੁਪਾਸੀ ਪਧਰਾਈਆਂ ਮੋਢਿਆਂ ਦਾ ਭੁਲੇਖਾ ਪਾਂਦੀਆਂ ਹਨ । ਇਲਾਕੇ ਵਿਚ ਇਸ ਨੂੰ 'ਰੁਕਨੀ ਦੇਵੀ' ਆਖਦੇ ਹਨ । ਰੁਕਨੀ ਦੀ ਕਹਾਣੀ ਹਰ ਇਸਤ੍ਰੀ ਮਰਦ ਦੇ ਮੂੰਹ ਤੇ ਹੈ। ਤੇ ਸੁਨੈਣੀ ਕੋਈ ਮੁਟਿਆਰ ਉਹਦੇ ਵਲ ਚੁੰਮਣ ਵੀ ਸੁਟਦੀ ਹੈ ।
ਕਹਿੰਦੇ ਨੇ, ਭਰ ਮੇਲੇ ਵਾਲੇ ਦਿਨ 'ਰੁਕਨੀ' ਦੁਆਲੇ ਬੱਦਲ ਜਰੂਰ ਮੰਡਲਾਂਦੇ ਨੇ । ਇਹ ਬਦਲ ਨਹੀਂ, ਰੁਕਨੀ ਦਾ ਰਣੀਆਂ ਅਥਰੂ ਕੇਰ ਕੇਰ ਰੁਕਨੀ ਦੀ ਬ੍ਰਿਹੋਂ ਤਪਤ ਮਿਟਾਂਦਾ ਹੈ । ਰਣੀਏ ਨੂੰ ਓਦਨ ਕਤਲ ਕੀਤਾ ਗਿਆ ਸੀ, ਜਿਦਨ ਰੁਕਨੀ ਨੂੰ ਉਹਦੀ ਦੁਲਹਨ ਸਜਾਇਆ ਜਾ ਰਿਹਾ ਸੀ ।

ਇਹ ਗੱਲ ਮੁਦਤਾਂ ਦੀ ਹੈ । ਰੁਕਨੀ ਤੇ ਰਣੀਆ ਆਪਣੇ ਸਨੇਹੀਆਂ ਨਾਲ ਇਸ ਮੇਲੇ ਤੇ ਆ ਰਹੇ ਸਨ । ਰਾਹ ਵਿਚ ਰੁਕਨੀ ਦਾ ਪੈਰ ਥਿੜਕ ਗਿਆ ਤੇ ਉਹ ਰਿੜ੍ਹ ਕੇ ਸਲਾਮੀ ਦੇ ਹੇਠਾਂ ਜਾ ਢੱਠੀ ਸੀ । ਕਈ ਜਵਾਨ ਨਾਲ ਸਨ, ਰੁਕਨੀ ਦਾ ਭਰਾ ਵੀ ਨਾਲ ਸੀ, ਪਰ ਹਵਾਈ ਵਾਂਗ ਉਡਦਾ ਜਿਹੜਾ ਰੁਕਨੀ ਕੋਲ ਪਹੁੰਚਾ ਤੇ ਉਹਦਾ ਦੁਖਦਾ ਪੈਰ ਘੁੱਟ ਰਿਹਾ ਸੀ, ਉਹ ਰਣੀਆ ਸੀ । 'ਸੁਖ ਰਹੀ ਏ ਨਾ' ਉਤੋਂ ਸਭਨਾਂ ਨੇ ਪੁਛਿਆ ਸੀ । ਬੜੀ ਪੀੜ ਹੁੰਦੀ ਹੋਵੇਗੀ, ਰੁਕਨੀ ਨੂੰ...... ਉਹਦੀ ਚੀਕ ਨਿਕਲ ਜਾਂਦੀ, ਜਦੋਂ ਰਣੀਏ ਦੇ ਹੱਥਾਂ ਵਿੱਚ ਉਹਦਾ ਪੈਰ ਜ਼ਰਾ ਮੁੜ ਜਾਂਦਾ ।......ਉਹ ਤ੍ਰਬਕ ਕੇ ਉਹਦਾ ਪੈਰ ਛਾਤੀ ਨਾਲ ਘੁਟ ਲੈਂਦਾ ਤੇ ਰੁਕਨੀ ਦੇ ਅਥਰੂ ਮੁਸਕਰਾ ਪੈਂਦੇ ।

ਰਣੀਆਂ ਰੁਕਨੀ ਨੂੰ ਕੰਧਾੜੇ ਚੁਕ ਕੇ ਉਪਰ ਲੈ ਆਇਆ । ਰੁਕਨੀ ਦੀ ਸੱਜੇ ਪਰ ਦੀ ਮੋਚ ਨਿਕਲ ਗਈ ਸੀ । ਮੇਲਾ ਕੋਈ ਦੋ ਕੁ ਮੀਲ ਰਹਿ ਗਿਆ ਸੀ । ਭਰਾ ਦੇ ਕੰਧੀ ਆਪਣਾ ਬਾਲ ਚੁਕਿਆ ਹੋਇਆ ਸੀ । ਰਣੀਏ ਨੇ ਰੁਕਨੀ ਨੂੰ ਪਿੱਠ ਨਾਲ ਲਾ ਕੇ ਉਹਦੀਆਂ ਬਾਹਵਾਂ ਗਲ ਵਿੱਚ ਪਾ ਲਈਆਂ ਤੇ ਉਹਦੀਆਂ ਲੱਤਾਂ ਪਾਸਿਆਂ ਨਾਲ ਵਲੋਟ ਕੇ ਸੱਜਾ ਪੈਰ ਹੱਥ ਵਿੱਚ ਘੁੱਟ ਲਿਆ ।
ਸੰਗ ਤੁਰਦਾ ਗਿਆ ਤੇ ਰਣੀਏ ਦੀ ਨੰਗੀ ਧੌਣ ਦੇ ਕਦੇ ਇਕ ਪਾਸੇ ਤੇ ਕਦੇ ਦੂਜੇ ਪਾਸੇ ਮਿੱਠੇ ਪਿਆਰੇ ਸਾਹ ਚਲਦੇ । ਰਾਹ ਤੇ ਉਹਦਾ ਮੂੰਹ ਐਉਂ ਭਖਣ ਲਗ ਪਿਆ, ਜਿਉਂ ਧੌਕਣੀ ਹੇਠਾਂ ਲੋਹਾ ਲਾਲ ਹੁੰਦਾ ਜਾਂਦਾ ਹੈ ।
ਸੰਗੀ ਆਪੋ ਆਪਣੇ ਆਹਰਾਂ ਵਿੱਚ ਸਨ । ਕੋਈ ਬੱਚਿਆਂ ਦਾ ਰੌਂ ਪੂਰਾ ਕਰਦਾ, ਕੋਈ ਆਪਣੀ ਵਹੁਟੀ ਦੀਆਂ ਅੜੀਆਂ ਝਲਦਾ ਸੀ । ਰੁਕਨੀ ਦਾ ਧਿਆਨ ਕੀਤਿਆਂ ਉਹਨੂੰ ਚੁਕ ਕੇ ਮੇਲਾ ਵਿਖਾਣ ਦਾ ਸਵਾਲ ਉਠਦਾ ਸੀ, ਏਸ ਲਈ ਨਾ ਭਰਾ ਤੇ ਨਾ ਕਿਸੇ ਹੋਰ ਨੇ ਹੀ ਗੌਲਿਆ ਕਿ ਰੁਕਨੀ ਤੇ ਰਣੀਆ ਕਿਧਰ ਪਏ ਫਿਰਦੇ ਸਨ ।

ਕਿਸੇ ਪੀੜ ਪਰਬ ਦਾ ਰੁਕਨੀ ਨੂੰ ਚੇਤਾ ਨਹੀਂ ਸੀ, ਕਿਸੇ ਭਾਰ ਬੋਝ ਦਾ ਰਣੀਏ ਨੂੰ ਖ਼ਿਆਲ ਨਹੀਂ ਸੀ । ਪੈਰ ਦੀ ਮਚਕੋੜ ਕਾਹਦੀ ਨਿਕਲੀ, ਦਿਲਾਂ ਦੀਆਂ ਕਦੀਮੀ ਮਚਕੋੜਾਂ ਚੜ੍ਹ ਗਈਆਂ । ਜੋ ਚਾਹਿਆ, ਉਹਨਾਂ ਖਾਧਾ, ਜੋ ਚਾਹਿਆ ਉਹਨਾਂ ਖ਼ਰੀਦਿਆ । ਰੁਕਨੀ ਨੇ ਵੰਗਾਂ ਵੀ ਚੜ੍ਹਾਈਆਂ । ਸ਼ੀਸ਼ਿਆਂ ਵਾਲੀਆਂ ਵੰਗਾਂ ਤੇ ਵੰਗਾਂ ਵਾਲੀ ਬਾਂਹ ਫੜ ਕੇ ਜਦੋਂ ਰਣੀਏ ਨੇ ਵੇਖਿਆ, ਹਰ ਸ਼ੀਸ਼ੇ ਦੀ ਟੁਕੜੀ ਚੋਂ ਉਹਨੂੰ ਆਪਣਾ ਮੋਹਿਆ ਮੂੰਹ ਦਿਸਿਆ । ਇਸ ਮੂੰਹ ਤੇ ਕੋਈ ਚਾਅ ਸੀ।
ਇਕ ਹੱਟੀ ਤੋਂ ਰਣੀਏ ਨੇ ਦੋ ਫਲਟਿਆਂ ਵਾਲਾ ਚਾਕੂ ਆਪਣੇ ਲਈ ਮੁੱਲ ਲਿਆ ।
"ਰੁਕਨੀਏ ਇਹ ਮੇਰੀ ਕਦੀਏ ਦੀ ਰੀਝ ਸੀ !"
ਰੁਕਨੀ ਨੇ ਖੁਲ੍ਹੇ ਫਲਟਿਆਂ ਤੇ ਹੱਥ ਫੇਰ ਕੇ ਆਖਿਆ।
"ਕੇਡੇ ਤਿੱਖੇ ਨੇ...ਪਰ ਇਕ ਫਲਟੇ ਨੂੰ ਦੰਦਾ ਪਿਆ !"
"ਇਹਦਾ ਕੋਈ ਹਰਜ ਨਹੀਂ, ਉਹਦੇ ਕੋਲ ਇਕੋ ਹੀ ਇਹ ਚਾਕੂ ਸੀ-ਤੇਰੀਆਂ ਦੇ ਸੋਹਣੀਆਂ ਅੱਖਾਂ ਅਗੇ ਕੋਈ ਸਾਬਤ ਨਹੀਂ ਖਲੋਣਾ ਤੇ ਮੇਰੇ ਦੋ ਫਲਟਿਆਂ ਸਾਹਮਣੇ ਕੋਈ ਦੁਸ਼ਮਨ ਸਾਬਤ ਨਹੀਂ ਖਲੋਣਾ । ਰੁਕਨੀਏ ! ਅਜ ਮੇਰੀਆਂ ਦੋਵੇਂ ਰੀਝਾਂ ਪੂਰੀਆਂ ਹੋ ਗਈਆਂ ।"

