Pritam Singh Da Subha (Punjabi Essay) : Principal Teja Singh
ਪ੍ਰੀਤਮ ਸਿੰਘ ਦਾ ਸੁਭਾ (ਲੇਖ) : ਪ੍ਰਿੰਸੀਪਲ ਤੇਜਾ ਸਿੰਘ
ਮੇਰਾ ਸਭਾ ਪ੍ਰਮਾਤਮਾ ਨੇ ਕੁਝ ਅਜੇਹਾ ਬਣਾਇਆ ਹੈ ਕਿ "ਜਿਸ ਲਾਈ ਗੱਲੀਂ, ਉਸੇ ਨਾਲ ਉਠ ਚਲੀ।" ਮੈਂ ਜਣੇ ਖਣੇ ਨਾਲ ਝਟ ਜਾਣ ਪਛਾਣ ਕਰ ਲੈਂਦਾ ਹਾਂ। ਬਹੁਤ ਕਰਕੇ ਇਹ ਵੇਖਿਆ ਜਾਂਦਾ ਹੈ ਕਿ ਜਿਹੜੇ ਬਹੁਤਿਆਂ ਨੂੰ ਪਿਆਰ ਕਰਦੇ ਹੋਣ, ਓਹ ਕਿਸੇ ਇਕ ਨੂੰ ਸੱਚੇ ਦਿਲੋਂ ਪਿਆਰ ਨਹੀਂ ਕਰ ਸਕਦੇ। ਅੰਗਰੇਜ਼ੀ ਦਾ ਇਕ ਉੱਘਾ ਲਿਖਾਰੀ ਲਿਖਦਾ ਹੈ, "ਬਹੁਤਿਆਂ ਦਾ ਜਾਣੂ ਕਿਸੇ ਇਕ ਨਾਲ ਗੂੜ੍ਹਾ ਪਿਆਰ ਨਹੀਂ ਕਰ ਸਕਦਾ।" ਮੇਰੇ ਇਨ੍ਹਾਂ ਜਾਣੂਆਂ ਵਿਚੋਂ ਇੱਕ ਸਰਦਾਰ ਪ੍ਰੀਤਮ ਸਿੰਘ ਸੀ। ਉਸ ਦਾ ਸੁਭਾ ਮਾਲਕ ਨੇ ਕੁਝ ਅਣੋਖਾ ਜਿਹਾ ਬਣਾਇਆ ਸੀ। ਸਚੀ ਗਲ ਤਾਂ ਇਹ ਹੈ ਕਿ ਉਹ ਹਸਮੁਖਾਂ ਵਿਚੋਂ ਹਸਮੁਖ, ਦੁਖੀਆਂ ਨਾਲ ਦੁਖੀ ਤੇ ਦਾਨੀਆਂ ਵਿਚੋਂ ਵਡਾ ਦਾਨੀ ਸੀ। ਪਤਾ ਨਹੀਂ ਉਸ ਨੂੰ ਇਹ ਕੀ ਵਾਦੀ ਸੀ ਕਿ ਉਹ ਸਦਾ ਆਪਣਾ ਆਪ ਲੁਕਾਉਂਦਾ ਹੀ ਰਹਿੰਦਾ ਸੀ। ਕੋਈ ਦੁਖੀ ਉਸ ਕੋਲ ਆਵੇ ਤਾਂ ਲੋਕਾਂ ਸਾਹਮਣੇ ਉਸਨੂੰ ਗਾਲ੍ਹਾਂ ਕੱਢਦਾ, ਬੁਰਾ ਭਲਾ ਕਹਿੰਦਾ, ਪਰ ਉਸਦੀ ਮਦਦ ਭੀ ਜ਼ਰੂਰ ਕਰਦਾ, ਉਸ ਨਾਲ ਦੁਖ ਵੰਡਾਉਂਦਾ, ਪਰ ਚੋਰੀ ਚੋਰੀ। ਦਿਲ ਵਿਚ ਭਾਵੇਂ ਉਹਨੂੰ ਤਰਸ ਆ ਰਿਹਾ ਹੋਵੇ, ਪਰ ਮੂੰਹੋਂ ਦੁਖੀਏ ਨੂੰ ਗਾਲ੍ਹਾਂ ਕਢਣੋਂ ਭੀ ਨਾ ਟਲਦਾ। ਦਾਨੀ ਬੜਾ ਸੀ, ਪਰ ਲੁਕਵਾਂ। ਜਿਸ ਸੁਸਾਇਟੀ, ਸਭਾ ਜਾਂ ਆਸ਼ਰਮ ਨੂੰ ਦਾਨ ਦੇਂਦਾ, ਪਹਿਲਾਂ ਇਹ ਸ਼ਰਤ ਮਨਾ ਲੈਂਦਾ ਕਿ ਉਸਦਾ ਨਾਂ ਅਖਬਾਰ ਵਿਚ ਨਹੀਂ ਦਿਤਾ ਜਾਵੇਗਾ। ਜਿਥੇ ਲੋਕ ਉਸਨੂੰ ਜਾਣਦੇ ਨਾ, ਉਥੇ ਉਹ ਆਪਣਾ ਨਾਂ ਭੀ ਨਾ ਦਸਦਾ।
