Qaghan De Bakkarwan (Punjabi Story) : Gurcharan Singh Sehnsra

ਕਾਗ਼ਾਨ ਦੇ ਬੱਕਰਵਾਨ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

ਕੈਂਬਲਪੁਰ ਗਏ ਅਖ਼ਬਾਰ ਪੜ੍ਹਨ ਤੋਂ ਪਤਾ ਲੱਗਾ ਕਿ ਮਾਰਚ 1940 ਵਿੱਚ ਕਾਗ਼ਾਨੀ ਬਕਰਵਾਨਾਂ ਦੀ ਹਰੀਪੁਰ ਹਜ਼ਾਰੇ ਤੋਂ ਅੱਗੇ ਸਰਾਏ ਸਾਲਿਆ ਦੇ ਕਸਬੇ ਵਿੱਚ ਕਾਨਫਰੰਸ ਹੋ ਰਹੀ ਹੈ ਜਿਸ ਦੀ ਪ੍ਰਧਾਨਗੀ ਮੌਲਾਨਾ ਅਬਦੁਲ ਰਹੀਮ ਪੋਪਲਜ਼ਈ ਨੇ ਕਰਨੀ ਸੀ।

ਛੱਛ ਦੇ ਵਰਕਰਾਂ ਨੂੰ ਅੰਗਰੇਜ਼ੀ ਸਾਮਰਾਜ ਤੇ ਜਗੀਰਦਾਰਾਂ ਵਿਰੁਧ ਕਿਸਾਨਾਂ ਦੇ ਏਕੇ ਦੀ ਤਾਕਤ ਤੇ ਬਰਕਤ ਵਿਖਾਉਣ ਤੇ ਉਨ੍ਹਾਂ ਦੇ ਦਿਲਾਂ ਤੋਂ ਹਾਕਮ ਜਮਾਤ ਦਾ ਪਿਆ ਹੋਇਆ ਡਰ ਲਾਹੁਣ ਲਈ ਮੈਂ ਫੈਸਲਾ ਕੀਤਾ ਕਿ ਇਥੋਂ ਦੇ ਕਿਰਤੀ ਵਰਕਰਾਂ ਵਿੱਚੋਂ ਕਿਸੇ ਇਕ ਨੂੰ ਨਾਲ਼ ਲਿਜਾ ਕੇ ਇਹ ਕਾਨਫਰੰਸ ਵਿਖਾਈ ਜਾਵੇ। ਇਸ ਕੰਮ ਲਈ ਉਨ੍ਹਾਂ ਨੇ ਕਾਮਲਪੁਰ ਪਿੰਡ ਦੇ ਅਬਦੁਲ ਖਾਲਿਕ ਨਾਂ ਦਾ ਇਕ ਜਵਾਨ ਮੌਲਵੀ ਚੁਣਿਆ ਜੋ ਮੋਲਾਨਾ ਦਾ ਬੜਾ ਸ਼ਰਧਾਲੂ ਮੁਰੀਦ ਸੀ ਤੇ ਉਸ ਦੀ ਮਜ਼ਹਬੀ ਚੇਤਨਤਾ, ਸਵਛਤਾ ਤੇ ਸਿਆਸੀ ਲਿਆਕਤ ਦੇ ਬੜੇ ਪੁਲ ਬੰਨ੍ਹਦਾ ਰਹਿੰਦਾ ਸੀ।

ਮੌਲਾਨਾ ਪਸ਼ਾਉਰ ਦੇ ਲਾਗੇ ਪਿੰਡ ਪੋਪਲਜ਼ਈ ਦਾ ਜੰਮਪਲ਼ ਸੀ, ਜਿਸ ਕਰਕੇ ਉਸ ਨੂੰ ਮੌਲਾਨਾ ਪੋਪਲਜ਼ਈ ਕਰਕੇ ਸਦਿਆ, ਬੁਲਾਇਆ ਤੇ ਲਿਖਿਆ ਜਾਂਦਾ ਸੀ। ਰਹਿੰਦਾ ਉਹ ਪਸ਼ਾਉਰ ਹੀ ਸੀ। ਉਸ ਦੇਵਬੰਦ ਤੋਂ ਦੀਨੀ ਤੇ ਸਿਆਸੀ ਵਿਦਿਆ ਪ੍ਰਾਪਤ ਕੀਤੀ ਸੀ। ਉਹ ਇਸਲਾਮ ਦੀ ਦੀਨੀ ਤੇ ਦੁਨਿਆਵੀ ਰਹਿਤ ਤੇ ਇਸ ਦੇ ਮਸਲਿਆਂ ਵਿੱਚ ਬੜਾ ਤਾਕ, ਦਾਨਾਂ ਤੇ ਸਿਆਣਾ ਵਿਦਵਾਨ ਸੀ। ਉਹ ਸੂਬਾ ਸਰਹੱਦ ਦੇ ਸਾਰਿਆਂ ਤੇ ਪੰਜਾਬ ਦੇ ਰਾਵਲਪਿੰਡੀ ਤੇ ਅਟਕ ਜ਼ਿਲਿਆਂ ਦੇ ਮੁਸਲਮਾਨਾਂ ਅੰਦਰ ਬੜੀ ਮੰਨੀ ਦੰਨੀ ਹਸਤੀ ਸੀ ਤੇ ਹਿੰਦੁਸਤਾਨ ਤੇ ਅਫਗਾਨਸਤਾਨ ਦੇ ਮੁਸਲਿਮ ਦਾਨਸ਼ਵਰਾਂ ਤੇ ਵਿਦਵਾਨਾਂ ਵਿੱਚ ਵਾਹਵਾ ਨਿਵਾਜਿਆ ਜਾਂਦਾ ਸੀ। ਉਹ ਉਪਰ ਦੱਸੇ ਪਠਾਣ ਮੰਡ ਦਾ ਮੁਫ਼ਤੀ ਆਜ਼ਮ ਵੀ ਸੀ। ਦੀਨੀ ਤੇ ਦੁਨਿਆਵੀ ਮਸਲੇ ਜੋ ਸਥਾਨਕ ਮੁਫ਼ਤੀਆਂ ਤੋਂ ਹੱਲ ਨਾ ਹੋਣ, ਉਸ ਕੋਲ਼ ਜਾਂਦੇ ਸਨ। ਉਸ ਦਾ ਫੈਸਲਾ ਆਖਰੀ ਤੇ ਇਲਾਹੀ ਹੁਕਮ ਹੁੰਦਾ ਸੀ।

ਮੌਲਾਨਾ ਉਮਰ ਦਾ ਚੌਥਾ ਦਸਾ ਪੂਰਾ ਕਰ ਰਿਹਾ ਸੀ। ਕੱਦ ਦਰਮਿਆਨਾ ਤੇ ਸਰੀਰ ਲਿੱਸਾ, ਰੰਗ ਗੋਰੇ ਨਾਲ਼ੋਂ ਚਿੱਟਾ ਬਹੁਤ। ਵੇਖਣ ਵਾਲ਼ਿਆਂ ਨੂੰ ਐਉਂ ਜਾਪਦਾ ਸੀ, ਜਿਸ ਤਰ੍ਹਾਂ ਕਿਸੇ ਨਾਮੁਰਾਦ ਬੀਮਾਰੀ ਨਾਲ਼ ਮਾਸੋਂ ਖੁਰ ਤੇ ਲਹੂ ਨੁੱਚੜ ਗਿਆ ਹੋਵੇ। ਪਿੰਡੇ ਤੇ ਮਾਸ ਦੀ ਥੁੜ ਨੇ ਨਾ ਸਿਰਫ ਉਸ ਦੇ ਮੂੰਹ ਮੱਥੇ ਉਤੇ ਸਗੋਂ ਸਾਰੇ ਜੁੱਸੇ ਉਤੇ ਖਲੜੀ ਨੂੰ ਭੰਨਾ ਤੇ ਝੁਰੜੀਆਂ ਪਾ ਛੱਡੀਆਂ ਸਨ। ਕਪੜੇ ਲਾਹਿਆਂ ਉਸ ਦੀਆਂ ਹੱਡੀਆਂ ਪੱਸਲ਼ੀਆਂ ਇਸ ਤਰ੍ਹਾਂ ਦਿਸਦੀਆਂ ਸਨ ਕਿ ਉਸ ਦੇ ਅੰਦਰਲਾ ਰੋਗ ਲੱਭਣ ਲਈ ਡਾਕਟਰਾਂ ਨੂੰ ਐਕਸਰੇ ਕਰਨ ਦੀ ਲੋੜ ਹੀ ਨਾ ਪਵੇ। ਸੂਤਿਆ ਹੋਇਆ ਮੂੰਹ ਮੁਹਾਂਦਰਾ, ਹੜਬਾਂ ਅੰਦਰ ਧਸੀਆਂ ਤੇ ਗੱਲ੍ਹਾਂ ਦੀਆਂ ਹੱਡੀਆਂ ਉਭਰੀਆਂ ਹੋਈਆਂ ਸਨ। ਉਂਜ ਬੜਾ ਫਰਤੀਲਾ। ਉਸ ਦੇ ਸਰੀਰ ਦੀ ਮੁੜੱਤਣ ਉਸ ਦੇ ਕੰਮਾਂ ਕਾਰਾਂ ਵਿੱਚ ਤੁਰੇ ਫਿਰਨ ਤੇ ਰੁੱਝੇ ਰਹਿਣ ਵਿੱਚ ਕੋਈ ਰੁਕਾਵਟ ਨਹੀਂ ਸੀ।

ਉਸ ਦੀ ਵਸਮਈ ਦਾੜ੍ਹੀ ਦੀ ਸੰਭਾਲ ਤੇ ਕਾਟ ਮੁਗਲ ਬਾਦਸ਼ਾਹਾਂ ਵਰਗੀ ਸੀ, ਜਿਸ ਕਰਕੇ ਉਸ ਦੀ ਨੁਹਾਰ ਪਠਾਣੀ ਨਾਲ਼ੋਂ ਮੁਗਲਈ ਵਧੇਰੇ ਸੀ। ਇਨ੍ਹਾਂ ਨੂੰ ਸੰਵਾਰਨ ਤੇ ਸ਼ੰਗਾਰਨ ਲਈ ਉਹ ਕੈਂਚੀ ਨਾਲ਼ੋਂ ਮੋਚਨੇ ਤੋਂ ਜ਼ਿਆਦਾ ਕੰਮ ਲੈਂਦਾ ਸੀ।

