Puraskar Te Rajneeti : B. S. Bir

ਪੁਰਸਕਾਰ ਤੇ ਰਾਜਨੀਤੀ : ਬੀ. ਐੱਸ. ਬੀਰ

ਭਲੇ ਵੇਲਿਆਂ ਦੀ ਗੱਲ ਹੈ ਕਿ ਇੱਕ ਪਰਾਕਰਮੀ ਰਾਜਾ ਵੱਡੇ ਸਾਮਰਾਜ ’ਤੇ ਰਾਜ ਕਰਦਾ ਸੀ। ਉਹ ਆਪਣੇ ਆਪ ਨੂੰ ਚਕਰਵਰਤੀ ਰਾਜਾ ਵੀ ਅਖਵਾਉਂਦਾ ਕਿਉਂਕਿ ਉਹ ਸੱਤ ਚੱਕਰਾਂ ਭਾਵ ਸਾਮਰਾਜ ਦੇ ਸੱਤ ਵੱਡੇ ਪ੍ਰਾਂਤਾਂ ਦਾ ਸਮਰਾਟ ਸੀ। ਉਸ ਦਾ ਨਾਂ ਵੀ ਸਰਵ. ਸ੍ਰੀ ਚਕਰਧਰ ਸੀ। ਉਹ ਭੈਅ ਤੇ ਭਾਉ ਦੋਵਾਂ ਦਾ ਪ੍ਰਤੀਕ ਸੀ। ਪਰਜਾ ਤੇ ਵਿਰੋਧੀ ਉਸ ਦੇ ਗੁਸੈਲੇ ਸੁਭਾਅ ਤੋਂ ਸਹਿਮਦੇ ਸਨ ਤੇ ਉਸ ਦੇ ਨੇਕ ਕੰਮਾਂ ਕਾਰਨ ਉਸ ਨੂੰ ਪਿਆਰ ਵੀ ਕਰਦੇ ਸਨ। ਉਸ ਨੇ ਆਪਣੇ ਮੰਤਰੀ ਮੰਡਲ ਵਿੱਚ ਸੱਤ ਮੰਤਰੀ ਰੱਖੇ ਹੋਏ ਸਨ ਜਿਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ। ਜਿਹੜਾ ਮੰਤਰੀ ਆਪਣੇ ਫ਼ਰਜ਼ਾਂ ਤੋਂ ਕੁਤਾਹੀ ਕਰਦਾ, ਉਸ ਨੂੰ ਬਹੁਤ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਜੇ ਅਪਰਾਧ ਜਾਂ ਦੋਸ਼ ਸਜ਼ਾ-ਏ-ਕਾਬਿਲ ਹੁੰਦਾ ਤਾਂ ਅਜਿਹਾ ਮੰਤਰੀ ਲੋਕਾਂ ਸਾਹਮਣੇ ਫਾਂਸੀ ’ਤੇ ਲਟਕਾ ਦਿੱਤਾ ਜਾਂਦਾ। ਉਸ ਨੇ ਆਪਣੇ ਸੱਤ ਚੱਕਰਾਂ ਭਾਵ ਸੱਤ ਪ੍ਰਾਂਤਾਂ ਦੇ ਸੱਤ ਲੋਕਪਾਲ ਨਿਯੁਕਤ ਕੀਤੇ ਹੋਏ ਸਨ ਜੋ ਆਪਣੇ-ਆਪਣੇ ਪ੍ਰਾਂਤਾਂ ਦਾ ਕੁਸ਼ਲ ਪ੍ਰਬੰਧ ਕਰਦੇ ਸਨ। ਉਸ ਦੇ ਸੱਤ ਸੈਨਾਪਤੀ ਸਨ ਤੇ ਕਿਸੇ ਵੀ ਸੈਨਾਪਤੀ ਨੂੰ ਉਹ ਇੱਕ ਸਾਲ ਤੋਂ ਵੱਧ ਮੁੱਖ ਸੈਨਾਪਤੀ ਨਹੀਂ ਸੀ ਰਹਿਣ ਦਿੰਦਾ।
ਪਰਜਾ ਦਾ ਦਿਲ ਜਿੱਤਣ ਲਈ ਚਕਰਵਰਤੀ ਮਹਾਰਾਜੇ ਚਕਰਧਰ ਨੇ ਆਪਣੇ ਦਰਬਾਰ ਵਿੱਚ ਸੱਤ ਰਤਨ ਵੀ ਰੱਖੇ ਹੋਏ ਸਨ ਜੋ ਵੱਖ-ਵੱਖ ਕਲਾਵਾਂ ਨਾਲ ਜੁੜੇ ਹੋਏ ਸਨ। ਧਰਮ, ਅਰਥ, ਕਾਮ, ਮੋਖ, ਸੰਗੀਤ ਕਲਾ, ਨਾਟ-ਨ੍ਰਿਤ ਤੇ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਰਤਨ ਅਖਵਾਉਂਦੀਆਂ ਸਨ। ਹਰ ਸ਼ਖ਼ਸੀਅਤ ਨੂੰ ਤਿੰਨ ਸਾਲ ਦਾ ਸਮਾਂ ਦਿੱਤਾ ਜਾਂਦਾ। ਹਰ ਮਹੀਨੇ ਸੌ ਮੋਹਰਾਂ ਹਰ ਸ਼ਖ਼ਸੀਅਤ ਨੂੰ ਮਾਸਿਕ-ਭੱਤੇ ਦੇ ਤੌਰ ’ਤੇ ਮਿਲਦੀਆਂ। ਤਿੰਨ ਸਾਲਾਂ ਲਈ ਰਹਿਣ ਲਈ ਮਹਿਲਨੁਮਾ ਇਮਾਰਤ ਵੀ ਦਿੱਤੀ ਜਾਂਦੀ। ਜਦੋਂ ਚੋਣ ਹੁੰਦੀ ਤਾਂ ਪਹਿਲੇ ਨੰਬਰ ’ਤੇ ਆਉਣ ਵਾਲੇ ਵਿਅਕਤੀ ਨੂੰ ਗਿਆਰਾਂ ਸੌ ਮੋਹਰਾਂ ਵੀ ਪੁਰਸਕਾਰ ਵਿੱਚ ਮਿਲਦੀਆਂ। ਇਉਂ ਰਾਜਾ ਲੋਕਾਂ ਵਿੱਚ ਵਾਹ-ਵਾਹ ਖੱਟਦਾ। ਉਸ ਕੋਲ ਸ਼ਿਲਪਕਲਾ ਦੇ ਵੀ ਮਾਹਿਰ ਸਨ। ਉਸ ਨੇ ਪਰਜਾ ਦੇ ਵੇਖਣ ਤੇ ਮਾਣਨ ਲਈ ਅਨੇਕਾਂ ਯਾਦਗਾਰੀ ਇਮਾਰਤਾਂ, ਸਰਾਵਾਂ, ਖੂਹ, ਧਰਮਸ਼ਾਲਾਵਾਂ, ਨਾਟ-ਸ਼ਾਲਾਵਾਂ ਤੇ ਮੰਦਰ ਵੀ ਬਣਵਾਏ। ਇੱਕ ਪ੍ਰਸਿੱਧ ਮੰਦਰ ਖੁਜਰਾ-ਚੱਕਰ ਸੀ ਜਿਸ ਨੂੰ ਵੇਖਣ ਲਈ ਹਮੇਸ਼ਾਂ ਭੀੜ ਲੱਗੀ ਰਹਿੰਦੀ। ਉਸ ਮੰਦਰ ਵਿੱਚ ਸੱਤ ਪਰਿਕਰਮਾਵਾਂ ਸਨ ਤੇ ਹਰ ਪਰਿਕਰਮਾ ਵਿੱਚ ਇਸਤਰੀ-ਪੁਰਸ਼ ਦੇ ਸਬੰਧਾਂ ਨਾਲ ਜੁੜੀਆਂ ਵੱਖ-ਵੱਖ ਅਦਾਵਾਂ ਸਨ। ਸੱਤ ਪਰਿਕਰਮਾ ਕਰਨ ਮਗਰੋਂ ਕੇਂਦਰ ਵਿੱਚ ਤਿੰਨ ਸਿਰਮੌਰ ਦੇਵਤਿਆਂ ਦੀਆਂ ਤਿੰਨ ਮੂਰਤਾਂ ਸਨ ਅਤੇ ਉਹ ਦੈਵੀ-ਮੂਰਤਾਂ ਮਹਾਰਾਜਾ ਚਕਰਧਰ ਦੇ ਬੁੱਤ ਨੂੰ ਆਸ਼ੀਰਵਾਦ ਦਿੰਦੀਆਂ ਨਜ਼ਰ ਆਉਂਦੀਆਂ ਸਨ। ਉਸ ਮੰਦਰ ਨੂੰ ਮੋਖ ਦੁਆਰ ਵੀ ਕਿਹਾ ਜਾਂਦਾ ਹੈ। ਠੀਕ ਇਸੇ ਤਰ੍ਹਾਂ ਉਸ ਦੇ ਰਤਨ ਆਪਣੀ ਕਲਾ ਵਿੱਚ ਆਪਣੇ ਜੌਹਰ ਵਿਖਾਉਂਦੇ। ਇੱਕ ਪਾਸੇ ਪਰਜਾ ਵਿੱਚ ਉਹ ਵਾਹ-ਵਾਹ ਖੱਟਦੇ ਤੇ ਦੂਜੇ ਪਾਸੇ ਪਰਜਾ, ਰਾਜਾ ਚਕਰਧਰ ਦੀ ਵੀ ਜੈ-ਜੈ ਕਾਰ ਕਰਦੀ। ਇਨ੍ਹਾਂ ਸੱਤ ਰਤਨਾਂ ਦੀ ਚੋਣ ਕਰਨ ਸਮੇਂ ਬੜਾ ਧਿਆਨ ਰੱਖਿਆ ਜਾਂਦਾ ਕਿ ਸਿੱਧੇ-ਪੁੱਠੇ ਢੰਗ ਨਾਲ ਜਾਂ ਕੋਈ ਚੋਰ ਦਰਵਾਜ਼ੇ ਰਾਹੀਂ ਇਸ ਅਹੁਦੇ ’ਤੇ ਕਾਬਜ਼ ਨਾ ਹੋ ਜਾਵੇ। ਮਹਾਰਾਜੇ ਦਾ ਇੱਕ ਚਕਰ-ਅਚਾਰੀਆ ਮੁਖੀ ਹੁੰਦਾ ਜਿਸ ਨੂੰ ਸ਼ਿਖੰਡੀਧਰ ਦਾ ਦਰਜਾ ਦਿੱਤਾ ਜਾਂਦਾ। ਇਨ੍ਹਾਂ ਰਤਨਾਂ ਦੀ ਚੋਣ ਮੁੱਖ ਤੌਰ ’ਤੇ ਸ਼ਿਖੰਡੀਧਰ ਹੀ ਕਰਦਾ ਪਰ ਉਹ ਮਹਾਰਾਜੇ ਨਾਲ ਵੀ ਇਸ ਲਈ ਸਲਾਹ-ਮਸ਼ਵਰਾ ਕਰਦਾ ਰਹਿੰਦਾ। ਮਹਾਰਾਜੇ ਦਾ ਹੁਕਮ ਸੀ ਕਿ ਕੋਈ ਵੀ ਰਤਨ ਅਜਿਹਾ ਨਾ ਹੋਵੇ ਜਿਸ ਦੀਆਂ ਅੱਖਾਂ ਆਰ-ਪਾਰ ਵੇਖ ਸਕਦੀਆਂ ਹੋਣ, ਨਾ ਹੀ ਉਸ ਦੇ ਕੰਨ ਆਰ-ਪਾਰ ਸੁਣ ਸਕਦੇ ਹੋਣ ਤੇ ਨਾ ਹੀ ਨੱਕ ਆਰ-ਪਾਰ ਸੁੰਘ ਸਕਦੇ ਹੋਣ ਤੇ ਉਨ੍ਹਾਂ ਦੀ ਆਵਾਜ਼ ਵੀ ਆਰ-ਪਾਰ ਨਾ ਜਾ ਸਕਦੀ ਹੋਵੇ। ਮਹਾਰਾਜੇ ਤੇ ਚਕਰ-ਅਚਾਰੀਆ ਦੋਵਾਂ ਨੂੰ ਪਤਾ ਸੀ ਕਿ ਆਰ-ਪਾਰ ਤੇ ਪਰਜਾ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੁੰਦਾ ਹੈ।