ਰੁਕਨੀ ਪੰਘੂੜੇ ਤੇ ਵੀ ਚੜ੍ਹੀ । ਰਣੀਏ ਦੀ ਟਿਕਟਿੱਕੀ ਉਹਦੇ ਵਲ ਹੀ ਬਝੀ ਰਹੀ । ਉਹਦੀ ਚੁੰਨੀ ਉਡਦੀ ਸੀ ਜੀਕਰ ਰਣੀਏ ਦੀਆਂ ਰੀਝਾਂ ਦੀ ਡੋਰ ਉਤੇ ਉਹਦਾ ਪਿਆਰਾ ਸੁਪਨਾ ਅਸਮਾਨੇ ਭੌਂਦਾ ਸੀ । ਏਸ ਸੁਪਨ-ਪਤੰਗ ਨਾਲ ਉਸਦੀਆਂ ਅੱਖਾਂ ਨੇ ਕਈ ਚੱਕਰ ਕਢੇ । ਜਦੋਂ ਉਹ ਪੰਘੂੜਿਓਂ ਉਤਰੀ, ਰੁਕਨੀ ਨੂੰ ਫੇਰ ਘੰਧਾੜੇ ਚੁਕ ਕੇ ਤੁਰਿਆ ਤਾਂ ਉਹ ਉਹਦੀ ਥਿੜਕਦੀ ਚਾਲ ਬਾਰੇ ਆਖਣ ਲਗੀ :
"ਪੰਘੂੜੇ ਉਤੇ ਤਾਂ ਮੈ ਚੜ੍ਹੀ ਸਾਂ, ਪਰ ਪੈਰ ਤੇਰੇ ਪਏ ਭੌਂਦੇ ਨੇ ।"
"ਕੀ ਦਸਾਂ ! ਰੁਕਨੀਏ, ਤੂੰ ਉਤਾਂਹ ਚੜ੍ਹਦੀ ਸੈਂ, ਹੇਠਾਂ ਆਉਂਦੀ ਸੈਂ, ਤੇਰੇ ਨਾਲ ਜੁੜੀਆਂ ਮੇਰੀਆਂ ਅੱਖਾਂ ਭੌਂਦੀਆਂ ਸਨ, ਤੂੰ ਨਾਂ ਭੰਵੀਓਂ ......ਇਕੋ ਥਾਂ ਬੈਠੀ ਰਹੀਓਂ...ਪਰ ਮੈਂ ਸਾਰਾ ਤੇਰੇ ਦੁਆਲੇ ਭੌਂਦਾ ਰਿਹਾ ਤੇ ਹੁਣ ਅੰਗ ਅੰਗ ਮੇਰਾ ਪਿਆ ਭੌਂਦਾ ਏ ।"
ਮੇਲਿਓਂ ਆ ਕੇ ਰੁਕਨੀ ਤੇ ਰਣੀਆ ਕਈ ਵਾਰੀ ਮਿਲੇ । ਉਹਨਾਂ ਨੂੰ ਜਾਪਦਾ ਸੀ ਜੀਕਰ ਪੈਰ ਦੀ ਮਚਕੋੜ ਵਿਚ ਇਕਠੀਆਂ ਤਕਦੀਆਂ ਦੋ ਰੂਹਾਂ ਇਕ ਮਿਕ ਹੋ ਗਈਆਂ।

ਪਰ ਮੀਏਂ ਸ਼ੇਰ ਸਿੰਘ ਨੇ ਵੀ ਮੇਲੇ ਉਤੇ ਰੁਕਨੀ ਨੂੰ ਵੇਖਿਆ ਸੀ । ਉਹਦੀਆਂ ਵੰਗਾਂ ਸ਼ੀਸ਼ਿਆਂ ਵਿਚੋਂ ਮੂੰਹ ਵੇਖਣ ਦੀ ਰੀਝ ਕਿੰਨੀ ਵਾਰੀ ਉਹਨੂੰ ਵੀ ਆਈ ਸੀ । ਕਈ ਪੱਜੀਂ ਉਹਨੇ ਰੁਕਨੀ ਦੇ ਪਿਉ ਨੂੰ ਆਪਣੇ ਕੋਲ ਬੁਲਾਇਆ । ਕਈ ਪਿੰਡ ਮੀਏਂ ਦੇ ਮੁਜ਼ਾਰੇ ਸਨ, ਉਹਨੂੰ ਆਪਣੀ ਮਰਜ਼ੀ ਦਸਣ ਲਗਿਆਂ ਕੋਈ ਲੰਮੀ ਝਿਜਕ ਨਹੀਂ ਸੀ ਹੁੰਦੀ । ਉਸ ਸਾਫ ਆਖ ਦਿਤਾ ਕਿ ਜੇ ਰੁਕਨੀ ਦਾ ਪਿਉ ਰੁਕਨੀ ਉਹਨੂੰ ਦੇ ਦੇਵੇ, ਤਾਂ ਉਹ ਉਹਨੂੰ ਮੁਜ਼ਾਰੇ ਦੀ ਥਾਂ ਮਾਲਕ ਬਣਾ ਦੇਵੇਗਾ ।
ਰੁਕਨੀ ਦੇ ਪਿਉ ਦੇ ਪੈਰਾਂ ਹੇਠੋਂ ਮਿੱਟੀ ਹਿਲ ਗਈ, ਪਰ ਉਹਨੂੰ ਰਣੀਏ ਦਾ ਚੇਤਾ ਆ ਗਿਆ । ਗਲ ਭਾਵੇਂ ਉਹਦੇ ਬਾਰੇ ਕੋਈ ਨਹੀਂ ਸੀ ਹੋਈ, ਤਾਂ ਵੀ ਉਸਨੇ ਹੱਥ ਜੋੜ ਕੇ ਕਹਿ ਦਿਤਾ :
"ਮਹਾਰਾਜ, ਰੁਕਨੀ ਤਾਂ ਅਸਾਂ ਮੰਗ ਛਡੀ ਹੋਈ ਏ ।"
"ਕਿਦ੍ਹੇ ਨਾਲ ?"
"ਮਹਾਰਾਜ, ਰਣੀਏ ਨਾਲ !"
"ਬਹੁਰੂਏ ਦੇ ਪੁਤ ਨਾਲ...ਜਿਨੂੰ ਪਿੰਡ ਦਾ ਰਾਂਝਾ ਹੋਣ ਦੀ ਆਕੜ ਜਾਪਦੀ ਏ...ਮੈ' ਭੰਨਾਂਗਾ ਉਹਦੀ ਆਕੜ," ਮੀਏਂ ਨੇ ਮੁੱਛਾਂ ਤੇ ਹੱਥ ਫੇਰਿਆ ।
"ਹਾਂ ਮਹਾਰਾਜ...ਬਹੁਰੂਏ ਦੇ ਪੁਤ ਨਾਲ...ਪਰ ਉਹ ਮੁੰਡਾ ਤੇ ਗਊ ਜੇ ਗਊ..."
"ਬਕ ਨਾ...ਮੈਥੋਂ ਭੁਲਾ ਏ...ਨਾਲੇ ਤੂੰ...ਜਾ ਦੂਰ ਹੋ...ਮੈਂ ਆਪੇ ਵੇਖ ਲਵਾਂਗਾਂ ।"

