Rakhri (Punjabi Story) : Nanak Singh

ਰੱਖੜੀ (ਕਹਾਣੀ) : ਨਾਨਕ ਸਿੰਘ

(੧)
ਵੀਰਾਂ ਵਾਲੀਓ, ਰੱਖੜੀਆਂ ਲੈ ਲੋ, ਰਖੜੀਆਂ ।
ਇਕ ਮੁਸਲਮਾਨ ਮੁੰਡੇ ਨੇ ਬਾਰੀ ਹੇਠੋਂ ਲੰਘਦਿਆਂ ਫਿਰ ਕਿਹਾ:
''ਵੀਰਾਂ ਵਾਲੀਓ। ਰੱਖੜੀਆਂ ਲੈ ਲੋ, ਰੱਖੜੀਆਂ ।''
ਸੋਮਾ ਛੇਤੀ ਨਾਲ ਸੁਆਹ ਵਾਲੇ ਹੱਥ ਧੋ ਕੇ ਜਾਲੇ ਵਿਚੋਂ ਕੁੱਝ ਧੇਲੇ ਚੁਣ ਕੇ ਹੇਠਾਂ ਉਤਰੀ, ਸਾਰੀ ਚੰਗੇਰ ਫੋਲ ਕੇ ਉਸ ਨੂੰ ਇਕ ਰੱਖੜੀ ਪਸੰਦ ਆਈ ।
ਮੁੰਡਾ ਛੇ ਪੈਸੇ ਮੰਗਦਾ ਸੀ, ਪਰ ਸੋਮਾ ਪਾਸ ਦਸਾਂ ਦਿਨਾਂ ਦੀ ਖੱਟੀ ਕੁਲ ਦੱਸ ਧੇਲੇ ਸਨ, ਉਸ ਨੇ ਆਪਣੀ ਸਾਰੀ ਪੂੰਜੀ ਮੁੰਡੇ ਨੂੰ ਫੜਾ ਦਿੱਤੀ ਤੇ ਬਿਤਰ ਬਿਤਰ ਉਸ ਦੇ ਮੂੰਹ ਵੱਲ ਵੇਖਣ ਲੱਗੀ ।
ਮੁੰਡੇ ਨੇ ਇਕ ਪੈਸਾ ਹੋਰ ਮੰਗਿਆ, ਪਰ ਸੋਮਾ ਕੋਲ ਹੋਰ ਪੈਸਾ ਨਹੀਂ ਸੀ । ਉਸ ਨੇ ਸਲਾਹ ਕੀਤੀ ਕਿ ਜ਼ਰਾ ਏਦੂੰ ਘਟੀਆ ਲੈ ਲਵਾਂ, ਉਹ ਫੇਰ ਫੋਲਾ ਫਾਲੀ ਕਰਨ ਲੱਗੀ, ਪਰ ਉਸ ਦਾ ਜੀ ਇਹ ਪਹਿਲੀ ਰੱਖੜੀ ਹੱਥੋਂ ਛੱਡਣ ਨੂੰ ਨਹੀਂ ਸੀ ਕਰਦਾ।
ਇਸ ਮੁੰਡੇ ਨੂੰ ਖਲਵਾ ਕੇ ਉਹ ਫੇਰ ਉੱਪਰ ਗਈ । ''ਚਾਚੀ ਜੀ ! ਇਕ ਪੈ...... ਗੱਲ ਅਜੇ ਉਸ ਦੇ ਮੂੰਹ ਵਿਚ ਹੀ ਸੀ ਕਿ ਉਸ ਦੇ ਹੱਥ ਵਿਚ ਦੁਹਰੇ ਮੋਤੀਆਂ ਵਾਲੀ ਰੱਖੜੀ ਵੇਖ ਕੇ, ਮੱਥੇ ਤੇ ਤਿਉੜੀ ਪਾ ਕੇ ਬਿੰਦਰੋ ਬੋਲੀ:
"ਹਨੇਰ ਆ ਕੇ ਲੱਗਾ ਏ ਤੇਰਿਆਂ ਪੈਸਿਆਂ ਨੂੰ, ਐਧਰੋਂ ਆਈ ਦੇਹ ਪੈਸਾ, ਔਧਰੋਂ ਆਈ ਦੇਹ ਧੇਲਾ । ਜਿਕਣ ਪਿਉ ਔਰਤਾਂ ਮਰਨ ਲੱਗਾ ਥੈਲੀਆਂ ਸੌਂਪ ਗਿਆ ਸੀ ਸੁ ਮੈਨੂੰ । ਤੇ ਕਿਨੇ ਦੀ ਲਿਆਈ ਏਂ ਰੱਖੜੀ?

ਸੋਮਾ ਸਹਿਮ ਨਾਲ ਸੁੰਗੜਦੀ ਜਾਂਦੀ ਸੀ । ਉਹ ਡਰਦੀ ਡਰਦੀ ਬੋਲੀ:-
''ਚਾਚੀ ਜੀ ! ਮੈਂ ਤੇ ਇਕੋ ਪੈਸਾ ਮੰਗਿਆ ਏ, ਬਾਕੀ ਤਿੰਨ ਪੈਸੇ ਤੇ ਮੈਂ ਆਪਣੇ ਜੋੜੇ ਹੋਏ ਸਨ।''
ਉਸ ਦੇ ਸਵੇਰ ਦੇ ਧਤੇ ਹੋਏ ਕਪੜਿਆਂ ਦੀ ਪੜਤਾਲ ਕਰਨੀ ਵਿਚੇ ਹੀ ਛੱਡ ਕੇ ਬਿਦਰੋ ਬੋਲੀ:
"ਹਾਏ ਨੀ ਨ੍ਹੇਰ ਪੈ ਜਾਏ ਤੈਨੂੰ। (ਝਟਕੇ ਨਾਲ ਉਸ ਦੇ ਹੱਥੋਂ ਰੱਖੜੀ ਖੋਹ ਕੇ) ਤੇ ਐਹ ਆਨੇ ਦੀ ਰੱਖੜੀ ਤੇ ਫੂਕਣੀ ਸੀ ? ਕੁੜੀਆਂ ਧੇਲੇ ਜਾਂ ਬੜੀ ਹੱਦ ਹੋਈ ਤੇ ਪੈਸੇ ਦੀ ਰੱਖੜੀ ਲੈ ਲੈਂਦੀਆਂ ਨੇ, ਇਸ ਰੰਡੀ ਦੀ ਹਰ ਗਲ ਜਹਾਨੋਂ ਵੱਖਰੀ ਹੁੰਦੀ ਏ ! ਜਾਹ, ਮੋੜ ਆ ਸੁ ਜਾ ਕੇ ।
ਸੋਮਾ ਦੇ ਪੈਰ ਧਰਤੀ ਨਾਲ ਸੀਤੇ ਗਏ । ਕੀ ਮੈਂ ਸੱਧਰਾਂ ਨਾਲ ਚੁਣੀ ਹੋਈ ਰੱਖੜੀ ਮੋੜ ਦਿਆਂ? ਇਹ ਖਿਆਲ ਕਰਕੇ ਉਸ ਦਾ ਦਿਲ ਬੈਠਦਾ ਜਾਂਦਾ ਸੀ ।
ਇਨੇ ਨੂੰ ਬਿੰਦਰੋ ਬਾਰੀ ਵਿਚੋਂ ਰੱਖੜੀ ਮੁੰਡੇ ਵਲ ਸੁੱਟਦੀ ਹੋਈ ਬੋਲੀ:
"ਫੜ ਕੇ ਰੱਖ ਆਪਣੀ ਰੱਖੜੀ, ਅਸੀਂ ਨਹੀਂ ਲੈਂਦੇ । ਰਤਾ ਕੁ ਜਿੰਨੀ ਰੱਖੜੀ ਤੇ ਚਾਰ ਪੈਸੇ ਮੁਲ । ਲਾਮ ਲਗ ਗਈ ਏ ਜਿਕਣ ਰੱਖੜੀਆਂ ਦੀ ।
ਮੁੰਡੇ ਨੇ ਬੁੜ ਬੁੜ ਕਰਦਿਆਂ ਰੱਖੜੀ ਪੂੰਝ ਕੇ ਛਾਬੇ ਵਿਚ ਰੱਖੀ ਤੇ ਫਿਰ ਉਤਾਂਹ ਤੱਕ ਕੇ ਬੋਲਿਆ :
''ਏ , ਮਾਈ ਜੀ ! ਮੈਂ ਛੀਆਂ ਤੋਂ ਘਟ ਨਹੀਂ, ਜੇ ਲੈਣੇ । ਮੈਂ ਇਹਦੇ ਨਾਲ ਦੀਆਂ ਦੁਆਨੀ ਦੁਆਨੀ ਤੋਂ ਵੇਚ ਕੇ ਆਇਆ ਵਾਂ । ਜੀ ਕਰੇ ਲਓ, ਜੀ ਕਰੇ ਨਾ ਲਓ । (ਛਾਬੇ ਵਿਚੋਂ ਧੇਲੇ ਚੁਕ ਕੇ) ਐਹ ਲੈ ਫੜੋ ਆਪਣੇ ਪੰਜ ਪੈਸੇ ਤੇ ਜਾਂ ਇਕ ਪੈਸਾ ਹੋਰ ਸੁਟੋ ।''
ਸੋਮਾ ਦਾ ਝੂਠ ਦੇਖ ਕੇ ਬਿੰਦਰੋ ਗੁੱਸੇ ਨਾਲ ਕੰਬਦੀ ਹੋਈ ਹੇਠਾਂ ਜਾ ਕੇ ਪੈਸੇ ਮੋੜ ਲਿਆਈ । ਏਧਰ ਸੋਮਾ ਆਪਣੇ ਝੂਠ ਤੇ ਸ਼ਰਮਿੰਦੀ ਹੋ ਕੇ ਪਿੱਪਲ ਦੇ ਪੱਤੇ ਵਾਂਗ ਕੰਬ ਰਹੀ ਸੀ।
