Punjabi Stories/Kahanian
ਸੁਜਾਨ ਸਿੰਘ
Sujan Singh
Punjabi Kavita
  

Razaai Principal Sujan Singh

ਰਜ਼ਾਈ ਪ੍ਰਿੰਸੀਪਲ ਸੁਜਾਨ ਸਿੰਘ

ਛੁੱਟੀ ਵੇਲੇ ਜਦ ਸਕੂਲ ਮਾਸਟਰ ਸਕੂਲੋਂ ਬਾਹਰ ਨਿਕਲਦਾ ਤਾਂ ਉਹ ਮੁੰਡਿਆਂ ਦੇ ਇਕ ਹੜ ਵਿਚ ਹੁੰਦਾ। ਕਈ ਵਾਰੀ ਉਸਨੂੰ ਐਉਂ ਜਾਪਦਾ ਕਿ ਮੁੰਡਿਆਂ ਦੇ ਹੜ ਵਿੱਚ ਉਹ ਇਕ ਬੇੜੀ ਹੈ । ਅੱਜ ਉਸ ਸੋਚਿਆ ਜੇ ਮੁੰਡਿਆਂ ਦਾ ਪ੍ਰਵਾਹ ਸਦਾ ਇਵੇਂ ਨਾ ਚਲਦਾ ਰਹੇ ਤਾਂ ਉਸ ਦਾ ਜੀਵਨ ਵੀ ਸੁਕੇ ਦਰਿਆ ਦੇ ਰੇਤਲੇ ਕੰਢਿਆਂ ਤੇ ਫਜ਼ੂਲ ਪਈ ਬੇੜੀ ਵਾਂਗ ਨਿਕੰਮਾ ਹੋ ਕੇ ਰਹਿ ਜਾਏ। ਫਿਰ ਉਸ ਵਿਚਾਰਿਆ ਬੇੜੀ ਤਾਂ ਉਹ ਠੀਕ ਹੈ। ਵਰ੍ਹੇ ਦੇ ਵਰ੍ਹੇ ਉਹ ਵਿਦਿਆਰਥੀਆਂ ਦੇ ਪੂਰਾਂ ਦੇ ਪੂਰ ਇਮਤਿਹਾਨਾਂ ਦੇ ਪੱਤਣ ਤੋਂ ਪਾਰ ਉਤਾਰਦਾ ਹੈ। ਉਸ ਦੀ ਸਮਝ ਵਿੱਚ ਨਾ ਆਇਆ ਕਿ ਵਿਦਿਆਰਥੀ ਜਲ-ਪ੍ਰਵਾਹ ਤੇ ਯਾਤ੍ਰੀਆਂ ਦਾ ਪੂਰ ਦੋਵੇਂ ਚੀਜ਼ਾਂ ਕਿਵੇਂ ਬਣ ਸਕਦੇ ਹਨ । ਆਖ਼ਰ ਪ੍ਰਵਾਹ ਤਾਂ ਕੋਈ ਚਲਦਾ ਹੀ ਸੀ, ਜਿਸ ਤੇ ਉਸ ਦੇ ਜੀਵਨ ਦੀ ਟੁੱਟੀ ਫੁੱਟੀ ਕਿਸ਼ਤੀ ਤਰ ਕੇ ਇਕ ਕੰਮ ਕਰੀ ਜਾ ਰਹੀ ਸੀ, ਭਾਵੇਂ ਔਖੇ ਤੋਂ ਔਖੇ ਹਿਸਾਬੀ ਸਵਾਲ ਮਿੰਟਾਂ ਵਿੱਚ ਕੱਢ ਲੈਣ ਵਾਲੀ ਉਸ ਦੀ ਸਮਝ, ਉਸ ਅਦਿੱਖ ਪ੍ਰਵਾਹ ਨੂੰ ਸਮਝ ਸਕਣੋਂ ਅਸਮਰਥ ਸੀ।
