Raste Di Talash : Rajasthani Lok Kahani
ਰਸਤੇ ਦੀ ਤਲਾਸ਼ : ਰਾਜਸਥਾਨੀ ਲੋਕ ਕਥਾ
ਧਰਤੀ ਦਾ ਜੋ ਰਿਸ਼ਤਾ ਹਰਿਆਲੀ ਨਾਲ, ਫੁੱਲ ਦਾ ਖ਼ੁਸ਼ਬੂ ਨਾਲ, ਰੁੱਖ ਦਾ ਫਲਾਂ ਨਾਲ, ਪਹਾੜ ਦਾ ਝਰਨੇ ਨਾਲ, ਚੰਦ ਦਾ ਚਾਨਣੀ ਨਾਲ, ਉਜੈਨ ਦਾ ਉਹੀ ਰਿਸ਼ਤਾ ਰਾਜਾ ਭੋਜ ਨਾਲ ਹੈ ਜਿਸ ਦੇ ਦਰਬਾਰ ਵਿੱਚ ਇੱਕ ਤੋਂ ਇੱਕ ਆਹਲਾ ਵਿਦਵਾਨਾਂ ਦਾ ਅਨੂਠਾ ਅਖਾੜਾ ਸੀ। ਸਰਘੀ ਵੇਲੇ ਦਰਬਾਰ ਸਜਦਾ, ਗਿਆਨ ਦੀ ਸੰਘਣੀ ਚਰਚਾ ਹੁੰਦੀ।
ਇੱਕ ਦਿਨ ਰਾਜਾ ਭੋਜ ਨੇ ਬਿਜਲੀ ਵਰਗਾ ਲਿਸ਼ਕਦਾ ਸਵਾਲ ਪੰਡਿਤਾਂ ਨੂੰ ਪੁੱਛ ਲਿਆ ਕਿ ਗਿਆਨ ਦਾ ਟਿਕਾਣਾ ਕਿੱਥ ੇ ਹੈ। ਸਵਾਲ ਛੋਟਾ ਜਿਹਾ ਪਰ ਰਾਜੇ ਦੇ ਮਨ ਵਿੱਚ ਕਈ ਦਿਨਾਂ ਤੋਂ ਬੱਦਲਾਂ ਵਾਂਗ ਗੱਜ ਰਿਹਾ ਸੀ।
ਦਰਬਾਰੀ ਪੰਡਿਤਾਂ ਦੇ ਦਿਮਾਗ ਵਿੱਚ ਪੁਸ਼ਤਾਂ ਤੋਂ ਘੜਿਆ ਘੜਾਇਆ ਜਵਾਬ ਤਿਆਰ ਸੀ, ਤੁਰੰਤ ਪੇਸ਼ ਕਰ ਦਿੱਤਾ ਕਿ ਰਾਜ-ਮਹਿਲ ਨੂੰ ਛੱਡ ਕੇ ਗਿਆਨ ਦਾ ਟਿਕਾਣਾ ਹੋਰ ਕਿੱਥੇ ਹੋ ਸਕਦਾ ਹੈ? ਗਿਆਨ ਦਾ ਸਭ ਤੋਂ ਵੱਡਾ ਤਖ਼ਤ ਰਾਜ-ਦਰਬਾਰ, ਫਿਰ ਕਿਲ੍ਹੇ, ਮਹਿਲ, ਅਟਾਰੀਆਂ, ਹਵੇਲੀਆਂ। ਜਿੱਥੇ ਸੱਤਾ ਅਤੇ ਧਨ ਉੱਥੇ ਗਿਆਨ ਅਤੇ ਕਲਾ। ਪਾਣੀ ਅਤੇ ਧੁੱਪ ਬਿਨ ਹਰਿਆਲੀ ਨਹੀਂ ਉਸੇ ਤਰ੍ਹਾਂ ਬੁੱਧੀ ਅਤੇ ਗਿਆਨ ਬਿਨ ਧਨ, ਸੱਤਾ ਸੰਭਵ ਨਹੀਂ। ਗ਼ਰੀਬਾਂ ਵਿੱਚ ਬੁੱਧੀ ਅਤੇ ਗਿਆਨ ਦੀ ਟੋਟ, ਇਸ ਕਰਕੇ ਉਨ੍ਹਾਂ ਕੋਲ ਧਨ ਅਤੇ ਸੱਤਾ ਦਾ ਟੋਟਾ। ਇੱਕੋ ਗੱਲ ਸਾਰੇ ਵਿਦਵਾਨਾਂ ਨੇ ਅੱਡੋ ਅੱਡ ਹਵਾਲੇ ਦੇ ਕੇ ਘੁਮਾ ਫਿਰਾ ਕੇ ਰਾਜੇ ਨੂੰ ਸਮਝਾਈ ਤਾਂ ਰਾਜਾ ਭੋਜ ਨੂੰ ਵੀ ਉਨ੍ਹਾਂ ਦੀਆਂ ਰਵਾਇਤੀ ਦਲੀਲਾਂ ਨਾਲ ਸਹਿਮਤ ਹੋਣਾ ਪਿਆ।
ਇੱਕ ਮਾਲੀ ਦੇਰ ਤੋਂ ਗਿਆਨ ਦੇ ਖ਼ਾਸ ਟਿਕਾਣਿਆਂ ਬਾਰੇ ਸੁਣਦਾ ਆਇਆ ਸੀ, ਉਸਦਾ ਧੀਰਜ ਟੁੱਟ ਗਿਆ ਤੇ ਵਿਚਕਾਰ ਬੋਲਣ ਲਈ ਮਜਬੂਰ ਹੋ ਗਿਆ। ਰਾਜ ਦਰਬਾਰ ਦੀ ਮਰਿਆਦਾ ਅਨੁਸਾਰ ਖੜ੍ਹਾ ਹੋਇਆ, ਹੱਥ ਜੋੜ ਕੇ ਅਰਦਾਸ ਕੀਤੀ, ‘ਅੰਨਦਾਤਾ...।’
‘ਫਿਰ ਉਹੀ ਗੱਲ’, ਆਦਰ ਨਾਲ ਰਾਜੇ ਨੇ ਟੋਕਿਆ, ‘ਤੁਹਾਨੂੰ ਕਿੰਨੀ ਬਾਰ ਸਮਝਾਇਆ, ਅੰਨਦਾਤਾ ਮੈਂ ਨਹੀਂ, ਤੁਸੀਂ ਹੋ। ਮੈਂ ਤਾਂ ਮੁਫ਼ਤਖੋਰਾ ਹਾਂ।’
ਮਾਲੀ ਨੇ ਆਪਣੀ ਗ਼ਲਤੀ ਮਨਜ਼ੂਰ ਕਰਦਿਆਂ ਝਿਜਕਦਿਆਂ ਝਿਜਕਦਿਆਂ ਕਿਹਾ, ‘ਪਹਿਲੀ ਵਾਰ ਕਿਸੇ ਰਾਜੇ ਨੇ ਆਪਣੇ ਮੁੱਖੋਂ ਸੱਚੀ ਗੱਲ ਕਹੀ ਹੈ ਮਹਾਰਾਜ ਪਰ ਤੁਹਾਡੇ ਅਤੇ ਮੇਰੇ ਸਿਵਾਇ ਇਹ ਗੱਲ ਕਿਸੇ ਨੂੰ ਹਜ਼ਮ ਨਹੀਂ ਹੋਵੇਗੀ ਸੋ ਇਸ ਸੱਚ ਨੂੰ ਇੱਥੇ ਰੋਕ ਦਈਏ ਤਾਂ ਠੀਕ ਰਹੇ।’ ਮਾਲੀ ਨੇ ਦੇਖਿਆ, ਸਾਰੀਆਂ ਅੱਖਾਂ ਉਸ ਨੂੰ ਘੂਰ ਰਹੀਆਂ ਸਨ। ਹੋਰ ਤਾਂ ਹੋਰ ਆਪਣੇ ਮੂੰਹ ਦੀ ਸੱਚਾਈ ਕਿਸੇ ਹੋਰ ਦੇ ਮੂੰਹੋਂ ਸੁਣ ਕੇ ਰਾਜੇ ਨੂੰ ਵੀ ਕੁਝ ਹੈਰਾਨੀ ਹੋਈ। ਮਾਲੀ ਦੇ ਬੋਲ ਉਸਨੂੰ ਵੀ ਕੁਝ ਚੁਭੇ। ਪਰ ਛੇਤੀ ਉਸਨੇ ਮਨ ਤੇ ਕਾਬੂ ਪਾ ਲਿਆ। ਮਾਲੀ ਵੱਲ ਦੇਖ ਕੇ ਮੁਸਕਾਣ ਦੀ ਕੋਸ਼ਿਸ਼ ਕੀਤੀ। ਮਾਲੀ ਫਿਰ ਕਹਿਣ ਲੱਗਾ- ਗਿਆਨ ਦੇ ਟਿਕਾਣਿਆਂ ਦੀ ਚਰਚਾ ਸੁਣਦਾ ਸੁਣਦਾ ਮੈਂ ਤਾਂ ਦੰਗ ਰਹਿ ਗਿਆ। ਗਿਆਨ ਦਾ ਬਗ਼ੀਚਾ ਨਾ ਕਿਸੇ ਦੇਖਿਆ ਨਾ ਸੁਣਿਆਂ, ਮਗਜ ਖਪਾਈ ਖਾਹਮਖਾਹ। ਕੁਦਰਤ ਅਤੇ ਮਿਹਨਤ ਦਾ ਨਜ਼ਾਰਾ ਦੇਖਣਾ ਚਾਹੋ ਤਾਂ ਮੇਰੇ ਬਗ਼ੀਚੇ ਤੱਕ ਜਾਣ ਦੀ ਤਕਲੀਫ਼ ਕਰੋ। ਇਹ ਅਰਜ ਲੈ ਕੇ ਮੈਂ ਦਰਬਾਰ ਵਿੱਚ ਹਾਜ਼ਰ ਹੋਇਆ ਹਾਂ।
ਮਾਲੀ ਦਾ ਅਜਬ ਸੁਝਾਅ ਸੁਣਕੇ ਰਾਜੇ ਦੀਆਂ ਵਾਛਾਂ ਖਿੜ ਗਈਆਂ। ਉਤਸ਼ਾਹ ਨਾਲ ਕਿਹਾ- ਤੁਸੀਂ ਐਨ ਮੌਕੇ ਤੇ ਆਏ। ਗਿਆਨ ਦੀ ਬੇਰਸ ਚਰਚਾ ਸੁਣਦੇ-ਸੁਣਦੇ ਮੈਨੂੰ ਤਾਂ ਉਬਾਸੀਆਂ ਆਉਣ ਲੱਗੀਆਂ ਸਨ। ਇਸ ਅਕਾਊ ਮਾਹੌਲ ਵਿੱਚੋਂ ਨਿਕਲਣ ਦੀ ਇੱਛਾ ਹੋਈ ਕਿ ਤੁਸੀਂ ਆ ਗਏ। ਚਲੋ ਚੱਲੀਏ, ਖੁੱਲ੍ਹੀ ਤਾਜ਼ੀ ਹਵਾ ਵਿੱਚ ਸਾਹ ਲਈਏ। ਖੁਸ਼ਾਮਦ ਦੀ ਬੂ ਮੈਨੂੰ ਬੇਚੈਨ ਕਰ ਰਹੀ ਹੈ। ਮਾਘ ਪੰਡਿਤ ਨੂੰ ਨਾਲ ਲੈ ਕੇ ਰਾਜਾ ਭੋਜ ਉਦੀਂ ਮਾਲੀ ਨਾਲ ਰਵਾਨਾ ਹੋ ਗਿਆ ਜਿਵੇਂ ਕੋਈ ਸੁਹਾਵਣਾ ਸੁਫ਼ਨਾ ਦੇਖਦਾ ਹੋਵੇ।
ਦਰਬਾਰ ਦੀਆਂ ਉੱਚੀਆਂ ਕੰਧਾਂ ਤੋਂ ਬਾਹਰ ਨਿਕਲਕੇ ਕੁਝ ਸੁਖ ਮਿਲਿਆ। ਹਰ ਤਰ੍ਹਾਂ ਦੇ ਹੰਕਾਰ ਤੋਂ ਮੁਕਤ ਸਾਫ਼ ਹਵਾ, ਖੁੱਲ੍ਹੀ ਧੁੱਪ, ਖੁੱਲ੍ਹਾ ਆਕਾਸ਼, ਰੁੱਖਾਂ ਦੀ ਹਰਿਆਲੀ ਕਿਲਕਾਰੀਆਂ ਮਾਰ ਰਹੀ ਸੀ। ਸਿੱਧਾ ਰਸਤਾ ਛੱਡਕੇ ਰਾਜਾ ਮਾਸੂਮ ਬੱਚੇ ਵਾਂਗ ਦੁੜਕੀਆਂ ਲਾਉਣ ਲੱਗਾ ਜਿਵੇਂ ਡੂੰਘੀ ਨੀਂਦ ਵਿੱਚੋਂ ਜਾਗਿਆ ਹੋਵੇ। ਟਿਵ-ਟਿਵ ਕਰਦੇ ਹਰੀਅਲ ਪੰਛੀ ਹਵਾ ਨੂੰ ਬੁਹਾਰ ਰਹੇ ਸਨ ਅਤੇ ਹਵਾ ਤਿਤਲੀਆਂ ਨੂੰ ਖਿਢਾ ਰਹੀ ਸੀ। ਜਾਣੀ ਪਛਾਣੀ ਇਹ ਉਹੀ ਕੁਦਰਤ ਹੈ? ਪਹਿਲੀ ਵਾਰ ਰਾਜੇ ਨੂੰ ਕਾਵਾਂਰੌਲੀ ਵੀ ਚੰਗੀ ਲੱਗੀ। ਇਹ ਕੋਈ ਹੋਰ ਨਸਲ ਦੇ ਕਾਂ ਤਾਂ ਨਹੀਂ ਕਿਤੇ? ਪਰ ਰੰਗ ਉਵੇਂ ਹੀ ਕਾਲਾ, ਤਿੱਖੇ ਪੰਜੇ ਉਵੇਂ ਹੀ ਮੁੜੇ ਹੋਏ!
ਨੇੜੇ ਆ ਕੇ ਮਾਲੀ ਨੇ ਕਿਹਾ- ਬਗ਼ੀਚਾ ਤਿੰਨ ਕੋਹ ਦੂਰ ਹੈ ਮਹਾਰਾਜ, ਇਸੇ ਤਰ੍ਹਾਂ ਟਹਿਲਦੇ ਰਹੇ ਫਿਰ ਤਾਂ ਪੁੱਜਣ ਤੱਕ ਸ਼ਾਮ ਹੋ ਜਾਵੇਗੀ। ਮਾਘ ਪੰਡਿਤ ਨੇ ਪੁੱਛਿਆ- ਆਗਿਆ ਹੋਵੇ ਤਾਂ ਤਿੰਨ ਘੋੜੇ ਮੰਗਵਾ ਲਵਾਂ ਮਹਾਰਾਜ?
‘ਕਿਉਂ?’ ਰਾਜੇ ਨੇ ਪੰਡਿਤ ਨੂੰ ਕਿਹਾ ‘ਘੋੜਿਆਂ ਨੂੰ ਵੀ ਬਗ਼ੀਚਾ ਦਿਖਾਉਣਾ ਹੈ, ਬੇਸ਼ੱਕ ਮੰਗਵਾ ਲਵੋ। ਪੈਦਲ ਜੋ ਆਨੰਦ ਹੈ ਉਹ ਸਵਾਰੀ ਉੱਪਰ ਕਿੱਥੇ?’ ਫਿਰ ਮਾਲੀ ਨੂੰ ਕਿਹਾ- ਚਲੋ ਫਿਰ ਜੇ ਜਲਦੀ ਪੁੱਜਣਾ ਹੈ।
ਪਿੱਛੇ ਮੁੜ ਕੇ ਰਾਜੇ ਨੇ ਫਿਰ ਦੇਖਿਆ ਹੀ ਨਹੀਂ। ਲੰਮੀਆਂ ਡਿੰਘਾਂ ਭਰਦਾ ਹੋਇਆ ਤੇਜ਼ ਚਾਲ ਤੁਰ ਪਿਆ। ਤੇਜ਼ ਚਾਲ ਮਾਲੀ ਰਾਜੇ ਕੋਲੋਂ ਦੀ ਅੱਗੇ ਲੰਘ ਗਿਆ, ਉਸ ਨੇ ਵੀ ਮੁੜ ਕੇ ਨਹੀਂ ਦੇਖਿਆ, ਰਾਜਾ ਪਿੱਛੇ ਰਹਿ ਗਿਆ। ਰਾਜਭਾਗ ਦੇ ਮਾਮਲਿਆਂ ਵਿੱਚ ਰਾਜਾ ਅੱਗੇ ਲੰਘ ਸਕਦਾ ਹੈ ਪਰ ਪੈਦਲ ਤੁਰਨ ਵਿੱਚ ਕੁਦਰਤ ਦਾ ਬੇਟਾ ਪਿੱਛੇ ਕਿਉਂ ਰਹੇ? ਧਰਤੀ ਉਸਦੇ ਪੈਰਾਂ ਦੀ ਛੂਹ ਖ਼ੂਬ ਪਛਾਣਦੀ ਹੈ। ਰਾਜਾ ਖੋਈ-ਖੋਈ ਨਜ਼ਰ ਨਾਲ ਦੇਖਦਾ ਰਿਹਾ ਪਰ ਮਾਲੀ ਨੇ ਰਲਣ ਨਾ ਦਿੱਤਾ। ਰਾਜੇ ਦੀ ਚਾਲ ਮੰਦੀ ਹੋਣ ਲੱਗੀ ਤੇ ਸੋਚਣ ਲੱਗਾ- ਮੈਂ ਇਉਂ ਤੇਜ਼ ਜਾ ਰਿਹਾ ਹਾਂ ਜਿਵੇਂ ਅੱਗੇ ਉਜੈਨ ਤੋਂ ਵੀ ਵੱਡਾ ਕੋਈ ਰਾਜ ਮਿਲ ਜਾਏਗਾ! ਉਂਝ ਕਿਸੇ ਤਰ੍ਹਾਂ ਮਾਲੀ ਤੋਂ ਅੱਗੇ ਨਿਕਲ ਜਾਂਦਾ ਤਾਂ ਚੰਗਾ ਹੁੰਦਾ। ਕੋਈ ਦਾਤਾ ਪੰਛੀ ਆਪਣੇ ਖੰਭ ਉਧਾਰ ਦੇ ਦਵੇ ਸਾਰੀ ਉਮਰ ਅਹਿਸਾਨ ਨਾ ਭੁੱਲਾਂ। ਪੈਦਲ ਵਾਟ ਵਿੱਚ ਮਾਲੀ ਤੋਂ ਅੱਗੇ ਨਾ ਲੰਘ ਸਕਿਆ ਫਿਰ ਮੈਂ ਕਾਹਦਾ ਰਾਜਾ?
ਫਾਸਲਾ ਵਧਦਾ ਰਿਹਾ, ਰਾਜੇ ਦੀ ਚਾਲ ਨਾ ਵਧੀ। ਕੋਈ ਇਹੋ ਜਿਹਾ ਵੀ ਹੋ ਸਕਦੈ ਜਿਸ ਦੇ ਪੈਰ ਰਾਜੇ ਤੋਂ ਅੱਗੇ ਨਿਕਲਣ ਦੀ ਗੁਸਤਾਖੀ ਕਰਨ? ਰਾਜੇ ਤੋਂ ਅੱਗੇ ਨਿਕਲਣ ਵਾਲਾ, ਆਦਮੀ ਤਾਂ ਕੋਈ ਹੋ ਨਹੀਂ ਸਕਦਾ। ਤਾਂ ਫਿਰ ਆਦਮੀ ਦੇ ਨਹੀਂ, ਮਾਲੀ ਦੇ ਪੈਰ ਕਿਸੇ ਹੋਰ ਦੇ ਹਨ? ਤੇਜ਼ ਚਲਣ ਸਦਕਾ ਰਾਜੇ ਦੇ ਪੈਰਾਂ ਵਿੱਚ ਛਾਲੇ ਹੋ ਗਏ, ਫਿਰ ਵੀ ਹਾਰ ਨਹੀਂ ਮੰਨੀ। ਛਾਲਿਆਂ ਦੀ ਚੀਸ ਵਿੱਚ ਕੋਈ ਆਨੰਦ ਵੀ ਸੀ। ਕੋਈ ਦਰਦ ਸੁਖਦਾਈ ਹੋ ਸਕਦਾ ਹੈ? ਰਾਜਮੁਕਟ ਦੀ ਛਾਂ ਹੇਠ ਉਸਨੂੰ ਪਤਾ ਨਹੀਂ ਸੀ ਦਰਦ ਕੀ ਹੁੰਦਾ ਹੈ। ਅੱਜ ਨਵਾਂ ਅਹਿਸਾਸ ਹੋਇਆ। ਪਰਜਾ ਤਾਂ ਪੀੜ੍ਹੀਆਂ ਤੋਂ ਪੈਦਲ ਤੁਰਦੀ ਰਹੀ ਹੈ ਤਾਂ ਪਰਜਾ ਦਾ ਪਤੀ ਹੋਣ ਸਦਕਾ ਇੰਨਾ ਕੁ ਦਰਦ ਤਾਂ ਸਹਿਣਾ ਪਵੇਗਾ। ਅਸਲ ਵਿੱਚ ਦਰਦ ਹੈ ਕਿੱਥੇ? ਇਹ ਕੋਈ ਨਵੀਂ ਤਰ੍ਹਾਂ ਦਾ ਆਨੰਦ ਹੈ ਜੋ ਕੁਦਰਤ ਦੀ ਛਾਂ ਹੇਠ ਮਿਲਦਾ ਹੈ। ਸਿੰਘਾਸਨ ਤਾਂ ਕੁਦਰਤ ਦੀ ਸ਼ੋਭਾ ਤੋਂ ਕੋਹਾਂ ਦੂਰ ਰਹਿੰਦਾ ਹੈ ਜਿਸ ਨੂੰ ਹਥਿਆਣ ਵਾਸਤੇ ਕਿੰਨਾ ਖ਼ੂਨ ਵਗਾਉਣਾ ਪੈਂਦਾ ਹੈ। ਅੱਜ ਦੀ ਰੌਸ਼ਨੀ ਵਿੱਚ ਰਾਜੇ ਦੀਆਂ ਅੱਖਾਂ ਚੁੰਧਿਆਣ ਲੱਗੀਆਂ।
ਥੋੜ੍ਹੀ ਚੜ੍ਹਾਈ ਚੜ੍ਹਕੇ ਮਾਲੀ ਹੇਠਾਂ ਨੀਵਾਣ ਵੱਲ ਉਤਰ ਕੇ ਅੱਖਾਂ ਤੋਂ ਓਝਲ ਹੋ ਗਿਆ। ਹੁਣ ਰਾਜੇ ਨੇ ਪਿੱਛੇ ਦੇਖਿਆ। ਮਾਘ ਪੰਡਿਤ ਦੂਰ ਦੂਰ ਕਿਤੇ ਨਹੀਂ ਸੀ। ਤਜਰਬਾ ਅੱਗੇ ਲੰਘ ਗਿਆ, ਗਿਆਨ ਪਿੱਛੇ ਰਹਿ ਗਿਆ। ਰਾਜੇ ਦੇ ਦਿਲ ਵਿੱਚ ਫੁੱਟਣ ਵਾਸਤੇ ਝਰਨੇ ਮਚਲਣ ਲੱਗੇ।
ਪੈਰਾਂ ਦੇ ਛਾਲਿਆਂ ਨੂੰ ਭੁੱਲਣ ਦੀ ਇੱਛਾ ਹੋਈ, ਭੁੱਲ ਗਿਆ। ਤਜਰਬੇ ਅਤੇ ਗਿਆਨ ਵਿਚਕਾਰ ਤੁਰਦਾ ਤੁਰਦਾ ਬਗ਼ੀਚੇ ਕਿਨਾਰੇ ਪੁੱਜਾ ਤਾਂ ਹੋਠਾਂ ਤੇ ਮੁਸਕਾਨ ਲਈ ਸਵਾਗਤ ਕਰਨ ਵਾਸਤੇ ਖਲੋਤਾ ਮਾਲੀ ਬਗ਼ੀਚੇ ਦਾ ਹਿੱਸਾ ਲੱਗਿਆ। ਰਾਜੇ ਦੇ ਪੈਰਾਂ ਵੱਲ ਨਿਗਾਹ ਜਮਾਈ ਮਾਲੀ ਨੇ ਕਿਹਾ- ਪਹਿਲੀ ਵਾਰ ਛਾਲਿਆਂ ਦਾ ਆਨੰਦ ਲਿਆ ਉਜੈਨ ਪਤਿ ਮਹਾਰਾਜ?
‘ਇਸ ਆਨੰਦ ਪ੍ਰਾਪਤੀ ਲਈ ਬਾਰ-ਬਾਰ ਮਨ ਲਲਚਾਏਗਾ। ਲੱਗਿਆ ਰਾਜਭਾਗ ਦਾ ਖ਼ਜ਼ਾਨਾ ਚੌਗਣਾ ਹੋ ਗਿਆ ਹੋਵੇ।’
‘ਇਹੀ ਰਾਜਾ ਦਾ ਵੱਡਾ ਭਾਗ ਹੈ ਹਜ਼ੂਰ। ਇਸ ਨਸ਼ੇ ਸਾਹਮਣੇ ਰਾਜਭਾਗ ਦੀ ਦੌਲਤ ਤੁੱਛ ਹੈ ਮਹਾਰਾਜ। ਬਗ਼ੀਚੇ ਦੇ ਅੰਦਰ ਤਾਂ ਚਰਨ ਪਾਉ, ਅੰਦਰ ਸਿਰ ਕਟ ਜਾਣ ਦਾ ਦੁੱਖ ਭੁੱਲ ਜਾਉਗੇ। ਇੱਕ ਇੱਕ ਫੁੱਲ ਨੂੰ ਮੇਰੇ ਖ਼ੂਨ ਪਸੀਨੇ ਨੇ ਰੰਗਿਐ ਮਹਾਰਾਜ।’
‘ਇਹੋ ਜਿਹਾ ਖ਼ਜ਼ਾਨਾ ਤਾਂ ਵੰਡਣ ਨਾਲ ਵਧਦਾ ਹੈ ਮਾਲੀ, ਫਿਰ ਪੰਡਿਤ ਦੂਰ ਕਿਉਂ ਰਹੇ? ਉਹ ਵੀ ਆ ਜਾਣ ਤਾਂ?’