ਉਸਨੂੰ ਵੀਣੀ ਨਾਲ ਘੜੀ ਰਖਣ ਦਾ ਬੜਾ ਚਾਉ ਸੀ। ਉਸਦੀ ਘੜੀ ਵੀਣੀ ਤੋਂ ਚਾਰ ਉਂਗਲਾਂ ਦੀ ਵਿਥ ਤੇ ਹੁੰਦੀ, ਜੋ ਕੋਈ ਵੇਖ ਨਾ ਲਵੇ। ਵਕਤ ਵੇਖਣ ਲਈ ਉਹ ਚੋਰੀ ਚੋਰੀ ਘੜੀ ਨੰਗੀ ਕਰਦਾ ਤੇ ਵਕਤ ਵੇਖ ਕੇ ਮੁੜ ਕੱਜ ਲੈਂਦਾ। ਜੇ ਘੜੀ ਉਸਦੀ ਜੇਬ ਵਿਚ ਹੁੰਦੀ, ਤਾਂ ਉਹ ਕਦੇ ਘੜੀ ਬਾਹਰ ਨਾ ਕੱਢਦਾ, ਹਥੋਂ ਆਪਣਾ ਮੂੰਹ ਜੇਬ ਵਿਚ ਪਾ ਵਕਤ ਵੇਖ ਲੈਂਦਾ। ਅੱਜ ਕਲ ਦੇ ਲੋਕੀ ਘੜੀਆਂ ਵਿਖਾਣ ਲਈ ਕੁੜਤਿਆਂ ਦੀਆਂ ਬਾਹਾਂ ਟੰਗੀ ਫਿਰਦੇ ਹਨ। ਸਿਰ ਵਿਚ ਦੰਦ ਦਾ ਕੰਘਾ ਹੋਵੇ ਤਾਂ ਪਗੋਂ ਬਾਹਰ ਨੰਗਾ ਰਖਦੇ ਹਨ। ਹੋਰ ਤਾਂ ਹੋਰ, ਦੁਆਨੀ ਦੁਆਨੀ ਦੇ ਨਾਲੇ ਵਿਖੌਣ ਲਈ ਪਤਲੇ ਕੁੜਤੇ ਪਾਉਂਦੇ ਹਨ ਜਾਂ ਨਾਲਾ ਥਲੇ ਲਮਕਾਂ ਛੱਡਦੇ ਹਨ ਤਾਂ ਜੋ ਬਾਹਰੋਂ ਇਹੋ ਦਿਸੇ ਕਿ ਨਾਲਾ ਜੰਮੂ ਜਾਂ ਪਟਿਆਲੇ ਦਾ ਹੀ ਹੈ। ਇਥੇ ਹੀ ਬੱਸ ਨਹੀਂ, ਕਿਤੇ ਚੀਚੀ ਵਿਚ ਮੁੰਦਰੀ ਹੋਵੇ ਸਹੀ, ਬਸ ਹਰ ਗਲੇ ਓਹ ਚੀਚੀ ਅਗੇ ਕਰ ਕਰ ਵਿਖਾਣਗੇ। ਲੋਕੀ ਕਿਸੇ ਸਭਾ ਨੂੰ ਚੰਦਾ ਭੇਜਦੇ ਹਨ ਤਾਂ ਨਾਲ ਹੀ ਲਿਖ ਦੇਂਦੇ ਹਨ, "ਅਖਬਾਰ ਵਿਚ ਛੇਤੀ ਛਪਵਾ ਦੇਣਾ।" ਪਰ ਇਕ ਪ੍ਰੀਤਮ ਸਿੰਘ ਹੀ ਅਜੇਹਾ ਡਿਠਾ ਜੋ ਕਦੇ ਆਪਣਾ ਆਪ ਵਿਖਾ ਕੇ ਰਾਜ਼ੀ ਨਾ ਹੁੰਦਾ। ਅਜੇਹੀਆਂ ਸ਼ੁਕੀਨੀਆਂ ਵਿਖਾਣ ਤੋਂ ਉਸਨੂੰ ਸਦਾ ਸੰਗ ਆਉਂਦੀ। ਦਾਨ ਦੇਣ ਲੱਗਿਆਂ ਉਹ ਵੇਖ ਲੈਂਦਾ ਕਿ ਕਿਤੇ ਕੋਈ ਉਸਦਾ ਜਾਣੂ ਉਸਨੂੰ ਵੇਖਦਾ ਨਾ ਹੋਵੇ। ਜਿਸ ਦਾ ਉਹ ਭਲਾ ਕਰਨਾ ਚਾਹੁੰਦਾ ਉਸ ਨਾਲ ਉਹ ਲੋਕਾਂ ਸਾਹਮਣੇ ਸਿਧੇ ਸਬੇ ਕੂੰਦਾ ਵੀ ਨਾ। ਲੋਕੀ ਇਕ ਪੈਸਾ ਦੇ ਕੇ ਸੌ ਨੂੰ ਸੁਣਾਉਂਦੇ ਹਨ, ਪਰ ਪ੍ਰੀਤਮ ਸਿੰਘ ਆਪਣੇ ਆਪਨੂੰ ਇੱਨਾ ਲੁਕਾਉਂਦਾ ਕਿ ਉਸ ਨਾਲ ਘੜੀ ਪਲ ਬੋਲ ਚਾਲ ਕੇ ਜੇ ਕੋਈ ਉਸਦੇ ਸੁਭਾ ਤੇ ਚਾਨਣਾ ਪਾਣ ਦਾ ਯਤਨ ਕਰੇ ਤਾਂ ਉਹ ਜ਼ਰੂਰ ਦਿਨ ਨੂੰ ਰਾਤ ਹੀ ਦਸੇ। ਭਾਵ ਇਹ ਕਿ ਉਹ ਉਸਨੂੰ "ਇਕ ਸੜਿਆ ਬਲਿਆ ਤੇ ਕੰਜੂਸ ਆਦਮੀ" ਕਹੇ।
ਉਸਦੀ ਇਹ ਭੀ ਇਕ ਵਾਦੀ ਸੀ ਕਿ ਜੋ ਕੁਝ ਉਸ ਕਰਨਾ ਹੁੰਦਾ, ਉਸ ਤੋਂ ਉਹ ਉਲਟ ਹੀ ਕਹਿੰਦਾ। ਜਦ ਕਦੇ ਉਹ ਵਪਾਰ ਦੇ ਉਲਟ ਬੋਲ ਰਿਹਾ ਹੁੰਦਾ ਤਾਂ ਮੈਂ ਜਾਣ ਜਾਂਦਾ ਕਿ ਇਹ ਕਿਸੇ ਨਾ ਕਿਸੇ ਦੁਕਾਨ ਵਿਚ ਹਿੱਸਾ ਪਾਣ ਨੂੰ ਤਿਆਰ ਹੈ। ਜਦ ਉਹ ਪੜ੍ਹਾਈ ਦੇ ਉਲਟ ਬੋਲਦਾ ਤਾਂ ਮੈਨੂੰ ਸੁਝ ਜਾਂਦੀ ਕਿ ਇਹ ਆਪਣੇ ਕਿਸੇ ਪੁਤਰ ਧੀ ਨੂੰ ਪੜ੍ਹਨੇ ਪਾਉਣ ਵਾਲਾ ਹੈ। ਜਦ ਉਹ ਕਿਸੇ ਨੂੰ ਗੁਸੇ ਹੋ ਰਿਹਾ ਹੁੰਦਾ ਤਾਂ ਮੈਂ ਸਮਝਦਾ ਜੋ ਉਸ ਤੇ ਇਸ ਦੀ ਡਾਢੀ ਕਿਰਪਾ ਦੀ ਨਜ਼ਰ ਹੈ।
ਇੱਕ ਦਿਨ ਮੈਂ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਮੱਸਿਆ ਵੇਖਣ ਲਈ ਤੁਰਿਆ। ਗੱਡੀ ਤੇ ਪ੍ਰੀਤਮ ਸਿੰਘ ਮਿਲ ਪਿਆ। ਉਹ ਭੀ ਮੱਸਿਆ ਤੇ ਜਾ ਰਿਹਾ ਸੀ। ਉਸ ਮੇਲਿਆਂ ਤੇ ਜਾਣ ਦੇ ਉਲਟ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗਾ, "ਖਬਰੇ ਲੋਕਾਂ ਨੂੰ ਭੀੜ ਭੜੱਕੇ ਵਿਚ ਜਾਣ ਕੇ ਧੱਕੇ ਖਾਣ ਦਾ ਕੀ ਸੁਆਦ ਆਉਂਦਾ ਹੈ। ਖਬਰੇ ਲੋਕੀ ਕਿਉਂ ਐਨੇ ਪੈਸੇ ਖਰਚ ਕੇ ਐਡੀ ਐਡੀ ਦੂਰੋਂ ਭੱਜੇ ਆਉਂਦੇ ਹਨ। ਕਈਆਂ ਨੂੰ ਆ ਕੇ ਮੱਥਾ ਟੇਕਣਾ ਵੀ ਨਸੀਬ ਨਹੀਂ ਹੁੰਦਾ। ਕਈ ਭਲੇਮਾਣਸ ਇਨ੍ਹਾਂ ਪਵਿੱਤਰ ਥਾਵਾਂ ਤੇ ਆ ਕੇ ਸ਼ਰਾਬਾਂ ਪੀਂਦੇ ਹਨ, ਬਦਮਾਸ਼ੀਆਂ ਕਰਦੇ ਹਨ। ਚੋਰਾਂ ਲਈ ਵੀ ਨਾਦਰਸ਼ਾਹੀ ਲੁਟ ਦਾ ਸਮਾਂ ਇਹੋ ਹੁੰਦਾ ਹੈ। ਇਹਦੇ ਨਾਲੋਂ ਓਹ ਅੱਗੇ ਪਿੱਛੇ ਕਿਉਂ ਨਹੀਂ ਆਉਂਦੇ ਕਿ ਸੁਖ ਅਰਾਮ ਨਾਲ ਦਰਸ਼ਨ ਕਰਨ, ਭੀੜ ਭੜੱਕੇ ਤੇ ਧੱਕੇ ਧੋੜੇ ਤੋਂ ਬਚਣ, ਇਸ਼ਨਾਨ ਕਰ ਖੁਸ਼ੀ ੨ ਘਰ ਜਾਣ। ਨਾ ਕੋਈ ਚੋਰੀ ਹੋਵੇ ਨਾ ਖੀਸੇ ਕੱਟੇ ਜਾਣ, ਤੇ ਨਾ ਭੀੜ ਭੜੱਕੇ ਵਿਚ ਬਾਲ ਬੱਚੇ ਮਰਨ ਜਾਂ ਗੁੰਮ ਹੋ ਜਾਣ। ਸਚੀ ਗਲ ਤਾਂ ਇਹ ਹੈ ਕਿ ਆਪਾਂ ਤੇ ਭੀੜ ਹਟੀ ਤਾਂ ਮਥਾ ਟੇਕਣ ਜਾਣਾ ਏ, ਭਾਵੇਂ ਰਾਤ ਹੀ ਪੈ ਜਾਵੇ।" ਪਲਕੁ ਚੁਪ ਕਰ ਉਹ ਫੇਰ ਬੋਲਿਆ, "ਹੋਰ ਦੇਖੋ, ਇਹ ਲੋਕੀ ਬਾਲ ਬੱਚੇ ਤੇ ਜ਼ਨਾਨੀਆਂ ਨੂੰ ਭੀ ਨਾਲ ਲੈ ਜਾਂਦੇ ਹਨ। ਓਹ ਉਥੇ ਕਿੱਡੇ ਕੁ ਔਖੇ ਹੁੰਦੇ ਹੋਣਗੇ! ਗੱਡੀ ਵਿਚ ਕਿੰਨੀ ਭੀੜ ਹੈ!"
ਮੈਨੂੰ ਇਹ ਗਲ ਸੁਣਦਿਆਂ ਹੀ ਖੁੜਕ ਗਈ। ਉਹ ਗੋਹਲਵੜ ਵਰਪਾਲ ਦੇ ਸਟੇਸ਼ਨ ਤੇ ਉਤਰਿਆ। ਮੈਂ ਦੇਖਦਾ ਰਿਹਾ। ਉਹ ਪਿੱਛੇ ਇਕ ਜ਼ਨਾਨੀ ਗੱਡੀ ਵੱਲ ਗਿਆ ਤੇ ਉਥੇ ਆਪਣੇ ਇੱਕ ਬੱਚੇ ਨੂੰ ਕੁਝ ਫਲ ਮੁਲ ਲੈ ਕੇ ਦੇ ਆਇਆ। ਉਸ ਦੇ ਮੁੜ ਕੇ ਪੁੱਜਣ ਤੋਂ ਪਹਿਲਾਂ ਹੀ ਮੈਂ ਆਪਣੀ ਥਾਂ ਤੇ ਮਚਲਾ ਹੋ ਕੇ ਬਹਿ ਗਿਆ, ਜਿਵੇਂ ਕਿ ਮੈਂ ਉਹਨੂੰ ਦੇਖਿਆ ਹੀ ਨਹੀਂ ਹੁੰਦਾ। ਆਉਂਦਿਆਂ ਉਸ ਫੇਰ ਉਹੋ ਚੱਕੀ ਝੋ ਦਿਤੀ-"ਹੇ ਰੱਬਾ! ਦੇਖੋ ਜੀ ਕਿੱਨੀ ਭੀੜ ਹੈ! ਕਿਤੇ ਤਿਲ ਸਿੱਟਿਆਂ ਭੁੰਜੇ ਨਹੀਂ ਪੈਂਦਾ। ਲੋਕੀ ਬਾਹਰ ਲਮਕੇ ਪਏ ਹਨ ਤੇ ਕਈ ਉਤਾਂਹ ਗਡੀ ਦੀ ਛੱਤ ਤੇ ਚੜ੍ਹੇ ਬੈਠੇ ਹਨ। ਮੈਂ ਸਾਰੀ ਗੱਡੀ ਫਿਰ ਆਇਆ ਹਾਂ। ਤੀਜੇ ਦਰਜੇ ਵਿਚ ਤਾਂ ਬੜਾ ਭੈੜਾ ਹਾਲ ਹੈ। ਅਜੇਹੀ ਭੀੜ ਵੇਲੇ ਜ਼ਨਾਨੀਆਂ ਨੂੰ ਨਾਲ ਲਿਆਉਣਾ ਕਿਧਰ ਦੀ ਸਿਆਣਪ ਹੈ?"