ਬਿੰਦਰੋ ਪੌੜੀਆਂ ਵਿਚੋਂ ਹੀ ਉਸ ਨੂੰ ਗਾਲਾਂ ਦੇਂਦੀ ਹੋਈ ਉਪਰ ਪਹੁੰਚੀ ।
ਇਧਰ ਕੰਧ ਨਾਲ ਸਿਰ ਜੋੜ ਕੇ ਸੋਮਾ ਫੁਟ ਫੁਟ ਕੇ ਰੋ ਰਹੀ ਸੀ। "ਰੱਖੜੀ ਫੂਕਣੀ ਸੀ ?'' ਇਹ ਵਾਕ ਘੜੀ ਮੁੜੀ ਉਸ ਦੇ ਕੰਨਾਂ ਵਿਚ ਗੂੰਜ ਰਿਹਾ ਸੀ । ਪੱਕੇ ਹੋਏ ਫੋੜੇ ਲਈ ਸੂਈ ਦੀ ਮਹੀਨ ਜਿਹੀ ਚੋਭ ਹੀ ਬਥੇਰੀ ਹੁੰਦੀ ਹੈ । ਉਸ ਨੂੰ ਮਾਂ ਪਿਓ ਦੀ ਯਾਦ ਆਈ, ਪਰ ਸੁਫਨੇ ਵਾਂਙ । ਉਹ ਸੋਚ ਰਹੀ ਸੀ, ''ਜੇ ਮੇਰੀ ਮਾਂ ਅੱਜ ਜੀਉਂਦੀ ਹੁੰਦੀ ਤਾਂ ਵੀਰ ਲਈ ਮੈਨੂੰ ਆਪ ਸੋਹਣੀ ਤੋਂ ਸੋਹਣੀ ਰੱਖੜੀ ਲੈ ਕੇ ਦੇਂਦੀ ।'' ਇਸ ਖ਼ਿਆਲ ਦਾ ਆਉਣਾ ਸੀ ਕਿ ਉਸ ਦੇ ਦੁੱਖਾਂ ਦਾ ਕੜ ਪਾਟ ਗਿਆ।
ਬਿੰਦਰੋ ਨੇ ਆਉਂਦਿਆਂ ਹੀ ਉਸ ਨੂੰ ਗੁੱਤੋਂ ਫੜ ਲਿਆ ਤੇ ਉਸ ਦੇ ਮੂੰਹ ਤੇ ਤਾੜਤਾੜ ਚਪੇੜਾਂ ਜੋੜਦੀ ਹੋਈ ਬੋਲੀ:
ਤੇਰੇ ਖਸਮ ਨੂੰ ਖਾਧਾ ਸੀ ਰੰਡੀਏ । ਹੁਣੇ ਲੱਗੀ ਏਂ ਏਡੇ ਚਲਿੱਤਰ ਸਾੜਨ ? ਛੁਟੜੇ, ਮੈਂ ਤੇਰੀ ਧੌੜੀ ਨਾ ਲਾਹ ਸੁੱਟੀ ਤੇ ਆਖੀਂ। ਹੋਣੀਏਂ, ਕੰਮ ਦੇ ਨਾਂ ਤੈਨੂੰ ਦੁਗਾੜਾ ਵਜ ਜਾਂਦਾ ਏ ਤੇ ਭਰਾ ਦੇ ਸਿਆਪੇ ਕਰਨ ਨੂੰ ਚਾ ਚੜ੍ਹ ਜਾਂਦਾ ਈ ? ਏਡੇ ਲਾਡ ਸਾੜਨੇ ਈਂ ਤਾਂ ਕਹੁ ਸੁ ਨਾ ਵਖਰੇ ਧੌਲਰ ਪੁਆ ਦੇਵੇ । ਰੁੜ੍ਹ ਜਾਣੇ ਆਪ ਮਰ ਗਏ ਤੇ ਮੇਰੇ ਹੱਡ ਸਾੜਨ ਨੂੰ ਕਲੂਖਤਾਂ ਛੱਡ ਗਏ । ਗਰਕ ਜਾਣਿਓਂ, ਮੈਂ ਏਥੇ ਤੁਹਾਡੇ ਲਈ ਕਾਰੂੰ ਦੇ ਖਜ਼ਾਨੇ ਦੱਬੇ ਹੋਏ ਨੇ ਜੂ ਨਾਲੇ ਤੁਹਾਨੂੰ ਕੋਸੇ ਖੁਆਵਾਂ ਤੇ ਨਾਲੇ ਇਡੇ ਮਲਾਰ ਕਰਾਂ ?''
ਜਰਣ ਤੋਂ ਬਿਨਾਂ ਸੋਮਾਂ ਇਸ ਦਾ ਕੀ ਉੱਤਰ ਦੇ ਸਕਦੀ ਸੀ ਤੇ ਬਿੰਦਰੋ ਵੀ ਆਪਣਾ ਗੁੱਸਾ ਕੱਢ ਕੇ ਤੁਰ ਜਾਣ ਤੋਂ ਬਿਨਾਂ ਕੀ ਕਰ ਸਕਦੀ ਸੀ ?

(੨)
ਬਾਰਾਂ ਵਜੇ ਰਾਮ ਲਾਲ ਘਰ ਆਇਆ । ਘੱਟੇ ਮਿੱਟੀ ਵਿਚ ਲਿਬੜੀ ਤੇ ਭੁੰਜੇ ਸੁੱਤੀ ਹੋਈ ਭੈਣ ਨੂੰ ਵੇਖ ਕੇ ਉਸ ਨੂੰ ਖੁੜਕ ਗਈ ਕਿ ਅੱਜ ਫਿਰ ਵਿਚਾਰੀ ਨੂੰ ਮਾਰ ਪਈ ਹੈ ।
ਉਸ ਦੀਆਂ ਗੱਲ੍ਹਾਂ ਤੋਂ ਵੱਗੀਆਂ ਹੋਈਆਂ ਅਥਰੂਆਂ ਦੀਆਂ ਧਾਰੀਆਂ ਉਸ ਦੇ ਚਿਹਰੇ ਦੀ ਜੰਮੀ ਹੋਈ ਮੈਲ ਨੂੰ ਘੋਲ ਕੇ ਸਾਫ਼ ਲੀਕਾਂ ਪਾ ਗਈਆਂ ਸਨ ।
ਰਾਮ ਲਾਲ ਦੀਆਂ ਅੱਖਾਂ ਸਜਲ ਹੋ ਗਈਆਂ ਤੇ ਉਨ੍ਹਾਂ ਅੱਗੇ ਮੱਧਮ ਜਿਹਾ ਹਨੇਰਾ ਛਾ ਗਿਆ । ਉਸ ਦੇ ਆਪਣੇ ਦੁੱਖ ਸੋਮਾਂ ਦੇ ਫਿਕਰ ਹੇਠ ਨੱਪੇ ਗਏ ।
ਉਸ ਨੇ ਸੁੱਤੀ ਹੋਈ ਭੈਣ ਦਾ ਹੱਥ ਫੜ ਕੇ ਰੁਕਵੀਂ ਆਵਾਜ਼ ਵਿਚ ਕਿਹਾ, ''ਸੋਮਾ।''
ਭਰਾ ਦੀ ਅਵਾਜ਼ ਸੁਣ ਕੇ ਉਹ ਝਟ ਪਟ ਉਠ ਬੈਠੀ । ਉਸ ਨੇ ਚੁੰਨੀ ਦੇ ਲੜ ਨਾਲ ਮੂੰਹ ਪੂੰਝਿਆ ।
ਖੱਬੇ ਪਾਸਿਓਂ ਉਸ ਦਾ ਪੱਲਾ ਅੱਗੇ ਹੀ ਅੱਥਰੂਆਂ ਨਾਲ ਭਿੱਜਾ ਪਿਆ ਸੀ, ਇਸ ਨੂੰ ਰਾਮ ਲਾਲ ਨੇ ਗਹੁ ਨਾਲ ਵੇਖਿਆ, ਚੁੰਨੀ ਪਰਤ ਕੇ ਉਸ ਨੇ ਲੰਗਾਰ ਵਾਲਾ ਪਾਸਾ ਹੇਠਾਂ ਕੀਤਾ ਤੇ ਵਾਲ ਮੱਥੇ ਤੋਂ ਪਿਛਾਂਹ ਹਟਾ ਕੇ ਬੁੱਕਲ ਮਾਰੀ ।
ਰਾਮ ਲਾਲ ਨੇ ਪੁੱਛਿਆ, ''ਸੋਮਾ ! ਕੀ ਗੱਲ ਸੀ ?
''ਕੁਝ ਨਹੀਂ ਭਾ, ਮੈਂ ਤੇ...'' ਇਸ ਤੋਂ ਅੱਗੇ ਉਹ ਸਿੱਧੜ ਕੁੜੀ ਕੋਈ ਝੂਠ ਕਹਾਣੀ ਨਾ ਘੜ ਸਕੀ । ਅੱਜ ਦੀ ਮਾਰ ਨੂੰ ਉਹ ਹਰ ਹੀਲੇ ਭਰਾ ਤੋਂ ਲੁਕਾਣਾ ਚਾਹੁੰਦੀ ਸੀ । ਉਸ ਨੂੰ ਪਤਾ ਸੀ ਕਿ ਉਹ ਰੋਟੀ ਖਾਣ ਆਇਆ ਹੈ, ਪਰ ਮੇਰੀ ਵਿਥਿਆ ਸੁਣ ਕੇ ਭੁੱਖਾ ਹੀ ਮੁੜ ਜਾਵੇਗਾ ਤੇ ਸਾਰੀ ਦਿਹਾੜੀ ਰੋਂਦਾ ਰਹਿਣ ਕਰਕੇ ਰੋਟੀ ਦੇ ਥਾਂ ਮਾਲਕ ਦੀਆਂ ਝਿੜਕਾਂ ਖਾਵੇਗਾ ।
ਉਸ ਦੇ ਦੁਖੀ ਭਰਾ ਨੇ ਫਿਰ ਪੁੱਛਿਆ, ''ਮਾਰ ਪਈ ਸੀ ?''
