Rab Te Ruttan (Punjabi Story) : Dalip Kaur Tiwana

ਰੱਬ ਤੇ ਰੁੱਤਾਂ (ਕਹਾਣੀ) : ਦਲੀਪ ਕੌਰ ਟਿਵਾਣਾ

ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ।
ਰੱਬ ਉਤੇ ਸਵਰਗ ਵਿਚ ਰਹਿੰਦਾ ਸੀ।
ਹੇਠਾਂ ਸਭ ਧੁੰਦੂਕਾਰ ਸੀ।
ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ।
ਨਦੀ ਭਰ ਜੋਬਨ ਵਿਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿਚ ਮੀਂਹ ਪਿਆ ਹੋਣਾ ਏ।
ਫੁੱਲ ਪੌਦਿਆਂ ਦੀਆਂ ਟੀਸੀਆਂ ਉਤੇ ਬੈਠ ਖੰਭ ਫੜਕਾ ਰਹੇ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ।
ਪੰਛੀ ਗਰਦਨਾਂ ਮਟਕਾ ਮਟਕਾ ਉਨ੍ਹਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ ਕਰ ਰਹੇ ਸਨ।
ਬੱਦਲ ਘੋਰਿਆ।
ਰੱਬ ਦੀ ਇਕਾਗਰਤਾ ਭੰਗ ਹੋ ਗਈ।
ਉਸ ਨੇ ਖਿੱਝ ਕੇ ਸਾਰੀਆ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ। ਤੇ ਕਿਹਾ ਵਾਰੀ ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉਤੇ ਪਹਿਰਾ ਦਿਓ।
ਹੁਕਮ ਦੀਆਂ ਬੰਨ੍ਹੀਆਂ ਰੁੱਤਾਂ ਇਸ ਸ੍ਰਿਸ਼ਟੀ ਉਤੇ ਆ ਪਹੁੰਚੀਆਂ। ਮਾਣ ਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਨ੍ਹਾਂ ਤੋਂ ਬਚਣ ਦੇ ਉਪਰਾਲਿਆਂ ਵਿਚ ਲਗੇ, ਖੋਲਾਂ, ਕੰਦਰਾਂ, ਛਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਤਕ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਵਿਚ ਹੜ੍ਹ ਆਉਂਦੇ, ਪਿੰਡਾਂ ਦੇ ਪਿੰਡ ਰੁੜ੍ਹ ਜਾਂਦੇ। ਰੁੱਤਾਂ ਲਈ ਇਹ ਵੀ ਇਕ ਸ਼ੁਗਲ ਸੀ ਪਰ ਹੁਣ ਇਨ੍ਹਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਏ ਕਦ ਮੀਂਹ ਪਏਗਾ ਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਹਨ।
ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜ੍ਹੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਤਰਲੋਮੱਛੀ ਹੁੰਦੇ ਪਹਿਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆਂ ਹੀ ਵਗਦੇ ਰਹਿੰਦੇ ਹਨ।
ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ। ਲੋਕ ਯੱਗ ਕਰਦੇ ਹਵਨ ਕਰਦੇ। ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬਵੈੱਲ ਲਾ ਲਏ ਸਨ ਮੀਂਹ ਦੀ ਪ੍ਰਵਾਹ ਹੀ ਨਹੀਂ ਸੀ ਕਰਦੇ।
ਰੁੱਤਾਂ ਉਦਾਸ ਹੋ ਗਈਆਂ।
ਉਹ ਰਲ ਕੇ ਰੱਬ ਕੋਲ ਗਈਆਂ।
‘‘ਰਾਮ ਜੀ ਧਰਤੀ ਉਤੇ ਸਾਡੀ ਕੋਈ ਲੋੜ ਨਹੀਂ ਸਾਨੂੰ ਪਰਤ ਆਉਣ ਦੀ ਆਗਿਆ ਦਿਉ।’’
