Rohtak Di Istari (Punjabi Essay) : Mohinder Singh Randhawa
ਰੋਹਤਕ ਦੀ ਇਸਤ੍ਰੀ (ਲੇਖ) : ਮਹਿੰਦਰ ਸਿੰਘ ਰੰਧਾਵਾ
ਜੇ ਇਸਤ੍ਰੀ ਨੂੰ ਆਪਣੇ ਪਤੀ ਵਲੋਂ ਖਜ਼ਾਨਾ ਸਮਝਿਆ ਜਾਂਦਾ ਹੈ ਤਾਂ ਉਹ ਰੋਹਤਕ ਦੀ ਜਾਟ ਇਸਤ੍ਰੀ ਹੈ। ਜਾਟਨੀ ਆਪਣੇ ਪਤੀ ਦੇ ਹਰ ਕੰਮ ਵਿਚ ਹੱਥ ਵਟਾਉਂਦੀ ਹੈ, ਸਵਾਏ ਹਲ ਵਾਹੁਣ ਦੇ ਖੂਹ ਯਾਂ ਗੱਡ ਹੱਕਣ ਦੇ। ਨਾਲ ਹੀ ਉਹ ਉਸ ਦੇ ਘਰ ਦੀ ਇਕ ਅਤਿ ਚੰਗੀ ਸੁਆਣੀ ਵੀ ਹੈ। ਇਹ ਵਿਸ਼ੇਸ਼ ਵਰਨਣ ਯੋਗ ਹੈ ਕਿ ਜਾਟ ਦਾ ਹਰ ਅਖਾਣ ਜਾਟ ਤੇ ਇਸ ਦੀ ਪਤਨੀ ਵਿਚਕਾਰ ਇਕ ਵਾਰਤਾਲਾਪ ਦਾ ਰੂਪ ਧਾਰਨ ਕਰ ਲੈਂਦਾ ਹੈ। ਇਕ ਅਖਾਣ ਵਿਚ ਪੁਰਸ਼ ਇਸਤ੍ਰੀ ਦੀ ਪਰਖ-ਕਸਵੱਟੀ ਇਸ ਤਰ੍ਹਾਂ ਵਰਨਣ ਕਰਦਾ ਹੈ :
“ਦਾਤਾ ਕਾਲ ਪਰਖੀਏ ਧੀਨਾਂ ਫਾਗਨ ਮਾਂਹ
ਇਸਤ੍ਰੀ ਉਸ ਦਿਨ ਪਰਖੀਏ ਜੇ ਧੰਨ ਪੱਲੇ ਨਾਂਹ"
ਤੇ ਇਸ ਤਰ੍ਹਾਂ ਇਕ ਹੋਰ ਲਕੋਕਤੀ ਵਿਚ ਸਵਰਗ ਦੀਆਂ ਚਾਰ ਨਿਸ਼ਾਨੀਆਂ ਵਿਚ ਸੰਜਮੀ ਸੁਆਣੀ ਨੂੰ ਸ਼ਾਮਲ ਕਰਕੇ, ਇਸਤ੍ਰੀ ਦੀ ਮਾਣਤਾ ਨੂੰ ਸਿਖਰ ਤੇ ਪਹੁੰਚਾ ਦਿਤਾ ਹੈ :
“ਲਾਲ ਚੌਲ, ਮੱਝ ਦਾ ਦੁੱਧ ਘਰ ਵਿਚ ਸੰਜਮੀ ਸੁਆਣੀ
ਤੇ ਸਵਾਰੀ ਲਈ ਘੋੜਾ, ਚਾਰੇ ਸਵਰਗ ਦੀ ਨਿਸ਼ਾਨੀਆਂ ਹਨ।
ਭੈੜੀ ਖੁਰਾਕ, ਤੇ ਬੱਕਰੀ ਦਾ ਦੁੱਧ ਘਰ ਵਿਚ ਕੁਲਹਿਣੀ ਨਾਰ ਤੇ
ਮੈਲੇ ਬਸਤਰ ਚਾਰੇ ਨਰਕ ਦੀਆਂ ਨਿਸ਼ਾਨੀਆਂ ਹਨ।”
