Roda Jalali : Lok Kahani

ਰੋਡਾ ਜਲਾਲੀ : ਲੋਕ ਕਹਾਣੀ

'ਰੋਡਾ ਜਲਾਲੀ' ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। 17ਵੀਂ ਸਦੀ ਦੇ ਅੰਤ ਵਿਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਙੀ ਵਿਖੇ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ਗਾਉਂਦੀਆਂ ਹਨ।
ਬਲਖ ਬੁਖ਼ਾਰੇ ਦਾ ਜੰਮਪਲ, ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿਚ ਫ਼ਕੀਰ ਬਣਿਆ ਰੋਡਾ ਪਾਕ ਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਙੀ ਆਣ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ 'ਤੇ ਪੂਰਬ ਵੱਲ ਦੇ ਪਾਸੇ ਸੁਹਾਂ ਨਦੀ ਦੇ ਕੰਢੇ ਸ਼ਾਨਦਾਰ ਬਾਗ਼ ਸੀ। ਉਸ ਬਾਗ਼ ਵਿਚ ਇਸ ਫਕੀਰ ਨੇ ਜਾ ਡੇਰੇ ਲਾਏ।
ਫਕੀਰ ਇੱਕੀ-ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਿਹੇ ਦਗ਼-ਦਗ਼ ਕਰਦੇ ਸਰੀਰ 'ਤੇ ਬਣ-ਬਣ ਪੈਂਦੇ ਸਨ। ਰੂਪ ਉਹਦਾ ਝੱਲਿਆ ਨਹੀਂ ਸੀ ਜਾਂਦਾ। ਇਕ ਅਨੋਖਾ ਜਲਾਲ ਉਹਦੇ ਮਸਤਕ 'ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।
ਪਿੰਡ ਵਿਚ ਫਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ। ਨਾਲ ਹੀ ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ। ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜ੍ਹਿਆ, ਮੱਝ ਆਪਣੇ-ਆਪ ਅਗਲੇ ਦੇ ਕੀਲੇ ਜਾ ਖੜ੍ਹੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਊ ਧਾਰੀਂ ਪੈ ਗਈ। ਕਿਸੇ ਦਾ ਜੁਆਕ ਢਿੱਲਾ-ਮੱਠਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੌ-ਬਰ-ਨੌ। ਇਸ ਪ੍ਰਕਾਰ ਰੋਡੇ ਫਕੀਰ ਦੀ ਮਹਿਮਾ ਘਰ-ਘਰ ਹੋਣ ਲੱਗ ਪਈ। ਪਿੰਡ ਦੇ ਲੋਕੀਂ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗੇ। ਮਾਈਆਂ ਬਣ-ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ। ਆਪਣੇ ਮਨ ਦੀਆਂ ਮੁਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ। ਆਪਣੇ ਦੁੱਖ-ਸੁੱਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ ਸੁਣਦਾ, ਸ਼ਹਿਦ ਜਿਹੇ ਮਿੱਠੇ ਬੋਲ ਬੋਲਦਾ। ਸਾਰਿਆਂ ਦੇ ਦਿਲ ਮੋਹੇ ਜਾਂਦਾ।
ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕ ਉਹਨੂੰ ਜਚਿਆ ਨਹੀਂ ਸੀ। ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ। ਪਹਾੜਾਂ ਦੀ ਪਰੀ ਨਾਲ ਤੁਲਨਾ ਦਿੰਦੇ ਸਨ,
ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ।
ਸੁਹਣੀ ਦਿੱਸੇਂ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ।
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ।
