Punn (Punjabi Story) : Ahmad Nadeem Qasmi

ਪੁੰਨ (ਕਹਾਣੀ) : ਅਹਿਮਦ ਨਦੀਮ ਕਾਸਮੀ

ਇਧਰ ਮਸੀਤ ਵਿਚ ਸਵੇਰ ਦੀ ਨਮਾਜ਼ ਖਤਮ ਹੋਈ, ਉਧਰ ਢੋਲ ਵੱਜਣ ਲੱਗ ਪਿਆ। ਅਜ਼ਾਨ ਸੁਣ ਜਿਹੜੇ ਲੋਕ ਮੰਜਿਆਂ ‘ਤੇ ਪਾਸੇ ਪਰਤਣ ਲੱਗੇ ਸਨ, ਢੋਲ ਸੁਣਦਿਆਂ ਹੀ ਤੜਫ ਕੇ ਉਠੇ ਤੇ ਗਲੀਆਂ ਵਿਚ ਨਸ ਤੁਰੇ।
ਹੇ ਅੱਲਾ! ਸੁੱਖ ਹੋਵੇ। ਆਖਦਿਆਂ ਔਰਤਾਂ ਨੇ ਮੰਜੀਆਂ ਤੋਂ ਪੈਰ ਲਮਕਾ ਲਏ।
ਢੋਲ ਲਗਾਤਾਰ ਵੱਜ ਰਿਹਾ ਸੀ ਤੇ ਫਿਜ਼ਾ ਇੰਜ ਗੂੰਜ ਰਹੀ ਸੀ ਜਿਵੇਂ ਢੋਲ ਦੀ ਥਾਂ ਫਿਜ਼ਾ ਆਪ ਵੱਜ ਰਹੀ ਹੋਵੇ। ਇਕ ਲਗਾਤਾਰ ‘ਹੁੱਮ-ਹੁੱਮ-ਹੁੱਮ’ ਦੀ ਆਵਾਜ਼ ਸਾਰੇ ਪਿੰਡ ਨੂੰ ਚੁਫੇਰਿਓਂ ਘੇਰਾ ਘੱਤਣ ਲਈ ਸਵੇਰ ਦੀ ਲੋਅ ਨਾਲ ਪੈਰ ਮਿਲਾ ਅਗਾਂਹ ਵਧੀ ਆ ਰਹੀ ਸੀ।
ਹਾਇ ਕੀਹਦਾ ਘਰ ਉੱਜੜ ਗਿਐ ਸਵੇਰੇ ਸਵੇਰੇ? ਔਰਤਾਂ ਨੇ ਗਲੀਆਂ ਵਿਚ ਆ ਪੁੱਛਿਆ।
ਪਤਾ ਲੱਗਾ, ਚੁੰਗਾ ਝਿਓਰ ਖੂਹ ਵਿਚ ਡਿਗ ਪਿਐ। ਮਾਂ ਪੁੱਤਰ ਦੋਵੇਂ ਪਾਣੀ ਖਿਚ ਰਹੇ ਸਨ ਕਿ ਭਰਿਆ ਬੋਕਾ ਹੱਥੋਂ ਛੁੱਟ ਗਿਆ। ਚੁੰਗੇ ਦੀ ਲੱਤ ਲੱਜ ਵਿਚ ਅਜਿਹੀ ਉਲਝੀ ਕਿ ਉਹ ਮਾਂ ਦੀਆਂ ਅੱਖਾਂ ਸਾਹਵੇਂ ਧੜੰਮ ਖੂਹ ਵਿਚ ਡਿਗ ਪਿਆ, ਚੀਕ ਮਾਰਨ ਦਾ ਸਮਾਂ ਵੀ ਨਾ ਮਿਲਿਆ।
ਹਾਇ ਵਿਚਾਰੀ ਕਰਮਾਂ ਮਾਰੀ ਕਰਮਾਂ ਲੁੱਟੀ ਗਈ। ਔਰਤਾਂ ਨੇ ਉਚੀ ਉਚੀ ਆਹਾਂ ਭਰੀਆਂ ਤੇ ਕੋਠਿਆਂ ‘ਤੇ ਚੜ੍ਹ ਗਈਆਂ। ਆਦਮੀ ਖੂਹ ਵੱਲ ਨੱਸ ਉਠੇ। ਢੋਲ ਰੁਕ ਗਿਆ। ਸਵੇਰ ਦਾ ਸਾਂਵਲਾ ਚਿਹਰਾ ਪੀਲਾ ਪੈਣ ਲੱਗਾ।
ਕਰਮਾਂ ਦਾ ਪਤੀ ਹਰ ਸਵੇਰੇ ਪਿੰਡ ਦੇ ਪਿਛਾੜੀ ਮੀਲਾਂ ਲੰਮੀ ਢਲਵਾਣ ਵਲ ਨਿਕਲ ਜਾਂਦਾ ਜਿਥੇ ਉਹ ਦੁਪਹਿਰ ਤੀਕ ਝਾੜੀਆਂ ਪੁੱਟਦਾ ਰਹਿੰਦਾ। ਇਹ ਸਰਕਾਰੀ ਰੱਖ ਸੀ। ਇਸ ਲਈ ਉਥੇ ਕੁਹਾੜੀ ਲੈ ਕੇ ਜਾਣ ਦੀ ਮਨਾਹੀ ਸੀ। ਦੁਪਹਿਰੇ ਜਦੋਂ ਪਰਤਦਾ, ਉਹਦੇ ਸਿਰ ‘ਤੇ ਝਾੜੀਆਂ ਦਾ ਏਡਾ ਖਿਲਾਰ ਹੁੰਦਾ ਜਿਵੇਂ ਕੋਈ ਸੰਘਣਾ ਜੰਗਲ ਤੁਰਿਆ ਆ ਰਿਹਾ ਹੋਵੇ।
ਕਰਮਾਂ ਇਨ੍ਹਾਂ ਝਾੜੀਆਂ ਨਾਲ ਤੰਦੂਰ ਤਪਾਉਂਦੀ ਤੇ ਸਾਰੇ ਮਹੱਲੇ ਦੀਆਂ ਰੋਟੀਆਂ ਪਕਾਉਂਦੀ। ਭੱਠੀ ਤਪਾ ਬੱਚਿਆਂ ਦੀਆਂ ਪੋਟਲੀਆਂ ਵਿਚ ਬੰਨ੍ਹੇ ਮੱਕੀ ਤੇ ਛੋਲਿਆਂ ਦੇ ਦਾਣੇ ਭੁੰਨਦੀ। ਆਟੇ ਅਤੇ ਦਾਣਿਆਂ ਵਿਚੋਂ ਚੁੰਗ ਕਢਦੀ ਤੇ ਇੰਜ ਆਦਮੀ, ਤੀਵੀਂ ਤੇ ਬੱਚੇ ਦਾ ਗੁਜ਼ਾਰਾ ਚਲਦਾ।
ਪਤੀ ਦੇ ਪਰਤਣ ਅਤੇ ਤੰਦੂਰ ਠੰਢਾ ਕਰਨ ਪਿਛੋਂ ਦੋਵੇਂ ਦੋ ਖੋਤਿਆਂ ‘ਤੇ ਖਾਂਦੇ ਪੀਂਦੇ ਘਰਾਂ ਦੇ ਘੜੇ ਲੱਦ ਖੂਹ ‘ਤੇ ਪਾਣੀ ਭਰਦੇ। ਖੂਹ ਦੀ ਮੌਣ ‘ਤੇ ਚੌਹੀਂ ਪਾਸੀਂ ਰੱਖੇ ਟਾਹਲੀ ਤੇ ਤੂਤ ਦੇ ਖੁੰਢਾਂ ‘ਤੇ ਪਏ ਲੱਜਾਂ ਦੇ ਲੰਮੇ ਲੰਮੇ ਨਿਸ਼ਾਨਾਂ ਵਿਚੋਂ ਸਭ ਤੋਂ ਡੂੰਘਾ ਉਨ੍ਹਾਂ ਦੇ ਬੋਕੇ ਦੀ ਲੱਜ ਦਾ ਹੀ ਸੀ। ਪਿੰਡ ਵਿਚ ਸਭ ਤੋਂ ਵੱਧ ਪਾਣੀ ਉਹੀ ਭਰਦੇ ਸਨ। ਹਰ ਫੇਰੇ ਵਿਚ ਛੇ ਘੜੇ ਖੋਤੇ ਚੁਕਦੇ, ਦੋ ਕਰਮਾਂ ਦੇ ਸਿਰ ‘ਤੇ ਹੁੰਦੇ ਤੇ ਇਕ ਉਹਦਾ ਮੀਆਂ ਵੀ ਸਿਰ ਜਾਂ ਮੋਢੇ ‘ਤੇ ਟਿਕਾ ਲੈਂਦਾ। ਹਰ ਰੋਜ਼ ਦੋ ਫੇਰਿਆਂ ਵਿਚ ਅਠਾਰਾਂ ਘੜੇ ਭਰ ਉਹ ਹਰ ਮਹੀਨੇ ਅਠਾਰਾਂ ਦੂਣੀ ਛੱਤੀ ਆਨੇ ਕਮਾ ਲੈਂਦੇ- ਸ਼ਾਇਦ ਇਸੇ ਲਈ ਉਨ੍ਹਾਂ ਨੂੰ ਆਪਣੇ ਪੁੱਤਰ ਚੁੰਗੇ ਨੂੰ ਪੜ੍ਹਾਉਣ ਦਾ ਸ਼ੌਕ ਕੁੱਦਿਆ।
ਉਹ ਕਹਿੰਦੇ, ਅਸੀਂ ਬਾਬਰ ਦੇ ਜ਼ਮਾਨੇ ਤੋਂ ਪਾਣੀ ਭਰਦੇ ਆ ਰਹੇ ਹਾਂ ਤੇ ਹੁਣ ਥੱਕ ਗਏ ਹਾਂ। ਹੁਣ ਸਾਡਾ ਚੁੰਗਾ ਮਾਸਟਰ ਬਣੂ ਅਤੇ ਅਗਲੀ ਨਸਲ ਤੀਕ ਅਸੀਂ ਏਨੇ ਜੋਗੇ ਹੋ ਜਾਵਾਂਗੇ ਕਿ ਦੂਜੇ ਲੋਕ ਸਾਡਾ ਪਾਣੀ ਭਰਨ।
ਚੁੰਗਾ ਹੁਣ ਛੇਵੀਂ ਜਮਾਤ ਵਿਚ ਹੋ ਗਿਆ ਸੀ। ਘੜਿਆਂ ਦਾ ਹਿਸਾਬ ਜੋੜ ਲੈਂਦਾ ਸੀ। ਹਰ ਰਾਤ ਸੌਣ ਤੋਂ ਪਹਿਲਾਂ ਮਾਂ ਬਾਪ ਨੂੰ ਕਿਤਾਬਾਂ ਵਿਚ ਲਿਖੀਆਂ ਗੱਲਾਂ ਸੁਣਾਉਂਦਾ ਤੇ ਉਹ ਨਾ ਸਮਝਦਿਆਂ ਵੀ ਖੁਸ਼ ਹੁੰਦੇ ਰਹਿੰਦੇ ਕਿ ਉਨ੍ਹਾਂ ਦਾ ਪੁੱਤਰ ਇਹ ਗੱਲਾਂ ਸਮਝਦਾ ਹੈ।
ਫਿਰ ਇਕ ਦਿਨ ਕਰਮਾਂ ਦਾ ਪਤੀ ਸਰਕਾਰੀ ਰੱਖ ਵਿਚ ਕਿੱਕਰ ‘ਤੇ ਚੜ੍ਹ ਇਕ ਝਾੜੀ ਨੂੰ ਝਟਕੇ ਮਾਰ ਮਾਰ ਪੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅਚਾਨਕ ਉਹਦੇ ਅੰਦਾਜ਼ੇ ਤੋਂ ਪਹਿਲਾਂ ਹੀ ਝਾੜੀ ਪੁੱਟੀ ਗਈ। ਨਾਲ ਉਹਦੇ ਆਪਣੇ ਪੈਰ ਵੀ ਪੁੱਟੇ ਗਏ, ਤੇ ਉਹ ਕਿੱਕਰ ਤੋਂ ਚੱਟਾਨ ‘ਤੇ ਇੰਜ ਡਿੱਗਾ ਕਿ ਆਸੇ ਪਾਸੇ ਉਹਦੇ ਖੂਨ ਦਾ ਛਿੜਕਾਅ ਹੋ ਗਿਆ।
ਵਿਧਵਾ ਹੋ ਕੇ ਵੀ ਕਰਮਾਂ ਨੇ ਚੁੰਗੇ ਨੂੰ ਸਕੂਲੋਂ ਨਾ ਹਟਾਇਆ। ਤੰਦੂਰ ਉਸ ਨੇ ਹਮੇਸ਼ਾ ਲਈ ਠੰਢਾ ਕਰ ਦਿੱਤਾ। ਭੱਠੀ ਤਪਾਣ ਲਈ ਉਹ ਆਪ ਹੀ ਕਿਸਾਨਾਂ ਦੇ ਘਰੋਂ ਖੁਰਲੀਆਂ ਵਿਚੋਂ ਬਚੇ ਖੁਚੇ ਟਾਂਡੇ ਡਕਰੇ ਲੈ ਆਉਂਦੀ। ਫਿਰ ਮਾਂ-ਪੁੱਤ ਖੂਹ ‘ਤੇ ਜਾ ਕੇ ਖਾਂਦੇ ਪੀਂਦੇ ਘਰਾਂ ਦਾ ਪਾਣੀ ਭਰਦੇ। ਭੀੜ ਤੋਂ ਬਚਣ ਲਈ ਉਹ ਮੂੰਹ ਹਨੇਰੇ ਹੀ ਪਾਣੀ ਭਰਨ ਲਗ ਪੈਂਦੇ ਤੇ ਸੂਰਜ ਚੜ੍ਹਨ ਤੀਕ ਕੰਮ ਨਿਬੇੜ ਲੈਂਦੇ। ਫਿਰ ਚੁੰਗਾ ਸਕੂਲ ਚਲਾ ਜਾਂਦਾ ਤੇ ਮਾਂ ਬਾਲਣ ਲੈਣ।
ਹਾਲੀਂ ਕਰਮਾਂ ਦੇ ਪਤੀ ਦੀ ਮੌਤ ਨੂੰ ਤਿੰਨ ਮਹੀਨੇ ਵੀ ਨਹੀਂ ਸਨ ਹੋਏ, ਤੇ ਹਾਲੀਂ ਉਹ ਆਪਣੇ ਚੁੰਗੇ ਨੂੰ ਬੋਕਾ ਸੁੱਟਣ ਤੇ ਖਿਚਣ ਵੇਲੇ ਲੱਜ ਤੋਂ ਪਾਸੇ ਹਟ ਕੇ ਖਲੋਣ ਦੀ ਜਾਂਚ ਵੀ ਨਹੀਂ ਸੀ ਸਿਖਾ ਸਕੀ ਕਿ ਚੁੰਗੇ ਨੂੰ ਬਿਜਲੀ ਵਾਂਗ ਨੱਸਦੀ ਲੱਜ ਨੇ ਲਪੇਟ ਵਿਚ ਲੈ ਮੌਣ ਨਾਲ ਪਟਕਾ ਮਾਰਿਆ ਤੇ ਕਰਮਾਂ ਬੇਹੋਸ਼ ਹੋ ਥਾਂਏਂ ਡਿਗ ਪਈ। ਉਹਨੇ ਆਪਣੇ ਪੁੱਤ ਨੂੰ ਧੜੰਮ ਖੂਹ ਵਿਚ ਡਿਗਦਿਆਂ ਤੱਕ ਵੀ ਨਾ ਸੁਣਿਆ। ਦੋ ਹੋਰ ਝਿਓਰ ਵੀ ਉਥੇ ਪਾਣੀ ਭਰ ਰਹੇ ਸਨ। ਉਨ੍ਹਾਂ ਵਿਚੋਂ ਇਕ ਕਰਮਾਂ ਦੇ ਕੋਲ ਹੀ ਬਹਿ ਗਿਆ ਕਿ ਕਿਤੇ ਜੋਸ਼ ਵਿਚ ਆ ਖੂਹ ਵਿਚ ਹੀ ਨਾ ਡੁੱਬ ਮਰੇ। ਦੂਜਾ ਪਿੰਡ ਵਲ ਨਸਿਆ ਤੇ ਗਲੀ ਗਲੀ ਹਾਦਸੇ ਬਾਰੇ ਹੋਕਾ ਦੇਣ ਲੱਗਾ। ਫਿਰ ਮਸੀਤ ‘ਚ ਪੁੱਜ ਢੋਲ ਚੁਕਿਆ ਤੇ ਉਥੇ ਹੀ ਦੇਹਲੀ ‘ਤੇ ਬੈਠ ਪਾਗਲਾਂ ਵਾਂਗ ਕੁੱਟਣ ਲੱਗ ਪਿਆ।
