Rab Aapne Asli Roop Vich (Punjabi Story) : Nanak Singh

ਰੱਬ ਆਪਣੇ ਅਸਲੀ ਰੂਪ ਵਿਚ (ਕਹਾਣੀ) : ਨਾਨਕ ਸਿੰਘ

(੧)
ਦੁਸਹਿਰਾ ਤੇ ਮੁਹੱਰਮ ਦੋਹਾਂ ਕੁ ਦਿਨਾਂ ਦੀ ਵਿੱਥ ਤੇ ਆਉਣੇ ਸਨ। ਇਸ ਤੋਂ ਥੋੜੇ ਦਿਨ ਪਹਿਲਾ ਹੀ ਦੋਹੇ ਕੌਮਾਂ ਆਪਣੀ ਕੌਮੀ ਬੀਰਤਾ ਦੇ ਚਮਤਕਾਰ ਦੱਸਣ ਲਈ ਤਿਆਰ ਬਰ ਤਿਆਰ ਹੋ ਗਈਆਂ। ਥਾਂ ਥਾਂ ਪੁਲਸੀ ਪਹਿਰੇ ਲੱਗ ਗਏ, ਸਾਰੇ ਸ਼ਹਿਰ ਵਿਚ ਸਹਿਮ ਜਿਹਾ ਛਾ ਗਿਆ। ਮਜ੍ਹਬੀ ਅਣਖ ਪਿੱਛੇ ਮਰ ਮਿਟਣ ਵਾਲਿਆਂ ਲਈ ਇਸ ਤੋਂ ਚੰਗਾ ਮੌਕਾ ਹੋਰ ਕਿਹੜਾ ਹੋ ਸਕਦਾ ਸੀ। ਸਾਰੇ ਸ਼ਹਿਰ ਦੀਆਂ ਮਸੀਤਾਂ ਤੇ ਮੰਦਰ ਇਨ੍ਹਾਂ ਮਜ੍ਹਬੀ ਪਹਿਲਵਾਨਾਂ ਨੂੰ ਕੁਸ਼ਤੀ ਸਿਖਾਉਣ ਲਈ ਆਖਾੜੇ ਬਣੇ ਹੋਏ ਸਨ।
ਮੁਸਲਮਾਨਾਂ ਦਾ ਰੱਬ ਇਸ ਮਾਤਮ ਦੇ ਸਮੇਂ ਵਾਜਿਆਂ ਦੀ ਆਵਾਜ਼ ਨਹੀਂ ਸੀ ਸੁਣਨਾ ਚਾਹੁੰਦਾ ਤੇ ਹਿੰਦੂਆਂ ਦਾ ਰੱਬ ਇਸ ਖੁਸ਼ੀ ਦੇ ਮੌਕੇ ਮਾਤਮੀ ਕੀਰਨੇ ਸੁਣਨੇ ਬਦ ਸ਼ਗਨੀ ਸਮਝਦਾ ਸੀ। ਮੁਕਦੀ ਗੱਲ, ਦੋਵੇਂ ਰੱਬ ਆਪੋ ਆਪਣੇ ਹੱਕਾਂ ਉਤੇ ਡਟੇ ਖਲੋਤੇ ਸਨ।
ਤਾਜ਼ੀਏ ਵਾਲੇ ਦਿਨ ਤਾਂ ਬੁੱਢੇ ਮੌਲਵੀ ਦੀ ਤਕਰੀਰ ਨੇ ਹੱਦਾਂ ਲਾਹ ਦਿਤੀਆਂ। ਸੌ ਫੀ ਸਦੀ ਸਰੋਤੇ ਗ਼ਾਜ਼ੀ ਦੀ ਪਦਵੀ ਪਾਉਣ ਲਈ ਤੇ ਜੱਨਤ ਦੇ ਕਮਰੇ ਰੀਜ਼ਰਵ ਕਰਾਉਣ ਲਈ ਹੱਥ ਮਰੋੜਨ ਤੇ ਬੁਲ੍ਹ ਟੁੱਕਣ ਲੱਗ ਪਏ।