ਸੋਮਾ ਬਨੌਟੀ ਮੁਸਕਾਹਟ ਬੁਲਾਂ ਤੇ ਲਿਆਉਣ ਦਾ ਜਤਨ ਕਰਦੀ ਹੋਈ ਬੋਲੀ, "ਨਹੀਂ ਭਾ, ਮਾਰਨਾ ਕਿਨ੍ਹਾਂ ਸੀ ?''
ਰਾਮ ਲਾਲ ਅਜਿਹੇ ਹੀ ਉੱਤਰ ਦਾ ਚਾਹਵਾਨ ਸੀ । ਉਸ ਦਾ ਦਿਲ ਇਹੋ ਚਾਹੁੰਦਾ ਸੀ ਕਿ ਰੱਬ ਕਰੇ ਸੋਮਾ ਦੀ ਗੱਲ ਸੱਚੀ ਹੋਵੇ ਤੇ ਉਸ ਨੂੰ ਮਾਰ ਨਾ ਪਈ ਹੋਵੇ, ਪਰ ਇਹ ਵੇਖ ਕੇ ਕਿ ਰੋਕਦਿਆਂ ਰੋਕਦਿਆਂ ਵੀ ਸੋਮਾ ਦਾ ਇਕ ਹਟਕੋਰਾ ਨਿਕਲ ਗਿਆ ਹੈ, ਉਸ ਨੂੰ ਸਾਰਾ ਮਾਮਲਾ ਸਮਝ ਵਿਚ ਆ ਗਿਆ । ਇਸ ਦੇ ਨਾਲ ਹੀ ਮੌਕੇ ਦੀ ਉਗਾਹੀ ਸੋਮਾ ਦੀਆਂ ਲਾਲ ਅੱਖਾਂ ਦੇ ਰਹੀਆਂ ਸਨ ।
ਇਸ ਵੇਲੇ ਸੋਮਾ ਦਾ ਧਿਆਨ ਭਰਾ ਦੇ ਪੈਰ ਤੇ ਪਿਆ ਜਿਸ ਦੀ ਅੱਡੀ ਵਿਚੋਂ ਪਰਲ ਪਰਲ ਲਹੂ ਵੱਗ ਰਿਹਾ ਸੀ । ਉਹ ਅੰਦਰੋ ਅੰਦਰ ਕੰਬ ਗਈ।
ਉਸ ਦੇ ਪੁੱਛਣ ਪਰ ਰਾਮ ਲਾਲ ਨੇ ਦੱਸਿਆ : ''ਬਾਟੀਆਂ ਮਾਂਜਦਿਆਂ ਮਾਂਜਦਿਆਂ ਉਸਤਾਦ ਨੇ ਲੱਕੜਾਂ ਲੈਣ ਭੇਜਿਆ । ਲੱਕੜਾਂ ਚੁਕੀ ਆ ਰਿਹਾ ਸਾਂ 'ਚ ਪੈਰ ਵਿਚ ਬੋਤਲ ਦੀ ਸ਼ੀਸ਼ੀ ਚੁਭ ਗਈ । ''
ਸੋਮਾ ਨੂੰ ਆਪਣਾ ਦੁੱਖ ਭੁਲ ਗਿਆ। ਉਸ ਨੇ ਭਰਾ ਦਾ ਫੱਟ ਧੋਤਾ ਤੇ ਫਿਰ ਚੁੰਨੀ ਨਾਲੋਂ ਲੀਰ ਪਾੜ ਕੇ ਉਸ ਨੂੰ ਘੁੱਟ ਕੇ ਬੰਨ੍ਹ ਦਿੱਤਾ।

(੩)
ਦੂਜੇ ਦਿਨ ਵਡੇ ਵੇਲੇ ਹੀ ਸੋਮਾ ਦੀ ਚਾਚੀ ਕਿਸੇ ਵਿਆਹ ਵਾਲੇ ਘਰ ਚਲੀ ਗਈ । ਸੋਮਾ ਨੂੰ ਰੱਖੜੀ ਲਈ ਚੰਗਾ ਮੌਕਾ ਮਿਲ ਗਿਆ । ਉਸ ਨੇ ਮੰਜੇ ਨਾਲੋਂ ਸਿਣੀ ਦੀ ਰੱਸੀ ਤੋੜੀ, ਫਿਰ ਚਾਚੀ ਦੇ ਇਕ ਪਾਟੇ ਹੋਏ ਭੋਛਣ ਨਾਲ ਤਿੱਲੇ ਦੀਆਂ ਕੁਝ ਤਾਰਾਂ ਲਾਹ ਕੇ ਉਸ ਉਤੇ ਵਲ ਦਿਤੀਆਂ ਪਰ ਫੁੰਮਣ ਬਣਾਨ ਲਈ ਉਸ ਨੂੰ ਕੋਈ ਚੀਜ਼ ਨਹੀਂ ਸੀ ਲਭਦੀ । ਸੋਚਦਿਆਂ ਸੋਚਦਿਆਂ ਉਸ ਨੂੰ ਚੇਤਾ ਆ ਗਿਆ । ਉਸ ਦੀ ਗੁਤ ਵਿਚ ਲਾਲ ਪਸ਼ਮ ਦਾ ਧਾਗਾ ਸੀ, ਗੁਤ ਖੋਲ ਕੇ ਉਸ ਨੇ ਧਾਗਾ ਕਢਿਆ । ਉਸ ਨੇ ਸਾਬਨ, ਨਾਲ ਧੋ ਕੇ ਸੁਕਾਇਆ ਤੇ ਫਿਰ ਕੈਂਚੀ ਨਾਲ ਉਸ ਦੀਆਂ ਫੁੰਮਣੀਆਂ ਕਟ ਕੇ ਤੇ ਜੋੜ ਕੇ ਰੱਖੜੀ ਬਣਾ ਲਈ ।
ਵੱਡੇ ਵੇਲੇ ਸਵੇਰੇ ਉਹ ਭਰਾ ਨੂੰ ਰੱਖੜੀ ਨਾ ਬੰਨ੍ਹ ਸਕੀ, ਕਿਉਂਕਿ ਉਹ ਪਰਭਾਤ ਵੇਲੇ ਹੀ ਕੰਮ ਤੇ ਚਲਾ ਜਾਂਦਾ ਸੀ । ਉਸ ਨੇ ਖੂਹ ਤੋਂ ਪਾਣੀ ਦੀ ਬਾਲਟੀ ਲਿਆ ਰੱਖੀ ਤਾਂ ਜੋ ਬਾਰਾਂ ਵਜੇ ਭਰਾ ਨੂੰ ਨਹਾ ਕੇ ਸੁਚੇ ਮੂੰਹ ਰੱਖੜੀ ਬੰਨ੍ਹੇ ।
''ਉਹ ਆ ਗਿਆ'', ਸੋਮਾ ਨੇ ਚਾਈਂ ਚਾਈਂ ਆਖਿਆ ''ਭਾ, ਪਹਿਲਾਂ ਨਾਹ ਲੈ, ਅਜ ਮੈਂ ਤੈਨੂੰ ਰੱਖੜੀ ਬੰਨ੍ਹਣੀ ਏ ।''
ਰਾਮ ਲਾਲ ਨੇ ਪਾਟੀਆਂ ਬਾਹਾਂ ਵਾਲਾ ਝੱਗਾ ਲਾਹਿਆ ਉਮਾਲੀ ਉਸ ਦੇ ਤੇੜ ਬਧੀ ਹੋਈ ਸੀ । ਸਿਰ ਅਤੇ ਲਤਾਂ ਉਸ ਦੀਆਂ ਹੁਨਾਲ ਸਿਆਲ ਨੰਗੀਆਂ ਹੀ ਰਹਿੰਦੀਆਂ ਸਨ ।
ਸੋਮਾ ਕਪੜੇ ਧੋਣ ਵਾਲੇ ਸਾਬਣ ਦੀ ਚਾਕੀ ਲਿਆ ਕੇ ਬੋਲੀ, "ਭਾ ! ਤੇ ਬੈਹ ਜਾ, ਮੈਂ ਤੈਨੂੰ ਲਾਨੀ ਆਂ।''
