Punjabi Kahani : Gurdev Singh Chandi

ਪੰਜਾਬੀ ਕਹਾਣੀ : ਗੁਰਦੇਵ ਸਿੰਘ ਚੰਦੀ

ਪੰਜਾਬੀ ਕਹਾਣੀ ਦਾ ਅਰੰਭ ਮਨੁੱਖੀ ਜੀਵਨ ਦੇ ਆਦਿ ਨਾਲ ਜੁੜਿਆ ਹੋਇਆ ਹੈ । ਜਦੋਂ ਮਨੁੱਖ ਬੋਲ ਕੇ ਆਪਣੀ ਗੱਲ ਸੁਣਾਉਣ , ਸਮਝਾਉਣ ਦੇ ਯੋਗ ਹੋਇਆ ਓਦੋਂ ਤੋਂ ਹੀ ਕਹਾਣੀ ਦਾ ਜਨਮ ਹੋਇਆ ਮੰਨਿਆ ਜਾਣਾ ਚਾਹੀਦਾ ਹੈ , ਕਿਉਂਕਿ ਮੁਢਲੇ ਕਬੀਲਾ ਯੁੱਗ ਵਿੱਚ ਜਦੋਂ ਮਨੁੱਖ ਆਪਣਾ ਢਿੱਡ ਭਰਨ ਲਈ ਕੀਤੇ ਯਤਨਾਂ ਬਾਰੇ ਆਪਣੇ ਕਬੀਲੇ ਦੇ ਲੋਕਾਂ ਨੂੰ ਘਟਨਾਵਾਂ ਸੁਣਾਉਂਦਾ ਹੋਵੇਗਾ , ਉਸ ਕਾਰਜ ਵਿੱਚੋਂ ਹੀ ਕਹਾਣੀ ਉਗਮੀ ਹੋਵੇਗੀ । ਅਰੰਭਿਕ ਰੂਪ ਵਿੱਚ ਕਿਸੇ ਹੋਈ ਬੀਤੀ ਘਟਨਾ ਨੂੰ ਦਿਲਚਸਪ ਬਣਾ ਕੇ ਪੇਸ਼ ਕਰਨ ਨੂੰ ਹੀ ਕਹਾਣੀ ਕਿਹਾ ਗਿਆ ਹੋਵੇਗਾ । ਘਟਨਾਵਾਂ ਦਾ ਵਾਪਰਨਾ ਜਿੱਥੇ ਜੀਵਨ ਦਾ ਅਹਿਮ ਹਿੱਸਾ ਹੈ , ਉੱਥੇ ਘਟਨਾਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਮਨੁੱਖੀ ਰੁਚੀ ਦੀ ਲੋੜ ਹੈ । ਇਸ ਤਰ੍ਹਾਂ ਕਹਾਣੀ ਮਨੁੱਖੀ ਸੱਭਿਅਤਾ ਦੇ ਵਿਕਾਸ ਨਾਲ ਕਦਮ ਮਿਲਾਈ ਚੱਲੀ ਆਉਂਦੀ ਹੈ । ਬਾਤਾਂ , ਬੁਝਾਰਤਾਂ , ਪਰੀ ਕਹਾਣੀਆਂ , ਲੋਕ ਕਹਾਣੀਆਂ , ਸਾਖੀਆਂ , ਸਫ਼ਰਨਾਮੇ , ਯਾਦਾਂ , ਹੱਡ-ਬੀਤੀਆਂ ਕਹਾਣੀ ਦੇ ਹੀ ਵੱਖੋ-ਵੱਖਰੇ ਵਿਕਾਸ ਪੜਾਅ ਅਤੇ ਕਿਸਮਾਂ ਹਨ ।

ਉਂਞ ਤਾਂ ਸਾਡੇ ਦੇਸ਼ ਪੰਜਾਬ ਤੇ ਬਹੁਤ ਸਾਰੇ ਧਾੜਵੀਆਂ ਨੇ ਹੱਲੇ ਕੀਤੇ , ਟਿਕੇ ਅਤੇ ਰਾਜ ਵੀ ਕੀਤਾ , ਆਪਣੀ ਸੰਸਕ੍ਰਿਤੀ , ਭਾਸ਼ਾ ਅਤੇ ਸੱਭਿਆਚਾਰ ਦੁਆਰਾ ਪੰਜਾਬੀਆਂ ਦੀ ਜੀਵਨ-ਜਾਚ ਨੂੰ ਪ੍ਰਭਾਵਿਤ ਵੀ ਕੀਤਾ ਪਰ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਅਤੇ ਫਲਸਰੂਪ ਰਹਿਣੀ ਬਹਿਣੀ ਤੇ ਪਿਆ ਪ੍ਰਭਾਵ ਕੁਝ ਵਧੇਰੇ ਹੀ ਉਘੜਵਾਂ ਹੈ । ਉਹਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਬਾਕੀ ਹਮਲਾਵਰਾਂ , ਕਾਬਜ਼ਕਾਰਾਂ ਨਾਲੋਂ ਬਹੁਤ ਜ਼ਿਆਦਾ ਭਿੰਨਤਾ ਵਾਲਾ ਸੀ । ਵਖਰੇਵੇਂ ਦੇ ਨਾਲ-ਨਾਲ ਸਾਡੇ ਨਾਲੋਂ ਵੱਧ ਵਿਗਿਆਨਿਕ ਹੋਣ ਕਰ ਕੇ ਪ੍ਰਭਾਵਕਾਰੀ ਵੀ ਵਧੇਰੇ ਸੀ । ਇਸ ਪ੍ਰਭਾਵ ਨੇ ਪੰਜਾਬੀ ਜੀਵਨ ਦੇ ਨਾਲ-ਨਾਲ ਸਾਹਿਤ ਵਿੱਚ ਵੀ ਪਛਾਣਯੋਗ ਤਬਦੀਲੀ ਵਰਤਾਈ । ਇਸ ਤਬਦੀਲੀ ਦੇ ਪ੍ਰਤੱਖ ਵਖਰੇਵਂਚ ਨੇ ਆਧੁਨਿਕਤਾ ਦਾ ਸੰਕਲਪ ਦਿੱਤਾ । ਆਧੁਨਿਕਤਾ ਇੱਕ ਅਜਿਹਾ ਪੜਾਅ ਹੈ ਜੋ ਸਪਸ਼ਟ ਭਾਂਤ ਨਵੀਨਤਾ ਦੀ ਸ਼ੁਰੂਆਤ ਦਾ ਸੂਚਕ ਹੈ । ਇਸ ਤਰ੍ਹਾਂ ਪ੍ਰਾਚੀਨ ਅਤੇ ਮਧਕਾਲੀਨ ਕਹਾਣੀ ਦੀ ਨਿਰੰਤਰ ਇਤਿਹਾਸਿਕ ਲੜੀ ਵਿੱਚ ਆਧੁਨਿਕਤਾ ਅਜਿਹਾ ਮੋੜ ਹੈ ਜਿੱਥੋਂ ਅਸੀਂ ਹੁਣ ਵਰਤਮਾਨ ਦੀ ਹਰ ਕਸੌਟੀ ਦੀ ਸ਼ੁਰੂਆਤ ਕਰਦੇ ਹਾਂ । ਇਸੇ ਲਈ ਰਵਾਇਤੀ ਕਹਾਣੀ ਦੇ ਸਨਮੁਖ ਕਹਾਣੀ ਦਾ ਆਪਣਾ ਇੱਕ ਵੱਖਰਾ ਸਰੂਪਗਤ ਮੁਹਾਂਦਰਾ ਹੈ । ਆਧੁਨਿਕ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ 1913 ਵਿੱਚ ਲਿਖੀ ਗਈ ਪ੍ਰਤਿਮਾ ਕਹਾਣੀ ਨਾਲ ਗੱਲ ਸ਼ੁਰੂ ਕੀਤੀ ਜਾਂਦੀ ਹੈ । ਈਸਾਈ ਮਿਸ਼ਨਰੀਆਂ ਦੇ ਚੌਪੱਤਰੇ , ਭਾਈ ਸਿੰਘ ਦੇ ਟ੍ਰੈਕਟ ਅਤੇ ਇਹਨਾਂ ਦੇ ਸਮਕਾਲੀ ਲੇਖਕਾਂ ਹੀਰਾ ਸਿੰਘ ਦਰਦ , ਗੁਰਮੁਖ ਸਿੰਘ ਮੁਸਾਫ਼ਿਰ , ਮੋਹਨ ਸਿੰਘ ਦਿਵਾਨਾ ਅਤੇ ਨਾਨਕ ਸਿੰਘ ਹੋਰਾਂ ਵੱਲੋਂ ਲਿਖੀਆਂ ਸੁਧਾਰਵਾਦੀ ਆਦਰਸ਼ਵਾਦੀ ਕਹਾਣੀਆਂ , ਪੰਜਾਬੀ ਕਹਾਣੀ ਦੇ ਮੁਢਲੇ ਸੁਹਿਰਦ ਯਤਨ ਹਨ । ਇਹ ਲੇਖਕ , ਘਟਨਾਵਾਂ ਅਤੇ ਵਿਚਾਰਾਂ ਨੂੰ ਆਪਣੇ ਵਿਰਸੇ ਵਿੱਚੋਂ ਅਤੇ ਰੂਪਵਿਧੀ ਅੰਗਰੇਜ਼ੀ ਕਹਾਣੀ ਅਨੁਸਾਰ ਗ੍ਰਹਿਣ ਕਰ ਕੇ ਪੰਜਾਬੀ ਕਹਾਣੀ ਦਾ ਮੁਹਾਂਦਰਾ ਪ੍ਰਦਾਨ ਕਰਨ ਲਈ ਯਤਨਸ਼ੀਲ ਰਹੇ ਹਨ । ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਅਕਾਲੀ , ਫੁਲਵਾੜੀ , ਪ੍ਰੀਤਮ , ਕਿਰਤੀ ਆਦਿ ਰਸਾਲਿਆਂ ਨੇ ਕਹਾਣੀ ਦਾ ਮੂੰਹ-ਮੱਥਾ ਸੰਵਾਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ।

ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿੱਚ , ਅੰਗਰੇਜ਼ੀ ਵਿੱਦਿਆ ਦੇ ਪਸਾਰ ਦੇ ਨਤੀਜੇ ਵਜੋਂ ਫ਼ਰਾਇਡਵਾਦ , ਮਾਰਕਸਵਾਦ , ਪੂੰਜੀਵਾਦ ਜਿਹੀਆਂ ਲਹਿਰਾਂ ਪੰਜਾਬੀ ਲੇਖਕਾਂ ਦੀ ਚੇਤਨਾ ਨੂੰ ਪ੍ਰਭਾਵਿਤ ਕਰ ਕੇ ਆਪਣੇ ਪ੍ਰਭਾਵਾਂ ਦੀ ਸਾਹਿਤ ਵਿੱਚ ਦਖ਼ਲ-ਅੰਦਾਜ਼ੀ ਵਧਾਉਂਦੀਆਂ ਹਨ । ਪਹਿਲੋਂ-ਪਹਿਲ ਇਹ ਨਵੀਂ ਚੇਤਨਾ ਸੰਤ ਸਿੰਘ ਸੇਖੋਂ , ਕਰਤਾਰ ਸਿੰਘ ਦੁੱਗਲ , ਸੁਜਾਨ ਸਿੰਘ ਅਤੇ ਮੋਹਨ ਸਿੰਘ ਦੀਆਂ ਕਹਾਣੀਆਂ ਵਿੱਚੋਂ ਪ੍ਰਗਟ ਹੋਣ ਲੱਗਦੀ ਹੈ , ਫਿਰ ਇਹਨਾਂ ਵਿੱਚ ਬਲਵੰਤ ਗਾਰਗੀ , ਦੇਵਿੰਦਰ ਸਤਿਆਰਥੀ , ਸੰਤੋਖ ਸਿੰਘ ਧੀਰ , ਨੌਰੰਗ ਸਿੰਘ , ਸੁਰਿੰਦਰ ਸਿੰਘ ਨਰੂਲਾ , ਨਵਤੇਜ ਸਿੰਘ , ਜਸਵੰਤ ਸਿੰਘ ਕੰਵਲ , ਗੁਰਦਿਆਲ ਸਿੰਘ , ਸੁਖਬੀਰ , ਗੁਰਚਰਨ ਸਿੰਘ , ਕੁਲਵੰਤ ਸਿੰਘ ਵਿਰਕ , ਮਹਿੰਦਰ ਸਿੰਘ ਸਰਨਾ , ਸੁਰਜੀਤ ਸਿੰਘ ਸੇਠੀ , ਅੰਮ੍ਰਿਤਾ ਪ੍ਰੀਤਮ ਆਦਿ ਦਰਜਨਾਂ ਨਾਂ ਹੋਰ ਸ਼ਾਮਲ ਹੋ ਜਾਂਦੇ ਹਨ । ਇਹਨਾਂ ਲੇਖਕਾਂ ਨੇ ਕਹਾਣੀ ਨੂੰ ਆਦਰਸ਼ ਅਤੇ ਰਹੱਸ ਵੱਲੋਂ ਮੋੜ ਕੇ ਯਥਾਰਥ ਨਾਲ ਜੋੜਿਆ । ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਕੇਂਦਰੀ ਮੁੱਦਾ ਬਣਾਇਆ । ਜੁਗਤ ਪੱਖੋਂ ਘਟਨਾਵੀ ਗੁੰਝਲ , ਮੌਕਾ ਮੇਲ ਅਤੇ ਸਰਲੀਕਰਨ ਦੀ ਥਾਂ ਕਾਰਜ ਅਤੇ ਪ੍ਰਭਾਵ ਦੀ ਏਕਤਾ ਵੱਲ ਧਿਆਨ ਇਕਾਗਰ ਕਰਵਾਇਆ । ਮਨੁੱਖੀ ਮਨ ਦੀਆਂ ਸੰਵੇਦਨਾਵਾਂ ਨੂੰ ਬੋਲ ਪ੍ਰਦਾਨ ਕੀਤੇ । ਸਥਿਤੀਆਂ ਨੂੰ ਕਾਲਪਨਿਕ ਰੂਪ ਦਿੱਤਾ । ਅਣਗੌਲਿਆਂ ਨੂੰ ਗੌਲਣਯੋਗ ਬਣਾਇਆ । ਸਿੱਟੇ ਵਜੋਂ , ਯਥਾਰਥਵਾਦੀ ਅਤੇ ਪ੍ਰਗਤੀਵਾਦੀ ਕਹਾਣੀ ਮੁੱਖ ਧਾਰਾ ਵਜੋਂ ਉੱਭਰ ਆਈ ।
ਪੰਜਵੇਂ ਦਹਾਕੇ ਵਿੱਚ ਇਸ ਧਾਰਾ ਦੇ ਸਮਵਿਥ ਹੀ ਸੁਰਜੀਤ ਸਿੰਘ ਸੇਠੀ , ਪ੍ਰੇਮ ਪ੍ਰਕਾਸ਼ , ਗੁੱਲ ਚੌਹਾਨ , ਤਰਸੇਮ ਨੀਲਗਿਰੀ ਹੋਰਾਂ ਨੇ ਆਧੁਨਿਕਤਾਵਾਦੀ ਕਹਾਣੀਆਂ ਲਿਖੀਆਂ , ਭਾਵ ਮਨੁੱਖ ਦੀਆਂ ਵਿਅਕਤੀਗਤ ਸਮੱਸਿਆਵਾਂ , ਇੱਛਾਵਾਂ , ਤਣਾਵਾਂ ਨੂੰ ਮੂਰਤੀਮਾਨ ਕੀਤਾ । ਆਧੁਨਿਕਤਾਵਾਦ , ਵਿਚਿੱਤਰਤਾ ਅਤੇ ਹੈਰਾਨੀਜਨਕ ਪੇਸ਼ਕਾਰੀ ਵਲ ਰੁਚਿਤ ਸੀ । ਯਥਾਰਥਵਾਦੀਆਂ ਨੇ ਆਮ ਸਧਾਰਨ ਲੋਕਾਈ ਦੇ ਮਸਲਿਆਂ ਨੂੰ ਜਿਊਂਦੇ-ਜਾਗਦੇ ਲੋਕਾਂ ਦੇ ਪਾਤਰੀਕਰਨ ਦੁਆਰਾ ਸਿਰਜਿਆ । ਔਰਤ ਕਹਾਣੀਕਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਦਲੀਪ ਕੌਰ ਟਿਵਾਣਾ , ਪ੍ਰਭਜੋਤ ਕੌਰ , ਬਚਿੰਤ ਕੌਰ , ਚੰਦਨ ਨੇਗੀ , ਅਜੀਤ ਕੌਰ ਆਦਿ ਨੇ ਨਾਰੀ ਮਨ ਦੀ ਯਥਾਰਥਿਕ ਪੇਸ਼ਕਾਰੀ ਦਾ ਰਾਹ ਅਪਣਾਇਆ । ਸੰਨ ਸੰਨਤਾਲੀ ਵਿੱਚ ਮਿਲੀ ਦੇਸ ਦੀ ਅਜ਼ਾਦੀ ਅਤੇ ਦੇਸ਼ ਦੀ ਵੰਡ ਨੇ ਬਟਵਾਰੇ ਦੌਰਾਨ ਵਾਪਰੀਆਂ ਦਿਲ-ਕੰਬਾਊ ਘਟਨਾਵਾਂ ਨੂੰ ਕਹਾਣੀ ਦਾ ਵਿਸ਼ਾ ਬਣਾਇਆ ਜਿਸ ਦੇ ਫਲਸਰੂਪ ਦੇਸ਼ ਵੰਡ ਨਾਲ ਸੰਬੰਧਿਤ ਕਹਾਣੀ ਦਾ ਆਪਣਾ ਇੱਕ ਵੱਖਰਾ ਸਥਾਨ ਨਿਸ਼ਚਿਤ ਹੋਇਆ ਹੈ । ਨਾਨਕ ਸਿੰਘ , ਦੁੱਗਲ , ਵਿਰਕ , ਮੁਸਾਫ਼ਿਰ , ਸੁਜਾਨ ਸਿੰਘ , ਗੁਰਬਚਨ ਭੁੱਲਰ , ਮਹਿੰਦਰ ਸਿੰਘ ਸਰਨਾ ਵੰਡ ਨਾਲ ਸੰਬੰਧਿਤ ਕਹਾਣੀ ਦੇ ਉਘੜਵੇਂ ਹਸਤਾਖਰ ਹਨ ।

ਅਰੰਭ ਤੋਂ ਹੀ ਭਾਵੇਂ ਕਹਾਣੀ ਵਿੱਚ ਨਾਰੀ ਮਨ ਨੂੰ ਪ੍ਰਤਿਬਿੰਬਤ ਕੀਤਾ ਜਾਂਦਾ ਰਿਹਾ ਹੈ ਅਤੇ ਮਰਦ ਲੇਖਕਾਂ ਨੇ ਵੀ ਇਸ ਵਰਗ ਦੀ ਪੇਸ਼ਕਾਰੀ ਪ੍ਰਤਿ ਕਲਾ ਦੀ ਯਥਾਯੋਗ ਵਰਤੋਂ ਕੀਤੀ ਹੈ ਪਰ ਕਹਾਣੀ ਖੇਤਰ ਵਿੱਚ ਸ਼ਾਮਲ ਹੋਈਆਂ ਉਪਰੋਕਤ ਵਰਣਿਤ ਇਸਤਰੀ ਕਹਾਣੀਕਾਰਾਂ ਨੇ ਮਰਦ ਲੇਖਕਾਂ ਨਾਲੋਂ ਵੱਖਰੀ ਭਾਂਤ ਦੀ ਦ੍ਰਿਸ਼ਟੀ , ਮਸਲੇ ਅਤੇ ਪੇਸ਼ਕਾਰੀ ਦਾ ਸਬੂਤ ਦਿਤਾ ਹੈ । ਛੇਵੇਂ , ਸਤਵੇਂ , ਅਠਵੇਂ , ਨੌਂਵੇਂ ਦਹਾਕਿਆਂ ਵਿੱਚ ਲਿਖੀ ਗਈ ਪੰਜਾਬੀ ਕਹਾਣੀ ਸਰਲ ਤੋਂ ਜਟਿਲ ਅਤੇ ਫਿਰ ਜਟਿਲਤਰ ਹੁੰਦੀ ਗਈ ਹੈ । ਕਥਾਨਕ ਵਿੱਚ ਉਪ-ਕਥਾਨਕਾਂ ਦੀ ਸ਼ਮੂਲੀਅਤ , ਸੰਘਣੀ , ਬਹੁਪਰਤੀ , ਬਹੁਪਸਾਰੀ ਸੰਰਚਨਾ ਅਤੇ ਪਾਤਰੀਕਰਨ ਦੀਆਂ ਨਵੀਨ ਵਿਭਿੰਨ ਵਿਧੀਆਂ ਕਹਾਣੀ ਨੂੰ ਜਟਿਲ ਅਤੇ ਤਣਾਉਯੁਕਤ ਬਣਾਉਂਦੀਆਂ ਹਨ । ਅਜੀਤ ਕੌਰ , ਰਘੁਬੀਰ ਢੰਡ , ਗੁਰਬਚਨ ਭੁੱਲਰ , ਵਰਿਆਮ ਸੰਧੂ , ਪ੍ਰੇਮ ਪ੍ਰਕਾਸ਼ , ਰਾਮ ਸਰੂਪ ਅਣਖੀ , ਅਤਰਜੀਤ , ਗੁਰਦੇਵ ਰੁਪਾਣਾ , ਜਸਵੰਤ ਸਿੰਘ ਵਿਰਦੀ , ਜਸਬੀਰ ਭੁੱਲਰ , ਪ੍ਰੇਮ ਗੋਰਖੀ , ਬਲਦੇਵ ਸਿੰਘ , ਦਲਬੀਰ ਚੇਤਨ , ਜੋਗਿੰਦਰ ਕੈਰੋਂ , ਜੋਗਿੰਦਰ ਨਿਰਾਲਾ , ਨਰਪਿੰਦਰ ਰਤਨ , ਭੁਪਿੰਦਰ ਸਿੰਘ , ਪਰਗਟ ਸਿੱਧੂ , ਮੋਹਨ ਭੰਡਾਰੀ , ਐਸ. ਤਰਸੇਮ , ਕੇ.