ਮਾਸਟਰ ਨੇ ਸੁਤੇ ਸਿੱਧ ਕਈਆਂ ਵਾਕਫ਼ਾਂ ਦੀਆਂ ਸਲਾਮਾਂ ਦਾ ਜਵਾਬ ਹੱਥ ਜੋੜ ਕੇ ਦਿਤਾ । ਕਈਆਂ ਦੀ ਨਮਸਤੇ, ਸਤਿ ਸ੍ਰੀ ਅਕਾਲ, ਜੈ ਰਾਮ ਜੀ ਕੀ, ਝੁਕ ਝੁਕ ਕੇ ਸੂਦ ਸਮੇਤ ਮੋੜੀ। ਪਰ ਅੰਦਰੋਂ ਉਸਨੂੰ ਕੋਈ ਫਿਕਰ ਖਾਈ ਜਾ ਰਿਹਾ ਸੀ। ਬਜ਼ਾਰ ਵਿੱਚ ਤਾਂ ਉਹ ਮਸ਼ੀਨੀ ਹਰਕਤਾਂ ਕਰੀ ਤੁਰਿਆ ਜਾ ਰਿਹਾ ਸੀ। ਅਚਾਨਕ ਇਕ ਦੌੜੀਂ ਆਉਂਦੀ ਗਊ ਨੇ ਉਸ ਨੂੰ ਬਾਹਰਲੀ ਹੋਸ਼ ਵਿੱਚ ਆਂਦਾ। ਉਹ ਹੈਰਾਨ ਸੀ ਕਿ ਉਹ ਕਿਸੇ ਨਾਲ ਕਿਉਂ ਨਹੀਂ ਟਕਰਾਇਆ ਜਾਂ ਪਾਸੇ ਤੇ ਵਗਦੀ ਡੂੰਘੀ ਵਹਿਣੀ ਵਿੱਚ ਕਿਉਂ ਨਾ ਜਾ ਪਿਆ।
ਮੋੜ ਮੁੜਨ ਲਗਿਆਂ ਉਸ ਕੁਵਾੜੀਏ ਦੀ ਹੱਟੀ ਤੇ ਇਕ ਪੁਰਾਣੀ ਰਜ਼ਾਈ ਲਮਕਦੀ ਦੇਖੀ । ਅੰਦਰੋਂ-ਕੰਬ ਕੇ ਉਸ ਇਧਰ ਉਧਰ ਦੇਖਿਆ । ਕਿਤੇ ਉਸ ਨੂੰ ਕਿਸੇ ਪੁਰਾਣੀ ਰਜ਼ਾਈ ਵਲ ਲਲਚਾਈਆਂ ਨਜ਼ਰਾਂ ਨਾਲ ਵੇਖਦਿਆਂ ਨਾ ਦੇਖ ਲਿਆ ਹੋਵੇ । ਉਹ ਛੇਤੀ ਨਾਲ ਮੋੜ ਮੁੜ ਪਿਆ।
ਮਾਸਟਰ ਪੰਜਾਂ ਬੱਚਿਆਂ ਦਾ ਬਾਪ ਹੈ। ਅੱਜ ਕਲ ਉਹ ਇਨ੍ਹਾਂ ਨੂੰ ਪੰਜ ਗ਼ਲਤੀਆਂ ਕਹਿੰਦਾ ਹੈ। ਪੁਰਾਣੇ ਜਰਮਨ ਤੇ ਅੱਜ ਕਲ ਦੇ ਰੂਸ ਵਿੱਚ ਸ਼ਾਇਦ ਉਸ ਦੀ ਇਸਤ੍ਰੀ ਨੂੰ ਵਧ ਬੱਚੇ ਪੈਦਾ ਕਰਨ ਦਾ ਮੈਡਲ ਤੇ ਇਨਾਮ ਮਿਲਦਾ । ਉਹ ਸੋਚ ਰਿਹਾ ਸੀ ਕਿ ਕਿਵੇਂ ਹਾਲਾਤ ਗ਼ਲਤੀਆਂ ਨੂੰ ਦਰੁਸਤੀਆਂ ਤੇ ਦਰੁਸਤੀਆਂ ਨੂੰ ਗ਼ਲਤੀਆਂ ਬਣਾ ਦੇਂਦੇ ਹਨ। ਕਾਸ਼ ਕਿ ਹਾਲਾਤ ਸਾਰਿਆਂ ਦੇ ਕਾਬੂ ਵਿੱਚ ਹੁੰਦੇ! ਹਾਲਾਤ ਦੀ ਕੁੰਜੀ ਕੇਵਲ ਅਮੀਰਾਂ ਦੇ ਹੱਥ ਵਿੱਚ ਹੀ ਨਾ ਹੁੰਦੀ।