ਰੁਕਨੀ ਦੇ ਪਿਓ ਨੇ ਵਹੁਟੀ ਨਾਲ ਗਲ ਕੀਤੀ । ਉਹਦੀ ਖ਼ਾਨਿਓਂ ਗਈ ।
"ਹੁਣੇ ਬੁਲਾ ਪੰਡਤ ਨੂੰ...ਗੱਲ ਮੁਕਾ ਲਈਏ...ਏਸ ਮੋਏ ਮੀਏਂ ਦਾ ਕੀ ਵਸਾਹ...ਕਿੰਨੀਆਂ ਧੀਆਂ ਮਾਪਿਆਂ ਦੀਆਂ ਅਗੇ ਇਹਦੀ ਜਾਨ ਨੂੰ ਪਈਆਂ ਰੋਂਦੀਆਂ ਨੇ ।"
"ਚੜ੍ਹ ਚੇਤਰ ਰੁਕਨੀ ਨੂੰ ਸਹੁਰੇ ਤੋਰ ਦੇਈਏ...ਮੈ ਹੁਣੇ ਪੰਡਤ ਵਲ ਜਾਨਾਂ ।"
ਵਿਆਹ ਸੁਧ ਗਿਆ । ਸਾਰੇ ਸਾਕਾਂ ਨੇ ਰਿਸ਼ਤਾ ਸਲਾਹਿਆ । ਰਣੀਆਂ ਪਿੰਡ ਦਾ ਸ਼ਿੰਗਾਰ ਸੀ, ਪਿੰਡ ਦਾ ਰੁਅਬ ਸੀ ।
ਪਰ ਮੀਏਂ ਦੇ ਘਰ ਦਸ-ਨੰਬਰੀਆਂ ਦੀ ਆਵਾਜਾਈ ਵਧ ਗਈ । ਪਿੰਡ ਵਿੱਚ ਚਿੰਤਾ ਖਿਲਰ ਗਈ, ਰੱਬ ਸੁਖ ਰੱਖੇ !
ਵਿਆਹ ਤੋਂ ਦੋ ਦਿਨ ਪਹਿਲਾਂ ਰਣੀਆ ਸ਼ਹਿਰ ਤੋਂ ਸੌਦਾ ਲਈ ਆ ਰਿਹਾ ਸੀ, ਕਿ ਉਸ ਨੂੰ ਮੋਹਰ ਸਿੰਘ ਮਿਲਿਆ । ਮੋਹਰ ਸਿੰਘ ਦੇ ਮੋਢੇ ਤੇ ਬੰਦੂਕ ਸੀ ।
"ਭਰਾ ਰਣੀਆ ! ਕਾਹਨੂੰ ਸਾਡੇ ਵਲ ਤਕਦਾ ਏਂ ?" ਮੋਹਰ ਸਿੰਘ ਨੇ ਆਖਿਆ ।
"ਕਿਉਂ ਮੋਹਰੂਆ ...ਬੰਦੂਕ ਚੁਕੀ ਫਿਰਨਾ ਏਂ ?" ਰਣੀਏ ਨੇ ਖਲੋ ਕੇ ਜਵਾਬ ਦਿੱਤਾ ।
"ਮੀਏਂ ਦੀ ਬੰਦੂਕ ਏ...ਉਹਨੇ ਤੇਰੇ ਵਲ ਈ ਘਲਿਆ ਏ ।"
"ਮੇਰੇ ਵਲ ?"
"ਹਾਂ ਤੇਰੇ ਵਲ...ਲੰਮੀ ਗਲ ਛਡੀਏ, ਤੂੰ ਰੁਕਨੀ ਦਾ ਖ਼ਿਆਲ ਛਡ ਦੇ, ਜੇ ਭਲਾ ਚਾਹੁਨਾ ਏਂ ।"
"ਕੀ ਮਤਬਲ ?" ਰਣੀਏ ਨੇ ਗੰਢ ਭੋਏਂ ਤੇ ਧਰ ਕੇ ਬੋਝੇ ਵਿਚ ਕੁਝ ਟੋਹ ਕੇ ਆਖਿਆ ।
"ਤੇਰੇ ਚਾਕੂ ਦਾ ਮੈਨੂੰ ਪਤਾ ਏ ।" ਮੋਹਰ ਸਿੰਘ ਨੇ ਬੰਦੂਕ ਦੋਹਾਂ ਹੱਥਾਂ ਵਿੱਚ ਫੜ ਲਈ । "ਮੇਰੀ ਗਲ ਕੰਨ ਧਰ ਕੇ ਸੁਣ ਲੈ...ਜੇ ਤੂੰ ਰੁਕਨੀ ਨਾਲ ਵਿਆਹ ਨਾ ਕਰੇਂ, ਤਾਂ ਤੇਰੀ ਸਾਰੀ ਜ਼ਮੀਨ ਤੇਰੇ ਨਾਂ ਬੈਅ ਹੈ ਜਾਓਗੀ ।"
"ਮੈਨੂੰ ਡਰਾਨਾ ਏਂ ਮੋਹਰੂਆ !" ਰਣੀਏ ਨੇ ਜਿਉਂ ਬਿਜਲੀ ਦੀ ਲਿਸ਼ਕ ਵਾਂਗ ਬੰਦੂਕ ਦਾ ਮੂੰਹ ਕਾਬੂ ਕਰ ਲਿਆ ਤੇ ਖੋਹ ਕੇ ਪਹਾੜੀ ਤੋਂ ਹੇਠਾਂ ਵਗਾਹ ਮਾਰੀ ।
"ਬੜੀਆਂ ਬੰਦੂਕਾਂ ਤੇ ਜੜੀਆਂ ਜ਼ਮੀਨਾਂ ਨਾਲ ਰੁਕਨੀ ਜਿੱਤੀ ਦੀ ਏ ! ਜਣੇ ਦਾ ਪੁੱਤ ਏ ਤੇਰਾ ਮੀਆਂ, ਤਾਂ ਆਖ ਸੂ, ਰੁਕਨੀ ਨੂੰ ਪੁਛ ਵੇਖੇ ?"
ਰਣੀਆ ਆਪਣੇ ਰਾਹ ਚਲਾ ਗਿਆ ਤੇ ਮੋਹਰ ਸਿੰਘ ਹੇਠਾਂ ਉੱਤਰ ਕੇ ਰਿਝਦਾ-. _ ਕ੍ਰਿਝਦਾ ਬੰਦੂਕ ਚੁਕ ਲਿਆਇਆ ।

ਦੂਜੇ ਭਲਕ ਲੌਢੇ ਵੇਲੇ ਦੋਹਾਂ ਘਰਾਂ ਦੀਆਂ ਕੁੜੀਆਂ ਗੌਣਾਂ ਦਾ ਸਦਾ ਘਰੋਂ ਘਰੀਂ ਦੇ ਰਹੀਆਂ ਸਨ ਕਿ ਪਿੰਡ ਦੇ ਬਾਹਰਵਾਰ ਹਾਹਾਕਾਰ ਮੱਚੀ ਸੁਣ ਕੇ ਘਰੀਂ ਦੌੜ ਆਈਆਂ ।
ਕੋਈ ਮੰਨੇ ਨਾ । ਕਿਸੇ ਉਹਨੂੰ ਐਥੇ ਵੇਖਿਆ ਸੀ, ਕਿਸੇ ਉਥੇ ਵੇਖਿਆ ਸੀ । ਕਿਸੇ ਉਹਨੂੰ ਲਾਲ ਪੱਗ ਰੰਗਦਿਆਂ, ਕਿਸੇ ਉਹਨੂੰ ਭੈਣ ਨੂੰ ਕੰਨੀਆਂ ਫੜਾ ਕੇ ਸੁਕਾਂਦਿਆਂ ਵੇਖਿਆ ਸੀ । ਪਰ ਹੁਣ ਪਹਾੜੀ ਦੇ ਪੈਰਾਂ ਵਿਚ ਜਿਥੇ ਕਲ੍ਹ ਉਹਨੇ ਮੋਹਰ ਸਿੰਘ ਦੀ ਬੰਦੂਕ ਸੁੱਟੀ ਸੀ, ਓਥੇ ਉਹਦੀ ਲਾਸ ਦੁਆਲੇ ਲੋਕ ਢਾਹੀਂ ਮਾਰ ਰਹੇ ਸਨ... ਮਾਪਿਆਂ ਦਾ ਇਕਲੌਤਾ, ਸਹੁਰਿਆਂ ਦਾ ਆਸਰਾ, ਮੁਟਿਆਰਾਂ ਦੀ ਹਸਰਤ ।
ਸਾਰਾ ਪਿੰਡ ਜਾਣਦਾ ਸੀ, ਰਣੀਏ ਦਾ ਕਾਤਲ ਕੌਣ ਹੈ ?...ਪਰ ਮਜਾਲ ਕਿਹਦੀ, ਕਿ ਮੂੰਹੋਂ ਬਿਰਕੇ । ਚਲਾਨ ਤਾਂ ਮੋਹਰ ਸਿੰਘ ਦਾ ਪੁਲਸ ਨੇ ਕਰ ਦਿੱਤਾ, ਪਰ ਗਵਾਹ ਸਾਰੇ ਡਰਾ ਧਮਕਾ ਕੇ ਪਿੰਡੋਂ ਕਢ ਦਿਤੇ । ਕੌਣ ਗਵਾਹੀ ਦੇਵੇ... ਆਪਣੀ ਲਾਸ਼ ਦੀ ਝਾਤੀ ਹਰ ਕਿਸੇ ਦੀਆਂ ਅੱਖਾਂ ਅਗੇ ਫਿਰ ਜਾਂਦੀ ਸੀ ।