ਤਾਬ ਨਾ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ।
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ।
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ।
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ।
ਜੇ ਵੇਖੇ ਵਿਚ ਸੁਹਾਂ ਦੇ
ਤੇਰੀ ਵੀ ਲਹਿਜੇ ਭੁੱਖ।
ਜਲਾਲੀ ਨੇ ਵੀ ਰੋਡੇ ਫਕੀਰ ਦੀ ਮਹਿਮਾ ਸੁਣੀ। ਇਕ ਦਿਨ ਉਹ ਆਪਣੀਆਂ ਸਹੇਲੀਆਂ ਨਾਲ ਬਾਗ ਵਿਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰ ਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ। ਬਸ ਮਸਤ ਰਿਹਾ।
ਜਲਾਲੀ ਸਿਮਰਨ ਕਰੇਂਦੇ ਰੋਡੇ ਵੱਲ ਤੱਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆ ਰੋਡਾ, ਜਲਾਲੀ ਦੇ ਧੁਰ ਅੰਦਰ ਦਿਲ ਵਿਚ ਲਹਿ ਗਿਆ। ਜਲਾਲੀ ਆਪਣੇ-ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ। ਸਾਹਮਣੇ ਜਲਾਲੀ ਹੱਥ ਜੋੜੀ ਖੜ੍ਹੀ ਸੀ।
ਗੁਲਾਬ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ-ਸੁਆਦ ਹੋ ਗਿਆ। ਸਾਰੀ ਰਾਤ ਜਲਾਲੀ ਰੋਡੇ ਵਿਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗਲ਼ ਬਾਹੀਂ ਪਾ ਲਈਆਂ।
“ਰੋਡਿਆ! ਤੂੰ ਮੇਰੇ ‘ਤੇ ਕੀ ਜਾਦੂ ਧੂੜ ਦਿੱਤੈ... ਮੈਂ ਸਾਰੀ ਰਾਤ ਪਲ ਲਈ ਵੀ ਸੌਂ ਨਹੀਂ ਸਕੀ। ਤੇਰੇ ਖਿਆਲਾਂ ਵਿਚ ਮਗਨ ਰਹੀ ਆਂ।” ਹੁਸਨ ਮਚਲਿਆ।
“ਹੁਸਨ ਪਰੀਏ! ਧੰਨੇ ਨੇ ਪੱਥਰ ਵਿਚੋਂ ਰੱਬ ਪਾ ਲਿਆ ਏ। ਅੱਜ ਮੇਰੀ ਭਗਤੀ ਪੂਰੀ ਹੋ ਗਈ ਏ। ਤੇਰੇ ‘ਚ ਮੈਨੂੰ ਦਾਤਾਰ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ, ਮੈਨੂੰ ਵੀ ਚੈਨ ਨਹੀਂ ਆਇਆ। ਹੁਣ ਤੂੰ ਆ ਗਈ ਏਂ, ਜਾਣੀਂ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿਚ ਨੇ।” ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ।
“ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ। ਤੂੰ ਪੂਰਾ ਉਤਰੀਂ। ਕਿਧਰੇ ਮੇਰਾ ਕੱਚ ਜਿਹਾ ਦਿਲ ਤੋੜ ਕੇ ਅਗਾਂਹ ਨਾ ਟੁਰ ਜਾਵੀਂ।”
“ਜਲਾਲੀਏ... ਇਹ ਕੀ ਆਂਹਦੀ ਏਂ ਤੂੰ। ਮੈਂ ਏਥੋਂ ਟੁਰ ਜਾਵਾਂਗਾ! ਇਕੋ ਇਕ ਦਿਲ ਸੀ ਮੇਰਾ, ਉਹ ਤੂੰ ਖੱਸ ਲਿਆ ਏ। ਹੋਰ ਕੀ ਏ ਇਸ ਦੁਨੀਆਂ ਵਿਚ ਮੇਰੇ ਲਈ? ਬਸ ਤੂੰ ਹੀ ਏਂ, ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ। ਤੂੰ ਤੇ ਮੇਰੀ ਜ਼ਿੰਦਗੀ ਏਂ, ਮੇਰਾ ਇਸ਼ਟ ਏਂ। ਡਰ ਹੈ ਜਲਾਲੀਏ... ਕਿਧਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ।”
“ਮੈਨੂੰ ਆਪਣੀ ਜਵਾਨੀ ਦੀ ਸਹੁੰ ਰੋਡਿਆ। ਮੈਂ ਲੱਗੀਆਂ ਤੋੜ ਨਿਭਾਵਾਂਗੀ। ਮਰ ਜਾਵਾਂਗੀ ਪਰ ਪਿਛਾਂਹ ਨਹੀਂ ਪਰਤਾਂਗੀ। ਤੂੰ ਮੇਰਾ ਹਰ ਰੋਜ਼ ਤੜਕਸਾਰ ਸੁਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰੀਂ। ਅਹੁ ਕੋਈ ਆਉਂਦਾ ਪਿਆ ਏ, ਆਹ ਸਾਂਭ ਲੈ ਮੇਰੀ ਨਿਸ਼ਾਨੀ...।” ... ਜਲਾਲੀ ਦਾ ਛੱਲਾ ਰੋਡੇ ਦੀ ਉਂਗਲ 'ਤੇ ਸੀ।