ਪਾਕਸਤਾਨੋਂ ਆਏ ਤਿੰਨ ਰਿਸ਼ਤੇਦਾਰ ਵੀ ਉਸ ਦੇ ਕੋਲ ਰਹਿੰਦੇ ਹਨ ।ਕਦੇ ਉਹਨਾਂ ਨੇ ਵੀ ਇਸਦੀ ਔਖੇ ਵੇਲੇ ਮਦਦ ਕੀਤੀ ਸੀ ਜਦੋਂ ਉਹ ਆਪ ਸੌਖੇ ਸਨ। ਮਾਸਟਰ ਦੀ ਤਨਖ਼ਾਹ ਹੁਣ ਸਭ ਕੁਝ ਪਾ ਕੇ ਇਕ ਸੌ ਸਾਢੇ ਸਤਾਈ ਰੁਪਏ ਹੈ। ਵੱਡੀ ਤਨਖ਼ਾਹ ਹੈ। ਕੇਵਲ ਉਹ ਆਟਾ, ਜੋ ਉਸਨੂੰ ਸਹਾਇਤਾ ਦਿਤੀ ਜਾਣ ਦੇ ਵੇਲੇ ਦੋ ਰੁਪਏ ਤੇਰਾਂ ਆਨੇ ਮਣ ਵਿਕਦਾ ਸੀ, ਹੁਣ ਤੀਹ ਰੁਪਏ ਮਣ ਵਿਕਦਾ ਹੈ।ਪਰ ਮਾਸਟਰ ਦੀ ਤਨਖ਼ਾਹ ਤਾਂ ਮਾਕੂਲ ਹੈ । ਇਕ ਸੌ ਸਾਢੇ ਸਤਾਈ ਰੁਪਏ, ਪ੍ਰਾਵੀਡੈਂਟ ਫ਼ੰਡ ਕਰਕੇ! ਸੋ ਹੁਣ ਉਹ ਉਹਨਾਂ ਨੂੰ ਔਖੇ ਵੇਲੇ ਕਿਵੇਂ ਬਾਂਹ ਨਾ ਦਿੰਦਾ? ਅਕ੍ਰਿਤਘਣ ਨਾ ਅਖਵਾਉਣ ਦਾ ਵੀ ਤਾਂ ਮੁਲ ਹੁੰਦਾ ਹੈ ਨਾ।
ਰਾਸ਼ਨ ਡੀਪੋ ਤੇ ਕਈ ਲੋਕ ਖੜੇ ਸਨ ਪਰ ਮਾਸਟਰ ਸਾਹਿਬ ਨੂੰ ਡੀਪੋ ਤੋਂ ਵੀ ਕੁਝ ਨਸੀਬ ਨਹੀਂ ਸੀ ਹੁੰਦਾ। ਮਾਸਟਰ ਸਾਹਿਬ ਦੀ ਤਨਖ਼ਾਹ ਇਕ ਸੌ ਸਾਢੇ ਸਤਾਈ ਰੁਪਈਏ ਹੈਨ। ਦੱਸੀ ਹੋਈ ਰਕਮ ਤੋਂ ਇਕ ਰੁਪਿਆ ਵਧ ਲੈਣ ਵਾਲਾ ਵੀ ਡੀਪੋ ਤੋਂ ਸਸਤਾ ਰਾਸ਼ਨ ਲੈਣ ਦਾ ਹਕਦਾਰ ਨਹੀਂ ਤੇ ਮਾਸਟਰ ਸਾਹਿਬ ਤਾਂ ਪੂਰੇ ਢਾਈ ਰੁਪਏ ਵਧ ਲੈਂਦੇ ਸਨ। ਉਸ ਦੇ ਸਾਥੀ ਕਿਰਾਏਦਾਰਾਂ ਵਿੱਚ ਬੰਕ-ਕਲਰਕ ਵੀ ਸੀ।ਉਹ ਇਕ ਸੌ ਪੰਦਰਾਂ ਤਨਖ਼ਾਹ ਲੈਂਦਾ ਸੀ। ਉਸ ਦੀ ਵਹੁਟੀ ਤੇ ਉਹ, ਬਸ ਇਹ ਉਸਦਾ ਟੱਬਰ ਸੀ । ਉਸ ਨੂੰ ਰਾਸ਼ਨ ਮਿਲਦਾ ਸੀ। ਪਰ ਮਾਸਟਰ ਸਾਹਿਬ ਦਾ ਟੱਬਰ ਵੀ ਤਾਂ ਤਨਖ਼ਾਹ ਵਾਂਗ ਵੱਡਾ ਸੀ, ਇਸ ਲਈ ਉਹ ਕਿਸੇ ਰਿਆਇਤ ਦਾ ਹੱਕਦਾਰ ਨਹੀਂ ਸੀ।