ਅੰਤ ਤਾਜ਼ੀਆ ਬੜੇ ਜ਼ੋਰ ਸ਼ੋਰ ਨਾਲ ਨਿਕਲਿਆ। ਉਸ ਵਿਚ ਨੰਗੇ ਸਿਰਾਂ ਵਾਲਿਆਂ ਨਾਲੋਂ ਲਾਲ ਪਗੜੀ ਵਾਲਿਆਂ ਦੀ ਗਿਣਤੀ ਬਹੁਤੀ ਸੀ। ਪਰ ਏਨਾ ਕਰੜਾ ਪ੍ਰਬੰਧ ਹੁੰਦਿਆਂ ਵੀ ਇਕ ਨੌਜਵਾਨ ਹਿੰਦੂ ਦਾ ਖ਼ੂਨ ਹੋ ਹੀ ਗਿਆ। ਇਸ ਤੋਂ ਛੁਟ ਰਸਤੇ ਵਿਚ ਕਈ ਵਾਰੀ ਫ਼ਸਾਦ ਹੁੰਦਾ ਹੁੰਦਾ ਰੁਕਿਆ।

(੨)
ਦੁਸਹਿਰੇ ਦੀ ਝਾਕੀ ਨਿਕਲਣ ਤੋਂ ਇਕ ਦਿਨ ਪਹਿਲਾਂ ਹੀ ਮਹਾਂਬੀਰ ਦਲ ਦੇ ਗੱਭਰੂਆਂ ਨੇ ਸਿਰ ਤੇ ਕੱਫਣ ਬੰਨ੍ਹ ਲਏ ਤੇ ਭਗਵਾਨ ਰਾਮ ਚੰਦਰ ਜੀ ਦੇ ਨਾਂ ਉਤੇ ਆਪਣੇ ਲਹੂ ਦਾ ਛੇਕੜਲਾ ਤੁਪਕਾ ਡੋਲ੍ਹਣ ਦਾ ਪ੍ਰਣ ਕਰ ਲਿਆ।
ਇਸੇ ਸ਼ਾਮ ਨੂੰ ਬੁੱਢਾ ਮੌਲਵੀ ਘਰ ਜਾਂਦਾ ਹੋਇਆ ਆਪਣੇ ਕੁਝ ਸਿਰ ਕੱਢ ਗੱਭਰੂਆਂ ਨੂੰ ਚਿਤੌਣੀ ਕਰਾ ਗਿਆ ਕਿ ਦਿਨ ਚੜ੍ਹਦੇ ਤੋਂ ਪਹਿਲਾਂ ਉਹ ਉਹਦੇ ਮਕਾਨ 'ਤੇ ਪਹੁੰਚ ਜਾਣ।
ਮੌਲਵੀ ਹੋਰੀਂ ਘਰ ਟੁਰੇ ਜਾ ਰਹੇ ਸਨ ਤੇ ਸੋਚਦੇ ਜਾਂਦੇ ਸਨ, ''ਧੰਨ ਹੈ ਉਹ ਬਹਾਦਰ ਗਾਜ਼ੀ ਜਿਸ ਨੇ ਸਭ ਤੋਂ ਪਹਿਲਾਂ ਮੇਰੇ ਹੁਕਮ ਦੀ ਤਾਮੀਲ ਕਰ ਕੇ ਇਕ ਕਾਫ਼ਰ ਨੂੰ ਟਿਕਾਣੇ ਲਾਇਆ ਹੈ। ਜੇ ਇਸ ਤਰ੍ਹਾਂ ਹਰ ਇਕ ਖ਼ਾਦਿਮ ਇਸਲਾਮ ਆਪਣੇ ਅੰਦਰ ਮਜ੍ਹਬੀ ਜ਼ਜ਼ਬਾਤ ਪੈਦਾ ਕਰ ਲਵੇ ਤਾਂ ਦਿਨਾਂ ਵਿਚ ਹੀ ਸਾਰੀ ਦੁਨੀਆਂ ਉਤੇ ਰੱਬੀ ਬਾਦਸ਼ਾਹਤ ਫੈਲ.........।''
ਅਜੇ ਉਸ ਦੀ ਖ਼ਿਆਲਾ ਦੀ ਲੜੀ ਬੰਦ ਨਹੀਂ ਸੀ ਹੋਈ ਕਿ ਉਸਦੇ ਕੰਨਾਂ ਵਿਚ ਇਕ ਡਾਢੀ ਦਰਦ ਭਰੀ ਆਵਾਜ਼ ਪਈ ''ਲੋਕੋ, ਮੇਰਾ ਜਹਾਨ ਲੁੱਟਿਆ ਗਿਆ!''