ਉਹ ਸ਼ੁਧ ਚਿੱਟੇ ਮਦਰਾਸੀ ਖੱਦਰ ਦੀ ਪੁਸ਼ਾਕ ਪਾਉਂਦਾ ਸੀ। ਖੁਲ੍ਹੀਆਂ ਬਾਹਵਾਂ ਵਾਲ਼ਾ ਲੰਮਾ ਕੁੜਤਾ, ਚੌੜੇ ਪਹੁੰਚਿਆਂ ਵਾਲ਼ੀ ਉੱਚੀ ਸਲਵਾਰ, ਸਿਰ ਨਾੜ ਦੇ ਕੁਲੇ ਉਤੇ ਬਾਰੀਕ ਖਦਰ ਦਾ ਸਾਫਾ, ਜੋ ਪਠਾਣੀ ਢੰਗ ਨਾਲ਼ ਨਹੀਂ ਸੀ ਬੰਨਦਾ, ਸਗੋਂ ਦੇਵਬੰਦੀ ਮੌਲਵੀਆਂ ਵਾਂਗ ਇਸ ਤਰ੍ਹਾਂ ਵਲੇ੍ਹਟਦਾ ਸੀ ਕਿ ਗਿੱਚੀ ਉਤੇ ਪਟਿਆਂ ਦੇ ਬੂਦੇ ਦਿਸਦੇ ਰਹਿਣ। ਮੋਢਿਆਂ ਉਤੇ ਨਿੰਮੇ ਜਿਹੇ ਪੀਲ਼ੇ ਜਾਂ ਮਹਿੰਦੀ ਰੰਗ ਦੇ ਵੱਡੀ ਡੱਬੀ ਵਾਲ਼ਾ ਤੌਲੀਏ ਵਰਗਾ ਪਰਨਾ ਰੱਖਦਾ ਸੀ, ਜੋ ਹੱਥ ਪੂੰਝਣ ਪੂੰਜਾਉਣ ਦੇ ਕੰਮ ਆਉਂਦਾ ਤੇ ਧੁੱਪ ਤੋਂ ਬਚਣ ਲਈ ਸਿਰ ’ਤੇ ਵੀ ਪਾ ਲਿਆ ਜਾਂਦਾ।

ਦੇਸ਼ ਭਗਤੀ ਦੀ ਲਗਨ ਤਾਂ ਉਹ ਦੇਵਬੰਦ ਤੋਂ ਹੀ ਲੈ ਆਇਆ ਸੀ। ਉਹ ਖਿਲਾਫਤੀ ਕੌਮਪ੍ਰਸਤ ਸੀ, ਜੋ ਕੱਟੜ ਅੰਗਰੇਜ਼ ਵਿਰੋਧੀ ਹੁੰਦੇ ਸਨ। 1930 ਵਿੱਚ ਕਾਂਗਰਸ ਦੇ ਅਸਰ ਹੇਠ ਸਰਹੱਦ ਵਿੱਚ ਚੱਲੀ ਖੁਦਾਈ ਖਿਦਮਤਕਾਰਾਂ ਦੀ ਸੁਰਖ਼ਪੋਸ਼ ਲਹਿਰ ਵਿੱਚ ਰਲ਼ਿਆ ਤੇ ਇਸ ਦੇ ਆਗੂਆਂ ਵਿੱਚ ਉਸ ਦੀ ਉਘੀ ਥਾਂ ਬਣ ਗਈ।

1931 ਦੇ ਗਾਂਧੀ ਇਰਵਨ ਪੈਕਟ ਦੀ ਕਿਰਪਾ ਨਾਲ਼ ਕੌਮੀ ਲਹਿਰ ਦਾ ਭੱਠਾ ਬਹਿ ਗਿਆ। ਇਸ ਲਹਿਰ ਦੇ ਮੋਹਰੀ ਸੋਸ਼ਲਿਸਟ ਪੱਖ ਨੇ ਬਹੁਤ ਨਿਰਾਸ਼ ਤੇ ਦੁਖੀ ਹੋ ਕੇ ਇਸ ਨਾਲ਼ੋਂ ਨਾਤਾ ਤੋੜ ਲਿਆ। ਨਤੀਜਾ ਇਹ ਹੋਇਆ ਕਿ ਜਦ 1932 ਵਿੱਚ ਗਾਂਧੀ ਨੇ ਲੰਡਨ ਦੀ ਗੋਲ਼ਮੇਜ਼ ਕਾਨਫਰੰਸ ਤੋਂ ਆ ਕੇ ਲਹਿਰ ਚਲਾਉਣ ਦਾ ਡੱਗਾ ਲਾਇਆ ਤਾਂ ਇਹ ਠੁੱਸ ਹੋ ਗਈ। ਉਪਰੰਤ 1935 ਵਿੱਚ ਜਦ ਸਾਮਰਾਜ ਵਿਰੋਧੀ ਕੌਮਾਂਤਰੀ ਫਰੰਟ ਨੇ ਆਜ਼ਾਦੀ ਦੀਆਂ ਲਹਿਰਾਂ ਨੂੰ ਰਲ਼ਕੇ ਲਾਮਬੰਦ ਹੋਣ ਦਾ ਸੱਦਾ ਦਿਤਾ ਤਾਂ ਸਮਾਜਵਾਦੀ ਪੱਖ ਮੁੜ ਕਾਂਗਰਸ ਵਿੱਚ ਜਾ ਰਲ਼ਿਆ। ਕਾਂਗਰਸ ਅੰਦਰ ਇਸ ਪੱਖ ਨੂੰ ਇਕ ਮੁਠ ਰੱਖੀ ਰੱਖਣ ਲਈ ਕਾਂਗਰਸ ਸੋਸ਼ਲਿਸਟ ਪਾਰਟੀ ਬਣਾਈ ਗਈ।

ਮੌਲਾਨਾ ਵੀ ਕਾਂਗਰਸ ਤੇ ਇਸ ਦੀ ਲਾਈ ਲਾਗ ਖਾਨ ਅਬਦੁਲ ਗ਼ਫਾਰ ਖਾਂ ਦੀ ਸੁਰਖ਼ਪੋਸ਼ ਲਹਿਰ ਤੋਂ ਅਲੱਗ ਹੋ ਕੇ ਕਾਂਗਰਸ ਸੋਸ਼ਲਿਸਟ ਹੋ ਗਿਆ। ਸਰਹੱਦ ਵਿੱਚ ਇਸ ਪਾਰਟੀ ਦੀ ਕੋਈ ਇਕਾਈ ਨਹੀਂ ਸੀ। ਇਸ ਲਈ ਇਥੋਂ ਦੇ ਥੋੜੇ ਕੁ ਸੋਸ਼ਲਿਸਟ ਪੰਜਾਬ ਦੀ ਇਕਾਈ ਨਾਲ਼ ਸਬੰਧਤ ਸਨ। ਮੌਲਾਨਾ ਸਾਡੀ ਸੂਬਾ ਕਮੇਟੀ ਦੀਆਂ ਮੀਟਿੰਗਾਂ ਵਿੱਚ ਸੱਦ ਲਿਆ ਜਾਂਦਾ ਸੀ। ਇਸ ਕਰਕੇ ਮੇਰਾ ਵਾਕਿਫ ਤੇ ਜਾਣਕਾਰ ਸੀ। ਇਕੇਰਾਂ 1937 ਵਿੱਚ ਅਸਾਂ ਤਲਾਰੰਗ ਵਿੱਚ ਕਾਂਗਰਸ ਦੀ ਕਾਨਫਰੰਸ ਕੀਤੀ ਜਿਸ ਦਾ ਜਥੇਬੰਦਕ ਤੇ ਪ੍ਰਬੰਧਕ ਮੈਂ ਖੁਦ ਸਾਂ। ਉਸ ਕਾਨਫਰੰਸ ਦਾ ਮੌਲਾਨਾ ਨੂੰ ਪ੍ਰਧਾਨ ਬਣਾਇਆ ਗਿਆ। ਇਸ ਤਰ੍ਹਾਂ ਉਹ ਮੇਰਾ ਚੰਗਾ ਨਿਗਦਾ ਹੋ ਗਿਆ।

ਮੈਂ ਸਰਾਏ ਸਾਲਿਆ ਦੀ ਕਾਨਫਰੰਸ ਵੇਖਣ ਦਾ ਪੱਕਾ ਮਨ ਬਣਾ ਲਿਆ। ਅਬਦੁਲ ਖਾਲਿਕ ਤੇ ਮੈਂ ਦੋਵੇਂ ਸਮਸ਼ਾਬਾਦੋਂ ਮੋਟਰ ਤੇ ਚੜ੍ਹਕੇ ਪਹਿਲਾਂ ਪੰਜਾ ਸਾਹਿਬ ਤੋਂ ਫੇਰ ਉਥੋਂ ਸਰਾਏ ਸਾਲਿਆ ਚਲੇ ਗਏ।

ਇਹ ਇਲਾਕਾ ਪਹਾੜਾਂ ਦੀ ਘੇਰੀ, ਬਾਰਸ਼ਾਂ ਦੀ ਖੋਰੀ ਤੇ ਪਾਣੀ ਦੀ ਰੋਹੜੀ ਹੋਈ ਧਰਤੀ ਸੀ। ਡਿਠ ਬੜੀ ਹੀ ਅਲੌਕਿਕ ਸੀ। ਚੜ੍ਹਦੇ ਵੱਲ ਪੰਜ ਸੱਤ ਮੀਲ ਹਟਵੀਂ ਟੈਕਸਲਾ ਦੇ ਹਰੇ ਭਰੇ ਪਹਾੜਾਂ ਦੀ ਲੰਮੀ ਤੇ ਉਚੀ ਧਾਰ ਸੀ। ਉਤਰ ਵੱਲ ਅਗਾਂਹ ਛੇ ਮੀਲ ਜਾ ਕੇ ਰੁਖਾਂ ਦਰਖਤਾਂ ਤੇ ਘਾਹ ਬੂਟ ਨਾਲ਼ ਲੱਦੇ ਹੋਏ ਐਬਟਾਬਾਦ ਦੇ ਪਹਾੜ ਖੜੇ ਸਨ। ਪੱਛਮ ਵੱਲ ਸਰਾਏ ਸਾਲਿਆ ਦੇ ਸਿਰ ਉਤੋਂ ਦੀ ਡੇਢ ਕੁ ਮੀਲ ਦੂਰ ਇੱਟਾਂ ਵਾਲ਼ੇ ਆਵੇ ਦੇ ਰੰਗ ਦੀ ਪਥਰੀਲੀ ਤੇ ਸੁੱਕੇ ਪਿੰਡੇ ਦੀ ਗਨਗ਼ਾਰ ਪਹਾੜ ਦੀ ਧਾਰ ਐਬਟਾਬਾਦ ਵੱਲੋਂ ਆ ਕੇ ਹੇਠਾਂ ਦਖਣ ਨੂੰ ਪੰਜਾਬ ਵਿੱਚ ਜਾ ਵੜਦੀ ਸੀ ਤੇ ਪੰਜਾ ਸਾਹਿਬ ਤੋਂ ਅਟਕ ਨੂੰ ਜਾ ਰਹੀ ਜੀ.ਟੀ.ਰੋਡ ਨੂੰ ਆ ਢੁੱਡ ਮਾਰਦੀ ਸੀ। ਇਹ ਗੇਰੀ ਰੰਗ ਦਾ ਲੰਮਾ ਉੱਚਾ ਪਹਾੜ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਪੰਜਾਬ ਦਾ ਇਹ ਪਾਸਾ ਥੱਪਣ ਲਈ ਕੁਦਰਤ ਨੇ ਇਥੇ ਆਵੀ ਚਾੜ੍ਹੀ ਹੋਵੇ।

