Premchand De Phate Boot : Harishankar Parsai
ਪ੍ਰੇਮਚੰਦ ਦੇ ਫਟੇ ਬੂਟ (ਵਿਅੰਗ) : ਹਰੀਸ਼ੰਕਰ ਪਰਸਾਈ
ਪ੍ਰੇਮਚੰਦ ਦੇ ਫਟੇ ਬੂਟ (ਵਿਅੰਗ) : ਹਰੀਸ਼ੰਕਰ ਪਰਸਾਈ
ਪ੍ਰੇਮਚੰਦ ਦੀ ਇਕ ਫੋਟੋ ਮੇਰੇ ਸਾਹਮਣੇ ਹੈ। ਪਤਨੀ ਨਾਲ ਫੋਟੋ ਖਿਚਵਾ ਰਹੇ ਹਨ। ਸਿਰ ’ਤੇ ਮੋਟੇ ਕੱਪੜੇ ਦੀ ਟੋਪੀ ਹੈ, ਕੁੜਤਾ ਅਤੇ ਧੋਤੀ ਪਹਿਨੀ ਹੈ। ਕਨਪਟੀ ਚਿਪਕੀ ਹੈ, ਗੱਲ੍ਹਾਂ ਦੀਆਂ ਹੱਡੀਆਂ ਉੱਭਰ ਆਈਆਂ ਹਨ, ਪਰ ਸੰਘਣੀਆਂ ਮੁੱਛਾਂ ਚਿਹਰੇ ਨੂੰ ਭਰਿਆ-ਭਰਿਆ ਦਰਸਾਉਂਦੀਆਂ ਹਨ। ਪੈਰਾਂ ਵਿਚ ਕੈਨਵਸ ਦੇ ਬੂਟ ਹਨ ਜਿਨ੍ਹਾਂ ਦੇ ਫੀਤੇ ਉੱਘੜ-ਦੁੱਘੜੇ ਬੰਨ੍ਹੇ ਹਨ। ਲਾਪ੍ਰਵਾਹੀ ਨਾਲ ਵਰਤਣ ਕਰਕੇ ਫੀਤਿਆਂ ਦੇ ਸਿਰਿਆਂ ਤੋਂ ਲੋਹੇ ਦੀ ਪੱਤੀ ਨਿਕਲ ਜਾਂਦੀ ਹੈ ਅਤੇ ਮੋਰੀਆਂ ਵਿਚ ਫੀਤੇ ਪਾਉਣ ’ਚ ਪ੍ਰੇਸ਼ਾਨੀ ਹੁੰਦੀ ਹੈ। ਫਿਰ ਫੀਤੇ ਕਿਵੇਂ ਨਾ ਕਿਵੇਂ ਬੰਨ੍ਹੇ ਜਾਂਦੇ ਹਨ।
ਸੱਜੇ ਪੈਰ ਦਾ ਬੂਟ ਠੀਕ ਹੈ, ਪਰ ਖੱਬੇ ਬੂਟ ਵਿਚ ਵੱਡੀ ਸਾਰੀ ਮੋਰੀ ਹੋ ਗਈ ਹੈ ਜਿਸ ’ਚੋਂ ਉਂਗਲ ਬਾਹਰ ਨਿਕਲ ਆਈ ਹੈ। ਮੇਰੀ ਨਜ਼ਰ ਇਸ ਬੂਟ ’ਤੇ ਅਟਕ ਗਈ ਹੈ। ਸੋਚਦਾ ਹਾਂ- ਫੋਟੋ ਖਿਚਵਾਉਣ ਦੀ ਜੇ ਇਹ ਪੌਸ਼ਾਕ ਹੈ, ਤਾਂ ਪਹਿਨਣ ਦੀ ਕਿਹੋ ਜਿਹੀ ਹੋਵੇਗੀ? ਨਹੀਂ, ਇਸ ਆਦਮੀ ਦੀਆਂ ਅੱਡ-ਅੱਡ ਪੁਸ਼ਾਕਾਂ ਨਹੀਂ ਹੋਣਗੀਆਂ। ਇਸ ਵਿਚ ਪੁਸ਼ਾਕਾਂ ਬਦਲਣ ਦਾ ਗੁਣ ਨਹੀਂ ਹੈ। ਇਹ ਜਿਹੋ ਜਿਹਾ ਹੈ, ਉਹੋ ਜਿਹੀ ਹੀ ਫੋਟੋ ਖਿਚਾ ਲੈਂਦਾ ਹੈ।