ਪਰਜਾ ਵਿੱਚੋਂ ਕੋਈ ਵੀ ਵਿਅਕਤੀ ਮਹਾਰਾਜੇ ਜਾਂ ਮੰਤਰੀ ਦੀ ਹੁਕਮ-ਅਦੂਲੀ ਕਰਨ ਦੀ ਹਿੰਮਤ ਨਹੀਂ ਸੀ ਕਰਦਾ ਕਿਉਂਕਿ ਹੁਕਮ-ਅਦੂਲੀ ਕਰਨ ਵਾਲਿਆਂ ਨੂੰ ਜਾਂ ਤਾਂ ਜਿਉਂਦਿਆਂ ਸਾੜ ਦਿੱਤਾ ਜਾਂਦਾ ਜਾਂ ਸਰੀਰ ਦੇ ਅੰਗ ਵੱਢ ਦਿੱਤੇ ਜਾਂਦੇ ਜਾਂ ਫਿਰ ਸੂਲੀ ਟੰਗ ਦਿੱਤਾ ਜਾਂਦਾ।
ਚਕਰਧਰ ਪ੍ਰਾਂਤ ਦਾ ਲੋਕਪਾਲ ਅਮੀਰ ਚੰਦ ਨਾਂ ਦਾ ਵਿਅਕਤੀ ਸੀ ਤੇ ਉਹ ਅਤਿ-ਅਭਿਲਾਸ਼ੀ ਕਿਸਮ ਦਾ ਵਿਅਕਤੀ ਸੀ। ਉਹ ਚਾਹੁੰਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਮਹਾਰਾਜਾ ਚਕਰਧਰ ਦੇ ਨੇੜੇ ਪਹੁੰਚੇ ਤੇ ਹੋਰ ਸੱਤਾ ਤੇ ਪੁਰਸਕਾਰਾਂ ਦਾ ਆਨੰਦ ਮਾਣੇ। ਉਸ ਨੇ ਇੱਕ ਪ੍ਰਸਿੱਧ ਸਾਹਿਤਕਾਰ ਨੂੰ ਕੁਝ ਮੋਹਰਾਂ ਦੇ ਕੇ ਨੌਕਰੀ ’ਤੇ ਰੱਖ ਲਿਆ ਅਤੇ ਦੁਨੀਆਂ ਦੀਆਂ ਸਿਰਮੌਰ ਰਚਨਾਵਾਂ ਵਿੱਚ ਪਾਤਰਾਂ ਤੇ ਕਥਾਨਕ ਵਿੱਚ ਤਬਦੀਲੀ ਕਰ ਕੇ ਇੱਕ ਨਵੀਂ ਕਾਵਿ-ਰਚਨਾ ਆਪਣੇ ਨਾਂ ’ਤੇ ਤਿਆਰ ਕਰਵਾ ਲਈ। ਉਸ ਨੇ ਬੜੀ ਹੁਸ਼ਿਆਰੀ ਨਾਲ ਇਹ ਕੰਮ ਦੋ ਸਾਲਾਂ ਵਿੱਚ ਪੂਰਾ ਕੀਤਾ। ਫਿਰ ਉਸ ਨੌਕਰੀ ’ਤੇ ਰੱਖੇ ਸਾਹਿਤਕਾਰ ਨੂੰ ਕਿਸੇ ਮਿੱਥੀ ਦੁਰਘਟਨਾ ਵਿੱਚ ਮਰਵਾ ਦਿੱਤਾ ਗਿਆ। ਉਸ ਨੇ ਉਹ ਰਚਨਾ ਚਕਰ-ਅਚਾਰੀਆ ਸ਼ਿਖੰਡੀ ਕੋਲ ਭੇਜੀ ਤੇ ਆਪਣਾ ਹੱਕ ਸਾਹਿਤ ਰਤਨ ਭਾਵ ਸਾਹਿਤ ਰਾਜਸ਼੍ਰੀ ਪੁਰਸਕਾਰ ’ਤੇ ਜਤਾਇਆ।
ਚਕਰ-ਅਚਾਰੀਆ ਸ਼ਿਖੰਡੀ ਨੇ ਹੋਰ ਉਮੀਦਵਾਰਾਂ ਦੇ ਨਾਲ-ਨਾਲ ਅਮੀਰ ਚੰਦ ਨੂੰ ਵੀ ਬੁਲਾ ਲਿਆ ਤੇ ਅਮੀਰ ਚੰਦ ਵੀ ਕਾਫ਼ੀ ਤਿਆਰੀ ਕਰ ਕੇ ਰਾਜ-ਦਰਬਾਰੇ ਪੁੱਜਾ। ਚਕਰ-ਅਚਾਰੀਆ ਸ਼ਿਖੰਡੀ ਨੇ ਉਹ ਪੁਸਤਕ ਪਹਿਲਾਂ ਪੜ੍ਹਵਾ ਲਈ ਸੀ ਅਤੇ ਵਿਦਵਾਨਾਂ ਨੇ ਉਸ ਨੂੰ ਇਸ ਤੋਂ ਜਾਣੂੰ ਕਰਵਾਇਆ ਸੀ ਕਿ ਇਹ ਰਚਨਾ ਮੌਲਿਕ ਨਹੀਂ ਹੈ।
ਚਕਰ-ਅਚਾਰੀਆ ਨੇ ਪਹਿਲਾ ਪ੍ਰਸ਼ਨ ਕੀਤਾ: ਆਪ ਨੂੰ ਇਸ ਰਚਨਾ ਦੀ ਪ੍ਰੇਰਣਾ ਕਿੱਥੋਂ ਤੇ ਕਿਵੇਂ ਮਿਲੀ?