‘ਜੋ ਤੁਹਾਡਾ ਹੁਕਮ ਹਜ਼ੂਰ। ਮੇਰਾ ਖ਼ਿਆਲ ਹੈ ਨੇੜੇ ਆ ਕੇ ਵੀ ਪੰਡਿਤ ਜੀ ਦੂਰ ਰਹਿਣਗੇ। ਫੁੱਲਾਂ ਦੀ ਨਿਰਖ ਮੱਥੇ ਉਪਰਲੀਆਂ ਅੱਖਾਂ ਨਹੀਂ ਕਰ ਸਕਦੀਆਂ, ਪੈਰਾਂ ਉੱਪਰ ਵੀ ਅੱਖਾਂ ਉੱਘੜੀਆਂ ਹੋਣੀਆਂ ਚਾਹੀਦੀਆਂ ਹਨ।’
‘ਜਿਵੇਂ ਅੱਜ ਮੇਰੇ ਪੈਰਾਂ ਉੱਪਰ ਉੱਘੜੀਆਂ ਹਨ?’ ਰਾਜੇ ਨੇ ਆਨੰਦਿਤ ਹੁੰਦੇ ਹੋਏ ਕਿਹਾ।
‘ਹਾਂ... ਹਾਂ... ਕੁਝ ਇਸੇ ਤਰ੍ਹਾਂ।’
ਦੇਰ ਤੱਕ ਉਡੀਕਣ ਬਾਅਦ ਦੇਖਿਆ ਪੰਡਿਤ ਲੰਗੜਾਉਂਦਾ ਹੋਇਆ ਆਇਆ, ਨੇੜੇ ਆ ਕੇ ਰੁਕਿਆ ਜਿਵੇਂ ਦੋਵਾਂ ਤੇ ਅਹਿਸਾਨ ਕਰਦਾ ਹੋਵੇ। ਰਾਜੇ ਨੇ ਮੁਸਕਾਂਉਂਦਿਆਂ ਕਿਹਾ- ਤਜਰਬਾ ਅੱਗੇ ਲੰਘ ਗਿਆ, ਸੱਤਾ ਪਿੱਛੇ ਰਹਿ ਗਈ ਤੇ ਗਿਆਨ ਵਿਚਾਰਾ ਲੰਗੜਾ ਹੋ ਗਿਆ।
‘ਮਾਫ਼ ਕਰਨਾ ਮਹਾਰਾਜ, ਗਿਆਨ ਬਗ਼ੈਰ ਤਜਰਬਾ ਅੰਨ੍ਹਾ ਹੈ ਅਤੇ ਤਜਰਬੇ ਬਿਨਾਂ ਗਿਆਨ ਬੋਲਾ। ਧਨ ਤੇ ਤਾਕਤ ਦਾ ਮੁੱਲ ਤਾਂ ਮੇਰੀ ਨਜ਼ਰ ਵਿੱਚ ਕਾਣੀ ਕੌਡੀ ਵੀ ਨਹੀਂ।’
ਮਾਲੀ ਦੇ ਇਹ ਬੋਲ ਸੁਣਕੇ ਰਾਜੇ ਦੇ ਮੁਖੋਂ ਅਣਹੋਣੀ ਜਿਹੀ ਗੱਲ ਨਿਕਲ ਗਈ ਜੋ ਅੱਜ ਤੱਕ ਸੰਭਵ ਨਹੀਂ ਸੀ, ਜਿਵੇਂ ਮੂੰਹ ਰਾਜੇ ਦਾ ਹੈ, ਬੋਲ ਕੋਈ ਹੋਰ ਰਿਹਾ ਹੈ। ਕਿਹਾ, ‘ਮਾਲੀ ਤੂੰ ਜਿਸ ਦੇਸ਼ ਦਾ ਮਾਲਕ ਹੈਂ ਉਸਨੂੰ ਕੋਈ ਰਾਜਾ ਨਹੀਂ ਜਿੱਤ ਸਕਦਾ ਚਾਹੇ ਕਿੰਨੀ ਫ਼ੌਜ ਦਾ ਮਾਲਕ ਕਿਉਂ ਨਾ ਹੋਵੇ। ਉਸਨੇ ਮਾਲੀ ਵੱਲ ਹੋਰ ਧਿਆਨ ਨਾਲ ਦੇਖਦਿਆਂ ਪਰਖਿਆ ਜਿਹੜਾ ਮਨੁੱਖ ਦੀ ਦੇਹ ਅੰਦਰ ਵੀ ਮਨੁੱਖ ਹੀ ਸੀ। ਦੋ ਪੈਰਾਂ ਉੱਪਰ ਅਜਿਹੀ ਕਾਇਆ ਖਲੋਤੀ ਹੈ ਜਿਹੜੀ ਝੁਕਣਾ ਨਹੀਂ ਜਾਣਦੀ। ਗੋਡਿਆਂ ਤੱਕ ਲੰਮੀਆਂ ਬਾਹਾਂ ਜਿਹੜੀਆਂ ਮਿਹਨਤ ਤੋਂ ਇਲਾਵਾ ਰੱਬ ਦੀਆਂ ਮੁਥਾਜ ਵੀ ਨਹੀਂ, ਕਟ ਜਾਣਗੀਆਂ ਹੱਥ ਨਹੀਂ ਪਸਾਰਨਗੀਆਂ, ਜੇ ਚਾਹੁਣ ਤਾਂ ਪੂਰੀ ਧਰਤੀ ਫੁੱਲਾਂ ਹੇਠ ਢਕ ਦੇਣ। ਦੋਵਾਂ ਅੱਖਾਂ ਵਿੱਚ ਸਾਦਗੀ, ਮਾਸੂਮੀਅਤ। ਤਿੱਖੇ ਨੱਕ ਨੂੰ ਖ਼ੁਸ਼ਬੂ ਬਗ਼ੈਰ ਕਿਸੇ ਚੀਜ਼ ਦਾ ਗਿਆਨ ਨਹੀਂ, ਸੱਚ ਤੋਂ ਸਿਵਾਇ ਕੰਨਾਂ ਨੇ ਕੁਝ ਸੁਣਿਆ ਨਹੀਂ, ਹੋਠਾਂ ਵਿੱਚੋਂ ਸੱਚ ਦੇ ਇੱਕ ਅੱਖਰ ਤੋਂ ਇਲਾਵਾ ਕੁਝ ਨਿਕਲਿਆ ਨਹੀਂ। ਰਾਜੇ ਦੀ ਇਸ ਅੱਗੇ ਕੀ ਹੈਸੀਅਤ? ਖ਼ੁਸ਼ਾਮਦੀਏ, ਦਰਬਾਰੀਏ ਜੋ ਮਰਜ਼ੀ ਹੋਣ, ਮਨੁੱਖ ਹਰਗਿਜ਼ ਨਹੀਂ ਪਰ ਰਾਜਾ ਭੋਜ, ਸਿੰਘਾਸਨ, ਸੱਤਾ, ਤਾਜ ਤਖ਼ਤ ਖ਼ਜ਼ਾਨੇ ਦੇ ਮਾਲਕ ਤੋਂ ਸਿਵਾ ਅੰਦਰੋਂ ਥੋੜ੍ਹਾ ਬਹੁਤ ਮਨੁੱਖ ਵੀ ਸੀ। ਇਸ ਕਰਕੇ ਸਾਹਮਣੇ ਖੜ੍ਹੇ ਮਾਲੀ ਨੂੰ ਪਛਾਣਨ ਵਿੱਚ ਉਸ ਤੋਂ ਭੁੱਲ ਨਹੀਂ ਹੋਈ।
ਉੱਡਦੀ-ਉੱਡਦੀ ਨਿਗਾਹ ਪੰਡਿਤ ਨੇ ਵੀ ਬਗ਼ੀਚੇ ਉੱਪਰ ਮਾਰੀ। ਪਛਤਾਵੇ ਤੋਂ ਬਿਨਾਂ ਉਸਦੀਆਂ ਅੱਖਾਂ ਵਿੱਚ ਕੁਝ ਨਹੀਂ...। ਸਿੰਘਾਸਨ ਅਤੇ ਕਿਤਾਬੀ ਗਿਆਨ ਇਸ ਮੰਗਲਮਈ ਮਾਹੌਲ ਵਿੱਚ ਰੁਕਾਵਟ ਹਨ। ਮਾਲੀ ਨੇ ਪੁੱਛਿਆ, ‘ਇੰਨੇ ਗਿਆਨਵਾਨ ਹੋ ਕੇ ਵੀ ਛਾਲਿਆਂ ਦਾ ਦਰਦ ਨਹੀਂ ਭੁੱਲੇ ਪੰਡਿਤ ਜੀ?’
‘ਤੇਰੇ ਵਾਂਗ ਮੇਰੀ ਬੁੱਧੀ ਪੈਰਾਂ ਵਿੱਚ ਨਹੀਂ ਹੈ।’
‘ਤਾਂ ਫਿਰ ਹਿਸਾਬ ਵਿੱਚ ਮੈਥੋਂ ਗ਼ਲਤੀ ਹੋ ਗਈ। ਮੈਨੂੰ ਲੱਗਿਆ ਤੁਸੀਂ ਰਾਜ ਪੰਡਿਤ ਹੋ, ਰਾਜਾ ਭੋਜ ਵਾਂਗ ਤੁਹਾਡੀ ਬੁੱਧੀ ਥੋੜ੍ਹੀ ਕੁ ਪੈਰਾਂ ਵਿੱਚ ਵੀ ਹੋਇਗੀ।’
ਜਵਾਬ ਦੇਣ ਦੀ ਥਾਂ ਪੰਡਿਤ ਨੇ ਨਜ਼ਰੰਦਾਜ਼ ਕਰਨਾ ਠੀਕ ਸਮਝਿਆ। ਕੋਈ ਬਰਾਬਰ ਦਾ ਹੋਵੇ, ਗੱਲ ਵੀ ਕਰ ਲਈਏ। ਮੂਰਖ ਅੱਗੇ ਚੁੱਪ ਭਲੀ। ਇੱਧਰ ਉੱਧਰ ਝਾਕਣ ਪਿੱਛੋਂ ਪੰਡਿਤ ਨੇ ਇੱਕ ਫੁੱਲ ਤੋੜਨ ਵਾਸਤੇ ਹੱਥ ਵਧਾਇਆ ਤਾਂ ਮਾਲੀ ਨੇ ਰੋਕ ਕੇ ਕਿਹਾ- ਇਹ ਕੀ ਨਾਦਾਨੀ... ਨਹੀਂ, ਨਹੀਂ ਕੀ ਅਪਰਾਧ ਕਰ ਰਹੇ ਹੋ?
‘ਪਰ ਮੈਂ ਤਾਂ ਅੰਨਦਾਤਾ ਵਾਸਤੇ ਫੁੱਲ ਤੋੜ ਰਿਹਾ ਸੀ।’ ਪਹਿਲੀ ਵਾਰ ਪੰਡਿਤ ਦੀ ਜ਼ੁਬਾਨ ਕੰਬੀ।
‘ਖਿਮਾ ਕਰਨਾ, ਫੁੱਲਾਂ ਦਾ ਕੋਈ ਅੰਨਦਾਤਾ ਨਹੀਂ। ਇਹ ਬੂਟੇ ਦੀ ਟਾਹਣੀ ਉੱਪਰ ਖਿੜਦੇ ਹਨ, ਕਿਸੇ ਅੰਨਦਾਤੇ ਦੀ ਹਥੇਲੀ ਉੱਪਰ ਨਹੀਂ।’
‘ਤੇ ਬੂਟੇ ਉੱਪਰ ਖਿੜਕੇ ਆਖਰ ਮੁਰਝਾ ਜਾਂਦੇ ਹਨ।’ ਪੰਡਿਤ ਖਿਝ ਗਿਆ।
‘ਤਾਂ ਕਿ ਨਵੀਆਂ ਕਲੀਆਂ ਖਿੜ ਸਕਣ’, ਸਹਿਜੇ ਮਾਲੀ ਨੇ ਕਿਹਾ ‘ਮੈਂ ਵੀ ਅਮਰ ਨਹੀਂ ਤਾਂ ਕੀ ਤੁਸੀਂ ਅੱਜ ਹੀ ਮੈਨੂੰ ਮਾਰ ਦਿਉ?’
ਰਾਜ ਪੰਡਿਤ ਦਾ ਮਾਣ ਰੱਖਣ ਲਈ ਰਾਜੇ ਨੇ ਕਿਹਾ, ‘ਕਿੱਥੇ ਫੁੱਲ ਕਿੱਥੇ ਮਨੁੱਖ ਬਣਮਾਲੀ। ਇਹ ਫਰਕ ਤਾਂ ਤੁਹਾਨੂੰ ਸਮਝਣਾ ਪਏਗਾ ਹੀ।’
‘ਬਣਮਾਲੀ ਹਾਂ ਨਾ, ਇਸੇ ਕਰਕੇ ਭੇਦ ਸਮਝ ਨਹੀਂ ਆਉਂਦਾ ਕਿ ਆਦਮੀ ਫੁੱਲਾਂ ਤੋਂ ਕਿਵੇਂ ਵਧੀਆ ਹੋਇਆ!’
ਤ੍ਰਿਸਕਾਰ ਨਾਲ ਪੰਡਿਤ ਨੇ ਕਿਹਾ, ‘ਫਿਰ ਫੁੱਲਾਂ ਦੀ ਪੈਰਵਾਈ ਫੁੱਲਾਂ ਨੂੰ ਕਰਨ ਦੇਉ, ਤੁਸੀਂ ਵਿਚਕਾਰ ਟੰਗ ਕਿਉਂ ਅੜਾਉਂਦੇ ਹੋ?’
‘ਤੁਸੀਂ ਕੇਵਲ ਆਪਣੀ ਬੋਲੀ ਸਮਝਦੇ ਹੋ, ਫੁੱਲਾਂ ਦੀ ਬਾਣੀ ਨਹੀਂ ਜਾਣਦੇ। ਮੈਂ ਤਾਂ ਫੁੱਲਾਂ ਦੀ ਗੱਲ ਹੀ ਦੁਹਰਾਈ ਸੀ। ਛੱਡੋ ਇਹ ਗੱਲ। ਜਿਸ ਕੰਮ ਆਏ ਹਾਂ ਉਹੀ ਕਰੀਏ।’
ਰਾਜੇ ਨੇ ਸਾਰਾ ਬਗ਼ੀਚਾ ਦਿਲ ਅੰਦਰ ਉਤਾਰ ਲਿਆ। ਉਸ ਦੀ ਰਗ-ਰਗ ਵਿੱਚ ਇਹੀ ਬਗ਼ੀਚਾ ਲਹਿਰਾ ਉੱਠਿਆ। ਫੁੱਲ ਹੀ ਫੁੱਲ ਮਹਿਕ ਉੱਠੇ। ਪੱਤੇ-ਪੱਤੇ ਦੇ ਦ੍ਰਿਸ਼ਾਂ ਨੇ ਉਸਦੀਆਂ ਅੱਖਾਂ ਪਵਿੱਤਰ ਕਰ ਦਿੱਤੀਆਂ, ਮਿਟਿਆਲੀ ਧਰਤੀ ਵਿੱਚ ਏਨੇ ਰੰਗ! ਕਿੰਨੀ ਤਰ੍ਹਾਂ ਦੀ ਹਰਿਆਲੀ! ਕਿੰਨੀ ਤਰ੍ਹਾਂ ਦੇ ਫਲ, ਕਿੰਨੀ ਤਰ੍ਹਾਂ ਦੇ ਕੰਡੇ, ਧਰਤੀ ਦੀ ਕੁੱਖ ਵਿੱਚ ਕਿੰਨੀਆਂ ਜੜ੍ਹਾਂ, ਨਾ ਕੋਈ ਅੰਤ ਨਾ ਪਾਰਾਵਾਰ। ਇਹ ਹੈ ਪੋਥੀ ਜਿਹੜੀ ਪੜ੍ਹੀ ਜਾਣੀ ਚਾਹੀਦੀ ਹੈ ਪਰ ਕੋਈ ਪੜ੍ਹੇ ਤਾਂ, ਜੇ ਅੱਖਰ ਸਿੱਖੇ ਹੋਣ। ਅੱਖਰ ਸਿਖਾਉਣ ਵਾਲਾ ਗੁਰੂ ਮਿਲਿਆ ਨਹੀਂ।
ਛਾਲਿਆਂ ਕਰਕੇ ਪੰਡਿਤ ਨੂੰ ਨਾ ਫੁੱਲ ਚੰਗੇ ਲੱਗੇ ਨਾ ਹਰਿਆਲੀ। ਜਿਸ ਕਿਸਮ ਦਾ ਬੀਜ ਦੱਬੋਗੇ ਮਿੱਟੀ ਵਿੱਚੋਂ ਉਹੀ ਬੂਟਾ ਤਾਂ ਨਿਕਲੇਗਾ ਹੀ ਤੇ ਬੂਟੇ ਉੱਪਰ ਫੁੱਲ ਤਾਂ ਲੱਗਣਗੇ ਹੀ ਲੱਗਣਗੇ। ਸਮੇਂ ਤੇ ਫਲ ਵੀ। ਮਾਲੀ ਨੇ ਕੀ ਕੀਤਾ? ਬੀਜ ਬੀਜੇ ਵੱਖ ਵੱਖ ਨਸਲਾਂ ਦੇ ਤੇ ਬੂਟੇ ਉਗਣ ਇੱਕੋ ਨਸਲ ਦੇ, ਫੇਰ ਮੈਂ ਮੰਨਾ ਕਿ ਮਾਲੀ ਵਿੱਚ ਕਰਾਮਾਤ ਹੈ। ਪੱਥਰਾਂ ਵਿੱਚੋਂ ਖ਼ੁਸ਼ਬੂ ਆਏ ਤਾਂ ਮੰਨਾ ਤੇਰਾ ਜਾਦੂ ਹੈ। ਬੇਕਾਰ ਰਾਜਾ ਨੂੰ ਭਰਮਾ ਰਿਹਾ ਹੈ। ਪਹਿਲਾਂ ਤਾਂ ਰਾਜਾ ਪੰਡਿਤਾਂ ਬਿਨਾਂ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਸੀ ਆਉਂਦਾ, ਅੱਜਕੱਲ੍ਹ ਬੱਚਿਆਂ ਵਿੱਚੋਂ ਵੀ ਕੁਝ ਲੱਭ ਲੈਂਦਾ ਹੈ। ਗ੍ਰੰਥਾਂ ਦੀਆਂ ਗੱਲਾਂ ਸੁਣਕੇ ਨੱਕ ਮੂੰਹ ਫੇਰ ਲੈਂਦਾ ਹੈ।
ਰਾਜੇ ਨੇ ਪੰਡਿਤ ਨੂੰ ਆਪਣੇ ਕੋਲ ਬੁਲਾ ਕੇ ਕਿਹਾ- ਦੇਖੋ ਇੱਕੋ ਬੂਟੇ ਤੇ ਕਿੰਨੇ ਰੰਗਾਂ ਦੇ ਫੁੱਲ ਹਨ!
‘ਦੇਖ ਰਿਹਾਂ ਹਜ਼ੂਰ। ਬੀਜ ਵਿੱਚ ਅਜਿਹੀ ਸੰਭਾਵਨਾ ਸੀ। ਮਾਲੀ ਦਾ ਕੀ ਹੁਨਰ?’
ਰਾਜੇ ਨੂੰ ਪਤਾ ਨਾ ਲੱਗੇ ਇੱਕ ਦੂਜੇ ਦੀ ਨਜ਼ਰ ਅਤੇ ਸਮਝ ਵਿੱਚ ਇੰਨਾ ਫਰਕ ਵੀ ਹੋ ਸਕਦਾ ਹੈ...। ਦਲੀਲਾਂ ਨਾਲ ਇਹ ਫਰਕ ਮਿਟ ਨਹੀਂ ਸਕਦਾ। ਜਿਸ ਨੂੰ ਛਾਲਿਆਂ ਦੇ ਦਰਦ ਤੋਂ ਮੁਕਤੀ ਨਹੀਂ ਮਿਲੀ ਉਸ ਵਾਸਤੇ ਫੁੱਲ ਕੀ ਖ਼ੁਸ਼ਬੂ ਕੀ। ਮੱਥਾ ਮਾਰਨ ਦਾ ਕੀ ਲਾਭ? ਰਾਜੇ ਨੇ ਮਾਲੀ ਨੂੰ ਕਿਹਾ, ‘ਤੁਹਾਡੇ ਫੁੱਲਾਂ ਨੂੰ ਸੂਰਜ ਵੀ ਨਿਹਾਰ ਰਿਹਾ ਹੈ।’
ਮਾਲੀ ਨੇ ਕਿਹਾ- ਫੁੱਲ ਸੂਰਜ ਨੂੰ ਨਿਹਾਰ ਰਹੇ ਨੇ ਕਿ ਸੂਰਜ ਫੁੱਲਾਂ ਨੂੰ, ਕੌਣ ਜਾਣੇ?
ਪੰਡਿਤ ਨੇ ਮੌਕਾ ਮਿਲਦਿਆਂ ਭੜਾਸ ਕੱਢੀ- ਪਰ ਤੁਹਾਨੂੰ ਤਾਂ ਫੁੱਲਾਂ ਦੀ ਬੋਲੀ ਸਮਝ ਆਉਂਦੀ ਹੈ, ਫੁੱਲਾਂ ਨੂੰ ਪੁੱਛ ਕੇ ਸਾਨੂੰ ਦੱਸੋ।
ਮਾਲੀ ਨੇ ਕਿਹਾ- ਰਾਜ ਪੰਡਿਤ ਦਾ ਦਬਦਬਾ ਮਾਮੂਲੀ ਥੋੜ੍ਹਾ ਹੁੰਦੈ। ਤੁਹਾਡੇ ਚਰਨ ਪੈਣ ਸਾਰ ਦੁਬਕ ਗਏ, ਗੱਲ ਹੀ ਨਹੀਂ ਕਰਦੇ।
-ਰਾਜ ਪੰਡਿਤ ਦਾ ਦਬਦਬਾ ਰਾਜੇ ਦੀ ਹਾਜਰੀ ਵਿੱਚ ਤਾਂ ਨਹੀਂ ਹੁੰਦਾ ਬਣਮਾਲੀ?
-ਜਾਣਦਾ ਹੋਇਆ ਵੀ ਮੈਂ ਇਸਦਾ ਉੱਤਰ ਨਹੀਂ ਦੇਣਾ ਮਹਾਰਾਜ।
-ਤਾਂ ਤੁਹਾਡੀ ਮਰਜ਼ੀ। ਅਸੀਂ ਤੁਹਾਡੀ ਇੱਛਾ ਦਾ ਆਦਰ ਕਰਦੇ ਹਾਂ। ਤੁਹਾਡੀ ਇੱਛਾ ਸਭ ਤੋਂ ਉੱਚੀ ਹੈ।
ਪੰਡਿਤ ਨੇ ਪੁੱਛਿਆ- ਮਹਾਰਾਜ ਤੁਹਾਡੇ ਤੋਂ ਵੀ ਉੱਚੀ?
-ਹਾਂ, ਮੈਥੋਂ ਵੀ। ਪਹਿਲੀ ਵਾਰ ਅਹਿਸਾਸ ਹੋਇਆ ਰਾਜਾ ਹੋਣ ਕਾਰਨ ਕੋਈ ਆਪਣੀ ਇੱਛਾ ਦੂਜੇ ਉੱਪਰ ਠੋਸ ਨਹੀਂ ਸਕਦਾ। ਕਿੰਨਾ ਚੰਗਾ ਹੁੰਦਾ ਬਚਪਨ ਵਿੱਚ ਹੀ ਮੈਨੂੰ ਬਣਮਾਲੀ ਦੀ ਸੰਗਤ ਮਿਲ ਜਾਂਦੀ।
ਪੰਡਿਤ ਦਾ ਮਨ ਕਸੈਲਾ ਹੋ ਗਿਆ, ਆਪਣਾ-ਆਪਣਾ ਬੋਧ ਆਪਣਾ-ਆਪਣਾ ਵਿਵੇਕ। ਖਿੜਿਆ ਬਗ਼ੀਚਾ ਉਸਨੂੰ ਬਦਰੰਗ ਲੱਗਿਆ। ਲੱਗਿਆ ਹਰੇਕ ਝੂਮਦਾ ਫੁੱਲ ਜਿਵੇਂ ਉਸਦੀ ਖਿੱਲੀ ਉਡਾ ਰਿਹਾ ਹੋਵੇ। ਨਾ ਫੁੱਲ ਵਿੱਚ ਮੁਸਕਾਨ ਨਾ ਪੱਤੇ ਵਿੱਚ ਖ਼ੁਸ਼ਬੂ, ਗੁਲਾਬ ਦੇ ਕੰਡੇ ਚੁਭ ਰਹੇ। ਇਸ ਹਰਾਮੀ ਨੇ ਪਤਾ ਨਹੀਂ ਕੀ ਜਾਦੂ ਕਰ ਦਿੱਤਾ, ਰਾਜਾ ਹਾਂ ਵਿੱਚ ਹਾਂ ਮਿਲਾਈ ਜਾਂਦੈ। ਸ਼ੇਰ ਦੀ ਗੁਫ਼ਾ ਤੋਂ ਵੀ ਖ਼ਤਰਨਾਕ ਥਾਂ ਹੈ ਇਹ ਤਾਂ। ਜਿੰਨੀ ਛੇਤੀ ਨਿਕਲਿਆ ਜਾਵੇ ਬਿਹਤਰ। ਕਿਹਾ- ਚੱਲੀਏ ਅੰਨਦਾਤਾ? ਕਾਫ਼ੀ ਦੇਰ ਹੋ ਗਈ, ਜਾਂਦੇ-ਜਾਂਦੇ ਨ੍ਹੇਰਾ ਪੈ ਜਾਣੈ।
ਰਾਜਾ ਚਾਹੁੰਦਾ ਸੀ ਚੰਦ ਚਾਨਣੀ ਵਿੱਚ ਵੀ ਫੁੱਲਾਂ ਦਾ ਰੂਪ ਨਿਹਾਰੇ। ਸੁਗੰਧੀਆਂ ਨਾਲ ਭਰੀ ਚਾਨਣੀ ਮਾਣ ਨਾਲ ਕਿਵੇਂ ਮੁਸਕਾਏਗੀ! ਪਰ ਰਾਜ ਪੰਡਿਤ ਦੀ ਗੱਲ ਵੀ ਮੰਨਣੀ ਹੈ। ਅੱਜ ਕਿਸੇ ਦਾ ਆਖਾ ਮੋੜਨ ਨੂੰ ਦਿਲ ਨਹੀਂ ਕਰਦਾ। ਆਪਣੀ ਇੱਛਾ ਦਾ ਦਮਨ ਕਰਕੇ ਰਾਜਾ ਆਨੰਦਿਤ ਹੋਇਆ।
ਦੋਵੇਂ ਜਣੇ ਬਗ਼ੀਚੇ ਦਾ ਚੱਕਰ ਲਾ ਕੇ ਆਏ ਤਾਂ ਮਾਲੀ ਵੱਡਾ ਸਾਰਾ ਮਤੀਰਾ ਲੈ ਆਇਆ, ਚਾਰੇ ਪਾਸੇ ਗੋਲ-ਗੋਲ ਹਰੀਆਂ ਧਾਰੀਆਂ ਜਿਵੇਂ ਹੁਣੇ ਉਸਤਾਦ ਚਿੱਤਰਕਾਰ ਨੇ ਬਰੱਸ਼ ਨਾਲ ਚਿੱਤਰੀਆਂ ਹੋਣ। ਮਾਲੀ ਨੇ ਪਹਿਲਾਂ ਮੱਥੇ ਨਾਲ ਲਾਇਆ ਫਿਰ ਗੋਡੇ ਤੇ ਰੱਖ ਕੇ ਕੂਹਣੀ ਦਾ ਵਾਰ ਕੀਤਾ। ਅੰਦਰੋਂ ਸੁਰਖ ਰੰਗ ਪ੍ਰਗਟ ਹੋ ਗਿਆ। ਪੰਡਿਤ ਦੇ ਮੂੰਹ ਵਿੱਚ ਪਾਣੀ ਭਰ ਆਇਆ। ਕਸੈਲਾਪਣ ਕਿੱਧਰੇ ਛੂਮੰਤਰ ਹੋ ਗਿਆ, ਖ਼ੁਸ਼ ਹੋ ਬੋਲਿਆ- ਪਹਿਲਾਂ ਹੀ ਮਤੀਰਾ ਲੈ ਆਉਂਦੇ ਤਾਂ ਮੈਂ ਵੀ ਬਗ਼ੀਚੇ ਦਾ ਆਨੰਦ ਮਾਣ ਸਕਦਾ...।
-ਫਿਰ ਰਾਤ ਇੱਥੇ ਬਿਤਾਓ ਹਜ਼ੂਰ। ਵੀਹ ਤਰ੍ਹਾਂ ਦੀਆਂ ਖ਼ੁਸ਼ਬੂਆਂ, ਵੀਹ ਤਰ੍ਹਾਂ ਦੇ ਸੁਆਦ ਵਾਲੇ ਮਤੀਰੇ ਨੇ ਮੇਰੇ ਕੋਲ। ਸਾਰੇ ਖ਼ਜ਼ਾਨੇ ਲੁਟਾ ਕੇ ਵੀ ਇਹ ਚੀਜ਼ਾਂ ਨਹੀਂ ਲੈ ਸਕਦੇ ਜੀ। ਤੁਹਾਨੂੰ ਤ੍ਰਿਪਤ ਕਰਕੇ ਮੇਰੀ ਮਿਹਨਤ ਸਫ਼ਲ ਹੋ ਜਾਏਗੀ। ਰਾਜਾ ਭੋਜ ਨਾਲ ਮਾਘ ਪੰਡਿਤ ਦਾ ਸੰਜੋਗ ਕੀ ਪਤਾ ਮੁੜ ਕਦੇ ਮਿਲੇ ਨਾ ਮਿਲੇ।
‘ਕੀ ਪਤਾ ਕਿਸ ਦਾ ਸੰਜੋਗ ਕਿਸ ਵਾਸਤੇ ਕਲਿਆਣਕਾਰੀ ਹੋਏ?’ ਰਾਜੇ ਦਾ ਇਹ ਵਾਕ ਸੁਣਕੇ ਮਾਲੀ ਖ਼ੁਸ਼ ਹੋਇਆ। ਚਾਹੇ ਤਾਂ ਰਾਜਾ ਵੀ ਨਿਮਰ ਹੋ ਸਕਦਾ ਹੈ...। ਪੰਡਿਤ ਕਿਹੜਾ ਘੱਟ ਹੈਰਾਨ ਹੋਇਆ, ਕਿਹਾ ‘ਇਹ ਤੁਹਾਡਾ ਵਡੱਪਣ ਹੈ ਮਹਾਰਾਜ, ਕੋਈ ਰਾਜਾ ਇਸ ਤਰ੍ਹਾਂ ਨਹੀਂ ਸੋਚਦਾ। ਸਿੰਘਾਸਨ ਦਾ ਖ਼ਤਰਾ ਤਾਂ ਰਾਜਾ ਆਪਣੇ ਆਪੇ ਵਿੱਚ ਵੀ ਨਹੀਂ ਝੱਲ ਸਕਦਾ।’ ਮਾਲੀ ਨੇ ਕਿਹਾ, ‘ਮੈਨੂੰ ਉਸਤਤਿ ਕਰਨੀ ਨਹੀਂ ਆਉਂਦੀ ਮਹਾਰਾਜ, ਲੋੜ ਨੀ ਪਈ। ਇੰਨਾ ਪੱਕ ਹੈ ਕਿ ਇਸ ਬਗ਼ੀਚੇ ਵਿੱਚ ਬਿਤਾਈ ਰਾਤ ਭੁੱਲੋਗੇ ਨਹੀਂ।’
ਮਾਲੀ ਦੇ ਬੋਲ ਰਾਜ ਪੰਡਿਤ ਲਈ ਸੁਖਦਾਈ ਨਹੀਂ ਸਨ। ਖਿਝੇ ਹੋਏ ਨੇ ਵੀ ਖ਼ੁਸ਼ੀ ਦਾ ਦਿਖਾਵਾ ਕਰਦਿਆਂ ਕਿਹਾ, ਅੱਜ ਨਹੀਂ, ਕਦੇ ਫੇਰ ਸਹੀ। ਜਿੰਨੀ ਵਾਰ ਦੇਖਾਂਗੇ ਬਗ਼ੀਚਾ ਨਵਾਂ ਈ ਲੱਗੇਗਾ। ਮਿਹਨਤ ਦੇ ਫੁੱਲ ਖਿੜਨਗੇ ਹੀ। ਮਤੀਰੇ ਦੀ ਹਰੇਕ ਫਾੜੀ ਏਨੀ ਸੁਆਦ ਕਿ ਸੂਰਜ ਦੇ ਮੂੰਹ ਵਿੱਚ ਵੀ ਪਾਣੀ ਆ ਜਾਵੇ। ਰਾਤ ਹੁੰਦੀ, ਇੱਕ ਫਾੜੀ ਲੈਣ ਵਾਸਤੇ ਚੰਦ ਧਰਤੀ ਤੇ ਉਤਰ ਆਉਂਦਾ। ਪ੍ਰਸੰਨ ਚਿੱਤ ਹੋ ਕੇ ਰਾਜੇ ਨੇ ਕਿਹਾ- ਦਿਲ ਤਾਂ ਕਰਦਾ ਹੈ ਉਜੈਨ ਦਾ ਰਾਜਭਾਗ ਤੁਹਾਨੂੰ ਸੌਂਪ ਕੇ ਇਸ ਬਗ਼ੀਚੇ ਵਿੱਚ ਸ਼ਰਨ ਲੈ ਲਵਾਂ।
ਮਾਲੀ ਦੇ ਚਿਹਰੇ ਉੱਪਰੋਂ ਕਾਲਾ ਪ੍ਰਛਾਵਾਂ ਲੰਘਿਆ, ਮਾਯੂਸੀ ਨਾਲ ਕਿਹਾ, ਮੈਂ ਕੀ ਗੁਨਾਹ ਕੀਤਾ ਮਹਾਰਾਜ ਕਿ ਇਹ ਸਜ਼ਾ ਮੈਂ ਭੁਗਤਾਂ?