ਗ਼ਨਗ਼ਰ ਦੇ ਪੈਰਾਂ ਵਿੱਚ ਤੇ ਸਰਾਏ ਸਾਲਿਆ ਦੇ ਪਿਛਵਾੜੇ ਹਰੇ ਦਰਿਆ ਦਾ ਬਜਰੀ ਦੇ ਪੱਥਰ ਵੱਟਿਆਂ ਦੇ ਫਰਸ਼ ਵਾਲ਼ਾ ਕਾਫੀ ਚੌੜਾ ਵਹਿਣ ਸੀ, ਜਿਸ ਵਿੱਚ ਗਿੱਟੇ ਗਿੱਟੇ ਪਾਣੀ ਦੀਆਂ ਕਈ ਧਾਰਾਂ ਕਿਸੇ ਪਠਾਣੀ ਦੀਆਂ ਮੀਢੀਆਂ ਵਾਂਗ ਖਿਲਰਕੇ ਵਗ ਰਹੀਆਂ ਸਨ। ਇਸ ਦੇ ਦੋਂਹ ਕੰਢਿਆਂ ਦੇ ਹਥਾੜ ਨੂੰ ਇਸ ਵਿੱਚੋਂ ਬੰਨ੍ਹ ਕੇ ਲਿਆਂਦੀਆਂ ਕੂਹਲਾਂ ਸਿੰਜਦੀਆਂ ਸਨ। ਪੰਜਾ ਸਾਹਿਬ ਤੋਂ ਐਬਟਾਬਾਦ ਵੱਲ ਲੰਘ ਰਹੀ ਸੜਕ ਉਤਾੜ ਤੇ ਹਥਾੜ ਨੂੰ ਹਰਿਆਵਲੀ ਸੀ ਤੇ ਸੱਜੇ ਪਾਸੇ ਚੜ੍ਹਦੇ ਵੱਲ ਸਖਣੱਪ ਤੇ ਉਜਾੜ।

ਇਸ ਥਾਂ ਦਾ ਹਰਿਆਵਲੀ ਸੁਹਪਣ ਪੰਜਾ ਸਾਹਿਬ ਦੀ ਹਰਿਆਵਲ ਨਾਲ਼ੋਂ ਵਧੇਰੇ ਮਨਮੋਹਣਾ ਲੁਭਾਏਮਾਨ ਤੇ ਉਪਜਾਊ ਸੀ। ਏਥੇ ਵੀ ਪੰਜਾ ਸਾਹਿਬ ਵਾਂਗ ਲੁਕਾਠਾਂ ਦੇ ਬਾਗ ਹੀ ਬਾਗ ਸਨ। ਹਰ ਪਾਸੇ ਪਣਿਆਲੇ ਖੇਤਾਂ ਵਿੱਚ ਹਲਦੀ ਦੇ ਬੂਟਿਆਂ ਦੇ ਪੱਤੇ ਪੈਲਾਂ ਪਾ ਰਹੇ ਮੋਰ ਦੇ ਚੌਰਾਂ ਵਾਂਗ ਖੜੇ ਸਨ। ਇਸ ਹਰਿਆਵਲ ਦੇ ਪਿਛਵਾੜੇ ਗ਼ਨਗ਼ਰ ਪਹਾੜ ਦੀ ਸੁੱਕੇ ਪੱਥਰਾਂ ਦੀ ਉੱਚੀ ਲੰਮੀ ਧਾਰ ਥੀਏਟਰ ਦੇ ਪਿਛਲੇ ਪੜਦੇ ਵਾਂਗ ਖੜੀ ਸੀ। ਇਹ ਸੀਨ ਕੁਦਰਤ ਦੀ ਸਾਜੀ ਹੋਈ ਕਾਰੀਗਰੀ ਦੀ ਬੜੀ ਵਧੀਆ ਤੇ ਸੋਹਣੀ ਤਸਵੀਰ ਸੀ, ਜਿਸ ਨੂੰ ਸੜਕੇ ਸੜਕ ਜਾਂਦਿਆਂ ਵੇਖਿਆ ਜਾਏ ਤਾਂ ਚਿੱਤ ਐਨਾ ਰਾਜ਼ੀ ਹੁੰਦਾ ਸੀ, ਕਿ ਸਰੀਰ ਦੀਆਂ ਸਭ ਮਾਨਸਿਕ ਮਾਂਦਗੀਆਂ ਤੇ ਦਿਲਾਂ ਦੇ ਝੋਰੇ ਹਰਨ ਹੋ ਜਾਂਦੇ ਸਨ ਤੇ ਮਨ ਸੌਖਾ ਸੌਖਾ ਜਾਪਣ ਲੱਗ ਪੈਂਦਾ ਸੀ।

ਜਿਥੇ ਕੁਦਰਤ ਨੇ ਏਸ ਵਸੋਂ ਨੂੰ ਸੁਹੱਪਣ ਤੇ ਮਨੋਹਰਤਾ ਦੀਆਂ ਦਾਤਾਂ ਬਖਸ਼ੀਆਂ ਹੋਈਆਂ ਸਨ, ਓਥੇ ਬੰਦੇ ਦੀ ਆਪਣੀ ਕਿਰਤ ਐਨੀ ਕੋਝੀ, ਕੁਚੱਜੀ ਤੇ ਮੰਦੀ ਸੀ ਕਿ ਰਹੇ ਰੱਬ ਦਾ ਨਾਂ। ਬਾਜ਼ਾਰ ਗਲੀਆਂ ਨਾਲ਼ੋਂ ਵੀ ਤੰਗ ਤੇ ਚਿੱਬ ਖੜਿਬੇ ਸਨ। ਥਾਂ ਥਾਂ ਸੜੇਹਾਨ ਮਾਰ ਰਹੇ ਪਾਣੀ ਦੇ ਟੋਏ ਤੇ ਵਹਿਣ, ਜਿਨ੍ਹਾਂ ਵਿੱਚ ਤੁਰਦਿਆਂ ਬੰਦੇ ਦਾ ਧਿਆਨ ਪਾਸੇ ਦੀਆਂ ਦੁਕਾਨਾਂ ਤੇ ਉਨ੍ਹਾਂ ਵਿੱਚ ਪਏ ਮਾਲ ਵੱਲ ਜਾਣ ਦੀ ਥਾਂ ਆਪਣੀਆਂ ਲੱਤਾਂ ਨੂੰ ਟੋਇਆਂ ਤੇ ਖਡਿਆਂ ਵਿੱਚ ਪੈ ਕੇ ਮਸ਼ਕੋੜੇ ਜਾਣ ਤੇ ਸਲਵਾਰਾਂ ਨੂੰ ਗੰਦਗੀ ਤੋਂ ਬਚਾਈ ਰੱਖਣ ਲਈ ਧਰਤੀ ਤੇ ਹੀ ਟਿਕਿਆ ਰਹਿੰਦਾ ਸੀ। ਉਤੋਂ ਲੋਹੜ ਇਹ ਕਿ ਘਰਾਂ ਤੇ ਦੁਕਾਨਾਂ ਵਿੱਚੋਂ ਹੂੰਝਕੇ ਸੁੱਟਿਆ ਹੋਇਆ ਕੂੜਾ ਕਰਕਟ ਤ੍ਰੱਕੀ ਹੋਈ ਬੋ ਮਾਰਦਾ ਸੀ। ਸਿਵਾਏ ਕਪੜੇ ਦੇ ਦੁਕਾਨਦਾਰਾਂ ਤੋਂ ਹੋਰ ਸਭ ਪ੍ਰਕਾਰ ਦੇ ਹਟਵਾਣੀਏ ਬਹੁਤ ਹੀ ਗਲੀਜ਼ ਸਨ। ਮਾਲੂਮ ਹੁੰਦਾ ਸੀ ਜਿਵੇਂ ਇਹ ਸਾਰਾ ਗੰਦ ਮੰਦ ਤੇ ਹਟਵਾਣੀਏ ਏਥੋਂ ਦੇ ਕੁਦਰਤੀ ਆਰਟ ਨੂੰ ਬੁਰੀ ਨਜ਼ਰੋਂ ਬਚਾਈ ਰਖਣ ਲਈ ਕਾਲ਼ੀਆਂ ਤੌੜੀਆਂ ਰੱਖੀਆਂ ਹੋਈਆਂ ਹੋਣ।

ਸੜਕ ਤੋਂ ਸੱਜੇ ਹੱਥ ਫੌਜੀ ਪੜਾਅ ਸੀ ਜਿਸ ਵਿੱਚ ਕਾਨਫਰੰਸ ਲੱਗੀ ਹੋਈ ਸੀ। ਸਟੇਜ ਉਤੇ ਇੱਕ ਮੇਜ਼ ਦੇ ਪਿੱਛੇ ਡੱਠੀਆਂ ਹੋਈਆਂ ਤਿੰਨ ਚਾਰ ਕੁਰਸੀਆਂ ’ਚੋਂ ਵਿਚਕਾਰਲੀ ਤੇ ਮੌਲਾਨਾ ਪੋਪਲਜ਼ਈ ਬਰਾਜਮਾਨ ਸੀ। ਉਹਦੇ ਦੋਹੀਂ ਪਾਸੀਂ ਕੁਰਸੀਆਂ ਉਤੇ ਕਾਲੇ ਕਪੜਿਆਂ ਵਾਲੇ ਪਠਾਣ ਬੈਠੇ ਸਨ। ਸਟੇਜ ਉਤੇ ਹੋਰ ਦਰ ਬਾਰਾਂ ਬੰਦੇ ਵਿਛੀ ਹੋਈ ਦਰੀ ’ਤੇ ਬੈਠੇ ਸਨ। ਜਿਨ੍ਹਾਂ ਵਿੱਚ ਸਰਾਏ ਸਾਲਿਆ ਦਾ ਸੋਸ਼ਲਿਸਟ ਲੀਡਰ ਅਬਦੁਲ ਸਤਾਰ ਵੀ ਸੀ। ਹੇਠਾਂ ਮੂਹਰੇ ਤੇ ਆਸੇ ਪਾਸੇ ਜਿਮੀਂ ਉਤੇ ਪੰਜ ਹਜ਼ਾਰ ਦੇ ਕਰੀਬ ਕਾਲ਼ੇ ਪਹਿਰਾਵੇ ਦੇ ਲੋਕ ਸਿਰ ਤੇ ਪੰਜਾਬੀ ਬਨੇ੍ਹਜ ਦੀਆਂ ਪੱਗਾਂ, ਗਲ਼ ਸਕੜੰਜਾਂ ਤਕ ਲਮਕਦੇ ਖੁਲੀਆਂ ਬਾਹਵਾਂ ਵਾਲ਼ੇ ਕਾਲ਼ੇ ਚੋਗੇ, ਉਤੋਂ ਦੀ ਕਾਲ਼ੀਆਂ ਹੀ ਜਾਕਟਾਂ, ਤੇੜ ਪਿੰਨੀਆਂ ਤਕ ਉਚੀਆਂ ਤੰਗ ਮੋਹਰੀ ਤੇ ਛੋਟੇ ਘੇਰੇ ਦੀਆਂ ਕਾਲ਼ੀਆਂ ਸਲਵਾਰਾਂ ਪਾਏ ਤੇ ਕਾਲ਼ੇ ਕੰਬਲਾਂ ਦੀਆਂ ਬੁਕਲਾਂ ਮਾਰੀ ਬੈਠੇ ਹੋਏ ਸਨ। ਸਟੇਜ ਦੇ ਪਿਛਲੇ ਪਾਸੇ ਕੋਈ ਵੀਹ ਪੰਝੀ ਸਰਾਏ ਸਾਲਿਆ ਦੇ ਤਮਾਸ਼ਬੀਨ ਖੜੇ ਸਨ। ਇਸ ਤੋਂ ਇਲਾਵਾ ਸੈਂਕੜੇ ਹੋਰ ਬਜ਼ਾਰਾਂ ਵਿੱਚ ਸੌਦਾ ਪੱਤਾ ਖਰੀਦਦੇ ਤੇ ਸੈਰ ਸਪਾਟੇ ਕਰਦੇ ਫਿਰ ਰਹੇ ਸਨ।

