Qazi Da Faisala : Arabi Lok Kahani
ਕਾਜ਼ੀ ਦਾ ਫ਼ੈਸਲਾ : ਅਰਬੀ ਕਹਾਣੀ
ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਇਸਾਕ ਨਾਂ ਦਾ ਹਰਫ਼ਨਮੌਲਾ ਆਦਮੀ ਰਹਿੰਦਾ ਸੀ। ਉਹ ਸ਼ਹਿਰ ਦੇ ਸਾਰੇ ਚੋਰਾਂ ਦਾ ਗੁਰੂ ਸੀ। ਉਸ ਦੇ ਕਈ ਚੇਲੇ ਸਨ। ਉਸ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਉਹ ਬਹੁਤ ਸੁੰਦਰ ਸੀ। ਜਦ ਉਹ ਵੱਡੀ ਹੋਈ ਤਾਂ ਉਸ ਦੀ ਖ਼ੂਬਸੂਰਤੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਇਸਾਕ ਨੇ ਉਸ ਦਾ ਨਾਂ ਗੁਲਅਨਾਰ ਰੱਖਿਆ। ਇੱਕ ਦਿਨ ਇੱਕ ਫ਼ਕੀਰ ਖ਼ੈਰ ਮੰਗਣ ਇਸਾਕ ਦੇ ਬੂਹੇ ਆਇਆ। ਉਹ ਫ਼ਕੀਰ ਜੋਤਿਸ਼-ਸ਼ਾਸਤਰ ਦਾ ਗਿਆਤਾ ਸੀ। ਫ਼ਕੀਰ ਦੀ ਨਜ਼ਰ ਗੁਲਅਨਾਰ ‘ਤੇ ਪਈ ਤਾਂ ਉਸ ਨੇ ਗੁਲਅਨਾਰ ਦੇ ਪਿਤਾ ਨੂੰ ਬੁਲਾਇਆ ਤੇ ਆਖਿਆ, ”ਤੁਹਾਡੀ ਲੜਕੀ ਦੀ ਕਿਸਮਤ ਬੜੀ ਚੰਗੀ ਹੈ। ਇਸ ਦਾ ਪਤੀ ਰਾਜ ਦਾ ਬੜਾ ਵੱਡਾ ਅਧਿਕਾਰੀ ਹੋਵੇਗਾ।”
ਇਸਾਕ ਨੇ ਕਿਹਾ, ”ਤੁਸੀਂ ਜੋ ਕਿਹਾ, ਉਹ ਸੁਣਨ ਵਿੱਚ ਬੜਾ ਚੰਗਾ ਲੱਗਦਾ ਹੈ ਪਰ ਇਸ ਲੜਕੀ ਲਈ ਤਾਂ ਕਿਸੇ ਸ਼ਰੀਫ਼ ਖਾਨਦਾਨ ਦਾ ਮਾਮੂਲੀ ਲੜਕਾ ਵੀ ਨਹੀਂ ਮਿਲ ਸਕੇਗਾ।” ਫ਼ਕੀਰ ਨੇ ਜਵਾਬ ਦਿੱਤਾ, ”ਖ਼ੁਦਾ ਦੀ ਕੁਦਰਤ ਨਾਲ ਸਭ ਕੁਝ ਆਸਾਨ ਹੈ। ਉਹ ਕਿਵੇਂ ਹੋਵੇਗਾ, ਇਹ ਤਾਂ ਮੈਂ ਨਹੀਂ ਜਾਣਦਾ ਪਰ ਇਸ ਪਿਆਰੀ ਬੇਟੀ ਦੇ ਹੱਥ ਦੀਆਂ ਲਕੀਰਾਂ ਜੋ ਕਹਿ ਰਹੀਆਂ ਹਨ, ਉਹ ਜ਼ਰੂਰ ਹੋਵੇਗਾ।” ਫ਼ਕੀਰ ਐਨੀ ਗੱਲ ਕਹਿ ਕੇ ਚਲਾ ਗਿਆ। ਗੁਲਅਨਾਰ ਜਿਉਂ-ਜਿਉਂ ਵੱਡੀ ਹੁੰਦੀ ਗਈ, ਉਸ ਦੇ ਵਿਆਹ ਲਈ ਇਸਾਕ ਦੀ ਚਿੰਤਾ ਵੀ ਵਧਦੀ ਗਈ। ਫ਼ਕੀਰ ਦੀ ਗੱਲ ਉਸ ਨੂੰ ਝੂਠੀ ਲੱਗੀ ਸੀ ਕਿਉਂਕਿ ਗੁਲਅਨਾਰ ਨਾਲ ਵਿਆਹ ਕਰਵਾਉਣ ਨੂੰ ਉਂਜ ਤਾਂ ਕਈ ਨੌਜਵਾਨ ਤਿਆਰ ਸਨ ਪਰ ਸਾਰੇ ਉਸ ਦੇ ਅਪਰਾਧੀ ਚੇਲੇ ਸਨ। ਅੰਤ ਉਸ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੌਜਵਾਨਾਂ ਵਿੱਚੋਂ ਜਿਹੜਾ ਵੀ ਆਪਣੇ ਕੰਮ ਵਿੱਚ ਸਭ ਤੋਂ ਵੱਧ ਚਲਾਕ ਹੋਵੇਗਾ, ਉਸੇ ਨਾਲ ਗੁਲਅਨਾਰ ਦਾ ਵਿਆਹ ਕਰ ਦੇਵੇਗਾ। ਉਸ ਨੇ ਆਪਣੇ ਚੇਲਿਆਂ ਨੂੰ ਫ਼ੈਸਲਾ ਸੁਣਾ ਦਿੱਤਾ। ਉਨ੍ਹਾਂ ਨੌਜਵਾਨਾਂ ਵਿੱਚ ਅਲੀ ਤੇ ਵਲੀ ਨਾਂ ਦੇ ਨੌਜਵਾਨ ਸਨ। ਅਲੀ ਚੋਰ ਸੀ ਤੇ ਵਲੀ ਜੇਬਕਤਰਾ। ਜਦੋਂ ਇਸਾਕ ਨੇ ਚੇਲਿਆਂ ਨੂੰ ਆਪਣੀ ਗੱਲ ਦੱਸੀ, ਅਲੀ ਅਤੇ ਵਲੀ ਆਪਣੀ-ਆਪਣੀ ਯੋਗਤਾ ਦਿਖਾਉਣ ਲਈ ਤੁਰ ਪਏ।
ਉਹ ਦੋਵੇਂ ਬਾਜ਼ਾਰ ਵੱਲ ਗਏ। ਉੱਥੇ ਇੱਕ ਵਪਾਰੀ ਦੂਜੇ ਸ਼ਹਿਰ ਤੋਂ ਆਇਆ ਸੀ। ਉਹ ਦੋਵੇਂ ਜਣੇ ਉਸ ਦੇ ਪਿੱਛੇ ਲੱਗ ਗਏ। ਇੱਕ ਥਾਂ ਮੌਕਾ ਦੇਖ ਕੇ ਵਲੀ ਨੇ ਬੜੀ ਫੁਰਤੀ ਨਾਲ ਉਸ ਦੀ ਜੇਬ ਵਿੱਚ ਹੱਥ ਪਾਇਆ ਤੇ ਵਪਾਰੀ ਦਾ ਬਟੂਆ ਕੱਢ ਲਿਆ। ਵਪਾਰੀ ਨੂੰ ਪਤਾ ਵੀ ਨਾ ਲੱਗਿਆ। ਉਸ ‘ਚੋਂ ਸੋਨੇ ਦੀਆਂ ਇੱਕ ਹਜ਼ਾਰ ਅਸ਼ਰਫ਼ੀਆਂ ਨਿਕਲੀਆਂ। ਇਸਾਕ, ਅਲੀ ਅਤੇ ਵਲੀ ਦੇ ਹੱਥ ਦੀ ਸਫ਼ਾਈ ਦੀ ਪ੍ਰਸ਼ੰਸਾ ਕਰਨ ਲੱਗਿਆ।