ਮਾਸਟਰ ਨੇ ਦੇਖਿਆ ਉਸ ਤੋਂ ਕਈ ਗੁਣਾਂ ਵਧ ਹੈਸੀਅਤ ਵਾਲੇ ਡੀਪੋ ਤੋਂ ਰਾਸ਼ਨ ਲੈ ਰਹੇ ਹਨ। ਪਰ ਉਹ ਤਾਂ ਦੁਕਾਨਦਾਰ ਸਨ।ਕੋਈ ਨੌਕਰੀ ਪੇਸ਼ਾ ਤਾਂ ਨਹੀਂ। ਵਿਚਾਰੀ ਗੌਰਮਿੰਟ ਕੋਲ ਵੀ ਤਾਂ ਉਹਨਾਂ ਦੀਆਂ ਆਪ ਲਿਖੀਆਂ ਵਹੀਆਂ ਤੋਂ ਸਿਵਾ ਆਮਦਨ ਮਾਪਣ ਦਾ ਕੋਈ ਜੰਤਰ ਜਾਂ ਆਲਾ ਨਹੀਂ । ਮਾਸਟਰ ਝੂਠ ਨਹੀਂ ਬੋਲ ਸਕਦਾ । ਉਸਨੂੰ ਸਾਰੇ ਭਲਾਮਾਣਸ ਕਹਿੰਦੇ ਹਨ। ਕਈ ਤਨਜ਼ ਨਾਲ ਵੀ, ਜਿਵੇਂ ਲੁਚਾ ਜਾਂ ਬੇਈਮਾਨ ਹੋਣਾ ਕੋਈ ਗੁਣ ਹੁੰਦਾ ਹੋਵੇ। ਮਾਸਟਰ ਕਾਨੂੰਨ ਦਾ ਪੱਕਾ ਪਾਬੰਧ ਹੈ। ਪੜ੍ਹੇ ਲਿਖੇ ਆਦਮੀ ਨੂੰ ਕਾਨੂੰਨ ਦੇ ਉਲੰਘਣ ਦੀ ਉਂਜ ਵੀ ਵਧ ਸਜ਼ਾ ਮਿਲ ਸਕਦੀ ਹੈ। ਮਾਸਟਰ ਨਾਲੇ ਦੇਸ਼ ਭਗਤ ਵੀ ਹੈ। ਆਪਣੇ ਜਾਂ ਆਪਣਿਆਂ ਦੇ ਕਾਰਨ ਉਹ ਦੇਸ ਤੇ ਕੌਮ ਦਾ ਨੁਕਸਾਨ ਨਹੀਂ ਸਹਾਰ ਸਕਦਾ।
ਮਾਸਟਰ ਲੰਘ ਗਿਆ, ਸਭ ਕੁਝ ਦੇਖਦਾ।ਉਸਨੂੰ ਫੇਰ ਰਾਹ ਵਿੱਚ ਰਜ਼ਾਈ ਦਾ ਚੇਤਾ ਆਇਆ । ਨਵੀਂ ਰਜ਼ਾਈ ਲਈ ਘਟ ਤੋਂ ਘਟ ਵੀਹਾਂ ਰੁਪਈਆਂ ਦੀ ਲੋੜ ਹੈ।ਉਸ ਹਿਸਾਬ ਲਾਇਆ ।ਢਾਈ ਮਣ ਆਟਾ, ਤੀਹ ਦੂਣੀ ਸੱਠ ਤੇ ਪੰਦਰਾਂ, ਪੰਜ੍ਹਤਰ ਰੁਪਏ । ਘਿਓ ਬਨਾਸਪਤੀ ਬਾਰਾਂ ਰੁਪਏ, ਬਾਲਣ ਪੰਦਰਾਂ ਰੁ੫ਏ ਤੇ ਵੱਡੀ ਰਕਮ ਉਸਨੂੰ ਮਗਰੋਂ ਯਾਦ ਆਈ, ਕਿਰਾਇਆ ਤੀਹ ਰੁਪਏ, ਦੁਧ ਚਾਹ ਲਈ ਤੇਰਾਂ ਰੁਪਏ ਤੇ ਏਸੇ ਤਰ੍ਹਾਂ ਅਗੇ।ਕੁਲ ਜੋੜ ਇਕ ਸੌ ਛਿਆਸੀ ਰੁਪਏ।