Rabb Di Marzi : Roosi Lok Kahani

ਰੱਬ ਦੀ ਮਰਜ਼ੀ : ਰੂਸੀ ਲੋਕ ਕਥਾ

ਇੱਕ ਵਾਰ ਦੀ ਗੱਲ ਹੈ ਕਿ ਕਿਸੇ ਮੁਲਕ ਵਿੱਚ ਦੋ ਕਿਸਾਨ ਰਹਿੰਦੇ ਸਨ। ਇਵਾਨ ਅਤੇ ਨਾਓਮ। ਉਹ ਦੋਨੋਂ ਕਮਾਣ ਲਈ ਇੱਕਠੇ ਇੱਕ ਪਿੰਡ ਵਿੱਚ ਗਏ ਅਤੇ ਦੋ ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫਤਾ ਭਰ ਉਹ ਕੰਮ ਕਰਦੇ ਰਹੇ ਅਤੇ ਸਿਰਫ ਐਤਵਾਰ ਨੂੰ ਆਪਸ ਵਿੱਚ ਮਿਲੇ। ਇਵਾਨ ਨੇ ਪੁਛਿਆ: "ਭਰਾਵਾ ਤੂੰ ਕੀ ਕਮਾਇਆ ਹੈ?”

"ਰੱਬ ਨੇ ਮੈਨੂੰ ਪੰਜ ਰੂਬਲ ਬਖਸ਼ੇ ਹਨ।”

"ਰੱਬ ਨੇ ਦਿੱਤੇ ਹਨ? ਉਹ ਤਾਂ ਮਜ਼ਦੂਰੀ ਨਾਲੋਂ ਵਧ ਦੁਆਨੀ ਵੀ ਨਹੀਂ ਦਿੰਦਾ।”

"ਨਹੀਂ ਮੇਰੇ ਭਰਾਵਾ, ਰੱਬ ਦੀ ਮਰਜ਼ੀ ਦੇ ਬਿਨਾਂ ਅਸੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ।’

ਉਹ ਇਸ ਬਾਰੇ ਬੜੀ ਦੇਰ ਤੱਕ ਝਗੜਦੇ ਰਹੇ, ਆਖ਼ਰਕਾਰ ਫੈਸਲਾ ਇਹ ਹੋਇਆ: "ਆਪਾਂ ਚਲਦੇ ਹਾਂ ਅਤੇ ਸਭ ਤੋਂ ਪਹਿਲਾ ਬੰਦਾ ਜੋ ਸਾਨੂੰ ਰਸਤੇ ਵਿੱਚ ਮਿਲੇਗਾ, ਉਹ ਸਾਡਾ ਜੱਜ ਹੋਵੇਗਾ। ਸਾਡੇ ਵਿੱਚੋਂ ਜੋ ਹਾਰ ਜਾਵੇਗਾ ਉਹ ਆਪਣੀ ਕਮਾਈ ਦੂਜੇ ਦੇ ਹਵਾਲੇ ਕਰ ਦੇਵੇਗਾ।"

ਉਹ ਅਜੇ ਵੀਹ ਕਦਮ ਵੀ ਨਹੀਂ ਚੱਲੇ ਸਨ ਕਿ ਉਨ੍ਹਾਂ ਨੂੰ ਇੱਕ ਸ਼ੈਤਾਨ, ਆਦਮੀ ਦੇ ਭੇਸ ਵਿੱਚ ਮਿਲਿਆ। ਉਨ੍ਹਾਂ ਨੇ ਉਸਨੂੰ ਫੈਸਲਾ ਕਰਨ ਨੂੰ ਕਿਹਾ ਤਾਂ ਉਹ ਬੋਲਿਆ:

"ਰੱਬ ਤੇ ਕੋਈ ਭਰੋਸਾ ਨਾ ਰਖੋ। ਜੋ ਕਮਾ ਸਕਦੇ ਹੋ ਕਮਾਉਂਦੇ ਜਾਓ।”

ਨਾਓਮ ਨੇ ਸ਼ਰਤ ਦੇ ਮੁਤਾਬਕ ਆਪਣਾ ਕਮਾਇਆ ਹੋਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਆਪ ਖ਼ਾਲੀ ਹੱਥ ਘਰ ਵਾਪਸ ਆ ਗਿਆ। ਇੱਕ ਹਫਤੇ ਦੇ ਬਾਅਦ ਦੋਨੋਂ ਦੋਸਤ ਫਿਰ ਮਿਲੇ ਅਤੇ ਉਹੀ ਬਹਿਸ ਕਰਨ ਲੱਗੇ।