ਪਤਾ ਲੱਗਾ ਕਿ ਇਹ ਕਾਨਫਰੰਸ ਵਾਲ਼ੇ ਕਿਸਾਨ ਓਥੋਂ ਪੰਜਾਹ ਸੱਠ ਮੀਲ ਦੂਰੋਂ ਰੂਸ ਦੀ ਹੱਦ ਨਾਲ਼ ਲਗਦੇ ਕਾਗ਼ਾਨ ਦੇ ਪਹਾੜੀ ਇਲਾਕੇ ਵਿੱਚੋਂ ਪਹਾੜਾਂ ਦੀਆਂ ਵੱਖੀਆਂ ਭੰਨਦੇ, ਘਾਟੀਆਂ ਚੜ੍ਹਦੇ ਉਤਰਦੇ, ਨਦੀ ਨਾਲ਼ੇ ਚੀਰਦੇ ਤੇ ਪਹਾੜੀ ਗਲ਼ੀਆਂ ਦੇ ਪੱਥਰ ਵੱਟੇ ਮਿਧਦੇ ਪੈਰੀਂ ਹੀ ਤੁਰ ਕੇ ਆਏ ਸਨ। ਇਹ ਮੁਜ਼ਾਰਿਆਂ ਦਾ ਆਪਣੀ ਆਵਾਜ਼ ਬੁਲੰਦ ਕਰਨ ਲਈ ਇਤਿਹਾਸ ਵਿੱਚ ਬੇਨਜ਼ੀਰ ਮਾਰਚ ਸੀ। ਉਹ ਬੱਕਰਵਾਨ ਕਿਸਾਨ ਸਨ ਜੋ ਗੁੱਜਰ ਕਹਾਉਂਦੇ ਸਨ। ਉਨ੍ਹਾਂ ਦੇ ਹਰ ਟੱਬਰ ਪਾਸ ਕਈ ਸੌ ਬੱਕਰੀਆਂ ਸਨ ਜਿਨ੍ਹਾਂ ਨੂੰ ਉਹ ਪਹਾੜਾਂ ਉਤਲੇ ਜੰਗਲਾਂ ਵਿੱਚ ਚਾਰਦੇ ਤੇ ਨਾਲ਼ ਮਾੜੀ ਮੋਟੀ ਖੇਤੀ ਵੀ ਕਰ ਲੈਂਦੇ ਸਨ। ਹਰ ਜਣੇ ਨੇ ਬੱਕਰੇ ਦੀ ਸਬੂਤੀ ਖੱਲ ਦੀਆਂ ਦੋ ਦੋ ਚਾਰ ਚਾਰ ਮਸ਼ਕਾਂ ਮੋਢਿਆਂ ਤੋਂ ਅੱਗੜ ਪਿੱਛੜ ਲਮਕਾਈਆਂ ਹੋਈਆਂ ਸਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਮੱਕੀ ਦੇ ਆਟੇ ਦੀਆਂ ਪੋਟਲੀਆਂ, ਲੂਣ ਮਿਰਚ, ਤਵੇ, ਪਲੇਟਾਂ ਤੇ ਹੋਰ ਲੋੜ ਦੇ ਕਪੜੇ ਗਲ ਥਾਣੀ ਤੁੰਨੇ ਹੋਏ ਸਨ। ਕਈ ਜਲਸੇ ਤੋਂ ਜ਼ਰਾ ਹਟਕੇ ਚੁਲ੍ਹੇ ਪੁੱਟੀ ਮੱਕੀ ਦਾ ਆਟਾ ਗੁੰਨ੍ਹ ਗੁਨੰ੍ਹ ਕੇ ਰੋਟੀਆਂ ਪਕਾ ਪਕਾ ਲੂਣ ਮਿਰਚਾਂ ਨਾਲ਼ ਖਾ ਰਹੇ ਸਨ। ਭਾਵ ਸਾਰਿਆਂ ਕੋਲ਼ ਆਪੋ ਆਪਣਾ ਪੱਲਾ ਪਕਾਉਣ ਦਾ ਸਮਾਨ ਸੀ। ਕਈਆਂ ਨੇ ਕਸਬੇ ਦੀਆਂ ਚਾਹ ਦੀਆਂ ਦੁਕਾਨਾਂ ਤੇ ਬੈਂਚ ਮੱਲੇ ਹੋਏ ਸਨ, ਜਿਥੇ ਬੈਠੇ ਉਹ ਚਾਹ ਦੀਆਂ ਠੂਠੀਆਂ ਭਰ ਭਰ ਪੀ ਰਹੇ ਸਨ। ਇਕ ਦੋ ਥਾਈਂ ਇਹ ਲੋਕ ਕੰਬਲਾਂ ਦੇ ਢੇਰ ਲਾਈ ਪੰਜ ਪੰਜ ਰੁਪੈ ਨੂੰ ਵੇਚ ਰਹੇ ਸਨ। ਕਾਨਫਰੰਸ ਕਾਹਦੀ ਸੀ, ਪਰਦੇਸੀਆਂ ਦਾ ਚੰਗਾ ਮੇਲਾ ਲੱਗਾ ਹੋਇਆ ਸੀ।

ਇਨ੍ਹਾਂ ਦੇ ਚਰਾਂਦੀ ਜੰਗਲ, ਵਾਹੀ ਦੀਆਂ ਜ਼ਮੀਨਾਂ ਤੇ ਘਰਾਂ ਦੀਆਂ ਕੁੱਲੀਆਂ ‘ਆਪਣੀ’ ਮਾਲਕੀ ਨਹੀਂ ਸਨ। ਰਾਵਲਪਿੰਡੀ ਰਹਿ ਰਿਹਾ ਸਯਦਾਂ ਦਾ ਇੱਕ ਖਣਵਾਦਾ ਇਨ੍ਹਾਂ ਦਾ ‘‘ਮਾਲਕ’’ ਸੀ। ਏਥੇ ਉਨ੍ਹਾਂ ਦੀ ਰਾਜ ਲੁੱਟ ਸਯਦਾਂ ਦੇ ਮੁਨਸ਼ੀ ਮੁਸੱਦੀ ਕਰਦੇ ਸਨ। ਸਯਦ ‘‘ਪਾਤਸ਼ਾਹ’’ ਇੱਜੜਾਂ ਤੇ ਫਸਲਾਂ ਵਿੱਚੋਂ ਤਿੰਨ ਹਿੱਸੇ ਆਪ ਲੈਂਦੇ ਸਨ ਤੇ ਚੌਥਾ ਹਿੱਸਾ ਬੱਕਰਵਾਨਾਂ ਨੂੰ ਮਿਲ਼ਦਾ ਸੀ। ਇਸ ਉਤੇ ਲੋਹੜਾ ਇਹ ਕਿ ਜੇ ਕੋਈ ਬੱਕਰੀ ਮਰ ਜਾਏ ਤਾਂ ਉਸ ਦੇ ਬਦਲੇ ਵਿੱਚ ਮਾਲਕਾਂ ਨੂੰ ਤਿੰਨਾਂ ਬਕਰੀਆਂ ਦਾ ਮੁਲ ਭਰਨਾ ਪੈਂਦਾ ਸੀ।

ਇਸ ਅੰਨੀ ਤੇ ਅਥਾਹ ਪੀਰ ਪਰਸਤੀ ਵਿੱਚ ਲਪੇਟੀ ਜਗੀਰਦਾਰ ਲੁੱਟ ਖੋਹ ਵਿਰੁੱਧ ਬੱਕਰਵਾਨਾਂ ਵਿੱਚ ਪੈਦਾ ਹੋਇਆ ਵਿਰੋਧ ਡੌਲਿਆਂ ਵਿੱਚ ਫੁਰਕ ਪਿਆ ਸੀ ਤੇ ਉਹ ਘੋਲ਼ ਦੇ ਰਾਹ ਹੋ ਤੁਰੇ ਸਨ।