ਦੂਜੇ ਪਲ ਹੀ ਉਸ ਦੇ ਸਾਹਮਣਿਓ ਇਕ ਹਿੰਦੂ ਦੀ ਅਰਥੀ ਲੰਘੀ ਜੋ ਸਰਕਾਰੀ ਹਸਪਤਾਲ ਵਲੋਂ ਆ ਰਹੀ ਸੀ। ਉਸ ਦੇ ਪਿੱਛੇ ਇਕ ੧੬ ਕੁ ਵਰ੍ਹਿਆਂ ਦੀ ਮੁਟਿਆਰ ਫੱਟੇ ਨਾਲ ਸਿਰ ਜੋੜੀ ਤੇ ਦੋਹਾਂ ਹੱਥਾਂ ਨਾਲ ਉਸ ਨੂੰ ਥੰਮੀ ਟੁਰੀ ਆ ਰਹੀ ਸੀ। ਦੰਦ ਖੰਡ ਦੇ ਚੂੜ੍ਹੇ ਦੀਆਂ ਦੋ ਤਿੰਨ ਅੱਧ ਟੁੱਟੀਆਂ ਚੂੜੀਆਂ ਅਜੇ ਤੱਕ ਉਸਦੀ ਵੀਣੀ ਵਿਚ ਅੜੀਆਂ ਹੋਈਆਂ ਸਨ ਤੇ ਵਿਆਹ ਦੀ ਮਹਿੰਦੀ ਅਜੇ ਉਸਦੇ ਨਹੁੰਆਂ ਤੇ ਬਾਕੀ ਸੀ। ਪਿੱਟ ਪਿੱਟ ਕੇ ਉਸ ਨੇ ਮੱਥੇ ਦੇ ਬਹੁਤ ਸਾਰੇ ਵਾਲ ਖੋਹ ਸੁੱਟੇ ਸਨ ਤੇ ਚਿਹਰੇ 'ਤੇ ਲਾਸਾਂ ਪਾ ਲਈਆਂ ਸਨ।
ਜਿਥੋ ਤੋੜੀ ਅਰਥੀ ਦਿਸਦੀ ਰਹੀ, ਮੌਲਵੀ ਦੀ ਨਜ਼ਰ ਉਸ ਵੱਲੋਂ ਹਟ ਨਾ ਸਕੀ, ਉਸ ਨੂੰ ਸਮਝਣ ਵਿਚ ਚਿਰ ਨਾ ਲੱਗਾ ਕਿ ਉਸ ਸ਼ਰਧਾਲੂ ਗ਼ਾਜ਼ੀ ਦੀ ਹੀ ਬਹਾਦਰੀ ਦਾ ਸਿੱਟਾ ਹੈ।
ਘਰ ਪਹੁੰਚਦਿਆਂ ਤੱਕ ਉਸ ਦੇ ਕੰਨਾਂ ਵਿਚ 'ਲੋਕੋ! ਮੇਰਾ ਜਹਾਨ ਲੁਟਿਆ ਗਿਆ।' ਵਾਕ ਗੂੰਜਦਾ ਰਿਹਾ ਤੇ ਹਜ਼ਾਰ ਕੋਸ਼ਸ਼ ਕਰਨ ਤੇ ਵੀ ਉਸ ਦੁਖੀ ਔਰਤ ਦੀ ਸ਼ਕਲ ਉਸ ਦੀਆਂ ਅੱਖਾਂ ਅਗੇ ਜਿਉਂ ਦੀ ਤਿਉਂ ਰਹੀ। ਉਸ ਨੇ ਉਹ ਸਾਰੀਆਂ ਦਲੀਲਾਂ ਦੇ ਦੇ ਕੇ ਦਿਲ ਨੂੰ ਸਮਝਾਇਆ ਜਿਨ੍ਹਾਂ ਦੀ ਮਦਦ ਨਾਲ ਉਹ ਹਜ਼ਾਰਾਂ ਲੋਕਾਂ ਦੇ ਖ਼ਿਆਲ ਇਕ ਵਾਰਗੀ ਹੀ ਪਲਟ ਸੁੱਟਦਾ ਸੀ, ਪਰ ਉਸ ਤੇ ਕੁਝ ਵੀ ਅਸਰ ਨਾ ਹੋਇਆ।