ਬਜਟ ਵਿੱਚ ਹਰ ਮਹੀਨੇ ਲਗਪਗ ਸੱਠ ਰੁਪਏ ਦਾ ਘਾਟਾ। ਉਸ ਨੂੰ ਬਜਟ ਚੈਲੰਜ ਕਰਨਾ ਚਾਹੀਦਾ ਹੈ। ਪਰ ਉਸਨੂੰ ਗ੍ਰਹਿ ਵਿਗਿਆਨ ਦੇ ਅਨੁਸਾਰ ਨਵੀਆਂ ਕਿਤਾਬਾਂ ਤੇ ਰਿਸਾਲਿਆਂ ਵਾਸਤੇ ਖਰਚੀ ਜਾ ਰਹੀ ਸੱਤ ਰੁਪਏ ਦੀ ਰਕਮ ਤੋਂ ਸਿਵਾ ਕੁਝ ਗ਼ੈਰ ਜ਼ਰੂਰੀ ਨਾ ਲੱਭਾ।ਉਹ ਮਨ ਵਿੱਚ ਹੀ ਏਸ ਖ਼ਰਚ ਤੇ ਲੀਕ ਮਾਰਨ ਲੱਗਾ ਸੀ ਪਰ ਉਸਨੂੰ ਜਾਪਿਆ ਕਿ ਇਹ ਖ਼ਰਚ ਉਸ ਦੀ ਖ਼ੁਰਾਕ ਤੇ ਹੋ ਰਹੇ ਖ਼ਰਚ ਤੋਂ ਵੀ ਵਧ ਜ਼ਰੂਰੀ ਹੈ। ਆਖ਼ਰ ਉਸ ਸੋਚਿਆ, ਮੈਂ ਹੈਡ ਮਾਸਟਰ ਸਾਹਿਬ ਦੀ ਆਗਿਆ ਨਾਲ ਇਕ ਟੀਊਸ਼ਨ ਰਖਾਂਗਾ। ਤੀਹਾਂ ਦੀ ਆਮਦਨ ਵਧ ਜਾਏਗੀ, ਤੀਹਾਂ ਦਾ ਖ਼ਰਚ ਘਟਾਵਾਂਗਾ, ਜਿਵੇਂ ਕਿਵੇਂ। ਪਰ ਰਜ਼ਾਈ ਲਈ ਵੀਹ ਰੁਪਏ ਕਿਥੋਂ ਆਉਣਗੇ। ਰਜ਼ਾਈ ਸਿਆਲ ਲਈ ਬੜੀ ਜ਼ਰੂਰੀ ਚੀਜ਼ ਹੈ । ਪਰਾਹੁਣਿਆਂ ਨੂੰ ਵਖੋ ਵਖ ਮੰਜਾ ਤੇ ਬਿਸਤਰਾ ਦੇਣਾ ਤਾਂ ਅਤ ਜ਼ਰੂਰੀ ਸੀ । ਤਿੰਨ ਲੜਕੀਆਂ ਇਕੱਠੀਆਂ ਸੌਂਦੀਆਂ ਸਨ ਇਕੋ ਮੰਜੇ ਤੇ, ਇਕੋ ਰਜ਼ਾਈ ਵਿੱਚ ਸੌਣ ਨਾਲ ਕਦ ਘੁਟਵੇਂ ਹੋ ਜਾਣਗੇ । ਕੁੜੀਆਂ ਦੇ ਕਲਬੂਤ ਘੁਟਵੇਂ ਹੋ ਜਾਣ ਨਾਲ ਉਹਨਾਂ ਨੂੰ ਅਜ ਕਲ ਦੀ ਦੁਨੀਆਂ ਵਿਚ ਅੱਗੇ ਢੋਈ ਕੋਈ ਨਹੀਂ। ਕਲ ਉਸ ਨੇ ਆਪਣੀ ਘਰ ਵਾਲੀ ਨੂੰ ਉਹਨਾਂ ਵਿਚੋਂ ਵੱਡੀ ਨੂੰ ਵੱਖ ਸੁਆਣ ਲਈ ਕਿਹਾ ਸੀ।
'ਥੋੜੇ ਮੰਜੇ ਨੇ ਕਲਾਸ਼ ? ਫੇਰ ਇਨ੍ਹਾਂ ਨੂੰ ਵਖੋ ਵਖਰੀਆਂ ਕਿਉਂ ਨਹੀਂ ਸੁਆਂਦੀ, ਤੂੰ?'
ਕਲਾਸ਼ ਨੇ ਨਿਮਰਤਾ ਨਾਲ ਉਤਰ ਦਿਤਾ ਸੀ ।'ਮੰਜਾ ਤਾਂ ਇਕ ਵਧ ਹੈ ਪਰ ਰਜ਼ਾਈ ਵਾਧੂ ਕੋਈ ਨਹੀਂ ।ਹਾਲੀ ਬਿੱਲੂ ਵੀ ਮੇਰੇ ਨਾਲ ਸੌਂਦਾ ਜੇ।'
ਵੀਹਾਂ ਰੁਪਈਆਂ ਦੀ ਰਜ਼ਾਈ। ਅੱਗੇ ਹੀ ਬਜਟ ਵਿੱਚ ਘਾਟਾ ਹੈ। ਤੀਹਾਂ ਦੀ ਟੀਊਸ਼ਨ, ਤੀਹ ਖ਼ਰਚ ਵਿਚੋਂ ਘਟਾਉਣੇ ਹੀ ਪੈਣਗੇ। ਪਰ ਵੀਹ ਹੋਰ ਰਜ਼ਾਈ ਲਈ ਕਿਥੋਂ ਆਉਣਗੇ ? ਉਸ ਨੂੰ ਚੇਤਾ ਆਇਆ ਉਸ ਨੇ ਪਰਸੋਂ ਆਪਣੀਆਂ ਕਿਤਾਬਾਂ ਤੇ ਰੱਦੀ ਵੇਚ ਕੇ ਸੱਤ ਰੁਪੈ ਬਾਰਾਂ ਆਨੇ ਵੱਟੇ ਸਨ ।ਪਰ ਰਜ਼ਾਈ ਲਈ ਵੀਹ ਰੁਪੈ! ਉਹੋ ! ਕਬਾੜੀਏ ਤੋਂ ਪੁਰਾਣੀ ਰਜ਼ਾਈ। ਹਾਂ, ਠੀਕ ਹੈ,ਕਲ ਪੁਛਿਆ ਜਾਇਗਾ।
ਕਈ ਦਿਨ ਉਹ ਸਵੇਰ ਵੇਲੇ ਦਾਅ ਲਾਉਂਦਾ ਰਿਹਾ । ਦਿਨ ਵੇਲੇ ਉਸ ਦਾ ਕੁਬਾੜੀਏ ਤੋਂ ਮੁੜ ਪੁਛਣ ਦਾ ਹੀਆ ਨ ਪਿਆ। ਇਕ ਦਿਨ ਰਾਤ ਵੇਲੇ ਗਿਆ। ਬਜ਼ਾਰ ਬੰਦ ਸੀ। ਵਿਚਾਰਾ ਨੇਸ਼ਨ ਬਿਲਡਰ-ਕੌਮ ਦਾ ਉਸਤਾਦ-ਨਿਰਾਸ ਮੁੜ ਆਇਆ । ਬਣਾਉਣ ਵਾਲਾ ਆਪ ਬਣਾਏ ਜਾਣ ਵਾਲਿਆਂ ਦੇ ਹਥੋਂ ਕੀ ਬਣ ਰਿਹਾ ਸੀ।
ਮੁੜ ਸੋਚਿਆ ਉਸ, ਆਖਰ ਸਵੇਰੇ ਹੀ ਦਾ ਦੂ ਲਾ ਕੇ ਕੰਮ ਬਣੇਗਾ । ਕੰਮਬਖ਼ਤ ਰਜਾਈ ਵੀ ਸੀ ਕਿ ਜਿਸ ਨੂੰ ਕੋਈ ਖ਼ਰੀਦਦਾ ਹੀ ਨਹੀਂ ਸੀ । ਕਿਸੇ ਦੇ ਸਾਹਮਣੇ ਖ਼ਰੀਦਿਆਂ ਇਜ਼ਤ ਜਾਂਦੀ ਸੀ- ਜੇ ਉਸ ਦੀ ਨਹੀਂ ਤਾਂ ਉਸਤਾਦਾਂ ਦੀ ਸ਼੍ਰੇਣੀ ਦੀ ਤੇ ਨਾਲ ਕੌਮ ਦਾ ਵਿਚਾਰਾ ਮਾਸਟਰ ਕੀ ਕਰ ਰਿਹਾ ਸੀ ? ਕਿਸੇ ਤੋਂ ਕੀ ਲੁਕਾ ਰਿਹਾ ਸੀ? ਉਸ ਫਿਰ ਸੋਚਿਆ ਉਹ 'ਇਜ਼ਤ' ਨ੍ਹੂੰ ਆਂਚ ਨਹੀਂ ਆਉਣ ਦੇਵੇਗਾ।