*****

ਉਨ੍ਹਾਂ ਦਾ ਪੱਖ ਸੀ ਕਿ ਬੱਕਰੀਆਂ ਉਨ੍ਹਾਂ ਦੀਆਂ ਆਪਣੀਆਂ, ਜ਼ਮੀਨਾਂ ਉਹ ਆਪ ਅਬਾਦ ਕਰਕੇ ਵਾਹੁੰਦੇ ਤੇ ਬੀਜਦੇ ਸਨ, ਘਰ ਆਪ ਬਣਾਉਂਦੇ ਸਨ, ਸਯਦਾਂ ਦਾ ਇਸ ਕਿਰਤ ਵਿੱਚ ਕੱਖ ਵੀ ਨਹੀਂ ਸੀ ਲਗਦਾ। ਸਯਦ ਬੱਕਰੀਆਂ ਤੇ ਖੇਤਾਂ ਵਿੱਚੋਂ ਕੇਵਲ ਇਸ ਧੌਂਸ ਨਾਲ਼ ਤਿੰਨ ਚੁਥਾਈ ਹਿੱਸਾ ਖੋਹ ਲੈਂਦੇ ਸਨ ਕਿ ਅੰਗਰੇਜ਼ੀ ਸਾਮਰਾਜ ਨੇ ਸਯਦਾਂ ਦੇ ਨਾਂ ਇਨ੍ਹਾਂ ਜੰਗਲਾਂ ਤੇ ਧਰਤੀ ਦੀ ਮਾਲਕੀ ਇਸ ਕਰਕੇ ਲਿਖ ਦਿਤੀ ਸੀ ਕਿ ਸਿੱਖ ਰਾਜ ਪਾਸੋਂ ਪੰਜਾਬ ਦੀ ਆਜ਼ਾਦੀ ਖੋਹਣ ਲਈ ਇਨ੍ਹਾਂ ਸਯਦਾਂ ਨੇ ਮੇਜਰ ਐਬਟ ਦੀ ਚੁੱਕ ਵਿੱਚ ਆ ਕੇ ਇਲਾਕੇ ਦੇ ਮੁਲਖੱਈਏ ਨੂੰ ਰਾਜਾ ਚਤਰ ਸਿੰਘ ਅਟਾਰੀ ਦੇ ਗਲ਼ ਪੁਆ ਦਿੱਤਾ ਸੀ। ਬੱਕਰਵਾਨ ਬੱਕਰੀਆਂ ਦੀ ਚਰਾਈ ਦੇਣ ਨੂੰ ਤਿਆਰ ਸਨ, ਪਰ ਬੱਕਰੀਆਂ ਵਿੱਚੋਂ ਹਿੱਸਾ ਨਹੀਂ ਤੇ ਫੇਰ ਉਹ ਵੀ ਤਿੰਨ ਚੌਥਾਈ? ਮਰੀ ਬੱਕਰੀ ਨੂੰ ਮੁਜਰੇ ਦੇਣ ਤੋਂ ਇਨਕਾਰੀ ਸਨ। ਉਹ ਆਖਦੇ ਸਨ ਵਾਹੀ ਲਈ ਜ਼ਮੀਨਾਂ ਉਨ੍ਹਾਂ ਤੋੜੀਆਂ, ਆਬਾਦ ਕੀਤੀਆਂ, ਰਸਾਈਆਂ ਤੇ ਪਲਿਉਂ ਬੀ ਪਾਇਆ, ਸਯਦਾਂ ਦੀ ਕੋਈ ਹਿੰਗ ਫਟਕੜੀ ਨਹੀਂ ਲੱਗੀ, ਫੇਰ ਉਹ ਤਿੰਨ ਚੌਥਾਈ ਚਕੋਤਾ ਕਿਉਂ ਦੇਣ। ਉਹ ਮਾਲਕੀ ਨੂੰ ਚੈਲਿੰਜ ਨਹੀਂ ਕਰਦੇ ਸਨ, ਕੇਵਲ ਉਹ ਆਪਣੀ ਅੰਨ੍ਹੀ ਤੇ ਬੇਹੱਕੀ ਲੁੱਟ ਖੋਹ ਤੋਂ ਆਕੀ ਸਨ ਉਹ ਵਾਹੀ ਤੋਂ ਵਸੇਬੇ ਦੇ ਮੌਰੂਸੀ ਹੱਕ ਮੰਗਦੇ ਸਨ, ਜ਼ਰਾ ਜਿੰਨਾ ਵੀ ਚੂੰ ਚਿਰਾਂ ਕੀਤਿਆਂ ਉਨ੍ਹਾਂ ਨੂੰ ਘਰਾਂ ਤੇ ਜੰਗਲਾਂ ਤੋਂ ਬੇਦਖਲ ਕਰ ਦਿੱਤਾ ਜਾਂਦਾ ਸੀ। ਉਹ ਆਪਣੇ ਹੱਕ ਦੀ ਆਵਾਜ਼ ਉੱਚੀ ਕਰਨ ਤੇ ਇਹ ਹੱਕ ਪ੍ਰਾਪਤ ਕਰਨ ਦਾ ਨਗਾਰਾ ਵਜਾਉਣ ਲਈ ਲੱਕ ਬੰਨ੍ਹਕੇ ਐਡੀ ਦੂਰ ਆਏ ਸਨ ਤੇ ਇਸ ਸੰਗਰਾਮ ਵਿੱਚ ਸਿਆਸੀ ਅਗਵਾਈ ਹਾਸਲ ਕਰਨ ਲਈ ਹਜ਼ਾਰੇ ਦੇ ਸੋਸ਼ਲਿਸਟਾਂ ਦਾ ਆ ਬੂਹਾ ਖੜਕਾਇਆ ਸੀ।

ਅੱਗੋਂ ਸੋਸ਼ਲਿਸਟ ਰਣ ਦੇ ਕੱਚੇ ਹੋਣ ਕਰਕੇ ਆਪ ਕਾਗ਼ਾਨ ਵਿੱਚ ਮੌਕੇ ਉਤੇ ਨਹੀਂ ਗਏ, ਐਡੀ ਦੂਰ ਪਹਾੜਾਂ ਵਿੱਚ ਜਾ ਕੇ ਬੱਕਰਵਾਨਾਂ ਦੀ ਪੂਰੀ ਤਾਕਤ ਜੋੜ ਕੇ ਸਯਦਾਂ ਦੀ ਲੁੱਟ ਖੋਹ ਵਿਰੁਧ ਮੋਰਚਾ ਗਰਮਾਉਣ ਤੋਂ ਡਰ ਗਏ, ਕੇਵਲ ਆਪਣੇ ਸੌਖ ਤੇ ਹਾਕਮ ਜਮਾਤਾਂ ਨਾਲ਼ ਟੱਕਰ ਲੈਣ ਤੋਂ ਬਚੇ ਰਹਿਣ ਲਈ ਉਨ੍ਹਾਂ ਨੂੰ ਲੜਾਈ ਦੇ ਅਮਲੀ ਮੈਦਾਨ ਚਰਾਂਦਾ, ਖੇਤਾਂ ਤੇ ਘਰਾਂ ਤੋਂ ਉਖੇੜਕੇ ਪੰਜਾਹ ਸੱਠ ਮੀਲ ਦੂਰ ਸਰਾਏ ਸਾਲਿਆ ਵਿੱਚ ਸੱਦ ਲਿਆ।

ਬੱਕਰਵਾਨ ਪੀਰੀ ਮੁਰੀਦੀ ਦੇ ਨਾਂ ਉਤੇ ਹੋ ਰਹੀ ਇਸ ਜਗੀਰੂ ਲੁੱਟ ਖੋਹ ਤੋਂ ਕਿੰਨੇ ਤੰਗ ਸਨ, ਉਸ ਦਾ ਪਤਾ ਇਸ ਹਕੀਕਤ ਤੋਂ ਲਗਦਾ ਹੈ ਕਿ ਆਪਣੇ ਵਿਰੋਧ ਦੀ ਆਵਾਜ਼ ਉੱਚੀ ਕਰਨ ਲਈ ਘਰਾਂ ਦਾ ਕੰਮ ਕਾਰ ਛੱਡ ਕੇ ਪਹਾੜਾਂ ਦਾ ਕਈਆਂ ਮੀਲਾਂ ਦਾ ਪੈਂਡਾ ਝਾਗ ਕੇ ਸਰਾਏ ਸਾਲਿਆ ਆਏ। ਤੇ ਉਨ੍ਹਾਂ ਅੰਦਰ ਆਪਣੇ ਮੰਤਵ ਦੀ ਪੂਰਤੀ ਲਈ ਘੋਲ਼ ਕਰਨ ਦੇ ਉਦਮ ਤੇ ਏਕੇ ਵਿੱਚ ਨਿਸ਼ਚਾ ਇਸ ਗੱਲ ਤੋਂ ਦਿਸਦਾ ਸੀ ਕਿ ਕੋਈ ਸੌ ਪੰਜਾਹ ਨਮਾਇੰਦੇ ਦੇ ਤੌਰ ’ਤੇ ਨਹੀਂ, ਸਗੋਂ ਸਭ ਪਗਬੰਨ੍ਹ ਬੱਕਰਵਾਨ ਹਜ਼ਾਰਾਂ ਦੀ ਗਿਣਤੀ ਵਿੱਚ ਆਪੋ ਆਪਣਾ ਪੱਲਾ ਨਾਲ਼ ਬੰਨ੍ਹ ਕੇ ਆਏ ਸਨ।

ਹਜ਼ਾਰਾ ਪਠਾਣ ਨਹੀਂ, ਪੰਜਾਬੀ ਹੈ। ਇਸ ਲਈ ਓਥੇ ਪਸ਼ਤੋ ਨਹੀਂ ਪੰਜਾਬੀ ਚਲਦੀ ਹੈ। ਬੱਕਰਵਾਨ ਵੀ ਛਾਛੀ ਪੰਜਾਬੀ ਬੋਲਦੇ ਹਨ। ਇਸ ਲਈ ਕਾਨਫਰੰਸ ਨੂੰ ਵੇਖਣਾ ਤੇ ਜਾਚਣਾ ਮੇਰੇ ਲਈ ਆਸਾਨ ਹੋ ਗਿਆ। ਕਾਨਫਰੰਸ ਦੀ ਕਾਰਵਾਈ ਪੰਜਾਬੀ ਵਿੱਚ ਚਲ ਰਹੀ ਸੀ, ਕੇਵਲ ਮੌਲਾਨਾ ਨੇ ਹਿੰਦੁਸਤਾਨੀ ਵਿੱਚ ਤਕਰੀਰ ਕੀਤੀ। ਕਾਨਫਰੰਸ ਦਾ ਓਥੇ ਕਰਤਾ ਧਰਤਾ ਸਰਾਏ ਸਾਲਿਆ ਦਾ ਸੋਸ਼ਲਿਸਟ ਵਰਕਰ ਅਬਦੁਲ ਸਤਾਰ ਸੀ। ਉਹਨੂੰ ਮੈਂ ਲਾਹੌਰ ਤੇ ਰਾਵਲਪਿੰਡੀ ਕਈਆਂ ਮੀਟਿੰਗਾਂ ਵਿੱਚ ਵੇਖਿਆ ਹੋਇਆ ਸੀ। ਮੈਂ ਓਦੋਂ ਸਿੱਖੀ ਰੂਪ ਵਿੱਚ ਸਾਂ। ਡਿਹੜ ਦਿਨ ਬੜੀਆਂ ਧੂਆਂਧਾਰ ਤਕਰੀਰਾਂ ਹੋਈਆਂ। ਬੱਕਰਵਾਨਾਂ ਦੇ ਆਪਣੇ ਆਗੂਆਂ ਨੇ ਆਪਣੇ ਪੀਰਾਂ ਵੱਲੋਂ ਦੀਨ ਦੇ ਨਾਂ ਉਤੇ ਕੀਤੀ ਜਾ ਰਹੀ ਲੁੱਟ ਖੋਹ ਦੇ ਕੀਰਨੇ ਪਾਏ ਤੇ ਇਸ ਨੂੰ ਬੰਦ ਕਰਨ ਲਈ ਲਲਕਾਰਿਆ। ਉਨ੍ਹਾਂ ਮਨੁਸ਼ੀਆਂ ਮੁਸੱਦੀਆਂ ਦਾ ਲੁੱਚਪੁਣਾ ਵੀ ਦਸਿਆ ਤੇ ਨੌਲ਼ਿਆ।

