Roop Basant : Lok Kahani
ਰੂਪ ਬਸੰਤ : ਲੋਕ ਕਹਾਣੀ
ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ-ਰੂਪ ਬਸੰਤ ਦੇ ਪਿਤਾ ਰਾਜਾ ਖੜਗ ਸੈਨ ਦੀ ਰਾਜਧਾਨੀ।
ਰਾਜਾ ਖੜਗ ਸੈਨ ਇੱਕ ਨੇਕ ਦਿਲ, ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸਨ। ਉਸ ਦੇ ਰਾਜ ਵਿਚ ਪਰਜਾ ਬਹੁਤ ਸੁਖੀ ਸੀ। ਸਾਰੇ ਉਸ ਨੂੰ ਬੜਾ ਆਦਰ-ਮਾਣ ਦਿੰਦੇ ਸਨ। ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ। ਔਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ। ਉਸ ਦੇ ਦੋ ਪਿਆਰੇ ਪੁੱਤਰ ਸਨ, ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆਂ ਭੁੱਖ ਲਹਿੰਦੀ ਸੀ। ਅੱਖਾਂ ਰੱਜ-ਰੱਜ ਜਾਂਦੀਆਂ ਸਨ। ਰੂਪ ਵੱਡਾ ਸੀ ਪੰਦਰਾਂ ਵਰ੍ਹਿਆਂ ਦਾ ਤੇ ਬਸੰਤ ਰੂਪ ਤੋਂ ਦੋ ਸਾਲ ਛੋਟਾ ਸੀ। ਖੜਗ ਸੈਨ ਆਪਣੀ ਪਿਆਰੀ ਰਾਣੀ ਰੂਪਵਤੀ ਵੱਲੋਂ ਫ਼ਿਕਰਮੰਦ ਸੀ। ਰੂਪਵਤੀ ਕੁਝ ਸਮੇਂ ਤੋਂ ਬੀਮਾਰ ਸੀ। ਰਾਜ ਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜਿਹੀ ਮੰਜੇ ’ਤੇ ਪਈ ਕਿ ਉੱਠ ਨਾ ਸਕੀ ਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸਿਧਾਰ ਗਈ। ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ। ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਵਿੱਚ ਬਹੁਤ ਰੁੰਨੇ… ਉਨ੍ਹਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ। ਖੜਗ ਸੈਨ ਆਪ ਹਾਲੋਂ-ਬੇਹਾਲ ਹੋਇਆ ਪਿਆ ਸੀ। ਉਸ ਨੂੰ ਸੁਝ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ ’ਤੇ ਕਾਬੂ ਪਾਵੇ? ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਨ੍ਹਾਂ ਦੇ ਗ਼ਮ ਨੂੰ ਭੁਲਾਉਣ ਲਈ ਸ਼ੈਆਂ ਦਿਲਬਰੀਆਂ ਦਿੱਤੀਆਂ ਤੇ ਢਾਰਸਾਂ ਬਨ੍ਹਾਈਆਂ।
ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ’ਤੇ ਪੁੱਜ ਚੁੱਕੇ ਸਨ। ਉਨ੍ਹਾਂ ਦੇ ਆਪਣੇ ਸ਼ੌਕ ਸਨ-ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸ਼ੌਕੀਨ ਸੀ। ਅੱਲ੍ਹੜ ਜਵਾਨੀ ਆਪਣੇ ਸ਼ੌਕਾਂ ’ਚ ਮਸਤ ਸੀ। ਖੜਗ ਸੈਨ ਨੂੰ ਰਾਜ ਦਰਬਾਰ ਦੇ ਕੰਮਾਂ-ਕਾਜਾਂ ਤੋਂ ਵਿਹਲ ਨਹੀਂ ਸੀ ਮਿਲਦੀ। ਇਨ੍ਹਾਂ ਰੁਝੇਵਿਆਂ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਭੁੱਲਣ ਲੱਗੇ।
ਖੜਗ ਸੈਨ ਨੂੰ ਆਪਣੀ ਰਾਣੀ ਰੂਪਵਤੀ ਨਾਲ ਬਹੁਤ ਮੁਹੱਬਤ ਸੀ। ਉਸ ਦੇ ਵਿਛੋੜੇ ਦਾ ਉਹਦੇ ਮਨ ਅਤੇ ਸਰੀਰ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ। ਖੜਗ ਸੈਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ, ਉਹਨੂੰ ਡੋਬੂ ਪੈਣ ਲੱਗ ਜਾਂਦੇ। ਰਾਣੀ ਬਿਨਾਂ ਸੁੰਨਾ ਮਹਿਲ ਵੱਢ-ਵੱਢ ਖਾਣ ਨੂੰ ਆਉਂਦਾ। ਦੋ ਢਾਈ ਵਰ੍ਹੇ ਇਸੇ ਅਵਸਥਾ ਵਿੱਚ ਲੰਘ ਗਏ। ਆਖਰ ਉਹਦੇ ਅਮੀਰਾਂ-ਵਜ਼ੀਰਾਂ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ। ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਾਟਾ! ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰਸੈਨ ਨੇ ਆਪਣੀ ਸੋਲ੍ਹਾਂ-ਸਤਾਰ੍ਹਾਂ ਵਰ੍ਹੇ ਦੀ ਪਰੀਆਂ ਵਰਗੀ ਮਲੂਕ ਧੀ ਚੰਦਰਵਤੀ ਅੱਧਖੜ ਉਮਰ ਦੇ ਰਾਜਾ ਖੜਗ ਸੈਨ ਨਾਲ ਵਿਆਹ ਦਿੱਤੀ। ਮਹਿਲਾਂ ਵਿੱਚ ਮੁੜ ਰੌਣਕਾਂ ਆ ਗਈਆਂ।
ਚੰਦਰਵਤੀ ਦੀ ਮਹਿਕਾਂ ਭਰੀ ਜਵਾਨੀ ਨੇ ਅੱਧਖੜ ਉਮਰ ਦੇ ਖੜਗ ਸੈਨ ਨੂੰ ਕੀਲ ਲਿਆ। ਮਾਂਗਵੀਂ ਜਵਾਨੀ ਨੂੰ ਉਹ ਭਲਾ ਕਿੰਨਾ ਕੁ ਸਮਾਂ ਹੰਢਾਉਂਦਾ। ਚੰਦਰਵਤੀ ਦੀ ਜਵਾਨੀ ਉਹਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਆਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅੱਧਖੜ ਉਮਰ ਦਾ ਪਤੀ ਉਸ ਦੀਆਂ ਅੰਦਰੂਨੀ ਭਾਵੁਕ ਤੇ ਕਾਮੁਕ ਭਾਵਨਾਵਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਸੀ। ਹੀਰੇ ਜਵਾਹਰਾਤ ਤੇ ਹਾਰ ਸ਼ਿੰਗਾਰ ਉਸ ਦੀ ਭਾਵੁਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰ ਰਹੇ। ਜਦੋਂ ਕਦੀ ਉਹ ਆਪਣੀ ਸੌਂਕਣ ਦੇ ਪੁੱਤਰਾਂ, ਰੂਪ ਤੇ ਬਸੰਤ ਵੱਲ ਵੇਖਦੀ ਤਾਂ ਇੱਕ ਅਗੰਮੀ ਖੁਸ਼ੀ ਉਹਦੇ ਅੰਦਰ ਝਰਨਾਟਾਂ ਛੇੜ ਦੇਂਦੀ। ਰੂਪ ਤੇ ਬਸੰਤ ਲੋਹੜੇ ਦੇ ਹੁਸੀਨ ਸਨ ਤੇ ਅਜੇ ਜਵਾਨੀ ਦੀਆਂ ਬਰੂਹਾਂ ’ਤੇ ਕਦਮ ਰੱਖ ਰਹੇ ਸਨ। ਉਹਦਾ ਦਿਲ ਕਰਦਾ ਉਨ੍ਹਾਂ ਨਾਲ ਹੱਸੇ, ਖੇਡੇ ਅਠਖੇਲੀਆਂ ਕਰੇ। ਉਹਦੇ ਅੰਦਰ ਇੱਕ ਖਾਹਿਸ਼ ਬੜੀ ਤੀਬਰਤਾ ਨਾਲ ਮਚਲ ਰਹੀ ਸੀ ਜਿਹੜੀ ਉਸ ਨੂੰ ਸਦੀਵੀ ਖੁਸ਼ੀ ਤੇ ਸੰਤੁਸ਼ਟਤਾ ਪ੍ਰਦਾਨ ਕਰ ਸਕਦੀ ਸੀ।
ਇੱਕ ਦਿਨ ਕੀ ਹੋਇਆ ਖੜਗ ਸੈਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕੱਲਮ-ਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਣ ਰਹੀ ਸੀ। ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਕਿ ਇੱਕ ਚੀਨਾ ਕਬੂਤਰ ਉੱਡ ਕੇ ਚੰਦਰਵਤੀ ਦੀ ਬਾਰੀ ਵਿੱਚ ਆਣ ਵੜਿਆ ਜਿਸ ਨੂੰ ਉਸ ਨੇ ਮਲਕੜੇ ਜਿਹੇ ਫੜ ਕੇ ਇੱਕ ਟੋਕਰੀ ਹੇਠ ਲੁਕੋ ਦਿੱਤਾ।
ਬਸੰਤ ਮਹਿਲ ਵਿੱਚ ਆਇਆ। ਉਸ ਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਹ ਉਸ ਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ ਤੇ ਆਪਣੇ ਕੋਲ ਪਲੰਘ ’ਤੇ ਬਿਠਾ ਲਿਆ ਅਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਸ਼ਹਿਦ ਜਿਹੇ ਮਿੱਠੇ ਬੋਲ ਬੋਲਦਿਆਂ ਬੋਲੀ, ‘‘ਵੇ ਬਸੰਤ, ਤੈਨੂੰ ਕਬੂਤਰਾਂ ਨਾਲ ਖੇਡਣ ਦਾ ਸ਼ੌਕ ਐ। ਤੂੰ ਕਿੰਨਾ ਖੂਬਸੂਰਤ ਏਂ ਸੁਹਣਿਆਂ। ਮੈਂ ਤੇਰੇ ’ਤੇ ਵਾਰੀ ਜਾਨੀ ਆਂ। ਜਦ ਮੈਂ ਤੈਨੂੰ ਵੇਖਦੀ ਆਂ, ਮੇਰੀ ਜਾਨ ਈ ਕੱਢ ਲੈਨੈ! ਆਪਾਂ ਦੋਨੋਂ ਹਾਣ-ਪਰਵਾਣ ਦੇ ਆਂ। ਮੈਨੂੰ ਆਪਣੀ ਕਬੂਤਰੀ ਬਣਾ ਲੈ ਸੁਹਣਿਆਂ। ਸਾਰੀ ਜ਼ਿੰਦਗੀ ਤੇਰੀ ਬਣ ਕੇ ਰਹਾਂਗੀ।’’
ਬਸੰਤ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ।
‘‘ਮਾਤਾ ਜੀ, ਇਹ ਕਿਵੇਂ ਹੋ ਸਕਦੈ… ਮੈਂ ਤੁਹਾਡਾ ਪੁੱਤਰ ਆਂ। ਧਰਤ-ਅਸਮਾਨ ਫਟ ਨੀ ਜਾਣਗੇ-ਪੁੱਤਰ ਮਾਂ ਦਾ ਰੂਪ ਹੰਢਾਵੇ।’’
‘‘ਸੁਹਣਿਆਂ ਨਾ ਮੈਂ ਤੈਨੂੰ ਜਨਮ ਦਿੱਤੈ ਤੇ ਨਾ ਗੋਦ ਖਿਡਾਇਆ। ਮੈਂ ਤੇਰੀ ਮਾਂ ਨਹੀਂ… ਤੇਰੀ ਹਾਨਣ ਆਂ… ਮੇਰੀ ਜਵਾਨੀ ਵੱਲ ਵੇਖ ਤੇ ਮੈਨੂੰ ਆਪਣੀ ਬਣਾ ਲੈ, ਮੇਰੇ ਦਿਲ ਜਾਨੀਆਂ। ਮੈਂ ਚਰੋਕਣੀ ਤੇਰੇ ਦੀਦਾਰ ਨੂੰ ਤਰਸਦੀ ਪਈ ਆਂ।’’
‘‘ਮਾਂ ਮੈਨੂੰ ਅਜਿਹੀਆਂ ਗੱਲਾਂ ਨਾਲ ਭੁਚਲਾ ਨਾ… ਸਮਾਜਿਕ ਰਿਸ਼ਤੇ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੁਰੇਗਾ?’’
‘‘ਮੇਰੀ ਰੂਹ ਦੇ ਹਾਣੀਆਂ-ਸਮਾਜ ਨੇ ਭਲਾ ਮੈਨੂੰ ਕੀ ਦਿੱਤੈ? ਕੱਚੀ ਕੈਲ ਨੂੰ ਅੱਧਖੜ ਬੁੱਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ ਦਿੱਤੀ ਐ…। ਮੋਤੀ, ਹੀਰੇ ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ.. ਤੂੰ ਮੇਰੀ ਬਾਂਹ ਫੜ ਕੇ ਪਾਰ ਲੰਘਾ ਦੇ ਸੁਹਣਿਆ।’’
‘‘ਹੋਸ਼ ਤੋਂ ਕੰਮ ਲੈ ਮਾਤਾ ਮੇਰੀਏ। ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ।’’
‘‘ਅਜੇ ਵੀ ਸੋਚ ਲੈ… ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਹੋ ਜਾ!’’
‘‘ਮਾਤਾ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਆਪਣੇ ਬਾਪ ਦੀ ਦਾੜ੍ਹੀ ਦੀ ਲਾਜ ਰੱਖਾਂਗਾ।’’
ਐਨਾ ਆਖ ਬਸੰਤ ਇਕਦਮ ਮਹਿਲਾਂ ਤੋਂ ਬਾਹਰ ਹੋ ਗਿਆ। ਚੰਦਰਵਤੀ ਪਲੰਘ ’ਤੇ ਪਈ ਬਿਨਾਂ ਪਾਣੀਓਂ-ਮੱਛੀ ਵਾਂਗ ਤੜਪਣ ਲੱਗੀ।
ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ। ਦੋਨੋਂ ਚਿੰਤਾ ਦੇ ਸਾਗਰ ਵਿੱਚ ਡੁੱਬ ਗਏ।
ਆਥਣ ਪਸਰੀ। ਹਨੇਰਾ ਗੂੜ੍ਹਾ ਹੋਇਆ। ਖੜਗ ਸੈਨ ਆਪਣੇ ਮਹਿਲਾਂ ਨੂੰ ਪਰਤਿਆ। ਸਾਰੇ ਸ਼ਮਾਦਾਨ ਗੁੱਲ, ਦੀਵਾ ਨਾ ਬੱਤੀ। ਉਹ ਅੰਦਰ ਵੜਿਆ-ਚੰਦਰਵਤੀ ਸਿਰਮੂੰਹ ਲਪੇਟੀ ਖਣਪੱਟੀ ਲਈ ਪਲੰਘ ’ਤੇ ਪਈ ਐ। ਕਮਰੇ ਦੀਆਂ ਵਸਤਾਂ ਐਧਰ-ਓਧਰ ਖਿੰਡੀਆਂ ਪਈਆਂ… ਰਾਜਾ ਭਮੱਤਰ ਗਿਆ। ਉਹਨੇ ਉਸ ਦੇ ਮੂੰਹ ਤੋਂ ਪੱਲਾ ਖਿੱਚ ਕੇ ਪਰ੍ਹੇ ਕੀਤਾ। ਰਾਣੀ ਦੇ ਚਿਹਰੇ ’ਤੇ ਘਰੂਟਾਂ ਦੇ ਨਿਸ਼ਾਨ… ਸਿਰ ਦੇ ਵਾਲ ਖਿੰਡੇ-ਪੁੰਡੇ ਜਿਵੇਂ ਕਿਸੇ ਨਾਲ ਹੱਥੋਂ ਪਾਈ ਕੀਤੀ ਹੋਵੇ। ਰਾਣੀ ਨੇ ਉਠਦੇ ਸਾਰ ਹੀ ਹਟਕੋਰਿਆਂ ਅਤੇ ਹੰਝੂਆਂ ਦੀ ਝੜੀ ਲਾ ਦਿੱਤੀ।
‘‘ਰਾਜਨ! ਕੀ ਦੱਸਾਂ ਕੀ ਨਾ ਦੱਸਾਂ। ਲੋਹੜਾ ਮਾਰਿਐ ਤੁਹਾਡੇ ਲਾਡਲੇ ਪੁੱਤਰ ਬਸੰਤ ਨੇ। ਅੱਜ ਮਹਿਲੀਂ ਆਇਆ ਸੀ। ’ਕੱਲੀ ਵੇਖ ਉਹਨੇ ਮੇਰੇ ਨਾਲ ਹੱਥੋਂ-ਪਾਈ ਕੀਤੀ ਐ… ਮੈਂ ਬੁਰਛੇ ਕੋਲੋਂ ਆਪਣੀ ਪੱਤ ਨੂੰ ਮਸੀਂ ਬਚਾਇਐ…।’’ ਚੰਦਰਵਤੀ ਨੇ ਤ੍ਰੀਆ ਚਲਿੱਤਰ ਦਾ ਅਜਿਹਾ ਬਾਣ ਚਲਾਇਆ ਕਿ ਖੜਗ ਸੈਨ ਸੋਚੀਂ ਪੈ ਗਿਆ।
‘‘ਇਹ ਕਿਵੇਂ ਹੋ ਸਕਦੈ ਮੇਰੀ ਰਾਣੀਏਂ। ਬਸੰਤ ਅਜਿਹਾ ਨਹੀਂ ਕਰ ਸਕਦਾ… ਸੱਚੋ-ਸੱਚ ਦੱਸ?
‘‘ਰਾਜਨ ਬਸੰਤ, ਤੁਹਾਡਾ ਪੁੱਤਰ ਐ ਨਾ। ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ…’’ ਐਨਾ ਆਖ ਚੰਦਰਵਤੀ ਜ਼ਾਰੋ-ਜ਼ਾਰ ਰੋਣ ਲੱਗ ਪਈ। ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ। ਉਹ ਧੁਰ ਅੰਦਰ ਤਕ ਤੜਪ ਉਠਿਆ। ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈਂਦਿਆਂ ਕਿਹਾ, ‘‘ਮੇਰੀ ਬੇਗ਼ਮ ਮੈਨੂੰ ਤੇਰੇ ’ਤੇ ਪੂਰਾ ਭਰੋਸੇ, ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ ਕੀਤੈ, ਉਹ ਮੁਆਫ਼ ਕਰਨ ਵਾਲਾ ਨਹੀਂ। ਉਸ ਨੂੰ ਅਜਿਹੀ ਸਜ਼ਾ ਦਿਆਂਗਾ ਕਿ ਲੋਕੀਂ ਰਹਿੰਦੀ ਦੁਨੀਆਂ ਤਕ ਯਾਦ ਰੱਖਣਗੇ।’’
ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਦੇ ਧੁਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਰੁਝਾਉਣ ਲਈ ਆਪਣਾ ਹਾਰ-ਸ਼ਿੰਗਾਰ ਕਰਨ ਲੱਗੀ। ਅਗਲੀ ਸਵੇਰ ਖੜਗ ਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ।
ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ। ਕਿਸੇ ਦੀ ਜੁਅਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ। ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰ ਏ। ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ।
ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਹਦਾ ਪੱਖ ਜਾਣੇ ਬਿਨਾਂ ਅਜਿਹੀ ਸਜ਼ਾ ਸੁਣਾ ਦੇਵੇਗਾ। ਉਹ ਆਪਣੇ ਦਿਲ ’ਤੇ ਪੱਥਰ ਰੱਖ ਕੇ ਬੈਠ ਗਿਆ। ਉਹਨੂੰ ਵਿਛੜੀ ਮਾਂ ਦੀ ਯਾਦ ਆਈ ਤੇ ਉਹਦਾ ਗੱਚ ਭਰ ਆਇਆ। ਉਹ ਭਰੇ ਨੈਣਾਂ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ ’ਤੇ ਸਵਾਰ ਹੋ ਕੇ ਤੁਰ ਪਿਆ। ਅਜੇ ਉਹ ਕੁਝ ਕਦਮਾਂ ’ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ, ‘‘ਵੀਰੇ ਮੈਂ ਤੇਰੇ ਬਗੈਰ ’ਕੱਲਾ ਕਿਵੇਂ ਰਹਿ ਸਕਦਾਂ…ਤੇਰੇ ਨਾਲ ਹੀ ਚੱਲਾਂਗਾ।’’
‘‘ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਝੱਲਣੇ ਨੇ, ਜੋ ਮੇਰੇ ਕਰਮਾਂ ’ਚ ਲਿਖਿਐ ਉਹ ਤਾਂ ਮੈਂ ਭੋਗਣੈ ਹੀ ਐ… ਜਾਹ, ਪਿਛਾਂਹ ਮੁੜ ਜਾ ਵੀਰੇ।’’
ਰੂਪ ਜ਼ਿੱਦ ਕਰਕੇ ਬਸੰਤ ਦੇ ਨਾਲ ਹੀ ਜੰਗਲ-ਬੀਆ-ਬਾਨਾਂ ਨੂੰ ਤੁਰ ਪਿਆ। ਉਨ੍ਹਾਂ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗੁਆਂਢੀ ਰਾਜ ਦੇ ਜੰਗਲ ਬੇਲਿਆਂ ਵਿੱਚ ਜਾ ਵੜੇ। ਜੋ ਕੰਦ ਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ। ਰਾਤ ਨੂੰ ਕਿਸੇ ਦਰੱਖਤ ਥੱਲੇ ਟਿਕ ਜਾਂਦੇ। ਜੰਗਲੀ ਜੀਵ-ਜੰਤੂਆਂ ਤੋਂ ਬਚਣ ਲਈ ਅੱਧੀ ਰਾਤ ਤਕ ਇੱਕ ਜਣਾ ਜਾਗਦਾ ਦੂਜਾ ਸੌਂਦਾ। ਇਸ ਤਰ੍ਹਾਂ ਵਾਰੋ ਵਾਰੀ ਜਾਗਦੇ ਸੌਂਦੇ। ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸੇ ਭਟਕਣਾ ਵਿੱਚ ਭਟਕਦੇ ਰਹੇ। ਉਨ੍ਹਾਂ ਕਈ ਨਦੀਆਂ, ਦਰਿਆ, ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਇੱਕ ਦਿਨ ਕੀ ਭਾਣਾ ਵਾਪਰਿਆ। ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ। ਜਦੋਂ ਰੂਪ ਦੀ ਜਾਗ ਖੁੱਲ੍ਹੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ। ਉਹਨੇ ਉਹਨੂੰ ਹਿਲਾਇਆ ਵੀ ਪਰ ਬਸੰਤ ਟਸ ਤੋਂ ਮਸ ਨਾ ਹੋਇਆ। ਰੂਪ ਸੋਚੀਂ ਪੈ ਗਿਆ ਕਰੇ ਤਾਂ ਕੀ ਕਰੇ। ਜੰਗਲ ਬੀਆ-ਬਾਨ… ਪਰਾਇਆ ਦੇਸ਼ ਕੋਈ ਮਦਦਗਾਰ ਨਹੀਂ…।
ਉਹ ਕਫ਼ਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਰੱਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ। ਤੁਰਦਿਆਂ-ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪੁੱਜ ਗਿਆ। ਸ਼ਹਿਰ ਦੇ ਆਲੇ-ਦੁਆਲੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ-ਇੱਕ ਦਰਵਾਜ਼ਾ ਸੀ। ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ। ਐਨੇ ਨੂੰ ਉਥੇ ਹੋਰ ਬਹੁਤ ਸਾਰੇ ਸ਼ਾਹੀ-ਦਰਬਾਰੀ ਆ ਗਏ। ਉਨ੍ਹਾਂ ਰੂਪ ਨੂੰ ਕਿਹਾ, ‘‘ਹੇ ਪਰਦੇਸੀ, ਨੌਜਵਾਨਾਂ ਕੱਲ੍ਹ ਸਾਡੇ ਦੇਸ਼ ਦਾ ਰਾਜਾ ਸੁਰਗਵਾਸ ਹੋ ਗਿਆ। ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਦਰਬਾਰੀਆਂ ਨੇ ਫ਼ੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਵੜੇਗਾ ਉਹਨੂੰ ਰਾਜ ਸਿੰਘਾਸਣ ’ਤੇ ਬਿਠਾ ਦਿੱਤਾ ਜਾਵੇਗਾ। ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ। ਇਸ ਕਰਕੇ ਹੁਣ ਸਾਡੇ ਰਾਜਾ ਹੋ।’’ ਐਨਾ ਆਖ ਉਨ੍ਹਾਂ ਨੇ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਧੀਵਤ ਰਸਮਾਂ ਨਾਲ ਰਾਜ ਸਿੰਘਾਸਣ ’ਤੇ ਬਿਰਾਜਮਾਨ ਕਰ ਦਿੱਤਾ। ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਐਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ। ਉਹ ਕੁਝ ਦਿਨਾਂ ਬਾਅਦ ਉਸ ਥਾਂ ’ਤੇ ਵੀ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ। ਉਸ ਦਰੱਖਤ ਥੱਲੇ ਲਾਸ਼ ਨਾ ਵੇਖ ਕੇ ਉਹਨੇ ਇਹ ਅਨੁਮਾਨ ਲਾ ਲਿਆ ਕਿ ਬਸੰਤ ਦੀ ਲਾਸ਼ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ। ਉਹ ਬਸੰਤ ਦੇ ਗ਼ਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰਤ ਆਇਆ ਅਤੇ ਆਪਣੇ ਰਾਜ ਦੇ ਕੰਮ-ਕਾਜ ਚਲਾਉਣ ਲੱਗਾ।
ਏਧਰ ਬਸੰਤ ਦੀ ਹੋਣੀ ਵੇਖੋ.. ਜਦੋਂ ਰੂਪ ਉਹਦੇ ਕਫ਼ਨ ਦੀ ਭਾਲ ਵਿੱਚ ਉਹਨੂੰ ਛੱਡ ਕੇ ਗਿਆ ਸੀ, ਉਸ ਦੇ ਜਾਣ ਬਾਅਦ ਹੀ ਮੰਗਲ ਨਾਥ ਨਾਂ ਦਾ ਜੋਗੀ ਕਿਧਰੋਂ ਤੁਰਦਾ-ਫਿਰਦਾ ਉਸ ਦਰੱਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ। ਜੋਗੀ ਨੇ ਉਸ ਨੂੰ ਹਿਲਾ-ਜੁਲਾ ਕੇ ਵੇਖਿਆ ਤੇ ਉਸ ਦੀ ਨਬਜ਼ ਵੇਖੀ। ਨਬਜ਼ ਚੱਲ ਰਹੀ ਸੀ। ਅਸਲ ਵਿੱਚ ਉਹ ਮਰਿਆ ਨਹੀਂ, ਸਿਰਫ਼ ਬੇਹੋਸ਼ ਹੋਇਆ ਸੀ। ਉਹਨੂੰ ਕਿਸੇ ਜ਼ਹਿਰੀਲੇ ਸੱਪ ਨੇ ਡਸ ਕੇ ਬੇਸੁੱਧ ਕਰ ਦਿੱਤਾ ਸੀ। ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ। ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਜੋਗੀ ਉਸ ਨੂੰ ਆਪਣੀ ਕੁਟੀਆ ਵਿੱਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ। ਉਸ ਨੂੰ ਰੂਪ ਦੀ ਯਾਦ ਆਉਂਦੀ-ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ? ਖੌਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਆ? ਜੋਗੀ ਕੋਲ ਰਹਿੰਦਿਆਂ ਬਸੰਤ ਨੇ ਸੱਤ ਵਰ੍ਹੇ ਲੰਘਾ ਦਿੱਤੇ।
ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ। ਜੋਗੀ ਨੇ ਉਸ ਦੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ। ਇੱਕ ਦਿਨ ਬਸੰਤ ਘੋੜੇ ’ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ-ਝੱਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ। ਹਨੇਰਾ ਹੋਣ ਕਰਕੇ ਉਹ ਪਿਛਾਂਹ ਜਾਣ ਜੋਗਾ ਵੀ ਨਹੀਂ ਸੀ। ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ। ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜ਼ੇ ’ਤੇ ਪੁੱਜ ਗਿਆ। ਦਰਵਾਜ਼ਾ ਬੰਦ ਸੀ। ਉਸ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ, ਰਾਜੇ ਦਾ ਹੁਕਮ ਐ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ੍ਹ ਸਕਦਾ ਕਿਉਂਕਿ ਰਾਤ ਸਮੇਂ ਏਥੇ ਇੱਕ ਆਦਮਖੋਰ ਸ਼ੇਰ ਆਉਂਦੈ। ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ। ਚੰਗਾ ਇਹੀ ਐ ਤੂੰ ਕਿਧਰੇ ਹੋਰ ਚਲਿਆ ਜਾ, ਦਰਵਾਜ਼ਾ ਮੈਂ ਨਹੀਂ ਖੋਲ੍ਹਣਾ।’’