ਜਲਾਲੀ ਹਰ ਰੋਜ਼ ਸੁਹਾਂ ਦੇ ਕੰਢੇ ਜਾ ਪੁੱਜਦੀ, ਤੇ ਪਿਆਰੇ ਰੋਡੇ ਦਾ ਜਾ ਦੀਦਾਰ ਕਰਦੀ,
ਉਤੇ ਨਦੀ ਦੇ ਜਾਇਕੇ ਰੋਜ਼ ਮਿਲਦੀ
ਬਿਨਾਂ ਮਿਲੇ ਦੇ ਨਹੀਂ ਅਧਾਰ ਹੈ ਜੀ।
ਹੋਏ ਘੜੀ ਵਿਛੋੜੇ ਦੇ ਵਾਂਗ ਸੂਲੀ
ਜਾਨ ਹੋਂਵਦੀ ਜੋ ਆਵਾਜ਼ਾਰ ਹੈ ਜੀ।
ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ
ਜੀਹਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ।
ਹੋਈ ਭੁੱਜ ਮਨੂਰ ਲੁਹਾਰ ਬੱਚੀ
ਬਣੇ ਘੜੀ ਦਾ ਜੁੱਗ ਚਾਰ ਹੈ ਜੀ।
ਹੁੰਦੇ ਨਾਗ਼ ਮਲੂਮ ਨੇ ਪੂਣੀਆਂ ਦੇ
ਜਦੋਂ ਕੱਤਣ ਜਾਏ ਭੰਡਾਰ ਹੈ ਜੀ।
ਪਾਇਆ ਭੱਠ ਕਸੀਦੇ ਦੇ ਕੱਢਣੇ ਨੂੰ
ਪੈਂਦੀ ਭੁੱਲ ਕੇ ਨਾ ਇਕ ਤਾਰ ਹੈ ਜੀ।
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ।
ਕਿਸੇ ਕੰਮ ਦੇ ਵਿਚ ਨਾ ਚਿੱਤ ਲੱਗੇ
ਕਰੇ ਆਸ਼ਕੀ ਅਤੀ ਲਾਚਾਰ ਹੈ ਜੀ।
(ਕਿਸ਼ੋਰ ਚੰਦ)
ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਪੈ ਗਈ। ਉਨ੍ਹਾਂ ਨੇ ਉਨ੍ਹਾਂ ਦੇ ਇਸ਼ਕ ਨੂੰ ਪ੍ਰਵਾਨ ਨਾ ਕੀਤਾ। ਉਹ ਤਾਂ ਨਮੋਸ਼ੀ ਦੇ ਮਾਰੇ ਆਪਣੇ ਮੂੰਹ ਲਕੋਈ ਫਿਰਦੇ ਸਨ। ਉਨ੍ਹਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰ ਉਹ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ। ਆਖ਼ਰ ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਿਗਰਾਨੀ ਵਿਚ ਰੱਖਣਾ ਸ਼ੁਰੂ ਕਰ ਦਿੱਤਾ।
ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ... ਓਧਰ ਰੋਡਾ ਵੀ ਜਲਾਲੀ ਦਾ ਪਿਆਰਾ ਮੁਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ। ਆਖ਼ਰ ਉਹਨੇ ਜਲਾਲੀ ਦੇ ਦਰ ਅੱਗੇ ਜਾ ਕੇ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ। ਉਹ ਉਹਦੇ ਹੱਥੋਂ ਖੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਵੀ ਨਾ ਪੁੱਟਦਾ। ਗੱਲ ਏਥੋਂ ਤੱਕ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਹਦੀ ਮਾਂ ਅੜੀ ਰਹੀ... ਸਾਧਾਂ ਦਾ ਹਠ ਵੀ ਮਸ਼ਹੂਰ ਐ... ਰੋਡਾ ਉਨ੍ਹਾਂ ਦੇ ਦਰਾਂ ਅੱਗੇ ਹੀ ਧੂਣਾ ਤਪਾ ਕੇ ਬੈਠ ਗਿਆ, ਤੇ ਸਮਾਧੀ ਲਾ ਲਈ। ਲੋਕਾਂ ਲਈ ਤਾਂ ਇਹ ਜਗਤ ਤਮਾਸ਼ਾ ਸੀ ਪਰ ਜਲਾਲੀ ਦੀ ਮਾਂ ਤਾਂ ਨਮੋਸ਼ੀ ਦੀ ਮਾਰੀ ਧਰਤੀ ਵਿਚ ਨਿਘਰਦੀ ਜਾ ਰਹੀ ਸੀ। ਉਹਨੇ ਉਸ ਨੂੰ ਧੂਣਾ ਚੁੱਕਣ ਲਈ ਬਹੁਤੇਰੇ ਵਾਸਤੇ ਪਾਏ। ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰ ਰੋਡਾ ਤਾਂ ਉਹਦੇ ਦੀਦਾਰ ਲਈ ਤੜਫ ਰਿਹਾ ਸੀ,
ਕਿੱਥੋਂ ਵੇ ਤੇ ਤੂੰ ਆਇਆ
ਜਾਣਾ ਕਿਹੜੇ ਦੇਸ ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।

ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।

ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆ ਦਿੰਨੀ ਆਂ ਮੰਗਾ
ਵੇ ਫ਼ਕੀਰਾ...।
ਭਲਾ ਵੇ ਦਲਾਲਿਆ ਵੇ ਰੋਡਿਆ।

ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।

ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀ ਆਂ ਮੰਗਾ ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।

ਨਾ ਮੈਂ ਪਿਆਸਾ ਪਾਣੀ ਦਾ ਨੀ

ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।

ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।

ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।

ਜੇ ਤੂੰ ਭੁੱਖਾ ਰੰਨਾਂ ਦੇ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।

ਨਾ ਮੈਂ ਭੁੱਖਾ ਰੰਨਾਂ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।

ਦਰ ਵਿਚੋਂ ਧੂਣਾ ਚੁੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।

ਦਰ ਵਿਚੋਂ ਧੂਣਾ ਨਾ ਚੁੱਕਣਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।

ਰੋਡੇ ਨੇ ਜਲਾਲੀ ਦੇ ਦਰਾਂ ਅੱਗਿਉਂ ਧੂਣਾ ਨਾ ਚੁੱਕਿਆ। ਗੁੱਸੇ ਵਿਚ ਆਏ ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ ਮਾਰ ਕੇ ਅਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ ਨਦੀ ਵਿਚ ਹੜ੍ਹਾ ਆਏ। ਕੁਦਰਤ ਦਾ ਕੋਈ ਪਾਰਾਵਾਰ ਨਹੀਂ, ਰੋਡਾ ਨਦੀ ਵਿਚੋਂ ਬਚ ਨਿਕਲਿਆ ਤੇ ਅਗਲੀ ਭਲਕ ਆ ਕੇ ਉਹਨੇ ਜਲਾਲੀ ਦੇ ਦਰਾਂ ਅੱਗੇ ਮੁੜ ਧੂਣਾ ਤਪਾ ਦਿੱਤਾ।
ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੁਬਾਰਾ ਮੁੜ ਆਣ 'ਤੇ ਐਨਾ ਗੁੱਸਾ ਚੜ੍ਹਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ-ਟੁਕੜੇ ਕਰ ਕੇ ਖੂਹ ਵਿਚ ਸੁੱਟ ਦਿੱਤਾ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।
ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ ਜਾ ਕੇ ਆਖਿਆ, “ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬਿਮਾਰ ਪਈ ਹੈ, ਹਕੀਮ ਆਂਹਦੇ ਨੇ ਉਹ ਤਦ ਹੀ ਬਚ ਸਕਦੀ ਐ ਜੇ ਉਹਨੂੰ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ ਜਾਵੇ। ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗੇ।”
ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ ਵਿਚ ਜੰਗਲਾਂ ਵਲ ਨੱਸ ਟੁਰਿਆ।
ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ ਰੋਡਾ ਕੂਕਦੀ ਰੋਡੇ ਦੇ ਮਗਰ ਜੰਗਲ ਵਿਚ ਜਾ ਪੁੱਜੀ। ਜੰਗਲ ਵਿਚ ਦੋਵੇਂ ਮਿਲ ਪਏ, ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ, ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਿਸਾਰਿਆ। ਜਲਾਲੀ ਦਾ ਗੀਤ ਉਨ੍ਹਾਂ ਦੇ ਚੇਤਿਆਂ ਵਿਚ ਅੱਜ ਵੀ ਸੱਜਰਾ ਹੈ।
(ਸੁਖਦੇਵ ਮਾਦਪੁਰੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