Punjabi Stories/Kahanian
ਅਮਰ ਸਿੰਘ
Amar Singh
Punjabi Kavita
  

Qabar Putt Amar Singh

ਕਬਰ ਪੁੱਟ ਅਮਰ ਸਿੰਘ

ਜਗਦੀਸ਼ ਆਪਣੇ ਪਲੰਘ ਉਤੇ ਬੈਠੀ, ਡਰੈਸਿੰਗ ਟੇਬਲ ਉਤੇ ਪਈ ਬਿਜਲੀ ਦੀ ਮੋਮਬੱਤੀ ਦੇ ਧੁੰਦਲੇ ਜਿਹੇ ਚਾਨਣ ਵਿਚ ਮੇਰੇ ਰਵੱਈਏ ਵਿਰੁਧ ਸ਼ਿਕਾਇਤ ਕਰ ਰਹੀ ਹੈ ਤੇ ਮੈਂ ਹਨੇਰੀ ਬਰਸਾਤੀ ਰਾਤ ਤੇ ਉਸ ਕਾਲੇ ਕਫ਼ਨ ਨੂੰ ਦੇਖ ਰਿਹਾ ਹਾਂ ਜੋ ਬਾਰੀ ਵਿਚੋਂ ਨਜ਼ਰ ਆ ਰਿਹਾ ਹੈ, ਤੇ ਜਿਸ ਨੇ ਸਾਡੇ ਇਸ ਲੰਮੇ ਚੌੜੇ 'ਕਾਸ਼ਾਨੇ' ਨੂੰ ਜਗਦੀਸ਼ ਦੇ ਬੈਡਰੂਮ ਸਮੇਤ ਆਪਣੇ ਹਨੇਰੇ ਜੱਫ਼ੇ ਵਿਚ ਜਕੜਿਆ ਹੋਇਆ ਹੈ। ਤੇ ਜਗਦੀਸ਼ ਕਹਿ ਰਹੀ ਹੈ, ਮੈਂ ਬਹੁਤ ਸਾਰਾ ਬਦਲ ਗਿਆ ਹਾਂ। ਮੇਰੀ ਹਿੱਕ ਵਿਚ ਦਿਲ ਨਹੀਂ ਰਿਹਾ। ਇਸ ਤੋਂ ਉਲਟ ਉਹਦੇ ਦਿਲ ਵਿਚ ਮੇਰਾ ਪਿਆਰ ਪਹਿਲੇ ਨਾਲੋਂ ਵੀ ਤੀਬਰ ਹੋ ਗਿਆ ਹੈ, ਪਰ ਮੈਂ ਭਰਾਵਾਂ ਨਾਲ ਮੌਜ ਮੇਲੇ ਵਿਚ ਰੁੱਝ ਕੇ ਭੈਣ ਨੂੰ ਬਿਲਕੁਲ ਭੁੱਲ ਗਿਆ ਹਾਂ। ਮੈਂ ਜਗਦੀਸ਼ ਦੀਆਂ ਅੱਖਾਂ ਵਿਚ ਤੱਕਦਾ ਹਾਂ, ਆਪਣੇ ਦਿਲ ਵਿਚ ਝਾਕਦਾ ਹਾਂ, ਬਾਰੀ ਤੋਂ ਬਾਹਰ ਦੇਖਦਾ ਹਾਂ ਜਿਥੇ ਰਾਤ ਆਪਣੀ ਉਮਰ ਦਾ ਆਖਰੀ ਅੱਧ ਚੁੱਪ-ਚਾਪ ਅੱਥਰੂਆਂ ਵਿਚ ਵਗਾ ਰਹੀ ਹੈ। ਬੂਹੇ ਦੇ ਪਾਰ ਇਕ ਹੋਰ ਬੂਹਾ ਹੈ ਜਿਸ 'ਤੇ ਪਏ ਹੋਏ ਫਰਾਂਸੀਸੀ ਜਾਲੀ ਦੇ ਪਰਦੇ ਉਹਲੇ ਮੈਨੂੰ ਸਿਗਰਟ ਧੁਖਦਾ ਨਜ਼ਰ ਆ ਰਿਹਾ ਹੈ। ਇਹ ਦੇਵਿੰਦਰ ਦਾ ਕਮਰਾ ਹੈ। ਮੇਰਾ ਕਮਰਾ ਬਿਲਕੁਲ ਹਨੇਰੇ ਹੈ। ਤੇ ਮੇਰਾ ਦਿਲ ਬੈਠਦਾ ਜਾਂਦਾ ਹੈ।
ਇਹ ਮੇਰੇ ਹਸਪਤਾਲੋਂ ਨਿਕਲਣ ਦਾ ਦੂਜਾ ਦਿਨ ਹੈ ਤੇ ਮੇਰੀ ਅਰੋਗਤਾ ਦੇ ਜਸ਼ਨ ਦਾ ਪਹਿਲਾ ਦਿਹਾੜਾ। ਮੈਨੂੰ ਕੁਝ ਪਤਾ ਨਹੀਂ ਕਿ ਮੈਨੂੰ ਬਿਮਾਰੀ ਕੀ ਹੋਈ ਸੀ। ਮੈਨੂੰ ਕੇਵਲ ਇੰਨਾ ਦੱਸਿਆ ਗਿਆ ਹੈ ਕਿ ਪਟਨੇ ਸਟੇਸ਼ਨ ਉਤੇ ਰੇਲ ਦੇ ਕਰਮਚਾਰੀਆਂ ਨੇ ਮੈਨੂੰ ਰੇਲ ਦੇ ਡੱਬੇ ਵਿਚ ਬੇਹੋਸ਼ ਪਏ ਦੇਖਿਆ ਸੀ, ਜਿਥੋਂ ਮੈਨੂੰ ਰੇਲਵੇ ਹਸਪਤਾਲ ਵਿਚ ਪੁਚਾਇਆ ਗਿਆ। ਮੇਰੀ ਤਲਾਸ਼ੀ ਲੈਣ 'ਤੇ ਪੁਲਿਸ ਨੂੰ ਮੇਰੇ ਇਕ ਦੋਸਤ ਦਾ ਪਤਾ ਲੱਗਾ। ਉਹਨੂੰ ਤਾਰ ਦਿੱਤੀ ਗਈ। ਮੇਰੇ ਦੋਸਤ ਨੇ ਭਰਾਵਾਂ ਨੂੰ ਖਬਰ ਦਿੱਤੀ। ਤੇ ਉਹ ਮੈਨੂੰ ਕਲਕੱਤੇ ਲੈ ਆਏ।
ਅੱਜ ਸਾਰਾ ਦਿਨ ਮੇਰੇ ਭਰਾ ਮੇਰੇ ਅਰੋਗ ਹੋਣ ਦਾ ਜਸ਼ਨ ਮਨਾਉਂਦੇ ਰਹੇ ਤੇ ਘਰ ਵਾਪਸੀ ਦਾ ਵੀ। ਅੱਜ ਤੋਂ ਸੱਤ ਵਰ੍ਹੇ ਪਹਿਲੋਂ ਮੈਂ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸਾਂ। ਉਨ੍ਹਾਂ ਦਾ ਬਿਜ਼ਨਸ ਹੋਰ ਸੀ ਤੇ ਮੇਰਾ ਕੰਮ ਹੋਰ।
ਦੋਹਾਂ ਕਾਰਜਾਂ ਦਾ ਟਕਰਾਉ ਮੇਰੇ ਘਰ ਛੱਡਣ ਦਾ ਕਾਰਨ ਬਣਿਆ ਸੀ। ਤੇ ਪਿਛਲੇ ਤਿੰਨ ਵਰ੍ਹਿਆਂ ਤੋਂ ਤਾਂ ਮੇਰੇ ਘਰ ਵਾਲਿਆਂ ਨੂੰ ਮੇਰਾ ਕੋਈ ਪਤਾ ਹੀ ਨਹੀਂ ਸੀ। ਜਗਦੀਸ਼ ਦੀ ਸ਼ਿਕਾਇਤ ਕਿੰਨੀ ਕੁ ਠੀਕ ਹੈ।
ਫਰਾਂਸੀਸੀ ਜਾਲੀ ਦੇ ਉਹਲੇ ਸਿਗਰਟ ਧੁਖ-ਧੁਖ ਕੇ ਖਤਮ ਹੋ ਗਿਆ ਹੈ। ਤੇ ਉਹਦੀ ਆਖ਼ਰੀ ਚੰਗਿਆੜੀ ਨਾਲ ਇਕ ਨਵਾਂ ਸਿਗਰਟ ਬਲ ਚੁੱਕਾ ਹੈ। ਮੈਂ ਜਗਦੀਸ਼ ਦਾ ਧਿਆਨ ਇਸ ਵੱਲ ਕਰਵਾਉਂਦਾ ਹਾਂ। ਉਸ ਦਾ ਚਿਹਰਾ ਹੋਰ ਵੀ ਹਨੇਰਾ ਹੋ ਜਾਂਦਾ ਹੈ। ਤੇ ਮੈਂ ਸੋਚਦਾ ਹਾਂ ਕਿ ਮੈਂ ਬਦਲ ਗਿਆ ਹਾਂ, ਜਾਂ ਇਹ ਲੋਕ। ਜਗਦੀਸ਼ ਦਾ ਚਾਨਣ-ਚਰਾਗ ਚਿਹਰਾ ਹਨੇਰੇ ਪੈ ਗਿਆ ਹੈ ਤੇ ਉਹ ਆਪਣੇ ਬੈਡਰੂਮ ਵਿਚ ਬੈਠੀ ਆਪਣੇ ਬੀਤ ਚੁੱਕੇ ਦਿਨਾਂ ਨੂੰ ਯਾਦ ਕਰ ਕੇ ਚੁੱਪ-ਚਾਪ ਆਪਣੇ ਸੁਹਾਗ ਦੀ ਲਾਸ਼ 'ਤੇ ਅਥਰੂ ਵਗਾਉਂਦੀ ਰਹਿੰਦੀ ਹੈ। ਦੇਵਿੰਦਰ ਵੀ ਉਹ ਪਹਿਲੇ ਵਾਲਾ ਦੇਵਿੰਦਰ ਨਹੀਂ ਰਿਹਾ।
ਅੱਜ ਗ੍ਰਾਂਡ ਹੋਟਲ ਵਿਚ ਉਹ ਨਾਚ ਦਾ ਇਕ ਰਾਊਂਡ ਨੱਚ ਕੇ ਬੈਠ ਗਿਆ ਸੀ। ਐਡਨਾ ਦੀਆਂ ਸੋਹਣੀਆਂ ਪ੍ਰੇਰਕ ਅੱਖਾਂ ਵੀ ਉਹਨੂੰ ਨਾਚ ਦੀ ਪ੍ਰੇਰਨਾ ਨਹੀਂ ਸਨ ਦੇ ਸਕੀਆਂ। ਇਹ ਦੇਵਿੰਦਰ ਉਹੋ ਹੈ ਜੋ ਸਾਰੀ-ਸਾਰੀ ਰਾਤ ਨੱਚਿਆ ਕਰਦਾ ਸੀ ਤੇ ਥੱਕਦਾ ਨਹੀਂ ਸੀ; ਜਿਸ ਨਾਲ ਹਰ ਕੁੜੀ ਨੱਚਣ ਲਈ ਦਿਲ ਹੀ ਦਿਲ ਵਿਚ ਅਰਦਾਸਾਂ ਕਰਿਆ ਕਰਦੀ ਸੀ। ਤੇ ਬਹੁਤ ਸਾਰੀਆਂ ਕੁੜੀਆਂ ਨੂੰ ਨਿਰਾਸ਼ ਹੋਣਾ ਪੈਂਦਾ ਸੀ, ਕਿਉਂਕਿ ਰਾਤ ਬਹੁਤ ਛੋਟੀ ਹੁੰਦੀ ਸੀ।
ਐਡਨਾ ਨਿਰਾਸ਼ ਹੋ ਕੇ ਉਸ ਦੇ ਲਾਗੇ ਬੈਠ ਗਈ। ਉਹ ਹੌਲੀ ਹੌਲੀ ਡਰਾਈ ਜਿਨ ਦਾ ਦੂਜਾ ਪੈਗ ਸਿਪ ਕਰ ਰਿਹਾ ਸੀ, ਸਗੋਂ ਸਮਝਿਆ ਜਾਏ ਤਾਂ ਬੁੱਲ੍ਹ ਗਿੱਲੇ ਕਰ ਰਿਹਾ ਸੀ। ਉਹ ਹੱਸ-ਹੱਸ ਕੇ ਐਡਨਾ ਨਾਲ ਗੱਲਾਂ ਕਰ ਰਿਹਾ ਸੀ ਤੇ ਮੈਂ ਵਰਮੌਥ ਦਾ ਸੁਨਹਿਰੀ ਗਲਾਸ ਸਾਹਮਣੇ ਰੱਖੀ ਉਸ ਵੱਲ ਤੱਕ ਰਿਹਾ ਸਾਂ। ਉਹਦੇ ਹਾਸੇ ਦੇ ਨਾਲ-ਨਾਲ ਮੈਨੂੰ ਬੋਅ ਜਿਹੀ ਆ ਰਹੀ ਸੀ।