ਖੂਹ ਪਹਾੜੀ ‘ਤੇ ਵਸੇ ਪਿੰਡ ਦੇ ਪੈਰਾਂ ਵਿਚ ਸੀ। ਜਦੋਂ ਲੋਕ ਖੂਹ ਵਲ ਨੱਸੇ ਤਾਂ ਜਿਵੇਂ ਰਾਹ ਭੁੱਲ ਗਏ। ਉਹ ਵਾਹੋ ਦਾਹੀ ਖੇਤਾਂ ਵਿਚੋਂ ਦੀ ਗੋਡੇ ਗੋਡੇ ਫਸਲਾਂ ਮਿਧਦੇ, ਵੱਟਾਂ ਟਪਦੇ ਖੂਹ ਵਲ ਨੱਸ ਉਠੇ। ਕੋਠਿਆਂ ‘ਤੇ ਬੈਠੀਆਂ ਤੀਵੀਆਂ ਖੂਹ ਕੋਲੋਂ ਤਕਿਆਂ ਇੰਜ ਜਾਪਦੀਆਂ ਸਨ, ਜਿਵੇਂ ਕਾਲੀਆਂ ਗੰਢੜੀਆਂ ਦੀਆਂ ਕਤਾਰਾਂ ਹੋਣ। ਬੱਚੇ ਗਲੀਆਂ ਵਿਚੋਂ ਦੀ ਭੱਜੇ ਜਾ ਰਹੇ ਸਨ। ਪੂਰਾ ਪਿੰਡ ਹੀ ਖੂਹ ਵੱਲ ਉਲਰ ਪਿਆ।
ਖੂਹ ‘ਤੇ ਸਭ ਤੋਂ ਪਹਿਲਾਂ ਝਿਓਰ, ਘੁਮਿਆਰ, ਮੋਚੀ, ਮਰਾਸੀ, ਨਾਈ ਤੇ ਧੋਬੀ ਪੁੱਜੇ। ਚੁੰਗੇ ਦੀ ਮਾਂ ਕੋਲ ਬੈਠਾ ਝਿਓਰ ਲੋਕਾਂ ਵਲ ਇੰਜ ਤੱਕ ਰਿਹਾ ਸੀ ਜਿਵੇਂ ਉਹਦੀਆਂ ਅੱਖਾਂ ਪਥਰਾ ਗਈਆਂ ਹੋਣ।
ਚੁੰਗੇ, ਉਏ ਚੁੰਗੇ! ਇਕੱਠਿਆਂ ਸਭ ਨੇ ਖੂਹ ਦੀ ਮੌਣ ‘ਤੇ ਝੁਕ ਆਖਿਆ।
ਅਵਾਜ਼ ਡੂੰਘੇ ਖੂਹ ਦੀ ਗੋਲਾਈ ਵਿਚ ਚੱਕਰ ਖਾਂਦੀ ਜਿਵੇਂ ਹੇਠਾਂ ਗਈ ਸੀ, ਉਂਜ ਹੀ ਗੂੰਜ ਬਣ ਵਾਪਸ ਆ ਗਈ। ਦੂਰ ਖੂਹ ਦੇ ਹੇਠਾਂ ਥਾਲੀ ਵਾਂਗ ਚਮਕਦਾ ਪਾਣੀ ਉਂਜ ਦਾ ਉਂਜ ਹੀ ਅਹਿਲ ਖੜ੍ਹਾ ਰਿਹਾ।
ਰੱਸੇ ਦੇ ਇਕ ਸਿਰੇ ‘ਤੇ ਬੰਨ੍ਹੀ ਮਜ਼ਬੂਤ ਲੱਕੜ ‘ਤੇ ਇਕ ਨੌਜਵਾਨ ਗੋਤਾਖੋਰ ਪੈਰ ਲਮਕਾ ਬਹਿ ਗਿਆ। ਤਿੰਨ ਜਣਿਆਂ ਨੇ ਰੱਸੇ ਦਾ ਦੂਜਾ ਸਿਰਾ ਫੜ ਲਿਆ। ਗੋਤਾਖੋਰ ਨੇ ਰੱਬ ਦਾ ਨਾਂ ਲੈ ਖੂਹ ਵਿਚ ਤੱਕਿਆ। ਫਿਰ ਉਹਨੂੰ ਹੌਲੀ ਹੌਲੀ ਹੇਠਾਂ ਉਤਾਰਨ ਲੱਗ ਪਏ।
ਲੋਕਾਂ ਦੀ ਭੀੜ ਪਲ ਪਲ ਵਧਦੀ ਜਾ ਰਹੀ ਸੀ। ਕੁਝ ਝਿਓਰੀਆਂ ਵੈਣ ਪਾਂਦੀਆਂ ਆਈਆਂ ਤੇ ਕਰਮਾਂ ਦੇ ਮੂੰਹ ‘ਤੇ ਪਾਣੀ ਦੇ ਛਿੱਟੇ ਮਾਰਨ ਲੱਗੀਆਂ। ਲੋਕ ਬੱਚਿਆਂ ਨੂੰ ਖੂਹ ਦੇ ਨੇੜੇ ਆਉਣ ਤੋਂ ਵਰਜ ਰਹੇ ਸਨ। ਗੋਤਾਖੋਰ ਹੁਣ ਅੱਧ ਤੀਕ ਪੁੱਜ ਗਿਆ ਸੀ।
ਅਚਾਨਕ ਕਰਮਾਂ ਹੋਸ਼ ਵਿਚ ਆਈ। ਅੱਖਾਂ ਖੋਲ੍ਹੀਆਂ, ਪੁਤਲੀਆਂ ਵਿਚ ਜਿਵੇਂ ਕੋਈ ਭਿਆਨਕ ਮੱਚ ਪਈ ਤੇ ਉਹ ਇਕੋ ਝਟਕੇ ਨਾਲ ਉਠ ਖਲੋਤੀ ਪਰ ਔਰਤਾਂ ਨੇ ਉਹਨੂੰ ਜਕੜ ਲਿਆ। ਫਿਰ ਉਹ ਇਕ ਦਮ ਬੱਚਿਆਂ ਵਾਂਗ ਰੋਣ ਲੱਗੀ ਅਤੇ ਦੁਹਥੜੀਂ ਪਿੱਟਣ ਲੱਗੀ, ਹਾਇ ਮੇਰਾ ਚੁੰਗਾ! ਮੇਰਾ ਲਾਲ! ਮੇਰਾ ਚੰਨ ਦਾ ਟੋਟਾ! ਮੇਰਾ ਸੋਨੇ ਦਾ ਦਾਣਾ! ਚੁੰਗੇ! ਵੇ ਚੁੰਗੇ! ਤੈਨੂੰ ਰੱਬ ਦਾ ਵਾਸਤਾ ਈ, ਤੂੰ ਮਰੀਂ ਨਾ, ਇੰਜ ਹਸਦਾ ਹਸਦਾ ਬਾਹਰ ਨਿਕਲ ਆ ਜਿਵੇਂ ਸਕੂਲੋਂ ਆਉਨਾਂ ਏਂ! ਮਰੀਂ ਨਾ ਮੇਰੇ ਪੁੱਤ! ਜੇ ਤੂੰ ਮਰ ਗਿਓਂ ਤਾਂ ਖੁਦਾ ਦੀ ਖੁਦਾਈ ‘ਚ ਜੀਂਦਾ ਕੌਣ ਰਹੇਗਾ?
ਕਰਮਾਂ ਰੋਂਦੀ ਤੇ ਵੈਣ ਪਾਉਂਦੀ ਰਹੀ। ਔਰਤਾਂ ਉਹਨੂੰ ਦਿਲਾਸਾ ਦੇਣ ਦੀ ਥਾਂ ਆਪ ਰੋਂਦੀਆਂ ਰਹੀਆਂ। ਖੂਹ ਦੁਆਲੇ ਮੇਲੇ ਵਾਂਗ ਭੀੜ ਜੁੜੀ ਖਲੋਤੀ ਸੀ। ਤੀਹ ਚਾਲੀ ਆਦਮੀ ਖੂਹ ਵਿਚ ਝੁਕ-ਝੁਕ ਇਕ ਦੂਜੇ ਨੂੰ ਝੁਕ ਕੇ ਵੇਖਣ ਤੋਂ ਹੋੜ ਰਹੇ ਸਨ ਅਤੇ ਤਾਕੀਦਾਂ ਕਰ ਰਹੇ ਸਨ ਕਿ ਵੇਖਣਾ, ਕਿਤੇ ਇਕ ਕੰਕਰ ਵੀ ਖੂਹ ‘ਚ ਨਾ ਡਿਗੇ। ਜੇ ਡਿਗ ਪਿਆ ਤਾਂ ਗੋਤਾਖੋਰ ਦੇ ਗੋਲੀ ਵਾਂਗ ਲੱਗੂ।
ਫਿਰ ਗੋਤਾਖੋਰ ਦੀ ਅਵਾਜ਼ ਆਈ, ਮੈਂ ਅਪੜ ਗਿਆਂ। ਰੱਸਾ ਜ਼ਰਾ ਢਿਲਾ ਛੱਡ ਦਿਓ, ਮੈਂ ਗੋਤਾ ਮਾਰਾਂ।
ਸਭ ਨੇ ਸਾਹ ਤੀਕ ਰੋਕ ਲਏ। ਕਰਮਾਂ ਵੀ ਚੁੱਪ ਹੋ ਗਈ।
ਇਧਰ ਹਵਾ ਵਿਚ ਇਕ ਟਟਹਿਰੀ ‘ਤਿਹਾਈ ਆਂ-ਤਿਹਾਈ ਆਂ’ ਪੁਕਾਰਦੀ ਲੰਘ ਗਈ।
ਖੂਹ ਉਤੇ ਝੁਕੀ ਹੋਈ ਟਾਹਲੀ ਨਾਲੋਂ ਇਕ ਪੀਲਾ ਪੱਤਾ ਟੁੱਟਿਆ ਤੇ ਭਮੀਰੀ ਵਾਂਗ ਘੁੰਮਦਾ ਖੂਹ ਵਿਚ ਲਹਿ ਗਿਆ।
ਕੁਝ ਨਹੀਂ ਮਿਲਿਆ। ਮੁੜ ਗੋਤਾ ਮਾਰਦਾਂ, ਜਿਵੇਂ ਪਤਾਲ ਵਿਚੋਂ ਆਵਾਜ਼ ਆਈ।
ਲੋਕ ਘੁਸਰ-ਮੁਸਰ ਕਰਨ ਲੱਗੇ। ਕਰਮਾਂ ਨੇ ਵਹਿਸ਼ਤ ਨਾਲ ਉਨ੍ਹਾਂ ਵਲ ਤਕਿਆ। ਫਿਰ ਆਪਣੇ ਵਾਲ ਪੁੱਟਣ ਲਗ ਪਈ।
ਗੋਤਾਖੋਰ ਮੁੜ ਬੋਲਿਆ, ਪਾਣੀ ਬਹੁਤ ਡੂੰਘੈ। ਮੈਂ ਥੱਲੇ ਤਾਈਂ ਨੀ ਪੁੱਜ ਸਕਿਆ। ਸਾਹ ਟੁੱਟ ਜਾਂਦੈ। ਮੈਨੂੰ ਬਾਹਰ ਖਿੱਚ ਲਵੋ।
ਹਾਇ ਵੇ ਪੁੱਤ! ਜ਼ਰਾ ਏਧਰ ਓਧਰ ਕੰਢੇ ਕੰਢੇ ਚਾ ਵੇਖ। ਕਰਮਾਂ ਖੂਹ ਵਿਚ ਝੁਕ ਚੀਕੀ। ਔਰਤਾਂ ਨੇ ਉਹਨੂੰ ਬਾਹਾਂ ਤੋਂ ਫੜਿਆ ਹੋਇਆ ਸੀ। ਉਹ ਬੋਲਦੀ ਗਈ, ਹਾਲੀਂ ਬਾਹਰ ਨਾ ਨਿਕਲ। ਤੇਰੀ ਮਾਂ ਤੇਰੀਆਂ ਖੁਸ਼ੀਆਂ ਵੇਖ-ਵੇਖ ਨਾ ਰੱਜੇ। ਇਕ ਗੋਤਾ ਹੋਰ ਪੁੱਤਰ! ਉਹ ਲੱਪ ਲੱਪ ਹੰਝੂ ਕੇਰਨ ਲਗੀ।
ਕੁਝ ਪਲ ਚੁੱਪ ਵਰਤੀ ਰਹੀ। ਢੋਲ ਵਜਾਉਣ ਵਾਲਾ ਮੀਰੂ ਝਿਓਰ ਸਿਰ ‘ਤੇ ਮੰਜੇ ਚੁੱਕ ਨਸਿਆ ਨਸਿਆ ਆ ਪੁੱਜਾ।
ਨਿਕਲਿਆ? ਉਹਨੇ ਪੁੱਛਿਆ।
ਹਾਲੀਂ ਨਹੀਂ। ਕਿਸੇ ਨੇ ਜਵਾਬ ਦਿੱਤਾ।
ਨਹੀਂ ਮਾਸੀ, ਕੋਈ ਨਾਂ ਨਿਸ਼ਾਨ ਨਹੀਂ। ਪਾਣੀ ਬਹੁਤ ਡੂੰਘਾ ਏ। ਮੇਰੇ ਪੈਰ ਤਾਂ ਹੇਠਾਂ ਲਗਦੇ ਹੀ ਨਹੀਂ। ਮੈਨੂੰ ਬਾਹਰ ਖਿੱਚ ਲਵੋ।
ਕਰਮਾਂ ਦੁਹਥੜੀਂ ਪਿੱਟਣ ਲੱਗੀ ਤੇ ਲੋਕ ਗੋਤਾਖੋਰ ਨੂੰ ਬਾਹਰ ਖਿੱਚਣ ਲੱਗ ਪਏ।