ਐਨਾ ਆਖ ਚੌਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ। ਬਸੰਤ ਹੁਣ ਕੀ ਕਰਦਾ। ਹਨੇਰਾ ਗੂੜ੍ਹਾ ਹੋ ਰਿਹਾ ਸੀ। ਕਾਲੀ-ਬੋਲੀ ਡਰਾਉਣੀ ਰਾਤ। ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ। ਅੱਧੀ ਰਾਤ ਲੰਘੀ ਸੀ ਕਿ ਖੂੰਖਾਰ ਸ਼ੇਰ ਨੇ ਆ ਬੁਹਾੜ ਮਾਰੀ। ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ। ਉਹਨੇ ਆਪਣੇ ਸ਼ਸਤਰ ਸੰਭਾਲੇ ਹੀ ਸਨ ਕਿ ਸ਼ੇਰ ਨੇ ਉਸ ’ਤੇ ਹਮਲਾ ਕਰ ਦਿੱਤਾ ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ’ਤੇ ਅਜਿਹਾ ਤਲਵਾਰ ਦਾ ਵਾਰ ਕੀਤਾ ਕਿ ਉਹ ਚੁਫ਼ਾਲ ਧਰਤੀ ’ਤੇ ਜਾ ਪਿਆ। ਸ਼ੇਰ ਨੂੰ ਮਾਰ ਮੁਕਾਣ ਉਪਰੰਤ ਬਸੰਤ ਥਕੇਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਹੀ ਘੂਕ ਸੌ ਗਿਆ।
ਸਵੇਰ ਹੋਈ ਚੌਕੀਦਾਰ ਨੇ ਸ਼ਹਿਰ ਦਾ ਮੁੱਖ ਦੁਆਰ ਖੋਲ੍ਹਿਆ। ਉਹਨੇ ਵੇਖਿਆ ਸ਼ੇਰ ਮਰਿਆ ਪਿਆ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਘੂਕ ਸੁੱਤਾ ਪਿਆ ਹੈ। ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ। ਕੋਤਵਾਲ ਦੇ ਮਨ ਵਿੱਚ ਅਜਿਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ। ਉਨ੍ਹਾਂ ਨੇ ਮਤਾ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਟੁੱਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾਂ ਵਿੱਚ ਸੁੱਟ ਆਏ।
ਆਦਮਖੋਰ ਸ਼ੇਰ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ। ਉਹਨੇ ਚੌਕੀਦਾਰ ਅਤੇ ਕੋਤਵਾਲ ਨੂੰ ਉਨ੍ਹਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ। ਸਾਰੇ ਸ਼ਹਿਰ ਵਿੱਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ। ਓਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾਂ ਵਿੱਚ ਪਿਆ ਕਰਾਹ ਰਿਹਾ ਸੀ। ਕਰਨੀ ਕੁਦਰਤ ਦੀ ਕੋਈ ਤੀਜੇ ਪਹਿਰ ਇਸ ਸ਼ਹਿਰ ਦਾ ਕਾਲੂ ਘੁਮਿਆਰ ਮਿੱਟੀ ਲੈਣ ਲਈ ਖ਼ਤਾਨਾਂ ਵੱਲ ਗਿਆ। ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾਂ ਵਿੱਚ ਵੱਢਿਆ ਟੁੱਕਿਆ ਕਰਾਹ ਰਿਹਾ ਹੈ। ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ ’ਤੇ ਲੱਦ ਕੇ ਘਰ ਲੈ ਆਇਆ ਤੇ ਉਹਦੀ ਤੀਮਾਰਦਾਰੀ ਕਰਨ ਲੱਗਾ। ਬਸੰਤ ਕੁਝ ਦਿਨਾਂ ਵਿੱਚ ਹੀ ਨੌਂ-ਬਰ-ਨੌਂ ਹੋ ਗਿਆ। ਘੁਮਾਰ ਤੇ ਘੁਮਾਰੀ ਕੱਲੇ ਹੀ ਘਰ ’ਚ ਰਹਿ ਰਹੇ ਸਨ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਉਨ੍ਹਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ। ਬਸੰਤ ਵੀ ਉਨ੍ਹਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲਿਆ ਨਹੀਂ ਸੀ। ਉਹ ਵੀ ਸਕੇ ਪੁੱਤਰ ਵਾਂਗ ਉਨ੍ਹਾਂ ਦੇ ਕੰਮ-ਕਾਜ ਵਿੱਚ ਹੱਥ ਵਟਾਉਣ ਲੱਗਾ। ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਉੱਤੇ ਕੋਤਵਾਲ ਦੀ ਨਜ਼ਰ ਜਾ ਪਈ। ਉਹਨੇ ਪਛਾਣ ਲਿਆ ਕਿ ਇਹ ਤਾਂ ਓਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸੀ। ਆਪਣੇ ਪਾਜ ਦੇ ਉਧੜਨ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝਾਉਣ ਦਾ ਮਨ ਬਣਾ ਲਿਆ। ਉਹਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਪਾਸੋਂ ਬਸੰਤ ’ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ। ਇਸ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ।
ਦਿਨ ਬੀਤਦੇ ਗਏ। ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ। ਬਸੰਤ ਦੇ ਧਰਮ ਮਾਤਾ-ਪਿਤਾ ਦੀ ਵੀ ਕਿਸੇ ਇੱਕ ਨਾ ਸੁਣੀ।
ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸੌਦਾਗਰ ਨੇ ਆ ਅਰਜ਼ ਗੁਜ਼ਾਰੀ, ‘‘ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ! ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਖੜੈ। ਜੋਤਸ਼ੀਆਂ ਕਿਹਾ ਹੈ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ। ਬਲੀ ਦੇਣ ’ਤੇ ਚੱਲੇਗਾ। ਮੇਰੇ ’ਤੇ ਕਿਰਪਾ ਕਰੋ ਰਾਜਨ।’’
ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੌਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ। ਕੋਤਵਾਲ ਲਈ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ। ਉਹਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੌਦਾਗਰ ਦੇ ਨਾਲ ਤੋਰ ਦਿੱਤਾ।