ਮੈਂ ਚਿਹਰੇ ਵੱਲ ਵੇਖਦਾ ਹਾਂ। ਕੀ ਤੁਹਾਨੂੰ ਪਤਾ ਹੈ, ਮੇਰੇ ਸਾਹਿਤਕ ਪੁਰਖੇ! ਕਿ ਤੁਹਾਡਾ ਬੂਟ ਫਟ ਗਿਆ ਹੈ ਅਤੇ ਉਂਗਲ ਬਾਹਰ ਦਿਸ ਰਹੀ ਹੈ? ਕੀ ਤੁਹਾਨੂੰ ਇਹਦਾ ਜ਼ਰਾ ਵੀ ਅਹਿਸਾਸ ਨਹੀਂ ਹੈ? ਜ਼ਰਾ ਵੀ ਸ਼ਰਮ, ਸੰਕੋਚ ਜਾਂ ਝਿਜਕ ਨਹੀਂ ਹੈ? ਕੀ ਤੁਸੀਂ ਇੰਨਾ ਵੀ ਨਹੀਂ ਜਾਣਦੇ ਕਿ ਧੋਤੀ ਨੂੰ ਥੋੜ੍ਹਾ ਜਿਹਾ ਹੇਠਾਂ ਖਿੱਚ ਲੈਣ ਨਾਲ ਉਂਗਲ ਢਕ ਸਕਦੀ ਹੈ? ਪਰ ਫਿਰ ਵੀ ਤੁਹਾਡੇ ਚਿਹਰੇ ’ਤੇ ਬੜੀ ਬੇਪਰਵਾਹੀ ਹੈ, ਬੜਾ ਵਿਸ਼ਵਾਸ ਹੈ! ਫੋਟੋਗ੍ਰਾਫਰ ਨੇ ਜਦੋਂ ‘ਰੈਡੀ ਪਲੀਜ਼’ ਕਿਹਾ ਹੋਵੇਗਾ, ਫਿਰ ਪਰੰਪਰਾ ਮੁਤਾਬਿਕ ਤੁਸੀਂ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਦਰਦ ਦੇ ਡੂੰਘੇ ਖੂਹ ਦੀ ਤਹਿ ਵਿਚ ਕਿਤੇ ਪਈ ਮੁਸਕਰਾਹਟ ਨੂੰ ਹੌਲੀ-ਹੌਲੀ ਖਿੱਚ ਕੇ ਉੱਤੇ ਕੱਢ ਰਹੇ ਹੋਵੋਗੇ ਕਿ ਵਿਚਕਾਰ ਹੀ ‘ਕਲਿੱਕ’ ਕਰਕੇ ਫੋਟੋਗ੍ਰਾਫਰ ਨੇ ‘ਥੈਂਕਯੂ’ ਕਹਿ ਦਿੱਤਾ ਹੋਵੇਗਾ। ਅਜੀਬ ਹੈ ਇਹ ਅਧੂਰੀ ਮੁਸਕਰਾਹਟ! ਇਹ ਮੁਸਕਰਾਹਟ ਨਹੀਂ, ਇਸ ਵਿਚ ਤਨਜ਼ ਹੈ, ਵਿਅੰਗ ਹੈ!
ਇਹ ਕਿਹੋ ਜਿਹਾ ਬੰਦਾ ਹੈ ਜੋ ਖ਼ੁਦ ਤਾਂ ਫਟੇ ਬੂਟ ਪਹਿਨੀ ਫੋਟੋ ਖਿਚਵਾ ਰਿਹਾ ਹੈ, ਪਰ ਕਿਸੇ ’ਤੇ ਹੱਸ ਰਿਹਾ ਹੈ?