ਫਿਰ ਇਕ ਹੋਰ ਗੋਤਾਖੋਰ ਨੂੰ ਉਤਾਰਿਆ ਗਿਆ। ਇੰਜ ਵਾਰੀ ਵਾਰੀ ਛੇ ਗੋਤਾਖੋਰ ਖੂਹ ਵਿਚ ਉਤਰੇ ਅਤੇ ਇਹ ਕਹਿੰਦਿਆਂ ਬਾਹਰ ਨਿਕਲ ਆਏ ਕਿ ਪਤਾ ਨਹੀਂ ਖੂਹ ਵਿਚ ਇਕ ਦਮ ਇੰਨਾ ਪਾਣੀ ਕਿਥੋਂ ਆ ਗਿਐ, ਥਾਹ ਹੀ ਨਹੀਂ ਮਿਲਦੀ।
ਲੋਕ ਚਾਰ-ਚਾਰ, ਪੰਜ-ਪੰਜ ਦੀਆਂ ਟੋਲੀਆਂ ਵਿਚ ਇਧਰ ਉਧਰ ਖਿੰਡ ਗਏ। ਕਰਮਾਂ ਰੋਂਦੀ ਪਿੱਟਦੀ ਰਹੀ।
ਇਕ ਆਦਮੀ ਗੁਆਂਢੀ ਪਿੰਡ ਦੇ ਮਸ਼ਹੂਰ ਗੋਤਾਖੋਰ ਨੂੰ ਲੈਣ ਨੱਸਿਆ। ਝਿਓਰ ਤੇ ਘੁਮਿਆਰ ਖੂਹ ਤੋਂ ਪਾਸੇ ਹਟ ਟਾਹਲੀ ਨਾਲ ਲਗ ਬਹਿ ਗਏ। ਕਰਮਾਂ ਨੂੰ ਵੀ ਔਰਤਾਂ ਪਾਸੇ ਲੈ ਗਈਆਂ। ਤਾਜ਼ੀ ਧੁੱਪ ਵਿਚ ਖੂਹ ਦਾ ਮੂੰਹ ਆਮ ਨਾਲੋਂ ਬਹੁਤਾ ਫੈਲ ਗਿਆ।
ਕੁਝ ਲੋਕ ਫਿਰਦੇ ਫਿਰਾਂਦੇ ਖੂਹ ਤੋਂ ਦੂਰ ਨਿਕਲ ਗਏ ਤੇ ਫਿਰ ਪਿੰਡ ਦੇ ਰਾਹ ਪੈ ਗਏ। ਬਨੇਰਿਆਂ ਤੋਂ ਔਰਤਾਂ ਦੀ ਗਿਣਤੀ ਵੀ ਘੱਟ ਹੋ ਗਈ।
ਮਲਕ ਰਹਿਮਾਨ ਖਾਨ ਸਾਹਿਬ ਜਦੋਂ ਨਮਾਜ਼ ਤੋਂ ਵਿਹਲੇ ਹੋ ਖੂਹ ‘ਤੇ ਪੁੱਜੇ ਤਾਂ ਕਰਮਾਂ ਉਸੇ ਤਰ੍ਹਾਂ ਵੈਣ ਪਾ ਰਹੀ ਸੀ। ਮਲਕ ਸਾਹਿਬ ਦੇ ਹੱਥ ਵਿਚ ਮਾਲਾ ਤੇ ਮੱਥੇ ਉਤੇ ਸਿਜਦੇ ਦੀ ਮਿੱਟੀ ਲੱਗੀ ਹੋਈ ਸੀ। ਆਂਦਿਆਂ ਹੀ ਬੋਲੇ, ਕਰਮਾਂ ਵਿਚਾਰੀ ਨੂੰ ਪਿੱਟਣ ਤੋਂ ਰੋਕੋ। ਰੋਵੇ ਬੇਸ਼ਕ; ਪਰ ਪਿੱਟਣਾ ਜਾਇਜ਼ ਨਹੀਂ ਏ।
ਕਿਸੇ ਨੇ ਉਨ੍ਹਾਂ ਵਲ ਧਿਆਨ ਨਾ ਦਿੱਤਾ। ਮਲਕ ਸਾਹਿਬ ਨੇ ਵੀ ਸ਼ਾਇਦ ਇਹ ਰਾਇ ਐਵੇਂ ਰਸਮੀ ਤੌਰ ‘ਤੇ ਦਿੱਤੀ ਸੀ, ਕਿਉਂਕਿ ਉਹ ਵੀ ਕਿਸੇ ਦਾ ਜਵਾਬ ਉਡੀਕੇ ਬਿਨਾ ਖੂਹ ਦੀ ਮੌਣ ‘ਤੇ ਆ ਗਏ। ਹੇਠਾਂ ਵੇਖਿਆ। ਫਿਰ ਜਿਵੇਂ ਆਪਣੇ ਆਪ ਨੂੰ ਧੱਕਾ ਮਾਰ ਪਿਛਾਂਹ ਹਟ ਗਏ। ਬੋਲੇ, ਸਾਡੇ ਪਹਾੜੀ ਇਲਾਕੇ ਦੀ ਏਹ ਕੇਡੀ ਬਦਕਿਸਮਤੀ ਹੈ ਕਿ ਇਥੇ ਪਾਣੀ ਬਹੁਤ ਡੂੰਘਾ ਹੈ। ਮੈਦਾਨੀ ਇਲਾਕਿਆਂ ਦੇ ਖੂਹਾਂ ਵਿਚ ਤਾਂ ਗੱਭਰੂ ਸ਼ਰਤਾਂ ਬੰਨ੍ਹ ਬੰਨ੍ਹ ਛਾਲਾਂ ਮਾਰਦੇ ਨੇ। ਸਾਡੇ ਖੂਹ ‘ਚ ਕੋਈ ਡਿੱਗ ਪਵੇ ਤਾਂ ਡਰ ਦੇ ਮਾਰਿਆਂ ਅੱਧ ਵਿਚ ਹੀ ਜਾਨ ਨਿਕਲ ਜਾਂਦੀ ਏ।
ਹੌਲੀ ਹੌਲੀ ਮਲਕ ਜੀ! ਕਰਮਾਂ ਵਿਚਾਰੀ ਦਾ ਤਾਂ ਕੁਝ ਖਿਆਲ ਕਰੋ। ਮੀਰੂ ਝਿਓਰ ਬੋਲਿਆ।
ਉਏ ਤੂੰ ਵੀ ਏਥੇ ਹੀ ਏਂ ਮੀਰੂ? ਮਲਕ ਜੀ ਨੇ ਉਹਦੇ ਕੋਲ ਜਾ ਆਖਿਆ, ਨਹੀਂ ਮਿਲਿਆ ਵਿਚਾਰਾ?
