Reshami Rumal (Punjabi Story) : Bachint Kaur

ਰੇਸ਼ਮੀ ਰੁਮਾਲ (ਕਹਾਣੀ) : ਬਚਿੰਤ ਕੌਰ

"ਇਕ ਘੁੱਟ ਤੱਤਾ ਪਾਣੀ ਦੇਈਂ ਧੀਏ, ਐ ਗੋਲੀ ਹੇਠਾਂ ਲਾਹ ਲਵਾਂ ਸੰਘ ਤੋਂ।" ਬਿਸ਼ਨੀ ਅੰਮਾ ਨੇ ਆਪਣੀ ਤੇਰਾਂ-ਚੌਦਾਂ ਵਰ੍ਹਿਆਂ ਦੀ ਪੋਤੀ ਮੁੰਨੀ ਨੂੰ ਆਵਾਜ਼ ਦਿੱਤੀ।
"ਅੰਮਾ ਜੀ ਮੈਂ ਕਵਿਤਾ ਯਾਦ ਕਰ ਰਹੀ ਆਂ।"
"ਕੀ ਕਵਿਤਾ ਏ ਕੁੜੇ ਪੁੱਤ ਮੈਨੂੰ ਵੀ ਸੁਣਾ। ਕਵਿਤਾ-ਪਾਠ ਤਾਂ ਮੈਨੂੰ ਵੀ ਬਹੁਤ ਚੰਗਾ ਲਗਦੈ।"
ਅੰਮਾ ਜੀ ਅੰਗਰੇਜ਼ੀ ਵਿਚ ਹੈ, ਤੁਹਾਨੂੰ ਨ੍ਹੀਂ ਸਮਝ ਪੈਣੀ।" ਤੱਤੇ ਪਾਣੀ ਦਾ ਪਿਆਲਾ ਅੰਮਾ ਮੂਰ੍ਹੇ ਕਰਦੀ ਮੁੰਨੀ ਬੋਲੀ ਸੀ। ਤੇ ਏਸ ਦੇ ਨਾਲ ਹੀ ਦੋ ਗੋਲੀਆਂ ਤੇ ਇਕ ਵੱਡਾ ਸਾਰਾ ਕੈਪਸੂਲ ਉਸ ਨੇ ਆਪਣੀ ਅੰਮਾ ਦੀ ਹਥੇਲੀ ਉਤੇ ਧਰ ਦਿੱਤਾ।
ਬਿਸ਼ਨੀ ਅੰਮਾ ਹੁਣ ਰਜਾਈ ਮੂੰਹ ਤੋਂ ਪਰ੍ਹਾਂ ਕਰਦੀ ਪਿਛਲੀ ਖਲੇਪੜ ਲੱਥੀ ਕੰਧ ਨੂੰ ਢਾਸਣਾ ਲਾ ਕੇ ਮੰਜੇ ਉਤੇ ਉਠ ਕੇ ਬੈਠ ਗਈ। ਉਸ ਦੇ ਬੁੱਲ੍ਹ ਸੁੱਕ ਕੇ ਪੇਪੜੀ ਬਣੇ ਪਏ ਸਨ। ਤੇ ਉਸ ਦੀਆਂ ਅੱਖਾਂ ਵਿਚੋਂ ਵਹਿੰਦਾ ਨੀਰ ਉਸ ਦੇ ਸਮੁੱਚੇ ਆਪੇ ਨੂੰ ਠਾਰਦਾ ਜਾ ਰਿਹਾ ਸੀ।
ਹਥੇਲੀ ਉਤੇ ਰੱਖੀਆਂ ਤਿੰਨੇ ਕੌੜੀਆਂ ਗੋਲੀਆਂ ਅੰਮਾ ਨੇ ਹੁਣ ਕੋਸੇ ਪਾਣੀ ਦੇ ਘੁੱਟ ਨਾਲ ਸੰਘੋਂ ਹੇਠ ਉਤਾਰ ਲਈਆਂ ਸਨ ਤੇ ਫੇਰ ਜਿਗਰਾ ਕੈੜਾ ਕਰਕੇ ਉਸ ਨੇ ਮੁੰਨੀ ਨੂੰ ਕਵਿਤਾ ਸੁਣਾਉਣ ਲਈ ਕਿਹਾ।
"ਅੰਮਾ ਜੀ ਤੁਸੀਂ ਤਾਂ ਖਹਿੜੇ ਹੀ ਪੈ ਜਾਂਦੇ ਹੋ। ਇਹ ਅੰਗਰੇਜ਼ੀ ਦੇ ਕਵੀ ਵੇਨ ਜੌਨਸਨ ਦੀ ਪੋਇਮ ਹੈ 'ਲਿੱਲੀ ਫਲਾਵਰ' ਥੋਨੂੰ ਨ੍ਹੀਂ ਸਮਝ ਆਉਣੀ।"
"ਲਿੱਲੀ ਫਲਾਵਰ! ਪੁੱਤ ਤੂੰ ਮੈਨੂੰ ਏਸ ਦਾ ਭਾਵ ਤਾਂ ਸਮਝਾ ਸਕਦੀ ਹੈਂ ਨਾ? ਬਚਪਨ ਵਿਚ ਮੈਨੂੰ ਵੀ ਪੜ੍ਹਨ ਦਾ ਬਹੁਤ ਸ਼ੌਕ ਸੀ ਪੁੱਤ ਪਰ।" ਪਰ ਅੰਮਾ ਜੀ ਤੁਸੀਂ ਕੀ ਲੈਣਾ ਕਵਿਤਾ ਤੋਂ। ਸੌਂ ਜਾਓ ਦੋ ਘੜੀ ਆਰਾਮ ਨਾਲ। ਤੁਹਾਡੀ ਖਾਂਸੀ ਨੂੰ ਆਰਾਮ ਆ ਜਾਊ ਸੌਂ ਕੇ।"
"ਧੀਏ ਨੀਂਦ ਤਾਂ ਮੈਨੂੰ ਰਾਤਾਂ ਨੂੰ ਵੀ ਨ੍ਹੀਂ ਆਉਂਦੀ, ਦਿਨ 'ਚ ਭਲਾ ਕਿਵੇਂ ਆਊ। ਤੂੰ ਸੁਣਾ ਮੇਰੀ ਧੀ ਕੁਛ ਮੈਨੂੰ ਪੜ੍ਹ ਕੇ।" ਬਿਸ਼ਨੀ ਅੰਮਾ ਨੂੰ ਬਚਪਨ ਤੋਂ ਹੀ ਕਵਿਤਾ ਪਾਠ ਅਤੇ ਕਵਿਤਾ ਸੁਣਨ ਦਾ ਸ਼ੌਕ ਰਿਹਾ ਸੀ।
"ਅੱਛਾ ਸੁਣੋ, ਕਵਿਤਾ ਦਾ ਅਰਥ ਹੈ ਕਿ ਜ਼ਿੰਦਗੀ ਭਾਵੇਂ ਛੋਟੀ ਹੀ ਹੋਵੇ ਪਰ ਮੰਤਵ ਮਹਾਨ ਹੋਣੇ ਚਾਹੀਦੇ ਹਨ। ਜਿਵੇਂ ਇਕ ਫੁੱਲ, ਜਿਸ ਦਾ ਨਾਉਂ 'ਲਿੱਲੀ' ਹੈ ਸਵੇਰੇ ਖਿੜ੍ਹਦਾ ਹੈ ਤੇ ਸ਼ਾਮੀਂ ਮੁੱਕ ਜਾਂਦਾ ਹੈ। ਪਰ ਜਿੰਨਾ ਚਿਰ ਖਿੜ੍ਹਿਆ ਰਹਿੰਦਾ ਹੈ, ਸਭ ਨੂੰ ਖੁਸ਼ਬੂਆਂ ਵੰਡਦਾ ਹੈ।"
"ਇਹ ਤਾਂ ਬੜੀ ਚੰਗੀ ਕਵਿਤਾ ਹੈ ਪੁੱਤ।" ਆਪਣੀਆਂ ਬੁਝੀਆਂ-ਬੁਝੀਆਂ ਅੱਖਾਂ ਨੂੰ ਆਪਣੀ ਸੱਜੀ ਹਥੇਲੀ ਨਾਲ ਮਲ੍ਹਦਿਆਂ ਜਿਵੇਂ ਉਸ ਨੇ ਕੁਝ ਢੂੰਡਣਾ ਚਾਹਿਆ। ਅਚਾਨਕ ਸਾਹਮਣੀ ਪੱਕੀ ਕੰਧ ਉਤੇ ਆਈ ਸਿਲ ਕਾਰਨ ਬਣਿਆ ਇਕ ਚੱਟਾਕ ਪ੍ਰਸ਼ਨ ਚਿੰਨ੍ਹ ਬਣ ਕੇ ਉਸ ਦੇ ਸਾਹਮਣੇ ਉਘੜ ਆਇਆ ਸੀ।
ਪੂਰੇ ਇਕ ਘੱਟ ਅੱਸੀਆਂ ਵਰ੍ਹਿਆਂ ਦੀ ਉਮਰ ਹੋ ਚੁੱਕੀ ਸੀ। ਜ਼ਿੰਦਗੀ ਦੁਆਲੇ ਰੁੱਤਾਂ ਦੇ ਅਣ-ਗਿਣਤ ਗੇੜ ਉਸ ਨੂੰ ਛੂਹ-ਛੂਹ ਕੇ ਲੰਘ ਗਏ ਸਨ। ਬਿਸ਼ਨੀ ਅੰਮਾ ਅਜੇ ਵੀ ਅਣ-ਬੁਝੀ ਬੱਤੀ ਦੀ ਤਰ੍ਹਾਂ ਬਲ ਰਹੀ ਸੀ ਜਿਸ ਵਿਚੋਂ ਤੇਲ ਮੁੱਢ ਤੋਂ ਹੀ ਮੁੱਕ ਗਿਆ ਸੀ।
ਕੀ ਵੱਡਾ ਕਰਮ ਕਮਾਇਆ ਸੀ ਉਸ ਨੇ, ਬਿਨਾਂ ਤੇਲ ਦੀ ਬੱਤੀ ਵਾਂਗ ਜਲ੍ਹ ਕੇ? ਬਿਸ਼ਨੀ ਅੰਮਾ ਮਨ ਹੀ ਮਨ ਆਪਣੇ ਆਪੇ ਬਾਰੇ ਸੋਚਣ ਲੱਗੀ।
ਸਾਹਮਣੇ ਕੰਧ ਉਤਲਾ ਪ੍ਰਸ਼ਨ ਚਿੰਨ੍ਹ ਹੁਣ ਜਿਵੇਂ ਉਹਦੇ ਸਾਹਮਣੇ ਹੋਰ ਗੂੜਾ ਹੋ ਕੇ ਉਘੜ ਆਇਆ ਸੀ।