ਫੋਟੋ ਹੀ ਖਿਚਵਾਉਣੀ ਸੀ ਤਾਂ ਚੰਗੇ ਬੂਟ ਪਹਿਨ ਲੈਂਦਾ ਜਾਂ ਫੋਟੋ ਨਾ ਖਿਚਵਾਉਂਦਾ। ਫੋਟੋ ਨਾ ਖਿਚਵਾਉਣ ਨਾਲ ਕੀ ਵਿਗੜਦਾ ਸੀ! ਸ਼ਾਇਦ ਪਤਨੀ ਨੇ ਜ਼ੋਰ ਦਿੱਤਾ ਹੋਵੇ ਅਤੇ ਤੁਸੀਂ ‘ਚੰਗਾ, ਚਲ ਬਈ’ ਕਹਿ ਕੇ ਬਹਿ ਗਏ ਹੋਵੋਗੇ! ਪਰ ਇਹ ਕਿੰਨਾ ਵੱਡਾ ਦੁਖਾਂਤ ਹੈ ਕਿ ਬੰਦੇ ਕੋਲ ਫੋਟੋ ਖਿਚਵਾਉਣ ਲਈ ਬੂਟ ਵੀ ਨਾ ਹੋ ਹੋਣ! ਮੈਂ ਤੁਹਾਡੀ ਇਹ ਫੋਟੋ ਵੇਖਦੇ-ਵੇਖਦੇ ਤੁਹਾਡੇ ਦਰਦ ਨੂੰ ਆਪਣੇ ਅੰਦਰ ਮਹਿਸੂਸ ਕਰ ਕੇ ਜਿਵੇਂ ਰੋਣਾ ਚਾਹੁੰਦਾ ਹਾਂ ਪਰ ਤੁਹਾਡੀਆਂ ਅੱਖਾਂ ਦਾ ਇਹ ਤਿੱਖਾ ਦਰਦ ਭਰਿਆ ਵਿਅੰਗ ਮੈਨੂੰ ਇਕਦਮ ਰੋਕ ਦਿੰਦਾ ਹੈ।
ਤੁਸੀਂ ਫੋਟੋ ਦਾ ਮਹੱਤਵ ਨਹੀਂ ਸਮਝਦੇ। ਸਮਝਦੇ ਹੁੰਦੇ ਤਾਂ ਫੋਟੋ ਖਿਚਵਾਉਣ ਲਈ ਕਿਸੇ ਤੋਂ ਬੂਟ ਮੰਗ ਲੈਂਦੇ। ਲੋਕ ਤਾਂ ਮੰਗੇ ਹੋਏ ਕੋਟ ਨਾਲ ਮੂੰਹ-ਵਿਖਾਈ ਕਰਦੇ ਹਨ ਅਤੇ ਮੰਗੀ ਹੋਈ ਕਾਰ ’ਤੇ ਬਰਾਤ ਜਾਂਦੇ ਹਨ।
ਫੋਟੋ ਖਿਚਵਾਉਣ ਲਈ ਤਾਂ ਬੀਵੀ ਤੱਕ ਮੰਗ ਲਈ ਜਾਂਦੀ ਹੈ। ਤੁਹਾਥੋਂ ਬੂਟ ਹੀ ਨਹੀਂ ਮੰਗੇ ਗਏ! ਤੁਸੀਂ ਫੋਟੋ ਦੇ ਮਹੱਤਵ ਨੂੰ ਨਹੀਂ ਜਾਣਦੇ। ਲੋਕ ਤਾਂ ਇਤਰ ਛਿੜਕ ਕੇ ਫੋਟੋ ਖਿਚਵਾਉਂਦੇ ਹਨ ਜਿਸ ਨਾਲ ਫੋਟੋ ਵਿਚ ਖੁਸ਼ਬੂ ਆ ਜਾਵੇ! ਗੰਦੇ ਤੋਂ ਗੰਦੇ ਆਦਮੀ ਦੀ ਫੋਟੋ ਵੀ ਖੁਸ਼ਬੂ ਦਿੰਦੀ ਹੈ!
