Punjabi Vich Kafi (Punjabi Essay) : Principal Teja Singh
ਪੰਜਾਬੀ ਵਿਚ 'ਕਾਫ਼ੀ' (ਲੇਖ) : ਪ੍ਰਿੰਸੀਪਲ ਤੇਜਾ ਸਿੰਘ
ਕਈ ਲੋਕ ਕਾਫ਼ੀ ਨੂੰ ਇਕ ਰਾਗਣੀ ਕਹਿੰਦੇ ਹਨ। ਸਿਖਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੀਆਂ ਤਿੰਨ ਕਾਫ਼ੀਆਂ ਮਿਲਦੀਆਂ ਹਨ, ਇਕ ਗੁਰੂ ਅਮਰਦਾਸ ਜੀ ਦੀ, ਇਕ ਗੁਰੂ ਰਾਮਦਾਸ ਜੀ ਦੀ, ਦੋ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਇਕ ਗੁਰੂ ਤੇਗ ਬਹਾਦਰ ਜੀ ਦੀ। ਇਹ ਕਾਫ਼ੀਆਂ ਆਸਾ, ਸੂਹੀ, ਤਿਲੰਗ ਅਤੇ ਮਾਰੂ ਰਾਗਾਂ ਵਿਚ ਦਿਤੀਆਂ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਰਾਗ ਮੁਸਲਮਾਣੀ ਇਲਾਕਿਆਂ ਦੇ ਰਾਗ ਹਨ, ਅਤੇ ਇਨ੍ਹਾਂ ਨੂੰ ਮੁਸਲਮਾਣ ਸੂਫ਼ੀ ਫ਼ਕੀਰਾਂ ਨੇ ਬਹੁਤ ਵਰਤਿਆ ਹੈ। ਇਨ੍ਹਾਂ ਕਾਫ਼ੀਆਂ ਦੀ ਬੋਲੀ ਵਿਚ ਵੀ ਲਹਿੰਦੀ ਤੇ ਮੁਲਤਾਨੀ ਬੋਲੀ ਦੇ ਲਫ਼ਜ਼ ਬਹੁਤ ਵਰਤੇ ਹਨ; ਜਿਵੇਂ ਗੁਰੂ ਅਰਜਨ ਦੇਵ ਦੀ ਸੂਹੀ ਰਾਗ ਵਾਲੀ ਕਾਫ਼ੀ ਲਓ:---
ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤਹਿੰਜੀ ਕਾਂਢੀਆਂ।
ਜਿਨ੍ਹਾਂ ਨੇਹੁ ਦੂਜਾਣੇ ਲੱਗਾ, ਝੂਰਿ ਮਰਹੁ ਸੇ ਵਾਂਢੀਆਂ।
ਹਉਂ ਨ ਛੋਡਉ ਕੰਤ ਪਾਸਾਰਾ।
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ।੧। ਰਹਾਉ।
ਸਜਣੁ ਤੂਹੈ ਸੈਣੁ ਤੂੰ ਮੈ ਤੁਝ ਉਪਰਿ ਬਹੁ ਮਾਣੀਆ।
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ।੨।
ਜੇ ਤੂ ਤੁਠਾ ਕ੍ਰਿਪਾ-ਨਿਧਾਨ ਨਾ ਦੂਜਾ ਵੇਖਾਲਿ।
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ।੩।
ਇਸ ਤਰ੍ਹਾਂ ਦੇ ਪੰਜ ਬੰਦ ਹੋਰ ਹਨ। ਇਨ੍ਹਾਂ ਵਿਚ ਆਏ ਲਫ਼ਜ਼ ਸਾਈਂ, ਤਹਿੰਜੀ, ਦੂਜਾਣੇ, ਮਹਿੰਜਾ, ਮੂ---ਦਸਦੇ ਹਨ ਕਿ ਬੋਲੀ ਪੰਜਾਬ ਦੇ ਦਖਣ-ਪੱਛਮ ਦੀ ਹੈ।
