Roosi Kahanian in Punjabi : Baal Kahani
ਰੂਸੀ ਕਹਾਣੀਆਂ ਪੰਜਾਬੀ ਵਿਚ
ਗੋਲ ਗੋਲ ਲੱਡੂ
ਇਕ ਬੁੱਢੀ ਨੇ ਗੋਲ ਗੋਲ ਇਕ ਬੜਾ ਲੱਡੂ ਬਣਾ ਕੇ ਠੰਡਾ ਕਰਨ ਲਈ ਖਿੜਕੀ ਵਿੱਚ ਰੱਖ ਦਿਤਾ। ਲੱਡੂ ਉਥੋਂ ਰੁੜ੍ਹ ਕੇ ਭੱਜ ਲਿਆ । ਉਹ ਰੁੜ੍ਹਦਾ ਰੁੜ੍ਹਦਾ ਸੜਕ ਤੇ ਜਾ ਰਿਹਾ ਸੀ ਅਤੇ ਇਹ ਗੀਤ ਗਾ ਰਿਹਾ ਸੀ :
“ਮੈਂ ਗੋਲ ਗੋਲ ਹਾਂ, ਲਾਲ਼ ਲਾਲ਼ ਹਾਂ,
ਖ਼ੂਬਸੂਰਤ ਹਾਂ, ਖ਼ੂਬ ਕਮਾਲ ਹਾਂ,
ਬੁੱਢੀ ਨੂੰ ਚਕਮਾ ਦੇ ਕੇ ਭੱਜ ਆਇਆ ਹਾਂ,
ਮੈਂ ਚਾਲਾਕੀ ਦੀ ਜਿੰਦਾ ਮਿਸਾਲ ਹਾਂ ।”
ਇਹ ਗੀਤ ਗਾਉਂਦੇ ਹੋਏ।ਲੱਡੂ ਜੰਗਲ਼ ਵਿੱਚ ਘੁੰਮ ਰਿਹਾ ਸੀ । ਰਸਤੇ ਵਿੱਚ ਉਸ ਨੂੰ ਪਹਿਲਾਂ ਇਕ ਖ਼ਰਗੋਸ਼ ਮਿਲਿਆ , ਫਿਰ ਇਕ ਰਿੱਛ ਤੇ ਫਿਰ ਇਕ ਭੇੜੀਆ ਮਿਲਿਆ। ਸਭ ਨੇ ਲੱਡੂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੜੀ ਅਸਾਨੀ ਨਾਲ ਸਭ ਨੂੰ ਚਕਮਾ ਦੇ ਕੇ ਬਚ ਨਿਕਲਿਆ । ਉਸ ਦੇ ਬਾਦ ਲੱਡੂ ਦਾ ਸਾਹਮਣਾ ਚਾਲਾਕ ਲੂੰਮੜੀ ਨਾਲ ਹੋਇਆ । ਲੂੰਮੜੀ ਦੇ ਮਨ ਵਿੱਚ ਭੀ ਲੱਡੂ ਖਾਣ ਦੀ ਖ਼ਾਹਿਸ਼ ਪੈਦਾ ਹੋਈ। ਉਸ ਨੇ ਲੱਡੂ ਨੂੰ ਕਿਹਾ: “ਤੁਸੀਂ ਕਿੰਨਾਂ ਵਧੀਆ ਗਾਉਂਦੇ ਹੋ! ਲੇਕਿਨ ਮੈਂ ਜ਼ਰਾ ਬੋਲੀ ਹਾਂ, ਤੇਰਾ ਗੀਤ ਚੰਗੀ ਤਰ੍ਹਾਂ ਨਹੀਂ ਸੁਣ ਰਿਹਾ। ਇੰਜ ਕਰੋ: ਮੇਰੀ ਜ਼ਬਾਨ ’ਤੇ ਬੈਠ ਜਾਓ ਅਤੇ ਮੇਰੇ ਕੰਨ ਕੋਲ ਆ ਕੇ ਫਿਰ ਤੋਂ ਅਪਣਾ ਗੀਤ ਸੁਣਾਓ”। ਲੱਡੂ ਨੂੰ ਆਪਣੀ ਚਾਲਾਕੀ ਤੇ ਪੂਰਾ ਭਰੋਸਾ ਸੀ ਇਸ ਲਈ ਉਹ ਸਾਰੀ ਇਹਤਿਆਤ ਅਤੇ ਹੁਸ਼ਿਆਰੀ ਨੂੰ ਭੁੱਲ ਕੇ ਲੂੰਮੜੀ ਦੀ ਜੀਭ ਤੇ ਟਪੂਸੀ ਮਾਰ ਕੇ ਚੜ੍ਹ ਗਿਆ। ਅਤੇ ਲੂੰਮੜੀ ਉਸ ਨੂੰ ਹੜੱਪ ਕਰ ਗਈ।
(ਅਨੁਵਾਦ: ਰੂਪ ਖਟਕੜ)