ਮੌਲਾਨਾ ਨੇ ਆਪਣਾ ਪ੍ਰਧਾਨਗੀ ਭਾਸ਼ਨ ਦਿੱਤਾ ਤੇ ਹੋਰ ਸੋਸ਼ਲਿਸਟ ਵੀ ਬੋਲੇ। ਉਨ੍ਹਾਂ ਦੀਆਂ ਤਕਰੀਰਾਂ ਵਿੱਚ ਬੱਕਰਵਾਨਾਂ ਉਤੇ ਹੋ ਰਹੇ ਜ਼ੁਲਮ ਤੇ ਲੁੱਟ ਖੋਹ ਉਤੇ ਘਿਰਨਾ ਪ੍ਰਗਟ ਕੀਤੀ ਗਈ, ਸਯਦਾਂ ਨੂੰ ਇਨ੍ਹਾਂ ਦੇ ਕੀਰਨੇ ਸੁਣ ਲੈਣ ਲਈ ਆਖਿਆ ਤੇ ਵੰਗਾਰਿਆ ਗਿਆ ਸੀ ਕਿ ਜੇ ਉਨ੍ਹਾਂ ਬੱਕਰਵਾਨਾਂ ਨਾਲ਼ ਇਨਸਾਫ ਨ ਕੀਤਾ ਤਾਂ ‘‘ਮੋਰਚੇ ਲੱਗ ਜਾਣਗੇ’’। ਓਧਰ ਬੱਕਰਵਾਨਾਂ ਨੂੰ ਸਬਰ ਸੰਤੋਖ ਤੋਂ ਕੰਮ ਲੈਣ, ਐਵੇਂ ਗਰਮੀ ਵਿੱਚ ਨ ਆਉਣ, ਤੇ ਸਯਦਾਂ ਨਾਲ਼ ਰਸਾਈ ਕਰ ਲੈਣ ਦੀਆਂ ਮੱਤਾਂ ਦਿੱਤੀਆਂ। ਮੈਂ ਅੰਡਰਗਰਾਊਂਡ ਹੋਣ ਕਾਰਨ ਆਪ ਬੋਲ ਨਹੀਂ ਸਾਂ ਸਕਦਾ ਤੇ ਆਪਣੇ ਨਾਲ਼ ਦੇ ਅਬਦੁਲ ਖਾਲਿਕ ਨੂੰ ਸਿਖਾਕੇ ਸਟੇਜ ਤੋਂ ਬੁਲਵਾਇਆ ਜਿਸ ਨੇ ਉਨ੍ਹਾਂ ਨੂੰ ਆਪਣਾ ਏਕਾ ਪੱਕਾ ਕਰਕੇ ਬਟਾਈ ਤੋਂ ਮੁੱਕਰ ਜਾਣ, ਘਰ ਤੇ ਜ਼ਮੀਨਾਂ ਉਤੇ ਡਟੇ ਰਹਿਣ ਤੇ ਇਸ ਮੋਰਚੇ ਨੂੰ ਅੰਤਮ ਫਤਿਹ ਤਕ ਗਰਮਾਈ ਰੱਖਣ ਲਈ ਕਿਹਾ।

ਫੇਰ ਬੱਕਰਵਾਨਾਂ ਦੀ ਵਾਰੀ ਆਈ। ਉਨ੍ਹਾਂ ਦੇ ਲੀਡਰ ਸਫਦਰ ਖਾਂ ਨੇ ਆਪਣੀ ਹੋ ਰਹੀ ਲੁੱਟ ਖੋਹ, ਇਸ ਨੂੰ ਦੂਰ ਕਰਨ ਲਈ ਆਪਣੀਆਂ ਮੰਗਾਂ ਤੇ ਇਨ੍ਹਾਂ ਨੂੰ ਮੰਨਵਾਉਣ ਲਈ ਆਪਣੇ ਘੋਲ਼ ਦਾ ਇਰਾਦਾ ਦੱਸਿਆ। ਉਹਦੀ ਤਕਰੀਰ ਆਪਣੇ ਹੱਕਾਂ ਲਈ ਲੜਾਈ ਲੈਣ ਵਾਸਤੇ ਮੈਦਾਨ ਵਿੱਚ ਨਿੱਤਰ ਆਈ ਹੋਈ ਕਿਸਾਨੀ ਦੀ ਗਰਜ ਤੇ ਲਲਕਾਰ ਸੀ ਜੋ ਸਯਦਾਂ ਦੀ ਪੀਰੀ ਮੁਰੀਦੀ ਦੇ ਨਾਂ ਉਤੇ ਕੀਤੀ ਜਾ ਰਹੀ ਲੁੱਟ ਤੇ ਇਸ ਨੂੰ ਬੱਕਰਵਾਨਾਂ ਉਤੇ ਮੜ੍ਹੀ ਰਖਣ ਵਾਲ਼ੀ ਅੰਗਰੇਜ਼ੀ ਸਰਕਾਰ ਦੀ ਤਾਕਤ ਨੂੰ ਵੀ ਵੰਗਾਰਦੀ ਸੀ।

ਪਹਿਲਾ ਦਿਨ ਤਕਰੀਰਾਂ ਵਿੱਚ ਲੰਘ ਗਿਆ। ਅਬਦੁਲ ਸਤਾਰ ਬੱਕਰਵਾਨਾਂ ਦੀਆਂ ਤਕਰੀਰਾਂ ਤੇ ਗੱਲਾਂਬਾਤਾਂ ਤੋਂ ਪ੍ਰਗਟ ਹੋਈ ਸਯਦਾਂ ਤੇ ਅੰਗਰੇਜ਼ ਰਾਜ ਸ਼ਕਤੀ ਨਾਲ਼ ਟੱਕਰ ਲੈਣ ਦੀ ਦਰਿੜ੍ਹ ਇੱਛਾ ਤੋਂ ਬਹੁਤ ਘਬਰਾਇਆ ਹੋਇਆ ਸੀ, ਕਿਉਂਕਿ ਉਹ ਇਸ ਕਾਨਫਰੰਸ ਨੂੰ ਜਿੰਨੀ ਸੌਖੀ ਤੇ ਆਪਣੀ ਉਜਾਗਰੀ ਸਮਝ ਕੇ ਹੱਥ ਪਾ ਚੁੱਕਾ ਸੀ, ਉਹ ਉਸਤਰਿਆਂ ਦੀ ਮਾਲ਼ਾ ਨਿਕਲ਼ੀ। ਇਸ ਕਾਨਫਰੰਸ ਦਾ ਮਨਸ਼ਾ ਲੁੱਟ ਖੋਹ ਵਿਰੁੱਧ ਕੇਵਲ ਆਵਾਜ਼ ਉੱਚੀ ਕਰਨਾ ਹੀ ਨਾ ਰਹਿ ਗਿਆ ਸਗੋਂ ਇਸ ਨੂੰ ਖਤਮ ਕਰਨ ਤੇ ਬੇਦਖਲੀਆਂ ਦਾ ਮੁਕਾਬਲਾ ਕਰਨ ਦਾ ਦਾਈਆ ਬਣ ਗਿਆ।

ਅਗਲਾ ਦਿਨ ਮਤਿਆਂ ਦਾ ਸੀ, ਜਿੰਨ੍ਹਾਂ ਨੇ ਫੈਸਲਾ ਦੇਣਾ ਸੀ ਕਿ ਜੇ ਸਯਦਾਂ ਦੀਆਂ ਆਪਣੀਆਂ ਭਾੜੇ ਦੀਆਂ ਧਾੜਾਂ ਜਾ ਸਰਕਾਰੀ ਰਾਜ ਮਸ਼ੀਨ, ਪੁਲਸੀ ਤਾਕਤਾਂ ਲੈ ਕੇ ਬੱੱਕਰਵਾਨਾਂ ਨੂੰ ਜੰਗਲਾਂ, ਖੇਤਾਂ ਤੇ ਘਰਾਂ ਤੋਂਂ ਬੇਦਖਲ ਕਰਨ ਆਈਆਂ ਤੇ ਉਨ੍ਹਾਂ ਦਾ ਮਾਲ ਅਸਬਾਬ ਤੇ ਮਾਲ ਬੱਕਰੀਆਂ ਖੋਹਣ ਲੱਗੀਆਂ ਤਾਂ ਕੀ ਕੀਤਾ ਜਾਏ।

