Punjabi Kavita
  

Rosa Omkar Sood Bahona

ਰੋਸਾ ਓਮਕਾਰ ਸੂਦ ਬਹੋਨਾ

ਪ੍ਰਤੀਕ ਤੇ ਪ੍ਰੀਤੀ ਦੋਨੋਂ ਭੈਣ ਭਰਾ ਹਨ । ਪ੍ਰੀਤੀ ਵੱਡੀ ਹੈ, ਉਹ ਚੌਥੀ ਜਮਾਤ ਵਿੱਚ ਪੜ੍ਹਦੀ ਹੈ । ਪ੍ਰਤੀਕ ਛੋਟਾ ਹੈ,ਉਹ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ । ਦੋਵਾਂ ਭੈਣ-ਭਰਾਵਾਂ ਵਿੱਚ ਬੜਾ ਪ੍ਰੇਮ ਹੈ । ਪਰ ਕਦੇ- ਕਦੇ ਇਹ ਦੋਨੋਂ ਭੈਣ ਭਰਾ ਲੜ ਵੀ ਪੈਂਦੇ ਹਨ । ਪ੍ਰਤੀਕ ਗੁੱਸੇ ਹੋ ਜਾਂਦਾ ਹੈ । ਉਹ ਪ੍ਰੀਤੀ ਨਾਲ ਬੋਲਣਾ ਬੰਦ ਕਰ ਦਿੰਦਾ ਹੈ । ਫਿਰ ਪ੍ਰੀਤੀ ਉਸਨੂੰ ਮਨਾਉਣ ਲਈ ਸਿਰਤੋੜ ਯਤਨ ਕਰਦੀ ਹੈ । ਕਦੇ ਚੀਜ਼ੀ ਲਿਆ ਕੇ ਦਿੰਦੀ ਹੈ । ਕਦੇ ਕਹਾਣੀ ਸੁਣਾਉਂਦੀ ਹੈ । ਕਦੇ ਪ੍ਰਤੀਕ ਦਾ ਮੂੰਹ ਚੁੰਮਦੀ ਹੈ । ਹੱਥ ਜੋੜ ਕੇ,ਕੰਨ ਪਕੜ ਕੇ ਛੋਟੇ ਵੀਰ ਤੋਂ ਮਾਫ਼ੀ ਮੰਗਦੀ ਹੈ । ਇਉਂ ਅਨੇਕਾਂ ਯਤਨ ਕਰਨ ਤੋਂ ਬਾਅਦ,ਅਖੀਰ ਪ੍ਰਤੀਕ ਮੰਨ ਜਾਂਦਾ ਹੈ । …ਪਰ ਅੱਜ ? ਅੱਜ ਤਾਂ ਹੱਦ ਹੀ ਹੋ ਗਈ ਹੈ । ਉਹ ਪ੍ਰਤੀਕ ਨੂੰ ਮਨਾ ਮਨਾ ਕੇ ਥੱਕ ਗਈ ਹੈ । ਉਹ ਮੰਨ ਹੀ ਨਹੀਂ ਰਿਹਾ ਹੈ । ਪ੍ਰਤੀਕ ਨੇ ਅੱਜ ਸਵੇਰ ਦਾ ਹੀ ਪ੍ਰੀਤੀ ਨਾਲ ਬੋਲਣਾ ਬੰਦ ਕੀਤਾ ਹੋਇਆ ਹੈ । ਲੜਾਈ ਵਾਲੀ ਗੱਲ ਵੀ ਬਹੁਤੀ ਵੱਡੀ ਨਹੀਂ ਹੈ,ਬੱਸ ਐਵੇਂ ਨਿੱਕੀ ਜਿਹੀ ਗੱਲ ਤੋਂ ਹੀ ਪ੍ਰਤੀਕ ਰੋਸਾ ਕਰੀ ਫਿਰਦਾ ਹੈ ।