ਟੋਪੀ ਅੱਠ ਆਨੇ ਵਿਚ ਮਿਲ ਜਾਂਦੀ ਹੈ ਅਤੇ ਬੂਟ ਉਸ ਜ਼ਮਾਨੇ ਵਿਚ ਵੀ ਪੰਜ ਰੁਪਏ ਤੋਂ ਘੱਟ ਨਹੀਂ ਮਿਲਦੇ ਹੋਣਗੇ! ਬੂਟ ਹਮੇਸ਼ਾ ਟੋਪੀ ਤੋਂ ਕੀਮਤੀ ਰਿਹਾ ਹੈ। ਹੁਣ ਤਾਂ ਬੂਟ ਦੀ ਕੀਮਤ ਹੋਰ ਵੀ ਵਧ ਗਈ ਹੈ ਅਤੇ ਇਕ ਬੂਟ ਤੋਂ ਪੱਚੀ ਟੋਪੀਆਂ ਕੁਰਬਾਨ ਹੁੰਦੀਆਂ ਹਨ। ਤੁਸੀਂ ਵੀ ਬੂਟ ਅਤੇ ਟੋਪੀ ਦੇ ਅਨੁਪਾਤਕ ਮੁੱਲ ਦੇ ਮਾਰੇ ਹੋਏ ਸੀ। ਇਹ ਵਿਡੰਬਨਾ ਮੈਨੂੰ ਇੰਨੀ ਤੀਬਰਤਾ ਨਾਲ ਪਹਿਲਾਂ ਕਦੇ ਨਹੀਂ ਚੁਭੀ, ਜਿੰਨੀ ਅੱਜ ਚੁਭ ਰਹੀ ਹੈ, ਜਦੋਂ ਮੈਂ ਤੁਹਾਡਾ ਫਟਿਆ ਬੂਟ ਵੇਖ ਰਿਹਾ ਹਾਂ। ਤੁਸੀਂ ਮਹਾਨ ਕਥਾਕਾਰ, ਨਾਵਲ ਸਮਰਾਟ, ਯੁੱਗ ਪਰਿਵਰਤਕ, ਪਤਾ ਨਹੀਂ ਕੀ-ਕੀ ਅਖਵਾਉਂਦੇ ਸੀ- ਪਰ ਫੋਟੋ ਵਿਚ ਵੀ ਤੁਹਾਡਾ ਬੂਟ ਫਟਿਆ ਹੋਇਆ ਹੈ!
ਮੇਰਾ ਕੋਈ ਵੀ ਬੂਟ ਵਧੀਆ ਨਹੀਂ ਹੈ, ਉਂਜ ਉੱਤੋਂ ਚੰਗਾ ਦਿਸਦਾ ਹੈ। ਉਂਗਲ ਬਾਹਰ ਨਹੀਂ ਨਿਕਲਦੀ, ਪਰ ਅੰਗੂਠੇ ਦੇ ਹੇਠੋਂ ਥੱਲਾ ਘਸ ਗਿਆ ਹੈ। ਅੰਗੂਠਾ ਧਰਤੀ ਨਾਲ ਘਸਰਦਾ ਹੈ ਅਤੇ ਸਖ਼ਤ ਥਾਂ ’ਤੇ ਕਦੇ ਰਗੜ ਖਾ ਕੇ ਲਹੂ-ਲੁਹਾਣ ਵੀ ਹੋ ਜਾਂਦਾ ਹੈ। ਪੂਰਾ ਥੱਲਾ ਘਸ ਜਾਵੇਗਾ, ਪੂਰਾ ਪੰਜਾ ਛਿੱਲਿਆ ਜਾਵੇਗਾ, ਪਰ ਉਂਗਲ ਬਾਹਰ ਨਹੀਂ ਦਿਸੇਗੀ। ਤੁਹਾਡੀ ਉਂਗਲ ਦਿੱਸਦੀ ਹੈ, ਪਰ ਪੈਰ ਸੁਰੱਖਿਅਤ ਹਨ। ਮੇਰੀ ਉਂਗਲ ਢਕੀ ਹੈ, ਪਰ ਪੰਜਾ ਹੇਠੋਂ ਘਸ ਰਿਹਾ ਹੈ। ਤੁਸੀਂ ਪਰਦੇ ਦਾ ਮਹੱਤਵ ਹੀ ਨਹੀਂ ਜਾਣਦੇ, ਅਸੀਂ ਪਰਦੇ ’ਤੇ ਕੁਰਬਾਨ ਹੋ ਰਹੇ ਹਾਂ...।