ਗੋਡਿਆਂ ਤੇ ਪੈਰਾਂ ਦੀ ਮੈਲ ਲਾਹੁੰਦਿਆਂ ਉਸ ਨੂੰ ਚੋਖਾ ਚਿਰ ਲੱਗਾ । ਉਸ ਨੂੰ ਡਰ ਸੀ ਕਿਤੇ ਵੀਰ ਦਾ ਪੈਰ ਨਾ ਦੁਖ ਜਾਏ।
ਇਸ ਕੰਮੋਂ ਵੇਹਲੀ ਹੋ ਕੇ ਸੋਮਾ ਨੇ ਝਟ ਪਟ ਉਸ ਦਾ ਝੱਗਾ ਫਲਕਿਆ, ਤੇ ਕੋਠੇ ਚਾ ਕੇ ਸੁਕਣਾ ਪਾ ਆਈ । ਪਰ ਚਿਰ ਹੋ ਜਾਣ ਦੇ ਡਰ ਤੋਂ ਉਸ ਨੇ ਸਿਲ੍ਹਾ ਹੀ ਉਸ ਨੂੰ ਲਿਆ ਦਿਤਾ ।
ਸੋਮਾ ਅੰਦਰੋਂ ਰੱਖੜੀ ਚੁਕ ਲਿਆਈ ।
ਰਾਮ ਲਾਲ ਨੇ ਸੱਜੀ ਬਾਂਹ ਅੱਗੇ ਕੀਤੀ । ਸੋਮਾ ਨੇ ਰੱਖੜੀ ਵੱਲੇ ਹੱਥ ਵਧਾਇਆ, ਪਰ ਝੱਟ ਹੀ ਦੋਹਾਂ ਨੇ ਆਪੋ ਆਪਣਾ ਹੱਥ ਖਿੱਚ ਲਿਆ।
''ਭਾ ! ਰਤਾ ਠਹਿਰ ਜਾ'' ਕਹਿ ਕੇ ਸੋਮਾ ਅੰਦਰ। ਰਸੋਈ ਵਿਚ ਚਲੀ ਗਈ ਤੇ "ਸੋਮਾ ! ਮੈਂ ਹੁਣੇ ਆਇਆ ਕਹਿ ਕੇ ਰਾਮ ਲਾਲ ਹੇਠਾਂ ਉਤਰ ਗਿਆ।
ਉਸ ਨੇ ਉਸਤਾਦ ਪਾਸੋਂ ਜਾ ਕੇ ਇਕ ਚੁਆਨੀ ਮੰਗੀ, ਪਰ ਹਲਵਾਈ ਬੋਲਿਆ, ''ਤੇਰਾ ਚਾਚਾ ਪਿਛਲੇ ਮਹੀਨੇ ਦੇ ਤਿੰਨ ਰੁਪਈਏ ਕਲ੍ਹ ਲੈ ਗਿਆ ਏ ਤੇ ਕਹਿ ਗਿਆ ਏ ਕਿ ਮੁੰਡੇ ਨੂੰ ਕੋਈ ਪੈਸਾ ਨਾ ਦਿਆ ਕਰੋ ।
ਰਾਮ ਲਾਲ ਨੇ ਬਥੇਰੇ ਤਰਲੇ ਮਿੰਨਤਾਂ ਕੀਤੀਆਂ, ਭੈਣ ਦੀ ਤਲੀ ਤੇ ਧਰਨ ਲਈ ਉਸ ਨੂੰ ਇਕ ਚੁਆਨੀ ਨਹੀਂ ਮਿਲੀ । ਉਹ ਸ਼ਰਮ ਦਾ ਮਾਰਿਆ ਰੋਟੀ ਖਾਣ ਹੀ ਨ ਗਿਆ ਤੇ ਸਾਰੀ ਦਿਹਾੜੀ ਭੁੱਖਾ ਰਿਹਾ ।
ਉਧਰ ਸੋਮਾ ਨੇ ਘਰ ਵਿਚ ਬੜੀ ਫੋਲਾ ਫਾਲੀ ਕੀਤੀ, ਪਰ ਉਸ ਨੂੰ ਭਰਾ ਦਾ ਮੂੰਹ ਮਿੱਠਾ ਕਰਾਉਣ ਲਈ ਕੋਈ ਚੀਜ਼ ਨਾ ਲੱਭੀ, ਕਿਉਂਕਿ ਸਭ ਕੁਝ ਚਾਚੀ ਦੇ ਕੁੰਜੀ ਜੰਦਰੇ ਵਿਚ ਰਹਿੰਦਾ ਸੀ ।
ਉਹ ਹੇਠਾਂ ਉੱਤਰ ਕੇ ਪਰਸਿੰਨੋ ਦੇ ਘਰ ਗਈ ਤੇ ਉਸ ਨੂੰ ਆਖਣ ਲੱਗੀ "ਭੈਣ ! ਤੂੰ ਮੈਨੂੰ ਇਕ ਧੇਲਾ ਉਧਾਰਾ ਦੇ, ਮੈਂ ਤੈਨੂੰ ਲਉਢੇ ਪਹਿਰ ਦੇ ਦਿਆਂਗੀ।''
ਧੇਲਾ ਲੈ ਕੇ ਉਹ ਬਜ਼ਾਰ ਮਿਸ਼ਰੀ ਲੈਣ ਗਈ, ਪਰ ਹਟਵਾਣੀਏ ਨੇ ਧੇਲੇ ਦੀ ਮਿਸਰੀ ਨ ਦਿਤੀ । ਛੇਕੜ ਵਿਚਾਰੀ, ਗੁੜ ਹੀ ਲੈ ਆਈ ।
ਉਹ ਸਾਰਾ ਦਿਨ ਭਰਾ ਦੀ ਉਡੀਕ ਵਿਚ ਸੁੱਚੇ ਮੂੰਹ ਬੈਠ ਰਹੀ, ਪਰ ਉਹ ਨਾ ਆਇਆ ।
ਢੇਰ ਰਾਤ ਗਈ , ਰਾਮ ਲਾਲ ਨੇ ਉਘਲਾਂਦਿਆਂ ਹੋਇਆਂ ਹੱਟੀ ਵਧਾਈ। ਉਹ ਘਰ ਆਇਆ । ਉਸ ਦੀ ਭੈਣ ਬੈਠੀ ਉਡੀਕ ਰਹੀ ਸੀ । ਉਹ ਪਿਆਰ ਰਲਵੇਂ ਗੁੱਸੇ ਨਾਲ ਸੋਮਾ ਵਲ ਤੱਕ ਕੇ ਬੋਲਿਆ, 'ਸੋਮਾ ! ਅਜੇ ਤੂੰ ਸੁੱਤੀ ਨਹੀਂ ? ਅੱਧੀ ਰਾਤ ਹੋਣ ਲੱਗੀ ਏ ਉਤੋਂ ।"
ਉਹ ਲਾਡ ਨਾਲ ਬੋਲੀ, "ਭਾ ! ਤੇ ਜੇ ਬਾਰਾਂ ਵਜੇ ਦਾ ਗਿਆ ਹੁਣ ਪਿਆ ਔਨਾ ਏਂ, ਤੈਨੂੰ ਚੇਤਾ ਭੁਲ ਗਿਆ ਸੀ ਜੋ ਮੈਂ ਤੈਨੂੰ ਸੁਚੇ ਮੂੰਹ ਰੱਖੜੀ ਬੰਨ੍ਹਣੀ ਸੀ ? ਤੇ ਨਾਲੇ ਰੋਟੀ ਖਾਣ ਵੀ ਨਹੀਂ ਸੀ ਆਉਣਾ ?''
''ਤੇ ਤੂੰ ਵੀ ਹੁਣ ਤੱਕ ਰੋਟੀ ਨਹੀਂ ਖਾਧੀ ?
ਤੇ ਤੂੰ ਕਦੋਂ ਖਾਧੀ ਹੋਣੀ ਏ, ਭਾ!''