‘ਹਾਂ, ਗੁਨਾਹ ਤਾਂ ਮੈਂ ਕੀਤਾ ਹੈ ਜਿਸ ਦੀ ਸਜ਼ਾ ਉਮਰ ਭਰ ਭੁਗਤਾਂਗਾ। ਹਉਕਾ ਲੈ ਕੇ ਰਾਜੇ ਨੇ ਨਜ਼ਰਾਂ ਮਾਲੀ ਦੇ ਕਦਮਾਂ ਵੱਲ ਕਰ ਲਈਆਂ। ਇਹੋ ਜਿਹੀ ਹਾਰ ਉੱਪਰੋਂ ਸੌ ਜਿੱਤਾਂ ਕੁਰਬਾਨ। ਰਾਜ ਪੰਡਿਤ ਦਾ ਲਿਹਾਜ ਨਾ ਹੁੰਦਾ, ਨਜ਼ਰਾਂ ਦੀ ਬਜਾਇ ਮਾਲੀ ਦੇ ਕਦਮਾਂ ਉੱਪਰ ਮੱਥਾ ਟਿਕਾ ਦਿੰਦਾ। ਇਸ ਤਰ੍ਹਾਂ ਦਾ ਹੌਸਲਾ ਲੰਮੀ ਸਾਧਨਾ ਪਿੱਛੋਂ ਕਿਸੇ ਨੂੰ ਮਿਲਦਾ ਹੈ। ਮਾਲੀ ਦੀ ਚਰਨਛੁਹ ਹਾਸਲ ਕਰਨ ਵਾਸਤੇ ਰਾਜ ਤਿਆਗਣਾ ਤਾਂ ਪਾਸਕ ਵੀ ਨਹੀਂ। ਰਾਜੇ ਦੀ ਹਾਲਤ ਭਿਖਾਰੀ ਵਰਗੀ ਹੋ ਗਈ। ਪਰਜਾ ਦੀ ਫਰਿਆਦ ਸੁਣਨ ਵਾਸਤੇ ਰਾਜਾ ਹੈ ਪਰ ਰਾਜਾ ਕਿਸ ਕੋਲ ਫਰਿਆਦ ਕਰੇ? ਇਹੋ ਜਿਹੀ ਲਾਚਾਰੀ ਕਿਸੇ ਰਾਜੇ ਦੀ ਨਹੀਂ ਹੋਣੀ। ਨਾ ਚਾਹੁੰਦਿਆਂ ਹੋਇਆਂ ਵੀ ਰਾਜਮਹਿਲ ਦੀ ਖ਼ੂਨੀ ਕੈਦ ਵਿੱਚ ਜਾਣਾ ਪਏਗਾ। ਵਾਪਸੀ ਵੱਲ ਰਾਜੇ ਦੇ ਕਦਮ ਇਉਂ ਮੁੜੇ ਜਿਵੇਂ ਆਤਮਦਾਹ ਕਰਨ ਵਾਸਤੇ ਸ਼ਮਸ਼ਾਨ-ਘਾਟ ਜਾਂਦਾ ਹੋਵੇ।
ਵਿਦਾ ਕਰਨ ਵਾਸਤੇ ਮਾਲੀ ਨਾਲ ਨਾਲ ਤੁਰਨ ਲੱਗਾ ਤਾਂ ਰਾਜੇ ਨੇ ਕਿਹਾ- ਰੁਕੋ, ਤਕਲੀਫ਼ ਕਰਨ ਦੀ ਲੋੜ ਨਹੀਂ। ਰਸਤਾ ਸਿੱਧਾ ਹੈ।
ਸਲੀਕੇ ਸਦਕਾ ਮਾਲੀ ਨੇ ਨਾਲ ਜਾਣ ਦੀ ਜ਼ਿੱਦ ਨਹੀਂ ਕੀਤੀ, ਇੰਨਾ ਕਿਹਾ- ਕੋਈ ਰਸਤਾ ਸਿੱਧਾ ਨਹੀਂ ਹੁੰਦਾ ਮਹਾਰਾਜ। ਭਟਕਣ ਲੱਗੇ ਤਾਂ ਨਿਸ਼ੰਗ ਕਿਸੇ ਨੂੰ ਪੁੱਛ ਲੈਣਾ। ਪਿੰਡਾਂ ਦੇ ਲੋਕ ਰਸਤਿਆਂ ਦੇ ਉਸਤਾਦ ਹੁੰਦੇ ਨੇ ਹਜ਼ੂਰ।
ਦਿਲ ਵਿੱਚ ਪੰਡਿਤ ਕੋਸਦਾ ਰਿਹਾ- ਕੇਹਾ ਜੰਗਲੀ, ਉਜੱਡ, ਮੂੰਹਫਟ ਹੈ, ਪਸ਼ੂ ਤੋਂ ਬਦਤਰ। ਰਾਜੇ ਦੀ ਸ਼ਹਿ ਨਾ ਹੋਵੇ ਇਸ ਨੂੰ ਸੌ ਵਾਰ ਸਿੱਧਾ ਕਰ ਦਿਆਂ। ਆਪਣੀ ਮਿੱਥਿਆ ਕਸੌਟੀ ਉੱਪਰ ਹਰ ਚੀਜ਼ ਰਗੜੀ ਜਾਂਦੈ।
ਉੱਧਰ ਉਜੈਨਪਤਿ ਆਪਣੇ ਆਤਮਬੋਧ ਦੇ ਝੱਖੜ ਵਿੱਚ ਖੋ ਗਿਆ, ਕੰਨਾਂ ਵਿੱਚ ਇੱਕੋ ਵਾਕ ਮੰਡਰਾ ਰਿਹਾ ਸੀ- ਕੋਈ ਰਸਤਾ ਸਿੱਧਾ ਨਹੀਂ ਹੁੰਦਾ...। ਬੱਦਲ ਵਾਂਗ ਗੱਜ ਕੇ ਕਹਿਣਾ ਚਾਹ ਰਿਹਾ ਸੀ, ਰਾਜੇ ਵਰਗਾ ਸਿੱਧਰਾ ਹੋਰ ਕੋਈ ਨਹੀਂ ਹੁੰਦਾ ਪਰ ਕਹਿ ਨਾ ਸਕਿਆ, ਬੁੱਲ੍ਹ ਖੁੱਲ੍ਹ ਨਾ ਸਕੇ।
ਪੰਡਿਤ ਵੀ ਰਾਜੇ ਦੇ ਪਿੱਛੇ-ਪਿੱਛੇ, ਸੁਧ-ਬੁਧ ਬਗ਼ੈਰ, ਜਿੱਧਰ ਪੈਰ ਲਿਜਾਈ ਗਏ ਤੁਰਦਾ ਗਿਆ। ਰਾਜਾ ਭੋਜ ਦੇ ਮੁਖੋਂ ਵਾਕ ਨਿਕਲਿਆ- ਕੁਝ ਕੁ ਘੜੀਆਂ ਵਿੱਚ ਹੀ ਮੇਰੀ ਇਹ ਹਾਲਤ ਹੋ ਗਈ, ਮਾਲੀ ਤਾਂ ਮਰਕੇ ਵੀ ਬਗ਼ੀਚੀ ਦਾ ਭੌਰਾ ਬਣੇਗਾ। ਕਾਸ਼, ਆਪਣੇ ਹੱਥੀਂ ਮੈਂ ਵੀ ਕੋਈ ਬਗ਼ੀਚਾ ਲਾਇਆ ਹੁੰਦਾ।
-ਹਜ਼ੂਰ ਦੇਸ਼ ਦੇ ਸਾਰੇ ਬਾਗ਼ ਤੁਹਾਡੇ ਤਾਂ ਹਨ।
-ਤੁਸੀਂ ਨਹੀਂ ਸਮਝੋਂਗੇ ਮਾਘ ਪੰਡਿਤ। ਮੇਰੀ ਮਜਬੂਰੀ ਨਹੀਂ ਸਮਝੋਂਗੇ। ਪੰਡਿਤ ਨੂੰ ਲੱਗਿਆ, ਰਾਜੇ ਦੀਆਂ ਅੱਖਾਂ ਖੁੱਲ੍ਹੀਆਂ ਹਨ ਪਰ ਨੀਂਦ ਵਿੱਚ ਚੱਲ ਰਿਹਾ ਹੈ। ਜਗਾ ਵੀ ਨਹੀਂ ਸਕਦਾ। ਪੰਡਿਤ ਦੇ ਰੋਮ-ਰੋਮ ਵਿੱਚ ਡਰ ਫੈਲਿਆ। ਚੁੱਪ ਚਾਪ ਤੁਰਦੇ ਰਹੇ। ਰਾਜੇ ਨੇ ਪੁੱਛਿਆ- ਤੁਸੀਂ ਇੱਕ ਗੱਲ ਤੇ ਧਿਆਨ ਦਿੱਤਾ?
-ਕਿਸ ਗੱਲ ਤੇ ਹਜ਼ੂਰ?
ਸਵਾਲ ਪੁੱਛ ਕੇ ਰਾਜਾ ਚੁੱਪ ਕਰ ਗਿਆ, ਥੋੜ੍ਹੀ ਦੇਰ ਬਾਅਦ ਬੋਲਿਆ,
-ਤੁਸੀਂ ਮੇਰੇ ਤੋਂ ਕੁਝ ਪੁੱਛਿਆ?
-ਨਹੀਂ ਹਜ਼ੂਰ ਤੁਸੀਂ ਪੁੱਛਿਆ ਸੀ ਕਿ ਮੈਂ ਇੱਕ ਗੱਲ ਵੱਲ ਧਿਆਨ ਦਿੱਤਾ?
-ਮੈਂ ਸੁਫ਼ਨੇ ਵਿੱਚ ਦੇਖਿਆ ਸੀ ਕਿ ਜਾਗਦੇ ਹੋਏ? ਪਰ ਸੁੱਤੇ ਤਾਂ ਅਸੀਂ ਅੱਜ ਉਕਾ ਨਹੀਂ।
-ਜੀ ਮਹਾਰਾਜ ਸੁੱਤੇ ਕਦੋਂ ਆਪਾਂ? ਪੈਦਲ ਚੱਲਣ ਕਾਰਨ ਥੱਕ ਗਏ ਹੋ।
-ਪੈਦਲ? ਮੇਰਾ ਤਾਂ ਦਿਲ ਕਰਦੈ ਤੁਰਦਾ ਜਾਵਾਂ ਇਸੇ ਤਰ੍ਹਾਂ ਨਿਰੰਤਰ। ਤੁਹਾਡੇ ਪੈਰਾਂ ਵਿੱਚ ਛਾਲੇ ਪੈ ਗਏ। ਤੁਸੀਂ ਥੱਕ ਗਏ ਲਗਦੇ ਹੋ।
-ਛਾਲੇ ਜ਼ਰੂਰ ਪੈ ਗਏ ਹਜ਼ੂਰ, ਥੱਕਿਆ ਬਿਲਕੁਲ ਨਹੀਂ। ਉਜੈਨ ਤੱਕ ਜਾ ਸਕਦਾਂ।
-ਪਰ ਰਸਤੇ ਦਾ ਪਤਾ ਹੋਵੇ ਤਾਂ ਹੀ ਪਹੁੰਚਾਂਗੇ। ਮੈਨੂੰ ਲਗਦੈ ਆਪਾਂ ਰਸਤਾ ਭੁੱਲ ਗਏ ਹਾਂ।
-ਨਹੀਂ ਹਜ਼ੂਰ ਸਹੀ ਜਾ ਰਹੇ ਹਾਂ, ਇੱਕ ਥਾਂ ਤੋਂ ਇੱਕ ਵਾਰ ਲੰਘ ਜਾਵਾਂ ਮੈਂ ਰਸਤਾ ਨਹੀਂ ਭੁੱਲਦਾ।
-ਮੈਂ ਭੁੱਲ ਜਾਂਦਾ ਹਾਂ। ਉਸੇ ਰਸਤੇ ਦੁਬਾਰਾ ਜਾਣ ਦੀ ਇੱਛਾ ਵੀ ਨਹੀਂ ਹੁੰਦੀ। ਤੁਸੀਂ ਵੀ ਦੇਖਿਆ ਹੋਵੇ ਸੱਚ ਦਸਣਾ, ਜਦੋਂ ਬਣਮਾਲੀ ਥੋੜ੍ਹੀ ਦੇਰ ਆਪਣੇ ਨਾਲ ਤੁਰਿਆ ਸੀ, ਉਸਦਾ ਬਗ਼ੀਚਾ ਵੀ ਉਸ ਨਾਲ ਤੁਰ ਪਿਆ ਸੀ, ਵਾਪਸ ਗਿਆ, ਬਗ਼ੀਚਾ ਵਾਪਸ ਚੱਲ ਪਿਆ ਜਿਵੇਂ ਉਸ ਦਾ ਪਰਛਾਵਾਂ ਹੋਵੇ। ਇਹ ਨਜ਼ਾਰਾ ਮੈਂ ਪ੍ਰਤੱਖ ਦੇਖਿਆ। ਕੋਈ ਇਸ ਨੂੰ ਸੱਚ ਨਹੀਂ ਮੰਨੇਗਾ। ਡਰਦੇ ਲੋਕ ਮੇਰੀ ਹਾਂ ਵਿੱਚ ਹਾਂ ਮਿਲਾਈ ਜਾਣਗੇ ਪਰ ਮਾਲੀ ਵਾਂਗ ਸੱਚ ਕੋਈ ਨਹੀਂ ਬੋਲੇਗਾ। ਰਾਜੇ ਨੂੰ ਸੱਚਾਈ ਦਾ ਪਤਾ ਨਹੀਂ ਲਗਦਾ। ਉਹ ਝੂਠ ਵਿੱਚ ਪਲਦਾ ਹੈ, ਝੂਠ ਵਿੱਚ ਮਰਦਾ ਹੈ। ਤੁਸੀਂ ਝੂਠ ਨਾ ਬੋਲਣਾ, ਸੱਚ ਕਹੋ ਤੁਸੀਂ ਇਹ ਨਜ਼ਾਰਾ ਦੇਖਿਆ?
-ਨਹੀਂ ਹਜ਼ੂਰ, ਮੈਨੂੰ ਅਜਿਹਾ ਕੁਝ ਨਹੀਂ ਦਿਸਿਆ। ਜੇ ਤੁਸੀਂ ਮੈਨੂੰ ਚਲਦਾ ਫਿਰਦਾ ਬਗ਼ੀਚਾ ਦਿਖਾ ਦਿੰਦੇ, ਦੇਖ ਕੇ ਮੈਂ ਵੀ ਧੰਨ ਹੋ ਜਾਂਦਾ। ਜੋ ਤੁਹਾਨੂੰ ਦਿਸਿਆ, ਮੈਨੂੰ ਕਿਵੇਂ ਨਾ ਦਿਸਦਾ?
-ਆਪੋ ਆਪਣੀ ਫਿਤਰਤ ਹੈ, ਆਪੋ ਆਪਣਾ ਢੰਗ। ਹੋ ਸਕਦੈ ਇਹ ਮੇਰਾ ਭਰਮ ਹੋਵੇ। ਪਰ ਮੈਨੂੰ ਉਸ ਸ਼ੁਭ ਘੜੀ ਦਿਸਿਆ ਸੀ ਇਉਂ। ਮੰਨੋਗੇ?
-ਕਿਵੇਂ ਨਹੀਂ ਮੰਨੂਗਾ ਮਹਾਰਾਜ?
-ਪਰ ਤੁਹਾਡੀਆਂ ਅੱਖਾਂ ਨਹੀਂ ਮੰਨ ਰਹੀਆਂ। ਹੋਠਾਂ ਅਤੇ ਅੱਖਾਂ ਦੀ ਬਾਣੀ ਵਿੱਚ ਬੜਾ ਫ਼ਰਕ। ਬਣਮਾਲੀ ਨਾ ਮਿਲਦਾ, ਇਸ ਗੱਲ ਦਾ ਪਤਾ ਨਾ ਲਗਦਾ। ਆਪਾਂ ਉਜੈਨ ਜਾ ਰਹੇ ਹਾਂ ਨਾ?
-ਹੋਰ ਕਿੱਥੇ ਜਾਵਾਂਗੇ ਹਜ਼ੂਰ, ਸਿੱਧੇ ਉਥੀ ਪੁੱਜਣਾ ਹੈ।
ਮਾਘ ਪੰਡਿਤ ਵਾਸਤੇ ਕੋਈ ਉਲਝਣ ਨਹੀਂ, ਉਸਨੇ ਉਜੈਨ ਪੁੱਜਣਾ ਹੈ। ਉਸ ਤੋਂ ਵਧੀਆਂ ਥਾਂ ਕਿਹੜੀ ਹੋ ਸਕਦੀ ਹੈ? ਰੱਬ ਜਾਣੇ ਇਹ ਬਗ਼ੀਚਾ ਕੀ ਕੀ ਗੁਲ ਖਿੜਾਏਗਾ। ਕੋਈ ਬਗ਼ੀਚਾ ਕਦੀ ਤੁਰਿਐ? ਪਾਗ਼ਲਪਣ। ਰਾਜੇ ਨੂੰ ਕੌਣ ਸਮਝਾਏ। ਰਾਜਾ ਸੱਚ ਬਰਦਾਸ਼ਤ ਨਹੀਂ ਕਰਿਆ ਕਰਦਾ ਤਾਂ ਹੀ ਤਾਂ ਲੋਕ ਝੂਠ ਬੋਲਦੇ ਨੇ। ਕਿਉਂ ਕੋਈ ਜਾਨ ਜੋਖ਼ਮ ਵਿੱਚ ਪਾਏ? ਉਜੈਨ ਪਹੁੰਚਣ ਸਾਰ ਰਾਜਵੈਦ ਬੁਲਾ ਕੇ ਇਨ੍ਹਾਂ ਦਾ ਇਲਾਜ ਕਰਾਵਾਂਗਾ, ਪਲ ਭਰ ਦੀ ਢਿੱਲ ਨਹੀਂ ਕਰਨੀ। ਪਰ ਕਿਤੇ ਉਜੈਨ ਪਹੁੰਚਣ ਤੋਂ ਪਹਿਲਾਂ ਪੂਰੇ ਪਾਗ਼ਲ ਹੋ ਗਏ ਫੇਰ? ਲੱਛਣ ਤਾਂ ਇਹੋ ਲਗਦੇ ਨੇ। ਮਹਾਰਾਣੀ ਜੀ ਨੂੰ ਖੋਲ੍ਹ ਕੇ ਸਾਰੀ ਗੱਲ ਦੱਸਣੀ ਪਏਗੀ।
ਇਹੋ ਜਿਹੀ ਹਾਲਤ ਵਿੱਚ ਜੋ ਹੋਇਆ ਕਰਦੈ ਉਹੀ ਹੋਇਆ। ਡੇਢ ਕੋਹ ਤੁਰਨ ਪਿੱਛੋਂ ਰਸਤਾ ਭੁੱਲ ਗਏ। ਆਉਣ ਵੇਲੇ ਰਸਤੇ ਵੱਲ ਵੱਧ ਧਿਆਨ ਨਹੀਂ ਦਿੱਤਾ। ਰਾਜਾ ਮਾਲੀ ਤੋਂ ਅੱਗੇ ਲੰਘਣਾ ਚਾਹ ਰਿਹਾ ਸੀ ਫਿਰ ਰਸਤਾ ਕੌਣ ਦੇਖਦਾ? ਪੰਡਿਤ ਦੇ ਹੋਸ਼ ਛਾਲਿਆਂ ਨੇ ਗੁੰਮ ਕਰ ਰੱਖੇ ਸਨ। ਬਗ਼ੀਚੇ ਦੀ ਸੁੰਦਰਤਾ ਨੇ ਬਾਕੀ ਬਚੀ ਹੋਸ਼ ਗੁੰਮ ਕਰ ਦਿੱਤੀ। ਬਗ਼ੀਚਾ ਦੇਖਣ ਤੋਂ ਪਹਿਲਾਂ ਵਾਲਾ ਰਾਜਾ ਹੋਰ ਸੀ, ਬਾਅਦ ਵਿੱਚ ਹੋਰ ਹੋ ਗਿਆ, ਦੋਵਾਂ ਵਿਚਕਾਰ ਚੌੜੀ ਦਰਾੜ ਪੈ ਗਈ। ਸੋਚਣ ਲੱਗਾ, ਮੈਂ ਉਜੈਨ ਦਾ ਰਸਤਾ ਲੱਭਾਂ ਕਿ ਆਪਣੇ ਆਪ ਕੋਲ ਪੁੱਜਣ ਦਾ? ਬਣਮਾਲੀ ਦੇ ਬਗ਼ੀਚੇ ਨੇ ਦਿਲ ਅੰਦਰ ਫੁੱਲ ਹੀ ਫੁੱਲ, ਮਹਿਕਾਂ ਹੀ ਮਹਿਕਾਂ, ਹਰਿਆਲੀ ਤੇ ਕੰਡੇ... ਕਿੰਨਾ ਕੁਝ ਖਲਾਰ ਦਿੱਤਾ।
ਇੱਕ ਥਾਂ ਰੁਕ ਕੇ ਮਾਘ ਪੰਡਿਤ ਨੇ ਚਾਰੇ ਪਾਸੇ ਨਿਗਾਹ ਮਾਰੀ, ਕੋਈ ਰਾਹਗੀਰ ਮਿਲ ਜਾਏ, ਰਸਤਾ ਦੱਸੇ। ਰਾਹਗੀਰ ਤਾਂ ਨਹੀਂ ਦੂਰ ਖੇਤ ਕਿਨਾਰੇ ਖਲੋਤੀ ਬੁੱਢੀ ਦਿਸੀ। ਰੱਬ ਦਿਸਦਾ ਏਨੀ ਖ਼ੁਸ਼ੀ ਨਾ ਹੁੰਦੀ ਜਿੰਨੀ ਬੁੱਢੀ ਦੇਖਣ ਤੋਂ ਮਿਲੀ। ਰੱਬ ਕਿਹੜਾ ਕਿਸੇ ਰਾਜੇ ਮਹਾਰਾਜੇ ਦਾ ਨੌਕਰ ਹੈ ਬਈ ਹੱਥ ਫੜਕੇ ਟਿਕਾਣੇ ਤੇ ਪੁਚਾ ਦੇਵੇ? ਦਿਸ਼ਾ ਮਿਲ ਜਾਏ ਪੁੱਜ ਜਾਂਗੇ। ਆਪਣੇ ਘਰ ਪਰਿਵਾਰ ਵਿੱਚ ਜਾਣ ਨਾਲੋਂ ਕੋਈ ਸੁਖ ਵੱਧ ਚੰਗਾ ਨਹੀਂ। ਆਪਣਾ ਘਰ, ਆਪਣਾ ਪਲੰਘ, ਆਪਣੀ ਨੀਂਦ, ਆਪਣੇ ਸੁਫ਼ਨੇ। ਹੋਰ ਕੀ ਚਾਹੀਦੈ?
ਤੁਰਦੇ ਤੁਰਦੇ ਰਾਜੇ ਨੂੰ ਸ਼ੱਕ ਹੋਇਆ, ਜਿਨ੍ਹਾਂ ਪੈਰਾਂ ਉੱਪਰ ਤੁਰ ਰਿਹਾ ਹਾਂ ਇਹ ਮੇਰੇ ਨੇ ਕਿ ਕਿਸੇ ਹੋਰ ਦੇ? ਕਿੱਥੇ ਲੈ ਜਾਣਗੇ? ਜਿੱਥੇ ਉਹ ਜਾਣਾ ਚਾਹੁੰਦੈ ਕਿ ਜਿੱਥੇ ਉਹ ਲਿਜਾਣਾ ਚਾਹੁੰਦੇ ਨੇ? ਲਗਦੈ ਬੁੱਢੀ ਤੱਕ ਤਾਂ ਲੈ ਈ ਜਾਣਗੇ। ਅਗਲਾ ਰਸਤਾ ਬੁੱਢੀ ਦੱਸ ਦਏਗੀ। ਪਰ ਜੇ ਨਾ ਦੱਸ ਸਕੀ ਫੇਰ?
ਬੁੱਢੀ ਦੇ ਨੇੜੇ ਪਹੁੰਚਣ ਸਾਰ ਰਾਜੇ ਦੇ ਪੈਰ ਰੁਕ ਗਏ ਹਾਲਾਂਕਿ ਬਿਨਾਂ ਰੁਕੇ ਉਹ ਕਿਤੇ ਦੂਰ ਆਪਣੀ ਤਲਾਸ਼ ਵਿੱਚ ਨਿਕਲ ਜਾਣਾ ਚਾਹੁੰਦਾ ਸੀ। ਹੁਣ ਤੱਕ ਰਾਜਾ ਪੈਰਾਂ ਨੂੰ ਆਪਣੀ ਮਰਜ਼ੀ ਨਾਲ ਤੋਰਦਾ ਰਿਹਾ ਸੋ ਕਿਤੇ ਨਾ ਪੁੱਜ ਸਕਿਆ। ਅੱਜ ਜੇ ਆਪਣੇ ਪੈਰਾਂ ਦੀ ਮਰਜ਼ੀ ਨਾਲ ਚੱਲਾਂ ਤਾਂ ਪੈਰ ਧੋਖਾ ਤਾਂ ਨਹੀਂ ਦੇਣਗੇ? ਪੈਰਾਂ ਉੱਪਰ ਇੰਨਾ ਕੁ ਇਤਬਾਰ ਤਾਂ ਕਰਨਾ ਪਵੇਗਾ ਹੀ।
ਖੇਤ ਵੱਲ ਦੇਖਦੀ ਬੁੱਢੀ ਕੋਈ ਗੀਤ ਗੁਣਗੁਣਾ ਰਹੀ ਸੀ ਜਿਵੇਂ ਖੇਤ ਵਿੱਚੋਂ ਚੋਗਾ ਚੁਗਦੀਆਂ ਚਿੜੀਆਂ ਨੂੰ ਲੋਰੀ ਦਿੰਦੀ ਹੋਵੇ। ਬਰਫ਼ ਵਰਗੇ ਸਫ਼ੈਦ ਵਾਲ। ਰਤਾ ਕੁ ਕੁੱਬੀ। ਅੱਖਾਂ ਇਸ ਤਰ੍ਹਾਂ ਜਿਵੇਂ ਬੀਤਿਆ ਜ਼ਮਾਨਾ ਦੇਖ ਰਹੀਆਂ ਹੋਣ। ਸਣ ਦੀ ਰੱਸੀ ਨਾਲ ਲੱਕ ਦੁਆਲ਼ੇ ਬੰਨ੍ਹਿਆ ਸੰਖ। ਸਿਰ ਕਿਸੇ ਲੈਅ ਵਿੱਚ ਹਿੱਲ ਰਿਹਾ। ਸਾਰੀਆਂ ਇੱਛਾਵਾਂ ਤੋਂ ਮੁਕਤ। ਦਿਲ ਭਰ ਕੇ ਜੀਵਨ ਜੀ ਤਾਂ ਲਿਆ। ਪਰ ਅਜੇ ਤਾਂ ਹੋਰ ਜੀਣਾ ਹੈ, ਚਿੜੀਆਂ ਤੋਂ ਖੇਤ ਬਚਾਉਣ ਲਈ ਜੀਏਗੀ ਕਿ ਚਿੜੀਆਂ ਨੂੰ ਦਾਣੇ ਚੁਗਣ ਦਾ ਨਿਉਂਦਾ ਦਏਗੀ? ਰਾਜਾ ਇਸ ਗੁੰਝਲ ਨੂੰ ਸੁਲਝਾ ਨਾ ਸਕਿਆ।
ਧਰਤੀ ਦੀ ਗੋਦ ਵਿੱਚ ਬਾਜਰੇ ਦਾ ਖੇਤ ਸਿਰ ਤਾਣੀ ਮਸਤੀ ਵਿੱਚ ਝੂਮ ਰਿਹਾ ਸੀ। ਚਮਕਦੇ ਮੋਤੀਆਂ ਵਰਗੇ ਦਾਣੇ ਸਿਟੇ ਸਿਟੇ ਉੱਪਰ, ਅਣਗਿਣਤ ਚਿੜੀਆਂ ਆਪੋ ਆਪਣਾ ਦਾਣਾ ਚੁਗਣ ਵਿੱਚ ਮਸਤ। ਬੁੱਢੀ ਕੰਨਾਂ ਤੋਂ ਸ਼ਾਇਦ ਬੋਲੀ ਹੋਵੇ। ਅੱਖਾਂ ਦੀ ਜੋਤ ਵੀ ਜਿਵੇਂ ਨਾਂਹ ਦੇ ਬਰਾਬਰ, ਪਰ ਪੈਰਾਂ ਦੀ ਆਹਟ ਤਾਂ ਸੁਣੀ ਨਹੀਂ।
ਰਾਜਾ ਕਾਠ ਦੇ ਪੁਤਲੇ ਵਾਂਗ ਖੜ੍ਹਾ ਰਿਹਾ। ਮਾਘ ਹੋਸ਼ ਵਿੱਚ ਸੀ, ਹੇਠ ਝੁਕ ਕੇ ਉਸਨੇ ਹੱਥ ਵਿੱਚ ਡਲਾ ਚੁੱਕਿਆ ਹੀ ਸੀ ਕਿ ਚਿੜੀਆਂ ਨੇ ਅਨੋਖੀ ਚੀਂ-ਚੀਂ ਕਰਕੇ ਬੁੱਢੀ ਕੋਲ ਸ਼ਿਕਾਇਤ ਲਾ ਦਿੱਤੀ। ਪਿੱਛੇ ਮੁੜਕੇ ਦੇਖਿਆ, ਕੜਕ ਕੇ ਬੋਲੀ- ਖ਼ਬਰਦਾਰ...। ਲੱਗਿਆ... ਡਲਾ ਜਿਵੇਂ ਬੁੱਢੀ ਦੇ ਮਾਰਨਾ ਹੋਵੇ। ਸਫ਼ਾਈ ਦੇਣ ਵਾਸਤੇ ਪੰਡਿਤ ਬੋਲਿਆ- ਖੇਤ ਉਜਾੜਦੀਆਂ ਚਿੜੀਆਂ ਵਾਸਤੇ ਚੁੱਕਿਆ ਸੀ...। ਹੱਥ ਵਿੱਚ ਚੁੱਕਿਆ ਡਲਾ ਪੰਡਿਤ ਦੇ ਹੱਥ ਵਿੱਚ ਰਹਿ ਗਿਆ, ਕਹਿੰਦਾ ਚਿੜੀਆਂ ਖੇਤ ਉਜਾੜ ਰਹੀਆਂ ਨੇ ਨਾ, ਉਨ੍ਹਾਂ ਵਾਸਤੇ ਚੁੱਕਿਆ ਸੀ।
ਬੱਦਲਾਂ ਵਿੱਚ ਕੇਵਲ ਬਿਜਲੀ ਨਹੀਂ ਹੁੰਦੀ, ਪਾਣੀ ਵੀ ਤਾਂ ਬੇਸ਼ੁਮਾਰ ਹੁੰਦਾ ਹੈ। ਬੁੱਢੀ ਮੁਸਕਾਈ, ਖ਼ਾਲੀ ਮੂੰਹ ਵਿੱਚੋਂ ਜਿਵੇਂ ਤਾਰੇ ਝੜੇ ਹੋਣ। ਹੈਰਾਨ ਹੋ ਕੇ ਕਹਿੰਦੀ- ਉਜਾੜਾ? ਤਾਂ ਕੀ ਹੋਇਆ? ਖੇਤ ਵਿੱਚੋਂ ਦਾਣਾ ਦੁਣਕਾ ਨਹੀਂ ਚੁਗਣਗੀਆਂ ਫਿਰ ਦੱਸ ਉਹ ਬਾਣੀਏ ਦੀ ਹੱਟੀ ਤੋਂ ਖ਼ਰੀਦ ਕੇ ਲਿਆਉਣਗੀਆਂ? ਤੇਰੇ ਡਲੇ ਨਾਲ ਜੇ ਮੇਰੀ ਕੋਈ ਚਿੜੀ ਧੀ ਮਰ ਜਾਂਦੀ ਫੇਰ?