ਵਲੀ ਨੇ ਕਿਹਾ, ”ਉਸਤਾਦ ਜੀ, ਅਜੇ ਤਾਂ ਮੇਰਾ ਕੰਮ ਅਧੂਰਾ ਹੀ ਹੋਇਆ ਹੈ। ਇਸ ਵਿੱਚ ਪ੍ਰਸ਼ੰਸਾ ਕਰਨ ਵਾਲੀ ਕਿਹੜੀ ਗੱਲ ਹੈ? ਜਿਸ ਵਪਾਰੀ ਦਾ ਇਹ ਬਟੂਆ ਹੈ, ਉਹ ਚੁੱਪ ਕਰ ਕੇ ਤਾਂ ਨਹੀਂ ਬੈਠੇਗਾ। ਉਹ ਕਾਜ਼ੀ ਕੋਲ ਜਾ ਕੇ ਰੋਵੇਗਾ, ਪਿੱਟੇਗਾ। ਫੇਰ ਮੈਂ ਜ਼ਰੂਰ ਫੜਿਆ ਜਾਵਾਂਗਾ।”
ਇਸਾਕ ਨੇ ਕਿਹਾ, ”ਤਾਂ ਫੇਰ ਤੂੰ ਕੀ ਕਰੇਂਗਾ?”
ਵਲੀ ਬੋਲਿਆ, ”ਮੈਂ ਉਸ ਵਪਾਰੀ ਨੂੰ ਫੜ ਕੇ ਕਾਜ਼ੀ ਕੋਲ ਲੈ ਜਾਵਾਂਗਾ। ਉੱਥੇ ਮੈਂ ਸਾਬਤ ਇਹ ਕਰਾਂਗਾ ਕਿ ਬਟੂਏ ਦਾ ਮਾਲਕ ਮੈਂ ਹਾਂ। ਇਸ ਵਪਾਰੀ ਨੇ ਹੀ ਬਟੂਆ ਚੋਰੀ ਕੀਤਾ ਹੈ। ਫੇਰ ਕਾਜ਼ੀ ਖ਼ੁਦ ਮੈਨੂੰ ਬਟੂਆ ਦੇ ਦੇਵੇਗਾ।” ਐਨਾ ਕਹਿ ਕੇ ਵਲੀ ਨੇ ਉਸ ਬਟੂਏ ਵਿੱਚ ਆਪਣੇ ਪੱਲਿਓਂ ਵੀਹ ਅਸ਼ਰਫ਼ੀਆਂ ਹੋਰ ਪਾ ਦਿੱਤੀਆਂ। ਇੱਕ ਡੱਬੀ ਵੀ ਉਸ ਵਿੱਚ ਰੱਖ ਦਿੱਤੀ ਜਿਸ ‘ਤੇ ਉਸ ਦਾ ਨਾਂ ਖੁਣਿਆ ਹੋਇਆ ਸੀ।
ਦੋਵੇਂ ਜਣੇ ਫੇਰ ਬਾਜ਼ਾਰ ਗਏ। ਉਹ ਵਪਾਰੀ ਅਜੇ ਤਕ ਉੱਥੇ ਹੀ ਘੁੰਮ ਰਿਹਾ ਸੀ। ਅਜੇ ਉਸ ਨੂੰ ਆਪਣੀ ਜੇਬ ਕੱਟੇ ਜਾਣ ਦਾ ਭੋਰਾ ਇਲਮ ਨਹੀਂ ਸੀ। ਦੋਵੇਂ ਫਿਰ ਉਸ ਦੇ ਮਗਰ ਲੱਗ ਗਏ। ਵਲੀ ਨੇ ਮੌਕਾ ਦੇਖ ਕੇ ਬਟੂਆ ਫੇਰ ਉਸ ਦੀ ਜੇਬ ਵਿੱਚ ਮਲਕੜੇ ਜਿਹੇ ਪਾ ਦਿੱਤਾ। ਫੇਰ ਝਟਪਟ ਉਸ ਨੂੰ ਧੌਣ ਤੋਂ ਫੜ ਕੇ ਉੱਚੀ-ਉੱਚੀ ਰੌਲਾ ਪਾਉਣ ਲੱਗਾ, ”ਦੇਖੋ, ਇਸ ਨੇ ਮੇਰਾ ਬਟੂਆ ਚੋਰੀ ਕਰ ਲਿਆ ਹੈ।”