ਇਸ ਤੋਂ ਬਾਦ ਝਟ ਪਟ ਸੋਮਾ ਨੇ ਕੰਨੀਓਂ ਗੁੜ ਖੋਲ੍ਹ ਕੇ ਤੇ ਉਸ ਵਿਚੋਂ ਜ਼ਰਾ ਕੁ ਲੈ ਕੇ ਭਰਾ ਦੇ ਮੂੰਹ ਵਿਚ ਪਾਇਆ ਤੇ ਰੱਖੜੀ ਉਸ ਨੂੰ ਬੰਨ੍ਹ ਦਿੱਤੀ ।
ਜਿਸ ਵੇਲੇ ਉਹ ਪਿਆਰ ਉਮਲਦੇ ਦਿਲ ਨਾਲ ਚਾਈਂ ਚਾਈਂ ਰੱਖੜੀ ਦੀ ਖੁਟੀ ਵਿਚੋਂ ਦੂਸਰਾ ਸਿਰਾ, ਲੰਘਾ ਕੇ ਗੰਢ ਦੇ ਰਹੀ ਸੀ, ਉਸ ਵੇਲੇ ਰਾਮ ਲਾਲ ਦੇ ਦਿਲ ਵਿਚ ਅਰਮਾਨਾਂ ਦੇ ਤੁਫਾਨ ਉੱਠ ਰਹੇ ਸਨ। ਉਸ ਨੂੰ ਰਹਿ ਰਹਿ ਕੇ ਇਹ ਖ਼ਿਆਲ ਸਤਾ ਰਿਹਾ ਸੀ ਕਿ ਇਸ ਰਖੜੀ ਦੇ ਬਦਲੇ ਮੈਂ ਆਪਣੀ ਸੁਖਾਂ-ਲਧੀ ਭੈਣ ਦੀ ਤਲੀ ਤੇ ਇਕ ਪੈਸਾ ਵੀ ਨਹੀਂ ਰੱਖ ਸਕਦਾ; ਮੇਰੇ ਜੀਉਣੇ ਨੂੰ ਲਾਨ੍ਹਤ ਹੈ ।
ਭੈਣ ਦੇ ਖੁਸ਼ੀ ਨਾਲ ਉੱਛਲ ਰਹੇ ਦਿਲ ਪੁਰ, ਇਕ ਹੋਰ ਸੱਟ ਨਾ ਵਜੇ, ਇਹ ਸੋਚ ਕੇ ਉਸ ਨੇ ਮੱਥੇ ਦਾ ਮੁੜ੍ਹਕਾ ਪੂੰਝਣ ਦੇ ਬਹਾਨੇ ਅੱਖਾਂ ਪੂੰਝ ਲਈਆਂ ।
ਸੋਮਾ ਰੱਖੜੀ ਬੰਨ ਚੁਕੀ ਸੀ । ਉਸ ਦੇ ਚਿਹਰੇ ਤੇ ਕੋਈ ਅਨੋਖੀ ਖੁਸ਼ੀ ਝਲਕ ਰਹੀ ਸੀ । ਰਾਮ ਲਾਲ ਨੇ ਉਸ ਨੂੰ ਕੁਝ ਕਹਿਣ ਲਈ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ, ਪਰ ਉਸ ਦੀ ਜ਼ਬਾਨ ਨਾ ਖੁਲ੍ਹੀ । ਅੰਤ ਬੜੀ ਔਖਿਆਈ ਨਾਲ ਜੇ ਉਸ ਦੀ ਜ਼ਬਾਨ ਖੁਲ੍ਹੀ ਹੀ ਤਾਂ ਗਲਾ ਬੰਦ ਹੋ ਗਿਆ । ਉਹ ਬੜੀ ਮੁਸ਼ਕਲ ਨਾਲ ਆਪਣੇ ਚੇਹਰੇ ਤੇ ਹਾਸਾ ਲਿਆ ਕੇ ਇਤਨਾ ਹੀ ਕਹਿ ਸਕਿਆ :
''ਸੋਮਾ ! ਮੈਂ ਤੈਨੂੰ ਕੀ ਦਿਆਂ, ਮੇਰੇ ਕੋਲ ਤੇ ਕੁਝ ਵੀ...'' ਉਸ ਨੇ ਆਪਣੀ ਚੀਚੀ ਉਂਗਲ ਵਿਚੋਂ ਲੋਹੇ ਦੀ ਮੁੰਦਰੀ ਲਾਹ ਕੇ ਉਸ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ,
''ਲੈ ਇਹ ਆਪਣੇ ਕੋਲ ਗਹਿਣੇ ਰੱਖ ਲੈ ।''
ਇਹਦੇ ਨਾਲ ਹੀ ਅੰਦਰਲੇ ਉਬਾਲ ਨੂੰ ਰੋਕ ਰੱਖਣ ਵਾਲੀ ਉਸ ਦੀ ਸ਼ਕਤੀ ਬੇਕਾਰ ਹੋ ਗਈ । ਉਹ ਫੁਟ ਫੁਟ ਕੇ ਰੋਣ ਲਗ ਪਿਆ ।
ਨਿਰਬਲ ਤੋਂ ਨਿਰਬਲ ਆਦਮੀ ਵੀ ਦੂਸਰੇ ਨੂੰ ਦਿਲ ਛਡਦਿਆਂ ਵੇਖ ਹੌਂਸਲੇ ਵਿਚ ਆ ਜਾਂਦਾ ਹੈ । ਸੋਮਾ ਦੀ ਮਾਨੋ ਕਾਇਆਂ ਹੀ ਪਲਟ ਗਈ । ਉਹ ਰਾਮ ਲਾਲ ਦੇ ਅਥਰੂਆਂ ਨੂੰ ਆਪਣੇ ਪੱਲੇ ਨਾਲ ਪੰਝਦੀ ਹੋਈ ਬੋਲੀ ''ਭਾ ! ਤੂੰ ਕਿਉਂ ਰੋਵੇਂ ਸੁਖੀ ਸਾਂਦੀਂ ? ਤੇਰੇ ਹੁੰਦਿਆਂ ਮੈਨੂੰ ਕਿਹੜੀ ਚੀਜ਼ ਦੀ ਥੁੜ੍ਹ ਏ ? ਨ ਰੋ, ਮੇਰਾ ਵੀਰ, ਮੈਂ ਸਦਕੇ ਕੀਤੀ । ਇਥੇ ਤਕ ਪਹੁੰਚ ਕੇ ਸੋਮਾ ਦੀ ਅਵਾਜ਼ ਰੁਕ ਗਈ, ਪਰ ਫਿਰ ਵੀ ਉਸ ਨੇ ਆਪਣਾ ਅੱਥਰੂ ਨਾ ਡਿਗਣ ਦਿੱਤਾ। ਉਹ ਜਾਣਦੀ ਸੀ ਕਿ ਭਰਾ ਨੂੰ ਇਸ ਨਾਲ ਹੋਰ ਦੁਖ ਹੋਵੇਗਾ ।
ਰਾਮ ਲਾਲ ਰੱਖੜੀ ਨੂੰ ਧਿਆਨ ਨਾਲ ਵੇਖ ਕੇ ਫਿਰ ਬੋਲਿਆ:
''ਸੋਮਾ ! ਰਖੜੀ ਤੂੰ ਆਪੇ ਬਣਾਈ ਸੀ, ਤੈਨੂੰ ਵੀ ਪੈਸਾ ਨਹੀਂ ਸੀ ਲੱਭਾ ?''
ਹੁਣ ਸੋਮਾ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ । ਉਸ ਨੇ ਕਲ੍ਹ ਵਾਲੀ ਸਾਰੀ ਗੱਲ ਉਸ ਨੂੰ ਸੁਣਾ ਦਿੱਤੀ। ਪਰ ਨਿਕਰਮਣ ਨੂੰ ਪਤਾ ਨਹੀਂ ਸੀ ਕਿ ਚਾਚੀ ਵਿਆਹ ਵਾਲੇ ਘਰੋਂ ਆ ਕੇ ਪੌੜੀਆਂ ਵਿਚ ਖੜ੍ਹੀ ਸਾਰੀਆਂ ਗੱਲਾਂ ਸੁਣ ਰਹੀ ਹੈ।
ਆਪਣੀਆਂ ਗੱਲਾਂ ਹੁੰਦੀਆਂ ਵੇਖ ਕੇ ਉਹ ਹੋਰ ਨਾ ਜਰ ਸਕੀ, ਤੇ ਸਾਹਮਣੇ ਆ ਕੇ ਬੋਲੀ, "ਕਿਉਂ ਨੀ ਕਲਹਿਣੀਏ ਨੀ! ਕਿਹੜੇ ਮੈਂ ਤੇਰੇ ਪਿਉ ਦੀ ਖੱਟੀ ਦੇ ਨੜੇ ਲਏ ਸਨ ਨੀ ? (ਰਾਮ ਲਾਲ ਨੂੰ) ਤੇ ਤੂੰ ਏਂ, ਨਾ ਜਿਹੜਾ ਸਾਹਨ. ਤੇ ਇਕ ਅੱਗ ਦਾ ਪਲੀਤਾ ਵਖ । ਮਰ ਜਾਓ ਤੁਸੀਂ ਰੱਬ ਕਰ ਕੇ, ਤੁਹਾਥੋਂ ਮੈਨੂੰ ਇਹੋ ਹੀ ਨਫਾ ਮਿਲਣਾ ਸੀ ? ਗੋਲੀ ਜੋਗਿਉ ! ਤੁਹਾਨੂੰ ਇਸ ਲਈ ਇਡੇ ਕੀਤਾ ਏ ? ਮੂੰਹ ਵਿਚ ਦੰਦ ਨਹੀਂ ਸੀ ਨੇ ਜਦੋਂ ਔਤਰੇ ਨਖੱਤਰੇ ਜੰਮ ਕੇ ਸਟ ਗਏ ਸਾ ਜੇ । ਅੱਜ ਤੁਹਾਨੂੰ ਟਕੇ ਟਕੇ ਦੀਆਂ ਗੱਲਾਂ ਆ ਗਈਆਂ ਨੇ ? ਜੰਮਦੀਆਂ ਸੂਲਾਂ ਦੇ.......
ਵਿਚੋਂ ਹੀ ਕੰਬਦਾ ਕੰਬਦਾ ਰਾਮ ਲਾਲ ਬੋਲਿਆ 'ਪਰ ਚਾਚੀ ਜੀ ! ਅਸੀਂ ਤੁਹਾਨੂੰ ਤੇ ਕੁਝ ਨਹੀਂ ਆਖਿਆ, ਤੁਸੀਂ ਤੇ ਐਵੇਂ ਈ, ਖਪਦੇ ਰਹਿੰਦੇ ਓ । ਮੈਂ ਤੇ ਉਂਜ ਕਿਹਾ ਸੀ ਪਈ ਮੇਰੇ ਕੋਲ ਸੋਮਾਂ ਤੈਨੂੰ ਦੇਣ ਜੋਗਾ ਕੁਝ ਨਹੀਂ ਤੇ ਉਸ ਅਗੋਂ । ਕਹਿ ਦਿੱਤਾ......।''
ਬਿੰਦਰੋ ਗੁੱਸੇ ਨਾਲ ਉਸ ਦੀ ਗੱਲ ਟੁਕ ਕੇ ਬੋਲੀ, 'ਤੇਰੇ ਕੋਲ ਕੁਝ ਨਹੀਂ ਤੇ ਐਵੇਂ ਆਕੜਿਆ ਫਿਰਨਾ ਏਂ ? ਇਡਾ ਹੇਜ ਔਂਦਾ ਈ ਤੇ ਜਾ ਕੇ ਹੱਸ ਘੜਾ ਦੇ ਸੂ ਨੇ ਵਡੀ ਡਿੱਕੋ ਨੂੰ । ਬਿਗਾਨਾ ਖਾ ਕੋਈ ਡਕਾਰ ਮਾਰਨੇ ਸੁਖਾਲੇ ਹੁੰਦੇ ਨੇ ਪਤਾ ਉਹਨੂੰ ਲੱਗਦਾ ਏ ਜਿੰਨੂੰ ਹੱਡ ਭੰਨ ਕੇ ਕਮਾਣਾ ਪੈਂਦਾ ਏ ।
ਸੋਮਾ ਇਸ ਵਲੇ ਬਾਂਦਰੀ ਦੇ ਬੱਚੇ ਵਾਂਗ ਭਰਾ ਨਾਲ ਚੰਬੜੀ ਹੋਈ ਸੀ ਤੇ ਰਾਮ ਲਾਲ ਉਸ ਦੇ ਸਿਰ ਨੂੰ ਬਾਂਹ ਵਿਚ ਲੈ ਕੇ ਖੜਾ ਕੰਬ ਰਿਹਾ ਸੀ । ਉਹ ਬੋਲਿਆ, ''ਚਾਚੀ ਜੀ, ਮੈਂ ਤਾਂ ਜਦੋਂ ਦੀ ਹੋਸ਼ ਸਮਾਲੀ ਏ ਇਕ ਦਿਨ ਵੀ ਵਿਹਲੀਆਂ ਨਹੀਂ ਖਾਧੀਆਂ। ਸਾਰੀ ਦਿਹਾੜੀ ਹਲਵਾਈ ਦੀ ਭੱਠੀ ਅੱਗੇ ਝੁਕਿਆ ਰਹਿਨਾ ਵਾਂ।''
''ਝੁਕਿਆ ਰਹਿਨਾ ਏਂ ਤੇ ਮੇਰੇ ਤੇ ਅਹਿਸਾਨ , ਕਰਨਾ ਏਂ ? ਤੇਰਿਆਂ ਤਿੰਨਾਂ ਰੁਪਈਆਂ ਨਾਲ ਈ ਸਾਰੀਆਂ ਗੱਡਾਂ ਲੱਦੀ ਦੀਆਂ ਨੇ ਕਿ ਤੇ ਨਾਲੇ ਥੋਡੇ ਦੋਹਾਂ ਦੇ ਤੰਦੂਰ ਭਰਦੇ ਹੋਣੇ ਨੇ ।''
ਰਾਮ ਲਾਲ ਨੇ ਝਿਜਕਦਿਆਂ ਝਿਜਕਦਿਆਂ ਆਖ ਹੀ ਦਿਤਾ- ''ਤੇ ਉਹ ਜਿਹੜੇ ਭਾਈਆ ਦੋ ਹਜ਼ਾਰ ਛੱਡ ਗਿਆ ਸੀ ਉਹ ਕਿੱਥੇ ਗਏ ?''