-ਮਰ ਜਾਂਦੀ ਤਾਂ ਮਰ ਜਾਂਦੀ... ਫੇਰ ਕੀ ਹੁੰਦਾ? ਪੰਡਿਤ ਲਾਪ੍ਰਵਾਹੀ ਨਾਲ ਬੋਲਿਆ।
ਬੁੱਢੀ ਦੁਬਾਰਾ ਗੰਭੀਰ ਹੋ ਗਈ। ਉਪਰੋਂ ਹੇਠ ਤੱਕ ਪੰਡਿਤ ਵੱਲ ਧਿਆਨ ਮਾਰਿਆ। ਕਹਿੰਦੀ- ਬੜੇ ਅਜੀਬ ਮਾਣਸ ਹੋ ਤੁਸੀਂ। ਆਪਣੇ ਹੱਥਾਂ ਨਾਲ ਇੱਕ ਚੰਮਜੂੰ ਨਹੀਂ ਘੜ ਸਕਦੇ ਤੁਸੀਂ, ਖ਼ੁਸ਼ੀ ਨਾਲ ਉਡਦੀ ਫਿਰਦੀ ਮੇਰੀ ਬੇਟੀ ਨੂੰ ਮੌਜ ਮਸਤੀ ਕਰਦੇ ਮਾਰ ਦਿੰਦੇ? ਚਿੜੀਆਂ ਦੀ ਤਾਂ ਗੱਲ ਦੂਰ, ਲੋਭ ਵਿੱਚ ਆ ਕੇ ਤੁਸੀਂ ਤਾਂ ਆਪਣੀ ਜਾਤ ਬਰਾਦਰੀ, ਪਿਤਾ, ਭਾਈ ਉੱਪਰ ਵੀ ਦਇਆ ਨਹੀਂ ਕਰਦੇ। ਪਤਾ ਨੀ ਲਗਦਾ ਜ਼ਮਾਨੇ ਨਾਲ ਆਦਮੀ ਦੀ ਮੱਤ ਘਟ ਰਹੀ ਹੈ ਕਿ ਵਧ ਰਹੀ..।
ਸਹਿਮੀਆਂ ਚਿੜੀਆਂ ਵੱਲ ਦੇਖ ਕੇ ਬੁੱਢੀ ਨੇ ਕਿਹਾ- ਮਾਰਨ ਦੀ ਥਾਂ ਧਿਆਨ ਜੀਵਾਲਣ ਵੱਲ ਦਿੱਤਾ ਹੁੰਦਾ ਨਾ, ਦੁਨੀਆ ਦਾ ਨਜ਼ਾਰਾ ਬਦਲ ਜਾਂਦਾ। ਇਹ ਕਹਿ ਕੇ ਬੁੱਢੀ ਚੁੱਪ ਤਾਂ ਹੋ ਗਈ ਪਰ ਰਾਜੇ ਨੂੰ ਉਸਦੀ ਗਰਜ ਫਿਰ ਵੀ ਸੁਣਾਈ ਦਿੰਦੀ ਰਹੀ। ਸੁੰਨੀਆਂ ਅੱਖਾਂ ਨਾਲ ਅਸਮਾਨ ਵੱਲ ਦੇਖਣ ਲੱਗੀ ਜਿਵੇਂ ਇਲਾਜ ਧਰਤੀ ਉੱਪਰ ਨਹੀਂ ਆਸਮਾਨ ਵਿੱਚ ਹੈ। ਬੁੱਢੀ ਨੇ ਸੰਖ ਮੂੰਹ ਨੂੰ ਲਾਇਆ, ਜ਼ੋਰ ਦੀ ਫੂਕ ਮਾਰੀ, ਨਿਰਜਿੰਦ ਸੰਖ ਵਿੱਚ ਜਾਨ ਪੈ ਗਈ, ਮਿੱਠੀ ਆਵਾਜ਼ ਚਾਰੇ ਪਾਸੇ ਫੈਲ ਗਈ। ਇੱਕੋ ਝੁੰਡ ਵਿੱਚ ਉੱਡ ਕੇ ਚਿੜੀਆਂ ਦੂਜੇ ਦਰਖ਼ਤਾਂ ਵਿੱਚ ਦੁਬਕ ਗਈਆਂ।
ਮਾਘ ਪੰਡਿਤ ਨੇ ਰਾਜੇ ਅਤੇ ਬੁੱਢੀ ਦੀ ਜੋ ਰੰਗਤ ਦੇਖੀ, ਸਹਿਮ ਗਿਆ। ਇਨ੍ਹਾਂ ਦਾ ਵਸ ਚੱਲੇ ਚੁੱਪਚਾਪ ਇੱਕ ਦੂਜੇ ਨੂੰ ਨਿਹਾਰਦੇ ਰਹਿਣ। ਪਤਾ ਨਹੀਂ ਕਿਹੜੀ ਕੁਲਹਿਣੀ ਘੜੀ ਸੀ ਜਦੋਂ ਮਹਿਲਾਂ ਵਿੱਚੋਂ ਬਾਹਰ ਨਿਕਲੇ। ਇੱਕ-ਇੱਕ ਪਲ ਬੋਝਲ। ਬੁੱਢੀ ਦੀ ਹੋਸ਼ ਟਿਕਾਣੇ ਆਏ, ਪੰਡਿਤ ਨੇ ਕਿਹਾ- ਮਾਂ ਰਾਮ ਰਾਮ...।
ਰਾਮ ਰਾਮ ਦਾ ਜਵਾਬ ਦੇ ਕੇ ਚਿੜੀ ਵਾਂਗ ਚਹਿਕਦੀ ਬੁੱਢੀ ਨੇ ਕਿਹਾ- ਅਸੀਸ ਦੇਣ ਦਾ ਤਾਂ ਕਾਹਦਾ ਗੁਮਾਨ, ਇੱਕ ਮਾਮੂਲੀ ਗੱਲ ਦੱਸਣ ਨੂੰ ਦਿਲ ਕਰਦੈ। ਮਨੁੱਖ ਦੀ ਦੇਹ ਮਿਲ ਗਈ ਹੈ ਮਨੁੱਖਾਂ ਵਾਂਗ ਜਿਊਣਾ ਵੀ ਸਿਖ ਲਉ, ਚਾਹੇ ਇੱਕ ਦਿਨ ਲਈ ਚਾਹੇ ਇੱਕ ਰਾਤ ਵਾਸਤੇ, ਨਹੀਂ ਤਾਂ ਸੌ ਸਾਲ ਦੀ ਉਮਰ ਬੇਕਾਰ ਹੈ। ਤੁਹਾਡੇ ਮਾਰਨ ਵਾਸਤੇ ਕਿਸੇ ਚਿੜੀ ਨੇ ਡਲਾ ਤਾਂ ਚੁੱਕਿਆ ਨਹੀਂ ਸੀ, ਜ਼ਮੀਨ ਤੇ ਪਿਆ ਡਲਾ ਤੁਸੀਂ ਕਿਉਂ ਚੁੱਕਿਆ? ਇਸ ਡਲੇ ਸਦਕਾ ਜ਼ਮੀਨ ਦੀ ਮਰਿਆਦਾ ਵੀ ਘਟੀ ਤੁਹਾਡੀ ਵੀ।
ਪੰਡਿਤ ਦੀ ਮੁੱਠੀ ਕੁਝ ਢਿਲੀ ਹੋਈ, ਪਸੀਨੇ ਨਾਲ ਭਿਜਿਆ ਡਲਾ ਪੈਰਾਂ ਕੋਲ ਡਿੱਗ ਪਿਆ। ਖਿਝ ਕੇ ਕਹਿਣ ਲੱਗਾ- ਹੋਰ ਗੱਲਾਂ ਛੱਡੋ, ਇਹ ਦੱਸੋ ਇਹ ਰਸਤਾ ਕਿੱਧਰ ਜਾਂਦਾ ਹੈ। ਮਿਹਰਬਾਨੀ ਕਰੋ। ਹੋਰ ਕੁਝ ਨਹੀਂ ਜਾਣਨਾ।
ਸੂਰਜ ਮੁਸਕਾਏ ਪਤਾ ਨੀ ਕਿਹੋ ਜਿਹਾ ਲੱਗੇ ਪਰ ਪੰਡਿਤ ਦੇ ਬੋਲ ਸੁਣਕੇ ਬੁੱਢੀ ਜਦੋਂ ਮੁਸਕਾਈ ਜਿਵੇਂ ਸੂਰਜ ਖਿੜ ਗਿਆ ਹੋਵੇ। ਕਹਿੰਦੀ- ਕੋਈ ਰਸਤਾ ਕਿਤੇ ਨਹੀਂ ਜਾਂਦਾ, ਆਉਂਦੇ ਜਾਂਦੇ ਤਾਂ ਮਹਿਮਾਨ ਨੇ, ਆਪੋ ਆਪਣੇ ਰਸਤਿਆਂ ਉੱਪਰ ਚਲਦੇ ਚਲਦੇ ਲੋਪ ਹੋ ਜਾਂਦੇ ਨੇ। ਦੇਖ ਹੀ ਰਹੇ ਹੋ ਮੈਂ ਆਪਣੇ ਕਿਨਾਰੇ ਤੇ ਪੁੱਜ ਗਈ ਹਾਂ, ਤੁਸੀਂ ਵੀ ਪਹੁੰਚ ਜਾਉਗੇ। ਇਹ ਗੱਲ ਭੁੱਲ ਗਏ ਤਾਂ ਭਟਕਣਾ ਪਏਗਾ। ਏਨਾ ਕਹਿਕੇ ਚੁੱਪ ਹੋ ਗਈ।
ਰਾਜਾ ਭੋਜ ਸੋਚਣ ਲੱਗਾ- ਇਨ੍ਹਾਂ ਦੋ ਪੁਤਲੀਆਂ ਨਾਲ ਬੁੱਢੀ ਦਾ ਹੁਲੀਆ ਪਰਖਿਆ ਜਾ ਸਕਦਾ ਹੈ ਕੀ? ਪੈਰਾਂ ਹੇਠਲੀ ਧਰਤੀ ਤੋਂ ਘੱਟ ਉਮਰ ਤਾਂ ਇਸਦੀ ਹੋਇਗੀ ਨਹੀਂ। ਰਾਜੇ ਨੂੰ ਆਪਣੀ ਨਜ਼ਰ ਵੀ ਬਦਲਦੀ ਬਦਲਦੀ ਲੱਗੀ, ਪਤਾ ਨਾ ਲੱਗੇ ਡੇਢ ਪਸਲੀ ਦੀ ਇਸ ਬੁੱਢੀ ਦਾ ਰੂਪ ਧਰਤੀ ਤੋਂ ਘੱਟ ਹੈ ਕਿ ਵੱਧ। ਪੰਡਿਤ ਦੇ ਸਵਾਲ ਦਾ ਜਵਾਬ ਇਸ ਬੁੱਢੀ ਨੇ ਦਿੱਤਾ ਕਿ ਧਰਤੀ ਨੇ? ਧਰਤੀ ਵਾਂਗ ਇਸ ਬੁੱਢੀ ਦੀ ਕੁੱਖ ਵਿੱਚ ਵੀ ਕੀ ਅਣਗਿਣਤ ਬੀਜ ਦੁਬਕੇ ਬੈਠੇ ਨੇ? ਬੰਦਿਆਂ ਵਾਂਗ ਬੋਲਦੀ ਧਰਤੀ ਪਹਿਲੀ ਵਾਰ ਦੇਖੀ। ਉਸਦੇ ਅੱਖਰ ਅੱਖਰ ਵਿੱਚ ਬਗ਼ੀਚੇ ਦੇ ਫੁੱਲਾਂ ਦੀ ਮਹਿਕ!
ਮਾਘ ਪੰਡਿਤ ਕੋਰੇ ਦਾ ਕੋਰਾ, ਭਾਵਹੀਣ ਚਿਹਰਾ, ਜਿਵੇਂ ਕੁਝ ਸੁਣਿਆ ਹੀ ਨਹੀਂ। ਜਾਦੂ ਟੂਣਾ ਕਰਨ ਵਾਲੀ ਬੁੱਢੀ ਲਗਦੀ ਹੈ।
ਬੁੱਢੀ ਨੇ ਸਹਿਜ ਸੁਭਾਅ ਰਾਜੇ ਨੂੰ ਪੁੱਛਿਆ- ਰਸਤੇ ਦਾ ਪਤਾ ਕਰਨ ਤੋਂ ਪਹਿਲਾਂ ਇਹ ਤਾਂ ਦੱਸੋ, ਤੁਸੀਂ ਹੋ ਕੌਣ?
ਮਾਘ ਪੰਡਿਤ ਕਿਤੇ ਅਸਲ ਉੱਤਰ ਨਾ ਦੇ ਦੇਵੇ, ਰਾਜੇ ਨੇ ਮੌਕਾ ਸੰਭਾਲਿਆ, ਕਿਹਾ- ਮਾਂ ਅਸੀਂ ਦੋ ਮੁਸਾਫ਼ਰ ਹਾਂ।
ਡਗਮਗ ਹਿਲਦੀ ਗਰਦਨ ਹੋਰ ਹਿਲਾਕੇ ਬੁੱਢੀ ਨੇ ਕਿਹਾ- ਨਾ, ਦੋ ਮੁਸਾਫ਼ਿਰ ਤਾਂ ਹੋਰ ਨੇ। ਤੁਹਾਡੀ ਇਹ ਹੈਸੀਅਤ ਕਿੱਥੇ?
ਰਾਜਾ ਭੋਜ ਨੇ ਪੁੱਛਿਆ- ਮਾਂ ਹੋਰ ਦੋ ਮੁਸਾਫ਼ਰ ਕਿਹੜੇ ਨੇ?
-ਇੱਕ ਸੂਰਜ, ਦੂਜਾ ਚੰਦ। ਤਮਾਮ ਦੁਨੀਆ ਵਿੱਚ ਹਰ ਦਮ ਰੌਸ਼ਨੀ ਅਤੇ ਪ੍ਰਾਣ ਵੰਡਦੇ ਫਿਰਦੇ। ਨਾ ਥਕਾਨ, ਨਾ ਵਿਛੌਣਾ, ਨਾ ਆਰਾਮ। ਨਾ ਰੌਸ਼ਨੀ ਦਾ ਅਖੁੱਟ ਖ਼ਜ਼ਾਨਾ ਮੁੱਕੇ, ਨਾ ਪ੍ਰਾਣਾਂ ਦਾ ਅਖੁੱਟ ਭੰਡਾਰ ਘਟੇ। ਚਾਨਣ ਦੇ ਲੋੜਵੰਦ ਨੂੰ ਚਾਨਣ, ਪ੍ਰਾਣਾਂ ਦੇ ਇਛੁੱਕ ਲਈ ਪ੍ਰਾਣ ਹਾਜ਼ਰ। ਇਨਕਾਰ ਕਿਸੇ ਨੂੰ ਨਹੀਂ, ਜਾਣਦੇ ਕਿਸੇ ਨੂੰ ਨਹੀਂ ਫਿਰ ਵੀ ਕੀ ਮਜਾਲ ਰਸਤਿਉਂ ਭਟਕ ਜਾਣ ਜਾਂ ਰਸਤਾ ਛੱਡ ਕੇ ਇੱਧਰ ਉੱਧਰ ਮੂੰਹ ਲੁਕਾ ਲੈਣ। ਰਾਹੀ ਤਾਂ ਇਨ੍ਹਾਂ ਨੂੰ ਕਹਿੰਦੇ ਨੇ, ਪਰ ਤੁਸੀਂ...?
ਮਾਘ ਪੰਡਿਤ ਨੂੰ ਲੱਗਾ ਇਵੇਂ ਮਨੋਰੰਜਨ ਹੋਣ ਲੱਗ ਪਿਆ, ਬੋਲਿਆ- ਮਾਂ ਅਸੀਂ ਤਾਂ ਮਹਿਮਾਨ ਹਾਂ।
ਬੁੱਢੀ ਸ਼ੱਕ ਨਾਲ ਉਨ੍ਹਾਂ ਵੱਲ ਵੇਖਣ ਲੱਗੀ, ਫਿਰ ਬੋਲੀ- ਨਾ ਭਾਈ ਨਾ...। ਮਹਿਮਾਨ ਤਾਂ ਹੋਰ ਨੇ ਦੋ ਕੋਈ। ਇੱਕ ਲੱਛਮੀ ਦੂਜਾ ਪ੍ਰਾਣ। ਬਿਨ ਬੁਲਾਏ ਆ ਜਾਂਦੇ ਨੇ, ਬਿਨ ਦੱਸੇ ਚਲੇ ਜਾਂਦੇ ਨੇ। ਫਿਰ ਵੀ ਇਨ੍ਹਾਂ ਦੇ ਆਉਣ ਨਾਲ ਹਰੇਕ ਨੂੰ ਬੇਅੰਤ ਖ਼ੁਸ਼ੀ ਹੁੰਦੀ ਹੈ, ਵਿਛੜ ਜਾਣ, ਬੇਹੱਦ ਉਦਾਸੀ। ਚਾਹੁਣ ਦੇਰ ਤਕ ਰੁਕੇ ਰਹਿਣ, ਮਰਜ਼ੀ ਤਾਂ ਦੇਖਦੇ ਦੇਖਦੇ ਅਹੁ ਗਏ ਅਹੁ ਗਏ। ਨਾ ਜਾਤ ਬਰਾਦਰੀ ਦਾ ਲਿਹਾਜ਼ ਨਾ ਰਿਸ਼ਤੇ ਨਾਤੇ ਦਾ ਭੇਦ ਭਾਵ। ਨਾ ਰਾਜੇ ਦਾ ਹੁਕਮ ਮੰਨਣ ਨਾ ਗ਼ਰੀਬ ਤੋਂ ਮਿੰਨਤਾ ਕਰਵਾਉਣ। ਇਹ ਹੋਏ ਮਹਿਮਾਨ। ਪਰਮਾਤਮਾ ਨੇ ਤੁਹਾਨੂੰ ਜਿੰਨੀ ਸੁਹਣੀ ਸੂਰਤ ਦਿੱਤੀ ਹੈ, ਦਿਮਾਗ਼ ਵੀ ਚੰਗਾ ਹੋਵੇਗਾ। ਸੋਚ ਵਿਚਾਰ ਕੇ ਜਵਾਬ ਦਿਉ।
ਅਜਿਹੇ ਅਜਨਬੀ ਮੁਸਾਫ਼ਰਾਂ ਨਾਲ ਬੁੱਢੀ ਦਾ ਵੀ ਪਹਿਲੀ ਵਾਰ ਵਾਹ ਪਿਆ। ਬੁਢਾਪੇ ਦੀ ਹੱਦ ਭੁੱਲ ਕੇ ਬੱਚੇ ਵਾਂਗ ਉਨ੍ਹਾਂ ਨਾਲ ਛੇੜਖਾਨੀ ਕਰਨ ਲੱਗੀ। ਉਧਰ ਰਾਜਾ ਭੋਜ ਨੂੰ ਬੁੱਢੀ ਦੀ ਇੱਕ ਇੱਕ ਗੱਲ ਵਿੱਚ ਨਵਾਂ ਬਗ਼ੀਚਾ ਦਿਸਣ ਲੱਗਾ। ਆਪਣੀ ਜਾਣੇ ਉਸਨੇ ਗੁੰਝਲਦਾਰ ਜਵਾਬ ਦਿੱਤਾ- ਮਾਂ ਅਸੀਂ ਤਾਂ ਪਰਦੇਸੀ ਹਾਂ।
ਬੁੱਢੀ ਨੂੰ ਜਿਵੇਂ ਕੋਈ ਭੁੱਲੀ ਵਿਸਰੀ ਗੱਲ ਯਾਦ ਆ ਗਈ ਹੋਵੇ। ਪਛਤਾਵੇ ਦੇ ਭਾਵ ਨਾਲ ਬੋਲੀ- ਓਹੋ, ਮੈਨੂੰ ਆਪਣੀਆਂ ਚਿੜੀਆਂ ਦਾ ਚੇਤਾ ਹੀ ਭੁੱਲ ਗਿਆ। ਇਹ ਕਹਿਕੇ ਉਸਨੇ ਸੰਖ ਪੂਰਿਆ। ਦੁਬਕੀਆਂ ਚਿੜੀਆਂ ਪੱਤਿਆਂ ਹੇਠੋਂ ਉੱਡਕੇ ਸਿੱਟਿਆਂ ਉੱਪਰ ਜਾ ਬੈਠੀਆਂ ਤੇ ਚੋਗਾ ਚੁਗਣ ਲੱਗੀਆਂ। ਕੁੱਖੋਂ ਜੰਮੇ ਜਾਏ ਨਾਲੋਂ ਤਾਂ ਇਹ ਪਸ਼ੂ ਪੰਛੀ ਵੱਧ ਇੱਜ਼ਤ ਕਰਦੇ ਨੇ। ਇੱਕ ਦਾਣਾ, ਇੱਕ ਤਿਣਕਾ ਨਹੀਂ ਵਿਗਾੜਦੇ, ਪੇਟ ਭਰਿਆ ਤੇ ਉੱਡ ਗਈਆਂ ਬਸ, ਏਨਾ ਸਬਰ ਸੰਤੋਖ! ਮੈਂ ਵੀ ਆਪਣੇ ਤੋਂ ਵਧੀਕ ਇਨ੍ਹਾਂ ਦਾ ਖ਼ਿਆਲ ਰੱਖਦੀ ਹਾਂ। ...ਹਾਂ ਤਾਂ ਕੀ ਕਿਹਾ ਸੀ ਤੁਸੀਂ? ਭੁੱਲ ਗਈ, ਫੇਰ ਦੱਸਿਉ।
ਰਾਜੇ ਨੇ ਕਿਹਾ- ਮਾਂ ਅਸੀਂ ਪ੍ਰਦੇਸੀ ਹਾਂ।
ਨਾ ਭਾਈ ਨਾ। ਪਰਦੇਸੀ ਤਾਂ ਹੋਰ ਨੇ ਦੋ। ਇੱਕ ਬੱਦਲ ਦੂਜਾ ਸੁਫ਼ਨਾ। ਜਦੋਂ ਮਰਜ਼ੀ ਆਪਣਾ ਟਿਕਾਣਾ ਛੱਡ ਕੇ ਚਲੇ ਜਾਣ, ਪਤਾ ਈ ਨੀ ਲਗਦਾ। ਬੱਦਲ ਤਾਂ ਰਸਤੇ ਵਿੱਚ ਵੀ ਪ੍ਰੀਤ, ਸੁੱਖ, ਸੰਪਤੀ ਲੁਟਾਉਂਦੇ ਜਾਂਦੇ ਨੇ ਜੋ ਘਰੋਂ ਲੈ ਕੇ ਚਲੇ ਸਨ। ਉਨ੍ਹਾਂ ਨੂੰ ਦੇਖਣ ਸਾਰ ਮਾਰੂਥਲਾਂ ਵਿੱਚ ਵੀ ਜਾਨ ਪੈ ਜਾਂਦੀ ਹੈ, ਬੱਚੇ ਕਿਲਕਾਰੀਆਂ ਮਾਰਨ ਲਗਦੇ ਨੇ। ਘੜੀ ਪਲ ਲਈ ਮਿਹਰਬਾਨ ਹੋ ਜਾਣ, ਧਰਤੀ ਦੇ ਕਣ ਕਣ ਵਿੱਚ ਉਮੀਦ ਲਹਿਰਾਉਣ ਲਗਦੀ ਹੈ, ਪਹਾੜਾਂ ’ਚੋਂ ਝਰਨੇ ਫੁਟਦੇ ਨੇ, ਤ੍ਰੇੜਾਂ ਵਾਲੇ ਛੱਪੜ ਟਰੈਂ-ਟਰੈਂ ਦਾ ਮਿੱਠਾ ਰਾਗ ਸੁਣਾਉਣ ਲਗਦੇ ਨੇ, ਸੁੱਕੀਆਂ ਨਦੀਆਂ ਮਚਲ ਜਾਂਦੀਆਂ ਨੇ, ਪੰਛੀ ਲੋਟਣੀਆਂ ਖਾਣ ਲਗਦੇ ਨੇ। ਪਰਦੇਸੀ ਪ੍ਰੀਤਮ ਨੂੰ ਪ੍ਰਸੰਨ ਕਰਨ ਲਈ ਮੁਟਿਆਰਾਂ ਸੋਲਾਂ ਸ਼ਿੰਗਾਰ ਕਰਨ ਲਗਦੀਆਂ ਨੇ, ਨਾ ਆਏ ਤਾਂ ਹਉਕੇ ਭਰਦੀਆਂ ਨੇ। ਅੱਖਾਂ ਬੰਦ ਕਰਕੇ ਜਿਹੜਾ ਦਿਖਾਈ ਦਿੰਦਾ ਹ ੈ ਉਸ ਸੁਫ਼ਨੇ ਦੀ ਤਾਂ ਨਜ਼ਾਕਤ ਹੀ ਵੱਖਰੀ। ਪਲਕਾਂ ਮੁੰਦਣ ਸਾਰ ਹਾਜ਼ਰ। ਅੱਖ ਖੁੱਲ੍ਹਦੇ ਗਾਇਬ। ਨਜ਼ਰ ਦੀ ਮਾਰ ਨੀ ਸਹਿੰਦਾ। ਸੈਂਕੜੇ ਕੋਹ ਦੂਰ ਬੈਠੇ ਪਰਦੇਸੀਆਂ ਨੂੰ ਪਲਕਾਂ ਹੇਠ ਛੁਪਾਈ ਰੱਖਦਾ ਹੈ। ਨਾ ਆਉਣ ਦਾ ਸੁਨੇਹਾ, ਨਾ ਜਾਣ ਦੀ ਖ਼ਬਰ। ਤੁਸੀਂ ਨਾ ਦੇਸੀ ਹੋ ਨਾ ਪਰਦੇਸੀ, ਰਾਮ ਜਾਣੇ ਕੌਣ ਹੋ।
-ਅਸੀਂ ਤਾਂ ਮਾਂ ਛੈਲ-ਭੰਵਰ ਹਾਂ, ਰਾਜੇ ਨੇ ਕਿਹਾ। ਕਹਿ ਦਿੱਤਾ ਅੰਟ ਸ਼ੰਟ...। ਬੁੱਢੀ ਦੇ ਹੋਠਾਂ ਉੱਪਰ ਮੁਸਕਾਨ ਆ ਗਈ ਜਿਸ ਮੁਸਕਾਨ ਨਾਲ ਸੂਰਜ ਦਾ ਵੀ ਹਨ੍ਹੇਰਾ ਮਿਟ ਜਾਏ ਪਰ ਆਦਮੀ ਦੇ ਮਨ ਦਾ ਹਨ੍ਹੇਰ ਮਿਟੇ, ਇਹੀ ਤਾਂ ਮੁਸ਼ਕਲ ਹੈ। ਪਸ਼ੂ-ਪੰਛੀਆਂ ਅੰਦਰ ਤਾਂ ਅਜਿਹਾ ਨ੍ਹੇਰ ਸ਼ਾਇਦ ਹੀ ਹੋਵੇ। ਰਾਜੇ ਨੂੰ ਲੱਗਿਆ ਉਸ ਅੰਦਰਲਾ ਨ੍ਹੇਰਾ ਫਟਣ ਲੱਗਾ ਹੈ। ਬੱਦਲ ਬਰਸਣ ਲਈ, ਹਵਾ ਵਗਣ ਲਈ, ਝਰਨਾ ਫੁੱਟਣ ਲਈ, ਫੁੱਲ ਖਿੜਨ ਲਈ ਕਿਸੇ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਉਸੇ ਤਰ੍ਹਾਂ ਧਰਤੀ ਰੂਪ ਇਸ ਬੁੱਢੀ ਨੂੰ ਗੱਲਾਂ ਕਰਨ ਵਿੱਚ ਜ਼ਰਾ ਮੁਸ਼ਕਿਲ ਨਹੀਂ। ਪਰ ਇੱਕ ਵਾਰ ਇਹ ਨਿਰੁੱਤਰ ਹੋ ਜਾਏ ਤਾਂ ਥਕਾਵਟ ਲੱਥ ਜਾਏ। ਬੁੱਢੀ ਕਿਹੜਾ ਇਸ ਖਿਡੌਣੇ ਨੂੰ ਹੱਥੋਂ ਛੱਡਣਾ ਚਾਹੁੰਦੀ ਸੀ? ਕਹਿੰਦੀ ਨਾ ਭਾਈ, ਛੈਲ-ਭੰਵਰ ਤਾਂ ਹੋਰ ਹਨ ਦੋ। ਇੱਕ ਅੰਨ ਦੂਜਾ ਪਾਣੀ। ਇਹ ਦੋਵੇਂ ਗਲੇ ਹੇਠ ਉਤਰਨ ਤਾਂ ਹੀ ਕੋਈ ਛੈਲ ਹੈ ਤਾਂ ਹੀ ਖੇਲ ਕੁੱਦ। ਇੱਕ ਦਿਨ ਨਾ ਮਿਲਣ, ਸਾਰੀ ਮਸਤੀ ਉਤਰ ਜਾਂਦੀ ਹੈ। ਤੁਸੀਂ ਛੈਲ-ਭੰਵਰ ਕਿਵੇਂ ਹੋਏ? ਆਪਣੇ ਆਪ ਨੂੰ ਪਛਾਣੋ।
ਇਨ੍ਹਾਂ ਤਿੰਨਾਂ ਦੀਆਂ ਬੇਮਤਲਬੀਆਂ ਗੱਲਾਂ ਨਾਲ ਚਿੜੀਆਂ ਨੂੰ ਕੋਈ ਸਰੋਕਾਰ ਨਹੀਂ। ਰੱਜ ਪੁੱਜ ਕੇ ਉਹ ਪਹਿਲਾਂ ਵਾਂਗ ਪੱਤਿਆਂ ਵਿੱਚ ਜਾ ਲੁਕੀਆਂ।
ਮਗਜ ਖਪਾ ਕੇ ਪੰਡਿਤ ਨੇ ਦੂਰ ਦੀ ਕੌਡੀ ਸੁੱਟੀ, ਕਹਿੰਦਾ ਮਾਂ ਅਸੀਂ ਤਾਂ ਗ਼ਰੀਬ ਹਾਂ।
-ਨਾ ਭਾਈ ਗ਼ਰੀਬ ਤਾਂ ਹੋਰ ਈ ਨੇ ਦੋ। ਇੱਕ ਗਊ ਦਾ ਜਾਇਆ, ਦੂਜੀ ਕੰਨਿਆਂ। ਜਿਸਨੂੰ ਮਰਜ਼ੀ ਵੇਚ ਦਿਉ, ਬਲਦ ਉਸ ਦਾ ਹਲ ਖਿਚਣ ਲੱਗ ਜਾਂਦਾ ਹੈ, ਗੱਡੇ ਦਾ ਭਾਰ ਢੋਂਦਾ ਹੈ, ਮਰਨ ਪਿੱਛੋਂ ਵੀ ਜੁੱਤੀਆਂ ਬਣ ਕੇ ਕੰਡਿਆਂ ਤੋਂ ਬਚਾਉਂਦਾ ਹੈ। ਤੇ ਧੀ, ਜਿੱਥੇ ਮਰਜ਼ੀ ਵਿਆਹ ਦਿਉ ਚੁੱਪਚਾਪ ਵਿਦਾ ਹੋ ਜਾਂਦੀ ਹੈ। ਪਰਾਏ ਘਰ ਨੂੰ ਆਪਣਾ ਘਰ ਸਮਝਣ ਲੱਗ ਜਾਂਦੀ ਹੈ। ਸਹੁਰੇ ਘਰ ਪੈਰਾਂ ਤੇ ਤੁਰਕੇ ਆਉਂਦੀ ਹੈ, ਚਾਰ ਜਣਿਆਂ ਦੇ ਮੋਢਿਆਂ ਤੇ ਸਵਾਰ ਹੋ ਸ਼ਮਸ਼ਾਨਘਾਟ ਚਲੀ ਜਾਂਦੀ ਹੈ। ਜਿਹੜੇ ਦੂਜਿਆਂ ਦੀ ਮਰਜ਼ੀ ਮੁਤਾਬਕ ਚੱਲਣ ਗ਼ਰੀਬ ਤਾਂ ਉਹ ਹੋਏ, ਸਮਝੇ?