ਨਾਓਮ ਬੋਲਿਆ: "ਇਵਾਨ ਤੂੰ ਪਿੱਛਲੀ ਵਾਰ ਮੇਰਾ ਰੁਪਿਆ ਜਿੱਤ ਗਿਆ ਸੀ ਮਗਰ ਰੱਬ ਨੇ ਮੈਨੂੰ ਹੋਰ ਦੇ ਦਿੱਤੇ।

"ਜੇਕਰ ਰੱਬ ਹੀ ਨੇ ਤੈਨੂੰ ਦਿੱਤੇ ਹਨ ਤਾਂ ਆਪਾਂ ਉਸ ਦਾ ਇੱਕ ਵਾਰ ਫਿਰ ਫੈਸਲਾ ਕਰ ਲੈਂਦੇ ਹਾਂ। ਪਹਿਲਾ ਬੰਦਾ ਜੋ ਸਾਨੂੰ ਮਿਲੇਗਾ, ਉਹ ਸਾਡਾ ਜੱਜ ਹੋਵੇਗਾ। ਸ਼ਰਤ ਹਾਰਨ ਵਾਲਾ ਦੂਜੇ ਦਾ ਰੁਪਿਆ ਲੈ ਲਏਗਾ ਪਰ ਉਸਨੂੰ ਆਪਣਾ ਸੱਜਾ ਹੱਥ ਵੀ ਕਟਵਾਉਣਾ ਪਵੇਗਾ।”

ਨਾਓਮ ਨੇ ਮਨਜ਼ੂਰ ਕਰ ਲਿਆ।

ਰਸਤੇ ਵਿੱਚ ਉਨ੍ਹਾਂ ਨੂੰ ਫਿਰ ਉਹੀ ਸ਼ੈਤਾਨ ਮਿਲਿਆ ਜਿਸਨੇ ਉਹੀ ਜਵਾਬ ਦਿੱਤਾ। ਇਸ ਲਈ ਇਵਾਨ ਨੇ ਆਪਣਾ ਰੁਪਿਆ ਨਾਓਮ ਨੂੰ ਦੇ ਦਿੱਤਾ ਅਤੇ ਉਸ ਦਾ ਸੱਜਾ ਹੱਥ ਕੱਟ ਕੇ ਆਪਣੇ ਘਰ ਚਲਾ ਗਿਆ।

ਨਾਓਮ ਬਹੁਤ ਚਿਰ ਤੱਕ ਸੋਚਦਾ ਰਿਹਾ ਕਿ ਮੈਂ ਬਿਨਾਂ ਸੱਜੇ ਹੱਥ ਦੇ ਕਿਵੇਂ ਕੰਮ ਕਰਾਂਗਾ। ਮੈਨੂੰ ਰੋਟੀ ਕੌਣ ਖਿਲਾਏਗਾ? ਮਗਰ ਰੱਬ ਰਹੀਮ ਹੈ। ਉਹ ਦਰਿਆ ਦੇ ਕੰਢੇ ਜਾ ਕੇ ਇੱਕ ਕਿਸ਼ਤੀ ਵਿੱਚ ਪੈ ਗਿਆ। ਅੱਧੀ ਰਾਤ ਦੇ ਕ਼ਰੀਬ ਬਹੁਤ ਸਾਰੇ ਸ਼ੈਤਾਨ ਕਿਸ਼ਤੀ ਉੱਤੇ ਜਮ੍ਹਾਂ ਹੋਏ ਅਤੇ ਇੱਕ ਦੂਜੇ ਨੂੰ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਲੱਗੇ।

ਇੱਕ ਸ਼ੈਤਾਨ ਨੇ ਕਿਹਾ: "ਮੈਂ ਦੋ ਕਿਸਾਨਾਂ ਨੂੰ ਆਪਸ ਵਿੱਚ ਲੜਾ ਦਿੱਤਾ ਅਤੇ ਮਦਦ ਉਸ ਦੀ ਕੀਤੀ ਜੋ ਗਲਤ ਸੀ ਅਤੇ ਜੋ ਸਹੀ ਰਾਹ ਤੇ ਸੀ ਉਸ ਦਾ ਸੱਜਾ ਹੱਥ ਕਟਵਾ ਦਿੱਤਾ।