ਯਾਦਾਂ ਦੀਆਂ ਤੰਦਾਂ ਦੀ ਉਧੇੜ-ਬੁਣ ਵਿਚੋਂ ਉਸ ਨੇ ਜ਼ਿੰਦਗੀ ਦੇ ਸਾਰੇ ਪਤਰੇ ਫਰੋਲੇ, ਚੜ੍ਹਦੀ ਜਵਾਨੀ ਤੋਂ ਲੈ ਕੇ ਬਿਰਧ-ਅਵਸਥਾ ਤਕ। ਉਸ ਨੂੰ ਕੁਝ ਵੀ ਤਾਂ ਐਸਾ ਨਹੀਂ ਸੀ ਲੱਭਿਆ ਜਿਸ ਨੂੰ ਲੈ ਕੇ ਉਹ ਆਪਣੀ ਅੰਤਰ-ਆਤਮਾ ਨੂੰ ਧੀਰਜ ਦੇ ਸਕੇ। ਜਿਸ ਦਾ ਉਸ ਨੂੰ ਖੁਦ ਨੂੰ ਵੀ ਤੇ ਉਸ ਦੇ ਸਕੇ-ਸਬੰਧੀਆਂ ਨੂੰ ਵੀ ਮਾਣ ਹੋਇਆ ਹੋਵੇ।
ਰਜਾਈ ਦਾ ਪੱਲਾ ਪਰ੍ਹਾਂ ਹਟਾਉਂਦੀ ਬਿਸ਼ਨੀ ਅੰਮਾ, ਜਿਵੇਂ ਕਿਸੇ ਡਰਾਉਣੇ ਸੁਪਨੇ ਨੂੰ ਦੇਖਦੀ ਹੋਈ ਧੁਰ ਅੰਦਰੋਂ ਕੰਬ ਕੇ ਰਹਿ ਗਈ ਸੀ। ਫੇਰ ਉਸ ਦੀਆਂ ਯਾਦਾਂ ਦੀ ਤੰਦ ਪਿੱਛੇ, ਕਿਧਰੇ ਦੂਰ ਬੀਤੇ ਸਮਿਆਂ ਨਾਲ ਜਾ ਜੁੜੀ।
ਉਸ ਦਾ ਪਿਤਾ ਚੌਧਰੀ ਰਾਮ ਲਾਲ ਪਿੰਡ ਦਾ ਸਰਪੰਚ...ਲਾਗਲੇ ਦਸਾਂ ਹੋਰ ਪਿੰਡਾਂ ਦਾ ਮੰਨਿਆ-ਧਨਿਆ ਮੋਢੀ ਬੰਦਾ...ਤਿੰਨ ਸੌ ਤੋਂ ਵੱਧ ਵਿਘੇ ਜ਼ਮੀਨ ਦਾ ਮਾਲਕ...ਤੇ ਉਸ ਦੀ ਜ਼ਮੀਨ ਉਤੇ ਕੰਮ ਕਰਨ ਵਾਲੇ ਕਿੰਨੇ ਹੀ ਕਾਮੇ। ਤੇ ਇਨ੍ਹਾਂ ਕਾਮਿਆਂ ਵਿਚੋਂ ਹੀ ਇਕ ਖੁਸ਼ੀ ਰਾਮ ਦਾ ਪੁੱਤਰ ਨਸੀਬੂ...ਭਰ ਜੁਆਨ-ਬਾਂਕਾ ਗੱਭਰੂ...ਪੂਰੀਆਂ ਪੰਜ ਜਮਾਤਾਂ ਪਾਸ਼..ਖੇਤਾਂ ਤੋਂ ਲੈ ਕੇ ਹਵੇਲੀ ਤਕ, ਰਾਮ ਲਾਲ ਦਾ ਹਰ ਕੰਮ ਉਹ ਤਨ-ਮਨ ਨਾਲ ਕਰਦਾ ਸੀ।
ਦੋ ਮੰਜ਼ਲੀ ਹਵੇਲੀ ਦੇ ਕਿੰਨੇ ਹੀ ਨਿੱਕੇ ਮੋਟੇ ਕੰਮ ਸੁਆਰਦਾ ਉਹ ਦਿਨ-ਰਾਤ ਜਿਵੇਂ ਥੱਕਦਾ ਹੀ ਨਹੀਂ ਸੀ। ਬਿਸ਼ਨ ਕੌਰ ਦੀ ਮਾਂ ਦਾ ਤਾਂ ਜਿਵੇਂ ਪਲ ਭਰ ਵੀ ਨਸੀਬੂ ਬਿਨਾਂ ਨਹੀਂ ਸੀ ਸਰਦਾ। ਨਸੀਬੂ ਬਿਨਾਂ ਤਾਂ ਓਧਰ ਰਾਮ ਲਾਲ ਨੂੰ ਜ਼ਮੀਨਾਂ ਉਤੇ ਵੀ ਔਖ ਹੁੰਦੀ। ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਭਰ ਜੁਆਨ, ਬਿਸ਼ਨ ਕੌਰ ਦੇ ਦਿਲ ਉਤੇ ਤਾਂ ਜਿਵੇਂ ਉਹ ਰਾਜ ਹੀ ਕਰਨ ਲਗ ਪਿਆ ਸੀ। ਬਿਸ਼ਨ ਕੌਰ ਮਨ ਹੀ ਮਨ ਸੋਚਦੀ, 'ਮੈਂ ਰਾਧਾ ਹਾਂ ਜਾਂ ਰੁਕਮਣੀ?'
ਸੁਬ੍ਹਾ-ਸਵੇਰੇ ਹਵੇਲੀ ਵਿਚ ਜਦ ਉਹ ਮੱਝਾਂ-ਗਾਈਆਂ ਨੂੰ ਪੱਠੇ ਪਾਉਣ ਆਉਂਦਾ ਤਾਂ ਦੂਰ ਖੜ੍ਹੀ ਬਿਸ਼ਨ ਕੌਰ ਉਸ ਨੂੰ ਓਹਲੇ ਹੋ ਹੋ ਨਿਹਾਰਦੀ ਨਾ ਥੱਕਦੀ। ਤੇ ਉਸ ਨੂੰ ਲਗਦਾ, ਉਹ ਤਾਂ ਨਸੀਬੂ ਦੀ ਰਾਧਾ ਵੀ ਹੈ ਤੇ ਰੁਕਮਣੀ ਵੀ।
ਜੋ ਵੀ ਸੀ, ਉਹ ਹੈ ਤਾਂ ਸਰਪੰਚ ਰਾਮ ਲਾਲ ਦਾ ਕਾਮਾ, ਖੁਸ਼ੀ ਰਾਮ ਦਾ ਪੁੱਤ ਨਸੀਬੂ ਹੀ ਨਾ। ਸਰਪੰਚ ਦੇ ਟੱਬਰ ਦਾ ਅੰਗ ਤਾਂ ਉਹ ਕਦੇ ਵੀ ਨਹੀਂ ਸੀ ਨਾ ਬਣ ਸਕਦਾ।
ਭਰ ਜੁਆਨ ਬਿਸ਼ਨ ਕੌਰ ਨੂੰ ਹੁਣ ਨਸੀਬੂ ਤੋਂ ਬਿਨਾਂ ਹੋਰ ਸਾਰੀ ਦੁਨੀਆਂ ਵਿਚ ਕੁਝ ਵੀ ਨਹੀਂ ਸੀ ਭਾਉਂਦਾ। ਦਿਨ ਰਾਤ, ਘੜੀ-ਪਲ ਉਸ ਦੀ ਆਤਮਾ ਨਸੀਬੂ ਦੇ ਅੰਗ-ਸੰਗ ਘੁੰਮਦੀ ਰਹਿੰਦੀ। ਉਹ ਨਸੀਬੂ ਨੂੰ ਆਪਣਾ ਤਨ-ਮਨ ਦੋਵੇਂ ਸੌਂਪਣ ਲਈ ਬਿਹਬਲ ਹੋ ਉਠੀ ਸੀ। ਤੇ ਇਉਂ ਉਸ ਨੇ ਆਪਣੇ-ਆਪ ਖੁਦ ਨੂੰ ਇਕੋ ਇਕ ਮਿਲੀ ਪ੍ਰੀਤਘੜੀ ਵਿਚ ਨਸੀਬੂ ਹੱਥ ਸੌਂਪ ਦਿੱਤਾ ਸੀ।
ਨਸੀਬੂ ਨੇ ਵੀ ਚਿਰਾਂ ਤੋਂ ਬਿਸ਼ਨ ਕੌਰ ਨੂੰ ਰੁਕਮਣੀ ਦਾ ਸਥਾਨ ਦੇ ਰੱਖਿਆ ਸੀ। ਹੁਣ ਨਸੀਬੂ ਦੇ ਅੰਸ਼ ਦੀ ਖੁਸ਼ਬੂ ਨਾਲ ਬਿਸ਼ਨ ਕੌਰ ਦਾ ਲੂੰ-ਲੂੰ ਮਹਿਕ ਉਠਿਆ ਸੀ। ਪਰ ਇਹ ਤਾਂ ਸਰਪੰਚ ਦੀ ਚਿੱਟੀ ਪੱਗ ਉਤੇ ਕਾਲਾ ਸਿਆਹ ਦਾਗ ਸੀ। ਬਿਸ਼ਨ ਕੌਰ ਨੂੰ ਲੱਗਿਆ ਕਿ ਸਾਰਾ ਸ਼ਰੀਕਾ ਭਾਈਚਾਰਾ, ਗਲੀ ਮੁਹੱਲੇ ਵਾਲੇ ਸਰਪੰਚ ਤੇ ਬਿਸ਼ਨ ਕੌਰ ਬਾਰੇ ਸਾਰੇ ਪਿੰਡ ਵਿਚ ਗੱਲਾਂ ਕਰ ਰਹੇ ਸਨ। ਸਰਪੰਚ ਰਾਮ ਲਾਲ ਨੂੰ ਇਹ ਰਿਸ਼ਤਾ ਕਦਾਚਿਤ ਵੀ ਕਬੂਲ ਨਹੀਂ ਸੀ। ਹਵੇਲੀ ਦੀ ਹਰ ਕੰਧ ਜਿਵੇਂ ਉਸ ਦੇ ਵਿਰੁੱਧ ਸੀ। ਹਵਾ ਵਿਚ ਸਾਜ਼ਿਸ਼ਾਂ ਦੀ ਬੂਅ ਫੈਲਣ ਲੱਗੀ।
ਇਕ ਰਾਤ ਜੋਬਨਮੱਤੀ ਬਿਸ਼ਨ ਕੌਰ ਨੇ ਹਵੇਲੀ ਦੀਆਂ ਕੰਧਾਂ ਦੇ ਬੁੱਲ੍ਹ ਫਰਕਦੇ ਆਪਣੀ ਅੱਖੀਂ ਦੇਖੇ ਵੀ ਤੇ ਕੰਨੀ ਸੁਣੇ ਵੀ।
ਸਾਲ੍ਹੇ ਦੀਆਂ ਟੰਗਾਂ ਭੰਨ ਸੁੱਟੋ ਤੇ ਖੂਹ ਟੋਭਾ ਗੰਦਾ ਕਰੋ। ਹੋਰ ਕੋਈ ਚਾਰਾ ਨਹੀਂ ਰਿਹਾ ਹੁਣ। ਇਹ ਬਿਸ਼ਨੀ ਦੇ ਬਾਪੂ ਸਰਪੰਚ ਦੇ ਬੋਲ ਸਨ।
"ਤੇ ਕੁੜੀ ਦਾ ਕੀ ਕਰਨੈ? ਰਾਤ ਦੇ ਨ੍ਹੇਰੇ ਵਿਚ ਇਕ ਹੋਰ ਮਰਦਾਵੀਂ ਆਵਾਜ਼ ਉਭਰੀ-ਸਾਲ ਛੇ ਮਹੀਨੇ ਲਈ ਕੁੜੀ ਨੂੰ ਉਸ ਦੀ ਭੂਆ ਕੋਲ ਬੰਬਈ ਭੇਜ ਦੋ। ਓਹ ਓਥੇ ਹਸਪਤਾਲ ਵਿਚ ਨਰਸ ਲੱਗੀ ਹੋਈ ਹੈ।"
ਅਚਾਨਕ ਕੰਧ ਨਾਲ ਲੱਗੀ ਬੈਠੀ ਬਿਸ਼ਨੀ ਅੰਮਾ ਦੀ ਇਕ ਭਿਆਨਕ ਚੀਕ ਅੰਦਰ ਬੈਠੀ ਮੁੰਨੀ ਨੂੰ ਸੁਣਾਈ ਦਿੱਤੀ! ਉਹ ਭੱਜੀ-ਭੱਜੀ ਬਾਹਰ ਵਰਾਂਡੇ ਵਿਚ ਆਪਣੀ ਅੰਮਾ ਕੋਲ ਆਈ।
"ਕੀ ਹੋਇਆ ਅੰਮਾ?"
"ਕੁਝ ਨੀ ਪੁੱਤ ਐਵੇਂ ਸਿਰ ਘੁੰਮ ਗਿਆ ਸੀ ਮੇਰਾ। ਤੂੰ ਜਾ ਪੜ੍ਹ ਜਾ ਕੇ ਅੰਦਰ।"
ਮੁੰਨੀ ਨੂੰ ਦੇਖ ਬਿਸ਼ਨੀ ਅੰਮਾ ਦੀਆਂ ਅੱਖਾਂ ਵਿਚੋਂ ਮੱਲੋਮੱਲੀ ਹੰਝੂਆਂ ਦੀ ਇਕ ਧਾਰ ਵਹਿ ਤੁਰੀ ਸੀ।
ਹੰਝੂਆਂ ਦੇ ਧੁੰਦਲੇਪਣ ਵਿਚੋਂ ਸਾਹਮਣੀ ਕੰਧ ਉਤਲਾ ਪ੍ਰਸ਼ਨ ਚਿੰਨ੍ਹ ਹੁਣ ਉਸ ਦੇ ਸਾਹਮਣੇ ਨਸੀਬੂ ਦਾ ਚੇਹਰਾ ਬਣ ਕੇ ਆ ਖੜ੍ਹਾ ਹੋਇਆ ਸੀ।
ਉਹ ਕਿੱਥੇ! ਉਸ ਦੀ ਤਾਂ ਪੂਰੇ ਪਰਿਵਾਰ ਸਮੇਤ ਪਿੰਡ ਵਿਚ ਕਿਸੇ ਨੂੰ ਕੋਈ ਉਘ-ਸੁੱਘ ਨਹੀਂ ਲੱਗੀ।
ਪਿੱਛੋਂ ਗਈ ਰਾਤ ਨੂੰ ਪਿੰਡ ਦੀ ਮਾਸਟਰਾਣੀ ਹੱਥ ਨਸੀਬੂ ਦਾ ਲਿਖਿਆ ਇਕ ਰੁੱਕਾ ਬਿਸ਼ਨ ਕੌਰ ਨੂੰ ਮਿਲਿਆ ਸੀ।
"ਬਿਸ਼ਨ ਕੁਰੇ ਤੇਰੇ ਕੋਲ ਮੇਰੀ ਗਰੀਬ ਦੀ ਪਿਆਰ ਨਿਸ਼ਾਨੀ ਹੈ। ਏਸ ਨੂੰ ਸਾਂਭ ਕੇ ਪਾਲੀਪੋਸੀਂ। ਪਿਆਰ ਦੀ ਜੜ੍ਹ ਹਰੀ ਰੱਖੀਂ।" ਤੱਤੀ ਹਵਾ ਦਾ ਇਕ ਤੇਜ਼ ਬੁੱਲਾ ਹੁਣ ਬਿਸ਼ਨੀ ਅੰਮਾ ਦੇ ਲੂੰਲੂੰ ਵਿਚੋਂ ਲੰਘ ਗਿਆ ਸੀ।
ਬਸ ਉਸੇ ਘੜੀ ਬਿਸ਼ਨ ਕੌਰ ਨੇ ਭੈਣਭਾਈ, ਮਾਂ-ਪਿਓ, ਸਾਕ-ਸਬੰਧੀ, ਘਰ-ਬਾਰ ਤੇ ਪਿੰਡ, ਸਭ ਕੁਝ ਤਿਆਗ ਦਿੱਤਾ। ਅੱਧੀ ਰਾਤ ਨੂੰ ਹੀ ਸ਼ੇਰਨੀ ਬਣ ਇਕੱਲੀ ਨੇ ਹੀ ਪਿੰਡ ਦੀ ਜੂਹ ਪਾਰ ਕਰ ਲਈ। ਤੇ ਆਪਣੀ ਹਮਦਰਦ ਮਾਸਟਰਾਣੀ ਦੀ ਦੂਰ ਕਲਕੱਤੇ ਰਹਿੰਦੀ ਇਕ ਸਹੇਲੀ ਕੋਲ ਜਾ ਪਹੁੰਚੀ।
ਜੋ ਹੁਣ ਏਸ ਦੁਨੀਆਂ ਵਿਚ ਭਾਵੇਂ ਨਹੀਂ ਰਹੀ। ਪਰ ਬਿਸ਼ਨੀ ਅੰਮਾ ਦੇ ਮਨ ਵਿਚ ਉਹ ਅਜੇ ਵੀ ਜਿਉਂਦੀ ਹੈ।
ਤੱਤੀ ਹਵਾ ਦਾ ਇਕ ਹੋਰ ਬੁੱਲਾ ਨਾ ਜਾਣੀਏ ਕਿਧਰੋਂ ਆ ਕੇ ਹੁਣ ਫੇਰ ਬਿਸ਼ਨੀ ਅੰਮਾ ਦਾ ਅੰਗਅੰਗ ਵਲੂੰਧਰ ਗਿਆ ਸੀ।
ਬਾਹਰ ਵਿਹੜੇ ਵਿਚ ਖੇਡਦੇ ਗੋਭਲੇ ਗੋਭਲੇ ਢਾਈ-ਤਿੰਨ ਵਰ੍ਹਿਆਂ ਦੇ ਬਿਸ਼ਨੀ ਅੰਮਾ ਦੇ ਪੋਤੇ, ਟੋਨੀ ਦਾ ਪਜਾਮੀ ਵਿਚ ਹੀ ਸ਼ੂਸ਼ੂ ਨਿਕਲ ਗਿਆ ਸੀ ਤੇ ਉਹ ਝੁੰਝਲਾਹਟ ਜਿਹੀ ਵਿਚ ਤੁਰਦਾ ਹੋਇਆ ਅੰਮਾ ਦੇ ਮੰਜੇ ਕੋਲ ਆ ਖੜ੍ਹਾ ਹੋਇਆ।
ਸਾਹਮਣੀ ਕੰਧ ਉਤੇ ਬਣੇ ਸਵਾਲੀਆ ਚਿੰਨ੍ਹ ਉਤੇ ਤਾਕੀ ਵਿਚੋਂ ਆਉਂਦਾ ਧੁੱਪ ਦਾ ਇਕ ਨਿੱਘਾ ਨਿੱਘਾ ਟੇਪਾ ਹੁਣ ਬਿਸ਼ਨੀ ਦੇ ਸੱਜੇ ਮੋਢੇ ਨੂੰ ਨਿੱਘ ਦੇਣ ਲੱਗਿਆ।
ਬਿਸ਼ਨੀ ਅੰਮਾ ਨੇ ਕੰਬਦੇ ਬੋਲਾਂ ਨਾਲ ਮੁੰਨੀ ਨੂੰ ਆਵਾਜ਼ ਦਿੱਤੀ। ਤੇ ਉਹ ਆ ਕੇ ਟੋਨੀ ਦੇ ਕੱਪੜੇ ਬਦਲਣ ਵਿਚ ਰੁਝ ਗਈ।
ਟੋਨੀ ਰਾਮ ਸਿਓ ਨਸੀਬੂ ਤੇ ਉਸ ਦਾ ਪਿਤਾ ਖੁਸ਼ੀ ਰਾਮ। ਅੱਜ ਇਹ ਹਰਿਆ-ਭਰਿਆ ਵਿਹੜਾ ਖੁਸ਼ੀ ਰਾਮ ਦਾ ਹੀ ਤਾਂ ਸੀ। ਪਿੰਡ ਦੀ ਮਾਸਟਰਾਣੀ ਤੇ ਉਸ ਦੀ ਕਲਕੱਤੇ ਰਹਿੰਦੀ ਸਹੇਲੀ ਰੂਪੋ ਤੇ ਮਾਸਟਰਾਣੀ ਹੱਥ ਭੇਜਿਆ ਨਸੀਬੂ ਦਾ ਆਖਰੀ ਰੁਕਾ।