ਰਾਜਾ ਘੱਟੋ ਘੱਟ ਇਨੀ ਗੱਲ ਸਮਝ ਗਿਆ ਕਿ ਬੁੱਢੀ ਤੋਂ ਵਧ ਇਸ ਗੱਲ ਨੂੰ ਕੋਈ ਨੀ ਸਮਝ ਸਕਦਾ। ਅਸੀਂ ਤਾਂ ਕੇਵਲ ਸੁਣਨ ਵਾਲੇ ਹਾਂ। ਸੁਣ ਕੇ ਵੀ ਕੁਝ ਸਮਝ ਆ ਜਾਏ ਸ਼ੁਕਰ। ਕਿਸ ਰਾਜੇ ਦੇ ਰਾਜ ਵਿੱਚ ਅਜਿਹੇ ਨਗੀਨੇ ਹੋਣਗੇ? ਇਨ੍ਹਾਂ ਦੀ ਰਾਖੀ ਵਾਸਤੇ ਪਹਿਰੇ ਬਿਠਾਉਣ ਦੀ ਵੀ ਲੋੜ ਨਹੀਂ। ਧੁੱਪ ਅਤੇ ਹਵਾ ਵਾਂਗ ਹਾਜ਼ਰ ਹਨ ਪਰ ਹੱਥ ਵਿੱਚ ਫੜਨ ਦੀ ਤਾਕਤ ਕਿਸ ਵਿੱਚ? ਅੱਜ ਤਾਂ ਆਪਣਾ ਦੀਵਾਲੀਆ ਹੱਥ ਰਾਜਾ ਉਸ ਵੱਲ ਵਧਾਏਗਾ ਹੀ ਵਧਾਏਗਾ।
ਬੋਲਿਆ- ਮਾਂ ਅਸੀਂ ਤਾਂ ਸੂਰਬੀਰ ਹਾਂ।
-ਸੂਰਬੀਰ? ਖੰਘ ਕਰਕੇ ਥੋੜ੍ਹੀ ਦੇਰ ਬੁੱਢੀ ਨੂੰ ਰੁਕਣਾ ਪਿਆ। ਇੱਕ ਪਾਸੇ ਥੁੱਕ ਕੇ ਤਿੰਨ ਵਾਰ ਧਰਤੀ ਤੋਂ ਖਿਮਾ ਮੰਗੀ, ਫਿਰ ਕਿਹਾ- ਨਾ ਸੂਰਬੀਰ ਤਾਂ ਹੋਰ ਨੇ ਦੋ। ਇੱਕ ਅਬੋਧ ਬਾਲਕ ਦੂਜਾ ਪਾਗ਼ਲ। ਬਾਲਕ ਰਾਜੇ ਦੀ ਪਰਵਾਹ ਨਹੀਂ ਕਰਦਾ। ਨਾ ਮੌਤ ਤੋਂ ਡਰੇ, ਕੋਈ ਛੋਟਾ ਵੱਡਾ ਨਹੀਂ। ਪਾਗ਼ਲ ਤਾਂ ਰੱਬ ਨੂੰ ਵੀ ਨਹੀਂ ਮੰਨਦਾ। ਭਾਵੇਂ ਕਿਹੋ ਜਿਹਾ ਸੂਰਬੀਰ ਹੋਵੇ, ਆਪਣੇ ਤੋਂ ਵੱਡੀ ਤਾਕਤ ਤੋਂ ਡਰਦਾ ਹੈ। ਆਪਣੇ ਤੋਂ ਤਕੜੇ ਨੂੰ ਯਮਰਾਜ ਸਮਝਦਾ ਹੈ। ਜੋ ਕਿਸੇ ਤੋਂ ਨਾ ਦਬੇ ਨਾ ਡਰੇ ਉਹ ਹੈ ਯੋਧਾ। ਮਜ਼ਾਕ ਕਰਨ ਵਾਸਤੇ ਤੁਹਾਨੂੰ ਮੈਂ ਹੀ ਟੱਕਰੀ ਬਸ? ਸੱਚ-ਸੱਚ ਦੱਸੋ ਤੁਸੀਂ ਹੋ ਕੌਣ?
ਰਾਜ ਦਰਬਾਰ ਦੇ ਪੰਡਿਤ ਗਿਆਨ ਅਤੇ ਵਿੱਦਿਆ ਦੇ ਨਾਮ ਤੇ ਕਿੰਨਾ ਖੌਰੂ ਪਾਉਂਦੇ ਨੇ ਤੇ ਜਾਣਦੇ ਫੁੱਟਿਆ ਅੱਖਰ ਵੀ ਨਹੀਂ। ਜਦੋਂ ਸੰਜੋਗ ਵਸ ਰਾਜੇ ਦੀਆਂ ਅੱਖਾਂ ਉੱਘੜੀਆਂ, ਇਨ੍ਹਾਂ ਵਿੱਚ ਉਹ ਰੌਸ਼ਨੀ ਹੀ ਰੌਸ਼ਨੀ ਭਰ ਲੈਣੀ ਚਾਹੁੰਦਾ ਸੀ। ਸੰਕੋਚ ਦਾ ਰਤਾ ਨਾਟਕ ਕਰਦਿਆਂ ਕਿਹਾ- ਮਾਂ ਅਸੀਂ ਤਾਂ ਦੋ ਠੱਗ ਹਾਂ।
ਨਾ ਭਾਈ ਨਾ, ਠੱਗ ਤਾਂ ਹੋਰ ਹੀ ਨੇ ਦੋ। ਇੱਕ ਜ਼ਿਮੀਦਾਰ ਦੂਜਾ ਸੇਠ। ਖ਼ੂਨ ਪਸੀਨਾ ਵਹਾ ਕੇ ਕਿਸਾਨ ਅੰਨ ਮੋਤੀ ਪੈਦਾ ਕਰਦਾ ਹੈ। ਜ਼ਿਮੀਦਾਰ ਧੌਂਸ ਨਾਲ ਖੋਹ ਲੈਂਦਾ ਹੈ, ਬਾਣੀਆਂ ਇੱਕ ਦੇ ਕੇ ਇਕੱਤੀ ਵਸੂਲਦਾ ਹੈ। ਝੂਠੇ ਖਾਤੇ ਲਿਖਦਾ ਹੈ। ਫਿਰ ਵੀ ਕਹਾਉਂਦਾ ਸ਼ਾਹੂਕਾਰ ਹੈ। ਇਨ੍ਹਾਂ ਤੋਂ ਵੱਡਾ ਠੱਗ ਦੁਨੀਆ ਵਿੱਚ ਹੋਰ ਕੌਣ? ਠੱਗੀ ਮਾਰ ਕੇ ਵੀ ਇੱਜ਼ਤਦਾਰ ਹੋਣ ਉਹ ਹੋਏ ਅਸਲੀ ਠੱਗ ਤਾਂ, ਇੰਨਾ ਵੀ ਨਹੀਂ ਪਤਾ?
ਰਾਜੇ ਅਧੀਨ ਨਾ ਜਾਣੀਏਂ ਕਿੰਨੇ ਸੇਠ, ਕਿੰਨੇ ਜ਼ਿਮੀਦਾਰ। ਫੇਰ ਤਾਂ ਰਾਜਾ ਜ਼ਿਮੀਦਾਰਾਂ ਤੋਂ ਵੱਡਾ ਠੱਗ ਹੋਇਆ। ਇਸ ਮਰੀਅਲ ਬੁੱਢੀ ਦੀ ਅਕਲ ਤਾਂ ਨਹੀਂ ਗੁੰਮ ਹੋ ਗਈ? ਗ਼ੁੱਸੇ ਨਾਲ ਪੰਡਿਤ ਦਾ ਮੂੰਹ ਲਾਲ ਹੋ ਗਿਆ। ਰਾਜੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤਾਂ ਮਨ ਮਾਰ ਕੇ ਚੁੱਪ ਹੋਣਾ ਪਿਆ। ਧੀਮੇ ਸੁਰ ਵਿੱਚ ਰਾਜੇ ਨੇ ਬੁੱਢੀ ਨੂੰ ਕਿਹਾ- ਮਾਂ ਅਸੀਂ ਤਾਂ ਦਰਅਸਲ ਚੋਰ ਹਾਂ।
-ਨਾ ਭਾਈ ਨਾ। ਇਹੋ ਜਿਹੀ ਤਕਦੀਰ ਤੁਹਾਡੀ ਕਿੱਥੇ। ਚੋਰ ਤਾਂ ਹੋਰ ਈ ਨੇ ਦੋ। ਇੱਕ ਗੁਰੂ ਦੂਜਾ ਵੈਦ। ਗੁਰੂ ਅਗਿਆਨ ਦੀ ਚੋਰੀ ਕਰਦਾ ਹੈ ਤੇ ਵੈਦ ਮਰੀਜ਼ ਦੀ ਬਿਮਾਰੀ ਚੁਰਾ ਲੈਂਦਾ ਹੈ। ਅਸਲੀ ਚੋਰ ਤਾਂ ਇਹ ਹੋਏ। ਚੋਰੀ ਕਰਦੇ ਹੋਏ ਵੀ ਸੁਹਣੇ ਲੱਗਣ...। ਧਨ ਮਾਲ ਤੇ ਹੱਥ ਸਾਫ਼ ਕਰਨ ਵਾਲੇ ਚੋਰ ਨਹੀਂ ਹੁੰਦੇ, ਧਨ ਬਚਾਉਣ ਵਾਸਤੇ ਇਹ ਤਾਂ ਅਮੀਰਾਂ ਨੇ ਚਾਲ ਖੇਡੀ ਹੈ। ਕਿਉਂ ਖਾਹਮਖਾਹ ਸਮਾਂ ਖ਼ਰਾਬ ਕਰ ਰਹੇ ਹੋ, ਸਹੀ ਦੱਸੋ ਤੁਸੀਂ ਹੋ ਕੌਣ।
-ਮਾਂ ਅਸੀਂ ਹਠੀ ਹਾਂ।
-ਨਾ ਭਾਈ ਨਾ, ਹਠੀ ਤਾਂ ਹੋਰ ਨੇ ਦੋ। ਇੱਕ ਨਹੁੰ ਦੂਜੇ ਕੇਸ। ਬਾਰ-ਬਾਰ ਕੱਟੀ ਜਾਉ, ਵਧਦੇ ਰਹਿੰਦੇ ਨੇ। ਕੱਟਣ ਵਾਲਾ ਹਾਰ ਮੰਨੇ ਤਾਂ ਮੰਨੇ, ਇਹ ਨਹੀਂ ਹਾਰ ਮੰਨਣ ਵਾਲੇ। ਇਹੋ ਜਿਹਿਆਂ ਨੂੰ ਹਠੀ ਕਹਾਂਗੇ। ਤੁਹਾਡੀ ਕੀ ਔਕਾਤ ਇਹੋ ਜਿਹਾ ਹਠ ਨਿਭਾ ਸਕੋ। ਹਠੀ ਹੋਣਾ ਸੌਖਾ ਕੰਮ ਨਹੀਂ ਹੁੰਦਾ ਕੋਈ।
ਮਾਘ ਪੰਡਿਤ ਦੇ ਦਿਮਾਗ਼ ਵਿੱਚ ਫੁਰਨਾ ਫੁਰਿਆ। ਉਤਾਵਲਾ ਹੋ ਕੇ ਰਹਿਣ ਲੱਗਾ- ਸਾਡੇ ਤੋਂ ਭੁੱਲ ਹੋਈ ਮਾਂ। ਪਹਿਲਾਂ ਹੀ ਦੱਸ ਦੇਣ ਚਾਹੀਦਾ ਸੀ ਅਸੀਂ ਗਿਆਨੀ ਹਾਂ।
-ਤੁਸਾਂ ਲੋਕਾਂ ਦਾ ਤਾਂ ਸਾਰਾ ਜੀਵਨ ਹੀ ਵੱਡੀ ਭੁੱਲ ਹੈ। ਮੱਥੇ ਉੱਪਰ ਹੱਥ ਦੀ ਛਾਂ ਕਰਕੇ ਹਸਦੀ ਹੋਈ ਕਹਿਣ ਲੱਗੀ- ਦੇਖਾਂ ਤਾਂ ਤੁਸਾਂ ਗਿਆਨੀਆਂ ਦਾ ਦਮਕਦਾ ਚਿਹਰਾ ਜ਼ਰਾ...।
ਬਾਰੀ-ਬਾਰੀ ਦੋਹਾਂ ਦਾ ਚਿਹਰਾ ਦੇਖਿਆ। ਫਿਰ ਬੋਲੀ- ਗਿਆਨ ਤਾਂ ਸੌ ਸੌ ਕੋਹ ਦੂਰੋਂ ਤੁਹਾਡੇ ਨੇੜੇ ਨਹੀਂ ਫਟਕਿਆ। ਪਰ ਤੁਹਾਨੂੰ ਇਸਦਾ ਦੋਸ਼ ਨਹੀਂ ਦਿੰਦੀ। ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਗਿਆਨੀ ਹੋਇਆ ਕਰਦੈ। ਆਪਣਾ ਪਰਾਇਆ ਇੱਕੋ ਜਾਣੇ ਉਹ ਗਿਆਨੀ ਹੁੰਦੈ। ਗਿਆਨ ਨੂੰ ਚਾਲ ਚਲਣ ਵਿੱਚ ਢਾਲ ਲਏ ਸੋ ਗਿਆਨੀ। ਵਧੀਕ ਜਾਣਨ ਵਾਲਾ ਗਿਆਨੀ ਨਹੀਂ ਹੁੰਦਾ। ਇੱਕ ਗੱਲ ਸੁਣ ਲਵੇ, ਫਿਰ ਉਸ ਨੂੰ ਕਰਕੇ ਦਿਖਾਏ, ਉਹ ਹੈ ਗਿਆਨੀ। ਸੂਰਜ ਵੀ ਅਜਿਹੇ ਗਿਆਨੀ ਨੂੰ ਲੱਭਣ ਤੁਰੇ ਨਹੀਂ ਲੱਭ ਸਕਦਾ। ਫਿਰ ਮਾਘ ਪੰਡਿਤ ਵੱਲ ਦੇਖਕੇ ਕਹਿੰਦੀ- ਮਨੁੱਖਾਂ ਤੋਂ ਇਲਾਵਾ ਵੀ ਤਾਂ ਬੜਾ ਲੰਮਾ ਚੌੜਾ ਸੰਸਾਰ ਹੈ ਜਿਸ ਵਿੱਚ ਗਿਆਨੀ ਕੇਵਲ ਦੋ ਹਨ, ਇੱਕ ਸ਼ਹਿਦ ਦੀ ਮੱਖੀ ਦੂਜਾ ਪਪੀਹਾ। ਫਲ, ਫੁੱਲ, ਗੁੜ, ਗਰੀ ਦਾ ਸਤ ਹੀ ਲੈਂਦੀ ਹੈ ਚੰਚਲ ਮਧੂਮੱਖੀ। ਛੱਤਾ ਗਿਆਨ ਦੇ ਸ਼ਹਿਦ ਨਾਲ ਭਰ ਲੈਂਦੀ ਹੈ। ਗਿਆਨ ਤੋਂ ਮਿੱਠਾ ਹੋਰ ਕੀ ਹੋਇਗਾ ਭਲਾ? ਸਾਰੀਆਂ ਲਾਲਸਾਵਾਂ ਅਣਦੇਖੀਆਂ ਕਰਕੇ ਸਤ ਦੀ ਖੋਜ, ਗਿਆਨ ਦੀ ਗੁਣਗੁਣਾਹਟ। ਤੇ ਮੁੱਠੀ ਜਿੰਨਾ ਕੁ ਪਪੀਹਾ ਵੀ ਸਤ ਦੀ ਖੋਜ ਵਿੱਚ ਲੱਗਾ ਰਹਿੰਦਾ ਹੈ, ਉਸੇ ਦੇ ਨਾਮ ਦੀ ਰਟ ਵਿੱਚ ਖੋਇਆ। ਚਾਹੇ ਕਿਹੋ ਜਿਹੀ ਪਿਆਸ ਹੋਵੇ, ਕਿੰਨੀ ਪਿਆਸ ਹੋਵੇ, ਕਿਸੇ ਹੋਰ ਪਾਣੀ ਲਈ ਉਸ ਦੀ ਚੁੰਜ ਹੀ ਨਹੀਂ ਖੁੱਲ੍ਹਦੀ। ਹਜ਼ਾਰਾਂ ਮਾਨਸਰੋਵਰ ਉਸ ਵਾਸਤੇ ਸੁੱਕੇ ਨੇ। ਬਰਸਦੇ ਬੱਦਲ ਉਸ ਦੀ ਪਿਆਸ ਬੁਝਾਉਂਦੇ ਹਨ। ਮਧੂਮੱਖੀ ਤੇ ਪਪੀਹੇ ਵਾਂਗ ਗਿਆਨ ਦੀ ਖੋਜ ਕਰ ਸਕਦੇ ਹੋ? ਕਾਮਨਾਵਾਂ ਦਾ ਚਿੱਕੜ ਛੱਡ ਸਕਦੇ ਹੋ? ਬੋਲੋ?
ਬੁੱਢੀ ਦੇ ਬੋਲ ਸੁਣਕੇ ਪੰਡਿਤ ਦਾ ਮੂੰਹ ਉੱਤਰ ਗਿਆ ਪਰ ਰਾਜਾ ਭੋਜ ਦਾ ਚਿਹਰਾ ਆਤਮਬੋਧ ਨਾਲ ਚਮਕਿਆ। ਯਕੀਨਨ ਇਸ ਬੁੱਢੀ ਦੇ ਗਿਆਨ ਨੂੰ ਖ਼ੁਸ਼ਬੂ ਵਾਂਗ ਅਨੁਭਵ ਕੀਤਾ ਜਾ ਸਕਦੈ, ਫੜ ਨਹੀਂ ਸਕਦੇ। ਜਿੰਨੇ ਜਵਾਬ ਦਿੱਤੇ ਬੁੱਢੀ ਨੇ ਕੋਈ ਮਨਜ਼ੂਰ ਨਹੀਂ ਕੀਤਾ। ਦੋਵਾਂ ਨੂੰ ਮਿਥਿਆਵਾਦੀ ਸਮਝਦੀ ਹੋਣੀ, ਇਹ ਸੋਚ ਕੇ ਰਾਜੇ ਨੇ ਕਿਹਾ- ਮਾਂ ਅਸੀਂ ਤਾਂ ਗੱਪੀ ਹਾਂ। ਹੁਣ ਖ਼ੁਸ਼ ਹੋ?
-ਮੈਨੂੰ ਖ਼ੁਸ਼ ਕਰਨਾ ਤੁਹਾਡੇ ਵਸ ਵਿੱਚ ਨਹੀਂ। ਤੁਹਾਡੀਆਂ ਖ਼ੁਸ਼ੀਆਂ ਧਨ ਦੇ ਘਟਣ ਵਧਣ ਨਾਲ ਜੁੜੀਆਂ ਹੋਈਆਂ ਨੇ। ਤੁਸੀਂ ਆਪਣੇ ਮੂਹੋਂ ਕਿਹਾ ਚਾਹੇ, ਮੈਂ ਤੁਹਾਡੀ ਗੱਲ ਨਹੀਂ ਮੰਨਦੀ। ਗੱਪੀ ਤਾਂ ਕੋਈ ਹੋਰ ਈ ਨੇ ਦੋ। ਇੱਕ ਸੰਤ ਦੂਜਾ ਨਾਸਤਿਕ। ਸੰਤ ਸ਼ੇਖੀ ਮਾਰਦਾ ਹੈ ਕਿ ਉਸ ਨੇ ਭਗਵਾਨ ਦਾ ਭੇਦ ਪਾ ਲਿਆ ਤੇ ਨਾਸਤਕ ਸ਼ੋਰ ਪਾਉਂਦਾ ਹੈ ਭਗਵਾਨ ਹੈ ਈ ਨੀ। ਇਨ੍ਹਾਂ ਤੋਂ ਵੱਡਾ ਗੱਪੀ ਕੋਈ ਨੀਂ। ਜਿਹੜੇ ਇਹ ਕਹਿਣ ਕਿ ਅਸੀਂ ਸੱਚੇ ਹਾਂ, ਅਸਲੀ ਗੱਪੀ ਤਾਂ ਉਹ ਹੋਏ। ਤੁਹਾਨੂੰ ਨਾ ਸੱਚ ਦਾ ਪਤਾ ਨਾ ਝੂਠ ਦਾ। ਮਸਖਰਿਓ ਜੇ ਮੇਰੇ ਨਾਲ ਮਜ਼ਾਕ ਕਰਨ ਦਾ ਮਨ ਹੋਵੇ ਫਿਰ ਕਸਰ ਨਾ ਰੱਖਿਉ। ਵੱਡਭਾਗੀਓ, ਹੁਣ ਤਾਂ ਦੱਸ ਦਿਉ ਤੁਸੀਂ ਕੌਣ ਹੋ?