ਹੋਇਆ ਇਉਂ ਕਿ ਪ੍ਰੀਤੀ ਅੱਜ ਸਵੇਰੇ-ਸਵੇਰੇ ਆਪਣਾ ਹੋਮਵਰਕ ਕਰ ਰਹੀ ਸੀ । ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ । ਪ੍ਰਤੀਕ ਵੀ ਕੋਲ ਹੀ ਬੈਠਾ ਸੀ । ਉਹ ਬੈਠਾ ਬਸਤੇ ਵਿੱਚੋਂ ਕੱਢ ਕੇ ਪ੍ਰੀਤੀ ਦੀਆਂ ਕਿਤਾਬਾਂ ਉਲਟ-ਪੁਲਟ ਰਿਹਾ ਸੀ । ਕਦੇ ਕੋe ਿਕਿਤਾਬ ਖੋਲ੍ਹ ਕੇ ਉਸ ਵਿਚਲੀਆਂ ਤਸਵੀਰਾਂ ਬਾਰੇ ਪ੍ਰੀਤੀ ਨੂੰ ਪੁੱਛਦਾ । ਕਦੇ ਜਿਊਮੈਟਰੀ ਬਕਸ ਖੋਲ੍ਹ ਕੇ ਉਸ ਵਿੱਚੋਂ ਬਲੇਡ ਕੱਢ ਕੇ ਪਿਨਸਲ ਛਿੱਲਣ ਲੱਗ ਪੈਂਦਾ । ਪ੍ਰੀਤੀ ਬਲੇਡ ਫੜ੍ਹ ਕੇ ਕਹਿੰਦੀ, "ਨਾ ਵੀਰੇ,ਹੱਥ 'ਤੇ ਵੱਜੂ! ਤੇਰੀ ਨਿੱਕੀ ਜਿਹੀ ਉਂਗਲੀ ਵਿੱਚੋਂ ਖ਼ੂਨ ਨਿਕਲ ਆਊ !" ਉਹ ਬਲੇਡ ਛੱਡ ਕੇ ਕਿਸੇ ਕਾਪੀ ਨੂੰ ਛੇੜਨ ਲੱਗ ਪੈਂਦਾ ਸੀ । ਇਉਂ ਉਹ ਬੈਠਾ ਕੋਈ ਨਾ ਕੋਈ ਚੀਜ਼ ਛੇੜੀ ਹੀ ਜਾ ਰਿਹਾ ਸੀ । ਇਸੇ ਦਰਮਿਆਨ ਉਨ੍ਹਾਂ ਦੀ ਮੰਮੀ ਆਈ । ਉਹ ਦੋ ਗਿਲਾਸਾਂ ਵਿੱਚ ਦੁੱਧ ਭਰ ਕੇ ਉਨ੍ਹਾਂ ਨੂੰ ਪੀਂਣ ਲਈ ਦੇ ਗਈ । ਨਾਲੇ ਹਿਦਾਇਤ ਕਰ ਗਈ ਕਿ ਦੁੱਧ ਜਿਆਦਾ ਗਰਮ ਨਹੀਂ ਹੈ । ਕੋਸਾ-ਕੋਸਾ ਹੈ , ਜਲਦੀ ਪੀ ਲਵੋ ਕਿਤੇ ਡੋਲ੍ਹ ਨਾ ਲਿਓ ! ਪ੍ਰੀਤੀ ਤਾਂ ਦੁੱਧ ਪੀ ਕੇ ਆਪਣੇ ਕੰਮ ਫਿਰ ਲੱਗ ਗਈ, ਪਰ ਪ੍ਰਤੀਕ ? ਉਹ ਇੱਲਤੀ ਇੱਕ ਹੱਥ ਵਿੱਚ ਦੁੱਧ ਦਾ ਗਿਲਾਸ ਫੜ੍ਹੀ ਪ੍ਰੀਤੀ ਦੇ ਬਸਤੇ ਵਿਚਲੀਆਂ ਕਿਤਾਬਾਂ ਨਾਲ ਇੱਲਤਾਂ ਕਰੀ ਹੀ ਜਾ ਰਿਹਾ ਸੀ । ਅਚਾਨਕ ਉਸ ਦੇ ਹੱਥੋਂ ਗਿਲਾਸ ਛੁੱਟ ਗਿਆ । ਦੁੱਧ ਡੁੱਲ੍ਹ ਗਿਆ । ਦੁੱਧ ਦੇ ਛਿੱਟੇ ਕਿਤਾਬਾਂ ਅਤੇ ਕਾਪੀਆਂ ਉੱਤੇ, ਬਸਤੇ ਅਤੇ ਫਰਸ਼ ਉੱਤੇ ਪੈ ਗਏ । ਇੱਥੋਂ ਤੱਕ ਕੀ ਜਿਸ ਕਾਪੀ ਉੱਤੇ 'ਤੇ ਪ੍ਰੀਤੀ ਲਿਖ ਰਿਹਾ ਸੀ ,ਉਸ ਉੱਤੇ ਵੀ ਦੁੱਧ ਦੇ ਛਿੱਟੇ ਪਹੁੰਚ ਗਏ ਸਨ । ਪ੍ਰੀਤੀ ਨੂੰ ਗੁੱਸਾ ਆ ਗਿਆ । ਉਸ ਨੇ ਪ੍ਰਤੀਕ ਨੂੰ ਡਾਂਟਦਿਆਂ ਇੱਕ ਹਲਕੀ ਜਿਹੀ ਚਪੇੜ ਪ੍ਰਤੀਕ ਦੀ ਗੱਲ੍ਹ 'ਤੇ ਲਗਾ ਦਿੱਤੀ । ਨਾਲੇ ਮੰਮੀ ਕੋਲ ਉਸ ਦੀ ਸ਼ਿਕਾਇਤ ਵੀ ਲਗਾ ਆਈ । ਪ੍ਰਤੀਕ ਰੋਂਦਾ-ਰੋਂਦਾ ਉੱਠ ਕੇ ਅੰਦਰ ਚਲਿਆ ਗਿਆ । ਉਹ ਮੁੜ ਕੇ ਨਹੀਂ ਪ੍ਰੀਤੀ ਨਾਲ ਬੋਲਿਆ । ਸਾਰਾ ਦਿਨ ਬੀਤ ਗਿਆ । ਸ਼ਾਮ ਦਾ ਹਨੇਰਾ ਗੂੜ੍ਹਾ ਹੋ ਗਿਆ । ਘਰਾਂ ਵਿੱਚ, ਗਲੀਆਂ ਵਿੱਚ ਬੱਤੀਆਂ ਜਗ ਪਈਆਂ, ਪਰ ਪ੍ਰਤੀਕ ਦਾ ਗੁੱਸਾ ਅਜੇ ਠੰਡਾ ਨਹੀਂ ਹੋਇਆ ਸੀ । ਉਸ ਦੇ ਤੇਵਰ ਜਿਉਂ ਦੇ ਤਿਉਂ ਸਨ । ਉਸ ਦੀ ਮੰਮੀ ਨੇ ਵੀ ਉਸ ਨੂੰ ਪ੍ਰੀਤੀ ਨਾਲ ਬੋਲ ਪੈਣ ਲਈ ਕਿੰਨੀ ਵਾਰ ਕਿਹਾ ਸੀ, ਪਰ ਉਸ ਦਾ ਰੋਸਾ ਉਵੇਂ ਹੀ ਬਰਕਰਾਰ ਸੀ । ਮਾਂ ਦੇ ਬੋਲਾਂ ਦਾ ਉਸ 'ਤੇ ਕੋਈ ਅਸਰ ਨਹੀਂ ਹੋਇਆ ਸੀ ।

ਰਾਤੀਂ ਖਾਣਾ ਖਾ ਕੇ ਪ੍ਰਤੀਕ ਸੌਣ ਲਈ ਬਿਸਤਰੇ ਵਿੱਚ ਆਣ ਪਿਆ ਹੈ । ਉਹ ਚੁੱਪਚਾਪ ਛੱਤ ਵੱਲੀਂ ਘੂਰ ਰਿਹਾ ਹੈ । ਪ੍ਰੀਤੀ ਵੀ ਕੋਲ ਹੀ ਬੈਠੀ ਹੈ । ਉਹ ਪ੍ਰਤੀਕ ਦੀ ਚੁੱਪ ਤੋਂ ਪਰੇਸ਼ਾਨ ਹੋ ਚੁੱਕੀ ਹੈ । ਉਹ ਅਚਾਨਕ ਉੱਠਦੀ ਹੈ । ਕਮਰੇ ਵਿੱਚੋਂ ਕੁਝ ਲੱਭਣਾ ਸ਼ੁਰੂ ਕਰ ਦਿੰਦੀ ਹੈ । ਉਹ ਝੁਕ ਕੇ ਮੰਜੇ ਥੱਲੇ ਵੇਖਦੀ ਹੈ । ਚੱਪਲਾਂ- ਜੁੱਤੀਆਂ ਚੁੱਕ-ਚੁੱਕ ਵੇਖਦੀ ਹੈ । ਫਿਰ ਸਿਰਹਾਣਾ ਚੁੱਕ ਕੇ ਵੇਖਦੀ ਹੈ । ਮੇਜ਼ 'ਤੇ ਵਿਛਿਆ ਕੱਪੜਾ ਝਾੜਦੀ ਹੈ । ਪਰਛੱਤੀ 'ਤੇ ਪਏ ਗਿਲਾਸਾਂ ਹੇਠਾਂ ਵੀ ਨਿਗਾਹ ਮਾਰਦੀ ਹੈ । ਕੰਧ 'ਤੇ ਲਟਕਦੇ ਕਲੰਡਰਾਂ ਨੂੰ ਵੀ ਚੁੱਕ ਕੇ ਵੇਖਦੀ ਹੈ । ਕਮਰੇ ਵਿੱਚ ਸਭ ਥਾਂ ਕੁਝ ਲੱਭਦੀ ਹੈ!ਪ੍ਰਤੀਕ ਉਸ ਨੂੰ ਇਉਂ ਕਰਦਿਆਂ ਵੇਖ ਕੇ ਉੱਠ ਕੇ ਬੈਠ ਜਾਂਦਾ ਹੈ । ਪ੍ਰੀਤੀ ਵੱਲ ਵੇਖੀ ਜਾਂਦਾ ਹੈ, ਵੇਖੀ ਜਾਂਦਾ ਹੈ । ਫਿਰ ਡਾਢਾ ਹੈਰਾਨ ਹੋਇਆ ਉਹ ਪ੍ਰੀਤੀ ਨੂੰ ਪੁੱਛ ਹੀ ਲੈਂਦਾ ਹੈ, "ਦੀਦੀ, ਤੇਰਾ ਕੀ ਖੋ ਗਿਆ ਹੈ ?"