ਅਮੀਰ ਚੰਦ ਨੇ ਜੁਆਬ ਦਿੱਤਾ: ਬਸ ਇੱਕ ਦਿਨ ਸੁਪਨਾ ਆਇਆ ਤੇ ਸੁਪਨੇ ਵਿੱਚ ਦੇਵੀ ਮਾਤਾ ਨੇ ਮੈਨੂੰ ਇਹ ਰਚਨਾ ਕਰਨ ਦਾ ਆਦੇਸ਼ ਦਿੱਤਾ।
ਚਕਰ-ਅਚਾਰੀਏ ਨੇ ਦੂਜਾ ਪ੍ਰਸ਼ਨ ਕੀਤਾ: ਇਸ ਰਚਨਾ ਨੂੰ ਸਿਰਜਣ ਵਿੱਚ ਤੁਹਾਨੂੰ ਕਿੰਨਾ ਸਮਾਂ ਲੱਗਿਆ?
ਜੁਆਬ ਸੀ: ਬਸ ਛੇ ਮਹੀਨੇ।
ਚਕਰ-ਅਚਾਰੀਆ ਨੇ ਫਿਰ ਪ੍ਰਸ਼ਨ ਕੀਤਾ: ਇੰਨੀ ਵੱਡ-ਅਕਾਰੀ ਤੇ ਮਹਾਨ ਰਚਨਾ ਦੀ ਸਿਰਜਣਾ ਛੇ ਮਹੀਨੇ ਵਿੱਚ ਕਿਵੇਂ ਸੰਭਵ ਹੈ? ਇਨ੍ਹਾਂ ਛੇ ਮਹੀਨਿਆਂ ਵਿੱਚ ਤੁਸੀਂ ਚੱਕਰ ਦਾ ਭਾਵ ਪ੍ਰਾਂਤ ਦਾ ਕੋਈ ਕੰਮ ਨਹੀਂ ਕੀਤਾ ਹੋਵੇਗਾ ਤਾਂ ਹੀ ਇਹ ਰਚਨਾ ਰਚ ਸਕੇ ਹੋਵੋਗੇ?
ਅਮੀਰ ਚੰਦ ਬੌਂਦਲ ਗਿਆ ਤੇ ਉਸ ਨੇ ਥਥਲਾਉਂਦਿਆਂ ਕਿਹਾ: ਸਭ ਦੇਵੀ ਮਾਤਾ ਮੈਥੋਂ ਕਰਵਾਉਂਦੀ ਰਹੀ ਹੈ। ਜੋ ਉਹ ਲਿਖਵਾਉਂਦੀ ਰਹੀ ਮੈਂ ਲਿਖਦਾ ਰਿਹਾ ਹਾਂ।
ਚਕਰ-ਅਚਾਰੀਆ ਨੇ ਫਿਰ ਪੁੱਛਿਆ: ਇਹ ਰਚਨਾ ਪੂਰੀ ਹੋਣ ਮਗਰੋਂ ਫਿਰ ਕਦੇ ਦੇਵੀ ਮਾਤਾ ਪ੍ਰਗਟ ਹੋਈ?
ਜੁਆਬ ਸੀ: …ਨਹੀਂ …ਹਾਂ ਇੱਕ ਵਾਰ। ਬਸ ਆਸ਼ੀਰਵਾਦ ਦੇ ਕੇ ਚਲੀ ਗਈ।
ਚਕਰ-ਅਚਾਰੀਆ ਨੇ ਦੋਵਾਂ ਹੱਥਾਂ ਨਾਲ ਤਾੜੀ ਵਜਾਈ ਤੇ ਤਿੰਨ ਵਿਅਕਤੀ ਹਾਜ਼ਰ ਹੋ ਗਏ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਮਹਾਨ ਗ੍ਰੰਥ ਚੁੱਕੇ ਹੋਏ ਸਨ ਜਿਨ੍ਹਾਂ ਵਿੱਚੋਂ ਉਹ ਰਚਨਾ ਚੋਰੀ ਕੀਤੀ ਗਈ ਸੀ। ਮਹਾਰਾਜਾ ਚਕਰਧਰ ਨੂੰ ਦੋਸ਼ਾਂ ਦਾ ਪਤਾ ਲੱਗਾ ਤੇ ਅਮੀਰ ਚੰਦ ਨੂੰ ਸਾਰੀ ਉਮਰ ਇੱਕ ਭੋਰੇ ਵਿੱਚ ਬੰਦ ਰੱਖਣ ਦਾ ਹੁਕਮ ਸੁਣਾ ਦਿੱਤਾ ਗਿਆ।
…ਪਰ ਫਿਰ ਵੀ ਕੁਝ ਵਿਅਕਤੀ ਸਖ਼ਤ ਅਸੂਲਾਂ ਦੀ ਵਾੜ ਟੱਪ ਹੀ ਲੈਂਦੇ। …ਸਮਰਾਟ ਚੱਕਰਧਰ ਖ਼ੁਸ਼ ਹੁੰਦਾ ਕਿ ਕੋਈ ਵੀ ਰਤਨ ਜਾਂ ਅਹਿਮ ਅਹੁਦੇਦਾਰ ਆਪਣੀਆਂ ਅੱਖਾਂ, ਆਪਣੇ ਕੰਨਾਂ ਜਾਂ ਨੱਕ ਦਾ ਉਪਯੋਗ ਨਹੀਂ ਸੀ ਕਰਦਾ। ਲੋਭ-ਲਾਲਚ ਨੇ ਮਹਾਨ ਸ਼ਖ਼ਸੀਅਤਾਂ ਦੀ ਜ਼ਮੀਰ ਨੂੰ ਵੀ ਤਾਲੇ ਮਾਰ ਦਿੱਤੇ ਸਨ। ਉਹ ਦਰਬਾਰ ਦੁਆਰਾ ਪਰੋਸੇ ਭੋਜਨ ਨੂੰ ਵੀ ਅੰਮ੍ਰਿਤ ਦੱਸਦੇ ਤੇ ਅਕਸਰ ਪਰੋਸੇ ਛੱਤੀ ਪਦਾਰਥਾਂ ਵਿੱਚ ਅੰਮ੍ਰਿਤ ਹੀ ਤਲਾਸ਼ਦੇ। …ਉਨ੍ਹਾਂ ਦੀਆਂ ਪਤਨੀਆਂ ਰਾਜੇ ਦੇ ਹਮਾਮ ਦੀ ਸ਼ੋਭਾ ਬਣਦੀਆਂ ਤੇ ਉਹ ਇਸ ਵੱਲੋਂ ਵੀ ਆਪਣੇ ਅੱਖਾਂ-ਕੰਨ ਲਪੇਟ ਕੇ ਰੱਖਦੇ। …ਸ਼ਾਹੀ ਦਰਬਾਰ ਦੇ ਹਮਾਮ ਦਾ ਮੁੱਖ ਪ੍ਰਬੰਧਕ ਚਕਰ-ਅਚਾਰੀਆ ਸ਼ਿਖੰਡੀ ਹੀ ਹੁੰਦਾ।