''ਸੁਆਹ ਤੇ ਮਿੱਟੀ ਦੇ ਬੁਕੇ ਛੱਡ ਗਿਆ ਸੀ ਜਿਹੜੀ ਤੁਹਾਡੇ ਸਿਰ ਵਿਚ ਪਵੇ। ਮਰ ਜਾਣਿਆ, ਜ਼ਬਾਨ ਖਿਚ ਲਊਂਗੀ ਜੇ ਬਹੁਤਾ ਲੁਤਰੋ ਲੁਤਰ ਕਰੇਂਗਾ ਤੇ ਰੱਖੀਂ ਯਾਦ....... ਕਿਹੜੇ ਮੈਨੂੰ ਦੋ ਹਜ਼ਾਰ ਬਨ੍ਹਾਂ ਗਿਆਂ ਸਾਈ ਵੇ ਟੁਟ ਪੈਣਿਆ, ਦਸ ਤੇ ਸਹੀ ਜ਼ਰਾ ।
ਰਾਮ ਲਾਲ ਹੋਰ ਕੁਝ ਕਹਿਣ ਹੀ ਲੱਗਾ ਸੀ ਜੋ ਰੋਂਦੀ ਰੋਂਦੀ ਸੋਮਾਂ ਨੇ ਉਸ ਦਾ ਹੱਥ ਘੁੱਟ ਕੇ ਇਸ਼ਾਰੇ ਨਾਲ ਉਸ ਨੂੰ ਬੋਲਣ ਤੋਂ ਰੋਕ ਦਿਤਾ।
ਬਿੰਦਰੋ ਖਪਦੀ ਖਿਝਦੀ ਚਲੀ ਗਈ ਤੇ ਇਹ ਦੋਵੇਂ ਭੈਣ ਭਰਾ ਬਿਨਾ ਕੁਝ ਖਾਧਿਆਂ ਪੀਤਿਆਂ ਹੀ ਸੌਂ ਗਏ ।
ਅੱਜ ਦੀ ਰਾਤ ਸੋਮਾ ਲਈ ਵਰ੍ਹੇ ਦੀ ਹੋ ਗਈ । ਪਲ ਪਲ ਪਿਛੋਂ ਉਸ ਨੂੰ ਇਹ ਖ਼ਿਆਲ ਸਤਾਂਦਾ ਸੀ ਕਿ ਵੀਰ ਅੱਠਾਂ ਪਹਿਰਾਂ ਤੋਂ ਭੁਖਾ ਹੈ । ਉਹ ਘੜੀ ਮੁੜੀ ਉਠ ਕੇ ਬੈਠ ਜਾਂਦੀ, ਪਰ ਫਿਰ ਇਹ ਸੋਚਕੇ ਕਿ ਚਾਚੀ ਤਾਂ ਰਸੋਈ ਨੂੰ ਜੰਦਰਾ ਮਾਰ ਗਈ ਹੈ, ਲਹੂ ਦਾ ਘੁੱਟ ਭਰ ਕੇ ਲੰਮੀ ਪੈ ਜਾਂਦੀ ਸੀ।
ਉਧਰ ਰਾਮ ਲਾਲ ਦਾ ਵੀ ਇਹੋ ਹਾਲ ਸੀ। ਉਹ ਕਿਸੇ ਹੋਰ ਹੀ ਵਹਿਣ ਵਿਚ ਰੁੜ੍ਹਿਆ ਜਾ ਰਿਹਾ ਸੀ ।
ਪਰਭਾਤ ਵੇਲੇ ਰਾਜ ਲਾਲ ਉਠਿਆ ਚੰਨ ਦੀ ਚਾਨਣੀ ਵਿਚ ਭੈਣ ਦੇ ਚਮਕ ਰਹੇ ਭੋਲੇ ਚਿਹਰੇ ਨੂੰ ਉਹ ਕਿੰਨਾ ਹੀ ਚਿਰ ਉਸ ਦੇ ਸਰਾਣੇ ਖੜੋਤਾ ਵੇਖਦਾ ਰਿਹਾ ।
ਉਸ ਨੇ ਇਕ ਵਾਰੀ ਹੱਥ ਵਾਲੀ ਰੱਖੜੀ ਵਲ ਡਿੱਠਾ, ਫਿਰ ਸੋਮਾ ਦੀ ਉਂਗਲੀ ਵਿਚ ਪਈ ਹੋਈ ਲੋਹੇ ਦੀ ਮੁੰਦਰੀ ਵਲ । ਉਸਨੇ ਇਕ ਠੰਡਾ ਸਾਹ ਭਰਿਆ ਤੇ ਪੌੜੀਆਂ ਦੇ ਮੋੜ ਉਤੇ ਜਾ ਕੇ ਇਕ ਵਾਰੀ ਫਿਰ ਭੈਣ ਵਲ ਤਕਿਆ । ਫਿਰ ਹੇਠਾਂ ਉਤਰ ਗਿਆ ।

(੪)
ਦਿਨਾਂ ਤੋਂ ਬਾਦ ਮਹੀਨੇ ਤੇ ਮਹੀਨਿਆਂ ਤੋਂ ਬਾਦ ਵਰ੍ਹੇ ਬੀਤਣ ਲਗੇ । ਸੋਮਾ ਬਥੇਰੇ ਦਿਨ ਰੋਈ ਕੁਰਲਾਈ, ਪਰ ਉਸ ਦਾ ਵੀਰ ਨਾ ਮੁੜਿਆ ।
ਇਨ੍ਹਾਂ ਤਿੰਨਾਂ ਵਰਿਆਂ ਵਿਚ ਸਮੇਂ ਨੇ ਕਈ ਰੰਗ ਪਲਟੇ । ਸਹੁਰੇ ਵਿਆਹੀ ਜਾ ਚੁਕੀ ਸੀ । ਸਹੁਰੇ ਘਰ ਜਾ ਕੇ ਉਸ ਦੇ ਭਾਗ ਦਾ ਸਤਾਰਾ ਖੂਬ ਚਮਕਿਆ, ਉਸ ਨੂੰ ਜੇ ਕੋਈ ਥੁੜ੍ਹ ਸੀ ਤਾਂ ਵਿਛੜੇ ਹੋਏ ਵੀਰ ਦੀ ।
ਇਧਰ ਉਸ ਦਾ ਚਾਚਾ ਨਿਤ ਦੇ ਪੈ ਰਹੇ ਘਾਟਿਆਂ ਨੂੰ ਸਹਾਰ ਸਹਾਰ ਕੇ ਅੰਤ ਧੂੰਏਂ ਦਾ ਮਲੰਗ ਹੋ ਬੈਠਾ । ਇਥੋਂ ਤਕ ਕਿ ਰੋਟੀਓਂ ਵੀ ਆਤਰ ਹੋ ਗਿਆ। ਬਿੰਦਰੋ ਵਿਚ ਹੁਣ ਪਹਿਲੀ ਐਂਠ ਪੈਂਠ ਨਹੀਂ ਸੀ । ਹੁਣ ਉਹ ਬੜੀ ਵਿਚਾਰੀ ਜਿਹੀ ਜਾਪਦੀ ਸੀ।
ਐਤਕੀ ਪੇਕੇ ਆਉਣ ਪਰ ਸੋਮਾ ਨੇ ਡਿੱਠਾ ਕਿ ਉਸ ਦੀ ਚਾਚੀ ਉਸ ਨਾਲ ਹੱਦੋਂ ਵੱਧ ਪਿਆਰ ਕਰਦੀ ਹੈ । ਵਿਆਹ ਤੋਂ ਪਹਿਲਾਂ ਜਦ ਉਹ ਭਰਾ ਨੂੰ ਯਾਦ ਕਰ ਕਰਕੇ ਰੋਂਦੀ ਹੁੰਦੀ ਸੀ, ਤਾਂ ਚਾਚੀ ਉਸ ਦੇ ਪੱਛਾਂ ਤੇ ਲੂਣ ਛਿੜਕਿਆ ਕਰਦੀ ਸੀ । ਪਰ ਹੁਣ ਉਹ ਸੋਮਾ ਦੀਆਂ ਅੱਖਾਂ ਆਪਣੇ ਭੋਛਣ ਦੀ ਕੰਨੀ ਨਾਲ ਪੂੰਝਦੀ ਸੀ ।
ਅੱਜ ਫੇਰ ਰੱਖੜੀ ਦਾ ਦਿਹਾਰ ਸੀ। ਸੋਮਾ ਹਰ ਸਾਲ ਇਸ ਦਿਨ ਵੀਰ ਲਈ ਰੱਖੜੀ ਬਣਾਉਂਦੀ ਤੇ ਬਣਾਕੇ ਟਰੰਕ ਵਿਚ ਸਾਂਭ ਛਡਦੀ ਸੀ। ਪਹਿਲੇ ਸਾਲ ਉਸ ਨੇ ਪੱਸ਼ਮ ਦੀ ਰੱਖੜੀ ਬਣਾਈ ਸੀ, ਦੂਜੇ ਸਾਲ ਪੱਟ ਦੀ, ਪਰ ਐਤਕੀ ਤਾਂ ਉਸ ਨੇ ਨਿਰੋਲ ਸੁੱਚੇ ਤਿੱਲੇ ਦੀ ਤਿਆਰੀ ਕੀਤੀ । ਅੱਜ ਸਾਰਾ ਦਿਨ ਉਹ ਰੱਖੜੀ ਨੂੰ ਝੋਲੀ ਵਿਚ ਪਾ ਕੇ ਵੇਖਦੀ ਰਹੀ । ਚਾਚੀ ਦੇ ਸੌ ਜਤਨ ਕਰਨ ਤੇ ਵੀ ਉਸ ਨੇ ਅੰਨ ਪਾਣੀ ਮੂੰਹ ਨਾ ਲਾਇਆ ।