ਐਤਵਾਰ ਤੇ ਨਹੀਂ ਸੀ ਪਰ, ਛੁਟੀ ਦਾ ਦਿਨ ਸੀ। ਉਹ ਆਪਣੇ ਵਡੇ ਲੜਕੇ ਨੂੰ ਨਾਲ ਲੈ ਕੇ ਉਸ ਦੁਕਾਨ ਤੇ ਗਿਆ । ਰਜ਼ਾਈ ਬਦਸਤੂਰ ਉਥੇ ਹੀ ਪਈ ਸੀ ।ਉਹ ਇਕੋ ਛੜੱਪਾ ਮਾਰ ਕੇ ਦੁਕਾਨ ਵਿੱਚ ਲੰਘ ਗਿਆ। ਸੱਤਾਂ ਰੁਪਈਆਂ ਤੇ ਸੌਦਾ ਹੋ ਗਿਆ। ਰੁਪਏ ਦੇ ਕੇ ਉਹ ਛੇਤੀ ਵਾਪਸ ਨਿਕਲ ਆਇਆ । ਦਸ ਕਦਮ ਹੀ ਤੁਰਿਆ ਹੋਣਾ ਹੈ ਕਿ ਕਿਸੇ ਆਵਾਜ਼ ਦਿਤੀ, 'ਮੁਰਦਿਆਂ ਤੋਂ ਲਾਹੀ ਰਜ਼ਾਈ ਖ਼ਰੀਦ ਲਈ ਜੇ?'
ਉਸਤਾਦ ਤੋਂ ਮੁੜ ਕੇ ਵੇਖੇ ਬਗੈਰ ਨਾ ਰਿਹਾ ਗਿਆ । ਕਹਿਣ ਵਾਲਾ ਇਕ ਦਰਜ਼ੀ ਸੀ । ਲਾਗੇ ਹੀ ਮਾਸਟਰ ਦਾ ਇਕ ਸ਼ਾਗਿਰਦ ਸੀ, ਜਿਸ ਅਜ ਤੋਂ ਉਸ ਦੇ ਘਰ ਪੜ੍ਹਨ ਆਇਆ ਕਰਨਾ ਸੀ । ਉਸ ਨੇ ਵੀ ਮਾਸਟਰ ਕੋਲ ਆ ਕੇ ਕਿਹਾ, 'ਇਹ ਤੇ ਮੁਰਦਿਆਂ ਦੀਆਂ ਲਾਹੀਆਂ ਰਜਾਈਆਂ ਵੇਚਦਾ ਜੇ, ਮਾਸਟਰ ਜੀ।'
ਮਾਸਟਰ ਸੱਚ ਜਿਹਾ ਝੂਠ ਬੋਲਿਆ-'ਹਾਂ ਕਾਕਾ, ਪਰ ਕਿਸੇ ਲੋੜਵੰਦ ਦੀ ਲੋੜ ਤਾਂ ਪੂਰੀ ਹੋ ਜਾਏਗੀ।'
ਲਹਿਜਾ ਇਹੋ ਜਿਹਾ ਸੀ ਕਿ ਜਿਸ ਤੋਂ ਸ਼ੱਕ ਪੈ ਸਕਦਾ ਸੀ ਕਿ ਉਸ ਕਿਸੇ ਹੋਰ ਲਈ ਰਜ਼ਾਈ ਖ਼ਰੀਦੀ ਹੈ। ਆਖ਼ਰ ਜੇ ਇਹ ਝੂਠ ਵੀ ਸੀ ਤਾਂ ਧਰਮ ਰਾਜ ਯੁਧਿਸ਼ਟਰ ਦੇ ਬੋਲੇ ਝੂਠ ਤੋਂ ਭੈੜਾ ਨਹੀਂ ਸੀ।
ਸਾਰਾ ਦਿਨ ਰਜ਼ਾਈ ਧੁਪੇ ਪਈ ਰਹੀ । ਸ਼ਾਮ ਹੋ ਗਈ। ਰਜ਼ਾਈ ਕਮਰੇ ਵਿੱਚ ਲਿਆਂਦੀ ਗਈ। ਦੀਵੇ ਜਗਣ ਮਗਰੋਂ ਉਹ ਮੁੰਡਾ ਪੜ੍ਹਨ ਆ ਗਿਆ। ਉਸ ਰਜ਼ਾਈ ਨੂੰ ਪਈ ਦੇਖ ਕੇ ਨਮਸਤੇ ਕਹਿਣ ਤੋਂ ਮਗਰੋਂ ਪੁਛਿਆ-'ਕਿਉਂ, ਮਾਸਟਰ ਜੀ, ਇਹ ਉਹੋ ਰਜ਼ਾਈ ਜੇ ਨਾ?'