‘‘ਇਹ ਕਿਵੇਂ ਹੋ ਸਕਦਾ ਹੈ?’’ ਰੱਬ ਨੇ ਹੈਰਾਨ ਹੋ ਕੇ ਪੁੱਛਿਆ।’’ ਆਪ ਚੱਲ ਕੇ ਵੇਖ ਲਉ ਬੇਸ਼ੱਕ’‘ ਰੁੱਤਾਂ ਨੇ ਅਰਜ਼ ਗੁਜ਼ਾਰੀ।
ਰੱਬ ਇਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ।
ਵੇਲਾ ਆਥਣ ਦਾ ਸੀ।
ਰੁੱਤ ਬਹਾਰ ਦੀ ਸੀ।
ਅਸਮਾਨ ਉਤੇ ਬੱਦਲ ਘਿਰ ਆਏ।
ਮੋਰਾਂ ਨੇ ਖੰਭ ਖਿਲਾਰ ਕੇ, ਝੂਮ ਝੂਮ ਕੇ, ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉਤੇ ਉਤਰ ਆਉਣ ਲਈ ਕਿਹਾ।
ਜੰਗਲੀ ਫੁੱਲ ਇਕ-ਦੂਜੇ ਵੱਲ ਸੈਨਤਾਂ ਕਰ ਕਰ ਹੱਸ ਰਹੇ ਸਨ।
ਨਿੱਕੇ ਨਿੱਕੇ ਪੰਛੀ, ਫੁੱਲਾਂ ਦੇ ਪੱਤਿਆਂ ਦੇ, ਪਸੀਸਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ੍ਹ ਬੰਨ੍ਹ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ।
‘‘ਇਹ ਧਰਤੀ ਤਾਂ ਬੜੀ ਸੁਹਣੀ ਥਾਂ ਏ’’, ਰੱਬ ਨੇ ਬਹਾਰ ਨੂੰ ਆਖਿਆ।
ਏਨੇ ਨੂੰ ਇਕ ਸ਼ਹਿਰ ਆ ਗਿਆ।
ਬੜੀ ਭੀੜ ਸੀ।
ਬੜਾ ਰੌਲਾ ਸੀ।
ਹਰ ਕੋਈ ਹੀ ਜਿਵੇਂ ਗੁਆਚਿਆ ਹੋਇਆ ਸੀ।
ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਲੱਗਦਾ ਨਹੀਂ ਸੀ। ਕਿਸੇ ਦਾ ਕੋਈ ਜਾਣੂ ਨਹੀਂ ਸੀ। ਇੱਥੋਂ ਤਕ ਕਿ ਕਿਸੇ ਦਾ ਕੋਈ ਗਰਾਈਂ ਵੀ ਪ੍ਰਤੀਤ ਨਹੀਂ ਸੀ ਹੁੰਦਾ।
ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਵਾਰੀ ਦੇਖਦੇ ਸਨ।
‘‘ਕਿਸ ਲਈ?’’ ਉਸ ਨੇ ਬਹਾਰ ਨੂੰ ਪੁੱਛਿਆ।
‘‘ਚਿੜੀਆਂ ਲੈ ਲੋ ਰੰਗ ਬਰੰਗੀਆਂ ਚਿੜੀਆਂ’’! ਪਿੰਜਰੇ ਵਿਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ, ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਸੁੱਟੀ ਇਕ ਭਾਈ ਹੋਕਾ ਦੇ ਰਿਹਾ ਸੀ।
ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ।
ਉਥੋਂ ਛੇਤੀ ਦੇ ਕੇ ਉਡ ਕੇ ਉਹ ਇਕ ਮੰਦਰ ਵਿਚ ਆ ਵੜਿਆ।
‘‘ਤਾਜ਼ੇ ਮੋਤੀਏ ਦਾ ਹਾਰ ਦੋ ਦੋ ਆਨੇ।’’ ਮੰਦਰ ਦੇ ਬਾਹਰ ਨੰਗੇ ਪੈਰੀਂ ਪਾਟੇ ਹੋਏ ਝੱਗੇ ਵਾਲਾ ਇਕ ਮੁੰਡਾ ਹਾਰ ਵੇਚ ਰਿਹਾ ਸੀ।
‘‘ਲੈ ਫੜ ਡੂਢ ਆਨਾ ਦੇ ਹਾਰ’’ ਆਪਣਾ ਢਿੜ ਮਸਾਂ ਸੰਭਾਲੀਂ ਆ ਰਹੇ ਕਿ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿਚ ਦਿੰਦਿਆਂ ਕਿਹਾ।
ਮੁੰਡਾ-ਜੱਕੋ ਤੱਕੋ ਵਿਚ ਪੈ ਗਿਆ। ਜਿਵੇਂ ਉਸ ਨੇ ਪਹਿਲੇ ਹੀ ਬੜਾ ਘੱਟ ਮੁੱਲ ਦੱਸਿਆ ਸੀ।
‘‘ਓਏ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਐ। ਹੋਰ ਦੋ ਘੰਟੇ ਨੂੰ ਇਨ੍ਹਾਂ ਊਈਂ ਬੇਹੇ ਹੋ ਜਾਣਾ ਐ,’ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸ ਨੇ ਬੇਵੱਸ ਜਿਹਾ ਹੋ ਕੇ ਡੇਢ ਆਨੇ ਨੂੰ ਹੀ ਹਾਰ ਦੇ ਦਿੱਤਾ।