ਸੰਧਿਆ ਵੇਲਾ ਹੋ ਗਿਆ ਲੰਪ ਜਗਾ ਕੇ ਉਸ ਨੇ ਬੂਹੇ ਦੇ ਨਾਲ ਵਾਲੀ ਕਿੱਲੀ ਤੇ ਟੰਗਿਆ । ਆਪ ਅੰਦਰ ਜਾ ਕੇ ਬੂਹੇ ਵਲ ਪਿੱਠ ਕਰ ਕੇ ਬੈਠ ਗਈ । ਫਿਰ ਉਸ ਨੇ ਮਠਿਆਈ ਵਾਲਾ ਥਾਲ ਸਰਕਾ ਕੇ ਮੰਜੇ ਦੇ ਹੇਠਾਂ ਰੱਖ ਦਿਤਾ ਤੇ ਅਥਰੂਆਂ ਨਾਲ ਮੂੰਹ ਭਿਉਂਦੀ, ਹੋਈ ਨੇ ਟਰੰਕ ਦਾ ਢੱਕਣ ਖੋਲਿਆ, ਉਸ ਵਿਚੋਂ ਚਾਂਦੀ ਦੀ ਡੱਬੀ ਕੱਢੀ ਤੇ ਉਸ ਵਿਚ ਦੁਹਾਂ ਦੇ ਉਤੇ ਇਹ ਤੀਜੀ ਰੱਖੜੀ ਟਿਕਾ ਦਿੱਤੀ ।
ਪਰ ਛੇਤੀ ਹੀ ਉਸ ਨੇ ਫਿਰ ਟਰੰਕ, ਦਾ ਢੱਕਣ ਚੁਕਿਆ, ਤਿੰਨੇ ਰੱਖੜੀਆਂ ਕੱਢ ਲਈਆਂ ਤੇ ਮਠਿਆਈ ਵਾਲਾ ਥਾਲ ਵੀ ਖਿਚ ਲਿਆ।
ਉਹ ਡੂੰਘੀਆਂ ਸੋਚਾਂ ਵਿਚ ਡੁੱਬੀ ਹੋਈ ਰੱਖੜੀਆਂ ਨੂੰ ਉਂਗਲ ਤੇ ਚਾੜ੍ਹ ਕੇ ਹੌਲੀ ਹੌਲੀ ਘੁਮਾ ਰਹੀ ਹੈ । ਜਿਵੇਂ ਵੀਰ ਦੇ ਨਾਂ ਦੀ ਮਾਲਾ ਫੇਰ ਰਹੀ ਹੈ । ਉਸ ਦੇ ਅੱਥਰੂ ਡਿੱਗ ਕੇ ਮਠਿਆਈ ਉਤੇ ਲਗੇ ਹੋਏ ਵਰਕਾਂ ਤੇ ਪੈ ਰਹੇ ਸਨ।
ਉਸ ਨੂੰ ਇਸ ਤਰ੍ਹਾਂ ਭੁਖੀ ਭਾਣੀ ਬੈਠਿਆਂ ਚੋਖੀ ਰਾਤ ਬੀਤ ਗਈ ।

ਇਸ ਵੇਲੇ ਇਕ ਪੁਰਾਣੀ ਘਟਨਾ ਉਸ ਨੂੰ ਯਾਦ ਆਈ । ਅੱਜ ਤੋਂ ਤਿੰਨ ਸਾਲ ਪਹਿਲਾਂ ਠੀਕ ਇਹੋ ਵੇਲਾ ਸੀ ਜਦ ਉਸ ਨੇ ਵੀਰ ਨੂੰ ਰੱਖੜੀ ਬੱਧੀ ਸੀ । ਫਿਰ ਉਸ ਨੇ ਚੀਚੀ ਵਿਚ ਪਾਈ ਹੋਈ, ਓਹ ਮੁੰਦਰੀ ਵੇਖੀ । ਉਸ ਦੇ ਧੀਰਜ ਦੇ ਦਰਿਆ ਦਾ ਬੰਨ੍ਹ ਟੁੱਟ ਚੁਕਾ ਸੀ । ਉਸਦੇ ਰੋਣ ਵਿਚ ਘਰ ਦੀਆਂ ਕੰਧਾਂ ਵੀ ਸਾਥ ਦੇ ਰਹੀਆਂ ਸਨ। ਅੱਖਾਂ ਮੀਟ ਕੇ ਉਹ ਵੀਰ ਦੇ ਧਿਆਨ ਵਿਚ ਏਨੀ ਗੁੰਮ ਹੋ ਗਈ ਕਿ ਉਸ ਨੂੰ ਆਪੇ ਦੀ ਹੋਸ਼ ਨਾ ਰਹੀ ।
ਇਸੇ ਵੇਲੇ ਉਸ ਨੂੰ ਬੂਟਾਂ ਦੀ ਅਵਾਜ਼ ਆਈ ਤੇ ਦੂਜੇ ਪਲ ਹੀ ਆਪਣੇ ਪਿਛਲੇ ਪਾਸਿਓਂ ਉਨ੍ਹਾਂ ਵੱਲ ਨੂੰ ਆਉਂਦਾ ਉਸ ਨੂੰ ਕੋਈ ਪਰਛਾਵਾਂ ਦਿਸਿਆ । ਉਸ ਨੇ ਸਿਰ ਚੁਕਿਆ । ਉਸ ਦੇ ਪਿਛੇ ਰਾਮ ਲਾਲ ਖੜਾ ਮੁਸਕਰਾ ਰਿਹਾ ਸੀ । ਭਰਾ ਨੂੰ ਵੇਖਦਿਆਂ ਹੀ ਸੋਮਾਂ ਦੀ ਰਗ ਰਗ ਵਿਚ ਖੁਸ਼ੀ ਦੀ ਬਿਜਲੀ ਦੌੜ ਗਈ ।
ਉਹ ਅਭੜਵਾਈ ਉਠ ਕੇ ਵੀਰ ਦੇ ਗਲ ਨਾਲ ਲਗ ਗਈ। ਰਾਮ ਲਾਲ ਨੇ ਪਿਆਰ ਨਾਲ ਉਸ ਦਾ ਸਿਰ ਚੁੰਮਿਆ । ਸੋਮਾ ਨੇ ਪਿਆਰ ਨਾਲ ਵੀਰ ਦਾ ਹੱਥ ਫੜ ਕੇ ਦੋਹਾਂ ਹੱਥਾਂ ਵਿਚ ਘੁੱਟਿਆ ।
ਸੋਮਾ ਕਿੰਨਾ ਹੀ ਚਿਰ ਉਸ ਵਲ ਇਸ ਤਰਾਂ ਬਿਟਰ ਬਿਟਰ ਤਕਦੀ ਰਹੀ ਜਿਵੇਂ ਉਸ ਨੂੰ ਇਸ ਮੇਲ ਦੇ ਸੱਚਾ ਹੋਣ ਵਿਚ ਸ਼ੱਕ ਸੀ ।
ਇਸ ਤੋਂ ਕੁਝ ਚਿਰ ਬਾਦ ਉਸ ਨੇ ਵਾਰੋ ਵਾਰੀ ਤਿੰਨੇ ਰੱਖੜੀਆਂ ਰਾਮ ਲਾਲ ਨੂੰ ਬੰਨ੍ਹ ਦਿਤੀਆਂ । ਇਸ ਵੇਲੇ ਦੀ ਉਸ ਦੀ ਖੁਸ਼ੀ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ? ਕੋਈ ਉਸ ਵਰਗੀ ਭੈਣ ਹੀ ।
ਮਠਿਆਈ ਦਾ ਇਕ ਦਾਣਾ ਮੂੰਹ ਵਿਚ ਪਾ ਕੇ ਰਾਮ ਲਾਲ ਨੇ ਸੂਟਕੇਸ ਦਾ ਢੱਕਣ ਖੋਲਿਆ । ਡੱਬੀ ਵਿਚੋਂ ਇਕ ਕਾਂਟਿਆਂ ਦੀ ਜੋੜੀ ਕੱਢ ਕੇ ਉਸ ਦੇ ਕੰਨੀਂ ਪਾਂਦਾ ਹੋਇਆ ਬੋਲਿਆ:
''ਪਹਿਲੀ ਰੱਖੜੀ ਦਾ ਮੁੱਲ ।''
ਫਿਰ ਚੂੜੀਆਂ ਦੀ ਜੋੜੀ ਕੱਢ ਕੇ ਉਸ ਦੇ ਹੱਥੀ ਪੁਆਂਦਾ ਹੋਇਆ ਬੋਲਿਆ:
''ਦੂਜੀ ਰੱਖੜੀ ਦਾ ਮੁਲ ।''
ਇਸ ਤੋਂ ਬਾਦ ਇਕ ਹਾਰ ਕੱਢ ਕੇ ਉਸ ਨੇ ਭੈਣ ਦੇ ਗਲ ਪਾਇਆ ਤੇ ਉਸ ਦੀ ਹੁਕ ਮੇਲਦਾ ਹੋਇਆ ਬੋਲਿਆ:-
''ਤੀਜੀ ਰੱਖੜੀ ਦਾ ਮੁਲ ।''
ਫੇਰ ਜੇਬ ਵਿਚੋਂ ਚਿੱਟੇ ਥੇਵੇ ਵਾਲੀ ਮੁੰਦਰੀ ਕੱਢ ਕੇ ਤੇ ਸੋਮਾ ਨੂੰ ਦੇ ਕੇ ਉਸ ਨੇ ਕਿਹਾ, ''ਲਿਆ ਸੋਮਾਂ, ਮੇਰੀ ਗਹਿਣੇ ਰੱਖੀ ਹੋਈ ਚੀਜ਼ ।"
ਉਸ ਨੇ ਸੋਮਾ ਦੀ ਉਂਗਲ 'ਚੋਂ ਉਹ ਲੋਹੇ ਦੀ ਮੁੰਦਰੀ ਕੱਢ ਕੇ ਤੇ ਇਹ ਸੋਨੇ ਦੀ ਪਾਈ । ਨਾਲ ਹੀ ਇਕ ਬਨਾਰਸੀ ਸਾੜੀ ਕਢ ਕੇ ਉਸ ਨੂੰ ਦੇਂਦਾ ਹੋਇਆ ਬੋਲਿਆ, ''ਤੇ ਇਹ ਉਸ ਦਾ ਬਿਆਜ ।''
ਸੋਮਾ ਨੇ ਬੜੀ ਹੈਰਾਨੀ ਭਰੀ ਖੁਸ਼ੀ ਨਾਲ ਇਹ ਸਭ ਕੁਝ ਵੇਖਿਆ । ਲਾਡ ਭਰੀ ਨਜ਼ਰ ਨਾਲ ਉਸ ਵਲ ਤਕਦੀ ਹੋਈ ਬੋਲੀ, ਭਾ, ਐਨਾ ਕੁਝ ਇਕੋ ਵੇਰੀ ?''
ਰਾਮ ਲਾਲ ਨੇ ਉਸ ਦੇ ਕਾਂਟੇ ਦੀ ਕੁੰਡੀ ਵਿਚੋਂ ਵਲ ਕਢਦਿਆਂ ਹੋਇਆਂ ਕਿਹਾ, ''ਸੋਮਾ ! ਤਿੰਨਾਂ ਵਰ੍ਹਿਆਂ ਵਿਚ ਮੈਂ ਇਸ ਤੋਂ ਵਧੀਕ ਨਹੀਂ ਬਣਾ ਸਕਿਆ ! ਮੇਰਾ ਖਿਆਲ ਏ ਤੂੰ ਭਰਾ ਦੀ ਇਹ ਤੁਛ ਭੇਟਾ ਹੀ ਕਬੂਲ ਕਰ ਲਵੇਂਗੀ ।''
ਸੋਮਾ ਖੁਸ਼ੀ ਨਾਲ ਕੱਪੜਿਆਂ ਤੋਂ ਬਾਹਰ ਹੋ ਰਹੀ ਸੀ । ਭਰਾ ਦੇ ਕਾਲਰ ਤੋਂ ਪੱਲੇ ਨਾਲ ਘੱਟਾ ਝਾੜਦੀ ਹੋਈ ਬੋਲੀ, ''ਤੇ ਚਾਚੀ ਲਈ ?''
''ਚਾਚੀ ਅਗਲਾ ਖਾਧਾ ਹੀ ਪਚਾਵੇ ।''
ਸੋਮਾ ਦਾ ਦਿਲ ਉਦਾਸ ਹੋ ਗਿਆ। ਉਹ ਬੋਲੀ, "ਨਾ ਵੀਰ ਵੇ ! ਸਾਨੂੰ ਉਸ ਨੇ , ਮਾਵਾਂ ਵਾਂਗ ਪਾਲਿਆ ਏ, ਇੰਜ ਨਾ ਆਖ ! ਅਸੀਂ ਉਸ ਦੀਆਂ ਦੇਣੀਆਂ ਸਾਰੀ ਉਮਰ ਨਹੀਂ ਦੇ ਸਕਦੇ ।''
ਇਤਨੀ ਨਿਰਮਾਣਤਾ ? ਇਤਨਾ ਤਿਆਗ ? ਇਹ ਵੇਖ ਕੇ ਰਾਮ ਲਾਲ ਦਾ ਦਿਲ ਪਿਆਰ ਵਿਚ ਘਿਰ ਕੇ ਪਾਣੀ ਵਰਗਾ ਹੋ ਗਿਆ । ਉਹ ਬੋਲਿਆ, ''ਸੋਮਾ, ਤੂੰ ਸਾਖਿਅਤ ਦੇਵੀ ਏਂ । ਪਰ ਇਹ ਸਭ ਕੁਝ ਮੈਂ ਤੇਰੇ ਲਈ ਹੀ ਬਣਾਇਆ ਏ । ਹਰ ਕੋਈ ਇਨ੍ਹਾਂ ਚੀਜ਼ਾਂ ਦਾ ਹਿੱਸੇਦਾਰ ਨਹੀਂ ਹੋ ਸਕਦਾ ।''
''ਤੇ ਭਾ ! ਇਨਾਂ ਚੀਜ਼ਾਂ ਦੀ ਮੈਂ ਮਾਲਕ ਹਾਂ ?''
''ਅਜੇ ਤੇ ਨਹੀਂ ਉਸੇ ਦਿਨ ਤੋਂ ਜਿਸ ਦਿਨ ਤੋਂ ਮੈਨੂੰ ਇਨ੍ਹਾਂ ਦੇ ਬਣਾਉਣ ਦਾ ਖਿਆਲ ਫੁਰਿਆ ਸੀ।''
ਇਸੇ ਵੇਲੇ ਚਾਚੀ ਵੀ ਅੰਦਰ ਆ ਗਈ, ਜੋ ਕਿਸੇ ਗੁਆਂਢਣ ਦੇ ਘਰ ਮਜੂਰੀ ਦੇ ਪੈਸੇ ਮੰਗਣ ਗਈ ਹੋਈ ਸੀ । ਰਾਮ ਲਾਲ ਦੇ ਦਿਲ ਵਿਚ ਅੱਜ ਵੀ ਗੁੱਸੇ ਦੀ ਅੱਗ ਬਲ ਰਹੀ ਸੀ, ਤੇ ਉਸ ਦਾ ਖਿਆਲ ਸੀ ਕਿ ਚਾਚੀ ਵਲ ਤੱਕਾਂਗਾ ਵੀ ਨਹੀਂ। ਪਰ ਸੋਮਾ ਦੇ ਚਹੁੰ ਸ਼ਬਦਾਂ ਨੇ ਤੇ ਰਹਿੰਦਾ ਚਾਚੀ ਦੇ ਤਰਸ ਯੋਗ ਹੁਲੀਏ ਨੇ ਉਸ ਦੇ ਖਿਆਲਾਂ ਨੂੰ ਇਕ-ਦਮ ਪਲਟਾ ਦਿੱਤਾ । ਉਹ ਚਾਚੀ ਦੇ ਪੈਰਾਂ ਤੇ ਡਿਗ ਪਿਆ । ਅੱਜ ਚਾਚੀ ਉਸ ਨੂੰ ਆਪਣੀ ਮਾਂ ਦੇ ਰੂਪ ਵਿਚ ਦਿਸ ਰਹੀ ਸੀ ।
ਬਿੰਦਰੋ ਨੇ ਉਸ ਨੂੰ ਛਾਤੀ ਨਾਲ ਲਾਇਆ। ਸੋਮਾ ਨੇ ਚੂੜੀਆਂ ਤੋਂ ਬਿਨਾਂ ਬਾਕੀ ਸਭ ਕੁਝ ਚਾਚੀ ਦੇ ਪੈਰਾਂ ਤੇ ਰੱਖ ਦਿੱਤਾ ।
ਰਾਮ ਲਾਲ ਨੇ ਇਕ ਵਾਰੀ ਅਸਚਰਜ ਭਰੀ ਨਜ਼ਰ ਨਾਲ ਭੈਣ ਵਲ ਤਕਿਆ, ਪਰ ਸੋਮਾ ਦੀਆਂ ਅੱਖਾਂ ਦੀ ਦਿਬ ਜੋਤ ਦੇ ਸਾਹਮਣੇ ਉਸ ਦਾ ਸਿਰ ਨਿਉਂ ਗਿਆ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