ਤੁਸੀਂ ਫਟਿਆ ਬੂਟ ਬੜੇ ਠਾਠ ਨਾਲ ਪਹਿਨਿਆ ਹੋਇਆ ਹੈ। ਮੈਂ ਇਉਂ ਨਹੀਂ ਪਹਿਨ ਸਕਦਾ। ਫੋਟੋ ਤਾਂ ਜ਼ਿੰਦਗੀ ਭਰ ਇਸ ਤਰ੍ਹਾਂ ਨਾ ਖਿਚਵਾਵਾਂ, ਚਾਹੇ ਕੋਈ ਜੀਵਨੀ ਬਿਨਾਂ ਫੋਟੋ ਦੇ ਹੀ ਛਾਪ ਦੇਵੇ!
ਤੁਹਾਡੀ ਇਹ ਵਿਅੰਗ-ਮੁਸਕਰਾਹਟ ਮੇਰੇ ਹੌਸਲੇ ਢਾਹ ਰਹੀ ਹੈ। ਕੀ ਮਤਲਬ ਹੈ ਇਹਦਾ? ਕਿਹੜੀ ਮੁਸਕਰਾਹਟ ਹੈ ਇਹ?
ਕੀ ਹੋਰੀ ਦਾ ਗੋਦਾਨ ਹੋ ਗਿਆ? ਕੀ ਪੂਸ ਦੀ ਰਾਤ ਵਿੱਚ ਨੀਲ ਗਾਂ ਹਲਕੂ ਦਾ ਖੇਤ ਚਰ ਗਈ? ਕੀ ਸੁਜਾਨ ਭਗਤ ਦਾ ਮੁੰਡਾ ਮਰ ਗਿਆ; ਕਿਉਂਕਿ ਡਾਕਟਰ ਕਲੱਬ ਛੱਡ ਕੇ ਨਹੀਂ ਆ ਸਕਦੇ? ਨਹੀਂ, ਮੈਨੂੰ ਲੱਗਦਾ ਹੈ, ਮਾਧੋ ਔਰਤ ਦੇ ਕਫ਼ਨ ਦੇ ਚੰਦੇ ਦੀ ਸ਼ਰਾਬ ਪੀ ਗਿਆ। ਉਹੀ ਮੁਸਕਰਾਹਟ ਲੱਗਦੀ ਹੈ।
ਮੈਂ ਤੁਹਾਡਾ ਬੂਟ ਫੇਰ ਵੇਖਦਾ ਹਾਂ। ਕਿਵੇਂ ਫਟ ਗਿਆ ਇਹ, ਮੇਰੀ ਜਨਤਾ ਦੇ ਲੇਖਕ! ਕੀ ਬੜੇ ਚੱਕਰ ਕੱਢਦੇ ਰਹੇ? ਕੀ ਬਾਣੀਏ ਦੇ ਵਾਰ-ਵਾਰ ਮੰਗਣ ਤੋਂ ਬਚਣ ਲਈ ਮੀਲ ਦੋ ਮੀਲ ਦਾ ਚੱਕਰ ਲਾ ਕੇ ਘਰ ਆਉਂਦੇ ਰਹੇ? ਚੱਕਰ ਲਾਉਣ ਨਾਲ ਬੂਟ ਫਟਦਾ ਨਹੀਂ, ਘਸ ਜਾਂਦਾ ਹੈ। ਕੁੰਭਨਦਾਸ ਦਾ ਬੂਟ ਵੀ ਫਤਹਿਪੁਰ ਸੀਕਰੀ ਆਉਣ-ਜਾਣ ਵਿਚ ਘਸ ਗਿਆ ਸੀ। ਉਹਨੂੰ ਬੜਾ ਪਛਤਾਵਾ ਹੋਇਆ। ਉਹਨੇ ਕਿਹਾ, ‘ਆਵਤ ਜਾਤ ਪਨਹੀਆ ਘਿਸ ਗਈ, ਬਿਸਰ ਗਇਓ ਹਰਿ ਨਾਮ!’ ਅਤੇ ਅਜਿਹੇ ਬੁਲਾ ਕੇ ਦੇਣ ਵਾਲਿਆਂ ਨੂੰ ਕਿਹਾ ਸੀ, ‘ਜਿਨਕੇ ਦੇਖੇ ਦੁਖ ਉਪਜਤ ਹੈ ਤਿਨਕੋ ਕਰਬੋ ਪਰੈ ਸਲਾਮ!’