ਅਸਲ ਵਿਚ ਕਾਫ਼ੀ ਪੰਜਾਬ ਦੇ ਦੱਖਣ-ਪੱਛਮ ਵਲੋਂ ਆਈ, ਜਿਧਰੋਂ ਸੂਫ਼ੀ ਮਤ ਦੇ ਫ਼ਕੀਰ ਲੋਕ ਆਏ। ਇਹ ਸੂਫ਼ੀ ਫ਼ਕੀਰਾਂ ਦੀਆਂ ਮਜਲਸਾਂ ਦੀ ਜੰਮ-ਪਲ ਹੈ। ਇਹ ਕੋਈ ਖ਼ਾਸ ਰਾਗ ਨਹੀਂ, ਅਤੇ ਨਾ ਛੰਦਾਬਦੀ ਦੀ ਕੋਈ ਖ਼ਾਸ ਜ਼ਾਤ ਹੈ, ਜਿਸ ਦੀਆਂ ਮਾਤ੍ਰਾਂ ਤੇ ਰੂਪ ਕਿਸੇ ਨੇਮ ਹੇਠਾਂ ਬਨ੍ਹੀ ਸਕਦੇ ਹੋਣ। 'ਕਾਫ਼ੀ' ਦਾ ਮਹਿਨਾ ਵਾਰ ਵਾਰ ਆਉਣਾ ਹੈ। ਜਦ ਸੂਫ਼ੀ ਫ਼ਕੀਰ ਪ੍ਰੇਮ-ਰਸ ਭਰੇ ਪਦ ਗਾਉਣ ਲਈ ਅਖਾੜਾ ਰਚਦੇ ਹਨ, ਤਾਂ ਇਕ ਮੁਖੀਆ ਅਗੇ ਅਗੇ ਉਚੀ ਸੁਰ ਨਾਲ ਰੱਬ ਦੇ ਪਿਆਰ ਵਿਚ ਕੁਝ ਗਾਉਂਦਾ ਹੈ ਤੇ ਬਾਕੀ ਦੇ ਸਿਰ ਹਿਲਾ ਹਿਲਾ ਕੇ ਤਾਲ ਦਿੰਦੇ ਰਹਿੰਦੇ ਹਨ; ਪਰ ਜਦੋਂ ਬੰਦ ਦੀ ਅੰਤਲੀ ਸਤਰ ਆਉਂਦੀ ਹੈ ਤਾਂ ਸਾਰੇ ਉਸ ਨੂੰ ਰੱਲ ਕੇ ਗਾਉਂਦੇ ਹਨ।
ਬਸ ਇਕ ਦੇ ਪਿੱਛੇ ਰੱਲ ਕੇ ਗਾਈ ਜਾਣ ਵਾਲੀ ਧਾਰਨਾ ਦੇ ਸਬਬ ਇਸ ਗੀਤ ਦਾ ਨਾਂ 'ਕਾਫ਼ੀ' ਪੈ ਗਿਆ ਹੈ। ਇਸ ਵਿਚ ਰੱਬ ਦੇ ਪਿਆਰ ਦਾ ਜੋਸ਼, ਲਹਿੰਦੀ ਬੋਲੀ ਦਾ ਅਸਰ ਅਤੇ ਬਾਰ ਬਾਰ ਆਉਣ ਵਾਲੀ ਧਾਰਨਾ ਦਾ ਹੋਣਾ ਜ਼ਰੂਰੀ ਹੈ। ਅਜ ਕਲ ਇਸ ਨੂੰ ਆਮ ਤੌਰ ਤੇ ਕੱਵਾਲ ਲੋਕ ਗਾਉਂਦੇ ਹਨ। ਇਨ੍ਹਾਂ ਕੱਵਾਲਾਂ ਦਾ ਮਸ਼ਹੂਰ ਅੱਡਾ ਜਲੰਧਰ ਦੇ ਜ਼ਿਲੇ ਨਕੋਦਰ ਵਿਚ ਹੈ। ਇਹ ਲੋਕ ਮੇਲਿਆਂ ਅਤੇ ਉਰਸਾਂ ਉਤੇ ਜਾਂਦੇ ਹਨ, ਅਤੇ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਅਲੀ ਹੈਦਰ ਆਦਿਕਾਂ ਦਾ ਮਾਰਫ਼ਤੀ ਕਲਾਮ ਸੁਣਾਂਦੇ ਹਨ। ਕਈ ਤਾਂ ਗਾਂਦੇ ਗਾਂਦੇ ਨੱਚ ਖਲੋਂਦੇ ਹਨ। ਕਈਆਂ ਨੂੰ ਹਾਲ ਪੈ ਜਾਂਦਾ ਹੈ। ਓਹ ਮਸਤਾਨੇ ਹੋ ਕੇ ਸਿਰ ਮਾਰਨ ਲੱਗ ਪੈਂਦੇ ਹਨ ਅਤੇ ਠਲ੍ਹਿਆਂ ਨਹੀਂ ਠਲ੍ਹੀਂਦੇ। ਤਕੜੇ ਤਕੜੇ ਲੋਕ ਇਨ੍ਹਾਂ ਨੂੰ ਲੱਕੋਂ ਫੜ ਕੇ ਸੰਭਾਲਣ ਦੀ ਕੋਸ਼ਸ਼ ਕਰਦੇ ਹਨ। ਬਹੁਤਾ ਜ਼ੋਰ ਕਰਨ ਵਾਲਿਆਂ ਨੂੰ ਰੱਸਿਆਂ ਨਾਲ ਜਕੜ ਕੇ ਦਰੱਖ਼ਤਾਂ ਨਾਲ ਪੁਠੇ ਲਮਕਾਇਆ ਜਾਂਦਾ ਹੈ। ਜਦ ਚੋਖੇ ਥੱਕ ਜਾਣ ਤਾਂ ਥੱਲੇ ਲਾਹ ਕੇ ਦੱਬ ਘੁਟ ਕੇ ਹੋਸ਼ ਵਿਚ ਲਿਆਇਆ ਜਾਂਦਾ ਹੈ।