ਮਹਾਰਾਜਾ ਚੱਕਰਧਰ ਭਾਵੇਂ ਪਰਜਾ ਵਿੱਚ ਹਰਮਨ ਪਿਆਰਾ ਸੀ ਤੇ ਬਹੁਤੇ ਲੋਕ ਉਸ ਤੋਂ ਸਹਿਮਦੇ ਹੋਏ ਦੜ ਵੱਟੀ ਰੱਖਦੇ ਸਨ ਪਰ ਹਜ਼ਾਰਾਂ ਵਿੱਚੋਂ ਇੱਕਾ, ਦੁੱਕਾ ਵਿਅਕਤੀ ਮਹਾਰਾਜੇ ਨੂੰ ਦਬੀ ਸੁਰ ਵਿੱਚ ਚਾਲਬਾਜ਼, ਮੱਕਾਰ, ਸ਼ੋਸ਼ਣ ਕਰਨ ਵਾਲਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਨਾਸ਼ਕ ਦੱਸਦੇ। ਅਜਿਹੇ ਵਿਅਕਤੀਆਂ ਦਾ ਇੱਕ ਪ੍ਰਤੀਨਿਧ ਸੀ ਕੇਸਰ ਕ੍ਰਾਂਤੀ। ਉਹ ਬੇਖ਼ੌਫ਼ ਹੋ ਕੇ ਪਰਜਾ ਵਿੱਚ ਮਹਾਰਾਜੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਹਿਮਾਕਤ ਤੇ ਹਿੰਮਤ ਕਰਦਾ। ਜੋ ਕੋਈ ਕੇਸਰ ਕ੍ਰਾਂਤੀ ਤੋਂ ਉਸ ਦੀ ਰਚਨਾ ਕ੍ਰਾਂਤੀ ਧੁਨ ਸੁਣ ਲੈਂਦਾ, ਉਹ ਉਸ ਦਾ ਮੁਰੀਦ ਬਣ ਜਾਂਦਾ ਤੇ ਉਹ ਵੀ ਮਹਾਰਾਜੇ ਚਕਰਧਰ ਖ਼ਿਲਾਫ਼ ਬਾਗ਼ੀ ਸੁਰ ਦਾ ਝੰਡਾ ਚੁੱਕ ਲੈਂਦਾ।
ਮਹਾਰਾਜਾ ਚੱਕਰਧਰ ਨੇ ਸੈਨਾਪਤੀ, ਮੰਤਰੀਆਂ ਤੇ ਚਕਰ-ਅਚਾਰੀਆ ਨਾਲ ਸਲਾਹ-ਮਸ਼ਵਰਾ ਕਰ ਕੇ ਕੇਸਰ ਕ੍ਰਾਂਤੀ ਅਤੇ ਉਸ ਦੇ ਸਾਥੀਆਂ ਨੂੰ ਦੋਸ਼ ਧਰੋਹ ਦੇ ਸੰਗੀਨ ਜੁਰਮ ਵਿੱਚ ਕੈਦਖਾਨੇ ਵਿੱਚ ਸੁੱਟ ਦਿੱਤਾ ਜਿੱਥੇ ਕੈਦੀਆਂ ਤੋਂ ਮੁਸ਼ੱਕਤ ਭਰਿਆ ਕੰਮ ਲਿਆ ਜਾਂਦਾ ਅਤੇ ਖਾਣ ਨੂੰ ਨਾਂ-ਮਾਤਰ ਇੱਕ ਮੁੱਠੀ ਚਾਵਲ ਤੇ ਇੱਕ ਰੋਟੀ ਹਰ ਰੋਜ਼ ਦਿੱਤੀ ਜਾਂਦੀ। ਕੈਦੀ ਹੱਡ-ਭੰਨਵੀਂ ਮਿਹਨਤ-ਮੁਸ਼ੱਕਤ ਤੇ ਘੱਟ ਖੁਰਾਕ ਕਾਰਨ ਲਿੱਸੇ ਤੇ ਬੀਮਾਰ ਹੁੰਦੇ ਜਾਂਦੇ। ਇਸ ਦੌਰਾਨ ਕੇਸਰ ਕ੍ਰਾਂਤੀ ਦੀਆਂ ਅੱਖਾਂ ਦੀ ਜੋਤ ਚਲੀ ਗਈ ਤੇ ਉਸ ਨੂੰ ਸੁਣਨਾ ਵੀ ਬੰਦ ਹੋ ਗਿਆ ਪਰ ਉਹ ਅਜੇ ਵੀ ਕ੍ਰਾਂਤੀ ਧੁਨ ਦੀ ਰਚਨਾ ਰਚਦਾ ਤੇ ਆਪਣੇ ਸਾਥੀ ਕੈਦੀਆਂ ਨੂੰ ਸੁਣਾਉਂਦਾ। ਕੁਝ ਧੁਨਾਂ ਜੇਲ੍ਹ ਤੋਂ ਬਾਹਰ ਵੀ ਚਲੀਆਂ ਜਾਂਦੀਆਂ ਤੇ ਮਹਾਰਾਜੇ ਦੀ ਨੀਂਦ ਉਡਾ ਦਿੰਦੀਆਂ। ਕੇਸਰ ਕ੍ਰਾਂਤੀ ਦੇ ਪਰਿਵਾਰ ਨੇ ਮਹਾਰਾਜੇ ਨੂੰ ਬੇਨਤੀ ਕੀਤੀ ਕਿ ਉਸ ਨੂੰ ਰਿਹਾਅ ਕਰ ਦਿੱਤਾ ਜਾਵੇ ਕਿਉਂਕਿ ਉਹ ਹੁਣ ਨਾ ਤਾਂ ਸੁਣ ਸਕਦਾ ਹੈ ਤੇ ਨਾ ਹੀ ਕੁਝ ਵੇਖ ਸਕਦਾ ਹੈ। ਪਰਿਵਾਰ ਨੂੰ ਜੁਆਬ ਮਿਲਿਆ: ਉਹ ਬੋਲ ਤਾਂ ਸਕਦਾ ਹੈ ਨਾ?
ਇੱਕ ਹੋਰ ਮੰਤਰੀ ਨੇ ਮਹਾਰਾਜੇ ਨੂੰ ਕਿਹਾ: ਉਹ ਅੰਨਾ ਹੋ ਕੇ ਵੀ ਆਰ-ਪਾਰ ਦੇਖ ਸਕਦਾ ਹੈ ਤੇ ਬੋਲਾ ਹੋ ਕੇ ਵੀ ਆਰ-ਪਾਰ ਦੀਆਂ ਗੱਲਾਂ ਸੁਣ ਸਕਦਾ ਹੈ!
ਪਰਿਵਾਰ ਦੇ ਜੀਆਂ ਨੇ ਚਕਰ-ਅਚਾਰੀਆ ਤੇ ਮਹਾਰਾਜੇ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਕੁਝ ਵੀ ਨਹੀਂ ਹੋਵੇਗਾ। ਉਸ ਦੀ ਪਤਨੀ, ਉਸ ਦੇ ਬੱਚੇ, ਉਸ ਦੇ ਕੰਧੀ ਉੱਤੇ ਰੁੱਖੜੇ ਮਾਂ-ਪਿਓ ਉਸ ਦੀ ਰਿਹਾਈ ਲਈ ਬੇਤਾਬ ਸਨ। ਉਨ੍ਹਾਂ ਸਭਨਾਂ ਨੇ ਭਰੋਸਾ ਦਿੱਤਾ ਕਿ ਉਸ ਨੂੰ ਅਜਿਹਾ ਕੁਝ ਵੀ ਨਹੀਂ ਕਰਨ ਦੇਣਗੇ ਜਿਸ ਨਾਲ ਮਹਾਰਾਜੇ ਜਾਂ ਕਿਸੇ ਹੋਰ ਦੀ ਨੀਂਦ ਉੱਡੇ।
ਮਹਾਰਾਜੇ ਨੇ ਕਾਫ਼ੀ ਦੇਰ ਗੰਭੀਰਤਾ ਨਾਲ ਸੋਚਿਆ ਤੇ ਫਿਰ ਚਕਰ-ਅਚਾਰੀਆ ਦੀ ਸਲਾਹ ’ਤੇ ਉਸ ਨੂੰ ਜੇਲ੍ਹ ਤੋਂ ਮੁਕਤ ਕਰ ਦਿੱਤਾ।
ਕੇਸਰ ਕ੍ਰਾਂਤੀ ਘਰ ਪੁੱਜਾ ਤਾਂ ਉਹ ਪਹਿਲਾਂ ਆਪਣੇ ਘਰ-ਪਰਿਵਾਰ ਦੇ ਜੀਆਂ ਨਾਲ ਔਖਾ ਭਾਰਾ ਹੋਇਆ ਕਿਉਂਕਿ ਉਸ ਦੇ ਸੈਂਕੜੇ ਸਾਥੀ ਤਾਂ ਅਜੇ ਵੀ ਜੇਲ੍ਹ ਵਿੱਚ ਸਨ। ਉਸ ਨੂੰ ਘਰ ਦੇ ਅੰਦਰ ਹੀ ਰਹਿਣ ਦਾ ਹੁਕਮ ਸੀ। ਲੋਕ ਉਸ ਨੂੰ ਮਿਲਣ ਲਈ ਆਉਂਦੇ ਤੇ ਉਸ ਨੂੰ ਕ੍ਰਾਂਤੀ ਧੁਨ ਗਾਉਣ ਲਈ ਆਖਦੇ। ਹੁਣ ਉਹ ਕ੍ਰਾਂਤੀ ਧੁਨ ਕਰੁਣਾਮਈ ਬਣ ਗਈ ਸੀ। ਬੀਰ ਰਸ, ਕਰੁਣਾ ਰਸ ਵਿੱਚ ਤਬਦੀਲ ਹੁੰਦਾ ਜਾਪਦਾ। ਲੋਕ ਜਿੱਥੇ ਕੇਸਰ ਕ੍ਰਾਂਤੀ ਨਾਲ ਹਮਦਰਦੀ ਜਤਾਉਂਦੇ, ਉੱਥੇ ਮਹਾਰਾਜਾ ਚਕਰਧਰ ਦੀ ਤਾਰੀਫ਼ ਵੀ ਕਰਦੇ ਕਿ ਉਸ ਨੇ ਕੇਸਰ ਕ੍ਰਾਂਤੀ ਨੂੰ ਜੇਲ੍ਹ ਤੋਂ ਆਖ਼ਰ ਮੁਕਤ ਕਰ ਹੀ ਦਿੱਤਾ ਹੈ। ਚਕਰ-ਅਚਾਰੀਆ ਸ਼ਿਖੰਡੀ ਨੇ ਇੱਕ ਹੋਰ ਚਾਲ ਚੱਲੀ ਅਤੇ ਮਹਾਰਾਜੇ ਨਾਲ ਗੁਪਤ ਗੱਲਬਾਤ ਕੀਤੀ। ਕੇਸਰ ਕ੍ਰਾਂਤੀ ਦੇ ਪਰਿਵਾਰ ਦੇ ਇੱਕ ਅਹਿਮ ਮੈਂਬਰ ਨੂੰ ਬੁਲਾ ਕੇ ਕਿਹਾ ਗਿਆ ਕਿ ਮਹਾਰਾਜਾ ਕੇਸਰ ਕ੍ਰਾਂਤੀ ਨੂੰ ਸਾਹਿਤ ਸ਼੍ਰੀ ਦਾ ਪੁਰਸਕਾਰ ਦੇਣ ਲਈ ਤਿਆਰ ਹੈ ਜੇ ਉਹ ਕ੍ਰਾਂਤੀ ਧੁਨ ਦੀ ਥਾਂ ਚਕਰਧੁਨ ਸੁਣਾਉਣਾ ਸ਼ੁਰੂ ਕਰ ਦੇਵੇ। ਪਰਿਵਾਰ ਦੇ ਅਹਿਮ ਵਿਅਕਤੀ ਨੇ ਭਰੋਸਾ ਦਿੱਤਾ ਕਿ ਉਹ ਇਸ ਲਈ ਕੇਸਰ ਕ੍ਰਾਂਤੀ ਨੂੰ ਮਨਾ ਲਵੇਗਾ। ਕੇਸਰ ਕ੍ਰਾਂਤੀ ਨੂੰ ਜਦੋਂ ਮਹਾਰਾਜੇ ਚਕਰਧਰ ਦੀ ਭੇਟ ਬਾਰੇ ਦੱਸਿਆ ਗਿਆ ਤਾਂ ਉਹ ਨੀਮ ਪਾਗਲ ਹੋ ਗਿਆ ਅਤੇ ਉੱਚੀ-ਉੱਚੀ ਮਹਾਰਾਜੇ, ਸਬੰਧਿਤ ਮੰਤਰੀ ਤੇ ਘਰ ਦੇ ਜੀਆਂ ਨੂੰ ਗਾਲ੍ਹਾਂ ਕੱਢਣ ਲੱਗਾ। ਘਰ ਦੇ ਉਸ ਅਹਿਮ ਵਿਅਕਤੀ ਨੇ ਚਕਰ-ਅਚਾਰੀਆ ਸ਼ਿਖੰਡੀ ਨਾਲ ਗੰਢ-ਤੁੱਪ ਕੀਤੀ ਤੇ ਸ਼ਾਹੀ ਹਕੀਮ ਤੋਂ ਇੱਕ ਪੁੜੀ ਲੈ ਆਇਆ ਕਿ ਇਸ ਨਾਲ ਕੇਸਰ ਕ੍ਰਾਂਤੀ ਨੌਂ-ਬਰ-ਨੌਂ ਹੋ ਜਾਵੇਗਾ। ਜਿਉਂ ਹੀ ਕੇਸਰ ਕ੍ਰਾਂਤੀ ਨੂੰ ਉਹ ਪੁੜੀ ਦਿੱਤੀ ਗਈ ਤਾਂ ਉਸ ਦੀ ਆਵਾਜ਼ ਬੰਦ ਹੋ ਗਈ ਤੇ ਦਿਮਾਗ਼ ਸੁੰਨ ਹੋ ਗਿਆ ਸੀ। ਹੁਣ ਕੇਸਰ ਕ੍ਰਾਂਤੀ ਨਾ ਕੋਈ ਕ੍ਰਾਂਤੀ ਧੁਨ ਗਾ ਸਕਦਾ ਸੀ ਤੇ ਨਾ ਹੀ ਕੁਝ ਸੁਣਾ ਸਕਦਾ ਸੀ। …ਕੇਸਰ ਕ੍ਰਾਂਤੀ ਦੀਆਂ ਅੱਖਾਂ ਬੰਦ ਸਨ ਪਰ ਉਸ ਦੇ ਬੁੱਲ੍ਹ ਗੁੱਸੇ ਵਿੱਚ ਥਰਥਰਾਉਂਦੇ ਰਹਿੰਦੇ ਤੇ ਉਸ ਦੀਆਂ ਮੀਚੀਆਂ ਹੋਈਆਂ ਮੁੱਠੀਆਂ ਕਚੀਚੀਆਂ ਵੱਟਦੀਆਂ ਲੱਗਦੀਆਂ। …ਪਰ ਉਸ ਦੇ ਘਰ ਦੇ ਜੀਅ ਉਸ ਨੂੰ ਤਿੰਨ ਸਾਲਾਂ ਲਈ ਜਿਉਂਦਾ ਰੱਖਣ ਦੇ ਉਪਰਾਲੇ ਕਰਦੇ ਰਹਿੰਦੇ ਕਿਉਂਕਿ ਹਰ ਮਹੀਨੇ ਉਨ੍ਹਾਂ ਨੂੰ ਸੌ ਮੋਹਰਾਂ ਜੋ ਮਿਲਦੀਆਂ ਰਹਿਣੀਆਂ ਸਨ।
ਚਕਰ-ਅਚਾਰੀਆ ਸ਼ਿਖੰਡੀ ਦੀ ਸਲਾਹ ’ਤੇ ਸਾਹਿਤ ਰਤਨ ਦਾ ਪੁਰਸਕਾਰ ਮਹਾਰਾਜਾ ਆਪ ਕੇਸਰ ਕ੍ਰਾਂਤੀ ਨੂੰ ਦੇਣ ਲਈ ਉਸ ਦੇ ਘਰ ਪੁੱਜਾ। ਪਰਜਾ ਵਿੱਚ ਇਸ ਕਦਮ ਦਾ ਪੁਰ-ਜ਼ੋਰ ਸੁਆਗਤ ਕੀਤਾ ਗਿਆ। ਪਰਜਾ ਮਹਾਰਾਜਾ ਚਕਰਧਰ ਦਾ ਗੁਣਗਾਨ ਕਰਨ ਲੱਗੀ। ਨੀਮ ਬੇਹੋਸ਼ ਹੋਏ ਕੇਸਰ ਕ੍ਰਾਂਤੀ ਦੇ ਘਰ ਦੇ ਜੀਆਂ ਨੇ ਮਹਾਰਾਜੇ ਤੋਂ ਪੁਰਸਕਾਰ ਪ੍ਰਾਪਤ ਕਰ ਲਿਆ ਤੇ ਬਾਹਰ ਆ ਕੇ ਇਹ ਕਹਿ ਦਿੱਤਾ ਗਿਆ ਕਿ ਕੇਸਰ ਕ੍ਰਾਂਤੀ ਨੇ ਆਪ ਹੀ ਮਹਾਰਾਜੇ ਤੋਂ ਉਹ ਪੁਰਸਕਾਰ ਬੜੇ ਨਿਮਰਤਾ ਤੇ ਮਾਣ ਸਹਿਤ ਕਬੂਲ ਲਿਆ ਹੈ। ਕੇਸਰ ਕ੍ਰਾਂਤੀ ਦੇ ਪਰਿਵਾਰ ਦੇ ਅਹਿਮ ਮੈਂਬਰ ਨੇ ਘਰ ਤੋਂ ਬਾਹਰ ਆ ਕੇ ਪਰਜਾ ਦੀ ਉਮੜੀ ਭੀੜ ਨੂੰ ਸੰਬੋਧਨ ਕੀਤਾ: ‘‘ਸ੍ਰੀ ਕੇਸਰ ਕ੍ਰਾਂਤੀ ਮਹਾਰਾਜੇ ਦੇ ਇਸ ਉਪਕਾਰ ਲਈ ਰਿਣੀ ਹਨ ਤੇ ਉਹ ਛੇਤੀ ਹੀ ਦਰਬਾਰ ਵਿੱਚ ਆਪਣਾ ਅਹੁਦਾ ਹਾਸਲ ਕਰਨਗੇ ਤੇ ਪਰਜਾ ਨੂੰ ਮੁਖ਼ਾਤਬ ਵੀ ਹੋਣਗੇ।’’
