Rukkhan Naal Jurian Bachpan Yaadaan : Manmohan Singh Daun

ਰੁੱਖਾਂ ਨਾਲ ਜੁੜੀਆਂ ਬਚਪਨ ਯਾਦਾਂ : ਮਨਮੋਹਨ ਸਿੰਘ ਦਾਊਂ

ਸਾਡੇ ਵਾਸੂ ਘਰ (ਦਾਊਂ) ਤੋਂ ਥੋੜ੍ਹੀ ਦੂਰ ਸਾਡਾ ਵਾੜਾ ਹੁੰਦਾ ਸੀ। ਇਹ ਵਾੜਾ ਮੇਰੇ ਬਚਪਨ ਦੀਆਂ ਸਿਮਰਤੀਆਂ ’ਚ ਵਸਿਆ ਰਿਹਾ। ਇਸ ਵਾੜੇ ਦੇ ਪਿਛੋਕੜ ’ਚ ਟੋਭਾ (ਛੱਪੜ) ਹੁੰਦਾ ਸੀ ਜਿਸ ਵਿੱਚ ਪਾਣੀ ਭਰਿਆ ਰਹਿੰਦਾ ਸੀ। ਸਾਡੇ ਵਾੜੇ ਦੇ ਆਲੇ-ਦੁਆਲੇ ਹੋਰ ਘਰ ਵੀ ਸਨ। ਪਿੰਡ ਦੀ ਸਾਂਝੀ ਥਾਂ ਵਾਂਗ, ਇਸ ਵਾੜੇ ’ਚ ਕਈ ਵਾਰ ਪਿੰਡ ਵਾਸੀ ਸਾਡੇ ਪਿਤਾ ਜੀ ਨੂੰ ਮਿਲਣ ਵੀ ਆਉਂਦੇ ਤੇ ਉਹ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦੇ। ਪਹਿਲਾਂ-ਪਹਿਲਾਂ ਇਸ ਵਾੜੇ ਦੀ ਝਿੰਗਾਂ ਨਾਲ ਵਾੜ ਹੁੰਦੀ ਸੀ। ਫਿਰ ਕੱਚੀ ਕੰਧ ਦੀ ਚਾਰਦੀਵਾਰੀ ਕਰ ਦਿੱਤੀ ਗਈ। ਪਰਦਾ ਹੋ ਗਿਆ ਅਤੇ ਸੁਰੱਖਿਆ ਵੀ ਹੋ ਗਈ। ਵਾੜੇ ਦੀਆਂ ਚੀਜ਼ਾਂ ਦੀ ਰਾਖੀ ਵੀ ਹੋ ਗਈ।

ਸਾਡੇ ਵਾੜੇ ਵਿੱਚ ਮੇਰੀ ਸੋਝੀ ਤੋਂ ਪਹਿਲਾਂ ਦਾ ਇੱਕ ਨੁੱਕਰੇ ਸੁਹਾਂਜਣੇ ਦਾ ਰੁੱਖ ਹੁੰਦਾ ਸੀ। ਪਿੰਡ ਵਿੱਚ ਸੁਹਾਂਜਣੇ ਦਾ ਹੋਰ ਕੋਈ ਰੁੱਖ ਨਹੀਂ ਸੀ। ਇਸ ਪਹਾੜੀ ਰੁੱਖ ਨੂੰ ਸਾਡੇ ਕਿਸੇ ਬਜ਼ੁਰਗ ਨੇ ਲਾਇਆ ਸੀ। ਇਸ ਨੂੰ ਜਦੋਂ ਫੁੱਲਾਂ ਦੇ ਗੁੱਛੇ ਲਗਦੇ ਤਾਂ ਮੈਨੂੰ ਬੜੇ ਚੰਗੇ ਲੱਗਦੇ। ਮਾਤਾ ਜੀ ਇਨ੍ਹਾਂ ਫੁੱਲਾਂ ਦੀ ਭੁਰਜੀ (ਸਬਜ਼ੀ) ਬਣਾ ਕੇ ਸਾਨੂੰ ਖੁਆਉਂਦੇ। ਥੋੜ੍ਹੀ ਜਿਹੀ ਕੁੜੱਤਣ ਜ਼ਰੂਰ ਹੁੰਦੀ ਪਰ ਅਸੀਂ ਮਚਾਕੇ ਲਾ ਕੇ ਖਾ ਲੈਂਦੇ। ਫੁੱਲਾਂ ਤੋਂ ਬਾਅਦ ਫਲੀਆਂ ਲੱਗਦੀਆਂ। ਲੰਮੀਆਂ-ਲੰਮੀਆਂ ਲਟਕਦੀਆਂ ਫਲੀਆਂ ਹਰੀਆਂ-ਕਚੂਰ ਸੁੰਦਰ ਲੱਗਦੀਆਂ। ਫਲੀਆਂ ਨੂੰ ਕੱਟ ਕੇ ਆਲੂ ਪਾ ਕੇ ਸਬਜ਼ੀ ਬਣਾ ਕੇ ਮਾਤਾ ਜੀ ਤਿਆਰ ਕਰਦੇ। ਫਲੀਆਂ ਦੀ ਸਬਜ਼ੀ ਗੁਣਕਾਰੀ ਮੰਨੀ ਜਾਂਦੀ। ਮਾਤਾ ਜੀ ਮੈਨੂੰ ਸੁਹਾਂਜਣੇ ਉੱਤੇ ਚੜ੍ਹਨ ਤੋਂ ਖ਼ਬਰਦਾਰ ਕਰਦੇ। ਸੁਹਾਂਜਣੇ ਦੀ ਲੱਕੜ ਬਹੁਤ ਕੱਚੀ ਹੋਣ ਕਾਰਨ ਛੇਤੀ ਟੁੱਟ ਜਾਂਦੀ ਹੈ। ਇਸ ਕਰਕੇ ਟਹਿਣੀ ਜਾਂ ਟਹਿਣਾ ਛੇਤੀ ਟੁੱਟ ਜਾਂਦਾ। ਖੂੰਜੇ ਖੜ੍ਹਾ ਇਹ ਸੁਹਾਂਜਣਾ ਮੈਨੂੰ ਪਹਿਰੇਦਾਰ ਵਾਂਗੂੰ ਲੱਗਦਾ। ਫਲੀਆਂ ’ਤੇ ਧਾਰੀਆਂ ਹੁੰਦੀਆਂ ਤੇ ਮੈਂ ਗਿਣਨ ਲੱਗਦਾ, 9 ਹੁੰਦੀਆਂ। ਮਾਤਾ ਜੀ ਇਨ੍ਹਾਂ ਫਲੀਆਂ ਨੂੰ ਕੱਟ ਕੇ ਅਚਾਰ ਵੀ ਬਣਾਉਂਦੇ। ਇਸ ਦੀ ਗੂੰਦ ਵੀ ਅਸੀਂ ਤੋੜਦੇ। ਕਦੇ-ਕਦੇ ਇਸ ਦੇ ਪੱਤੇ ਪਸ਼ੂਆਂ ਨੂੰ ਵੀ ਪਾਉਂਦੇ। ਮੈਨੂੰ ਸੁਹਾਂਜਣਾ ਨਾਂ ਵੀ ਗਹਿਣੇ ਵਾਂਗ ਟੁਣਕਵਾਂ ਲੱਗਦਾ। ਮੈਨੂੰ ਮਾਣ ਹੁੰਦਾ ਕਿ ਸਾਡੇ ਵਾੜੇ ਤੋਂ ਬਿਨਾਂ ਪਿੰਡ ਵਿੱਚ ਕੋਈ ਹੋਰ ਸੁਹਾਂਜਣੇ ਦਾ ਰੁੱਖ ਨਹੀਂ ਸੀ ਹੁੰਦਾ। ਕੱਚੀ ਕੰਧੋਲੀ ਦੇ ਨਾਲ ਇੱਕ ਪੁਰਾਣਾ ਕਿੱਕਰ ਦਾ ਰੁੱਖ ਹੁੰਦਾ ਸੀ। ਦਸੰਬਰ ਮਹੀਨੇ ਇਸ ਨੂੰ ਪੀਲੇ ਰੰਗ ਦੇ ਗੋਲ ਖੁਸ਼ਬੂਦਾਰ ਡੰਡੀਦਾਰ ਫੁੱਲਾਂ ਦੇ ਗੁੱਛੇ ਖਿੜਦੇ। ਕਿੱਕਰ ਪੀਲੀ ਫੁਲਕਾਰੀ ਵਰਗਾ ਜਾਪਦਾ। ਮਾਰਚ-ਅਪਰੈਲ ’ਚ ਡੰਡੀ ਸਮੇਤ ਚਪਟੇ ਸਲੇਟੀ ਰੰਗ ਦੇ ਤੁੱਕੇ ਲਮਕਣ ਲੱਗਦੇ। ਕਈ ਬੱਕਰੀਆਂ ਦੇ ਮਾਲਕ ਸਾਡੀ ਕਿੱਕਰ ਦੇ ਤੁੱਕੇ ਬੱਕਰੀਆਂ ਨੂੰ ਲੈ ਜਾਂਦੇ। ਪਿਤਾ ਜੀ ਕਿੱਕਰ ਦੀਆਂ ਕੂਲੀਆਂ-ਕੂਲੀਆਂ ਟਾਹਣੀਆਂ ਤੋਂ ਸਾਡੇ ਲਈ ਦਾਤਣਾਂ ਤਿਆਰ ਕਰਦੇ। ਉਹ ਦੱਸਦੇ ਕਿ ਦੰਦਾਂ ਦੀ ਸੰਭਾਲ ਲਈ ਦਾਤਣ ਬਹੁਤ ਲਾਭਕਾਰੀ ਹੁੰਦੀ ਹੈ। ਪਿਤਾ ਜੀ ਦਾ ਕਹਿਣਾ ਮੰਨ ਕੇ ਸਾਰੇ ਭੈਣ-ਭਰਾ ਸਵੇਰੇ-ਸਵੇਰੇ ਦਾਤਣਾਂ ਕਰਦੇ। ਕਿੱਕਰ ਦੀਆਂ ਝਿੰਗਾਂ ਨੂੰ ਲੱਗੀਆਂ ਤਿੱਖੀਆਂ ਸੂਲਾਂ ਅਸੀਂ ਧਰਤੀ ’ਚ ਗੱਡ ਕੇ ਕਈ ਖੇਡਾਂ ਕਰਦੇ। ਦਿਆਲੋ ਤਰਖਾਣੀ ਸਾਡੀ ਕਿੱਕਰ ਦੇ ਤੁੱਕਿਆਂ ਦਾ ਅਚਾਰ ਬਣਾਉਣ ਵਿੱਚ ਬੜੀ ਮਸ਼ਹੂਰ ਸੀ। ਸਾਨੂੰ ਬਣਿਆ ਹੋਇਆ ਅਚਾਰ ਦੇ ਜਾਂਦੀ। ਪਿਤਾ ਜੀ ਦੱਸਦੇ ਕਿ ਕਿੱਕਰ ਦੀ ਲੱਕੜ ਬਹੁਤ ਕਰੜੀ ਤੇ ਮਜ਼ਬੂਤ ਹੁੰਦੀ ਹੈ। ਖੇਤੀਬਾੜੀ ਦੇ ਸੰਦਾਂ ਲਈ, ਕੋਹਲੂ, ਹਲਟ, ਕਿਸ਼ਤੀਆਂ ਦੇ ਚੱਪੂ ਤੇ ਤਰਖਾਣਾ ਕੰਮ ਦੇ ਸੰਦਾਂ ਦੇ ਦਸਤਿਆਂ ’ਚ ਬਹੁਤ ਕੰਮ ਆਉਂਦੀ ਹੈ। ਕਿੱਕਰ ਮੈਨੂੰ ਹੋਰ ਵੀ ਪਿਆਰੀ-ਪਿਆਰੀ ਲੱਗਦੀ। ਇਸ ਦੀਆਂ ਸੂਲਾਂ ਭੁੱਲ ਜਾਂਦੀਆਂ। ਹਰਨਾਮਾ ਕਹਾਰ ਆਪਣੀਆਂ ਬੱਕਰੀਆਂ ਨੂੰ ਇਸ ਦੀ ਲੁੰਗ ਖੁਆਉਣ ਆਉਂਦਾ। ਵਾੜੇ ’ਚ ਰੌਣਕ ਲੱਗ ਜਾਂਦੀ। ਮਿੰਟਾਂ ’ਚ ਹੀ ਬੱਕਰੀਆਂ ਲੁੰਗ ਨੂੰ ਮੜੱਕ ਜਾਂਦੀਆਂ। ਕਿੱਕਰ ਦੇ ਇੱਕ ਪਾਸੇ ਟਾਹਲੀ (ਸੀਹੋਂ) ਦਾ ਛੋਟਾ ਜਿਹਾ ਰੁੱਖ ਹੁੰਦਾ ਸੀ। ਬਹਾਰ ਦੀ ਰੁੱਤੇ ਇਸ ਦੀਆਂ ਕੂਲੀਆਂ-ਕੂਲੀਆਂ ਪੱਤੀਆਂ ਤੇ ਕਰੂੰਬਲਾਂ ਮਨ ਮੋਹ ਲੈਂਦੀਆਂ। ਟਾਹਲੀ ਦੇ ਨਾਲ ਪਸ਼ੂ ਬੰਨ੍ਹਣ ਲਈ ਇੱਕ ਖੁਰਲੀ ਹੁੰਦੀ ਸੀ। ਸਰਦੀਆਂ ’ਚ ਚੜ੍ਹਦੇ ਸੂਰਜ ਦੀ ਸਵੇਰ ਦੀ ਧੁੱਪ ਦਾ ਨਿੱਘ ਮਾਨਣ ਲਈ ਅਸੀਂ ਖੁਰਲੀ ’ਤੇ ਬੈਠ ਜਾਂਦੇ। ਕਦੇ-ਕਦੇ ਆਪਣੀ ਪੰਜਾਬੀ ਦੀ ਪਾਠ-ਪੁਸਤਕ ’ਚੋਂ ਕਵਿਤਾਵਾਂ ਯਾਦ ਕਰਦੇ। ਮਾਤਾ ਜੀ ਜਦੋਂ ਵਾੜੇ ’ਚ ਗੇੜਾ ਮਾਰਨ ਆਉਂਦੇ, ਅਸੀਂ ਉੱਚੀ-ਉੱਚੀ ਕਵਿਤਾਵਾਂ ਗਾਉਣ ਲੱਗਦੇ। ਉਹ ਖ਼ੁਸ਼ ਹੁੰਦੇ। ਸਾਨੂੰ ਚਾਅ ਚੜ੍ਹ ਜਾਂਦਾ।

ਵਾੜੇ ’ਚ ਇੱਕ ਨਿੰਮ ਦਾ ਰੁੱਖ ਵੀ ਸੀ, ਬਹੁਤਾ ਵੱਡਾ ਨਹੀਂ ਸੀ। ਨਿੰਮ ਦੀਆਂ ਟਾਹਣੀਆਂ ਕਈ ਕੰਮਾਂ ਲਈ ਵਰਤੀਆਂ ਜਾਂਦੀਆਂ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਕਣਕ ਡਰੰਮਾਂ ’ਚ ਜਮ੍ਹਾਂ ਕਰ ਕੇ ਰੱਖਦੇ ਤਾਂ ਉਸ ਵਿੱਚ ਨਿੰਮ ਦੇ ਪੱਤੇ ਰੱਖੇ ਜਾਂਦੇ ਤਾਂ ਜੋ ਸੁਸਰੀ ਨਾ ਲੱਗੇ। ਧੂਣਾ ਕਰਨ ਲਈ ਵੀ ਬਰਸਾਤ ਮੌਕੇ ਨਿੰਮ ਦੀਆਂ ਟਾਹਣੀਆਂ ਨਾਲ ਧੂੰਆਂ ਕੀਤਾ ਜਾਂਦਾ ਤਾਂ ਜੋ ਮੱਛਰ-ਮੱਖੀ ਤੋਂ ਬਚਾਅ ਰਹੇ। ਨਿੰਮ ਦੀਆਂ ਪੀਲੀਆਂ-ਪੀਲੀਆਂ ਨਮੋਲੀਆਂ ਸੁੰਦਰ ਲੱਗਦੀਆਂ। ਕਈ ਗੁਆਂਢਣਾਂ ਇਨ੍ਹਾਂ ਤੋਂ ਸਾਬਣ ਬਣਾਉਣ ਲਈ ਇਕੱਠੀਆਂ ਕਰ ਲੈ ਜਾਂਦੀਆਂ। ਨਿੰਮ ਦੇ ਗੁਣਾਂ ਬਾਰੇ ਬਜ਼ੁਰਗ ਈਸ਼ਰ ਸਿੰਘ ਕਈ ਗੱਲਾਂ ਦੱਸਦਾ: ਇਹ ਹਵਾ ਨੂੰ ਸ਼ੁੱਧ ਕਰਦੀ ਹੈ। ਇਸ ਦੇ ਪੱਤੇ ਕੌੜੇ ਜ਼ਰੂਰ ਹੁੰਦੇ, ਪਰ ਗੁਣਕਾਰੀ ਬਹੁਤ ਹਨ। ਦਵਾਈਆਂ ਬਣਾਉਣ ਦੇ ਕੰਮ ਆਉਣ ਵਾਲੀ ਨਿੰਮ ਲਾਉਣੀ ਚੰਗੀ ਹੈ।