ਜਾਟ ਦੀ ਇਸਤ੍ਰੀ ਖੇਤਾਂ ਦੇ ਵੱਟ ਬਣਾਂਦੀ, ਪਾਣੀ ਦੇ ਨੱਕੇ ਮੋੜਦੀ, ਕੇਰਾ ਪਾਉਂਦੀ ਤੇ ਸਿਰ ਤੇ ਪੱਠਿਆਂ ਦੀਆਂ ਭਰੀਆਂ ਚੁਕ ਕੇ ਲਿਆਉਂਦੀ ਹੈ। ਮਰਦ ਆਮ ਤੌਰ ਤੇ ਧਰਮ ਦੇ ਬਹੁਤੇ ਨੇਮੀ ਪ੍ਰੇਮੀ ਵੀ ਨਹੀਂ ਹੁੰਦੇ, ਇਸ ਲਈ ਕਰਮ ਕਾਂਡ ਦੇ ਪੂਜਾ ਪਾਠ ਦੇ ਫ਼ਰਜ਼ ਵੀ ਇਸਤ੍ਰੀ ਨੂੰ ਪੂਰੇ ਕਰਨੇ ਪੈਂਦੇ ਹਨ।
ਸੰਝ ਸਵੇਰੇ ਪਿੰਡ ਦੀਆਂ ਮੁਟਿਆਰਾਂ ਸਿਰਾਂ ਤੇ ਦੋ ਦੋ ਤਿੰਨ ਤਿੰਨ ਮਟਕੇ ਯਾ ਲਿਸ਼ ਲਿਸ਼ ਕਰਦੀਆਂ ਗਾਗਰਾਂ ਚੁਕੀ ਖੂਹ ਵੱਲ ਆਉਂਦੀਆਂ ਹਨ ਯਾ ਖੂਹ ਤੋਂ ਵਾਪਸ ਪਰਤਦੀਆਂ ਹਨ ਤਾਂ ਪਿੰਡ ਦੇ ਬੇਰੰਗ ਤੇ ਬੇਰਸ ਵਾਤਾਵਰਣ ਵਿਚ ਰੰਗ-ਰਸ ਭਰ ਦੇਂਦੀਆਂ ਹਨ। ਖੂਹ ਤੋਂ ਜਾਂ ਪਨਘਟ ਤੋਂ ਪਾਣੀ ਭਰਨ ਜਾਣ ਲਗਿਆਂ ਉਹ ਸੁੰਦਰ ਤੇ ਸਜੀਲੇ ਬਸਤਰ ਪਹਿਨਦੀਆਂ ਹਨ ਕਿਉਂਕਿ ਖੂਹ ਵੀ ਤੇ ਇਸਤ੍ਰੀਆਂ ਦੀ ਇਕ ਕਲੱਬ ਹੈ, ਜਿਥੇ ਇਸਤ੍ਰੀਆਂ ਇਕ ਦੂਜੇ ਨਾਲ ਹਾਸਾ ਮਖੌਲ, ਮਸ਼ਕਰੀ ਤੇ ਛੇੜ-ਛਾੜ ਕਰਦੀਆਂ ਯਾ ਦਿਲਾਂ ਦੇ ਦੁੱਖਾਂ-ਸੁਖਾਂ ਤੇ ਹੌਕਿਆਂ ਹਾਵਿਆਂ ਦਾ ਵਟਾਂਦਰਾ ਕਰਦੀਆਂ ਹਨ। ਡੂੰਘੇ ਖੂਹ ਚੋਂ ਪਾਣੀ ਖਿੱਚਣ ਤੇ ਫਿਰ ਮਟਕੇ ਘਰਾਂ ਤਕ ਲਿਜਾਣ ਤੇ ਮੇਹਨਤ, ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕਾਫ਼ੀ ਲਾਭਦਾਇਕ ਸਾਬਤ ਹੁੰਦੀ ਹੈ ਤੇ ਇਹ ਕਸਰਤ ਇਹ ਦੇ ਸਰੀਰ ਨੂੰ ਸੁਬਕ, ਸਜੀਲਾ, ਫੁਰਤੀਲਾ ਤੇ ਲਚਕਦਾਰ ਬਣਾ ਦੇਂਦੀ ਹੈ। ਪਨਘਟ ਦੇ ਲੋਕ ਗੀਤਾਂ ਦੇ ਖਜ਼ਾਨੇ ਬੜੇ ਅਣਮੁੱਲੇ ਮੋਤੀ ਹਨ। ਅਜੇ ਦਿਨ ਨਹੀਂ ਚੜ੍ਹਿਆ, ਪਰ ਨਨਾਣ, ਆਪਣੀ ਭਰਜਾਈ ਨੂੰ ਤਾਰਿਆਂ ਦੀ ਛਾਂ ਹੇਠ ਹੀ ਪਾਣੀ ਭਰਕੇ ਲਿਆਉਣ ਲਈ ਮਜਬੂਰ ਕਰਦੀ ਹੈ ਤਾਂ ਆਪਣੇ ਅਣ-ਮੰਨੇ ਦਿਲ ਦੇ ਭਾਵ ਕਈ ਬਹਾਨੇ ਪਾ ਕੇ ਉਹ ਇਕ ਗੀਤ ਵਿਚ ਇਸ ਤਰ੍ਹਾਂ ਪ੍ਰਗਟ ਕਰਦੀ ਹੈ :
"ਖਿਲ ਰਹਾ ਚਾਂਦ ਲਟਕ ਰਹੇ ਤਾਰੇ ਚਲ ਚੰਦਰਾਵਲ
ਪਾਣੀ ਕੈਸੇ ਭਰ ਲਾਊਂ, ਜਮਨਾ ਜਲ ਝਾਰੀ
ਸਾਸੜ ਕੀ ਜਾਈ ਮੇਰੀ ਨਣਦ ਹਠੀਲੀ
ਰਾਤ ਨੇ ਖੰਦਾ ਦਈ ਪਾਣੀ।
ਪਾਣੀ ਕੈਸੇ ਭਰ ਲਾਊਂ, ਜਮਨਾ ਜਲ ਝਾਰੀ
ਉਰਲੇ ਘਾਟ ਮੇਰਾ ਘੜਾ ਨੇ ਡੂਬੇ ਪਰਲੇ ਕ੍ਰਿਸ਼ਨ ਮੁਰਾਰੀ
ਕੈਸੇ ਭਰ ਲਾਊਂ, ਜਮਨਾ ਜਲ ਝਾਰੀ
ਕਿਆ ਹੈਂ ਕੀ ਤਿਰੀ ਈਂਡਲੀ ਗੁੱਜਰੀਆ ਪਿਆਰੀ
ਕਿਆ ਹੈਂ ਕੀ ਜਲ ਝਾਰੀ
ਅੰਦਨ ਚੰਦਨ ਕੀ ਈਂਡਲੀ ਘਨਯੀਆ ਪਿਆਰੇ
ਸੋਨੇ ਕੀ ਜਲ ਝਾਰੀ
ਕੈਸੇ ਭਰ ਲਾਊਂ ਜਮਨਾ ਜਲ ਝਾਰੀ”
ਇਸਤ੍ਰੀਆਂ ਦੇ ਵਧੇਰਾ ਕੰਮ ਕਰਨ ਦਾ ਪ੍ਰਭਾਵ ਕਈ ਮਰਦਾਂ ਉਤੇ ਪੁਠਾ ਵੀ ਪਿਆ ਹੈ। ਕਈ ਪੁਰਸ਼ ਆਪਣੇ ਘਰਾਂ ਸਾਹਮਣੇ ਬੈਠੇ ਹੁੱਕਾ ਪੀਂਦੇ ਰਹਿੰਦੇ ਹਨ, ਤਾਸ਼ ਖੇਡਦੇ ਤੇ ਚੁਪਾਲ ਵਿਚ ਗੱਪਾਂ ਮਾਰਦੇ ਰਹਿੰਦੇ ਹਨ, ਪਰ ਉਨ੍ਹਾਂ ਦੀਆਂ ਤੀਵੀਆਂ ਘਰ ਤੇ ਬਾਹਰ ਕਈ ਕੰਮ ਸੁਆਰਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਪੁਰਸ਼ਾਂ ਵਲੋਂ ਇਸਤ੍ਰੀ ਵਿਦਿਆ ਦਾ ਵਿਰੋਧ ਕੀਤੇ ਜਾਣ ਦਾ ਕਾਰਨ ਵੀ ਇਹੋ ਹੈ ਕਿ ਉਹ ਸਮਝਦੇ ਹਨ ਕਿ ਜਦ ਇਸਤ੍ਰੀ ਪੜ੍ਹ ਗਈ ਤਾਂ ਉਹ ਇਤਨੇ ਕਠਨ ਕੰਮ ਕਰਨੋਂ ਸੰਕੋਚ ਕਰੇਗੀ। ਉਨ੍ਹਾਂ ਨੂੰ ਇਹ ਵੀ ਸ਼ੰਕਾ ਹੈ ਕਿ ਵਿਦਿਆ ਪੜ੍ਹ ਕੇ ਇਸਤ੍ਰੀਆਂ ਆਪਣੇ ਪਤੀਆਂ ਨੂੰ ਚਿੱਠੀਆਂ ਲਿਖਣ ਦੇ ਯੋਗ ਹੋ ਜਾਣਗੀਆਂ ਤੇ ਇਸ ਤਰ੍ਹਾਂ ਉਹ ਆਪਣੇ ਨੌਕਰੀ ਤੇ ਗਏ ਪਤੀਆਂ ਨੂੰ ਉਨ੍ਹਾਂ ਦੀਆਂ ਸ਼ਕਾਇਤਾਂ ਲਿਖਦੀਆਂ ਰਿਹਾ ਕਰਨਗੀਆਂ।
ਸਮਾਜਕ ਤੌਰ ਤੇ ਜਾਟ ਹੋਰਣਾਂ ਜਾਤੀਆਂ ਨਾਲੋਂ ਕੁਝ ਅਗੇ ਵਧੂ ਹਨ। ਇਹ ਇਸਤ੍ਰੀਆਂ ਨੂੰ ਵਿਧਵਾ ਨਹੀਂ ਰਹਿਣ ਦੇਂਦੇ। ਵਿਆਹ ਯੋਗ ਜਾਟ ਇਸਤ੍ਰੀ ਕਦੇ ਵੀ ਵਿਧਵਾ ਨਹੀਂ ਰਹਿਣ ਦਿਤੀ ਜਾਂਦੀ। ਇਸ ਦੇ ਪਤੀ ਦੀ ਮ੍ਰਿਤੂ ਤੋਂ ਉਪਰੰਤ ਸਵਰਗੀ ਪਤੀ ਦੇ ਭਰਾਵਾਂ ਵਿਚੋਂ ਕੋਈ ਨਾ ਕੋਈ ਹੱਸ ਕੇ ਇਸ ਨੂੰ ਪਰਨਾ ਲੈਂਦਾ ਹੈ। ਇਸ ਪ੍ਰਕਾਰ ਦੇ ਵਿਵਾਹ ਨੂੰ ਵੀ ‘ਕਰੇਵਾ' ਕਿਹਾ ਜਾਂਦਾ ਹੈ। ਜਿਹੜੀਆਂ ਜਾਤਾਂ ਵਿਧਵਾ ਦਾ ਵਿਵਾਹ ਕਰਨਾ ਠੀਕ ਨਹੀਂ ਸਮਝਦੀਆਂ ਉਨ੍ਹਾਂ ਦਾ ਇਕ ਅਖਾਣ ਜਾਟਾਂ ਉਤੇ ਇਸ ਤਰ੍ਹਾਂ ਵਿਅੰਗ ਕਰਦਾ ਹੈ :
“ਆ ਜਾ ਬੇਟੀ, ਲੈ ਲੈ ਫੇਰੇ, ਇਹ ਮਰ ਜਾਏ ਹੋਰ ਬਹੁਤੇਰੇ"
ਬੀਤੇ ਪੰਜ ਵਰਸ਼ਾਂ ਵਿਚ ਲੋਕਾਂ ਨੇ ਵਿਦਿਆ ਲਈ ਚੋਖਾ ਚਾਅ ਪ੍ਰਗਟ ਕੀਤਾ ਹੈ। ਲੋਕਾਂ ਨੇ ਸਕੂਲਾਂ ਦੀਆਂ ਬਹੁਤ ਸਾਰੀਆਂ ਸੁੰਦਰ ਇਮਾਰਤਾਂ ਆਪਣੇ ਖ਼ਰਚ ਤੇ ਸਹਾਇਤਾ ਨਾਲ ਤਿਆਰ ਕੀਤੀਆਂ ਹਨ। ਜਿਨ੍ਹਾਂ ਦੀ ਲਾਗਤ ਦਾ ਅਨੁਮਾਨ ਲਗਭਗ ੫੦ ਲੱਖ ਰੂਪੈ ਹੈ। ਸ਼ਾਮਲਾਤ ਵਿਚੋਂ ਚੋਖੀ ਜ਼ਮੀਨ ਸਕੂਲਾਂ ਲਈ ਰਾਖਵੀਂ ਕਰ ਦਿਤੀ ਗਈ ਹੈ। ਆਪਣੇ ਹੀ ਸਾਂਝੇ ਯਤਨ ਤੇ ਸਹਿਯੋਗ ਨਾਲ ਕਈ ਇਮਾਰਤਾਂ ਨੂੰ ਵੀ ਮਾਤ ਕਰਦੀਆਂ ਹਨ। ਭਜਨ ਮੰਡਲੀਆਂ ਇਹੋ ਜਿਹੇ ਔਸਰਾਂ ਪਰ ਲੋਕਾਂ ਦੇ ਭਾਵਾਂ ਨੂੰ ਇਸ ਤਰ੍ਹਾਂ ਟੁੰਬ ਦੇਂਦੀਆਂ ਹਨ ਕਿ ਲੋਕਾਂ ਵਿਚ ਇਕ ਦੂਜੇ ਤੋਂ ਵੱਧ ਚੜ੍ਹ ਦੇਣ ਦੀ ਇੱਛਾ ਪ੍ਰਬਲ ਹੋ ਜਾਂਦੀ ਹੈ। ਇਥੋਂ ਦੇ ਕਿਸਾਨ ਨੇ ਸਰਕਾਰੀ ਸਹਾਇਤਾ ਨੂੰ ਨਹੀਂ ਉਡੀਕਿਆ ਸਗੋਂ ਆਪਣੀ ਹੀ ਹਿੰਮਤ ਤੇ ਖ਼ਰਚ ਨਾਲ ਵਿਦਿਅਕ-ਆਸ਼ਰਮ ਤਿਆਰ ਕਰ ਲਏ ਹਨ। ਇਨ੍ਹਾਂ ਦੀ ਵਿਦਿਆ ਦੀ ਭੁੱਖ ਉਤਨੀ ਹੀ ਤੀਬਰ ਹੈ ਜਿੰਨੀ ਆਪਣੀ ਧਰਤੀ ਲਈ ਪਾਣੀ ਦੀ। ਇਹ ਰਾਹ ਇਨ੍ਹਾਂ ਦੇ ਪ੍ਰਿਯ-ਨੇਤਾ ਸਵਰਗੀ ਨੇਤਾ ਛੋਟੂ ਰਾਮ ਨੇ ਵਿਖਾਇਆ ਸੀ, ਜਿਨ੍ਹਾਂ ਦਾ ਜਨਮ ਇਕ ਛੋਟੇ ਜਿਹੇ ਪਿੰਡ ਗੜ੍ਹੀ ਸਾਂਪਲਾ ਵਿਚ ਹੋਇਆ। ਚੌਧਰੀ ਛੋਟੂ ਰਾਮ ਨੇ ਹਰਿਆਣੇ ਦੇ ਪਛੜੇ ਹੋਏ ਕਿਸਾਨਾਂ ਨੂੰ ਸ਼ਕਤੀਸ਼ੀਲ ਅਗਵਾਈ ਦਿੱਤੀ ਤੇ ਉਨ੍ਹਾਂ ਦਾ ਨਾਮ ਅਜੇ ਵੀ ਲੋਕਾਂ ਵਿਚ ਬੜੇ ਮਾਣ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਲੋਕਾਂ ਵਿਚ ਚੌਧਰੀ ਛੋਟੂ ਰਾਮ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਆਦਰ ਸਮੇਂ ਦੇ ਤੌਰ ਦੇ ਨਾਲ ਵਧਦਾ ਹੀ ਤੇ ਜਾਂਦਾ ਹੈ।
('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)