ਬਿੱਲੀ ਭਾਣੇ ਛਿੱਕੂ ਟੁੱਟਾ। ਇਹ ਦਾਉ ਮਾਰ ਕਰੇਗਾ। ਖ਼ੁਦ ਤਾਂ ਸਾਨੂੰ ਮਸਖਰੇ ਕਹਿ ਰਹੀ ਹੈ ਫਿਰ ਮੁਕਰੇਗੀ ਕਿਵੇਂ? ਪੰਡਿਤ ਨੇ ਸ਼ਾਂਤ ਸੁਰ ਵਿੱਚ ਕਿਹਾ- ਮਾਂ ਅਸੀਂ ਮਸਖਰੇ ਹਾਂ।
ਇਹ ਦਾਉ ਵੀ ਬੇਕਾਰ। ਬੁੱਢੀ ਨੇ ਸਹਿਜੇ ਕਿਹਾ- ਮਸਖਰੇ ਤਾਂ ਦੋ ਹੋਰ ਨੇ। ਇੱਕ ਰੂਪ ਦੂਜਾ ਜੋਬਨ। ਮਸਖਰੀ ਕਰਕੇ ਦੋਵੇਂ ਛੁਪ ਜਾਂਦੇ ਨੇ। ਝੁਰੜੀਆਂ ਵਾਲਾ ਚਿਹਰਾ, ਬੋੜਾ ਮੂੰਹ, ਕੁੱਬੀ ਪਿੱਠ, ਰੂੰ ਵਰਗੇ ਸਫ਼ੈਦ ਕੇਸ, ਬਈਆਂ ਦੇ ਆਹਲਣੇ ਵਰਗੀਆਂ ਲਟਕਦੀਆਂ ਬਾਹਵਾਂ, ਕੋਈ ਛੋਟਾ ਮਜ਼ਾਕ ਹੈ? ਜੋਬਨ ਦੇ ਜੋਸ਼ ਵਿੱਚ ਅਸਮਾਨ ਨੂੰ ਟਾਕੀਆਂ ਲਾ ਦਿੰਦਾ ਹੈ, ਬੁਢਾਪੇ ਵਿੱਚ ਮੂੰਹ ਤੋਂ ਮੱਖੀ ਨੀ ਉਡਦੀ। ਮੇਰਾ ਹੁਲੀਆ ਦੇਖ ਕੇ ਸੋਚੋ ਇਨ੍ਹਾਂ ਮਸਖਰਿਆਂ ਨੇ ਮੇਰੇ ਨਾਲ ਕੀ ਕੀਤਾ...। ਇਨ੍ਹਾਂ ਦੀ ਪਰਵਾਹ ਕਿਉਂ ਕਰਾਂ, ਬੁਢਾਪੇ ਦਾ ਅਨੁਭਵ ਮੇਰੇ ਵਾਸਤੇ ਜਵਾਨੀ ਤੋਂ ਸੁਹਾਵਣਾ। ਮੌਤ ਦੀ ਕੁੱਖ ਵਿੱਚੋਂ ਫਿਰ ਜਨਮ ਲਵਾਂਗੀ।
ਤੀਰ ਹਵਾ ਨੂੰ ਵਿੰਨ੍ਹ ਨਹੀਂ ਸਕਦਾ। ਇਸ ਬੁੱਢੀ ਉੱਪਰ ਕੋਈ ਦਾਉ ਨਹੀਂ ਚਲਦਾ। ਮਾਘ ਪੰਡਿਤ ਨਾਲ ਅੱਜ ਰਾਜਾ ਭੋਜ ਉਜੈਨ ਦਾ ਰਸਤਾ ਤਾਂ ਭੁੱਲਿਆ ਸੋ ਭੁੱਲਿਆ, ਗਿਆਨ ਦੇ ਸਾਰੇ ਰਸਤੇ ਭੁੱਲ ਗਿਆ। ਮੂਰਖਤਾ ਸਹਾਰੇ ਕਿਵੇਂ ਪਾਰ ਲੰਘਾਂਗੇ! ਗਿਆਨ ਦੇ ਭੁਲੇਖੇ ਨਾਲ ਜਿਵੇਂ ਕਿਵੇਂ ਆਪਣੀ ਸ਼ਾਨ ਬਚਾ ਰਿਹਾ ਸੀ। ਇਸ ਅਚੇਤ ਮੋਹ ਭੰਗ ਨਾਲੋਂ ਤਾਂ ਮਰਨਾ ਚੰਗਾ, ਜਿਉਣ ਦਾ ਭਰਮ ਤਾਂ ਬਣਿਆ ਰਹੇ। ਰਾਜ ਦਰਬਾਰ ਦੇ ਪੰਡਿਤ ਗਿਆਨ ਦਾ ਟਿਕਾਣਾ ਕਿੱਥੇ ਦੱਸ ਰਹੇ, ਮਿਲਿਆ ਕਿੱਥੇ! ਇਹੋ ਜਿਹਾ ਮੌਕਾ ਫਿਰ ਕੀ ਜਾਣੀਏਂ ਕਦ ਆਏ। ਮਨੁੱਖੀ ਜੀਵਨ ਦਾ ਕੋਈ ਪਹਿਲੂ ਬਚਣਾ ਨਹੀਂ ਚਾਹੀਦਾ। ਬੁੱਢੀ ਦੇ ਪੈਰਾਂ ਵੱਲ ਨਿਗਾਹ ਕਰਕੇ ਰਾਜਾ ਕਹਿੰਦਾ- ਅਸੀਂ ਤਾਂ ਸਹਿਣਸ਼ੀਲ ਹਾਂ ਮਾਂ।
-ਨਾ ਭਾਈ ਨਾ। ਸਹਿਣਸ਼ੀਲ ਤਾਂ ਹੋਰ ਨੇ ਦੋ, ਇੱਕ ਧਰਤੀ ਦਾ ਦੂਜਾ ਰੁੱਖ। ਧਰਤੀ ਪਾਪੀਆਂ ਦਾ ਬੋਝ ਵੀ ਚੁਕਦੀ ਹੈ। ਰਾਜਾ, ਜ਼ਿਮੀਦਾਰ, ਸੇਠ, ਮਹਾਤਮਾ, ਪੰਡਿਤ, ਸਭ ਦਾ ਭਾਰ ਢੋਂਦੀ ਹੈ। ਛਾਤੀ ਪੁੱਟ ਕੇ ਬੀਜ ਦੱਬੋ, ਬੀਜ ਗਾਲਦੀ ਨਹੀਂ। ਹਲ ਨਾਲ ਜਿਸਮ ਜ਼ਖ਼ਮੀ ਕਰੋ, ਅੰਨ ਦੇ ਭੰਡਾਰ ਭਰ ਦਿੰਦੀ ਹੈ। ਇੱਕ ਦਾਣਾ ਲੈ ਕੇ ਹਜ਼ਾਰ ਵਾਪਸ ਕਰਦੀ ਹੈ, ਕਣ ਦਾ ਮਣ ਕਰ ਦਿੰਦੀ ਹੈ। ਕਾਲਜੇ ਵਿੱਚ ਡੂੰਘਾ ਜ਼ਖ਼ਮ ਕਰ ਦਿਉ, ਉਥੋਂ ਮਿੱਠਾ ਪਾਣੀ ਦਿੰਦੀ ਹੈ, ਹੀਰੇ, ਮੋਤੀ, ਸੋਨਾ, ਚਾਂਦੀ ਦਿੰਦੀ ਹੈ। ਬਿਰਖ ਨੂੰ ਵੱਟਾ ਮਾਰੋ, ਮਿੱਠੇ ਫਲ ਦਿੰਦਾ ਹੈ, ਵੱਢ ਕੇ ਜਲਾਉ, ਨਿਘ ਦਿੰਦਾ ਹੈ, ਚਾਨਣ ਦਿੰਦਾ ਹੈ, ਵੰਨ ਸੁਵੰਨੇ ਪਕਵਾਨ ਬਣਾਉਂਦਾ ਹੈ, ਕੁਹਾੜੀ ਚਲਾਉਣ ਵਾਲੇ ਨੂੰ ਛਾਂ ਦਿੰਦਾ ਹੈ, ਖ਼ੁਦ ਕੜਾਕੇ ਦੀ ਗਰਮੀ ਸਰਦੀ, ਮੀਂਹ ਝੱਖੜ ਝਲਦਾ ਹੈ। ਇੱਕੋ ਥਾਂ ਖੜ੍ਹਾ ਖਲੋਤਾ ਨਾ ਜਾਣੇ ਕੀ ਕੀ ਦੁੱਖ ਝਲਦਾ ਹੈ। ਇਹਨੂੰ ਕਹਿੰਦੇ ਨੇ ਸਹਿਣਸ਼ੀਲ। ਆਦਮੀ ਤਾਂ ਕੰਡਾ ਚੁਭਣ ਦੀ ਤਕਲੀਫ਼ ਨਹੀਂ ਝਲ ਸਕਦਾ। ਉਂਗਲੀ ਦਾ ਕੱਚਾ ਨਹੁੰ ਰਤਾ ਕਟ ਜਾਏ, ਸੁਖ, ਚੈਨ ਨੂੰ ਅੱਗ ਲੱਗ ਜਾਂਦੀ ਹੈ।
ਚੋਰ ਦੇ ਮਨ ਵਿੱਚ ਸਹਿਮ ਤਾਂ ਵੜਿਆ ਰਹਿੰਦਾ ਹੀ ਹੈ। ਪਲ ਛਿਣ ਵਾਸਤੇ ਪੰਡਿਤ ਸੁੰਨ ਹੋ ਗਿਆ। ਨਹੁੰ ਉਤਾਰਦਿਆਂ ਇੱਕ ਦਿਨ ਨਾਈ ਤੋਂ ਕੱਚਾ ਨਹੁੰ ਲਹਿ ਗਿਆ ਸੀ। ਗ਼ਲਤੀ ਪੰਡਿਤ ਦੀ ਸੀ, ਸਜ਼ਾ ਨਾਈ ਨੂੰ ਮਿਲੀ। ਮੱਖੀ ਆ ਬੈਠੀ ਸੀ ਕਿ ਪੰਡਿਤ ਨੇ ਹੱਥ ਖਿੱਚ ਲਿਆ, ਨਾਈ ਦੀ ਨਸ਼ਤਰ ਦੂਜੇ ਪਾਸੇ ਖਿਸਕ ਗਈ। ਪੂਜਾ ਪਾਠ ਦਾ ਵੇਲਾ। ਹੁਕਮ ਹੋਇਆ ਜਦੋਂ ਤੱਕ ਪੰਡਿਤ ਜੀ ਪੂਜਾ ਪਾਠ ਪੂਰਨ ਨਹੀਂ ਕਰ ਲੈਂਦੇ, ਨਾਈ ਨੂੰ ਕੋੜੇ ਮਾਰੋ। ਕੋੜਿਆਂ ਦੀ ਮਾਰ ਨਾਲ ਨਾਈ ਚੀਕਦਾ ਤਾਂ ਪੰਡਿਤ ਨਹੁੰ ਦਾ ਦਰਦ ਕੁਝ ਭੁੱਲ ਜਾਂਦਾ। ਬੁੱਢੀ ਕਿਤੇ ਇੱਧਰ ਇਸ਼ਾਰਾ ਤਾਂ ਨਹੀਂ ਕਰ ਰਹੀ? ਕੱਚੇ ਨਹੁੰ ਦੀ ਪੀੜ ਨੂੰ ਮਾਰੋ ਗੋਲੀ, ਅੱਜ ਤਾਂ ਚੁੱਪਚਾਪ ਬੁੱਢੀ ਦੇ ਜ਼ਹਿਰੀਲੇ ਤੀਰ ਸਹਿਣੇ ਪੈਣਗੇ। ਮਾਮੂਲੀ ਗ਼ੁੱਸਾ ਨਹੀਂ ਦਿਖਾ ਸਕਿਆ। ਇਸ ਨਵੇਂ ਗੁਣ ਦਾ ਅਹਿਸਾਸ ਹੋਇਆ ਤਦੇ ਪੰਡਿਤ ਨੇ ਕਿਹਾ- ਮਾਂ ਅਸੀਂ ਸੀਤਲ ਹਾਂ।
ਬੁੱਢੀ ਕਿੱਥੇ ਮੰਨਣ ਵਾਲੀ। ਖੱਬੇ ਹੱਥ ਦੀ ਪਹਿਲੀ ਉਂਗਲ ਉੱਚੀ ਕਰਕੇ ਕਹਿੰਦੀ- ਸੀਤਲ ਤਾਂ ਹੋਰ ਨੇ ਦੋ। ਇੱਕ ਅੱਗ ਦੂਜੀ ਧੁੱਪ।
ਉਲਟੀ ਗੱਲ ਸੁਣ ਕੇ ਬਿਟਰ-ਬਿਟਰ ਦੋਵੇਂ ਬੁੱਢੀ ਵੱਲ ਦੇਖਣ ਲੱਗੇ। ਹਿਲਦੀ ਗਰਦਣ ਉੱਪਰ ਸਿਰ ਹੈ ਕਿ ਬਲਾ? ਬੁੱਢੀ ਭਾਂਪ ਗਈ। ਕਹਿੰਦੀ- ਓ ਕਮਲਿਓ, ਨਿੱਕੀ ਨਿੱਕੀ ਗੱਲ ਤੇ ਹੈਰਾਨ ਹੋਣ ਨਾਲ ਨੀਂ ਸਰਨਾ। ਅਜੇ ਅਸੀਂ ਜਾਣਦੇ ਵੀ ਕੀ ਹਾਂ, ਬੜਾ ਕੁਝ ਸਮਝਣਾ ਬਾਕੀ ਹੈ। ਮੈਂ ਕਹਿ ਰਹੀ ਸੀ, ਸੀਤਲ ਅੱਗ ਹੈ ਦੂਜੀ ਧੁੱਪ। ਸੰਸਾਰ ਦੇ ਸਾਰੇ ਜੀਆਂ ਦਾ ਪੇਟ ਅੱਗ ਭਰਦੀ ਹੈ। ਨਸ ਨਸ ਦੀ ਜਲਨ ਮਿਟਾਉਂਦੀ ਹੈ। ਧੁੱਪ ਬੇਸ਼ੁਮਾਰ ਰੁਖ, ਫਸਲਾਂ, ਘਾਹ ਪੈਦਾ ਕਰਕੇ ਦੀਨ ਦੁਨੀਆ ਦਾ ਕਲੇਜਾ ਠੰਢਾ ਕਰਦੀ ਹੈ ਇਸ ਕਰਕੇ ਸੀਤਲ ਹੈ। ਸੱਚੀ ਗੱਲ ਜਦ ਤੱਕ ਨਹੀਂ ਦਸਦੇ ਮੈਂ ਕਿਹੜਾ ਤੁਹਾਡਾ ਪਿੱਛਾ ਛੱਡਾਂਗੀ, ਦੱਸੋ ਹੁਣ ਤੁਸੀਂ ਕੌਣ ਹੋ।
ਅੱਜ ਤੱਕ ਕਿਸੇ ਨੇ ਵੀ ਨਹੀਂ ਜਾਣਨਾ ਚਾਹਿਆ ਕਿ ਉਹ ਹੈ ਕੌਣ। ਦੇਸ਼ ਦੀ ਪਰਜਾ ਰਾਜੇ ਬਾਰੇ ਵਧੀਕ ਜਾਣਦੀ ਹੈ, ਰਾਜਾ ਨਹੀਂ ਜਾਣਦਾ। ਕਿਸੇ ਨੂੰ ਕੁਝ ਦੱਸਣ ਦੀ ਲੋੜ ਕਿਹੜਾ ਪਈ? ਉਹ ਇਹੋ ਸੋਚਦਾ ਰਿਹਾ ਧਰਤੀ ਦਾ ਕਣ ਕਣ, ਪੱਤਾ ਪੱਤਾ, ਪਸ਼ੂ ਪੰਛੀ ਸਾਰੇ ਉਸਨੂੰ ਜਾਣਦੇ ਨੇ। ਅੱਜ ਕੀ ਜਵਾਬ ਦੇਣ ਕਿ ਉਹ ਕੌਣ ਨੇ? ਪਤਾ ਨਹੀਂ ਲਗਦਾ ਕੁਝ। ਰਾਜਾ ਭੋਜ ਨੇ ਅੱਖ ਉੱਚੀ ਕਰਕੇ ਬੁੱਢੀ ਵੱਲ ਦੇਖਿਆ, ਸੋਚਿਆ- ਕਿੱਥੇ ਰਾਜ ਦਰਬਾਰ ਦੀਆਂ ਬਾਸੀ ਦਲੀਲਾਂ, ਕਿੱਥੇ ਇਹ ਇਕੱਲੀ ਅਧਮਰੀ ਬੁੱਢੀ, ਅਨੁਭਵਾਂ ਦੇ ਸੇਕ ਵਿੱਚ ਤਪੀ ਅਖੰਡ ਰੌਸ਼ਨੀ ਲਟ ਲਟ ਬਲਦੀ ਹੋਈ। ਇਸ ਦੇ ਚਮਤਕਾਰ ਸਦਕਾ ਧਰਤੀ ਤੇ ਚਾਨਣ ਹੈ। ਸੁੰਨੇ ਅਸਮਾਨ ਵਿਚਲਾ ਸੂਰਜ ਦਿਨ ਵਿੱਚ, ਚੰਦ ਤਾਰਿਆਂ ਵਾਂਗ ਰਾਤ ਨੂੰ ਚਮਕਣ ਵਾਲੀ ਜੋਤ ਇਹੋ ਹੈ। ਇਸਦੇ ਸਫ਼ੈਦ ਕੇਸ ਜ਼ਮਾਨੇ ਦੀਆਂ ਕਿਰਨਾਂ ਹਨ। ਇਸ ਦੀ ਕੁੱਖ ਵਿੱਚੋਂ ਜੰਮਿਆਂ ਹੁੰਦਾ, ਰਾਜੇ ਦੀ ਜੂਨ ਤੋਂ ਛੁਟਕਾਰਾ ਹੁੰਦਾ। ਪਰ ਉਸਨੇ ਤਾਂ ਬੁੱਢੀ ਦੇ ਸਵਾਲ ਦਾ ਜਵਾਬ ਦੇਣਾ ਸੀ ਅਜੇ। ਕਿਹਾ- ਮਾਂ ਅਸੀਂ ਸਾਧੂ ਹਾਂ।
ਸੂਰਜ ਨੇ ਨ੍ਹੇਰੇ ਦੀ ਗੱਲ ਮੰਨੀ ਹੋਵੇ ਤਾਂ ਬੁੱਢੜੀ ਰਾਜੇ ਤੇ ਪੰਡਿਤ ਦੀ ਗੱਲ ਮੰਨੇ। -ਨਾ ਭਾਈ ਨਾ। ਸਾਧੂ ਤਾਂ ਹੋਰ ਨੇ ਦੋ। ਇੱਕ ਸੰਤੋਖੀ ਦੂਜਾ ਅਗਿਆਨੀ। ਜਿਸ ਬੰਦੇ ਨੂੰ ਦੁਨੀਆ ਦਾ ਕੋਈ ਲੋਭ ਨਹੀਂ, ਧਨ ਦਾ ਨਾ ਜਸ ਦਾ, ਗਿਆਨ ਦਾ ਨਾ ਭਗਵਾਨ ਦਾ, ਉਹ ਹੈ ਸਾਧੂ। ਇਹੋ ਜਿਹਾ ਅਲਬੇਲਾ ਸੰਤੋਖੀ, ਸਾਧੂ ਹੋ ਸਕਦਾ ਹੈ ਜਾਂ ਫਿਰ ਕੋਰਾ ਅਗਿਆਨੀ। ਮੇਰੇ ਖ਼ਿਆਲ ਅਨੁਸਾਰ ਇਹ ਦੋ ਹੀ ਹੋ ਸਕਦੇ ਨੇ ਸਾਧੂ, ਹੋਰ ਕੋਈ ਨਹੀਂ। ਮੇਰੇ ਵੱਲ ਬਿਟਰ-ਬਿਟਰ ਦੇਖਣ ਦੀ ਥਾਂ ਆਪਣੇ ਅੰਦਰ ਦੇਖੋ ਤੁਹਾਡੇ ਲੋਭ ਦਾ ਕੀ ਹਾਲ ਚਾਲ ਹੈ।
ਇਹ ਕਿਸ ਵੱਲ ਇਸ਼ਾਰਾ ਹੈ? ਮੰਜ਼ਿਲ ਤੋਂ ਅੱਗੇ ਨਿਕਲੀ ਬੁੱਢੀ ਵੱਲ ਕਿ ਦਿਨ ਭਰ ਲੰਮੀ ਯਾਤਰਾ ਕਾਰਨ ਥੱਕੇ ਮੁਸਾਫ਼ਰ ਸੂਰਜ ਵੱਲ? ਰਾਜੇ ਨੇ ਅੱਖਾਂ ਮੁੰਦੀਆਂ ਫਿਰ ਖੋਲ੍ਹੀਆਂ। ਅੰਦਰ ਦੀ ਝਲਕ ਦੇਖ ਕੇ ਕਿਤੇ ਸਹਿਮ ਤਾਂ ਨਹੀਂ ਗਿਆ? ਅੰਦਰ ਦੇਖਣਾ ਕਿਹੜਾ ਆਸਾਨ ਹੈ। ਹੰਕਾਰ ਤਾਂ ਹਿਮਾਲਿਆ ਨਾਲ ਮੁਕਾਬਲਾ ਕਰ ਰਿਹੈ। ਬੁੱਢੀ ਨੇ ਇੱਕ ਵੀ ਕਥਨ ਮਨਜ਼ੂਰ ਨਹੀਂ ਕੀਤਾ। ਉਸ ਦੇ ਸਵਾਲ ਦਾ ਧਿਆਨ ਕਰਕੇ ਕਿਹਾ-
-ਅਸੀਂ ਤਾਂ ਬਹੁਰੂਪੀਏ ਹਾਂ ਮਾਂ।
-ਕਮਲੇ ਤਾਂ ਨਹੀਂ ਹੋ ਗਏ? ਬੇਤੁਕਾ ਅਭਿਮਾਨ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਬਹੁਰੂਪੀਏ ਤਾਂ ਹੋਰ ਈ ਨੇ ਦੋ। ਇੱਕ ਭਗਵਾਨ ਦੂਜੀ ਕੁਦਰਤ। ਹਜ਼ਾਰ ਰੂਪਾਂ ਵਾਲਾ ਹੋ ਕੇ ਵੀ ਭਗਵਾਨ ਅਰੂਪ ਹੈ, ਨਿਰਾਕਾਰ। ਹਰ ਥਾਂ ਦਿਸਦਾ ਹੈ ਪਰ ਅਗੋਚਰ। ਕਣ-ਕਣ ਵਿੱਚ ਪਰ ਕਿਤੇ ਨਹੀਂ। ਇਹੋ ਜਿਹਾ ਬਹੁਰੂਪੀਆ ਕੌਣ ਹੋਏਗਾ? ਤੇ ਇਹ ਸੁਹਾਗਣ ਕੁਦਰਤ ਹਰ ਪਲ ਅਖੰਡ ਸ਼ਿੰਗਾਰ ਕਰਦੀ ਰਹਿੰਦੀ ਹੈ। ਰੁੱਖਾਂ ਦੇ ਤਮਾਮ ਪੱਤਿਆਂ ਦੀ ਗਿਣਤੀ ਹੋਵੇ ਤਾਂ ਕੁਦਰਤ ਦੇ ਪਹਿਰਾਵਿਆਂ ਦੀ ਗਿਣਤੀ ਹੋਵੇ। ਪਲ- ਪਲ ਰੂਪ ਬਦਲਣੋ ਥਕਦੀ ਕਿਹੜਾ ਹੈ! ਸ਼ਾਮ ਉਤਰ ਆਈ ਪਰ ਤੁਸੀਂ ਆਪਣੇ ਬਾਰੇ ਦੱਸਦੇ ਈ ਨਹੀਂ। ਕੋਈ ਬੱਚਾ ਨਾਲ ਲਿਆਏ ਹੁੰਦੇ ਪਹਿਲੀ ਵਾਰ ਉਸਨੇ ਦੱਸ ਦੇਣਾ ਸੀ ਉਹ ਕੌਣ ਹੈ।
-ਬੱਚਾ ਹੁੰਦਾ ਜ਼ਰੂਰ ਦੱਸ ਦਿੰਦਾ ਮਾਂ, ਸੱਚ ਹੈ ਅਸੀਂ ਨਹੀਂ ਦਸ ਸਕਦੇ। ਤੁਸੀਂ ਹੀ ਦੱਸੋਗੇ ਸਾਨੂੰ ਅਸੀਂ ਕੌਣ ਹਾਂ। ਤੁਹਾਡੀ ਬੁੱਧੀ ਨਾਲ ਸਾਡਾ ਕੀ ਮੁਕਾਬਲਾ? ਰਾਜੇ ਨੇ ਹਾਰ ਮੰਨਦਿਆਂ ਕਿਹਾ।
-ਬੁੱਧੀ ਨਾਲ ਮੁਕਾਬਲਾ... ਬੁੱਧੀ ਨਾਲ ਮੁਕਾਬਲਾ...। ਇਹੀ ਤਾਂ ਤੁਹਾਨੂੰ ਭਰਮ ਹੈ। ਕੋਈ ਦੂਜੀ ਗਾਲ ਨਹੀਂ ਸੀ ਤੁਹਾਡੇ ਕੋਲ ਮੈਨੂੰ ਕੱਢਣ ਵਾਸਤੇ? ਬੁੱਧੀ ਨਾਮ ਦੀ ਜੁੱਤੀ ਤਾਂ ਮੈਂ ਪਹਿਨੀ ਨਹੀਂ ਕਦੀ। ਚਮੜੀ ਨਾਲ ਮੁਕਾਬਲਾ ਬੁੱਧੀ ਕੀ ਕਰੇਗੀ? ਚਮੜੀ ਦਾ ਮਹਾਤਮ ਬੁੱਧੀ ਤੋਂ ਵੱਡਾ ਹੈ। ਚਮੜੀ ਦੀ ਢਾਲ ਨਾ ਹੋਵੇ, ਬੁੱਧੀ ਆਪਣੇ ਬਲਬੂਤੇ ਜਿਉਂਦੀ ਨਹੀਂ ਰਹਿ ਸਕਦੀ, ਏਨਾ ਵੀ ਨੀ ਪਤਾ? ਮੂਰਖ। ਇਹ ਕਹਿਕੇ ਬੁੱਢੀ ਇਉਂ ਹੱਸੀ ਜਿਵੇਂ ਨਵਜੰਮਿਆ ਬੱਚਾ ਰੋਣ ਦੀ ਥਾਂ ਹੱਸ ਪਏ। ਅਲੌਕਿਕ ਹਾਸਾ ਜਗਮਗਾ ਉੱਠਿਆ।
ਪਤਾ ਨਹੀਂ ਕੀ ਸੋਚ ਕੇ ਰਾਜੇ ਨੇ ਬੁੱਢੀ ਦੀ ਟਿੱਪਣੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ- ਦੁਨੀਆ ਵਿੱਚ ਮੂਰਖ ਦੋ ਨੇ ਕੇਵਲ ਮਾਂ, ਇੱਕ ਰਾਜਾ ਦੂਜਾ ਰਾਜ ਪੰਡਿਤ। ਬਿਨਾਂ ਕਿਸੇ ਖਾਸੀਅਤ ਰਾਜਾ ਆਪਣੇ ਆਪ ਨੂੰ ਰੱਬ ਸਮਝਣ ਲਗਦਾ ਹੈ। ਰਾਜ ਪੰਡਿਤ ਇਹ ਗੱਲ ਸਹੀ ਸਾਬਤ ਕਰਨ ਵਾਸਤੇ ਗ੍ਰੰਥ ਖੋਲ੍ਹੀ ਰੱਖਦੇ ਨੇ। ਮੂਰਖ ਦਾ ਇਹੋ ਲੱਛਣ ਹੁੰਦਾ ਹੈ, ਗੁਣ ਬਿਨ ਗਿਆਨਵਾਨ ਹੋਣ ਦਾ ਭਰਮ ਪਾਲਣਾ ਤੇ ਸਾਰੀ ਉਮਰ ਇਸ ਗ਼ਲਤਫਹਿਮੀ ਵਿੱਚ ਬਿਤਾਉਣੀ। ਪੰਡਿਤਾਂ ਦਾ ਕੰਮ ਹੈ ਰਾਜੇ ਦੀ ਵਡਿਤਣ ਦਾ ਢੋਲ ਕੁੱਟਣਾ। ਖ਼ਜ਼ਾਨੇ ਦਾ ਮਾਲ ਛਕਦੇ ਛਕਾਉਂਦੇ ਫਾਲਤੂ ਸਾਲ ਗੁਆਏ। ਮੈਂ ਹਾਂ ਰਾਜਾ ਭੋਜ ਤੇ ਇਹ ਨੇ ਮਾਘ ਪੰਡਿਤ।
ਰਾਜੇ ਨੇ ਗੱਲ ਕਹਿ ਤਾਂ ਦਿੱਤੀ ਪਰ ਇਉਂ ਸੁੰਨ ਖਲੋਤਾ ਰਿਹਾ ਜਿਵੇਂ ਬੋਲ ਕਿਸੇ ਹੋਰ ਦੇ ਹੋਣ, ਸੁਣੇ ਰਾਜੇ ਨੇ। ਕਿਸੇ ਹੋਰ ਨੇ ਵੀ ਸੁਣੇ?
-ਪਰ ਮੈਂ ਸਮਝਦੀ ਹਾਂ ਅਜੇ ਤਾਂ ਤੁਹਾਡਾ ਜਨਮ ਵੀ ਨਹੀਂ ਹੋਇਆ, ਫਿਰ ਕੌਣ ਰਾਜਾ, ਕੌਣ ਪੰਡਿਤ?
-ਕੀ ਕਿਹਾ ਮਾਂ? ਅਜੇ ਅਸੀਂ ਜਨਮ ਨਹੀਂ ਲਿਆ?
ਬੁੱਢੀ ਨੇ ਹਾਮੀ ਭਰੀ। ਰਾਜੇ ਨੂੰ ਲੱਗਿਆ ਜਿਵੇਂ ਪਹਿਲੀ ਵਾਰ ਅੱਖਾਂ ਖੁੱਲ੍ਹਣ ਲੱਗੀਆਂ। ਜਿਵੇਂ ਪਹਿਲੀ ਵਾਰ ਸੂਰਜ ਦੇਖਿਆ ਹੋਵੇ। ਬੇਹੋਸ਼ੀ ਜਿਹੀ ਵਿੱਚ ਰਾਜੇ ਨੇ ਕਿਹਾ- ਜੇ ਮੈਂ ਅਜੇ ਜੰਮਿਆਂ ਨਹੀਂ ਤਾਂ ਫਿਰ ਤੁਹਾਡੀ ਕੁੱਖ ਵਿੱਚੋਂ ਜਨਮ ਲੈਣਾ ਚਾਹੂੰਗਾ ਮਾਂ।
-ਆਪਣੀ ਇੱਛਾ ਨਾਲ ਆਪ ਕੋਈ ਮਰਜ਼ੀ ਦੀ ਕੁੱਖ ਨਹੀਂ ਚੁਣ ਸਕਦਾ। ਤੁਹਾਨੂੰ ਆਪਣੀ ਕੁੱਖ ਵਿੱਚੋਂ ਆਪ ਜਨਮ ਲੈਣਾ ਪਏਗਾ। ਉਹੀ ਸੱਚਾ ਜਨਮ ਹੋਇਆ ਕਰਦੈ। ਮਾਂ ਦੀ ਕੁੱਖ ਵਿੱਚੋਂ ਤਾਂ ਸਾਹ ਲੈਣ ਵਾਲਾ ਮਾਸ ਦਾ ਇੱਕ ਲੋਥੜਾ ਪੈਦਾ ਹੋਇਆ ਕਰਦੈ।
ਆਪਣੇ ਅੰਦਰ ਗੋਤਾ ਲਾਉਣਾ ਸਮੁੰਦਰ ਦੇ ਤਲ ਤੱਕ ਪਹੁੰਚਣ ਨਾਲੋਂ ਔਖਾ ਕਾਰਜ ਹੈ। ਰਾਜਾ ਉਲਝਣ ਵਿੱਚ ਪੈ ਗਿਆ। ਪੰਡਿਤ ਦੀ ਅਨਪੜ੍ਹ ਜੀਭ ਕੁਚਲੇ ਨਾਗ ਵਾਂਗ ਫੁੰਕਾਰਨ ਲੱਗੀ। ਹੁਣ ਵੀ ਜੇ ਸਮਝਦਾਰੀ ਨਾ ਵਰਤੀ, ਉਜੈਨ ਦਾ ਸਰਬਨਾਸ ਯਕੀਨੀ ਹੈ। ਬਿਪਤਾ ਟਾਲਣ ਲਈ ਉਪਾ ਕਰਨਾ ਉਸਦਾ ਫ਼ਰਜ਼ ਹੈ। ਰਾਜੇ ਦੀ ਮੱਤ ਦੇਰ ਤੋਂ ਵਿਗੜਦੀ ਜਾ ਰਹੀ ਹੈ। ਮਾਲਕ ਨੂੰ ਤਾਂ ਮੈਂ ਹਦਾਇਤ ਦ ੇ ਨਹੀਂ ਸਕਦਾ ਇਸ ਫਫੇਕੁਟਣੀ ਬੁੜ੍ਹੀ ਨੂੰ ਤਾਂ ਸਬਕ ਸਿਖਾ ਸਕਦਾ ਹਾਂ। ਮਾਲੀ ਨਾਲ ਪੈਦਲ ਤੁਰ ਪਏ, ਸਭ ਤੋਂ ਵੱਡੀ ਭੁੱਲ। ਰਾਜ ਦੀ ਨਿਗਰਾਨੀ ਜ਼ਰੂਰੀ ਕਿ ਬਗ਼ੀਚੇ ਦੀ ਸੈਰ? ਚੰਗਾ ਭਲਾ ਮਾਲੀ ਰਸਤਾ ਦੱਸਣ ਲਈ ਤੁਰ ਪਿਆ ਸੀ, ਰੋਕ ਦਿੱਤਾ। ਚਲੋ ਜੋ ਹੋਇਆ ਸੋ ਹੋਇਆ, ਹੁਣ ਇਸ ਕੁਬੜੀ ਤੋਂ ਖਹਿੜਾ ਛੁਡਾਈਏ। ਕੁਝ ਕਹਿਣ ਲੱਗਾ ਕਿ ਰਾਜੇ ਨੇ ਰੋਕਦਿਆਂ ਕਿਹਾ- ਮਾਂ ਦੀਆਂ ਗੱਲਾਂ ਠੀਕ ਨੇ। ਸੱਚ ਸੁਣ ਕੇ ਬੁਖਲਾਈਦਾ ਨਹੀਂ। ਉਲਟਾ ਸਾਡਾ ਏਨਾ ਨੁਕਸਾਨ ਹੋ ਜਾਏਗਾ ਕਿ ਰਾਜ ਦੇ ਸਾਰੇ ਖ਼ਜ਼ਾਨੇ ਨਾਲ ਪੂਰਤੀ ਨਹੀਂ ਹੋ ਸਕੇਗੀ।
ਪਰ ਇਹ ਸੱਚਾਈਆਂ ਤਾਂ ਪੰਡਿਤਾਂ ਦਾ ਕਾਰੋਬਾਰ ਠੱਪ ਕਰ ਦੇਣਗੀਆਂ। ਸਿੰਘਾਸਨ ਤੇ ਬੈਠਣ ਦਾ ਹੱਕਦਾਰ ਰਾਜਾ ਹੈ, ਮਰਜੀ ਹੋਵੇ ਤਾਂ ਪੰਡਿਤਾਂ ਨੂੰ ਦਫ਼ਾ ਕਰ ਦਏ। ਮੂਰਖ ਬੁੱਢੀ ਨੇ ਜੇ ਰਾਜਾ ਭਰਮਾ ਲਿਆ, ਪੰਡਿਤ ਨੂੰ ਤਾਂ ਫਿਰ ਕੋਈ ਹਿੰਗ ਬਦਲੇ ਨਾ ਖਰੀਦੇ। ਆਪਣੇ ਭਲੇ ਦਾ ਫਿਕਰ ਕਰਨ ਵਿੱਚ ਕੋਈ ਗ਼ਲਤੀ ਨਹੀਂ। ਰਾਜੇ ਨੂੰ ਖ਼ੁਸ਼ ਕਰਨ ਲਈ ਹੁਣ ਤੱਕ ਚੁੱਪ ਰਿਹਾ ਸੋ ਰਿਹਾ, ਹਿੰਮਤ ਕਰਕੇ ਬੋਲਿਆ- ਇਹ ਤਾਂ ਮਾਤਾ ਰਟੇ ਰਟਾਏ ਅਟਕਲਪੱਚੂ ਨੇ ਤੁਹਾਡੇ। ਮੈਂ ਸਵਾਲ ਕਰਾਂ, ਜਵਾਬ ਦਿਉਗੇ?