ਸੋਸ਼ਲਿਸਟਾਂ ਨੇ ਤਾਂ ਬੇਦਰਲੀਆਂ, ਸਯਦਾਂ ਦੀ ਲੁੱਟ ਖੋਹ ਤੇ ਮੁਨਸ਼ੀਆਂ ਦੀ ਸੀਨਾਜ਼ੋਰੀ ਵਿਰੁਧ ਕੇਵਲ ਘਿਰਣਾ ਪ੍ਰਗਟ ਕਰਨ, ਬੱਕਰਵਾਨਾਂ ਦੀਆਂ ਮੰਗਾਂ ਦੀ ਸਿਰਫ ਹਮਾਇਤ ਕਰਨ ਤੇ ਸਯਦਾਂ ਤੋਂ ਰਹਿਮ ਦੀ ਭਿਖਿਆ ਮੰਗਣ ਦਾ ਮਤਾ ਹੀ ਘੜਕੇ ਲਿਆਂਦਾ, ਜਿਸ ਨੂੰ ਬੱਕਰਵਾਨਾਂ ਦੇ ਲੀਡਰਾਂ ਨੇ ਪੇਸ਼ ਕਰਨਾ ਪਰਵਾਨ ਨਾ ਕੀਤਾ। ਉਹ ਮਤੇ ਵਿੱਚ ਵੱਜ ਗੱਜ ਕੇ ਲਲਕਾਰਨਾ ਚਾਹੁੰਦੇ ਸਨ ਕਿ ਉਹ ਬੱਕਰੀਆਂ ਦੀ ਚਰਾਈ ਦੇ ਭਾੜੇ ਵਜੋਂ ਇਕ ਚੁਥਾਈ ਬਕਰੀਆਂ ਤੇ ਵਾਹੀ ਵਿੱਚੋਂ ਇਕ ਚੁਥਾਈ ਚੌਕੋਤਾ ਦੇਣਗੇ ਤੇ ਇਸ ਤੋਂ ਰਤਾ ਮਾਸਾ ਵੱਧ ਨਹੀਂ। ਬੇਦਖਲੀ ਦੇ ਸੁਆਲ ਉਤੇ ਉਹ ਸਯਦਾਂ ਤੇ ਉਨ੍ਹਾਂ ਦੀ ਪਿੱਠ ਠੋਕ ਅੰਗਰੇਜ਼ੀ ਸਰਕਾਰ ਨੂੰ ਸਾਫ਼ ਕਹਿ ਦੇਣਾ ਚਾਹੁੰਦੇ ਸਨ ਕਿ ਜੇ ਉਨ੍ਹਾਂ ਨੂੰ ਬੇਦਖਲ ਕਰਨ ਲਈ ਕੋਈ ਕਾਰਵਾਈ ਕੀਤੀ ਗਈ ਤਾਂ ਉਹ ਅੱਗੋਂ ਮਰਨ ਮਾਰਨ ਤਕ ਜਾਣਗੇ। ਇਸ ਲਈ ਉਨ੍ਹ੍ਹਾਂ ਸੋਸ਼ਲਿਸਟਾਂ ਦੇ, ਤੇ ਵਿੱਚੇ ਮੌਲਾਨਾ ਦੇ ਬੜਾ ਸਮਝਾਉਣ ਬੁਝਾਉਣ ਦੇ ਬਾਵਜੂਦ ਵੀ ਜ਼ਿੱਦ ਨ ਛੱਡੀ, ਕਿ ਮਤੇ ਵਿੱਚ ਠੋਕ ਵਜਾ ਕੇ ਲਲਕਾਰਿਆ ਜਾਏ ਕਿ ਜੇ ਕੋਈ ਬੇਦਖਲੀਆਂ ਕਰਨ ਤੇ ਮਾਲ ਡੰਗਰ ਤੇ ਘਰ ਘਾਟ ਖੋਹਣ ਆਏ ਤਾਂ ਉਹ ਅੱਗੋਂ ਡਜ ਕਰਨਗੇ ਯਾਨੀ ਗੋਲ਼ੀ ਚਲਾ ਦੇਣਗੇ।

ਬੱਕਰਵਾਨਾਂ ਦੀ ਮਾਰਨ ਮਰਨ ਲਈ ਸਾਰੀ ਇਸ ਦ੍ਰਿੜ੍ਹਤਾ ਤੋਂ ਸੋਸ਼ਲਿਸਟਾਂ ਦੇ ਤੋਤੇ ਉਡ ਗਏ। ਉਹ ਲਗੇ ਬਗਲਾਂ ਤਾਕਣ। ਉਨ੍ਹਾਂ ਬੱਕਰਵਾਨਾਂ ਨੂੰ ਸਮਝਾਉਣ ਦੀ ਬੜੀ ਵਾਹ ਲਾਈ ਕਿ ਉਹ ਮੁਕਾਬਲੇ ਵਿੱਚ ਹਥਿਆਰ ਨ ਚੁਕਣ। ਉਨ੍ਹਾਂ ਨੂੰ ਸਯਦਾਂ ਦੇ ਪਿਛੇ ਖੜੀ ਅੰਗਰੇਜ਼ੀ ਸਰਕਾਰ ਦੀ ਪੁਲਸ, ਅਦਾਲਤਾਂ, ਜੇਲ੍ਹਾਂ ਤੇ ਫੌਜ ਦਾ ਬੜਾ ਡਰਾਵਾ ਦਿਤਾ। ਖ਼ੂਨ ਖਰਾਬਾ, ਤਬਾਹੀ ਤੇ ਬਰਬਾਦੀ ਹੋ ਜਾਣ ਦੇ ਬੜੇ ਭਿਆਨਕ ਵਿਆਖਿਆਵੀ ਨਕਸ਼ੇ ਖਿੱਚੇ, ਪਰ ਉਹ ਪੰਜਾਬੀ ਤੇ ਫੇਰ ਕਾਗ਼ਾਨੀ, ਕਿੱਥੋਂ ਡਰਨ ਉਹ ਡਜ ਕਰਨ ਦੀ ਲਲਕਾਰ ਨੂੰ ਮਤੇ ਵਿੱਚ ਰੱਖਣ ਉਤੇ ਦ੍ਰਿੜ ਸਨ।

ਬੱਕਰਵਾਨਾਂ ਦੀ ਇਸ ਅੜੀ ਨੇ ਸੋਸ਼ਲਿਸਟਾਂ ਨੂੰ ਭੌਜਲ ਪਾ ਦਿੱਤਾ। ਸਟੇਜ ਉਤੇ ਸੋਸ਼ਲਿਸਟਾਂ ਤੇ ਬੱਕਰਵਾਨਾਂ ਦਾ ਬਰ ਨ ਮਿਚਿਆ। ਕਾਨਫਰੰਸ ਵਿੱਚ ਦੋ ਘੰਟੇ ਦੀ ਛੁੱਟੀ ਕਰ ਦਿੱਤੀ ਗਈ ਤੇ ਬੱਕਰਵਾਨਾਂ ਦੇ ਲੀਡਰਾਂ ਨਾਲ਼ ਗੁਪਤ ਮੀਟਿੰਗ ਕਰਨ ਦੀ ਸਲਾਹ ਹੋਈ। ਇਹ ਮੀਟਿੰਗ ਦਰਿਆ ਹਰੋ ਦੇ ਕੰਢੇ ਇੱਕ ਇਕੱਲਵਾਂਝੀ ਸਾਧਾਰਨ ਜਿਹੀ ਮਸੀਤ ਅੰਦਰ ਹੋਈ, ਜਿਸ ਵਿੱਚ ਅਸੀਂ ਦੋ ਵੀ ਸ਼ਾਮਲ ਹੋਏ।

ਮੌਲਾਨਾ ਦੇ ਬਰਾਬਰ ਦਾ ਲੀਡਰ ਹੋਣ ਕਰਕੇ ਸੋਸ਼ਲਿਸਟਾਂ ਵੱਲੋਂ ਮੇਰਾ ਵੀ ਉਸ ਜਿੰਨਾ ਹੀ ਆਦਰ ਮਾਣ ਕੀਤਾ ਜਾ ਰਿਹਾ ਸੀ। ਇਸ ਲਈ ਮੇਰੇ ਤੇ ਮੌਲਾਨਾ ਦੇ ਬੈਠਣ ਲਈ ਵਿਛਾਈ ਗਈ ਫਰਸ਼ੀ ਦਰੀ ਉਤੇ ਚਿੱਟੀ ਚਾਦਰ ਵਿਛਾ ਕੇ ਖਾਸ ਉਚੇਚ ਕੀਤਾ ਗਿਆ ਸੀ।

ਅਬਦੁਲ ਸਤਾਰ ਤੇ ਉਸ ਦੇ ਸਾਥੀਆਂ ਨੇ ਮੀਟਿੰਗ ਵਿੱਚ ਬੈਠਣ ਤੋਂ ਪਹਿਲਾਂ ਬੱਕਰਵਾਨਾਂ ਨਾਲ਼ ਬੜਾ ਮੱਥਾ ਮਾਰਿਆ ਕਿ ਉਹ ਆਪਣਾ ਹੱਠ ਛਡ ਦੇਣ ਤੇ ਬੇਦਖਲੀਆਂ ਦਾ ਬੰਦੂਕਤਾਂ ਨਾਲ਼ ਮੁਕਾਬਲਾ ਨ ਕਰਨ। ਪਰ ਉਹ ਆਪਣੀ ਧੁਨ ਦੇ ਐਨੇ ਪੱਕੇ ਤੇ ਦ੍ਰਿੜ ਸਨ ਕਿ ਮੰਨੇ ਹੀ ਨ। ਇਸ ਲਈ ਜਦ ਮੀਟਿੰਗ ਸ਼ੁਰੂ ਹੋਣ ਲੱਗੀ ਤਾਂ ਅਬਦੁਲ ਸਤਾਰ ਨੇ ਮੇਰੇ ਤੇ ਮੌਲਾਨਾ ਦੇ ਵਿਚਾਲ਼ੇ ਗੋਡਿਆਂ ਭਾਰ ਹੋ ਕੇ ਆਖਿਆ:

‘‘ਇਨ੍ਹਾਂ ਨੇ ਮੁਕਾਬਲਾ ਕਰਨੋਂ ਨਹੀਂ ਟਲ਼ਣਾ, ਇਹ ਸਾਨੂੰ ਵੀ ਮਰਵਾਉਣਗੇ ਆਪਾਂ ਖਿਸਕ ਚਲੀਏ।’’

ਮੈਨੂੰ ਤਾਂ ਉਸ ਦੀ ਇਹ ਸਲਾਹ ਗੋਲ਼ੀ ਵਾਂਗ ਲੱਗੀ। ਮੈਂ ਕੌੜਾ ਘੁੱਟ ਭਰ ਸੁਣ ਤਾਂ ਲਈ, ਪਰ ਅੰਦਰੋਂ ਅੰਦਰੀ ਗੁੱਸੇ ਵਿੱਚ ਰਿੱਝ ਉਠਿਆ।

ਬੱਕਰਵਾਨ ਗੇਲੀਆਂ ਜਿੱਡੇ ਨਿੱਗਰ ਤੇ ਉਚੇ ਮਰਦ ਜਣੇ ਸਨ। ਉਨ੍ਹਾਂ ਦੇ ਆਗੂ ਆਪਣੇ ਨਿਸ਼ਚੇ ’ਤੇ ਲੋਹੇ ਜੜ ਸਨ। ਉਨ੍ਹਾਂ ਨੂੰ ਆਪਣੇ ਲੋਕਾਂ ਦੇ ਏਕੇ ਦੀ ਮਜ਼ਬੂਤੀ ਤੇ ਸ਼ਕਤੀ ਦੀ ਸਫਲਤਾ ਉਤੇ ਐਨਾ ਅਹਿਲ ਤੇ ਅਟੁੱਟ ਭਰੋਸਾ ਸੀ ਕਿ ਆਪਣੇ ਉਤੇ ਹੋ ਰਹੇ ਜ਼ੁਲਮ ਜਬਰ ਤੇ ਲੁੱਟ ਖੋਹ ਤੋਂ, ਜੇ ਪੂਰੀ ਮੁਕਤੀ ਨਹੀਂ, ਤਾਂ ਘੱਟੋਂ ਘੱਟ ਹੱਡ ਸੁਖਾਲ਼ੇ ਕਰਨ ਦੇ ਆਸ਼ੇ ਦੀ ਪੂਰਤੀ ਲਈ ਸਯਦਾਂ ਦੀਆਂ ਭਾੜੇ ਦੀਆਂ ਧਾੜਾਂ ਨਾਲ਼ ਟੱਕਰ ਲੈਣ ਲਈ ਲੱਕ ਬੰਨ੍ਹ ਖਲੋਤੇ ਸਨ ਤੇ ਉਨ੍ਹਾਂ ਦੀ ਪੀਰੀ ਦੀ ਉਤਮਤਾ ਨੂੰ ਮਿੱਟੀ ਵਿੱਚ ਰੋਲ਼ਣ ਲਈ ਸਿਰ ’ਤੇ ਖਫਨ ਬੰਨ੍ਹ ਆਏ ਸਨ। ਉਹ ਮਾਰਨ ਮਰਨ ’ਤੇ ਐਨੇ ਤੁਲ ਗਏ ਸਨ ਕਿ ਅੰਗਰੇਜ਼ੀ ਤਾਕਤ ਨਾਲ਼ ਵੀ ਦੋਵੇਂ ਹੱਥ ਕਰਨ ਲਈ ਤਿਆਰ ਸਨ। ਉਨ੍ਹਾਂ ਦੀ ਇਸ ਦ੍ਰਿੜਤਾ ਨੂੰ ਸੋਸ਼ਲਿਸਟਾਂ ਦੀਆਂ ਮੱਤਾਂ ਤੇ ਸਮਝਾਉਣੀਆਂ ਤਾਂ ਕੀ ਮੌਲਾਨਾ ਪੋਪਲਜ਼ਈ ਦੀ ਦੀਨੀ ਸਖਸ਼ੀਅਤ ਵੀ ਨ ਤੋੜ ਮਰੋੜ ਸਕੀ।