ਜੀ ਹਾਲੀਂ ਨਹੀਂ। ਮੀਰੂ ਨੇ ਜਵਾਬ ਦਿੱਤਾ।
ਏਹ ਸਾਡੇ ਪਾਪਾਂ ਦੀ ਸਜ਼ਾ ਏ। ਉਹ ਬੋਲੇ।
ਮੀਰੂ ਹਵਾ ਵਿਚ ਹੀ ਵੇਖਦਾ ਰਹਿ ਗਿਆ।
ਫਿਰ ਮਲਕ ਸਾਹਿਬ ਬੋਲੇ, ਤੇ ਬਈ ਮੀਰੂ! ਉਹ ਰੇਤੇ ਦੇ ਤਿੰਨ ਬੋਰੇ ਜਿਹੜੇ ਤੈਨੂੰ ਲਿਆਉਣ ਲਈ ਕਿਹਾ ਸੀ? ਜੇ ਅਗਲੇ ਜੁਗ ਵਿਚ ਲਿਆਉਣ ਦੀ ਸਲਾਹ ਏ ਤਾਂ ਅਗਲਾ ਜੁਗ ਤਾਂ ਆਉਣਾ ਨਹੀਂ। ਉਦੋਂ ਤੱਕ ਤਾਂ ਕਿਆਮਤ ਆ ਜਾਵੇਗੀ।
ਜੀ ਚੰਗਾ। ਆਖ ਮੀਰੂ ਉਸ ਨੌਜਵਾਨ ਗੋਤਾਖੋਰ ਵਲ ਵਧ ਗਿਆ ਜੋ ਹੁਣੇ ਹੁਣੇ ਪਿੰਡੋਂ ਆਇਆ ਸੀ ਤੇ ਖੂਹ ਵਿਚ ਵੜਨ ਲਈ ਲੰਗੋਟਾ ਕਸ ਰਿਹਾ ਸੀ। ਗੋਤਾਖੋਰਾਂ ਨੂੰ ਖੂਹ ਵਿਚ ਉਤਾਰਨ ਵਾਲੇ ਨੇੜੇ ਆ ਗਏ। ਬਾਕੀ ਲੋਕ ਟੋਲੀਆਂ ਬਣਾ ਗੱਲਾਂ ਕਰਦੇ ਫਿਰਦੇ ਰਹੇ, ਜਿਵੇਂ ਪਲੇਟਫਾਰਮ ‘ਤੇ ਘੁੰਮ ਰਹੇ ਹੋਣ ਤੇ ਗੱਡੀ ਲੇਟ ਹੋ ਗਈ ਹੋਵੇ।
ਕਰਮਾਂ ਨਵੇਂ ਗੋਤਾਖੋਰ ਨੂੰ ਅਸੀਸਾਂ ਦੇਣ ਲੱਗੀ ਤੇ ਮਲਕ ਸਾਹਿਬ ਮੀਰੂ ਨੂੰ ਇਹ ਆਖ ਪਿੰਡ ਵਲ ਤੁਰ ਪਏ ਕਿ ਜੇ ਨਿਕਲ ਆਇਆ ਤਾਂ ਕਬਰ ਦਾ ਛੇਤੀ ਇੰਤਜ਼ਾਮ ਕਰਨਾ। ਜੇ ਮੁਰਦੇ ਨੂੰ ਚਾਨਣੇ ਚਾਨਣੇ ਦਬਿਆ ਜਾਵੇ ਤਾਂ ਉਹਦੀ ਕਬਰ ‘ਤੇ ਰੌਸ਼ਨੀ ਰਹਿੰਦੀ ਹੈ।
ਮਲਕ ਰਹਿਮਾਨ ਖਾਨ ਪਿੰਡ ਦੀ ਵੱਡੀ ਗਲੀ ਦੇ ਸਿਰੇ ਵਾਲੇ ਮੋੜ ‘ਤੇ ਅਪੜ ਗਏ ਸਨ ਜਦੋਂ ਗੋਤਾਖੋਰ ਦੇ ਪੈਰ ਪਾਣੀ ਨਾਲ ਲਗੇ। ਇਹ ਗੋਤਾਖੋਰ ਵੀ ਸਫਲ ਨਾ ਹੋ ਸਕਿਆ। ਉਹਦੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਗੁਆਂਢੀ ਪਿੰਡ ਦਾ ਨਾਮੀ ਗੋਤਾਖੋਰ ਵੀ ਆ ਪੁੱਜਾ।
ਦੁਪਹਿਰ ਹੋ ਰਹੀ ਸੀ। ਟਾਹਲੀ ਦਾ ਤਣਾ ਜਿਵੇਂ ਟਾਹਲੀਆਂ ਦੀ ਖਿੰਡੀ ਹੋਈ ਥਾਂ ਨੂੰ ਆਪਣੇ ਵਜੂਦ ਵਿਚ ਸਮੇਟ ਰਿਹਾ ਸੀ।
ਕਰਮਾਂ ਨੇ ਨਾਮੀ ਗੋਤਾਖੋਰ ਵਲ ਇੰਜ ਤਕਿਆ ਜਿਵੇਂ ਕਿਸੇ ਮੁਰੀਦ ਨੇ ਪਹੁੰਚੇ ਪੀਰ ਵਲ ਵੇਖਿਆ ਹੋਵੇ, ਫਿਰ ਉਹਨੇ ਪਹਿਲੀ ਵਾਰ ਦੁਆਲੇ ਜੁੜੀਆਂ ਔਰਤਾਂ ਨੂੰ ਸੰਬੋਧਨ ਕੀਤਾ, ਬੜਾ ਔਖਾ ਕੰਮ ਏ ਇਨ੍ਹਾਂ ਦਾ। ਏਹ ਗੋਤਾਖੋਰ ਆਪਣੀਆਂ ਮਾਂਵਾਂ ਤੋਂ ਬੱਤੀ ਧਾਰਾਂ ਬਖਸ਼ਾਈ ਫਿਰਦੇ ਨੇ। ਖੁਦਾ ਇਨ੍ਹਾਂ ਨੂੰ ਸਿਕੰਦਰ ਬਾਦਸ਼ਾਹ ਦੇ ਭਾਗ ਲਾਵੇ। ਖੁਆਜਾ ਖਿਜ਼ਰ ਦੀ ਉਮਰ ਪਾਉਣ ਇਹ। ਇਹ ਮਾਂਵਾਂ ਦੇ ਹਲਾਲੀ ਪੁੱਤ ਨੇ, ਮੇਰੇ ਚੁੰਗੇ ਵਰਗੇ! ਤੇ ਫਿਰ ਜ਼ਾਰ ਜ਼ਾਰ ਰੋਣ ਲੱਗੀ।