ਕਈ ਮਹੀਨੇ ਮੁਕੱਦਮਾ ਚਲਿਆ...ਪਰ ਥਹੁ ਪਤਾ ਕੋਈ ਲਗਾ ਨਾ ਤੇ ਓੜਕ ਬੇਟੋਹ ਆਖ ਕੇ ਰਣੀਏ ਦੇ ਦਿਨ ਦੀਵੀਂ ਕਤਲ ਦਾ ਮੁਕੱਦਮਾ ਦਾਖ਼ਲ ਦਫ਼ਤਰ ਕਰ ਦਿਤਾ ਗਿਆ।
ਹੁਣ ਰੁਕਨੀ ਦਾ ਹੋਰ ਕੋਈ ਮੰਗੇਤਰ ਨਾ ਬਣਦਾ...ਤੇ ਨਾ ਰੁਕਨੀ ਦੇ ਮਾਪਿਆਂ ਕੋਲ ਇਨਕਾਰ ਦਾ ਬਹਾਨਾ ਰਹਿ ਗਿਆ । ਹੌਂਸਲਾ ਤਾਂ ਰਣੀਏ ਦੇ ਨਾਲ ਹੀ ਉਡ ਗਿਆ ਸੀ।
ਬੜੀ ਧੂਮ ਧਾਮ ਨਾਲ ਮੀਏਂ ਨੇ ਰੁਕਨੀ ਨਾਲ ਵਿਆਹ ਰਚਾਇਆ । ਰੁਕਨੀ ਦੇ ਮਾਪਿਆਂ ਦੇ ਘਰ ਰੋਣਾ ਸੀ, ਪਰ ਮੀਏਂ ਦੇ ਘਰ ਮਹਿਮਾਨਾਂ ਦੀ ਭੀੜ ਸੀ ।

ਮਹਿਮਾਨਾਂ ਨੂੰ ਵਿਦਿਆ ਕਰ ਕੇ ਮੀਆਂ ਰੁਕਨੀ ਨੂੰ ਆਪਣੇ ਸੌਣ-ਕਮਰੇ ਦੀ ਸਜਾਵਟ ਦਿਖਾ ਰਿਹਾ ਸੀ । ਭਾਵੇਂ ਜਿਸਮ ਮੀਏਂ ਦਾ ਬੇਡੌਲ ਤੇ ਨਕਸ਼ ਬੇ-ਮੁਰੱਵਤ ਸਨ, ਪਰ ਅਜ ਕਪੜੇ ਉਹਨੇ ਉਹ ਪਾਏ ਸਨ, ਜਿਹੜੇ ਉਹ ਰਾਜੇ ਨੂੰ ਮਿਲਣ ਗਿਆਂ ਪਾਇਆ ਕਰਦਾ ਸੀ । ਉਹ ਰਣੀਏ ਦੀ ਜਵਾਨੀ ਤੇ ਸੁਡੌਲਤਾ ਦੇ ਚੇਤੇ ਦੀਆਂ ਲਕੀਰਾਂ ਆਪਣੀ ਸ਼ਾਨ ਦੇ ਸੁਨਹਿਰੇ ਨਾਲ ਮੇਲਨ ਦੀ ਕੋਸ਼ਸ਼ ਕਰ ਰਿਹਾ ਸੀ। ਕਚ ਦੀਆਂ ਵੰਗਾਂ ਤੋਂ ਮਹਿੰਗਾ ਗਹਿਣਾ ਰੁਕਨੀ ਨੇ ਨਹੀਂ ਵੇਖਿਆ, ਫੂਸ ਦੀ ਛੱਤ ਨਾਲੋਂ ਪਕੇਰੇ ਘਰ ਵਿਚ ਰੁਕਨੀ ਨੇ ਪੈਰ ਨਹੀਂ ਪਾਇਆ...ਉਹ ਕਲੀਨਾਂ ਵਿਛੇ ਤੇ ਤਸਵੀਰਾਂ ਜਹੇ ਸੁਹਾਗ ਕਮਰੇ ਵਿੱਚ ਗਹਿਣਿਆਂ ਕਪੜਿਆਂ ਨਾਲ ਝੰਮ ਝੰਮ ਕਰਦੀ ਕੰਗਲੇ ਰਣੀਏ ਨੂੰ ਕਿਉਂ ਚੇਤੇ ਕਰੇਗੀ ।
ਤੇ ਸਚ ਮੁਚ ਮੀਏਂ ਦੇ ਮੋਟੇ ਭੱਦੇ ਪਾਸੇ ਨਾਲ ਸਜੀ ਰੁਕਨੀ ਓਸ ਬ੍ਰਿਛ ਦੀ ਇਕੋ ਇਕ ਫੁਲੀ-ਮਹਿਕੀ ਟਾਹਣੀ ਦਿਸ ਰਹੀ ਸੀ, ਜਿਦ੍ਹਾ ਬਾਕੀ ਸਾਰਾ ਭਾਗ ਸੁਕ ਕੇ ਲਕੜ ਹੋ ਗਿਆ ਹੋਵੇ ।

ਮੀਆਂ ਫੁਲਿਆ ਨਹੀਂ ਸੀ ਸਮਾਂਦਾ । ਕੁੜੀਆਂ ਕਈ ਉਸਦੇ ਨਾਲ ਏਸ ਕਮਰੇ ਵਿਚ ਤੁਰੀਆਂ ਸਨ, ਪਰ ਰੁਕਨੀ ਦੀਆਂ ਅੱਖਾਂ ਵਿਚ ਡੂੰਘੀ ਉਦਾਸੀ ਦੇ ਨਾਲ ਕੋਈ ਅਨੋਖਾਪਨ ਸੀ, ਜਿਦੇ ਸਾਹਮਣੇ ਤਕੜੇ ਤੋਂ ਤਰੜਾ ਮਰਦ ਭੀ ਨਿਮਾਣਾ ਜਾਪਦਾ ਸੀ । ਮੀਆਂ ਉਹਨੂੰ ਕਮਰੇ ਦੇ ਪਰਦੇ, ਫੂਲਦਾਨ ਤੇ ਤਸਵੀਰਾਂ ਵਿਖਾ ਰਿਹਾ ਸੀ । ਇਕ ਪੀਂਘ ਝੂਟਦੀ ਇਸਤ੍ਰੀ ਦੀ ਤਸਵੀਰ ਅਗੇ ਖਲੋ, ਉਸ ਆਖਿਆ :
"ਰੂਕਨੀ ਨੂੰ ਬਾਗ ਵਿਚ ਇਹੋ ਜਿਹੀ ਪੀਂਘ ਪੁਆ ਦਿਆਂਗਾ ।"
ਰੁਕਨੀ ਚੁਪ ਉਸ ਦੀ ਤਸਵੀਰ ਵਲ ਵੇਖਦੀ ਰਹੀ ।
"ਮੈਂ ਰੁਕਨੀ ਨੂੰ ਪਿਛੇ ਖੜੋ ਕੇ ਝੂਟੇ ਦਿਆਂਗਾ ।"

ਰੁਕਨੀ ਨੇ ਤਸਵੀਰ ਤੋਂ ਅੱਖਾਂ ਨਾ ਚੁੱਕੀਆਂ । ਮੀਆਂ ਅਜੇ ਤਕ ਰੁਕਨੀ ਵਲ ਹੀ ਵੇਖ ਰਿਹਾ ਸੀ । ਓਸ ਭੀ ਅੱਖਾਂ ਤਸਵੀਰ ਵਲ ਚੁਕੀਆਂ, ਤਸਵੀਰ ਇਕ ਪਾਸੇ ਝੁਕ ਗਈ । ਅਡੀਆਂ ਚੁਕ ਕੇ ਮੀਏਂ ਨੇ ਝੁਕਿਆ ਪਾਸਾ ਆਪਣੀ ਮੋਟੀ ਉਂਗਲੀ ਦੀ ਦਾਬ ਨਾਲ ਉਤਾਂਹ ਚੁੱਕਣ ਦਾ ਜਤਨ ਕੀਤਾ, ਪਰ ਇਉਂ ਕੀਤਿਆਂ, ਜਿਹੜੇ ਕਿਲ ਆਸਰੇ ਤਸਵੀਰ ਉਲਰੀ ਟਿਕੀ ਸੀ, ਉਹ ਉਖੜ ਗਿਆ ਤੇ ਜੋਰ ਨਾਲ ਝਟਕਾ ਖਾ ਕੇ ਤਸਵੀਰ ਕੰਧ ਨਾਲ ਸਿਧੀ ਹੋ ਗਈ, ਤੇ ਉਹਦੇ ਪਿੱਛੋਂ ਕੁਝ ਭਾਰਾ ਜਿਹਾ ਰੁਕਨੀ ਦੇ ਪੈਰਾਂ ਵਿਚ ਢਹਿ ਪਿਆ । ਰੁਕਨੀ ਨੇ ਚੁਕ ਕੇ ਵੇਖਣਾ ਚਾਹਿਆ, ਪਰ ਮੀਏਂ ਨੇ ਛੇਤੀ ਨਾਲ ਉਹਦੇ ਹਥੋਂ ਫੜ ਲਿਆ।
"ਆਹ... ਮੈ ਇਹਨੂੰ ਦੋ ਵਰ੍ਹਿਆਂ ਦਾ ਢੂੰਡ ਰਿਹਾ ਸਾਂ ।"
"ਤੇ ਏਥੇ ਇਹ ਧਰਿਆ ਕਿਸ ਸੀ ?" ਰੁਕਨੀ ਮੀਏਂ ਦੇ ਹਥ ਵਿਚ ਫੜੇ ਚਾਕੂ ਨੂੰ ਇਕ ਟਕ ਤਕੀ ਜਾ ਰਹੀ ਸੀ ।
"ਮੇਰੀ ਵਡੀ ਵਹੁਟੀ ਨੇ...ਉਹਨੂੰ ਹਾਸੇ ਹਾਸੇ ਵਿੱਚ ਮੈਂ ਇਕ ਦਿਨ ਇਹਦੇ ਫਲਟੇ ਖੋਲ੍ਹ ਕੇ ਡਰਾਇਆ ਸੀ ।... ਉਹਨੇ ਇਹ ਕਿਧਰੇ ਛੁਪਾ ਦਿਤਾ ਤੇ ਫੇਰ ਇਹ ਮੈਨੂੰ ਹੁਣ ਪਿਆ ਲਭਦਾ ਏ" । ਮੀਏਂ ਨੇ ਉਹ ਚਾਕੂ ਬੋਝੇ ਵਿਚ ਪਾ ਕੇ ਗਲ ਟਾਲਣੀ ਚਾਹੀ ।
"ਭਲਾ ਖੋਹਲ ਕੇ ਦਸੋ ਖਾਂ; ਇਹਦੇ ਫਲਟੇ । ਚੀਜ਼ ਇਹ ਅਚਰਜ ਜਿਹੀ ਜਾਪਦੀ ਏ ।"
ਮੀਏਂ ਨੇ ਫਲਟੇ ਖੋਹਲੇ । ਰੁਕਨੀ ਨੇ ਦਸਤੇ ਤੋਂ ਫੜ ਕੇ ਦੋਹਾਂ ਫਲਟਿਆਂ ਦੀ ਧਾਰ ਵੇਖੀ ਜੀਕਰ ਉਹ ਮੀਏਂ ਦੀਆਂ ਅੱਖਾਂ ਦਾ ਪ੍ਰਤੀਕਰਮ ਵੇਖਣਾ ਚਾਹੁੰਦੀ ਸੀ, ਮੀਏਂ ਵੱਲ ਅੱਖਾਂ ਚੁਕ ਕੇ ਬੋਲੀ :
"ਇਕ ਫਲਟੇ ਨੂੰ ਦੰਦਾ ਪਿਐ ।"
"ਇਹ ਦੰਦਾ ਮੈਂ ਕਲ੍ਹ ਹੀ ਕਢ ਲਵਾਂਗਾ ।" ਮੀਆਂ ਖ਼ੁਸ਼ ਹੋ ਗਿਆ ਕਿ ਚਾਕੂ ਬਾਰੇ ਉਹਦਾ ਆਪਣਾ ਡਰ ਗਲਤ ਨਿਕਲਿਆ । ਸਗੋਂ ਚਾਕੂ ਨੇ ਰੁਕਨੀ ਦੀਆਂ ਅੱਖਾਂ ਵਿੱਚੋਂ ਬੇ-ਨੀਝ ਜਿਹੀ ਤਕਣੀ ਹਟਾ ਕੇ ਉਹਨੂੰ ਚੇਤੰਨ ਕਰ ਦਿੱਤਾ ਸੀ ।
"ਲਿਆ... ਰੁਕਨੀਏਂ ਮੈਂ ਇਹਦੇ ਫਲਟੇ ਬੰਦ ਕਰ ਦਿਆਂ, ਗ਼ਜ਼ਬ ਦੇ ਤਿੱਖੇ ਨੇ ।... ਕਿਤੇ ਚੀਰ ਨਾ ਪਾ ਲਵੀਂ ।" ਮੀਏਂ ਨੇ ਰੁਕਨੀ ਦੇ ਬਾਰ ਬਾਰ ਫਲਟਿਆਂ ਤੇ ਉਂਗਲੀ ਫੇਰਦਿਆਂ ਵੇਖ ਕੇ ਆਖਿਆ ।

ਪਰ ਉਹਦੇ ਮੂੰਹੋਂ ਇਹ ਲਫ਼ਜ਼ ਨਿਕਲਣ ਦੀ ਢਿਲ ਸੀ ਕਿ ਰੁਕਨੀ ਦੀਆਂ ਅੱਖਾਂ ਵਿਚ ਕੋਈ ਕਹਿਰ ਛਾ ਗਿਆ... ਉਹਦੇ ਸੱਜੇ ਹੱਥ ਦੀ ਮੁੱਠ ਵਿਚ ਚਾਕੂ ਦਾ ਦਸਤਾ ਘੁਟਿਆ ਗਿਆ ਤੇ ਉਹ ਇਕ ਕਦਮ ਮੀਏਂ ਕੋਲੋਂ ਪਰ੍ਹਾਂ ਹਟ ਕੇ ਗਰਜੀ :
"ਇਹ ਫਲਟੇ ਹੁਣ ਬੰਦ ਨਹੀਓਂ ਹੋਣੇ...ਇਹਦੇ ਨਾਲ ਮੈਂ ਇਸ ਚਾਕੂ ਵਾਲੇ ਦੇ ਖੂਨ ਦਾ ਬਦਲਾ ਲਵਾਂਗੀ ।"
ਮੀਏਂ ਦੀਆਂ ਲੱਤਾਂ ਕੰਬਣ ਲਗ ਪਈਆਂ ।
"ਨਹੀਂ...ਨਹੀਂ ਰੁਕਨੀ ਤੂੰ ਭੁਲਨੀ ਏਂ, ਇਹ ਚਾਕੂ ਮੈ ਦੋ ਵਰ੍ਹੇ ਹੋਏ, ਖ਼ਰੀਦਿਆ ਸੀ ।"
"ਝੂਠ,..... ਖੂਨੀ ਝੂਠ !" ਰੁਕਨੀ ਨੇ ਚਾਕੂ ਦਾ ਇਕ ਫਲਟਾ ਮੀਏਂ ਵਲ ਵਧਾ ਕੇ ਆਖਿਆ : "ਫੇਰ ਜੇ ਤੂੰ ਆਖਿਆ, ਕਿ ਇਹ ਚਾਕੂ ਤੇਰਾ ਏ ਤਾਂ ਇਹਦਾ ਇਕ ਫਲਟਾ ਤੇਰੇ ਢਿਡ ਵਿਚ ਤੇ ਦੂਜਾ ਮੇਰੀ ਹਿੱਕ ਵਿਚ ਖੁੱਭਾ ਹੋਵੇਗਾ ।"
ਮੀਏਂ ਦੇ ਮੂੰਹ ਤੇ ਹਵਾਈਆਂ ਉਡ ਗਈਆਂ ਤੇ ਜ਼ਬਾਨ ਥਿੜਕਣ ਲਗ ਪਈ ।
"ਮੈਂ ਫੇਰ ਨਹੀਂ ਆਖਾਂਗਾ । ਜਿਸ ਤਰ੍ਹਾਂ ਤੂੰ ਆਖੇਂਗੀ, ਓਸੇ ਤਰ੍ਹਾਂ ਆਖਾਂਗਾ ।"
"ਫੇਰ ਤੂੰ ਏਸ ਕਮਰੇ ਚੋਂ ਚਲਾ ਜਾ...ਅਜ ਰਾਤ ਏਥੇ ਮੈਂ ਇਸ ਚਾਕੂ ਦੇ ਮਾਲਕ ਨਾਲ ਸਮਝੌਤਾ ਕਰਾਂਗੀ...ਤੇ ਸਵੇਰੇ ਤੇਰੇ ਨਾਲ ਗਲ ਕਰਾਂਗੀ...ਦਸ...ਦਸ …ਤੈਨੂੰ ਮੰਨਜ਼ੂਰ ਹਈ ?"
"ਮੈਨੂੰ....ਮੰਨਜ਼ੂਰ ਏ...ਸਭ ਕੁਝ ਮੰਨਜ਼ੂਰ ਏ...ਪਰ ਵੇਖੀਂ ਮੈਨੂੰ ਦਗਾ ਨਾ ਦੇਈਂ...ਲਹੂ ਦੀਆਂ ਨਦੀਆਂ ਚੀਰ ਕੇ ਮੈਂ ਤੇਰੇ ਕੋਲ ਪੁੱਜਾ ਹਾਂ," ਮੀਏਂ ਨੇ ਹਥ ਬੰਨ੍ਹ ਕੇ ਆਖਿਆ ।
"ਏਸੇ ਲਹੂ ਦਾ ਬਦਲਾ ਲੈਣ ਲਈ, ਮੈਂ ਤੇਰੇ ਨਾਲ ਵਿਆਹ ਕੀਤਾ ਸੀ, ਨਹੀਂ ਤੇ ਰਣੀਏ ਦੀ ਮੜ੍ਹੀ ਕੋਲੋਂ ਤੂੰ ਮੈਨੂੰ ਖੋਹ ਨਾ ਸਕਦਾ...ਏਸੇ ਵੇਲੇ ਆਪਣਾ ਬਦਲਾ ਮੈਂ ਮੁਕਾ ਲੈਣਾ ਸੀ, ਪਰ ਮਾਂ-ਪਿਓ ਦਾ ਉਜਾੜਾ ਅੱਖਾਂ ਸਾਹਮਣੇ ਆ ਗਿਆ ਏ...ਤੇਰੇ ਸਕਿਆਂ ਸਾਡਾ ਇਕ ਜੀਅ ਜੀਉਂਦਾ ਨਹੀ ਛਡਣਾ...ਜਾ ਖੂਨੀਆਂ, ਓਹਨਾਂ ਦੀ ਖ਼ਾਤਰ ਤੂੰ ਭੀ ਜੀਉਂਦਾ ਰਹੁ।"
ਸਿਰ ਤੋਂ ਪੈਰਾਂ ਤਕ ਕੰਬਦਾ ਮੀਆਂ ਕਮਰੇ ਚੋਂ ਬਾਹਰ ਹੋ ਗਿਆ ਤੇ ਰੁਕਨੀ ਨੇ ਅੰਦਰੋਂ ਬੂਹਾ ਬੰਦ ਕਰ ਲਿਆ । ਕਮਰੇ ਦੇ ਦੂਜੇ ਪਾਸੇ ਦੋ ਪਲੰਘ ਵਿਛੇ ਸਨ । ਰੁਕਨੀ ਉਹਨਾਂ ਕੋਲ ਗਈ । ਰੇਸ਼ਮੀ ਰਜਾਈ ਤੇ ਚਿੱਟੇ ਦੁਧ ਸਰਹਾਨੇ । ਇਕ ਬਿਸਤਰਾ ਵਲ੍ਹੇਟ ਕੇ ਉਸਨੇ ਬੂਹੇ ਉਤੇ ਰੱਖ ਦਿਤਾ ਤੇ ਪਲੰਘ ਦੀ ਨਵਾਰ ਚਾਕੂ ਨਾਲ ਕੱਟ ਸੁਟੀ, ਤੇ ਉੱਚੀ ਦਿਤੀ ਬੋਲੀ :
"ਰੰਡੀਆਂ ਸੁਹਾਗਨਾਂ ਦੀ ਕਬਰ"