ਜਿਉਂ ਜਿਉਂ ਅਰਥੀ ਦਾ ਦ੍ਰਿਸ਼ ਉਸ ਦੇ ਸਾਹਮਣੇ ਆਉਂਦਾ ਉਸ ਦੇ ਅੰਦਰ ਇਕ ਕਸਕ ਜਹੀ ਪੈਣ ਲਗ ਜਾਂਦੀ ਤੇ ਆਪ ਮੁਹਾਰੇ ਉਸ ਦੇ ਬੁਲ੍ਹਾਂ ਚੋਂ ਨਿਕਲ ਜਾਂਦਾ, ''ਲੋਕੋ! ਮੇਰਾ ਜਹਾਨ ਲੁੱਟਿਆ ਗਿਆ!''
ਮੌਲਵੀ ਹੁਰਾਂ ਦਸਤਰ ਖਵਾਨ ਤੇ ਬੈਠ ਕੇ ਰਕੇਬੀ ਵਲ ਹੱਥ ਵਧਾਇਆ, ਪਰ ਫੇਰ ਪਿਛਾਂਹ ਖਿਚ ਲਿਆ। ਅੰਤ ਬਦੋ ਬਦੀ ਜੇ ਗਰਾਹੀ ਮੂੰਹ ਵਿਚ ਪਾਈ ਹੀ ਤਾਂ ਸੰਘੋ ਲੰਘਣੀ ਔਖੀ ਹੋ ਗਈ। ਉਹ ਗਰਾਹੀ ਨੂੰ ਅੰਦਰ ਧਕਦੇ ਸਨ ਤੇ ਅੰਦਰੋਂ ਕੋਈ ਚੀਜ਼ ਉਸ ਨੂੰ ਬਾਹਰ ਧੱਕਦੀ ਸੀ।
ਘਰ ਵਾਲੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਤਰ ਦੇਣ ਦੀ ਥਾਂ ਉਨ੍ਹਾਂ ਅੱਖਾਂ ਭਰ ਲਈਆਂ। ਅੰਤ ਰਕੇਬੀ ਨੂੰ ਪਰ੍ਹਾਂ ਧੱਕ ਕੇ ਤੇ 'ਤਬੀਅਤ ਠੀਕ ਨਹੀਂ' ਕਹਿ ਕੇ ਮੰਜੇ ਤੇ ਜਾ ਲੇਟੇ। ਸਾਰੀ ਰਾਤ ਉਨ੍ਹਾਂ ਉਸੱਲਵੱਟੇ ਭੰਨਦਿਆਂ ਤੇ ਠੰਢੇ ਸਾਹ ਲੈਂਦਿਆਂ ਬਿਤਾਈ।
ਦਿਨ ਚੜ੍ਹਦੇ ਹੀ ੧੫-੨੦ ਲਠ ਬਾਜ਼ ਆ ਪਹੁੰਚੇ ਤੇ ਡਿਓਢੀ ਵਿਚ ਬੈਠ ਕੇ ਮੌਲਵੀ ਹੋਰਾਂ ਦੇ ਹੁਕਮ ਦੀ ਉਡੀਕ ਕਰਨ ਲੱਗੇ।
ਮੌਲਵੀ ਹੋਰੀਂ ਅੰਦਰੋਂ ਨਿਕਲੇ। ਉਹਨਾਂ ਦਾ ਚਿਹਰਾ ਉਤਰਿਆ ਹੋਇਆ ਤੇ ਅੱਖਾਂ ਡੁਬਡੁਬਾ ਰਹੀਆਂ ਸਨ। ਘੰਟਾ ਡੇਢ ਘੰਟਾ ਉੱਤਰ ਪ੍ਰਸ਼ਨ ਹੁੰਦੇ ਰਹੇ ਤੇ ਅੰਤ ਸਾਰੇ ਹੀ, ਜਿਧਰੋਂ ਆਏ ਸੀ, ਉਧਰੇ ਮੁੜ ਗਏ।

(੩)
ਦੁਸਹਿਰੇ ਦੀ ਝਾਕੀ ਨਿਕਲੀ। ਪੰਡਤ ਹੋਰਾਂ ਦੇ ਧਰਮ ਉਪਦੇਸ਼ਾਂ ਨੇ ਸਾਬਤ ਕਰ ਦਿਤਾ ਸੀ ਕਿ ਰਬ ਦੇ ਸੱਕੇ ਪੁਤਰ ਕਦੇ ਵੀ ਮਲੇਛਾਂ ਤੋਂ ਡਰਿਆ ਨਹੀਂ ਕਰਦੇ। ਜਲੂਸ ਦੇ ਆਲੇ ਦੁਆਲੇ ਪੁਲੀਸ ਦੀ ਲੰਮੀ ਪਾਲ ਇਸ ਤਰ੍ਹਾਂ ਸੋਭ ਰਹੀ ਸੀ ਕਿ ਜਿਵੇਂ ਰੱਬ ਦੇ ਇਹਨਾਂ ਸੱਕੇ ਪੁੱਤਰਾਂ ਦੀ ਸੈਨਾ ਨੇ ਲਾਲ ਫੁਲਾਂ ਦਾ ਸਿਹਰਾ ਪਾਇਆ ਹੈ। ਲੋਕੀਂ ਬੜੇ ਫਕਰ ਨਾਲ ਕਹਿ ਰਹੇ ਸਨ ਕਿ ਸਰਕਾਰ ਨੇ ਮੁਸਲਮਾਨਾਂ ਨਾਲੋਂ ਹਿੰਦੂਆਂ ਦੀ ਵੱਧ ਮਦਦ ਕੀਤੀ ਹੈ।
ਕਈ ਬਾਜ਼ਾਰਾਂ ਵਿਚੋਂ ਫਿਰਦਾ ਜਲੂਸ ਉਸ ਥਾਂ ਪੁੱਜਾ ਜਿਥੇ ਫ਼ਸਾਦ ਹੋਣ ਦਾ ਸਭ ਤੋਂ ਵਧੀਕ ਖ਼ਤਰਾ ਸੀ। ਇਹ ਪਾਸਾ ਨਿਰੋਲ ਮੁਸਲਮਾਨਾਂ ਦਾ ਸੀ ਤੇ ਇਥੇ ਹੀ ਉਹ ਵਡੀ ਮਸੀਤ ਸੀ ਜਿਥੇ ਮੌਲਵੀ ਹੋਰਾਂ ਦੇ ਇਸ਼ਾਰੇ ਦੀ ਉਡੀਕ ਵਿਚ ਗ਼ਾਜ਼ੀਆਂ ਦੇ ਕਈ ਟੋਲੇ ਬਨੇਰਿਆਂ ਤੇ ਖੜੇ ਸਨ।
ਜਲੂਸ ਮਸੀਤ ਦੇ ਬੂਹੇ ਅੱਗੋਂ ਲੰਘਣਾ ਸ਼ੁਰੂ ਹੋਇਆ। ਇਸ ਵੇਲੇ ਹਜ਼ਾਰਾਂ ਲੋਕਾਂ ਦੇ ਦਿਲ ਧੜਕ ਰਹੇ ਸਨ-ਕਈਆਂ ਦੇ ਜੋਸ਼ ਨਾਲ ਤੇ ਕਈਆਂ ਦੇ ਸਹਿਮ ਨਾਲ।
ਜਿਉਂ ਹੀ ਸ੍ਰੀ ਰਾਮ ਚੰਦਰ ਤੇ ਲਛਮਣ ਵਾਲੀ ਝਾਕੀ ਮਸੀਤ ਦੇ ਦਰਵਾਜ਼ੇ ਅੱਗੇ ਪਹੁੰਚੀ, ਗੁਲਾਬ ਦੇ ਫੁੱਲਾਂ ਦਾ ਇਕ ਵੱਡਾ ਸਾਰਾ ਸਿਹਰਾ ਘੁੰਮਦਾ ਹੋਇਆ ਮਸੀਤ ਦੀ ਛੱਤ ਤੋਂ ਆਇਆ ਤੇ ਰਾਮ ਲਛਮਣ, ਦੋਹਾਂ ਭਰਾਵਾਂ ਦੇ ਗਲਾਂ ਵਿਚ ਪੈ ਗਿਆ। ਇਸ ਕੋਮਲ ਰੱਸੇ ਨੇ ਦੁਹਾਂ ਸਿਰਾਂ ਨੂੰ ਆਪੋ ਵਿਚ ਜੋੜ ਦਿਤਾ।