ਚੱਲਣ ਨਾਲ ਬੂਟ ਘਸਦਾ ਹੈ, ਫਟਦਾ ਨਹੀਂ। ਤੁਹਾਡਾ ਬੂਟ ਕਿਵੇਂ ਫਟ ਗਿਆ? ਮੈਨੂੰ ਲੱਗਦੈ, ਤੁਸੀਂ ਕਿਸੇ ਸਖ਼ਤ ਚੀਜ਼ ਨੂੰ ਠੋਕਰ ਮਾਰਦੇ ਰਹੇ ਹੋ। ਕੋਈ ਚੀਜ਼, ਜੋ ਪਰਤ-ਦਰ-ਪਰਤ ਸਦੀਆਂ ਤੋਂ ਜੰਮ ਗਈ ਹੈ। ਸ਼ਾਇਦ ਉਹਨੂੰ ਠੋਕਰ ਮਾਰ-ਮਾਰ ਕੇ ਆਪਣਾ ਬੂਟ ਪੜਵਾ ਲਿਆ। ਕੋਈ ਟਿੱਲਾ ਜੋ ਰਾਹ ਵਿੱਚ ਖੜ੍ਹ ਗਿਆ ਸੀ, ਉਸ ’ਤੇ ਤੁਸੀਂ ਆਪਣਾ ਬੂਟ ਅਜ਼ਮਾਇਆ। ਤੁਸੀਂ ਉਸ ਤੋਂ ਬਚ ਕੇ, ਉਹਦੇ ਪਾਸਿਉਂ ਦੀ ਵੀ ਤਾਂ ਲੰਘ ਸਕਦੇ ਸੀ! ਟਿੱਲਿਆਂ ਨਾਲ ਸਮਝੌਤਾ ਵੀ ਤਾਂ ਹੋ ਜਾਂਦਾ ਹੈ! ਸਾਰੀਆਂ ਨਦੀਆਂ ਪਹਾੜ ਥੋੜ੍ਹੇ ਹੀ ਤੋੜਦੀਆਂ ਹਨ! ਕੋਈ ਰਾਹ ਬਦਲ ਕੇ ਘੁੰਮ ਕੇ ਵੀ ਤਾਂ ਚਲੀਆਂ ਜਾਂਦੀਆਂ ਹਨ! ਤੁਸੀਂ ਸਮਝੌਤਾ ਨਹੀਂ ਕਰ ਸਕੇ। ਕੀ ਤੁਹਾਡੀ ਵੀ ਉਹੀ ਕਮਜ਼ੋਰੀ ਸੀ, ਜੋ ਹੋਰੀ ਨੂੰ ਲੈ ਡੁੱਬੀ! ਉਹੀ ‘ਨੇਮ-ਧਰਮ’ ਵਾਲੀ ਕਮਜ਼ੋਰੀ! ਨੇਮ-ਧਰਮ ਉਹਦੀ ਵੀ ਜ਼ੰਜੀਰ ਸੀ। ਪਰ ਤੁਸੀਂ ਜਿਸ ਤਰ੍ਹਾਂ ਮੁਸਕਰਾ ਰਹੇ ਹੋ, ਉਸ ਤੋਂ ਲੱਗਦਾ ਹੈ ਕਿ ਸ਼ਾਇਦ ਇਹ ‘ਨੇਮ ਧਰਮ’ ਤੁਹਾਡਾ ਬੰਧਨ ਨਹੀਂ ਸੀ, ਤੁਹਾਡੀ ਮੁਕਤੀ ਸੀ।