ਮੁੱਠ ਵਿਚ ਚਾਕੂ ਦਾ ਦਸਤਾ ਘੁੱਟੀ, ਹਵਾ ਵਿਚ ਖੁਲ੍ਹੇ ਫਲਟੇ ਅਗਾਂਹ ਪਿਛਾਂਹ ਕਈ ਗਲਾਂ ਮੇਲੇ ਵਾਲੀਆਂ ਕਰਦੀ ਤੇ ਵੰਗਾਂ ਦੀ ਗਲ ਮੂੰਹੋਂ ਨਿਕਲਦਿਆਂ ਹੀ ਉਸਨੇ ਸੋਨੇ ਦੀਆਂ ਚੂੜੀਆਂ ਧਰੂਹ ਸੁਟੀਆਂ...ਤੇ ਦੌੜ ਕੇ ਉਹ ਪੀਂਘ ਵਾਲੀ ਤਸਵੀਰ ਕੋਲ ਜਾ ਖਲੋਤੀ, ਉਸਦਾ ਸ਼ੀਸ਼ਾ ਚਾਕੂ ਦੀ ਚੋਂਬੜ ਨਾਲ ਚੂਰ ਕਰ ਦਿਤਾ, ਤੇ ਉਹਦੇ ਵਿਚ ਜਿਥੇ ਰੱਸੇ ਦੀਆਂ ਲਾਸਾਂ ਹੇਠ ਲਟਕਦੀਆਂ ਸਨ, ਉਥੋਂ ਤਸਵੀਰ ਕਟ ਕੇ ਹੇਠਾਂ ਸਟ ਦਿਤੀ : "ਏਸ ਮੌਤ-ਘਰ ਵਿਚ ਪੀਂਘਾਂ !"
ਤੇ ਸਾਰੀ ਰਾਤ ਉਹ ਏਸੇ ਤਰ੍ਹਾਂ ਬੋਲਦੀ ਕਦੀ ਨਵਾਰ ਕੱਟੇ ਪਲੰਘ ਦੁਆਲੇ ਪਰਕਰਮਾ ਕਰਦੀ ਤੇ ਕਦੀ ਪਾਟੀ ਹੋਈ ਤਸਵੀਰ ਨੂੰ ਫੜ ਕੇ ਆਂਹਦੀ :
"ਗੁੱਸਾ ਨਾ ਕਰੀਂ ...ਸਗੋਂ ਏਥੋਂ ਚਲੀ ਜਾ...ਇਹ ਘਰ ਨਹੀਂ...ਇਹ ਰੰਡੀਆਂ ਸੁਹਾਗਨਾਂ ਦਾ ਜੇਲ੍ਹ-ਖਾਨਾ ਏ ।"
ਦਿਨ ਚੜ੍ਹਿਆ, ਸਾਰੇ ਪਿੰਡ ਵਿਚ ਗੋਗਾ ਮਚ ਗਿਆ : "ਰੁਕਨੀ ਝੱਲੀ ਹੋ ਗਈ ।...ਉਹਦੇ ਹਥ ਵਿਚ ਚਾਕੂ ਏ...ਮੀਆਂ ਭੀ ਡਰ ਡਰ ਲੁਕਦਾ ਏ......।"

ਰੁਕਨੀ ਮੀਏਂ ਦੇ ਘਰੋਂ ਬਾਹਰ ਨਿਕਲ ਆਈ, ਕਿਸੇ ਨੂੰ ਹੀਆ ਨਾ ਪਿਆ, ਉਸ ਨੂੰ ਰੋਕ ਸਕੇ । ਮੀਏਂ ਦੇ ਸਾਰੇ ਘਰ ਨੂੰ ਉਹਦੇ ਤੇ ਤਰਸ ਆ ਗਿਆ ਸੀ ਤੇ ਮੀਆਂ ਜਦੋਂ ਉਸ ਨੂੰ ਵੇਖਦਾ ਸੀ, ਉਹਦਾ ਸਾਹ ਫੁਲ ਜਾਂਦਾ ਸੀ ।...ਏਸੇ ਲਈ ਉਹ ਲੁਕ ਲੁਕ ਪਰ੍ਹਾਂ ਹੁੰਦਾ ਸੀ ।
ਰੁਕਨੀ ਦੇ ਮਾਪੇ ਉਹਦੇ ਕੋਲ ਆਏ, ਰੋ ਰੋ ਕੇ ਭੀ ਆਪਣਾ ਚੇਤਾ ਉਹਦੀਆਂ ਅੱਖਾਂ ਵਿਚ ਨਾ ਜਗਾ ਸਕੇ । ਸਾਰਾ ਦਿਨ ਉਹ ਇਕ ਬ੍ਰਿਛ ਹੇਠਾਂ ਬੈਠੀ ਰਹੀ । ਰਾਤੀ ਜਦੋਂ ਗੂਹੜਾ ਹਨੇਰਾ ਹੋ ਗਿਆ ਲੋਕ ਅੰਦਰੀਂ ਵੜ ਗਏ, ਤਾਂ ਕਈ ਪਾਸਿਆਂ ਤੋਂ ਉਹਦੀ ਅਵਾਜ਼ ਆਈ : "ਖ਼ਬਰਦਾਰ...ਏਸ ਪਿੰਡ ਵਿਚ ਜੇ ਕਿਸੇ ਪ੍ਰੀਤ ਦਾ ਖ਼ੂਨ ਕੀਤਾ...ਰੁਕਨੀ ਇਸ ਪਿੰਡ ਦੀਆਂ ਪ੍ਰੀਤਾਂ ਦੀ ਪਹਿਰੇਦਾਰ ਏ ।"
ਕਈਆਂ ਨੇ ਖਿੜਕੀਆਂ ਖੋਹਲ ਕੇ ਵੇਖਿਆ । ਰੁਕਨੀ ਦੇ ਹੱਥ ਵਿਚ ਖੁਲ੍ਹੇ ਫਲਟਿਆਂ ਵਾਲਾ ਚਾਕੂ ਫੜਿਆ ਤੇ ਉਹ ਤਿਆਰ ਸੰਗੀਨ ਵਾਲੇ ਸਿਪਾਹੀ ਵਾਂਗ ਪਹਿਰਾ ਦੇ ਰਹੀ ਸੀ ।

ਦੋ ਚਾਰ ਦਿਨ ਉਸ ਖਾਧਾ ਕੁਝ ਨਾ, ਓਹਦੀਆਂ ਅੱਖਾਂ ਹੇਠਾਂ ਲਹਿ ਗਈਆਂ, ਪਰ ਚਾਕੂ ਦੇ ਦਸਤੇ ਤੇ ਉਹਦੀ ਪਕੜ ਅਜੇ ਵੀ ਬੜੀ ਮਜ਼ਬੂਤ ਸੀ । ਮੀਏਂ ਦੀ ਵੱਡੀ ਵਹੁਟੀ ਨੇ ਉਸ ਬ੍ਰਿਛ ਹੇਠਾਂ ਉਹਨੂੰ ਇਕ ਨਿੱਕੀ ਜਿਹੀ ਝੁੱਗੀ ਬਣਵਾ ਦਿਤੀ ਤੇ ਦੋਵੇਂ ਵੇਲੇ ਉਹਨੂੰ ਰੋਟੀ ਖੁਆ ਜਾਂਦੀ ਸੀ । ਕਦੇ ਕਦੇ ਰੁਕਨੀ ਉਹਨੂੰ ਕਹਿ ਛਡਦੀ :
"ਆਪਣੇ ਮੀਏਂ ਨੂੰ ਆਖੀਂ, ਵੇਖੇ ਜੇ ਫੇਰ ਉਸਨੇ ਪ੍ਰੀਤ ਦਾ ਖ਼ੂਨ ਕੀਤਾ, ਢਿੱਡ ਪਾੜ ਸੁਟਾਂਗੀ...ਅਗੇ ਮੈਂ ਲਿਹਾਜ਼ ਕਰ ਦਿੱਤਾ ਸੀ ।"