ਲਾਲਾ ਜੀ ਮੰਦਰ ਵਿਚ ਆ ਪਹੁੰਚੇ।
ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ, ਅੱਖਾਂ ਮੀਚ ਕੇ, ਅੰਤਰ ਧਿਆਨ ਹੋ ਕੇ ਉਸ ਨਾਲ ਲੈਣ-ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਿਊਂਦੇ ਫੁੱਲਾਂ ਦਾ ਹਾਰ ਉਸ ਦੇ ਚਰਨਾਂ ਵਿਚ ਵਗਾਹ ਮਾਰਿਆ।
ਰੱਬ ਮੰਦਰ ਵਿਚੋਂ ਬਾਹਰ ਆ ਗਿਆ।
ਇਕ ਔਰਤ ਆਪਣੇ ਵਾਲਾਂ ਵਿਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ।
ਰੱਬ ਦੀਆਂ ਅੱਖਾਂ ਵਿਚ ਚਮਕ ਆ ਗਈ।
‘‘ਸਿਰ ਢੱਕ ਲੈ ਸਾਊ ਜ਼ਮਾਨਾ ਮਾੜਾ ਐ’’ ਉਸ ਔਰਤ ਨੂੰ ਮਗਰ ਆ ਰਹੀ ਇਕ ਬੁਢੀ ਜੋ ਸ਼ਾਇਦ ਉਸ ਔਰਤ ਦੀ ਸੱਸ ਸੀ, ਨੇ ਕਿਹਾ।
ਆਗਿਆਕਾਰ ਧੀਆਂ-ਨੂੰਹਾਂ ਵਾਂਗ ਉਸ ਨੇ ਸਿਰ ਢੱਕ ਲਿਆ।
ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੇਠਾਂ ਸਾਹ ਘੁਟਿਆ ਗਿਆ ਹੋਣਾ ਏਂ।
ਏਨੇ ਨੂੰ ਕਣੀਆਂ ਉਤਰ ਆਈਆਂ।
ਆਵਾਜਾਈ ਹੋਰ ਤੇਜ਼ ਹੋ ਗਈ।
ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ।
ਚਿੜੀ ਬਣਿਆ ਰੱਬ ਇਕ ਖੰਭੇ ਉਤੇ ਬੈਠਣ ਹੀ ਲੱਗਿਆ ਸੀ ਕਿ ਉਸ ਨੂੰ ਕਰੰਟ ਦਾ ਅਜਿਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੀ ਸੁਰਤ ਜਿਹੀ ਗੁੰਮ ਹੋ ਗਈ।
ਕੱਚੀ ਜਿਹੀ ਹਾਸੀ ਹੱਸ ਕੇ ਉਹ ਇਕ ਘਰ ਦੀ ਛੱਤ ਉਤੇ ਬੈਠ ਗਿਆ।
ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿਚ ਕਿਧਰੇ ਦਰੱਖਤ ਹੀ ਨਹੀਂ ਪੰਛੀ ਕਿੱਥੇ ਬਹਿੰਦੇ ਹੋਣਗੇ। ਆਲ੍ਹਣੇ ਕਿੱਥੇ ਪਾਉਂਦੇ ਹੋਣਗੇ। ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਵਿਚ ਪੰਛੀ ਹਨ ਹੀ ਨਹੀਂ।
ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ। ਨਾ ਕਿਸੇ ਦੀਆਂ ਅੱਖਾਂ ਵਿਚ ਬੱਦਲਾਂ ਦੇ ਪਰਛਾਵੇਂ ਨੱਚੇ। ਨਾ ਕੋਈ ਨੰਗੇ-ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ। ਨਾ ਕਿਸੇ ਨੇ ਵਾਲ ਖੋਲ੍ਹ ਕੇ ਡਿਗਦੇ ਮੋਤੀ ਬੋਚੇ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ।
ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ।
ਡਿੰਗੀ ਟੇਢੀ ਡੰਡੀ ਉਤੇ ਖੁੱਲ੍ਹੇ ਖੇਤਾਂ ਦੇ ਵਿਚਕਾਰ ਇਕ ਬੰਦਾ ਗਾਉਂਦਾ ਤੁਰਿਆ ਜਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
‘‘ਕੀਹਨੂੰ ਨਾ ਮਿਲਣ ਦੀ ਕਸਮ ਖਾਧੀ ਏ ਇਸ ਨੇ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
‘‘ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਏ।’’
‘‘ਤੈਨੂੰ ਕਿਵੇਂ ਪਤਾ ਏ?’’