ਜਸ਼ਨ ਦੇ ਅੰਤ ਤੱਕ ਉਸ ਨੇ ਜਿਨ ਦੇ ਕੇਵਲ ਦੋ ਪੈਗ ਪੀਤੇ ਸਨ, ਪਰ ਉਹ ਲੜਖੜਾ ਰਿਹਾ ਸੀ। ਉਸ ਨੇ ਬਾਹਰ ਨਿਕਲ ਕੇ ਗੁਰਬਖਸ਼ ਨੂੰ ਕਾਰ ਡਰਾਈਵ ਕਰਨ ਲਈ ਕਿਹਾ ਤੇ ਉਜ਼ਰ ਇਹ ਪੇਸ਼ ਕੀਤਾ ਕਿ ਉਸ ਨੂੰ ਵਧੇਰੇ ਚੜ੍ਹ ਗਈ ਸੀ। ਮੈਂ ਹੈਰਾਨ ਸਾਂ। ਉਸ ਨੇ ਕੇਵਲ ਦੋ ਪੈਗ ਪੀਤੇ ਸਨ, ਉਹ ਵੀ ਡਰਾਈ ਜਿਨ ਦੇ; ਜੋ ਔਰਤਾਂ ਦਾ ਡਰਿੰਕ ਸਮਝਿਆ ਜਾਂਦਾ ਹੈ। ਇਹ ਦੇਵਿੰਦਰ ਉਹੋ ਦੇਵਿੰਦਰ ਸੀ ਜੋ ਵਿਸਕੀ ਦੀ ਪੌਣੀ-ਪੌਣੀ ਬੋਤਲ ਪੀ ਕੇ ਬੜੀ ਚੁਸਤੀ ਨਾਲ ਬੜੀ ਹੀ ਰੈਸ਼ ਡਰਾਈਵ ਕਰਦਾ ਹੁੰਦਾ ਸੀ। ਤੇ ਉਸ ਦੀ ਤੇਜ਼ ਪਰ ਸਾਫ਼ ਡਰਾਈਵਿੰਗ ਦਾ ਲੋਹਾ ਕਲਕੱਤੇ ਭਰ ਵਿਚ ਮੰਨਿਆ ਜਾਂਦਾ ਸੀ।
ਫਰਾਂਸੀਸੀ ਜਾਲੀ ਦੇ ਪਿਛੋਂ ਹੌਲੀ-ਹੌਲੀ ਕਰਾਹੁਣ ਦੀ ਆਵਾਜ਼ ਆਉਣ ਲੱਗ ਪਈ ਹੈ। ਮੈਂ ਸਵਾਲੀਆ ਅੱਖਾਂ ਨਾਲ ਜਗਦੀਸ਼ ਵੱਲ ਦੇਖਦਾ ਹਾਂ। ਉਸ ਦੀਆਂ ਅੱਖਾਂ ਵਿਚ ਦਰਦ ਹੈ, ਤੇ ਸਹਿਮ। "ਇਸ ਤਰ੍ਹਾਂ ਕਈ ਵਾਰ ਹੋ ਜਾਂਦਾ ਹੈ", ਉਹ ਸਹਿਮੀ ਹੋਈ ਆਵਾਜ਼ ਵਿਚ ਕਹਿੰਦੀ ਹੈ, "ਤੂੰ ਜਾ ਕੇ ਪੁੱਛ। ਮੈਂ ਪੁੱਛਿਆ ਤਾਂ ਉਹ ਭੜਕ ਪਏਗਾ।"
ਮੈਂ ਦੇਵਿੰਦਰ ਦੇ ਕਮਰੇ ਵਿਚ ਜਾ ਕੇ ਉਸ ਤੋਂ ਕਰਾਹੁਣ ਦਾ ਕਾਰਨ ਪੁੱਛਦਾ ਹਾਂ।
"ਐਵੇਂ! ਛਾਤੀ ਵਿਚ ਪੀੜ ਹੁੰਦੀ ਹੈ", ਉਹ ਕਰਾਹ ਕੇ ਜੁਆਬ ਦਿੰਦਾ ਹੈ। ਤੇ ਉਸ ਦੇ ਕਰਾਹੁਣ ਵਿਚੋਂ ਮੈਨੂੰ ਮਰੇ ਹੋਏ ਮਾਸ ਦੀ ਬੋਅ ਆਉਂਦੀ ਹੈ, ਜਿਵੇਂ ਕੋਈ ਲਾਸ਼ ਕਫ਼ਨ ਦਫ਼ਨ ਤੋਂ ਬਿਨਾਂ ਸੜ ਰਹੀ ਹੈ। ਮੈਂ ਉਸ ਤੋਂ ਦਰਦ ਦਾ ਕਾਰਨ ਪੁੱਛਦਾ ਹਾਂ, ਪਰ ਉਹ ਕੁਝ ਨਹੀਂ ਦੱਸਦਾ। ਕਰਾਹੀ ਜਾਂਦਾ ਹੈ ਤੇ ਮੈਨੂੰ ਇਕੱਲੇ ਛੱਡ ਜਾਣ ਲਈ ਬੇਨਤੀ ਕਰਦਾ ਹੈ। ਮੈਂ ਵਾਪਸ ਆ ਜਾਂਦਾ ਹਾਂ।
"ਮੈਨੂੰ ਉਸ ਦੇ ਮੂੰਹ ਵਿਚੋਂ ਲਾਸ਼ ਦੀ ਬੋਅ ਆਉਂਦੀ ਹੈ", ਮੈਂ ਜਗਦੀਸ਼ ਨੂੰ ਕਹਿੰਦਾ ਹਾਂ। ਉਹ ਡਰ ਕੇ ਮੇਰੀਆਂ ਅੱਖਾਂ ਵਿਚ ਝਾਕਣ ਲੱਗ ਪੈਂਦੀ ਹੈ, ਜਿਵੇਂ ਮੈਂ ਪਾਗਲ ਹੋ ਗਿਆ ਹੋਵਾਂ। ਮੈਨੂੰ ਚੇਤਾ ਆਉਂਦਾ ਹੈ ਕਿ ਜਸ਼ਨ ਵਿਚ ਕੁਝ ਲੋਕਾਂ ਨੂੰ ਮੈਂ ਆਪਣੀ ਬਿਮਾਰੀ ਬਾਰੇ ਘੁਸਰ-ਮੁਸਰ ਕਰਦੇ ਸੁਣਿਆ ਸੀ। ਉਹ ਕਹਿ ਰਹੇ ਸਨ ਕਿ ਮੈਂ ਪਾਗਲ ਹੋ ਗਿਆ ਸਾਂ।
"ਸ਼ਰਾਬ ਦੀ ਬੋਅ ਹੋਏਗੀ", ਉਹ ਕਹਿੰਦੀ ਹੈ।
"ਨਹੀਂ, ਉਹ ਸ਼ਰਾਬ ਦੀ ਬੋਅ ਨਹੀਂ", ਮੈਂ ਕਹਿੰਦਾ ਹਾਂ। "ਮੈਂ ਭਲਾ ਸ਼ਰਾਬ ਦੀ ਬੋਅ ਨਹੀਂ ਪਛਾਣ ਸਕਦਾ? ਮੈਂ ਆਪ ਵੀ ਤਾਂ ਪੀਤੀ ਹੋਈ ਹੈ। ਸ਼ਰਾਬੀ ਨੂੰ ਤਾਂ ਸ਼ਰਾਬ ਦੀ ਬੋਅ ਆਉਂਦੀ ਹੀ ਨਹੀਂ। ਉਹ ਹੋਰ ਬੋਅ ਹੈ। ਮੁਰਦੇ ਦੀ ਬੋਅ! ਸੜਦੀ ਗਲਦੀ ਲਾਸ਼ ਦੀ ਬੋਅ।"
"ਤੈਨੂੰ ਪਤਾ ਹੈ", ਜਗਦੀਸ਼ ਗੱਲ ਨੂੰ ਮੋੜਾ ਦੇਣ ਲਈ ਦੱਸਦੀ ਹੈ, "ਦੇਵਿੰਦਰ ਦਾ ਇਕ ਦੋਸਤ ਹੁੰਦਾ ਸੀ, ਪ੍ਰਕਾਸ਼?"
"ਹਾਂ! ਮੈਂ ਜਾਣਦਾ ਹਾਂ", ਮੈਂ ਸਿਰ ਹਿਲਾ ਕੇ ਕਹਿੰਦਾ ਹਾਂ, "ਉਹ ਮੇਰਾ ਵੀ ਦੋਸਤ ਸੀ।" ਉਹ ਗੱਲ ਮੁੜ ਸ਼ੁਰੂ ਕਰ ਦਿੰਦੀ ਹੈ, "ਪ੍ਰਕਾਸ਼ ਦੀ ਭੈਣ।"
"ਹਾਂ! ਮੈਂ ਸਮਝ ਗਿਆ ਹਾਂ। ਉਹੋ ਪੁਰਾਣੀ ਗੱਲ, ਪਿਤਾ ਜੀ ਨਹੀਂ ਮੰਨੇ ਹੋਣਗੇ। ਉਹ ਜ਼ਰਾ ਘੱਟ ਹੈਸੀਅਤ ਦੇ ਆਦਮੀ ਸਨ ਨਾ।"
"ਨਹੀਂ", ਉਹ ਹੌਕਾ ਭਰ ਕੇ ਕਹਿੰਦੀ ਹੈ, "ਪਿਤਾ ਜੀ ਮੰਨ ਗਏ ਸਨ। ਸਾਰੀ ਗੱਲ ਪੱਕੀ ਹੋ ਗਈ ਸੀ, ਪਰ।"
"ਪਰ ਕੀ?"
"ਫੇਰ ਪਤਾ ਨਹੀਂ ਕੀ ਹੋਇਆ, ਉਨ੍ਹਾਂ ਕਿਹਾ ਲਤਾ ਤੇ ਦੇਵਿੰਦਰ ਦਾ ਟੇਵਾ ਨਹੀਂ ਮਿਲਦਾ।"
"ਇਹ ਕੀ ਬਕਵਾਸ ਹੈ? ਉਹ ਤਾਂ ਬੜੇ ਆਜ਼ਾਦ-ਖਿਆਲ ਲੋਕ ਸਨ। ਜ਼ਰੂਰ ਕੋਈ ਹੋਰ ਕਾਰਨ ਹੋਵੇਗਾ।" ਮੈਂ ਪੁੱਛਦਾ ਹਾਂ, "ਲਤਾ ਵਿਆਹੀ ਗਈ?"
"ਹਾਂ! ਥੋੜ੍ਹੇ ਹੀ ਦਿਨ ਪਿਛੋਂ।" ਜਗਦੀਸ਼ ਦੱਸਦੀ ਹੈ, "ਉਹ ਕੋਈ ਜੀਓਲੋਜਿਸਟ ਹੈ। ਕੁਝ ਬੜਾ ਵੱਡਾ।"
"ਹੂੰ! ਮੈਂ ਨਹੀਂ ਸਾਂ ਕਹਿੰਦਾ, ਦੇਵਿੰਦਰ ਦੇ ਮੂੰਹ ਵਿਚੋਂ ਮੁਰਦੇ ਦੀ ਬੋਅ ਆਉਂਦੀ। ਕਮਬਖਤ! ਲਾਸ਼ ਚੁੱਕੀ ਫ਼ਿਰਦਾ ਹੈ। ਲਾਸ਼ਾਂ ਕਬਰਾਂ ਵਿਚ ਦੱਬੀਆਂ ਜਾਂਦੀਆਂ ਹਨ ਜਾਂ ਸੀਨਿਆਂ ਵਿਚ?" ਜਗਦੀਸ਼ ਫ਼ੇਰ ਡਰ ਜਾਂਦੀ ਹੈ ਤੇ ਗੱਲ ਦਾ ਰੁਖ ਪਲਟਣ ਲਈ ਪੁੱਛਦੀ ਹੈ, "ਤੂੰ ਐਨਾ ਚਿਰ ਕਰਦਾ ਕੀ ਰਿਹਾ ਹੈਂ?"
"ਮੈਂ ਮੈਂ ਉਸ ਜ਼ਮੀਨ ਵਿਚ ਜਿਹੜੀ ਮੈਨੂੰ ਆਪਣੇ ਦਾਦਾ ਜੀ ਤੋਂ, ਦਾਦਾ ਜੀ ਨੂੰ ਪੜਦਾਦਾ ਜੀ ਤੋਂ, ਉਨ੍ਹਾਂ ਨੂੰ ਆਪਣੇ ਦਾਦੇ-ਪੜਦਾਦੇ ਤੋਂ ਵਿਰਸੇ ਵਿਚ ਮਿਲੀ ਸੀ, ਇਕ ਵੱਡਾ ਸਾਰਾ ਕਬਰਸਤਾਨ ਬਣਾ ਲਿਆ ਹੈ। ਮੈਂ ਕਬਰਾਂ ਪੁੱਟਦਾ ਹਾਂ, ਮੁਰਦੇ ਦੱਬਣ ਦਾ ਪ੍ਰਚਾਰ ਕਰਦਾ ਹਾਂ ਤੇ ਲੋਕਾਂ ਨੂੰ ਕਹਿੰਦਾ ਹਾਂ ਕਿ ਲਾਸ਼ਾਂ ਮੇਰੇ ਕਬਰਸਤਾਨ ਵਿਚ ਦੱਬਿਆ ਕਰਨ।"
ਜਗਦੀਸ਼ ਮੈਨੂੰ ਮੇਰੇ ਕਮਰੇ ਵਿਚ ਲੈ ਜਾਂਦੀ ਹੈ ਤੇ ਸੌਂ ਜਾਣ ਦੀ ਪ੍ਰੇਰਨਾ ਕਰਦੀ ਹੈ, ਪਰ ਮੈਂ ਦੇਵਿੰਦਰ ਕੋਲ ਚਲਾ ਜਾਂਦਾ ਹਾਂ। "ਮੇਰੇ ਵੀਰ!" ਮੈਂ ਕਹਿੰਦਾ ਹਾਂ, "ਆਪਣੇ ਪਿਆਰ ਦੀ ਲਾਸ਼ ਮੇਰੇ ਹਵਾਲੇ ਕਰ ਦੇ, ਤਾਂ ਕਿ ਮੈਂ ਉਸ ਨੂੰ ਆਪਣੇ ਕਬਰਸਤਾਨ ਵਿਚ ਦੱਬ ਦਿਆਂ। ਹਿੱਕ ਵਿਚ ਚੁੱਕੀ ਫਿਰੇਂਗਾ ਤਾਂ ਤੇਰੀ ਛਾਤੀ ਵਿਚ ਪੀੜ ਹੁੰਦੀ ਰਹੇਗੀ। ਇਸ ਲਾਸ਼ ਦਾ ਪਿੱਛਾ ਛੱਡ, ਤੇ ਆ ਕੋਈ ਚੰਗਾ ਕੰਮ ਕਰੀਏ।"
ਪਰ ਉਹ ਨਹੀਂ ਮੰਨਦਾ। ਨਿਕੰਮਾ! ਪਿਆਰ ਪਿੱਛੋਂ ਪਿਆਰ ਦੀ ਲਾਸ਼ ਨੂੰ ਪਿਆਰ ਕਰੀ ਜਾਂਦਾ ਹੈ, ਜੋ ਇਸ ਨੂੰ ਆਪ ਇਕ ਦਿਨ ਲਾਸ਼ ਬਣਾ ਦੇਵੇਗੀ। ਤੇ ਅੱਕ ਕੇ ਮੈਂ ਸੌਣ ਲਈ ਚਲਾ ਜਾਂਦਾ ਹਾਂ।

ਮੇਰੇ ਤਿੰਨ ਭਰਾਵਾਂ ਵਿਚ ਕਾਨਫਰੰਸ ਹੋ ਰਹੀ ਹੈ। ਬਿਜ਼ਨਸ ਵਿਚ ਭਾਰੀ ਕਰਾਈਸਿਸ ਹੈ।
ਬਿਹਾਰ ਦੀ ਬਚੀ-ਖੁਚੀ ਮਾਰਕੀਟ, ਵਿਰੋਧੀਆਂ ਦੇ ਹੱਥ ਵਿਚ ਚਲੀ ਜਾ ਰਹੀ ਹੈ। ਏਜੰਟ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ। ਦੇਵਿੰਦਰ ਬਿਮਾਰ ਹੈ। ਮੈਨੂੰ ਕੰਮ ਦਾ ਬੜਾ ਤਜਰਬਾ ਹੈ। ਮੈਨੂੰ ਉਥੇ ਜਾਣਾ ਚਾਹੀਦਾ ਹੈ। ਨਹੀਂ ਤਾਂ ਨਹੀਂ ਤਾਂ।
ਦਿਲ ਨਹੀਂ ਮੰਨਦਾ। ਮੇਰਾ ਕਬਰਸਤਾਨ ਉਦਾਸ ਹੋ ਜਾਏਗਾ। ਦੁਨੀਆਂ ਵਿਚ ਬੋਅ ਹੀ ਫੈਲਦੀ ਰਹੇਗੀ, ਪਰ ਮੇਰੇ ਭਰਾ। ਉਹ ਮੈਨੂੰ ਬਹੁਤ ਪਿਆਰੇ ਹਨ। ਮੈਨੂੰ ਆਪਣੀਆਂ ਭੈਣਾਂ ਨਾਲ ਮੁਹੱਬਤ ਹੈ। ਪਿਤਾ ਦੇ ਸਖਤ ਸੁਭਾਉ ਦੇ ਹੁੰਦਿਆਂ ਵੀ ਮੈਂ ਉਸ ਦਾ ਸ਼ੁਭਚਿੰਤਕ ਹਾਂ। ਮਾਂ! ਇਹ ਤਾਂ ਇਕ ਅਜਿਹੀ ਸੁਗੰਧ ਹੈ ਜੋ ਮੈਂ ਇਸ ਬਦਬੋ ਨੂੰ ਖ਼ਤਮ ਕਰ ਕੇ ਪੈਦਾ ਕਰਨਾ ਚਾਹੁੰਦਾ ਹਾਂ। ਫੇਰ ਹੋਵੇ ਕੀ?
ਮੈਨੂੰ ਆਪਣੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਮੈਂ ਆਪਣੇ ਭਰਾਵਾਂ ਦੇ ਕੰਮ ਦੇ ਨਾਲ-ਨਾਲ ਲਾਸ਼ਾਂ ਵੀ ਇਕੱਠੀਆਂ ਕਰਾਂਗਾ ਤੇ ਉਨ੍ਹਾਂ ਨੂੰ ਆਪਣੇ ਕਬਰਸਤਾਨ ਵਿਚ ਦਬਾਉਂਦਾ ਚਲਿਆ ਜਾਵਾਂਗਾ ਤੇ ਫੇਰ ਤੇ ਫੇਰ ਮੈਂ ਮੰਨ ਜਾਂਦਾ ਹਾਂ।

ਤੂਫ਼ਾਨ ਝੱਗ ਛੱਡਦਾ, ਫ਼ੁੰਕਾਰਦਾ ਬਹੁਤ ਪਿੱਛੇ ਰਹਿ ਗਿਆ ਹੈ। ਅਸੀਂ ਜਿਵੇਂ ਕਾਲੀ ਸਵਾਰ ਦੇ ਸਮੁੰਦਰ ਦੀ ਉਚੀ ਨੀਵੀਂ ਤਹਿ ਉਤੇ ਹੌਲੀ-ਹੌਲੀ ਸਰਕ ਰਹੇ ਹਾਂ। ਸਾਡੀ ਕਾਰ ਦੀ ਤੇਜ਼ ਸਰਚ ਲਾਈਟ ਬੱਦਲਾਂ ਦੀਆਂ ਧੁੰਦਲੀਆਂ ਲਹਿਰਾਂ ਵਿਚ ਡੁੱਬ ਕੇ ਬੇਵੱਸ ਹੋ ਗਈ ਹੈ। ਕੁਝ ਫੁੱਟ ਤੋਂ ਵੱਧ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ। ਕਿਤੇ ਮੀਲਾਂ ਉਤੇ, ਇਸ ਹਨੇਰੇ ਪਰਦੇ ਪਿੱਛੇ ਲੁਕਿਆ ਹੋਇਆ ਆਕਾਸ਼ ਆਪਣੀ ਮੰਦ-ਹਾਲੀ ਦੇ ਅੰਤਮ ਬਚੇ-ਖੁਚੇ ਅੱਥਰੂ ਵਗਾ ਰਿਹਾ ਹੈ, ਜਿਨ੍ਹਾਂ ਨੂੰ ਕਾਰ ਦਾ ਵਾਈਪਰ ਤੇਜ਼ੀ ਨਾਲ ਸ਼ੀਸ਼ੇ ਤੋਂ ਪੂੰਝ ਸੁੱਟਦਾ ਹੈ। ਡਰਾਈਵਰ ਸਾਰੇ ਦਿਨ ਦੀ ਡਰਾਈਵਿੰਗ ਤੋਂ ਪਿੱਛੋਂ ਥੱਕ ਕੇ ਪਿਛਲੀ ਸੀਟ 'ਤੇ ਸੌਂ ਗਿਆ ਹੈ ਤੇ ਪ੍ਰਕਾਸ਼ ਮੇਰੀ ਵੱਖੀ ਵਿਚ ਬੈਠਾ ਹੈ। ਡਾਈਸਬੋਰਡ ਉਤੇ ਘੜੀ ਦੀ ਵੱਡੀ ਸੂਈ ਦੋ ਦੇ ਹਿੰਦਸੇ ਉਤੇ ਖੜੋਤੀ ਛੋਟੀ ਸੂਈ ਵੱਲ ਹੌਲੀ ਹੌਲੀ ਵਧ ਰਹੀ ਹੈ।
ਸ਼ਾਮ ਦੇ ਪੰਜ ਵਜੇ, ਜਦੋਂ ਮੈਂ ਬਚਨਪੁਰ ਨੂੰ ਛੱਡਿਆ ਸੀ, ਸੁਨਹਿਰੀ ਸੂਰਜ ਮਾਨਭੂਮ ਦੀ ਇਸ ਉਚੀ ਨੀਵੀਂ ਪਹਾੜੀ ਧਰਤੀ ਨੂੰ ਜਗਮਗਾ ਰਿਹਾ ਸੀ ਤੇ ਮੈਨੂੰ ਪੂਰੀ ਆਸ ਸੀ ਕਿ ਅੱਠ-ਨੌਂ ਵਜੇ ਤੱਕ ਅਸੀਂ ਹਰ ਹਾਲਤ ਵਿਚ ਰਾਣੀਗੰਜ ਪਹੁੰਚ ਜਾਵਾਂਗੇ, ਪਰ ਇਕਦਮ ਕਿਤੋਂ ਬੱਦਲ ਉਮਡ ਆਏ ਸਨ। ਆਕਾਸ਼ ਨਦੀਆਂ ਬਣ ਕੇ ਜ਼ਮੀਨ ਉਤੇ ਟੁੱਟ ਰਿਹਾ ਸੀ। ਸੂਰਜ ਕਿਸੇ ਪਹਾੜੀ ਗੁਫ਼ਾ ਵਿਚ ਜਾ ਵੜਿਆ ਸੀ। ਕਾਰ ਦੀਆਂ ਅੱਖਾਂ ਧੁੰਦਲੀਆਂ ਤੇ ਬੇ-ਵੱਸ ਹੋ ਗਈਆਂ ਸਨ।
ਇਕ ਕਾਲਾ ਪ੍ਰਛਾਵਾਂ ਅਚਾਨਕ ਇਨ੍ਹਾਂ ਧੁੰਦਲੀਆਂ ਅੱਖਾਂ ਅੱਗਿਉਂ ਹੱਥ ਹਿਲਾਉਣ ਲੱਗਾ। ਮੈਂ ਬ੍ਰੇਕ ਲਾਈ। ਖੱਬੇ ਪਾਸੇ ਦਾ ਸ਼ੀਸ਼ਾ ਖੋਲ੍ਹਿਆ। ਨਦੀ ਦੇ ਪੁਲ ਲਾਗੇ ਇਕ ਗੱਡੀ ਖੜ੍ਹੀ ਸੀ ਜਿਸ ਦੀ ਖੁੱਲ੍ਹੀ ਬੋਨੇਟ ਉਤੇ ਇਕ ਹੋਰ ਪ੍ਰਛਾਵਾਂ ਝੁਕਿਆ ਹੋਇਆ ਸੀ।
"ਤੁਹਾਡੇ ਕੋਲ ਕੋਈ ਫ਼ਾਲਤੂ ਕੰਡੰਸਰ ਹੈ?" ਹੱਥ ਹਿਲਾਉਣ ਵਾਲੇ ਪ੍ਰਛਾਵੇਂ ਨੇ ਪੁੱਛਿਆ, "ਸਾਡਾ ਕੰਡੰਸਰ ਕੰਮ ਨਹੀਂ ਕਰ ਰਿਹਾ।"
ਆਵਾਜ਼ ਕੁਝ ਪਛਾਣੀ ਹੋਈ ਜਿਹੀ ਮਲੂਮ ਹੋਈ।
"ਨਹੀਂ", ਮੈਂ ਟਾਰਚ ਦੀ ਰੋਸ਼ਨੀ ਉਸ ਦੇ ਚਿਹਰੇ ਉਤੇ ਸੁੱਟਦਿਆਂ ਉਤਰ ਦਿੱਤਾ। ਉਸ ਦੀਆਂ ਅੱਖਾਂ ਚੁੰਧਿਆ ਗਈਆਂ।
"ਪ੍ਰਕਾਸ਼!" ਮੈਂ ਉਸ ਨੂੰ ਪਛਾਣ ਲਿਆ ਸੀ।
ਪ੍ਰਕਾਸ਼ ਨੇ ਗੱਡੀ ਉਥੇ ਹੀ ਛੱਡ ਦਿੱਤੀ ਹੈ ਤੇ ਅਸੀਂ ਦੋਵੇਂ ਝਰੀਆਂ ਵੱਲ ਵਧ ਰਹੇ ਹਾਂ। ਪ੍ਰਕਾਸ਼ ਆਪਣੇ ਬਾਰੇ ਦੱਸ ਰਿਹਾ ਹੈ। ਬੱਦਲਾਂ ਦਾ ਸਮੁੰਦਰ ਅਸਮਾਨ ਵੱਲ ਭਾਟਾ ਵਿਚ ਸੁੰਗੜਦਾ ਹੋਇਆ ਸਾਡੇ ਦੁਆਲੇ ਇਕ ਤਾਬੂਤ ਦੀ ਸ਼ਕਲ ਧਾਰਨ ਕਰ ਰਿਹਾ ਹੈ। ਇਕ ਹਨੇਰਾ ਤਾਬੂਤ ਜਿਸ ਵਿਚ ਕਾਰ ਦੀਆਂ ਟਪੂੰਜੀ ਬੱਤੀਆਂ ਚਾਨਣ ਫੈਲਾਉਣ ਦਾ ਮਾੜਾ ਜਿਹਾ ਜਤਨ ਅਸਫ਼ਲ ਹੀ ਕਰੀ ਜਾ ਰਹੀਆਂ ਹਨ। ਪ੍ਰਕਾਸ਼ ਦੱਸ ਰਿਹਾ ਹੈ ਕਿ ਉਸ ਨੇ ਝਰੀਆਂ ਵਿਚ ਚੂਨੇ ਦੇ ਪੱਥਰ ਦੀਆਂ ਖਾਨਾਂ ਵਿਚੋਂ ਪੱਥਰ ਕੱਢ ਕੇ ਚੂਨਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਹ ਕੰਮ ਉਸ ਨੂੰ ਆਪਣੇ ਜੀਓਲੋਜਿਸਟ ਜੀਜੇ ਦੇ ਰਸੂਖ ਨਾਲ ਮਿਲਿਆ ਹੈ। ਉਹ ਬਹੁਤ ਖੁਸ਼ ਹੈ। ਰਾਣੀਗੰਜ ਸਟੇਸ਼ਨ ਦੇ ਲਾਗੇ ਹੀ ਉਸ ਦਾ ਬੰਗਲਾ ਹੈ। ਉਸ ਕੋਲ ਦੋ ਕਾਰਾਂ ਹਨ। ਇਕ ਛੋਟੀ ਹਿਲਮੈਨ ਤੇ ਦੂਜੀ ਵੱਡੀ ਸ਼ੈਵਰਲੈਟ। ਤੇ ਮੈਂ ਹੈਰਾਨ ਹੋ ਕੇ ਸੋਚ ਰਿਹਾ ਹਾਂ: ਇਹ ਦੁਨੀਆਂ ਵੀ ਅਜੀਬ ਹੈ। ਇਹ ਸਮਾਜ ਵੀ ਅਜੀਬ ਹੈ। ਇਹ ਪ੍ਰਕਾਸ਼ ਉਹੋ ਹੈ ਜਿਸ ਨੂੰ ਕੋਈ ਕੰਮ ਨਹੀਂ ਸੀ ਮਿਲਦਾ। ਇਕ ਸਮੇਂ ਪਿਤਾ ਜੀ ਨੇ ਇਸ ਦੀ ਆਵਾਰਗੀ ਨੂੰ ਮੁੱਖ ਰੱਖਦੇ ਹੋਏ ਦੇਵਿੰਦਰ ਨੂੰ ਉਸ ਨਾਲ ਮੇਲ-ਜੋਲ ਰੱਖਣੋਂ ਵੀ ਰੋਕਿਆ ਸੀ।
ਮੈਨੂੰ ਦੇਵਿੰਦਰ ਦਾ ਖਿਆਲ ਆਉਂਦਾ ਹੈ। ਉਸ ਦੀ ਛਾਤੀ ਦੇ ਦਰਦ ਦਾ ਖਿਆਲ ਆਉਂਦਾ ਹੈ। ਉਸ ਦੇ ਮੂੰਹ ਵਿਚੋਂ ਆਉਣ ਵਾਲੀ ਬੋਅ ਦਾ ਖਿਆਲ ਆਉਂਦਾ ਹੈ। ਤੇ ਮੈਂ ਬੇਹੱਦ ਉਦਾਸ ਹੋ ਜਾਂਦਾ ਹਾਂ।
"ਲਤਾ ਕਿਵੇਂ ਹੈ?" ਮੈਂ ਪੁੱਛਦਾ ਹਾਂ।
"ਚੰਗੀ ਹੈ", ਪ੍ਰਕਾਸ਼ ਜੁਆਬ ਦਿੰਦਾ ਹੈ। ਤੇ ਦਬਾਉਣ ਦੇ ਬਾਵਜੂਦ ਹਲਕੀ ਜਿਹੀ ਆਹ ਉਸ ਦੇ ਮੂੰਹ ਵਿਚੋਂ ਨਿਕਲ ਜਾਂਦੀ ਹੈ। ਮੈਨੂੰ ਫੇਰ ਲਾਸ਼ ਦੀ ਬੋਅ ਆਉਣ ਲੱਗ ਪੈਂਦੀ ਹੈ। ਇਹ ਮੇਰੇ ਨੱਕ ਦਾ ਕਸੂਰ ਹੈ, ਜਾਂ ਮੇਰੇ ਪੇਸ਼ੇ ਦਾ? ਮੈਨੂੰ ਇਸ ਸੁਸਾਇਟੀ ਵਿਚੋਂ ਇਸ ਸਮਾਜ ਵਿਚ ਬੋਅ ਹੀ ਬੋਅ ਆਉਂਦੀ ਹੈ। ਲਾਸ਼ਾਂ ਹੀ ਲਾਸ਼ਾਂ ਦਿਖਾਈ ਦਿੰਦੀਆਂ ਹਨ। ਜਿਵੇਂ ਮਨੁੱਖਾਂ ਦੇ ਸ਼ਹਿਰਾਂ ਵਿਚ ਨਹੀਂ, ਲਾਸ਼ਾਂ ਦੇ ਸ਼ਹਿਰਾਂ ਵਿਚ ਰਹਿ ਰਿਹਾ ਹੋਵਾਂ।
ਚਾਰੇ ਪਾਸੇ ਚੁੱਪ ਹੈ। ਡੂੰਘੀ ਬੇਜਿੰਦ ਚੁੱਪ। ਤਾਬੂਤ ਦੇ ਅੰਦਰ ਦੀ ਚੁੱਪ। ਦੁਨੀਆਂ ਇਕ ਵੱਡਾ ਸਾਰਾ ਤਾਬੂਤ ਬਣੀ ਹੋਈ ਹੈ। ਮੇਰੇ ਸੰਧੇਵੇ ਨੂੰ ਤੇਜ਼ ਹੋਣਾ ਚਾਹੀਦਾ ਹੈ, ਤਾਂ ਜੋ ਇਸ ਤਾਬੂਤ ਲਈ ਵੱਡੀ ਸਾਰੀ ਕਬਰ ਪੁੱਟ ਸਕਾਂ।
"ਤੂੰ ਅੱਜਕੱਲ੍ਹ ਕਰਦਾ ਕੀ ਹੈਂ?" ਪ੍ਰਕਾਸ਼ ਪੁੱਛਦਾ ਹੈ।
ਮੈਂ ਉਸ ਨੂੰ ਆਪਣਾ ਧੰਦਾ ਦੱਸਦਾ ਹਾਂ। ਉਹੋ ਧੰਦਾ ਜੋ ਮੈਂ ਕਦੀ ਜਗਦੀਸ਼ ਨੂੰ ਦੱਸਿਆ ਸੀ। ਤੇ ਉਸ ਨੂੰ ਕਹਿੰਦਾ ਹਾਂ, "ਮੇਰੇ ਦੋਸਤ! ਮੈਨੂੰ ਤੇਰੇ ਮੂੰਹ ਵਿਚੋਂ ਲਾਸ਼ ਦੀ ਬੋਅ ਆਉਂਦੀ ਹੈ। ਇਹ ਲਾਸ਼ ਮੇਰੇ ਹਵਾਲੇ ਕਰ ਦੇ, ਤਾਂ ਜੋ ਮੈਂ ਇਸ ਨੂੰ ਕਬਰ ਵਿਚ ਸੁਆ ਦਿਆਂ।"
"ਮੇਰੇ ਜੀਜਾ ਜੀ ਸਵਰਗਵਾਸ ਹੋ ਚੁੱਕੇ ਹਨ!" ਪ੍ਰਕਾਸ਼ ਨੇ ਲਾਸ਼ ਮੇਰੇ ਹਵਾਲੇ ਕਰ ਦਿੱਤੀ ਹੈ। ਤੇ ਹੁਣ ਉਹ ਉਦਾਸ ਹੋ ਕੇ ਉਸ ਦਾ ਸੋਗ ਮਨਾ ਰਿਹਾ ਹੈ।
ਸਾਹਮਣੇ ਕਾਲੀਆਂ ਡਾਹਣੀਆਂ ਤੋਂ ਉਪਰ ਕਾਲੇ ਬੱਦਲਾਂ ਦੇ ਤਾਬੂਤ ਦੀ ਛੱਤ ਉਤੇ ਦੱਬੇ ਚਾਨਣ ਦੀ ਲਾਲ ਲਾਲ ਲੋਅ ਦਿਖਾਈ ਦੇਣ ਲੱਗ ਪੈਂਦੀ ਹੈ, ਜਿਵੇਂ ਮਸਾਣ ਘਾਟ ਵਿਚ ਚਿਤਾ ਬਲ ਰਹੀ ਹੋਵੇ।
"ਇਹ ਚਾਨਣ ਕੇਹਾ ਹੈ?"