ਬੁੱਢੀ ਨੂੰ ਹਾਸਾ ਆ ਗਿਆ- ਮੈਨੂੰ ਹਰਾ ਕੇ ਕੀ ਮਿਲੇਗਾ? ਆਪਣੀ ਮੌਜ ਵਿੱਚ ਮਸਤ ਹਾਂ। ਤਾਂ ਵੀ ਤੁਹਾਡੇ ਮਨ ਵਿੱਚ ਕੁਝ ਹੈ, ਸੋ ਕਹੋ। ਜਾਣਦੀ ਹੋਈ ਤਾਂ ਦੱਸ ਦਿਆਂਗੀ ਨਾ ਜਾਣਦੀ ਹੋਈ ਕਹਿ ਦਿਆਂਗੀ ਪਤਾ ਨਹੀਂ। ਕੁਦਰਤ ਨੂੰ ਕਿੰਨਾ ਕੁ ਜਾਣ ਸਕਦਾ ਹੈ ਆਦਮੀ? ਜਾਣਨ ਦਾ ਭਰਮ ਜ਼ਰੂਰ ਹੈ। ਹੱਥ ਵਿੱਚ ਸਿੱਪੀ ਫੜ ਕੇ ਕੋਈ ਕਹੇ ਮੈਂ ਸਮੁੰਦਰ ਪਾ ਲਿਆ...। ਇਸ ਬ੍ਰਹਿਮੰਡ ਵਿੱਚ ਕੌਣ ਜਾਣੇ ਕਿੰਨੇ ਸੰਸਾਰ ਨੇ? ਜਦੋਂ ਦੀ ਕਮਰ ਝੁਕੀ, ਬੁੱਢੀ ਉੱਪਰ ਹੀ ਉੱਪਰ ਦੇਖਣ ਲੱਗੀ ਸੀ।
-ਤੁਹਾਡੀ ਨਿਗਾਹ ਬਹੁਤ ਦੂਰ ਤੱਕ ਜਾਂਦੀ ਹੈ ਮਾਂ, ਪੰਡਿਤ ਨੇ ਕਿਹਾ- ਇਹ ਦੱਸੋ ਸਭ ਤੋਂ ਉੱਚੀ ਚੀਜ਼ ਕਿਹੜੀ ਹੈ।
ਬੁੱਢੀ ਹੱਸੀ- ਖੋਦਿਆ ਪਹਾੜ ਨਿਕਲਿਆ ਚੂਹਾ। ਇਹੋ ਜਿਹੀਆਂ ਬੁਝਾਰਤਾਂ ਮੇਰੀ ਪੋਤੀ ਬੁੱਝਿਆ ਕਰਦੀ ਹੈ। ਖੇਤ ਦੇ ਪਰਲੇ ਕੋਨੇ ਝੌਂਪੜੀ ਸੀ। ਬੁੱਢੀ ਨੇ ਜ਼ੋਰ ਦੀ ਪੋਤੀ ਨੂੰ ਵਾਜ ਮਾਰੀ। ਨੰਗ ਧੜੰਗ ਛੋਕਰੀ ਗੇਂਦ ਵਾਂਗ ਉਛਲਦੀ ਆਈ। ਦਾਦੀ ਨਾਲ ਲੱਗ ਕੇ ਪਰਦੇਸੀਆਂ ਵੱਲ ਦੇਖਣ ਲੱਗੀ।
ਮਾਸੂਮ ਛੋਕਰੀ ਵਲ ਦੇਖ ਕੇ ਰਾਜਾ ਭੋਜ ਸੋਚਣ ਲੱਗਾ, ਅੱਜ ਖ਼ੂਬ ਰਸਤਾ ਭੁੱਲੇ। ਪੁੱਛਦੇ ਪੁਛਾਉਂਦੇ ਉਜੈਨ ਤਾਂ ਪਹੁੰਚ ਹੀ ਜਾਣਾ, ਗਿਆਨ ਤੋਂ ਭਟਕੇ ਰਾਹੀਆਂ ਨੂੰ ਕਦੋਂ ਰਸਤਾ ਦਿਸੇਗਾ? ਦਿਸੇਗਾ ਵੀ ਕਿ ਨਾ? ਜਿਸਦਾ ਗੁਮਾਨ ਕਰਦੇ ਰਹੇ ਅਗਿਆਨ ਦੀਆਂ ਭੁੱਲ ਭੁਲੱਈਆਂ ਨਿਕਲਿਆ। ਉਸ ਪਾਸ ਜਾਣ ਨੂੰ ਦਿਲ ਨਹੀਂ ਕਰਦਾ ਹੁਣ। ਅਗਿਆਨਤਾ ਦਾ ਅਹਿਸਾਸ ਹੋਇਆ, ਇਹ ਵੀ ਰਾਜ ਖ਼ਜ਼ਾਨੇ ਤੋਂ ਘੱਟ ਨਹੀਂ। ਰਾਜੇ ਨੂੰ ਲੱਗਣ ਲੱਗਾ ਕਿਸੇ ਨਵੇਂ ਸ਼ਖ਼ਸ ਦਾ ਜਨਮ ਹੋਣ ਲੱਗਾ ਹੈ। ਬਣਮਾਲੀ ਦੇ ਬਗ਼ੀਚੇ ਦਾ ਫਲ ਅਜਿਹਾ ਹੋਏਗਾ, ਸੋਚਿਆ ਵੀ ਨਹੀਂ ਸੀ।
ਪੰਡਿਤ ਵੱਲ ਦੇਖਦਿਆਂ ਬੁੱਢੀ ਬੋਲੀ- ਇੰਨੀ ਦੇਰ ਵਿੱਚ ਮੈਂ ਤਾਂ ਭੁੱਲ ਵੀ ਗਈ, ਕੀ ਪੁੱਛਿਆ ਸੀ। ਮੇਰੀ ਲਾਡੋ ਚਿੜੀ ਨੂੰ ਫੇਰ ਪੁੱਛੋ। ਪੰਡਿਤ ਨੇ ਮੁੜ ਪੁੱਛਿਆ- ਆਕਾਸ਼ ਤੋਂ ਉੱਚੀ ਚੀਜ਼ ਕਿਹੜੀ ਹੈ। ਤੁਰੰਤ ਕੁੜੀ ਨੇ ਮੱਥੇ ਤੇ ਹੱਥ ਰੱਖਿਆ, ਕਿਹਾ- ਆਕਾਸ਼ ਤੋਂ ਉੱਚਾ ਇਹ ਮੱਥਾ ਹੈ। ਆਕਾਸ਼ ਤਾਂ ਸਾਫ਼ ਦਿਸਦਾ ਹੈ, ਮੱਥਾ ਨਹੀਂ ਦਿਸਦਾ। ਇਹ ਉੱਚਾ ਹੋਇਆ ਕਿ ਨਾ?
ਪੰਡਿਤ ਕੀ ਕਹਿੰਦਾ, ਦੂਜਾ ਸਵਾਲ ਪੁੱਛਣ ਦੀ ਕੀਤੀ- ਪਤਾਲ ਵਿੱਚ ਸਭ ਤੋਂ ਡੂੰਘੀ ਚੀਜ਼ ਦਾ ਨਾਮ ਦੱਸ ਬੇਟੀ। ਕੁੜੀ ਜਿਵੇਂ ਸੋਚਕੇ ਆਈ ਹੋਵੇ, ਝੱਟ ਕਿਹਾ- ਪਤਾਲ ਤੋਂ ਡੂੰਘਾ ਪੇਟ। ਦੋ ਵਕਤ ਭਰੀਦੈ, ਫਿਰ ਖਾਲੀ ਦਾ ਖਾਲੀ। ਸੌ ਸਾਲ ਭਰੀ ਜਾਉ, ਭਰਦਾ ਈ ਨੀ। ਪਤਾਲ ਦੀ ਡੂੰਘਾਈ ਮਿਣੀ ਜਾ ਸਕਦੀ ਹੈ ਪੇਟ ਦੀ ਨਹੀਂ।
ਕੁੜੀ ਦੀਆਂ ਚੰਚਲ ਅੱਖਾਂ ਵੱਲ ਝਾਕਦਿਆਂ ਪੰਡਿਤ ਨੇ ਪੁੱਛਿਆ- ਗੁੜ ਤੋਂ ਮਿੱਠੀ ਚੀਜ਼ ਕੀ ਹੋਈ? ਕੁੜੀ ਨੇ ਕਿਹਾ- ਬੋਲੀ। ਜਿਸ ਦੀ ਮਿਠਾਸ ਨਾਲ ਸ਼ੇਰ ਬਘਿਆੜ ਤੱਕ ਵਸ ਵਿੱਚ ਆ ਜਾਂਦੇ ਨੇ। ਬੋਲੀ ਦੇ ਜਾਦੂ ਸਦਕਾ ਪਾਲਤੂ ਹੋ ਜਾਂਦੇ ਨੇ।
-ਪਾਣੀ ਤੋਂ ਪਤਲਾ ਕੀ ਹੈ?
-ਨਜ਼ਰ, ਕੁੜੀ ਨੇ ਕਿਹਾ, ਕੋਈ ਪੱਥਰ ਮੇਰੀ ਦਾਦੀ ਦੀ ਗੱਲ ਮੰਨ ਜਾਏ, ਅਕਲ ਆ ਜਾਏਗੀ ਉਸਨੂੰ।
ਪਰ ਰਾਜ ਪੰਡਿਤ ਪੱਥਰ ਥੋੜ੍ਹਾ ਸੀ, ਬੰਦਾ ਸੀ। ਹੋਰ ਸਵਾਲ ਪੁੱਛਣੇ ਸਨ, ਰਾਜੇ ਨੇ ਹਟਾ ਦਿੱਤਾ, ਕਿਹਾ- ਬੱਸ, ਕਾਫ਼ੀ ਹੋ ਗਿਆ। ਮੂਰਖਤਾ ਦੀ ਨੁਮਾਇਸ਼ ਨੀਂ ਲਾਈਦੀ। ਉਜੈਨ ਦਾ ਰਸਤਾ ਨਾ ਭੁਲਦੇ ਹੋਰ ਰਸਤਿਆਂ ਦਾ ਪਤਾ ਈ ਨਾ ਲਗਦਾ।
ਪੰਡਿਤ ਨੂੰ ਮਨ ਮਾਰ ਕੇ ਚੁੱਪ ਕਰਨਾ ਪਿਆ। ਉਂਝ ਉਸਨੂੰ ਲੱਗਣ ਲੱਗਾ ਜਿਵੇਂ ਗਲ ਵਿੱਚ ਪਈ ਫਾਹੀ ਕੁਝ ਢਿੱਲੀ ਹੋਣ ਲੱਗ ਪਈ ਹੈ। ਅੰਦਰ ਕੁਝ ਪਿਘਲਣ ਲੱਗਾ ਜਿਸ ਦਾ ਪਤਾ ਦੇਰ ਬਾਅਦ ਲੱਗਿਆ। ਉਸਦਾ ਦਿਲ ਬਿਲਕੁਲ ਨਹੀਂ ਕਰਦਾ ਸੀ ਕਿ ਪਿਘਲੇ, ਕਿਉਂਕਿ ਪਿਘਲ ਜਾਏ ਤਾਂ ਪੱਥਰ ਵਿਚਲੀ ਮਾਰੂ ਸ਼ਕਤੀ ਘਟ ਜਾਂਦੀ ਹੈ। ਤਾਂ ਵੀ ਉਸਦਾ ਦਿਮਾਗ਼ ਚਾਹੁੰਦਾ ਸੀ ਜਿੰਨੀ ਛੇਤੀ ਬੁੱਢੜੀ ਤੋਂ ਖਹਿੜਾ ਛੁਟੇ, ਚੰਗਾ ਹੋਵੇ। ਜਾਦੂਗਰਨੀ ਜੰਗਲ ਵਿੱਚ ਰਹੇ ਠੀਕ। ਇਹਨੂੰ ਇਹਦਾ ਟਿਕਾਣਾ ਮੁਬਾਰਕ। ਜਿੰਨੀ ਮਰਜ਼ੀ ਦਲੀਲ ਦਿਉ, ਇਸ ਨੂੰ ਪਤਾ ਨੀ ਲੱਗਣਾ ਉਜੈਨ ਕੀ ਹੈ। ਮਿੱਟੀ ਵਾਂਗ ਇਹ ਆਪਣੇ ਖੇਤਾਂ ਨਾਲ ਚਿਪਕੀ ਰਹੇਗੀ। ਹੌਲੀ ਦੇਣੀ ਪੁੱਛਿਆ- ਮਾਂ ਹੁਣ ਤਾਂ ਉਜੈਨ ਦਾ ਰਸਤਾ ਦੱਸ ਦੇਹ।
ਮਾਈ ਨੇ ਸੱਜੇ ਹੱਥ ਦੀਆਂ ਦੋ ਉਂਗਲੀਆਂ ਉੱਚੀਆਂ ਕਰਦਿਆਂ ਕਿਹਾ- ਰਸਤੇ ਦੋ ਈ ਨੇ ਬਸ। ਇੱਕ ਸੱਚ ਦਾ ਦੂਜਾ ਪ੍ਰੇਮ ਦਾ। ਜਿਸਨੂੰ ਇਹ ਯਾਦ ਹੋਵੇ ਉਹ ਕਦੀ ਨਾ ਭਟਕੇਗਾ। ਰਾਜੇ ਨੂੰ ਲੱਗਾ ਨ੍ਹੇਰੀ, ਤੂਫ਼ਾਨ, ਬਾਰਸ਼, ਓਲੇ, ਭੂਚਾਲ ਨੇ ਕੁਦਰਤ ਦੀ ਥਾਂ ਬੁੱਢੀ ਦੇ ਦਿਲ ਵਿੱਚ ਡੇਰਾ ਲਾ ਲਿਆ ਹੈ। ਇਸ ਮਾਤਾ ਦੇ ਦਿਲ ਦਾ ਇੱਕ ਨਿੱਕਾ ਕੋਨਾ ਬ੍ਰਹਿਮੰਡ ਹੈ। ਕਿਸੇ ਵਿੱਚ ਏਨੀ ਸਮਰੱਥਾ ਹੋ ਸਕਦੀ ਹੈ, ਸੋਚਿਆ ਨਹੀਂ ਸੀ। ਰਾਜੇ ਨੇ ਚਰਨ ਛੂਹਣੇ ਚਾਹੇ, ਬੁੱਢੀ ਸਹਿਮ ਕੇ ਇਉਂ ਪਿੱਛੇ ਹਟੀ ਜਿਵੇਂ ਹੱਥ ਨਹੀਂ, ਦੋ ਸੱਪ ਉਸ ਵੱਲ ਮੇਲ੍ਹਦੇ ਆਉਂਦੇ ਹੋਣ। ਬੋਲੀ- ਇਹ ਤੁਹਾਡੇ ਜੀ ਵਿੱਚ ਕੀ ਆਇਆ? ਮੇਰੇ ਵਾਸਤੇ ਨਰਕ ਦਾ ਸਾਮਾਨ ਇਕੱਠਾ ਕੀਤਾ ਹੈ?
ਚੌਂਕ ਕੇ ਰਾਜੇ ਨੇ ਹੱਥ ਪਿੱਛੇ ਹਟਾ ਲਏ ਪਰ ਪੈਰਾਂ ਤੋਂ ਨਿਗਾਹ ਨਾ ਹਟੀ। ਬੁਝੀ ਆਵਾਜ਼ ਵਿੱਚ ਬੋਲਿਆ- ਨਰਕ ਏਨਾ ਭਾਗਵਾਨ ਕਿੱਥੇ! ਤੁਹਾਡਾ ਪਰਛਾਵਾਂ ਪੈਣ ਸਾਰ ਸੁਰਗ ਹੋ ਜਾਏਗਾ ਤੇ ਤੁਹਾਡੀ ਗ਼ੈਰਹਾਜ਼ਰੀ ਵਿੱਚ ਸੁਰਗ, ਨਰਗ ਵਰਗਾ। ਮੈਂ ਤੁਹਾਡੇ ਚਰਨ ਛੂਹਣ ਦਾ ਵੀ ਹੱਕਦਾਰ ਨਹੀਂ ਮਾਂ?
ਬੋਲੀ- ਕੋਈ ਦੇਵਤਾ ਪੈਰੀਂ ਹੱਥ ਲੁਆ ਕੇ ਖ਼ੁਸ਼ ਹੋਵੇ, ਸ਼ੈਤਾਨ ਤੋਂ ਘੱਟ ਨਾ ਸਮਝੋ। ਅਯੋਗ ਬੰਦੇ ਤੋਂ ਪੈਰੀਂ ਹੱਥ ਲੁਆਉਣ ਤੋਂ ਘ੍ਰਿਣਾਜਨਕ ਗੱਲ ਕੋਈ ਨਹੀਂ। ਪੈਰ ਛੂਹਣ ਦਾ ਹੱਕਦਾਰ ਉਹ ਹੈ ਕੇਵਲ ਜਿਸ ਵਿੱਚ ਧਰਤੀ ਜਿੰਨਾ ਅਨੰਤ ਧੀਰਜ ਹੋਵੇ, ਬਸ ਉਹ ਹੈ ਹੱਕਦਾਰ, ਹੋਰ ਨਹੀਂ। ਜੀਵਨ ਵੰਡਣ ਵਾਲੀ ਧਰਤੀ ਛੂੰਹਦੀ ਰਹੇਗੀ ਹਰੇਕ ਪ੍ਰਾਣੀ ਦੇ ਪੈਰ। ਜਿਹੜੇ ਸਾਧੂ ਮਹਾਤਮਾ ਆਪਣੇ ਭਗਤਾਂ ਤੋਂ ਚਰਨੀ ਹੱਥ ਲੁਆਉਂਦੇ ਹਨ ਉਨ੍ਹਾਂ ਵਾਸਤੇ ਤਾਂ ਮੇਰੇ ਮੂੰਹ ਵਿੱਚ ਸਰਾਪ ਵੀ ਨਹੀਂ। ਪਾਤਰ ਕੁਪਾਤਰ ਵੀ ਦੇਖਣਾ ਹੁੰਦੈ ਕਿ ਨਹੀਂ?
ਇਹ ਬੋਲ ਬਾਜਰੇ ਦੇ ਸਿੱਟਿਆਂ ਦੇ ਹਨ ਕਿ ਬਣਮਾਲੀ ਦੇ ਬਗ਼ੀਚੇ ਦੇ, ਜਾਂ ਮਾਈ ਦੇ? ਆਦਮੀ ਦੇ ਬੋਲ ਤਾਂ ਹਨ ਨਹੀਂ ਇਹ। ਆਦਮੀ ਦੇ ਬੋਲ ਤਾਂ ਅਸਰ ਨਹੀਂ ਕਰਦੇ। ਰਾਜ ਪੰਡਿਤ ਕਿਸੇ ਅਨਹਦ ਸ਼ਬਦ ਦੀ ਚਰਚਾ ਕਰਿਆ ਕਰਦੇ ਸਨ, ਅੱਜ ਇਹ ਦੇਖ ਲਏ। ਰਾਜਾ ਕੁਝ ਕਹਿਣਾ ਚਾਹੁੰਦਾ ਸੀ ਪਰ ਜਿੱਡੀ ਵੱਡੀ ਅੰਦਰ ਗਰਜਣਾ ਸੀ ਉਹ ਬੁੱਲ੍ਹਾਂ ਤੇ ਆ ਨਹੀਂ ਸਕੀ, ਬੁੱਲ੍ਹ ਬਹੁਤਾ ਭਾਰ ਚੁੱਕਣ ਦੇ ਸਮਰੱਥ ਨਹੀਂ। ਬੁੱਢੀ ਗੱਲ ਜਾਣ ਗਈ, ਪੁਚਕਾਰਦੀ ਕਹਿਣ ਲੱਗੀ- ਹੋਰ ਕੁਝ ਪੁੱਛਣਾ ਹੈ ਨਿਰਸੰਕੋਚ ਪੁੱਛੋ, ਮਾਂ ਤੋਂ ਕਿਸ ਲਈ ਝਿਜਕ?
ਰਾਜਾ ਬੋਲਿਆ- ਪਹਿਲਾਂ ਵਚਨ ਦਿਉ।
-ਵਚਨ? ਪਿੱਠ ਸਿਧੀ ਕਰਕੇ ਬੋਲੀ- ਨਾ ਵਚਨ ਕਦੀ ਦਿੱਤਾ ਨਾ ਲਿਆ। ਬਿਨਾਂ ਵਚਨ ਲਏ ਦਏ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਲਿਆ, ਹੁਣ ਮਰਨ ਵੇਲੇ ਤੁਹਾਨੂੰ ਵਚਨ ਕਿਉਂ ਦਿਆਂ? ਮੇਰੇ ਇੱਕ ਬੇਟੇ ਨੇ ਵੀ ਵਚਨ ਦੇਣਾ ਚਾਹਿਆ ਸੀ ਕਿ ਅਜਿਹੀ ਗ਼ਲਤੀ ਫਿਰ ਨਹੀਂ ਕਰੇਗਾ, ਉਸਤੋਂ ਵੀ ਵਚਨ ਨਹੀਂ ਲਿਆ। ਹੁਣ ਤੱਕ ਪਤਾ ਨਹੀਂ ਲੱਗਾ ਉਸਨੇ ਇਹ ਕੰਮ ਕੀਤਾ ਹੀ ਕਿਉਂ? ਮੇਰਾ ਦੁੱਧ ਅਜਿਹਾ ਤਾਂ ਨਹੀਂ ਸੀ।
ਰਾਜਾ ਭੋਜ ਨੂੰ ਕਦੀ ਚਿੜੀਆਂ ਦੀ ਚਹਿਚਹਾਟ ਸੁਣਦੀ ਕਦੀ ਬੁੱਢੀ ਦੇ ਬੋਲ, ਕਦੀ ਕਦੀ ਤਾਂ ਪਤਾ ਵੀ ਨਾ ਲਗਦਾ ਕਿਹੜੇ ਬੋਲ ਕਿਸਦੇ ਹਨ। ਰਾਜ ਦਰਬਾਰ ਵਿੱਚ ਅਜਿਹੇ ਅਨੂਠੇ ਬੋਲ ਕਦੀ ਨਹੀਂ ਸੁਣੇ। ਅੱਜ ਤਾਂ ਇਹ ਵੀ ਸ਼ੱਕ ਹੋਣ ਲੱਗਾ ਕਿ ਜੋ ਕੁਝ ਸੁਣਿਆ ਇਹ ਕਿਸੇ ਮਨੁੱਖ ਦੇ ਕੰਠ ਵਿੱਚੋਂ ਦੀ ਆਇਆ?
ਬੁੱਢੀ ਫਿਰ ਬੋਲੀ- ਇੱਕ ਪਖਵਾੜੇ ਪਹਿਲਾਂ ਦੀ ਗੱਲ ਹੈ। ਭੋਲੇ ਭਾਲੇ ਚੂਹੇ ਨੇ ਮਤੀਰੇ ਦੀ ਵੇਲ ਕੁਤਰ ਦਿੱਤੀ। ਮੇਰੇ ਬੇਟੇ ਨੂੰ ਕਰੋਧ ਆ ਗਿਆ। ਗ਼ੁੱਸੇ ਵਿੱਚ ਪੱਥਰ ਮਾਰਿਆ, ਵਿਚਾਰੇ ਦੀ ਅੱਧੀ ਪੂਛ ਕੱਟੀ ਗਈ। ਤੁਹਾਨੂੰ ਮੇਰੀ ਗੱਲ ਸਮਝ ਆਏ ਨਾ ਆਏ ਬਾਜਰੇ ਦਾ ਪੱਤਾ-ਪੱਤਾ, ਦਾਣਾ-ਦਾਣਾ, ਰੇਤ ਦਾ ਕਣ-ਕਣ ਮੇਰੀ ਗੱਲ ਸਮਝਦਾ ਹੈ। ਸੁਣ ਰਹੇ ਹੋ ਨਾ? ਆਪਣੀ ਗ਼ਲਤੀ ਢਕਣ ਵਾਸਤੇ ਫ਼ਜ਼ੂਲ ਬਹਾਨਾ ਘੜਿਆ, ਕਹਿੰਦਾ ਮਤੀਰਾ ਕੁਤਰ ਦਿੰਦਾ ਮੈਂ ਕੁਝ ਨਾ ਕਹਿੰਦਾ। ਵੇਲ ਕਿਉਂ ਕੱਟੀ? ਮੈਂ ਕਿਹੜਾ ਵਿਵਾਦ ਕਰਨਾ ਸੀ, ਚੁੱਪ ਹੋ ਗਈ। ਇੱਕ ਵਾਰ ਸੋਚਿਆ ਜ਼ਰੂਰ, ਉਜੈਨ ਜਾ ਕੇ ਰਾਜੇ ਕੋਲ ਆਪਣੇ ਬੇਟੇ ਦੀ ਸ਼ਿਕਾਇਤ ਕਰਾਂ ਪਰ ਪਤਾ ਲੱਗਾ ਰਾਜਾ ਤਾਂ ਸ਼ਿਕਾਰ ਦੇ ਸ਼ੌਕ ਵਿੱਚ ਕਿੰਨੇ ਪਸ਼ੂ ਪੰਛੀ ਮਾਰ ਚੁੱਕਾ ਹੈ, ਚੂਹੇ ਦੀ ਪੂਛ ਦਾ ਉਸਨੂੰ ਕੀ ਦਰਦ? ਉਲਟਾ ਮੇਰੇ ਤੇ ਹੱਸੇਗਾ।
ਪਿੱਛੋਂ ਤਾਂ ਮੇਰੇ ਬੇਟੇ ਨੇ ਪਛਤਾਵਾ ਘੱਟ ਨਹੀਂ ਕੀਤਾ। ਸੱਤ ਦਿਨ ਭੁੱਖਾ ਰਿਹਾ। ਪਰ ਉਸਦੀ ਭੁੱਖ ਕਰਕੇ ਚੂਹੇ ਦੀ ਪੂਛ ਜੁੜ ਤਾਂ ਨੀ ਗਈ। ਇੰਨਾ ਕਹਿਕੇ ਬੁੱਢੀ ਨੇ ਵਾਜ਼ ਮਾਰੀ- ਗਣੇਸ਼, ਬੇਟਾ ਗਣੇਸ਼...। ਨੇੜੇ ਦੀ ਖੱਡ ਵਿੱਚੋਂ ਛਾਲਾਂ ਮਾਰਦਾ ਚੂਹਾ ਭੱਜਾ ਆਇਆ ਤੇ ਬੁੱਢੀ ਦੇ ਸਿਰ ਉੱਪਰ ਚੜ੍ਹ ਕੇ ਬੈਠ ਗਿਆ। ਹਿਲਦੇ ਸਿਰ ਉੱਪਰ ਝੂਟੇ ਲੈਣ ਲੱਗਾ। ਇਹ ਪਰਦੇਸੀ ਪਹਿਲੀ ਵਾਰ ਦੇਖੇ। ਮਾਂ ਦੀਆਂ ਗੱਲਾਂ ਨੇ ਦੁਬਿਧਾ ਵਿੱਚ ਪਾ ਦਿੱਤੇ। ਕੁਦਰਤ ਸਿਵਾਏ ਮਾਂ ਨਾਲ ਕੌਣ ਮੁਕਾਬਲਾ ਕਰੇ?