‘‘ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਏ।’’
ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੀ-ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਚੁਟਕੀਆਂ ਵਜਾਈਆਂ, ਬੱਦਲਾਂ ਵੱਲ ਵਾਕਫਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ, ‘‘ਮੈਨੂੰ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਸਾਹਮਣਿਓਂ, ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ।
‘‘ਮੀਂਹ ਆ ਰਿਹੈ ਕਹੇਂ ਤਾਂ ਮੈਂ ਸਾਈਕਲ ’ਤੇ ਛੱਡ ਆਉਂਦਾ ਹਾਂ ਜਾਣਾ ਕਿੱਥੇ ਐ?’’ ਡਾਕੀਏ ਨੇ ਆਪਣੇ ਨੱਕ ਉਤੇ ਐਨਕ ਠੀਕ ਕਰਦਿਆਂ, ਇਕ ਪੈਰ ਧਰਤੀ ਉਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ।
‘‘ਜਾਣ…ਜਾਣਾ ਤਾਂ ਕਿਤੇ ਵੀ ਨਹੀਂ’’ ਉਸ ਨੇ ਆਪਣੀ ਚਾਲ ਬਿਨਾਂ ਹੌਲੀ ਕੀਤਿਆਂ ਕੋਲੋਂ ਲੰਘਦੇ ਨੇ ਕਿਹਾ।
‘‘ਮੀਂਹ ਆ ਰਿਹਾ ਏ ਕੱਪੜੇ ਭਿੱਜ ਜਾਣਗੇ’’ ਇਹ ਗੱਲ ਬਹੁਤੀ ਉਸ ਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਧਰ ਕੇ ਆਖੀ। ‘‘ਤੁਸੀਂ ਚੱਲੋ ਮੀਂਹ ਤੋਂ ਪਹਿਲਾਂ-ਪਹਿਲਾਂ ਟਿਕਾਣੇ ਪਹੁੰਚੋ।’’ ਖਚਰੀ ਜਿਹੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ।
ਕਾਹਲੀ-ਕਾਹਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ‘‘ਇਸ ਵਿਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ, ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ।’’
ਪਿੰਡ ਤੋਂ ਦੂਰ ਮੜ੍ਹੀਆਂ ਵਾਲੇ ਟੋਭੇ ਵੱਲ ਉਹ ਬੰਦਾ ਮੁੜ ਪਿਆ।
‘‘ਕਿਉਂ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿਚ ਕੋਈ ਜਿਊਂਦਾ ਬੰਦਾ ਹੀ ਹੋਵੇ।’’
ਚਿੜੀ ਬਣਿਆ ਰੱਬ ਹੱਸ ਪਿਆ।
‘‘ਇਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲਗਦਾ ਏ ਕਿ ਉਹ ਜਿਊਂਦੇ ਵੀ ਸਨ?’’ਰੱਬ ਨੇ ਹੈਰਾਨ ਹੋ ਕੇ ਪੁੱਛਿਆ।
ਉਹ ਬੰਦਾ ਟੋਭੇ ਦੇ ਕੰਢੇ ਉਤੇ ਪਹੁੰਚ ਗਿਆ।
ਟੋਭੇ ਵਿਚ ਭੰਬੂਲ ਖਿਲੇ ਹੋਏ ਸਨ।
ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿਚ ਖਿੜ ਗਿਆ। ਉਸ ਨੇ ਲਰਜ਼ਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਟੋਭੇ ਵਿਚ ਬਗਲੇ ਚੁਹਲ-ਕਦਮੀ ਕਰਦੇ ਫਿਰ ਰਹੇ ਸਨ। ਕੁਝ ਬੋਲ ਵੀ ਰਹੇ ਸਨ ਉਸ ਨੂੰ ਲੱਗਿਆ ਕਹਿ ਰਹੇ ਹਨ, ‘ਚੰਗਾ’ ‘ਚੰਗਾ’ ‘ਚੰਗਾ’।
ਟੋਭੇ ਦੇ ਘਸਮੈਲੇ ਪਾਣੀ ਵਿਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕਤਾੜੀਆਂ ਨਿਕਲ ਗਈਆਂ ਸਨ।
ਫਿਰ ਉਸ ਬੰਦੇ ਨੇ ਕੰਢੇ ਉਤੇ ਬੈਠ ਕੇ ਟੋਭੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਹ ਹੱਥਾਂ ਨੂੰ ਹਿਲਾ-ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ ਜਿਵੇਂ ਸੱਚੀ-ਮੁੱਚੀਂ ਦੇ ਹੋਣ। ਤੇ ਇਨ੍ਹਾਂ ਹੱਥਾਂ ਦੀ ਇੰਨ-ਬਿੰਨ ਨਕਲ ਪਾਣੀ ਵਿਚ ਦਿੱਸਦਾ ਇਨ੍ਹਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹ ਨੂੰ ਇਹ ਕੋਈ ਬਹੁਤ ਬੜੀ ਕਰਾਮਾਤ ਲਗਦੀ ਸੀ।
ਫਿਰ ਉਸ ਨੇ ਪਾਣੀ ਦਾ ਉੱਜਲ ਭਰ ਕੇ ਭੰਬੂਲਾਂ ਉਤੇ ਸੁੱਟਿਆ। ਉਹ ਨੱਚ ਉਠੇ, ਉਹ ਗਾਣ ਲੱਗ ਪਿਆ-
‘‘ਸੂਰਜਾਂ ਦੀ ਜਿੰਦ ਮੇਰੀ,
ਬੱਦਲਾਂ ਦੀ ਜਿੰਦ ਮੇਰੀ,
ਪੰਛੀਆਂ ਦੀ ਜਿੰਦ ਮੇਰੀ,
ਪੱਤਿਆਂ ਦੀ ਜਿੰਦ ਮੇਰੀ,
ਪੌਣਾਂ ਦੀ ਜਿੰਦ ਮੇਰੀ,
ਮੈਨੇ ਤੁਮਕੋ ਨਾ ਮਿਲਣੇ ਕੀ ਕਸਮ ਖਾਈ ਹੈ।’’
ਫਿਰ ਉਸ ਨੇ ਹੱਥ ਧੋ ਲਏ।
ਟੋਭੇ ਕੰਢੇ ਖੜ੍ਹੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ।
ਤੇਜ਼ ਹਵਾ ਵਿਚ ਬਰੋਟੇ ਦੇ ਪੱਤੇ ਅੱਗੜ ਪਿੱਛੜ ਖੜ-ਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ।
ਚਿੜੀ ਬਣੇ ਬਰੋਟੇ ਉਤੇ ਬੈਠੇ ਰੱਬ ਵੱਲ ਤਕ ਕੇ ਉਸ ਬੰਦੇ ਨੇ ਸੀਟੀ ਮਾਰੀ।
ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ।
ਰੱਬ ਹੱਸ ਪਿਆ ਤੇ ਬੋਲਿਆ ‘‘ਉਨ੍ਹਾਂ ਸਾਰਿਆਂ ਲਈ ਨਾ ਸਹੀ ਅਜਿਹੇ ਇਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ। ਬੱਦਲ ਵਰ੍ਹਦੇ ਰਹਿਣਗੇ। ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ ਜਿਹੜਾ ਗਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਬਹਾਰ ਨੇ ‘‘ਜਿਵੇਂ ਆਗਿਆ’’ ਆਖ ਸਿਰ ਨਿਵਾ ਦਿੱਤਾ।
ਚਿੜੀ ਬਣਿਆ ਰੱਬ ਸੋਚ ਰਿਹਾ ਸੀ ਉਪਰ ਸਵਰਗ ਜਾਇਆ ਜਾਵੇ ਕਿ ਨਾ।

  • ਮੁੱਖ ਪੰਨਾ (ਕਹਾਣੀ) : ਕਹਾਣੀਆਂ, ਦਲੀਪ ਕੌਰ ਟਿਵਾਣਾ
  • ਮੁੱਖ ਪੰਨਾ (ਕਹਾਣੀ) : ਪੰਜਾਬੀ ਕਹਾਣੀਆਂ