ਦੂਜੇ ਨੇ ਕਿਹਾ: "ਇਹ ਕਿਹੜੀ ਵੱਡੀ ਗੱਲ ਹੈ। ਜੇਕਰ ਉਹ ਆਪਣੇ ਹੱਥ ਨੂੰ ਤਰੇਲ ਉੱਤੇ ਤਿੰਨ ਵਾਰੀ ਫੇਰੇ ਤਾਂ ਉਸ ਦਾ ਹੱਥ ਫ਼ੌਰਨ ਉਗ ਸਕਦਾ ਹੈ।”

ਇਸ ਦੇ ਬਾਅਦ ਤੀਜਾ ਡੀਂਗ ਮਾਰਨੇ ਲਗਾ: "ਮੈਂ ਇੱਕ ਅਮੀਰ ਆਦਮੀ ਦੀ ਕੁੜੀ ਦਾ ਖ਼ੂਨ ਚੂਸ ਕੇ ਉਸਨੂੰ ਅਧ-ਮੋਇਆ ਕਰ ਦਿੱਤਾ ਹੈ। ਹੁਣ ਉਹ ਬਿਸਤਰ ਉੱਤੇ ਹਿੱਲ ਤੱਕ ਨਹੀਂ ਸਕਦੀ।”

"ਇਹ ਕਿਹੜਾ ਵੱਡਾ ਕੰਮ ਹੈ ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਅੱਛਾ ਕਰਨਾ ਚਾਹੇ ਤਾਂ ਉਸ ਬੂਟੀ ਨੂੰ ਜੋ ਕੰਢੇ ਦੇ ਕੋਲ ਉਗੀ ਹੋਈ ਹੈ ਉਬਾਲ ਕੇ ਉਸਨੂੰ ਪਿਆਲ ਦੇਵੇ ਅਤੇ ਉਹ ਬਿਲਕੁਲ ਤੰਦਰੁਸਤ ਹੋ ਜਾਵੇਗੀ।” ਇਹ ਕਹਿੰਦੇ ਹੋਏ ਇੱਕ ਸ਼ੈਤਾਨ ਨੇ ਕੰਢੇ ਦੇ ਕੋਲ ਇੱਕ ਬੂਟੀ ਦੀ ਤਰਫ਼ ਇਸ਼ਾਰਾ ਕੀਤਾ।

ਪੰਜਵੇਂ ਸ਼ੈਤਾਨ ਨੇ ਬਿਆਨ ਕੀਤਾ: "ਇੱਕ ਤਾਲਾਬ ਦੇ ਨਾਲ ਇੱਕ ਕਿਸਾਨ ਨੇ ਚੱਕੀ ਲਗਾ ਰੱਖੀ ਹੈ ਅਤੇ ਉਹ ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਚੱਲੇ। ਮਗਰ ਜਦੋਂ ਕਦੇ ਉਹ ਪਾਣੀ ਦਾ ਵਹਾਅ ਇਸ ਤਰਫ਼ ਛਡਦਾ ਹੈ ਮੈਂ ਬੰਦ ਵਿੱਚ ਮੋਰੀ ਕਰ ਦਿੰਦਾ ਹਾਂ।”

ਛੇਵੇਂ ਸ਼ੈਤਾਨ ਨੇ ਕਿਹਾ: "ਉਹ ਕਿਸਾਨ ਵੀ ਕਿੰਨਾ ਬੇਵਕੂਫ਼ ਹੈ। ਉਸਨੂੰ ਚਾਹੀਦਾ ਸੀ ਕਿ ਬੰਦ ਦੇ ਨਾਲ ਬਹੁਤ ਸਾਰਾ ਘਾਹ ਫੂਸ ਇੱਕਤਰ ਕਰਕੇ ਲਗਾ ਦਿੰਦਾ। ਦੱਸ ਫਿਰ ਤੇਰੀ ਮਿਹਨਤ ਕਿੱਧਰ ਜਾਂਦੀ?”

ਨਾਓਮ ਨੇ ਸ਼ੈਤਾਨਾਂ ਦੀਆਂ ਗੱਲਾਂ ਬਹੁਤ ਗ਼ੌਰ ਨਾਲ ਸੁਣ ਲਈਆਂ ਸਨ। ਇਸ ਲਈ ਦੂਜੇ ਦਿਨ ਹੀ ਆਪਣਾ ਹੱਥ ਉੱਗਾ ਲਿਆ। ਕਿਸਾਨ ਦੀ ਚੱਕੀ ਦਰੁਸਤ ਕਰ ਦਿੱਤੀ ਅਤੇ ਅਮੀਰ ਆਦਮੀ ਦੀ ਕੁੜੀ ਨੂੰ ਤੰਦਰੁਸਤ ਕਰ ਦਿੱਤਾ।

ਅਮੀਰ ਆਦਮੀ ਅਤੇ ਕਿਸਾਨ ਨੇ ਉਸ ਦੇ ਕੰਮ ਤੋਂ ਖ਼ੁਸ਼ ਹੋ ਕੇ ਉਸਨੂੰ ਬਹੁਤ ਸਾਰਾ ਇਨਾਮ ਦਿੱਤਾ। ਹੁਣ ਉਹ ਬੜੀ ਸੁਹਣੀ ਜ਼ਿੰਦਗੀ ਬਤੀਤ ਕਰਨ ਲੱਗਿਆ।

ਇੱਕ ਰੋਜ ਉਸਨੂੰ ਆਪਣਾ ਪੁਰਾਣਾ ਸਾਥੀ ਮਿਲਿਆ ਜੋ ਉਸਨੂੰ ਵੇਖਕੇ ਬਹੁਤ ਹੈਰਾਨ ਹੋਇਆ ਅਤੇ ਬੋਲਿਆ: "ਤੂੰ ਇਸ ਕਦਰ ਅਮੀਰ ਕਿਸ ਤਰ੍ਹਾਂ ਬਣ ਗਿਆ ਅਤੇ ਇਹ ਹੱਥ ਦੁਬਾਰਾ ਕਿੱਥੋ ਪੈਦਾ ਹੋ ਗਿਆ?”

ਨਾਓਮ ਨੇ ਸ਼ੁਰੂ ਤੋਂ ਅਖ਼ੀਰ ਤੱਕ ਸਾਰੀ ਕਹਾਣੀ ਬਿਆਨ ਕਰ ਦਿੱਤੀ ਅਤੇ ਉਸ ਕੋਲੋਂ ਕੋਈ ਗੱਲ ਛੁਪਾ ਕੇ ਨਾ ਰੱਖੀ। ਇਵਾਨ ਨੇ ਨਾਓਮ ਦੀ ਗੱਲ ਗ਼ੌਰ ਨਾਲ ਸੁਣੀ ਅਤੇ ਸੋਚਣ ਲੱਗਿਆ, 'ਮੈਂ ਵੀ ਇਹੀ ਕਰਾਂਗਾ ਅਤੇ ਇਸ ਨਾਲੋਂ ਵਧ ਅਮੀਰ ਹੋ ਜਾਵਾਂਗਾ।'

ਇਸ ਲਈ ਉਹ ਉਸੇ ਵਕਤ ਦਰਿਆ ਦੀ ਤਰਫ਼ ਗਿਆ ਅਤੇ ਉਸ ਕੰਢੇ ਕੋਲ ਕਿਸ਼ਤੀ ਵਿੱਚ ਪੈ ਗਿਆ।

ਅਧੀ ਰਾਤ ਦੇ ਨੇੜ ਸਾਰੇ ਸ਼ੈਤਾਨ ਜਮ੍ਹਾਂ ਹੋਏ ਅਤੇ ਆਪਸ ਵਿੱਚ ਕਹਿਣ ਲੱਗੇ: "ਭਾਈਓ, ਕੋਈ ਜਣਾ ਜ਼ਰੂਰ ਛੁਪ ਕੇ ਸਾਡੀਆਂ ਗੱਲਾਂ ਸੁਣਦਾ ਰਿਹਾ ਹੈ ਕਿਉਂਕਿ ਕਿਸਾਨ ਦਾ ਹੱਥ ਉਗ ਆਇਆ ਹੈ, ਕੁੜੀ ਚੰਗੀ ਹੋ ਗਈ ਹੈ ਅਤੇ ਚੱਕੀ ਚੱਲ ਰਹੀ ਹੈ।

ਇਸ ਲਈ ਉਹ ਕਿਸ਼ਤੀ ਦੀ ਤਰਫ਼ ਝੱਪਟੇ, ਇਵਾਨ ਉਨ੍ਹਾਂ ਦੇ ਹਥ ਆ ਗਿਆ ਅਤੇ ਉਨ੍ਹਾਂ ਨੇ ਉਸ ਦੀ ਬੋਟੀ ਬੋਟੀ ਕਰ ਦਿੱਤੀ।

(ਅਨੁਵਾਦਕ: ਚਰਨ ਗਿੱਲ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