ਗੱਡੀ ਤੁਰ ਪਈ। ਪਤਾ ਨਹੀਂ ਇਹ ਚਰਚਾ ਅਜੇ ਕਦੋਂ ਕੁ ਮੁਕਣੀ ਸੀ, ਕਿ ਸਾਡੇ ਵਾਲੇ ਡੱਬੇ ਵਿੱਚ ਚਿਮਟਾ ਵੱਜਣਾ ਸ਼ੁਰੂ ਹੋ ਗਿਆ। ਇਹ ਇੱਕ ਭਾਟੜਾ ਮੁੰਡਾ ਸੀ, ਜੋ ਗਾ ਕੇ ਪੈਸੇ ਮੰਗਦਾ ਸੀ। ਉਸ ਗੀਤ ਮੁਕਾਇਆ, ਤੇ ਪੈਸਿਆਂ ਲਈ ਹੱਥ ਅੱਡੇ। ਪ੍ਰੀਤਮ ਸਿੰਘ ਕਦੀ ਮੇਰੇ ਵਲ ਤੇ ਕਦੀ ਉਸ ਵਲ ਤੱਕੇ। ਮੈਂ ਜਾਣ ਬੁਝ ਕੇ ਉਠਿਆ ਤੇ ਬਾਰੀ ਥਾਣੀਂ ਬਾਹਰ ਝਾਕਣ ਲਗ ਪਿਆ। ਮੈਂ ਚੋਰ-ਅੱਖੀਂ ਉਸ ਵਲ ਧਿਆਨ ਰੱਖਿਆ। ਪ੍ਰੀਤਮ ਸਿੰਘ ਨੇ ਮੇਰਾ ਧਿਆਨ ਬਾਹਰ ਜਾਣ ਕੇ ਉਸ ਨੂੰ ਇਕ ਚੁਆਨੀ ਦੇ ਦਿਤੀ, ਤੇ ਫਿਰ ਅਗੇ ਵਾਂਗੂ ਗੁਸੈਲਾ ਮੂੰਹ ਬਣਾ ਕੇ ਬਹਿ ਗਿਆ। ਉਹ ਮੁੰਡਾ ਦੂਖ ਨਿਵਾਰਨ ਦੇ ਸਟੇਸ਼ਨ ਤੇ ਉਤਰ ਗਿਆ।
ਪ੍ਰੀਤਮ ਸਿੰਘ-ਇਨ੍ਹਾਂ ਮੁੰਡਿਆਂ ਨੂੰ ਕਦੇ ਕੁਝ ਨਹੀਂ ਦੇਣਾ ਚਾਹੀਦਾ। ਇਹ ਇੱਦਾਂ ਪੈਸੇ ਕੱਠੇ ਕਰ ਮਾਪਿਆਂ ਨੂੰ ਭੇਜਦੇ ਹਨ।
ਮੈਂ-ਤੇ ਜੇਹੜੇ ਯਤੀਮ ਹੋਣ?