ਸਾਰੀ ਭੀੜ ਦੀਆਂ ਨਜ਼ਰਾਂ ਮਸੀਤ ਦੀ ਛੱਤ ਤੇ ਗੱਡੀਆਂ ਗਈਆਂ। ਸਿਹਰਾ ਸੁੱਟਣ ਵਾਲਾ ਉਹੀ ਬੁੱਢਾ ਮੌਲਵੀ ਸੀ। ਇਸ ਤੋਂ ਛੁੱਟ ਉਸਦੀ ਝੋਲੀ ਫੁੱਲਾਂ ਨਾਲ ਭਰੀ ਹੋਈ ਸੀ ਤੇ ਉਸ ਦੇ ਬਹੁਤ ਸਾਰੇ ਸ਼ਰਧਾਲੂ, ਇਕ ਦੂਜੇ ਨੂੰ ਧਕਦੇ ਹੋਏ, ਵਿਚੋਂ ਫੁੱਲਾਂ ਦੇ ਰੁਗ ਭਰ ਭਰ ਕੇ ਸਵਾਰੀ ਉਤੇ ਸੁਟ ਰਹੇ ਸਨ।
ਇਸ ਬਾਜ਼ਾਰ ਦੀ ਧਰਤੀ, ਜਿਸ ਬਾਬਤ ਲੋਕਾਂ ਦਾ ਖਿਆਲ ਸੀ ਕਿ ਅੱਜ ਲਹੂ ਨਾਲ ਰੰਗੀ ਜਾਵੇਗੀ, ਫੁੱਲਾਂ ਨਾਲ ਰੰਗੀ ਗਈ।
ਛਤ ਤੋਂ 'ਸੀਆ ਵਰ ਰਾਮ ਚੰਦਰ ਕੀ ਜੈ ਤੇ ਜਲੂਸ ਵਿਚੋਂ 'ਅੱਲਾਹ ਅਕਬਰ' ਦੀਆਂ ਗੂੰਜਾਂ ਉਠਦੀਆਂ ਸਨ ਤੇ ਆਪੋ ਵਿਚ ਟਕਰਾ ਕੇ ਰਲ ਮਿਲ ਜਾਂਦੀਆਂ ਸਨ।
ਜਲੂਸ ਵਾਲਿਆਂ ਦੀਆਂ ਬਾਹਾਂ ਫੈਲ ਗਈਆਂ ਤੇ ਥੋੜੇ ਚਿਰ ਪਿਛੋਂ ਬਨੇਰਿਆਂ ਦੀ ਸਾਰੀ ਭੀੜ ਉਹਨਾਂ ਦੀਆਂ ਜੱਫੀਆਂ ਵਿਚ ਸੀ। ਰੱਬ ਉਹਨਾਂ ਦੇ ਸੀਨਿਆਂ ਨਾਲ ਲਗਾ ਹੋਇਆ ਸੀ ਤੇ ਨਿੱਘ ਦੇ ਕੇ ਉਹਨਾਂ ਦੇ ਜੰਮੇ ਹੋਏ ਲਹੂ ਨੂੰ ਪੰਘਾਰ ਰਿਹਾ ਸੇ।
ਲੋਕਾਂ ਨੇ ਰੱਬ ਨੂੰ ਉਸ ਦੇ ਅਸਲੀ ਰੂਪ ਵਿਚ ਵੇਖਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