ਸੌਦਾਗਰ ਬਸੰਤ ਨੂੰ ਜਹਾਜ਼ ’ਤੇ ਲੈ ਆਇਆ। ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇਧਰ ਉੱਧਰ ਘੁਮਾਇਆ ਤੇ ਜਹਾਜ਼ ਨੇ ਘੁਰਰ-ਘੁਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਰਫ਼ਤਾਰ ਫੜ ਲਈ। ਸੌਦਾਗਰ ਬਸੰਤ ਦੀ ਸਿਆਣਪ, ਸੂਝ ਅਤੇ ਸਰੀਰਕ ਦਿੱਖ ਤੋਂ ਐਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ’ਤੇ ਰੱਖ ਲਿਆ। ਬਸੰਤ ਹੁਣ ਸੌਦਾਗਰ ਪੁੱਤਰ ਵਜੋਂ ਜਹਾਜ਼ ’ਤੇ ਵਿਚਰ ਰਿਹਾ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਸੁਆਦ ਸੀ। ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ’ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜ ਗਿਆ। ਬੰਦਰਗਾਹ ’ਤੇ ਲੰਗਰ ਸੁਟ ਕੇ ਸੌਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਡੇਰੇ ਲਾਏ। ਬਸੰਤ ਬਹੁਤ ਹੀ ਖ਼ੂਬਸੂਰਤ ਤੇ ਛੈਲ-ਛਬੀਲਾ ਗੱਭਰੂ ਸੀ। ਕਾਮਰੂਪ ਦੀਆਂ ਕਈ ਖੂਬਸੂਰਤ ਮੁਟਿਆਰਾਂ ਨੇ ਉਹਨੂੰ ਮੋਹ-ਭਿੰਨੀਆਂ ਨਿਗਾਹਾਂ ਨਾਲ ਵੇਖਿਆ ਤੇ ਠੰਢੇ ਹਉਕੇ ਭਰੇ। ਇੱਕ ਦਿਨ ਸੈਰ ਕਰਦੀ ਕਾਮਰੂਪ ਦੀ ਸ਼ਹਿਜ਼ਾਦੀ ਚੰਦਰ ਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ। ਉਹਨੇ ਬਾਂਕੇ ਬਸੰਤ ਵੱਲ ਵੇਖਿਆ ਤੇ ਵੇਂਹਦਿਆਂ ਸਾਰ ਹੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਂ-ਬਾਪ ਨੂੰ ਆਖਿਆ, ‘‘ਮੈਂ ਤਾਂ ਵਿਆਹ ਹੀ ਸੌਦਾਗਰ ਦੇ ਮੁੰਡੇ ਨਾਲ ਕਰਵਾਉਣਾ, ਨਹੀਂ ਤਾਂ ਸਾਰੀ ਉਮਰ ਕੁਆਰੀ ਰਹਾਂਗੀ।’’ ਉਹਦੇ ਮਾਂ-ਬਾਪ ਆਪਣੀ ਧੀ ਦੀ ਜ਼ਿੱਦ ਅੱਗੇ ਠਹਿਰ ਨਾ ਸਕੇ ਤੇ ਉਨ੍ਹਾਂ ਨੇ ਸੌਦਾਗਰ ਨੂੰ ਬੁਲਾ ਕੇ ਚੰਦਰ ਬਦਨ ਦੀ ਸ਼ਾਦੀ ਬਸੰਤ ਨਾਲ ਕਰ ਦਿੱਤੀ। ਐਨੀ ਖ਼ੂਬਸੂਰਤ ਮੁਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ। ਉਹਦੇ ਮਿਰਗਾਂ ਵਰਗੇ ਨੈਣਾਂ ’ਤੇ ਬਸੰਤ ਫ਼ਿਦਾ ਹੋ ਗਿਆ ਤੇ ਉਸ ਨੇ ਮਿਰਗ ਨੈਣੀਂ ਚੰਦਰ ਬਦਨ ਨੂੰ ਤਨੋ ਮਨੋਂ ਆਪਣਾ ਬਣਾ ਲਿਆ। ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਹਾਜ਼ ’ਤੇ ਆ ਗਏ ਤੇ ਚੰਦਰ ਬਦਨ ਆਪਣੇ ਮਾਂ ਬਾਪ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ’ਤੇ ਰਵਾਨਾ ਹੋ ਗਈ। ਜਹਾਜ਼ ਹੁਣ ਵਾਪਸ ਮਿਸਰ ਵੱਲ ਨੂੰ ਪਰਤ ਰਿਹਾ ਸੀ। ਚੰਦਰ ਬਦਨ ਤੇ ਬਸੰਤ ਅਠਖੇਲੀਆਂ ਕਰਦੇ ਪਾਣੀ ’ਤੇ ਮੌਜ-ਮਸਤੀ ਮਾਣਦੇ ਰਹੇ। ਇੱਕ ਦਿਨ ਸੌਦਾਗਰ ਨੇ ਵੇਖਿਆ ਚੰਦਰ ਬਦਨ ਕੱਲਮ ’ਕੱਲੀ ਮਸਤੂਲ ਕੋਲ ਖੜੋਤੀ ਹੋਈ ਚੜ੍ਹਦੇ ਸੂਰਜ ਨੂੰ ਨਿਹਾਰ ਰਹੀ ਸੀ। ਚੜ੍ਹਦੇ ਸੂਰਜ ਦੀ ਲਾਲੀ ’ਚ ਭਿੱਜੀ ਚੰਦਰ ਬਦਨ ਉਹਨੂੰ ਘਾਇਲ ਕਰ ਗਈ। ਉਹ ਸੋਚਣ ਲੱਗਿਆ ਜੇ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆਂ ਦੀ ਦੌਲਤ ਇਹਦੇ ’ਤੇ ਨਿਛਾਵਰ ਕਰ ਦਿਆਂ। ਸੌਦਾਗਰ ਨੇ ਹਰ ਹੀਲੇ ਚੰਦਰ ਬਦਨ ਨੂੰ ਆਪਣੀ ਬਨਾਉਣ ਦਾ ਮਨੋਂ-ਮਨੀ ਫ਼ੈਸਲਾ ਕਰ ਲਿਆ। ਚੰਦਰ ਬਦਨ ਤਾਂ ਸੌਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਣ ਕਰਦਾ ਸੀ। ਜਦੋਂ ਮਨੁੱਖ ਦੇ ਅੰਦਰ ਬਦੀ ਉਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਣ ਭੁੱਲ ਜਾਂਦਾ ਹੈ। ਇੱਕ ਦਿਨ ਕੀ ਹੋਇਆ ਸੌਦਾਗਰ ਤੇ ਬਸੰਤ ਜਹਾਜ਼ ਦੇ ਤਖ਼ਤੇ ’ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛੱਲ ਆਈ ਤੇ ਸੌਦਾਗਰ ਨੇ ਇਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਵਗਾਹ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਹੈ ਤੇ ਨਾਲ ਹੀ ਵਿਰਲਾਪ ਕਰਨ ਲੱਗਿਆ। ਚੰਦਰ ਬਦਨ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਉਹ ਬਸੰਤ ਦਾ ਨਾਂ ਲੈ ਲੈ ਕੇ ਬਹੁੜੀਆਂ ਪਾ ਰਹੀ ਸੀ। ਸੌਦਾਗਰ ਵੀ ਉਸ ਨੂੰ ਧਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ। ਏਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇੱਕ ਅਜਿਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੌਂਦਲਿਆ ਹੋਇਆ ਮਗਰਮੱਛ ਰੁੜ੍ਹਿਆ ਜਾ ਰਿਹਾ ਸੀ। ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮੱਛ ਨੂੰ ਜਾ ਜੱਫੀ ਪਾਈ ਤੇ ਮਜ਼ਬੂਤੀ ਨਾਲ ਫੜ ਲਿਆ ਤੇ ਲਹਿਰਾਂ ’ਚ ਵਹਿੰਦਾ ਹੋਇਆ ਮਗਰਮੱਛ ਉਸ ਨੂੰ ਸਮੁੰਦਰ ਦੇ ਕੰਢੇ ’ਤੇ ਲੈ ਆਇਆ ਜਿੱਥੇ ਮਾਹੀਗੀਰ ਮੱਛੀਆਂ ਪਕੜ ਰਹੇ ਸਨ। ਉਨ੍ਹਾਂ ਨੇ ਬਸੰਤ ਨੂੰ ਸਮੁੰਦਰ ’ਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਕਈ ਓਹੜ ਪੋਹੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ। ਮਿਸਰ ਦਾ ਇੱਕ ਮਾਲੀ, ਜੋ ਮਾਹੀਗੀਰਾਂ ਦਾ ਜਾਣੂ ਸੀ, ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ। ਮਾਲੀ ਮਾਲ੍ਹਣ ਦੇ ਘਰ ਕੋਈ ਔਲਾਦ ਨਹੀਂ ਸੀ। ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖ਼ੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ। ਉਹ ਹੁਣ ਉਨ੍ਹਾਂ ਦੇ ਘਰ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਲਣ ਨੂੰ ਉਸ ਨੇ ਸਾਰੀ ਹੋਈ ਬੀਤੀ ਸੁਣਾਈ। ਉਸ ਨੇ ਆਖਿਆ, ‘‘ਪਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰ ਬਦਨ ਉਸ ਨੂੰ ਜ਼ਰੂਰ ਮਿਲੇਗੀ।’’