ਵਾੜੇ ਦੇ ਇੱਕ ਪਾਸੇ ਦੋ ਸਫ਼ੈਦੇ ਦੇ ਰੁੱਖ ਵੀ ਸਨ। ਇਹ ਬਹੁਤ ਉੱਚੇ ਹੋ ਗਏ ਸਨ। ਅਸੀਂ ਇਨ੍ਹਾਂ ਦੇ ਪੱਤਿਆਂ ਦਾ ਸੁਆਦ ਚੱਖਦੇ। ਇਨ੍ਹਾਂ ਦੇ ਫਿੱਕੇ ਪੀਲੇ ਫੁੱਲ ਥੱਲੇ ਝੜੇ ਹੁੰਦੇ। ਅਸੀਂ ਉਤਾਂਹ ਨੂੰ ਤੱਕਣ ਲੱਗਦੇ। ਇਨ੍ਹਾਂ ਦੇ ਸੁਰਮਈ ਰੰਗੇ ਸਾਫ਼ ਗੋਲ-ਮੋਲ ਤਣਿਆਂ ਨੂੰ ਜੱਫੀਆਂ ਪਾਉਂਦੇ। ‘‘ਇਹ ਰੁੱਖ ਮੇਰਾ, ਔਹ ਰੁੱਖ ਤੇਰਾ।’’ ਕਹਿ-ਕਹਿ ਕੇ ਖੇਡਾਂ ਦਾ ਆਨੰਦ ਲੈਂਦੇ। ਬਾਅਦ ’ਚ ਮੈਨੂੰ ਪਤਾ ਲੱਗਿਆ ਕਿ ਭਾਰਤ ਵਿੱਚ ਇਸ ਰੁੱਖ ਆਸਟਰੇਲੀਆ ਤੋਂ ਲਿਆਂਦਾ ਗਿਆ ਸੀ। ਇਸ ਦੀ ਸਖ਼ਤ ਲੱਕੜ ਫਰਨੀਚਰ ਲਈ ਵਰਤੀ ਜਾਂਦੀ ਹੈ। ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ।

ਸਾਡਾ ਇਹ ਵਾੜਾ ਮੇਰੇ ਹਾਣੀਆਂ ਲਈ ਖੇਡ ਮੈਦਾਨ ਹੁੰਦਾ ਸੀ ਕਿਉਂਕਿ ਅਸੀਂ ਕੋਟਲਾ-ਛਪਾਕੀ, ਛੂਹਣ-ਛਣੀਕਾ, ਕਾਠ-ਕਠੋਲੀ, ਲੁਕਣ-ਮੀਟੀ, ਪਿੱਠੂ, ਪੀਚੋ, ਗੇਂਦ-ਗੀਟੇ, ਪਿਲ-ਟੱਕਾ, ਘੁੱਤੀ ਰੀਠੇ-ਬੰਟੇ ਵਰਗੀਆਂ ਖੇਡਾਂ ਦਾ ਆਨੰਦ ਮਾਣਦੇ। ਹੁਣ ਇਹ ਖੇਡਾਂ ਲੋਪ ਹੁੰਦੀਆਂ ਜਾ ਰਹੀਆਂ ਹਨ। ਇਸ ਵਹੜੇ ਵਿੱਚ ਪਿਤਾ ਜੀ ਨੇ ਦੋ-ਤਿੰਨ ਵਾਰ ਅੰਬ ਦਾ ਬੂਟਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ, ਕਈ ਉਪਾਅ ਵੀ ਕੀਤੇ। ‘ਇਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨੀ’, ਪ੍ਰੋ. ਮੋਹਨ ਸਿੰਘ ਦੀ ਕਵਿਤਾ ਯਾਦ ਆਉਣ ਲੱਗਦੀ ਪਰ ਮੇਰੀ ਇਹ ਇੱਛਾ ਪੂਰੀ ਨਾ ਹੋ ਸਕੀ। ਮਾਤਾ ਜੀ ਨੂੰ ਸਬਜ਼ੀਆਂ ਬੀਜਣ ਦਾ ਸ਼ੌਕ ਸੀ। ਜ਼ਮੀਨ ਤਿਆਰ ਕਰ ਕੇ ਇੱਕ ਨੁੱਕਰੇ ਪਾਲਕ ਬੀਜ ਦੇਂਦੇ, ਗਾਜਰਾਂ-ਮੂਲੀਆਂ ਬੀਜ ਦੇਂਦੇ। ਅਸੀਂ ਵੀ ਬੀਜੀਆਂ ਸਬਜ਼ੀਆਂ ਦੀ ਦੇਖ-ਭਾਲ ਕਰਦੇ। ਬਰਸਾਤ-ਰੁੱਤੇ ਘੀਆ ਦੀਆਂ ਵੇਲਾਂ ਰੁੱਖਾਂ ’ਤੇ ਚੜ੍ਹ ਜਾਂਦੀਆਂ। ਤਿਆਰ ਹੋਈ ਘੀਆ ਤੋੜ ਕੇ ਮਾਤਾ ਜੀ ਨੂੰ ਦਿੰਦੇ। ਘਰ ਦੀ ਘੀਆ ਰਿੰਨ੍ਹੀ ਹੋਈ ਤੇ ਮਾਤਾ ਜੀ ਦੇ ਹੱਥੀਂ ਤਿਆਰ ਕੀਤੀ ਸਬਜ਼ੀ, ਹੁਣ ਵੀ ਚੇਤੇ ਆ ਜਾਂਦੀ ਹੈ। ਮਾਂ ਦੀ ਮਮਤਾ ਦੀ ਸੁਗੰਧੀ ਵਾੜੇ ’ਚੋਂ ਆਉਣ ਲਗਦੀ ਤੇ ਵਾੜੇ ’ਚ ਜਾਣਾ ਸਾਨੂੰ ਚੰਗਾ-ਚੰਗਾ ਲੱਗਦਾ। ਰੁੱਖ ਦੀ ਛਾਂ ਤੇ ਮਾਂ ਦੀ ਛਾਂ ਨੂੰ ਕੌਣ ਭੁੱਲ ਸਕਦਾ ਹੈ? ਸਮੇਂ ਦੀਆਂ ਪ੍ਰਸਥਿਤੀਆਂ ਕਾਰਨ, ਤਬਦੀਲੀ ਆਈ ਤੇ ਵਾੜੇ ’ਚ ਉਹ ਰੁੱਖ ਹੁਣ ਨਹੀਂ ਰਹੇ। ਵਾੜੇ ਵਾਲੀ ਥਾਂ ਕਮਰਿਆਂ ਦੀ ਉਸਾਰੀ ਹੋ ਗਈ ਹੈ। ਬਚਪਨ ’ਚ ਬੀਤੇ ਦੀਆਂ ਕੁਝ ਯਾਦਾਂ ਜਿਵੇਂ ਭੁੱਲਦੀਆਂ ਨਹੀਂ, ਉਵੇਂ ਵਾੜੇ ’ਚ ਲੱਗੇ ਰੁੱਖਾਂ ਨਾਲ ਜੁੜੀਆਂ ਯਾਦਾਂ ਮੇਰੀ ਸਿਮਰਤੀ ’ਚ ਜਗਦੀਆਂ ਰਹਿੰਦੀਆਂ ਹਨ। ਰੁੱਖ ਤੇ ਮਨੁੱਖ ਦੀ ਦੋਸਤੀ ਕਾਇਮ ਰਹੇ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਲੇਖ : ਮਨਮੋਹਨ ਸਿੰਘ ਦਾਊਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਵਲ, ਨਾਟਕ ਤੇ ਲੇਖ