ਗੋਤਾਖੋਰ ਛੋਟੇ ਕੱਦ ਵਾਲਾ, ਪਤਲਾ ਜਿਹਾ ਨੌਜਵਾਨ ਸੀ। ਉਹਨੇ ਦੋਹਾਂ ਹੱਥਾਂ ਨਾਲ ਰੱਸੀ ਫੜ, ਖੂਹ ਦੇ ਮਹਿਲ ਦੇ ਨਾਲ ਨਾਲ ਪੈਰ ਟਿਕਾ ਇੰਜ ਤੇਜ਼ੀ ਨਾਲ ਉਤਰਨਾ ਸ਼ੁਰੂ ਕੀਤਾ ਜਿਵੇਂ ਗਲੀ ਵਿਚ ਤੁਰ ਰਿਹਾ ਹੋਵੇ।
ਰੱਸਾ ਢਿੱਲਾ ਛੱਡੋ। ਹੇਠਾਂ ਪੁੱਜ ਬੋਲਿਆ।
ਰੱਸਾ ਢਿੱਲਾ ਛੱਡ ਦਿੱਤਾ ਗਿਆ।
ਖੂਹ ਦੀ ਮੌਣ ‘ਤੇ ਸੰਨਾਟਾ ਛਾ ਗਿਆ। ਕਰਮਾਂ ਨੇ ਦੁਆ ਲਈ ਹੱਥ ਉਤਾਂਹ ਚੁਕੇ।
ਬਹੁਤ ਡੂੰਘਾ ਪਾਣੀ ਐ ਭਰਾਵੋ। ਇਕ ਗੋਤਾ ਹੋਰ ਲਾ ਕੇ ਵੇਖਦਾਂ।
ਗੋਤਾਖੋਰ ਨੇ ਲਗਾਤਾਰ ਚਾਰ ਗੋਤੇ ਮਾਰੇ ਤੇ ਜਦੋਂ ਪੰਜਵੇਂ ਗੋਤੇ ਪਿਛੋਂ ਉਹਨੇ ‘ਵਾਜ਼ ਦਿੱਤੀ, ਮਿਲ ਗਿਐ ਪਈ ਮੁੰਡਾ, ਤਾਂ ਦੁਆ ਮੰਗ ਰਹੀ ਕਰਮਾਂ ਦੇ ਚਿਹਰੇ ‘ਤੇ ਚਮਕ ਆ ਗਈ। ਫਿਰ ਇਹ ਚਮਕ ਬੁਝ ਗਈ ਤੇ ਉਹਦਾ ਚਿਹਰਾ ਭਿਆਨਕ ਹੋ ਗਿਆ।
ਕਿਸੇ ਨੇ ਗੋਤਾਖੋਰ ਤੋਂ ਇਹ ਪੁੱਛਣ ਦੀ ਲੋੜ ਨਾ ਸਮਝੀ ਕਿ ਮੁੰਡਾ ਜੀਂਦਾ ਏ ਜਾਂ ਮਰ ਗਿਆ ਹੈ। ਗੋਤਾਖੋਰ ਨੇ ਵੀ ਇਸ ਬਾਰੇ ਕੁਝ ਆਖਣਾ ਠੀਕ ਨਾ ਸਮਝਿਆ।
ਆਉਣ ਵਾਲੇ ਖਤਰੇ ਨੂੰ ਕਿਆਸ ਕਰਮਾਂ ਇਕ ਦਮ ਚੀਕ ਪਈ, ਕਿਵੇਂ ਐ ਮੇਰਾ ਬੱਚਾ?
ਗੋਤਾਖੋਰ ਨੇ ਕੋਈ ਜਵਾਬ ਨਾ ਦਿੱਤਾ। ਕਰਮਾਂ ਦੀ ਅਵਾਜ਼ ਜਿਵੇਂ ਡੂੰਘੇ ਖੂਹ ਦੀ ਗੁਲਾਈ ਵਿਚ ਹੇਠਾਂ ਗਈ ਸੀ, ਉਂਜ ਹੀ ਗੂੰਜ ਬਣ ਉਤਾਂਹ ਪਰਤ ਆਈ।
ਰੱਸਾ ਖਿਚ ਲਵੋ। ਮੈਂ ਲੱਕੜ ‘ਤੇ ਬੈਠਾ ਲਾਸ਼ ਪੱਟਾਂ ‘ਤੇ ਰੱਖ ਲਵਾਂਗਾ।
ਰੱਸਾ ਖਿਚਣ ਵਾਲੇ ਤਿੰਨ ਆਦਮੀਆਂ ਨੇ ਪਹਿਲੀ ਵਾਰ ਮੁੜ ਕੇ ਵੇਖਿਆ ਤਾਂ ਉਥੇ ਕੋਈ ਵੀ ਨਹੀਂ ਸੀ। ਜਿਥੇ ਹੁਣੇ ਹੀ ਮੇਲਾ ਲੱਗਾ ਹੋਇਆ ਸੀ, ਉਥੇ ਹੁਣ ਟਾਹਲੀਆਂ ਦੇ ਪੱਤੇ ਉਡ ਰਹੇ ਸਨ। ਜਾਪਦਾ ਸੀ, ਸਾਰੇ ਪਿੰਡ ਦੀ ਆਬਾਦੀ ਚੁੱਪ-ਚਾਪ ਖੂਹ ਵਿਚ ਗਰਕ ਗਈ ਸੀ। ਬਸ ਕੁਝ ਬਚੇ ਸਨ, ਜੋ ਇਕ ਪਾਸੇ ਸਹਿਮੇ ਜਿਹੇ ਖਲੋਤੇ ਦੂਰ ਪਿੰਡ ਦੇ ਬਨੇਰੇ ਨੀਲੇ ਅਸਮਾਨ ਨੂੰ ਕੱਟ ਰਹੇ ਸਨ।
ਲੋਕ ਕਿਥੇ ਚਲੇ ਗਏ? ਮੀਰੂ ਝਿਓਰ ਨੇ ਹੈਰਾਨੀ ਨਾਲ ਪੁੱਛਿਆ।
ਫਿਰ ਇਕ ਆਦਮੀ ਨੇ ਗੋਤਾਖੋਰ ਨੂੰ ਦੱਸਿਆ, ਪਤਾ ਨੀ ਲੋਕ ਇਕਦਮ ਕਿਥੇ ਚਲੇ ਗਏ? ਅਸੀਂ ਕੁਲ ਤਿੰਨ ਆਦਮੀ ਆਂ। ਦੋ ਜਣਿਆਂ ਨੂੰ ਕਿਵੇਂ ਖਿਚਾਂਗੇ?