ਹੁਣ ਤਾਂ ਭਾਵੇਂ ਹਿੰਦੂ ਤੇ ਸਿੱਖ ਭੀ ਕਾਫ਼ੀਆਂ ਲਿਖਣ ਲਗ ਪਏ ਹਨ, ਪਰ ਸ਼ੁਰੂ ਸ਼ੁਰੂ ਵਿਚ ਇਹ ਗੀਤ ਸੂਫ਼ੀ ਫ਼ਕੀਰਾਂ ਨੇ ਹੀ ਵਰਤਿਆ। ਸੂਫ਼ੀ ਮੱਤ ਈਰਾਨ ਵਿਚ ਪੈਦਾ ਹੋਇਆ, ਜਿੱਥੇ ਸ਼ਾਮੀ ਨਸਲ ਦੇ ਅਰਬੀ ਖ਼ਿਆਲਾਂ ਦਾ ਟਾਕਰਾ ਆਰੀਆ ਨਸਲ ਦੀ ਈਰਾਨੀ ਤਹਿਜ਼ੀਬ ਨਾਲ ਹੋਇਆ। ਸ਼ਾਮੀ (ਜਾਂ ਸੈਮਟਿਕ) ਨਸਲ ਦੇ ਲੋਕ ਰੱਬ ਨੂੰ ਕੁਦਰਤ ਤੋਂ ਬਾਹਰ ਤੇ ਉੱਚਾ ਮੰਨਦੇ ਸਨ, ਅਤੇ ਆਰੀਆ ਨਸਲ ਦੇ ਲੋਕ ਰੱਬ ਨੂੰ ਕੁਦਰਤ ਦੇ ਅੰਦਰ ਪਸਰਿਆ ਹੋਇਆ ਵੇਖਦੇ ਸਨ। ਜਦ ਇਸਲਾਮ ਦਾ ਪਰਚਾਰ ਈਰਾਨ ਵਿਚ ਹੋਇਆ ਤਾਂ ਉਥੇ ਇਨ੍ਹਾਂ ਦੋਹਾਂ ਖ਼ਿਆਲਾਂ ਦਾ ਮੇਲ ਹੋ ਗਿਆ, ਜਿਸ ਤੋਂ ਸੂਫ਼ੀ ਖ਼ਿਆਲ ਦੀ ਨੀਂਹ ਬੱਝੀ। ਸੂਫ਼ੀ ਮਤ ਵਿਚ ਰੱਬ ਨੂੰ ਸਭ ਦੇ ਅੰਦਰ ਤੇ ਸਭ ਦੇ ਬਾਹਰ ਮੰਨਿਆ ਗਿਆ, ਸਗੋਂ ਵੇਦਾਂਤੀਆਂ ਵਾਕਰ ਸਭ ਕੁਝ ਰੱਬ ਹੀ ਰੱਬ ਮੰਨਿਆ ਗਿਆ। ਇਸ ਤੇ ਸ਼ਾਮੀ ਜਾਂ ਮੁਸਲਮਾਣੀ ਅੰਸ਼ ਨੇ ਵਾਧਾ ਇਹ ਕੀਤਾ ਕਿ ਸੂਫ਼ੀ ਮਤ ਵਿਚ ਨਿਰੀ ਫਿਲਸਫ਼ਿਆਨਾ ਵਹਦਾਨੀਅਤ ਦੀ ਥਾਂ ਭਗਤੀ ਵਾਲੀ ਵਹਦਾਨੀਅਤ ਦਾ ਅਸੂਲ ਕੰਮ ਕਰਨ ਲਗਾ। ਰੱਬ ਨਾਲ ਅਭੇਦਤਾ ਦਾ ਅਸੂਲ ਸ਼ਰਈ ਲੋਕਾਂ ਨੂੰ ਖ਼ਤਰਨਾਕ ਭਾਸਿਆ ਕਰਦਾ ਹੈ, ਇਸ ਲਈ ਸੂਫ਼ੀ ਲੋਕ ਆਪਣੇ ਆਲੇ ਜ਼ਰਾ ਲੁਕਵੀਂ ਬੋਲੀ ਜਾਂ ਦੋਅਰਥੇ ਲਫ਼ਜ਼ਾਂ ਵਿਚ ਜ਼ਾਹਰ ਕਰਨ ਲਗ ਪਏ।
ਫੇਰ ਜਦ ਇਹ ਮਤ ਮੁਲਤਾਨ ਵਾਲੇ ਰਸਤੇ ਪੰਜਾਬ ਵਿਚ ਦਾਖ਼ਲ ਹੋਇਆ, ਤਾਂ ਇਸ ਉਤੇ ਪੰਜਾਬੀਅਤ ਦਾ ਅਸਰ ਹੋ ਗਿਆ। ਜਿਥੇ ਅਗੇ ਮਨਸੂਰ, ਜ਼ਕਰੀਏ ਤੇ ਯੂਸਫ ਦਾ ਜ਼ਿਕਰ ਹੁੰਦਾ ਸੀ, ਉਥੇ ਰਾਂਝੇ ਤੇ ਕ੍ਰਿਸ਼ਨ ਨੂੰ ਵੀ ਨਾਲ ਰਲਾ ਲੀਤਾ ਗਿਆ।
ਇਸ ਜੋਗੀ ਦੀ ਕੀ ਨਿਸ਼ਾਨੀ? ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ।
ਸੂਰਤ ਉਸ ਦੀ ਯੂਸਫ਼ ਸਾਨੀ। ਉਸ ਅਲਫ਼ੋ ਅਹਦ ਬਣਾਇਆ ਨੀ।
(ਬੁਲ੍ਹੇ ਸ਼ਾਹ)
ਇਹ ਜੋ ਮੁਰਲੀ ਕਾਨ੍ਹ ਬਜਾਈ, ਮੇਰੇ ਦਿਲ ਨੂੰ ਚੇਟਕ ਲਾਈ,
ਆਹੀਂ ਨ੍ਹਾਰੇ ਕਰਦੀ ਆਹੀ, ਮੈਂ ਰੋਵਾਂ ਜ਼ਾਰੋ ਜ਼ਾਰੀ।
(ਬੁਲ੍ਹਾ)
ਨਜਦ ਦੇ ਜੰਗਲਾਂ ਦੀ ਥਾਂ ਸੱਸੀ ਦੇ ਥਲਾਂ ਨੇ ਮਲ ਲਈ, ਅਤੇ ਦਜਲੇ ਦੀ ਥਾਂ ਝਨਾਂ ਸ਼ੂਕਣ ਲਗ ਪਈ। ਮੂਸਾ ਦੇ ਇਜੜਾਂ ਦੀ ਥਾਂ ਰਾਂਝੇ ਦੀ ਸੁਰੀਲੀ ਬੰਸਰੀ ਮਗਰ ਕੁੰਡੀਆਂ ਤੇ ਬੂਰੀਆਂ ਦੇ ਵੱਗ ਭਜਦੇ ਦਿਸਣ ਲਗ ਪਏ। ਰੱਬ ਆਜੜੀ ਵਲ ਜਿੰਦ ਬਕਰੀ ਵਾਂਗੂ ਭਜਦੀ ਆਉਂਦੀ ਦਿਸੀ:
"ਵੇਖ ਬਘਿਆੜ ਤੇ ਵਾਗੀਆਂ ਨੂੰ ਤ੍ਰਹਿ ਤ੍ਰਹਿ ਤੁਧ ਈ ਵਲ ਆਵਨੀਆਂ।
ਛੀਂ ਛੀਂ ਕਰੇਂ ਮੈਨੂੰ ਚੱਜ ਨਾ ਆਵੇ, ਗੱਲ ਘੁੰਗਰੂ ਮੈਂ ਛਣਕਾਵਨੀਆਂ।
ਉਗਲ ਉਗਲ ਕੇ ਜ਼ਿਕਰ ਤੈਂਡਾ ਦਿਲ ਜੀਉ ਤੋਂ ਛਿਕ ਲਿਆਵਨੀਆਂ।
ਈਦ ਹੋਵੇ ਕੁਰਬਾਨੀ ਥੀਵਾਂ ਤਾਂ ਸੂਹਾ ਵੇਸ ਬਣਾਵਨੀਆਂ।
ਘਾਹ ਚਰਾਂ ਕਿਵੇਂ ਮੋਟੀ ਥੀਵਾਂ ਲਿੱਸੀ ਕੰਮ ਨ ਆਵਨੀਆਂ।
ਪਰ ਕਿਉਂਕਰ "ਹੈਦਰ" ਮੋਟੜੀ ਥੀਵਾਂ ਖ਼ੰਜਰ ਤੋਂ ਤਰਸਾਵਨੀਆਂ।"
ਜਿਥੇ ਈਰਾਨੀ ਸੂਫ਼ੀਆਂ ਦੀਆਂ ਮਹਫ਼ਲਾਂ ਵਿਚ ਸ਼ਰਾਬ ਦੇ ਦੌਰਾਂ ਦਾ ਜ਼ਿਕਰ ਹੁੰਦਾ ਸੀ, ਉਥੇ ਹੁਣ ਕੱਤਣ ਤੁੰਮਣ ਦਾ ਜ਼ਿਕਰ ਹੋਣ ਲੱਗਾ:
ਭੈਣਾ, ਮੈਂ ਕਤਦੀ ਕਤਦੀ ਹੁੱਟੀ।
ਪੜੀ ਪਛੀ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ।
ਅੱਗੇ ਚਰਖਾ ਪਿਛੇ ਪੀਹੜਾ, ਹੱਥ ਮੇਰਿਓ ਤੰਦ ਟੁੱਟੀ।
ਸੈ ਵਰ੍ਹਿਆਂ ਪਿਛੋਂ ਛਲੀ ਲਾਹੀ, ਕਾਗ ਮਰੇਂਦਾ ਝੁੱਟੀ।
ਭਲਾ ਹੋਇਆ ਮੇਰਾ ਚਰਖਾ ਟੁਟਾ, ਜਿੰਦ ਅਜ਼ਾਬੋਂ ਛੁੱਟੀ।(ਬੁੱਲ੍ਹਾ)
ਇਸੇ ਤਰ੍ਹਾਂ ਸ਼ਾਹ ਹੁਸੈਨ, ਜੋ ਜੁਲਾਹੇ ਦਾ ਕੰਮ ਕਰਦੇ ਸਨ, ਆਪਣੇ ਕਸਬ ਦੇ ਰਾਹੀਂ ਉੱਚੇ ਤੋਂ ਉੱਚੇ ਮਾਰਫ਼ਤ ਦੇ ਖ਼ਿਆਲ ਜ਼ਾਹਰ ਕਰਦੇ ਹਨ:--
ਜਿੰਦੂ ਮੈਂਡੜੀਏ! ਤੇਰਾ ਨਲੀਆਂ ਦਾ ਵਖਤ ਵਿਹਾਣਾ।
ਰਾਤੀਂ ਕਤੈਂ ਰਾਤੀਂ ਅਟੇਰੈਂ ਗੋਸ਼ੇ ਲਾਇਓ ਤਾਣਾ।
ਇਕ ਜੁ ਤੰਦ ਅਵੱਲਾ ਪੈ ਗਿਆ, ਸਾਹਿਬ ਮੂਲ ਨਾ ਭਾਣਾ।
ਪੰਜਾਬ ਦੀ ਜੱਟ ਕੌਮ ਭੀ ਸੂਫ਼ੀਆਂ ਦੇ ਲੇਖੇ ਲਗ ਗਈ। ਮੀਰਾਂ ਸ਼ਾਹ ਜਲੰਧਰੀ ਕਹਿੰਦਾ ਹੈ:--
ਲੋਕ ਅਸਾਂ ਨੂੰ ਆਖਣ ਜੱਟੀਆਂ।
ਜਟੀਆਂ ਹਾਂ, ਪਰ ਇਸ਼ਕ ਨੇ ਪੱਟੀਆਂ,
ਨੈਣ ਮਾਹੀ ਸੰਗ ਲਾਏ, ਇਸ਼ਕੋਂ ਹਟਕ ਨਹੀਂ।