ਰਾਹਗੀਰਾਂ ਨੇ ਬਥੇਰੇ ਚੂਹੇ ਦੇਖੇ ਸਨ ਪਰ ਇੱਥੇ ਗੱਲ ਕੁਝ ਹੋਰ ਸੀ। ਅਸਤ ਹੋ ਰਹੇ ਸੂਰਜ ਨੇ ਚੂਹੇ ਦਾ ਰੂਪ ਧਾਰਕੇ ਆਕਾਸ਼ ਦੀ ਬਜਾਇ ਜਿਵੇਂ ਬੁੱਢੀ ਦੇ ਸਿਰ ਉੱਪਰ ਥਾਂ ਲੱਭ ਲਈ ਹੋਵੇ। ਚੂਹੇ ਦੀ ਅੱਧੀ ਪੂਛ ਦੇਖਕੇ ਰਾਜੇ ਨੂੰ ਲੱਗਾ ਜਿਵੇਂ ਸੂਰਜ ਦੀਆਂ ਅੱਧੀਆਂ ਕਿਰਨਾਂ ਗੁੰਮ ਹੋ ਗਈਆਂ। ਉਦਾਸ ਸੁਰ ਵਿੱਚ ਰਾਜੇ ਨੇ ਕਿਹਾ- ਪਿਛਲੀਆਂ ਗ਼ਲਤੀਆਂ ਦੀ ਮਾਫ਼ੀ ਮੰਗਣ ਦਾ ਅਪਰਾਧ ਨਹੀਂ ਕਰਨਾ ਪਰ ਅੱਜ ਵਾਅਦਾ ਹੈ ਛੋਟੇ ਵੱਡੇ ਕਿਸੇ ਜੀਵ ਦੀ ਜਾਨ ਆਪਣੀ ਜਾਨ ਵਰਗੀ ਜਾਣਾਗਾ। ਉਨ੍ਹਾਂ ਦੀ ਹੱਤਿਆ ਆਤਮ ਹੱਤਿਆ ਹੋਵੇਗੀ। ਹੋਠਾਂ ਤੇ ਮੁਸਕਾਨ ਖੇਡੀ, ਬੁੱਢੀ ਨੇ ਕਿਹਾ- ਮੇਰੇ ਬੇਟੇ ਨੇ ਪਛਤਾਵਾ ਕਰਦਿਆਂ ਮੈਨੂੰ ਕਿਹਾ ਸੀ- ਮੈਂ ਰਾਜੇ ਨੂੰ ਸ਼ਿਕਾਰ ਖੇਡਣੋ ਹਟਾ ਦਿਆਂਗਾ।
-ਫਿਰ ਵੀ ਉਸਨੂੰ ਮਾਫ਼ ਨਹੀਂ ਕੀਤਾ ਮਾਂ? ਰਾਜੇ ਨੇ ਪੁੱਛਿਆ।
-ਪੂਛ ਤਾਂ ਚੂਹੇ ਦੀ ਕਟੀ ਸੀ, ਮੈਂ ਕੌਣ ਹੁੰਨੀਆਂ ਮਾਫ਼ ਕਰਨ ਵਾਲੀ?
-ਪਰ ਅੱਧੀ ਪੂਛ ਬਦਲੇ ਤੁਹਾਡੇ ਬੇਟੇ ਨੇ ਕਿੰਨੇ ਪਸ਼ੂ ਪੰਛੀ ਬਚਾ ਲਏ ਹਿਸਾਬ ਲਾਓ।
-ਇਹੀ ਹਿਸਾਬ ਤਾਂ ਮੇਰੀ ਸਮਝ ਵਿੱਚ ਨਹੀਂ ਆਉਂਦਾ ਚਾਹੇ ਬੇਟਾ ਸਮਝਾਏ ਚਾਹੇ ਦੇਸ ਦਾ ਰਾਜਾ। ਮੇਰੇ ਗਣੇਸ਼ ਦੀ ਕਟੀ ਪੂਛ ਨਾਲ ਇਨ੍ਹਾਂ ਗੱਲਾਂ ਦਾ ਕੀ ਲੈਣ ਦੇਣ? ਲਗਦੈ ਇਹੀ ਹਿਸਾਬ ਦੁਨੀਆ ਨੂੰ ਲੈ ਡੁੱਬੇਗਾ।
ਰਾਜੇ ਦਾ ਅੰਤਹਕਰਨ ਲਹੂ ਲੁਹਾਣ ਹੁੰਦਾ ਜਾ ਰਿਹਾ ਸੀ। ਹੈਰਾਨੀ ਦਾਇਕ ਗੱਲ ਇਹ ਕਿ ਖਿੰਡਿਆ ਬਿਖਰਿਆ ਮਨ, ਆਤਮਾ ਨਾਲ ਜੁੜਨ ਲੱਗਾ।
ਸਿਰ ਤੋਂ ਹੱਥ ਨਾਲ ਬੁੱਢੀ ਨੇ ਚੂਹਾ ਜ਼ਮੀਨ ਤੇ ਰੱਖ ਦਿੱਤਾ, ਦੋ ਬਾਜ ਟਾਹਲੀ ਤੋਂ ਉੱਡਕੇ ਹੇਠਾਂ ਚੂਹੇ ਕੋਲ ਆ ਉੱਤਰੇ। ਚੂਹਾ ਉਨ੍ਹਾਂ ਦੇ ਖੰਭਾਂ ਉੱਪਰ ਕਦੀ ਚੜ੍ਹ ਜਾਂਦਾ, ਕਦੀ ਉਤਰ ਜਾਂਦਾ। ਨੀਂਦ ਵਿਚਲੇ ਸੁਫ਼ਨੇ ਨਾਲੋਂ ਕਦੀ ਕਦਾਈਂ ਅੱਖੀਂ ਡਿੱਠਾ ਦ੍ਰਿਸ਼ ਵਧੀਕ ਹੈਰਾਨੀਕੁਨ ਹੁੰਦਾ ਹੈ। ਰਾਜੇ ਨੂੰ ਨਾ ਯਕੀਨ ਹੁੰਦਾ ਸੀ ਨਾ ਝੂਠ ਲਗਦਾ। ਪੰਡਿਤ ਸਿਖੀਆਂ ਹੋਈਆਂ ਧਾਰਣਾਵਾਂ ਅਨੁਸਾਰ ਜੋ ਦੇਖਣਾ ਚਾਹੁੰਦਾ ਸੀ ਉਹੀ ਦੇਖੀ ਗਿਆ।
ਬੁੱਢੀ ਆਪਣੀ ਰੌ ਵਿੱਚ ਵਗਦੀ ਹੋਈ ਕਹਿਣ ਲੱਗੀ- ਤੁਹਾਡਾ ਬਣਮਾਲੀ ਅਜੇ ਰਿੜ੍ਹਨਾ ਸਿਖ ਰਿਹਾ ਸੀ ਕਿ ਇੱਕ ਹਿਰਨੋਟਾ ਹਫ਼ਦਾ ਹੋਇਆ ਮੇਰੇ ਨੇੜੇ ਆ ਕੇ ਖੜ੍ਹਾ ਹੋ ਗਿਆ ਜਿਵੇਂ ਕਿਸੇ ਬੱਦਲ ਤੋਂ ਟਪਕਿਆ ਹੋਵੇ। ਅਜੇ ਠੀਕ ਤਰ੍ਹਾਂ ਦੇਖਿਆ ਵੀ ਨਹੀਂ ਸੀ ਕਿ ਦਹਾੜਦੇ ਸ਼ੇਰ ਵੱਲ ਮੇਰੀ ਨਿਗਾਹ ਗਈ। ਇੱਕ ਵਾਰ ਤਾਂ ਡਰਦੀ ਨੂੰ ਮੈਨੂੰ ਕਾਠ ਮਾਰ ਗਿਆ ਪਰ ਫਿਰ ਕਿਤੋਂ ਮੇਰੇ ਵਿੱਚ ਜਿਵੇਂ ਸੌ ਸ਼ੇਰਾਂ ਦੀ ਤਾਕਤ ਉਤਰ ਆਈ। ਅੱਖਾਂ ਨਾਲ ਅੱਖਾਂ ਮਿਲਾਕੇ ਮੈਂ ਉਸ ਵੱਲ ਵਧੀ ਤੇ ਕਿਹਾ- ਏਨੀ ਭੁੱਖ ਲੱਗੀ ਹੈ ਤਾਂ ਹਿਰਨੋਟੇ ਦੀ ਥਾਂ ਮੈਨੂੰ ਖਾ ਲੈ ਪਰ ਜਿਉਂਦੇ ਜੀ ਹਿਰਨੋਟੇ ਨੂੰ ਤਾਂ ਨੀ ਖਾਣ ਦਿੰਦੀ। ਹੁਣ ਤਾਂ ਏਨਾ ਵੀ ਪੱਕਾ ਯਾਦ ਨਹੀਂ ਇਹ ਗੱਲ ਮੈਂ ਉਸਨੂੰ ਕਹੀ ਸੀ ਕਿ ਸੋਚੀ ਸੀ। ਉਦੋਂ ਤਾਂ ਇਉਂ ਲੱਗਾ ਸੀ ਬਰਸਾਂ ਤੋਂ ਸ਼ੇਰ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ। ਇਸ ਤਰ੍ਹਾਂ ਦੀ ਬੋਲੀ ਸੀ ਜਿਸਨੂੰ ਕੀੜੀ ਵੀ ਸਮਝਦੀ, ਹਾਥੀ ਵੀ, ਚੂਹਾ ਵੀ ਜਾਣਦਾ ਹੈ ਬਾਜ ਵੀ, ਹਿਰਨ ਵੀ ਜਾਣਦਾ ਹੈ ਸ਼ੇਰ ਵੀ। ਆਦਮੀ ਇਹ ਬੋਲੀ ਭੁੱਲਦਾ ਜਾ ਰਿਹਾ ਹੈ। ਫਿਰ ਸ਼ੇਰ ਨਾ ਆਪਣੀ ਥਾਂ ਤੋਂ ਹਿੱਲਿਆ ਨਾ ਗਰਜਿਆ। ਇੱਕ ਕਦਮ ਉਸ ਵੱਲ ਗਈ, ਉਹ ਪਿੱਛੇ ਹਟ ਗਿਆ, ਪੂਛ ਹਿਲਾਣ ਲੱਗਾ। ਆਪਣੇ ਬੱਚੇ ਨੂੰ ਸ਼ੇਰ ਦੀ ਪਿੱਠ ਤੇ ਬਿਠਾਇਆ ਤਾਂ ਹਿਰਨੋਟਾ ਵੀ ਸ਼ੇਰ ਵੱਲ ਖਿਸਕ ਆਇਆ। ਦੋਵਾਂ ਦੀ ਦੋਸਤੀ ਹੋ ਗਈ, ਮੇਰੇ ਵਿਹੜੇ ਵਿੱਚ ਖੇਡਣ ਆ ਜਾਂਦੇ। ਕਦੇ-ਕਦੇ ਤਾਂ ਹਿਰਨ ਉਸਦੇ ਪੇਟ ਵਿੱਚ ਡੂੰਘਾ ਸਿੰਗ ਮਾਰ ਦਿੰਦਾ, ਸ਼ੇਰ ਮੇਰੇ ਕੋਲ ਸ਼ਿਕਾਇਤ ਕਰਨ ਆਉਂਦਾ। ਬੇਟਾ ਵੀ ਮੇਰੇ ਕੋਲ ਘੱਟ ਆਉਂਦਾ, ਇਨ੍ਹਾਂ ਨਾਲ ਖੇਡੀ ਜਾਂਦਾ। ਬਗ਼ੀਚੇ ਦਾ ਸ਼ੌਕ ਤਾਂ ਬਹੁਤ ਬਾਅਦ ਦੀ ਘਟਨਾ ਹੈ।
ਰਾਜਾ ਗੱਲਾਂ ਸੁਣਦਾ ਸੁਣਦਾ ਪੁਰਾਣੇ ਵਕਤ ਵਿੱਚ ਚਲਾ ਗਿਆ ਜਦੋਂ ਇਹ ਬੁੱਢੀ, ਜਵਾਨ ਸੀ। ਉਸ ਅੱਗੇ ਸ਼ੇਰ ਪੂਛ ਹਿਲਾਉਂਦਾ ਦਿਸਿਆ, ਆਪਣੇ ਬੇਟੇ ਨੂੰ ਉਹ ਸ਼ੇਰ ਦੀ ਪਿੱਠ ਉੱਪਰ ਬਿਠਾਉਂਦੀ ਦਿਸੀ। ਤਿੱਖੇ ਸਿੰਗਾਂ ਨਾਲ ਹਿਰਨ, ਸ਼ੇਰ ਦੀ ਗਰਦਣ ਉੱਪਰ ਖ਼ੁਰਕ ਕਰਦਾ ਦਿਸਿਆ। ਬੁੱਢੀ ਦਾ ਭੂਤਕਾਲ ਤਾਂ ਦੇਖਿਆ ਸੋ ਦੇਖਿਆ, ਅਣਗਿਣਤ ਭਵਿੱਖ ਵੀ ਦਿਸੇ। ਸ਼ਾਇਦ ਇਸ ਦੀ ਮੌਤ, ਇਸ ਸਰੀਰ ਅੰਦਰ ਸਦਾ ਸਜੀਵ ਰਹੇ। ਹਰ ਬੰਦੇ ਵਾਂਗ ਇਸ ਦੀ ਲਾਸ਼ ਸ਼ਮਸ਼ਾਨਘਾਟ ਨਹੀਂ ਜਾਏਗੀ।
ਨਿੱਕੀ ਪੋਤੀ ਸੁਣਕੇ ਬੋਲੀ- ਦਾਦੀ ਦਾਦੀ ਇਨੀ ਵਧੀਆ ਗੱਲ ਮੈਨੂੰ ਕਿਉਂ ਨੀ ਸੁਣਾਈ ਹੁਣ ਤੱਕ? ਕਿਉਂ ਛਿਪਾਈ?
-ਤੈਨੂੰ ਸੁਣਾਉਣ ਵਾਲੀ ਹੁੰਦੀ ਤੈਨੂੰ ਸੁਣਾਉਂਦੀ। ਜਿਹੜੀਆਂ ਅਣਮੋਲ ਗੱਲਾਂ ਤੈਨੂੰ ਸੁਣਾਈਆਂ ਨੇ ਸੋ ਇਨ੍ਹਾਂ ਨੂੰ ਥੋੜ੍ਹਾ ਸੁਣਾਊਂਗੀ? ਇਹ ਮਾਮੂਲੀ ਗੱਲ ਇਨ੍ਹਾਂ ਵਾਸਤੇ ਸੀ ਸੋ ਸੁਣਾ ਦਿੱਤੀ। ਫਿਰ ਮਾਘ ਵੱਲ ਮੂੰਹ ਕਰਕੇ ਬੋਲੀ- ਤੁਹਾਨੂੰ ਮੇਰੀਆਂ ਗੱਲਾਂ ਉੱਪਰ ਯਕੀਨ ਨਹੀਂ ਆਏਗਾ ਕਿਉਂਕਿ ਵਿਦਵਾਨ ਹੋ, ਰਾਜ ਪੰਡਿਤ...।
-ਰਾਜ ਪੰਡਿਤ ਹੋਵਾਂ ਚਾਹੇ ਰਾਖ ਪੰਡਿਤ ਤਾਂ ਵੀ ਸ਼ੇਰ ਅਤੇ ਬਾਜ ਜਿੰਨਾ ਜਾਲਮ ਨਹੀਂ। ਸ਼ਿਕਾਰੀ ਜਾਨਵਰਾਂ ਦਾ ਸੁਭਾਅ ਬਦਲ ਸਕਦਾ ਹੈ, ਮੇਰਾ ਨਹੀਂ ਬਦਲੇਗਾ? ਮਾਂ ਦੀਆਂ ਲੱਤਾਂ ਖਾਣ ਦਾ ਮੌਕਾ ਹਰੇਕ ਨੂੰ ਮਿਲਦਾ ਵੀ ਤਾਂ ਨਹੀਂ। ਮੰਨੋ ਭਾਵੇਂ ਨਾ, ਮੈਨੂੰ ਤੁਹਾਡੀ ਹਰੇਕ ਗੱਲ ਠੀਕ ਲੱਗਣ ਲੱਗੀ ਹੈ। ਤੁਸੀਂ ਚਾਹੋਂ ਤਾਂ ਇੱਕ ਮੁੱਠੀ ਵਿੱਚ ਸੂਰਜ ਦੂਜੀ ਵਿੱਚ ਚੰਦ ਨੱਪ ਸਕਦੇ ਹੋ।
ਬੁੱਢੀ ਫਿਰ ਹੱਸੀ- ਕੀਤੀ ਨਾ ਉਹੀ ਬੇਸਮਝੀ ਦੀ ਗੱਲ?
-ਸਾਡੇ ਕੋਲ ਸਮਝ ਹੁੰਦੀ ਫਿਰ ਰੋਣਾ ਕਾਸ ਲਈ? ਰਾਜਾ ਨੇ ਕਿਹਾ- ਪੈਰੀਂ ਹੱਥ ਲਾਉਣ ਦੀ ਮਨਾਹੀ ਕਰ ਦਿੱਤੀ, ਸਿਰ ਕੱਟ ਕੇ ਅਰਪਣ ਕਰਨ ਤੇ ਤਾਂ ਬੰਦਿਸ਼ ਨਹੀਂ?
-ਤੁਹਾਡਾ ਸਿਰ, ਜੋ ਮਰਜ਼ੀ ਕਰੋ। ਮੈਂ ਕੌਣ ਹਾਂ ਰੋਕਣ ਵਾਲੀ? ਯਾਦ ਰੱਖੋ, ਤੁਹਾਨੂੰ ਨਾ ਜਿਉਣਾ ਆਏ ਨਾ ਮਰਨਾ। ਕਿਸੇ ਹਥਿਆਰ ਨਾਲ ਸਿਰ ਨਹੀਂ ਕਟਦਾ ਹੁੰਦਾ, ਖਾਹਮਖਾਹ ਸਿਰ ਗੁਆਉਂਗੇ।
-ਹੁਣ ਤਾਂ ਮਾਂ, ਨਾ ਸਿਰ ਦੀ ਇੱਛਾ ਨਾ ਮੁਕਟ ਦੀ। ਮੇਰੀ ਗੱਲ ਨਾ ਮੰਨੀ ਤਾਂ ਸਿਰ ਕੱਟ ਕੇ ਦਿਖਾ ਦੇਊਂਗਾ। ਜੰਗਲ ਦਾ ਰਾਜ ਛੱਡੋ, ਉਜੈਨ ਦਾ ਉਜੜਿਆ ਰਾਜ ਸੰਭਾਲੋ, ਦੇਸ ਦਾ ਕਲਿਆਣ ਹੋ ਜਾਏਗਾ।
-ਨਾ ਬਾਬਾ ਨਾ। ਆਦਮੀ ਨੂੰ ਤਾਂ ਰੱਬ ਨੀ ਸਮਝਾ ਸਕਦਾ ਫਿਰ ਮੇਰੀ ਕੀ ਔਕਾਤ? ਆਪਣਾ ਕਲਿਆਣ ਕਰ ਲਵਾਂ ਬਥੇਰਾ ਹੈ...। ਹੋਰਾਂ ਦੇ ਕਲਿਆਣ ਦਾ ਭਰਮ ਨਹੀਂ। ਪੱਥਰ ਸਮਝ ਜਾਣਗੇ, ਆਦਮੀ ਨਹੀਂ ਸਮਝੇਗਾ। ਉਸਨੂੰ ਅਕਲ ਦਾ ਹੰਕਾਰ ਹੈ।
-ਤੁਹਾਡੇ ਬੇਟੇ ਨੇ ਵੀ ਇਹੋ ਗੱਲ ਕਹੀ ਸੀ।
-ਕਹਿ ਸਕਦੈ ਉਹ। ਆ ਜਾਣਾ ਮਹੀਦਾ ਸੀ ਹੁਣ ਤੱਕ। ਘੜੀ ਭਰ ਮੈਨੂੰ ਨਾ ਮਿਲੇ, ਸਾਹ ਚੜ੍ਹਨ ਲਗਦੈ ਉਹਨੂੰ।
-ਸਮਝਾ ਬੁਝਾ ਕੇ ਉਸਨੂੰ ਹੀ ਮੇਰੇ ਨਾਲ ਭੇਜ ਦਿਉ?
-ਇਹ ਗੱਲ ਹੈ ਈ ਨੀ ਉਸਨੂੰ ਸਮਝਾਣ ਵਾਲੀ। ਤੁਸੀਂ ਹੋ ਉਜੈਨ ਦੇ ਰਾਜਾ, ਤੁਹਾਨੂੰ ਹੀ ਰਾਜਭਾਗ ਸੰਭਾਲਣਾ ਪਏਗਾ।
-ਕਿਉਂਕਿ ਜਨਮ ਜਨਮਾਂਤਰਾਂ ਦੇ ਪਾਪ ਮੈਂ ਹੀ ਕੀਤੇ ਨੇ ਨਾ...। ਰਾਜ ਕਾਜ ਦਾ ਸਿੰਗ ਪੂਛ ਜਾਣਦਾ ਨਹੀਂ, ਰਾਜਾ ਬਣਿਆ ਬੈਠਾ ਹਾਂ। ਪਿਛਲੇ ਪਾਪਾਂ ਦਾ ਫਲ।
-ਉਸ ਫਲ ਦੀ ਜੜ੍ਹ ਕਦੀ ਨਹੀਂ ਮਿਲੇਗੀ। ਪਾਪ ਪੁੰਨ ਦੀ ਗੁੱਥੀ ਬੜੀ ਉਲਝੀ ਹੋਈ ਹੈ। ਸੁਲਝਾਉਣੀ ਚਾਹਾਂ ਸਮਝੋਂਗੇ ਨਹੀਂ। ਮੇਰੇ ਵਾਸਤੇ ਜੋ ਪਾਪ, ਤੁਹਾਡੇ ਵਾਸਤੇ ਉਹੀ ਪੁੰਨ। ਹਰ ਬੰਦੇ ਦੀ ਸੂਰਤ ਤਾਂ ਵੱਖਰੀ ਹੈ ਈ, ਸੀਰਤ ਵੀ ਵੱਖ-ਵੱਖ। ਅੰਤਹਕਰਨ ਵਿਚਲੇ ਬੀਜ ਹੀ ਪੁੰਗਰਨਗੇ। ਰਾਜ ਕਰਨ ਵਰਗਾ ਮਾਮੂਲੀ ਕੰਮ ਹੋਰ ਹੈ ਈ ਨਹੀਂ। ਦੋ ਮਾਮੂਲੀ ਗੁਰ ਨੇ। ਜਿਵੇਂ ਮੈਂ ਆਪਣੀਆਂ ਚਿੜੀਆਂ ਨੂੰ ਸਮਝਦੀ ਹਾਂ, ਪਰਜਾ ਨੂੰ ਆਪਣੀ ਸੰਤਾਨ ਜਾਣੋ। ਖ਼ੁਦ ਭੁੱਖ ਕੱਟਣੀ ਮਨਜੂਰ, ਹੋਰ ਜੀਵ-ਜੰਤੂ ਭੁੱਖਾ ਨਾ ਰਹੇ। ਦੂਜਾ ਗੁਰ ਹੋਰ ਵੀ ਸਿੱਧਾ ਹੈ। ਪੰਡਿਤਾਂ ਦੇ ਗ੍ਰੰਥਾਂ ਸ਼ਾਸਤਰਾਂ ਉੱਪਰ ਬਹੁਤਾ ਭਰੋਸਾ ਨਾ ਕਰੋ। ਤੁਹਾਨੂੰ ਪਤਾ ਵੀ ਨੀ ਲਗਣਾ ਸ਼ਾਸਤਰਾਂ ਦੀ ਦੁਹਾਈ ਦੇਣ ਵਾਲੇ ਤੁਹਾਨੂੰ ਪੁਜਾਰੀ ਅਤੇ ਕਸਾਈ ਤੋਂ ਵਧੀਕ ਕਠੋਰ, ਨਿਰਦਈ ਕਰ ਦੇਣਗੇ। ਮਮਤਾ ਛੁਟੀ, ਸਮਤਾ ਛੁਟੀ। ਸ਼ਾਸਤਰਾਂ ਦੇ ਸ਼ਬਦ ਜੇ ਝਰਨੇ ਵਾਂਗ ਵਹਿੰਦੇ ਰਹਿਣ ਫਿਰ ਸੜਨ ਤੋਂ ਬਚ ਜਾਂਦੇ ਨੇ। ਇਹ ਦੋ ਗੁਰ ਪੱਲੇ ਬੰਨ੍ਹ ਲਉ, ਫਿਰ ਮੇਰੇ ਕੋਲ ਆਉਣ ਦੀ ਲੋੜ ਨਹੀਂ।
ਰਾਜਾ ਭੋਜ ਨੇ ਨਿਮਰ ਹੋ ਕੇ ਬੇਨਤੀ ਕੀਤੀ- ਮੈਂ ਏਨਾ ਅਛੂਤ ਹਾਂ ਕਿ ਦਰਸ਼ਨ ਕਰਨ ਦੇ ਸੁਭਾਗ ਤੋਂ ਵੀ ਦੂਰ ਰਹਾਂ?
-ਕਿਵੇਂ ਸਮਝਾਵਾਂ ਦੁਨੀਆ ਅੰਦਰ ਕੋਈ ਮਾਣਸ ਏਨਾ ਵੱਡਾ ਨਹੀਂ ਕਿ ਉਸਦੇ ਦਰਸ਼ਨ ਦੀ ਜ਼ਰੂਰਤ ਪਵੇ, ਨਾ ਕੋਈ ਏਨਾ ਛੋਟਾ ਹੈ ਕਿ ਦਰਸ਼ਨ ਦੀ ਭੀਖ ਮੰਗਦਾ ਫਿਰੇ। ਸਾਰਾ ਗੜਬੜ ਘੋਟਾਲਾ ਤੁਹਾਡੇ ਪੰਡਤਾਂ ਦੀ ਕਾਰਸਤਾਨੀ ਹੈ। ਕੁਦਰਤ ਦਾ ਸੁੱਕਾ ਤਿਣਕਾ ਵੀ ਰਾਜਾ, ਮਹਾਤਮਾ, ਪੰਡਿਤ ਜਾਂ ਮੇਰੇ ਵਰਗੀ ਬੁੱਢੀ ਤੋਂ ਉੱਤਮ ਹੈ। ਕੁਦਰਤ ਦੇ ਬੋਲਾਂ ਤੋਂ ਇਲਾਵਾ ਹਰੇਕ ਸਿੱਖਿਆ ਉਲਝਣ ਤੋਂ ਬਾਅਦ ਉਲਝਣ ਹੈ। ਸੱਚ ਘੱਟ, ਝੂਠ ਵਧੀਕ। ਇਸੇ ਕਰਕੇ ਕਹਿਨੀਆਂ ਮੇਰੀਆਂ ਗੱਲਾਂ ਤੇ ਭਰੋਸਾ ਨਾ ਕਰੋ, ਕੁਦਰਤ ਅਤੇ ਆਪਣੇ ਅਨੁਭਵ ਉੱਪਰ ਭਰੋਸਾ ਰੱਖੋ।
ਮਾਘ ਪੰਡਿਤ ਨੇ ਆਜਜ਼ੀ ਨਾਲ ਕਿਹਾ- ਅਸੀਸ ਨਹੀਂ ਦਿਉਗੇ? ਇੰਨੇ ਅਭਾਗੇ ਹਾਂ ਕਿ ਅਸੀਸ ਦੇ ਹੱਕਦਾਰ ਵੀ ਨਹੀਂ?
-ਅਸੀਸ ਤਾਂ ਦੇ ਦਿਆਂ ਪਰ ਪਚਾ ਨਹੀਂ ਸਕੋਗੇ। ਬੇਟੇ ਨੂੰ ਤਾਂ ਦੁੱਧ ਪਿਲਾਇਆ ਸੀ ਸੋ ਅਸੀਸ ਦੀ ਹੋਰ ਕੀ ਲੋੜ? ਪਹਿਲੀ ਅਸੀਸ ਤੁਹਾਨੂੰ ਦੇ ਰਹੀ ਹਾਂ : ਪਾਣੀ ਪੀਣ ਤੋਂ ਪਹਿਲਾਂ ਅਗਨੀ ਪੀਉ। ਜਿਉਣ ਤੋਂ ਪਹਿਲਾਂ ਸਿਰ ਕੱਟ ਲਉ...। ਤੁਹਾਡਾ ਬਣਮਾਲੀ ਵੀ ਆ ਗਿਆ। ਅਹੁ ਦੇਖੋ। ਉਸਦਾ ਅਲਗੋਜ਼ਾ ਵੀ ਸੁਣ ਕੇ ਜਾਇਓ। ਬਾਕੀ ਗੱਲਾਂ ਖ਼ੁਦ ਸਮਝ ਜਾਉਗੇ।
-ਫਿਰ ਜਾ ਵੀ ਸਕਾਂਗੇ ਇੱਥੋਂ? ਰਾਜ ਪੰਡਿਤ ਜਿਵੇਂ ਪਤਾਲ ਦੀ ਡੂੰਘਾਣ ਵਿੱਚੋਂ ਬੋਲਿਆ- ਸੁਣਿਆ ਹੈ ਬਘਿਆੜ ਮੂੰਹ ਵਿੱਚ ਲੇਲਾ ਦੱਬੀ ਭੱਜਿਆ ਜਾ ਰਿਹਾ ਸੀ ਕਿ ਉਸਦੇ ਕੰਨਾਂ ਵਿੱਚ ਅਲਗੋਜ਼ੇ ਦੀ ਧੁਨ ਪੈ ਗਈ। ਦੰਦਾਂ ਵਿੱਚੋਂ ਲੇਲਾ ਨਿਕਲ ਗਿਆ। ਆਪਣੀ ਖ਼ੂਨੀ ਜੀਭ ਨਾਲ ਬਘਿਆੜ ਲੇਲੇ ਦੇ ਜ਼ਖ਼ਮ ਚੱਟਣ ਲੱਗਾ। ਨਾ ਜਾਣੇ ਕਿਉਂ ਅੱਡੀ ਤੋਂ ਚੋਟੀ ਤੱਕ ਪੰਡਿਤ ਕੰਬ ਗਿਆ। ਸਹਿਮੀ ਵਾਜ ਵਿੱਚ ਮੁਸ਼ਕਲ ਨਾਲ ਬੋਲਿਆ- ਹੁਣ ਉਜੈਨ ਪੁੱਜਣਾ ਸੰਭਵ ਨਹੀਂ। ਤਾਂ ਤੁਹਾਡੇ ਬੇਟੇ ਦੇ ਅਲਗੋਜ਼ੇ ਦੀ ਆਵਾਜ਼ ਸੀ ਉਹ...!
-ਫਿਕਰ ਕਿਸ ਗੱਲ ਦਾ ਮਾਘ ਪੰਡਿਤ। ਨਾ ਤੁਸੀਂ ਬਘਿਆੜ, ਨਾ ਤੁਹਾਡੇ ਦੰਦਾਂ ਹੇਠ ਮੇਮਨਾ। ਘਬਰਾਹਟ ਕਿਸ ਗੱਲੋਂ? ਨਹੀਂ ਜਾਣਾ ਉਜੈਨ ਨਾ ਸਹੀ। ਰਸਤਾ ਭੁੱਲ ਜਾਣ ਦਾ ਸੁਭਾਗ ਕਿਸੇ ਕਿਸੇ ਦੀ ਕਿਸਮਤ ਵਿੱਚ ਹੁੰਦੈ।
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)