ਲੋਕ ਸਨ ਹੀ ਕਿਥੇ? ਗੋਤਾਖੋਰ ਬੋਲਿਆ, ਮੈਂ ਤਾਂ ਜਦੋਂ ਆਇਆ ਸਾਂ ਤੁਸੀਂ ਹੀ ਤਿੰਨ ਸਓ, ਜਾਂ ਮਾਸੀ ਕਰਮਾਂ ਤੇ ਕੁਝ ਬੱਚੇ ਸਨ।
ਕਿਸੇ ਨੂੰ ਪਤਾ ਨਹੀਂ ਸੀ ਲੱਗਾ ਕਿ ਲੋਕ ਕਦੋਂ ਪਿੰਡ ਪਰਤ ਆਪਣੇ ਕੰਮ ਧੰਦਿਆਂ ‘ਚ ਰੁੱਝ ਗਏ ਸਨ। ਘਰਾਂ ਵਿਚੋਂ ਧੂੰਆਂ ਉਠ ਰਿਹਾ ਸੀ। ਨਾਲ ਵਾਲੀਆਂ ਪਹਾੜੀਆਂ ‘ਤੇ ਇੱਜੜ ਚਰ ਰਹੇ ਸਨ। ਦੂਰ ਇਕੋ ਕੋਠੇ ਉਤੇ ਇਕ ਸੁਆਣੀ ਧੋਤੇ ਹੋਏ ਕੱਪੜੇ ਸੁਕਣੇ ਪਾ ਰਹੀ ਸੀ।
ਕਰਮਾਂ ਕੁਝ ਪਲ ਪਿੰਡ ਵਲ ਭਿਆਨਕ ਅੱਖਾਂ ਨਾਲ ਤਕਦੀ ਰਹੀ। ਫਿਰ ਉਹਨੇ ਦੰਦਾਂ ਨਾਲ ਆਪਣਾ ਹੇਠਲਾ ਬੁੱਲ੍ਹ ਟੁਕਿਆ ਤੇ ਰੱਸੇ ਵਾਲਿਆਂ ਕੋਲ ਧਾਹ ਬੋਲੀ, ਲਿਆਓ, ਮੈਂ ਖਿਚਾਂਗੀ।
ਤਿੰਨ ਝਿਓਰਾਂ ਦੀਆਂ ਅੱਖਾਂ ਭਰ ਆਈਆਂ। ਇਕ ਨੇ ਬੱਚਿਆਂ ਨੂੰ ਹਾਕ ਮਾਰੀ। ਉਹ ਨੱਸ ਕੇ ਰੱਸੇ ਨੂੰ ਆ ਚਿੰਬੜੇ। ਕਰਮਾਂ ਛਾਤੀ ‘ਤੇ ਹੱਥ ਰੱਖ ਇਕ ਪਾਸੇ ਖਲੋਤੀ ਰਹੀ।
ਹੌਲੀ ਹੌਲੀ ਰੱਸਾ ਖਿਚਿਆ ਜਾ ਰਿਹਾ ਸੀ। ਖੂਹ ਦੇ ਆਖਰੀ ਸਿਰੇ ‘ਤੇ ਗੋਤਾਖੋਰ ਨੇ ਚੁੰਗੇ ਦੀ ਲਾਸ਼ ਆਪਣੇ ਪੱਟਾਂ ਤੋਂ ਚੁੱਕੀ ਪਰ ਹੁਣ ਉਸ ਨੂੰ ਫੜਨ ਵਾਲਾ ਕੋਈ ਨਹੀਂ ਸੀ। ਸਾਰੇ ਰੱਸਾ ਫੜੀ ਖਲੋਤੇ ਸਨ।
ਫਿਰ ਕਰਮਾਂ ਅਗਾਂਹ ਵਧੀ ਤੇ ਗੋਡਿਆਂ ਭਾਰ ਬੈਠ, ਬਾਹਾਂ ਫੈਲਾ ਬੋਲੀ, ਮੇਰੇ ਇਸ ਫੁੱਲ ਨੂੰ ਮੇਰੀ ਝੋਲੀ ਵਿਚ ਪਾ ਦੇ ਪੁੱਤ।
ਕਰਮਾਂ ਚੁੰਗੇ ਦੀ ਲਾਸ਼ ਨੂੰ ਬਾਹਾਂ ਵਿਚ ਲੈ ਉਠ ਖਲੋਤੀ ਤੇ ਪਿੰਡ ਵਲ ਇਹ ਕਹਿੰਦਿਆਂ ਤੁਰ ਪਈ, ਚੱਲ ਮੇਰੇ ਬੱਚੇ ਸਕੂਲ ਜਾਣ ਲਈ ਦੇਰ ਹੋ ਰਹੀ ਏ।
ਮੀਰੂ ਮੰਜੀ ਚੁੱਕੀ ਨੱਸਿਆ ਆਇਆ ਤੇ ਕਰਮਾਂ ਦਾ ਰਾਹ ਰੋਕ ਖਲੋ ਗਿਆ। ਕਰਮਾਂ ਨੇ ਚੁੰਗੇ ਨੂੰ ਕੱਚ ਦੇ ਸਮਾਨ ਵਾਂਗ ਬੜੇ ਧਿਆਨ ਨਾਲ ਮੰਜੀ ‘ਤੇ ਪਾਇਆ ਤੇ ਆਖਣ ਲੱਗੀ, ਤੁਸੀਂ ਤਾਂ ਤਿੰਨ ਹੋ। ਜਨਾਜ਼ਾ ਤਾਂ ਚਾਰ ਚੁਕਦੇ ਨੇ।
ਏਨੇ ਨੂੰ ਮਲਕ ਰਹਿਮਾਨ ਖਾਨ ਆਉਂਦੇ ਦਿਸੇ। ਕੋਲ ਆ ਫਰਮਾਇਆ, ਮੈਂ ਸਮਝਿਆ, ਏਥੇ ਬਹੁਤ ਸਾਰੇ ਲੋਕ ਹੋਣਗੇ ਤੇ ਉਨ੍ਹਾਂ ਨਾਲ ਗੱਲ ਕਰ ਲਵਾਂਗਾ ਪਰ ਏਥੇ ਤਾਂ ਤੁਸੀਂ ਤਿੰਨ ਚਾਰ ਹੀ ਹੋ। ਸਾਰੇ ਚਲੇ ਗਏ ਥੱਕ ਕੇ। ਸਵੇਰ ਦੇ ਆਏ ਹੋਏ ਸਨ ਤੇ ਹੁਣ ਤਾਂ ਤੀਜੇ ਪਹਿਰ ਦੀ ਨਮਾਜ਼ ਦੀ ਅਜ਼ਾਨ ਵੀ ਹੋਣ ਵਾਲੀ ਹੈ।
ਹੁਣ ਮਲਕ ਸਾਹਿਬ ਮੰਜੀ ਦੇ ਨਾਲ ਨਾਲ ਤੁਰ ਰਹੇ ਸਨ। ਉਹ ਬੋਲੇ, ਗੱਲ ਏਹ ਏ ਬਈ ਕਿ ਲਾਸ਼ ਨੂੰ ਦੱਬ ਦੁੱਬ ਕੇ ਤੁਸੀਂ ਮੁੜ ਏਥੇ ਖੂਹ ‘ਤੇ ਹੀ ਆ ਜਾਣਾ। ਜਨਾਜ਼ੇ ‘ਤੇ ਮੈਂ ਲੋਕਾਂ ਨੂੰ ਵੀ ਖੂਹ ‘ਤੇ ਹੀ ਆ ਜਾਣ ਲਈ ਆਖ ਦਿਆਂਗਾ। ਲਾਸ਼ ਤਾਂ ਨਿਕਲ ਆਈ ਏ। ਹੁਣ ਖੂਹ ਨੂੰ ਪਾਕ ਵੀ ਕਰ ਲੈਣਾ ਚਾਹੀਦਾ ਏ। ਦੋ ਸੌ ਬੋਕਾ ਕੱਢਣਾ ਪਵੇਗਾ। ਤੁਸੀਂ ਝਿਓਰ ਲੋਕ ਬੋਕਾ ਵਧੀਆ ਖਿਚਦੇ ਹੋ। ਇਸੇ ਲਈ ਤੁਹਾਨੂੰ ਆਖ ਰਿਹਾ ਹਾਂ, ਨਾਲੇ ਇਹ ਪੁੰਨ ਦਾ ਕੰਮ ਵੀ ਤਾਂ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਹਿਮਦ ਨਦੀਮ ਕਾਸਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