ਐਲ. ਗਰਗ , ਰਾਜਿੰਦਰ ਕੌਰ , ਮਹੀਪ ਸਿੰਘ , ਕੁਲਦੀਪ ਬੱਗਾ , ਗੁਰਮੁਖ ਸਿੰਘ ਜੀਤ , ਲੋਚਨ ਬਖਸ਼ੀ , ਸਵਿੰਦਰ ਸਿੰਘ ਉੱਪਲ , ਤਾਰਨ ਗੁਜਰਾਲ , 'ਕਾਨਾ ਸਿੰਘ , ਬਲਜੀਤ ਕੌਰ ਬਲੀ , ਕਿਰਪਾਲ ਕਜ਼ਾਕ ਜਿਹੇ ਕਹਾਣੀਕਾਰ , ਪੰਜਾਬੀ ਕਹਾਣੀ ਨੂੰ ਬਾਕੀ ਸਾਹਿਤਿਕ ਵਿਧਾਵਾਂ ਵਿੱਚੋਂ ਸ੍ਰੇਸ਼ਠ ਹੋਣ ਦਾ ਗੌਰਵ ਪ੍ਰਦਾਨ ਕਰਨ ਹਿਤ ਸੁਦ੍ਰਿੜ੍ਹ ਰਹੇ ਹਨ ।

ਪਾਕਿਸਤਾਨੀ ਪੰਜਾਬੀ ਕਹਾਣੀ ਦਾ ਵੀ ਇੱਕ ਨਿਸ਼ਚਿਤ ਮਹੱਤਵ ਹੈ । ਦੇਸ਼ ਦੀ ਅਜ਼ਾਦੀ , ਦੇਸ਼ ਦੀ ਵੰਡ , ਪਾਕਿਸਤਾਨ ਦੀ ਕਾਇਮੀ ਅਤੇ ਬਟਵਾਰੇ ਦਾ ਦੁਖਾਂਤ ਪਾਕਿਸਤਾਨੀ ਪੰਜਾਬੀ ਕਹਾਣੀਕਾਰਾਂ ਵਾਸਤੇ ਬਹੁਤ ਜਟਿਲ , ਵਿਰੋਧ- ਮੁੱਖੀ ਮਸਲੇ ਹਨ । 1960 ਤੱਕ ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਇਹਨਾਂ ਮਸਲਿਆਂ ਵਿੱਚੋਂ ਕਿਸ ਬਾਰੇ ਲਿਖਣ ਪਰ ਫਿਰ ਅਫ਼ਜ਼ਲ ਅਹਿਸਨ ਰੰਧਾਵਾ , ਸਲੀਮ ਖਾਂ ਗਿਮੀ , ਹਨੀਫ ਬਾਵਾ , ਮਨਸ਼ਾ ਯਾਦ , ਕੰਵਲ ਮੁਸ਼ਤਾਕ ਅਤੇ ਬਾਅਦ ਵਿੱਚ ਅਫ਼ਜ਼ਲ ਤੌਸੀਫ਼ , ਇਲਿਆਸ ਘੁੰਮਣ , ਹਾਮਿਦ ਬੇਗ , ਤੌਕੀਰ ਚੁਗਤਾਈ ਆਦਿ ਲੇਖਕਾਂ ਨੇ ਉੱਤਮ ਗਲਪ ਰਚਨਾਵਾਂ ਦਿੱਤੀਆਂ ਹਨ । ਇਹਨਾਂ ਦੀਆਂ ਕਹਾਣੀਆਂ ਵਿੱਚ ਵੰਡ ਦੇ ਦੁਖਾਂਤ ਦੀਆਂ ਸਿਮਰਤੀਆਂ ਅਤੇ ਪਾਕਿਸਤਾਨੀ ਸ਼ਾਸਨ ਦੀ ਜਕੜ ਸੰਬੰਧੀ ਮਸਲੇ ਪੇਸ਼ਕ੍ਰਿਤ ਹਨ । ਲੋਕਰਾਜੀ ਪ੍ਰਕਿਰਿਆ ਦੀ ਕਮਜ਼ੋਰੀ ਕਾਰਨ ਇਹਨਾਂ ਦਾ ਪ੍ਰਗਟਾਵਾ ਸਪਸ਼ਟ ਹੋਣ ਦੀ ਥਾਂ ਪ੍ਰਤੀਕਮਈ ਵਧੇਰੇ ਹੈ । ਇਹਨਾਂ ਵਿੱਚ ਵੀ ਇਸਲਾਮਕ ਅਵਚੇਤਨ ਅਤੇ ਉਰਦੂ ਮੁਹਾਵਰਾ ਪ੍ਰਮੁਖ ਰਹਿੰਦੇ ਹਨ ।
ਪੰਜਾਬੀ ਕਹਾਣੀ ਦਾ ਇੱਕ ਮਹੱਤਵਪੂਰਨ ਖੇਤਰ ਪਰਵਾਸੀ ਕਹਾਣੀ ਹੈ । ਪਹਿਲ ਇੰਗਲੈਂਡ ਵਾਸੀਆਂ ਨੇ ਕੀਤੀ ਪਰ ਯੂਰਪ ਦੇ ਹੋਰ ਦੇਸ਼ਾਂ ਅਤੇ ਅਮਰੀਕਾ , ਅਫਰੀਕਾ , ਕੈਨੇਡਾ , ਜਪਾਨ ਆਦਿ ਮੁਲਕਾਂ ’ਚ ਵੱਸਦੇ ਪੰਜਾਬੀਆਂ ਦਾ ਵੀ ਇਸ ਨੂੰ ਭਰਵਾਂ ਯੋਗਦਾਨ ਪ੍ਰਾਪਤ ਹੈ । ਭੂ-ਹੇਰਵਾ , ਨਸਲਵਾਦ , ਪੀੜ੍ਹੀ ਪਾੜਾ , ਪਰਿਵਾਰ- ਸੰਕਟ , ਸੱਭਿਆਚਾਰ , ਭਾਸ਼ਾ ਦੇ ਭਵਿੱਖੀ ਮਸਲੇ ਇਸ ਕਹਾਣੀ ਦੇ ਮੁੱਖ ਸਰੋਕਾਰ ਹਨ । ਰਘੁਬੀਰ ਢੰਡ , ਸਵਰਨ ਚੰਦਨ , ਪ੍ਰੀਤਮ ਸਿਧੂ , ਦਰਸ਼ਨ ਧੀਰ , ਅਮਨਪਾਲ ਸਾਰਾ , ਜਰਨੈਲ ਸਿੰਘ , ਸ਼ਿਵਚਰਨ ਗਿੱਲ , ਕੈਲਾਸ਼ ਪੁਰੀ , ਤਰਸੇਮ ਨੀਲਗਿਰੀ , ਰਾਣੀ ਨਗੇਂਦਰ , ਹਰਜੀਤ ਅਟਵਾਲ , ਵੀਨਾ ਵਰਮਾ , ਪਰਵੇਜ਼ ਸੰਧੂ , ਸੁਰਜੀਤ ਕਲਸੀ , ਪਰਮਜੀਤ ਮੋਮੀ , ਸਾਧੂ ਬਿਨਿੰਗ , ਬਲਬੀਰ ਮੋਮੀ , ਬਲਬੀਰ ਕੌਰ ਸੰਘੇੜਾ ਸਰਗਰਮ ਕਹਾਣੀਕਾਰ ਹਨ । ਅਮਨਪਾਲ ਸਾਰਾ , ਜਰਨੈਲ ਸਿੰਘ ਅਤੇ ਵੀਨਾ ਵਰਮਾ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਦੇ ਵੀ ਸਥਾਪਿਤ ਹਸਤਾਖਰ ਹਨ ।

ਨੌਂਵੇਂ ਦਹਾਕੇ ਤੋਂ ਬਾਅਦ ਪੰਜਾਬੀ ਕਹਾਣੀ ਵਿੱਚ ਗਿਣਾਤਮਿਕਤਾ ਦੇ ਨਾਲ-ਨਾਲ ਗੁਣਾਤਮਿਕ ਪੱਖੋਂ ਫਿਰ ਪਰਿਵਰਤਨ ਵਾਪਰਦਾ ਹੈ । ਦੇਸ਼ ਵੰਡ , ਰਾਸ਼ਟਰ ਨਿਰਮਾਣ , ਨੈਕਸਲਾਈਟ ਸੰਕਟ , ਹਰੀ ਕ੍ਰਾਂਤੀ , ਲਹਿਰਾਂ ਤੋਂ ਬਾਅਦ ਪੰਜਾਬ ਸਮੱਸਿਆ , ਮੰਡੀਕਰਨ , ਪੂੰਜੀਵਾਦੀ ਉਭਾਰ , ਮੀਡੀਏ ਦਾ ਪਸਾਰ , ਸਮਾਜਵਾਦ ਤੋਂ ਮੂੰਹ-ਫੇਰ , ਅਮਰੀਕੀ ਚੜ੍ਹਤ ਕੁਝ ਅਜਿਹੇ ਮਸਲੇ ਹਨ ਜੋ ਅਗਲੇ ਪੰਦ੍ਹਰਾਂ ਸਾਲਾਂ ਦੀ ਕਹਾਣੀ ਦੀ ਵਸਤੂ ਚੋਣ ਅਤੇ ਦ੍ਰਿਸ਼ਟੀਕੋਣ ਦਾ ਆਧਾਰ ਬਣਦੇ ਹਨ । ਵੱਖ-ਵੱਖ ਜਾਤਾਂ , ਕਿੱਤਿਆਂ , ਧਰਮਾਂ , ਖੇਤਰਾਂ , ਸਮਾਜਿਕ ਵਰਗਾਂ ਦੇ ਇਹ ਕਹਾਣੀਕਾਰ ਆਪੋ-ਆਪਣੇ ਅਨੁਭਵਾਂ ਸੰਗ ਕੋਈ ਨਾ ਕੋਈ ਵਿਲੱਖਣਤਾ ਲੈ ਕੇ ਚਿੱਤਰਪਟ ਤੇ ਉਭਰਦੇ ਰਹੇ ਹਨ । ਪੇਂਡੂ ਜੀਵਨ ਸੰਬੰਧੀ ਲਿਖਣ ਵਾਲੇ ਯਥਾਰਥਵਾਦੀ ਅਤੇ ਸ਼ਹਿਰੀ ਲੇਖਕ ਫੈਂਟਸੀ ਜਿਹੀਆਂ ਜੁਗਤਾਂ ਵਲ ਪ੍ਰੇਰੇ ਗਏ ਹਨ । ਇਸਤਰੀ ਲੇਖਕਾਵਾਂ ਸ੍ਵੈ ਦੀ ਪਛਾਣ , ਔਰਤ ਮਰਦ ਸੰਬੰਧ , ਮਰਦਾਂ ਦਾ ਔਰਤ ਪ੍ਰਤਿ ਦ੍ਰਿਸ਼ਟੀਕੋਣ ਅਤੇ ਨਵ-ਪ੍ਰਵਿਰਤੀਆਂ ਪ੍ਰਤਿ ਟਕਰਾਅ ਅਤੇ ਤਣਾਅ ਨੂੰ ਆਧਾਰ ਬਣਾਉਂਦੀਆਂ ਹਨ । ਸਮੁੱਚੇ ਤੌਰ ਤੇ ਕਹਾਣੀ ਕਾਰਾਂ ਦੀ ਚੇਤਨਾ ਦਾ ਝੁਕਾਅ ਰਾਜਨੀਤਿਕ ਰੂਪ ਧਾਰਦਾ ਹੈ । ਨਵੇਂ ਚਿੰਨ੍ਹ ਅਤੇ ਪ੍ਰਤੀਕ ਵਰਤੋਂ ਵਿੱਚ ਆਉਂਦੇ ਹਨ । ਨਵੀਂ ਪ੍ਰਕਾਰ ਦੀ ਮਿਲਗੋਭਾ ਸ਼ਬਦਾਵਲੀ ਪ੍ਰਚਲਿਤ ਹੋਈ ਹੈ । ਹਿੰਦੀ ਦੀ ਘੁੱਸਪੈਠ ਅਤੇ ਅੰਗਰੇਜ਼ੀ ਦਾ ਦਖ਼ਲ ਵਧਿਆ ਹੈ । ਵਿਸ਼ਵੀਕਰਨ ਦਾ ਬੋਲਬਾਲਾ ਹੋਇਆ ਹੈ । ਫਲਸਰੂਪ , ਕੰਪਿਊਟਰੀਕਰਨ , ਤੇਜ਼ ਰਫ਼ਤਾਰ ਆਵਾਜਾਈ ਅਤੇ ਸੰਚਾਰ ਪ੍ਰਣਾਲੀ , ਉੱਤਰ-ਆਧੁਨਿਕ ਚਿੰਤਨਧਾਰਾ ਨੇ ਨਵੀਆਂ ਅੰਤਰ-ਦ੍ਰਿਸ਼ਟੀਆਂ ਨੂੰ ਚਿੱਤਰਪਟ ਤੇ ਲਿਆਂਦਾ ਹੈ । ਅੰਤਰਰਾਸ਼ਟਰੀ ਸੈਮੀਨਾਰਾਂ , ਕਾਨਫਰੰਸਾਂ ਨੇ ਪੰਜਾਬੀ ਕਹਾਣੀ ਨੂੰ ਵਿਸ਼ਵ ਪੱਧਰੀ ਦ੍ਰਿਸ਼ਟੀ ਦੇ ਰੂ-ਬਰੂ ਕੀਤਾ ਹੈ । ਸੰਕੀਰਨਤਾ , ਉਦਾਰਵਾਦ ਵਿੱਚ ਬਦਲੀ ਹੈ । ਪੂੰਜੀਵਾਦ ਦੀਆਂ ਸਮੂਹ ਅਲਾਮਤਾਂ ਕਹਾਣੀ ਦਾ ਵਸਤੂ ਬਣ ਰਹੀਆਂ ਹਨ । ਬੇਕਾਰੀ , ਬੇਵਿਸਾਹੀ , ਚਿੰਤਾ , ਧਾਰਮਿਕ ਪਰਤਾਉ , ਦੁੱਖ , ਤਕਲੀਫ਼ਾਂ , ਅਜੋਕੇ ਮਨੁੱਖ ਦੇ ਤਣਾਓ ਦਾ ਕਾਰਨ ਬਣੇ ਹਨ ਜਿਨ੍ਹਾਂ ਦਾ ਪੰਜਾਬੀ ਕਹਾਣੀ ਨੇ ਭਰਪੂਰ ਵਰਣਨ ਕੀਤਾ ਹੈ ।

ਫੈਂਟਸੀ , ਜਾਦੂਮਈ ਪੇਸ਼ਕਾਰੀ ਜਾਂ ਵਿਚਿੱਤਰਤਾ ਪਿਛਲੇ ਦਹਾਕੇ ਵਿੱਚ ਉੱਭਰੀ ਪ੍ਰਵਿਰਤੀ ਹੈ । ਇਸ ਵਿਧੀ ਦੁਆਰਾ ਮਹਾਂ ਬਿਰਤਾਂਤ ਦੀ ਸਿਰਜਣਾ , ਵਿਚਾਰਧਾਰਕ ਪੈਂਤੜੇ ਬਾਜ਼ੀ , ਪ੍ਰਵਚਨ ਦੀ ਸ਼ਕਤੀ ਅਤੇ ਮਾਨਸਿਕ ਡਿਪਲੋਮੇਸੀ ਗਲਪੀ ਸੰਕਲਪ ਵਜੋਂ ਪੰਜਾਬੀ ਕਹਾਣੀ ਦੀ ਵਿਸ਼ਾ- ਸਮਗਰੀ ਅਤੇ ਪੇਸ਼ਕਾਰੀ ਦਾ ਹਾਸਲ ਬਣ ਰਹੇ ਹਨ । ਜਸਵੰਤ ਸਿੰਘ ਵਿਰਦੀ ਫੈਂਟਸੀ ਵਿਧਾ ਦਾ ਚਿਰਕਾਲੀ ਕਥਾਕਾਰ ਹੈ ਪਰ ਇਸ ਕਿਸਮ ਦੇ ਬਿਰਤਾਂਤ ਨੂੰ ਪਸਾਰ ਵਰਿਆਮ ਸੰਧੂ ਦੀ ਕਹਾਣੀ ਨੌ ਬਾਰਾਂ ਦਸ ਨੇ ਦਿਤਾ ਹੈ । ਬਾਅਦ ਵਿੱਚ ਲਿਖੀਆਂ ਗਈਆਂ ਇਸ ਵਿਧਾ ਦੀਆਂ ਕਹਾਣੀਆਂ ਨੇ ਜਿੱਥੇ ਮੁੱਖ ਧਾਰਾ ਦੇ ਮਸਲਿਆਂ ਨੂੰ ਵੱਖਰੀ ਦਿਸ਼ਾ ਤੇ ਦਸ਼ਾ ਦਿੱਤੀ ਹੈ ਉੱਥੇ ਹਾਸ਼ੀਆਗ੍ਰਸਤ ਵਰਗਾਂ ਦੇ ਦਵੰਦ ਨੂੰ ਵੀ ਦ੍ਰਿਸ਼ਟਮਾਨ ਕੀਤਾ ਹੈ । ਵਿਸ਼ਵੀਕਰਨ ਦੀਆਂ ਪ੍ਰਕਿਰਿਆ ਅਧੀਨ ਨਵ-ਉਤਪਾਦਨ ਵਿਧੀਆਂ , ਵਿੱਦਿਆ ਦੇ ਪਸਾਰ ਅਤੇ ਮੀਡੀਏ ਦੇ ਕਾਰਨ ਪੰਜਾਬੀਆਂ ਦੀ ਖੇਤੀਕਾਰੀ ਜੀਵਨ ਜਾਚ ਦੀ ਨਗਰੀਕਰਨ ਵੱਲ ਰੂਪਾਂਤਰ ਦੀ ਦਿਸ਼ਾ ਅਤੇ ਹੋਰ ਸਮਕਾਲੀ ਸਮੱਸਿਆਵਾਂ ਨਵੇਂ ਕਹਾਣੀਕਾਰਾਂ ਦੀ ਪਸੰਦ ਦਾ ਚੋਣ ਖੇਤਰ ਹੈ । ਵਰਿਆਮ ਸੰਧੂ , ਜਸਵਿੰਦਰ ਸਿੰਘ , ਜਰਨੈਲ ਸਿੰਘ , ਅਮਨਪਾਲ ਸਾਰਾ , ਇਲਿਆਸ ਘੁੰਮਣ , ਅਫ਼ਜ਼ਲ ਤੌਸੀਫ਼ , ਅਵਤਾਰ ਬਿਨਿੰਗ , ਮਨਮੋਹਨ ਬਾਵਾ , ਬਲਜਿੰਦਰ ਨਸਰਾਲੀ , ਬਲਦੇਵ ਧਾਲੀਵਾਲ , ਅਜਮੇਰ ਸਿੱਧੂ , ਜ਼ਿੰਦਰ , ਤਲਵਿੰਦਰ ਸਿੰਘ , ਬਲਵਿੰਦਰ ਗਰੇਵਾਲ , ਐਸ ਬਲਵੰਤ , ਗੁਰਦੇਵ ਸਿੰਘ ਚੰਦੀ , ਸੁਖਵੰਤ ਕੌਰ ਮਾਨ ਇਸ ਖੇਤਰ ਦੀ ਕਹਾਣੀ ਦੇ ਹਸਤਾਖਰ ਹਨ ।
ਵਿਸ਼ਵੀਕਰਨ ਦੀਆਂ ਅਲਾਮਤਾਂ ਇਹਨਾਂ ਦੀਆਂ ਕਹਾਣੀਆਂ ਦੀ ਮੁੱਖ ਸੁਰ ਹੈ । ਉਪਭੋਗੀ ਮਾਨਸਿਕਤਾ ਇਸ ਕਹਾਣੀ ਦਾ ਕੇਂਦਰੀ ਮੁੱਦਾ ਹੈ । ਅਜਿਹੀ ਮਾਨਸਿਕਤਾ ਹੁਣ ਪੰਜਾਬੀ ਸਮਾਜ ਦੇ ਹੇਠਲੇ ਵਰਗਾਂ ਤੱਕ ਵੀ ਰਸਾਈ ਕਰ ਗਈ ਹੈ । ਰਾਖਵੇਂਕਰਨ ਦੀ ਨੀਤੀ ਤਹਿਤ ਨੌਕਰੀ ਪੇਸ਼ਾ ਦਲਿਤ ਵਰਗ ਅਤੇ ਬਹੁਗਿਣਤੀ ਕਾਮਾ ਦਲਿਤ ਵਰਗ ਦੀ ਆਪਸੀ ਕਸ਼ਮਕਸ਼ ਦੇ ਨਾਲ-ਨਾਲ ਸੁਵਰਨ ਜਾਤੀਆਂ ਨਾਲ ਟਕਰਾਅ ਦੀ ਸਥਿਤੀ ਚ ਆ ਜਾਣ ਨਾਲ ਹੋਰ ਵੀ ਸੰਕਟਸ਼ੀਲ ਸਥਿਤੀਆਂ ਉਸ ਦੇ ਰੂ-ਬਰੂ ਹੋ ਰਹੀਆਂ ਹਨ । ਰਚਨਾਤਮਿਕ ਸ਼ਕਤੀ ਤੋਂ ਵਿਛੁੰਨਿਆ , ਕਿਰਤ ਸ਼ਕਤੀ ਵੱਲ ਪਿੱਠ ਕਰੀ ਖੜਾ , ਬੇਰੁਜ਼ਗਾਰੀ ਨਾਲ ਜੂਝ ਰਿਹਾ ਇਹ ਵਰਗ ਹੋਰ ਵੀ ਜ਼ਿਆਦਾ ਛਟਪਟਾਉਂਦਾ ਹੋਇਆ ਕਹਾਣੀ ਵਿੱਚ ਪੇਸ਼ ਹੋ ਰਿਹਾ ਹੈ । ਅਤਰਜੀਤ , ਪ੍ਰੇਮ ਗੋਰਖੀ , ਗੁਰਮੀਤ ਕੜਿਆਲਵੀ , ਲਾਲ ਸਿੰਘ , ਭਗਵੰਤ ਰਸੂਲਪੁਰੀ , ਸੁਖਦੇਵ ਮਾਦਪੁਰੀ , ਬਲਬੀਰ ਮਾਧੋਪੁਰੀ , ਮੱਖਣ ਮਾਨ , ਜਿੰਦਰ ਆਦਿ ਇਸ ਵਰਗ ਦੇ ਨੁਮਾਇੰਦਾ ਕਹਾਣੀਕਾਰ ਹਨ ।

ਇਸ ਤਰ੍ਹਾਂ ਵਰਤਮਾਨ ਪੰਜਾਬੀ ਕਹਾਣੀ ਵਿਕਸਿਤ ਪੂੰਜੀਵਾਦੀ ਪੱਛਮੀ ਮੁਲਕਾਂ ਦੀ ਵਿਸ਼ਵੀਕਰਨ ਦੇ ਪਰਦੇ ਪਿੱਛੇ ਹੋਂਦ ਵਿੱਚ ਲਿਆਂਦੀ ਜਾ ਰਹੀ ਨਵ-ਬਸਤੀਵਾਦੀ ਨੀਤੀ ਤੋਂ ਸੁਚੇਤ ਹੈ । ਇਹ ਪੂੰਜੀਵਾਦ ਦੇ ਹੱਥਕੰਡਿਆਂ ਦਾ ਭਾਂਡਾ ਚੁਰਾਹੇ ਵਿੱਚ ਭੰਨਣ ਲਈ ਕਾਰਜਸ਼ੀਲ ਹੈ । ਇਸ ਦੇ ਨਾਲ ਹੀ ਮਧ ਵਰਗ ਦੀਆਂ ਨੀਤੀ ਪਰਕ ਚਲਾਕੀਆਂ ਅਤੇ ਹਾਸ਼ੀਆਗ੍ਰਸਤ ਸੱਭਿਆਚਾਰਿਕ ਤਣਾਵਾਂ ਨੂੰ ਵਿਭਿੰਨ ਪਸਾਰਾਂ ਸਹਿਤ ਸਿਰਜਣ ਦੇ ਪੂਰੀ ਤਰ੍ਹਾਂ ਸਮਰੱਥ ਹੈ ।

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