ਤੁਹਾਡੇ ਪੈਰ ਦੀ ਇਹ ਉਂਗਲ ਮੈਨੂੰ ਸੰਕੇਤ ਕਰਦੀ ਜਿਹੀ ਲੱਗਦੀ ਹੈ। ਜਿਸ ਨੂੰ ਤੁਸੀਂ ਨਫ਼ਰਤ ਕਰਦੇ ਹੋ, ਉਸ ਵੱਲ ਹੱਥ ਦੀ ਨਹੀਂ, ਪੈਰ ਦੀ ਉਂਗਲ ਨਾਲ ਇਸ਼ਾਰਾ ਕਰਦੇ ਹੋ। ਤੁਸੀਂ ਉਸ ਵੱਲ ਇਸ਼ਾਰਾ ਕਰ ਰਹੇ ਹੋ, ਕੀਹਨੂੰ ਠੋਕਰ ਮਾਰਦੇ-ਮਾਰਦੇ ਤੁਸੀਂ ਬੂਟ ਪੜਵਾ ਲਿਆ? ਮੈਂ ਸਮਝਦਾ ਹਾਂ। ਤੁਹਾਡੀ ਉਂਗਲ ਦਾ ਇਸ਼ਾਰਾ ਵੀ ਸਮਝਦਾ ਹਾਂ ਅਤੇ ਇਹ ਵਿਅੰਗ ਮੁਸਕਰਾਹਟ ਵੀ ਸਮਝਦਾ ਹਾਂ।
ਤੁਸੀਂ ਮੇਰੇ ’ਤੇ ਜਾਂ ਸਾਡੇ ਸਭ ’ਤੇ ਹੱਸ ਰਹੇ ਹੋ। ਉਨ੍ਹਾਂ ’ਤੇ, ਜੋ ਉਂਗਲ ਲੁਕੋਈ ਅਤੇ ਥੱਲਾ ਘਸਾਈ ਚੱਲ ਰਹੇ ਹਨ; ਉਨ੍ਹਾਂ ’ਤੇ, ਜੋ ਟਿੱਲੇ ਤੋਂ ਬਚ ਕੇ ਪਾਸਿਓਂ ਦੀ ਲੰਘ ਰਹੇ ਹਨ। ਤੁਸੀਂ ਕਹਿ ਰਹੇ ਹੋ- ‘ਮੈਂ ਤਾਂ ਠੋਕਰ ਮਾਰ-ਮਾਰ ਕੇ ਬੂਟ ਤੋੜ ਲਿਆ, ਉਂਗਲ ਬਾਹਰ ਨਿਕਲ ਆਈ, ਪਰ ਪੈਰ ਬਚਿਆ ਰਿਹਾ ਅਤੇ ਮੈਂ ਚਲਦਾ ਰਿਹਾ, ਪਰ ਤੁਸੀਂ ਉਂਗਲ ਢਕਣ ਦੀ ਚਿੰਤਾ ਵਿਚ ਥੱਲੇ ਦਾ ਨਾਸ਼ ਕਰ ਰਹੇ ਹੋ, ਤੁਸੀਂ ਚੱਲੋਗੇ ਕਿਵੇਂ?’
ਮੈਂ ਸਮਝਦਾ ਹਾਂ। ਮੈਂ ਤੁਹਾਡੇ ਫਟੇ ਬੂਟ ਦੀ ਗੱਲ ਸਮਝਦਾ ਹਾਂ। ਉਂਗਲ ਦਾ ਇਸ਼ਾਰਾ ਸਮਝਦਾ ਹਾਂ, ਤੁਹਾਡੀ ਵਿਅੰਗ-ਮੁਸਕਰਾਹਟ ਸਮਝਦਾ ਹਾਂ।
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