ਕੁਝ ਆਦਮੀ ਦੋਵਾਂ ਨੂੰ ਫੜ ਕੇ ਕਾਜ਼ੀ ਕੋਲ ਲੈ ਗਏ। ਕਾਜ਼ੀ ਨੇ ਦੋਵਾਂ ਦੀ ਗੱਲ ਬੜੇ ਗਹੁ ਨਾਲ ਸੁਣੀ। ਫੇਰ ਉਹ ਕਹਿਣ ਲੱਗਾ, ”ਇਸ ਦਾ ਫ਼ੈਸਲਾ ਤਾਂ ਬੜਾ ਸੌਖਾ ਹੈ। ਮੈਨੂੰ ਦੱਸੋ, ਤੁਹਾਡੇ ਬਟੂਏ ਵਿੱਚ ਕੀ ਹੈ। ਜਿਸ ਦੀ ਗੱਲ ਸੱਚੀ ਨਿਕਲੇਗੀ, ਉਸੇ ਦਾ ਬਟੂਆ ਹੈ।”
ਵਪਾਰੀ ਨੇ ਕਿਹਾ, ”ਹਜ਼ੂਰ ਮੇਰੇ ਬਟੂਏ ਵਿੱਚ ਇੱਕ ਹਜ਼ਾਰ ਸੋਨੇ ਦੀਆਂ ਅਸ਼ਰਫ਼ੀਆਂ ਸਨ।”
ਵਲੀ ਬੋਲਿਆ, ”ਨਹੀਂ ਕਾਜ਼ੀ ਸਾਹਿਬ, ਬਟੂਆ ਮੇਰਾ ਹੈ। ਇਸ ਵਿੱਚ ਇੱਕ ਹਜ਼ਾਰ ਵੀਹ ਅਸ਼ਰਫੀਆਂ ਹਨ। ਇਸ ਤੋਂ ਇਲਾਵਾ ਮੇਰੀ ਡੱਬੀ ਵੀ ਬਟੂਏ ਵਿੱਚ ਹੈ ਜਿਸ ‘ਤੇ ਮੇਰਾ ਨਾਂ ਖੁਣਿਆ ਹੋਇਆ ਹੈ।”
ਕਾਜ਼ੀ ਨੇ ਬਟੂਆ ਖੋਲ੍ਹ ਕੇ ਦੇਖਿਆ ਤਾਂ ਵਲੀ ਦੀ ਗੱਲ ਸਹੀ ਨਿਕਲੀ। ਕਾਜ਼ੀ ਨੇ ਬਟੂਆ ਉਸ ਨੂੰ ਦੇ ਦਿੱਤਾ। ਹੁਣ ਅਲੀ ਦੀ ਵਾਰੀ ਆਈ ਆਪਣਾ ਹੁਨਰ ਦਿਖਾਉਣ ਦੀ। ਉਹ ਬੋਲਿਆ, ”ਮੇਰੇ ਦੋਸਤ ਵਲੀ ਨੇ ਵਪਾਰੀ ਅਤੇ ਕਾਜ਼ੀ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਹੈ। ਮੈਂ ਤਾਂ ਸੁਲਤਾਨ ਨੂੰ ਉੱਲੂ ਬਣਾਉਣ ਦੀ ਤਾਕਤ ਰੱਖਦਾ ਹਾਂ।”