ਮੀਟਿੰਗ ਸ਼ੁਰੂ ਹੋਈ, ਐਧਰ ਉਧਰ ਦੀਆਂ ਹੋਰ ਗੱਲਾਂ ਹੋ ਕੇ ਅੰਤ ਮਤੇ ਦੇ ਵਿਸ਼ੇ ਉਤੇ ਵਿਚਾਰ ਹੋਣ ਲੱਗੀ। ਮੌਲਾਨਾ ਨੇ ਬੱਕਰਵਾਨਾਂ ਨੂੰ ਹਥਿਆਰੀ ਮੁਕਾਬਲਾ ਕਰਨ ਤੋਂ ਹੋੜੀ ਰਖਣ ਲਈ ਬੜੀ ਸ਼ਰੱਈ ਸਿੱਖ ਮੱਤ ਦਿੱਤੀ। ਕੁਰਾਨ ਤੇ ਹਦੀਸ ਦੇ ਹਵਾਲੇ ਦੇ ਕੇ ਸ਼ਬਦ ਪੀਰਾਂ ਤੋਂ ਆਕੀ ਹੋਣ ਨੂੰ ਰੱਬ ਰਸੂਲ ਤੇ ਇਸਲਾਮ ਤੋਂ ਨਾਬਰ ਹੋਣਾ ਦਸਿਆ। ਸਰਕਾਰ ਦੀ ਮਾਰੂ ਤੇ ਬਰਬਾਦ ਸ਼ਕਤੀ ਬੜੇ ਭਿਆਨਕ ਢੰਗ ਨਾਲ਼ ਬਿਆਨ ਕੀਤੀ। ਸਰਕਾਰ ਦੇ ਸਯਦਾਂ ਦੀ ਮਦਦ ’ਤੇ ਆ ਜਾਣ ਉਤੇ ਪੇਸ਼ ਆਉਣ ਵਾਲ਼ੀ ਤਬਾਹੀ ਤੇ ਬਰਬਾਦੀ ਦੇ ਬਹੁਤ ਯਰਕਾਊ ਵਿਖਿਆਨ ਦਿਤੇ। ਹਿੰਦੀ ਬਗਾਵਤਾਂ ਨੂੰ ਦਬਾਉਣ ਲਈ ਅੰਗਰੇਜ਼ੀ ਬੁਰਛਾਗਰਦੀ ਤੇ ਜ਼ੁਲਮ ਦੀਆਂ ਕਈ ਕਹਾਣੀਆਂ ਸੁਣਾਈਆਂ। ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ ਤੇ ਅਲੀ ਭਾਈਆਂ ਦੀ ਸਹਿਜਧਾਰੀ ਨੀਤੀ ਤੇ ਸ਼ਾਂਤਮਈ ਘੋਲ਼ ਦੇ ਰਸਤੇ ਵਸੇ ਸਯਦਾਂ ਦੀ ਈਮਾਨ ਅਦੂਲੀ ਕਰਨ ਉਤੇ ਔਰਤਾਂ ਦੇ ਖੁਦ ਬਖੁਦ ਤਲਾਕੇ ਜਾਣ ਦਾ ਵੀ ਫਤਵਾ ਸੁਣਾਇਆ। ਪਰ ਅਸ਼ਕੇ ਜਾਈਏ ਉਨ੍ਹਾਂ ਸੂਰਮਿਆਂ ਦੇ ਜਿਨ੍ਹਾਂ ਉਤੇ ਮੌਲਾਨਾ ਦੀ ਸਾਰੀ ਵਾਅਜ਼ ਨਸੀਹਤ ਤੇ ਫਤਵੇਬਾਜ਼ੀ ਦਾ ਕੋਈ ਅਸਰ ਨ ਹੋਇਆ ਤੇ ਉਹ ਮੁਕਾਬਲਾ ਕਰਨ ਤੋਂ ਨ ਹੁੜੇ। ਉਨ੍ਹਾਂ ਦਾ ਲੀਡਰ ਸਫਦਰ ਖਾਂ ਮੌਲਾਨਾ ਦੀ ਹਰ ਗੱਲ ਨੂੰ ਬਾਰ ਬਾਰ ਇਕੋ ਗੱਲ ਕਹਿਕੇ ਰੱਦ ਕਰੀ ਜਾਂਦਾ ਸੀ ਕਿ ‘‘ਜੇ ਉਹ ਬਕਰੀਆਂ ਖੋਹਣ ਤੇ ਬੇਦਖਲ ਕਰਨ ਆਏ ਤਾਂ ਅਸੀਂ ਡਜ ਕਰਾਂਗੇ।’’

ਜਦ ਮੌਲਾਨਾ ਤੇ ਸੋਸ਼ਲਿਸਟ ਸਫਦਰ ਖਾਂ ਨੂੰ ਮਨਾਉਣ ਤੋਂ ਅੱਕ ਗਏ ਤਾਂ ਉਨ੍ਹਾਂ ਸਫਦਰ ਖਾਂ ਤੋਂ ਬਗੈਰ ਉਥੇ ਬੈਠੇ ਦਸ ਪੰਦਰਾਂ ਬੱਕਰਵਾਨਾਂ ਨੂੰ ਉਸ ਤੋਂ ਅਲੱਗ ਸਮਝਾਉਣ ਦਾ ਜਤਨ ਕੀਤਾ। ਪਰ ਹੱਥ ਦੀਆਂ ਮੀਟੀਆਂ ਹੋਈਆਂ ਉਂਗਲਾਂ ਵਾਂਗ ਉਹ ਸਾਰੇ ਇਕ ਮੁੱਠ ਵਿੱਚ ਬੱਝੇ ਹੋਏ ਸਾਬਤ ਹੋਏ। ਇਹ ਪੀਚੀ ਹੋਈ ਮੁੱਠ ਸੋਸ਼ਲਿਸਟਾਂ ਤੇ ਮੌਲਾਨਾ ਸਾਡੇ ਵੱਲ ਬੜੀਆਂ ਕੈਰੀਆਂ ਅੱਖਾਂ ਨਾਲ਼ ਵੇਖਿਆ ਜਿਸ ਦਾ ਮਤਲਬ ਸੀ ਕਿ ਤੁਸੀਂ ਇਨ੍ਹਾਂ ਨਾਲ਼? ਚੰਗਾ ਤੁਹਾਡੇ ਨਾਲ਼ੋਂ ਵੀ ਟੁੱਟੀ।

ਜਦ ਬੱਕਰਵਾਨ ਆਗੂ ਕਿਸੇ ਤਰ੍ਹਾਂ ਨ ਮੰਨੇ ਤਾਂ ਮੌਲਾਨਾ ਨੇ ਵੱਡਾ ਸਾਰਾ ਡੋਬ ਲੈ ਕੇ ਆਖਿਆ ‘‘ਅੱਛਾ! ਤੁਹਾਡੀ ਮਰਜ਼ੀ’’ ਤੇ ਮੀਟਿੰਗ ਬਰਖਾਸਤ ਕਰ ਦਿਤੀ।

ਹੁਣ ਮਤਾ ਸਟੇਜ ਉਤੇ ਜਾ ਕੇ ਪੇਸ਼ ਹੋਣਾ ਸੀ ਪਰ ਓਥੇ ਨ ਮੌਲਾਨਾ ਗਿਆ, ਨ ਅਬਦੁਲ ਸਤਾਰ ਤੇ ਨ ਉਸ ਦੇ ਸਾਥੀ। ਮੌਲਾਨਾ ਤਾਂ ਬੜੇ ਜ਼ਰੂਰੀ ਕੰਮ ਦੀ ਪਸ਼ਾਉਰੋਂ ਆਈ ਤਾਰ ਦਾ ਪੱਜ ਲਾ ਕੇ ਮੋਟਰੇ ਚੜ੍ਹ ਗਿਆ। ਸੋਸ਼ਲਿਸਟ ਪਤਾ ਨਹੀਂ ਕਿਧਰ ਅਲੋਪ ਹੋ ਗਏ। ਬੱਕਰਵਾਨਾਂ ਦੇ ਆਗੂਆਂ ਨੇ ਉਡੀਕ ਉਡੀਕ ਆਪ ਹੀ ਡਜ ਕਰਨ ਵਾਲ਼ਾ ਮਤਾ ਸੁਣਾ ਦਿਤਾ, ਜੋ ਅੱਲਾ ਹੂ ਅਕਬਰ ਦੇ ਗੂੰਜਵੇਂ ਨਾਹਰਿਆਂ ਨਾਲ਼ ਪਾਸ ਹੋ ਗਿਆ।

ਮੌਲਾਨਾ ਦੇ ਖਿਸਕ ਤੇ ਸੋਸ਼ਲਿਸਟਾਂ ਦੇ ਕੰਡ ਵਿਖਾ ਜਾਣ ਉਤੇ ਬੱਕਰਵਾਨ ਬਹੁਤ ਗੁੱਸੇ ਸਨ ਤੇ ਮੇਰੇ ਨਾਲ਼ ਦਾ ਛਾਛੀ ਵਰਕਰ ਮੌਲਾਨੇ ਦੀ ਮੁਰੀਦੀ ਤੋਂ ਤੌਬਾ ਕਰ ਗਿਆ ਤੇ ਪੱਕਾ ਕਿਰਤੀ ਵਰਕਰ ਹੋਣ ਦਾ ਮਨ ਬਣਾ ਆਇਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •