ਰਿਆਸਤੀ ਜ਼ੁਲਮ ਦੀ ਬਾਤ ਪਾਉਣ ਵਾਲਾ ਦੀਵਾਨ ਸਿੰਘ ਮਫ਼ਤੂਨ : ਗੁਰਪ੍ਰਵੇਸ਼ ਸਿੰਘ ਢਿੱਲੋਂ
ਸੰਨ 1947 ’ਚ ਆਜ਼ਾਦ ਹੋਣ ਸਮੇਂ ਭਾਰਤ ਵਿੱਚ 550 ਤੋਂ ਜ਼ਿਆਦਾ ਰਿਆਸਤਾਂ ਸਨ। ਇਨ੍ਹਾਂ ’ਚੋਂ ਕਈ ਰਿਆਸਤਾਂ ਤਾਂ ਯੂਰਪ ਦੇ ਮੁਲਕਾਂ ਤੋਂ ਵੀ ਵੱਡੀਆਂ ਅਤੇ ਕਈ ਪਸ਼ੂਆਂ ਦੀ ਚਰਾਂਦ ਤੋਂ ਵੀ ਛੋਟੀਆਂ ਸਨ। ਰਿਆਸਤਾਂ ਦੇ ਰਾਜਿਆਂ ਦੀ ਜੀਵਨ-ਸ਼ੈਲੀ ਅਤੇ ਸ਼ੌਕਾਂ ਨਾਲ ਸਬੰਧਿਤ ਸੁਆਦਲੇ ਕਿੱਸੇ ਅੱਜ ਵੀ ਬਜ਼ੁਰਗ ਸੱਥਾਂ-ਢਾਣੀਆਂ ’ਚ ਚਟਕਾਰੇ ਲੈ-ਲੈ ਸੁਣਾਉਂਦੇ ਹਨ। ਦੱਸਦੇ ਹਨ ਕਿ ਜੂਨਾਗੜ੍ਹ ਦੇ ਨਵਾਬ ਨੂੰ ਕੁੱਤਿਆਂ ਨਾਲ ਏਨਾ ਮੋਹ ਸੀ ਕਿ ਉਸ ਨੇ ਆਪਣੀ ਪਿਆਰੀ ਕੁੱਤੀ ‘ਰੌਸ਼ਨ’ ਦਾ ਵਿਆਹ ‘ਬੌਬੀ’ ਨਾਮੀ ਇੱਕ ਲੈਬਰੇਡੌਰ ਨਾਲ ਰਚਾਇਆ ਅਤੇ ਇਸ ਵਿਆਹ ’ਚ ਡੇਢ ਲੱਖ ਮਹਿਮਾਨਾਂ ਨੇ ਹਾਜ਼ਰੀ ਭਰੀ ਸੀ। ਮੁਜ਼ਾਰਿਆਂ ਤੋਂ ਮੋਟਾ ਮਾਲੀਆ ਉਗਰਾਹ ਕੇ ਇਹ ਰਾਜੇ ਪਰਜਾ ਦੇ ਖ਼ੂਨ-ਪਸੀਨੇ ਦੀ ਕਮਾਈ ਸਿਰੋਂ ਆਪਣੇ ਅਜੀਬੋ-ਗਰੀਬ ਸ਼ੌਕ ਪੂਰਦੇ ਸਨ। ਅਜਿਹੀਆਂ ਵਧੀਕੀਆਂ ਕਾਰਨ ਹੀ ਹਿੰਦੋਸਤਾਨ ਵਿੱਚ ਰਜਵਾੜਿਆਂ ਖ਼ਿਲਾਫ਼ 1920ਵਿਆਂ ਦੌਰਾਨ ਪਰਜਾ ਮੰਡਲ ਲਹਿਰ ਦੀ ਸ਼ੁਰੂਆਤ ਹੋਈ। ਲੋਕ-ਜਾਗ੍ਰਿਤੀ ਨੂੰ ਉੱਜਲ ਕਰਨ ਲਈ ਕਈ ਅਜਿਹੇ ਅਖ਼ਬਾਰ ਵੀ ਛਪਣ ਲੱਗੇ ਜਿਨ੍ਹਾਂ ਰਿਆਸਤਾਂ ਅੰਦਰ ਹੁੰਦੀ ਧੱਕੇਸ਼ਾਹੀ ਦੇ ਪਾਜ ਉਧੇੜੇ। ਇਨ੍ਹੀਂ ਦਿਨੀਂ ਹੀ ਸੰਨ 1924 ਵਿੱਚ ਦੀਵਾਨ ਸਿੰਘ ਮਫ਼ਤੂਨ ਨੇ ਦਿੱਲੀ ਤੋਂ ਉਰਦੂ ਪੱਤਰਕਾਰੀ ਦਾ ਇੱਕ ਸ਼ਾਹਕਾਰ ਅਖ਼ਬਾਰ ‘ਰਿਆਸਤ’ ਕੱਢਿਆ ਜਿਸ ਦੇ ਚਰਚੇ ਲੰਡਨ ਦੀ ‘ਫਲੀਟ ਸਟਰੀਟ’ ਤੱਕ ਸਨ। ਇਸ ਅਖ਼ਬਾਰ ਦੇ ਕਾਲਮਾਂ ਰਾਹੀਂ ਮਫ਼ਤੂਨ ਨੇ ਨਾ ਕੇਵਲ ਰਿਆਸਤਾਂ ’ਚ ਪਰਜਾ ਨਾਲ ਹੁੰਦੀ ਧੱਕੇਸ਼ਾਹੀ ਬਾਰੇ ਦੱਸਿਆ ਸਗੋਂ ਸ਼ਾਹੀ ਪਰਿਵਾਰਾਂ ਅੰਦਰ ਚੱਲ ਰਹੀ ਖ਼ਾਨਾਜੰਗੀ ਨੂੰ ਵੀ ਉਜਾਗਰ ਕਰਦੇ ਰਹੇ।
ਉਰਦੂ ਪੱਤਰਕਾਰੀ ਦੇ ਖੇਤਰ ਦੀ ਅਜ਼ੀਮ ਸ਼ਖ਼ਸੀਅਤ ਦੀਵਾਨ ਸਿੰਘ ਮਫ਼ਤੂਨ ਦਾ ਜਨਮ ਉਨ੍ਹਾਂ ਸਮਿਆਂ ’ਚ ‘ਸ਼ਿਰਾਜ-ਏ-ਹਿੰਦ’ ਅਖਵਾਉਂਦੇ ਜ਼ਿਲ੍ਹੇ ਗੁੱਜਰਾਂਵਾਲਾ ਦੇ ਸ਼ਹਿਰ ਹਾਫ਼ਿਜ਼ਾਬਾਦ ’ਚ ਹੋਇਆ। ਦੀਵਾਨ ਸਿੰਘ ਦੀ ਵਿੱਦਿਅਕ ਯੋਗਤਾ ਬਹੁਤੀ ਨਹੀਂ ਸੀ। ਪਿਤਾ ਦੀ ਬੇਵਕਤੀ ਮੌਤ ਅਤੇ ਆਰਥਿਕ ਮਜਬੂਰੀਆਂ ਕਾਰਨ ਉਹ ਪੰਜ ਜਮਾਤਾਂ ਹੀ ਪੜ੍ਹ ਸਕੇ। ਪੜ੍ਹਨ-ਲਿਖਣ ਦੇ ਜਨੂੰਨ ਅਤੇ ਜੀਵਨ ਭਰ ਦੀ ਘਾਲਣਾ ਸਦਕਾ ਹੀ ਉਹ ਉਰਦੂ ਪੱਤਰਕਾਰੀ ਦੀਆਂ ਪਹਿਲੀਆਂ ਸਫ਼ਾਂ ’ਚ ਆ ਗਏ। ਅਬੋਹਰ ਵਿਖੇ ਕੰਪਾਊਂਡਰ ਵਜੋਂ ਨੌਕਰੀ ਸ਼ੁਰੂ ਕਰਨ ਮਗਰੋਂ ਉਨ੍ਹਾਂ ਨੂੰ ਉਰਦੂ ਸਾਹਿਤ ਅਤੇ ਭਾਸ਼ਾ ਦੀ ਅਜਿਹੀ ਚੇਟਕ ਲੱਗੀ ਕਿ ਆਪਣੀ ਛੇ ਰੁਪਏ ਮਹੀਨਾ ਤਨਖ਼ਾਹ ਵਿੱਚੋਂ ਇੱਕ ਰੁਪਿਆ ਉਰਦੂ ਦੇ ਰਸਾਲਿਆਂ ਅਤੇ ਅਖ਼ਬਾਰਾਂ ’ਤੇ ਖ਼ਰਚ ਦਿੰਦੇ ਸਨ। ਸ਼ਾਇਦ ਹੀ ਉਸ ਵੇਲੇ ਉਰਦੂ ਦਾ ਕੋਈ ਅਜਿਹਾ ਪਰਚਾ ਜਾਂ ਰਸਾਲਾ ਹੋਵੇਗਾ ਜਿਸ ਦਾ ਉਨ੍ਹਾਂ ਅਧਿਐਨ ਨਾ ਕੀਤਾ ਹੋਵੇ।
ਦੀਵਾਨ ਸਿੰਘ ਮਫ਼ਤੂਨ ਦੇ ਮੈਡੀਕਲ ਖੇਤਰ ’ਚੋਂ ਪੱਤਰਕਾਰੀ ਵੱਲ ਆਉਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਅਬੋਹਰ ਅਤੇ ਮੋਗਾ ’ਚ ਮੈਡੀਕਲ ਪ੍ਰੈਕਟਿਸ ਕਰਨ ਮਗਰੋਂ ਉਨ੍ਹਾਂ ਨੇ ਮਾਨਸਾ ਵਿਖੇ ਅੱਖਾਂ ਦਾ ਹਸਪਤਾਲ ਖੋਲ੍ਹਿਆ ਜਿੱਥੇ ਮੋਤੀਆ ਬਿੰਦ ਦੇ ਕਈ ਸਫ਼ਲ ਆਪ੍ਰੇਰਸ਼ਨ ਕੀਤੇ। ਇਸ ਹਸਪਤਾਲ ਤੋਂ ਉਨ੍ਹਾਂ ਨੂੰ ਤਿੰਨ-ਚਾਰ ਸੌ ਰੁਪਏ ਮਹੀਨਾ ਕਮਾਈ ਸੀ। ਇੱਕ ਦਿਨ ਖ਼ਾਲਸਾ ਅਖ਼ਬਾਰ ’ਚ ਮਫ਼ਤੂਨ ਦੇ ਛਪੇ ਲੇਖ ਤੋਂ ਪ੍ਰਭਾਵਿਤ ਹੋ ਕੇ ਅਖ਼ਬਾਰ ਦੇ ਮੈਨੇਜਰ ਭਾਈ ਮੂਲ ਸਿੰਘ ਨੇ ਉਨ੍ਹਾਂ ਨੂੰ ਸੱਠ ਰੁਪਏ ਮਹੀਨਾ ਤਨਖ਼ਾਹ ’ਤੇ ਖ਼ਾਲਸਾ ਅਖ਼ਬਾਰ ਸੰਪਾਦਿਤ ਕਰਨ ਦੀ ਪੇਸ਼ਕਸ਼ ਕੀਤੀ। ਚਿੱਠੀ ਮਿਲਣ ’ਤੇ ਉਹ ਹੱਦੋਂ ਪਰ੍ਹੇ ਖ਼ੁਸ਼ ਹੋਏ ਪਰ ਇੱਕ ਸਫ਼ਲ ਕਿੱਤੇ ਤੋਂ ਦੂਜੇ ਅਨਿਸ਼ਚਿਤ ਕਿੱਤੇ ਵੱਲ ਜਾਣ ਦੀ ਦੁਚਿੱਤੀ ਨੇ ਉਨ੍ਹਾਂ ਨੂੰ ਬੇਹਾਲ ਕਰ ਦਿੱਤਾ। ਆਖ਼ਰ ਆਪਣੇ ਇੱਕ ਸ਼ੁਭ ਚਿੰਤਕ ਭਗਤ ਲਕਸ਼ਮਨ ਸਿੰਘ ਦੇ ਕਹਿਣ ’ਤੇ ਉਨ੍ਹਾਂ ਭਾਈ ਮੂਲ ਸਿੰਘ ਦੀ ਪੇਸ਼ਕਸ਼ ਸਵੀਕਾਰ ਕਰ ਲਈ। ਮਫ਼ਤੂਨ ਦੀ ਲੇਖਣੀ ਲੋਹਾ ਸੀ, ਪਰ ਪੱਤਰਕਾਰੀ ਦੇ ਤਜਰਬੇ ਦੀ ਕਮੀ ਅਤੇ ਕਾਨੂੰਨ ਤੋਂ ਅਣਜਾਣ ਹੋਣ ਕਾਰਨ ਉਨ੍ਹਾਂ ਦੀਆਂ ਲਿਖਤਾਂ ਜਲਦ ਹੀ ਅਖ਼ਬਾਰ ਲਈ ਮੁਕੱਦਮਿਆਂ ’ਚ ਫਸਣ ਦਾ ਕਾਰਨ ਬਣ ਗਈਆਂ। ਚਾਰ ਮਹੀਨੇ ਦੀ ਨੌਕਰੀ ਮਗਰੋਂ ਉਨ੍ਹਾਂ ਨੂੰ ਅਖ਼ਬਾਰ ਤੋਂ ਵੱਖ ਕਰ ਦਿੱਤਾ ਗਿਆ। ਮਹੀਨੇ ਦੇ ਸੈਂਕੜੇ ਰੁਪਏ ਕਮਾਉਣ ਵਾਲੇ ਦੀਵਾਨ ਸਿੰਘ ਇਕਦਮ ਵਿਹਲੇ ਹੋ ਗਏ, ਪਰ ਉਹ ਨਾਉਮੀਦ ਨਾ ਹੋਏ। ਕਿਸੇ ਮਿੱਤਰ ਦੀ ਸਲਾਹ ’ਤੇ ਉਨ੍ਹਾਂ ਉਸ ਵੇਲੇ ਦੀ ਉਰਦੂ ਪੱਤਰਕਾਰੀ ਦੇ ਸਿਖ਼ਰ ਮੰਨੇ ਜਾਂਦੇ ‘ਹਮਦਮ’ ਅਖ਼ਬਾਰ ਦੇ ਸੰਪਾਦਕ ਸੱਯਦ ਜਾਲਬ ਨੂੰ ਗੁਰੂ ਧਾਰਨ ਦੀ ਠਾਣ ਲਈ। ਸੱਯਦ ਜਾਲਬ ਨੂੰ ਕਈ ਖ਼ਤ ਲਿਖ, ਮਾਮੂਲੀ ਤਨਖ਼ਾਹ ’ਤੇ ਕੰਮ ਕਰਨ ਦੀਆਂ ਬੇਨਤੀਆਂ ਭੇਜੀਆਂ, ਪਰ ਜਾਲਬ ਵੱਲੋਂ ਕੋਈ ਜਵਾਬ ਨਾ ਆਇਆ। ਅਖੀਰ ਮਫ਼ਤੂਨ ਹੋਰੀਂ ਰੇਲਗੱਡੀ ਚੜ੍ਹ ਸਿੱਧਾ ਲਖਨਊ ’ਚ ‘ਹਮਦਮ’ ਦੇ ਦਫ਼ਤਰ ਪਹੁੰਚ ਗਏ, ਪਰ ਜਾਲਬ ਨੇ ਫਿਰ ਵੀ ਉਨ੍ਹਾਂ ਨਾਲ ਹੌਸਲਾ-ਵਧਾਊ ਸਲੂਕ ਨਾ ਕੀਤਾ ਅਤੇ ਅਸਾਮੀ ਨਾ ਹੋਣ ਕੀ ਗੱਲ ਆਖ ਕੇ ਪੱਲਾ ਝਾੜ ਦਿੱਤਾ। ਪੱਤਰਕਾਰੀ ਲਈ ਸ਼ੈਦਾਈ ਹੋਏ ਮਫ਼ਤੂਨ ਨੇ ਇਹ ਜਵਾਬ ਮਿਲਣ ’ਤੇ ਵੀ ਹਾਰ ਨਾ ਮੰਨੀ ਅਤੇ ਮੁਫ਼ਤ ’ਚ ਨੌਕਰੀ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਸਵੇਰੇ ਉਹ ਅਖ਼ਬਾਰ ’ਚ ਕੰਮ ਕਰਦੇ ਅਤੇ ਰਾਤ ਨੂੰ ਕਿਸੇ ਦਵਾਈਆਂ ਦੀ ਦੁਕਾਨ ’ਤੇ ਗੁਜ਼ਰੇ ਲਈ 15 ਰੁਪਏ ਮਹੀਨਾ ’ਤੇ ਨੌਕਰੀ ਕਰਦੇ। ਇਸ ਤਰ੍ਹਾਂ ਉਨ੍ਹਾਂ ਨੇ ਪੱਤਰਕਾਰੀ ਦੀਆਂ ਬਾਰੀਕੀਆਂ ਨੂੰ ਬੜੀ ਲਗਨ ਨਾਲ ਆਪਾ ਤਿਆਗ ਕੇ ਸਿੱਖਿਆ।
ਅਖ਼ਬਾਰ ‘ਰਿਆਸਤ’ ਵਿੱਚ ਹਰ ਹਫ਼ਤੇ ਦੋ ਕਾਲਮ ‘ਨਾਕਾਬਿਲੇ ਫ਼ਰਾਮੋਸ਼’ (ਜਿਹੜਾ ਮਫ਼ਤੂਨ ਦੀ ਨਿੱਜੀ ਜ਼ਿੰਦਗੀ ਦੇ ਤਜ਼ਰਬਿਆਂ ’ਤੇ ਆਧਾਰਿਤ ਸੀ) ਅਤੇ ‘ਜਜ਼ਬਾਤੇ ਮਸ਼ਰਿਕ’ (ਜਿਹੜਾ ਉਰਦੂ ਸਾਹਿਤ ਨਾਲ ਸਬੰਧਿਤ ਸੀ) ਛਪਦੇ ਸਨ। ਇਨ੍ਹਾਂ ਕਾਲਮਾਂ ਨੂੰ ਬਾਅਦ ਵਿੱਚ ਕਿਤਾਬ ਦੇ ਰੂਪ ’ਚ ਵੀ ਛਾਪਿਆ ਗਿਆ। ‘ਨਾਕਾਬਿਲੇ ਫ਼ਰਾਮੋਸ਼’ ਉਨ੍ਹਾਂ ਦੀ ਆਤਮਕਥਾ ਹੈ। ਇਸ ਕਿਤਾਬ ਦਾ ਪੰਜਾਬੀ ਵਿੱਚ ਉਲਥਾ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਛਾਪਿਆ ਹੈ। ਅਜੋਕੇ ਜ਼ਮਾਨੇ ’ਚ ਖੋਜੀ ਪੱਤਰਕਾਰੀ ਦੀ ਜਾਚ ਸਿੱਖਣ ਲਈ ਇਸ ਆਤਮਕਥਾ ਤੋਂ ਬਿਹਤਰ ਕੋਈ ਹੋਰ ਸੋਮਾ ਨਹੀਂ ਹੋ ਸਕਦਾ।
ਆਪਣੀਆਂ ਤਿੱਖੀਆਂ ਲਿਖਤਾਂ ਸਦਕਾ ਉਨ੍ਹਾਂ ਨੇ ਆਮ ਜਨਤਾ ’ਚ ਹਰਮਨ ਪਿਆਰਤਾ ਖੱਟੀ ਅਤੇ ਰਜਵਾੜਿਆਂ ਦਾ ਵੈਰ ਵੀ ਖ਼ੂਬ ਕਮਾਇਆ। ਇਨ੍ਹਾਂ ਰਾਜਿਆਂ ਦੀਆਂ ਨਾਰਾਜ਼ਗੀਆਂ ਕਾਰਨ ਉਨ੍ਹਾਂ ਨੂੰ 15 ਵਾਰ ਗ੍ਰਿਫ਼ਤਾਰ ਹੋਣਾ ਅਤੇ ਅੱਠ ਵਾਰ ਜੇਲ੍ਹ ਜਾਣਾ ਪਿਆ। ਭੋਪਾਲ ਦੇ ਨਵਾਬ ਨਾਲ ਮਫ਼ਤੂਨ ਦਾ ਮੁਕੱਦਮਾ ਛੇ ਸਾਲ ਚੱਲਦਾ ਰਿਹਾ ਅਤੇ ਮਹਾਰਾਜਾ ਪਟਿਆਲਾ ਨੇ ਵੀ ਉਨ੍ਹਾਂ ਨੂੰ ਆਪਣੇ ਸ਼ਿਕੰਜੇ ’ਚ ਲੈਣ ਦੇ ਅਨੇਕਾਂ ਯਤਨ ਕੀਤੇ। ਇੱਥੋਂ ਤੱਕ ਕਿ ਇੱਕ ਵਾਰ ਝੂਠਾ ਕੇਸ ਵੀ ਪੁਆਇਆ।
ਦੀਵਾਨ ਸਿੰਘ ਮਫ਼ਤੂਨ ਅੰਦਰ ਨਿਪੁੰਨ ਪੱਤਰਕਾਰ ਵਾਂਗ ਘਟਨਾਵਾਂ ਦੀ ਬਾਰੀਕੀ ’ਤੇ ਧਿਆਨ ਦੇਣ ਅਤੇ ਉਨ੍ਹਾਂ ’ਚੋਂ ਸਿੱਟੇ ਕੱਢਣ ਦੀ ਕਾਬਲੀਅਤ ਸੀ। ਉਹ ਜਵਾਨੀ ਪਹਿਰੇ ਹਾਫ਼ਿਜ਼ਾਬਾਦ ’ਚ ਕਿਸੇ ਬਜਾਜ ਦੀ ਹੱਟੀ ’ਤੇ ਨੌਕਰੀ ਕਰਦੇ ਸਨ। ਉੱਥੇ ਇੱਕ ਬਜ਼ੁਰਗ ਮੁਸਲਮਾਨ ਦਰਜ਼ੀ ਬੈਠਦਾ ਸੀ। ਦਰਜ਼ੀ ਨੂੰ ਇੱਕ ਵਾਰ ਕਿਸੇ ਰਿਸ਼ਤੇਦਾਰੀ ’ਚ ਜਾਣਾ ਪਿਆ ਤਾਂ ਪਿੱਛੋਂ ਉਸ ਦੇ ਪੁੱਤਰ ਨੇ ਗਾਹਕ ਦਾ ਹਰੇ ਰੰਗ ਦਾ ਕੋਟ ਚਿੱਟੇ ਧਾਗੇ ਨਾਲ ਸਿਊਂ ਦਿੱਤਾ। ਦਰਜ਼ੀ ਨੇ ਆ ਕੇ ਵੇਖਿਆ ਤਾਂ ਕ੍ਰੋਧ ’ਚ ਪੁੱਤਰ ਨੂੰ ਕਿਹਾ, ‘‘ਕੋਟ ਸਿਵਾਉਣ ਵਾਲੇ ਦਾ ਖ਼ਿਆਲ ਨਾ ਕਰਦੋਂ, ਪਰ ਮਖ਼ਮਲ ਉੱਤੇ ਤਾਂ ਤਰਸ ਖਾਂਦੋਂ, ਬੇੜਾ ਗਰਕ ਕਰ ਦਿੱਤਾ ਈ।’’ ਦਰਜ਼ੀ ਨੇ ਕੋਟ ਉਧੇੜ ਕੇ ਮੁੜ ਸੀਤਾ। ਇਸ ਘਟਨਾ ਦਾ ਮਫ਼ਤੂਨ ’ਤੇ ਏਨਾ ਅਸਰ ਪਿਆ ਕਿ ਉਹ ਹਰ ਕੰਮ ਨੂੰ ਬੜੇ ਗੌਰ ਅਤੇ ਨੀਝ ਨਾਲ ਕਰਦੇ ਸਨ।
ਅਕਸਰ ਹੀ ਇਹ ਗੱਲ ਬਹਿਸ ਦਾ ਹਿੱਸਾ ਰਹੀ ਹੈ ਕਿ ਕੀ ਇੱਕ ਪੱਤਰਕਾਰ ਨੂੰ ਹਮੇਸ਼ਾ ਸਰਕਾਰ ਦਾ ਆਲੋਚਕ ਹੋਣਾ ਚਾਹੀਦਾ ਹੈੈ? ਜਾਂ ਕਦੇ-ਕਦਾਈਂ ਲੋੜ ਪੈਣ ’ਤੇ ਸਰਕਾਰ-ਪੱਖੀ ਵੀ ਹੋਣਾ ਚਾਹੀਦਾ ਹੈ। ਇਸ ਦੇ ਉੱਤਰ ਵਜੋਂ ਬੰਬੇ ਕਰਾਨੀਕਲ ਦੇ ਸੰਪਾਦਕ ਬੀ.ਜੀ. ਹਾਰਨੀਮੈਨ ਦਾ ਇੱਕ ਕਥਨ ਮਫ਼ਤੂਨ ਨੇ ਹਮੇਸ਼ਾ ਆਪਣੇ ਜ਼ਿਹਨ ’ਚ ਰੱਖਿਆ। ਬੀ.ਜੀ. ਹਾਰਨੀਮੈਨ ਦਾ ਕਹਿਣਾ ਸੀ ਕਿ, ‘‘ਅਖ਼ਬਾਰਨਵੀਸ ਦੁਨੀਆ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਪੈਦਾ ਹੋਇਆ ਹੈ ਜੋ ਮੁਸੀਬਤ ਵਿੱਚ ਹੋਣ। ਉਨ੍ਹਾਂ ਲੋਕਾਂ ਨਾਲ ਸਾਡਾ ਕੋਈ ਸਬੰਧ ਨਹੀਂ ਜੋ ਐਸ਼ ਆਰਾਮ ਵਿੱਚ ਹੋਣ।’’ ਮਫ਼ਤੂਨ ਨੇ ਇਸ ਕਥਨ ’ਤੇ ਸਦਾ ਪਹਿਰਾ ਦਿੱਤਾ। ਉਨ੍ਹਾਂ ਦੇ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਨਜ਼ਦੀਕੀ ਸਬੰਧ ਸਨ। ਜਦ ਨਾਭਾ ਦੇ ਮਹਾਰਾਜੇ ਨੂੰ ਅੰਗੇਰਜ਼ਾਂ ਨੇ ਗੱਦੀਓਂ ਲਾਹ ਕੇ ਕੋਡਾਈ ਵਿਖੇ ਨਜ਼ਰਬੰਦ ਕਰ ਦਿੱਤਾ ਤਾਂ ਪਿੱਛੋਂ ਉਸ ਦੀ ਰਾਣੀ ਨੇ ਬਾਗ਼ੀ ਹੋ ਕੇ ਅੰਗਰੇਜ਼ਾਂ ਨਾਲ ਸਬੰਧ ਗੰਢ ਲਏ ਅਤੇ ਆਪਣੇ ਨਾਬਾਲਗ ਪੁੱਤਰ ਨੂੰ ਗੱਦੀ ’ਤੇ ਬਿਠਾਉਣਾ ਮਨਵਾ ਲਿਆ। ਮਹਾਰਾਣੀ ਨਾਭਾ, ਮਫ਼ਤੂਨ ਨੂੰ ਆਪਣਾ ਭਰਾ ਮੰਨਦੀ ਸੀ ਅਤੇ ਉਨ੍ਹਾਂ ਦੀ ਲਿਆਕਤ ਤੋਂ ਵੀ ਜਾਣੂੰ ਸੀ। ਉਸ ਨੇ ਮਫ਼ਤੂਨ ਨੂੰ ਆਪਣੇ ਵੱਲ ਕਰਨ ਅਤੇ ਨਾਭੇ ਚੱਲ ਕੇ ਸਰਕਾਰੀ ਨੌਕਰੀ ਪ੍ਰਵਾਨ ਕਰਨ ਲਈ ਮਨਾਉਣ ਦੇ ਲੱਖਾਂ ਯਤਨ ਕੀਤੇ, ਪਰ ਮੁਸ਼ਕਿਲਾਂ ’ਚ ਘਿਰੇ ਮਹਾਰਾਜੇ ਨਾਲ ਧ੍ਰੋਹ ਕਮਾਉਣ ਦੀ ਜਗ੍ਹਾ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾਉਣਾ ਮੁਨਾਸਿਬ ਸਮਝਿਆ।
ਨਾਭਾ ਦੇ ਮਹਾਰਾਜੇ ਨਾਲ ਨਜ਼ਦੀਕੀ ਸਬੰਧਾਂ ਦੇ ਬਾਵਜੂਦ ਉਨ੍ਹਾਂ ਦੀ ਕਲਮ ਰਿਆਸਤਾਂ ਦੇ ਕਹਿਰ ਦੀ ਬਾਤ ਪਾਉਂਦਿਆਂ ਆਪਣਾ-ਬੇਗਾਨਾ ਨਹੀਂ ਦੇਖਦੀ ਸੀ। ਮਹਾਰਾਜਾ ਨਾਭਾ ਦੀ ਸ਼ਖ਼ਸੀਅਤ ਵਿਚਲੀਆਂ ਊਣਤਾਈਆਂ ਬਾਰੇ ਉਹ ਲਿਖਦੇ ਹਨ ਕਿ ਇੱਕ ਵਾਰ ਮਹਾਰਾਜੇ ਦੇ ਘਰ ਦੀ ਰਸੋਈ ’ਚੋਂ ਕਾਂਟਾ ਅਤੇ ਚਮਚਾ ਚੋਰੀ ਹੋ ਗਿਆ। ਕੰਨਾਂ ਦੇ ਕੱਚੇ ਮਹਾਰਾਜੇ ਇੱਕ ਬੈਰੇ ਦੀਆਂ ਗੱਲਾਂ ’ਚ ਆ ਕੇ ਬਿਨਾਂ ਦਲੀਲ-ਅਪੀਲ ਦੇ ਬੇਕਸੂਰ ਸ਼ਾਹੀ ਰਸੋਈਏ ਹਰੀ ਸਿੰਘ ਨੂੰ ਲੰਬਾ ਸਮਾਂ ਜੇਲ੍ਹ ’ਚ ਸੁੱਟੀ ਰੱਖਿਆ।
ਆਜ਼ਾਦੀ ਮਗਰੋਂ ਭਾਰਤੀ ਪੱਤਰਕਾਰੀ ਦੇ ਸੁਭਾਅ ਵਿੱਚ ਵੱਡਾ ਫ਼ਰਕ ਆਇਆ। ਜਨੂੰਨ ਅਖਵਾਉਂਦੇ ਇਸ ਕਿੱਤੇ ’ਚ ਹੌਲੀ-ਹੌਲੀ ਮੁਨਾਫ਼ਾਖੋਰੀ ਅਤੇ ਉਤੇਜਨਾਵਾਦ ਨੇ ਪੈਰ ਜਮਾ ਲਏ। ਇਨ੍ਹਾਂ ਬਦਲੀਆਂ ਫ਼ਿਜ਼ਾਵਾਂ ’ਚ ‘ਰਿਆਸਤ’ ਵੀ ਬਹੁਤੀ ਦੇਰ ਟਿਕ ਨਾ ਸਕਿਆ ਅਤੇ ਅਖੀਰ ਮਫ਼ਤੂਨ ਹੋਰੀਂ ‘ਰਿਆਸਤ’ ਦਾ ਬੂਹਾ ਢੋਅ ਕੇ ਸਦਾ ਲਈ ਦੇਹਰਾਦੂਨ ਨੇੜਲੇ ਸ਼ਹਿਰ ਰਾਜਪੁਰ ’ਚ ਜਾ ਵਸੇ। ਉਨ੍ਹਾਂ ਦੇ ਦਿੱਲੀ ਛੱਡ ਜਾਣ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਸ਼ਹਿਰ ਮੁੜ ਉਹੋ ਜਿਹਾ ਨਾ ਰਿਹਾ। ਆਪਣੀ ਇੱਕ ਦਿੱਲੀ ਫੇਰੀ ਤੋਂ ਬਾਅਦ ਉਨ੍ਹਾਂ ਨੂੰ ਖ਼ਤ ਲਿਖਦਿਆਂ ਮਸ਼ਹੂਰ ਸ਼ਾਇਰ ਜ਼ੋਸ਼ ਮਲੀਹਾਬਾਦੀ ਲਿਖਦੇ ਹਨ, ‘‘ਆਪ ਕੀ ਯਾਦ ਮੇਰੇ ਦਿਲ ਮੇਂ ਚੁਟਕੀਆਂ ਲੇਤੀ ਰਹੀ। ਦਿੱਲੀ ਜਬ ਗਿਆ ਥਾ, ਦਿਲ ਸੇ ਯੇਹ ਸੋਚ ਕਰ ਖੂਨ ਕੀ ਬੂੰਦੇਂ ਟਪਕਨੇ ਲਗੀ ਕਿ ਹੈਂ! ਦੀਵਾਨ ਸਿੰਘ ਅਬ ਇਸ ਨਗਰੀ ਮੇਂ ਨਹੀਂ ਰਹਤਾ।’’ ਇਸ ਨੂੰ ਪੰਜਾਬੀਆਂ ਦੀ ਬੇਸਮਝੀ ਕਹਿ ਲਈਏ ਜਾਂ ਅਗਿਆਨਤਾ ਕਿ ਅਸੀਂ ਦੀਵਾਨ ਸਿੰਘ ਵਰਗੇ ਹੀਰੇ ਨੂੰ ਆਪਣੇ ਚੇਤਿਆਂ ’ਚੋਂ ਵਿਸਾਰ ਦਿੱਤਾ ਜਿਨ੍ਹਾਂ ਆਪਣੀ ਆਖ਼ਰੀ ਉਮਰ ਰਾਜਪੁਰ ਵਿਖੇ ਦੋ ਕਮਰਿਆਂ ਦੇ ਮਕਾਨ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਵੱਲੋਂ ਲਗਾਈ ਨਿਗੂਣੀ ਪੈਨਸ਼ਨ ਸਹਾਰੇ ਗੁਜ਼ਾਰੀ।