ਮਾਸਟਰ ਵਿੱਚ ਦੂਜੀ ਵਾਰੀ ਝੂਠ ਬੋਲਣ ਦੀ ਸਮਰਥਾ ਨਾ ਰਹੀ। ਉਸ ਕਿਹਾ 'ਉਹੋ ਹੀ ਹੈ, ਕਾਕਾ, ਪਰ ਮੈਂ ਅਜ ਤੈਨੂੰ ਪੜ੍ਹਾ ਨਹੀਂ ਸਕਾਂਗਾ, ਮੇਰਾ ਚਿਤ ਖ਼ਰਾਬ ਹੈ । ਤੂੰ ਕਲ ਆਵੀਂ।'
ਸਚ ਮੁਚ ਉਸਦਾ ਚਿਤ ਖ਼ਰਾਬ ਸੀ । ਮੁੰਡਾ ਵਾਪਸ ਮੁੜ ਗਿਆ।
ਮਾਸਟਰ ਨੇ ਰਸੋਈ ਵਿੱਚ ਕੰਮ ਕਰਦੀ ਘਰ ਵਾਲੀ ਨੂੰ ਕਿਹਾ, 'ਕਲਾਸ਼, ਨਵੀਂ ਰਜ਼ਾਈ ਮੈਨੂੰ ਦੇ ਦੇ ।ਮੇਰੇ ਵਾਲੀ ਪਹਿਲੀ ਰਜ਼ਾਈ ਕੁੜੀਆਂ ਤੇ ਦੇ ਦੇਵੀਂ । ਹਾਂ, ਸੱਚ, ਗੋਮਤੀ ਨੂੰ ਵੱਖ ਸਵਾਈਂ।'
'ਕਿਉਂ ਤੁਸੀਂ ਰੋਟੀ ਨਹੀਂ ਖਾਣੀ ?' ਕਲਾਸ਼ ਨੇ ਰਜ਼ਾਈ ਪੈਰਾਂ ਉਤੇ ਸੁਟਦਿਆਂ ਕਿਹਾ।
'ਨਹੀਂ ।' ਮਾਸਟਰ ਨੇ ਆਖਿਆ ਤੇ ਮੁਰਦਿਆਂ ਤੋਂ ਲਾਹੀ ਰਜ਼ਾਈ ਆਪਣੇ ਉਤੇ ਖਿਚ ਲਈ ਤੇ ਕਿੰਨਾ ਚਿਰ ਉਹ ਸੋਚਦਾ ਰਿਹਾ ਕਿ ਕੌਣ ਮੁਰਦਿਆਂ ਤੋਂ ਰਜ਼ਾਈ ਲਾਹ ਲੈਂਦਾ ਹੈ ਤੇ ਕੌਣ ਜੀਉਂਦਿਆਂ ਤੋਂ । ਉਹ ਬੇਚੈਨ ਸੀ।
ਰੱਬ ਜਾਣੇ ਉਸ ਦੇ ਸੋਚਣ ਦਾ ਕੀ ਨਤੀਜਾ ਨਿਕਲੇ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)