ਪੰਜਾਬ ਦੇ ਦਰਿਆ, ਪੰਜਾਬ ਦੇ ਪਤਣ, ਪੰਜਾਬ ਦਾ ਇਤਿਹਾਸ, ਪੰਜਾਬੀਆਂ ਦੀ ਕਿਸਮਤ ਨਾਲ ਸੂਫ਼ੀ ਫ਼ਕੀਰਾਂ ਨੇ ਅਪਣਿਅਤ ਪਾ ਲਈ। ਬੁਲ੍ਹੇ ਸ਼ਾਹ "ਬੁਰਾ ਹਾਲ ਹੋਇਆ ਪੰਜਾਬ ਦਾ, ਦਰ ਖੁਲ੍ਹਾ ਹਸ਼ਰ ਅਜ਼ਾਬ ਦਾ" ਦੇਖ ਕੇ ਲਹੂ ਦੇ ਹੰਝੂ ਰੋਂਦਾ ਹੈ। ਉਹ ਮੁਗਲਾਂ ਦੇ ਜ਼ਹਿਰੀ ਸ਼ਰਾਬ ਪੀ ਪੀ ਕੇ ਗ਼ਰਕ ਹੋਣ ਅਤੇ ਭੂਰਿਆਂ ਵਾਲੇ ਸਿਖਾਂ ਨੂੰ ਚੜ੍ਹਦੀਆਂ ਕਲਾਂ ਵਿਚ ਵੇਖ ਕੇ ਰੱਬ ਦੀ ਰਜ਼ਾ ਨੂੰ ਚੇਤੇ ਕਰਦਾ ਹੈ:--
"ਭੂਰਿਆਂ ਵਾਲੇ ਰਾਜੇ ਕੀਤੇ। ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।"
ਗੁਰੂ ਨਾਨਕ ਤੋਂ ਬਾਅਦ ਸਭ ਤੋਂ ਪੁਰਾਣੀਆਂ ਕਾਫ਼ੀਆਂ ਸ਼ਾਹ ਹੁਸੈਨ ਲਾਹੌਰੀ ਦੀਆਂ ਮਿਲਦੀਆਂ ਹਨ। ਇਹ ਸੰਨ ੯੪੫ ਹਿ: ਤੋਂ ੧੦੦੮ ਤਕ ਜੀਵੇ। ਇਹ ਇਕ ਹਿੰਦੂਓਂ ਬਣੇ ਮੁਸਲਮਾਣ ਦੇ ਘਰ ਪੈਦਾ ਹੋਏ ਸਨ, ਅਤੇ ਇਨ੍ਹਾਂ ਦੇ ਖ਼ਿਆਲਾਂ ਵਿਚ ਕੁਝ ਕੁਝ ਝਲਕ ਆਵਾਗੌਣ ਦੇ ਖ਼ਿਆਲ ਦੀ ਮਿਲਦੀ ਹੈ। ਉਹ ਕਹਿੰਦੇ ਹਨ:---
ਇਸ ਚੋਪਟ ਦੇ ਚੁਰਾਸੀ ਖ਼ਾਨੇ।
ਜੁਗ ਜੁਗ ਵਿਛੜੇ ਮਿਲ ਚੋਟਾਂ ਖਾਂਦੇ।
ਕੀ ਜਾਣਾਂ ਕੀ ਪਉਸੀ ਦਾ।
ਨਰਦ ਇਕੇਲੀ ਫਿਰ ਫਿਰ ਮਰਸੀ।
ਜੋ ਪਕ ਗਈ ਸੋ ਫਿਰ ਨਾ ਮਰਸੀ।
ਚੜ੍ਹਸੀ ਪਉਸੀ ਪੂਰਾ ਦਾ।
ਇਨ੍ਹਾਂ ਦੀ ਬੋਲੀ ਬਹੁਤ ਸਰਲ, ਸਾਫ਼ ਤੇ ਸਾਦੀ ਹੁੰਦੀ ਹੈ। ਤਸ਼ਬੀਹਾਂ ਆਮ ਵਰਤੋਂ---ਦਾਣੇ ਭੁਨਾਣ, ਚਰਖਾ ਕਤਣ, ਪਾਣੀ ਭਰਨ---ਤੋਂ ਲਭੀਆਂ ਹੁੰਦੀਆਂ ਹਨ।
ਕਾਫ਼ੀ ਦੀ ਉਸਾਰੀ ਅਤੇ ਸੂਫ਼ੀ ਖ਼ਿਆਲ ਦੀ ਤਰਤੀਬ ਤੇ ਤਰੱਕੀ, ਜੋ ਸੱਯਦ ਬੁਲ੍ਹੇ ਸ਼ਾਹ ਦੇ ਹੱਥੋਂ ਹੋਈ, ਉਸ ਦਾ ਕੋਈ ਅੰਤ ਨਹੀਂ। ਇਨ੍ਹਾਂ ਨੇ ਕਾਫ਼ੀ ਨੂੰ ਰਾਗ, ਬੋਲੀ ਦੀ ਵਿਸ਼ਾਲਤਾ ਅਤੇ ਰੱਬੀ ਇਸ਼ਕ ਨਾਲ ਭਰਪੂਰ ਕਰ ਕੇ ਇਤਨਾ ਹਰ-ਮਨ-ਪਿਆਰਾ ਬਣਾ ਦਿਤਾ ਕਿ ਉਸ ਵਕਤ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀ ਰਚਨਾ ਹਿੰਦੂਆਂ ਮੁਸਲਮਾਣਾਂ ਦੀ ਜ਼ਬਾਨ ਤੇ ਚੜ੍ਹੀ ਆਉਂਦੀ ਹੈ।
ਬੁਲ੍ਹੇ ਸ਼ਾਹ ਕਸੂਰ ਦੇ ਨੇੜੇ ਪੰਡੋਕ ਜ਼ਿਲਾ ਲਾਹੌਰ ਵਿਚ ੧੬੮੦ ਵਿਚ ਪੈਦਾ ਹੋਏ। ਇਹ ਹੋਰ ਸੂਫ਼ੀਆਂ ਵਾਕਰ ਆਪਣੇ ਖ਼ਿਆਲਾਂ ਨੂੰ ਕੱਚੇ ਪਿਲੇ ਲੋਕਾਂ ਦੀ ਨਜ਼ਰ ਤੋਂ ਬਚਾਣ ਲਈ ਦੋਅਰਥੇ ਲਫ਼ਜ਼ਾਂ ਵਿਚ ਜ਼ਾਹਰ ਕਰਦੇ ਸਨ:---
ਰਾਂਝੇ ਨੂੰ ਮੈਂ ਗਾਲੀਆਂ ਦੇਵਾਂ, ਮਨ ਵਿਚ ਕਰਾਂ ਦੁਆਈਂ।
ਮੈਂ ਤੇ ਰਾਂਝਾ ਇਕੋ, ਐਵੇਂ ਲੋਕਾਂ ਨੂੰ ਅਜ਼ਮਾਈਂ।
ਜਿਸ ਬੇਲੇ ਵਿਚ ਬੇਲੀ ਵੱਸੇ, ਉਸ ਦੀਆਂ ਲਵਾਂ ਬਲਾਈਂ।
ਬੁਲ੍ਹਾ ਸ਼ਹੁ ਨੂੰ ਪਾਸੇ ਛਡ ਕੇ ਜੰਗਲ ਵਲ ਨਾ ਜਾਈਂ।
ਕਈ ਵਾਰੀ ਲੋਕਾਂ ਦੀ ਬੇਸਮਝੀ ਤੋਂ ਅੱਕ ਕੇ ਕਹਿ ਉਠਦੇ ਸਨ:
"ਬੁਲ੍ਹਿਆ ਤੈਨੂੰ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ।"
ਪਰ ਆਮ ਤੌਰ ਤੇ ਉਹ ਬਚ ਕੇ ਹੀ ਰਹਿੰਦੇ ਸਨ। ਕਹਿੰਦੇ ਹਨ:
"ਸ਼ਰੀਅਤ ਸਾਡੀ ਦਾਈ ਹੈ। ਤਰੀਕਤ ਸਾਡੀ ਮਾਈ ਹੈ।
ਅਗੋਂ ਹਕ ਹਕੀਕਤ ਪਾਈ ਹੈ। ਤੇ ਮਾਰਫਤੋਂ ਕੁਝ ਪਾਇਆ ਹੈ।"
ਉਨ੍ਹਾਂ ਦਾ ਨਿਸਚਾ ਸੀ ਕਿ ਰੱਬ ਤਕ ਪਹੁੰਚਣ ਲਈ ਗੁਰੂ ਪੀਰ ਦੀ ਲੋੜ ਹੈ:---
"ਜੇ ਕੋਈ ਉਸ ਨੂੰ ਭਾਲਣ ਜਾਵੇ। ਬਾਝ ਵਸੀਲੇ ਹਥ ਨਾ ਆਵੇ।
ਸ਼ਾਹ ਅਨਾਇਤ ਭੇਤ ਬਤਾਵੇ। ਤਾਂ ਖੁਲ੍ਹੇ ਸਭ ਅਸਰਾਰ।"
ਇਕ ਵਾਰੀ ਕਿਧਰੇ ਆਪਣਾ ਖ਼ਿਆਲ ਬਹੁਤ ਖੁਲ੍ਹੇ ਲਫਜ਼ਾਂ ਵਿਚ ਇਉਂ ਕਹਿ ਬੈਠੇ:
"ਹਾਜੀ ਲੋਕ ਮਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ।
ਜਿਤ ਵਲ ਯਾਰ ਉਤੇ ਵਲ ਕਾਬਾ, ਭਾਵੇਂ ਵੇਖ ਕਤਾਬਾਂ ਚਾਰੇ।
ਭਠ ਨਮਾਜ਼ਾਂ, ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ।
ਬੁਲ੍ਹੇ ਸ਼ਾਹ ਸ਼ਹੁ ਅੰਦਰ ਮਿਲਿਆ, ਭੁੱਲੀ ਫਿਰੇ ਲੁਕਾਈ।"
ਇਹੋ ਜਹੀਆਂ ਗਲਾਂ ਸੁਣ ਕੇ ਬੁਲ੍ਹੇ ਦੇ ਪੀਰ ਅਨਾਇਤ ਸ਼ਾਹ ਹੁਰੀ ਗੁੱਸੇ ਹੋ ਗਏ, ਅਤੇ ਉਹਨੂੰ ਆਪਣੇ ਦਾਇਰੇ ਵਿਚੋਂ ਕਢ ਦਿਤਾ। ਇਸ ਤੇ ਬੁਲ੍ਹੇ ਸ਼ਾਹ ਨੇ ਕਈ ਬਹੁਤ ਵਿਛੋੜੇ ਭਰੀਆਂ ਕਾਫ਼ੀਆਂ ਆਖਣੀਆਂ ਸ਼ੁਰੂ ਕਰ ਦਿਤੀਆਂ:
"ਮੈਂ ਨ੍ਹਾਤੀ ਧੋਤੀ ਰਹਿ ਗਈ। ਕਾਈ ਗੰਢ ਮਾਹੀ ਦਿਲ ਪੈ ਗਈ।
ਦੁਖ ਸੂਲਾਂ ਨੇ ਕੀਤਾ ਏਕਾ। ਨਾ ਕੋਈ ਸਹੁਰਾ ਨਾ ਕੋਈ ਪੇਕਾ।
ਦਰਦ-ਵਿਹੂਣ! ਪਈ ਦਰ ਤੇਰੇ, ਤੂੰਹੀ ਦਰਦ-ਰੰਞਾਣੀ ਦਾ।"
ਆਪਣੇ ਪੀਰ ਦੇ ਪਿਛੇ ਪਿਛੇ ਪਏ ਫਿਰਦੇ ਸਨ। ਇਕ ਵੇਰ ਜਦ ਪੀਰ ਹੋਰੀ ਮੋਢੇ ਤੇ ਕੰਬਲ ਅਤੇ ਹਥ ਵਿਚ ਸੋਟੀ ਲਈ ਮਸੀਤੋਂ ਨਿਕਲੇ ਤਾਂ ਬੁਲ੍ਹੇ ਹੋਰੀ ਖ਼ੁਸ਼ੀ ਵਿਚ ਮਸਤ ਹੋ ਕੇ ਇਉਂ ਗਾਉਣ ਲਗੇ:---