ਮਹਾਰਾਜੇ ਦੀ ਜੈ-ਜੈ ਕਾਰ ਨਾਲ ਚਾਰੇ ਦਿਸ਼ਾਵਾਂ ਗੂੰਜ ਉੱਠੀਆਂ ਸਨ ਪਰ ਮਹਾਰਾਜੇ ਨੂੰ ਲੱਗਦਾ ਕਿ ਉਸ ਦੇ ਮਹਿਲ ਵਿੱਚ ਉਹ ਕ੍ਰਾਂਤੀ ਧੁਨ ਅਜੇ ਵੀ ਗੂੰਜ ਰਹੀ ਹੈ।
ਸਮਰਾਟ ਚਕਰਧਰ ਤੇ ਚਕਰ-ਅਚਾਰੀਆ ਨੇ ਕੇਸਰ ਕ੍ਰਾਂਤੀ ਦੀਆਂ ਕਵਿਤਾਵਾਂ ਨੂੰ ਆਪ ਹੀ ਸੰਪਾਦਿਤ ਕਰ ਕੇ ਇੱਕ ਪੁਸਤਕ ਦਾ ਰੂਪ ਦਿੱਤਾ ਤੇ ਫਿਰ ਅੰਨੇ, ਬੋਲੇ ਤੇ ਗੂੰਗੇ ਹੋਏ ਕੇਸਰ ਕ੍ਰਾਂਤੀ ਨੂੰ ਸਾਹਿਤ ਸ਼੍ਰੀ ਰਤਨ ਦਾ ਅਹੁਦਾ ਦੇ ਦਿੱਤਾ ਗਿਆ। ਕੇਸਰ ਕ੍ਰਾਂਤੀ ਦੇ ਘਰ ਦੇ ਜੀਅ ਜਸ਼ਨ ਮਨਾ ਰਹੇ ਸਨ। ਮਿਲੀਆਂ ਗਿਆਰਾਂ ਸੌ ਮੋਹਰਾਂ ਨਾਲ ਉਨ੍ਹਾਂ ਆਪਣੀ ਝੌਂਪੜੀ ਵਾਲੀ ਥਾਂ ’ਤੇ ਇੱਕ ਮਹਿਲ ਖੜ੍ਹਾ ਕਰ ਲਿਆ ਸੀ। ਪਰਜਾ ਮਹਾਰਾਜਾ ਚੱਕਰਧਰ ਦੀ ਜੈ-ਜੈ ਕਾਰ ਕਰਨ ਲੱਗ ਪਈ। ਕੁਝ ਹੀ ਹਫ਼ਤਿਆਂ ਮਗਰੋਂ ਕੇਸਰ ਕ੍ਰਾਂਤੀ ਨੂੰ ਦੌਰਾ ਪਿਆ ਤੇ ਉਸ ਦੀ ਜ਼ੁਬਾਨ ਕੁਝ ਦੇਰ ਲਈ ਚੱਲਣ ਲੱਗੀ। ਉਸ ਨੂੰ ਪੁਰਸਕਾਰ ਬਾਰੇ ਪਤਾ ਲੱਗਾ। ਉਹ ਮਹਾਰਾਜੇ, ਉਸ ਦੇ ਨਿਜ਼ਾਮ, ਅਹੁਦੇਦਾਰਾਂ ਤੇ ਆਪਣੇ ਘਰ ਦੇ ਅਹਿਮ ਜੀਆਂ ਨੂੰ ਬੇਹਿਸਾਬਾ ਕੋਸਣ ਲੱਗ ਪਿਆ। ਉਹ ਘਰ ਦੇ ਜੀਆਂ ਨੂੰ ਸ਼ਿਖੰਡੀ ਦੀ ਸੰਤਾਨ ਗਰਦਾਨਦਾ। ਘਰ ਦੇ ਜੀਅ ਮਨ ਹੀ ਮਨ ਉਸ ਨੂੰ ‘ਕਮਲਾ-ਸਿਰ ਫਿਰਾ’ ਕਹਿੰਦੇ ਪਰ ਬਾਹਰੋਂ ਮੌਨ ਧਾਰੀ ਰੱਖਦੇ। …ਘਰਦਿਆਂ ਨੇ ਸ਼ਾਹੀ ਹਕੀਮ ਦੀ ਦੂਜੀ ਪੁੜੀ ਦੀ ਮਦਦ ਨਾਲ ਉਸ ਦੀ ਜ਼ੁਬਾਨ ਹਮੇਸ਼ਾਂ-ਹਮੇਸ਼ਾਂ ਲਈ ਬੰਦ ਕਰ ਦਿੱਤੀ ਸੀ। …ਪਰ ਉਸ ਦੁਆਰਾ ਰਚੀ ਕ੍ਰਾਂਤੀ-ਧੁਨ ਦੀ ਚਿੰਗਾਰੀ ਸੁਆਹ ਵਿੱਚ ਵੀ ਪਈ ਮਘਦੀ ਕੁਝ ਲੋਕ ਮਹਿਸੂਸ ਕਰ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬੀ. ਐੱਸ. ਬੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