"ਇਹ ਮੇਰੀਆਂ ਚੂਨੇ ਦੀਆਂ ਭੱਠੀਆਂ ਦੀ ਛਾਇਆ ਹੈ", ਪ੍ਰਕਾਸ਼ ਜੁਆਬ ਦਿੰਦਾ ਹੈ। ਤੇ ਮੈਂ ਫੇਰ ਉਹੋ ਚੁੱਪ ਧਾਰਨ ਕਰ ਲੈਂਦਾ ਹਾਂ। ਪ੍ਰਕਾਸ਼ ਨੂੰ ਇਹ ਚੁੱਪ ਚੰਗੀ ਨਹੀਂ ਲਗਦੀ। ਉਹ ਪੁੱਛਦਾ ਹੈ ਕਿ ਮੈਨੂੰ ਕਬਰਾਂ ਪੁੱਟਣ ਤੇ ਲਾਸ਼ਾਂ 'ਕੱਠੀਆਂ ਕਰਨ ਵਿਚੋਂ ਕੀ ਲੱਭਦਾ ਹੈ? ਬਿਜਨਸਮੈਨ ਹੈਂ ਨਾ। ਹਰ ਚੀਜ਼ ਨੂੰ ਲਾਭ ਦੇ ਦ੍ਰਿਸ਼ਟੀਕੋਣ ਤੋਂ ਦੇਖਦਾ ਹੈਂ। ਪਿਉ ਨੂੰ, ਮਾਂ ਨੂੰ, ਭੈਣ ਨੂੰ, ਭਣਵਈਏ ਨੂੰ, ਦੋਸਤ ਨੂੰ, ਮਾਲੀ ਲਾਭ ਦੇ ਰਿਸ਼ਤੇ ਨਾਲ ਜਾਚਦਾ ਹੈਂ।
"ਕੁਝ ਵੀ ਫ਼ਾਇਦਾ ਨਹੀਂ ਹੁੰਦਾ", ਮੈਂ ਜਵਾਬ ਦਿੰਦਾ ਹਾਂ।
ਉਹ ਹੈਰਾਨ ਹੋ ਜਾਂਦਾ ਹੈ, ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ।
ਤੇ ਗੱਲ ਵੀ ਠੀਕ ਹੈ। ਮੈਂ ਸੱਚ-ਮੁੱਚ ਝੂਠ ਬੋਲ ਰਿਹਾ ਹਾਂ, ਪਰ ਮੈਂ ਉਸ ਨੂੰ ਦੱਸਣਾ ਨਹੀਂ ਚਾਹੁੰਦਾ। ਇਹ ਗੁਰ ਮੈਂ ਇਸ ਵਪਾਰੀ ਸਮਾਜ ਤੋਂ ਸਿੱਖਿਆ ਹੈ ਕਿ ਆਪਣਾ ਅਸਲੀ ਲਾਭ ਕਦੀ ਕਿਸੇ ਨੂੰ ਨਾ ਦੱਸੋ; ਨਹੀਂ ਤਾਂ ਹਕੂਮਤ ਦੀ ਮਸ਼ੀਨਰੀ ਹਰਕਤ ਵਿਚ ਆ ਜਾਂਦੀ ਹੈ, ਕਦੀ ਇਨਕਮ ਟੈਕਸ ਦੇ ਮਹਿਕਮੇ ਦੀ ਸ਼ਕਲ ਵਿਚ ਤੇ ਕਦੀ ਲਾਅ ਐਂਡ ਆਰਡਰ ਦੀ ਸ਼ਕਲ ਵਿਚ।
ਪ੍ਰਕਾਸ਼ ਨਹੀਂ ਜਾਣਦਾ ਕਿ ਮੈਂ ਆਪਣੇ ਕਬਰਸਤਾਨ ਦੇ ਲਾਗੇ ਹੀ ਵੱਡੀ ਸਾਰੀ ਫੈਕਟਰੀ ਲਾਈ ਹੋਈ ਹੈ ਜੋ ਇਨ੍ਹਾਂ ਲਾਸ਼ਾਂ ਦੀਆਂ ਹੱਡੀਆਂ ਤੋਂ ਖਾਦ ਤਿਆਰ ਕਰਦੀ ਹੈ। ਇਹ ਖਾਦ ਮੈਂ ਕਿਸਾਨਾਂ ਤੇ ਬਾਗਬਾਨਾਂ ਨੂੰ ਵੰਡ ਦਿੰਦਾ ਹਾਂ, ਤਾਂ ਜੋ ਉਹ ਆਪਣੇ ਖੇਤਾਂ ਤੇ ਬਾਗਾਂ ਵਿਚ ਸੁਨਹਿਰੀ ਅਨਾਜ ਦੇ ਸਿੱਟੇ ਤੇ ਰੰਗ-ਬਰੰਗੇ ਲਾਲ ਲਾਲ ਸੁਗੰਧਤ ਫੁੱਲ ਉਗਾ ਸਕਣ, ਤੇ ਇਸ ਦੁਨੀਆਂ ਨੂੰ ਸੁੰਦਰ ਗੁਲਜ਼ਾਰ ਬਣਾ ਦੇਣ, ਤਾਂ ਜੋ ਮੈਨੂੰ ਇਥੋਂ ਦੀ ਲਾਸ਼ਾਂ ਦੀ ਸੜ੍ਹਾਂਦ-ਮਾਰਦੀ ਬੋਅ ਦੀ ਥਾਂ ਫੁੱਲਾਂ ਦੀ ਮਧੁਰ ਖੁਸ਼ਬੋ ਆਇਆ ਕਰੇ ਅਤੇ ਮੈਂ ਇਸ ਖੁਸ਼ਬੋ ਉਤੇ ਮਸਤ ਹੋ ਕੇ ਕਬਰਾਂ ਪੁੱਟਣ ਦਾ ਗੰਦਾ ਕੰਮ ਛੱਡ ਕੇ ਫੁੱਲ ਉਗਾਉਣ ਦਾ ਸੋਹਣਾ ਕੰਮ ਸ਼ੁਰੂ ਕਰ ਦੇਵਾਂ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)