ਬਸ ਕਰ ਜੀ, ਹੁਣ ਬਸ ਕਰ ਜੀ।
ਕਾਈ ਗੱਲ ਅਸਾਂ ਨਾਲ ਹੱਸ ਕਰ ਜੀ
ਤੂੰ ਮੋਇਆਂ ਨੂੰ ਮਾਰ ਨ ਮੁਕਦਾ ਸੈਂ।
ਫੜ ਖਿੱਦੋ ਵਾਂਗੂ ਸੁਟਦਾ ਸੈਂ।
ਗੱਲ ਕਰਦੇ ਸਾਂ ਗਲ ਘੁਟਦਾ ਸੈਂ।
ਹੁਣ ਤੀਰ ਲਾਇਓ ਈ ਕੱਸ ਕਰ ਜੀ।
ਤੁਸੀਂ ਛਪਦੇ ਸੀ, ਅਸੀਂ ਪਕੜੇ ਹੋ।
ਤੁਸੀਂ ਅਜੇ ਛਪਣ ਨੂੰ ਤਕੜੇ ਹੋ।
ਅਸੀਂ ਹਿਰਦੇ ਅੰਦਰ ਜਕੜੇ ਹੋ।
ਹੁਣ ਕਿਧਰ ਜਾਸੋ ਨੱਸ ਕਰ ਜੀ।
ਇਹ ਸੁਣ ਕੇ ਸ਼ਾਹ ਅਨਾਇਤ ਨੇ ਫ਼ਰਮਾਇਆ, 'ਓਏ ਤੂੰ ਬੁਲ੍ਹਾ, ਏ?' ਆਪ ਨੇ ਉੱਤਰ ਦਿਤਾ, 'ਨਹੀਂ ਜੀ, ਭੁੱਲਾ ਹਾਂ।' ਫੇਰ ਕੀ ਸੀ ਪੀਰ ਹੋਰਾਂ ਨੇ ਖ਼ੁਸ਼ ਹੋ ਕੇ ਛਾਤੀ ਨਾਲ ਲਾ ਲਿਆ ਅਤੇ ਬੁਲ੍ਹੇ ਹੋਰੀ ਖ਼ੁਸ਼ੀ ਵਿਚ ਨਚਣ ਤੇ ਗਾਉਣ ਲਗ ਪਏ-
ਆਓ ਸਹੀਓ! ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ।
ਅਜ ਦਾ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ।
ਹਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ।
ਮੁਰਸ਼ਦ ਦੇ ਮਿਲਣ ਨਾਲ ਰੱਬ ਮਿਲਦਾ ਹੈ। ਇਸ ਮੇਲ ਦਾ ਨਕਸ਼ਾ ਇਉਂ ਖਿਚਿਆ ਹੈ:---
"ਹੀਰ ਰਾਂਝੇ ਦੇ ਹੋ ਗਏ ਮੇਲੇ। ਭੁੱਲੀ ਹੀਰ ਢੂੰਡੇਦੀ ਬੇਲੇ।
ਰਾਂਝਾ ਯਾਰ ਬੁਕਲ ਵਿਚ ਖੇਲੇ। ਸੁਧ ਨ ਰਹੀਆ ਸੁਰਤ ਸੰਭਾਲ।
ਇਸ਼ਕ ਦੀ ਨਵੀਓਂ ਨਵੀਂ ਬਹਾਰ।"
"ਬਾਤਨ ਹੋ ਕੇ ਜ਼ਾਹਰ ਧਾਇਓ। ਘੁੰਗਟ ਖੋਲ੍ਹ ਜਮਾਲ ਦਿਖਾਇਓ।
ਸ਼ਾਹ ਅਨਾਇਤ ਬਣ ਕਰ ਆਇਓ। ਅਤੇ ਬੁਲਾ ਨਾਮ ਧਰਾਇਓ।"
ਹੁਣ ਹਿੰਦੂ ਮੁਸਲਮਾਣ ਦੇ ਵਿਤਕਰੇ ਮਿਟ ਗਏ:---
"ਕਿਤੇ ਰਾਮ ਦਾਸ, ਕਿਤੇ ਫਤ੍ਹੇ ਮੁਹੰਮਦ, ਇਹੋ ਕਦੀਮੀ ਸ਼ੋਰ।
ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ।"
ਇਸ਼ਕ ਦੇ ਅੰਤਲੇ ਦਰਜੇ 'ਫ਼ਨਾ ਫ਼ਿੱਲਾ' ਤੇ ਪੁਜ ਗਏ, ਅਤੇ ਆਪਣੇ ਆਪ ਨੂੰ ਸਭ ਤੋਂ ਮੁਢਲੀ ਹਸਤੀ ਨਾਲ ਇਕ-ਮਿਕ ਹੋਇਆ ਮੰਨਣ ਲਗੇ:---
"ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ?
ਬੁਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ, ਦਾਦਾ ਗੋਦ ਖਿਡਾਇਆ।
ਢੋਲਾ ਆਦਮੀ ਬਣ ਆਇਆ।"
ਬਸ,"ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨ ਆਖੋ ਕੋਈ।"
ਬੁਲ੍ਹੇ ਸ਼ਾਹ ਦੀ ਰਚਨਾ ਦੀ ਇਤਨੀ ਧਾਕ ਪੈ ਗਈ ਕਿ ਕਈ ਫ਼ਕੀਰ ਹਿੰਦੂ ਤੇ ਮੁਸਲਮਾਣ ਇਨ੍ਹਾਂ ਦੀ ਨਕਲ ਕਰਨ ਲਗ ਪਏ।
ਸੰਤ ਸੁਰਜਨ ਦਾਸ ਆਜ਼ਾਦ ਅਤੇ ਮੀਰਾਂ ਸ਼ਾਹ ਜਲੰਧਰੀ ਬੁਲ੍ਹੇ ਦੀ ਤਰਜ਼ ਤੇ ਲਿਖਦੇ ਆਏ ਹਨ। ਸੂਫੀ ਆਕਲ ਮੁਹੰਮਦ ਸਾਕਨ ਹੜੰਦ, ਅਤੇ ਮੌਲਵੀ ਜਮਾਲ ਦੀਨ ਵੀ ਇਨ੍ਹਾਂ ਨਕਲ ਕਰਨ ਵਾਲਿਆਂ ਵਿਚੋਂ ਸਨ, ਭਾਵੇਂ ਇਨ੍ਹਾਂ ਦੀ ਨਕਲ ਵਿਚ ਕੁਝ ਅਕਲ ਵੀ ਦਿਸ ਪੈਂਦੀ ਹੈ।
ਅਲੀ ਹੈਦਰ ਅਤੇ ਹਾਸ਼ਮ ਭੀ ਕਾਫ਼ੀਆਂ ਲਿਖ ਗਏ। ਉਨ੍ਹਾਂ ਦਾ ਸਵਾਦ ਆਪਣਾ ਹੈ, ਪਰ ਵਕਤ ਥੋੜ੍ਹਾ ਹੋਣ ਕਰਕੇ ਮੈਂ ਨਮੂਨੇ ਨਹੀਂ ਦੇ ਸਕਦਾ। ਹਾਂ ਮੀਆਂ ਨੌ-ਰੋਜ਼ ਦੀ ਇਕ ਕਾਫੀ ਦੇ ਕੇ ਖ਼ਤਮ ਕਰਦਾ ਹਾਂ। ਇਹ ਰਿਆਸਤ ਬਹਾਵਲਪੁਰ ਦੇ ਵਸਨੀਕ ਸਨ ਅਤੇ ਮੁਲਤਾਨੀ ਤਰਜ਼ ਦੀ ਕਾਫ਼ੀ ਲਿਖਦੇ ਸਨ:---
ਪਤਣੋਂ ਜੀਵੇਂ ਪਾਰ ਲੰਘਾ, ਬੇੜੀ ਵਾਲਿਆ ਮੀਰ ਮਲਾਹ!
ਵੱਞਣਾ ਯਾਰ ਦੀ ਝੋਕ ਜ਼ਰੂਰੇ, ਲੰਘਣਾ ਸਾਕੋਂ ਪਹਿਲੜੇ ਪੂਰੇ,
ਨਾ ਕਰ ਝਗੜਾ ਵੰਝ ਉਠਾ।
ਵੰਝ ਤੇ ਚਪੇ ਸੰਭਲ ਤੇ ਚੋਲੀ,
ਸਾਕੋਂ ਅਧ ਦਰਿਆ ਨ ਰੋਲੀਂ, ਹੈ ਗਲ ਤੈਂਡੇ ਲਾਜ ਕੇਹਾ।
ਤੂੰ ਸਰਦਾਰ ਪਤਣ ਦਾ ਸਾਈਂ, ਸਾਕੋਂ ਕੰਧੀ ਪਾਰ ਪੁਚਾਈਂ,
ਡੇਸੀ ਤੈਂਕੋ ਅਜਰ ਖ਼ੁਦਾ। ਬੇੜੀ ਵਾਲਿਆ ਮੀਰ ਮਲਾਹ!