ਸੌਦਾਗਰ ਨੇ ਚੰਦਰ ਬਦਨ ਨੂੰ ਆਪਣੇ ਵੱਸ ਵਿੱਚ ਕਰਨ ਲਈ ਕਈ ਹੀਲੇ ਵਰਤੇ, ਡਰਾਇਆ-ਧਮਕਾਇਆ ਵੀ। ਆਖ਼ਰ ਸੌਦਾਗਰ ਤੋਂ ਖਹਿੜਾ ਛੁਡਾਉਣ ਲਈ ਇੱਕ ਦਿਨ ਚੰਦਰ ਬਦਨ ਨੇ ਚਾਲ ਚੱਲੀ, ‘‘ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ। ਇਸ ਸਮੇਂ ਦੌਰਾਨ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਵਾਹ ਭਲੀ, ਨਹੀਂ ਤੁਹਾਡੇ ਨਾਲ ਰੀਤੀ ਅਨੁਸਾਰ ਸ਼ਾਦੀ ਕਰਵਾ ਲਵਾਂਗੀ।’’
ਸੌਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ ਇੱਕ ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਤਿਆਰ ਸੀ।
ਜਹਾਜ਼ ਵਾਪਸੀ ’ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰ ਬਦਨ ਸੌਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ ’ਚ ਖੋਈ ਸੁਪਨਮਈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ।
ਆਖ਼ਰ ਜਹਾਜ਼ ਮਿਸਰ ਦੇ ਸਾਹਿਲ ’ਤੇ ਆਣ ਲੱਗਾ। ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ। ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ’ਤੇ ਪੁੱਜ ਗਈ ਤੇ ਚੰਦਰ ਬਦਨ ਦੇ ਗਲ ’ਚ ਹਾਰ ਪਾਉਂਦਿਆਂ ਹੌਲੇ ਦੇਣੇ ਬੋਲੀ, ‘‘ਬੇਟਾ, ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ। ਬਸੰਤ ਮੇਰੇ ਘਰ ਹੈ। ਉਸ ਨੇ ਸਾਰੀ ਹੱਡਬੀਤੀ ਸੁਣਾਈ ਐ। ਉਹ ਤੇਰੀ ਯਾਦ ਵਿੱਚ ਤੜਪ ਰਿਹਾ ਹੈ। ਮੈਂ ਕੱਲ੍ਹ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ…।’’
ਐਨਾ ਆਖ ਮਾਲਣ ਜਹਾਜ਼ ਤੋਂ ਪਰਤ ਆਈ ਤੇ ਚੰਦਰ ਬਦਨ ਦੇ ਚਿਹਰੇ ’ਤੇ ਅਨੂਠੀ ਖ਼ੁਸ਼ੀ ਦੀਆਂ ਲਹਿਰਾਂ ਲਹਿ-ਲਹਾਉਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪੈਲਾਂ ਪਾਉਣ ਲੱਗਾ। ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰ ਬਦਨ ਦੇ ਪਤੀ ਬ੍ਰਤਾ ਧਰਮ ’ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ। ਉਸ ਤਕ ਪਹੁੰਚ ਕਰਨ ਅਤੇ ਚੰਦਰ ਬਦਨ ਨੂੰ ਸੌਦਾਗਰ ਦੇ ਚੁੰਗਲ ਤੋਂ ਬਚਾਉਣ ਲਈ ਉਹਨੇ ਇੱਕ ਵਿਉਂਤ ਬਣਾਈ। ਉਹਨੇ ਮਾਲਣ ਹੱਥ ਇੱਕ ਸੁਨੇਹਾ ਚੰਦਰ ਬਦਨ ਨੂੰ ਭੇਜਿਆ, ‘‘ਚੰਦਰ, ਸ਼ੁਕਰ ਐ ਖੁਦਾ ਦਾ ਤੰੂ ਡੋਲੀ ਨਹੀਂ। ਸੌਦਾਗਰ ਨੂੰ ਆਖ ਕਿ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ।’’
ਮਾਲਣ ਗੁਲਦਸਤਾ ਭੇਟ ਕਰਨ ਦੇ ਪੱਜ ਬਸੰਤ ਦਾ ਸੁਨੇਹਾ ਚੰਦਰ ਬਦਨ ਨੂੰ ਦੇ ਆਈ। ਉਹਨੇ ਸੌਦਾਗਰ ਨੂੰ ਆਖਿਆ, ‘‘ਮਾਲਕ, ਮੈਂ ਤੁਹਾਨੂੰ ਹੋਰ ਤੜਪਾਉਣਾ ਨਹੀਂ ਚਾਹੁੰਦੀ, ਵਿਆਹ ਕਰਾਉਣ ਲਈ ਹੁਣੇ ਤਿਆਰ ਹਾਂ। ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ। ਤਦ ਹੀ ਵਿਆਹ ਸੰਪੂਰਨ ਹੋਵੇਗਾ।’’
‘‘ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ, ਤੇਰੇ ਲਈ ਤਾਂ ਮੈਂ ਪਹਾੜ ਵੀ ਖ਼ੁਣ ਸਕਦਾ ਹਾਂ। ਅੱਜ ਹੀ ਰਾਜਾ ਰੂਪ ਦੇ ਦਰਬਾਰ ’ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ।’’
ਸੌਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਅਰਜ਼ ਗੁਜ਼ਾਰੀ। ਰੂਪ ਤਾਂ ਆਪ ਇਹ ਕਥਾ ਸੁਣਨ ਲਈ ਉਤਾਵਲਾ ਸੀ। ਉਹਨੇ ਸਾਰੇ ਰਾਜ ਵਿੱਚ ਡੌਂਡੀ ਪਿਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ।
ਅਗਲੀ ਭਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ,‘‘ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ। ਉਹਨੇ ਕਦੇ ਪਰਾਏ ਮਰਦ ਦਾ ਮੂੰਹ ਨਹੀਂ ਵੇਖਿਆ। ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਨਾਤਾਂ ਲਗਵਾ ਦੇਵੋ। ਉਹ ਡੋਲੀ ’ਚ ਬੈਠ ਕੇ ਤੁਹਾਡੇ ਦਰਬਾਰ ’ਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ।
ਬਸੰਤ ਨੂੰ ਡਰ ਸੀ ਕਿ ਪਹਿਲਾਂ ਵਾਂਗ ਕੋਤਵਾਲ ਉਹਨੂੰ ਪਛਾਣ ਨਾ ਲਵੇ। ਇਸ ਲਈ ਉਹਨੇ ਆਪਣਾ ਭੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਵਿਉਂਤ ਬਣਾਈ ਸੀ।
ਸਾਰੇ ਰਾਹ ਵਿੱਚ ਕਨਾਤਾਂ ਲੱਗ ਗਈਆਂ। ਮਾਲ੍ਹਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖ਼ੂਬਸੂਰਤ ਮੁਟਿਆਰ ਦੇ ਰੂਪ ਵਿੱਚ ਸ਼ਿੰਗਾਰ ਦਿੱਤਾ ਤੇ ਕਹਾਰ ਉਸ ਨੂੰ ਡੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਏ।
ਰਾਜ ਦਰਬਾਰ ਵਿੱਚ ਖ਼ੂਬ ਰੌਣਕਾਂ ਸਨ। ਰਾਜਾ ਰੂਪ ਰਾਜ ਸਿੰਘਾਸਣ ’ਤੇ ਬਿਰਾਜਮਾਨ ਸੀ। ਸੌਦਾਗਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ ਸੁਸ਼ੋਭਤ ਸਨ ਤੇ ਚੰਦਰ ਬਦਨ ਰਾਜ ਮਹਿਲ ਦੇ ਚਿਲਮਨ ਵਿੱਚ ਬੈਠੀ ਹੋਈ ਸੀ।
ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ ਪਾਸੋਂ ਆਗਿਆ ਮੰਗੀ,‘‘ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ।’’
‘‘ਆਗਿਆ ਹੈ! ਨਿਰਵਿਘਨ ਸੁਣਾਓ!’’ ਰੂਪ ਨੇ ਹੱਥ ਖੜ੍ਹਾ ਕਰਕੇ ਆਗਿਆ ਦੇ ਦਿੱਤੀ। ਮਾਲਣ ਦੀ ਧੀ ਬਣੇ ਬਸੰਤ ਨੇ ਜਦੋਂ ਵੈਰਾਗਮਈ ਬੋਲਾਂ ਵਿੱਚ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ। ਉਸ ਨੇ ਆਪਣੇ ਪਿੰਡੇ ’ਤੇ ਹੰਢਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਵੈਰਾਗ ਦੇ ਅੱਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ। ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ ਕੋਤਵਾਲ, ਚੌਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਅਪਣਾਏ ਵਤੀਰੇ ਦਾ ਬਿਰਤਾਂਤ ਸੁਣਿਆ ਤਾਂ ਉਸ ਨੇ ਉਨ੍ਹਾਂ ਨੂੰ ਉਸੇ ਵਕਤ ਗ੍ਰਿਫ਼ਤਾਰ ਕਰਨ ਦਾ ਹੁਕਮ ਸੁਣਾ ਦਿੱਤਾ।
ਕਥਾ ਸੁਣ ਰਹੇ ਸੌਦਾਗਰ ਦੇ ਦਿਲ ਨੂੰ ਉਦੋਂ ਹੀ ਕਾਂਬਾ ਛਿੜ ਪਿਆ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੌਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ। ਜਦੋਂ ਰਾਜਾ ਰੂਪ ਨੇ ਸੌਦਾਗਰ ਵੱਲੋਂ ਚੰਦਰ ਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਿਰਤਾਂਤ ਸੁਣਿਆ ਤਾਂ ਉਹ ਇਕਦਮ ਅੱਗ ਬਗੂਲਾ ਹੋ ਗਿਆ ਤੇ ਤੁਰੰਤ ਹੀ ਸੌਦਾਗਰ ਨੂੰ ਹੱਥਕੜੀਆਂ ਲਾਉਣ ਦੇ ਆਦੇਸ਼ ਦੇ ਦਿੱਤੇ।
ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਭੁੱਬਾਂ ਮਾਰ-ਮਾਰ ਰੋ ਰਿਹਾ ਸੀ। ‘‘ਦਿਲ ਥੋੜ੍ਹਾ ਨਾ ਕਰ ਰਾਜਨ! ਬਸੰਤ ਡੁੱਬਿਆ ਨਹੀਂ! ਜਿਉਂਦਾ ਹੈ।’’ ਮਾਲਣ ਦੀ ਧੀ ਨੇ ਕਥਾ ਅਗਾਂਹ ਤੋਰੀ, ‘‘ਰਾਜਨ ਕੁਦਰਤ ਦੇ ਰੰਗ ਨਿਆਰੇ ਨੇ। ਬਸੰਤ ਨੇ ਹਿੰਮਤ ਨਾ ਹਾਰੀ ਉਹ ਸਮੁੰਦਰ ਦੀਆਂ ਖ਼ੂਨੀ ਛੱਲਾਂ ਨਾਲ ਘੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮੱਛੀਆਂ ਫੜ ਰਹੇ ਸਨ। ਉਨ੍ਹਾਂ ਨੇ ਬੇਸੁੱਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਮਾਲਣ ਦੀ ਧੀ ਦੇ ਭੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ।’’
ਕਥਾ ਦਾ ਆਖਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇਕਦਮ ਉੱਠ ਖੜ੍ਹਾ ਹੋਇਆ ਤੇ ਦੌੜ ਕੇ ਬਸੰਤ ਨੂੰ ਆ ਗਲਵੱਕੜੀ ਪਾਈ! ਦੋਨੋਂ ਕਾਫ਼ੀ ਸਮਾਂ ਹਉਕੇ ਤੇ ਸਿਸਕੀਆਂ ਭਰਦੇ ਰਹੇ।… ਸਾਰੇ ਰਾਜ ਦਰਬਾਰੀਆਂ ਦੀਆਂ ਅੱਖੀਆਂ ਨਮ ਸਨ। ਚੰਦਰ ਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ। ਬਸੰਤ ਤੇ ਚੰਦਰ ਬਦਨ ਆਪੋ ਵਿੱਚ ਮਿਲ ਕੇ ਸਰਸ਼ਾਰ ਹੋ ਗਏ। ਖ਼ੁਸ਼ੀਆਂ ਦਾ ਕੋਈ ਪਾਰਾ-ਵਾਰ ਨਹੀਂ ਸੀ। ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖੈਰਾਤਾਂ ਵੰਡੀਆਂ ਗਈਆਂ।
ਰਾਜਾ ਰੂਪ ਦੇ ਹੁਕਮ ’ਤੇ ਬਸੰਤ ਦੇ ਧਰਮ ਮਾਤਾ-ਪਿਤਾ ਘੁਮਾਰ ਤੇ ਘੁਮਾਰੀ ਅਤੇ ਮਾਲੀ-ਮਾਲ੍ਹਣ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲ ਨਾਥ ਦੀ ਭਾਲ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ। ਕੋਤਵਾਲ, ਚੌਕੀਦਾਰ, ਵੇਸਵਾ ਅਤੇ ਸੌਦਾਗਰ ਨੂੰ ਸਖ਼ਤ ਸਜ਼ਾਵਾਂ ਭੁਗਤਣ ਲਈ ਜੇਲ੍ਹ ਭੇਜ ਦਿੱਤਾ ਗਿਆ।
ਕੁਝ ਸਮਾਂ ਮਿਸਰ ਦੀ ਰਾਜਧਾਨੀ ’ਚ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾਦੀਪ ਆਏ। ਖੜਗ ਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਵਰ੍ਹੇ ਪਹਿਲਾਂ ਆਪਣੇ ਅੰਤਹਿਕਰਣ ਦੀ ਆਵਾਜ਼ ਸੁਣ ਕੇ ਪਸ਼ਚਾਤਾਪ ਵਿੱਚ ਮਹੁਰਾ ਚੱਟ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਸੀ। ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਗ ਸੈਨ ਦੇ ਝੁਰੜਾਏ ਚਿਹਰੇ ’ਤੇ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਨੇ ਬਸੰਤ ਨੂੰ ਸੰਗਲਾਦੀਪ ਦਾ ਰਾਜ-ਭਾਗ ਸੰਭਾਲ ਦਿੱਤਾ ਤੇ ਆਪ ਬਣ-ਪ੍ਰਸਤ ਧਾਰਨ ਕਰ ਲਿਆ। ਕੁਝ ਦਿਨਾਂ ਮਗਰੋਂ ਰੂਪ ਮਿਸਰ ਦੀ ਰਾਜਧਾਨੀ ਨੂੰ ਪਰਤ ਆਇਆ।
ਸੁਖਦੇਵ ਮਾਦਪੁਰੀ