ਹਫ਼ਤੇ ਲੰਘ, ਸਾਲ ਭੀ ਲੰਘ ਗਏ । ਰੁਕਨੀ ਨੂੰ ਲੋਕ ਦੇਵੀ ਆਖਣ ਤੇ ਉਹਦੇ ਕੋਲੋਂ ਮੁਰਾਦਾਂ ਮੰਗਣ ਲਗ ਪਏ । ਉਹਦੇ ਨਕਸ਼ ਹੁਣ ਬੜੇ ਹੀ ਕੋਮਲ ਹੋ ਗਏ ਸਨ ।
ਰਾਤੀਂ ਭਾਵੇ ਉਹ ਚਾਕੂ ਖੋਹਲ ਕੇ ਸਿਪਾਹੀ ਦੀ ਤਰ੍ਹਾਂ ਹੁਸ਼ਿਆਰ ਹੋ ਕੇ ਪਹਿਰਾ ਦੇਂਦੀ, ਪਰ ਦਿਨੇ ਉਹ ਪਿਆਰ ਦੀ ਮੂਰਤ ਦਿਸਦੀ ਸੀ ਤੇ ਜਦੋਂ ਉਹ ਦਿਨੇ ਸੌਂ ਕੇ ਉਠਦੀ ਤਾਂ ਉਹਦੇ ਕੋਲ ਕਈ ਇਸਤ੍ਰੀਆਂ, ਕੁੜੀਆਂ ਦੀ ਆਵਾਜਾਈ ਰਹਿੰਦੀ ਉਹ ਕਈਆਂ ਦੀਆਂ ਗਲਾਂ ਇਕਲਿਆਂ ਸੁਣਦੀ । ਸਾਰੇ ਪਿੰਡ ਦੀਆਂ ਇਸਤ੍ਰੀਆਂ ਦੇ ਭੇਦ ਉਹਦੇ ਢਿੱਡ ਵਿਚ ਪੈ ਗਏ । ਉਹ ਹਰ ਕਿਸੇ ਨੂੰ ਸਲਾਹਾਂ ਦੇਂਦੀ, ਕਈਆਂ ਦੀਆਂ ਮੁਸ਼ਕਲਾਂ ਉਹ ਧਿਰਾਂ ਨੂੰ ਕੋਲ ਬੁਲਾ ਕੇ ਖੋਲ੍ਹ ਦਿੰਦੀ । ਉਹਦਾ ਆਖਾ ਕੋਈ ਮੋੜਦਾ ਨਾ ।

ਪਿਆਰੋ ਪਿੰਡ ਦੀ ਸੁਹਣੀ ਕੁੜੀ ਉਤੇ ਨਵਾਂ ਜੋਬਨ ਆਇਆ ਤੇ ਉਹਦੇ ਜੀਵਨ ਵਿੱਚ ਅਚਾਨਕ ਇਕ ਪਿਆਰ ਲੀਲ੍ਹਾ ਰਚੀ ਗਈ ਸੀ । ਉਹ ਕਿਸੇ ਨੂੰ ਸੁਣਾਨਾ ਚਾਹੁੰਦੀ ਸੀ, ਸੁਣਾਏ ਕਿਨੂੰ, ਸਾਰੇ ਭੈੜਾ ਆਖਣਗੇ, ਪਰ ਸੁਹਣੂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿਤਾ ਸੀ, ਉਹਨੂੰ ਕੁਝ ਵੀ ਭੈੜਾ ਨਹੀਂ ਸੀ ਲਗਦਾ । ਇਕ ਦਿਨ ਰੁਕਨੀ ਨੂੰ ਇਕੱਲੀ ਬੈਠੀ ਤਾੜ ਕੇ ਉਹਨੂੰ ਉਸ ਨੇ ਦਸ ਹੀ ਦਿਤਾ ।
"ਸੁਹਣੂ ਰਾਤੀ ਆਉਂਦਾ ਏ...ਸਾਡੇ ਘਰ ਕੋਲ ਔਲੇ ਦੇ ਬ੍ਰਿਛ ਹੇਠਾਂ ਉਹ ਮੇਰੇ ਨਾਲ ਕਿੰਨੀਆਂ ਹੀ ਗਲਾਂ ਕਰਦਾ ਏ......ਉਹ ਮੈਨੂੰ ਬੜਾ ਹੀ ਚੰਗਾ ਲਗਦਾ ਏ......ਉਹਨੂੰ ਮੈਂ ਰੋਜ਼ ਆਹਨੀ ਆਂ, ਆਪਣੀ ਮਾਂ ਦੀ ਗਲ ਮੇਰੀ ਮਾਂ ਨਾਲ ਕਰਾ ਦੇਵੇ, ਪਰ ਉਹ ਭੁਲ ਜਾਂਦਾ ਏ...ਰੋਜ਼ ਗੁੱਸੇ ਹੋ ਕੇ ਆਹਨੀ ਆਂ... 'ਕਲ੍ਹ ਮੈਂ ਨਹੀਓਂ ਆਉਣਾ' ...ਪਰ ਜਦੋਂ ਕੰਧ ਤੋਂ ਰੋੜਾ ਉਹ ਸਾਡੇ ਵਿਹੜੇ ਵਿਚ ਸੁਟਦਾ ਏ... ਮੈਥੋਂ ਰਿਹਾ ਨਹੀਂ ਜਾਂਦਾਂ......।"
ਰੁਕਨੀ ਆਪਣਾ ਸੱਜਾ ਪੈਰ ਘੁੱਟਣ ਲਗ ਪਈ ।
"ਲਿਆਓ ਮੈਂ ਘੁੱਟਾਂ, ਦੇਵੀ ਮਾਂ ।" ਪਿਆਰੋ ਨੇ ਆਖਿਆ।
"ਨਹੀਂ, ਪਿਆਰੋ ! ਕੁਝ ਨਹੀਂ । ਮੁਦਤਾਂ ਹੋਈਆਂ, ਮੇਰੇ ਇਸ ਪੈਰ ਦੀ ਮਚਕੋੜ ਨਿਕਲ ਗਈ ਸੀ । ਕਦੇ ਕਦੇ ਐਵੇਂ ਹੀ ਇਥੋਂ ਤ੍ਰਾਟ ਉਠ ਪੈਂਦੀ ਏ...ਤੇ ਦੋ ਚਾਰ ਤਲੀਆਂ ਝਸਿਆਂ ਨੀਕ ਹੋ ਜਾਂਦੀ ਦੇ...ਹੱਛਾ ਤੂੰ ਚਾਹੁੰਨੀ ਏਂ ਸੁਹਣੂ ਛੇਤੀ ਤੇਰੇ ਮਾਪਿਆਂ ਨਾਲ ਗਲ ਮੁਕਾ ਲਏ ।"
"ਹਾਂ ਦੇਵੀ ਮਾਂ..."
"ਚੰਗਾ, ਤੂੰ ਜਾ, ਮੈਂ ਸੁਹਣੂ ਨੂੰ ਬੁਲਾ ਕੇ ਆਖਾਂਗੀ ।"
ਉਹ ਸਾਰਾ ਦਿਨ ਰੁਕਨੀ ਹੋਰ ਕਿਸੇ ਨੂੰ ਨਾ ਮਿਲੀ । ਦੋ ਚਾਰ ਵਾਰੀ ਉਸ ਨੇ ਆਪਣਾ ਸੱਜਾ ਪੈਰ ਕਿੰਨਾ ਕਿੰਨਾ ਚਿਰ ਹੱਥਾਂ ਵਿਚ ਮਲਿਆ ।

ਰਾਤੀਂ ਪਹਿਰਾ ਦਿੰਦੀ ਉਹ ਪਿਆਰੋ ਦੇ ਘਰ ਵਲ ਜਾ ਨਿਕਲੀ । ਪਿਆਰੋ ਦਾ ਘਰ ਪਿੰਡੋਂ ਬਾਹਰਵਾਰ ਖੇਤਾਂ ਵਿਚ ਸੀ, ਘਰ ਦੇ ਕੋਲ ਔਲਿਆਂ ਦੇ ਬ੍ਰਿਛ ਹੇਠਾਂ ਉਹਨੇ ਦੂਰੋਂ ਖੜਾਕ ਜਿਹਾ ਸੁਣਿਆ । ਰਾਤ ਚਾਨਣੀ ਸੀ । ਉਹ ਖੜੋ ਗਈ । ਉਸ ਵੇਖਿਆ ਬ੍ਰਿਛ ਦੇ ਹਨੇਰੇ ਵਿਚੇ ਮੋਢਿਆਂ ਤੇ ਭਾਰ ਚੁੱਕੀ ਕੋਈ ਕਾਹਲੀ ਕਾਹਲੀ ਨਿਕਲਿਆ, ਉਹਨੇ ਹੋਰ ਨੀਝ ਲਾਈ, ਤੇ ਕੋਈ ਕੁੜੀ ਕਿਸੇ ਮਰਦ ਦੇ ਕੰਧਾੜੇ ਚੜ੍ਹੀ ਸੀ ।
ਰੁਕਨੀ ਉਥੇ ਬਹਿ ਗਈ ਤੇ ਆਪਣਾ ਸੱਜਾ ਪੈਰ ਘੁਟਣ ਲਗ ਪਈ । ਫੇਰ ਉਸੇ ਪਾਸੇ ਤੁਰ ਪਈ, ਜਿਧਰ ਉਹ ਗਏ ਸਨ, ਨਦੀ-ਤਟ ਤੇ ਇਕ ਵੱਡੇ ਸਾਰੇ ਪੱਥਰ ਤੇ ਉਹ ਦੋਵੇਂ ਬੈਠੇ ਸਨ । ਇਹ ਪੱਥਰ ਕੰਢੇ ਤੋਂ ਨੇੜੇ ਹੀ ਸੀ । ਕੁੜੀ ਦੇ ਮੂੰਹ ਤੇ ਚੰਨ ਪੈ ਰਿਹਾ ਸੀ । ਦੋਹਾਂ ਦੀਆਂ ਲੱਤਾਂ ਪਾਣੀ ਵਿਚ ਲਮਕ ਰਹੀਆਂ ਸਨ । ਰਾਤ ਦੀ ਖ਼ਾਮੋਸ਼ੀ ਵਿਚੋ ਉਸ ਸੁਣਿਆ :
"ਜੇ ਕਲ ਤੇਰੀ ਮਾਂ ਸਾਡੇ ਘਰ ਨਾ ਆਈ, ਤਾਂ ਭਾਵੇਂ ਰੋੜਿਆਂ ਨਾਲ ਤੂੰ ਸਾਡਾ ਸਾਰਾ ਵਿਹੜਾ ਭਰ ਦੇਵੇਂ...ਮੈਂ ਬਾਹਰ ਨਹੀ ਆਉਣਾ ...ਨਹੀਓਂ ਆਉਣਾ ।"
ਹਾਸੇ ਦੀ ਛਣਕਾਰ ਰੁਕਨੀ ਦੇ ਕੰਨ ਪਈ ।
"ਤੈਨੂੰ ਜੇ ਮੈਂ ਛਡਿਆ, ਤਾਂ ਤੂੰ ਨਾ ਆਵੀਂ...ਮੈਂ ਤੈਨੂੰ ਨਾਲ ਲੈ ਕੇ ਪਾਣੀ ਦੇ ਵਿਚ ਛਾਲ ਮਾਰ ਦੇਣੀ ਏ...ਤੇ ਤਰਦੇ ਤਰਦੇ ਅਸੀਂ ਕਿਤੇ ਦਾ ਕਿਤੇ ਪਹੁੰਚ ਜਾਣਾ ਏ ।"
"ਨਾ ਸੁਹਣੂ...ਮੇਰੀ ਮਾਂ ਕੀ ਆਖੇਗੀ...ਮੈਨੂੰ ਹੁਣ ਡਰ ਲਗਣ ਲਗ ਪਿਆ ਏ...ਜਿਉਂ ਜਾਣਨਾਂ ਏ,...ਹੁਣੇ ਮੈਨੂੰ ਘਰ ਲੈ ਚਲ..."