ਸਾਹਮਣੀ ਕੰਧ ਉਤੇ ਟਿਕਿਆ ਧੁੱਪ ਦਾ ਟੇਪਾ ਜਿਵੇਂ ਥਾਉਂ ਦਾ ਥਾਉਂ ਆ ਅਟਕਿਆ ਸੀ। ਬਿਸ਼ਨੀ ਅੰਮਾ ਨੇ ਕੰਬਦੇ ਬੁੱਲ੍ਹਾਂ ਨਾਲ ਮੁੰਨੀ ਨੂੰ ਆਪਣੇ ਕੋਲ ਬੁਲਾਇਆ ਤੇ ਅੰਦਰੋਂ ਲੋਹੇ ਦੇ ਟਰੰਕ ਵਿਚੋਂ ਇਕ ਨਿੱਕੀ ਜਿਹੀ ਲਾਲ ਮਖਮਲੀ ਗੰਢ ਲਿਆਉਣ ਲਈ ਕਿਹਾ।
ਮੁੰਨੀ ਦਾ ਪਿਤਾ, ਰਾਮ ਸਿਉਂ ਅਣ-ਵਿਆਹੀ ਮਾਂ ਬਿਸ਼ਨ ਕੁਰ ਦਾ ਇਕੋ ਇਕ ਪੁੱਤ। ਇਹ ਨਸੀਬੂ ਦੀ ਪਾਕ ਮੁਹੱਬਤ ਦੀ ਨਿਸ਼ਾਨੀ ਸੀ। ਉਸ ਪਿਆਰ ਦੀ ਜੋ ਪੂਰ ਨਾ ਚੜ੍ਹ ਸਕਿਆ। ਜਿਸ ਪਿਆਰ ਦਾ ਗਲਾ ਬਿਸ਼ਨੀ ਅੰਮਾ ਦੇ ਮਾਪਿਆਂ ਨੇ ਆਪਣੇ ਹੱਥੀਂ ਘੁੱਟ ਦਿੱਤਾ ਸੀ। ਤੇ ਵਿਚਾਰਾ ਨਸੀਬੂ!
ਬਿਸ਼ਨੀ ਅੰਮਾ ਦਾ ਪਿਓ, ਮਾਮਾ ਤੇ ਚਾਚਾ ਸਾਰੇ ਹੀ ਉਸ ਦੇ ਵੈਰੀ ਨਿਕਲੇ ਸੀ। ਆਪਣੀ ਪਿਆਰ ਨਿਸ਼ਾਨੀ, ਰਾਮ ਸਿਉਂ ਨੂੰ ਬਿਸ਼ਨੀ ਅੰਮਾ ਨੇ ਕਿਨ੍ਹੀਂ ਹਾਲੀਂ ਪਾਲ-ਪੋਸ ਕੇ ਵੱਡਾ ਕੀਤਾ ਤੇ ਵਿਆਹਿਆ-ਵਰ੍ਹਿਆ ਸੀ। ਫਲਸਰੂਪ ਅੱਜ ਉਸ ਦੇ ਪੋਤੇ ਪੋਤੀਆਂ ਹੁਣ ਬਿਸ਼ਨੀ ਅੰਮਾ ਦੇ ਬੋਲ ਭੁੰਜੇ ਨਹੀਂ ਸੀ ਡਿੱਗਣ ਦਿੰਦੇ। ਪਰ ਜੇ ਕਿਤੇ ਅੱਜ ਰਾਮ ਸਿਉਂ ਦਾ ਪਿਤਾ ਹੁੰਦਾ ਤਾਂ ਆਪਣੇ ਖੁਸ਼ੀ ਵਸਦੇ ਟੱਬਰ ਨੂੰ ਦੇਖ ਜਿਵੇਂ ਫੁਲਿਆ ਨਾ ਸਮਾਉਂਦਾ। ਪਰ...। ਪਰ ਡੁੱਬੀ ਤਾਂ ਹੀ ਜੇ ਸਾਹ ਨਾ ਆਇਆ। ਚਾਣਚਕ, ਬਿਸ਼ਨੀ ਅੰਮਾ ਦੇ ਧੁਰ ਅੰਦਰੋਂ ਇਕ ਠੰਢਾ ਸੀਤ ਹਉਕਾ ਨਿਕਲਿਆ। ਪਿੰਡ ਦੇ ਸਰਪੰਚ ਦਾ ਇਕ ਹੋਣਹਾਰ ਕਾਮਾ। ਪੂਰੀਆਂ ਪੰਜ ਜਮਾਤਾਂ ਪਾਸ। ਪਰ ਸੀ ਤਾਂ ਜ਼ਿਮੀਂਦਾਰ ਦਾ ਕਾਮਾ ਹੀ ਨਾ।
ਸਰੀਕਾਂ ਦੇ ਬੋਲ। ਭਾਈਚਾਰੇ 'ਚ ਪੱਗ ਦੀ ਲਾਜ।