ਪ੍ਰੀਤਮ ਸਿੰਘ-ਓਹ ਯਤੀਮਖਾਨੇ ਜਾਣ। ਉਥੇ ਰੋਟੀ ਕਪੜਾ ਮਿਲ ਜਾਂਦਾ ਏ। ਨਾਲੇ ਪੜ੍ਹਾਈ ਸਿਖਾਈ ਦਾ ਪ੍ਰਬੰਧ ਹੈ। ਇਹ ਮੁੰਡੇ ਗਿਲਤੀਆਂ ਬੰਨ੍ਹ ਕੇ ਆਪਣੇ ਆਪ ਨੂੰ ਸੰਤ ਤੇ ਯਤੀਮ ਦੱਸਦੇ ਹਨ। ਇਹ ਭਲੇਮਾਣਸ ਨਹੀਂ ਹੁੰਦੇ। ਇਨ੍ਹਾਂ ਕੋਲ ਪੈਸੇ ਚੋਖੇ ਆ ਜਾਂਦੇ ਹਨ। ਸਿਆਣਿਆਂ ਦੇ ਕਹਿਣ ਵਾਂਗੂੰ "ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ", ਮਾਪੇ ਸਿਰ ਤੇ ਨਾ ਹੋਣ ਕਰਕੇ ਬੇਮੁਹਾਰੇ ਪਏ ਫਿਰਦੇ ਹਨ, ਤੇ ਕਈ ਖ਼ਰਾਬੀਆਂ ਕਰਦੇ ਹਨ। ਤਮਾਕੂ ਤੇ ਸਿਗਰਟ ਪੀਂਦੇ ਹਨ। ਜੂਆ ਖੇਡਦੇ ਤੇ ਸੱਟੇਬਾਜ਼ੀ ਕਰਦੇ ਹਨ। ਸ਼ਰਾਬ ਤਕ ਤੋਂ ਭੀ ਨਹੀਂ ਟਲਦੇ। ਇਹੋ ਜੇਹੇ ਕਈ ਖੀਸੇ ਕਟਦੇ ਫੜੇ ਗਏ ਹਨ।
ਇੱਨੇ ਨੂੰ ਗਡੀ ਤਰਨ ਤਾਰਨ ਪੁਜ ਗਈ। ਉਹ ਛੇਤੀ ਛੇਤੀ ਮੈਥੋਂ ਨਿਖੜ ਗਿਆ ਤੇ ਕਹਿਣ ਲਗਾ, "ਲੌਢੇ ਵੇਲੇ ਦੀ ਗੱਡੀ ਮੁੜ ਮਿਲਾਂਗੇ।" ਮੈਂ ਉਹਦਾ ਖਹਿੜਾ ਛੱਡਣ ਵਾਲਾ ਕਿੱਥੋਂ ਸਾਂ! ਉਸ ਦੀ ਅੱਖ ਬਚਾ ਮੈਂ ਉਹਨਾਂ ਦੇ ਪਿਛੇ ਤੁਰ ਪਿਆ। ਉਸ ਆਪਣੀ ਇਸਤਰੀ ਤੇ ਲੜਕਿਆਂ ਸਣੇ ਦਰਬਾਰ ਸਾਹਿਬ ਦਾ ਰਾਹ ਲਿਆ। ਮੈਂ ਭੀ ਪਿਛੇ ਸਾਂ। ਰਾਹ ਵਿੱਚ ਜੋ ਮੰਗਤਾ ਆਇਆ ਉਸ ਨੂੰ ਉਹ ਆਨਾ, ਦੁਆਨੀ, ਪੈਸਾ ਜਰੂਰ ਦੇਈ ਗਿਆ। ਜਿੱਥੇ ਉਹ ਇਸ਼ਨਾਨ ਕਰਨ ਬੈਠਾ, ਮੈਂ ਵੀ ਰਤਾ ਪਰੇਡੇ ਲਗ ਪਿਆ। ਉਸ ਦਾ ਟਬਰ ਪੋਣੇ ਵਿੱਚੋਂ ਇਸ਼ਨਾਨ ਕਰ ਆਇਆ ਤੇ ਉਹ ਭੀ ਨਹਾ ਬੈਠਾ। ਪ੍ਰਕਰਮਾ ਵਿੱਚ ਮੋਢੇ ਨਾਲ ਮੋਢਾ ਠਹਿਕਦਾ ਸੀ। ਉਹ ਸਣੇ ਟੱਬਰ ਭੀੜ ਵਿੱਚ ਵੜ ਗਿਆ, ਤੇ ਦਰਸ਼ਨ ਕਰਨ ਨੂੰ ਅੰਦਰ ਜਾਣ ਲਈ ਧਕਮਧੱਕਾ ਕਰਨ ਲੱਗ ਪਿਆ। ਮੈਂ ਇੱਕ ਪਵਿੱਤਰ ਤੇ ਪੂਜਨੀਕ ਥਾਂ ਤੇ ਬੈਠਾ ਸਾਂ, ਪਰ ਹੱਸਣੋਂ ਨਾ ਰੁਕ ਸਕਿਆ, ਕਿ ਹੁਣੇ ਉਹ ਭੀੜ ੨ ਕਹਿ ਕੇ ਮੇਰੇ ਕੰਨ ਪਿਆ ਖਾਂਦਾ ਸੀ ਤੇ ਕਹਿੰਦਾ ਸੀ ਕਿ "ਭਾਵੇਂ ਰਾਤ ਪੈ ਜਾਏ ਭੀੜ ਹਟੀ ਤੇ ਅੰਦਰ ਜਾਣਾ ਏ;" ਪਰ ਹੁਣ ਤੇ ਇਕ ਪਲ ਵੀ ਨਹੀਂ ਸੂ ਉਡੀਕਿਆ ਤੇ ਧੁਸ ਦੇਈ ਅੰਦਰ ਜਾ ਰਿਹਾ ਹੈ। ਦਰਸ਼ਨ ਪਰਸ਼ਨ ਕਰ ਅਸੀਂ ਲੌਢੇ ਵੇਲੇ ਫੇਰ ਗੱਡੀ ਤੇ ਆ ਮਿਲੇ।
ਸਟੇਸ਼ਨ ਤੇ ਇਕ ਲੂਲ੍ਹਾ ਮੰਗ ਰਿਹਾ ਸੀ। ਉਸ ਸਾਡੇ ਅਗੇ ਬੀ ਆ ਸੁਆਲ ਕੀਤਾ। ਮੈਂ ਧਿਆਨ ਪਰਲੇ ਪਾਸੇ ਕਰ ਲਿਆ। ਪ੍ਰੀਤਮ ਸਿੰਘ ਉਸ ਨੂੰ ਆਨਾ ਦੇ ਕੇ ਮੈਨੂੰ ਸੁਣਾਣ ਮਾਰਿਆਂ ਕਹਿਣ ਲਗਾ, "ਜਾਹ, ਭਾਈ ਜਾਹ, ਐਵੇਂ ਕੰਨ ਨਾ ਖਾਹ। ਕੁਝ ਹਥੀਂ ਕਾਰ ਕਰਿਆ ਕਰ। ਤੇਰੇ ਵਰਗੇ ਕਈ ਦਰਜ਼ੀ ਬਣ ਕੇ ਅਜ ਤਿੰਨ ਚਾਰ ਰੁਪਏ ਦਿਹਾੜੀ ਕਮਾ ਲੈਂਦੇ ਹਨ।" ਉਹ ਵਿਚਾਰਾ ਤੁਰਦਾ ਹੋਇਆ।
ਗੱਡੀ ਆਈ। ਚੜ੍ਹੇ। ਇੱਕ ਬੰਦਾ ਕਿਸੇ ਯਤੀਮਖ਼ਾਨੇ ਲਈ ਪੈਸੇ ਮੰਗਣ ਆ ਗਿਆ। ਉਹ ਯਤੀਆਂ ਦੇ ਦੁਖੜੇ ਫੋਲ ੨ ਸੁਣਾਵੇ। ਉਸ ਦੇ ਨਾਲ ਦੋ ਯਤੀਮ ਸਨ। ਓਹ ਕਰੁਣਾ-ਰਸ ਭਰੇ ਗੀਤ ਗਾਣ। ਇਧਰ ਪ੍ਰੀਤਮ ਸਿੰਘ ਦਾ ਚਿਹਰਾ ਕੁਮਲਾਉਂਦਾ ਜਾਵੇ। ਅਖਾਂ ਉਹਦੀਆਂ ਭਰ ਆਈਆਂ। ਆਪਣੀ ਇਹ ਕਮਜ਼ੋਰੀ ਮੈਥੋਂ ਲੁਕਾਣ ਲਈ ਉਠਿਆ, ਬਾਰੀ ਵੱਲ ਗਿਆ, ਮੂੰਹ ਪੂੰਝੀ ਆਉਂਦਾ ਹੋਇਆ ਉਨ੍ਹਾਂ ਦੀ ਸੰਦੂਕੜੀ ਵਿੱਚ ਪੰਜਾਂ ਦਾ ਨੋਟ ਪਾ ਆਇਆ। ਫਿਰ ਮੇਰੇ ਕੋਲ ਆ ਕੇ ਬਹਿ ਗਿਆ। ਉਨ੍ਹਾਂ ਦੇ ਚਲੇ ਜਾਣ ਪਿਛੋਂ ਕਹਿਣ ਲੱਗਾ, "ਦੇਖੋ ਜੀ, ਇਹ ਆਪ ਕਹੇ ਸੋਹਣੇ ਕੱਪੜੇ ਪਾਈ ਫਿਰਦੇ ਹਨ ਤੇ ਮੁੰਡਿਆਂ ਦਾ ਕੀਹ ਹਾਲ ਹੈ! ਇਨ੍ਹਾਂ ਦਾ ਚੋਖਾ ਰੁਪਿਆ ਬੰਕ ਵਿੱਚ ਜੰਮ੍ਹਾ ਹੈ। ਫੇਰ ਭੀ ਮੰਗਦੇ ਫਿਰਦੇ ਨੇ! ਸਟੇਸ਼ਨ ਦੇ ਲਾਗੇ ਯਤੀਮਖ਼ਾਨਾ ਹੈ। ਇਨ੍ਹਾਂ ਦੀ ਆਪਣੀ ਜ਼ਮੀਨ ਹੈ। ਉਥੇ ਖਾਣ ਜੋਗੀ ਕਣਕ ਹੋ ਪੈਂਦੀ ਹੈ। ਖੱਡੀਆਂ ਆਪਣੀਆਂ ਹਨ। ਉਥੇ ਬਣ ਕੇ ਕੱਪੜਾ ਵਿਕਦਾ ਹੈ। ਹੋਰ ਇਨ੍ਹਾਂ ਕੀ ਲੈਣਾ ਹੈ? ਇਨ੍ਹਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ।"
ਅੰਮ੍ਰਿਤਸਰ ਉਤਰੇ ਤਾਂ ਜੀ ਆਈ, ਪਈ ਚਲੋ ਯਤੀਮਖ਼ਾਨੇ ਹੀ ਹੋ ਆਈਏ। ਪ੍ਰੀਤਮ ਸਿੰਘ ਘਰ ਨੂੰ ਗਿਆ। ਮੈਂ ਯਤੀਮਖ਼ਾਨੇ ਵਲ ਤੁਰਿਆ। ਜਾਂਦਿਆਂ ਹੀ ਵੇਖਿਆ ਕਿ ਪ੍ਰੀਤਮ ਸਿੰਘ ਦਾ ਨੌਕਰ ਲੱਡੂ ਲੈ ਕੇ ਆਇਆ ਹੈ। ਪੁਛਿਆ ਤਾਂ ਕਹਿਣ ਲਗਾ, "ਜੀ ਸਵੇਰੇ ਸਰਦਾਰ ਸਾਹਿਬ ਹੁਕਮ ਕਰ ਗਏ ਸਨ। ਹਲਵਾਈ ਨੇ ਹੁਣੇ ਬਣਾਏ ਨੇ। ਇਥੇ ਵੰਡਣ ਆਇਆ ਹਾਂ।" ਮੈਂ ਜਾਣ ਬੁੱਝ ਕੇ ਹੈਰਾਨ ਹੋ ਕੇ ਕਿਹਾ, "ਹੈਂ! ਸਰਦਾਰ ਪ੍ਰੀਤਮ ਸਿੰਘ ਹੋਰੀਂ ਵੀ ਇਥੇ ਦਾਨ ਦੇਂਦੇ ਹਨ?" ਨੌਕਰ ਬੋਲਿਆ, "ਜੀ ਆਹ ਦੋਵੇਂ ਕਮਰੇ ਉਨ੍ਹਾਂ ਹੀ ੧੦੦੦) ਖਰਚ ਕੇ ਪੁਆਏ ਹਨ। ਹਰ ਦਿਨ ਦਿਹਾਰ ਨੂੰ ਕੁਝ ਨਾ ਕੁਝ ਭੇਜਦੇ ਹਨ। ਫਿਰ ਹਰ ਸਾਲ ੧੫੦) ਵੱਖ ਦੇਂਦੇ ਹਨ।"
ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਹੋਰ ਸਾਰਿਆਂ ਕਮਰਿਆਂ ਉਤੇ ਦਾਤਿਆਂ ਦੇ ਨਾਂ ਲਿਖੇ ਹੋਏ ਸਨ। ਪਰ ਇਹੀ ਦੋ ਖ਼ਾਲੀ ਸਨ। ਪ੍ਰਬੰਧਕਾਂ ਨੂੰ ਪੁਛਣ ਤੋਂ ਪਤਾ ਲਗਾ ਕਿ ਓਹ ਸਰਦਾਰ ਪ੍ਰੀਤਮ ਸਿੰਘ ਦੇ ਬਣਾਏ ਹੋਏ ਹਨ, ਤੇ ਉਹ ਆਪਣਾ ਨਾਮ ਨਹੀਂ ਲਿਖਾਉਣਾ ਚਾਹੁੰਦੇ।
ਮੈਂ ਇਨ੍ਹਾਂ ਗਲਾਂ ਕਰਕੇ ਕਦੇ ਉਸ ਨਾਲ ਗੁਸੇ ਨਹੀਂ ਹੁੰਦਾ, ਹੱਥੋਂ ਉਸ ਦੀਆਂ ਗੱਲਾਂ ਸੁਣ ਕੇ ਹਰਾਨ ਤੇ ਖੁਸ਼ ਹੁੰਦਾ ਹਾਂ।