ਕੁਝ ਅੜੀਆਂ ਮੜੀਆਂ ਕਰਕੇ ਸੁਹਣੂ ਨੇ ਆਪਣੀ ਸਾਥਣ ਨੂੰ ਕੰਢੇ ਲਿਆ ਧਰਿਆ । ਓਸ ਵੇਲੇ ਰੁਕਨੀ ਬ੍ਰਿਛ ਦੇ ਓਹਲਿਓਂ ਨਿਕਲ ਆਈ । ਪਿਆਰੋ ਡਰ ਕੇ ਸੁਹਣੂ ਦੇ ਨਾਲ ਲਗ ਗਈ, ਪਰ ਰੁਕਨੀ ਨੂੰ ਪਛਾਣ ਕੇ ਬੋਲੀ :
"ਦੇਵੀ ਮਾਂ ਏ ! ਸੁਹਣੂ...ਹੁਣ ਸਾਨੂੰ ਕੋਈ ਡਰ ਨਹੀਂ।" ਤੇ ਦੋਹਾਂ ਨੇ ਅਗਾਂਹ ਵਧ ਕੇ ਰੁਕਨੀ ਦੇ ਪੈਰੀਂ ਹੱਥ ਲਾਇਆ ।
"ਇਹ ਤੇਰਾ ਸੂਹਣੂ ਏ...ਪਿਆਰੋ ?"
"ਹਾਂ, ਦੇਵੀ ਮਾਂ...ਇਹੋ ਮੇਰਾ ਸੁਹਣੂ ਏ ।"
"ਠੀਕ ਬੜਾ ਸੁਹਣੂ ਏ ਤੂੰ...ਪਰ ਕਲ ਆਪਣੀ ਮਾਂ ਨੂੰ ਪਿਆਰੋ ਦੇ ਘਰ ਜ਼ਰੂਰ ਘੱਲੀਂ ...।"
"ਜ਼ਰੂਰ ਘਲਾਂਗਾ...ਦੇਵੀ ਮਾਂ ।"
"ਵੇਖੀਂ ਜੇ ਮੈਨੂੰ ਧੋਖਾ ਦਿਤੋ ਈ ।"
"ਮੇਰੀ ਪਹਿਲੀ ਭੁੱਲ ਬਖਸ਼ ਦਿਉ," ਸੋਹਣੂ ਨੇ ਹਥ ਜੋੜੇ ।
"ਪਰ...ਦੇਵੀ...ਮਾਂ, ਭੁਲ ਇਹਦੇ ਨਾਲੋਂ ਮੇਰੀ ਬਹੁਤੀ ਸੀ...ਰੋਜ਼ ਆਂਹਦੀ ਸਾਂ ਨਹੀਂ ਆਉਣਾ, ਪਰ ਰਹਿੰਦੀ ਇਕ ਦਿਨ ਭੀ ਨਹੀਂ ਸਾਂ ।" ਪਿਆਰੋ ਨੇ ਰੁਕਨੀ ਦੀਆਂ ਅੱਖਾਂ ਵਿਚ ਸੁਹਣੂ ਨੂੰ ਨੀਵਿਆਂ ਹੋਣ ਤੋਂ ਬਚਾਉਣ ਲਈ ਆਖਿਆ ।
"ਚੰਗਾ ਪਿਆਰੋ ਦਿਆ ਸੁਹਣੂਆ...ਮੈਂ ਵੇਖਾਂਗੀ, ਤੂੰ ਕੇਡਾ ਕੁ ਸੋਹਣਾ ਏਂ।"
ਤੇ ਰੁਕਨੀ ਪਿੰਡ ਵਲ ਨਹੀਂ, ਦੂਜੇ ਪਾਸੇ ਨਦੀ ਦੇ ਕੰਢੇ ਹੋ ਗਈ ਪਰ ਉਹਦਾ ਪੈਰ ਲੜਖੜਾਇਆ ਤੇ ਉਹ ਬਹਿ ਕੇ ਉਹਨੂੰ ਘੁੱਟਣ ਲਗ ਪਈ । ਪਿਆਰੋ ਤੇ ਸੁਹਣੂ ਨੇ ਕੋਲ ਆਉਣਾ ਚਾਹਿਆ ।
"ਨਹੀਂ, ਪਿਆਰੋ ਤੇ ਸੁਹਣੂ...ਤੁਸੀਂ ਜਿਸ ਤਰ੍ਹਾਂ ਆਏ ਸੌ...ਉਸੇ ਤਰ੍ਹਾਂ ਚਲੇ ਜਾਓ...ਓਸੇ ਤਰ੍ਹਾਂ ਚਲੇ ਜਾਓ, ਓਸੇ ਤਰ੍ਹਾਂ ਜਾਣਾ, ਮੈ ਤੁਹਾਨੂੰ ਵੇਖਾਂਗੀ ।"
ਸੁਹਣੂ ਪਿਆਰੋ ਦੇ ਅਗੇ ਖੜੋ ਗਿਆ । ਪਿਆਰੋ ਨੇ ਉਹਦੇ ਗਲ ਵਿਚ ਬਾਹਾਂ ਪਾ ਦਿਤੀਆਂ, ਸੁਹਣੂ ਨੇ _ਲਕ ਤੋਂ ਫੜ ਲਿਆ ਤੇ ਪਿਆਰੋ ਨੇ ਧੌਣ ਗਲ ਨਾਲ ਲਾ ਦਿਤੀ ਤੇ ਪਿਆਰੋ ਦਾ ਸੱਜਾ ਪੈਰ ਹਥ ਵਿਚ ਘੁਟ ਕੇ ਸੁਹਣੂ ਦੁੜੰਗੇ ਮਾਰਦਾ ਪਿੰਡ ਵਲ ਚਲਾ ਗਿਆ।

ਸਾਰਾ ਦਿਨ ਲੋਕ ਆਉਂਦੇ ਤੇ ਮੁੜ ਜਾਂਦੇ ਰਹੇ, ਰੁਕਨੀ ਦੀ ਝੁੱਗੀ ਖ਼ਾਲੀ ਸੀ। ਮੀਏਂ ਦੀ ਵਹੁਟੀ ਵਲੋਂ ਆਈ ਰੋਟੀ ਮੁੜ ਗਈ । ਪਿਆਰੋ ਦਸਣ ਆਈ ਕਿ ਸੂਹਣੂ ਨੇ ਆਪਣੀ ਮਾਂ ਨੂੰ ਉਹਨਾਂ ਦੇ ਘਰ ਘਲ ਦਿਤਾ ਸੀ । ਕਈ ਦਿਨ ਲੋਕ ਪਹਾੜਾਂ ਦੀਆਂ ਖੁੰਦਰਾਂ ਫੋਲਦੇ ਰਹੇ । ਕਈ ਮੀਲ ਨਦੀ ਦੇ ਕੰਢੇ ਸੁਹਣੂ ਭੌਂ ਆਇਆ ਕੋਈ ਉਘ ਸੁਘ ਰੁਕਨੀ ਦੀ ਨਾ ਮਿਲੀ । ਕਿਸੇ ਨੇ ਸਾਹਮਣੀ ਪਹਾੜੀ ਵਲ ਧਿਆਨ ਕਰ ਕੇ ਆਖਿਆ : "ਅਗੇ ਇਹ ਇਸ ਤਰ੍ਹਾਂ ਨਹੀ ਸੀ ਦਿਸਦੀ...ਔਹ ਰੁਕਨੀ ਦਾ ਸਿਰ, ਔਹ ਉਹਦੇ ਮੋਢੇ !" ਧੁੰਮਾਂ ਪੈ ਗਈਆਂ, ਰੁਕਨੀ ਪਹਾੜੀ ਤੇ ਜਾ ਬੈਠੀ ਤੇ ਪ੍ਰੀਤਾਂ ਦੀ ਅਹਿਲਿਆ ਬਣ ਗਈ ਏ । ਇਕ ਪਿੰਡ ਦੀਆਂ ਨਹੀਂ, ਸਾਰੀ ਰਿਆਸਤ ਦੀਆਂ ਪ੍ਰੀਤਾਂ ਦੀ ਓਥੋਂ ਰਾਖੀ ਕਰੇਗੀ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