ਬਸ ਏਸੇ ਲਾਜ ਖਾਤਰ ਸਰਪੰਚ ਨੇ ਰਾਤੋ ਰਾਤ ਆਪਣੇ ਏਸ ਗੱਭਰੂ ਜੁਆਨ ਕਾਮੇ, ਨਸੀਬੂ ਦੇ ਟੋਟੇ ਟੋਟੇ ਕਰਵਾ ਕੇ ਪਿੰਡ ਦੀ ਜੂਹ ਤੋਂ ਬਾਹਰ ਅੰਨ੍ਹੇ ਖੂਹ ਵਿਚ ਸੁਟਵਾ ਦਿੱਤੇ ਸਨ। ਕਿਸੇ ਨੂੰ ਕੰਨੋ-ਕੰਨ ਖਬਰ ਨਹੀਂ ਸੀ ਹੋਈ। ਦੋ ਚਾਰ ਦਿਨ ਪਿੰਡ ਵਿਚ ਘੁਸਰ ਮੁਸਰ ਹੋਈ ਫੇਰ ਜਿਵੇਂ ਨਸੀਬੂ ਦੇ ਪੂਰੇ ਪਰਿਵਾਰ ਦਾ ਕਿਸੇ ਨੇ ਕਦੇ ਨਾਉਂ ਵੀ ਨਹੀਂ ਸੀ ਲਿਆ। ਤੇ ਸੁਖ ਰਾਮ ਨੂੰ ਉਸ ਦੇ ਪਰਿਵਾਰ ਸਮੇਤ, ਰਾਤੋ ਰਾਤ ਪਿੰਡ ਹੀ ਨਹੀਂ ਸਗੋਂ ਪੂਰੇ ਜ਼ਿਲੇ ਤੋਂ ਹੀ ਬਾਹਰ ਖਦੇੜ ਦਿੱਤਾ ਗਿਆ ਸੀ। ਤੇ ਉਤੋਂ ਡਾਂਗਾਂ ਮਾਰ ਮਾਰ ਉਸ ਦੇ ਗਰੀਬ ਮਾਂ ਪਿਓ ਦਾ ਬੁਰਾ ਹਾਲ ਕਰਾ ਛੱਡਿਆ ਸੀ।
ਬਿਸ਼ਨੀ ਅੰਮਾ ਨੇ ਮਖਮਲ ਦੇ ਰੁਮਾਲ ਦੀ ਨਿੱਕੀ ਜਿਹੀ ਗੰਢ ਨੂੰ ਨਮਸਕਾਰਿਆ ਤੇ ਫੇਰ ਸਿਰ 'ਤੇ ਚੁੰਨੀ ਕਰਦਿਆਂ ਉਸ ਨੂੰ ਦੋਵੇਂ ਹੱਥਾਂ ਨਾਲ ਇਉਂ ਖੋਲ੍ਹਿਆ ਜਿਵੇਂ ਕੋਈ ਧਾਰਮਿਕ ਗਰੰਥ ਦੇ ਪੱਤਰੇ ਖੋਲ੍ਹਣ ਲੱਗਿਆ ਹੋਵੇ। ਕਾਗਜ਼ ਦਾ ਪੁਰਾਣਾ ਪੀਲਾ ਹੋ ਚੁੱਕਿਆ ਖਸਤਾ ਟੋਟਾ, ਬਿਸ਼ਨੀ ਅੰਮਾ ਦੇ ਹੱਥਾਂ ਵਿਚ ਥਰ ਥਰ ਕੰਬਣ ਲੱਗਿਆ। ਪਰ ਉਸ ਨੇ ਓਸ ਕਾਗਜ਼ ਦੇ ਟੁਕੜੇ ਨੂੰ ਆਪਣੀਆਂ ਅੱਖਾਂ ਨੂੰ ਲਾ ਕੇ ਸ਼ਰਧਾ ਨਾਲ ਨਮਸਕਾਰਿਆ, ਜਿਵੇਂ ਉਸ ਦਾ ਇਹ ਮਖਮਲੀ ਰੁਮਾਲ, ਜਿਸ ਵਿਚ ਨਸੀਬੂ ਦੇ ਹੱਥੀਂ ਲਿਖਿਆ 'ਰੁੱਕਾ' ਸੀ, ਕਿਸੇ ਕਸਤੂਰੀ ਦੀ ਸੁਗੰਧ ਨਾਲ ਭਰਿਆ ਹੋਇਆ ਹੋਵੇ। ਅੰਮਾ ਕੀ ਹੈ ਇਹ? ਮੁੰਨੀ ਨੇ ਅੰਮਾ ਨੂੰ ਪੁੱਛਿਆ।
"ਇਹ ਮੇਰਾ ਬੀਤਿਆ ਕੱਲ੍ਹ ਹੈ ਮੁੰਨੀ। "ਮੇਰਾ ਲਿੱਲੀ ਫਲਾਵਰ" ਇਹੀ ਹੈ ਪੁੱਤ।

  • ਮੁੱਖ ਪੰਨਾ : ਕਹਾਣੀਆਂ, ਬਚਿੰਤ ਕੌਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