ਉਹ ਪ੍ਰਤੀਕ ਦੇ ਸਿਰਹਾਣੇ ਨੂੰ ਚੁੱਕ ਕੇ ਵੇਖਦਿਆਂ ਕਹਿੰਦੀ ਹੈ, "ਮੇਰੇ ਨਿੱਕੇ ਜਿਹੇ,ਪਿਆਰੇ ਜਿਹੇ ਵੀਰੇ ਦੀ ਅਵਾਜ਼ ਗੁੰਮਗਈ ਹੈ, ਉਹ ਅਵਾਜ਼ ਲੱਭ ਰਹੀ ਹਾਂ !!!"

"ਅਵਾਜ਼ !" ਕਹਿੰਦਿਆਂ ਪ੍ਰਤੀਕ ਖਿੜਖਿੜਾ ਕੇ ਹੱਸ ਪੈਂਦਾ ਹੈ । ਪ੍ਰੀਤੀ ਵੀ ਹੱਸ ਕੇ ਪ੍ਰਤੀਕ ਨੂੰ ਗ਼ਲ ਨਾਲ ਲਗਾ ਲੈਂਦੀ ਹੈ । ਦੋਨੋਂ ਫਿਰ ਤੋਂ ਆਮ ਵਾਂਗ ਹੋ ਗਏ ਹਨ । ਪ੍ਰਤੀਕ ਦੇ ਦਿਮਾਗ਼ ਵਿੱਚੋਂ ਰੋਸਾ ਉਡ ਪੁੱਡ ਗਿਆ ਹੈ । ਪ੍ਰੀਤੀ ਕਹਾਣੀ ਕਹਿ ਰਹੀ ਹੈ । ਪ੍ਰਤੀਕ ਹੁੰਗਾਰਾ ਭਰ ਰਿਹਾ ਹੈ । ਕਮਰੇ ਵਿੱਚ ਮੰਮੀ ਆਉਂਦੀ ਹੈ ਦੋਵਾਂ ਨੂੰ ਖੁਸ਼ ਵੇਖ ਕੇ ਆਪਮੁਹਾਰੀ ਮੁਸ਼ਕਰਾ ਪੈਂਦੀ ਹੈ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)