ਇਸ ਤੋਂ ਬਾਅਦ ਉਹ ਦੋਵੇਂ ਸੁਲਤਾਨ ਦੇ ਮਹੱਲ ਦੇ ਪਿਛਵਾੜੇ ਪੁੱਜੇ। ਵਾਹਵਾ ਸੰਘਣਾ ਹਨੇਰਾ ਪਸਰਿਆ ਹੋਇਆ ਸੀ। ਅਲੀ ਦਰੱਖਤ ਦੇ ਆਸਰੇ ਕੰਧ ਟੱਪ ਕੇ ਮਹੱਲ ਵਿੱਚ ਚਲਾ ਗਿਆ। ਉਸ ਦੇ ਪਿੱਛੇ-ਪਿੱਛੇ ਵਲੀ ਵੀ ਆ ਗਿਆ। ਅੰਦਰ ਸੁਲਤਾਨ ਤਖ਼ਤਪੋਸ਼ ‘ਤੇ ਸੌਂ ਰਿਹਾ ਸੀ। ਇੱਕ ਸੇਵਕ ਉਸ ਦੇ ਪੈਰਾਂ ਦੀ ਮਾਲਸ਼ ਕਰ ਰਿਹਾ ਸੀ। ਸੁਲਤਾਨ ਨੂੰ ਪੈਰ ਮਲਵਾਉਣ ਦੀ ਆਦਤ ਸੀ। ਇਸੇ ਨਾਲ ਹੀ ਉਸ ਨੂੰ ਨੀਂਦ ਆਉਂਦੀ ਸੀ।
ਅਲੀ ਨੇ ਝਟਪਟ ਆਪਣਾ ਹੱਥ ਸੇਵਕ ਦੇ ਮੂੰਹ ‘ਤੇ ਧਰਿਆ ਅਤੇ ਦੂਜੇ ਹੱਥ ਨਾਲ ਉਸ ਦੇ ਹੱਥ-ਪੈਰ ਕੱਸ ਕੇ ਬੰਨ੍ਹ ਦਿੱਤੇ। ਉਸ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਤਾਂ ਕਿ ਉਸ ਦੀ ਆਵਾਜ਼ ਬਾਹਰ ਨਾ ਨਿਕਲ ਸਕੇ। ਉਹ ਆਪ ਉਸ ਦੀ ਥਾਂ ਬੈਠ ਕੇ ਸੁਲਤਾਨ ਦੇ ਪੈਰਾਂ ਦੀ ਮਾਲਸ਼ ਕਰਨ ਲੱਗਾ। ਤਦੇ ਸੁਲਤਾਨ ਦੀ ਅੱਖ ਖੁੱਲ੍ਹ ਗਈ। ਉਸ ਨੇ ਦੇਖ ਲਿਆ। ਅਲੀ ਸੇਵਕ ਜਿਹੀ ਆਵਾਜ਼ ਵਿੱਚ ਬੋਲਿਆ, ”ਜਹਾਂ ਪਨਾਹ ਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਇੱਕ ਮਜ਼ੇਦਾਰ ਕਹਾਣੀ ਸੁਣਾਵਾਂ?”
ਸੁਲਤਾਨ ਨੇ ਕਿਹਾ, ”ਸ਼ੁਰੂ ਕਰੋ ਕਹਾਣੀ।”
ਅਲੀ ਕਹਾਣੀ ਸੁਣਾਉਣ ਲੱਗਾ। ਉਸ ਨੇ ਗੁਲਅਨਾਰ, ਇਸਾਕ, ਵਲੀ ਅਤੇ ਆਪਣੀ ਕਹਾਣੀ ਹੂ-ਬ-ਹੂ ਜਿਵੇਂ ਵਾਪਰੀ ਸੀ, ਉਵੇਂ ਹੀ ਸੁਣਾਉਣੀ ਸ਼ੁਰੂ ਕਰ ਦਿੱਤੀ। ਉਸ ਨੇ ਸਿਰਫ਼ ਸੁਲਤਾਨ ਅਤੇ ਉਸ ਦੀ ਸਲਤਨਤ ਦਾ ਨਾਂ ਬਦਲ ਦਿੱਤਾ। ਕਹਾਣੀ ਪੂਰੀ ਹੋਣ ‘ਤੇ ਸੁਲਤਾਨ ਨੂੰ ਨੀਂਦ ਆ ਗਈ। ਅਲੀ ਨੇ ਸੁਲਤਾਨ ਦੀ ਜ਼ਰੀਦਾਰ ਜੁੱਤੀ ਚੁੱਕ ਲਈ ਅਤੇ ਚੁੱਪਚਾਪ ਉਹ ਦੋਵੇਂ ਮਹੱਲ ‘ਚੋਂ ਬਾਹਰ ਆ ਗਏ। ਉਹ ਆਪਣੇ ਅੱਡੇ ‘ਤੇ ਪੁੱਜੇ। ਅਲੀ ਨੇ ਸੁਲਤਾਨ ਦੀਆਂ ਜੁੱਤੀਆਂ ਇਸਾਕ ਨੂੰ ਵਿਖਾਈਆਂ ਤਾਂ ਉਹ ਹੈਰਾਨ ਰਹਿ ਗਿਆ। ਵਲੀ ਨੇ ਉਸ ਦੀ ਕਰਾਮਾਤ ਦੀ ਗਵਾਹੀ ਦਿੱਤੀ। ਉਸ ਨੇ ਹਾਰ ਮੰਨ ਲਈ। ਇਸਾਕ ਨੇ ਗੁਲਅਨਾਰ, ਅਲੀ ਨੂੰ ਸੌਂਪ ਦਿੱਤੀ।
ਉਧਰ ਸੁਲਤਾਨ ਸੌਂ ਕੇ ਉਠਿਆ ਤਾਂ ਉਸ ਨੂੰ ਬੜਾ ਗੁੱਸਾ ਆਇਆ ਕਿ ਉਸ ਦਾ ਸੇਵਕ ਕਿੱਥੇ ਚਲਾ ਗਿਆ। ਉਸ ਦੀ ਭਾਲ ਸ਼ੁਰੂ ਹੋਈ। ਆਖਰ ਉਹ ਪਲੰਘ ਹੇਠੋਂ ਮਿਲਿਆ। ਉਸ ਦੇ ਹੱਥ-ਪੈਰ ਅਤੇ ਮੂੰਹ ਖੋਲ੍ਹਿਆ ਗਿਆ ਤਾਂ ਉਸ ਨੇ ਸਾਰੀ ਆਪਬੀਤੀ ਸੁਣਾ ਦਿੱਤੀ। ਸੁਲਤਾਨ ਨੇ ਮੁਨਾਦੀ ਕਰਵਾਈ, ”ਜੋ ਆਦਮੀ ਕੱਲ੍ਹ ਰਾਤ ਮੇਰੇ ਮਹੱਲ ਵਿੱਚ ਆ ਕੇ ਮੇਰੀਆਂ ਜੁੱਤੀਆਂ ਚੁੱਕ ਕੇ ਲੈ ਗਿਆ ਹੈ। ਮੈਂ ਉਸ ਦਾ ਜੁਰਮ ਮੁਆਫ਼ ਕਰਦਾ ਹਾਂ। ਉਹ ਬੇਖੌਫ਼ ਮੇਰੇ ਦਰਬਾਰ ਵਿੱਚ ਹਾਜ਼ਰ ਹੋਵੇ।”
ਅਲੀ ਨੇ ਸੁਣਿਆ ਤਾਂ ਉਹ ਜੁੱਤੀਆਂ ਲੈ ਕੇ ਦਰਬਾਰ ਵਿੱਚ ਹਾਜ਼ਰ ਹੋ ਗਿਆ। ਸੁਲਤਾਨ ਨੇ ਉਸ ਨੂੰ ਇਨਾਮ ਦਿੱਤਾ ਅਤੇ ਸ਼ਹਿਰ ਦਾ ਕੋਤਵਾਲ ਬਣਾ ਦਿੱਤਾ। ਸੁਲਤਾਨ ਨੇ ਸੋਚਿਆ ਕਿ ਐਨਾ ਚਲਾਕ ਕੋਤਵਾਲ ਹੋਵੇਗਾ ਤਾਂ ਕੋਈ ਚੋਰ ਬਚ ਨਹੀਂ ਸਕੇਗਾ।